ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ
ਹਰ ਕੋਈ ਆਖੇ ਮਾੜਾ
ਇਹਨਾਂ ਪੰਜਾਂ ਜ਼ਿਮੇ ਲਾਇਆ
ਜਾਂਦਾ ਸਾਰਾ ਪੁਆੜਾ
ਕੋਈ ਬਸ਼ਰ ਵੀ ਬਚ ਨਹੀਂ ਸਕਦਾ
ਇਹਨਾਂ ਦੇ ਪੰਜੇ ਤੋਂ
ਬਾਲ ਜਵਾਨ ਜਾਂ ਬੁਢਾ ਹੋਵੇ
ਤਕੜਾ ਹੋਵੇ ਜਾਂ ਮਾੜਾ
ਸੰਤ ਮਹਾਤਮਾ ਪੀਰ ਪੈਗੰਬਰ
ਇਕੋ ਗੱਲ ਸਮਝਾਂਦੇ
ਇਹਨਾਂ ਪੰਜਾਂ ਪਾਸੋਂ ਬਚਿਆਂ
ਮਿਲਦਾ ਸਵਰਗ ਨਜ਼ਾਰਾ
ਐ ਪਰ ਸਜਣੋ
ਜੇ ਕਰ ਕਿਤੇ ਕ੍ਰੋਧ ਨਾ ਹੁੰਦਾ
ਜਗ ਦੇ ਧੰਦੇ ਸਭ ਰੁਕ ਜਾਂਦੇ
ਕਿਸੇ ਦਾ ਕਿਸੇ ਤੇ ਜੋਰ ਨਾ ਹੁੰਦਾ
ਨਾ ਕੋਈ ਡਰਦਾ ਕਿਸੇ ਦੇ ਕੋਲੋਂ
ਨਾ ਕੋਈ ਕੰਮ ਹੀ ਕਰਦਾ
ਬੁਝੇ ਬੁਝੇ ਜਿਹੇ ਚੇਹਰੇ ਹੁੰਦੇ
ਇਸ ਜਗ ਦਾ ਰੰਗ ਹੋਰ ਹੀ ਹੁੰਦਾ
ਲੋਭ
ਲੋਭ ਹੀ ਜਗ ਦੀ ਕਾਰ ਚਲਾਉਂਦਾ
ਸB ਨੂੰ ਧੰਦੇ ਲਾਉਂਦਾ
ਅਜ ਹੋਰ ਤੇ ਕਲ ਹੋਰ
ਦੁਨੀਆਂ ਦਾ ਰੰਗ ਵਟਾਉਂਦਾ
ਬਿਨਾ ਲੋਭ ਨਾ ਭਗਤੀ ਹੁੰਦੀ
ਨਾ ਹੀ ਦੇਸ਼ ਦੀ ਸੇਵਾ
ਨਾ ਹੀ ਕੋਈ ਮਹਿਲ ਬਣਾਉਂਦਾ
ਨਾ ਕੋਈ ਲਾਉਂਦਾ ਮੇਵਾ
ਰੋਟੀ ਤੋਂ ਸਭ ਆਤਰ ਹੁੰਦੇ
ਤਨ ਤੋਂ ਰਹਿੰਦੇ ਨੰਗੇ
ਲੋਭ ਨਾਲ ਹੀ ਹੋਣ ਤਰੱਕੀਆਂ
ਲੋਭ ਨਾਲ ਹੀ ਦੰਗੇ
ਮੋਹ
ਮੋਹ ਮਾਇਆ ਦਾ ਜਾਲ ਹੈ ਐਸਾ
ਲੋਕੀਂ ਇਸ ਵਿਚ ਖੁਸ਼ੀ ਮਨਾਉਂਦੇ
ਮੋਹ ਦੀ ਮਾਇਆ ਜਗਤ ਹੈ ਬ`ਧਾ
ਨਹੀਂ ਤਾਂ ਪਲਾਂ ਵਿਚ ਖਿੰਡ ਜਾਵੇ
ਭਰਤੇ ਨੂੰ ਪਤਨੀ ਨਾਲ ਮੋਹ
ਪਤਨੀ ਨੂੰ ਬਚਿਆਂ ਦਾ ਮੋਹ
ਬਾਪੂ ਨੂੰ ਪੁਤਰ ਨਾਲ ਮੋਹ
ਬਚਿਆਂ ਦਾ ਖੇਲਾ ਨਾਲ ਮੋਹ
ਭਗਤਾਂ ਨੂੰ ਹੈ ਰਬ ਨਾਲ ਮੋਹ
ਹਰ ਕਿਸੇ ਨੂੰ ਹਰ ਕਿਸੇ ਨਾਲ
ਥੋੜਾ ਜਾਂ ਬਹੁਤਾ ਹੈ ਮੋਹ
ਕਾਮ
ਕਾਮ ਹੈ ਜਗ ਨੂੰ ਸਾਜਣਹਾਰਾ
ਕਾਮ ਸਹਾਰੇ ਜਗ ਹੈ ਸਾਰਾ
ਸਭ ਤੇ ਭਾਰੂ ਸਭ ਤੋਂ ਤਕੜਾ
ਸਭ ਨੂੰ ਹੈ ਗੁਲਾਮ ਬਣਾਉਂਦਾ
ਅੰਗਾਂ ਵਿਚ ਜਦ ਆਏ ਜਵਾਨੀ
ਅਖ ਮਟ`ਕੇ ਇਹੋ ਸਿਖਾਉਂਦਾ
ਪਸ਼ੂ ਪੰਛੀ ਸਭ ਵਸ ਏਸਦੇ
ਮਾਨੁਖ ਵੀ ਇਸਦਾ ਸਿਕਦਾਰੀ
ਜਦ ਇਹ ਸਿਰ ਸਵਾਰ ਹੋ ਜਾਂਦਾ
ਮਤ ਹੈ ਜਾਦੀ ਮਾਰੀ
ਹੰਕਾਰ
ਹੰਕਾਰ ਨੂੰ ਕਿਉਂ ਮਾੜਾ ਕਹੀਏ
ਮਾੜੇ ਤੋਂ ਹੰਕਾਰ ਨਹੀਂ ਹੁੰਦਾ
ਤਕੜਾ ਬਨਣ ਲਈ ਏਸ ਜਗਤ ਤੇ
ਪਹਿਲਾਂ ਹੈ ਕੁਝ ਕਰਨਾ ਪੈਂਦਾ
ਤਕੜਾ ਸਦਾ ਹੀ ਬੋਲੀ ਮਾਰੇ
ਉਸ ਬੋਲੀ ਨੂੰ ਹੈ ਵਰਨਾ ਪੈਂਦਾ
ਡਿਗੇ ਢਠੇ ਬੰਦੇ ਨੂੰ ਵੀ
ਤਕੜਾ ਹੋ ਕੇ ਲੜਨਾ ਪੈਂਦਾ
ਹਉਮੈ ਦਾ ਝਨਾ ਹੈ ਡੂੰਘਾ
ਪਰ ਸੋਹਣੀ ਨੂੰ ਤਰਨਾ ਪੈਂਦਾ
ਇਹ ਪੰਜੇ ਹੀ ਜਗ ਚਲਾਉਂਦੇ
ਹਰ ਕਿਸੇ ਦਾ ਵਿਤ ਦੇਖਕੇ
ਉਹੋ ਜਿਹੇ ਧੰਦੇ ਲਾਉਂਦੇ
ਇਹਨਾਂ ਪੰਜਾਂ ਦੇ ਹੀ ਕਾਰਨ
ਇਹ ਜਗ ਆਪੇ ਚਲ ਰਿਹਾ ਹੈ
ਆਪੇ ਜਾਂਦੀ ਗਿਣਤੀ ਵਧਦੀ
ਆਪੇ ਲੜ ਭਿੜ ਖਪ ਰਿਹਾ ਹੈ
ਚਲੇ ਗਏ ਸਭ ਛਡ ਦੁਨੀਆਂ ਨੂੰ
ਇਹ ਪੰਜੇ ਨਾ ਹਾਲੇ ਥ`ਕੇ
ਕਹਿਣ ਪ੍ਰਚਾਰਕ ਤਿਆਗੋ ਤਿਆਗੋ
ਪਰ ਆਪ ਨਾ ਬਚਨਾ ਦੇ ਪ`ਕੇ
ਜੇਹੜੇ ਮਾਨਣ ਪੰਜਾਂ ਤਾਈਂ
ਉਹੀ ਦੇਖੇ ਮੰਗਲ ਗਾਉਂਦੇ
ਜਿਹੜੇ ਕਰਨ ਤਿਆਗ ਇਹਨਾਂ ਦਾ
ਹਸਦੀ ਵਸਦੀ ਦੁਨੀਆਂ ਛਡ ਕੇ
ਵਿਚ ਜੰਗਲਾਂ ਡੇਰੇ ਲਾਉਂਦੇ