ਤਾਇਆ ਨਰੈਣਾ ਜਿੱਥੇ ਚੌਥੇ, ਪੰਜਵੇਂ ਦਿਨ ਵਿਸਕੀ ਦਾ ਪਊਆ ਪ੍ਰੇਡ ਕਰਨ ਦਾ ਸ਼ੌਂਕੀ ਸੀ ਉੱਥੇ ਨਾਲੋ-ਨਾਲ ਮੂਲੀ, ਟਮਾਟਰ, ਖੀਰੇ ਆਦਿ ਦੇ ਸਲਾਦ ਤੋਂ ਇਲਾਵਾ ਸੇਠ ਭੜੋਲੂ ਮੱਲ ਦੇ ਢਾਬੇ ਤੇ ਤਿਆਰ ਕੀਤਾ ਜਾਂਦਾ ਕੱਦੂ ਵਾਲਾ ਰਾਇਤਾ ਵੀ ਖਾਣ ਦਾ ਸ਼ੌਂਕ ਰੱਖਦਾ ਸੀ ਤਾਏ ਕਾ ਰਾਮੂ ਭਈਆ ਜੋ ਤਾਏ ਨੂੰ ਲੋੜੀਂਦਾ ਉਕਤ ਸਮਾਨ ਬਾਜ਼ਾਰੋਂ ਲਿਆ ਕੇ ਦਿੰਦਾ ਹੁੰਦਾ ਸੀ ਆਪਣੇ ਦੇਸ਼ ਚਲਾ ਗਿਆ ਤੇ ਉਸਦੀ ਜਗ੍ਹਾ ਤੇ ਨਵੇਂ ਰੱਖੇ ਪ੍ਰਵਾਸੀ ਮਜ਼ਦੂਰ ਚਮਕ ਲਾਲ ਨੂੰ ਸਾਡੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਾਵਾਂ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਇੱਕ ਦਿਨ ਸ਼ਾਮੀ ਪਊਆ ਪ੍ਰੇਡ ਕਰਨ ਸਮੇਂ ਤਾਏ ਨੇ ਭਈਏ ਨੂੰ 50 ਦਾ ਨੋਟ ਫੜਾਉਂਦਿਆਂ ਕਿਹਾ ਕਿ ਤੇੜੂ ਮੱਲ ਦੀ ਦੁਕਾਨ ਤੋਂ ਕੁਝ ਮੂਲੀ, ਖੀਰਾ, ਟਮਾਟਰ ਤੇ ਹੋਰ ਲਟਰਮ-ਪਟਰਮ ਆਦਿ ਸਲਾਦ ਅਤੇ 10 ਰੂਪੈ ਦਾ ਸੇਠ ਭੜੋਲੂ ਮੱਲ ਦੇ ਢਾਬੇ ਤੋਂ ਰਾਇਤਾ ਲੈ ਕੇ ਜਲਦੀ ਸੇ ਜਲਦੀ ਵਾਪਸ ਪਰਤ ਆ।
ਭਈਏ ਦੇ ਵਾਪਸ ਆਉਣ ਤੱਕ ਤਾਏ ਨੇ ਦੋ ਪੈਗ ਕਰੜੇ ਜਿਹੇ ਲਗਾ ਲਏ ਸਨ ਅਤੇ ਵਾਪਸ ਆਉਣ ਤੇ ਭਈਆ ਫਟਾਫਟ ਤਾਏ ਕੋਲ ਲਿਆਂਦਾ ਸਮਾਨ ਰੱਖ ਕੇ ਮੱਝਾਂ ਨੂੰ ਪੱਠੇ ਪਾਉਣ ਚਲਾ ਗਿਆ ਤਾਏ ਦੇ ਲਿਆਂਦਾ ਹੋਇਆ ਸਲਾਦ ਵਗੈਰਾ ਤਾਂ ਸਭ ਨਜ਼ਰੀ ਪੈ ਗਿਆ ਪ੍ਰੰਤੂ ਉਸਦੇ ਰਾਇਤਾ ਕਿਧਰੇ ਵੀ ਨਜ਼ਰ ਨਾਂ ਪਿਆ।
ਅਰੇ ਓ ਭਈਆ ਜ਼ਰਾ ਇਧਰ ਆ… ਨਸ਼ੇ ਦੇ ਸਰੂਰ ਚ ਤਾਏ ਨੇ ਲੜ ਖੜਾਉਂਦੀ ਜਿਹੀ ਜੁਬਾਨ ਨਾਲ ਭਈਏ ਨੂੰ ਆਵਾਜ਼ ਮਾਰਦਿਆਂ ਕਿਹਾ ।
ਭਈਆ:- ਹਾਂ ਸਰਦਾਰ ਜੀ. ਬੋਲੋ ਕਿਆ ਚਾਹੀਏ
ਤਾਇਆ:- ਅਰੇ ਬਾਕੀ ਸਮਾਨ ਤੋਂ ਸਾਰਾ ਆ ਗਿਆ ਲੇਕਿਨ ਰਾਇਤਾ ਕਹਾਂ ਹੈ…?
ਭਈਆ:- ਸਰਦਾਰ ਜੀ, ਮੁਗਲੂ ਕੀ ਪੱਤੀ…
ਤਾਇਆ:- ਅਰੇ ਮੈਂ ਪੂਛ ਰਿਹਾ ਹੂੰ ਰਾਇਤਾ ਕਹਾਂ ਹੈ ਰਾਇਤਾ…
ਭਈਆ:- (ਕੁਝ ਡਰ ਕੇ) ਸ…ਸ… ਸਰਦਾਰ ਜੀ ਯਹੀਂ ਮੁਗਲੂ ਕੀ ਪੱਤੀ ਬਾਘਾ ਪੁਰਾਣਾ ਮੇਂ ਰਹਿਤਾ ਹੈ।
ਤਾਇਆ:- (ਕੁਝ ਹਰਖ ਕੇ…) ਅਰੇ ਮੁਗਲੂ ਕੀ ਪੱਤੀ ਸੇ ਮੈਂਨੇ ਕਿਆ ਲੈਂਨਾ ਹੈ… ਮੈਂ ਆਪ ਸੇ ਯੇਹ ਬਾਤ ਪੂਛ ਰਹਾ ਹੂੰ ਕਿ ਰਾਇਤਾ ਕਹਾਂ ਹੈ?
ਭਈਆ:- ਹੁਣ ਭਈਏ ਨੇ ਸੋਚਿਆ ਕਿ ਸਰਦਾਰ ਅੱਜ ਪੱਕਾ ਪਤਾ ਚਾਹਤਾ ਹੈ ਤਾਂ ਉਸਨੇ ਡਰਦੇ-ਡਰਦੇ ਹੋਏ ਝਿਜਕੇ ਜਿਹੇ ਮੂਡ ਚ ਕਿਹਾ, ‘ਸਰਦਾਰ ਜੀ ਯੂ.ਪੀ. ਕੇ ਬਹਿਰਾਇਚ ਜ਼ਿਲ੍ਹੇ ਮੇਂ ਹਮਾਰਾ ਕੋਲਾਬਾਰ ਗਾਂਓਂ ਹੈ ਹਮਾਰਾ ਨਾਮ ਚਮਕ ਲਾਲ ਔਰ ਬਾਪ ਕਾ ਨਾਮ ਮੁਖੀਆ ਰਾਮ ਹੈ, ਮਾਂ ਕਾ ਨਾਮ ਰੋਸ਼ਨੀ, ਬੀਵੀ ਕਾ ਨਾਮ ਰੁਕਮਣੀ ਤੇ ਦੋ ਬੱਚਾ ਹੈ ਤੀਸਰਾ ਆਨੇ ਵਾਲਾ ਹੈ ।
ਤਾਇਆ:- (ਹੋਰ ਤਲਖੀ ਭਰੇ ਲਹਿਜ਼ੇ ਚ), ਅਰੇ ਓ ਸਾਲੇ ਮੈਂ ਬਨਾਤਾ ਹੂੰ ਤੁਝੇ ਕੋ ਬੰਦੇ ਕਾ ਪੂਤ… ਮੈਂ ਪੂਛ ਰਹਾ ਹੂੰ ਰਾਇਤਾ ਕਹਾਂ ਹੈ…ਰਾਇਤਾ ਕਹਾਂ ਹੈਂ, ਤੂੰ ਸਾਲੇ ਆਗੇ ਸੇ ਹੋਰ ਹੀ ਜਵਾਬ ਦੇਤਾ ਹੈ ।
(ਅੱਗੋ ਹੁਣ ਭਈਆ ਵੀ ਕੁਝ ਤਲਖੀ ਭਰੇ ਜਿਹੇ ਲਹਿਜ਼ੇ ਚ) “ਸਰਦਾਰ ਜੀ ਪੂਤ ਤੋ ਮੈਂ ਬੰਦੇ ਕਾ ਹੀ ਹੂੰ… ਹਾਥੀ ਕਾ ਨਹੀਂ ਹੂੰ… ਹਮਨੇ ਆਪ ਕੋ ਸਭ ਪਤਾ ਬਤਾ ਤੋ ਦੀਆ ਹੈ, ਲੇਕਿਨ ਆਪਨੇ ਰਹਿਤੇ-ਰਹੁਤੇ ਸੇ ਕਿਆ ਲੇਨਾ ਹੈ, ਹਮ ਯਹਾਂ ਕਹੀਂ ਰਹੇ, ਆਪ ਕਾ ਕਾਮ ਸਹੀ ਟੈਮ ਸੇ ਕਰਤਾ ਹੂੰ ” ।
ਤਾਇਆ:- (ਫਟਾਫਟ ਕੁਰਸੀ ਤੋਂ ਉੱਠ ਤੇ ਭਈਏ ਦੀ ਬਾਂਹ ਨੂੰ ਵਟਾ ਦੇ ਕੇ ਫਿਰ ਪੁੱਛਦਾ ਹੋਇਆ) ਅਰੇ ਸਾਲੇ ਸਹੀ-ਸਹੀ ਬਤਾ ਰਾਇਤਾ ਕਹਾਂ ਹੈ। ਹਮਨੇ ਆਪ ਕੋ ਪੈਸਾ ਦੀਆ ਹੈ, ਰਾਇਤਾ ਹਮਨੇ ਖਾਨਾ ਹੈ ਤੇ ਨਾਲੋ-ਨਾਲ ਹੀ ਉਸਨੇ ਬਾਂਹ ਨੂੰ ਹੋਰ ਕੇੜਾ ਚਾੜ ਦਿੱਤਾ।
ਭਈਆ:- (ਹੋਰ ਜ਼ੋਰ ਨਾਲ ਚਿਲਾਉਂਦਾ ਹੋਇਆ) ਅਰੇ ਸਰਦਾਰ ਸੁਣੋ ਗੌਰਤਲਬ ਬਾਤ ਯੇਹ ਹੈ ਕਿ ਜੇ ਆਪ ਮੁਝ ਕੋ ਖਾਏਗਾ ਤੋ ਹਮ ਭੀ ਆਪ ਕੋ ਖਾ ਜਾਏਗਾ, ਦੇਖਾ ਹੈ ਨਾਂ… ਲੁਦਿਆਨਾ, ਚੰਦੀਗੜ੍ਹ ਔਰ ਪੰਜਾਬ ਕੇ ਬੜੇ-ਬੜੇ ਸ਼ਹਿਰੋਂ ਮੇਂ ਹਮਾਰਾ ਕਾਬਜ਼ ਹੈ ਜੋ ਸਭੀ ਜਿਲੇ ਹਮਾਰੇ ਉਪਰ ਨਿਰਭਰ ਹੈ, ਫੇਰ ਸੋਚੋ ਆਪ ਕਾ ਕਿਆ ਬਨੇਗਾ… ਪੈਸਾ ਦੀਆਂ ਹੈ ਤੋ ਖਾਨਾ ਤੋ ਨਹੀਂ ਹੈ ਔਰ ਆਪਕਾ ਪੰਜਾਬੀ ਆਦਮੀ ਤੋ ਕਾਮ ਕੋ ਹਾਥ ਨਹੀਂ ਲਗਾਨਾ ਚਾਹਤਾ ਹੈ… ਔਰ ਪੰਜਾਬ-ਪਾਕਿ ਤੋਂ ਇਲਾਵਾ ਬਿਹਾਰ ਕੇ ਨਾਮ ਕਾ ਭੀ ਏਕ ਹਿੱਸਾ ਆਪ ਕੇ ਦੇਸ਼ ਮੇਂ ਬੱਚੇ-ਬੱਚੇ ਕੀ ਜ਼ੁਬਾਨ ਪਰ ਆਇਆ ਕਰੇਗਾ।
ਦੂਜੇ ਪਾਸੇ ਜਿਉਂ ਹੀ ਇਹ ਗੱਲ ਥੋੜ੍ਹੀ ਦੂਰ ਕੰਧੋਲੀ ਓਹਲੇ ਭਾਂਡੇ ਮਾਂਜ ਰਹੀ ਤਾਈ ਨਿਹਾਲੀ ਦੇ ਕੰਨੀਂ ਪਈ ਤਾਂ ਉਹ ਇਕਦਮ ਭੱਜੀ-ਭੱਜੀ ਆਈ। ਪਹਿਲਾਂ ਤਾਂ ਉਹਨੇ ਸ਼ਰਾਬੀ ਤਾਏ ਨਰੈਣੇ ਨੂੰ ਮੰਜੇ ਉੱਪਰ ਸੁੱਟਿਆ ਤੇ ਫਿਰ ਉਸਨੇ ਭਈਏ ਤੋਂ ਪੁੱਛਿਆ, “ਕਿਆ ਬਾਤ ਹੈ, ਕੈਸੇ ਦੋਵਾਂ ਨੇ ਏਨਾ ਸ਼ੋਰ ਮਚਾ ਰੱਖਿਐ ”।
ਤਾਂ ਭਈਆ ਅੱਗੋਂ ਕਹਿਣ ਲੱਗਾ, “ਸਰਦਾਰ ਜੀ ਮੁਝਕੋ ਬਾਰ-ਬਾਰ ਰਹਿਤੇ ਬਾਰੇ ਪੂਛ ਰਹੇ ਥੇ, ਮੈਂ ਰਹਿਣੇ ਕਾ ਯਹਾਂ ਔਰ ਦੇਸ਼ ਕਾ ਸਭ ਪਤਾ ਬਤਾ ਦੀਆ ਹੈ। ਲੇਕਿਨ ਸਰਦਾਰ ਅਜੇ ਭੀ ਮੇਰਾ ਪੀਛਾ ਨਹੀਂ ਛੋਡ ਰਹੇ, ਕਹਤੇਂ ਹੈ ਰਹਿਤੇ ਕੋ ਖਾਨਾ ਹੈ…”।
ਤਾਈ:- “ਜਾਹ ਵੇ ਦਫਾ ਹੋਣਿਆਂ, ਤੂੰ ਕੁਸ ਹੋਰ ਸਮਝੀ ਜਾਨੈਂ, ਤੇ ਤੇਰਾ ਸਰਦਾਰ ਕੁਸ ਹੋਰ ਕਹਿੰਦੈਂ…, ਜਾਹ ਇਉਂ ਕਰ, ਆਹ ਫੜ੍ਹ ਦਸ ਰੁਪਏ ਤੇ ਦੌੜ ਕੇ ਆਪਣੀ ਗਲੀ ਦੀ ਨੁੱਕਰ ਵਾਲੀ ਸਾਹਮਣੀ ਸੂਬੇ ਮਹਾਜਨ ਦੀ ਦੁਕਾਨ ਤੋਂ ਰਹਿਤਾ ਨਹੀਂ, ਰੈਤਾ ਲੇਕਰ ਆ ਰੈਤਾ…”।
ਭਈਆ ਭੱਜਿਆ-ਭੱਜਿਆ ਸੂਬੇ ਮਹਾਜਨ ਦੀ ਦੁਕਾਨ ਵੱਲ ਗਿਆ। ਪਰ ਅੱਗੋਂ ਸੂਬੇ ਮਹਾਜਨ ਦੀ ਦੁਕਾਨ ਤਾਂ ਬੰਦ ਸੀ ਤੇ ਉਹ ਨਾਲ ਵਾਲੇ ਸ਼ਰਮਾਂ ਸੀਮੈਂਟ ਸਟੋਰ ਤੇ ਚਲਾ ਗਿਆ। ਅਤੇ ਜਿਉਂ ਹੀ ਉਸ ਵੱਲੋਂ ਖਰੀਦ ਕੇ ਲਿਆਂਦਾ ਗਿਆ ਕਾਲੇ ਰੰਗ ਦਾ ਲਿਫਾਫਾ ਤਾਈ ਨਿਹਾਲੀ ਨੇ ਖੋਲ੍ਹ ਕੇ ਦੇਖਿਆ ਤਾਂ ਤਾਈ ਨੇ ਵੀ ਇਕਦਮ ਤਹਿਸ਼ ਵਿੱਚ ਆਉਂਦਿਆਂ ਆਪਣੇ ਇੱਕ ਪੈਰ ਵਿੱਚੋਂ ਜੁੱਤੀ ਲਾਹੀ। ਹੁਣ ਭਈਆ ਤਾਈ ਦੇ ਮੂਹਰੇ-ਮੂਹਰੇ ‘ਤੇ ਤਾਈ ਭਈਏ ਦੇ ਪਿੱਛੇ ਭੱਜੀ ਜਾ ਰਹੀ ਸੀ ਕਿਉਂਕਿ ਭਈਏ ਵੱਲੋਂ ਖਰੀਦ ਕੇ ਲਿਆਂਦੇ ਲਿਫਾਫੇ ਵਿੱਚੋਂ ਜੋ ਨਿਕਲਿਆ ਉਹ ਸੀਮੈਂਟ-ਬੱਜਰੀ ਵਿੱਚ ਰਿਲਾਉਣ ਵਾਲਾ ਬਰੇਤੀ-ਰੇਤਾ ਸੀ ।