ਦੇਸ਼ ਸੇਵਕ (ਮਿੰਨੀ ਕਹਾਣੀ)

ਜਸਵਿੰਦਰ ਸਿੰਘ ਰੁਪਾਲ   

Email: rupaljs@gmail.com
Cell: +91 98147 15796
Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
ਲੁਧਿਆਣਾ India 141006
ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਹਾ ਬਈ,ਠੀਕ ਐ ਸਭ ਕੁਝ ?"ਡਾ.ਕ੍ਰਿਸ਼ਨਾ ਨੇ ਆਪਣੀ ਸਹਾਇਕ ਤੋਂ ਆਪ੍ਰੇਸ਼ਨ ਦੀ ਤਿਆਰੀ ਸੰਬੰਧੀ ਪੁੱਛਿਆ ।
"ਹਾਂ ਜੀ,ਮੈਡਮ ਜੀ,ਉਹ ਤਾਂ ਠੀਕ ਐ, ਪਰ ਰਿਪੋਰਟ ਤਾਂ……।"ਹਰਜੀਤ ਤੋਂ ਅੱਧੀ ਗੱਲ ਹੀ ਕਹੀ ਗਈ । ਉਹ ਉਚੀ ਬੋਲਣ ਤੋਂ ਵੀ ਡਰਦੀ ਸੀ,ਮਤਾਂ ਗੱਲ ਕਿਸੇ ਨੂੰ ਸੁਣ ਨਾ ਜਾਵੇ ।
"ਹਾਂ ਹਾਂ ਮੈਂ ਦੇਖੀ ਹੈ ਰਿਪੋਰਟ ਚੰਗੀ ਤਰਾਂ ਅਤੇ ਪਰਿਵਾਰ ਨੂੰ ਵੀ ਚੰਗੀ ਤਰਾਂ ਮਿਲੀ ਹਾਂ । ਬੱਸ ਤੂੰ ਅੰਦਰ ਚਲ ਤੇ ਆਪਣਾ ਕੰਮ ਕਰ ।"
ਅਤੇ ਕੁਝ ਸਮੇਂ ਬਾਅਦ ਡਾ. ਕ੍ਰਿਸ਼ਨਾ ਵੀ ਆਪ੍ਰੇਸ਼ਨ ਥਿਏਟਰ ਵਿੱਚ ਸੀ । ਅਤੇ ਫਿਰ ਸਭ ਕੁਝ ਆਮ ਵਾਂਗ ਹੋ ਗਿਆ ਸੀ । ਤਰਸੇਮ ਲਾਲ ਨੂੰ "ਸਭ ਠੀਕ ਹੋ ਗਿਆ ਏ" ਕਿਹਾ ਗਿਆ ਸੀ । ਉਸ ਨੇ ਧੰਨਵਾਦ ਵਿੱਚ ਹੱਥ ਜੋੜ ਦਿੱਤੇ ਸਨ ਅਤੇ ਫਿਰ ਡਰਦੇ ਡਰਦੇ ਨੇ ਡਾਕਟਰ ਵੱਲ ਰੁਪਈਆਂ ਦੀ ਗੁੱਥੀ ਵਧਾ ਦਿੱਤੀ ਸੀ । ਉਪਰੰਤ ਉਹ ਆਪਣੀ ਪਤਨੀ ਦੇਵਕੀ ਕੋਲ ਚਲਾ ਗਿਆ ਸੀ ।
ਸੋਚਾਂ ਵਿਚ ਡੁੱਬੀ ਹਰਜੀਤ,ਡਾਕਟਰ ਨੂੰ ਇਕੱਲਿਆਂ ਦੇਖ ਕੇ ਕੈਬਨ ਚ' ਆਈ ਤੇ ਬੋਲੀ, "ਮੈਡਮ ਰਿਪੋਰਟ ਵਿੱਚ ਤਾਂ ਮੇਲ (ਮੁੰਡਾ) ਸੀ । ਤੁਸੀਂ ਫਿਰ ਵੀ ਅਬੌਰਸ਼ਨ……"
"ਓ ਹਾਂ ਯਾਰ," ਡਾਕਟਰ ਉਸਦੀ ਗੱਲ ਕੱਟ ਕੇ ਵਿਚਕਾਰੋਂ ਹੀ ਬੋਲੀ, "ਦੇਖ,ਇਹਦੇ ਤਿੰਨ ਮੁੰਡੇ ਪਹਿਲਾਂ ਨੇ,ਦੋ ਕੁੜੀਆਂ ਵੀ ਨੇ । ਜੇ ਮੈ ਲੜਕਾ ਹੋਣ ਬਾਰੇ ਸੱਚ ਦੱਸ ਦਿੰਦੀ,ਤਾਂ ਇਸ ਨੇ ਅਬੌਰਸ਼ਨ ਨਹੀਂ ਸੀ ਕਰਵਾਉਣੀ । ਇੱਕਲਾ ਕਮਾਊ ਹੈ । ਦਿਹਾੜੀ ਕਰਦਾ ਏ।ਆਹ ਪੈਸੇ ਵੀ ਇੱਧਰੋਂ ਓਧਰੋਂ ਫੜ ਕੇ ਲਿਆਇਆ ਏ।ਤਾਂ ਹੀ ਮੈਂ ਦਸ ਹਜਾਰ ਹੀ ਲਿਆ ਏ ਇਹਤੋਂ । ਤੂੰ ਆਪ ਹੀ ਸੋਚ,ਬੱਚੇ ਨੂੰ ਜਨਮ ਦੇ ਕੇ ਉਸ ਦੀ ਗਰੀਬੀ ਅਤੇ ਉਸ ਦੀਆਂ ਮੁਸ਼ਕਲਾਂ ਹੀ ਵਧਣੀਆਂ ਸਨ । ਚਲੋ ਆਪਣੀ ਗਰੀਬੀ ਤਾਂ ਜਿਹੜੀ ਦੂਰ ਹੋਈ ਸੋ ਹੋਈ,…"
ਡਾ. ਕ੍ਰਿਸ਼ਨਾ ਨੇ ਹਲਕੀ ਹਾਸੀ ਹੱਸਦਿਆਂ ਹਰਜੀਤ ਵੱਲ ਦੇਖ ਕੇ ਗੱਲ ਜਾਰੀ ਰੱਖੀ, "ਵੱਡੀ ਗੱਲ ਦੇਸ਼ ਦੀ ਆਬਾਦੀ ਦੀ ਐ । ਇਨਾਂ ਲੋਕਾਂ ਨੂੰ ਤਾਂ ਸਮਝ ਨਹੀਂ । ਆਪਾਂ ਪੜ੍ਹਿਆਂ ਲਿਖਿਆਂ ਨੇ ਹੀ ਜਨ-ਸੰਖਿਆ ਨੂੰ ਘਟਾਉਣ ਲਈ ਕੁਝ ਕਰਨਾ ਹੈ । ਦੂਜੇ ਮੇਲ-ਫੀਮੇਲ ਰੇਸ਼ੋ ਵੀ ਠੀਕ ਰਹੇਗੀ । ਇਹ ਹੈ ਦੇਸ਼ ਸੇਵਾ।ਚੁੱਪ ਚੁਪੀਤੇ ਸੇਵਾ ਕਰੋ । ਰੌਲਾ ਪਾਉਣ ਦੀ ਲੋੜ ਨਹੀ ।"
ਹਰਜੀਤ ਕੁਝ ਨਾ ਬੋਲ ਸਕੀ । ਉਹ ਆਪਣੀ"ਦੇਸ਼ ਸੇਵਕ" ਡਾਕਟਰ ਮੈਡਮ ਵੱਲੋਂ ਕੀਤੀ ਜਾ ਰਹੀ ਦੇਸ਼ ਸੇਵਾ ਨੂੰ ਤੋਲ ਰਹੀ ਸੀ ।