ਜੇ ਗੀਤਕਾਰ ਚਾਹੁਣ ਤਾਂ
(ਲੇਖ )
ਮੈਂ ਕਿਤੇ ਪੜਿਆ ਸੀ ਕਿ ਇੱਕ ਚੰਗਾ ਸਾਹਿਤ ਕਿਸੇ ਵੀ ਮਾੜੇ ਤੌ ਮਾੜੇ ਬੰਦੇ ਦੀ ਵੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ।ਕਿਸੇ ਦੇ ਚੰਗੇ ਵਿਚਾਰਾਂ ਦਾ ਪ੍ਰਭਾਵ ਵੀ ਬਹੁਤ ਚੰਗਾ ਪੈਂਦਾ ਹੈ।ਅੱਜ ਗੱਲ ਕਰਦੇ ਹਾਂ, ਸਾਹਿਤ ਦੀ ਇੱਕ ਵੰਨਗੀਂ ‘ਗੀਤ’ ਰਚਣ ਵਾਲਿਆਂ ਦੀ।ਕੋਈ ਵੀ ਚੰਗਾ ਗੀਤਕਾਰ ਜੇ ਕੁਝ ਲਿਖਦਾ ਹੈ ਤਾਂ ਉਹ ਸਮੇਂ ਦੀ ਨਬਜ਼ ਪਛਾਣ ਕੇ ਤੇ ਸਮੁੱਚੇ ਸਮਾਜ ਦੀ ਗੱਲ ਆਪਣੇ ਗੀਤਾਂ ਵਿੱਚ ਲਿਖਦਾ ਹੈ।ਉਸਦਾ ਇੱਕ ਚੋਣਵਾਂ ਤੇ ਨਿਵੇਕਲਾ ਵਿਸ਼ਾ ਹੁੰਦਾ ਹੈ। ਉਸ ਵਿੱਚ ਸਹਿਜਤਾ ਤੇ ਸਰਲਤਾ ਕੋਨੋਂ ਹੀ ਹੁੰਦੀਆਂ ਨੇ।ਇਸਦੀ ਪ੍ਰਤੱਖ ਉਦਾਹਰਣ ਅੱਜਕੱਲ ਦੇ ਗਾਇਕਾਂ ਵੱਲੋਂ ਗਾਏ ਜਾਂਦੇ ਕਈ ਗੀਤ ਹਨ।ਜੇ ਸੱਚੀ ਗੱਲ ਕਰੀਏ ਤਾਂ ਅੱਜਕੱਲ ਬੋਲ ਹੁੰਦੇ ਹੀ ਕਿੱਥੇ ਨੇ, ਸਿਰਫ ਧੂੰਮ-ਧੜੱਕਾ ਹੀ ਰਹਿ ਗਿਆ।ਕਿਸੇ ਸਮਾਗਮ ਨੂੰ ਸਿਰਫ ‘ਸੱਭਿਆਚਾਰ’ ਦੇ ਨਾਂ ਹੇਠ ਹੀ ਦਬਾ ਦਿੱਤਾ ਜਾਂਦਾ ਹੈ ਜਦ ਕਿ ਉਸ ਵਿੱਚ ਕੱਢਣ-ਪਾਉਣ ਨੂੰ ਕੁਝ ਨਹੀਂ ਹੁੰਦਾ।
ਪਹਿਲਾਂ ਸਮਾਂ ਹੁੰਦਾ ਸੀ ਜਦੋਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ ਆਦਿ ਹੋਰ ਬਹੁਤ ਸਾਰੀਆਂ ਪੁਰਾਣੀਆਂ ਗਾਇਕਾਵਾਂ ਹੁੰਦੀਆਂ ਸਨ ਜਿੰਨਾਂ ਦਾ ਗਾਉਣ ਸੁਣਨ ਲਈ ਪਿੰਡਾਂ ਦੇ ਪਿੰਡ ਇਕੱਠੇ ਹੋ ਜਾਂਦੇ ਸੀ।ਇੱਕ ਤਾਂ ਉਨਾਂ ਦੀ ਆਵਾਜ਼ ਵਿੱਚ ਦਮ ਹੁੰਦਾ ਸੀ, ਦੂਜਾ ਗੀਤਕਾਰ ਉਸ ਵੇਲੇ ਦੇ ਸੱਚੇ-ਸੁੱਚੇ ਸੱਭਿਆਚਾਰ ਦੀਆਂ ਗੱਲਾਂ ਕਰਦੇ ਸਨ ਤੇ ਉਹੀ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ ।ਲੋਕ ਇਹਨਾਂ ਸ਼ਬਦਾਂ ਨੂੰ ਗਾਇਕਾਂ ਦੀਆਂ ਅਵਾਜ਼ਾ ਵਿੱਚ ਸੁਣਨਾਂ ਪਸੰਦ ਕਰਦੇ ਹੁੰਦੇ ਸਨ।ਸ:ਲਾਲ ਚੰਦ ਯਮਾਲ ਜੱਟ, ਕੁਲਦੀਪ ਮਾਣਕ ਦੀਆਂ ਕਲੀਆਂ, ਸੁਰਿੰਦਰ ਛਿੰਦਾ, ਆਸਾ ਸਿੰਘ ਮਸਤਾਨਾ ਆਦਿ ਹੋਰ ਵੀ ਬਹੁਤ ਸਾਰੇ ਗਾਇਕ ਜਿੰਨਾਂ ਨੰ ਸੁਣਕੇ ਅੱਜ ਵੀ ਮਨ ਨੂੰ ਐਨਾਂ ਸਕੂਨ ਮਿਲਦਾ ਕਿ ਦਿਲ ਕਰਦਾ ਹੁੰਦਾ ਸੁਣਦੇ ਰਹੀਏ, ਸੁਣਦੇ ਰਹੀਏ ਬਸ।ਇਹਨਾਂ ਸਭ ਗਾਇਕਾਂ ਤੇ ਇਨਾਂ ਵੱਲੋਂ ਗਾਏ ਗਏ ਗੀਤਾਂ ਦੇ ਬੋਲਾਂ ਦੇ ਗੀਤਕਾਰਾਂ ਦੀ ਐਨੀ ਵੱਡੀ ਦੇਣ ਹੈ ਕਿ ਇਹਾਂ ਦਾ ਕਰਜ਼ਾ ਕਦੇ ਵੀ ਨਹੀਂ ਚੁਕਾ ਸਕਦੇ ਆਪਾਂ।ਇਹ ਹੋਰ ਗੱਲ ਦਿਲੋਂ ਕੱਢ ਦੇਵਾਂਗੇ ਇਹ ਕਦੀ ਨਹੀਂ ਸੋਚਿਆ ਸੀ।ਅੱਜ ਵੀ ਆਪਣੇ ਪੁਰਾਣੇ ਬਜ਼ੁਰਗ ਸਦਾ ਇਨਾਂ ਪੁਰਾਣਿਆਂ ਨੂੰ ਸੁਣਨ ਨੂੰ ਤਰਸਦੇ ਨੇ।
ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੱਟ ਦੇ ਉੱਤੇ ਹੀ ਚਾਰ-2 ਗੀਤਕਾਰ ਤੇ ਗਾਇਕ ਬੈਠੇ ਹੁੰਦੇ ਨੇ, ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਇੱਕ ਇੱਟ ਥੱਲੇ ਇੱਕ ਗਾਇਕ/ਗੀਤਕਾਰ ਹੁੰਦਾ ਸੀ ਪਰ ਹੁਣ ਇਹ ਗੱਲ ਗਲਤ ਹੋ ਗਈ ਹੈ।ਅੱਜ ਜੋ ਮਰਜੀ ਲਿਖੋ, ਜੋ ਮਰਜ਼ੀ ਗਾੳ।ਆਪਣਾ ਦੇਸ਼ ਹੈ, ਆਪਣੀ ਆਜ਼ਾਦੀ ਹੈ ਕਿਹੜਾ ਰੋਕਣੈ ਕਿਸੇ ਨੇ।ਹਰੇਕ ਚੌਥਾਂ ਬੰਦਾ ਗੀਤਕਾਰ ਐ ਤੇ ਹਰ ਪੰਜਵਾਂ ਗਾਇਕ ਐ।ਪੰਜਾਬੀ ਟੀ.ਵੀ ਚੈਨਲਾਂ ਤੇ ਕੀ-2 ਦਿਖਾਇਆ ਜਾ ਰਿਹਾ ਹੈ, ਸਭ ਨੂੰ ਪਤੈ।ਗੀਤਕਾਰ ਨੇ ਲਿਖਿਆ ‘ਗੁੱਤ ਸੱਪਣੀ’ ਹੁੰਦਾ ਪਰ ਵੀਡਿੳ ਵਿੱਚ ਕੁੜੀ ‘ਬੁਆਏਕੱਟ’ ਹੁੰਦੀ ਹੈ, ਲਿਖਿਆ ਪਟਿਆਲਾ ਸਲਵਾਰ ਜਾਂ ਘੱਗਰੇ ਬਾਰੇ ਹੁੰਦਾ, ਕੁੜੀ ਦੇ ‘ਸ਼ੋਰਟਸ’ ਵੀ ਸ਼ੋਰਟ ਪਾਏ ਹੁੰਦੇ ਨੇ।ਹੋਰ ਤਾਂ ਛੱਡੋ ਪਤਾ ਹੀ ਹੈ ਕਿ ‘ਸੱਭਿਆਚਾਰ’ ਹੁਣ ਡੁੱਬ ਹੀ ਚੁੱਕਾ ਹੈ ਤੇ ਇਹਦਾ ਬਿਲਕੁਲ ਸੱਤਿਆਨਾਸ਼ ਹੋ ਚੁੱਕਾ ਹੈ।ਸੁੱਭਿਆਚਾਰ ਤੋਂ ਹੱਟ ਕੇ ਗੀਤਕਾਰਾਂ ਨੇ ਹਿੰਸਾ ਭੜਕਾਊ ਗੀਤ ਜਿਹੜੇ ਲਿਖੇ ਤੇ ਗਾਏ ਨੇ ਉਨਾਂ ਦਾ ਸਮਾਜ ਤੇ ਜੋ ਅਸਰ ਪੈ ਰਿਹਾ ਹੈ ਉਹਨੂੰ ਵੇਖੋ।ਹਥਿਆਰਾਂ ਦੀ ਗੱਲ ਅੱਜ ਆਮ ਹੋ ਗਈ ਹੈ, ਮੁੰਡੇ ਆਪਣੀਆਂ ਗਰਲ ਫਰੈਂਡਜ਼ ਲਈ ਹਿਟਲਰ ਤੱਕ ਬਣ ਗਏ ਹਨ ਤੇ ਹੋਰ ਪਤਾ ਨਹੀਂ ਕੀ-ਕੀ ਚੱਲ ਰਿਹਾ ਅੱਜ।ਇੱਕ ਗੀਤਕਾਰ ਦੇ ਲਿਖੇ ਚੰਗੇ ਸ਼ਬਦ ਜੇ ਨੌਜੁਆਨਾਂ ਨੂੰ ਚੰਗੇ ਪਾਸੇ ਮੋੜਦੇ ਹਨ ਤਾਂ ਇਸ ਤੋਂ ਵੱਡਾ ਯੋਗਦਾਨ ਇੱਕ ਗੀਤਕਾਰ ਵੱਲੋਂ ਸਮਾਜਿਕ ਭਲਾਈ ਲਈ ਹੋਰ ਕੀ ਹੋ ਸਕਦਾ ਹੈ।ਗੀਤਕਾਰਾਂ ਦੇ ਲਿਖੇ ਸ਼ਬਦ ਜਦੋਂ ਸੰਗੀਤ ਨਾਲ ਸੱਜ ਕੇ ਜਨਤਾ ਵਿਚ ਆਂਉਦੇ ਹਨ ਤਾਂ ਉਹ ਜਨਤਾ ਦੇ ਦਿਲਾਂ, ਦਿਮਾਗਾਂ ਤੇ ਚੰਗਾ-ਮਾੜਾ ਪ੍ਰਭਾਵ ਛੱਡੇ ਹਨ।ਮੈਂ ਇਕ ਗੱਲ ਦਾਅਵੇ ਨਾਲ ਕਹਿੰਦੀ ਹਾਂ ਕਿ ਇੱਕ ਗੀਤਕਾਰ ਦੀ ਕਲਮ ਵਿੱਚ, ਇੱਕ ਨੇਤਾ ਦੇ ਝੂਠੇ ਭਾਸ਼ਣ ਨਾਲੋਂ ਵੱਧ ਪਾਵਰ ਹੁੰਦੀ ਹੈ।ਜੇ ਗੀਤਕਾਰ ਚਾਹੁੰਣ ਤਾਂ ਦੁਨੀਆਂ ਦੀ ਨੁਹਾਰ ਬਦਲ ਸਕਦੀ ਹੈ ਕਿਉਂਕਿ ਗਾਇਕਾਂ ਦਾ ਤੇ ਗੀਤਕਾਰਾਂ ਦਾ ਜਿੰਨਾਂ ਪ੍ਰਭਾਵ ਅੱਜ ਦੇ ਨੌਜੁਆਨਾਂ ਤੇ ਪੈ ਰਿਹਾ, ਸ਼ਾਇਦ ਹੀ ਸਮਾਜ ਦੀ ਕਿਸੇ ਹੋਰ ਸ਼ਖਸ਼ੀਅਤ ਦਾ ਪੈ ਰਿਹਾ ਹੋਵੇ।ਇਸ ਕਰਕੇ ਮੈਂ ਸਮਝਦੀ ਹਾਂ ਕਿ ਇੱਕ ਅਧਿਆਪਕ ਤੋਂ ਬਾਅਦ ਜੇ ਬੱਚਿਆਂ ਨੂੰ ਵਿਗਾੜ ਜਾਂ ਸੰਵਾਰ ਸਕਦਾ ਹੈ ਕੋਈ ਤਾਂ ਉਹ ਹੈ ਗੀਤਕਾਰ।ਬੱਚੇ ਜੇ ਹਿੰਸਾਤਮਕ ਸੁਣ ਕੇ ਹਥਿਆਰਾਂ ਨੂੰ ਪਿਆਰ ਕਰ ਸਕਦੇ ਹਨ ਤਾਂ ਚੰਗਾ ਪਿਆਰ-ਸ਼ਾਂਤੀ ਤੇ ਸੱਭਿਆਚਾਰਕ ਸੁਣਕੇ ਪਤਾ ਨਹੀਂ ਕਿੰਨੇ ਕੁ ਚੰਗੇ ਕੰਮ ਕਰਨਗੇ ਪਰ ਵਿਸ਼ਾ ਉਹੀ(ਆਸ਼ਿਕ-ਮਸ਼ੂਕ) ਵਾਲੇ ਤੋਂ ਥੋੜਾ ਹੱਟ ਕੇ ਹੋਵੇ ਤਾਂ ਚੰਗਾ ਹੈ।ਬਹੁਤ ਸਾਰੇ ਚੰਗੇ ਗੀਤਕਾਰ ਵੀ ਨੇ ਜਿੰਨਾਂ ਨੇ ਸਮਾਜਿਕ ਏਕਤਾ, ਸ਼ਾਂਤੀ ਤੇ ਭਾਵਾਨਾਤਮਕ ਲੈਵਲ ਨੂੰ ਅਜੇ ਤੱਕ ਬਣਾ ਕੇ ਰੱਖਿਆ ਹੋਇਆ ਹੈ।ਪਰ ਜਿਹਨਾਂ ਗੀਤਕਾਰਾਂ ਕੋਲ ਹੱਥਿਆਰਾਂ ਦੀ ਜਾਂ ਹਿੰਸਾ ਦੇ ਨਾਲ-2 ਮੁੰਡੇ-ਕੁੜੀ ਦੇ ਇਸ਼ਕ ਦੀ ਹੀ ਗੱਲ ਹੈ ਉਨਾਂ ਨੂੰ ਇਹ ਜ਼ਰੂਰ ਇੱਕ ਵਾਰ ਸੋਚਣਾ ਚਾਹੀਦਾ ਕਿ ਦੁਨੀਆਂ ਬਹੁਤ ਵੱਡੀ ਹੈ ਤੇ ਹੋਰ ਬਥੇਰੇ ਵਿਸ਼ੇ ਅਜੇ ਅਣਛੂਹੇ ਪਏ ਨੇ।ਇਸ਼ਕ ਦੀ ਹੱਲ ਤਾਂ ਬੁੱਲੇ ਸ਼ਾਹ ਹੋਰਾਂ ਵੀ ਕੀਤੀ ਸੀ ਪਰ ਫਰਕ ਆਪੇ ਹੀ ਦੇਖ ਲਵੋ ਕਿ ਅੱਜ ਦਾ ਇਸ਼ਕ ਤੇ ਉਹ ਵਾਲਾ ਇਸ਼ਕ ਕਿੱਥੇ ਕੁ ਖੜੇ ਨੇ।ਸੂਫੀਆਨਾ ਸ਼ਾਇਰੀ, ਗਾਇਕੀ ਤੇ ਰਚਨਾਵਾਂ ਵਿੱਚ ਆਤਮਾ ਨੂੰ ਧੁਰ ਤੱਕ ਸਕੂਨ ਦੇਣ ਵਾਲੀ ਗੱਲ ਹੁੰਦੀ ਹੈ।ਇਸ ਕਰਕੇ ਕੋਸ਼ਿਸ਼ ਕਰੋ ਕਿ ਬਹੁਤ ਵਧੀਆ ਤੇ ਸਮਾਜਿਕ ਸੇਧ ਦੇਣ ਵਾਲਾ ਲਿਖੋ।ਨਾ ਕਿ ਅਸ਼ਲੀਲਤਾ ਤੇ ਹਿੰਸਾ ਭੜਕਾਊ।ਕਿਉਂਕਿ ਇੱਕ ਗੀਤਕਾਰ ਦੀ ਕਲਮ ਵਿੱਚ ਬਹੁਤ ਦਮ ਹੂੰਦਾ ਹੈ ਚਾਹੇ ਤਾਂ ਦੁਨੀਆਂ ਬਦਲ ਸਕਦਾ ਹੈ।ਇਸ ਕਰਕੇ ਚੰਗਾ ਸੋਚੋ, ਚੰਗਾ ਲਿਖੋ ਜੋ ਹਰੇਕ ਦੇ ਹਿਤ ਵਿੱਚ ਹੋਵੇ।