ਕੁੱਖ 'ਚ ਮੈਨੂੰ ਮਾਰ ਨੀ ਮਾਏ
ਦੇ ਕੇ ਮੈਨੂੰ ਪਿਆਰ ਨੀ ਮਾਏ।
ਮੈਂ ਇਕ ਗੁੱਝਾ ਰੋਗ ਨੀ ਮਾਏ
ਘਰ ਵਿਚ ਪੈਜੂ ਸੋਗ ਨੀ ਮਾਏ
ਤਾਹਨੇ ਮਿਹਣੇ ਦਿੰਦਾ ਰਹੂਗਾ
ਸਾਰਾ ਮਿਲ ਪ੍ਰੀਵਾਰ ਨੀ ਮਾਏ
ਕੁੱਖ ਚ ਮੈਨੂੰ'=====
ਕੀਕਣ ਬਣਾ ਮੈਂ ਪੱਥਰ ਮਾਏ
ਘਰ ਵਿਚ ਵਿਛਜੂ ਸੱਥਰ ਮਾਏ
ਕੌਣ ਦੇਵੇਗਾ ਸੂਸ਼ਕ ਤੈਨੂੰ
ਕਿਸੇ ਨਾ ਲੈਣੀ ਸਾਰ ਨੀ ਮਾਏ।
ਕੁੱਖ ' ਚ ਮੈਨੂੰ=========
ਕੁੰਭੀ ਨਰਕ 'ਚ ਖੁੱਭ ਜਾਵੇਂਗੀ
ਦਾਜ ਦੇ ਫਿਕਰੀਂ ਡੁੱਬ ਜਾਵੇਂਗੀ
ਹੋਈ ਜਵਾਨ ਤਾਂ ਖਤਰੇ ਦੇ ਵਿਚ
ਬਾਬਲ ਦੀ ਦਸਤਾਰ ਨੀ ਮਾਏ।
ਕੁੱਖ 'ਚ ਮੈਨੂੰ==========
ਕਿਵੇਂ ਰਖੇਂਗੀ ਲਾਜ ਨੀ ਮਾਏ
ਲੱਖਾਂ ਦਾ ਦੱਸ ਦਾਜ ਨੀ ਮਾਏ
ਬਲੀ ਦਹੇਜ ਦੀ ਚੜ੍ਹ ਗਈ ਜਦ ਮੈਂ
ਰੋਏਗੀ ਭੁੱਬਾਂ ਮਾਰ ਨਾ ਮਾਏ।
ਕੁੱਖ ਚ ਮੈਨੂੰ========
ਸਮਾਜ 'ਚ ਮੈਨੂੰ ਖੁੱਲ੍ਹ ਨਾ ਮਾਏ
ਪੈਂਦਾ ਹਰ ਥਾਂ ਮੁੱਲ ਨੀ ਮਾਏ
ਵਿਕਦਾ ਸ਼ਰਮ ਹਯਾ ਵੀ ਮੇਰਾ
ਪੱਲੇ ਕੋਈ ਅਧਿਕਾਰ ਨਾ ਮਾਏ ।
ਕੁੱਖ ' ਚ ਮੈਨੂੰ============
ਵਿਕਦਾ ਹਰ ਥਾਂ ਪਿਆਰ ਹੈ ਜਿੱਥੇ
ਸਿੱਕਿਆਂ ਦੀ ਝਣਕਾਰ ਹੈ ਜਿੱਥੇ
ਟਕੇ ਟਕੇ ਜੇ ਵਿਕਣਾ ਹੈ ਮੈਂ
ਤਾਂ ਮੇਰਾ ਇਨਕਾਰ ਨੀ ਮਾਏ।
ਕੁੱਖ 'ਚ ਮੈਨੂੰ==========
ਰਿਸ਼ਤੇ ਵਿਕਦੇ ਵਿਕੇ ਜ਼ਮੀਰ
ਵਿਕਦੇ ਨੋਚਣ ਲਈ ਸਰੀਰ
ਭੁੱਖੇ ਨੇ ਬਘਿਆੜਾਂ ਵਰਗੇ
ਖਾਂਦੇ ਨੇ ਮੁਰਦਾਰ ਨੀ ਮਾਏ।
ਕੁੱਖ ਚ ਮੈਨੂੰ=========
ਬਾਬਲ ਦੀ ਪਊ ਮਾਰ ਨੀ ਮਾਏ
ਹਵਸ ਦਾ ਹੋਊਂ ਸ਼ਿਕਾਰ ਨੀ ਮਾਏ
ਤੇਰੀ ਨਗਰੀ ਜਨਮ ਲਵਾਂ ਕਿਉਂ ?
ਜਿੱਥੇ ਬਲਾਤਕਾਰ ਨੀ ਮਾਏ ।
ਕੁੱਖ ਚ ਮੈਨੂੰ===========
ਅਬਲਾ ਹਾਂ ਕੋਈ ਇਜ਼ਤ ਲੁੱਟੂ
ਮਾਰ ਕੇ ਖਵਰੇ ਕਿੱਥੇ ਸੁੱਟੂ
ਨੋਚ ਨੋਚ ਕੋਈ ਚੂੰਡ ਲਵੇਗਾ
ਮੇਰੀ ਖਿੜੀ ਬਹਾਰ ਨੀ ਮਾਏ
ਕੁੱਖ ਚ ਮੈਨੂੰ==========
ਮਾਪੇ ਵੇਚ ਜ਼ਮੀਰ ਆਪਣੀ
ਨਾਲੇ ਵੇਚ ਜ਼ਮੀਨ ਆਪਣੀ
ਬੁੱਢੇ ਦੇ ਲੜ ਲਾ ਦੇਵਣਗੇ
ਬਿਨ ਦੇਖੇ ਕਿਰਦਾਰ ਨੀ ਮਾਏ।
ਕੁੱਖ ਚ ਮੈਨੂੰ ===========
ਜੇ ਆਈ ਤਾਂ
ਆਊਂ ਕਲਪਨਾ ਬਣ ਇਕ ਵਾਰ
ਮਾਈ ਭਾਗੋ ਦੀ ਬਣ ਤਲਵਾਰ
ਰਾਣੀ ਝਾਂਸੀ ਦੀ ਰੂਹ ਬਣਕੇ
ਘੁੰਮੂੰ ਵਿਚ ਸੰਸਾਰ ਨੀ ਮਾਏ।
ਕੁੱਖ ਚ ਮੈਨੂੰ ਮਾਰ ਨੀ ਮਾਏ
ਦੇ ਕੇ ਮੈਨੂੰ ਪਿਆਰ ਨੀ ਮਾਏ।