ਰਿਸ਼ੀ ਸੋਚਦਾ ਹੈ –
ਦਾਣਾ ਬਣ ਜਾਵਾਂ ਮੈਂ
ਕਿਆਰੀਆਂ 'ਚ ਬੀਜ ਦੇਵੇ ਮੈਨੂੰ ਕੋਈ
ਡਰਦਾ ਹੈ-
ਬੀਜਣ ਵਾਲਾ
ਉੱਗਣ ਤੀਕ ਇੰਤਜ਼ਾਰ ਕਰ ਸਕੇਗਾ
ਰਿਸ਼ੀ ਸੋਚਦਾ ਹੈ –
ਫਸਲ ਬਣ ਜਾਵਾਂ ਮੈਂ
ਲਹਿਰਾਵਾਂ ਮੈਂ
ਡਰਦਾ ਹੈ_
ਨਾਂ ਮੈਂ ਭੁੱਖ ਦੀ ਤੱਕਣੀ ਵੇਖ ਸਕਾਂਗਾਂ
ਨਾਂ ਮੈਥੋਂ ਰੱਜੇ ਦਾ ਹਾਸਾ ਤੱਕਿਆ ਜਾਣੈਂ
ਰਿਸ਼ੀ ਸੋਚਦਾ ਹੈ-
ਬਿਰਖ ਬਣ ਜਾਵਾਂ ਮੈਂ
ਮੇਰੀ ਠੰਢੀ ਛਾਂ ਮਾਣੇ ਹਰ ਕੋਈ
ਡਰਦਾ ਹੈ-
ਤੱਤੀਆਂ ਹਵਾਵਾਂ ਝੁਲਸ ਨਾਂ ਜਾਣ ਕਿਧਰੇ
ਰਿਸ਼ੀ ਸੋਚਦਾ ਹੈ-
ਦਰਿਆ ਬਣ ਜਾਵਾਂ ਮੈਂ
ਬੁਝ ਜਾਏ ਧਰਤੀ ਦੀ ਵਰ੍ਹਿਆਂ ਦੀ ਪਿਆਸ
ਡਰਦਾ ਹੈ
ਆਪਣੀਆਂ ਤਲੀਆਂ ਤੇ ਠਹਿਰੀ ਉਮਰ
ਕਿਤੇ ਆਪ ਹੀ ਨਾਂ ਖੋਰ ਲਵਾਂ
ਰਿਸ਼ੀ ਸੋਚਦਾ ਹੈ
ਪੌਣ ਬਣ ਜਾਵਾਂ
ਵਸ ਜਾਵਾਂ ਹਰ ਕਿਸੇ ਦੇ ਸਾਹੀਂ
ਡਰਦਾ ਹੈ
ਸਾਹਾਂ 'ਤੇ ਤਾਂ
ਅੱਜ ਕੱਲ ਕੋਈ ਇਤਬਾਰ ਈ ਨਹੀਂ ਕਰਦਾ
ਰਿਸ਼ੀ ਸੋਚਦਾ ਹੈ –
ਵਕਤ ਨਾਲ ਕੇਹਾ ਰਿਸ਼ਤਾ ਹੈ ਇਹ
ਪੱਕੇ ਧਾਗਿਆ ਦੇ ਕੱਚੇ ਰਿਸ਼ਤੇ ਜੇਹਾ
ਹੁਣ ਰਿਸ਼ੀ ਡਰਦਾ ਨਹੀਂ
ਚਿਹਰੇ 'ਤੇ ਜੰਮੇ ਵਾਧੂ ਵਰ੍ਹਿਆਂ ਦਾ ਸੱਚ
ਸਮਝ ਆ ਗਿਆ ਉਸਨੂੰ .. .. !