ਸ੍ਰੀ ਗੁਰੂ ਗ੍ਰੰਥ ਸਾਹਿਬ: ਟੀਕੇ ਅਤੇ ਅਨੁਵਾਦ (ਲੇਖ )

ਪਰਮਵੀਰ ਸਿੰਘ (ਡਾ.)   

Email: paramvirsingh68@gmail.com
Address: ਪੰਜਾਬੀ ਯੂਨੀਵਰਸਿਟੀ
ਪਟਿਆਲਾ India
ਪਰਮਵੀਰ ਸਿੰਘ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਰਮਤਿ ਪਰੰਪਰਾ ਨੂੰ ਸਮੁਚੇ ਤੌਰ ਤੇ ਸਮਝਣ ਲਈ ਗੁਰ-ਇਤਿਹਾਸ ਅਤੇ ਗੁਰ-ਸਿਧਾਂਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਗੁਰ ਇਤਿਹਾਸ ਨੂੰ ਵਿਸਤਰਿਤ ਰੂਪ ਦੇਣ ਲਈ ਜਨਮਸਾਖੀਆਂ ਤੇ ਗੁਰ-ਬਿਲਾਸ ਹੋਂਦ ਵਿਚ ਆਏ ਅਤੇ ਗੁਰ-ਸਿਧਾਂਤ ਦੀ ਸਮਝ ਲਈ ਗੁਰੂ ਸਹਿਬਾਨ ਨੇ ਗੁਰਬਾਣੀ ਦੀ ਰਚਨਾ ਕੀਤੀ। ਗੁਰਬਾਣੀ ਸਿੱਖ ਦੀ ਜੀਵਨਜਾਚ ਦਾ ਕੇਂਦਰ ਬਿੰਦੂ ਹੈ ਇਸ ਵਿਚ ਦਰਸਾਏ ਸਿਧਾਂਤਾਂ ਅਨੁਸਾਰ ਹੀ ਸਿੱਖ ਨੇ ਆਪਣਾ ਜੀਵਨ ਉਦੇਸ਼ ਨਿਰਧਾਰਿਤ ਅਤੇ ਹਾਸਲ ਕਰਨਾ ਹੈ। ਇਸ ਕਰਕੇ ਗੁਰਬਾਣੀ ਦੀ ਸੋਝੀ ਸਿੱਖ ਦੇ ਜੀਵਨ ਦਾ ਪ੍ਰਮੁਖ ਪਹਿਲੂ ਹੈ। ਗੁਰਬਾਣੀ ਨੂੰ ਅਧਿਆਤਮਿਕਤਾ ਦਾ ਗ੍ਰੰਥ ਮੰਨਦੇ ਹੋਏ ਇਸਨੂੰ 'ਇਹ ਬਾਣੀ ਮਹਾ ਪੁਰਖ ਕੀ' ਕਿਹਾ ਗਿਆ ਹੈ ਜਿਸਦੀ ਵਿਚਾਰ ਉਹੀ ਕਰ ਸਕਦਾ ਹੈ 'ਜੇ ਕੋ ਗੁਰਮੁਖਿ ਹੋਇ'। ਗੁਰਬਾਣੀ ਨੂੰ 'ਖਸਮ ਕੀ ਬਾਣੀ', 'ਧੁਰ ਕੀ ਬਾਣੀ', ਆਦਿ ਵੀ ਕਿਹਾ ਗਿਆ ਹੈ ਇਸ ਦੀ ਸੋਝੀ ਬੁਧੀ ਨਾਲ ਸੰਭਵ ਨਹੀਂ, ਆਤਮ-ਅਨੁਭਵ ਰਾਹੀਂ ਪਰਮਸਤਿ ਤੱਕ ਪਹੁੰਚਿਆ ਜਾ ਸਕਦਾ ਹੈ। ਆਤਮ-ਅਨੁਭਵ ਦੀ ਉਚਤਮ ਅਵਸਥਾ 'ਕਹੁ ਕਬੀਰ ਗੁੰਗੈ ਗੁੜ ਖਾਇਆ ਪੂਛੈ ਤੇ ਕਿਆ ਕਹੀਐ' ਵਾਲੀ ਹੋ ਜਾਂਦੀ ਹੈ ਜਿਸ ਵਿਚ ਅਨੁਭਵ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦਾ ਭਾਵ ਇਹ ਨਹੀਂ ਲੈਣਾ ਚਾਹੀਦਾ ਕਿ ਗੁਰਬਾਣੀ ਮਨੁੱਖੀ ਸਮਝ ਤੋਂ ਪਰੇ ਦੀ ਗੱਲ ਹੈ। ਨਵੀਂ ਪੀੜ੍ਹੀ ਹਰ ਇਕ ਗੱਲ ਨੂੰ ਤਰਕ ਦੇ ਆਧਾਰ ਤੇ ਸਮਝ ਕੇ ਅਪਨਾਉਣਾ ਚਾਹੁੰਦੀ ਹੈ। ਇਸ ਕਰਕੇ ਜਦੋਂ ਤਰਕ-ਭਾਵਨਾ ਸਮਾਜ ਤੇ ਭਾਰੂ ਹੋ ਗਈ ਤਾਂ ਗੁਰਬਾਣੀ ਦੀ ਵਿਆਖਿਆ ਆਰੰਭ ਹੋਈ। ਕੁਝ ਕੁ ਵਿਆਖਿਆ ਤਾਂ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਹੀ ਕਰ ਦਿੱਤੀ ਸੀ ਜਿਸ ਨੂੰ 'ਸਹਜ ਪ੍ਰਣਾਲੀ' ਦਾ ਨਾਮ ਦਿੱਤਾ ਗਿਆ ਹੈ। ਬਾਣੀ ਦੀ ਬਾਣੀ ਨਾਲ ਕੀਤੀ ਵਿਆਖਿਆ ਵੀ ਕੁਝ ਜਨ-ਸਾਧਾਰਨ ਬੁਧੀ ਵਾਲੇ ਲੋਕਾਂ ਦੀ ਬੌਧਿਕਤਾ ਤੋਂ ਪਰੇ ਦੀ ਗੱਲ ਸੀ ਅਤੇ ਇਹ ਸਮੱਸਿਆ ਗੁਰੂ ਸਾਹਿਬਾਨ ਦੇ ਸਮੇਂ ਹੀ ਮਹਿਸੂਸ ਹੋਣ ਲੱਗੀ ਸੀ। ਗੁਰੂ ਸਾਹਿਬਾਨ ਅਤੇ ਭਗਤਾਂ ਨੇ ਦਲੀਲ ਭਰਪੂਰ ਯਤਨਾਂ ਸਦਕਾ ਹੀ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਿਆ ਸੀ। ਗੁਰੂ ਘਰ ਆਉਣ ਵਾਲੇ ਜਨ-ਸਾਧਾਰਨ ਵੀ ਬਾਣੀ ਨਾਲ ਜੁੜ ਰਹੇ ਸਨ ਅਤੇ ਉਨ੍ਹਾਂ ਦੀ ਇਛਾ ਸੀ ਕਿ ਇਸ ਨੂੰ ਹੋਰ ਵਧੇਰੇ ਖੋਲ ਕੇ ਸਮਝਿਆ ਜਾਵੇ ਅਤੇ ਉਨ੍ਹਾਂ ਇਹ ਇਛਾ ਗੁਰੂ ਜੀ ਅੱਗੇ ਵੀ ਪ੍ਰਗਟ ਕਰ ਦਿੱਤੀ:
             ਇਕ ਦਿਨ ਸਿੱਖਨ ਇਹੁ ਬਿਨਤੀ ਥੀ ਗੁਰੂ ਅਰਜਨ ਢਿਗ ਕੀਨੀ।
             ਗੁਰੂ ਗ੍ਰੰਥ ਕੀ ਬਾਨੀ ਕੇਰਾ ਪਾਠ ਜਬੈ ਹਮ ਕਰਹੈਂ।
             ਮਨ ਪ੍ਰਸੰਨਯ ਹੋਤ ਨਹਿ ਤਹਿ ਜਹਿ ਅਰਥ ਸਮਝ ਨਾ ਪਰਹੈ।
             ਤਾਂਤੇ ਆਪ ਦੀਜੀਏ ਕਰ ਅਬ ਗੁਰੂ ਬਾਨੀ ਪਰ ਟੀਕਾ।
             ਜਾਤੈ ਅਰਥ ਸਮਝ ਕੈ ਸਿਖ ਸਬ ਸੁਖ ਹਮੇਸ਼ ਲਹਿ ਨੀਕਾ।
             ਸੁਨ ਗੁਰੁ ਕਹਯੋ ਏਹੁ ਗੁਰੁ ਨਾਨਕ ਪਾਰ ਬ੍ਰਹਮ ਕੀ ਬਾਨੀ।
             ਹਮ ਇਸ ਪਰ ਕਰ ਸਕੈਂ ਨ ਟੀਕਾ ਅਨਭਵ ਰੂਪ ਮਹਾਂਨੀ।
             ਗੁਰੁ ਮੁਖ ਸਿੱਖਨ ਕੀ ਰਚਨਾ ਪਰ ਟੀਕਾ ਇਸ ਕਾ ਰੈਹੈ।
             ਬਾਂਛਿਤ ਅਰਥ ਮਿਲੈਗੋ ਸਬ ਕੋ ਕਲਮ ਹੇਠ ਨਾ ਐਹੈ।1 
       ਪੰਡਤ ਨਰੈਣ ਸਿੰਘ ਜੀ ਦਸਦੇ ਹਨ ਕਿ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ “ਭਾਈ ਗੁਰਦਾਸ ਜੀ ਨੂੰ ਹੁਕਮ ਦਿੱਤਾ ਭਾਈ ਜੀ ਤੁਸੀਂ ਰੋਜ ਮਹਾਰਾਜ ਜੀ ਦੀ ਕਥਾ ਕਰਕੇ ਸੁਣਾਯਾ ਕਰੋ। ਸਤਿਗੁਰੂ ਜੀ ਦੀ ਆਗਿਆ ਤੇ ਥਾਪੀ ਲੈ ਕੇ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭੀ।”2 ਭਾਈ ਗੁਰਦਾਸ ਜੀ ਤੋਂ ਬਾਅਦ ਗੁਰੂ-ਘਰ ਵਿਚ ਗੁਰਬਾਣੀ ਵਿਆਖਿਆ ਦਾ ਕਾਰਜ ਨਿਰੰਤਰ ਜਾਰੀ ਰਿਹਾ। ਗੁਰੂ ਕੀਆਂ ਸਾਖੀਆਂ ਦਾ ਕਰਤਾ ਦੱਸਦਾ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਿਰਜਨਾ ਕੀਤੀ ਗਈ ਉਸ ਦਿਨ “ਸੁਬ੍ਹਾ ਰਬਾਬੀਆਂ ਸ੍ਰੀ ਆਸਾ ਜੀ ਕੀ ਵਾਰ ਕਾ ਕੀਰਤਨ ਕਰਾ। ਪਸ਼ਚਾਤ ਭਾਈ ਮਨੀ ਰਾਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਏਕ ਸ਼ਬਦ ਕੀ ਕਥਾ ਕੀ।”3 ਗੁਰੂ ਗ੍ਰੰਥ ਸਾਹਿਬ ਵਿਚ ਵਿਭਿੰਨ ਭਾਸ਼ਾਵਾਂ ਦੇ ਅਰਥ ਮਿਲਦੇ ਹਨ। ਜਰੂਰੀ ਨਹੀਂ ਕਿ ਗੁਰਬਾਣੀ ਪੜ੍ਹਨ ਅਤੇ ਸਮਝਣ ਵਾਲੇ ਨੂੰ ਉਨ੍ਹਾਂ ਸਭ ਅੱਖਰਾਂ ਦਾ ਗਿਆਨ ਹੋਵੇ। ਜਦੋਂ ਅੱਖਰਾਂ ਦੇ ਅਰਥ ਗੁੱਝੇ ਹੋਣ ਤਾਂ ਉਨ੍ਹਾਂ ਦੀ ਸੋਝੀ ਹੋਰ ਵਧੇਰੇ ਔਖੀ ਹੋ ਜਾਂਦੀ ਹੈ। ਗੁਰਬਾਣੀ ਦੀ ਸੋਝੀ ਰੱਖਣ ਵਾਲੇ ਵਿਦਵਾਨਾਂ ਨੇ ਗੁਰਬਾਣੀ ਅਰਥਾਂ ਨੂੰ ਵਿਸਤਾਰ ਦੇਣ ਦਾ ਕਾਰਜ ਕੀਤਾ ਜਿਸ ਦੇ ਸਿੱਟੇ ਵਜੋਂ ਪ੍ਰਯਾਯ, ਕੋਸ਼, ਨਿਰੁਕਤ, ਭਾਸ਼, ਟੀਕੇ ਆਦਿ ਸਾਹਮਣੇ ਆਏ। ਕਈ ਵਾਰ ਗੁਰਬਾਣੀ ਵਿਆਖਿਆ ਲਈ ਇਨ੍ਹਾਂ ਵੱਖ-ਵੱਖ ਪੱਧਤੀਆਂ ਦੀ ਲੋੜ ਪੈਂਦੀ ਹੈ ਇਸ ਕਰਕੇ ਇਨ੍ਹਾਂ ਸਭ ਦਾ ਦਰਸ਼ਨ ਕਈ ਵਾਰ ਇਕੋ ਰਚਨਾ ਵਿਚ ਹੋ ਜਾਂਦਾ ਹੈ। ਇਥੇ ਗੁਰਬਾਣੀ ਟੀਕਿਆਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
       ਟੀਕਾ ਕਿਸਨੂੰ ਕਹਿੰਦੇ ਹਨ? ਭਾਈ ਕਾਨ੍ਹ ਸਿੰਘ ਨਾਭਾ ਟੀਕੇ ਦਾ ਅਰਥ ਦਸਦੇ ਹਨ - ਬਿਆਨ ਕਰਨਾ।4 ਇਨ੍ਹਾਂ ਅਰਥਾਂ ਵਿਚ ਕਿਸੇ ਸ਼ਬਦ ਨੂੰ ਖੋਲ ਕੇ ਬਿਆਨ ਕਰਨ ਨੂੰ ਟੀਕਾ ਕਿਹਾ ਜਾ ਸਕਦਾ ਹੈ। ਹਿੰਦੂ ਧਰਮ ਵਿਚ ਪੰਡਿਤ ਇਹ ਕਾਰਜ ਕਰਦਾ ਸੀ ਜੋ ਕਿ ਸੰਸਕ੍ਰਿਤ ਵਿਚ ਲਿਖੇ ਗ੍ਰੰਥਾਂ ਨੂੰ ਖੋਲ ਕੇ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਸੀ - ਮੁਖ ਤੇ ਪੜਤਾ ਟੀਕਾ ਸਹਿਤ॥5 ਟੀਕੇ ਦਾ ਵਿਆਖਿਆ ਨਾਲੋਂ ਫਰਕ ਹੈ, ਟੀਕਾ ਕਿਸੇ ਸ਼ਬਦ ਨੂੰ ਸੰਖੇਪ ਰੂਪ ਵਿਚ ਸਮਝਾਉਣ ਦਾ ਕਾਰਜ ਕਰਦਾ ਹੈ ਅਤੇ ਵਿਆਖਿਆ ਸ਼ਬਦ ਨੂੰ ਵਿਸਥਾਰ ਪੂਰਵਕ ਪੇਸ਼ ਕਰਨ ਦਾ ਕਾਰਜ ਕਰਦੀ ਹੈ। ਪਿਆਰਾ ਸਿੰਘ ਪਦਮ ਕਹਿੰਦੇ ਹਨ ਕਿ ਟੀਕੇ ਦਾ ਭਾਵ ਹੈ “ਕਿਸੇ ਮੂਲ ਰਚਨਾ ਦੇ ਭਾਵ ਵੱਲ ਤੁਰਨਾ ਜਾਂ ਜਾਣਾ। ਵਿਆਖਿਆਕਾਰੀ ਇਸ ਤੋਂ ਅਗਲਾ ਕਦਮ ਹੈ ਜੋ ਸ਼ਬਦਾਂ ਦੇ ਅਰਥ ਉਪਰੰਤ ਪਰੰਪਰਾ ਤੇ ਪ੍ਰਸੰਗ ਸਹਿਤ ਗੁੱਝੇ ਭਾਵ ਸਵਿਸਤਾਰ ਪ੍ਰਗਟਾਉਣ ਦਾ ਉਪਰਾਲਾ ਕਰਦਾ ਹੈ।”6 ਟੀਕੇ ਅਤੇ ਵਿਆਖਿਆ ਵਿਚ “ਵਿਸਤਾਰ ਅਤੇ ਆਕਾਰ ਦਾ ਅੰਤਰ ਹੁੰਦਾ ਹੈ ਟੀਕਾ ਆਕਾਰ ਦੇ ਪੱਖੋਂ ਸੰਖੇਪ ਅਤੇ ਸਰਲ ਹੁੰਦਾ ਹੈ ਜਦਕਿ ਵਿਆਖਿਆ ਵਿਸਤਾਰ-ਪੂਰਵਕ ਅਤੇ ਭਾਵ-ਪੂਰਵਕ ਹੁੰਦੀ ਹੈ। ਵਿਆਖਿਆ ਵੈਸੇ ਗੰਭੀਰ ਅਤੇ ਸਾਰਥਕ ਨਹੀਂ ਹੁੰਦੀ। ਬਹੁਤੀਆਂ ਵਿਆਖਿਆਵਾਂ ਲਫ਼ਾਜ਼ੀ ਦਾ ਸ਼ਿਕਾਰ ਹੋ ਜਾਂਦੀਆਂ ਹਨ।”7
       ਇਹ ਲੇਖ ਅਨੁਵਾਦ ਅਤੇ ਟੀਕਾਕਾਰੀ ਨਾਲ ਸੰਬੰਧਤ ਹੈ ਇਸ ਕਰਕੇ ਇਸ ਵਿਸ਼ੇ ਬਾਰੇ ਅੱਗੇ ਵਧਣ ਤੋਂ ਪਹਿਲਾਂ ਅਨੁਵਾਦ ਅਤੇ ਟੀਕਾਕਾਰੀ ਦੇ ਮੁਢਲੇ ਫਰਕ ਬਾਰੇ ਜਾਣ ਲੈਣਾ ਅਯੋਗ ਨਹੀਂ ਹੋਵੇਗਾ। ਟੀਕਾਕਾਰੀ ਦਾ ਅਨੁਵਾਦ ਨਾਲੋਂ ਫਰਕ ਹੈ। ਅਨੁਵਾਦ ਦਾ ਕਾਰਜ ਵੀ ਭਾਵੇਂ ਬਹੁਤਾ ਸੌਖਾ ਨਹੀਂ ਹੈ। ਇਸ ਵਿਚ ਸ਼ਬਦ ਦੀ ਮੂਲ ਭਾਵਨਾ ਨੂੰ ਇਕ ਭਾਸ਼ਾ ਵਿਚੋਂ ਕੱਢ ਕੇ ਦੂਜੀ ਭਾਸ਼ਾ ਵਿਚ ਪਰੋਣਾ ਹੁੰਦਾ ਹੈ। ਅਨੁਵਾਦ ਵਿਚ ਸੌਖ ਇਹ ਹੈ ਕਿ ਇਸ ਵਿਚ ਮੂਲ ਖਰੜਾ ਸਾਹਮਣੇ ਹੁੰਦਾ ਹੈ ਉਸੇ ਨੂੰ ਖਰੜੇ ਦੀ ਮੂਲ ਭਾਵਨਾ ਅਨੁਸਾਰ ਬਦਲਣਾ ਹੁੰਦਾ ਹੈ। ਇਸ ਕਾਰਜ ਲਈ ਦੋ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਟੀਕਾਕਾਰੀ ਅਨੁਵਾਦ ਤੋਂ ਔਖਾ ਕਾਰਜ ਹੈ। ਇਸ ਵਿਚ ਖਰੜੇ ਦੀ ਭਾਸ਼ਾ ਦਾ ਗਹਿਨ ਅਧਿਐਨ ਜਰੂਰੀ ਹੈ। ਕਈ ਵਾਰ ਇਕ ਖਰੜੇ ਵਿਚ ਬਹਤ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਵਰਤੇ ਹੁੰਦੇ ਹਨ ਜੋ ਕਿ ਸਮਾਂ ਪੈਣ ਨਾਲ ਲੋਕ-ਚੇਤਨਾ ਵਿਚੋਂ ਵਿਸਰ ਜਾਂਦੇ ਹਨ। ਇਸ ਵਿਚ ਭਾਸ਼ਾ ਦੇ ਮੂਲ ਧਾਤੂ ਅਤੇ ਉਸ ਦੀ ਵਰਤੋਂ ਦੇ ਪਿਛੋਕੜ ਬਾਰੇ ਜਾਣਕਾਰੀ ਦੇ ਨਾਲ-ਨਾਲ ਚੱਲ ਰਹੇ ਵਿਸ਼ੇ ਨਾਲ ਸੰਬੰਧਤ ਵਿਗਿਆਨਾਂ ਦੀ ਜਾਣਕਾਰੀ ਵੀ ਜਰੂਰੀ ਹੋਣੀ ਚਾਹੀਦੀ ਹੈ, ਜਿਵੇਂ ਇਕ ਸ਼ਬਦ ਹੈ 'ਕਰਮ' ਜਦੋਂ ਇਸ ਦੀ ਵਰਤੋਂ ਸੰਸਕ੍ਰਿਤ ਭਾਸ਼ਾ ਅਨੁਸਾਰ ਕੀਤੀ ਜਾਂਦੀ ਹੈ ਤਾਂ ਇਸ ਦੇ ਅਰਥ 'ਕੰਮ' ਨਾਲ ਸੰਬੰਧਤ ਕੀਤੇ ਜਾਂਦੇ ਹਨ - ਕਰਮ ਕਰਤ ਹੋਵੈ ਨਿਹਕਰਮ॥ ਪਰ ਜਦੋਂ ਇਹੀ ਸ਼ਬਦ ਅਰਬੀ ਭਾਸ਼ਾ ਦੇ ਸੰਦਰਭ ਵਿਚ ਆਉਂਦਾ ਹੈ ਤਾਂ ਅਰਥ ਬਣ ਜਾਂਦਾ ਹੈ ਕਿਰਪਾ, ਮਿਹਰਬਾਨੀ ਆਦਿ - ਨਾਨਕ ਰਾਖਿ ਲੇਹੁ ਆਪਨ ਕਰ ਕਰਮ॥ ਚਲ ਰਹੇ ਸੰਦਰਭ ਅਨੁਸਾਰ ਅਰਥ ਕਰਨੇ ਨਿਸ਼ਚਿਤ ਰੂਪ ਵਿਚ ਔਖਾ ਕਾਰਜ ਹੁੰਦਾ ਹੈ, ਇਸ ਪ੍ਰਸੰਗ ਵਿਚ ਟੀਕਾਕਾਰੀ ਇਕ ਔਖਾ ਕਾਰਜ ਹੈ।
       ਧਰਮ ਦਾ ਸੰਦੇਸ਼ ਅਤੇ ਇਸਦੀ ਭਾਵਨਾ ਭਾਸ਼ਾ ਰਾਹੀਂ ਬਿਆਨ ਕੀਤੀ ਜਾਂਦੀ ਹੈ, ਇਸ ਲਈ ਟੀਕਾਕਾਰੀ ਵੀ ਭਾਸ਼ਾ ਦੀ ਹੁੰਦੀ ਹੈ। ਭਾਸ਼ਾ ਦੀ ਟੀਕਾਕਾਰੀ ਕਰਦੇ ਸਮੇਂ ਇਹ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਕਿ ਧਰਮ ਦੀ ਭਾਵਨਾ ਮਨਫੀ ਨਾ ਹੋਵੇ। ਹਰ ਸਮੇਂ ਤੇ ਸਥਾਨ ਦੇ ਹਿਸਾਬ ਨਾਲ ਟੀਕਾਕਾਰੀ ਕੀਤੀ ਜਾਂਦੀ ਹੈ, ਇਥੇ ਇਹ ਜਰੂਰੀ ਹੁੰਦਾ ਹੈ ਕਿ ਟੀਕਾਕਾਰੀ ਕਰਦੇ ਸਮੇਂ ਧਰਮ ਗ੍ਰੰਥ ਦੇ ਸ਼ਬਦਾਂ ਦੇ ਅਰਥਾਂ ਨੂੰ ਸੰਕੁਚਿਤ ਰੂਪ ਨਹੀਂ ਦੇਣਾ ਚਾਹੀਦਾ। ਟੀਕਾਕਾਰੀ ਦੀ ਭਾਵਨਾ 'ਸਾਖੀ ਪਰਥਾਇ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ' ਵਾਲੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤੋਂ ਆਉਣ ਵਾਲੀਆਂ ਪੀੜੀਆਂ ਵੀ ਲਾਹਾ ਲੈ ਸਕਣ।
 ਟੀਕੇ ਦੀ ਵਿਉਂਤ 
       ਗੁਰਬਾਣੀ ਸੁਣਨ ਵਾਲੇ ਸੱਜਣ ਸ਼ਬਦ ਦੀ ਗਹਿਰਾਈ ਤੱਕ ਜਾਣ ਦਾ ਯਤਨ ਕਰਦੇ ਹਨ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸ਼ਬਦ ਨੂੰ ਖੋਲ ਕੇ ਸਮਝਾਇਆ ਜਾਵੇ। ਗੁਰਦੁਆਰਿਆਂ ਵਿਚ ਪ੍ਰਚਾਰਕ ਅਤੇ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਅਧਿਆਪਕ ਇਸ ਕਾਰਜ ਵਿਚ ਲੱਗੇ ਹੋਏ ਹਨ। ਇਕ ਸ਼ਬਦ ਦੇ ਵਿਭਿੰਨ ਅਰਥ ਹੋ ਸਕਦੇ ਹਨ। ਪਰ ਕਿਹੜਾ ਅਰਥ ਵਰਤਿਆ ਜਾਵੇ ਇਹ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ। ਵਿਦਵਾਨ ਅਤੇ ਖੋਜੀ ਇਹ ਕਾਰਜ ਕਰਨ ਦਾ ਯਤਨ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਮਝਣ ਲਈ ਜਰੂਰੀ ਹੈ ਕਿ ਪਹਿਲਾਂ ਗ੍ਰੰਥ ਦੀ ਮੂਲ ਭਾਵਨਾ ਨੂੰ ਅਤੇ ਫਿਰ ਸ਼ਬਦ ਦੇ ਸੰਦਰਭ ਵਿਚ ਅਰਥ ਕੀਤੇ ਜਾਣ। ਸ਼ਬਦਾਂ ਦੇ ਅਰਥ ਖੋਲਣ ਦਾ ਕਾਰਜ ਤਾਂ ਹੀ ਸਹੀ ਰੂਪ ਵਿਚ ਹੋ ਸਕਦਾ ਹੈ ਜੇਕਰ ਸ਼ਬਦ ਦਾ ਮੂਲ ਅਰਥ ਪਤਾ ਹੋਵੇ। ਸ਼ਬਦਾਂ ਦੇ ਅਰਥ ਕਰਨ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ, ਇਸ ਸੰਬੰਧੀ ਵਿਸਤਾਰ ਕਰਦੇ ਹੋਏ ਕਿਹਾ ਗਿਆ ਹੈ, “ਕਿਸੇ ਭੀ ਸ਼ਬਦ ਦੀ ਵਿਆਖਿਆ ਕਰਨ ਵੇਲੇ ਸਭ ਤੋਂ ਪਹਿਲਾਂ ਔਖੇ ਸ਼ਬਦ ਦਾ ਪਦ-ਛੇਦ ਕਰਨਾ ਜਰੂਰੀ ਹੁੰਦਾ ਹੈ। ਉਸ ਤੋਂ ਬਾਅਦ ਕਠਿਨ ਪਦਾਂ ਦੇ ਅਰਥ ਲਿਖਣ ਦੀ ਜ਼ਰੂਰਤ ਹੈ। ਫਿਰ ਜੋ ਸ਼ਬਦ ਜਿਸ ਭਾਸ਼ਾ ਦਾ ਹੋਵੇ ਉਸ ਦੇ ਮੁਤਾਬਿਕ ਵਿਉਤਪਤੀ ਦਿਖਾਣੀ ਚਾਹੀਦੀ ਹੈ ਉਸ ਤੋਂ ਬਾਅਦ ਸ਼ਬਦਾਂ ਦੀ ਆਪਸ ਮੇਂ ਵਾਕ ਯੋਜਨਾ ਦਿਖਾਣ ਦੀ ਲੋੜ ਹੈ - ਏਹ ਵਾਕ ਯੋਜਨਾ ਦੰਡ ਅੰਨ੍ਵਯ ਤੇ ਖੰਡ ਅੰਨ੍ਵਯ ਭੇਦ ਕਰਕੇ ਦੋ ਪ੍ਰਕਾਰ ਦੀ ਮੰਨੀ ਗਈ ਹੈ। ਜਿਥੇ ਜੈਸਾ ਉਚਿਤ ਹੋਵੇ ਉਥੇ ਵੈਸਾ ਹੀ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਠੀਕ ਠੀਕ ਅਰਥ ਹੋ ਸਕੇ। ਫਿਰ ਮਨ ਵਿਖੇ ਜੈਸੀ ਸ਼ੰਕਾ ਫੁਰੇ ਉਸ ਦਾ ਉਚਿਤ ਉਤਰ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਪ੍ਰਕਾਰ ਜੋ ਵਿਦਵਾਨ ਟੀਕਾਕਾਰ ਪੂਰਬ ਉਕਤ ਨਿਯਮਾਂ ਦਾ ਪਾਲਨ ਕਰਦਾ ਹੋਇਆ ਸੁਆਰਥ-ਸਿਧੀ, ਵੰਚਕਤਾ, ਕਟਰਤਾ, ਨਾਸਤਿਕਤਾ, ਹਠ-ਧਰਮਤਾ, ਸੰਕੀਰਣਤਾ ਆਦਿ ਦੋਖਾਂ ਤੋਂ ਦੂਰ ਰਹਿ ਕੇ ਮੂਲ ਕਾਰ ਦੇ ਆਸ਼ੇ ਨੂੰ ਪ੍ਰਗਟ ਕਰਦਾ ਹੈ, ਬਸ ਉਸੇ ਦੀ ਵਿਆਖਿਆ ਸਰਬਾਂਗ ਪੂਰਣ ਹੈ ਇਸ ਤੋਂ ਬਿਨਾਂ ਦੂਸਰੇ ਪ੍ਰਕਾਰ ਦੀ ਵਿਆਖਿਆ ਅਧੂਰੀ ਹੈ।”8 
 ਪੁਰਾਤਨ ਸਮੇਂ ਵਿਚ ਟੀਕਾਕਾਰੀ ਦੀ ਲੋੜ
       ਇਹ ਆਮ ਕਿਹਾ ਜਾਂਦਾ ਹੈ ਕਿ ਹਰ ਧਰਮ ਗ੍ਰੰਥ ਲੋਕਾਂ ਦੀ ਭਾਸ਼ਾ ਵਿਚ ਲਿਖਿਆ ਗਿਆ ਹੈ ਪਰ ਉਸ ਸਮੇਂ ਵਿਚ ਵੀ ਕੁਝ ਲੋਕ ਅਜਿਹੇ ਹੁੰਦੇ ਸਨ ਜੋ ਧਰਮ ਗ੍ਰੰਥ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਅਸਮਰਥ ਹੁੰਦੇ। ਉਹ ਆਪਣੇ ਧਰਮ ਗ੍ਰੰਥ ਨੂੰ ਸਮਝਣ ਲਈ ਪੈਗੰਬਰ ਜਾਂ ਉਸ ਸਮੇ ਦੇ ਸੂਝਵਾਨ ਲੋਕਾਂ ਵੱਲ ਵੇਖਦੇ ਹਨ ਤਾਂ ਜੋ ਸ਼ਬਦ ਰਾਹੀਂ ਪੇਸ਼ ਕੀਤੇ ਜਾ ਰਹੇ ਅਨਮੋਲ ਖ਼ਜਾਨੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕੀਤੀ ਜਾ ਸਕੇ।
       ਟੀਕਾ ਸਾਹਿਤ ਵਿਚ ਸਭ ਤੋਂ ਵਧੇਰੇ ਟੀਕੇ 'ਜਪੁ' ਬਾਣੀ ਦੇ ਹੋਏ ਹਨ। ਡਾ. ਰਤਨ ਸਿੰਘ ਜੱਗੀ ਨੇ 1970 ਈਸਵੀ ਵਿਚ ਆਪਣੀ ਸੰਪਾਦਿਤ ਪੁਸਤਕ 'ਗੁਰਬਾਣੀ ਟੀਕੇ : ਅਨੰਦ-ਘਨ' ਵਿਚ ਇਸ ਬਾਣੀ ਦੇ ਸੌ ਤੋਂ ਵਧੇਰੇ ਟੀਕਿਆਂ ਦਾ ਵਰਣਨ ਕੀਤਾ ਹੈ। ਸ੍ਰੀ ਦਰਬਾਰ ਸਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਜੀ ਇਹ ਗਿਣਤੀ ਹੋਰ ਵੀ ਵਧੇਰੇ ਮੰਨਦੇ ਹੋਏ ਕਹਿੰਦੇ ਹਨ, “ਵਿਦਵਾਨਾਂ ਨੇ ਖਾਸ ਖਾਸ ਬਾਣੀਆਂ ਦੇ ਟੀਕੇ ਵੀ ਲਿਖੇ ਹਨ ਜਿਨ੍ਹਾਂ ਵਿਚੋਂ ਜਪੁਜੀ ਸਾਹਿਬ ਬਾਣੀ ਦੇ ਟੀਕੇ ਸਭ ਤੋਂ ਵੱਧ ਹੋਏ ਹਨ। ਇਕ ਸਰਵੇ ਅਨੁਸਾਰ ਪੰਜਾਬੀ ਤੇ ਹੋਰ ਭਾਸ਼ਾਵਾਂ 'ਚ ਲਿਖੇ ਗਏ ਜਪੁਜੀ ਸਾਹਿਬ ਦੇ ਸਟੀਕ, ਪ੍ਰਮਾਰਥ, ਭਾਸ਼ਯ, ਸ਼ਬਦਾਰਥ ਤੇ ਅਨੁਵਾਦ ਲਗਭਗ ਚਾਰ ਸੌ ਦੇ ਕਰੀਬ ਹੋਏ ਹਨ।”9 ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਰੁਚੀ ਰੱਖਣ ਵਾਲੇ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪ੍ਰਮੁਖ ਰਚਨਾ 'ਜਪੁ' ਬਾਰੇ ਗਹਿਨ ਅਧਿਐਨ ਦੀ ਰੁਚੀ ਵਿਖਾਈ ਹੈ। ਸਿੱਖ ਦੇ ਰੋਜ਼ਾਨਾ ਨਿਤਨੇਮ ਅਤੇ ਅੰਮ੍ਰਿਤ ਛਕਾਉਣ ਵਾਲੀਆਂ ਬਾਣੀਆਂ ਵਿਚ ਸ਼ਾਮਲ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਸਮਝੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਸਥਾਪਤ ਇਸ ਰਚਨਾ ਨੇ ਜਿਗਿਆਸੂਆਂ ਅਤੇ ਵਿਦਵਾਨਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਬਹੁਤ ਸਾਰੇ ਟੀਕੇ ਤੇ ਪੋਥੀਆਂ ਸੰਭਾਲ ਨਾ ਹੋਣ ਕਰਕੇ ਅਲੋਪ ਹੋ ਗਏ। ਕੁਝ ਅਜਿਹੇ ਟੀਕੇ ਵੀ ਸਾਹਮਣੇ ਆਏ ਹਨ ਜੋ ਦੁਰਲੱਭ ਹਨ ਅਤੇ ਉਨ੍ਹਾਂ ਵਿਚੋਂ ਜਿਹੜੇ ਗੁਰਮਤਿ ਪ੍ਰੇਮੀਆਂ ਦੇ ਹੱਥ ਲੱਗੇ, ਉਨ੍ਹਾਂ ਸੰਭਾਲ ਲਏ ਜਿਵੇਂ ਭਾਈ ਬਲਬੀਰ ਸਿੰਘ ਦਸਦੇ ਹਨ ਕਿ ਅਨੰਦ ਘਨ ਦਾ 'ਆਸਾ ਦੀ ਵਾਰ' ਦਾ ਟੀਕਾ ਦੁਰਲਭ ਹੈ। ਪਰ ਖੁਸ਼ਕਿਸਮਤੀ ਨਾਲ ਇਹ ਟੀਕਾ ਮੇਰੇ ਪਾਸ ਹੈ। ਇਸ ਦੇ ਅਖੀਰ ਵਿਚ ਇਹ ਲਿਖਿਆ ਹੈ :- 'ਇਤ ਸ੍ਰੀ ਗੁਰ ਨਾਨਕ ਵੰਸ ਪ੍ਰਸੂਤ ਦਸਮ ਪੁਰਖ ਸ੍ਰੀ ਗੁਰ ਰਾਮ ਦਿਆਲ ਸਿਖ ਅਨੰਦ ਘਨ ਵਿਰਚਿਤਾ ਆਸਾ ਵਾਰ ਸਮਾਪਤੰ।' ਸੰਮਤ ਦੀ ਸੂਚਨਾ ਇਸ ਪ੍ਰਕਾਰ ਦਿਤੀ ਹੈ:-
             ਸੋਰਠਾ। ਸਾਸਤ੍ਰ ਅਧਿਕ ਹੈ ਜਾਸ ਸੰਮਤ ਪੁਰਾਣ ਸਤ
             ਅਰਧ ਸਤ ਕੀਨੋ ਲਿਖਨ ਬਿਲਾਸ ਕਲਸ ਮਾਸ ਸੰਕਰਪੁਰੀ।
       ਇਹ ਸੰਮਤ 1856 ਬਣਦਾ ਹੈ ਜੋ ਈਸਵੀ ਦੇ ਲਿਹਾਜ਼ ਨਾਲ ਸੰਨ 1799 ਹੈ। ਅਨੰਦ ਘਨ ਦੀ ਜਪੁਜੀ ਦਾ ਟੀਕਾ ਬਹੁਤ ਪੁਰਾਣੀ ਚੀਜ਼, 1795 ਈਸਵੀ ਦੀ ਹੈ ਪਰ ਤਾਂ ਵੀ ਇਸ ਦੀ ਭਾਸ਼ਾ ਵਿਚ ਸਰਲਤਾ ਹੈ।10 
       ਗੁਰਬਾਣੀ ਦੀ ਸੋਝੀ ਪ੍ਰਦਾਨ ਕਰਨ ਦੇ ਜੋ ਕਾਰਜ ਸਾਹਮਣੇ ਆਏ ਹਨ ਉਨ੍ਹਾਂ ਵਿਚ ਭਾਈ ਗੁਰਦਾਸ ਜੀ ਤੋਂ ਇਲਾਵਾ ਉਦਾਸੀ, ਮੀਣੇ, ਨਿਰਮਲੇ ਅਤੇ ਸਿੰਘ ਸਭਾਈ ਪ੍ਰਣਾਲੀਆਂ ਨੂੰ ਵਿਸ਼ੇਸ਼ ਤੌਰ ਤੇ ਲਿਆ ਜਾ ਸਕਦਾ ਹੈ। ਭਾਈ ਗੁਰਦਾਸ ਜੀ ਗੁਰੂ-ਘਰ ਦੇ ਸ਼ਰਧਾਲੂ ਅਤੇ ਨਿਕਟਵਰਤੀ ਹੋਣ ਕਰਕੇ ਗੁਰਮਤਿ ਸਿਧਾਂਤ ਦੀ ਚੌਖੀ ਸਮਝ ਰੱਖਦੇ ਸਨ। ਉਨ੍ਹਾਂ ਦੀਆਂ ਵਾਰਾਂ ਵਿਚ ਗੁਰਬਾਣੀ ਦਾ ਵਿਸਤਾਰ ਵੇਖਣ ਨੂੰ ਮਿਲਦਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਕਿੰਤੂ ਮੁਕਤ ਹੋਣ ਕਰਕੇ ਇਨ੍ਹਾਂ ਨੂੰ ਸ਼ੁੱਧ ਸਰੂਪ ਵਿਚ ਗੁਰਬਾਣੀ ਦਾ ਪਹਿਲਾ ਟੀਕਾ ਕਿਹਾ ਜਾ ਸਕਦਾ ਹੈ। ਭਾਵੇਂ ਕਿ ਇਹ ਸ਼ੁੱਧ ਟੀਕੇ ਦੇ ਸਰੂਪ ਵਾਂਗ ਨਹੀਂ ਹੈ ਪਰ ਅਜਿਹੀਆਂ ਪਉੜੀਆਂ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਆਖਿਆ ਵੇਖਣ ਨੂੰ ਮਿਲਦੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਮੂਲ ਮੰਤਰ ਵਿਚ ਪਰਮਾਤਮਾ ਦੇ ਗੁਣਾਂ ਦਾ ਵਿਖਿਆਨ ਕਰਦੇ ਹਨ। ਮੂਲ ਮੰਤਰ ਵਿਚ ਆਏ ਪਰਮਾਤਮਾ ਦੇ ਗੁਣਾਂ ਦਾ ਵਿਸਤਾਰ ਉਨ੍ਹਾਂ ਦੀ ਆਪਣੀ ਬਾਣੀ ਵਿਚ ਵੇਖਣ ਨੂੰ ਵੀ ਮਿਲ ਜਾਂਦਾ ਹੈ:
             ਏਕਮ ਏਕੰਕਾਰੁ ਨਿਰਾਲਾ॥
             ਅਮਰੁ ਅਜੋਨੀ ਜਾਤਿ ਨ ਜਾਲਾ॥
             ਅਗਮ ਅਗੋਚਰੁ ਰੂਪੁ ਨ ਰੇਖਿਆ॥
             ਖੋਜਤ ਖੋਜਤ ਘਟਿ ਘਟਿ ਦੇਖਿਆ॥11
 ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਇਕ ਪਉੜੀ ਵਿਚ ਮੂਲ ਮੰਤਰ ਦੇ ਅਰਥ ਇਸ ਤਰ੍ਹਾਂ ਦੱਸੇ ਗਏ ਹਨ:
             ਏਕਾ ਏਕੰਕਾਰੁ ਲਿਖਿ ਦੇਖਾਲਿਆ।
             ਊੜਾ ਓਅੰਕਾਰੁ ਪਾਸਿ ਬਹਾਲਿਆ।
             ਸਤਿਨਾਮੁ ਕਰਤਾਰੁ ਨਿਰਭਉ ਭਾਲਿਆ।
             ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ।12
       ਭਾਈ ਬਲਬੀਰ ਸਿੰਘ ਇਕ ਪੋਥੀ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਇਸ ਪੋਥੀ ਵਿਚਲਾ ਟੀਕਾ ਭਾਈ ਗੁਰਦਾਸ ਜੀ ਤੋਂ ਪਹਿਲਾਂ ਦਾ ਹੋਵੇ। ਉਹ ਕਹਿੰਦੇ ਹਨ ਕਿ “ਇਕ ਚੀਜ਼ ਐਸੀ ਨਜ਼ਰ ਵਿਚੋਂ ਲੰਘੀ ਹੈ ਜੋ ਬਹੁਤ ਪੁਰਾਣੀ ਹੈ। ਇਸ ਦੇ ਪਤ੍ਰੇ ਬਹੁਤ ਬਿਰਦ ਅਤੇ ਜਰਜਰੇ ਹਨ, ਇਸ ਦੀ ਲਿਪੀ ਵਿਚ ਵੀ ਪ੍ਰਾਚੀਨਤਾ ਦੀ ਝਲਕ ਹੈ, ਅਖਰਾਂ ਦੀਆਂ ਘੁੰਡੀਆਂ ਵਿਚ ਮੁਢਲੇ ਕਾਲ ਦੀ ਢਿਲਕ ਹੈ। ਹੋ ਸਕਦਾ ਹੈ ਕਿ ਇਹ ਗੱਲ ਲਿਖਣ ਵਾਲੇ ਦੀ ਆਪਣੀ ਕਲਮ ਦੀ ਕਮਜ਼ੋਰੀ ਕਾਰਣ ਹੋਵੇ ਪਰ ਦਰਸ਼ਨ ਕਰਨ ਤੋਂ ਪਰਤੀਤੀ ਇਸੇ ਗੱਲ ਦੀ ਹੁੰਦੀ ਹੈ ਕਿ ਅਖਰਾਂ ਦੀ ਬਣਤਰ ਵਿਚ ਆਰੰਭਕ ਕਾਲ ਦੀ ਨਵੀਨ ਘਾੜਤ ਦੀ ਖਰੀਖਰੀ ਬੁਰ ਹੈ, ਜਿਸਨੂੰ ਜ਼ਮਾਨੇ ਦੀ ਵਰਤੋਂ ਹੀ ਰਗੜਦੀ, ਮਾਂਜਦੀ ਅਤੇ ਪਾਲਿਸ਼ ਕਰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਚੀਜ਼ ਬਹੁਤ ਪੁਰਾਣੀ ਹੈ। ਇਸ ਵਿਚ ਸੰਮਤ ਆਦਿਕ ਕੁਛ ਨਹੀਂ ਦਿਤਾ, ਨਾਂ ਹੀ ਕੋਈ ਐਸੇ ਚਿੰਨ ਹਨ ਜਿਸ ਤੋਂ ਟੀਕਾਕਾਰੀ ਦਾ ਨਾਮ ਪਤਾ ਅਤੇ ਟਿਕਾਣੇ ਦਾ ਅੰਦਾਜ਼ਾ ਲਗਾਇਆ ਜਾ ਸਕੇ। ਮੈਨੂੰ ਕੋਈ ਅਚੰਭਾ ਨਹੀਂ ਹੋਵੇਗਾ ਜੇ ਇਹ ਵਸਤ ਇਤਨੀ ਪੁਰਾਣੀ ਨਿਕਲੇ ਕਿ ਭਾਈ ਗੁਰਦਾਸ ਦੀ ਕਿਰਤ ਤੋਂ ਪਹਿਲੇ ਦੀ ਸਾਬਤ ਹੋਵੇ।”13 ਉਦਾਸੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਦੂਰ-ਦੁਰਾਡੇ ਪਹੁੰਚਾਉਣ ਦਾ ਕਾਰਜ ਕੀਤਾ। ਗੁਰੂ ਜੀ ਦੀਆਂ ਬਾਣੀਆਂ ਦੇ ਅਰਥ ਕਰਨ ਦੀ ਪਰੰਪਰਾ ਇਨ੍ਹਾਂ ਵਿਚ ਕਦੋਂ ਆਰੰਭ ਹੋਈ ਇਸ ਦਾ ਪਹਿਲਾ ਪ੍ਰਮਾਣ ਸਾਨੂੰ ਆਨੰਦ-ਘਨ ਦੁਆਰਾ ਕੀਤੇ ਜਪੁਜੀ, ਓਅੰਕਾਰ, ਸਿਧ ਗੋਸਟਿ, ਅਨੰਦ ਅਤੇ ਆਸਾ ਦੀ ਵਾਰ ਦੇ ਟੀਕਿਆਂ ਰਾਹੀਂ ਵੇਖਣ ਨੂੰ ਮਿਲਦਾ ਹੈ। ਇਸ ਤੋਂ ਪਹਿਲਾਂ ਇਹ ਕਾਰਜ ਮੌਖਿਕ ਰੂਪ ਵਿਚ ਚਲਦਾ ਰਿਹਾ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੀ ਔਲਾਦ ਨੂੰ ਮੀਣੇ ਕਿਹਾ ਜਾਂਦਾ ਹੈ। ਮੀਣਿਆਂ ਵਿਚ ਮਿਹਰਬਾਨ ਦੁਆਰਾ ਜਪੁ, ਓਅੰਕਾਰ, ਸਿਧ ਗੋਸਟਿ ਆਸਾ ਦੀ ਵਾਰ ਸੋਹਲੇ ਆਦਿ ਬਾਣੀਆਂ ਤੇ ਲਿਖੇ ਪਰਮਾਰਥ ਪ੍ਰਮੁਖ ਹਨ। ਨਿਰਮਲੇ ਟੀਕਾਕਾਰਾਂ ਵਿਚ ਪੰ. ਨਿਹਾਲ ਸਿੰਘ, ਪੰ. ਤਾਰਾ ਸਿੰਘ ਨਰੋਤਮ, ਸਾਧੂ ਦੇਵਾ ਸਿੰਘ, ਪੰ. ਸਾਧੂ ਸਿੰਘ, ਸੰਤ ਗੁਰਦਿਤ ਸਿੰਘ, ਸੰਤ ਗੁਲਾਬ ਸਿੰਘ, ਸੰਤ ਉਤਮ ਸਿੰਘ, ਸੰਤ ਹਰਭਜਨ ਸਿੰਘ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਇਨ੍ਹਾਂ ਟੀਕਾਕਾਰਾਂ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੀਆਂ ਬਾਣੀਆਂ ਦੇ ਟੀਕੇ ਹੀ ਪ੍ਰਮੁਖ ਤੌਰ ਤੇ ਵੇਖਣ ਨੂੰ ਮਿਲਦੇ ਹਨ ਅਤੇ ਉਨ੍ਹਾਂ ਵਿਚੋਂ ਵੀ 'ਜਪੁ' ਬਾਣੀ ਨੂੰ ਪ੍ਰਮੁਖਤਾ ਨਾਲ ਲਿਆ ਗਿਆ ਹੈ। ਪੰ. ਤਾਰਾ ਸਿੰਘ ਨਰੋਤਮ ਨੇ ਪਟਿਆਲਾ ਦੇ ਮਹਾਰਾਜਾ ਮਹਿੰਦਰ ਸਿੰਘ ਦੇ ਕਹਿਣ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਆਰੰਭ ਕੀਤਾ ਸੀ। ਕਿਹਾ ਜਾਂਦਾ ਹੈ ਕਿ “ਇਕ ਦਿਨ ਮਹਾਰਾਜਾ ਮਹਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣ ਰਹੇ ਸਨ ਤਾਂ ਉਨ੍ਹਾਂ ਨੇ ਗ੍ਰੰਥੀ ਤੋਂ ਇਕ ਤੁਕ ਦੇ ਅਰਥ ਪੁੱਛੇ। ਉਸ ਦੇ ਨਾ ਦੱਸ ਸਕਣ ਤੋਂ ਮਹਾਰਾਜਾ ਨੇ ਪੰਡਤ ਨਿਰੋਤਮ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਲਈ ਕਿਹਾ। ਨਿਰੋਤਮ ਸਿੰਘ ਨੇ ਗਿਆਨ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ ਤਾਂ ਜੋ ਉਥੋਂ ਦੀ ਗਿਆਨੀ ਸੰਪ੍ਰਦਾ ਤੋਂ ਵੀ ਅਰਥ ਸੁਣ ਕੇ ਲਿਖ ਭੇਜਣ। ਅੰਮ੍ਰਿਤਸਰ ਵਿਚ ਗਿਆਨੀ ਜੀ ਨੂੰ 25 ਰੁਪਏ ਮਹੀਨਾ ਖਰਚ ਭੇਜਦੇ ਰਹੇ ਤੇ ਉਹ ਉਥੋਂ ਰੋਜ਼ ਅਰਥ ਸੁਣ ਕੇ ਲਿਖ ਲੈਂਦੇ ਤੇ ਇਕ ਸਾਲ ਵਿਚ ਟੀਕੇ ਦੇ 27 ਦਸਤੇ ਕਾਗਜ਼ ਲਿਖ ਕੇ ਪੰਡਤ ਜੀ ਪਾਸ ਭੇਜੇ।”14 ਇਹ ਟੀਕਾ ਕਿਥੇ ਤੱਕ ਪਹੁੰਚਿਆ ਇਸ ਦਾ ਵਰਨਨ ਕਰਦੇ ਹੋਏ ਮੁਨੀ ਅਰਜਨ ਸਿੰਘ ਦੱਸਦੇ ਹਨ, “ਸ੍ਰੀ ਮਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ ਬਸੰਤ ਰਾਗ ਤੱਕ ਵਿਸਤਾਰ ਪੂਰਬਕ ਟੀਕਾ ਤਿਆਰ ਕਰ ਚੁੱਕੇ ਸਨ, ਪੂਰਾ ਕਰਣ ਦਾ ਉਦਮ ਕਰ ਹੀ ਰਹੇ ਸਨ ਕਿ ਆਪ ਦਾ ਸਰੀਰ ਸ਼ਾਂਤ ਹੋ ਗਿਆ। ਉਤ੍ਰਾਧਿਕਾਰੀ ਦੀ ਅਣਗਹਿਲੀ ਨਾਲ ਆਪ ਦੇ ਲਿਖੇ ਹੋਏ ਖਰੜੇ ਦੇਖਨ ਦੇ ਬਹਾਨੇ ਕੁਝ ਸਜਨ ਲੈ ਗਏ ਜੋ ਦੁਰਭਾਗ ਨਾਲ ਹੁਣ ਤੱਕ ਪ੍ਰਾਪਤ ਨਹੀਂ ਹੋ ਸਕੇ, ਆਪ ਦੇ ਲਿਖੇ ਹੋਏ ਖਰੜੇ ਵਿਚੋਂ ਕੇਵਲ ਸਿਰੀ ਰਾਗ ਦਾ ਹੀ ਟੀਕਾ ਪ੍ਰਕਾਸ਼ਿਤ ਹੋਇਆ ਹੈ ਜੋ ਅੱਜ ਕਲ ਕਿਸੀ ਕਿਸੀ ਵਿਦਵਾਨ ਖੋਜੀ ਪਾਸੋਂ ਮਿਲਦਾ ਹੈ।”15 ਪਰ ਕੁਝ ਵਿਦਵਾਨ ਪੰਡਿਤ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੋਇਆ ਟੀਕਾ ਸੰਪੂਰਨ ਮੰਨਦੇ ਹਨ।16 ਗੁਰੂ ਗੋਬਿੰਦ ਸਿੰਘ ਜੀ ਤੋਂ ਹੀ ਇਕ ਹੋਰ ਗੁਰਬਾਣੀ ਵਿਆਖਿਆ ਦੀ ਸੰਪ੍ਰਦਾਇ ਚਲੀ ਜਿਸ ਨੂੰ ਭਾਈ ਮਨੀ ਸਿੰਘ ਜੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਗੁਰਬਾਣੀ ਅਰਥਾਂ ਦੀ ਇਹ ਸਰਵੋਤਮ ਪਰੰਪਰਾ ਕਹੀ ਜਾ ਸਕਦੀ ਹੈ ਕਿਉਂਕਿ ਇਸ ਸੰਪ੍ਰਦਾਇ ਰਾਹੀਂ ਕੀਤੇ ਅਰਥ ਗੁਰੂ ਜੀ ਦੁਆਰਾ ਸਿਖਾਏ ਮੰਨੇ ਜਾਂਦੇ ਹਨ। ਇਸ ਸੰਪ੍ਰਦਾਇ ਦੁਆਰਾ ਸਿਖਾਏ ਅਰਥ “ਸੀਨਾ ਬਸੀਨਾ ਚਲੇ ਆਉਂਦੇ ਰਹੇ ਹਨ। ਭਾਈ ਚੰਦਾ ਸਿੰਘ ਜੀ ਤੱਕ ਸੰਪ੍ਰਦਾਈ ਅਰਥ ਜਿਉਂ ਕੇ ਤਿਉਂ ਚਲੇ ਆਏ ਸੁਣੀਂਦੇ ਹਨ। ਪਰ ਅਸਲ ਵਿਚ ਵੀਚਾਰ ਕਰਨ ਤੋਂ ਪਤਾ ਲਗਦਾ ਹੈ, ਕਿ ਕਿਤੇ ਕਿਤੇ ਉਕਾਈਆਂ ਹੁੰਦੀਆਂ ਰਹੀਆਂ ਹਨ। ਇਹ ਨਿਯਮ ਹੀ ਹੈ, ਕਿ ਸੁਣੀ ਗੱਲ ਕੁਝ ਨਾ ਕੁਝ ਬਿਸਮਰਨ ਹੋ ਜਾਂਦੀ ਹੈ, ਜੋ ਮੈਨੂੰ ਹੀ ਭੁੱਲ ਗਈ ਹੈ, ਉਹ ਮੇਰੇ ਵਿਦਿਆਰਥੀ ਨੂੰ ਕਦ ਯਾਦ ਔਣੀ ਹੈ? ਪਰ ਬਹੁਤਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਡੋਗਰਾ ਗਰਦੀ ਨੇ ਸੰਪ੍ਰਦਾਯ ਨੂੰ ਘੱਟੇ ਕੌਡੀਆਂ ਰਲਾ ਦਿੱਤਾ ਹੈ, ਕਿਉਂਕਿ ਡੋਗਰਾ ਗਰਦੀ ਵੇਲੇ ਉਨ੍ਹਾਂ ਗਿਆਨੀ ਸਿੰਘਾਂ ਨੂੰ ਦਰਬਾਰ ਵਲੋਂ ਮਦਦ ਮਿਲਿਆ ਕਰਦੀ ਸੀ, ਜਿਨ੍ਹਾਂ ਦੀ ਕਥਾ ਪੌਰਾਣਕ ਢੰਗ ਨਾਲ ਹੋਯਾ ਕਰਦੀ ਸੀ। ਏਹੋ ਕਾਰਨ ਹੈ, ਜੋ ਨਿਰੋਲ ਗੁਰਮਤ ਦੇ ਅਰਥ ਲੁਕ ਗਏ ਅਤੇ 'ਖਿਚੜੀ ਮਿਲਵੇਂ ਅਰਥ ਸ਼ੁਰੂ ਹੋ ਗਏ' ਜੋ ਅੱਜ ਤਕ ਸੁਧਰਨ ਵਿਚ ਨਹੀਂ ਆਉਂਦੇ। ਇਸ ਦੇ ਨਾਲ ਹੀ ਸੂਫੀ ਮਤ ਤੇ ਵੇਦਾਂਤ ਦੀ ਰੰਗਣ ਭੀ ਅਰਥਾਂ ਨੂੰ ਚੜ੍ਹ ਗਈ। ਇਸ ਤਰ੍ਹਾਂ ਸੰਪ੍ਰਦਾਈ ਅਰਥਾਂ ਦੀ ਠੁਕ ਬੱਝਵੀਂ ਸੂਰਤ ਨਾਂ ਰਹੀ।”17 ਆਧੁਨਿਕ ਯੁਗ ਦੇ ਵਿਦਵਾਨਾਂ ਦੀ ਟੀਕਾਕਾਰੀ ਨੂੰ ਸਿੰਘ ਸਭਾ ਲਹਿਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਇਸ ਕਰਕੇ ਇਸ ਸਮੇਂ ਹੋਈਆਂ ਵਿਆਖਿਆਵਾਂ ਨੂੰ 'ਸਿੰਘ ਸਭਾਈ ਪ੍ਰਣਾਲੀ' ਦਾ ਨਾਮ ਦਿੱਤਾ ਗਿਆ ਹੈ। ਆਧੁਨਿਕ ਯੁਗ ਦੇ ਪ੍ਰਮੁੱਖ ਵਿਦਵਾਨਾਂ ਨੇ ਵੀ 'ਜਪੁ' ਬਾਣੀ ਦੇ ਟੀਕੇ ਕਰਨ ਵਿਚ ਵਿਸ਼ੇਸ਼ ਰੁਚੀ ਵਿਖਾਈ ਹੈ ਜਿਨ੍ਹਾਂ ਵਿਚ ਭਾਈ ਜੋਧ ਸਿੰਘ, ਪ੍ਰਿੰ. ਤੇਜਾ ਸਿੰਘ, ਡਾ. ਮੋਹਨ ਸਿੰਘ, ਪੰਡਤ ਕਰਤਾਰ ਸਿੰਘ ਦਾਖਾ, ਡਾ. ਸ਼ੇਰ ਸਿੰਘ, ਭਾਈ ਸਾਹਿਬ ਸਿੰਘ, ਭਾਈ ਵੀਰ ਸਿੰਘ, ਡਾ. ਤਾਰਨ ਸਿੰਘ, ਗਿਆਨੀ ਹਰਿਬੰਸ ਸਿੰਘ ਆਦਿ ਦਾ ਨਾਮ ਪ੍ਰਮੁਖਤਾ ਨਾਲ ਲਿਆ ਜਾ ਸਕਦਾ ਹੈ। ਡਾ. ਰਤਨ ਸਿੰਘ ਜੱਗੀ ਆਧੁਨਿਕ ਵਿਦਵਾਨਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਦੇ ਹੋਏ ਕਹਿੰਦੇ ਹਨ, “ਪਹਿਲੀ ਉਪ-ਸ਼ਾਖਾ ਗੁਣੀ ਗਿਆਨੀ ਵਿਦਵਾਨਾਂ ਦੀ ਹੈ ਜਿਵੇਂ ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਪ੍ਰੋ. ਸਾਹਿਬ ਸਿੰਘ ਆਦਿ। ਦੂਜੀ ਉਪ-ਸ਼ਾਖਾ ਹੈ ਸਾਧਾਰਣ ਵਿਦਵਾਨਾਂ ਦੀ, ਜਿਨ੍ਹਾਂ ਨੇ ਪਰੀਖਿਆਰਥੀਆਂ ਲਈ ਗੁਰਬਾਣੀ ਦੇ ਟੀਕੇ ਲਿਖੇ। ਇਸ ਉਪ-ਸ਼ਾਖਾ ਦੇ ਪ੍ਰਮੁਖ ਟੀਕਾਕਾਰ ਹਨ - ਭਾਈ ਬਿਸ਼ਨ ਸਿੰਘ, ਗਿਆਨੀ ਬੁਧ ਸਿੰਘ, ਗਿਆਨੀ ਨਿਹਾਲ ਸਿੰਘ ਰਸ ਆਦਿ। ਤੀਜੀ ਉਪ-ਸ਼ਾਖਾ ਹੈ ਅੰਗਰੇਜ਼ੀ, ਉਰਦੂ, ਹਿੰਦੀ ਆਦਿ ਭਾਸ਼ਾਵਾਂ ਵਿਚ ਹੋਏ ਟੀਕਿਆਂ ਜਾਂ ਅਨੁਵਾਦਾਂ ਦੀ। ਇਸ ਉਪ-ਸ਼ਾਖਾ ਵਿਚ ਦੇਸੀ ਵਿਦੇਸ਼ੀ, ਹਰ ਪ੍ਰਕਾਰ ਦੇ ਮਤ ਵਾਲੇ ਵਿਦਵਾਨ ਸ਼ਾਮਲ ਹਨ। ਇਸ ਦੇ ਨਾਲ-ਨਾਲ ਸੰਪ੍ਰਦਾਈ ਵਿਦਵਾਨਾਂ ਦੁਆਰਾ ਵੀ ਟੀਕੇ ਲਿਖੇ ਜਾਂਦੇ ਰਹੇ, ਸੰਤ ਅਮੀਰ ਸਿੰਘ, ਪੰਡਿਤ ਨਰੈਣ ਸਿੰਘ ਆਦਿ ਦਾ ਨਾਂ ਇਸ ਸੰਬੰਧੀ ਉਲੇਖ-ਯੋਗ ਹੈ।”18 
 ਆਧੁਨਿਕ ਟੀਕਾਕਾਰੀ
       ਆਧੁਨਿਕ ਸਮੇਂ ਵਿਚ ਟੀਕਾਕਾਰੀ ਦਾ ਜੋ ਰੂਪ ਦੇਖਣ ਨੂੰ ਮਿਲਦਾ ਹੈ ਉਸ ਦੀਆਂ ਜੜ੍ਹਾਂ ਉਨੀਵੀਂ ਸਦੀ ਦੇ ਅੱਧ ਤੋਂ ਬਾਅਦ ਵੇਖਣ ਨੂੰ ਮਿਲਦੀਆਂ ਹਨ, “ਅਨੰਦ ਘਨ ਦੇ ਟੀਕੇ ਤੋਂ ਲੈ ਕੇ ਕੋਈ ਇਕ ਸੌ ਵਰ੍ਹੇ ਬਾਦ ਖਾਲਸਾ ਟ੍ਰੈਕਟ ਸੁਸਾਇਟੀ ਵਜੂਦ ਵਿਚ ਆਉਂਦੀ ਹੈ। ਇਸ ਵਿਚ ਅਰਥ ਪ੍ਰਣਾਲੀ ਦੀ ਆਬੋ ਹਵਾ ਵਿਚ ਫਰਕ ਆ ਜਾਂਦਾ ਹੈ। ਸੁਸਾਇਟੀ ਦੀ ਕਾਰਜ ਸੂਚੀ ਵਿਚ ਇਕ ਕੰਮ ਗੁਰਬਾਣੀ ਦੇ ਟੀਕੇ ਪ੍ਰਕਾਸ਼ਤ ਕਰਨਾ ਹੈ।”19 ਇਸ ਲੜੀ ਵਿਚ ਸਭ ਤੋਂ ਪਹਿਲਾ ਕੰਮ ਭਾਈ ਵੀਰ ਸਿੰਘ ਨੇ ਕੀਤਾ। ਉਨ੍ਹਾਂ ਦੀ ਕ੍ਰਿਤ ਪੰਜ ਗ੍ਰੰਥੀ ਸਟੀਕ 1898 ਈਸਵੀ ਵਿਚ ਵਜ਼ੀਰ ਹਿੰਦ ਪ੍ਰੈਸ ਤੋਂ ਪ੍ਰਕਾਸ਼ਤ ਹੋਈ। ਖਾਲਸਾ ਟ੍ਰੈਕਟ ਸੁਸਾਇਟੀ ਨੇ ਭਾਈ ਵੀਰ ਸਿੰਘ ਦੁਆਰਾ ਕੀਤੇ ਗੁਰਬਾਣੀ ਦੇ ਬਹੁਤ ਸਾਰੇ ਟੀਕੇ ਟ੍ਰੈਕਟਾਂ ਦੇ ਰੂਪ ਵਿਚ ਛਾਪੇ। “ਖਾਲਸਾ ਸਮਾਚਾਰ ਵਿਚ ਵੀ ਇਕ ਸਿਲਸਿਲਾ ਸ਼ੁਰੂ ਕੀਤਾ ਗਿਆ ਜਿਸ ਵਿਚ ਹਰ ਹਫਤੇ ਇਕ ਸ਼ਬਦ ਗੁਰਬਾਣੀ ਦਾ ਅਰਥਾਇਆ ਗਿਆ। ਇਹ ਤਰਤੀਬ ਅਜੇ ਤਕ ਜਾਰੀ ਹੈ। ਇਸ ਲਗਾਤਾਰਤਾ ਨੇ ਟੀਕੇਕਾਰੀ ਇਕ ਨਵੀਂ ਸੇਧ ਦਿਤੀ।.....ਭਾਈ ਵੀਰ ਸਿੰਘ ਦੀਆਂ ਲਿਖਤਾਂ ਨੇ ਗੁਰਬਾਣੀ ਦੇ ਟੀਕਾਕਾਰਾਂ ਨੂੰ ਇਕ ਨਵੀਂ ਸੇਧ ਦਿਤੀ। ਇਹ ਖਾਲਸਾ ਟ੍ਰੈਕਟ ਸੁਸਾਇਟੀ ਦੀ ਪੈਦਾਇਸ਼ ਤੋਂ ਲੈ ਕੇ ਲਗਾਤਾਰ, ਕੋਈ ਪੈਂਹਠ ਵਰ੍ਹੇ, ਸੰਥਯਾ ਪੋਥੀਆਂ ਦੀ ਛਪਾਈ ਤਕ ਚਲਦੀ ਰਹੀ।”20 ਆਧੁਨਿਕ ਸਮੇਂ ਦੀ ਟੀਕਾਕਾਰੀ ਨੇ ਸਿੱਖਾਂ ਦੇ ਮਨਾਂ ਵਿਚ ਆਪਣੇ ਧਰਮ-ਗ੍ਰੰਥ ਪ੍ਰਤੀ ਚੇਤਨਾ ਪੈਦਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕਾਰਜ ਕੀਤਾ। ਇਸ ਦੌਰ ਵਿਚ ਪੈਦਾ ਹੋਈ ਟੀਕਾਕਾਰੀ ਦੇ ਪ੍ਰਮੁੱਖ ਕਾਰਨ ਇਸ ਤਰ੍ਹਾਂ ਵੇਖੇ ਜਾ ਸਕਦੇ ਹਨ:
 1. ਅਠਾਰਵੀਂ ਸਦੀ ਦਾ ਸਮਾਂ ਉਥਲ-ਪੁਥਲ ਦਾ ਸਮਾਂ ਸੀ ਜਿਸ ਵਿਚ ਲੋਕਾਂ ਨੂੰ ਆਪਣੀ ਜਾਨ-ਮਾਲ ਦਾ ਫਿਕਰ ਵਧੇਰੇ ਸੀ। ਇਸ ਸਮੇਂ ਲੋਕ ਜਿਵੇਂ-ਕਿਵੇਂ ਵਿਦੇਸ਼ੀ ਹਮਲਾਵਰਾਂ ਤੋਂ ਆਪਣੀ ਜਾਨ ਬਚਾਉਣ ਦਾ ਯਤਨ ਕਰਦੇ ਸਨ। ਇਸ ਸਮੇਂ ਦੌਰਾਨ ਸਿੱਖਾਂ ਦਾ ਵਧੇਰੇ ਸਮਾਂ ਵਿਦੇਸ਼ੀ ਹਮਲਾਵਰਾਂ ਨਾਲ ਲੋਹਾ ਲੈਣ ਵਿਚ ਹੀ ਲੱਗ ਗਿਆ ਸੀ ਅਤੇ ਉਨ੍ਹਾਂ ਨੂੰ ਆਪਣੀ ਰਣਨੀਤੀ ਅਨੁਸਾਰ ਜਨ-ਸਮੂਹ ਤੋਂ ਦੂਰ ਰਹਿ ਕੇ ਜੀਵਨ ਬਸਰ ਕਰਨਾ ਪੈ ਰਿਹਾ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੀ ਗੱਲ ਤਾਂ ਦੂਰ ਸੀ ਉਸ ਦਾ ਪਾਠ ਕਰਨਾ ਵੀ ਔਖਾ ਹੋ ਗਿਆ ਸੀ ਕੇਵਲ ਭਾਵਨਾ ਵੱਸ ਹੋ ਕੇ ਸਿੱਖ ਆਪਣੇ ਧਰਮ ਗ੍ਰੰਥ ਨੂੰ ਸਾਂਭ ਕੇ ਰੱਖਣ ਦਾ ਭਰਪੂਰ ਯਤਨ ਕਰ ਰਹੇ ਸਨ। ਇਸ ਦੇ ਸਿੱਟੇ ਵਜੋਂ ਉਹ ਨਾ ਤਾਂ ਖੁਲ ਕੇ ਆਪਣੇ ਧਰਮ-ਗ੍ਰੰਥ ਦੀ ਗੱਲ ਕਰ ਸਕਦੇ ਸਨ ਅਤੇ ਨਾ ਹੀ ਉਸ ਸੰਬੰਧੀ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਨੇ ਵੀ ਮੁਸ਼ਕਲ ਹੋ ਰਹੇ ਸਨ ਕਿਉਂਕਿ ਸਮੇਂ ਦੇ ਦਮਨ-ਚੱਕਰ ਨੇ ਸਿੱਖਾਂ ਨੂੰ ਹਕੂਮਤ ਨਾਲ ਉਲਝਾਈ ਰੱਖਿਆ ਸੀ ਅਤੇ ਉਹ ਆਪਣੇ ਧਰਮ-ਗ੍ਰੰਥ ਨੁੰ ਸਮਝਣ ਲਈ ਬਹੁਤਾ ਕੰਮ ਨਹੀਂ ਕਰ ਸਕਦੇ ਸਨ।
 2. ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਿਸਲ ਪ੍ਰਬੰਧ ਸਥਾਪਤ ਹੋਣ ਤੱਕ ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਨ ਲਈ ਕਾਗਜ਼, ਕਲਮ ਅਤੇ ਸਿਆਹੀ ਮੁੱਖ ਜਰੂਰਤਾਂ ਸਨ ਜੋ ਕਿ ਲੁਕਣ ਠਿਕਾਣਿਆਂ ਵਿਚ ਰਹਿ ਕੇ ਪੈਦਾ ਕਰਨੀਆਂ ਬਹੁਤ ਹੀ ਮੁਸ਼ਕਲ ਕਾਰਜ ਸੀ। ਜਿਨ੍ਹਾਂ ਵੱਡੇ ਸ਼ਹਿਰਾਂ ਜਾਂ ਕਸਬਿਆਂ ਤੋਂ ਇਹ ਉਪਲਬਧ ਹੋ ਸਕਦੀਆਂ ਸਨ ਉਥੇ ਹਕੂਮਤ ਦਾ ਦਬਦਬਾ ਕਾਇਮ ਸੀ ਜੋ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਹੀ ਸੀ। ਸਿੱਖ ਮਿਸਲਾਂ ਦੇ ਪੰਜਾਬ ਤੇ ਕਾਬਜ ਹੋ ਜਾਣ ਉਪਰੰਤ ਵੀ ਇਨ੍ਹਾਂ ਨੂੰ ਵਿਦੇਸ਼ੀ ਹਮਲਾਵਰਾਂ ਨਾਲ ਲਗਾਤਾਰ ਜੂਝਣਾ ਪੈ ਰਿਹਾ ਸੀ। ਰਣਜੀਤ ਸਿੰਘ ਦਾ ਰਾਜ ਸਥਾਪਤ ਹੋ ਜਾਣ ਨਾਲ ਪੰਜਾਬ ਵਿਚ ਸ਼ਾਂਤੀ ਸਥਾਪਤ ਹੋ ਗਈ ਸੀ, ਉਸ ਦੇ ਰਾਜ ਵਿਚ ਵੱਖ-ਵੱਖ ਧਰਮ ਅਸਥਾਨਾਂ ਨੂੰ ਮਾਇਕ ਸਹਾਇਤਾ ਮਿਲਦੀ ਰਹੀ ਜਿਸ ਨਾਲ ਸਿੱਖਾਂ ਵਿਚ ਧਰਮ ਅਸਥਾਨਾਂ ਦੀ ਸਾਂਭ ਸੰਭਾਲ ਲਈ ਰੁਚੀ ਪੈਦਾ ਹੋਈ, ਪਰ ਜਿਆਦਾਤਰ ਪ੍ਰਬੰਧ ਉਦਾਸੀਆਂ ਅਤੇ ਹੋਰਨਾਂ ਮਹੰਤਾਂ ਦੇ ਹੱਥਾਂ ਵਿਚ ਹੀ ਰਿਹਾ। ਹਰ ਧਰਮ ਦੇ ਪੈਰੋਕਾਰ ਨੂੰ ਆਪਣੇ ਧਰਮ ਅਸਥਾਨ ਦੀ ਸਾਂਭ-ਸੰਭਾਲ ਅਤੇ ਆਪਣਾ ਧਰਮ ਗ੍ਰੰਥ ਪੜ੍ਹਨ ਦੀ ਆਜ਼ਾਦੀ ਸੀ। ਕਿਸੇ ਇਕ ਧਰਮ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਨਹੀਂ ਸੀ। ਰਣਜੀਤ ਸਿੰਘ ਤੋਂ ਇਲਾਵਾ ਪੂਰਬੀ ਪੰਜਾਬ ਵਿਚ ਅੰਗਰੇਜ਼ਾਂ ਦਾ ਪੂਰਨ ਤੌਰ ਤੇ ਕਬਜ਼ਾ ਸੀ। ਇਥੇ ਮੌਜੂਦ ਸਿੱਖ ਰਿਆਸਤਾਂ ਅੰਗਰੇਜ਼ਾਂ ਦੇ ਅਧੀਨ ਸਨ ਅਤੇ ਉਨ੍ਹਾਂ ਉਤੇ ਧਰਮ ਦੇ ਮਾਮਲੇ ਵਿਚ ਕੋਈ ਪਾਬੰਦੀ ਨਹੀਂ ਸੀ। ਇਨ੍ਹਾਂ ਰਿਆਸਤਾਂ ਦੇ ਰਾਜੇ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਕਾਰਜ ਕਰਦੇ ਸਨ, ਇਥੋਂ ਤੱਕ ਕਿ ਰਾਜਕੁਮਾਰ ਨੂੰ ਰਾਜਗੱਦੀ ਤੇ ਬੈਠਣ ਸਮੇਂ ਆਪਣੇ ਧਰਮ ਦੇ ਸੰਸਕਾਰ ਕਰਨ ਦੀ ਖੁਲ੍ਹ ਸੀ। ਇਨ੍ਹਾਂ ਰਾਜਿਆਂ ਦੀਆਂ ਰਿਆਸਤਾਂ ਵਿਚ ਬਹੁਤ ਸਾਰੇ ਅਜਿਹੇ ਡੇਰੇ ਸਥਾਪਤ ਹੋਏ ਜਿਨ੍ਹਾਂ ਨੇ ਗੁਰਬਾਣੀ ਅਧਿਐਨ ਦੇ ਕਾਰਜ ਕੀਤੇ। ਕੁਝ ਡੇਰਿਆਂ ਉਤੇ ਵੇਦਾਂਤਿਕ ਪ੍ਰਭਾਵ ਪਹਿਲਾਂ ਹੀ ਮੌਜੂਦ ਸੀ ਇਸ ਕਰਕੇ ਉਨ੍ਹਾਂ ਗੁਰਬਾਣੀ ਨੂੰ ਵੇਦਾਂਤਿਕ ਮੁਹਾਵਰੇ ਅਨੁਸਾਰ ਸਮਝਿਆ। ਇਸ ਤੋਂ ਇਲਾਵਾ ਇਨ੍ਹਾਂ ਰਿਆਸਤਾਂ ਵਿਚ ਬ੍ਰਾਹਮਣਾਂ ਦਾ ਪ੍ਰਭਾਵ ਮੌਜੂਦ ਸੀ ਅਤੇ ਰਾਜ ਵਲੋਂ ਉਨ੍ਹਾਂ ਦੀ ਹੀ ਮਾਇਕ ਸਹਾਇਤਾ ਕੀਤੀ ਜਾਂਦੀ ਸੀ ਜੋ ਗੁਰਬਾਣੀ ਦੀ ਵਿਆਖਿਆ ਪੌਰਾਣਿਕ ਢੰਗ ਨਾਲ ਕਰਦੇ ਸਨ। ਅਜਿਹੀਆਂ ਪਾਬੰਦੀਆਂ ਅਧੀਨ ਜੋ ਕਾਰਜ ਹੋਏ ਉਨ੍ਹਾਂ ਨੂੰ ਪੂਰਨ ਤੌਰ ਤੇ ਗੁਰਬਾਣੀ ਦੀ ਮੂਲ ਭਾਵਨਾ ਅਨੁਸਾਰ ਨਹੀਂ ਮੰਨਿਆ ਜਾ ਸਕਦਾ ਪਰ ਫਿਰ ਵੀ ਇਹ ਅਜਿਹੇ ਮਹੱਤਵਪੂਰਨ ਕਾਰਜ ਸਨ ਜਿਨ੍ਹਾਂ ਨੇ ਸਿੱਖਾਂ ਦੇ ਦਿਲਾਂ ਨੂੰ ਟੁੰਬਿਆ। 
 3. ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਵਰਗੇ ਸੂਝਵਾਨ ਅਤੇ ਵਿਦਵਾਨ ਧਰਮ-ਅਸਥਾਨਾਂ ਦੀ ਰਾਖੀ ਅਤੇ ਅਣਖ ਅਤੇ ਸਵੈਮਾਨ ਨੂੰ ਕਾਇਮ ਰੱਖਦੇ ਹੋਏ ਸ਼ਹੀਦ ਹੋ ਗਏ ਸਨ। ਗੁਰਮਤਿ ਦੇ ਯੋਗ ਵਿਦਵਾਨਾਂ ਦੀ ਘਾਟ ਨੇ ਲੋਕਾਂ ਅੰਦਰ ਰੂੜੀਆਂ ਨੂੰ ਜਨਮ ਦਿੱਤਾ ਜਿਸ ਨਾਲ ਵਹਿਮਾਂ-ਭਰਮਾਂ ਅਤੇ ਪਾਖੰਡਾਂ ਨੇ ਜਨਮ ਲਿਆ।
 4. ਸਮੇਂ ਦੇ ਗੇੜ ਨਾਲ ਕਲਾਸਕੀ ਭਾਸ਼ਾਵਾਂ ਦੀ ਸਮਝ ਘਟਣ ਲੱਗੀ ਅਤੇ ਕਾਵਿ ਪਰੰਪਰਾ ਰਾਹੀਂ ਪੇਸ਼ ਕੀਤਾ ਧਾਰਮਿਕ ਖਜ਼ਾਨਾ ਲੋਕਾਂ ਦੀ ਪਕੜ ਤੋਂ ਬਾਹਰ ਹੋਣ ਲੱਗਾ। ਬ੍ਰਜ ਅਤੇ ਸਾਧ ਭਾਸ਼ਾ ਵਿਚ ਲਿਖੇ ਗ੍ਰੰਥ ਲੋਕਾਂ ਦੀ ਸਮਝ ਤੋਂ ਦੂਰ ਹੋਣ ਲੱਗੇ।
 5. ਅੰਗਰੇਜ਼ੀ ਰਾਜ ਸਥਾਪਤ ਹੋਣ ਨਾਲ ਈਸਾਈ ਮਿਸ਼ਨਰੀਆਂ ਨੇ ਪੰਜਾਬ ਵਿਚ ਪੈਰ ਪਸਾਰੇ। ਉਨ੍ਹਾਂ ਬੜੇ ਸਰਲ ਢੰਗ ਨਾਲ ਲੋਕਾਂ ਵਿਚ ਈਸਾਈ ਧਰਮ ਪ੍ਰਤੀ ਚੇਤਨਾ ਪੈਦਾ ਕੀਤੀ। ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਅਤੇ ਹਕੂਮਤ ਦੇ ਪ੍ਰਭਾਵ ਅਧੀਨ ਪੰਜਾਬ ਦੇ ਲੋਕ ਉਨ੍ਹਾਂ ਵੱਲ ਖਿਚੇ ਗਏ। ਇਸ ਪ੍ਰਭਾਵ ਨੂੰ ਘਟਾਉਣ ਲਈ ਸਿੱਖ ਵਿਦਵਾਨਾਂ ਨੇ ਪੁਰਜੋਰ ਯਤਨ ਕੀਤੇ। ਉਨ੍ਹਾਂ ਬਹੁਤ ਹੀ ਸੁਖੈਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਰਸੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ।
 6. ਲੋਕਾਂ ਦਾ ਝੁਕਾਉ ਪਦਾਰਥਕ ਰੁਚੀਆਂ ਵੱਲ ਵਧਣ ਕਾਰਨ ਉਹ ਆਪਣੇ ਵਿਰਸੇ ਪ੍ਰਤੀ ਅਵੇਸਲੇ ਹੋਣ ਲੱਗੇ ਅਤੇ ਉਨ੍ਹਾਂ ਦਾ ਵਧੇਰੇ ਧਿਆਨ ਪਦਾਰਥਕ ਵਸਤਾਂ ਦੀ ਪੂਰਤੀ ਵੱਲ ਵਧਣ ਲੱਗਾ ਜਿਸ ਕਾਰਨ ਵਿਰਸੇ ਨਾਲ ਸੰਬੰਧਤ ਭਾਸ਼ਾਈ ਸ਼ਬਦਾਂ ਦੀ ਜਾਣਕਾਰੀ ਵੱਲ ਧਿਆਨ ਨਾ ਰਿਹਾ ਜਿਸ ਦੇ ਸਿੱਟੇ ਵਜੋਂ ਪੁਰਾਤਨ ਗ੍ਰੰਥ ਬੋਝ ਲੱਗਣ ਲੱਗ ਪਏ।
 7. ਟੀਕਾਕਾਰੀ ਦੀ ਆਧੁਨਿਕ ਪਰੰਪਰਾ ਵਿਚ ਤਰਕ ਭਰਪੂਰ ਵਿਚਾਰਧਾਰਾ ਨੇ ਜੋਰ ਫੜਿਆ। ਹਰ ਵਿਅਕਤੀ ਆਪਣੇ ਵਿਰਸੇ ਨਾਲ ਜੁੜਨ ਨੂੰ ਤਰਜੀਹ ਦਿੰਦਾ ਹੈ ਪਰ ਜੇਕਰ ਉਸ ਵਿਚ ਵਹਿਮਾਂ-ਭਰਮਾਂ ਦੀ ਭਰਮਾਰ ਹੋਵੇ ਤਾਂ ਉਸ ਦਾ ਧਿਆਨ ਚਿੰਤਨਸ਼ੀਲ਼ ਵਿਚਾਰਧਾਰਾਵਾਂ ਵੱਲ ਰੁਚਿਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚੋਂ ਇਹ ਲੋੜ ਸੌਖਿਆਂ ਹੀ ਪੂਰੀ ਹੁੰਦੀ ਸੀ। ਇਸ ਦਾ ਭਰਪੂਰ ਫਾਇਦਾ ਆਧੁਨਿਕ ਟੀਕਾਕਾਰਾਂ ਨੂੰ ਮਿਲਿਆ ਅਤੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਕ ਭਰਪੂਰ ਵਿਆਖਿਆ ਆਰੰਭ ਕਰ ਦਿੱਤੀ ਜਿਸ ਨੇ ਸਿੱਖਾਂ ਅਤੇ ਗੈਰ-ਸਿੱਖਾਂ ਦੇ ਮਨਾਂ ਵਿਚ ਇਸ ਗ੍ਰੰਥ ਪ੍ਰਤੀ ਸ਼ਰਧਾ ਪੈਦਾ ਕੀਤੀ। 
       ਆਧੁਨਿਕ ਟੀਕਾਕਾਰੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਜਿਸ ਨਾਲ ਪੁਰਾਤਨ ਟੀਕਿਆਂ ਦਾ ਪ੍ਰਭਾਵ ਆਮ ਲੋਕਾਂ ਵਿਚ ਖਤਮ ਹੋਣ ਲੱਗਾ। ਇਸ ਦਾ ਭਾਵ ਇਹ ਨਹੀਂ ਲੈਣਾ ਚਾਹੀਦਾ ਕਿ ਪੁਰਾਤਨ ਟੀਕੇ ਹੁਣ ਨਿਰਾਰਥਕ ਹੋ ਗਏ ਹਨ ਕਿਉਂਕਿ ਅੱਗੇ ਵਧਣ ਲਈ ਪਿਛਲਿਆਂ ਦੀ ਲੋੜ ਹਮੇਸ਼ਾਂ ਬਣੀ ਰਹਿੰਦੀ ਹੈ, ਭਾਵੇਂ ਥੋੜੀ ਹੀ ਕਿਉਂ ਨਾ ਹੋਵੇ ਪਰ ਮਹੱਤਵਪੂਰਨ ਹੁੰਦੀ ਹੈ। ਆਧੁਨਿਕ ਟੀਕਾਕਾਰੀ ਦੀਆਂ ਕੁਝ ਪ੍ਰਮੁਖ ਪ੍ਰਵਿਰਤੀਆਂ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ21:
 1. ਇਨ੍ਹਾਂ ਟੀਕਿਆਂ ਵਿਚ ਸਮੁਚੀ ਗੁਰਬਾਣੀ ਨੂੰ ਧਿਆਨ ਵਿਚ ਰਖਦਿਆਂ ਹਰ ਤੁਕ ਦੇ ਸਹੀ ਅਰਥ ਨਿਸਚਿਤ ਕਰਨ ਦਾ ਯਤਨ ਕਰਨਾ ਕੀਤਾ ਗਿਆ ਹੈ। ਇਕ ਤੁਕ ਦੇ ਇਕ ਅਰਥ ਹੀ ਮੰਨੇ ਗਏ ਹਨ।
 2. ਅਰਥ ਸ਼ਬਦ-ਵਿਉਤਪਤੀ ਅਤੇ ਵਿਆਕਰਣ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ।
 3. ਪੌਰਾਣਿਕ ਕਥਾਵਾਂ ਤੇ ਸਾਖੀਆਂ ਦੇ ਪੁਰਾਣੇ ਰਿਵਾਜ ਨੂੰ ਲਗਭਗ ਖਤਮ ਕਰ ਦਿਤਾ ਗਿਆ ਹੈ।
 4. ਟੀਕਿਆਂ ਵਿਚ ਅਰਥ ਕਰਦੇ ਸਮੇਂ ਗੁਰਮਤ ਨੂੰ ਵੇਦ-ਵੇਦਾਂਤ ਤੋਂ ਸੁਤੰਤਰ ਮੰਨਿਆ ਗਿਆ ਹੈ।
 5. ਇਨ੍ਹਾਂ ਟੀਕਿਆਂ ਦੀ ਸ਼ੈਲੀ ਸਾਹਿਤਕ ਤੇ ਭਾਸ਼ਾ ਸਰਲ ਪੰਜਾਬੀ ਹੋ ਗਈ ਹੈ। ਸਾਧ ਭਾਖਾ ਲੱਦੀ ਪੰਜਾਬੀ ਦਾ ਯੁਗ ਖਤਮ ਹੋ ਗਿਆ ਹੈ।
 ਗੁਰਬਾਣੀ ਟੀਕੇ
       ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਰੂਪ ਵਿਚ ਸਮਝਣ ਲਈ ਵਿਦਵਾਨਾਂ ਨੇ ਭਰਪੂਰ ਯਤਨ ਕੀਤੇ ਹਨ, ਟੀਕਾ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਟੀਕੇ ਸਾਹਮਣੇ ਆਉਣ ਤੋਂ ਪਹਿਲਾਂ ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਬਾਣੀਆਂ ਦੇ ਟੀਕੇ ਵੇਖਣ ਨੂੰ ਮਿਲਦੇ ਹਨ ਜਿਵੇਂ ਵੱਖ-ਵੱਖ ਸ਼ਾਖਾਵਾਂ ਵਿਚੋਂ ਮਿਹਰਬਾਨ, ਅਨੰਦਘਣ, ਭਾਈ ਸੰਤੋਖ ਸਿੰਘ ਆਦਿ ਦਾ ਨਾਮ ਵਰਣਨ ਯੋਗ ਹੈ। ਆਧੁਨਿਕ ਯੁੱਗ ਦੀ ਟੀਕਾਕਾਰੀ ਵਿਚ ਪ੍ਰੋਫੈਸਰ ਸ਼੍ਰੇਣੀ ਨੇ ਇਸ ਪਾਸੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੇ ਵਿਸ਼ੇਸ਼ ਯਤਨ ਕਰਕੇ ਗੁਰਬਾਣੀ ਨੂੰ ਅਕਾਦਮਿਕ ਮਿਆਰ ਅਨੁਸਾਰ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਕਾਲਜ ਦੇ ਪ੍ਰੋਫੈਸਰਾਂ ਵਿਚ ਤੇਜਾ ਸਿੰਘ, ਸਾਹਿਬ ਸਿੰਘ ਆਦਿ ਦਾ ਨਾਮ ਵਰਣਨਯੋਗ ਹੈ ਅਤੇ ਯੂਨੀਵਰਸਿਟੀ ਵਿਚ ਪ੍ਰੋ. ਤਾਰਨ ਸਿੰਘ ਦਾ ਇਸ ਕਾਰਜ ਵਿਚ ਵਿਸ਼ੇਸ਼ ਸਥਾਨ ਹੈ। ਪ੍ਰੋ. ਤਾਰਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਨਹੀਂ ਕੀਤਾ ਪਰ ਉਨ੍ਹਾਂ ਦੁਆਰਾ ਗੁਰੂ ਨਾਨਕ ਬਾਣੀ ਦਾ ਕੀਤਾ ਟੀਕਾ ਮਹੱਤਵਪੂਰਨ ਹੈ। ਗੁਰੂ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਅਨੁਸਾਰ ਰਾਗ ਕ੍ਰਮ ਅਨੁਸਾਰ ਰੱਖਿਆ ਗਿਆ ਹੈ। ਇਸ ਦਾ ਮੂਲ ਪਾਠ ਸ਼੍ਰੋਮਣੀ ਗੁਰਦੁਆਰਾ ਛਾਪੀਆਂ ਗਈਆਂ ਸ਼ਬਦਾਰਥ ਦੀਆਂ ਚਾਰ ਪੋਥੀਆਂ ਅਨੁਸਾਰ ਹੈ। ਇਸ ਟੀਕੇ ਨੂੰ ਤਿਆਰ ਕਰਨ ਲਈ ਪੁਰਾਤਨ ਟੀਕਿਆਂ ਦੀ ਸਹਾਇਤਾ ਲਈ ਗਈ ਹੈ। ਪੰਜਾਬੀ ਯੂਨੀਵਰਸਿਟੀ ਦੁਆਰਾ ਛਾਪੇ ਗਏ ਇਸ ਟੀਕੇ ਦੀ ਸੁਧਾਈ ਸ. ਨਰੈਣ ਸਿੰਘ ਨੇ ਕੀਤੀ ਹੈ। ਇਸ ਤੋਂ ਇਲਾਵਾ ਹਿੰਦੀ ਭਾਸ਼ਾ ਵਿੱਚ ਡਾ. ਗੁਰਦੇਵ ਕੌਰ ਅਤੇ ਡਾ. ਗੁਰਚਰਨ ਸਿੰਘ ਅਨੰਦ ਦੁਆਰਾ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਪੀਅੰਤਰਣ ਸਹਿਤ ਇਕ ਸ਼ਬਦਾਰਥ ਵੀ ਪਜਾਬੀ ਯੂਨੀਵਰਸਿਟੀ ਦੁਆਰਾ ਛਾਪਿਆ ਗਿਆ ਹੈ। ਬਹੁਤ ਸਾਰੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਟੀਕੇ ਤਿਆਰ ਕਰਨ ਲਈ ਯਤਨ ਆਰੰਭੇ ਅਤੇ ਉਨ੍ਹਾਂ ਵਿਚੋਂ ਬਹਤੇ ਇਸ ਕਾਰਜ ਵਿਚ ਸਫਲ ਵੀ ਹੋਏ, ਉਨ੍ਹਾਂ ਬਾਰੇ ਇਥੇ ਸੰਖੇਪ ਰੂਪ ਵਿਚ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ।
 1. ਗਿਆਨੀ ਬਦਨ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), 4 ਭਾਗ।
 2. ਗਿਆਨੀ ਨਿਹਾਲ ਸਿੰਘ ਸੂਰੀ, ਸ੍ਰੀ ਗੁਰੂਮਤਿ ਭਾਉ ਪ੍ਰਕਾਸ਼ਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 1936 ਈਸਵੀ।
 3. ਪੰਡਤ ਨਾਰਾਇਣ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ, ਪੰਜ ਭਾਗ।
 4. ਗਿਆਨੀ ਬਿਸ਼ਨ ਸਿੰਘ, ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ, 8 ਭਾਗ।
 5. ਸੰਤ ਕਿਰਪਾਲ ਸਿੰਘ, ਸੰਪ੍ਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 10 ਭਾਗ।
 6. ਭਾਈ ਵੀਰ ਸਿੰਘ, ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਤ ਭਾਗ।
 7. ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, 10 ਭਾਗ।
 8. ਗਿਆਨੀ ਮਨੀ ਸਿੰਘ, ਸਿਧਾਂਤਕ ਸਟੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ(ਪ੍ਰਸ਼ਨ-ਉੱਤਰ ਵਿਕਾਸ), 8 ਭਾਗ, 1994  ਈਸਵੀ।
 9. ਗਿਆਨੀ ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ: ਤੁਲਨਾਤਮਕ ਅਧਿਐਨ, 14  ਭਾਗ।
 10. ਪ੍ਰੋ. ਤੇਜਾ ਸਿੰਘ, ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, 4 ਭਾਗ। 
       ਇਨ੍ਹਾਂ ਵਿਚੋਂ ਫ਼ਰੀਦਕੋਟੀ ਟੀਕਾ ਸਭ ਤੋਂ ਪੁਰਾਤਨ ਹੈ ਇਹ ਉਨੀਵੀਂ ਸਦੀ ਦੀ ਕ੍ਰਿਤ ਹੈ। ਪਿਆਰਾ ਸਿੰਘ ਪਦਮ ਪੰਡਿਤ ਤਾਰਾ ਸਿੰਘ ਨਰੋਤਮ ਦੁਆਰਾ ਕੀਤੇ ਇਕ ਹੋਰ ਟੀਕੇ ਦਾ ਜ਼ਿਕਰ ਕਰਦੇ ਹਨ, ਇਹ ਵੀ ਉਨੀਵੀਂ ਸਦੀ ਵਿਚ ਹੀ ਰਚਿਆ ਗਿਆ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵੇਂ ਟੀਕਿਆਂ ਨੂੰ ਪੁਰਾਤਨ ਟੀਕਾਕਾਰੀ ਦਾ ਸਰੂਪ ਮੰਨਦੇ ਹੋਏ ਉਹ ਇਨ੍ਹਾਂ ਦੀ ਤੁਲਨਾ ਕਰਦੇ ਹੋਏ ਕਹਿੰਦੇ ਹਨ, “ਪੰਡਿਤ ਤਾਰਾ ਸਿੰਘ ਨਰੋਤਮ ਦੀ ਬੋਲੀ ਗੂੜ੍ਹ ਤੇ ਸ਼ੈਲੀ ਪੁਰਾਣੇ ਸ਼ਾਸਤ੍ਰੀ ਤਰੀਕੇ ਦੀ ਸੀ, ਜਿਸ ਨੂੰ ਹਰ ਕੋਈ ਨਹੀਂ ਸੀ ਸਮਝ ਸਕਦਾ ਅਤੇ ਇਹ ਸਾਰਾ ਛਪਿਆ ਵੀ ਨਹੀਂ। ਲੇਕਿਨ ਗਿਆਨੀ ਬਦਨ ਸਿੰਘ ਦੇ ਟੀਕੇ ਦੀ ਖੂਬੀ ਇਹ ਹੈ ਕਿ ਉਹ ਉਨੀਵੀਂ ਸਦੀ ਦੀ ਰਚਨਾ ਹੋਣ ਦੇ ਬਾਵਜੂਦ ਬੋਲੀ ਤੇ ਸ਼ੈਲੀ ਦੇ ਪੱਖੋਂ ਅਤਿ ਸਰਲ ਤੇ ਸਪਸ਼ਟ ਹੈ। ਫਿਰ ਉਨ੍ਹਾਂ ਮਾਮੂਲੀ ਜਿਹੀ ਉਥਾਨਕਾ ਦੱਸ ਕੇ ਅਰਥ ਵੀ ਨਿਸ਼ਚਤ ਭਾਂਤ ਇਕੋ ਦਿੱਤਾ ਹੈ, ਜੋ ਅੱਜ ਦੇ ਪਾਠਕ ਨੂੰ ਵੀ ਸੰਤੁਸ਼ਟਤਾ ਦੇਣ ਵਾਲਾ ਹੈ।”22
 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ)
       ਇਹ ਟੀਕੇ ਨੂੰ ਸਭ ਤੋਂ ਪੁਰਾਤਨ ਮੰਨਿਆ ਜਾਂਦਾ ਹੈ। ਇਸ ਟੀਕੇ ਦੀ ਲੋੜ ਕਿਉਂ ਪਈ, ਸਪਸ਼ਟ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ, “ਸਿੱਖ ਇਤਿਹਾਸ ਭਾਵੇਂ ਗੁਰਬਾਣੀ ਦਾ ਟੀਕਾ ਗੁਰਸਿੱਖਾਂ ਦੀ ਰਸਨਾ ਪੁਰ ਹੀ ਹੋਣਾ ਦਸਦਾ ਸੀ, ਪ੍ਰੰਤੂ ਨਈ ਰੌਸ਼ਨੀ ਦੇ ਲੋਕਾਂ ਵਿਚ ਤਹਰੀਰ ਅੰਦਰ ਟੀਕੇ ਦੇ ਹੋਣ ਦੀ ਲੋੜ ਪੈਦਾ ਕਰ ਦਿੱਤੀ, ਜਿਸਨੂੰ ਪੂਰਾ ਕਰਨ ਲਈ ਡਾਕਟਰ ਟ੍ਰੰਪ ਸਾਹਿਬ ਇਕ ਜਰਮਨ ਵਿਦਵਾਨ ਨੇ ਕਲਮ ਉਠਾ ਕੇ ਅਸ਼ੁੱਧ ਟੀਕਾ ਪ੍ਰੈਸ ਦੀ ਰਾਹੀਂ ਪ੍ਰਗਟ ਕੀਤਾ, ਜਿਸਨੇ ਇਕ ਸ਼ੁੱਧ ਟੀਕੇ ਦੀ ਖਿੱਚ ਲੋਕਾਂ ਵਿਚ ਪੈਦਾ ਕਰ ਦਿੱਤੀ।”23 ਇਸ ਟੀਕੇ ਨੂੰ ਸਾਕਾਰ ਰੂਪ ਪ੍ਰਦਾਨ ਕਰਨ ਲਈ ਰਿਆਸਤ ਫਰੀਦਕੋਟ ਦੇ ਮਹਾਰਾਜਾ ਬਿਕ੍ਰਮਾ ਸਿੰਘ ਜੀ ਨੇ ਵਿਸ਼ੇਸ਼ ਯਤਨ ਆਰੰਭੇ। ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਗਿਆਨੀ ਬਦਨ ਸਿੰਘ ਸੇਖਵਾਂ ਵਾਲਿਆਂ ਦੀਆਂ ਸੇਵਾਵਾਂ ਲਈਆਂ ਗਈਆਂ ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹ ਟੀਕਾ ਸੰਮਤ 1934 ਵਿਚ ਆਰੰਭ ਹੋ ਕੇ ਸੰਮਤ 1940 ਵਿਚ ਸੰਪੂਰਨ ਹੋਇਆ। ਇਸ ਟੀਕੇ ਦੀ ਸੁਧਾਈ ਦੀ ਜਿੰਮੇਵਾਰੀ ਬਾਬਾ ਸੁਮੇਰ ਸਿੰਘ ਤਖ਼ਤ ਸ੍ਰੀ ਪਟਨਾ ਵਾਲਿਆਂ ਨੂੰ ਸੌਂਪੀ ਗਈ ਜਿਨ੍ਹਾਂ ਨੇ ਗਿਆਨਵਾਨ ਸਿੰਘਾਂ ਦੀ ਇਕ ਕਮੇਟੀ ਰਾਹੀਂ ਇਸ ਕਾਰਜ ਨੂੰ ਸਿਰੇ ਚੜਾਇਆ। ਕਮੇਟੀ ਵਿਚਲੇ ਸਿੰਘਾਂ ਵਿਚ ਭਾਈ ਹਰਭਜਨ ਸਿੰਘ ਅੰਮ੍ਰਿਤਸਰ, ਭਾਈ ਸੰਤ ਸਿੰਘ ਕਪੂਰਥਲਾ ਰਿਆਸਤ, ਭਾਈ ਝੰਡਾ ਸਿੰਘ ਨਨਕਯਾਨਾ (ਸੰਗਰੂਰ), ਭਾਈ ਰਾਇ ਸਿੰਘ ਜੰਗੀ ਰਾਣਾ, ਭਾਈ ਧਿਆਨ ਸਿੰਘ ਸੇਖਵਾਂ ਵਾਲੇ, ਪੰਡਤ ਹਮੀਰ ਸਿੰਘ ਜੀ ਸੰਸਕ੍ਰਿਤੀ, ਪੰਡਤ ਬਾਲਕ ਰਾਮ ਜੀ ਉਦਾਸੀ ਸੰਸਕ੍ਰਿਤੀ, ਬਾਬਾ ਬਖਤਾਵਰ ਸਿੰਘ ਸ਼ਾਮਲ ਸਨ। ਇਹ ਟੀਕਾ ਬਹੁਤ ਸਾਰੇ ਸਿਰੜੀ ਯਤਨਾਂ ਨਾਲ ਸੰਪੂਰਨ ਹੋਇਆ ਜਿਸ ਤੇ ਟਿੱਪਣੀ ਕਰਦੇ ਹੋਏ ਗਿ. ਹਰਿਬੰਸ ਸਿੰਘ ਕਹਿੰਦੇ ਹਨ, “ਇਹ ਟੀਕਾ 'ਪੰਚ ਪਰਵਾਣੀ' ਢੰਗ ਨਾਲ ਤਿਆਰ ਕੀਤਾ ਗਿਆ ਸੀ। ਮੇਰੇ ਪਰਮ ਪਿਆਰੇ ਮੇਜਰ ਸੁਰਜਨ ਸਿੰਘ ਚੰਡੀਗੜ੍ਹ ਜਿਨ੍ਹਾਂ ਇਸ ਟੀਕੇ ਦੀ ਤਿਆਰੀ ਨੂੰ ਆਪਣੇ ਅੱਖੀਂ ਡਿੱਠਾ, ਦਸਦੇ ਹਨ ਕਿ 20-25 ਵਿਦਵਾਨਾਂ ਦੀ ਮੰਡਲੀ ਇਕ-ਇਕ ਸ਼ਬਦ ਦੇ ਅਰਥ ਲਿਖ ਕੇ ਲਿਆਉਂਦੀ ਸੀ ਅਤੇ ਜਦੋਂ ਵਿਚਾਰ ਸਭਾ ਲਗਦੀ ਸੀ ਤਾਂ ਗਿਆਨੀ ਬਦਨ ਸਿੰਘ ਜੀ ਜੋ ਮੁੱਖੀ ਵਿਦਵਾਨ ਸਨ, ਸਾਰਿਆਂ ਨੂੰ ਆਪੋ ਆਪਣੇ ਲਿਖੇ ਹੋਏ ਅਰਥ ਸੁਣਾਉਣ ਲਈ ਕਹਿੰਦੇ ਸਨ ਅਤੇ ਸਭ ਤੋਂ ਪਿਛੋਂ ਉਹ ਆਪਣੇ ਕੀਤੇ ਹੋਏ ਅਰਥਾਂ ਨੂੰ ਸਾਹਮਣੇ ਰੱਖ ਕੇ ਫਿਰ ਨਿਰਣਾ ਕਰਦੇ ਸਨ।”24
       ਚਾਰ ਪੋਥੀਆਂ ਵਿਚ ਸੰਪੂਰਨ ਹੋਏ ਇਸ ਟੀਕੇ ਦਾ ਦੂਜਾ ਸੰਸਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਸੁਧਾਈ ਕਰਕੇ, ਸੰਮਤ 1981 ਵਿਚ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਤੋਂ ਛਪਿਆ। ਪ੍ਰਸ਼ਨ-ਉਤਰਾਂ ਦੇ ਰੂਪ ਵਿਚ ਛਪੇ ਹੋਏ ਇਸ ਟੀਕੇ ਦੇ ਚਾਰ ਭਾਗ ਅੱਜਕਲ ਭਾਸ਼ਾ ਵਿਭਾਗ ਦੁਆਰਾ ਛਪੇ ਹੋਏ ਮਿਲਦੇ ਹਨ ਜਿਸ ਦੇ 2925 ਤੋਂ ਵਧੇਰੇ ਪੰਨੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਤਤਕਰੇ ਅਨੁਸਾਰ ਇਹ ਟੀਕਾ ਸੰਪੂਰਨ ਕੀਤਾ ਗਿਆ ਹੈ। ਕਿਤੇ ਕਿਤੇ ਲੋੜ ਅਨੁਸਾਰ ਸਿਧਾਂਤ ਰੂਪੀ ਸ਼ਬਦਾਂ ਨੂੰ ਖੋਲ ਕੇ ਸਮਝਾਉਣ ਲਈ ਵਿਸਤਾਰ ਵੀ ਦਿੱਤਾ ਹੋਇਆ ਹੈ।
 ਸ੍ਰੀ ਗੁਰੂਮਤਿ ਭਾਉ ਪ੍ਰਕਾਸ਼ਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਟੀਕਾ ਸ. ਨਿਹਾਲ ਸਿੰਘ ਜੀ)
       ਇਹ ਟੀਕਾ ਸ. ਨਿਹਾਲ ਸਿੰਘ ਸੂਰੀ ਦੀ ਕ੍ਰਿਤ ਹੈ। ਉਹ ਬਾਣੀ ਦੇ ਰਸੀਆ ਅਤੇ ਗੁਰਮਤਿ ਸਿਧਾਂਤ ਦੇ ਪ੍ਰਚਾਰਕ ਸਨ। ਗੁਰਮਤਿ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਨ੍ਹਾਂ ਨੇ ਖਾਲਸਾ ਇਤਿਹਾਸਕ ਵਾ ਵਿਦਯਕ ਸੋਸਾਇਟੀ ਦੀ ਸਥਾਪਨਾ ਕੀਤੀ। ਇਸ ਸੋਸਾਇਟੀ ਦੇ ਮੁੱਖ ਮਨੋਰਥ ਸਨ:
 1. ਸਿੱਖ ਧਰਮ ਸੰਬੰਧੀ ਸਾਹਿਤਯ ਦਾ ਯੋਗਯ ਪ੍ਰਚਾਰ ਲੇਖਾਂ ਅਰ ਪੁਸਤਕਾਂ ਦੁਆਰਾ ਕਰਨਾ।
 2. ਸਿੱਖ ਇਤਿਹਾਸ ਅਤੇ ਸਾਹਿਤਯ ਸੰਬੰਧੀ 'ਰੀਸਰਚ' ਦਾ ਕੰਮ ਕਰਨਾ।
 3. ਮੌਜੂਦਾ ਸਿੱਖ ਇਤਿਹਾਸ ਅਤੇ ਉਸ ਸੰਬੰਧੀ ਹੋਰ ਸਾਹਿਤਯ ਦੀ ਯੋਗ ਛਾਨ ਬੀਨ ਦੁਆਰਾ ਸੁਧਾਈ ਕਰਨੀ।
 4. ਸਿੱਖਾਂ ਦੀਆਂ ਸੀਨਾਂ ਬਸੀਨਾਂ ਚਲੀਆਂ ਆਈਆਂ ਸਾਖੀਆਂ(ਰਵਾਇਤਾਂ) ਦਾ ਇਕੱਤ੍ਰ ਕਰਨਾ ਤੇ ਸਦਾ ਲਈ ਕਾਇਮ ਰੱਖਣਾ।
 5. ਅੱਡ ਅੱਡ ਬੋਲੀਆਂ ਤੋਂ ਅਤੇ ਉਹਨਾਂ ਵਿਚ ਉਲਥੇ ਕਰਨੇ।
       ਇਸ ਸੋਸਾਇਟੀ ਦੇ ਇਨ੍ਹਾਂ ਨਿਯਮਾਂ ਤੋਂ ਪਤਾ ਲਗਦਾ ਹੈ ਕਿ ਇਸ ਦੇ ਬਾਨੀ ਅਤੇ ਹੋਰ ਪ੍ਰਬੰਧਕ ਕਿਵੇਂ ਪੰਥ ਦੇ ਵਿਦਿਅਕ ਹਿਤਾਂ ਨੂੰ ਸਾਹਮਣੇ ਰੱਖ ਕੇ ਕਾਰਜ ਕਰ ਰਹੇ ਸਨ। ਸੋਸਾਇਟੀ ਦੇ ਇਹਨਾਂ ਉਦੇਸ਼ਾਂ ਦੀ ਪੂਰਤੀ ਹਿਤ ਸ. ਨਿਹਾਲ ਸਿੰਘ ਨੇ ਪਦ ਛੇਦ ਅਤੇ ਕਠਨ ਤੁਕਾਂ ਤੇ ਪਦਾਂ ਦੇ ਅਰਥਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸ਼ਬਦਾਰਥ ਤਿਆਰ ਕੀਤਾ ਜੋ ਕਿ ਅਪ੍ਰੈਲ 1918 ਨੂੰ ਪਾਠਕਾਂ ਦੇ ਸਨਮੁਖ ਆਇਆ। ਇਹ ਪੋਥੀ ਗੁਰੂਮਤ ਪ੍ਰੈਸ, ਸ੍ਰੀ ਅੰਮ੍ਰਿਤਸਰ ਵਿਚ ਛਪੀ। ਏਸੇ ਲੜੀ ਤਹਿਤ ਉਨ੍ਹਾਂ ਦੂਜਾ ਵੱਡਾ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸੀ ਜਿਸ ਦੀ ਪਹਿਲੀ ਪੋਥੀ 1930 ਈਸਵੀ ਵਿਚ ਤਿਆਰ ਹੋ ਕੇ ਪਾਠਕਾਂ ਦੇ ਸਨਮੁਖ ਆਈ। ਇਸ ਟੀਕੇ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦੇ ਹੋਏ ਗੁਰੂਮਤਿ ਪ੍ਰਚਾਰਕ ਸਭਾ ਰਾਵਲਪਿੰਡੀ ਦੇ ਪ੍ਰੈਜ਼ੀਡੈਂਟ ਸਰਦਾਰ ਸੁੰਦਰ ਸਿੰਘ ਜੀ ਦਸਦੇ ਹਨ:
 1. ਬਾਣੀ ਦੇ ਪਾਠ ਵਿਚ ਜਿਥੇ ਕੁਝ ਮਤਭੇਦ ਪ੍ਰਤੀਤ ਹੋਂਦਾ ਹੈ ਉਸ ਪਾਠ ਨੂੰ ਸ਼ੁੱਧ ਸਾਬਤ ਕਰਨ ਲਈ ਅਨੇਕਾਂ ਪ੍ਰਮਾਣ ਉਸੀ ਪ੍ਰਕਾਰ ਦੇ ਦਿੱਤੇ ਗਏ ਹਨ।
 2. ਬਾਣੀ ਦੇ ਅਰਥ ਜੋ ਵੀ ਕੀਤੇ ਹਨ ਉਨ੍ਹਾਂ ਦੀ ਪ੍ਰੋੜਤਾ ਕਰਨ ਲਈ ਸਵਾਇ ਗੁਰਬਾਣੀ ਦੇ ਹੋਰ ਕਿਧਰੋਂ ਪ੍ਰਮਾਣ ਦੇਣ ਦਾ ਯਤਨ ਨਹੀਂ ਕੀਤਾ, ਅਰਥ ਅਜੇਹੀ ਗੂਝ ਵਿਚਾਰ ਨਾਲ ਕੀਤੇ ਹਨ ਕਿ ਗੁਰਬਾਣੀ ਦੀ ਕਸਵੱਟੀ ਤੇ ਐਨ ਪੂਰੇ ਉਤਰਦੇ ਹਨ।
 3. ਜਪੁਜੀ ਸਾਹਿਬ ਦੀ ਬਾਣੀ ਦੀ ਹਰ ਇਕ ਪਉੜੀ ਦੀ ਲੜੀ ਪਿਛਲੀ ਪਉੜੀ ਨਾਲ ਜੋੜਨ ਦੀ ਸੂਚਨਾ ਦਿੱਤੀ ਹੈ।
 4. ਸਾਧ ਸੰਤ ਆਦਿ ਪਦਾਂ ਦਾ ਨਿਰਨਾ ਬੜੀ ਚੰਗੀ ਤਰ੍ਹਾਂ ਕੀਤਾ ਹੈ।
 5. ਹਰ ਇਕ ਸੈਂਚੀ ਪੁਸਤਕ ਦੀ ਸ਼ਕਲ ਵਿਚ ਹੈ ਜਿਥੇ ਜੀ ਚਾਹੇ ਸਹਿਲ ਹੀ ਨਾਲ ਲੈ ਜਾ ਸਕੀਦਾ ਹੈ।
 6. ਇਹ ਟੀਕਾ ਆਪ ਨੇ ਇਕ ਸਾਲ ਵਿਚ ਸੰਪੂਰਨ ਕੀਤਾ ਹੈ।
       ਇਸ ਟੀਕੇ ਦੀ ਵਿਸ਼ੇਸ਼ਤਾ ਦਸਦੇ ਹੋਏ ਗਿਆਨੀ ਭਗਤ ਰਾਮ ਰਾਵਲਪਿੰਡੀ ਕਹਿੰਦੇ ਹਨ ਕਿ ਏਹ ਦੇਖ ਕੇ ਬੜਾ ਹੀ ਅਸਚਰਜ ਹੋਇਆਂ ਹਾਂ ਕਿ ਇਨੇ ਬ੍ਰੀਕ ਟਾਇਪ ਦੇ ਭੀ 140 ਸਫਿਆਂ ਵਿਚ ਕੇਵਲ ਮੂਲ ਮੰਤ੍ਰ ਤੋਂ ਲੈ ਕੇ ਸੋਹਿਲੇ ਤਕ ਹੀ ਟੀਕਾ ਦਿਤਾ ਜਾ ਸਕਿਆ ਹੈ। ਕੇਵਲ ਮੂਲ ਮੰਤ੍ਰ ਦਾ ਅਰਥ ਹੀ 22 ਸਫਿਆਂ ਵਿਚ ਹੈ। ਇਹ ਇਸ ਗੱਲ ਲਈ ਕਾਫੀ ਸਬੂਤ ਹੈ ਕਿ ਅਰਥ ਬੜੇ ਹੀ ਵਿਸਥਾਰ ਨਾਲ ਦਿੱਤੇ ਗਏ ਹਨ। ਆਪ ਨੇ ਵਧੀਕ ਮਿਹਨਤ ਹੀ ਨਹੀਂ ਕੀਤੀ ਬਲਕਿ ਬਹਤ ਉਦਮ ਕਰਕੇ ਇਕ ਇਕ ਅੱਖਰ ਦੇ ਗੂੜ੍ਹ ਭਾਵ ਨੂੰ ਲੱਭਣ ਦਾ ਯਤਨ ਕੀਤਾ ਹੈ। 
 ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ (ਟੀਕਾ ਪੰਡਤ ਨਰੈਣ ਸਿੰਘ ਜੀ ਗਿਆਨੀ)
       ਇਹ ਸਟੀਕ ਪੰਡਤ ਨਰੈਣ ਸਿੰਘ ਗਿਆਨੀ ਜੀ ਦੀ ਕ੍ਰਿਤ ਹੈ। ਗਿਆਨੀ ਜੀ ਅਰਥਾਂ ਦੀ ਉਸ ਪਰੰਪਰਾ ਨਾਲ  ਸੰਬੰਧਤ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਆਰੰਭ ਕੀਤੀ ਗਈ। ਇਸ ਪਰੰਪਰਾ ਵਿਚ ਭਾਈ ਮਨੀ ਸਿੰਘ, ਭਾਈ ਦੀਵਾਨ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਖ਼ਜ਼ਾਨ ਸਿੰਘ, ਭਾਈ ਅਮੀਰ ਸਿੰਘ, ਭਾਈ ਰਾਮ ਸਿੰਘ, ਭਾਈ ਚੰਦਾ ਸਿੰਘ, ਭਾਈ ਦਯਾ ਸਿੰਘ, ਭਾਈ ਭਗਵਾਨ ਸਿੰਘ, ਭਾਈ ਬਬੇਕਾ ਸਿੰਘ ਅਤੇ ਇਸ ਟੀਕੇ ਦੇ ਟੀਕਾਕਾਰ ਗਿਆਨੀ ਨਰੈਣ ਸਿੰਘ ਆੁੳਂਦੇ ਹਨ। ਗਿਆਨੀ ਨਰੈਣ ਸਿੰਘ ਦਾ ਇਹ ਦੂਜਾ ਟੀਕਾ ਹੈ ਜੋ ਪਾਠਕਾਂ ਦੇ ਸਨਮੁਖ ਹੈ। ਇਸ ਤੋਂ ਪਹਿਲਾਂ ਉਨ੍ਹਾਂ ਜੋ ਟੀਕਾ ਕੀਤਾ ਉਹ ਰਿਆਸਤ ਫ਼ਰੀਦਕੋਟ ਨੇ ਅਜਿਹਾ ਸਾਂਭਿਆ ਕਿ ਮੁੜ ਬਾਹਰ ਨਾ ਆਇਆ। ਰਿਆਸਤ ਫ਼ਰੀਦਕੋਟ ਅਧੀਨ ਟੀਕਾ ਲਿਖਣ ਦੀ ਵਿਥਿਆ ਵਿਚ ਉਹ ਦਸਦੇ ਹਨ ਕਿ “ਸੰਨ 1911 ਈਸਵੀ ਵਿਚ ਦਿੱਲੀ ਦਰਬਾਰ ਹੋਯਾ ਹੈ, ਉਸ ਦਰਬਾਰ ਦੇ ਸਮੇਂ ਸਰਦਾਰ ਦਿਆਲ ਸਿੰਘ ਜੀ ਮਾਨ (ਪ੍ਰੈਜ਼ੂਡੈਂਟ, ਕੌਂਸਲ ਫ਼ਰੀਦਕੋਟ) ਨੇ ਇਕ ਦਿਨ ਦਿੱਲੀ ਵਿਚ ਫ਼ਰੀਦਕੋਟ ਵਲੋਂ ਛਪ ਚੁੱਕੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ ਵਿਚੋਂ ਕਿਸੇ ਇਕ ਸਬਦ ਦੇ ਅਰਥ ਸੁਣੇ, ਪਰ ਉਨ੍ਹਾਂ ਨੂੰ ਉਸ ਅਰਥ ਵਿਚੋਂ ਕੁਝ ਭੀ ਹੱਥ ਪੱਲੇ ਨਾ ਪਿਆ, ਤਦ ਉਨ੍ਹਾਂ ਨੇ ਅਪਨੇ ਕੋਲ ਬੈਠੇ ਸ੍ਰ: ਸੋਹਨ ਸਿੰਘ ਜੀ ਸੈਕ੍ਰੇਟਰੀ ਸਟੇਟ ਨਾਲ ਵਿਚਾਰ ਕੀਤੀ, ਕਿ 'ਟੀਕੇ ਦਾ ਮਤਲਬ ਇਹ ਹੁੰਦਾ ਹੈ, ਜੋ ਔਖੀ ਰਚਨਾ ਸੌਖੀ ਬਣਕੇ ਹਰੇਕ ਦੇ ਸਮਝਣ ਯੋਗ ਹੋ ਜਾਵੇ। ਏਹ ਟੀਕਾ ਤਾਂ ਮੂਲ ਪਾਠ ਨਾਲੋਂ ਭੀ ਔਖਾ ਮਲੂਮ ਹੁੰਦਾ ਹੈ', ਇਸ ਲਈ ਕੋਈ ਅਜੇਹਾ ਯਤਨ ਕੀਤਾ ਜਾਏ, ਜਿਸ ਕਰਕੇ ਏਹ ਸਾਰਾ ਟੀਕਾ ਠੇਠ ਪੰਜਾਬੀ ਬੋਲੀ, ਜਿਸਨੂੰ ਹਰ ਇਕ ਪੜ੍ਹ-ਅਨਪੜ੍ਹ ਮਾਈ-ਭਾਈ ਚੰਗੀ ਤਰ੍ਹਾਂ ਸਮਝ ਸਕੇ, ਅਤੇ ਇਸ ਟੀਕੇ ਦੇ ਤਿਆਰ ਹੁੰਦੇ ਹੀ ਦੁਬਾਰਾ ਛਾਪ ਦਿੱਤਾ ਜਾਏ।”25
       ਮਹਾਰਾਜਾ ਫ਼ਰੀਦਕੋਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੁਬਾਰਾ ਟੀਕਾ ਕਰਨ ਦੇ ਯਤਨ ਆਰੰਭੇ ਅਤੇ ਇਸ ਕਾਰਜ ਲਈ ਖ਼ਾਲਸਾ ਪ੍ਰਚਾਰਕ ਵਿਦਯਾਲਯ, ਤਰਨਤਾਰਨ, ਦੇ ਮਾਸਟਰ ਈਸ਼ਰ ਸਿੰਘ ਨਾਲ ਸੰਪਰਕ ਕੀਤਾ ਗਿਆ। ਮਾਸਟਰ ਜੀ ਨੇ ਇਹ ਟੀਕਾ ਕਰਨ ਦੇ ਯਤਨ ਕੀਤੇ ਪਰ ਗੱਲ ਕਿਸੇ ਸਿਰੇ ਨਾ ਲੱਗੀ। ਫਿਰ ਇਹ ਕੰਮ ਪੰਡਤ ਨਰੈਣ ਸਿੰਘ ਨੂੰ ਸੌਂਪਿਆ ਗਿਆ ਜਿਨ੍ਹਾਂ ਨੇ ਸਤੰਬਰ 1912 ਵਿਚ ਇਹ ਕਾਰਜ ਫ਼ਰੀਦਕੋਟ ਜਾ ਕੇ ਆਰੰਭ ਕੀਤਾ ਅਤੇ 16 ਮਹੀਨਿਆਂ ਦੀ ਅਣਥੱਕ ਮਿਹਨਤ ਉਪਰੰਤ ਇਸ ਨੂੰ ਮੁਕੰਮਲ ਕਰ ਲਿਆ। ਇਹ ਟੀਕਾ ਰਿਆਸਤ ਫ਼ਰੀਦਕੋਟ ਦੇ ਪਾਸ ਹੀ ਸੀ ਅਤੇ ਉਨ੍ਹਾਂ ਇਸ ਨੂੰ ਪ੍ਰਕਾਸ਼ਤ ਕਰਨ ਦੀ ਖੇਚਲ ਨਹੀਂ ਕੀਤੀ। ਇਕ ਵਾਰ ਪੰਡਤ ਜੀ ਆਪ ਇਸ ਟੀਕੇ ਦੀ ਛਪਾਈ ਲਈ ਬੇਨਤੀ ਕਰਨ ਉਥੇ ਗਏ ਤਾਂ ਪਤਾ ਲੱਗਾ ਕਿ ਟੀਕੇ ਦੀ ਪ੍ਰਕਾਸ਼ਨ ਕਮੇਟੀ ਦੇ ਪ੍ਰੈਜ਼ੀਡੈਂਟ “ਸ੍ਰਦਾਰ ਬਚਿੱਤ੍ਰ ਸਿੰਘ ਜੀ ਤਾਂ ਬਾਹਰ ਦੌਰੇ ਤੇ ਸਨ, ਸ੍ਰਦਾਰ ਫਤੇ ਸਿੰਘ ਜੀ ਨੂੰ ਮਿਲਿਆ, ਗੱਲਬਾਤ ਕੀਤੀ, ਉਨ੍ਹਾਂ ਫੁਰਮਾਯਾ ਆਪ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਮਿਲੋ, ਦਾਸ (ਪੰਡਤ ਨਰੈਣ ਸਿੰਘ) ਨੇ ਸ੍ਰਦਾਰ ਬਹਾਦਰ ਸ੍ਰਦਾਰ ਇੰਦਰ ਸਿੰਘ ਜੀ (ਪ੍ਰੈਜ਼ੀਡੈਂਟ, ਕੌਂਸਲ ਫ਼ਰੀਦਕੋਟ) ਦੇ ਪਾਸ ਹਾਜਰ ਹੋ ਕੇ ਪੰਜਾਬੀ ਵਿਚ ਕੀਤੇ ਗਏ ਟੀਕੇ ਦੇ ਪ੍ਰਕਾਸ਼ ਹੋਣ ਦੀ ਪ੍ਰਾਰਥਨਾ ਕੀਤੀ। ਆਪ ਜੀ ਨੇ ਉੱਤਰ ਦਿੱਤਾ - ਦਰਬਾਰ ਦੀ ਮਰਜੀ ਪੁਰਾਤਨ ਟੀਕਾ ਪ੍ਰਕਾਸ਼ ਕਰਨ ਦੀ ਹੈ, ਨਵਾਂ ਨਹੀਂ ਕੀਤਾ ਜਾਵੇਗਾ।”26
       ਪੰਡਤ ਨਰੈਣ ਸਿੰਘ ਜੀ ਨੇ ਆਪਣਾ ਟੀਕਾ ਛਪਦਾ ਨਾ ਵੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਹੋਰ ਟੀਕਾ ਕਰਨ ਦਾ ਮਨ ਬਣਾਇਆ। ਪਹਿਲਾਂ ਉਨ੍ਹਾਂ ਇਹ ਵਿਚਾਰ ਕੀਤਾ ਕਿ ਨਵਾਂ ਟੀਕਾ ਸ੍ਰੀ ਹਜ਼ੂਰ ਸਾਹਿਬ ਜਾ ਕੇ ਕੀਤਾ ਜਾਵੇ ਪਰ ਫਿਰ ਕੁਝ ਸੱਜਣਾਂ ਦੇ ਕਹਿਣ ਤੇ ਇਥੇ ਹੀ ਟੀਕਾ ਕਰਨ ਦਾ ਮਨ ਬਣਾ ਲਿਆ। ਉਨ੍ਹਾਂ ਦੱਸਿਆ ਕਿ “22 ਮਘਰ ਸੰਮਤ 1985 ਬਿਕ੍ਰਮੀ (1928 ਈਸਵੀ) ਨੂੰ ਕੜਾਹ ਪ੍ਰਸ਼ਾਦ ਕਰਕੇ ਅਰਦਾਸਾ ਸੋਧਕੇ ਸਵੇਰੇ 10 ਵਜੇ ਟੀਕਾ ਅਰੰਭ ਕਰ ਦਿੱਤਾ ਅਤੇ ਲਗਾਤਾਰ 16 ਘੰਟੇ ਹਰ ਰੋਜ ਲਿਖਾਈ ਕਰਦਾ ਰਿਹਾ ਜੋ ਅਸੂ ਦੀ 17 ਅਮਾਵਸ ਵਾਲੇ ਦਿਨ ਸਾਰਾ ਟੀਕਾ ਸੰਪੂਰਨ ਹੋ ਗਿਆ ਹੈ। ਯਾਰਾਂ ਮਹੀਨਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਪਾਠ ਦੀ ਲਿਖਾਈ ਸਣੇ ਟੀਕਾ ਹੋ ਗਿਆ! ਮੈਂ ਆਪ ਹੈਰਾਨ ਹਾਂ ਕਿ ਇਹ ਕਿਵੇਂ ਹੋ ਗਿਆ।”27 ਇਹ ਟੀਕਾ ਭਾਵੇਂ 1928 ਈਸਵੀ ਵਿਚ ਮੁਕੰਮਲ ਹੋ ਗਿਆ ਸੀ ਪਰ ਇਸ ਦੀ ਛਪਾਈ 1934 ਈਸਵੀ ਵਿਚ ਹੋਈ। ਇਸ ਦੇਰੀ ਦਾ ਕਾਰਨ ਦਸਦੇ ਹੋਏ ਉਹ ਕਹਿੰਦੇ ਹਨ ਕਿ “ਕਈ ਤੁਕਾਂ ਦਾ ਭੇਦ ਮੈਨੂੰ ਟੀਕਾ ਕਰਨ ਵੇਲੇ ਪੂਰਾ ਪੂਰਾ ਨਿਸਚਿਤ ਨਹੀਂ ਹੋਯਾ ਸੀ, ਏਹੋ ਹੀ ਕਾਰਨ ਸੀ ਜੋ ਮੈਂ ਉਸ ਵੇਲੇ ਤੋਂ ਅੱਜ ਤੀਕ ਟੀਕਾ ਨਹੀਂ ਛਪਵਾਯਾ। ਵਾਹਿਗੁਰੂ ਜੀ ਦੀ ਬੜੀ ਮਿਹਰ ਹੋਈ, ਤਾਂ ਸੰਨ 1934 ਈਸਵੀ ਵਿਚ ਮੈਨੂੰ ਸ੍ਰੀ ਮਾਨ ਗੁਰਮੁਖ ਪਿਆਰੇ, ਸਿੰਘ ਸਾਹਿਬ, ਭਾਈ ਭਗਵਾਨ ਸਿੰਘ ਜੀ ਮਲ੍ਹੇ ਵਾਲਿਆਂ ਦੇ ਚਰਨਾਂ ਵਿਚ ਪੁੱਜਣ ਦਾ ਸਮਾਂ ਪ੍ਰਾਪਤ ਹੋਯਾ। ਉਨ੍ਹਾਂ ਨੇ ਕ੍ਰਿਪਾ ਕਰਕੇ ਮੇਰੇ ਉਹ ਸਾਰੇ ਹੀ ਸੰਦੇਹ ਨਿਸਚੇ ਦੇ ਰੂਪ ਵਿਚ ਬਦਲ ਦਿੱਤੇ। ਇਸ ਤਰ੍ਹਾਂ ਨਾਲ ਮੈਂ ਉਪਰੋਕਤ ਮਹਾਂਪੁਰਸ਼ ਗੁਰਮੁਖਾਂ ਦੀ ਕ੍ਰਿਪਾ ਨਾਲ ਇਸ ਟੀਕੇ ਨੂੰ ਪੂਰਾ ਕਰਕੇ ਸਫਲ ਕਾਰਜ ਹੋਯਾ ਹਾਂ, ਅਤੇ ਉਨ੍ਹਾਂ ਮਹਾਂਪੁਰਸ਼ਾਂ ਦਾ ਆਤਮਕ ਅਸੀਸ ਨਾਲ ਹੀ ਇਹ ਟੀਕਾ ਛਪ ਕੇ ਗੁਰ ਸਿਖ ਸੰਗਤਾਂ ਦੇ ਕਰ ਕਮਲਾਂ ਵਿਚ ਸਸ਼ੋਭਿਤ ਹੋਯਾ ਹੈ।”28
 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਟੀਕਾ ਗਿਆਨੀ ਬਿਸ਼ਨ ਸਿੰਘ ਜੀ)
       ਇਹ ਟੀਕਾ ਗਿਆਨੀ ਬਿਸ਼ਨ ਸਿੰਘ ਜੀ ਦੁਆਰਾ ਕੀਤਾ ਗਿਆ ਹੈ।ਗਿਆਨੀ ਜੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅਧਿਆਪਨ ਕਾਰਜ ਕਰਦੇ ਸਨ ਅਤੇ ਨਾਲ ਹੀ ਕਾਲਜ ਦੇ ਗੁਰਦੁਆਰੇ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਸਨ। ਗ੍ਰੰਥੀ ਦੀ ਸੇਵਾ ਦੇ ਨਾਲ ਨਾਲ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵੀ ਕਰਿਆ ਕਰਦੇ ਸਨ ਜਿਸ ਤੋਂ ਕਾਲਜ ਪ੍ਰਿੰਸੀਪਲ ਸਮੇਤ ਆਉਣ ਵਾਲੀ ਸਮੂਹ ਸੰਗਤ ਪ੍ਰਭਾਵਤ ਸੀ। ਕਾਲਜ ਵਿਖੇ ਧਾਰਮਿਕ ਕਲਾਸਾਂ ਪੜਾਉਣ ਅਤੇ ਕਥਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਨਾਲ ਇਸ ਦੇ ਅਧਿਐਨ ਦੀ ਰੁਚੀ ਪੈਦਾ ਕਰ ਦਿੱਤੀ ਜਿਸ ਕਰਕੇ ਪਹਿਲਾਂ ਤੋਂ ਚਲ ਰਹੇ ਗੁਰਬਾਣੀ ਅਰਥਾਂ ਦੀ ਸੁਧਾਈ ਪ੍ਰਤੀ ਸੋਝੀ ਪੈਦਾ ਕੀਤੀ। ਅਧਿਆਪਨ ਕਾਰਜ ਦੌਰਾਨ ਵਾਰਾਂ ਅਤੇ ਕਬਿੱਤ ਸਵੱਯੇ ਭਾਈ ਗੁਰਦਾਸ ਜੀ ਸੰਪੂਰਨ ਹੋ ਕੇ ਪਾਠਕਾਂ ਦੇ ਰੂਬਰੂ ਹੋ ਚੁਕੇ ਸਨ। ਇਨ੍ਹਾਂ ਦੀ ਭਰਪੂਰ ਸ਼ਲਾਘਾ ਹੋਈ ਸੀ। ਭਾਈ ਕਾਨ੍ਹ ਸਿੰਘ ਨਾਭਾ ਨੇ ਇਨ੍ਹਾਂ ਦੁਆਰਾ ਕੀਤੇ ਕਬਿੱਤ ਸਵੱਈਆਂ ਤੇ ਟਿਪਣੀ ਕਰਦੇ ਹੋਏ ਕਿਹਾ ਕਿ “ਆਪ ਦਾ ਰਚਿਆ ਭਾਈ ਗੁਰਦਾਸ ਜੀ ਦੇ ਕਬਿੱਤਾਂ ਦਾ ਟੀਕਾ ਪਹੁੰਚਿਆ ਜਿਸ ਪਰ ਅਨੇਕ ਬਾਰ ਧੰਨਯਵਾਦ ਹੈ। ਆਪ ਨੇ ਜੋ ਆਪਣੀ ਰਚਨਾ ਪਹਿਲਾਂ ਕਈ ਵਾਰ ਭੇਜੀ ਹੈ ਉਸਨੂੰ ਅਰ ਇਸ ਟੀਕੇ ਨੂੰ ਦੇਖ ਕੇ ਮੇਰਾ ਚਿਤ ਅਤੀ ਪ੍ਰਸੰਨ ਹੋਯਾ ਹੈ। ਪਰਮ ਪਿਤਾ ਅਗੇ ਬੇਨਤੀ ਹੈ ਕਿ ਓਹ ਆਪ ਨੂੰ ਚਿਰ ਤੋੜੀ ਅਨੰਦ ਸਹਿਤ ਪੰਥ ਸੇਵਾ ਵਿਚ ਲਾਈ ਰਖੇ ਜੇ ਆਪ ਜੇਹੇ ਗਿਆਨੀ ਅਰ ਗ੍ਰੰਥੀ ਸਾਡੀ ਕੌਮ ਵਿਚ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹੋ ਜਾਣ ਤਾਂ ਸ਼ੀਘਰ ਹੀ ਸਾਡੀ ਪੂਰਨ ਉਨਤੀ ਹੋ ਸਕਦੀ ਹੈ।” ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਗੁਰਮਤਿ ਸਿਧਾਂਤ ਅਨੁਸਾਰੀ ਹਨ ਅਤੇ ਜਦੋਂ ਇਨ੍ਹਾਂ ਨੂੰ ਗਹੁ ਨਾਲ ਪੜੀਐ ਤਾਂ ਬਹੁਤ ਸਾਰੇ ਗੁਰਮਤਿ ਸਿਧਾਂਤ ਆਪਣੇ ਆਪ ਸਪਸ਼ਟ ਹੋ ਜਾਂਦੇ ਹਨ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਅਤੇ ਗੁਰਬਾਣੀ ਦੇ ਅਧਿਐਨ ਤੋਂ ਇਨ੍ਹਾਂ ਨੂੰ ਲੱਗਿਆ ਕਿ ਗੁਰਬਾਣੀ ਦੇ ਕੁਝ ਅਜਿਹੇ ਅਰਥ ਵੀ ਪ੍ਰਚਲਿਤ ਹੋ ਗਏ ਹਨ ਜੋ ਗੁਰਮਤਿ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਇਨ੍ਹਾਂ ਨੇ ਗੁਰਬਾਣੀ ਸਹੀ ਸੋਝੀ ਪੈਦਾ ਕਰਨ ਲਈ ਗੁਰਮਤਿ ਅਨੁਸਾਰ ਇਕ ਟੀਕਾ ਤਿਆਰ ਕੀਤਾ ਜੋ ਕਿ ਅੱਠ ਜਿਲਦਾਂ ਵਿਚ ਸੰਪੂਰਨ ਹੋਇਆ। ਗਿਆਨੀ ਜੀ ਦਸਦੇ ਹਨ ਕਿ 'ਇਸ ਟੀਕੇ ਵਿਚ ਅਰਥਾਂ ਲਈ ਸ਼ੁੱਧ ਪੰਜਾਬੀ ਲਫਜ਼ ਵਰਤੇ ਗਏ ਹਨ ਅਤੇ ਇਹ ਅਰਥ ਪੰਝੀਆਂ ਮਹਾਨ ਵਿਦਵਾਨਾਂ ਦੀ ਦ੍ਰਿਸ਼ਟੀ ਗੋਚਰ ਹੋਏ ਹਨ ੳ, ਅ, ਲਗ ਮਾਤ੍ਰ ਦੇ ਕ੍ਰਮ ਵਾਲਾ ਤੇ ਭਾਵਾਰਥ ਦੋ ਤਤਕਰਿਆਂ ਤਸਵੀਰਾਂ ਸਹਿਤ ਭਾਵਾਰਥ ਪ੍ਰਕਾਸ਼ ਹੈ। ਸ੍ਰੀ ਮਾਨ ਪ੍ਰੋਫੈਸਰ ਤੇਜਾ ਸਿੰਘ ਜੀ ਐਮ. ਏ. ਖਾਲਸਾ ਕਾਲਜ ਅੰਮ੍ਰਿਤਸਰ ਪੰਥ ਰਤਨ ਨੇ ਪੜ੍ਹਕੇ ਰੀਵੀਊ ਕੀਤਾ ਹੈ ਅਤੇ ਬਾਕੀ ਦਿਆਂ ਅਰਥਾਂ ਨੂੰ ਵੇਖਣਗੇ।' ਇਸ ਟੀਕੇ ਵਿਚ ਆਏ ਦੋ ਤਤਕਰਿਆਂ ਬਾਰੇ ਗਿਆਨੀ ਜੀ ਦਸਦੇ ਹਨ ਕਿ 'ਇਕ ਤਾਂ ਅਖਰ ਲਗ ਮਾਤ੍ਰ ਦੇ ਕ੍ਰਮ ਅਨੁਸਾਰ ਹੈ ਜਿਹੜਾ ਸ਼ਬਦ ਤੁਸਾਂ ਲੱਭਣਾ ਹੋਵੇ ਉਸਦੀ ਪਹਿਲੀ ਤੁਕ ਯਾਦ ਹੋਣੀ ਚਾਹੀਦੀ ਹੈ ਫਿਰ ਤੁਸੀਂ ਛੇਤੀ ਨਾਲ ਹੀ ਲੱਭ ਲਉਗੇ, ਲਗ ਮਾਤ੍ਰ ਦਾ ਧਿਆਨ ਕਰਕੇ ਏਸੇ ਟੀਕੇ ਵਿਚ ਵੇਖੋ ਜਿਸ ਸ਼ਬਦ ਦੀ ਤੁਹਾਨੂੰ ਪਹਿਲੀ ਪੰਗਤੀ ਆਉਂਦੀ ਹੈ ਓਹ ਬਹਤ ਛੇਤੀ ਲੱਭ ਪਵੇਗਾ। ਦੂਸਰਾ ਤਤਕਰਾ ਭਾਵਾਰਥ ਹੈ ਜਿਸ ਕਿਸੇ ਭਾਵ ਦਾ ਤੁਸਾਂ ਸ਼ਬਦ ਵੇਖਣਾ ਹੋਵੇ ਤਾਂ ਭਾਵਾਰਥ ਤਤਕਰਾ ਵੇਖੋ ਇਸ ਤਤਕਰੇ ਵਿਚ ਵੀ ਅਖਰਾਂ ਦਾ ਹੀ ਹਿਸਾਬ ਲਗਾਂ ਮਾਤ੍ਰਾਂ ਦੇ ਨਾਲ ਰੱਖਿਆ ਗਿਆ ਹੈ। ਜਿਸ ਭਾਵ ਦਾ ਤੁਹਾਨੂੰ ਸ਼ਬਦ ਚਾਹੀਦਾ ਹੈ ਤੁਸੀਂ ਭਾਵਾਰਥ ਤਤਕਰੇ ਵਿਚੋਂ ਵੇਖੋ।' ਇਹ ਟੀਕਾ ਅੱਠ ਜਿਲਦਾਂ ਵਿਚ ਹੈ ਪਰ ਇਸਦੀ ਪਹਿਲੀ ਤੇ ਆਖਰੀ ਪੋਥੀ ਸਭ ਤੋਂ ਪਹਿਲਾਂ ਛਾਪੀ ਗਈ। ਕਾਰਨ ਏਹ ਸੀ ਕਿ ਲੇਖਕ ਕੋਲ ਇਸ ਟੀਕੇ ਦੇ ਪ੍ਰਕਾਸ਼ਨ ਲਈ ਪੈਸਿਆਂ ਦੀ ਬੇਹੱਦ ਕਮੀ ਸੀ ਅਤੇ ਉਹ ਸਿੱਖ ਸੰਗਤ ਦੇ ਸਹਿਯੋਗ ਨਾਲ ਇਹ ਟੀਕਾ ਛਪਵਾਉਣਾ ਚਾਹੁੰਦਾ ਸੀ। ਉਸ ਦੀ ਆਪਣੀ ਤਨਖਾਹ ਹੀ ਉਸ ਨਾਲ ਦੂਜੇ ਵਿਸ਼ੇ ਪੜਾਉਣ ਵਾਲੇ ਸਹਿਯੋਗੀਆਂ ਤੋਂ ਬਹੁਤ ਘੱਟ ਸੀ। ਇੰਨੇ ਪੈਸੇ ਨਾਲ ਟੀਕਾ ਤਾਂ ਕੀ ਛਪਵਾਉਣਾ ਸੀ ਘਰ ਦਾ ਖਰਚ ਵੀ ਮੁਸ਼ਕਲ ਨਾਲ ਚਲਦਾ ਹੋਣਾ ਹੈ। ਸਹਿਯੋਗ ਵਿਚ ਉਹ ਚਾਹੁੰਦਾ ਸੀ ਕਿ ਸ਼ਰਧਾਲੂ ਇਸ ਟੀਕੇ ਦੀ ਪੂਰੀ ਕੀਮਤ ਪਹਿਲਾਂ ਅਦਾ ਕਰ ਦੇਣ। ਕੀਮਤ ਮਿਲਦੇ ਹੀ ਦੋ ਟੀਕੇ ਤੁਰੰਤ ਭੇਜ ਦਿੱਤੇ ਜਾਣਗੇ ਬਾਕੀ ਦੇ ਜਿਉਂ ਜਿਉਂ ਛਪਣਗੇ ਪੁਰਾਣੀ ਕੀਮਤ ਤੇ ਹੀ ਭੇਜੇ ਜਾਣਗੇ। ਦੂਜੀ ਸਹਾਇਤਾ ਇਸ ਪ੍ਰਕਾਰ ਦੀ ਸੀ ਕਿ ਜੇਕਰ ਕੋਈ ਸੱਜਣ ਇਕ ਸੌ ਤੋਂ ਲੈ ਕੇ ਇਕ ਹਜ਼ਾਰ ਰੁਪਈਆ ਦੋ ਸਾਲ ਲਈ ਵਿਆਜ ਮੁਕਤ ਦੇ ਦੇਵੇ ਤਾਂ ਇਸ ਨਾਲ ਪੰਥ ਦਾ ਭਲਾ ਕੀਤਾ ਜਾ ਸਕਦਾ ਹੈ। ਸਹਾਇਤਾ ਕਰਨ ਵਾਲੇ ਦਾ ਨਾਮ ਟੀਕੇ ਵਿਚ ਛਾਪਿਆ ਜਾਵੇਗਾ। ਇਸ ਟੀਕੇ ਦੀ ਪਹਿਲੀ ਜਿਲਦ ਜਨਵਰੀ 1929 ਵਿਚ ਛਾਪ ਕੇ ਪਾਠਕਾਂ ਦੇ ਸਨਮੁਖ ਕੀਤੀ ਜਾ ਚੁੱਕੀ ਸੀ।
 ਸੰਪ੍ਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਟੀਕਾ ਗਿਆਨੀ ਕਿਰਪਾਲ ਸਿੰਘ ਜੀ)
       ਸੰਤ ਕਿਰਪਾਲ ਸਿੰਘ ਜੀ ਦਾ ਜਨਮ 7 ਨਵੰਬਰ 1915 ਈਸਵੀ ਨੂੰ ਸ. ਪ੍ਰਤਾਪ ਸਿੰਘ ਅਤੇ ਮਾਤਾ ਫੂਲ ਕੌਰ ਜੀ ਦੇ ਘਰ ਸਤੋ ਵਾਲੀ ਗਲੀ ਅੰਮ੍ਰਿਤਸਰ ਵਿਖੇ ਹੋਇਆ। ਬਚਪਨ ਵਿਚ ਹੀ ਇਨ੍ਹਾਂ ਨੂੰ ਸੰਤ ਅਮੀਰ ਸਿੰਘ ਜੀ ਨੇ ਇਨ੍ਹਾਂ ਦੇ ਮਾਤਾ-ਪਿਤਾ ਤੋਂ ਗੁਰੂ-ਘਰ ਦੀ ਸੇਵਾ ਲਈ ਲੈ ਲਿਆ। ਸੰਤ ਜੀ ਦੇ ਬਚਨਾਂ ਨੂੰ ਸਿਰ ਮੱਥੇ ਮੰਨ ਕੇ ਡੇਰੇ ਆ ਗਏ ਅਤੇ ਇਸ ਸੇਵਾ ਲਈ ਆਪਣਾ ਸਮੁਚਾ ਜੀਵਨ ਅਰਪਨ ਕਰ ਦਿੱਤਾ। ਬਾਬਾ ਉਤਮ ਸਿੰਘ ਅਤੇ ਸੰਤ ਅਮੀਰ ਸਿੰਘ ਜੀ ਦੀ ਸੇਵਾ ਵਿਚ ਜੀਵਨ ਅਰਪਨ ਕਰਕੇ ਇਨ੍ਹਾਂ ਮਹਾਂਪੁਰਖਾਂ ਤੋਂ ਗੁਰਬਾਣੀ ਵਿਦਿਆ ਗ੍ਰਹਿਣ ਕਰਦੇ ਰਹੇ। ਸੰਤ ਜੀ ਨੇ ਆਪਣੇ ਜੀਵਨ ਦੇ ਸੱਠ ਸਾਲ ਗੁਰਸ਼ਬਦ ਦੀ ਸੇਵਾ ਕੀਤੀ ਅਤੇ ਇਨ੍ਹਾਂ ਨੇ ਗੁਰਬਾਣੀ ਦੇ ਜੋ ਅਰਥ ਦਰਸਾਏ ਉਨ੍ਹਾਂ ਤੋਂ ਵਿਆਖਿਆ ਦੀ ਇਕ ਨਵੀਂ ਪਰੰਪਰਾ ਨੇ ਜਨਮ ਲਿਆ ਜਿਸਨੂੰ 'ਸੇਵਾ ਪੰਥੀ ਵਿਆਖਿਆ ਪ੍ਰਣਾਲੀ' ਕਿਹਾ ਜਾਂਦਾ ਹੈ। ਸੰਤ ਅਮੀਰ ਜੀ ਦੁਆਰਾ ਗੁਰਬਾਣੀ ਦੇ ਦਰਸਾਏ ਅਰਥਾਂ ਨੂੰ ਸੰਤ ਕਿਰਪਾਲ ਸਿੰਘ ਜੀ ਨੇ ਕਲਮਬੰਧ ਕੀਤਾ ਜਿਸ ਨੂੰ 'ਸੰਪ੍ਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਸਿਰਲੇਖ ਅਧੀਨ ਜਿਗਿਆਸੂਆਂ ਲਈ ਪੇਸ਼ ਕੀਤਾ ਗਿਆ। ਇਹ ਟੀਕਾ ਦਸ ਜਿਲਦਾਂ ਵਿਚ ਹੈ।
       ਸੰਤ ਕਿਰਪਾਲ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸਤਾਰ ਪੂਰਵਕ ਟੀਕਾ ਕੀਤਾ ਹੈ। ਇਸ ਦੇ ਪਹਿਲੇ ਭਾਗ ਵਿਚ ਮਹੰਤ ਬਾਬਾ ਉਤਮ ਸਿੰਘ, ਸੰਤ ਅਮੀਰ ਸਿੰਘ ਅਤੇ ਸੰਤ ਕਿਰਪਾਲ ਸਿੰਘ ਜੀ ਦਾ ਸੰਖੇਪ ਜੀਵਨ ਚਰਿਤ੍ਰ ਹੈ। ਜਪੁ ਬਾਣੀ ਤੋਂ ਪਹਿਲਾਂ ਦੋ ਉਥਾਨਕਾਵਾਂ, ਮੰਤ੍ਰ ਅਤੇ ਮੰਗਲ ਨਿਰਣਯ ਹੈ। ਗੁਰਬਾਣੀ ਦੇ ਟੀਕੇ ਦੇ ਨਾਲ-ਨਾਲ ਇਸ ਨੂੰ ਵਿਸਤਾਰ ਪੂਰਵਕ ਸਮਝਾਉਣ ਲਈ ਸਾਖੀਆਂ ਦਾ ਸਹਾਰਾ ਲਿਆ ਗਿਆ ਹੈ। ਪਹਿਲੀ ਪੋਥੀ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਨਿਤਨੇਮ ਦੀਆਂ ਬਾਣੀਆਂ ਦਾ ਟੀਕਾ ਹੀ ਕੀਤਾ ਗਿਆ ਹੈ। ਇਕ ਸ਼ਬਦ ਦੇ ਇਕ ਤੋਂ ਵਧੇਰੇ ਅਰਥ ਦਿੱਤੇ ਗਏ ਹਨ। ਪਹਿਲੀ ਵਾਰ ਇਹ ਟੀਕਾ 13 ਜਨਵਰੀ 1961 ਈਸਵੀ ਨੂੰ ਛਪਿਆ ਅਤੇ ਚੌਥੀ ਵਾਰ 16 ਅਗਸਤ 1976 ਈਸਵੀ ਵਿਚ ਇਸਨੂੰ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ:, ਅੰਮ੍ਰਿਤਸਰ ਨੇ ਛਾਪਿਆ।   
 ਸਿਧਾਂਤਕ ਸਟੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਪ੍ਰਸ਼ਨ-ਉੱਤਰ ਵਿਕਾਸ (ਟੀਕਾ ਗਿਆਨੀ ਮਨੀ ਸਿੰਘ ਜੀ)
       ਗਿਆਨੀ ਮਨੀ ਸਿੰਘ ਜੀ ਨੇ ਗੁਰਮਤਿ ਦੀ ਵਿਦਿਆ ਗਿਆਨੀ ਗੁਰਬਚਨ ਸਿੰਘ ਜੀ ਤੋਂ ਹਾਸਲ ਕੀਤੀ, ਉਪਰੰਤ ਦੂਰ-ਦੁਰਾਡੇ ਇਲਾਕਿਆਂ ਅਤੇ ਦੇਸ਼ਾਂ ਵਿਚ ਸਿੱਖੀ ਪ੍ਰਚਾਰ ਕਰਦੇ ਰਹੇ। ਇਨ੍ਹਾਂ ਨੇ ਗੁਰਮਤਿ ਦੇ ਵੱਖ-ਵੱਖ ਪਹਿਲੂਆਂ ਨੂੰ ਜਿਵੇਂ ਸਮਝਿਆ ਉਸ ਨੂੰ ਕਲਮਬੰਧ ਕੀਤਾ। ਇਨ੍ਹਾਂ ਨੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਜਿਨ੍ਹਾਂ ਪੁਸਤਕਾਂ ਦੀ ਰਚਨਾ ਕੀਤੀ ਉਨ੍ਹਾਂ ਵਿਚ ਗੁਰਬਾਣੀ ਪ੍ਰਬੋਧ ਸਾਗਰ, ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤਿ ਪਦਾਰਥ, ਅਨਮੋਲ ਬੋਲ, ਸੇਵਾ ਚਮਤਕਾਰ, ਮਨੀ ਮ੍ਰਿਗੇਸ਼ ਵਲਵਲੇ, ਅਨਮੋਲ ਰੁਬਾਈਆਂ, ਜਪੁ ਜੀ ਸਾਹਿਬ ਸਟੀਕ, ਬਾਰਹ ਮਾਹਾ ਸਟੀਕ ਆਦਿ ਸ਼ਾਮਲ ਹਨ। ਇਹ ਟੀਕਾ ਉਨ੍ਹਾਂ ਦੀ ਬਾਰਾਂ-ਤੇਰਾਂ ਸਾਲਾਂ ਦੀ ਸਖਤ ਮਿਹਨਤ ਦਾ ਫਲ ਹੈ। ਇਨ੍ਹਾਂ ਨੇ ਵਿਦੇਸ਼ ਰਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਕਰਨ ਦਾ ਜੋ ਦੀਰਘ ਸੰਕਲਪ ਵਿਦੇਸ਼ ਰਹਿੰਦਿਆਂ ਲਿਆ ਸੀ ਉਹ ਅੰਮ੍ਰਿਤਸਰ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਕਰਦਿਆਂ ਸੰਪੂਰਨ ਕੀਤਾ। ਇਸ ਟੀਕੇ ਦੀ ਪਹਿਲੀ ਸੈਂਚੀ 24.10.80 ਨੂੰ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਹਰਚੰਦ ਸਿੰਘ ਲੌਂਗੋਵਾਲ ਨੇ ਅੰਮ੍ਰਿਤਸਰ ਵਿਖੇ ਰਿਲੀਜ਼ ਕੀਤੀ। ਇਹ ਟੀਕਾ 1994 ਈਸਵੀ ਵਿਚ ਸੰਪੂਰਨ ਹੋਇਆ। ਇਹ ਟੀਕਾ ਪ੍ਰਸ਼ਨ-ਉਤਰਾਂ ਦੇ ਰੂਪ ਵਿਚ ਕੀਤਾ ਗਿਆ ਹੈ ਜੋ ਕਿ ਪ੍ਰਚਾਰਕਾਂ ਅਤੇ ਆਮ ਪਾਠਕਾਂ ਲਈ ਲਾਹੇਵੰਦ ਹੈ। ਪ੍ਰਕਾਸ਼ਨ ਸੰਸਥਾ ਨੇ ਇਸ ਟੀਕੇ ਦੀ ਛਪਾਈ ਸਿੱਖ ਸੰਸਥਾਵਾਂ ਅਤੇ ਸ਼ਰਧਾਲੂ ਸਿੱਖਾਂ ਤੋਂ ਇਕੱਤਰ ਕੀਤੀ ਮਾਇਆ ਨਾਲ ਸਿਰੇ ਚੜਾਈ। ਇਹ ਸੰਪੂਰਨ ਟੀਕਾ ਅੱਠ ਭਾਗਾਂ ਵਿਚ ਹੈ।
 ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ (ਟੀਕਾ ਭਾਈ ਵੀਰ ਸਿੰਘ ਜੀ)
       ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨੇ ਜਾਂਦੇ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਤੌਰ ਤੇ ਗੁਰਮਤਿ ਸਾਹਿਤ ਨੂੰ ਪ੍ਰਫੁਲਿਤ ਕਰਨ ਵਿਚ ਭਰਪੂਰ ਯੋਗਦਾਨ ਪਾਇਆ। ਇਨ੍ਹਾਂ ਦੀ ਗੁਰਬਾਣੀ ਅਰਥਾਂ ਦੀ ਪਰੰਪਰਾ ਭਾਈ ਮਨੀ ਸਿੰਘ ਜੀ ਨਾਲ ਜਾ ਜੁੜਦੀ ਹੈ। ਭਾਈ ਮਨੀ ਸਿੰਘ ਜੀ ਵਾਲੀ ਗਿਆਨੀ ਸੰਪਰਦਾ ਵਿਚ ਭਾਈ ਚੰਦਾ ਸਿੰਘ ਜੀ ਹੋਏ ਹਨ ਜਿਨ੍ਹਾਂ ਤੋਂ ਭਾਈ ਵੀਰ ਸਿੰਘ ਜੀ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਨੇ ਵਿਦਿਆ ਗ੍ਰਹਿਣ ਕੀਤੀ। ਗਿਆਨੀ ਜੀ ਨੇ ਇਕ ਕੋਸ਼ ਤਿਆਰ ਕੀਤਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਪ੍ਰਾਪਤ ਕਰਨ ਵਿਚ ਸਹਾਈ ਸੀ। ਘਰ ਵਿਚ ਗੁਰਮਤਿ ਵਿਦਿਆ ਦੇ ਮਾਹੌਲ ਨੇ ਭਾਈ ਵੀਰ ਸਿੰਘ ਦੇ ਮਨ ਨੂੰ ਗੁਰਮਤਿ ਸਾਹਿਤ ਦੀ ਖੋਜ ਪ੍ਰਤੀ ਪ੍ਰੇਰਿਤ ਕੀਤਾ ਅਤੇ ਆਪ ਆਜੀਵਨ ਇਸ ਸੇਵਾ ਵਿਚ ਲੱਗੇ ਰਹੇ।
       ਭਾਈ ਵੀਰ ਸਿੰਘ ਨੇ ਗੁਰਮਤਿ ਸਾਹਿਤ ਦੀਆਂ ਬਹੁਤ ਸਾਰੀਆਂ ਖੋਜ ਭਰਪੂਰ ਪੁਸਤਕਾਂ ਪਾਠਕਾਂ ਦੀ ਨਜ਼ਰ ਕੀਤੀਆਂ ਜਿਨ੍ਹਾਂ ਨੇ ਸਿੱਖ ਜਗਤ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਕੇ ਗੁਰੂ-ਘਰ ਨਾਲ ਸ਼ਰਧਾ ਪੂਰਵਕ ਜੋੜਨ ਦਾ ਕਾਰਜ ਕੀਤਾ। ਭਾਈ ਸਾਹਿਬ ਦੀ ਜਿਸ ਰਚਨਾ ਬਾਰੇ ਇਥੇ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਉਹ ਹੈ 'ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ'। ਇਹ ਰਚਨਾ ਭਾਈ ਸਾਹਿਬ ਦੇ ਜਿਉਂਦੇ-ਜੀਅ ਸੰਪੂਰਨ ਨਹੀਂ ਹੋ ਸਕੀ ਅਤੇ ਜੋ ਕਾਰਜ ਇਸ ਦਿਸ਼ਾ ਵੱਲ ਹੋਇਆ ਸੀ ਉਸ ਨੂੰ ਉਨ੍ਹਾਂ ਦੇ ਭਰਾਤਾ ਭਾਈ ਬਲਬੀਰ ਸਿੰਘ ਨੇ ਸੱਤ ਭਾਗਾਂ ਵਿਚ ਛਾਪ ਦਿੱਤਾ। ਇਸ ਪੋਥੀ ਦਾ ਨਾਮ 'ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ' ਕਿਉਂ ਹੈ? ਇਸ ਦਾ ਵਰਣਨ ਕਰਦੇ ਹੋਏ ਇਸ ਪੋਥੀ ਦੀ ਭੂਮਿਕਾ ਵਿਚ ਦੱਸਿਆ ਗਿਆ ਹੈ ਕਿ “ਇਸ ਦਾ ਨਾਮ ਕੋਈ ਵਡੇਰਾ ਹੋਣਾ ਚਾਹੀਦਾ ਸੀ। ਇਸ ਵਿਚ ਜੋ ਮੂਲ ਹੈ ਉਹ ਤਾਂ ਵਡੇ ਤੋਂ ਵੱਡੀ ਵਸਤੂ ਹੈ, ਉਹ ਧੁਰ ਕੀ ਬਾਣੀ ਹੈ, ਜੋ ਧੁਰੋਂ ਆਈ ਹੈ, ਜੋ ਗੁਰੂ ਹੈ, ਅੰਮ੍ਰਿਤ ਭਰਪੂਰ ਹੈ। ਅਗਮ ਅਗਾਧ ਦੀ ਬਾਣੀ ਹੋਣ ਕਰਕੇ ਆਪ ਅਗਾਧ ਹੈ, ਪਰ ਇਸ ਦੇ ਅਰਥ ਤੇ ਭਾਵ ਆਦਿਕ, ਜੋ ਇਸ ਵਿਚ ਲਿਖੇ ਗਏ ਹਨ, ਉਹ ਇਕ ਅਲਪੱਗ ਜੀਵ ਦਾ ਪ੍ਰਯਤਨ ਹੈ, ਇਸ ਨੂੰ ਸਮਝਣ ਦਾ, ਤੇ ਜਿਥੋਂ ਤੱਕ ਹੋ ਸਕੇ ਉਹ ਇਸ ਦੇ ਚਰਨਾਂ ਵਿਚ ਬੈਠ ਕੇ ਇਸ ਤੋਂ ਪ੍ਰਾਪਤ ਕੀਤੀ ਜਾਵੇ। ਇਸ ਕਰਕੇ ਇਹ ਇਕ ਤਰ੍ਹਾਂ ਸੰਥਯਾ ਹੈ ਜੋ ਬਾਣੀ ਦੀ ਸ਼ਰਣ ਲਿਆਂ ਵਿਦਿਆਰਥੀਆਂ ਵਾਂਙੂੰ ਮਿਲੀ ਹੈ।”29
       ਸੰਥਯਾ ਵਿਚ ਭਾਈ ਸਾਹਿਬ ਦੀ ਗੁਰਬਾਣੀ ਪ੍ਰਤੀ ਚੇਤਨਾ, ਦ੍ਰਿੜਤਾ ਅਤੇ ਨਿਸ਼ਠਾ ਦਾ ਪ੍ਰਗਟਾਵਾ ਹੁੰਦਾ ਹੈ। ਉਹ ਗੁਰਮਤਿ ਰਸ ਵਿਚ ਰਚੀ-ਮਿਚੀ ਸ਼ਖਸੀਅਤ ਸਨ ਅਤੇ ਗੁਰੂ ਆਸ਼ੇ ਨੂੰ ਸਪੱਸ਼ਟਤਾ ਸਹਿਤ ਪੇਸ਼ ਕਰਨ ਦੇ ਉਦੇਸ਼ ਦਾ ਵਿਖਿਆਨ ਕਰਦੇ ਹੋਏ ਕਹਿੰਦੇ ਹਨ, “ਅਸਾਂ ਇਸ ਟੀਕੇ ਵਿਚ ਕਿਸੇ ਇਕ ਪੱਖ ਦੀ ਕੋਈ ਖਿੱਚੋਤਾਣ ਨਹੀਂ ਕੀਤੀ, ਜੋ ਬਾਣੀ ਦੇ ਅੱਖਰ ਦਿਆਨਤਦਾਰੀ ਨਾਲ ਰਸਤਾ ਦੇਂਦੇ ਹਨ ਤੇ ਜੋ ਨਿਜ ਮਨ ਨੂੰ ਗੁਰ ਆਸ਼ਯ ਨਿਸਚੈ ਹੁੰਦਾ ਹੈ ਉਹ ਲਿਖਿਆ ਹੈ, ਤੇ ਮੁਸ਼ਕਲਾਂ ਵੇਲੇ ਅਰਦਾਸ ਕਰਕੇ ਰਹਿਨੁਮਾਈ ਦੀ ਯਾਚਨਾ ਕੀਤੀ ਹੈ। ਸਾਡਾ ਆਸ਼ਯ ਇਹ ਹੈ ਕਿ ਗੁਰਬਾਣੀ ਦੇ ਅਰਥ ਗੁਰ ਆਸ਼ਯ ਦੇ ਅਨੁਕੂਲ ਹੋਣ ਤੇ ਰਾਇ ਦੇ ਵਖੇਵੇਂ ਵਾਲੇ ਮੂਲ ਵਾਂਙੂੰ ਅਰਥਾਂ ਵਿਚ ਨਿਰਲੇਪਤਾ ਤੇ ਅਸਲੀਅਤ ਨੂੰ ਅਨੁਭਵ ਕਰਨ। ਕਿਉਂਕਿ ਇਹ ਮੂਲ ਆਸ਼ਯ ਗੁਰੂ ਬਾਬੇ ਦਾ ਜੀਵਾਂ ਦੀ ਕਲਯਾਣ ਹੈ ਤੇ ਕਲਯਾਣ ਮਾਰਗ ਵਾਲੇ ਸਤੋ ਗੁਣੀ ਰਸਤੇ ਉਤੇ ਟੁਰਦੇ ਹਨ ਤੇ ਸੱਚ ਦੀ ਰੌਸ਼ਨੀ ਵਿਚ ਟੁਰਦੇ ਹਨ।”30 ਇਸ ਗ੍ਰੰਥ ਦਾ ਸੰਪਾਦਕ ਇਸ ਦੀ ਵਿਸ਼ੇਸ਼ਤਾ ਦਸਦਾ ਹੈ ਕਿ “ਇਸ ਦੀ ਵਿਆਖਿਆ ਵਿਚ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪਣੀ ਲਿਖਤ ਨੂੰ ਥਾਂ ਪਰ ਥਾਂ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਪ੍ਰਮਾਣਿਤ ਕੀਤਾ ਹੈ। ਯਤਨ ਕੀਤਾ ਗਿਆ ਹੈ ਕਿ ਜਿਥੇ ਕਿਤੇ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਤੁਕ ਆਈ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਸੋਧ ਕੇ ਛਾਪੀ ਜਾਏ, ਵਾਹ ਲਗਦੀ ਹਰ ਤੁਕ ਨਾਲ ਪਤੇ ਦੇਣ ਦਾ ਯਤਨ ਬੀ ਕੀਤਾ ਗਿਆ ਹੈ, ਜਿਨ੍ਹਾਂ ਪਤਿਆਂ ਵਿਚ ਰਾਗ ਤੇ ਮਹਲੇ ਦਾ ਪਤਾ ਦੇ ਕੇ ਅੰਤ ਸ਼ਬਦ ਦਾ ਅੰਕ, ਯਾ ਜੇ ਉਹ ਕਿਸੇ ਵਾਰ ਦੀ ਤੁਕ ਹੈ ਤਾਂ ਉਸ ਵਾਰ ਦੀ ਪਉੜੀ ਦਾ ਅੰਕ ਦਿੱਤਾ ਗਿਆ ਹੈ। ਸੁਖਮਨੀ ਦੇ ਪਤਿਆਂ ਵਿਚ ਪਹਿਲੇ ਅਸ਼ਟਪਦੀ ਦਾ ਅੰਕ ਹੈ ਤੇ ਫੇਰ ਉਸ ਅਸ਼ਟਪਦੀ ਦੇ ਪਦੇ ਦਾ।”31 ਭਾਈ ਵੀਰ ਸਿੰਘ ਜੀ ਦੇ ਇਸ ਮਹੱਤਵਪੂਰਨ ਕਾਰਜ ਨੂੰ ਗਿਆਨੀ ਮਹਿੰਦਰ ਸਿੰਘ ਰਤਨ ਨੇ ਅੱਗੇ ਤੋਰਿਆ ਹੈ। ਉਨ੍ਹਾਂ ਦੁਆਰਾ ਸੰਪੂਰਨ ਕੀਤਾ ਟੀਕਾ ਛਪਾਈ ਅਧੀਨ ਹੈ।
 ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਟੀਕਾ ਪ੍ਰੋ. ਸਾਹਿਬ ਸਿੰਘ ਜੀ)
       ਪ੍ਰੋ. ਸਾਹਿਬ ਸਿੰਘ ਜੀ ਦੀ ਇਹ ਇਕ ਅਮੋਲਕ ਕਿਰਤ ਹੈ ਜੋ ਕਿ ਗੁਰਬਾਣੀ ਟੀਕਿਆਂ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸੰਪੂਰਨ ਟੀਕਾ ਦਸ ਭਾਗਾਂ ਵਿਚ ਹੈ। 1925 ਤੋਂ 1961 ਈਸਵੀ ਤੱਕ ਇਸ ਟੀਕੇ ਦਾ ਕਾਰਜ ਨਿਰੰਤਰ ਚਲਦਾ ਰਿਹਾ ਅਤੇ ਹੁਣ ਤੱਕ ਇਸ ਦੇ ਕਈ ਐਡੀਸ਼ਨ ਪਾਠਕਾਂ ਦੇ ਸਨਮੁਖ ਹੋ ਚੱਕੇ ਹਨ। ਇਹ ਟੀਕਾ ਉਨ੍ਹਾਂ ਦੀ ਲੰਮੀ ਘਾਲਣਾ ਦਾ ਨਤੀਜਾ ਹੈ। ਇਸ ਟੀਕੇ ਨੂੰ ਕਰਨ ਦਾ ਖਿਆਲ ਉਨ੍ਹਾਂ ਦੇ ਮਨ ਵਿਚ ਕਿਵੇਂ ਆਇਆ ਇਸ ਬਾਰੇ ਉਹ ਆਪ ਹੀ ਦਸਦੇ ਹਨ ਕਿ ਗੁਰੂ ਰਾਮਦਾਸ ਜੀ ਦੀਆਂ ਵਾਰਾਂ, ਭੱਟਾਂ ਦੇ ਸਵਈਆਂ, ਜਪੁ ਅਤੇ ਆਸਾ ਦੀ ਵਾਰ ਦੇ ਟੀਕਿਆਂ ਦੀ ਪ੍ਰਸੰਸਾ ਵਿਦਵਾਨਾਂ ਅਤੇ ਸਿੱਖ ਸੰਗਤ ਦੁਆਰਾ ਕੀਤੀ ਗਈ ਸੀ। ਸਰਦਾਰ ਜੋਧ ਸਿੰਘ ਜੀ ਨੇ ਮੈਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਣ ਲਈ ਉਤਸ਼ਾਹ ਦਿੱਤਾ, ਪਰ ਇਤਨਾ ਭਾਰੀ ਮਹਾਨ ਕੰਮ ਵੇਖ ਕੇ ਮੈਨੂੰ ਹੌਂਸਲਾ ਨਾਹ ਪਿਆ। ਇਨ੍ਹਾਂ ਤੋਂ ਬਾਅਦ ਦਿੱਲੀ ਨਿਵਾਸੀ ਇਕ ਸੱਜਣ ਸ: ਦਲੀਪ ਸਿੰਘ ਮੈਨੂੰ ਮਿਲੇ ਜਿਨ੍ਹਾਂ ਨੇ ਵੱਖ ਵੱਖ ਬਾਣੀਆਂ ਤੇ ਕੀਤੇ ਮੇਰੇ ਟੀਕੇ ਵੇਖੇ ਸਨ ਉਨ੍ਹਾਂ ਵੀ ਮੈਨੂੰ ਸਾਰਾ ਟੀਕਾ ਲਿਖਣ ਦੀ ਪ੍ਰੇਰਣਾ ਕੀਤੀ। ਉਹ ਤਾਂ ਚਲੇ ਗਏ ਪਰ ਉਹ ਆਪਣੀ ਪ੍ਰੇਰਣਾ ਮੇਰੇ ਅੰਦਰ ਟਿਕਾ ਗਏ। ਪ੍ਰੋ. ਸਾਹਿਬ ਸਿੰਘ ਜੀ ਕਹਿੰਦੇ ਹਨ ਕਿ ਇਨ੍ਹਾਂ ਪ੍ਰੇਰਨਾਵਾਂ ਦੇ ਨਤੀਜੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਲਿਖਣ ਦੀ ਚਿਣਗ ਲੱਗੀ ਅਤੇ ਅਕਾਲ ਪੁਰਖ ਦੀ ਕਿਰਪਾ ਸਦਕਾ ਇਹ ਕਾਰਜ ਸੰਪੂਰਨ ਹੋਇਆ।
       ਪ੍ਰੋ. ਸਾਹਿਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵਿਆਕਰਣਿਕ ਨਿਯਮਾਂ ਅਨੁਸਾਰ ਕੀਤਾ। ਵਿਆਕਰਣਿਕ ਨਿਯਮਾਂ ਅਨੁਸਾਰ ਟੀਕਾ ਕਰਨ ਨੂੰ ਉਚਿਤ ਸਮਝਦੇ ਹੋਏ ਪ੍ਰੋ. ਸਾਹਿਬ ਸਿੰਘ ਕਹਿੰਦੇ ਹਨ, “ਜੇ ਪੁਰਾਤਨ ਰਿਸ਼ੀ ਇਹ ਖਿਆਲ ਕਰਦੇ ਕਿ ਵੇਦਾਂ ਦਾ ਵਿਆਕਰਣ ਲਿਖਣਾ 'ਅਕਾਸ਼ ਬਾਣੀ' ਦੀ ਨਿਰਾਦਰੀ ਹੈ, ਤਾਂ ਅੱਜ ਉਨ੍ਹਾਂ ਵੇਦਾਂ ਨੂੰ ਸਮਝਣਾ ਅਸੰਭਵ ਹੁੰਦਾ। ਬੋਲੀ ਸਦਾ ਬਦਲਦੀ ਆਈ ਹੈ। ਅੱਜ ਦੀ ਪੰਜਾਬੀ ਉਹ ਨਹੀਂ ਜੋ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਸ ਪੰਜਾਬੀ ਬੋਲੀ ਵਿਚ ਉਚਾਰਣ ਕੀਤੀ ਗਈ ਹੈ, ਜੋ ਉਸ ਵੇਲੇ ਪ੍ਰਚਲਿਤ ਸੀ। ਤਦੋਂ ਦਾ ਕੋਸ਼, ਅੱਜ ਦੇ ਕੋਸ਼ ਨਾਲੋਂ ਵੱਖਰਾ ਸੀ, ਤਦੋਂ ਦਾ ਵਿਆਕਰਣ ਭੀ ਅੱਜ ਦੇ ਵਿਆਕਰਣ ਨਾਲੋਂ ਵਿਲੱਖਣ ਸੀ।”32
       ਪ੍ਰੋ. ਸਹਿਬ ਸਿੰਘ ਨੇ ਤਰਕਪੂਰਨ ਢੰਗ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਅਤੇ ਬਹੁਤ ਸਾਰੇ ਭਾਵਾਤਮਕ ਸ਼ਬਦਾਂ ਦੀ ਵਿਆਖਿਆ ਲਈ ਗੁਰੁ ਗ੍ਰੰਥ ਸਾਹਿਬ ਵਿਚੋਂ ਇਕ ਤੋਂ ਵਧੇਰੇ ਦਲੀਲਾਂ ਦਿੱਤੀਆਂ ਤਾਂ ਕਿ ਤਰਕ ਦਾ ਸਹਾਰਾ ਲੈ ਕੇ ਤੁਰਨ ਵਾਲੀ ਨਵੀਂ ਪੀੜੀ ਦੇ ਮਨ ਵਿਚ ਗੁਰਬਾਣੀ ਦੀ ਕਿਸੇ ਗੱਲ ਪ੍ਰਤੀ ਸ਼ੰਕਾ ਬਾਕੀ ਨਾ ਰਹੇ। ਉਨ੍ਹਾਂ ਨੇ ਇਹ ਟੀਕਾ ਕਰਨ ਲਈ ਇਕੱਲਿਆਂ ਹੀ ਯਤਨ ਆਰੰਭੇ ਅਤੇ ਸਫਲਤਾ ਪੂਰਵਕ ਢੰਗ ਨਾਲ ਇਸ ਕਾਰਜ ਨੂੰ ਸਿਰੇ ਚੜਾਇਆ। ਪੁਰਾਤਨ ਟੀਕਿਆਂ ਨਾਲੋਂ “ਭਾਈ ਸਾਹਿਬ ਦਾ ਕੰਮ ਵਧੇਰੇ ਸੰਤੁਸ਼ਟੀ ਵਾਲਾ ਹੈ। ਸੰਪੂਰਨ ਟੀਕਾ ਤਿਆਰ ਕਰਨ ਲਈ ਸਾਹਿਬ ਸਿੰਘ ਦੀ ਸਮਰੱਥਾ ਭਾਈ ਵੀਰ ਸਿੰਘ ਦੇ ਬਰਾਬਰ ਦੀ ਨਹੀਂ ਸੀ ਕਿਉਂਕਿ ਨਾ ਤਾਂ ਉਸ ਨੂੰ ਕਿਸੇ ਰਾਜੇ ਮਹਾਰਾਜੇ ਦੀ ਸਰਪ੍ਰਸਤੀ ਹਾਸਲ ਸੀ ਅਤੇ ਨਾ ਹੀ ਉਸ ਦੇ ਆਰਥਿਕ ਜਾਂ ਸਮਾਜਿਕ ਵਸੀਲੇ ਭਾਈ ਵੀਰ ਸਿੰਘ ਵਰਗੇ ਵਿਸ਼ਾਲ ਸਨ। ਫਿਰ ਵੀ ਸਾਹਿਬ ਸਿੰਘ ਨੇ ਸਮੇਂ ਅਤੇ ਪੈਸੇ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਬਿਨਾ ਝਿਜਕ ਬਿਨਾ ਮਦਦ ਦੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਦੀ ਹਿੰਮਤ ਠਾਣ ਲਈ। ਜਿਹੜਾ ਕੰਮ ਕਈ ਸੰਸਥਾਵਾਂ ਮਿਲ ਕੇ ਨੇਪਰੇ ਨਾ ਚਾੜ੍ਹ ਸਕਦੀਆਂ ਹੋਣ, ਉਹ ਨਿਹੰਗ ਬਿਰਤੀ ਵਾਲੇ ਫੱਕਰ ਨੇ ਆਪਣੇ ਸਿਰ ਲੈ ਲਿਆ। ਸਾਲਾਂ ਭਰ ਦੀ ਮਿਹਨਤ ਨਾਲ ਸਿਰੇ ਵੀ ਚੜਾ ਦਿੱਤਾ।... ਗੁਰਬਾਣੀ ਟੀਕਾਕਾਰੀ ਵਿਚ ਉਨ੍ਹਾਂ ਦਾ ਯੋਗਦਾਨ ਨਵੀਨ ਵਿਆਖਿਆ ਕਾਰਣ ਹੀ ਨਹੀਂ ਸਗੋਂ ਗੁਰਬਾਣੀ ਵਿਆਕਰਣ ਦੇ ਆਧਾਰ ਤੇ ਸ਼ਬਦਾਰਥ ਘੜਨ, ਪ੍ਰਸੰਗ ਉਘਾੜਨ ਅਤੇ ਨਵੇਂ ਸੰਦਰਭ ਸਿਰਜਣ ਵਿਚ ਵੀ ਹੈ। ਇਤਿਹਾਸਕ ਖੋਜ ਦੇ ਆਧਾਰ ਤੇ ਵੀ ਗੁਰਬਾਣੀ ਦਾ ਸਹੀ ਪ੍ਰਸੰਗ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।”33
 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ: ਤੁਲਨਾਤਮਕ ਅਧਿਐਨ (ਟੀਕਾ ਗਿਆਨੀ ਹਰਿਬੰਸ ਸਿੰਘ ਜੀ)
       ਗਿਆਨੀ ਹਰਿਬੰਸ ਸਿੰਘ ਜੀ ਦਾ ਜਨਮ 25 ਅਪ੍ਰੈਲ 1925 ਈਸਵੀ ਨੂੰ ਪਾਕਿਸਤਾਨ ਦੇ ਪਿੰਡ ਹਾਸਲ ਤਹਿਸੀਲ ਚਕਵਾਲ, ਜ਼ਿਲਾ ਜੇਹਲਮ ਵਿਖੇ ਸ. ਅਤਰ ਸਿੰਘ ਅਤੇ ਮਾਤਾ ਰਾਜ ਕੌਰ ਦੇ ਘਰ ਹੋਇਆ। ਅੱਜਕਲ ਪਟਿਆਲਾ ਵਿਖੇ ਨਿਵਾਸ ਕਰ ਰਹੇ ਹਨ। ਬਚਪਨ ਤੋਂ ਹੀ ਘਰ ਵਿਚ ਗੁਰਬਾਣੀ ਦੀ ਲਗਨ ਲੱਗੀ ਅਤੇ ਅੱਠ ਸਾਲ ਦੀ ਉਮਰ ਵਿਚ ਅਖੰਡ ਪਾਠੀ ਦੀ ਸੇਵਾ ਨਿਭਾਉਣ ਲੱਗੇ। ਪਿਸ਼ਾਵਰ ਵਿਚ ਗੁਰਦੁਆਰਾ ਭਾਈ ਜੋਗਾ ਸਿੰਘ ਵਿਖੇ ਮੀਤ ਮੈਨੇਜਰ ਦੀ ਸੇਵਾ ਨਿਭਾਈ ਅਤੇ ਦੇਸ਼-ਵੰਡ ਉਪਰੰਤ ਪਟਿਆਲਾ ਵਿਖੇ ਆ ਵਸੇ। ਇਥੇ ਆ ਕੇ ਇਨ੍ਹਾਂ ਨੇ ਗੁਰਦੁਆਰਾ ਨਾਢਾ ਸਾਹਿਬ ਤੇ ਗੁਰੂ ਕਾ ਲਾਹੌਰ ਵਿਖੇ ਇਕ ਚੌਕੜੇ ਵਿਚ ਅਖੰਡ ਪਾਠ ਦੀ ਸੇਵਾ ਨਿਭਾਈ ਜੋ ਕਿ ਇਨ੍ਹਾਂ ਦੀ ਗੁਰਬਾਣੀ ਪ੍ਰਤੀ ਦ੍ਰਿੜਤਾ ਅਤੇ ਨਿਸ਼ਠਾ ਦਾ ਪ੍ਰਤੀਕ ਹੈ। ਅਨੇਕਾਂ ਸਨਮਾਨ ਹਾਸਲ ਕਰਨ ਵਾਲੇ ਗਿਆਨੀ ਜੀ ਨੇ ਨੌਂ ਸਾਲ ਦੀ ਉਮਰ ਵਿਚ ਪਹਿਲੀ ਵਾਰ ਪੰਜਾਬੀ ਦੀ ਪੈਂਤੀ ਅੱਖਰੀ ਅਨੁਸਾਰ ਕਵਿਤਾ ਦੀ ਰਚਨਾ ਕੀਤੀ ਜੋ ਕਿ ਗੁਰਬਾਣੀ ਸੰਦੇਸ਼ ਦਾ ਪ੍ਰਗਟਾਵਾ ਕਰਦੀ ਹੈ। ਇਨ੍ਹੀ ਛੋਟੀ ਉਮਰ ਵਿਚ ਲਿਖਣ ਦੀ ਪੈਦਾ ਹੋਈ ਰੁਚੀ ਨੇ ਅੱਗੇ ਹੋਰ ਕਈ ਪੁਸਤਕਾਂ ਲਿਖਣ ਦਾ ਰਾਹ ਖੋਲ ਦਿੱਤਾ। ਇਨ੍ਹਾਂ ਦਾ ਸਭ ਤੋਂ ਪ੍ਰਮੁਖ ਕਾਰਜ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ: ਤੁਲਨਾਤਮਕ ਅਧਿਐਨ' ਹੈ। ਇਸ ਤੋਂ ਪਹਿਲਾਂ ਗੁਰਬਾਣੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਕਈ ਪੁਸਤਕਾਂ ਦੀ ਰਚਨਾ ਕਰ ਚੁਕੇ ਸਨ ਇਨ੍ਹਾਂ ਵਿਚ ਕੁਝ ਬਾਣੀਆਂ ਦੇ ਟੀਕੇ ਵੀ ਸ਼ਾਮਲ ਸਨ ਜਿਨ੍ਹਾਂ ਨੇ ਗੁਰਬਾਣੀ ਦਾ ਸੰਪੂਰਨ ਟੀਕਾ ਕਰਨ ਦੀ ਪ੍ਰੇਰਨਾ ਪੈਦਾ ਕੀਤੀ। ਇਸ ਟੀਕੇ ਦੀ ਪਹਿਲੀ ਪੋਥੀ 1980 ਈਸਵੀ ਵਿਚ ਤਿਆਰ ਹੋ ਗਈ ਸੀ। ਇਸ ਟੀਕੇ ਦਾ 'ਆਦਿ ਕਥਨ' ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਜੀ ਨੇ ਲਿਖਿਆ ਹੈ, ਉਹ ਇਸ ਟੀਕੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦਸਦੇ ਹਨ:
 1.  ਆਰੰਭ ਵਿਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਚਨਾ ਸੰਪਾਦਨਾ ਤੇ ਗੁਰਿਆਈ ਬਾਰੇ ਇਤਿਹਾਸਕ ਗਰੰਥਾਂ ਦੇ ਹਵਾਲੇ ਦੇ ਕੇ ਭਰਪੂਰ ਵਾਕਫੀਅਤ ਦਰਜ ਕੀਤੀ ਗਈ ਹੈ।
 2.  ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਗੁਰਮਰਯਾਦਾ ਦੇ ਸਿਰਲੇਖ ਹੇਠ ਵਡਮੁੱਲੀ ਜਾਣਕਾਰੀ ਇਕੱਤਰ ਕਰਕੇ ਮਹਾਨ ਪਰ-ਉਪਕਾਰੀ ਕਾਰਜ ਕੀਤਾ ਹੈ।
 3.  ਗੁਰਬਾਣੀ ਪਾਠ ਦਰਸ਼ਨ ਸਿਰਲੇਖ ਹੇਠ ਗੁਰਬਾਣੀ ਦੇ ਪਾਠ ਕਰਨ ਸਮੇਂ ਪਦ-ਵੰਡ, ਬਿਸਰਾਮ ਤੇ ਸ਼ੁੱਧ-ਉਚਾਰਨ ਸੰਬੰਧੀ ਨਵੀਨ ਖੋਜ ਦੁਆਰਾ ਵਿਸ਼ੇਸ਼ ਚਾਨਣਾ ਪਾਇਆ ਹੈ।
 4.  ਗੁਰਬਾਣੀ ਅੰਕਾਵਲੀ ਸਿਰਲੇਖ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਦਰ ਦਰਜ ਅੰਕਾਂ ਦੇ ਭਾਵ ਨੂੰ ਸਪਸ਼ਟ ਕੀਤਾ ਹੈ ਤੇ ਦੱਸਿਆ ਹੈ ਕਿ ਕਿੰਨ੍ਹਾਂ ਅੰਕਾਂ ਨੂੰ ਉਚਾਰਨ ਕਰਨਾ ਹੈ ਤੇ ਕਿੰਨ੍ਹਾਂ ਨੂੰ ਨਹੀਂ ਕਰਨਾ। ਪੈਰ ਅੰਕਾਂ ਦਾ ਵੀ ਮਤਲਬ ਸਮਝਾਇਆ ਹੈ।
 5.  'ਪਹਿਲੀ ਪੋਥੀ ਦਾ ਬਾਣੀ ਬਿਉਰਾ' ਨਾਮ ਦੇ ਸਿਰਲੇਖ ਹੇਠ ਇਕ ਨਕਸ਼ਾ ਬਣਾ ਕੇ ਉਸ ਵਿਚ ਬਾਣੀ ਕਰਤਾ, ਬਾਣੀ ਦਾ ਨਾਮ, ਪੰਨਾ, ਸ਼ਬਦਾਂ, ਅਸ਼ਟਪਦੀਆਂ, ਪਹਿਰੇ, ਛੰਤ, ਵਣਜਾਰਾ, ਵਾਰ ਪਉੜੀ, ਤੇ ਸਲੋਕ ਦੇ ਖਾਨਿਆਂ ਵਿਚ ਵੱਖ ਵੱਖ ਵੇਰਵਾ ਲਿਖ ਕੇ ਹੇਠ ਵੱਖ ਵੱਖ ਖਾਨਿਆਂ ਦੇ ਜੋੜ ਲਿਖ ਕੇ ਸਟੀਕ ਵਿਚ ਇਕ ਨਵੀਂ ਪਰੰਪਰਾ ਆਰੰਭ ਕੀਤੀ ਹੈ ਜੋ ਪਾਠਕਾਂ ਲਈ ਲਾਭਕਾਰੀ ਸਾਬਤ ਹੋਵੇਗੀ।
 6.  ਮੂਲ ਮੰਤਰ ਦੇ ਅਰਥ, ਵਿਆਖਿਆ, ਸ਼ੰਕਾ ਤੇ ਸਮਾਧਾਨ ਅਤੇ ਸਾਰ ਸਿਧਾਂਤ ਦਾ ਵਿਦਵਤਾ, ਖੋਜ ਤੇ ਯੁਕਤੀਆਂ ਦੁਆਰਾ ਵਰਣਨ ਕਰਨ ਦੀ ਤੀਖਣ ਪ੍ਰਤਿਭਾ ਦਾ ਸੂਚਕ ਹੈ।
 7.  ਗੁਰਬਾਣੀ ਦੇ ਮੂਲ ਪਾਠ ਨੂੰ ਬਿਸਰਾਮ ਦੇ ਕੇ ਮੋਟੇ ਅੱਖਰਾਂ ਵਿਚ ਛਾਪਿਆ ਹੈ ਤਾਂ ਕਿ ਗੁਰਬਾਣੀ ਦਾ ਵੱਖਰਾਪਨ ਸ਼ੀਘਰ ਹੀ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਹੋ ਸਕੇ ਤੇ ਸ਼ੁੱਧ ਪਾਠ ਕੀਤਾ ਜਾ ਸਕੇ। ਫਿਰ ਉਚਾਰਨ ਸਿਰਲੇਖ ਹੇਠ ਪਹਿਲਾਂ ਇਹ ਸ਼ਬਦ ਲਿਖੇ ਹਨ ਜੋ ਬਿੰਦੇ ਸਹਿਤ ਉਚਾਰਨ ਕਰਨੇ ਹਨ। ਫਿਰ ਉਹ ਸ਼ਬਦ ਜਿਨ੍ਹਾਂ ਦਾ ਬਿੰਦੇ ਰਹਿਤ ਉਚਾਰਨ ਕਰਨਾ ਹੈ, ਅਗੋਂ ਕੁਝ ਫੁਟਕਲ ਉਚਾਰਨ ਸੰਬੰਧੀ ਜਾਣਕਾਰੀ ਨਿਰੂਪਣ ਕੀਤੀ ਹੈ। ਪਦ ਅਰਥ, ਅਰਥ, ਸ਼ੰਕੇ ਤੇ ਨਿਰਣੈ ਅੰਤ 'ਚ ਸਿਧਾਂਤ ਦਾ ਨਿਰੂਪਣ ਸਟੀਕ ਨੂੰ ਪਹਿਲੇ ਛਪ ਚੁੱਕੇ ਸਟੀਕਾਂ ਤੋਂ ਵਿਲੱਖਣ ਰੂਪ ਦੇ ਦਿੰਦਾ ਹੈ।
 8.  ਗੁਰਬਾਣੀ ਦੇ ਲਗ ਮਾਤ੍ਰੀ ਨੇਮਾਂ ਤੇ ਅਧਾਰਤ ਅਰਥ ਕੀਤੇ ਗਏ ਹਨ।
 9.  ਸ਼ਬਦ ਸਰੂਪਾਂ ਬਾਰੇ ਜਾਣ-ਪਛਾਣ, ਪਾਠ ਭੇਦ ਅਤੇ ਉਨ੍ਹਾਂ ਬਾਰੇ ਹਥ ਲਿਖਤ ਬੀੜਾਂ ਦੇ ਹਵਾਲੇ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਹਨ।
 10.  ਪ੍ਰਸਿਧ ਟੀਕਾਕਾਰਾਂ ਦੇ ਵੱਖ ਵੱਖ ਅਰਥਾਂ ਦੇ ਸੰਤੁਲਤ ਵਿਚਾਰ ਜਿਸ ਦਾ ਪਾਠਕਾਂ ਨੂੰ ਇਹ ਲਾਭ ਹੈ ਕਿ ਬਹੁਤੇ ਟੀਕੇ ਲੱਭਣ ਦੀ ਲੋੜ ਨਹੀਂ; ਸਾਰੀ ਅਰਥ ਸਮਗਰੀ ਇਕੋ ਥਾਂ ਤੋਂ ਲੱਭ ਪੈਂਦੀ ਹੈ।
 11.  'ਸ਼ੰਕਾਵਾਦੀ ਅਰਥ ਨਿਰਣੈ' ਸਿਰਲੇਖ ਹੇਠ ਹਰ ਸ਼ਬਦ ਦੇ ਉਨ੍ਹਾਂ ਅਰਥਾਂ ਬਾਰੇ ਵਿਸਥਾਰ ਸਹਿਤ ਵਿਚਾਰ ਅੰਕਿਤ ਕੀਤੇ ਹਨ ਜਿਨ੍ਹਾਂ ਬਾਰੇ ਟੀਕਾਕਾਰਾਂ ਵਿਚ ਮਤਭੇਦ ਹਨ। ਨਵੀਂ ਖੋਜ ਤੇ ਯੁਕਤੀਆਂ ਦੁਆਰਾ ਉਨ੍ਹਾਂ ਬਹੁਤੇ ਅਰਥਾਂ ਤੋਂ ਇਕ ਅਰਥ ਦਾ ਨਿਰਣਾ ਕੀਤਾ ਗਿਆ ਹੈ ਜੋ ਪਾਠਕਾਂ ਲਈ ਬੇਹੱਦ ਲਾਹੇਵੰਦ ਹੈ।
 12.  ਆਪਣੇ ਵਲੋਂ ਕੀਤੇ ਗਏ ਅਰਥਾਂ ਦੀ ਪੁਸ਼ਟੀ ਲਈ ਹੋਰ ਅੱਡ ਅੱਡ ਥਾਂਵਾਂ ਤੇ ਗੁਰਬਾਣੀ ਦੇ ਪ੍ਰਮਾਣ ਇਕੱਤਰ ਕਰਕੇ ਪਾਠਕਾਂ ਦੀ ਚੰਗੀ ਤਰਾਂ ਤਸੱਲੀ ਕਰਵਾਈ ਗਈ ਹੈ।
 ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ
       ਸ਼ਬਦਾਰਥ ਦੇ ਰੂਪ ਵਿਚ ਗੁਰੂ ਗ੍ਰੰਥ ਸਹਿਬ ਜੀ ਦਾ ਟੀਕਾ 'ਗੁਰ ਸੇਵਕ ਸਭਾ' ਨੇ ਪ੍ਰੋਫੈਸਰ ਤੇਜਾ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ ਅਤੇ ਪ੍ਰੋਫੈਸਰ ਨਰਾਇਣ ਸਿੰਘ ਦੇ ਯਤਨਾਂ ਸਦਕਾ ਤਿਆਰ ਕੀਤਾ, ਇਹ ਦੂਜਿਆਂ ਟੀਕਿਆਂ ਵਾਂਗ ਪੰਕਤੀ ਦੇ ਰੂਪ ਵਿਚ ਨਹੀਂ ਕੀਤਾ ਗਿਆ ਬਲਕਿ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ ਅਤੇ ਕਿਤੇ ਕਿਤੇ ਕਿਸੇ ਸਿਧਾਂਤਕ ਸ਼ਬਦ ਦਾ ਵਿਸਤਾਰ ਵੀ ਦਿੱਤਾ ਗਿਆ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਧਾਰਤ ਪੰਨਿਆਂ ਅਨੁਸਾਰ ਚਾਰ ਪੋਥੀਆਂ ਵਿਚ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਸੰਭਾਲ ਅਤੇ ਪਹੁੰਚ ਸੌਖੀ ਹੈ। ਗੁਰਬਾਣੀ ਅਧਿਐਨ ਦੇ ਵਿਦਵਾਨਾਂ, ਵਿਦਿਆਰਥੀਆਂ ਅਤੇ ਜਿਗਿਆਸੂਆਂ ਲਈ ਇਹ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਜਿਥੇ ਇਹ ਆਮ ਉਪਲਬਧ ਹੈ ਉਥੇ ਇਸ ਵਿਚ ਦਿੱਤੇ ਸੰਖਿਪਤ ਅਰਥ ਤੋਂ ਹੀ ਸਮੁਚੀ ਪੰਕਤੀ ਅਤੇ ਸ਼ਬਦ ਦਾ ਭਾਵ ਗ੍ਰਹਿਣ ਹੋ ਜਾਂਦਾ ਹੈ। ਇਸ ਟੀਕੇ ਦੀ ਵਿਸ਼ੇਸ਼ਤਾ ਬਿਆਨ ਕਰਦੇ ਹੋਏ ਗਿ. ਹਰਿਬੰਸ ਸਿੰਘ ਦਸਦੇ ਹਨ ਕਿ “ਪ੍ਰੋਫੈਸਰ ਸ਼੍ਰੇਣੀ ਨੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਿੱਖ ਜਗਤ ਨੂੰ ਸਭ ਤੋਂ ਵੱਡੀ ਦੇਣ ਦਿਤੀ ਹੈ, ਉਹ ਟੀਕਾਕਾਰੀ ਦੇ ਮਾਰਗ ਵਿਚ ਮਦਦ ਦੇਣ ਲਈ ਸਭ ਤੋਂ ਮੁਹਰਲੀ ਕਤਾਰ ਵਿਚ ਹੈ ਕਿਉਂਕਿ ਉਹ ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਨਰਾਇਣ ਸਿੰਘ ਅਤੇ ਬਾਵਾ ਹਰਿਕ੍ਰਿਸ਼ਨ ਸਿੰਘ ਵਰਗੇ ਉਚ ਕੋਟੀ ਦੇ ਵਿਦਵਾਨਾਂ ਨੇ ਕਰੜੀ ਘਾਲਨਾ ਕਰਕੇ ਤਿਆਰ ਕੀਤਾ। ਜੇ ਇਹ ਵਿਦਵਾਨ ਮੰਡਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰ ਜਾਂਦੀ ਤਾਂ ਸ਼ਾਇਦ ਹੀ ਕੋਈ ਵਿਦਵਾਨ ਇਸ ਪੱਧਰ ਤੋਂ ਉਚਾ ਕੰਮ ਕਰਨ ਲਈ ਅਗੇ ਆਉਂਦਾ।”34
       ਇਸ ਟੀਕੇ ਦੇ ਆਰੰਭ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੁੰ ਸਮਝਣ ਲਈ ਸੰਖੇਪ ਵਿਆਕਰਣ ਦਿੱਤੀ ਗਈ ਹੈ ਤਾਂ ਜੋ ਪਾਠਕ ਨੂੰ ਸ਼ਬਦ ਦਾ ਅਰਥ ਸਮਝਣ ਵਿਚ ਔਖਿਆਈ ਨਾ ਆਵੇ। 'ਧੁਰ ਕੀ ਬਾਣੀ' ਵਿਚੋਂ ਵਿਆਕਰਣ ਦੇ ਜੋ ਨਿਯਮ ਸਮਝ ਆਏ, ਉਨ੍ਹਾਂ ਦੀ ਵਰਤੋਂ ਬਾਣੀ ਵਿਚ ਕਿਵੇਂ ਹੋਈ ਹੈ, ਇਸ ਪ੍ਰਤੀ ਦਲੀਲ ਦਿੰਦੇ ਹੋਏ ਕਿਹਾ ਗਿਆ ਹੈ ਕਿ “ਬਾਣੀ ਦੇ ਸਮਝਣ ਵਿਚ ਸੌਖ ਪੈਦਾ ਕਰਨ ਲਈ ਇਸ ਦੀ ਲਿਖਤ, ਖਾਸ ਕਰਕੇ ਸ਼ਬਦਾਂਤਿਕ ਲਗਾਂ-ਮਾਤਰਾਂ ਦੇ ਕੁਝ ਨੇਮ ਦੇਣੇ ਜਰੂਰੀ ਹਨ। ਇਨ੍ਹਾਂ ਨੇਮਾਂ ਦਾ ਪੂਰਾ ਪਤਾ ਗੁਰੂ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਹੋ ਨਹੀਂ ਸਕਦਾ, ਪਰ ਬਾਣੀ ਨੂੰ ਅਭਿਆਸ ਨਾਲ ਪੜ੍ਹਨ ਨਾਲ ਗੁਰੂ ਜੀ ਦੀ ਬੇਅੰਤ ਵਿਦਵਤਾ ਦੇ ਵਹਾਉ ਦੇ ਪਿੱਛੇ-ਪਿੱਛੇ ਚਲ ਕੇ ਕੁਝ ਕੁ ਥਹੁ ਲੱਗਣਾ ਸੰਭਵ ਹੈ ਕਿ ਇਹ ਵਹਾਉ ਕਿਸ ਪਾਸੇ ਚਲਦਾ ਹੈ। ਬਾਣੀ ਬੇ-ਨਿਯਮੀ ਨਹੀਂ ਲਿਖੀ ਹੋਈ, ਕਿਸੇ ਨਾ ਕਿਸੇ ਤਰੀਕੇ ਨਾਲ ਲਿਖੀ ਹੈ। ਉਹ ਤਰੀਕਾ ਸਦੀਆਂ ਦੀ ਅਨ-ਗਹਿਲੀ ਪਿੱਛੋਂ ਲੱਭਣਾ ਬਹੁਤ ਮੁਸ਼ਕਲ ਹੋ ਗਿਆ ਹੈ, ਪਰ ਫਿਰ ਭੀ ਸਾਰਾ ਜਤਨ ਨਿਰਾਰਥ ਨਹੀਂ ਜਾਂਦਾ, ਕੁਝ ਨਾ ਕੁਝ ਪੱਲੇ ਪੈ ਹੀ ਜਾਂਦਾ ਹੈ।”35 ਸ਼ਬਦਾਰਥ ਰੂਪ ਵਿਚ ਇਹ ਟੀਕਾ 26 ਮਈ 1936 ਤੋਂ ਸ਼ੁਰੂ ਹੋ ਕੇ 15 ਸਤੰਬਰ 1941 ਨੂੰ ਸੰਪੂਰਨ ਹੋ ਗਿਆ। ਇਹ ਟੀਕਾ ਪਾਠਕਾਂ ਨੂੰ ਗੁਰਮੁਖੀ ਤੋਂ ਇਲਾਵਾ ਦੂਜੀਆਂ ਭਾਸ਼ਵਾਂ ਦੇ ਅਰਥਾਂ ਸਮਝਾਉਣ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਟੀਕੇ ਦੀਆਂ ਪਹਿਲੀਆਂ ਦੋ ਜਿਲਦਾਂ 'ਗੁਰ ਸੇਵਕ ਸਭਾ' ਨੇ ਤਿਆਰ ਕੀਤੀਆਂ ਅਤੇ ਇਸ ਤੋਂ ਬਾਅਦ ਅੱਜ ਤੱਕ ਇਸ ਟੀਕੇ ਦੀ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ।
 ਹਿੰਦੀ ਟੀਕਾਕਾਰੀ
       ਗੁਰੂ ਗ੍ਰੰਥ ਸਾਹਿਬ ਵਿਚ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਵਰਤੇ ਗਏ ਹਨ। ਦੂਜੀਆਂ ਭਾਸ਼ਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਅਨੁਵਾਦ ਅਤੇ ਟੀਕੇ ਗੁਰਮੁਖੀ ਸ਼ਬਦਾਂ ਨੂੰ ਖੋਲ ਕੇ ਸਮਝਉਂਦੇ ਹਨ। ਏਸੇ ਤੱਥ ਨੂੰ ਉਜਾਗਰ ਕਰਨ ਲਈ ਗੁਰੂ ਨਾਨਕ ਬਾਣੀ ਦੇ ਹਿੰਦੀ ਟੀਕੇ ਕੀਤੇ ਗਏ ਹਨ ਜਿਨ੍ਹਾਂ ਨੇ ਪਾਠਕ ਨੂੰ ਗੁਰਮੁਖੀ ਅੱਖਰਾਂ ਦੇ ਅਰਥ ਸਮਝਣ ਵਿਚ ਸੌਖ ਪੈਦਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਵਿਚੋਂ ਵਿਦਵਾਨਾਂ ਦਾ ਸਭ ਤੋਂ ਵਧੇਰੇ ਧਿਆਨ ਗੁਰੂ ਨਾਨਕ ਬਾਣੀ ਵੱਲ ਗਿਆ ਹੈ। ਗੁਰੂ ਨਾਨਕ ਬਾਣੀ ਦੀਆਂ ਵੱਖ-ਵੱਖ ਬਾਣੀਆਂ ਦੇ ਟੀਕੇ ਮਿਲਦੇ ਹਨ ਅਤੇ ਸਮੁਚੀ ਨਾਨਕ ਬਾਣੀ ਦੇ ਟੀਕੇ ਵੀ ਪਾਠਕਾਂ ਦੇ ਸਨਮੁਖ ਹਨ। ਸਮੁਚੀ ਨਾਨਕ ਬਾਣੀ ਦਾ ਪਹਿਲਾ ਹਿੰਦੀ ਟੀਕਾ ਜੈਰਾਮ ਮਿਸ਼ਰ ਜੀ ਨੇ ਕੀਤਾ। ਉਨ੍ਹਾਂ ਇਹ ਟੀਕਾ ਕਰਨ ਦਾ ਕਾਰਨ ਸਪਸ਼ਟ ਕਰਦੇ ਹੋਏ ਕਿਹਾ, “ਗੁਰੂ ਨਾਨਕ ਮੱਧਯੁੱਗ ਦੇ ਮੌਲਿਕ ਚਿੰਤਕ, ਕ੍ਰਾਂਤੀਕਾਰੀ ਸੁਧਾਰਕ, ਯੁੱਗ ਨਿਰਮਾਤਾ, ਮਹਾਨ ਦੇਸ਼-ਭਗਤ, ਦੀਨ ਦੁਖੀਆਂ ਦੇ ਪਰਮ ਹਿਤੈਸ਼ੀ ਅਤੇ ਦੂਰ-ਦ੍ਰਿਸ਼ਟੀ ਰਾਸ਼ਟਰ ਨਿਰਮਾਤਾ ਸਨ। ਹਿੰਦੀ ਵਿਚ ਇਨ੍ਹਾਂ ਦੀ ਬਾਣੀ ਦਾ ਅਧਿਐਨ ਨਾ ਕੀਤਾ ਜਾਣਾ ਖਟਕਦਾ ਹੈ।”36 ਉਨ੍ਹਾਂ ਨੇ ਗੁਰੂ ਜੀ ਦੀਆਂ ਬਾਣੀਆਂ ਦਾ ਗੁਰੂ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਅਨੁਸਾਰ ਟੀਕਾ ਕੀਤਾ ਹੈ। ਆਰੰਭ ਵਿਚ ਗੁਰੂ ਜੀ ਦੇ ਸਮੇਂ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪ੍ਰਸਥਿਤੀਆਂ ਦਾ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਬਾਣੀ ਵਿਚ ਆਏ ਰਸ ਸਿਧਾਂਤ, ਪ੍ਰਕ੍ਰਿਤੀ ਚਿਤਰਨ, ਭਾਸ਼ਾ, ਅਤੇ ਦਾਰਸ਼ਨਿਕ ਸਿਧਾਂਤਾਂ ਦਾ ਵਿਖਿਆਨ ਕੀਤਾ ਗਿਆ ਹੈ। ਕ੍ਰਿਸ਼ਨ ਦਾਸ ਜੀ ਦੁਆਰਾ ਸੰਪਾਦਿਤ ਇਹ ਰਚਨਾ ਮਿਤ੍ਰ ਪ੍ਰਕਾਸ਼ਨ, ਇਲਾਹਾਬਾਦ ਦੁਆਰਾ 1961 ਈਸਵੀ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿਖੇ ਪ੍ਰੋ. ਅਤੇ ਮੁਖੀ ਦੇ ਅਹੁਦੇ ਤੇ ਸੇਵਾ ਨਿਭਾਉਂਦੇ ਸਮੇਂ ਡਾ. ਤਾਰਨ ਸਿੰਘ ਜੀ ਨੇ ਆਪਣੇ ਪੰਜਾਬੀ ਵਿਚ ਕੀਤੇ ਖੋਜ ਕਾਰਜ ਗੁਰੂ ਨਾਨਕ ਬਾਣੀ ਪ੍ਰਕਾਸ਼ ਦਾ ਹਿੰਦੀ ਰੂਪਾਂਤਰਣ ਤਿਆਰ ਕੀਤਾ। ਪੰਜਾਬੀ ਟੀਕੇ ਦੇ ਦੋ ਭਾਗ ਸਨ ਪਰ ਹਿੰਦੀ ਵਿਚ ਕੇਵਲ ਇਕ ਭਾਗ ਹੀ ਪਾਠਕਾਂ ਤੱਕ ਪਹੁੰਚ ਸਕਿਆ। ਇਸ ਦਾ ਕਾਰਨ ਸੀ ਕਿ ਜਨਵਰੀ 1980 ਵਿਚ ਡਾ. ਸਾਹਿਬ ਅਕਾਲ ਚਲਾਣਾ ਕਰ ਗਏ ਸਨ ਅਤੇ ਉਦੋਂ ਤੱਕ ਇਸ ਰੂਪਾਂਤਰਣ ਦਾ ਕੇਵਲ ਇਕ ਭਾਗ ਹੀ ਸਿਰੇ ਚੜਿਆ ਸੀ। ਸੰਪੂਰਨ ਹੋਇਆ ਇਹ ਪਹਿਲਾ ਭਾਗ ਉਨ੍ਹਾਂ ਦੇ ਚਲਾਣੇ ਉਪਰੰਤ 1986 ਵਿਚ ਪ੍ਰਕਾਸ਼ਤ ਹੋਇਆ। ਮੁਨੀ ਅਰਜੁਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਟੀਕੇ ਦਾ ਕਾਰਜ ਆਰੰਭਿਆ ਪਰ ਇਹ ਸੰਪੂਰਨ ਨਹੀਂ ਹੋ ਸਕਿਆ, ਇਸ ਦਾ ਪਹਿਲਾ ਭਾਗ ਸੰਮਤ 2017 (ਸੰਨ 1960 ਈਸਵੀ) ਵਿਚ ਸੰਪੂਰਨ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਪੂਰਨ ਟੀਕਾ ਸਭ ਤੋਂ ਪਹਿਲਾਂ ਡਾ. ਮਨਮੋਹਨ ਸਹਿਗਲ ਨੇ ਕੀਤਾ। ਦਾਦਾ ਭਾਈ ਚੇਲਾ ਰਾਮ ਅਤੇ ਡਾ. ਜੋਧ ਸਿੰਘ ਜੀ ਦਾ ਹਿੰਦੀ ਟੀਕਾ ਵੀ ਉਪਲਬਧ ਹੈ। 
 ਅਨੁਵਾਦ 
       ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਰਵੋਤਮ ਧਰਮ ਗ੍ਰੰਥ ਹੈ ਜੋ ਕਿ ਸਮੁਚੀ ਮਾਨਵਤਾ ਦੀ ਅਗਵਾਈ ਕਰਦਾ ਹੈ। ਇਸ ਦੁਆਰਾ ਪ੍ਰਕਾਸ਼ਿਤ ਗਿਆਨ ਵਿੱਚ ਛੇ ਗੁਰੂ ਸਾਹਿਬਾਨ ਤੋਂ ਇਲਾਵਾ ਤੀਹ ਹੋਰ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਜੋ ਕਿ ਵੱਖ-ਵੱਖ ਜਾਤਾਂ, ਧਾਰਮਿਕ ਸੰਪਰਦਾਵਾਂ, ਭੂਗੋਲਿਕ ਖਿਤਿਆਂ ਅਤੇ ਭਾਸ਼ਾਵਾਂ ਨਾਲ ਸੰਬੰਧਤ ਸਨ। ਇਸ ਗ੍ਰੰਥ ਵਿੱਚ ਬਾਬਾ ਫ਼ਰੀਦ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਪੰਜ ਸਦੀਆਂ ਦੇ ਗਿਆਨ ਦਾ ਸੰਗਮ ਹੈ। 1430 ਪੰਨਿਆਂ ਵਿੱਚ ਸਮੋਇਆ ਹੋਇਆ ਇਹ ਗ੍ਰੰਥ ਹਿੰਦੂ ਅਤੇ ਮੁਸਲਿਮ ਭਗਤਾਂ ਦੀ ਪ੍ਰਭੂ-ਮੁਖੀ ਦਰਸ਼ਨਧਾਰਾ ਨੂੰ ਨਾਲ ਲੈ ਕੇ ਚਲਦਾ ਹੈ ਅਤੇ ਸਮੁਚੀ ਬਾਣੀ ਨੂੰ 'ਗੁਰੂ' ਦਾ ਦਰਜਾ ਪ੍ਰਾਪਤ ਹੈ। ਇਸ ਗ੍ਰੰਥ ਦੀ ਮੂਲ ਭਾਵਨਾ ਮਨੁਖਤਾ ਨੂੰ ਅਧਿਆਤਮਕ ਤੌਰ ਤੇ ਪ੍ਰਭੂ ਨਾਲ ਜੋੜਨਾ ਹੈ ਪਰ ਨਾਲ ਹੀ ਇਹ ਗ੍ਰੰਥ ਅੰਤਰ-ਧਰਮ ਸੰਵਾਦ ਦੀ ਭਾਵਨਾ ਦਾ ਪ੍ਰਮੁਖ ਤੌਰ ਤੇ ਪ੍ਰਗਟਾਵਾ ਕਰਦਾ ਹੈ।
       ਜਿਸ ਵਿਅਕਤੀ ਦੀ ਮਾਤ-ਭਾਸ਼ਾ ਗੁਰਮੁਖੀ ਨਹੀਂ ਉਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਲ ਭਾਵਨਾ ਤੱਕ ਪਹੁੰਚਣਾ ਮੁਸ਼ਕਲ ਹੈ ਅਤੇ ਜੋ ਵਿਅਕਤੀ ਗੁਰਮੁਖੀ ਜਾਣਦੇ ਹਨ, ਜਰੂਰੀ ਨਹੀਂ ਕਿ ਉਹ ਆਪਣੀ ਗੱਲ ਦੂਜਿਆਂ ਤੱਕ ਪਹੁੰਚਾ ਸਕਣ। ਅਨੁਵਾਦ ਕਾਰਜ ਕਰਨ ਵਾਲੇ ਵਿਦਵਾਨ ਇਸ ਘਾਟ ਨੂੰ ਪੂਰਾ ਕਰਨ ਦਾ ਯਤਨ ਕਰਦੇ ਹਨ ਅਤੇ ਦੋਵੇਂ ਤਰਾਂ ਦੇ ਵਿਅਕਤੀਆਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ। ਜਰੂਰੀ ਹੈ ਕਿ ਅਨੁਵਾਦ ਕਰਨ ਵਾਲਾ ਵਿਦਵਾਨ ਗ੍ਰੰਥ ਦੀ ਮੂਲ ਭਾਸ਼ਾ ਦੇ ਨਾਲ-ਨਾਲ ਉਸ ਭਾਸ਼ਾ ਦਾ ਵੀ ਮਾਹਰ ਹੋਵੇ ਜਿਸ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਹੈ ਤਾਂ ਹੀ ਇਸ ਧਰਮ ਗ੍ਰੰਥ ਦੀ ਮੂਲ ਭਾਵਨਾ ਲੋਕਾਂ ਤੱਕ ਪਹੁੰਚਾਉਣ ਦੇ ਸਮਰੱਥ ਹੋ ਸਕਦਾ ਹੈ। ਅਨੁਵਾਦ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ, “ਅਨੁਵਾਦਿਤ ਸਾਹਿਤ ਕੋਸ਼ ਗਤ ਅਧਾਰਿਤ ਨਹੀਂ ਹੋਣੇ ਚਾਹੀਦੇ ਸਗੋਂ ਅਨੁਵਾਦਕ ਦਾ ਸਿੱਧਾ ਸੰਬੰਧ ਮੂਲ ਰਚਨਾ ਦੀ ਆਤਮਾ ਨੂੰ ਸਨਮੁਖ ਰੱਖ ਕੇ ਲੋਕ ਭਾਸ਼ਾ ਤੇ ਉਕਤੀ ਦੁਆਰਾ ਸਹਿਜ ਰੂਪ ਵਿਚ ਹੋਣਾ ਚਾਹੀਦਾ ਹੈ। ਭਾਵੇਂ ਸ਼ਾਬਦਿਕ ਅਨੁਵਾਦ ਨਾਲੋਂ ਭਾਵ-ਅਨੁਵਾਦ ਹੀ ਕਿਉਂ ਨਾ ਹੋਣ। ਅਨੁਵਾਦ ਵਿਚ ਮੌਲਿਕ ਰਚਨਾ ਵਾਲੀ ਸੁਗੰਧੀ ਹੋਣੀ ਜਰੂਰੀ ਹੈ।”37
       ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ ਅਨੇਕਾਂ ਯਤਨ ਹੋਏ ਹਨ। ਸਭ ਤੋਂ ਪਹਿਲਾ ਯਤਨ ਤਾਂ ਗੁਰੂ ਸਾਹਿਬ ਨੇ ਆਪ ਕੀਤਾ ਉਨ੍ਹਾਂ ਦੀ ਬਾਣੀ ਦੇ ਹਵਾਲੇ ਭਗਤਾਂ ਦੀ ਬਾਣੀ ਵਿੱਚ ਮਿਲਦੇ ਹਨ ਜੋ ਕਿ ਕਿਸੇ ਵਿਸ਼ੇਸ਼ ਭਾਵ ਨੂੰ ਹੋਰ ਵਧੇਰੇ ਖੋਲ ਕੇ ਸਮਝਾਉਣ ਦਾ ਯਤਨ ਕਰਦੇ ਹਨ। ਗੁਰੂ ਸਾਹਿਬਾਨ ਦੇ ਸਮੇਂ ਭਾਈ ਗੁਰਦਾਸ ਜੀ ਨੇ ਵਾਰਾਂ ਦੀ ਰਚਨਾ ਕਰਕੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਸ਼ਰਧਾਲੂ ਅਤੇ ਵਿਦਵਾਨ ਸਿੱਖਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਰਥ ਅਤੇ ਟੀਕੇ ਤਿਆਰ ਕੀਤੇ ਗਏ ਇਨ੍ਹਾਂ ਦਾ ਉਦੇਸ਼ ਇਸ ਗ੍ਰੰਥ ਦੀ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ। ਗੁਰਮੁਖੀ ਭਾਸ਼ਾ ਵਿੱਚ ਹੋਏ ਇਹ ਸਮੂਹ ਯਤਨ ਸ਼ਲਾਘਾਯੋਗ ਹਨ ਪਰ ਇਨ੍ਹਾਂ ਦਾ ਦਾਇਰਾ ਸੀਮਿਤ ਸੀ। ਗੁਰਮੁਖੀ ਨਾ ਜਾਣਨ ਵਾਲੇ ਲੋਕਾਂ ਤੱਕ ਇਸ ਮਹਾਨ ਗ੍ਰੰਥ ਦਾ ਸੰਦੇਸ਼ ਪਹੁੰਚਣਾ ਸੰਭਵ ਨਹੀਂ ਸੀ ਅਤੇ ਸੀਮਿਤ ਦਾਇਰੇ ਵਿੱਚ ਹੀ ਲੋਕ ਇਸ ਦਾ ਗਿਆਨ ਹਾਸਲ ਕਰ ਸਕਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕਾਰਜ ਕਦੋਂ ਆਰੰਭ ਹੋਇਆ ਇਸ ਬਾਰੇ ਕਹਿਣਾ ਮੁਸ਼ਕਲ ਹੈ ਕਿਉਂਕਿ ਗੁਰੂ ਸਾਹਿਬਾਨ ਦੀਆਂ ਚੋਣਵੀਆਂ ਬਾਣੀਆਂ ਦੇ ਟੀਕੇ ਅਤੇ ਅਨੁਵਾਦ ਉਨ੍ਹਾਂ ਦੇ ਸਮੇਂ ਹੀ ਆਰੰਭ ਹੋ ਗਏ ਸਨ। ਅਜਿਹੇ ਹਵਾਲੇ ਵੀ ਮਿਲਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਅਨੁਵਾਦ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਕੀਤਾ। ਬਾਬਾ ਜੀ ਗੁਰਮਤਿ ਵਿਦਿਆ ਵਿਚ ਪ੍ਰਬੀਨ ਸਨ ਅਤੇ ਉਨ੍ਹਾਂ ਇਹ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਗ੍ਰਹਿਣ ਕੀਤੀ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਉਨ੍ਹਾਂ ਦੀ ਰਹਿਨੁਮਾਈ ਵਿਚ ਸੰਪੂਰਨ ਕੀਤੇ ਸਨ। ਨਾਂਦੇੜ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਉਸ ਨੂੰ ਦਮਦਮਾ ਸਹਿਬ ਦੀ ਸੇਵਾ ਸੌਂਪ ਚੁਕੇ ਸਨ। ਬਾਬਾ ਜੀ ਕੁਝ ਸਮੇਂ ਲਈ ਆਪਣੀ ਮਾਤਾ ਜੀ ਨੂੰ ਮਿਲਣ ਪਿੰਡ ਚਲੇ ਗਏ ਅਤੇ ਤਿੰਨ-ਚਾਰ ਸਾਲ ਉਥੇ ਹੀ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ “ਹਿੰਦੀ, ਮਰਹਿਟੀ, ਉਰਦੂ, ਫ਼ਾਰਸੀ ਅਤੇ ਅਰਬੀ (ਪੰਜਾਂ) ਬੋਲੀਆਂ ਵਿਚ ਕੀਤਾ।” ਬਾਬਾ ਜੀ ਦੁਆਰਾ ਕੀਤੇ ਇਨ੍ਹਾਂ ਅਨੁਵਾਦਾਂ ਦੀ ਪ੍ਰੋੜਤਾ ਕਰਦੇ ਹੋਏ ਲੇਖਕ ਅੱਗੇ ਦਸਦਾ ਹੈ ਕਿ, “ਗੁਰਮਾਂ (ਪਿੰਡ) ਵਾਲੇ ਈਸ਼ਰ ਸਿੰਘ ਜੀ ਜੋ 28 ਬਰਸ ਅਮਰੀਕਾ ਵਿਚ ਰਹੇ ਅਤੇ ਬਰਕਲੇ ਯੂਨੀਵਰਸਿਟੀ, ਕੈਲੈਫੋਰਨੀਆ ਦੇ M.Sc ਹਨ, ਇਉਂ ਆਖਦੇ ਹਨ, ਅਰਬ-ਬਗਦਾਦ ਦੇ ਨਾਨਕ ਪੰਥੀ ਦੋ ਵਿਦਿਆਰਥੀ ਭਗਤ ਤੇ ਜਗਤ ਨਾਮੇਂ ਮੇਰੇ ਨਾਲ ਪੜ੍ਹਦੇ ਸਨ, ਉਨ੍ਹਾਂ ਨੇ ਉਸ ਯੂਨੀਵਰਸਿਟੀ ਦੇ ਪੁਸਤਕਾਲਯ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਨੁਵਾਦ ਅਰਬੀ ਵਿਚ ਬਾਬਾ ਦੀਪ ਸਿੰਘ ਕ੍ਰਿਤ ਲਿਆਂਦਾ ਹੋਇਆ ਸੀ। ਮੈਂ ਉਸ ਵੇਲੇ ਉਨ੍ਹਾਂ ਕੋਲੋਂ ਵੇਖਿਆ ਹੈ। ਹਿੰਦੀ ਅਨੁਵਾਦ ਬਾਬਤ ਏਸ਼ਿਆਟਿਕ ਸੋਸਾਇਟੀ ਨੇ 1881 ਈਸਵੀ ਦੇ ਆਪਨੇ ਮਾਸਕ ਪਤ੍ਰ ਗਾਰਸੀਆ ਵਿਚ ਲਿਖਿਆ ਹੈ, ਜਿਸਦੀ ਲਿਖਤੀ ਨਕਲ ਦਾ ਪਤਾ ਉਹਨਾਂ ਨੇ ਪੈਰਿਸ ਦੀ Griental Deptt ਦੇ ਦਫਤਰ ਦਾ ਦਿੱਤਾ ਹੈ। ਮਰਹਿਟੀ ਅਨੁਵਾਦ ਦਾ ਹਵਾਲਾ ਪੂਨਾ ਲਾਇਬਰੇਰੀ ਅਤੇ ਮੈਕਾਲਫ ਦੇ ਲੇਖ ਤੋਂ ਮਿਲਦਾ ਹੈ। ਉਰਦੂ ਅਨੁਵਾਦ ਮੁਹੰਮਦ ਰਮਜ਼ਾਨ ਵਕੀਲ ਲੁਧਿਆਣਾ ਦੇ ਕੋਲ ਆਪ ਅੱਖੀਂ ਵੇਖਿਆ ਹੈ। ਫ਼ਾਰਸੀ ਅਨੁਵਾਦ ਦਾ ਪਤਾ ਕਾਬਲ ਦੀ ਸ਼ਾਹੀ ਲਾਇਬਰੇਰੀ ਵਿਚੋਂ 1839 ਵਿਚ ਲੱਗਾ। ਜਦੋਂ ਕਾਬਲ ਤੇ ਚੜ੍ਹਾਈ ਹੋਈ; ਅਤੇ ਕਮਾਂਡਾਰ ਇਨ ਚੀਫ਼ Sail ਨੇ ਉਸਦੀ ਸੂਚੀ ਬਣਾਈ।”38 ਇਸ ਧਰਮ ਗ੍ਰੰਥ ਦੇ ਸੰਦੇਸ਼ ਨੂੰ ਵਿਸ਼ਾਲ ਘੇਰੇ ਤੱਕ ਪਹੁੰਚਾਉਣ ਲਈ ਵਿਦਵਾਨਾਂ ਨੇ ਇਸ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ। ਅੰਗਰੇਜ਼ੀ, ਹਿੰਦੀ, ਫਰੈਂਚ, ਜਰਮਨ ਆਦਿ ਭਾਸ਼ਾਵਾਂ ਵਿੱਚ ਮੁਕੰਮਲ ਅਨੁਵਾਦ ਸਾਹਮਣੇ ਆਏ ਹਨ, ਚੋਣਵੀਆਂ ਬਾਣੀਆਂ ਦੇ ਅਨੁਵਾਦ ਦਾ ਘੇਰਾ ਇਨ੍ਹਾਂ ਤੋਂ ਵਿਸ਼ਾਲ ਹੈ। ਅਨੁਵਾਦ ਕੀਤੇ ਗਏ ਉਪਲਬਧ ਗ੍ਰੰਥਾਂ ਬਾਰੇ ਇਥੇ ਸੰਖੇਪ ਰੂਪ ਵਿੱਚ ਜਾਣਕਾਰੀ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।     
 ਟਰੰਪ
       ਟਰੰਪ ਜਰਮਨ ਦੇਸ਼ ਦਾ ਜੰਮਪਲ ਸੀ। 13 ਮਾਰਚ 1828 ਵਿੱਚ ਇਸਦਾ ਜਨਮ ਜਾਰਜ ਟਰੰਪ ਦੇ ਘਰ ਹੋਇਆ। ਇਸਦੀ ਰੁਚੀ ਭਾਸ਼ਾਵਾਂ ਦੇ ਗਿਆਨ ਵਿੱਚ ਸੀ। ਇਸਦੀ ਇਹ ਇੱਛਾ ਈਸਟ ਇੰਡੀਆ ਹਾਊਸ ਲੰਡਨ ਵਿਖੇ ਆ ਕੇ ਪੂਰੀ ਹੋਈ। ਇਥੇ ਇਹ ਸਹਾਇਕ ਲਾਇਬ੍ਰੇਰੀਅਨ ਵਜੋਂ ਕੰਮ ਕਰ ਰਿਹਾ ਸੀ ਕਿ 1854 ੲਸਿਵੀ ਵਿੱਚ ਈਸਾਈ ਮਿਸ਼ਨਰੀਆਂ ਲਈ ਭਾਸ਼ਾਵਾਂ ਦੀ ਵਿਆਕਰਣ ਅਤੇ ਕੋਸ਼ ਤਿਆਰ ਕਰਨ ਲਈ ਕਰਾਚੀ ਆ ਗਿਆ। ਭਾਸ਼ਾਵਾਂ ਦੀ ਸਮਝ ਲਈ ਸਖਤ ਮਿਹਨਤ ਕੀਤੀ ਅਤੇ ਛੇਤੀ ਹੀ ਸਿੰਧੀ ਅਤੇ ਪਸ਼ਤੋ ਦਾ ਗਹਿਨ ਅਧਿਐਨ ਕਰਕੇ ਇਨ੍ਹਾਂ ਭਾਸ਼ਾਵਾਂ ਦੀ ਡੂੰਘੀ ਜਾਣਕਾਰੀ ਜਾਣਕਾਰੀ ਹਾਸਲ ਕੀਤੀ।
       ਇੰਡੀਆ ਆਫਿਸ ਨੇ 1869 ਈਸਵੀ ਵਿੱਚ ਇਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਦਾ ਕਾਰਜ ਸੌਂਪਿਆ। ਇਸਨੇ ਇਸ ਗ੍ਰੰਥ ਦੀ ਭਾਸ਼ਾ ਅਤੇ ਸਭਿਆਚਾਰ ਦਾ ਗਿਆਨ ਹਾਸਲ ਕਰਨ ਲਈ ਪੰਜਾਬ ਆਉਣਾ ਬੇਹਤਰ ਸਮਝਿਆ। ਗੁਰਦੁਆਰਿਆਂ ਦੇ ਗ੍ਰੰਥੀਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਮਝਣ ਦਾ ਯਤਨ ਕੀਤਾ, ਪਰ ਸੰਤੁਸ਼ਟੀ ਨਾ ਮਿਲੀ। ਸਿੱਖਾਂ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਵਾਲੇ ਗਿਆਨ ਦੀ ਘਾਟ ਦਾ ਕਾਰਨ ਉਹ ਇਨ੍ਹਾਂ ਦੀ ਜੰਗਜੂ ਬਿਰਤੀ ਅਤੇ ਸਮੇਂ ਦੇ ਹਾਲਾਤ ਨੂੰ ਮੰਨਦਾ ਹੈ। ਉਸਨੇ ਗ੍ਰੰਥੀਆਂ ਦੀ ਸਹਾਇਤਾ ਨਾਲ ਕੀਤੇ ਅਧਿਐਨ ਵਜੋਂ ਵਿਆਕਰਣ ਅਤੇ ਕੋਸ਼ ਦੇ ਰੂਪ ਵਿੱਚ ਆਪਣੀ ਖੋਜ ਸਹਾਇਕ ਸਮੱਗਰੀ ਤਿਆਰ ਕਰਨ ਲਈ 1872 ਈਸਵੀ ਵਿੱਚ ਜਰਮਨ ਵਾਪਸ ਪਰਤ ਗਿਆ। ਉਥੇ ਜਾ ਕੇ ਇਸਨੇ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਾਰਜ ਕੀਤਾ ਪਰ ਉਹ ਇਸਨੂੰ ਸੰਪੂਰਨ ਨਾ ਕਰ ਸਕਿਆ। ੳਸਨੇ ਅਨੁਵਾਦ ਕੀਤੇ ਧਰਮ ਗ੍ਰੰਥ ਨੂੰ 'ਆਦਿ ਗ੍ਰੰਥ' ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਇਆ।
       ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਕਾਰਜ ਤੋਂ ਪਹਿਲਾਂ ਉਸਨੇ ਪੰਜ ਅਧਿਆਇਆਂ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖ ਪਰੰਪਰਾਵਾਂ ਦਾ ਵਿਖਿਆਨ ਕੀਤਾ ਹੈ। ਪਹਿਲੇ ਅਧਿਆਇ ਦਾ ਸਿਰਲੇਖ The Life of Baba Nanak ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਹਨ। ਦੂਜਾ ਭਾਗ Sketch of the Life of other Sikh Gurus ਹੈ ਜਿਸ ਵਿੱਚ ਦੂਜੇ ਗੁਰੂ, ਗੁਰੂ ਅੰਗਦ ਦੇਵ, ਜੀ ਤੋਂ ਲੈ ਕੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ, ਜੀ ਤੱਕ ਗੁਰ-ਇਤਿਹਾਸ ਦਾ ਵਰਣਨ ਹੈ। ਤੀਜੇ ਭਾਗ Sketch of the Religion of the Sikhs ਵਿੱਚ ਸਿੱਖ ਧਰਮ ਦੇ ਮੂਲ ਸਿਧਾਂਤਾਂ ਦਾ ਵਰਣਨ ਹੈ। ਚੌਥਾ ਭਾਗ  On the Compositions of the Granth  ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਪੰਜਵਾਂ ਅਧਿਆਇ On the Language and the Meters used in Granth ਵਿਸ਼ੇ ਨਾਲ ਸੰਬੰਧਤ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਭਾਸ਼ਾ ਅਤੇ ਛੰਦਾਂ ਦਾ ਜ਼ਿਕਰ ਹੈ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਹੈ ਜਿਸ ਵਿੱਚ ਜਪੁਜੀ, ਸੋਦਰ, ਸ੍ਰੀ ਰਾਗ, ਮਾਝ, ਗਉੜੀ, ਆਸਾ, ਭਗਤਾਂ ਦੀ ਬਾਣੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਦਾ ਅਨੁਵਾਦ ਹੈ। ਅੰਤਿਕਾ ਵਿੱਚ 'ਜਪੁ' ਬਾਣੀ ਦਾ ਮੂਲ ਪਾਠ ਦਿੱਤਾ ਹੋਇਆ ਹੈ।
       ਟਰੰਪ ਦੇ ਅਨੁਵਾਦ ਕਾਰਜ ਵਿੱਚ ਨਿਰਪੱਖਤਾ ਦੀ ਘਾਟ ਹੈ ਜਿਸ ਕਾਰਨ ਇਹ ਸਿੱਖਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਨਹੀਂ ਹੋ ਸਕਿਆ।
 
ਮੈਕਾਲਿਫ਼ (1841-1913)
       ਮੈਕਾਲਿਫ਼ ਦਾ ਜਨਮ 10 ਸਤੰਬਰ 1841 ਈਸਵੀ ਨੂੰ ਆਇਰਲੈਂਡ ਵਿਖੇ ਹੋਇਆ। 1862 ਈਸਵੀ ਵਿੱਚ ਇਸਨੇ ਭਾਰਤੀ ਸਿਵਲ ਸਰਵਿਸ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ 1864 ਵਿੱਚ ਇਸਦੀ ਬਦਲੀ ਪੰਜਾਬ ਵਿਖੇ ਹੋ ਗਈ। ਭਾਰਤ ਸਰਕਾਰ ਦੀ ਨੌਕਰੀ ਕਰਦੇ ਸਮੇਂ ਇਸਨੇ ਪੰਜਾਬ ਦੇ ਅਧਿਆਤਮਕ ਅਤੇ ਸਮਾਜਕ ਸਭਿਆਚਾਰ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ। 1880 ਈਸਵੀ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਸਮੇਂ ਪ੍ਰੋਫੈਸਰ ਗੁਰਮੁਖ ਸਿੰਘ ਦੇ ਸੰਪਰਕ ਵਿੱਚ ਆਇਆ। ਸਿੱਖੀ ਪਰੰਪਰਾਵਾਂ ਤੋਂ ਅਜਿਹਾ ਪ੍ਰਭਾਵਤ ਹੋਇਆ ਕਿ ਗੁਰਬਾਣੀ ਪੜ੍ਹਨ ਦੀ ਰੁਚੀ ਪੈਦਾ ਹੋ ਗਈ। 'ਕਲਕੱਤਾ ਰਿਵੀਊ' ਵਿੱਚ ਛਪੇ ਤਿੰਨ ਲੇਖ ਇਸ ਦੀ ਸਿੱਖ ਧਰਮ ਪ੍ਰਤੀ ਰੁਚੀ ਦਾ ਪ੍ਰਗਟਾਵਾ ਕਰਦੇ ਹਨ। ਏਸੇ ਰੁਚੀ ਕਾਰਨ ਸਿੱਖ ਧਰਮ ਦੇ ਇਕ ਉਘੇ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨਾਲ ਮੇਲ ਹੋਇਆ ਜਿਸ ਨਾਲ ਸਿੱਖੀ ਪ੍ਰਤੀ ਜਾਣਕਾਰੀ ਸਪਸ਼ਟਤਾ ਸਹਿਤ ਹਾਸਲ ਹੋਣ ਲੱਗੀ। ਇਨ੍ਹਾਂ ਦਾ ਆਪਸੀ ਪਿਆਰ ਅਤੇ ਸਤਿਕਾਰ ਏਨਾ ਵੱਧ ਗਿਆ ਕਿ ਜਦੋਂ ਭਾਈ ਸਾਹਿਬ ਲੰਡਨ ਜਾਂਦੇ ਤਾਂ ਮੈਕਾਲਿਫ਼ ਕੋਲ ਠਹਿਰਦੇ। ਮੈਕਾਲਿਫ਼ ਨੁੰ ਸਿੱਖ ਧਰਮ ਦੇ ਅਧਿਐਨ ਲਈ ਭਾਈ ਸਾਹਿਬ ਦੀ ਕਾਫੀ ਸਹਾਇਤਾ ਪ੍ਰਾਪਤ ਹੋਈ।
       ਮੈਕਾਲਿਫ਼ ਦੀ ਸਿੱਖ ਸਾਹਿਤ ਦੇ ਅਧਿਐਨ ਵਿੱਚ ਰੁਚੀ ਏਨੀ ਵੱਧ ਗਈ ਕਿ 1893 ਈਸਵੀ ਵਿੱਚ ਇਸਨੇ ਨੌਕਰੀ ਤੋਂ ਅਸਤੀਫਾ ਦੇ ਕੇ ਆਪਣਾ ਬਾਕੀ ਜੀਵਨ ਸਿੱਖੀ ਅਧਿਐਨ ਨੂੰ ਸਮਰਪਿਤ ਕਰ ਦਿੱਤਾ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕਾਰਜ ਆਰੰਭਿਆ ਤਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਕਿ ਟਰੰਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਅੰਗਰੇਜ਼ੀ ਅਨੁਵਾਦ ਕੀਤਾ ਸੀ ਸਿੱਖ ਉਸ ਤੋਂ ਖੁਸ਼ ਨਹੀਂ ਸਨ।39 ਮੈਕਾਲਿਫ਼ ਸਿੱਖੀ ਭਾਵਨਾਵਾਂ ਅਨੁਸਾਰ ਇਹ ਕਾਰਜ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਇਸ ਕਾਰਜ ਲਈ ਪ੍ਰਮੁੱਖ ਸਿੱਖ ਵਿਦਵਾਨਾਂ ਦੀ ਸਹਾਇਤਾ ਹਾਸਲ ਕੀਤੀ। ਕਾਨ੍ਹ ਸਿੰਘ ਨਾਭਾ ਤੋਂ ਇਲਾਵਾ ਉਸਨੇ ਗਿਆਨੀ ਦਿੱਤ ਸਿੰਘ, ਗੁਰਮੁਖ ਸਿੰਘ, ਗਿਆਨੀ ਸਰਦੂਲ ਸਿੰਘ, ਭਾਈ ਸੰਤ ਸਿੰਘ, ਫ਼ਤਹਿ ਸਿੰਘ, ਦਰਬਾਰਾ ਸਿੰਘ ਆਦਿ ਵਿਦਵਾਨਾਂ ਦੀ ਸਹਾਇਤਾ ਨਾਲ 1909 ਈਸਵੀ ਵਿੱਚ The Sikh Religion: Its Sacred Writings and Authors ਸਿਰਲੇਖ ਹੇਠ ਇਕ ਪੁਸਤਕ ਤਿਆਰ ਕੀਤੀ। ਆਕਸਫੋਰਡ ਯੂਨੀਵਰਸਿਟੀ ਦੁਆਰਾ ਛੇ ਭਾਗਾਂ ਵਿੱਚ ਛਪੀ ਇਹ ਪੁਸਤਕ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਸਿੱਖ ਗੁਰੂ ਸਾਹਿਬਾਨ ਅਤੇ ਭਗਤਾਂ ਦੇ ਜੀਵਨ ਬਾਰੇ ਰੌਚਿਕ ਅਤੇ ਖੋਜ ਭਰਪੂਰ ਜਾਣਕਾਰੀ ਪ੍ਰਦਾਨ ਕਰਨ ਵਾਲੀ ਇਸ ਪੁਸਤਕ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦਾ ਅਨੁਵਾਦ ਵੀ ਕੀਤਾ ਗਿਆ ਹੈ। ਮੈਕਾਲਿਫ਼ ਨੇ ਅੰਗਰੇਜ਼ੀ ਭਾਸ਼ਾ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਵਾਲਿਆਂ ਲਈ ਇਕ ਮਹੱਤਵਪੂਰਨ ਰਚਨਾ ਤਿਆਰ ਕੀਤੀ ਹੈ। ਉਹ ਗੁਰੂ ਸਾਹਿਬਾਨ ਦੀ ਬਾਣੀ ਨੂੰ ਪੂਰਨ ਸਤਿਕਾਰ ਅਤੇ ਸ਼ਰਧਾ ਨਾਲ ਵੇਖਦਾ ਅਤੇ ਪੜ੍ਹਦਾ ਸੀ। ਆਪਣੇ ਚਲਾਣੇ ਤੋਂ 10 ਮਿੰਟ ਪਹਿਲਾਂ ਹੀ ਉਸਨੇ 'ਜਪੁ' ਬਾਣੀ ਦਾ ਪਾਠ ਕੀਤਾ ਸੀ।
 ਗੁਰਬਚਨ ਸਿੰਘ ਤਾਲਿਬ (1911-1986)
       ਪ੍ਰੋ. ਗੁਰਬਚਨ ਸਿੰਘ ਤਾਲਿਬ ਦਾ ਜਨਮ ਸ. ਕਰਤਾਰ ਸਿੰਘ ਅਤੇ ਮਾਤਾ ਜੈ ਕੌਰ ਦੇ ਗ੍ਰਹਿ ਵਿਖੇ 1911 ਈਸਵੀ ਵਿੱਚ ਮੂਣਕ ਵਿਖੇ ਹੋਇਆ। ਇਨ੍ਹਾਂ ਨੇ ਆਪਣੇ ਜੀਵਨ ਦੌਰਾਨ ਮਹੱਤਵਪੂਰਨ ਪ੍ਰਬੰਧਕ ਅਤੇ ਅਕਾਦਮਿਕ ਜਿੰਮੇਵਾਰੀਆਂ ਨਿਭਾਈਆਂ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਖ਼ਾਲਸਾ ਕਾਲਜ ਮੁੰਬਈ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੁਰੂ ਨਾਨਕ ਚੇਅਰ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਰਿਲੀਜਨ ਅਤੇ ਫਿਲਾਸਫੀ ਵਿਭਾਗ ਵਿਖੇ ਕਾਰਜ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਕੰਮ ਕਰਦੇ ਰਹੇ ਅਤੇ ਏਸੇ ਵਿਭਾਗ ਤੋਂ ਸੇਵਾ ਮੁਕਤ ਹੋਏ। 1985 ਈਸਵੀ ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ। ਧਰਮ ਅਤੇ ਦਰਸ਼ਨ ਵਿਸ਼ੇ ਨਾਲ ਸੰਬੰਧਤ ਪੁਸਤਕਾਂ ਤੋਂ ਇਲਾਵਾ ਏਸੇ ਵਿਸ਼ੇ ਨਾਲ ਸੰਬੰਧਤ ਖੋਜ ਭਰਪੂਰ ਪੇਪਰ ਲਿਖੇ। ਇਨ੍ਹਾਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਮੰਨਿਆ ਜਾਂਦਾ ਹੈ।
       ਪ੍ਰੋ. ਗੁਰਬਚਨ ਸਿੰਘ ਤਾਲਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਾਰਜ 1976 ਈਸਵੀ ਵਿੱਚ ਆਰੰਭ ਕੀਤਾ। ਇਹ ਅਨੁਵਾਦ ਚਾਰ ਭਾਗਾਂ ਵਿੱਚ ਛਪਿਆ ਹੋਇਆ ਹੈ ਅਤੇ ਇਸ ਦੇ ਹਰ ਇਕ ਭਾਗ ਦੇ ਪੰਨੇ 'ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਅਨੁਸਾਰ ਰੱਖੇ ਗਏ ਹਨ। ਜਿਥੇ ਜਿਸ ਪੰਨੇ ਦਾ ਅਨੁਵਾਦ ਆਰੰਭ ਹੁੰਦਾ ਹੈ ਉਥੇ ਉਸ ਪੰਨੇ ਦਾ ਅੰਕ ਦਿੱਤਾ ਗਿਆ ਹੈ। 1984 ਈਸਵੀ ਵਿੱਚ ਪਹਿਲੇ ਪੰਨੇ ਦਾ ਅਨੁਵਾਦ ਛਪ ਚੁੱਕਾ ਸੀ ਜਿਸ ਵਿੱਚ ਇਸ ਧਰਮ ਗ੍ਰੰਥ ਦੀ ਵਿਸਤ੍ਰਿਤ ਭੂਮਿਕਾ ਦਿੱਤੀ ਹੋਈ ਹੈ। ਭੂਮਿਕਾ ਦਾ ਇਹ ਭਾਗ ਇਨ੍ਹਾਂ ਮਹੱਤਵਪੂਰਨ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਸ ਨੂੰ An Introduction to Sri Guru Granth Sahib ਸਿਰਲੇਖ ਹੇਠ ਵੱਖਰੇ ਤੌਰ ਤੇ ਵੀ ਪ੍ਰਕਾਸ਼ਿਤ ਕਤਿਾ ਹੈ। ਭੂਮਿਕਾ ਵਿੱਚ ਸ੍ਰੀ ਗੁਰੂ ਗ੍ਰੰਥ ਜੀ ਦੀ ਸੰਪਾਦਨਾ, ਗ੍ਰੰਥ ਦੀ ਭਾਸ਼ਾ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਕਰਮ ਅਤੇ ਨਦਰਿ, ਭਗਤੀ, ਰਹੱਸਵਾਦ, ਸਹਿਜ, ਨਾਮ, ਗ੍ਰਹਿਸਤ, ਸਮਾਜਕ ਚੇਤਨਾ, ਮੁਕਤੀ ਆਦਿ ਵਿਸ਼ਿਆਂ ਤੇ ਖੋਜ ਭਰਪੂਰ ਵੀਚਾਰ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਉਣ ਵਾਲੀਆਂ ਮਹੱਤਵਪੂਰਨ ਬਾਣੀਆਂ ਦੀ ਸੰਖੇਪ ਜਾਣ-ਪਛਾਣ ਉਸ ਬਾਣੀ ਦੇ ਆਰੰਭ ਵਿੱਚ ਦਿੱਤੀ ਗਈ ਹੈ ਤਾਂ ਕਿ ਪਾਠਕ ਬਾਣੀ ਦਾ ਅਧਿਐਨ ਕਰਨ ਤੋਂ ਪਹਿਲਾਂ ਇਸਦੀ ਭਾਵਨਾ ਤੋਂ ਜਾਣੂ ਹੋ ਸਕੇ।
 ਗੋਪਾਲ ਸਿੰਘ (1917-1990)
       ਗੋਪਾਲ ਸਿੰਘ ਦਾ ਜਨਮ 1917 ਈਸਵੀ ਵਿੱਚ ਸ. ਆਤਮਾ ਸਿੰਘ ਅਤੇ ਮਾਤਾ ਨਾਨਕੀ ਦੇਈ ਦੇ ਘਰ ਹਜ਼ਾਰਾ ਜ਼ਿਲੇ ਦੇ ਸਰਾਏ ਨਿਆਮਤ ਖ਼ਾਨ ਵਿਖੇ ਹੋਇਆ। ਪੜ੍ਹਨ-ਲਿਖਣ ਦੀ ਰੁਚੀ ਕਾਰਨ ਪਹਿਲਾਂ ਅੰਗਰੇਜ਼ੀ ਦੀ ਐਮ. ਏ. ਅਤੇ ਫਿਰ ਪੀ-ਐਚ. ਡੀ ਦੀ ਡਿਗਰੀ ਹਾਸਲ ਕੀਤੀ। ਗਾਰਡਨ ਕਾਲਜ ਰਾਵਲਪਿੰਡੀ ਵਿਖੇ ਅਧਿਆਪਨ ਕਾਰਜ ਦਾ ਆਰੰਭ ਕੀਤਾ। ਸਾਹਿਤਕ ਰੁਚੀਆਂ ਕਾਰਨ ਵੱਖ-ਵੱਖ ਸਮਿਆਂ ਵਿੱਚ ਪੰਜ ਕਾਵਿ ਸੰਗ੍ਰਹਿ ਪਾਠਕਾਂ ਸਾਹਮਣੇ ਪੇਸ਼ ਕੀਤੇ। ਸਿੱਖ ਧਰਮ ਨਾਲ ਸੰਬੰਧਤ ਜੋ ਮਹੱਤਵਪੂਰਨ ਖੋਜ ਕਾਰਜ ਕੀਤੇ ਉਨ੍ਹਾਂ ਵਿੱਚ A History of the Sikh People, The Religion of the Sikhs ਅਤੇ ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ ਪ੍ਰਮੁੱਖ ਹਨ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਇਸ ਲੜੀ ਵਿੱਚ ਸਰਵੋਤਮ ਰਚਨਾ ਹੈ।
       ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਦੀ ਪ੍ਰਸੰਸਾ ਉਸ ਸਮੇਂ ਦੀਆਂ ਭਾਰਤ ਦੀਆਂ ਪ੍ਰਸਿੱਧ ਹਸਤੀਆਂ ਪੂਰਵ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਅਤੇ ਪੂਰਵ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਨੇ ਕੀਤੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪੂਰਵ ਪ੍ਰਧਾਨ ਸ੍ਰੀ U.N. Dhebar ਨੇ ਇਸ ਦਾ ਮੁਖਬੰਦ ਅਤੇ ਪੰਜਾਬ ਸਰਕਾਰ ਦੇ ਸਾਬਕਾ ਗਵਰਨਰ ਸ੍ਰੀ N.V. Gadgil ਨੇ ਵਿਸਤ੍ਰਿਤ ਭੂਮਿਕਾ ਲਿਖੀ। ਅਨੁਵਾਦਕ ਨੇ ਇਸ ਅਨੁਵਾਦ ਕਾਰਜ ਵਿੱਚ ਸਭ ਤੋਂ ਪਹਿਲਾਂ ਉਸ ਸਮੇਂ ਦੀਆਂ ਲਗਪਗ ਅਠਾਰਾਂ ਪ੍ਰਸਿੱਧ ਹਸਤੀਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿੱਚ ਵਿਦਵਾਨ, ਸਾਹਿਤਕਾਰ, ਪੱਤਰਕਾਰ, ਧਾਰਮਿਕ ਸੰਪਰਦਾਵਾਂ ਦੇ ਮੁਖੀ ਅਤੇ ਰਾਜਨੀਤਿਕ ਹਸਤੀਆਂ ਸ਼ਾਮਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਵਿਚਾਰਧਾਰਾ ਨਾਲ ਸੰਬੰਧਤ ਵੱਖ-ਵੱਖ ਅਧਿਆਇਆਂ ਵਿੱਚ ਵਿਚਾਰ ਪੇਸ਼ ਕੀਤੇ ਗਏ ਹਨ। ਇਕ ਅਧਿਆਇ ਵਿੱਚ ਗੁਰੂ ਸਾਹਿਬਾਨ ਦੀ ਸੰਖੇਪ ਜੀਵਨ-ਯਾਤਰਾ ਦਾ ਵਰਣਨ ਕੀਤਾ ਗਿਆ ਹੈ।
       ਪਹਿਲੇ I-XLVIII ਪੰਨਿਆਂ ਵਿੱਚ ਗੁਰਬਾਣੀ ਅਤੇ ਗੁਰ-ਇਤਿਹਾਸ ਸੰਬੰਧੀ ਸੰਖੇਪ ਵਿਚਾਰ ਪੇਸ਼ ਕਰਨ ਉਪਰੰਤ ਅਨੁਵਾਦ ਕਾਰਜ ਆਰੰਭ ਕੀਤਾ ਗਿਆ ਹੈ। ਹਰ ਇਕ ਬਾਣੀ ਜਾਂ ਸ਼ਬਦ ਦੇ ਆਰੰਭ ਵਿੱਚ ਰਾਗ ਦਾ ਨਾਮ ਦਿੱਤਾ ਹੋਇਆ ਹੈ ਜਿਥੇ ਭਗਤ ਜਾਂ ਕਿਸੇ ਹੋਰ ਮਹਾਂਪੁਰਖ ਦਾ ਜਿਕਰ ਆਉਂਦਾ ਹੈ ਉਥੇ ਰਾਗ ਤੋਂ ਬਾਅਦ ਉਸ ਦਾ ਨਾਮ ਦਿੱਤਾ ਗਿਆ ਹੈ। 'ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੀਆਂ ਚਾਰ ਪੋਥੀਆਂ ਅਨੁਸਾਰ ਸੰਪੂਰਨ ਅਨੁਵਾਦ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਗਲਾਸਰੀ ਵਿੱਚ ਤਕਨੀਕੀ ਸਿੱਖ ਸ਼ਬਦਾਵਲੀ ਦਾ ਅੰਗਰੇਜ਼ੀ ਅਨੁਵਾਦ ਦਿੱਤਾ ਹੋਇਆ ਹੈ ਤਾਂ ਕਿ ਪਾਠਕ ਇਸ ਗ੍ਰੰਥ ਨੁੰ ਪੜ੍ਹਦੇ ਸਮੇਂ ਅੱਖਰ ਦੀ ਮੂਲ ਭਾਵਨਾ ਤੋਂ ਜਾਣੂ ਹੋ ਸਕੇ। ਹਰ ਇਕ ਪੰਨੇ ਦਾ ਹੇਠਾਂ ਫੁਟ ਨੋਟ ਦਿੱਤੇ ਗਏ ਹਨ ਜਿਨ੍ਹਾਂ ਰਾਹੀਂ ਵਰਤੇ ਗਏ ਸ਼ਬਦ ਦਾ ਅਰਥ ਅਤੇ ਸੰਦਰਭ ਪਤਾ ਲਗਦਾ ਹੈ। ਗੁਰੂ ਗ੍ਰੰਥ ਸਾਹਿ ਦੇ 1430 ਪੰਨਿਆਂ ਨੂੰ ਵੱਡ-ਆਕਾਰੀ 1351 ਪੰਨਿਆਂ ਵਿੱਚ ਸਮੋਇਆ ਹੋਇਆ ਹੈ।
       ਕਿਸੇ ਸਿੱਖ ਦੁਆਰਾ ਕੀਤਾ ਇਹ ਪਹਿਲਾ ਅੰਗਰੇਜ਼ੀ ਅਨੁਵਾਦ ਸੀ ਜੋ 1960 ਈਸਵੀ ਵਿੱਚ ਪਾਠਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦਾ ਅੰਤਰ-ਰਾਸ਼ਟਰੀ ਐਡੀਸ਼ਨ World Sikh University Press ਨੇ 1978 ਈਸਵੀ ਵਿੱਚ ਤਿਆਰ ਕੀਤਾ।
 ਮਨਮੋਹਨ ਸਿੰਘ
          ਡਾ. ਗੋਪਾਲ ਸਿੰਘ ਤੋਂ ਬਾਅਦ ਡਾ. ਮਨਮੋਹਨ ਸਿੰਘ ਅਜਿਹੇ ਸਿੱਖ ਵਿਦਵਾਨ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਕੀਤਾ। ਡਾ. ਮਨਮੋਹਨ ਸਿੰਘ ਉਨ੍ਹਾਂ ਵਿਅਕਤੀਆਂ ਵਿਚੋਂ ਸਨ ਜਿਨ੍ਹਾਂ ਦਾ ਭਾਰਤ-ਪਾਕਿ ਵੰਡ ਦੌਰਾਨ ਸਭ ਕੁਝ ਲੁੱਟ ਲਿਆ ਗਿਆ। ਉਨ੍ਹਾਂ ਦੇ ਮਨ ਵਿੱਚ ਗੁਰੂ ਪ੍ਰਤੀ ਪ੍ਰੇਮ ਅਤੇ ਸ਼ਰਧਾ ਹੀ ਬਾਕੀ ਸੀ ਜਿਸਨੇ ਉਨ੍ਹਾਂ ਨੂੰ ਦਰ-ਦਰ ਠੋਕਰਾਂ ਖਾਣ ਦੇ ਬਾਵਜੂਦ ਵੀ ਸਿੱਖੀ ਸਿਦਕ ਵਿੱਚ ਕਾਇਮ ਰੱਖਿਆ ਅਤੇ ਉਹ ਮੁੜ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਹੋਏ ਵਿਕਾਸ ਦੀ ਦਿਸ਼ਾ ਵੱਲ ਵਧਣ ਲੱਗੇ। ਡਾ. ਮਨਮੋਹਨ ਸਿੰਘ ਲਾਇਲਪੁਰ ਤੋਂ ਉਜੜ ਕੇ ਨਾਭੇ ਦੇ ਰਿਫਿਊਜ਼ੀ ਕੈਂਪ ਵਿੱਚ ਰਹਿ ਰਹੇ ਸਨ ਕਿ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦਾ ਵਿਚਾਰ ਪੈਦਾ ਹੋਇਆ। ਇਥੇ ਹੀ 1948 ਈਸਵੀ ਵਿੱਚ ਉਨ੍ਹਾਂ ਨੇ ਇਹ ਕਾਰਜ ਆਰੰਭਿਆ ਅਤੇ 1962 ਈਸਵੀ ਵਿੱਚ ਇਸ ਨੂੰ ਮੁਕੰਮਲ ਕਰ ਲਿਆ। ਏਸੇ ਸਾਲ ਲੇਖਕ ਦੀ ਬੇਨਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਅਨੁਵਾਦ ਦੇ ਸਾਰੇ ਅੱਠ ਭਾਗਾਂ ਦਾ ਸੈਟ ਬਗੈਰ ਕਿਸੇ ਲਾਭ-ਹਾਨ ਤੋਂ ਛਪਵਾ ਕੇ ਵੇਚਣ ਦਾ ਫੈਸਲਾ ਕੀਤਾ।
       ਇਸ ਅਨੁਵਾਦ ਕਾਰਜ ਵਿੱਚ ਲੇਖਕ ਨੇ ਇਕ ਪੰਨੇ ਤੇ ਤਿੰਨ ਕਾਲਮ ਬਣਾ ਕੇ ਪਹਿਲੇ ਕਾਲਮ ਵਿੱਚ ਗੁਰਬਾਣੀ ਦਾ ਮੂਲ ਪਾਠ ਦੂਜੇ ਵਿੱਚ ਅੰਗਰੇਜ਼ੀ ਅਨੁਵਾਦ ਅਤੇ ਤੀਜੇ ਵਿੱਚ ਪੰਜਾਬੀ ਭਾਸ਼ਾ ਵਿੱਚ ਅਰਥ ਦਿੱਤੇ ਹੋਏ ਹਨ। ਔਖੇ ਸ਼ਬਦਾਂ ਦਾ ਅਰਥ ਦੇਣ ਲਈ ਮੂਲ ਪਾਠ ਵਿੱਚ ਜੋ ਨੰਬਰ ਲਾਇਆ ਗਿਆ ਹੈ ਉਹੀ ਨੰਬਰ ਅੱਗੇ ਅਨੁਵਾਦ ਅਤੇ ਵਿਆਖਿਆ ਵਿੱਚ ਚਲਦਾ ਹੈ। ਅਨੁਵਾਦਿਤ ਗ੍ਰੰਥ ਦੇ ਪੰਨੇ ਤੇ ਜਿਥੇ ਵੀ ਗੁਰਬਾਣੀ ਦਾ ਇਕ ਅੰਕ ਸਮਾਪਤ ਹੁੰਦਾ ਹੈ ਉਥੇ ਅੱਗੇ ਪੰਨਾ ਦੋ ਪਾਇਆ ਹੋਇਆ ਹੈ। ਇਸ ਤਰਾਂ ਗੁਰਬਾਣੀ ਦੇ 1430 ਪੰਨਿਆਂ ਨੂੰ ਅਨੁਵਾਦਿਤ ਰਚਨਾ ਦੇ ਅੱਠ ਭਾਗਾਂ ਵਿੱਚ ਸੰਪੂਰਨ ਕੀਤਾ ਗਿਆ ਹੈ। ਕਿਸੇ ਸ਼ਬਦ ਦੇ ਮੂਲ ਭਾਵ ਨੂੰ ਚੰਗੀ ਤਰਾਂ ਖੋਲ ਕੇ ਸਮਝਾਉਣ ਲਈ ਬਰੈਕਟਾਂ ਵਿੱਚ ਵਾਧੂ ਅੱਖਰ ਜੋੜੇ ਗਏ ਹਨ ਤਾਂ ਕਿ ਅਨੁਵਾਦ ਦਾ ਮੂਲ ਅਤੇ ਸੰਦਰਭ ਸਰੂਪ ਕਾਇਮ ਰੱਖਿਆ ਜਾ ਸਕੇ।
 ਕਰਤਾਰ ਸਿੰਘ ਦੁੱਗਲ (1917 - )
       ਕਰਤਾਰ ਸਿੰਘ ਦੁੱਗਲ ਪੰਜਾਬੀ ਸਾਹਿਤ ਦਾ ਪ੍ਰਸਿੱਧ ਲੇਖਕ ਹੈ। ਇਸ ਦਾ ਜਨਮ ਮਾਰਚ 1, 1917 ਨੂੰ ਹੋਇਆ। ਨੈਸ਼ਨਲ ਬੱਕ ਟਰੱਸਟ, ਯੋਜਨਾ ਕਮਿਸ਼ਨ, ਰੇਡੀਉ ਆਦਿ ਵਿਖੇ ਉਚ ਅਹੁਦਿਆਂ ਤੇ ਕੰਮ ਕਰਦੇ ਸਮੇਂ ਸਾਹਿਤ ਲਿਖਣ ਦੀ ਰੁਚੀ ਨੂੰ ਜਿਉਂਦਾ ਰੱਖਿਆ। 1994 ਈਸਵੀ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਨੇ ਡੀ. ਲਿਟ. ਦੀ ਡਿਗਰੀ ਨਾਲ ਸਨਮਾਨਿਤ ਕੀਤ। ਸ਼੍ਰੋਮਣੀ ਸਾਹਿਤਕਾਰ, ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਭਾਸ਼ਾ ਪ੍ਰੀਸ਼ਦ ਐਵਾਰਡ ਹਾਸਲ ਕਰਨ ਵਾਲੀ ਇਸ ਸ਼ਖਸੀਅਤ ਨੂੰ ਰਾਸ਼ਟਰਪਤੀ ਨੇ ਪਦਮ ਭੂਸ਼ਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 2000 ਈਸਵੀ ਵਿੱਚ ਮੁੱਖ ਮੰਤਰੀ, ਪੰਜਾਬ, ਨੇ 'ਵਾਰਿਸ' ਅਵਾਰਡ ਨਾਲ ਅਤੇ 2001 ਈਸਵੀ ਵਿੱਚ ਗਵਰਨਰ ਪੰਜਾਬ ਨੇ 'ਪੰਜਾਬ ਰਤਨ' ਨਾਲ ਸਨਮਾਨਿਤ ਕੀਤਾ। ਕਹਾਣੀ, ਨਾਵਲ, ਨਾਟਕ ਆਦਿ ਸਮੇਤ ਸਮੂਹ ਰਚਨਾਵਾਂ ਦੀ ਗਿਣਤੀ ਸੱਠ ਤੋਂ ਵਧੇਰੇ ਹੋ ਜਾਂਦੀ ਹੈ।
       ਕਰਤਾਰ ਸਿੰਘ ਦੁੱਗਲ ਨੇ ਅਨੁਵਾਦ ਕਾਰਜ ਬੁਲ੍ਹੇ ਸ਼ਾਹ ਤੋਂ ਆਰੰਭ ਕੀਤਾ ਅਤੇ ਉਸ ਦੀ ਰਚਨਾ ਨੂੰ The Mystic Muse ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਇਆ। ਦੂਜਾ ਕਾਰਜ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਹੂਬਹੂ ਭਾਵ-ਅਨੁਵਾਦ  ਰਾਹੀਂ ਸਾਹਮਣੇ ਆਇਆ ਜਿਸ ਨੂੰ So Spake Kabira ਸਿਰਲੇਖ ਹੇਠ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ। ਕਰਤਾਰ ਸਿੰਘ ਦੁੱਗਲ ਦਾ ਕਹਿਣਾ ਹੈ ਕਿ ਉਸਨੇ ਇਹ ਕੰਮ ਮੁਕੰਮਲ ਕੀਤਾ ਹੀ ਸੀ ਕਿ ਇਕ ਦਿਨ ਸ਼ਾਮ ਦੀ ਸੈਰ ਤੋਂ ਪਹਿਲਾਂ ਉਨ੍ਹਾਂ ਨੂੰ ਪਬਲਿਸ਼ਰ ਦਾ ਫੋਨ ਆਇਆ ਕਿ 'ਦੁੱਗਲ ਸਾਹਿਬ, ਮੈਂ ਇਕ ਬੇਨਤੀ ਕਰਨਾ ਚਾਹੁੰਦਾ ਹਾਂ। ਤੁਸੀਂ ਪੰਜਾਬੀ ਵਿੱਚ ਬਹੁਤ ਕੁਝ ਲਿਖ ਲਿਆ ਹੈ ਅਤੇ ਮੈਂ ਇਸ ਵਿਚੋਂ ਬਹੁਤਾ ਛਾਪ ਵੀ ਚੁੱਕਾ ਹਾਂ। ਮੇਰਾ ਮੰਨਣਾ ਹੈ ਕਿ ਇਹ ਸਭ ਕੁਝ ਇਥੇ ਹੀ ਰਹਿ ਜਾਣਾ ਹੈ। ਅਸੀਂ ਦੋਵੇਂ ਅੱਸੀ ਪਾਰ ਕਰ ਚੱਕੇ ਹਾਂ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਕਿਉਂ ਨਹੀਂ ਕਰਦੇ।' ਪਬਲਿਸ਼ਰ ਦੇ ਇਸ ਹਲੂਣੇ ਨੇ ਦੁੱਗਲ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਦੀ ਚਿਣਗ ਲਾ ਦਿੱਤੀ ਅਤੇ ਉਨ੍ਹਾਂ ਸਿੱਖਾਂ ਦੇ ਇਸ ਸਰਵੋਤਮ ਧਰਮ ਗ੍ਰੰਥ ਦਾ ਅਨੁਵਾਦ ਆਰੰਭ ਦਿੱਤਾ। ਇਸ ਅਨੁਵਾਦ ਦਾ ਪਹਿਲਾ ਭਾਗ 2004 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਚੌਥਾ ਤੇ ਆਖਰੀ ਭਾਗ 2005 ਈਸਵੀ ਵਿੱਚ ਮੁਕੰਮਲ ਕਰ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰ ਦਿੱਤਾ।
       ਕਰਤਾਰ ਸਿੰਘ ਦੁੱਗਲ ਨੇ 'ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ' ਦੀਆਂ ਪੋਥੀਆਂ ਦੇ ਪੰਨਾ ਨੰਬਰ ਅਨੁਸਾਰ ਚਾਰ ਭਾਗਾਂ ਵਿੱਚ ਇਸ ਧਰਮ ਗ੍ਰੰਥ ਦਾ ਸੰਪੂਰਨ ਅਨੁਵਾਦ ਕਰ ਦਿੱਤਾ। ਪਹਿਲੇ ਭਾਗ ਦੇ ਅੰਤ ਵਿੱਚ ਸਿੱਖ ਧਰਮ ਨਾਲ ਸੰਬੰਧਤ ਤਕਨੀਕੀ ਸ਼ਬਦਾਂ ਦੀ ਗਲਾਸਰੀ ਦਿੱਤੀ ਹੋਈ ਹੈ। 3232 ਪੰਨਿਆਂ ਦੇ ਇਸ ਅਨੁਵਾਦ ਕਾਰਜ ਦੇ ਅੰਤਿਮ ਪੰਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਗੁਰਚਰਨ ਸਿੰਘ ਟੌਹੜਾ ਦੁਆਰਾ ਦਿੱਤੀ ਅਸੀਸ ਛਾਪੀ ਗਈ ਹੈ।    
 ਗੁਰਬਚਨ ਸਿੰਘ ਮਾਕਿਨ (1925 -)
       ਗੁਰਬਚਨ ਸਿੰਘ ਮਾਕਿਨ ਦਾ ਜਨਮ 1925 ਈਸਵੀ ਵਿੱਚ ਰਾਵਲਪਿੰਡੀ ਵਿਖੇ ਹੋਇਆ। ਕਿੱਤੇ ਵਜੋਂ ਇਹ ਇੰਜੀਨੀਅਰੀ ਅਤੇ ਮੈਨੇਜਮੈਂਟ ਨਾਲ ਸੰਬੰਧਤ ਹਨ। ਅਪ੍ਰੈਲ 1952 ਵਿੱਚ ਇਹ ਇੰਡੀਅਨ ਨੇਵੀ ਵਿੱਚ ਭਰਤੀ ਹੋਏ ਅਤੇ ਏਸੇ ਦੌਰਾਨ 1970 ਵਿੱਚ ਲੰਡਨ ਦੇ Institute of Marketing ਤੋਂ ਮੈਨੇਜਮੈਂਟ ਦੇ ਵਿਸ਼ੇ ਵਿੱਚ ਡਿਗਰੀ ਹਾਸਲ ਕਰ ਲਈ। 1973 ਈਸਵੀ ਵਿੱਚ ਨੇਵੀ ਦੀ ਨੌਕਰੀ ਤੋਂ ਰਿਟਾਇਰਮੈਂਟ ਲੈ ਕੇ ਚੰਡੀਗੜ੍ਹ ਵਿਖੇ ਮੈਨੇਜਮੈਂਟ ਕੰਸਲਟੈਂਟ ਵਜੋਂ ਕੰਮ ਆਰੰਭ ਦਿੱਤਾ। ਕਿੱਤੇ ਦੌਰਾਨ ਸਿੱਖ ਧਰਮ ਦੇ ਅਧਿਐਨ ਵਿੱਚ ਰੁਚੀ ਬਣੀ ਅਤੇ 1994 ਵਿੱਚ Philosophy of Sikh Gurus ਸਿਰਲੇਖ ਅਧੀਨ ਇਕ ਪੁਸਤਕ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀ। ਇਸ ਤੋਂ ਬਾਅਦ ਏਸੇ ਰੁਚੀ ਅਧੀਨ ਨਿਤਨੇਮ ਦੀਆਂ ਬਾਣੀਆਂ ਦਾ ਅੰਗਰੇਜ਼ੀ ਅਨੁਵਾਦ ਅਤੇ 1996 ਵਿੱਚ The Universal Message of Guru Granth Sahib ਚਾਰ ਭਾਗਾਂ ਵਿੱਚ ਤਿਆਰ ਕੀਤਾ; ਇਸ ਦੇ ਦੋ ਭਾਗ ਛਪ ਚੁੱਕੇ ਹਨ ਅਤੇ ਦੋ ਭਾਗ ਛਪਾਈ ਅਧੀਨ ਹਨ। ਸਿਰੜ ਨਾਲ ਇਹ ਅੱਜ ਵੀ ਸਿੱਖ ਅਧਿਐਨ ਵਿੱਚ ਲੱਗੇ ਹੋਏ ਹਨ ਅਤੇ ਸਿੱਖ ਧਰਮ ਦੇ ਵੱਖ-ਵੱਖ ਵਿਸ਼ਿਆਂ ਤੇ ਲਗਪਗ ਪੰਜ ਪੁਸਤਕਾਂ ਹੋਰ ਪਾਠਕਾਂ ਦੀ ਨਜ਼ਰ ਕਰ ਚੱਕੇ ਹਨ।
       ਸਿੱਖ ਅਧਿਐਨ ਦੀ ਰੁਚੀ ਕਾਰਨ 1990 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਆਰੰਭ ਕੀਤਾ ਅਤੇ ਦਸ ਸਾਲ ਦੀ ਮਿਹਨਤ ਉਪਰੰਤ ਇਹ ਅਨੁਵਾਦ ਪੰਜ ਭਾਗਾਂ ਵਿੱਚ ਸਾਹਮਣੇ ਆਇਆ। ਇਹ ਅਨੁਵਾਦ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਸੈਂਟਰ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਅਨੁਵਾਦ ਦੇ ਪਹਿਲੇ ਭਾਗ ਦੀ ਭੂਮਿਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਗੁਰੂ ਸਾਹਿਬਾਨ ਦੀਆਂ ਸੰਖੇਪ ਜੀਵਨੀਆਂ ਅਤੇ ਉਨ੍ਹਾਂ ਦੀ ਫਿਲਾਸਫੀ ਦਾ ਵਰਣਨ ਕੀਤਾ ਗਿਆ ਹੈ। ਭੂਮਿਕਾ ਵਾਲਾ ਭਾਗ ਪੰਨਾ-ਰਹਿਤ ਹੈ ਪਰ ਸੰਪੂਰਨ ਅਨੁਵਾਦ 2864 ਪੰਨਿਆਂ ਵਿੱਚ ਸਮੋਇਆ ਹੋਇਆ ਹੈ। ਸਿੱਖ ਧਰਮ ਨਾਲ ਸੰਬੰਧਤ ਤਕਨੀਕੀ ਸ਼ਬਦਾਂ ਨੂੰ ਸਮਝਣ ਲਈ ਹਰ ਭਾਗ ਦੇ ਅੰਤ ਵਿੱਚ ਪਾਰਿਭਾਸ਼ਿਕ ਸ਼ਬਦਾਵਲੀ ਦਿੱਤੀ ਗਈ ਹੈ। ਅਨੁਵਾਦ ਦੀ ਵਿਧੀ ਵਿੱਚ ਸ਼ਬਦ ਨੂੰ ਮੂਲ ਰੂਪ ਵਿੱਚ ਪੰਨੇ ਦੇ ਖੱਬੇ ਦੇ ਪਾਸੇ ਰੱਖਿਆ ਗਿਆ ਹੈ ਅਤੇ ਇਸਦੇ ਨਾਲ ਹੀ ਉਸੇ ਪੰਨੇ ਦੇ ਸੱਜੇ ਪਾਸੇ ਵਾਰਤਕ ਰੂਪ ਵਿੱਚ ਅਨੁਵਾਦ ਦਿੱਤਾ ਗਿਆ ਹੈ। ਇਨ੍ਹਾਂ ਨੇ ਅਨੁਵਾਦ ਕੀਤੇ ਭਾਗਾਂ ਦਾ ਸਿਰਲੇਖ The Essence of Sri Guru Granth Sahib  ਰੱਖਿਆ ਹੈ।
 ਦਰਸ਼ਨ ਸਿੰਘ (1938 - )
       ਡਾ. ਦਰਸ਼ਨ ਸਿੰਘ ਦਾ ਜਨਮ ਅਜੋਕੇ ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲੇ ਵਿੱਚ 1938 ਈਸਵੀ ਨੂੰ ਹੋਇਆ। ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ.ਏ. ਕਰਨ ਉਪਰੰਤ 1967 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦੇ ਪੰਜਾਬੀ ਵਿਭਾਗ ਤੋਂ ਪੀਐਚ. ਡੀ. ਦੀ ਡਿਗਰੀ ਹਾਸਲ ਕੀਤੀ। ਏਸੇ ਸਾਲ ਪੰਜਾਬ ਯੂਨੀਵਰਸਿਟੀ ਵਿਖੇ ਲੈਕਚਰਾਰ ਵਜੋਂ ਨਿਯੁਕਤੀ ਹੋ ਗਈ ਅਤੇ 1977 ਵਿੱਚ ਰੀਡਰ ਵਜੋਂ ਪਦਉਨਤ ਹੋ ਗਏ। 1984 ਈਸਵੀ ਵਿੱਚ ਪ੍ਰੈਫਸਰ ਬਣੇ ਅਤੇ ਏਸੇ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਚੇਅਰਮੈਨ ਵਜੋਂ ਕਾਰਜ ਸੰਭਾਲ ਲਿਆ। ਚੇਅਰ ਤੇ ਕੰਮ ਕਰਦੇ ਸਮੇਂ ਇਨ੍ਹਾਂ ਨੇ ਸਿੱਖ ਅਧਿਐਨ ਦਾ ਘੇਰਾ ਹੋਰ ਵਿਸ਼ਾਲ ਕਰਦੇ ਹੋਏ ਇਸਨੂੰ ਦੂਜੇ ਵਿਸ਼ਿਆਂ ਦੇ ਸੰਦਰਭ ਵਿੱਚ ਸਮਝਣ ਦੀ ਵਕਾਲਤ ਕੀਤੀ। ਲੰਮਾ ਸਮਾਂ ਸਿੱਖ ਅਧਿਐਨ ਨਾਲ ਜੁੜੇ ਰਹਿਣ ਕਰਕੇ ਇਨ੍ਹਾਂ ਨੂੰ ਗੁਰਬਾਣੀ ਅਧਿਐਨ ਦਾ ਮੌਕਾ ਮਿਲਦਾ ਰਿਹਾ। ਦੇਸ਼-ਵਿਦੇਸ਼ ਵਿੱਚ ਸਿੱਖ ਅਧਿਐਨ ਸੰਬੰਧੀ ਪਰਚੇ ਪੜ੍ਹਨ ਕਰਕੇ ਗੁਰਮਤਿ ਸਿਧਾਂਤ ਅਤੇ ਸਭਿਆਚਾਰ ਦਾ ਗਹਿਨ ਅਧਿਐਨ ਕਰਨ ਦੀ ਰੁਚੀ ਬਣੀ ਰਹੀ ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰਨ ਸਮੇਂ ਕਾਫੀ ਸਹਾਇਤਾ ਕੀਤੀ।
       ਚਾਲੀ ਸਾਲ ਗੁਰਮਤਿ ਅਧਿਐਨ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਪਾਠਕਾਂ ਦੇ ਸਨਮੁਖ ਪੇਸ਼ ਕੀਤਾ। ਇਹ ਅਨੁਵਾਦ ਪੰਜ ਭਾਗਾਂ ਵਿੱਚ ਹੈ ਅਤੇ ਇਸਦੇ ਕੁੱਲ 2986 ਪੰਨੇ ਹਨ। ਪਹਿਲੇ ਭਾਗ ਵਿੱਚ 1 - 296, ਦੂਜੇ ਭਾਗ ਵਿੱਚ 296 - 556, ਤੀਜੇ ਭਾਗ ਵਿੱਚ 557 - 858, ਚੌਤੇ ਭਾਗ ਵਿੱਚ 859 - 1124, ਅਤੇ ਪੰਜਵੇਂ ਭਾਗ ਵਿੱਚ 1125 - 1430 ਪੰਨੇ ਰੱਖੇ ਗਏ ਹਨ। ਇਸ ਅਨੁਵਾਦ ਦਾ ਮੁਖਬੰਦ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਪੂਰਵ ਡਾਇਰੈਕਟਰ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਲਿਖਿਆ ਹੋਇਆ ਹੈ। ਇਕ ਪੰਨੇ ਤੇ ਪਬਲਿਸ਼ਰ ਨੇ ਅਨੁਵਾਦਕ ਸੰਬੰਧੀ ਸੰਖੇਪ ਜਾਣ-ਪਛਾਣ ਦਿੱਤੀ ਹੋਈ ਹੈ। IX -XX ਪੰਨਿਆਂ ਤੱਕ ਅਨੁਵਾਦਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੁਮਿਕਾ ਦਿੱਤੀ ਹੈ ਜਿਸ ਵਿੱਚ ਗੁਰਮਤਿ ਸਿਧਾਂਤ ਦਾ ਵਰਣਨ ਕੀਤਾ ਹੋਇਆ ਹੈ। XXI - XXXII ਪੰਨਿਆਂ ਤੇ ਵਿਸਤ੍ਰਿਤ ਗਲਾਸਰੀ ਦਿੱਤੀ ਹੋਈ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਤਕਨੀਕੀ ਸ਼ਬਦਾਵਲੀ ਦੀ ਵਿਆਖਿਆ ਕੀਤੀ ਹੋਈ ਹੈ।
 ਪ੍ਰੀਤਮ ਸਿੰਘ ਚਹਿਲ
       ਇਨ੍ਹਾਂ ਨੇ ਛੋਟੀ ਬੀੜ ਦੇ ਆਕਾਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਤਿਆਰ ਕੀਤਾ ਹੈ। 'ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੇ ਚਾਰ ਭਾਗਾਂ ਦੇ ਪੰਨਿਆਂ ਅਨੁਸਾਰ ਇਸ ਦੇ ਚਾਰੇ ਭਾਗਾਂ ਦੇ ਪੰਨੇ ਰੱਖੇ ਗਏ ਹਨ। ਪਹਿਲੇ ਛੇ ਪੰਨਿਆਂ ਵਿੱਚ ਅੰਗਰੇਜ਼ੀ ਦਾ ਤਤਕਰਾ ਦਿੱਤਾ ਗਿਆ ਹੈ। ਰੋਮਨ ਅੰਗਰੇਜ਼ੀ ਦੀ ਥਾਂ ਤੇ ਸ਼ਬਦ ਦੇ ਸਹੀ ਉਚਾਰਣ ਲਈ ਦੋ-ਦੋ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਰਾਗ ਨੂੰ ਅੰਗਰੇਜ਼ੀ ਵਿੱਚ Raag ਅਤੇ ਮਹਲਾ ਨੂੰ Mahalaa ਆਦਿ ਰੂਪਾਂ ਵਿੱਚ ਲਿਖਿਆ ਗਿਆ ਹੈ ਤਾਂ ਕਿ ਗੁਰਮੁਖੀ ਅਤੇ ਰੋਮਨ ਅੰਗਰੇਜ਼ੀ ਦਾ ਗਿਆਨ ਨਾ ਰੱਖਣ ਵਾਲਾ ਵਿਅਕਤੀ ਇਸ ਨੂੰ ਸੌਖੇ ਤਰੀਕੇ ਸਮਝ ਸਕੇ।
       ਅਨੁਵਾਦ ਕਾਰਜ ਵਿੱਚ ਇਕੋ ਪੰਨੇ ਤੇ ਖੱਬੇ ਪਾਸੇ ਮੂਲ ਪਾਠ ਦਿੱਤਾ ਗਿਆ ਹੈ, ਲਿਪੀਅੰਤਰਣ ਨੂੰ ਵਿਚਕਾਰ ਰੱਖ ਕੇ ਸੱਜੇ ਪਾਸੇ ਅਨੁਵਾਦ ਦਿੱਤਾ ਹੋਇਆ ਹੈ। ਇਸ ਅਨੁਵਾਦ ਦਾ ਪੰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਇਕੋ ਹੈ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਪ੍ਰਕਾਸ਼ ਕਰਕੇ ਇਸ ਵਿਚੋਂ ਗੁਰਮੁਖੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਵਾਕ ਲਿਆ ਜਾ ਸਕਦੇ ਹੈ। ਇਸ ਰਚਨਾ ਦੇ ਮੂਲ ਪਾਠ ਦੀ ਸ਼ੁੱਧਤਾ ਨੂੰ ਉਜਾਗਰ ਕਰਦੇ ਹੋਏ ਇਸਦੇ ਆਰੰਭ ਵਿੱਚ ਕੋਈ ਵਾਧੂ ਭੂਮਿਕਾ ਜਾਂ ਗ੍ਰੰਥ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਗਈ। ਹਰ ਇਕ ਪੰਨੇ ਤੇ ਹਾਸ਼ੀਏ ਵਿੱਚ ਰੰਗਦਾਰ ਵੇਲ ਛਪੀ ਹੋਈ ਹੈ, ਬਾਹਰੀ ਦਿੱਖ ਸੁਨਹਿਰੀ ਰੰਗ ਦੀ ਹੈ।
 ਸਵਾਮੀ ਰਾਮ (1925-1996) 
       ਸਵਾਮੀ ਰਾਮ ਦਾ ਜਨਮ ਹਿਮਾਲਿਆ ਦੇ ਗੜਵਾਲ ਖੇਤਰ ਦੇ ਤੋਲੀ ਪਿੰਡ ਵਿਖੇ ਬ੍ਰਾਹਮਣ ਪਰਿਵਾਰ ਵਿਚ ਹੋਇਆ। ਉਨ੍ਹਾਂ ਦਾ ਪਹਿਲਾ ਨਾਮ ਬ੍ਰਿਜ ਕਿਸ਼ੋਰ ਸੀ। ਹਿਮਾਲਿਆ ਦੀਆਂ ਪਹਾੜੀਆਂ ਵਿਚ ਯੋਗ ਸਾਧਨਾ ਕਰਨ ਤੋਂ ਇਲਾਵਾ ਜਰਮਨ ਅਤੇ ਆਕਸਫੋਰਡ ਯੂਨੀਵਰਸਿਟੀਆਂ ਤੋਂ ਵਿਦਿਆ ਹਾਸਲ ਕੀਤੀ। ਯੋਗ ਸਿਖਿਆ ਪ੍ਰਦਾਨ ਕਰਨ ਤੋਂ ਇਲਾਵਾ ਇਨ੍ਹਾਂ ਦਾ ਝੁਕਾਅ ਭਾਰਤੀ ਪਰੰਪਰਾ ਅਤੇ ਸ਼ਾਸਤਰਾਂ ਦੇ ਅਧਿਐਨ ਵਿਚ ਸੀ। ਇਨ੍ਹਾਂ ਨੇ ਜਿਥੇ ਵੇਦਾਂ, ਉਪਨਿਸ਼ਦਾਂ ਅਤੇ ਸਿਮ੍ਰਤੀਆਂ ਦਾ ਅਧਿਐਨ ਕੀਤਾ ਉਥੇ ਹੋਰਨਾਂ ਭਾਰਤੀ ਪਰੰਪਰਾਵਾਂ ਦੇ ਅਧਿਐਨ ਵਿਚ ਵੀ ਰੁਚੀ ਵਿਖਾਈ। ਏਸੇ ਰੁਚੀ ਕਾਰਨ ਹੀ ਇਨ੍ਹਾਂ ਨੇ ਸਿੱਖ ਧਰਮ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਸਿੱਖ ਪਰੰਪਰਾ ਵਿਚ ਬਹੁਤ ਹੀ ਮਹੱਤਵਪੂਰਨ ਮੰਨੀਆਂ ਜਾਂਦੀਆਂ ਰਚਨਾਵਾਂ, ਬਚਿਤ੍ਰ ਨਾਟਕ, ਜਪੁਜੀ ਸਾਹਿਬ, ਨਿਤਨੇਮ ਦੀਆਂ ਬਾਣੀਆਂ ਅਤੇ ਸੁਖਮਨੀ ਸਾਹਿਬ ਆਦਿ ਦਾ ਅੰਗਰੇਜੀ ਵਿਚ ਅਨੁਵਾਦ ਵੀ ਕੀਤਾ। ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਅਤੇ ਮੁਖੀ ਸੰਤ ਵਰਿਆਮ ਸਿੰਘ ਜੀ ਦੀ ਸੰਗਤ ਨੇ ਇਨ੍ਹਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਵਾਦ ਲਈ ਪ੍ਰੇਰਿਤ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਨੂੰ ਪੇਸ਼ ਕਰਨ ਵਿਚ ਇਨ੍ਹਾਂ ਦੀ ਰੁਚੀ ਅਤੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸੰਤ ਜੀ ਕਹਿੰਦੇ ਹਨ:
     “After studying the scriptures of all the faiths, he came to the conclusion that Guru Granth Sahib is supreme among them. He had utmost faith in Guru Nanak which became apparent every time he spoke about him in his address.”40
       ਸਵਾਮੀ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਅੰਗਰੇਜੀ ਅਨੁਵਾਦ ਨਹੀਂ ਕਰ ਸਕੇ ਅਤੇ ਪਹਿਲਾਂ ਹੀ ਚਲਾਣਾ ਕਰ ਗਏ। ਅਨੁਵਾਦ ਦਾ ਜੋ ਹਿੱਸਾ ਸੰਪੂਰਨ ਹੋਇਆ ਉਹ ਉਨ੍ਹਾਂ ਦੇ ਚਲਾਣੇ ਉਪਰੰਤ ਪਹਿਲੇ ਭਾਗ ਦੇ ਰੂਪ ਵਿਚ ਛਪਿਆ। 1996 ਈਸਵੀ ਵਿਚ ਇਨ੍ਹਾਂ ਦੇ ਚਲਾਣੇ ਤੱਕ ਹੋਏ ਅਨੁਵਾਦ ਕਾਰਜ ਨੂੰ ਹਿਮਾਲਿਅਨ ਇੰਸਟੀਚਿਊਟ ਹੋਸਪਿਟਲ ਟਰੱਸਟ, ਦੇਹਰਾਦੂਨ, ਦੁਆਰਾ 1998 ਈਸਵੀ ਵਿਚ ਛਾਪਿਆ ਗਿਆ। 
       ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਅੱਜ ਵੀ ਜਾਰੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿਖੇ ਸੇਵਾ ਨਿਭਾ ਚੁੱਕੇ ਪ੍ਰੋ. ਗੁਰਭਗਤ ਸਿੰਘ ਅਤੇ ਗੁਰਮਤਿ ਕਾਲਜ ਪਟਿਆਲਾ ਦੇ ਪੂਰਵ ਪ੍ਰਿੰਸੀਪਲ ਗੁਰਮੁਖ ਸਿੰਘ ਇਸ ਕਾਰਜ ਵਿਚ ਲੱਗੇ ਹੋਏ ਹਨ। 
 ਹਿੰਦੀ ਅਨੁਵਾਦ
       ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਭਾਰਤ ਦੇ ਹਿੰਦੀ ਭਾਸ਼ੀ ਲੋਕਾਂ ਤੱਕ ਪਹੁੰਚਾਉਣ ਲਈ ਵਿਦਵਾਨਾਂ ਨੇ ਇਸ ਦਾ ਹਿੰਦੀ ਵਿਚ ਅਨੁਵਾਦ ਕੀਤਾ। ਇਸ ਗ੍ਰੰਥ ਦੀਆਂ ਬਾਣੀਆਂ ਦੇ ਅਨੁਵਾਦ ਤਾਂ ਬਹੁਤ ਸਮਾਂ ਪਹਿਲਾਂ ਹੀ ਆਰੰਭ ਹੋ ਚੁੱਕੇ ਸਨ, ਜਿਵੇਂ ਡਾ. ਤਾਰਨ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸੰਪੂਰਨ ਬਾਣੀ ਦਾ ਅਨੁਵਾਦ ਕੀਤਾ ਹੈ, ਪਰ ਇਸ ਦੇ ਸੰਪੂਰਨ ਹਿੰਦੀ ਅਨੁਵਾਦ ਦਾ ਪਹਿਲਾ ਯਤਨ ਰਿਸ਼ੀਕੇਸ਼ ਦੇ ਇਕ ਨਿਰਮਲੇ ਮੁਨੀ ਅਰਜਨ ਸਿੰਘ ਜੀ ਨੇ ਕੀਤਾ ਪਰ ਇਹ ਸੰਪੂਰਨ ਨਹੀਂ ਸੀ ਹੋਇਆ ਕਿ ਮੁਨੀ ਜੀ ਚਲਾਣਾ ਕਰ ਗਏ। ਇਸ ਟੀਕੇ ਨੂੰ ਉਨ੍ਹਾਂ ਨੇ ਆਪਣੇ ਗੁਰੂ ਸਵਾਮੀ ਪੰ. ਪ੍ਰੇਮ ਸਿੰਘ ਦੇ ਨਾਮ ਤੇ ਪ੍ਰੇਮ ਪ੍ਰਬੋਧਨੀ ਟੀਕੇ ਦਾ ਨਾਮ ਦਿੱਤਾ। ਮੁਨੀ ਜੀ ਨੇ ਦੱਸਿਆ ਕਿ, ਇਸ ਗ੍ਰੰਥ ਦਾ ਟੀਕਾ “ਲਿਖਦੇ ਸਮੇਂ ਸ੍ਰੀਮਾਨ ਪੰ. ਤਾਰਾ ਸਿੰਘ ਜੀ ਨਰੋਤਮ, ਭਾਈ ਸੰਤੋਖ ਸਿੰਘ, ਸ੍ਰੀਮਾਨ ਗਿਆਨੀ ਬਦਨ ਸਿੰਘ ਜੀ, ਭਾਈ ਸ਼ਾਮ ਸਿੰਘ ਜੀ, ਗਿਆਨੀ ਚੰਦਾ ਸਿੰਘ ਜੀ, ਪੰ. ਸਾਧੂ ਸਿੰਘ ਜੀ, ਪੰ. ਸੁਤੇ ਪ੍ਰਕਾਸ਼ ਜੀ ਆਦਿ ਪ੍ਰਾਚੀਨ ਅਤੇ ਨਵੀਨ ਸੱਜਣਾਂ ਦੇ ਗ੍ਰੰਥਾਂ ਦਾ ਵਿਸ਼ੇਸ਼ ਰੂਪ ਵਿਚ ਅਧਿਐਨ ਕੀਤਾ ਹੈ। ਵਿਸ਼ੇ ਦੀ ਪੁਸ਼ਟੀ ਲਈ ਮਹਾਭਾਰਤ, ਸ੍ਰੀ ਮਦ ਭਗਵਦ ਗੀਤਾ, ਈਸ਼, ਕੇਨ, ਕਠ, ਪ੍ਰਸ਼ਨ, ਮਾਂਡੂਕਯ ਆਦਿ ਉਪਨਿਸ਼ਦਾਂ ਦੇ ਪ੍ਰਮਾਣ ਵੀ ਉਚਿਤ ਸਥਾਨ ਤੇ ਦਿੱਤੇ ਹਨ। ਮੂਲ ਗੁਰਬਾਣੀ ਸਮਝਣ ਲਈ ਗਿਆਨੀ ਸੰਪ੍ਰਦਾਇ ਦੇ ਅਨੁਸਾਰ ਸ਼ਬਦਾਰਥ ਅਤੇ ਭਾਵਾਰਥ ਦਿਤੇ ਹਨ।”41 ਇਸ ਟੀਕੇ ਦੀ ਸੁਧਾਈ ਸਵਾਮੀ ਠਾਕੁਰ ਸਿੰਘ ਜੀ ਨੇ ਕੀਤੀ ਹੈ ਅਤੇ ਇਸਦਾ ਪ੍ਰਕਾਸ਼ਨ ਸਵਾਮੀ ਪੰ. ਮਣੀ ਸਿੰਘ ਜੀ ਨੇ ਨਿਰਮਲ ਕੁਟੀਆ, ਕਨਖਲ ਤੋਂ ਕੀਤਾ ਹੈ। ਹੋ ਸਕਦਾ ਹੈ ਇਸ ਤੋਂ ਪਹਿਲਾਂ ਵੀ ਅਜਿਹਾ ਕੋਈ ਯਤਨ ਹੋਇਆ ਹੋਵੇ ਪਰ ਇਸ ਸੰਬੰਧੀ ਕੋਈ ਹਵਾਲਾ ਜਾਂ ਸਬੂਤ ਹੱਥ ਨਹੀਂ ਲੱਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਹਿੰਦੀ ਅਨੁਵਾਦ ਜਿਨ੍ਹਾਂ ਵਿਦਵਾਨਾਂ ਨੇ ਕੀਤਾ ਉਨ੍ਹਾਂ ਦੇ ਵੇਰਵਾ ਹੇਠ ਲਿਖੇ ਅਨੁਸਾਰ ਹੈ।
 ਮਨਮੋਹਨ ਸਹਿਗਲ (1932 - )
       ਡਾ. ਮਨਮੋਹਨ ਸਹਿਗਲ ਦਾ ਜਨਮ ਸ੍ਰੀ ਪਿਆਰੇ ਲਾਲ ਅਤੇ ਸ੍ਰੀਮਤੀ ਰਾਮ ਪਿਆਰੀ ਦੇ ਘਰ ਅਪ੍ਰੈਲ 1932 ਈਸਵੀ ਨੂੰ ਜਲੰਧਰ ਵਿਖੇ ਹੋਇਆ। ਪਿਤਾ ਲਾਹੌਰ ਵਿਖੇ ਫਾਂਧ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਵਿੱਚ ਨੌਕਰੀ ਕਰਦੇ ਸਨ ਅਤੇ ਇਹ ਵੀ ਉਥੇ ਜਾ ਵਸੇ। ਦੇਸ਼-ਵੰਡ ਉਪਰੰਤ ਭਾਰਤ ਆ ਕੇ 1954 ਈਸਵੀ ਵਿੱਚ ਐਮ.ਏ. ਫਿਲਾਸਫੀ ਅਤੇ 1956 ਈਸਵੀ ਵਿੱਚ ਐਮ.ਏ. ਹਿੰਦੀ ਪਾਸ ਕੀਤੀ। ਸਰਕਾਰੀ ਕਾਲਜ ਟਾਂਡਾ, ਸਰਕਾਰੀ ਸ਼ਮਲਦਾਸ ਕਾਲਜ ਭਾਵਨਗਰ, ਗੁਜਰਾਤ, ਅਤੇ ਕੁਰਕਸ਼ੇਤਰ ਯੂਨੀਵਰਸਿਟੀ ਵਿਖੇ ਅਧਿਆਪਨ ਕਾਰਜ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਹਿੰਦੀ ਵਿਭਾਗ ਵਿਖੇ ਨਿਯੁਕਤ ਹੋ ਗਏ ਅਤੇ ਇਥੋਂ ਹੀ ਬਤੌਰ ਪ੍ਰੋਫੈਸਰ ਰਿਟਾਇਰ ਹੋਏ। ਪੰਜਾਬ ਸਰਕਾਰ ਨੇ ਸ਼੍ਰੋਮਣੀ ਸਾਹਿਤਕਾਰ ਅਤੇ ਯੂ.ਪੀ. ਸਰਕਾਰ ਨੇ ਸੌਹਾਰਦ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਨ੍ਹਾਂ ਦੀਆਂ ਅਨੁਵਾਦਿਤ, ਸੰਪਾਦਿਤ ਅਤੇ ਮੌਲਿਕ ਰਚਨਾਵਾਂ ਦੀ ਗਿਣਤੀ 90 ਦੇ ਲਗਪਗ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਅਜਿਹੀਆਂ ਹਨ ਜੋ ਗੁਰਮਤਿ ਸਿਧਾਤਾਂ ਅਤੇ ਪਰੰਪਰਾਵਾਂ ਦਾ ਵਿਖਿਆਨ ਕਰਦੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਅਨੁਵਾਦ ਹੈ।
       ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਕਰਦਿਆਂ ਇਨ੍ਹਾਂ ਦਾ ਮੇਲ ਭੁਵਨ ਵਾਣੀ ਟਰੱਸਟ ਦੇ ਪ੍ਰਬੰਧਕਾਂ ਨਾਲ ਹੋਇਆ ਜਿਨ੍ਹਾਂ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਅਨੁਵਾਦ ਕਰਨ ਲਈ ਪ੍ਰੇਰਿਤ ਕੀਤਾ। ਡਾ. ਸਹਿਗਲ ਨੇ ਪੀਐਚ.ਡੀ. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਵਿ ਦੇ ਦਾਰਸ਼ਨਿਕ ਪੱਖ 'ਤੇ ਕਰਨ ਉਪਰੰਤ ਜਬਲਪੁਰ ਯੂਨੀਵਰਸਿਟੀ ਤੋਂ ਗੁਰੂ ਗ੍ਰੰਥ ਸਾਹਿਬ ਤੇ ਡੀ. ਲਿਟ. ਪਾਸ ਕੀਤੀ ਸੀ ਇਸ ਲਈ ਇਨ੍ਹਾਂ ਦੀ ਰੁਚੀ ਇਸ ਧਰਮ ਗ੍ਰੰਥ ਵਿੱਚ ਬਣੀ ਹੋਈ ਸੀ ਅਤੇ ਇਨ੍ਹਾਂ ਨੇ ਇਹ ਕਾਰਜ ਆਪਣੇ ਹੱਥਾਂ ਵਿੱਚ ਲੈ ਲਿਆ। ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਾਂ ਦੀ ਆਸਥਾ ਦਾ ਪੂਰਨ ਗਿਆਨ ਸੀ ਇਸ ਕਰਕੇ ਅਨੁਵਾਦ ਕਰਦੇ ਸਮੇਂ ਇਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਗੁਰਬਾਣੀ ਨੂੰ ਹਿੰਦੀ ਵਿੱਚ ਲਿਪੀਅੰਤਰਣ ਕਰਦੇ ਸਮੇਂ ਮੂਲ ਪਾਠ ਦੀ ਸ਼ੁੱਧਤਾ ਨੂੰ ਅੱਖੋਂ ਪਰੋਖੇ ਨਹੀਂ ਹੋਣ ਦਿੱਤਾ; ਸ਼ਬਦ, ਮਾਤਰਾਵਾਂ ਅਤੇ ਅੰਕ ਗੁਰਮੁਖੀ ਦੇ ਜਿਸ ਰੂਪ ਵਿੱਚ ਲਿਖੇ ਹੋਏ ਸਨ, ਉਸੇ ਰੂਪ ਵਿੱਚ ਪੇਸ਼ ਕੀਤੇ ਗਏ ਹਨ।
       ਡਾ. ਮਨਮੋਹਨ ਸਹਿਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿੰਦੀ ਅਨੁਵਾਦ ਦੀ ਲੋੜ ਦਾ ਵਰਣਨ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮੂਲ ਰੂਪ ਵਿੱਚ ਗੁਰਮੁਖੀ ਵਿੱਚ ਹੋਈ ਹੈ ਅਤੇ ਇਸਦਾ ਦੇਵਨਾਗਰੀ ਵਿੱਚ ਲਿਪੀਅੰਤਰਣ ਵੀ ਹੋ ਚੁੱਕਾ ਹੈ ਪਰ ਫਿਰ ਵੀ ਇਸ ਨੂੰ ਸਮਝਣਾ ਔਖਾ ਹੋ ਜਾਂਦਾ ਹੈ। ਭਾਰਤ ਦੇ ਹਿੰਦੀ ਪ੍ਰਦੇਸ਼ ਵਿੱਚ ਰਹਿਣ ਵਾਲੇ ਮਾਨਵ ਧਰਮ ਸਾਧਕ ਇਸ ਪਰਮ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ। ਗਿਆਨ ਦੀ ਇਸ ਧਾਰਾ ਨੂੰ ਹਿੰਦੀ ਪ੍ਰਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਡਾ. ਸਹਿਗਲ ਨੇ ਇਸ ਧਰਮ ਗ੍ਰੰਥ ਦਾ ਹਿੰਦੀ ਭਾਸ਼ਾ ਵਿੱਚ ਸਰਲ ਅਨੁਵਾਦ ਕੀਤਾ ਹੈ। ਹਿੰਦੀ ਵਿਚ ਪ੍ਰਾਪਤ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਹਿਲਾ ਸੰਪੂਰਨ ਅਨੁਵਾਦ ਹੈ। ਇਨ੍ਹਾਂ ਨੇ ਆਪਣੇ ਅਧਿਐਨ ਕਾਰਜ ਵਿੱਚ ਪਹਿਲਾਂ ਪਉੜੀ, ਸ਼ਬਦ ਜਾਂ ਸਲੋਕ ਦਿੱਤਾ ਹੋਇਆ ਹੈ ਫਿਰ ਉਸਦੇ ਹੇਠਾਂ ਸਰਲ ਹਿੰਦੀ ਭਾਵ ਦਿੱਤਾ ਗਿਆ ਹੈ। ਅਰਥ ਨੂੰ ਖੋਲ ਕੇ ਸਮਝਾਉਣ ਲਈ ਬਰੈਕਟਾਂ ਵਿੱਚ ਭਾਵਾਂ ਦੀ ਵਧੇਰੇ ਵਿਆਖਿਆ ਕੀਤੀ ਹੈ। ਸ਼ਬਦ ਦੀ ਵਿਆਖਿਆ ਲਈ ਪ੍ਰੋ. ਸਾਹਿਬ ਸਿੰਘ ਦਾ ਟੀਕਾ, ਫਰੀਦਕੋਟ ਵਾਲਾ ਟੀਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਾਰ ਭਾਗਾਂ ਵਿੱਚ ਪ੍ਰਕਾਸ਼ਿਤ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹਾਇਤਾ ਲਈ ਗਈ ਹੈ। ਆਰੰਭ ਵਿੱਚ ਪ੍ਰਕਾਸ਼ਕ ਦੀ ਟਿੱਪਣੀ ਤੋਂ ਬਾਅਦ ਗੁਰ-ਇਤਿਹਾਸ ਅਤੇ ਗੁਰਮਤਿ ਸਿਧਾਂਤ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ, ਰਾਗਾਂ ਅਤੇ ਇਸਦੇ ਪ੍ਰਮੁਖ ਵਿਸ਼ਿਆਂ ਦਾ ਵਰਣਨ ਕੀਤਾ ਗਿਆ ਹੈ। ਇਕ ਪੰਨੇ ਤੇ ਦੇਵਨਾਗਰੀ ਅਤੇ ਗੁਰਮੁਖੀ ਵਰਣਮਾਲਾ ਦਿੱਤੀ ਗਈ ਹੈ ਤਾਂ ਕਿ ਪਾਠਕ ਇਸ ਗ੍ਰੰਥ ਦੇ ਅਧਿਐਨ ਸਮੇਂ ਸ਼ਬਦ ਦਾ ਸਹੀ ਉਚਾਰਣ ਕਰ ਸਕਣ। ਇਸ ਵਿੱਚ ਸਮੁਚੇ ਸ਼ਬਦ ਨੂੰ ਸਾਹਮਣੇ ਰੱਖ ਕੇ ਅਰਥ ਕੀਤੇ ਗਏ ਹਨ। ਇਹ ਅਨੁਵਾਦ ਚਾਰ ਭਾਗਾਂ ਵਿੱਚ ਛਪਿਆ ਹੋਇਆ ਹੈ। ਹਰ ਇਕ ਪੋਥੀ ਦੇ ਵੱਖ-ਵੱਖ ਪੰਨਾ ਨੰਬਰ ਹਨ ਅਤੇ ਪੰਨਿਆਂ ਦੀ ਕੁੱਲ ਗਿਣਤੀ 3750 ਦੇ ਲਗਪਗ ਹੈ।     
 ਲਕਸ਼ਮਣ ਚੇਲਾ ਰਾਮ
       ਇਨ੍ਹਾਂ ਦਾ ਜਨਮ ਸਹਿਜਧਾਰੀ ਸਿੰਧੀ ਸਿੱਖ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਦਾਦਾ ਭਾਈ ਚੇਲਾ ਰਾਮ ਸੀ; ਸਿੱਖੀ ਪ੍ਰਚਾਰ ਕਰਨ ਕਰਕੇ ਇਨ੍ਹਾਂ ਦੀ ਪ੍ਰਸਿੱਧੀ ਸਮੁੱਚੇ ਸਿੱਖ ਜਗਤ ਵਿਚ ਸੀ। ਦਾਦਾ ਭਾਈ ਚੇਲਾ ਰਾਮ ਨੇ ਪਹਿਲਾਂ ਕਰਾਚੀ ਵਿੱਚ ਇਕ ਆਸ਼ਰਮ ਸਥਾਪਤ ਕੀਤਾ ਅਤੇ ਦੇਸ਼-ਵੰਡ ਉਪਰੰਤ ਦਿੱਲੀ ਆ ਕੇ 1958 ਈਸਵੀ ਵਿੱਚ 'ਨਿਜ ਥਾਉ' ਨਾਮਕ ਧਾਰਮਿਕ ਕੇਂਦਰ ਸਥਾਪਤ ਕੀਤਾ। 1964 ਈਸਵੀ ਵਿੱਚ ਇਨ੍ਹਾਂ ਦੇ ਚਲਾਣੇ ਉਪਰੰਤ ਇਨ੍ਹਾਂ ਦੇ ਸਪੁੱਤਰ ਲਕਸ਼ਮਣ ਚੇਲਾ ਰਾਮ ਨੇ ਧਾਰਮਿਕ ਗਤੀਵਿਧੀਆਂ ਜਾਰੀ ਰੱਖੀਆਂ। ਇਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਵਿੱਚ ਅਨੁਵਾਦ ਹੈ।
       ਲਕਸ਼ਮਣ ਚੇਲਾ ਰਾਮ ਦੀ ਧਰਮ ਪਤਨੀ ਦਾ ਨਾਮ ਸ੍ਰੀਮਤੀ ਰਾਮੀ ਜੀ ਸੀ। ਧਰਮ ਪਤਨੀ ਦੀ ਵੀ ਸਿੱਖ ਧਰਮ ਗ੍ਰੰਥ ਵਿੱਚ ਪੂਰਨ ਸ਼ਰਧਾ ਅਤੇ ਵਿਸ਼ਵਾਸ ਸੀ; ਇਸ ਨੇ ਹੀ ਆਪਣੇ ਪਤੀ ਨੂੰ ਇਸ ਧਰਮ ਗ੍ਰੰਥ ਦਾ ਅਨੁਵਾਦ ਕਰਕੇ ਇਸ ਦੀ ਅਧਿਆਤਮਕ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ। ਪਤਨੀ ਦੁਆਰਾ ਦਿੱਤੇ ਵਿਚਾਰ ਨੇ ਲਕਸ਼ਮਣ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਵਿਚਾਰ ਤੇ ਅਮਲ ਕਰਦੇ ਹੋਏ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕਾਰਜ ਆਰੰਭ ਦਿੱਤਾ। ਲਕਸ਼ਮਣ ਜੀ ਦਾ ਕਹਿਣਾ ਹੈ ਕਿ “ਮੈਂ ਉਨ੍ਹਾਂ (ਸੁਪਤਨੀ ਰਾਮੀ ਜੀ) ਦੇ ਜੀਵਨ ਕਾਲ ਵਿੱਚ ਇਕ ਸੌ ਪੱਚੀ ਸ਼ਬਦਾਂ ਦਾ ਹੀ ਅਨੁਵਾਦ ਕਰ ਸਕਿਆ। ਉਨ੍ਹਾਂ ਦੀ ਸ਼ੁਭ ਇਛਾ ਨੂੰ ਸੰਪੂਰਨ ਕਰਨ ਲਈ 19 ਨਵੰਬਰ 1985 ਵਿੱਚ ਉਨ੍ਹਾਂ ਦੀ ਦੂਜੀ ਬਰਸੀ ਤੱਕ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਗਪਗ ਚਾਰ ਸੌ ਚੁਣੇ ਹੋਏ ਸ਼ਬਦਾਂ ਦਾ ਸਰਲ ਹਿੰਦੀ ਅਨੁਵਾਦ ਕਰਕੇ 'ਗੁਰਬਾਣੀ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ। ਹਿੰਦੀ ਅਨੁਵਾਦ ਕਰਨ ਵਿੱਚ ਇਹ ਮੇਰਾ ਪਹਿਲਾ ਯਤਨ ਸੀ ਜਿਸਦੀ ਪਾਠਕਾਂ ਨੇ ਭਰਪੂਰ ਸ਼ਲਾਘਾ ਕੀਤੀ। ਪਾਠਕਾਂ ਦੇ ਉਤਸ਼ਾਹ ਨੇ ਮੈਨੂੰ ਪ੍ਰਿਯ ਰਾਮੀ ਜੀ ਦੀ ਸ਼ੁਭ ਇਛਾ ਨੂੰ ਸਾਕਾਰ ਰੂਪ ਦੇਣ ਦੀ ਆਧਾਰ ਭੂਮੀ ਪ੍ਰਦਾਨ ਕੀਤੀ ਅਤੇ ਇਸਦੇ ਪਰਿਣਾਮ ਸਰੂਪ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰਨ ਦੀ ਰੂਪ ਰੇਖਾ ਤਿਆਰ ਕੀਤੀ।”
       ਲਕਸ਼ਮਣ ਜੀ ਨੇ ਪੰਜ ਜਿਲਦਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕੀਤਾ। ਇਸ ਦੇ ਪਹਿਲੇ ਭਾਗ ਵਿੱਚ ਸਿੱਖ ਧਰਮ ਅਤੇ ਧਰਮ ਗ੍ਰੰਥ ਸੰਬੰਧੀ ਮੁੱਢਲੀ ਤੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਵੱਖ-ਵੱਖ ਸਿਰਲੇਖਾਂ ਅਧੀਨ ਪੇਸ਼ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਪਰਮਾਤਮਾ ਦੇ ਵਿਭਿੰਨ ਨਾਮ, ਇਸ ਦੀ ਸੰਪਾਦਨਾ, ਅੰਤਰਿਕ ਰੂਪ, ਇਸ ਵਿੱਚ ਸ਼ਾਮਲ ਬਾਣੀਕਾਰਾਂ ਦਾ ਦਾ ਸੰਖੇਪ ਜੀਵਨ ਪਰਿਚਯ, ਇਸਦੀ ਅੰਤਰੀਵੀ ਬਣਤਰ, ਬਾਣੀ ਬਿਊਰਾ, ਦਸ ਗੁਰੂ ਸਾਹਿਬਾਨ ਦੀ ਬੰਸਾਵਲੀ ਆਦਿ ਦਾ ਵਰਣਨ ਗੁਰਮਤਿ ਸਿਧਾਂਤ, ਇਤਿਹਾਸ ਅਤੇ ਪਰੰਪਰਾ ਸੰਬੰਧੀ ਭਾਵਪੂਰਤ ਜਾਣਕਾਰੀ ਪ੍ਰਦਾਨ ਕਰਦਾ ਹੈ। 
       ਅਨੁਵਾਦਕ ਨੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਮਹੱਤਵਪੂਰਨ ਬਾਣੀਆਂ, ਜਿਵੇਂ ਬਾਰਹਮਾਹਾ, ਪੱਟੀ, ਸੁਖਮਨੀ ਆਦਿ, ਬਾਰੇ ਸੰਬੰਧਤ ਬਾਣੀ ਦੇ ਅਨੁਵਾਦ ਤੋਂ ਪਹਿਲਾਂ ਸੰਖੇਪ ਰੂਪ ਵਿੱਚ ਉਸਦੀ ਜਾਣਕਾਰੀ ਦਿੱਤੀ ਹੈ ਤਾਂ ਕਿ ਇਨ੍ਹਾਂ ਨੂੰ ਪੜ੍ਹਨ ਤੋਂ ਪਹਿਲਾਂ ਪਾਠਕ ਇਨ੍ਹਾਂ ਦੇ ਮੂਲ ਭਾਵ ਤੋਂ ਜਾਣੂ ਹੋ ਸਕੇ।
 ਜੋਧ ਸਿੰਘ (1942 - )
       ਡਾ. ਜੋਧ ਸਿੰਘ ਦਾ ਜਨਮ 15 ਮਈ 1942 ਨੂੰ ਗੁਰਦਾਸ ਜ਼ਿਲੇ ਦੇ ਸੰਗਤਪੁਰ ਪਿੰਡ ਵਿਖੇ ਹੋਇਆ। ਰੇਲਵੇ ਦੀ ਨੌਕਰੀ ਕਰਨ ਦੇ ਆਹਰ ਵਜੋਂ ਪੰਜਾਬ ਤੋਂ ਬਾਹਰ ਬਨਾਰਸ ਜਾਣਾ ਪਿਆ। ਉਥੇ ਇਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਐਮ. ਏ. (ਫਿਲਾਸਫੀ, ਅੰਗਰੇਜ਼ੀ, ਹਿੰਦੀ) ਪਾਸ ਕਰਨ ਉਪਰੰਤ ਪੀ-ਐਚ. ਡੀ. ਦੀ ਡਿਗਰੀ ਹਾਸਲ ਕੀਤੀ। ਪੀ-ਐਚ. ਡੀ. ਦਾ ਥੀਸਿਸ The Religious Philosophy of Guru Nanak ਪੁਸਤਕ ਸਿਰਲੇਖ ਹੇਠ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ। 1977 ਈਸਵੀ ਨੂੰ ਯੂਨੀਵਰਸਿਟੀ ਦੇ ਉਸੇ ਵਿਭਾਗ ਵਿੱਚ ਖੋਜ ਦੇ ਨਾਲ ਅਧਿਆਪਨ ਕਾਰਜ ਆਰੰਭਿਆ। ਖੋਜ ਕਾਰਜ ਮੁਕੰਮਲ ਹੋਣ ਤੇ ਲੈਕਚਰਾਰ ਵਜੋਂ ਅਧਿਆਪਨ ਕਾਰਜ ਜਾਰੀ ਰਿਹਾ। 24 ਮਾਰਚ 1983 ਈਸਵੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਧਰਮ ਅਧਿਐਨ ਵਿਭਾਗ ਵਿਖੇ ਚਲ ਰਹੇ ਸਿੱਖ ਵਿਸ਼ਵਕੋਸ਼ ਦੇ ਪ੍ਰੈਜਕਟ ਉਤੇ ਰੀਡਰ ਵਜੋਂ ਨਿਯੁਕਤ ਹੋਏ। ਸਿੱਖ ਧਰਮ ਅਤੇ ਦਰਸ਼ਨ ਨਾਲ ਸੰਬੰਧਤ ਮਹੱਤਵਪੂਰਨ ਵਿਸ਼ਿਆਂ ਤੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਪੁਸਤਕਾਂ ਦੀ ਰਚਨਾ ਕੀਤੀ। ਸਿੱਖ ਧਰਮ ਦੇ ਮੁੱਢਲੇ ਸਰੋਤਾਂ ਦਾ ਅਨੁਵਾਦ ਕਰਕੇ ਸਿੱਖ ਅਧਿਐਨ ਦੀ ਖੋਜ ਦਾ ਘੇਰਾ ਵਿਸ਼ਾਲ ਕਰਨ ਦੀ ਰੁਚੀ ਕਾਰਨ ਸੰਪੂਰਨ ਦਸਮ ਗ੍ਰੰਥ ਦਾ ਚਾਰ ਭਾਗਾਂ ਵਿੱਚ ਹਿੰਦੀ ਅਨਵਾਦ, ਵਾਰਾਂ ਭਾਈ ਗੁਰਦਾਸ ਦਾ ਦੋ-ਦੋ ਭਾਗਾਂ ਵਿੱਚ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਮੁਕੰਮਲ ਕਰਕੇ ਪਾਠਕਾਂ ਦੇ ਸਨਮੁਖ ਪੇਸ਼ ਕੀਤਾ। ਸਿੱਖ ਵਿਸ਼ਵਕੋਸ਼ ਵਿੱਚ ਕਾਰਜ ਕਰ ਰਹੇ ਆਪਣੇ ਸਾਥੀ ਡਾ. ਧਰਮ ਸਿੰਘ ਨਾਲ ਮਿਲ ਕੇ ਦਸਮ ਗ੍ਰੰਥ ਦੀਆਂ ਕੁਝ ਮਹੱਤਵਪੂਰਨ ਰਚਨਾਵਾਂ ਦਾ ਅੰਗਰੇਜ਼ੀ ਅਨੁਵਾਦ ਵੀ ਸਾਹਮਣੇ ਲਿਆਂਦਾ।
       ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਅਨੁਵਾਦ 2001 ਈਸਵੀ ਵਿੱਚ ਆਰੰਭ ਕੀਤਾ ਅਤੇ ਲਗਪਗ ਤਿੰਨ ਸਾਲ ਦੀ ਸਖਤ ਮਿਹਨਤ ਉਪਰੰਤ 2004 ਵਿੱਚ ਮੁਕੰਮਲ ਕਰ ਲਿਆ। ਇਸ ਅਨੁਵਾਦ ਦੇ 82 ਪੰਨਿਆਂ ਦੀ ਵਿਸਤ੍ਰਿਤ ਭੂਮਿਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਆਧਾਰ, ਸਿੱਖ ਧਰਮ ਦੀ ਵਿਸ਼ੇਸ਼ਤਾ, ਗੁਰਮਤਿ ਦੀ ਤੱਤ-ਮੀਮਾਂਸਾ, ਹੁਕਮ ਅਤੇ ਸ਼ਬਦ-ਗੁਰੂ ਆਦਿ ਵਿਸ਼ਿਆਂ ਦਾ ਵਰਣਨ ਕਰਕੇ ਪਾਠਕਾਂ ਨੂੰ ਇਸ ਧਰਮ ਗ੍ਰੰਥ ਦੀ ਮੂਲ਼ ਭਾਵਨਾ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ ਗਿਆ ਹੈ। ਭੂਮਿਕਾ ਤੋਂ ਬਾਅਦ ਅਨੁਵਾਦ ਕਾਰਜ ਆਰੰਭ ਹੁੰਦਾ ਹੈ ਜਿਸ ਲਈ 'ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੇ ਪੰਨਿਆਂ ਦੀ ਤਰਤੀਬ ਨੂੰ ਸਾਹਮਣੇ ਰੱਖ ਕੇ ਖੱਬੇ ਪੰਨੇ ਤੇ ਮੂਲ ਪਾਠ ਦਾ ਲਿਪੀਅੰਤਰਣ ਕਰਕੇ ਉਸੇ ਦੇ ਸਾਹਮਣੇ ਸੱਜੇ ਪੰਨੇ ਤੇ ਅਨੁਵਾਦ ਪੇਸ਼ ਕੀਤਾ ਗਿਆ ਹੈ। ਹਰ ਭਾਗ ਵਿੱਚ ਆਈਆਂ ਮਹੱਤਵਪੂਰਨ ਬਾਣੀਆਂ ਦੀ ਸੰਖੇਪ ਜਾਣ-ਪਛਾਣ ਉਸੇ ਭਾਗ ਦੇ ਅੰਤ ਵਿੱਚ ਦਿਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਵਾਲਿਆਂ ਦੀ ਸੌਖ ਨੂੰ ਸਾਹਮਣੇ ਰੱਖ ਕੇ ਇਸ ਦੇ ਆਰੰਭ ਵਿੱਚ ਸਿੱਖ ਧਰਮ ਨਾਲ ਸੰਬੰਧਤ ਤਕਨੀਕੀ ਸ਼ਬਦਾਵਲੀ ਦਾ ਸੰਖੇਪ ਵਰਣਨ ਕੀਤਾ ਗਿਆ ਹੈ। ਇਹ ਅਨੁਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਵਾਲੇ ਹਿੰਦੀ ਪਾਠਕਾਂ ਲਈ ਲਾਹੇਵੰਦ ਹੈ।
 ਜਰਨੈਲ ਸਿੰਘ
       ਜਰਨੈਲ ਸਿੰਘ 1959 ਈਸਵੀ ਵਿੱਚ ਕੈਨੇਡਾ ਗਿਆ ਅਤੇ ਉਥੇ ਹੀ 1963 ਈਸਵੀ ਵਿੱਚ ਮੈਥੇਮੈਟਿਕਸ ਵਿੱਚ ਪੀਐਚ.ਡੀ. ਦੀ ਡਿਗਰੀ ਹਾਸਲ ਕਰਕੇ ਉਥੋਂ ਦੀ ਸਰਕਾਰ ਕੋਲ ਨੌਕਰੀ ਕਰ ਲਈ। ਨੌਕਰੀ ਦੌਰਾਨ ਉਥੋਂ ਦੇ ਲੋਕਾਂ ਦਾ ਫਰੈਂਚ ਭਾਸ਼ਾ ਪ੍ਰਤੀ ਰੁਝਾਨ ਵਧੇਰੇ ਮਹਿਸੂਸ ਕੀਤਾ ਤਾਂ ਏਸੇ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕਰਨ ਦਾ ਕਾਰਜ ਆਰੰਭ ਕਰ ਦਿੱਤਾ। ਫਰੈਂਚ ਤੋਂ ਇਲਾਵਾ ਇਨ੍ਹਾਂ ਨੇ ਜਰਮਨ ਭਾਸ਼ਾ ਵਿੱਚ ਵੀ ਇਸ ਧਰਮ ਗ੍ਰੰਥ ਦਾ ਅਨੁਵਾਦ ਤਿਆਰ ਕੀਤਾ ਅਤੇ ਅੱਜਕਲ ਸਪੇਨਿਸ਼ ਭਾਸ਼ਾ ਵਿੱਚ ਇਸ ਗ੍ਰੰਥ ਦੇ ਅਨੁਵਾਦ ਲਈ ਯਤਨ ਕਰ ਰਹੇ ਹਨ। ਅੰਗਰੇਜ਼ੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਇਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ। 
 ਫਰੈਂਚ ਭਾਸ਼ਾ ਵਿੱਚ ਅਨੁਵਾਦ
       ਡਾ ਜਰਨੈਲ ਸਿੰਘ ਸੇਂਟ ਮਾਈਕਲ ਕਾਲਜ ਟੋਰਾਂਟੋ ਵਿਖੇ ਕਾਰਜ ਕਰ ਰਹੇ ਹਨ। ਇਕ ਸ਼ਰਧਾਲੂ ਅਤੇ ਵਿਦਵਾਨ ਸਿੱਖ ਹੋਣ ਦੇ ਨਾਤੇ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਫਰੈਂਚ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ। ਇਨ੍ਹਾਂ ਦੇ ਯਤਨ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦਾ ਲਾਹਾ ਫਰੈਂਚ ਭਾਸ਼ਾ ਜਾਣਨ ਵਾਲੇ ਲੈ ਸਕਦੇ ਹਨ। ਇਨ੍ਹਾਂ ਨੇ ਇਹ ਅਨੁਵਾਦ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਅਨੁਸਾਰ ਚਾਰ ਭਾਗਾਂ ਵਿੱਚ ਕੀਤਾ ਹੈ ਅਤੇ ਇਸਦੇ ਆਰੰਭ ਵਿੱਚ ਗੁਰੂ ਗ੍ਰੰਥ ਸਾਹਿਬ ਬਾਣੀਕਾਰਾਂ ਦਾ ਸੰਖੇਪ ਜੀਵਨ ਬਿਉਰਾ ਦਿੱਤਾ ਹੈ ਤਾਂ ਕਿ ਗ੍ਰੰਥ ਦਾ ਗਿਆਨ ਹਾਸਲ ਕਰਨ ਵਾਲੇ ਗ੍ਰੰਥ ਦੇ ਬਾਣੀਕਾਰਾਂ ਦੇ ਸਰਵੋਤਮ ਅਧਿਆਤਮਕ ਜੀਵਨ ਤੋਂ ਜਾਣੂ ਹੋ ਸਕਣ। ਅਨੁਵਾਦ ਸਮੇਂ ਇਨ੍ਹਾਂ ਨੇ ਹਰ ਪੰਨੇ ਤੇ ਆਉਣ ਵਾਲੇ ਔਖੇ ਸ਼ਬਦ ਦੀ ਸਮਝ ਲਈ ਫੁਟਨੋਟ ਦਿੱਤੇ ਹਨ ਜਿਨ੍ਹਾਂ ਵਿੱਚ ਅਰਥ ਨੂੰ ਖੋਲ ਕੇ ਸਮਝਾਇਆ ਗਿਆ ਹੈ। 1660 ਪੰਨਿਆਂ ਵਿੱਚ ਅਨੁਵਾਦਿਤ ਇਹ ਗ੍ਰੰਥ 1996 ਈਸਵੀ ਵਿੱਚ ਸੰਪੂਰਨ ਕਰਕੇ ਪਾਠਕਾਂ ਦੇ ਰੂਬਰੂ ਕਰ ਦਿੱਤਾ ਗਿਆ ਸੀ।Intellectual Services International  ਦੁਅਰਾ ਇਸਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
 ਜਰਮਨ ਭਾਸ਼ਾ ਵਿੱਚ ਅਨੁਵਾਦ
       ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰੈਂਚ ਭਾਸ਼ਾ ਵਿੱਚ ਅਨੁਵਾਦ ਕਰਨ ਉਪਰੰਤ ਡਾ. ਜਰਨੈਲ ਸਿੰਘ ਜੀ ਨੇ ਇਸ ਧਰਮ ਗ੍ਰੰਥ ਨੂੰ ਜਰਮਨ ਲੋਕਾਂ ਵਿੱਚ ਬੋਲੀ ਜਾਂਦੀ ਡੱਚ ਭਾਸ਼ਾ ਵਿੱਚ ਇਸਦਾ ਅਨੁਵਾਦ ਕਰ ਦਿੱਤਾ। 2005 ਈਸਵੀ ਵਿੱਚ ਇਹ ਅਨੁਵਾਦ ਚਾਰ ਭਾਗਾਂ ਵਿੱਚ ਸਿੰਘ ਬ੍ਰਦਰਜ਼ ਨੇ ਛਾਪਿਆ।
       ਸਿੱਖ ਧਰਮ ਦੇ ਪੈਰੋਕਾਰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਫੈਲੇ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਕੁੱਝ ਗਿਣਤੀ ਜਰਮਨ ਦੇਸ਼ ਵਿੱਚ ਵੀ ਜਾ ਵਸੀ ਹੈ। ਉਥੋਂ ਦੇ ਸਿੱਖ ਪਰਿਵਾਰਾਂ ਵਿੱਚ ਜਨਮੇ ਬੱਚੇ ਗੁਰਮੁਖੀ ਪੜ੍ਹਨ ਤੋਂ ਅਸਮਰਥ ਹਨ ਪਰੰਤੂ ਫਿਰ ਵੀ ਉਹ ਆਪਣੇ ਬਜ਼ੁਰਗਾਂ ਦੇ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਦੇ ਇੱਛੁਕ ਹਨ। ਡਾ. ਜਰਨੈਲ ਸਿੰਘ ਨੇ ਇਸ ਅਨੁਵਾਦ ਰਾਹੀਂ ਉਨ੍ਹਾਂ ਬੱਚਿਆਂ ਦੀ ਇਸ ਅਧਿਆਤਮਕ ਭੁੱਖ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਇਸ ਤੋਂ ਇਲਾਵਾ ਜਰਮਨ ਭਾਸ਼ਾ ਵਿੱਚ ਜਾਣਕਾਰੀ ਹਾਸਲ ਕਰਨ ਵਾਲੇ ਖੋਜਾਰਥੀ ਵੀ ਇਸ ਅਨੁਵਾਦ ਰਾਹੀਂ ਸਿੱਖ ਧਰਮ ਦੇ ਮੂਲ ਅਧਿਆਤਮਕ ਸਰੋਤ ਬਾਰੇ ਗਿਆਨ ਹਾਸਲ ਕਰ ਸਕਦੇ ਹਨ। ਚਾਰ ਭਾਗਾਂ ਵਿੱਚ ਕੀਤਾ ਇਹ ਅਨੁਵਾਦ 'ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੇ ਪੰਨਿਆਂ ਦੀ ਵਿਉਂਤ ਅਨੁਸਾਰ ਮੁਕੰਮਲ ਕੀਤਾ ਗਿਆ ਹੈ। ਲਗਪਗ 1850 ਪੰਨਿਆਂ ਵਿੱਚ ਕੀਤੇ ਇਸ ਅਨੁਵਾਦ ਕਾਰਜ ਦੇ ਚੌਥੇ ਭਾਗ ਦੇ ਅੰਤ ਵਿੱਚ ਗਲਾਸਰੀ ਦਿੱਤੀ ਗਈ ਹੈ ਜੋ ਕਿ ਇਸ ਗ੍ਰੰਥ ਵਿਚਲੀ ਤਕਨੀਕੀ ਸਿੱਖ ਸ਼ਬਦਾਵਲੀ ਨੂੰ ਸਮਝਣ ਵਿੱਚ ਵਿੱਚ ਸਹਾਈ ਸਿੱਧ ਹੁੰਦੀ ਹੈ।    
       ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਮਿਲਦੇ ਹਨ ਜੋ ਕਿ ਅਨੁਵਾਦਕਾਂ ਨੇ ਬਹੁਤ ਮਿਹਨਤ ਉਪਰੰਤ ਪਾਠਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਹਨ। ਗੁਰਦੇਵ ਸਿੰਘ ਖ਼ਾਲਸਾ ਨੇ ਸਪੇਨਿਸ਼  ਭਾਸ਼ਾ ਵਿੱਚ, ਬੀਬੀ ਜਸਪਾਲ ਕੌਰ ਨੇ ਥਾਈ ਭਾਸ਼ਾ ਵਿੱਚ ਇਸ ਧਰਮ ਗ੍ਰੰਥ ਦਾ ਅਨੁਵਾਦ ਕੀਤਾ ਹੈ। ਦਾਦਾ ਚੇਲਾ ਰਾਮ ਦੇ ਪਰਿਵਾਰ ਵਲੋਂ ਸਿੰਧੀ ਭਾਸ਼ਾ ਵਿੱਚ ਕੀਤਾ ਅਨੁਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਛਾਪਿਆ ਗਿਆ ਹੈ । ਇਸ ਤੋਂ ਇਲਾਵਾ ਇਸ ਧਰਮ ਗ੍ਰੰਥ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਸਮਝਣ ਲਈ ਸ਼ਬਦਾਰਥ ਵੀ ਮਿਲ ਜਾਂਦੇ ਹਨ। ਹਿੰਦੀ ਭਾਸ਼ਾ ਵਿੱਚ ਗੁਰਦੇਵ ਕੌਰ ਅਤੇ ਗੁਰਚਰਨ ਸਿੰਘ ਅਨੰਦ ਦੁਆਰਾ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਪੀਅੰਤਰਣ ਸਹਿਤ ਇਕ ਸ਼ਬਦਾਰਥ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੁਆਰਾ ਛਾਪਿਆ ਗਿਆ ਹੈ। ਕ੍ਰਿਪਾਲ ਸਿੰਘ ਪੰਨੂ ਨੇ ਉਰਦੂ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਪੀਅੰਤਰਣ ਤਿਆਰ ਕੀਤਾ ਗਿਆ ਹੈ ਜੋ ਕਿ ਇੰਟਰਨੈਟ ਤੇ ਵੇਖਿਆ ਜਾ ਸਕਦਾ ਹੈ।  
--------------------------------------------------------------      
 ਹਵਾਲੇ
 1. ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਪੰਨਾ 687. 
 2. ਪੰਡਤ ਨਰੈਣ ਸਿੰਘ ਗਿਆਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਝ-ਞ.
 3. ਸ੍ਵਰੂਪ ਸਿੰਘ ਕੌਸ਼ਿਸ਼, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 120.
 4. ਕਾਨ੍ਹ ਸਿੰਘ ਨਾਭਾ, ਗੁਰੁਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ 551.
 5. ਗੁਰੂ ਗ੍ਰੰਥ ਸਾਹਿਬ, ਮ.5, ਪੰਨਾ 887.
 6. ਪਿਆਰਾ ਸਿੰਘ ਪਦਮ, 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਟੀਕਾਕਾਰੀ', ਟੀਕਾਕਾਰੀ, ਇਤਿਹਾਸਕਾਰੀ ਤੇ ਪੱਤਰਕਾਰੀ - ਕੁਝ ਦ੍ਰਿਸ਼ਟੀਕੋਣ, ਪੰਨਾ 175.
 7. ਹਰਮਿੰਦਰ ਸਿੰਘ ਬੇਦੀ, 'ਗੁਰਬਾਣੀ ਦੀ ਹਿੰਦੀ ਟੀਕਾਕਾਰੀ', ਟੀਕਾਕਾਰੀ, ਇਤਿਹਾਸਕਾਰੀ ਤੇ ਪੱਤਰਕਾਰੀ - ਕੁਝ ਦ੍ਰਿਸ਼ਟੀਕੋਣ, ਪੰਨਾ 185.
 8. ਮੁਨੀ ਅਰਜਨ ਸਿੰਘ ਕਨਖਲ, ਆਦਿ ਗ੍ਰੰਥ ਦੇ ਟੀਕੇ, ਗੁਰਮਤ ਸਾਹਿਤ, ਪੰਨਾ 192.
 9. ਗਿਆਨੀ ਕਿਰਪਾਲ ਸਿੰਘ, 'ਆਦਿ ਕਥਨ', ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਤੁਲਨਾਤਮਕ ਅਧਿਐਨ, ਟੀਕਾਕਾਰ ਗਿ. ਹਰਿਬੰਸ ਸਿੰਘ, 1988.
 10. ਗੁਰੂ ਗ੍ਰੰਥ ਸਾਹਿਬ, ਮ.1, ਪੰਨਾ 838.
 11. ਭਾਈ ਬਲਬੀਰ ਸਿੰਘ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ, 'ਭੂਮਿਕਾ', ਪੰਨਾ 7.
 12. ਵਾਰਾਂ ਭਾਈ ਗੁਰਦਾਸ, ਵਾਰ 3, ਪਉੜੀ 15.
 13. ਭਾਈ ਬਲਬੀਰ ਸਿੰਘ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ, 'ਭੂਮਿਕਾ', ਪੰਨਾ 10.
 14. ਡਾ. ਭਗਤ ਸਿੰਘ, ਗਿਆਨੀ ਗਿਆਨ ਸਿੰਘ, ਪੰਨਾ 10.
 15. ਮੁਨੀ ਅਰਜਨ ਸਿੰਘ ਕਨਖਲ, ਆਦਿ ਗ੍ਰੰਥ ਦੇ ਟੀਕੇ, ਗੁਰਮਤ ਸਾਹਿਤ, ਪੰਨਾ 193.
 16. “ਪੰਡਿਤ ਤਾਰਾ ਸਿੰਘ ਨਰੋਤਮ ਦਾ 'ਟੀਕਾ ਗੁਰਭਾਵ ਦੀਪਕਾ' ਸੰਨ 1879 ਵਿਚ ਸੰਪੂਰਣ ਲਿਖਿਆ ਗਿਆ ਸੀ।”  ਬਲਬੀਰ ਸਿੰਘ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ, ਭੂਮਿਕਾ, ਪੰਨਾ 4.
 17. ਪੰਡਤ ਨਰੈਣ ਸਿੰਘ ਗਯਾਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 'ਭੂਮਿਕਾ', ਪੰਨਾ ਟ.
 18. ਡਾ. ਰਤਨ ਸਿੰਘ ਜੱਗੀ (ਸੰਪਾ.), ਗੁਰਬਾਣੀ ਟੀਕੇ : ਅਨੰਦ-ਘਨ, ਪੰਨਾ 4.
 19. ਭਾਈ ਬਲਬੀਰ ਸਿੰਘ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ, 'ਭੂਮਿਕਾ', ਪੰਨਾ 9.
 20. ਉਹੀ, ਪੰਨੇ 9-10.
 21. ਬਲਬੀਰ ਸਿੰਘ ਨੰਦਾ, 'ਪੰਜਾਬੀ ਟੀਕਾਕਾਰੀ ਦੀਆਂ ਮੁੱਖ ਪ੍ਰਵ੍ਰਿਤੀਆਂ', ਟੀਕਾਕਾਰੀ, ਇਤਿਹਾਸਕਾਰੀ ਤੇ ਪੱਤਰਕਾਰੀ - ਕੁਝ ਦ੍ਰਿਸ਼ਟੀਕੋਣ, ਪੰਨਾ 124.
 22. ਪਿਆਰਾ ਸਿੰਘ ਪਦਮ, 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਟੀਕਾਕਾਰੀ', ਨਾਨਕ ਪ੍ਰਕਾਸ਼ ਪਤ੍ਰਿਕਾ, ਦਸੰਬਰ  1991,  ਸੰਪਾਦਕ ਡਾ. ਬਲਕਾਰ ਸਿੰਘ, ਪੰਨਾ 57.
 23. ਗਿਆਨੀ ਬਦਨ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਪੰਨਾ ੳ।
 24. ਗਿ. ਹਰਬੰਸ ਸਿੰਘ ਨਿਰਣੈਕਾਰ, 'ਟੀਕਾਕਾਰੀ ਦਾ ਮਾਰਗ ਤੇ ਮਾਰਗੀ', ਨਾਨਕ ਪ੍ਰਕਾਸ਼ ਪਤ੍ਰਿਕਾ, ਦਸੰਬਰ 1991, ਸੰਪਾਦਕ ਡਾ. ਬਲਕਾਰ ਸਿੰਘ, ਪੰਨਾ 18.
 25. ਪੰਡਤ ਨਰੈਣ ਸਿੰਘ ਗਯਾਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 'ਭੂਮਿਕਾ', ਪੰਨਾ ਠ.
 26. ਉਹੀ, ਪੰਨਾ ਡ.
 27. ਉਹੀ, ਪੰਨਾ ਡ.
 28. ਉਹੀ, ਪੰਨਾ ਤ.
 29. ਭਾਈ ਵੀਰ ਸਿੰਘ, ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸੰਪਾਦਕ ਡਾ. ਬਲਬੀਰ ਸਿੰਘ, 'ਭੂਮਿਕਾ', ਪੰਨਾ ੳ-ਅ.
 30. ਉਹੀ, ਪੰਨਾ ਅ.
 31. ਉਹੀ, ਪੰਨਾ ਚ.
 32. ਭਾਈ ਸਾਹਿਬ ਹਰਿਭਜਨ ਸਿੰਘ, 'ਪ੍ਰੋ. ਸਾਹਿਬ ਸਿੰਘ: ਗੁਰਬਾਣੀ ਸਿਧਾਂਤ ਤੇ ਟੀਕਾਕਰੀ', ਨਾਨਕ ਪ੍ਰਕਾਸ਼ ਪਤ੍ਰਿਕਾ, ਦਸੰਬਰ 1991, ਸੰਪਾਦਕ ਡਾ. ਬਲਕਾਰ ਸਿੰਘ, ਪੰਨਾ 75.
 33. ਡਾ. ਕੁਲਵੰਤ ਸਿੰਘ ਅੰਮ੍ਰਿਤਸਰ, 'ਵਾਰਤਕਕਾਰ ਪ੍ਰੋਫੈਸਰ ਸਾਹਿਬ ਸਿੰਘ: ਸਮਾਜਿਕ ਸੰਦਰਭ', ਨਾਨਕ ਪ੍ਰਕਾਸ਼ ਪਤ੍ਰਿਕਾ, ਦਸੰਬਰ 1991, ਸੰਪਾਦਕ ਡਾ. ਬਲਕਾਰ ਸਿੰਘ, ਪੰਨਾ 83.
 34. ਗਿ. ਹਰਿਬੰਸ ਸਿੰਘ ਨਿਰਣੈਕਾਰ, 'ਟੀਕਾਕਾਰੀ ਦਾ ਮਾਰਗ ਤੇ ਮਾਰਗੀ', ਨਾਨਕ ਪ੍ਰਕਾਸ਼ ਪਤ੍ਰਿਕਾ, ਦਸੰਬਰ 1991, ਸੰਪਾਦਕ ਡਾ. ਬਲਕਾਰ ਸਿੰਘ, ਪੰਨਾ 18.
 35. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 'ਭੂਮਿਕਾ', ਪੰਨਾ ਅ.
 36. ਜੈਰਾਮ ਮਿਸ਼ਰ, ਨਾਨਕ ਵਾਣੀ, ਪੰਨਾ 1.
 37. ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਅਤੇ ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ 784.
 38. ਵਿਸਾਖਾ ਸਿੰਘ ਸੰਤ ਸਿਪਾਹੀ ਜਨੇਤਪੁਰਾ, ਮਾਲਵਾ ਇਤਿਹਾਸ, ਭਾਗ ਪਹਿਲਾ, ਪੰਨਾ 418-19. 
 39. ਟਰੰਪ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਤੇ ਟਿੱਪਣੀ ਕਰਦੇ ਹੋਏ ਮੈਕਾਲਿਫ ਕਹਿੰਦਾ ਹੈ -A portion of the Granth Sahib was translated some years since by a German missionary at the expense and under the auspices of the India Office, but his work was highly inaccurate and unidiomatic, and furthermore gave mortal offence to the Sikhs by the odium theologicum introduced into it. Whenever he saw an opportunity of defaming the Gurus, the sacred book, and the religion of the Sikhs, he eagerly availed himself of it. Max Arthur Macauliffe, The Sikh Religion, vols. I & II, preface, p. vii.
40. ਸੰਤ ਵਰਿਆਮ ਸਿੰਘ,'Foreword', Sri Guru Granth Sahib (In English Version) by Swami Rama, p. ix.
41. ਮੁਨੀ ਅਰਜੁਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ - ਹਿੰਦੀ ਵਿਆਖਿਆ ਸ਼ਬਦਾਰਥ ਸਹਿਤ, ਆਵਸ਼ਯਕ ਨਿਵੇਦਨ, ਪੰਨਾ 4