1.
ਨਾ ਦਬਾ ਰਖ ਭਾਵਨਾਵਾਂ ਲੋਕਾਂ ਕੋਲੋਂ ਡਰ ਕੇ
ਕਦੇ ਤੱਕਿਆ ਵੀ ਕਰ ਤੂੰ ਨਜ਼ਰ ਭਰ ਕੇ
ਕਦੇ ਦੇਹਲੀਜ਼ ਪਾ ਪੈਰ ਭਾਵੇਂ ਭੁੱਲੇ ਭਟਕੇ ਹੀ
ਤੇਲ ਆਸਾਂ ਦਾ ਬੈਠੇ ਹਾਂ ਚੋਈ ਦਿਲ ਦਰ ਤੇ
ਸੋਚਦੇ ਰਹਿੰਦੇ ਤੂੰ ਮੰਗੇਂ ਦਿਲ, ਦੇਈਏ ਹੱਸ
ਨਾਲੇ ਰੂੰਗੇ ਵਿਚ ਦੇਈਏ ਜਾਨ ਪੈਰੀਂ ਧਰ ਕੇ
ਹੋ ਜਾਵਾਂਗੇ ਵਿੱਚ ਜੇਓੰਦਿਆ ਦੇ ਉਸ ਦਿਨ
ਕਾਸ਼ ਆਵੇ ਮੌਕਾ ਤੇਰੇ ਲਈ ਦਿਖਾਈਏ ਮਰ ਕੇ
ਸੁਣੀ ਜਾਂਦੀ ਬਾਰੀਂ ਸਾਲੀਂ ਰੂੜੀ ਦੀ ਇੱਕ ਦਿਨ
ਸਚ੍ਚ ਜਾਣੀ 'ਭੁੱਲਰ' ਨੂੰ ਭਰੋਸਾ ਏ ਸਬਰ ਤੇ
2.
ਫੁੱਲ ਮਿਲੇ ਕਈ ਖਾਰਾਂ ਵਾਂਗ
ਜਿੱਤਾਂ ਮਿਲੀਆਂ ਹਾਰਾਂ ਵਾਂਗ
ਕਿਣਕਾ ਸਾਨੂੰ ਵੀ ਮਿਲਣਾ ਸੀ
ਜੇ ਲਾ ਖਾਂਦੇ ਸਰਕਾਰਾਂ ਨਾਲ
ਸਾਡੇ ਜਸ਼ਨਾਂ ਵਿਚ ਓਹ ਬਹੁੜੇ
ਸੀ ਅੰਤਿਮ ਸਸਕਾਰਾਂ ਵਾਂਗ
ਮੋਹ ਜਤਾਇਆ ਸਜਣਾਂ ਵਾਂਗੂ
ਵਿਚਰੇ ਪਰ ਗਦਾਰਾਂ ਵਾਂਗ
ਸਦੀਂਦੇ ਖੁਦ ਨੂੰ ਜੋ ਅਣਮੁੱਲੇ
ਵਿਕ ਗਏ ਨੇ ਅਖਬਾਰਾਂ ਵਾਂਗ
ਭੁੱਲਰਾ ਝੂਠ ਗਹਿਰ ਦੇ ਵਿਚੋਂ
ਸਚ ਪਰ ਦਿਸੇ ਮੀਨਾਰਾਂ ਵਾਂਗ