ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੀ ਭਾਲ
(ਲੇਖ )
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਜੀਵਨਜਾਚ ਨੂੰ ਨਵਾਂ ਮੋੜ ਦੇ ਦਿੱਤਾ ਸੀ। ਉਹਨਾਂ ਦੇ ਉੱਤਰਾਧਿਕਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਮੇਂ ਦੇ ਹਾਲਾਤ ਦੇ ਸਨਮੁਖ ਸਿੱਖਾਂ ਨੂੰ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ ਸੀ। ਗੁਰੂ ਜੀ ਦੇ ਆਦੇਸ਼ ਅਨੁਸਾਰ ਸਿੱਖ ਹਥਿਆਰਬੰਦ ਹੋ ਕੇ ਗੁਰੂ-ਘਰ ਆਉਣ ਲੱਗੇ। ਗੁਰੂ ਹਰਿਗੋਬਿੰਦ ਸਾਹਿਬ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖਾਂ ਨੂੰ ਹੱਥੀਂ ਕਾਰਜ ਕਰਨ ਦੀ ਪ੍ਰੇਰਨਾ ਪ੍ਰਦਾਨ ਕੀਤੀ ਅਤੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਥਾਪਤ ਹੋਏ ਮੱਲ ਅਖਾੜੇ ਸਿੱਖਾਂ ਨੂੰ ਸਰੀਰਕ ਮਜ਼ਬੂਤੀ ਪ੍ਰਦਾਨ ਕਰ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸ਼ਸਤਰ ਧਾਰਨ ਕਰਨ ਦੇ ਆਦੇਸ਼ ਨੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਸਿੱਖਾਂ ਵਿਚ ਜੋਸ਼ ਪੈਦਾ ਕਰਨ ਦਾ ਕਾਰਜ ਕੀਤਾ ਸੀ। ਏਸੇ ਜੋਸ਼ ਅਤੇ ਉਤਸ਼ਾਹ ਵਿਚ ਘੁਲੇ ਹੋਏ ਬਾਣੀ ਦੇ ਰਸ ਨੇ ਸਿੱਖਾਂ ਵਿਚ ਸ਼ੁਭ ਕਾਰਜ ਕਰਨ ਦਾ ਬਲ ਪੈਦਾ ਕੀਤਾ ਜਿਸ ਨਾਲ ਮਨ ਵਿਚੋਂ ਮੌਤ ਦਾ ਭੈਅ ਖਤਮ ਹੋ ਗਿਆ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਹਕੂਮਤ ਨਾਲ ਜਿੰਨ੍ਹੇ ਵੀ ਯੁੱਧ ਹੋਏ, ਸਭ ਵਿਚ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ। ਧਰਮ ਦਾ ਮਾਰਗ ਦਰਸ਼ਨ ਕਰਨਾ ਹੀ ਗੁਰੂ ਸਾਹਿਬਾਨ ਦਾ ਉਦੇਸ਼ ਸੀ। ਇਸੇ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਕੇਵਲ ਉਹ ਯੁੱਧ ਹੀ ਕੀਤੇ ਸਨ ਜਿਨ੍ਹਾਂ ਵਿਚ ਸਮੇਂ ਦੀ ਹਕੂਮਤ ਦੀ ਫ਼ੌਜ ਉਹਨਾਂ ਤੇ ਚੜ੍ਹ ਆਈ ਸੀ। ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰਿਰਾਇ ਜੀ ਨੇ ਭਾਵੇਂ ਸ਼ਸਤਰਧਾਰੀ ਨੌਜਵਾਨ ਆਪਣੇ ਨਾਲ ਰੱਖੇ ਹੋਏ ਸਨ, ਪਰ ਪ੍ਰਮੁਖ ਉਦੇਸ਼ ਧਰਮ-ਮਾਰਗ ਦੀ ਸਥਾਪਤੀ ਵਾਲਾ ਹੀ ਰੱਖਿਆ। ਗੁਰੂ ਹਰਿਕ੍ਰਿਸ਼ਨ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਵੀ ਸ਼ਾਂਤੀ ਪੂਰਵਕ ਤਰੀਕੇ ਨਾਲ ਧਾਰਮਿਕ ਦ੍ਰਿੜਤਾ ਕਾਇਮ ਰੱਖਣ ਦਾ ਨਿਸ਼ਚਾ ਕੀਤਾ ਹੋਇਆ ਸੀ। ਏਸੇ ਕਰਕੇ ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਜਬਰ ਅਤੇ ਜ਼ੁਲਮ ਦਾ ਵਿਰੋਧ ਕਰਨ ਦੇ ਦੋਸ਼ ਵਿਚ ਦਿੱਲੀ ਬੁਲਾਇਆ ਗਿਆ ਤਾਂ ਉਹਨਾਂ ਨੂੰ ਸ਼ਹਾਦਤ ਅਤੇ ਇਸਲਾਮ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਕਿਹਾ ਗਿਆ। ਗੁਰੂ ਜੀ ਨੇ ਸ਼ਹਾਦਤ ਦੇ ਦਿੱਤੀ ਅਤੇ ਧਰਮ ਦਾ ਮਾਰਗ ਦ੍ਰਿੜ ਕਰਾਇਆ। ਅਜਿਹੇ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਹਨਾਂ ਜਾਣ ਲਿਆ ਕਿ ਸ਼ਾਂਤੀ ਪੂਰਵਕ ਰਹਿ ਕੇ ਧਰਮ ਦੇ ਮਾਰਗ ਤੇ ਚੱਲਣਾ ਲਗਪਗ ਅਸੰਭਵ ਹੋ ਗਿਆ ਹੈ ਅਤੇ ਜੇਕਰ ਇਸਦਾ ਢੁਕਵਾਂ ਜੁਆਬ ਨਾ ਦਿੱਤਾ ਗਿਆ ਤਾਂ ਇਸ ਨਾਲ ਆਮ ਲੋਕਾਂ ਵਿਚ ਉਦਾਸੀ ਅਤੇ ਨਿਰਾਸਤਾ ਦੀ ਭਾਵਨਾ ਪੈਦਾ ਹੋ ਸਕਦੀ ਹੈ। ਗੁਰੂ ਜੀ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਲੰਮੀ ਤਿਆਰੀ ਅਰੰਭ ਕਰ ਦਿੱਤੀ। ਪਾਉਂਟਾ ਸਾਹਿਬ ਦੇ ਅਸਥਾਨ ਤੇ ਸਾਹਿਤ ਸਿਰਜਨਾ ਦਾ ਕਾਰਜ ਅਰੰਭ ਕੀਤਾ ਗਿਆ ਤਾਂ ਕਿ ਸਭ ਤੋਂ ਪਹਿਲਾਂ ਸਿੱਖਾਂ ਦੇ ਮਨ ਵਿਚ ਜੋਸ਼ ਅਤੇ ਉਤਸ਼ਾਹ ਪੈਦਾ ਕੀਤਾ ਜਾਵੇ। ਗੁਰੂ-ਘਰ ਨਾਲ ਬਹੁਤ ਸਾਰੇ ਲੋਕ ਈਰਖਾ ਕਰਦੇ ਸਨ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ। ਗੁਰੂ ਜੀ ਨੇ ਸ਼ਾਸਤਰ ਵਿਦਿਆ ਦੇ ਨਾਲ-ਨਾਲ ਸਿੱਖਾਂ ਨੂੰ ਸ਼ਸਤਰ ਰੱਖਣ ਦਾ ਆਦੇਸ਼ ਦੇ ਦਿੱਤਾ। ਸ਼ਸਤਰਾਂ ਦੀ ਸਿਖਲਾਈ ਵਿਧੀਵਤ ਰੂਪ ਵਿਚ ਕਰਵਾਈ ਜਾਣ ਲੱਗੀ, ਏਸੇ ਕਰਕੇ ਗੱਤਕਾ ਖ਼ਾਲਸਾਈ ਸ਼ਸਤਰ ਵਿਦਿਆ ਦਾ ਮੂਲ ਆਧਾਰ ਬਣ ਗਿਆ। ਸ਼ਸਤਰਾਂ ਸੰਬੰਧੀ ਆਪਣੀ ਇਕ ਰਚਨਾ ‘ਸ਼ਸਤਰ ਨਾਮ ਮਾਲਾ’ ਵਿਚ ਗੁਰੂ ਜੀ ਕਹਿੰਦੇ ਹਨ - ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ। ਸੈਫ ਸਰੋਹੀ ਸੈਹਥੀ ਇਹੈ ਹਮਾਰੈ ਪੀਰ। ਗੁਰੂ ਜੀ ਦੁਆਰਾ ਵੱਖ-ਵੱਖ ਸਮੇਂ ਵੱਖ-ਵੱਖ ਇਲਾਕਿਆਂ ਦੀ ਸੰਗਤ ਨੂੰ ਭੇਜੇ ਗਏ ਹੁਕਮਨਾਮਿਆਂ ਵਿਚ ਜਿਹੜੀਆਂ ਵਸਤਾਂ ਦਾ ਜ਼ਿਕਰ ਆਇਆ ਹੈ, ਸ਼ਸਤਰ ਉਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹਨ। ਗੁਰੂ ਜੀ ਦੇ ਹੁਕਮਨਾਮਿਆਂ ਵਿਚ ਸਿੱਖਾਂ ਨੂੰ ਆਦੇਸ਼ ਕੀਤਾ ਮਿਲਦਾ ਹੈ ਕਿ, ‘ਹਛਾ ਹਾਥੀ ਜੰਗੀ ਭੇਜਣਾ’, ‘ਕਾਰਭੇਟ ਮਨਤ ਅਰਦਾਸ ਕਪੜਾ ਹਥੀਆਰ ਢਾਲ ਜੋ ਗੁਰੂ ਕੇ ਨਵਿਤ ਕਵਡੀ ਹੋਵੈ ਸੋ ਭਾਈ ਹੁਲਾਸ ਚੰਦ ਨੋ ਦੇਣੀ’, ‘ਇਕੁ ਤੁਪਕ ਸਾਜ਼ ਸੁਧਾ ਲੈ ਆਵਣਾ’, ‘ਅਸਵਾਰ ਪਿਆਦੇ ਬੰਦੂਕੀ ਜਮੀਅਤਿ ਲੈ ਕੇ ਤੁਸਾ ਆਵਣਾ’, ‘ਹਥੀਆਰ ਬੰਨ ਕੈ ਦਰਸਨਿ ਆਵਣਾ’, ‘ਸੰਗਤਿ ਹਥੀਆਰ ਬੰਨ ਕੇ ਦਰਸਨ ਆਵਣਾ’, ‘ਜੋ ਸਿਖੁ ਹਥੀਆਰ ਬੰਨਿ ਕੇ ਦਰਸਨਿ ਆਵਗੁ ਸੋ ਨਿਹਾਲ ਹੋਗੁ’, ‘ਅਸਵਾਰ ਪਿਆਦੇ ਬੰਦੂਕਚੀ ਭਲੇ ਭਲੇ ਜੁਆਨ ਸਾਥਿ ਲੈ ਕੇ ਹਜੂਰਿ ਆਵਣਾ’, ‘ਸ੍ਰਬਤਿ ਖਾਲਸੇ ਹਥੀਆਰ ਬੰਨ ਕੈ ਹਜੂਰਿ ਆਵਣਾ ਜੋ ਆਵੈਗਾ ਸੋ ਨਿਹਾਲ ਹੋਵੈਗਾ’।
ਗੁਰੂ ਗੋਬਿੰਦ ਸਿੰਘ ਦੇ ਸਮੇਂ ਜੰਗਾਂ ਯੁੱਧਾਂ ਵਿਚ ਜਿਹੜੇ ਸ਼ਸਤਰ ਵਰਤੇ ਗਏ ਸਨ ਉਨ੍ਹਾਂ ਵਿਚੋਂ ਕੁੱਝ ਇਕ ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਦੱਸਦੇ ਹਨ ਕ੍ਰਿਪਾਲ ਕੋਪੀਯੰ ਕੁਤਕੋ ਸੰਭਾਰੀ। ਹਠੀ ਖਾਨ ਹੱਯਾਤ ਕੇ ਸੀਸ ਝਾਰੀ। ਉਠੀ ਛਿੱਛਿ ਇਛੰ ਕਢਾ ਮੇਝੰ ਜੋਰੰ। ਮਾਨੋ ਮਾਖਨੰ ਮਟਕੀ ਕਾਨਿ ਫੋਰੰ। ਗੁਰੂ ਜੀ ਦੇ ਸਮੇਂ ਵਰਤੇ ਗਏ ਸ਼ਸਤਰਾਂ ਦਾ ਵਰਨਨ ਕਰਦੇ ਹੋਏ ‘ਗੁਰ ਸੋਭਾ’ ਦਾ ਕਰਤਾ ਸੈਨਾਪਤਿ ਕਹਿੰਦਾ ਹੈ:
ਮਾਰੇ ਸ਼ਮਸ਼ੇਰਨ ਕੇ ਲੋਥਨਿ ਪੈ ਲੋਥਿ ਡਾਰੀ
ਤੀਰਨ ਕੇ ਮਾਰੇ ਕਹੂ ਧੀਰਜ ਨ ਧਰ ਹੀ,
ਮਾਰੇ ਬੰਦੂਕਨ ਕੈ ਦੀਨੇ ਅਸਵਾਰ ਡਾਰ
ਨੇਜ਼ਨ ਕੇ ਮਾਰੇ ਨਰ ਧਰਨੀ ਪਰ ਧਰ ਹੀ,
ਮਾਰੇ ਜਮਧਾਰਨ ਕੇ ਜੀਵਨ ਕੋ ਨਾਹਿ ਮੂਲ
ਬਾਂਧੇ ਹਥਿਆਰ ਪਾਂਚ ਖਾਲਸਾ ਜੀ ਲਰ ਹੀ।
ਗੁਰੂ ਜੀ ਦੀ ਛੋਹ ਪ੍ਰਾਪਤ ਸ਼ਸਤਰ ਹਾਲੇ ਵੀ ਬਹੁਤ ਸਾਰੇ ਗੁਰਦੁਆਰਿਆਂ ਵਿਚ ਸੰਭਾਲ ਕੇ ਰੱਖੇ ਹੋਏ ਹਨ ਜਿਨ੍ਹਾਂ ਦੇ ਦਰਸ਼ਨ ਸੰਗਤਾਂ ਦੇ ਮਨ ਵਿਚ ਜੋਸ਼, ਸ਼ਰਧਾ ਅਤੇ ਉਤਸ਼ਾਹ ਪੈਦਾ ਕਰਦੇ ਹਨ। ਜਿਹੜੇ ਪਰਿਵਾਰਾਂ ਵਿਚ ਗੁਰੂ ਜੀ ਦੀ ਛੋਹ ਪ੍ਰਾਪਤ ਕੋਈ ਵਸਤੂ ਹਾਲੇ ਵੀ ਮੌਜੂਦ ਹੈ, ਉਹ ਪਰਿਵਾਰ ਸਿੱਖਾਂ ਲਈ ਸਤਿਕਾਰ ਦੇ ਪਾਤਰ ਹਨ। ਗੁਰੂ ਜੀ ਦੀਆਂ ਵਸਤਾਂ ਪ੍ਰਤੀ ਸਿੱਖਾਂ ਦੇ ਮਨ ਵਿਚ ਖਿੱਚ ਬਣੀ ਰਹਿਣੀ ਸੁਭਾਵਕ ਹੈ ਕਿਉਂਕਿ ਇਕ ਤਾਂ ਗੁਰੂ ਜੀ ਦਾ ਮਿਸ਼ਨ ਲੋਕ-ਪੱਖੀ ਸੀ ਜਿਸ ਵਿਚੋਂ ਨੈਤਿਕ ਅਤੇ ਧਾਰਮਿਕ ਕਦਰਾਂ-ਕੀਮਤਾਂ ਦਿਖਾਈ ਦਿੰਦੀਆਂ ਸਨ; ਦੂਜਾ, ਗੁਰੂ ਜੀ ਨੇ ਸਮੂਹ ਕਾਰਜ ਮਾਨਵਤਾ ਦੀ ਭਲਾਈ ਨੂੰ ਮੁੱਖ ਰੱਖ ਕੇ ਕੀਤੇ ਸਨ ਜਿਨ੍ਹਾਂ ਵਿਚੋਂ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਸੀ ਅਤੇ ਤੀਜਾ, ਸਮੂਹ ਜਾਤਾਂ, ਨਸਲਾਂ, ਭੂਗੋਲਿਕ ਖਿੱਤਿਆਂ ਵਿਚ ਵਸਦੇ ਜਨ-ਸਮੂਹ ਲਈ ਉਹਨਾਂ ਨੇ ਮੁਕਤੀ ਦੇ ਮਾਰਗ ਦੀ ਸਥਾਪਨਾ ਕੀਤੀ ਸੀ। ਗੁਰੂ ਜੀ ਨੇ ਧਰਮ ਅਤੇ ਸੱਚਾਈ ਦੇ ਮਾਰਗ ਦੀ ਪਛਾਣ ਕਰਨ ਵਾਲੇ ਸਮੂਹ ਸ਼ਰਧਾਲੂਆਂ ਨੂੰ ਕੋਈ ਨਾ ਕੋਈ ਵਸਤੂ ਜਾਂ ਹੁਕਮਨਾਮਾ ਬਖ਼ਸ਼ਿਸ਼ ਕੀਤਾ ਸੀ ਜਿਹੜਾ ਉਨ੍ਹਾਂ ਦੇ ਪਰਿਵਾਰਾਂ ਵਿਚ ਹਾਲੇ ਵੀ ਸੁਰੱਖਿਅਤ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਉਹ ਸ਼ਸਤਰ ਮੌਜੂਦਾ ਸਮੇਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜਿਹੜੇ ਉਹਨਾਂ ਨੇ ਮਾਤਾ ਸਾਹਿਬ ਕੌਰ ਜੀ ਨੂੰ ਨਾਂਦੇੜ ਤੋਂ ਦਿੱਲੀ ਭੇਜਣ ਸਮੇਂ ਬਖ਼ਸ਼ਿਸ਼ ਕੀਤੇ ਸਨ। ਇਨ੍ਹਾਂ ਸ਼ਸਤਰਾਂ ਵਿਚ ਉਹ ਇਤਿਹਾਸਿਕ ਸ਼ਸਤਰ ਵੀ ਸ਼ਾਮਲ ਸਨ ਜਿਹੜੇ ਗੁਰੂ ਹਰਿਗੋਬਿੰਦ ਜੀ ਨਾਲ ਸੰਬੰਧਿਤ ਸਨ। ਭਾਈ ਸੰਤੋਖ ਸਿੰਘ ਦੱਸਦਾ ਹੈ - ਖੜਗ ਆਦਿ ਖਟ ਆਯੁਧ ਧਰੇ। ਖਸ਼ਟਮ ਗੁਰੂ ਸਜਾਵਨ ਕਰੇ। ਸ਼੍ਰੀ ਗੋਬਿੰਦ ਸਿੰਘ ਨਿਕਟ ਮੰਗਾਏ। ਸਾਹਿਬ ਦੇਵੀ ਸਉਂਪਿ ਅਲਾਏ। ਦਰਸ਼ਨ ਕਰੈਂ ਹਮਾਰੋ ਯਥਾ। ਇਨ ਕੇ ਅਵਲੋਕਨ ਲਖਿ ਤਥਾ। ਕਰਹੁ ਪ੍ਰਾਤਿ ਕੋ ਜਬਿ ਇਸ਼ਨਾਨਾ। ਦਰਸ਼ਨ ਕਰਹੁ ਧਯਾਨ ਮਮ ਠਾਨਾ।ਮਾਲਵੇ ਦੇ ਇਲਾਕੇ ਵਿਚ ਭਾਈ ਰੂਪਾ ਇਕ ਵੱਡੀ ਵਸੋਂ ਵਾਲਾ ਪਿੰਡ ਹੈ ਜਿਹੜਾ ਗੁਰੂ ਜੀ ਨੇ ਆਪਣੇ ਸੇਵਕ ਭਾਈ ਸਾਧੂ ਦੇ ਸਪੁੱਤਰ ਭਾਈ ਰੂਪ ਚੰਦ ਜੀ ਦੇ ਨਾਂ ਤੇ ਵਸਾਇਆ ਸੀ। ਇਨ੍ਹਾਂ ਪਿਉ-ਪੁੱਤਰ ਦੀ ਸਿੱਖੀ-ਸੇਵਕੀ ਅਤੇ ਦ੍ਰਿੜ ਸ਼ਰਧਾ ਤੋਂ ਖ਼ੁਸ਼ ਹੋ ਕੇ ਗੁਰੂ ਜੀ ਨੇ ਇਨ੍ਹਾਂ ਨੂੰ ਬਸਤਰ, ਸ਼ਸਤਰ ਅਤੇ ਇਕ ਘੋੜਾ ਬਖ਼ਸ਼ਿਸ਼ ਕੀਤੇ ਸਨ। ਇਨ੍ਹਾਂ ਨੇ ਘੋੜਾ ਆਪਣੇ ਨਾਲ ਤੋਰ ਲਿਆ ਗੁਰੂ ਜੀ ਦੀਆਂ ਬਖ਼ਸ਼ਿਸ਼ ਕੀਤੀਆਂ ਹੋਰਨਾਂ ਵਸਤਾਂ ਨੂੰ ਸਤਿਕਾਰ ਸਹਿਤ ਸਿਰ ਤੇ ਚੁੱਕ ਲਿਆ। ਜਦੋਂ ਗੁਰੂ ਜੀ ਨੇ ਉਨ੍ਹਾਂ ਨੂੰ ਘੋੜੇ ਤੇ ਨਾ ਚੜ੍ਹਨ ਅਤੇ ਸ਼ਸਤਰ-ਬਸਤਰ ਧਾਰਨ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਨਿਮਰਤਾ ਪੂਰਵਕ ਕਿਹਾ ਕਿ ਗੁਰੂ ਜੀ ਦੀ ਛੋਹ ਪ੍ਰਾਪਤ ਇਹ ਵਸਤਾਂ ਅਤਿ ਪਵਿੱਤਰ ਹਨ, ਇਨ੍ਹਾਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ, ਪਹਿਨਣੀਆਂ ਯੋਗ ਨਹੀਂ। ਗੁਰੂ ਜੀ ਨੇ ਨਿਮਰਤਾ ਅਤੇ ਸਿਦਕ ਭਰਪੂਰ ਉੱਤਰ ਸੁਣ ਕੇ ਕਿਹਾ ਕਿ ਇਹ ਵਸਤਾਂ ਸੰਭਾਲ ਕੇ ਰੱਖਣਾ, ਸਮਾਂ ਆਉਣ ਤੇ ਧਾਰਨ ਕਰਾਂਗੇ।
ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀ ਹਕੂਮਤ ਦੇ ਜਬਰ ਅਤੇ ਜ਼ੁਲਮ ਵਿਰੁੱਧ ਲੜ੍ਹਦੇ ਹੋਏ ਅਨੰਦਪੁਰ ਸਾਹਿਬ ਤੋਂ ਦੀਨਾ ਕਾਂਗੜ ਪੁੱਜੇ ਤਾਂ ਭਾਈ ਰੂਪ ਚੰਦ ਆਪਣੇ ਪੁੱਤਰਾਂ ਪਰਮ ਸਿੰਘ ਅਤੇ ਧਰਮ ਸਿੰਘ ਸਮੇਤ ਗੁਰੂ-ਦਰਸ਼ਨਾਂ ਨੂੰ ਆਏ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਬਖ਼ਸ਼ਿਸ਼ ਕੀਤੀਆਂ ਵਸਤਾਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤੀਆਂ। ਗਿਆਨੀ ਗਿਆਨ ਸਿੰਘ ਕਹਿੰਦਾ ਹੈ ਕਿ ‘ਭਾਈ ਧਰਮ ਸਿੰਘ ਨੇ ਇਕ ਘੋੜਾ ਬਹੁਤ ਚੰਗਾ, ਹਥਯਾਰ, ਨਕਦੀ ਨਜ਼ਰ ਕਰਕੇ ਫੇਰ ਓਹ ਹਥਯਾਰ ਤੇ ਪੁਸ਼ਾਕਾ ਜੋ ਛੀਵੇਂ ਗੁਰੂ ਦੀ ਬਖ਼ਸ਼ਿਸ਼ ਸਿਰ ਪਰ ਚੁੱਕ ਕੇ ਲਯਾਏ ਸੇ, ਗੁਰੂ ਜੀ ਅੱਗੇ ਅਦਬ ਨਾਲ ਰੱਖ ਦਿੱਤੇ।’ ਗੁਰੂ ਕੀਆਂ ਸਾਖੀਆਂ ਦਾ ਕਰਤਾ ਦੱਸਦਾ ਹੈ ਕਿ ‘ਸਤਿਗੁਰਾਂ ਮਾਨ ਸਿੰਘ ਕੀ ਤਰਫ਼ ਦੇਖਾ। ਬਚਨ ਹੋਆ - ਜਿਹੜੇ ਬਸਤਰ ਭਾਈ ਪਰਮ ਸਿੰਘ, ਧਰਮ ਸਿੰਘ ਦੀਨੇ ਗਾਉਂ ਮੇਂ ਲੇ ਆਏ ਥੇ, ਓਹ ਹਮੇਂ ਦੀਜੀਏ। ਮਾਨ ਸਿੰਘ ਨੇ ਗੁਰੂ ਜੀ ਕਾ ਹੁਕਮ ਪਾਇ ਖੁਰਜੀ ਸੇ ਸਾਰੇ ਬਸਤਰ ਨਿਕਾਲ ਗੁਰੂ ਜੀ ਕੇ ਹਵਾਲੇ ਕਰ ਦੀਏ। ਗੁਰੂ ਜੀ ਨੇ ਉੱਚ ਸ਼ਰੀਫ਼ ਕੇ ਪੀਰ ਕਾ ਬਾਣਾ ਉਤਾਰ ਸ੍ਰੀ ਵਾਹਿਗੁਰੂ ਆਖ ਸੀਸ ਤੇ ਦਸਤਾਰ ਸਜਾਇ ਲਈ।’
ਗੁਰੂ ਗੋਬਿੰਦ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਪੰਜ ਸ਼ਸਤਰ ਬਖ਼ਸ਼ਿਸ਼ ਕੀਤੇ ਸਨ। ਮਾਤਾ ਸਾਹਿਬ ਕੌਰ ਜੀ ਸ਼ਸਤਰ ਲੈ ਕੇ ਦਿੱਲੀ ਮਾਤਾ ਸੁੰਦਰੀ ਜੀ ਕੋਲ ਦਿੱਲੀ ਆ ਗਏ ਅਤੇ ਜਦੋਂ ਤੱਕ ਸੰਸਾਰਕ ਯਾਤਰਾ ਸੰਪੂਰਨ ਨਾ ਹੋਈ ਸ਼ਸਤਰਾਂ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛੱਕਦੇ ਰਹੇ। ਮਾਤਾ ਸਾਹਿਬ ਕੌਰ ਜੀ ਤੋਂ ਪਿਛੋਂ ਮਾਤਾ ਸੁੰਦਰੀ ਜੀ ਸ਼ਸਤਰਾਂ ਦੀ ਸੰਭਾਲ ਕਰਦੇ ਰਹੇ। ਉਹ ਗੁਰੂ ਜੀ ਦੇ ਸ਼ਸਤਰਾਂ ਦਾ ਇੰਨਾ ਸਤਿਕਾਰ ਕਰਦੇ ਸਨ ਕਿ ਇਕ ਵਾਰ ਜਦੋਂ ਪਾਲਿਤ ਅਜੀਤ ਸਿੰਘ ਨੇ ਉਹ ਸ਼ਸਤਰ ਪਹਿਨਣ ਦੀ ਇਜ਼ਾਜਤ ਮੰਗੀ ਤਾਂ ਉਸ ਨੂੰ ਸਾਫ਼ ਇਨਕਾਰ ਕਰਦੇ ਹੋਏ ਕਹਿ ਦਿੱਤਾ ਗਿਆ ਕਿ ਦਸਮ ਪਿਤਾ ਦੀ ਛੋਹ ਪ੍ਰਾਪਤ ਇਹ ਸ਼ਸਤਰ ਸਤਿਕਾਰ ਕਰਨ ਯੋਗ ਹਨ ਪਹਿਨਣ ਯੋਗ ਨਹੀਂ। ਮਾਤਾ ਸੁੰਦਰੀ ਜੀ ਨੇ ਉਹ ਸ਼ਸਤਰ ਆਪਣੇ ਇਕ ਸੇਵਕ ਭਾਈ ਜੀਵਨ ਸਿੰਘ ਨੂੰ ਸੌਂਪ ਦਿੱਤੇ ਸਨ। ਜੀਵਨ ਸਿੰਘ ਦੀ ਔਲਾਦ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰਦੀ ਰਹੀ ਅਤੇ ਬਾਅਦ ਵਿਚ ਇਹ ਸ਼ਸਤਰ ਗੁਰਦੁਆਰਾ ਰਕਾਬ ਗੰਜ ਵਿਖੇ ਅਸਥਾਪਨ ਕਰ ਦਿੱਤੇ ਗਏ ਸਨ। ਹੁਣ ਇਹ ਸ਼ਸਤਰ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਹੋਏ ਹਨ। ਪਰ ਅਫ਼ਸੋਸ! ਪੰਜ ਵਿਚੋਂ ਕੇਵਲ ਦੋ ਸ਼ਸਤਰ ਹੀ ਬਚੇ ਹਨ। ਡਾ. ਹਰਬੰਸ ਸਿੰਘ ਚਾਵਲਾ 4 ਮਈ 1981 ਈਸਵੀ ਨੂੰ ਤਿੰਨ ਸ਼ਸਤਰ ਚੋਰੀ ਹੋਣਾ ਦੱਸਦੇ ਹਨ। ਗੁਰੂ ਜੀ ਦੀ ਛੋਹ ਪ੍ਰਾਪਤ ਵਸਤਾਂ ਦਾ ਸਿੱਖਾਂ ਦੇ ਮਨਾਂ ਵਿਚ ਹਮੇਸ਼ਾਂ ਸਤਿਕਾਰ ਰਿਹਾ ਹੈ। ਜਦੋਂ ਤੋਂ ਗੁਰੂ ਜੀ ਦੀ ਛੋਹ ਪ੍ਰਾਪਤ ਤਿੰਨ ਸ਼ਸਤਰ ਗੁੰਮ ਹੋਏ ਹਨ। ਉਸ ਸਮੇਂ ਤੋਂ ਹੀ ਸਿੱਖ ਇਨ੍ਹਾਂ ਦੀ ਭਾਲ ਵਿਚ ਲੱਗੇ ਹੋਏ ਹਨ। ਦਿੱਲੀ ਦੇ ਇਕ ਸਿੱਖ ਸ. ਚਰਨਜੀਤ ਸਿੰਘ ਨੇ ਸਮੇਂ ਦੀ ਨਿਆਂ ਵਿਵਸਥਾ ਅਧੀਨ ਇਨ੍ਹਾਂ ਸ਼ਸਤਰਾਂ ਦੀ ਭਾਲ ਵਿਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਅਰਜ਼ੀ ਦਾਖ਼ਲ ਕੀਤੀ ਹੈ। ਅਦਾਲਤ ਵਿਚ ਇਹ ਕੇਸ ਵਿਚਾਰ ਅਧੀਨ ਹੈ। ਸ਼ਸਤਰਾਂ ਦੀ ਭਾਲ ਵਿਚ ਲੱਗੇ ਹੋਏ ਸ. ਚਰਨਜੀਤ ਸਿੰਘ ਦੀ ਸਹਾਇਤਾ ਕਰਨ ਵਾਲੇ ਸੱਜਣਾਂ ਵਿਚ ਦਿੱਲੀ ਵਿਧਾਨ ਸਭਾ ਦਾ ਇਕ ਮੈਂਬਰ ਡਾ. ਹਰਸ਼ ਵਰਧਨ ਵੀ ਸ਼ਾਮਲ ਹੈ ਜਿਸ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ. ਚਿੰਦਬਰਮ ਅਤੇ ਦਿੱਲੀ ਦੇ ਰਾਜਪਾਲ ਸ੍ਰੀ ਤੇਜਿੰਦਰ ਖੰਨਾ ਨੂੰ ਇਕ ਪੱਤਰ ਲਿਖ ਕੇ ਸ਼ਸਤਰਾਂ ਦੀ ਭਾਲ ਵਿਚ ਤੇਜੀ ਲਿਆਉਣ ਦੀ ਮੰਗ ਕੀਤੀ ਹੈ। ਸਿੱਖ ਆਗੂਆਂ ਵੱਲੋਂ ਇਸ ਦਿਸ਼ਾ ਵਿਚ ਯਤਨ ਕਰਨੇ ਹਾਲੇ ਬਾਕੀ ਹਨ। ਰੋਜ਼ਾਨਾ ਜੀਵਨ ਦੀਆਂ ਲੋੜਾਂ ਨਾਲ ਜੂਝ ਰਹੇ ਸ. ਚਰਨਜੀਤ ਸਿੰਘ ਲਈ ਭਾਵੇਂ ਇਹ ਇਕ ਔਖਾ ਕਾਰਜ ਹੈ ਪਰ ਉਹ ਪੂਰਨ ਦ੍ਰਿੜਤਾ ਨਾਲ ਇਨ੍ਹਾਂ ਸ਼ਸਤਰਾਂ ਦੀ ਭਾਲ ਵਿਚ ਲੱਗੇ ਹੋਏ ਹਨ।