ਸਿੱਖ ਸਿਧਾਂਤ ਵਿਚ ਅਕਾਲ ਪੁਰਖ ਤੋਂ ਭਾਵ ਉਹ ਸ਼ਕਤੀ ਹੈ, ਜਿਸ ਨੇ ਸਾਰੇ ਬ੍ਰਹਿਮੰਡ ਨੂੰ ਪੈਦਾ ਕੀਤਾ, ਪਰਵਰਿਸ਼ ਕਰ ਰਹੀ ਹੈ ਅਤੇ ਸਮਾਂ ਆਉਣ ਉਤੇ ਸਭ ਕੁਝ ਸਮੇਟ ਲੈਂਦੀ ਹੈ ।ਸਾਰਾ ਕੁਝ ਉਸੇ ਦੀ ਇੱਛਾ ਅੰਦਰ ਹੈ ਪਰ ਉਹ ਆਪ ਸਮੇਂ ਤੋਂ ਮੁਕਤ ਹੈ । ਅਕਾਲ ਪੁਰਖ ਪਰਮਾਤਮਾ ਹੈ । ਸਿੱਖ ਧਰਮ ਵਿਚ ਅਕਾਲ ਪੁਰਖ ਦੀ ਹੋਂਦ ਨੂੰ ਸਿੱਧ ਕਰਨ ਲਈ ਕਿਸੇ ਬਹਿਸ ਜਾਂ ਤਰਕ ਦਾ ਸਹਾਰਾ ਨਹੀਂ ਲਿਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਨੂੰ ਸਦੀਵੀ ਮੰਨਦੇ ਹੋਏ ਉਸ ਦੀ ਹੋਂਦ ਨੂੰ ਅਨੁਭਵ ਕੀਤਾ ਗਿਆ ਹੈ । ਇਸ ਅਨੁਸਾਰ ਅਕਾਲ ਪੁਰਖ ਨੂੰ ਪੂਰਨ ਰੂਪ ਵਿਚ ਸਮਝ ਕੇ ਉਸ ਦਾ ਵਰਣਨ ਕਰ ਸਕਣ ਦੀ ਅਸਮਰੱਥਾ ਨੂੰ ਸਪਸ਼ਟ ਸਵੀਕਾਰ ਕੀਤਾ ਗਿਆ ਹੈ । ਪਰਮਾਤਮਾ ਨੂੰ ਭੌਤਿਕਤਾ ਦੀਆਂ ਅੱਖਾਂ ਰਾਹੀਂ ਇਕੱਠੇ ਕੀਤੇ ਗਿਆਨ ਨਾਲ ਸਮਝਣ ਤੋਂ ਅਸਮਰੱਥ ਰਹਿਣ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ ਕਿ ਇਨ੍ਹਾਂ ਅੱਖਾਂ ਨਾਲ ਮੇਰੀ ਪਿਆਸ ਨਹੀਂ ਬੁਝਦੀ, ਉਹ ਅੱਖਾਂ ਦੂਜੀਆਂ ਹਨ ਜਿਨ੍ਹਾਂ ਰਾਹੀਂ ਪ੍ਰੀਤਮ-ਪ੍ਰਭੂ ਨੂੰ ਵੇਖਿਆ ਜਾ ਸਕਦਾ ਹੈ । ਤਰਕ-ਵਿਤਰਕ ਤਿਆਗ ਕੇ ਸਿਰਫ ਅਨੁਭਵ ਦੇ ਮਾਰਗ ਉਪਰ ਤੁਰਨ ਵਾਲੇ ਨੂੰ ਉਸ ਦਾ ਅਨੁਭਵ ਹੋ ਸਕਦਾ ਹੈ ।
ਸਿੱਖ ਧਰਮ ਵਿਚ ਅਕਾਲ ਪੁਰਖ ਨੂੰ ਓਅੰਕਾਰ, ਸੱਚੇ ਨਾਮ ਵਾਲਾ, ਹਰ ਚੀਜ਼ ਦਾ ਕਰਤਾ, ਨਿਰਭਉ, ਨਿਰਵੈਰ, ਜਨਮ-ਮਰਨ ਦੇ ਗੇੜ ਤੋਂ ਮੁਕਤ, ਜੂਨਾਂ ਤੋਂ ਪਰ੍ਹੇ, ਆਪਣੇ ਪ੍ਰਕਾਸ਼ ਤੋਂ ਪ੍ਰਕਾਸ਼ਮਾਨ ਦੱਸਿਆ ਗਿਆ ਹੈ, ਜਿਸ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਨਾਲ ਸੰਭਵ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਮੂਲਮੰਤਰ ਵਿਚ ਸੂਤਰ ਰੂਪ ਵਿਚ ਅਕਾਲ ਪੁਰਖ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਬਿਆਨ ਕੀਤਾ ਗਿਆ ਹੈ । ਮੂਲ ਮੰਤਰ ਇਸ ਪ੍ਰਕਾਰ ਹੈ :-
"ਨੂੰ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’’
ਓਅੰਕਾਰ ਸ੍ਰਿਸ਼ਟੀ ਦਾ ਆਦਿ ਮੂਲ ਮੰਨਿਆ ਗਿਆ ਹੈ । ਇਸ ਜਗਤ ਨੂੰ ਨਾਸ਼ਵਾਨ ਮੰਨਦੇ ਹੋਏ ਇਸ ਓਅੰਕਾਰ ਦਾ ਸਾਖਿਆਤਕਾਰ ਕਰਨ ਉਪਰ ਜ਼ੋਰ ਦਿੱਤਾ ਗਿਆ । ਓਅੰਕਾਰ ਹੀ ਸਰਬ ਵਿਆਪਕ ਹੈ । ਓਅੰਕਾਰ ਬਾਰੇ ਇਸ ਤੋਂ ਪਹਿਲਾਂ ਸਮਾਜ ਵਿਚ ਪ੍ਰਚਲਿਤ ਸ਼ਬਦ ‘ਓਮ’ (ਅਓਮ) ਦਾ ਅਰਥ ਇਹ ਕੀਤਾ ਜਾਂਦਾ ਸੀ ਕਿ ਇਕ ਸ਼ਕਤੀ ਸ੍ਰਿਸ਼ਟੀ ਪੈਦਾ ਕਰਨ ਵਾਲੀ (ਅ), ਇਕ ਸ਼ਕਤੀ ਪਾਲਣਾ ਕਰਨ ਵਾਲੀ (ਓ) ਅਤੇ ਇਕ ਸ਼ਕਤੀ ਨਾਸ਼ ਕਰਨ ਵਾਲੀ (ਮ) ਹੈ ।ਓਅੰਕਾਰ ਬਾਰੇ ਭਾਰਤੀ ਸਮਾਜ ਵਿਚ ਫੈਲੇ ਭਰਮ ਨੂੰ ਦੂਰ ਕਰਨ ਲਈ ਮੂਲ ਮੰਤਰ ਦੇ ਆਰੰਭ ਵਿਚ ਹੀ ਓਅੰਕਾਰ ਤੋਂ ਪਹਿਲਾਂ ਨਿਸ਼ਚੇ ਬੋਧਕ ‘1’ (ਇਕ) ਲਗਾ ਦਿਂਤਾ, ਤਾਂ ਜੋ ਤਿੰਨ ਸ਼ਕਤੀਆਂ ਦੀ ਥਾਂ ਲੋਕ ਇਕ ਪਰਮਾਤਮਾ ਨਾਲ ਜੁੜ ਜਾਣ । ਇਸ ਤਰ੍ਹਾਂ ਅਕਾਲ ਪੁਰਖ ਇਕ ਹੈ, ਇਕ ਤੋਂ ਵਂਧ ਨਹੀਂ । ਅਕਾਲ ਪੁਰਖ ਨੂੰ ਪਰਮ ਸਤਿ ਜਾਂ ਸਂਚ ਸਰੂਪ ਮੰਨਿਆ ਗਿਆ ਹੈ । ਗੁਰਬਾਣੀ ਵਿਚ ਅਕਾਲ ਪੁਰਖ ਦੇ ਸਤਿ ਸਰੂਪ ਉਤੇ ਬਹੁਤ ਜ਼ੋਰ ਦਿਂਤਾ ਗਿਆ ਹੈ । ਅਕਾਲ ਪੁਰਖ ਦਾ ਨਾਂ ਸਂਚਾ ਹੈ ਅਤੇ ਇਹ ਸਂਚ ਨਾ ਤਾਂ ਕਦੀ ਪੁਰਾਣਾ ਹੁੰਦਾ ਹੈ ਅਤੇ ਨਾ ਹੀ ਟੁਕੜਿਆਂ ਵਿਚ ਵੰਡਿਆ ਜਾ ਸਕਦਾ ਹੈ । ਅਕਾਲ ਪੁਰਖ ਦੀ ਹੋਂਦ ਹੈ, ਪਰ ਜੋ ਨਜ਼ਰ ਆਉਂਦਾ ਹੈ, ਉਹ ਨਹੀਂ ਹੈ । ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ । ਅਕਾਲ ਪੁਰਖ ਦਾ ਇਕ ਵਿਸ਼ੇਸ਼ਣ ‘ਕਰਤਾ’ ਹੈ । ਉਹ ਆਪਣੀ ਰਚਨਾ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ । ਜਿਵੇਂ ਦਰਖਤ ‘ਬੀਜ’ ਰੂਪ ਵਿਚ ਹੈ, ਇਸੇ ਤਰ੍ਹਾਂ ਪਰਮਾਤਮਾ ਇਸ ਸ੍ਰਿਸ਼ਟੀ ਦਾ ਮੂਲ ਹੈ । ਅਕਾਲ ਪੁਰਖ ਹੀ ਕਰਤਾ ਪੁਰਖ ਹੈ । ਅਕਾਲ ਪੁਰਖ ਦੀ ਅਗਲੀ ਵਿਸ਼ੇਸ਼ ਗਂਲ ਉਸ ਦਾ ‘ਨਿਰਭਉ’, ‘ਨਿਰਵੈਰ’ ਹੋਣਾ ਹੈ । ਉਸ ਦੇ ਉਪਰ ਕੋਈ ਨਹੀਂ, ਸਭ ਬਰਾਬਰ ਹਨ । ਸਾਰਾ ਕੁਝ ਉਸ ਨੇ ਆਪਣੇ ਅੰਦਰੋਂ ਬਣਾਇਆ ਹੈ । ਜੇ ਸਾਰਾ ਕੁਝ ਅਕਾਲ ਪੁਰਖ ਦੇ ਬਰਾਬਰ ਹੈ ਅਤੇ ਉਸ ਤੋਂ ਉਪਰ ਕੁਝ ਨਹੀਂ ਅਤੇ ਸਾਰਾ ਕੁਝ ਉਸੇ ਦਾ ਪ੍ਰਕਾਸ਼ ਹੈ, ਤਾਂ ਉਸ ਦਾ ਨਿਰਭਉ ਅਤੇ ਨਿਰਵੈਰ ਹੋਣਾ ਲਾਜ਼ਮੀ ਹੈ । ਅਕਾਲ ਪੁਰਖ ਦੀ ਅਜਿਹੀ ਹਸਤੀ ਹੈ, ਜਿਹੜੀ ਨਾ ਤਾਂ ਕਿਸੇ ਦਾ ਭੈਅ ਮੰਨਦੀ ਹੈ ਅਤੇ ਨਾ ਹੀ ਉਸ ਨੂੰ ਕਿਸੇ ਨਾਲ ਵੈਰ-ਭਾਵਨਾ ਰਖਣ ਦੀ ਲੋੜ ਹੈ । ਅਕਾਲ ਪੁਰਖ ‘ਅਜੂਨੀ’ ਹੈ ਅਰਥਾਤ ਉਹ ਜਨਮ-ਮਰਨ ਅਤੇ ਆਵਾਗਮਨ ਤੋਂ ਪਰ੍ਹੇ ਹੈ । ਉਸਨੂੰ ‘ਸੈਭੰ’ ਕਿਹਾ ਗਿਆ ਹੈ, ਅਰਥਾਤ ਅਕਾਲ ਪੁਰਖ ਸਵੈ-ਪ੍ਰਕਾਸ਼ਿਤ ਹੋਣ ਵਾਲਾ ਹੈ । ਪਰਮਾਤਮਾ ਕਿਸੇ ਦੀ ਰਚਨਾ ਨਹੀਂ । ਗੁਰਬਾਣੀ ਅਨੁਸਾਰ ਨਾ ਤਾਂ ਉਸ ਦੀ ਸਥਾਪਨਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਕੋਈ ਉਸ ਨੂੰ ਬਣਾ ਸਕਦਾ ਹੈ । ਅਕਾਲ ਪੁਰਖ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਰਾਹੀਂ ਹੀ ਹੋ ਸਕਦੀ ਹੈ । ਇਹ ਗੁਰੂ, ਸ਼ਬਦ-ਗੁਰੂ ਹੀ ਹੈ ।