ਜਲਦੇ ਧਰਤੀ , ਅੰਬਰ ਦੇਖਾਂ ।
ਉਫ ਮੈਂ ਇਹ ਕੀ ਮੰਜ਼ਰ ਦੇਖਾਂ ।
ਲਾਪ੍ਰਵਾਹ ਮਾਲੀ ਦੇ ਕਾਰਨ ,
ਗੁਲਸ਼ਨ ਹੋਇਆ ਬੰਜ਼ਰ ਦੇਖਾਂ।
ਧਰਮ ਤੇ ਹੋਈ ਸਿਆਸਤ ਭਾਰੂ,
ਨਫਰਤ ਵੰਡਦੇ ਮੰਦਰ ਦੇਖਾਂ ।
ਹੱਥੀਂ ਫੁੱਲਾਂ ਦੇ ਗੁਲਦਸਤੇ ,
ਬਗਲਾਂ ਦੇ ਵਿੱਚ ਖੰਜ਼ਰ ਦੇਖਾਂ।
ਨਫਰਤ ,ਹਉਮੈ ਸਾੜਾ ਦਿਸਦੈ ,
ਜਦ ਵੀ ਅਪਣੇ ਅੰਦਰ ਦੇਖਾਂ ।
ਦਹਿਲ ਗਿਆ ਹਾਂ ਹੁਣ ਐਨਾ,
ਸੁਪਨੇ ਵਿੱਚ ਵੀ ਖੰਜਰ ਦੇਖਾਂ ।
ਮੇਰੀ ਦਿਲੀ ਤਮੰਨਾ ਹੈ ਇਹ,
ਧਰਤੀ ,ਕੁੱਖ ਨ ਬੰਜ਼ਰ ਦੇਖਾਂ ।