ਕਬੀਰ: ਕ੍ਰਾਂਤੀਕਾਰੀ ਸੁਧਾਰਕ
(ਆਲੋਚਨਾਤਮਕ ਲੇਖ )
ਕਬੀਰ ਮੱਧਕਾਲ ਦੇ ਉੱਚੇ ਦਰਜੇ ਦੇ ਕਵੀ ਸਮਾਜ ਸੁਧਾਰਕ ਤੇ ਸਮਾਜ ਵਿਚ ਵਿਚਰਦੀਆਂ ਗਲਤ ਕੀਮਤਾਂ ਦੇ ਵਿਰੁੱਧ ਬੋਲਣ ਵਾਲੇ ਕ੍ਰਾਂਤੀਕਾਰੀ ਹੋਏ ਹਨ। ਬ੍ਰਾਹਮਣ ਲੋਕ ਵੇਦ ਯੁਗ ਤੋਂ ਹੀ ਆਪਣੇ ਆਪ ਨੂੰ ਬ੍ਰਹਮ ਦੀ ਸੰਤਾਨ ਆਖ ਕੇ ਉੱਚੀ ਪਦਵੀ ਤੇ ਦਸਦੇ ਆਏ ਹਨ। ਕਬੀਰ ਜੀ ਨੇ ਕਥਾ ਵਿਖਿਆਨਾਂ ਵਿਚ ਵੇਦਾਂ ਦੀ ਸੰਸਕ੍ਰਿਤ ਭਾਸ਼ਾ ਦੀ ਥਾਂ ਆਮ ਜਨਤਾ ਦੀ ਭਾਸ਼ਾ ਵਰਤ ਕੇ ਜਨਤਾ ਦਾ ਅੰਧਕਾਰ ਜਂਾ ਅਗਿਆਨਤਾ ਨੂੰ ਦੂਰ ਕੀਤਾ। ਬ੍ਰਾਹਮਣ ਲੋਕ ਜਿਨ੍ਹਂਾ ਨੂੰ ਨੀਂਵੀ ਜਾਤ ਕਰਕੇ ਸਮਾਜ ਤੋਂ ਵਿਛੋੜ ਰਹੇ ਸੀ ਉਨ੍ਹਾਂ ਹੀ ਲੋਕਾਂ ਨੂੰ ਕਬੀਰ ਜੀ ਨੇ ਗਲ ਲਾਇਆ । ਬ੍ਰਾਹਮਣ ਦੇ ਆਪਨੇ ਆਪ ਨੂੰ ਮੰਨਨ ਤੇ ਕਹਿਣ ਲਈ ਕਿ ਅਸੀਂ ਸਭ ਤੋਂ ਉੱਚੇ ਹਾਂ ਉਸ ਦਾ ਵੀ ਜਵਾਬ ਬਹੁਤ ਠੀਕ ਢੰਗ ਨਾਲ ਦਿੰਦੇ ਹੋਏ ਉਨ੍ਹਾਂ ਨੂੰ ਹੀ ਸਵਾਲ ਕੀਤਾ_
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ।।
ਬਾਮਨ ਕੀਹ ਕਹਿ ਜਨਮ ਮਤ ਖੋਏ ।।
ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ।।
ਤਉ ਆਨ ਬਾਟ ਕਾਹੇ ਨਹੀਂ ਆਇਆ।।
ਇਕ ਕਬੀਰ ਜੀ ਹੀ ਸੀ ਜਿਨ੍ਹਂਾ ਨੇ ਬ੍ਰਾਹਮਣੀ ਤਾਕਤ ਨੂੰ ਲਲਕਾਰਿਆ। ਕਬੀਰ ਜੀ ਨੇ ਉਨ੍ਹਾਂ ਨੂੰ ਕਾਦਰ ਦੀ ਅਸਲੀ ਸਚਾਈ ਦੱਸੀ
ਕਿ ਉਸਨੇ ਸਭ ਨੂੰ ਬਰਾਬਰ ਦਾ ਹੱਕ ਦਿਤਾ ਹੈ । ਕੋਈ ਊਚ ਨੀਚ ਨਹੀਂ ਜਿਵੇਂ_
ਅਵਲਿ ਅਲਹ ਨੂਰ ਉਪਾਇਆ
ਕੁਦਰਤ ਕੇ ਸਭ ਬੰਦੇ ।।
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕਉਨ ਮੰਦੇ ।।
ਇਥੇ ਹੀ ਬਸ ਨਹੀਂ ਸਗੋਂ
ਗਰਭ ਵਾਸ ਮਹਿ ਕੁਲੁ ਨਹੀਂ ਜਾਤੀ
ਬ੍ਰਹਮ ਬਿਦੁੰ ਤੇ ਸਭ ਉਤਪਾਤੀ।।
ਕਬੀਰ ਜੀ ਨੇ ਫੋਕੇ ਵਹਿਮਾਂ , ਗਲਤ ਵਿਚਾਰਧਾਰਾ ,ਊਚਨੀਚ ਤੇ ਆਪਸ ਦੀ ਨਫ਼ਰਤ ਦੇ ਵਿਰੁੱਧ ਆਵਾਜ਼ ਉਠਾਈ ।ਉਹ ਪ੍ਰਮਾਤਮਾ ਨੂੰ ਲਲਕਾਰਨ ਤੋਂ ਵੀ ਪਿੱਛੇ ਨਹੀਂ ਹਟੇ-
ਭੂਖੇ ਭਗਤ ਨ ਕੀਜੈ।।
ਯਹ ਮਾਲਾ ਅਪਨੀ ਲੀਜੈ ।।
ਜੋ ਸਾਧੂ ਨਗ਼ਨ ਹੋ ਕੇ ਪ੍ਰਮਾਤਮਾ ਨੂੰ ਧਿਆਂਦੇ ਹਨ ਉਨ੍ਹਾਂ ਦੇ ਵਿਰੁੱਧ ਵੀ ਆਵਾਜ਼ ਉਠਾਈ---
ਨਗਨ ਫਿਰਤ ਜੋ ਪਾਈਐ ਜੋਗ।।
ਬਨ ਕਾ ਮਿਰਗੁ ਮੁਕਤਿ ਸਭ ਹੋਗ।।
ਇਕ ਵਾਰ ਕਿਸੇ ਬਜ਼ੁਰਗ ਨਾਲ ਮੇਲ ਹੋਇਆ ਤੇ ਉਸ ਬਜੁਰਗ ਨੇ ਇਨ੍ਹਂਾ ਨੂੰ ਇਨ੍ਹਂ ਦੇ ਗੁਰੂ ਬਾਬਤ ਪੁੱਛਿਆ , ਪਰ ਕਬੀਰ ਜੀ ਨੇ ਨਾਂਹ ਵਿਚ ਜਵਾਬ ਦਿਤਾ ;ਪਰ ਮਨ ਵਿਚ ਗੁਰੂ ਲੱਭਣ ਦੀ ਠਾਣ ਲਈ । ਗੁਰੂ ਧਾਰਨ ਕਰਨ ਵਿਚ ਵੀ ਕਬੀਰ ਜੀ ਨੇ ਇਕ ਸ਼ਰਧਾ-ਪੂਰਵਕ ,ਨਿਮਾਣਾ ਹੋ ਕੇ ਕੀਤਾ ਕ੍ਰਂਤੀਮਈ ਹੀ ਕੰਮ। ਬਨਾਰਸ ਸ਼ਹਿਰ ਵਿਚ ਉਸ ਵੇਲੇ ਸਵਾਮੀ ਰਾਮਾਨੰਦ ਜੀ ਬੜੇ ਮੰਨੇ ਪ੍ਰਮੰਨੇ ਭਗਤ ਸਮਝੇ ਜਾਂਦੇ ਸੀ।ਰਾਮਾਨੰਦ ਜੀ ਇਲਾਹਾਬਾਦ ਦੇ ਨਿਵਾਸੀ ਸਨ। ਇਨ੍ਹਾਂ ਨੇ ਰਾਮਾਨੰਦ ਸੰਪ੍ਰਦਾ ਵੀ ਚਲਾਈ। ਰਾਮਾਨੰਦ ਜੀ ਨੀਵੀਂ ਜਾਤ ਦੇ ਲੋਕਾਂ ਨੂੰ ਚੇਲਾ ਨਹੀਂ ਸੀ ਬਣਾਉਂਦੇ। ਪਰ ਕਬੀਰ ਜੀ ਨੇ ਮਨ ਵਿਚ ਠਾਣ ਲਈ ਸੀ ਕਿ ਮੈਂ ਜਿਵੇਂ ਕਿਵੇਂ ਰਾਮਾਨੰਦ ਜੀ ਨੂੰ ਹੀ ਆਪਣਾ ਗੁਰੂ ਧਾਰਨ ਕਰਾਂਗਾ। ਸਵਾਮੀ ਰਾਮਾਨੰਦ ਜੀ ਰੋਜ਼ ਸਵੇਰੇ ਗੰਗਾ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸੀ। ਕਬੀਰ ਜੀ ਰਾਮਾਨੰਦ ਜੀ ਦੇ ਰਸਤੇ ਵਾਲੀਆਂ ਗੰਗਾ ਦੀਆਂ ਪਾਉੜੀਆਂ ਤੇ ਜਾ ਕੇ ਹਨ੍ਹੇਰੇ ਵਿਚ ਲੇਟ ਗਏ ।ਕੁਦਰਤੀ ਹੀ ਰਾਮਾਨੰਦ ਜੀ ਦੇ ਪੈਰ ਕਬੀਰ ਜੀ ਤੇ ਵੱਜੇ ਤੇ ਰਾਮਾਨੰਦ ਜੀ ਨੇ ਕਿਹਾ__
ਉਠੋ ਰਾਮ ਕੇ: ਰਾਮ ਕਹੁ
ਬਸ ਰਾਮਾਨੰਦ ਜੀ ਦੇ ਸਪਰਸ਼ ਨਾਲ ਕਬੀਰ ਜੀ ਗੁਰੂ ਵਾਲੇ ਬਣ ਗਏ । ਰਾਮਾਨੰਦ ਜੀ ਨੂੰ ਗੁਰੂ ਧਾਰ ਕੇ ਕਬੀਰ ਜੀ ਨੇ ਤਨਨਾ ਬੁਨਨਾ ਤਿਆਗ ਦਿਤਾ ਤੇ ਭਗਵੇਂ ਕਪੜੇ ਪਾ ਲਏ; ਜੋ ਮਾਂ ਦੇ ਵਿਚਾਰਾਂ ਦੇ ਵਿਰੁੱਧ ਇਕ ਹੋਰ ਕ੍ਰਾਂਤੀਕਾਰੀ ਕੰਮ ਸੀ
ਮੁਸਿ ਮੁਸਿ ਰੋਵੈ ਕਬੀਰ ਕੀ ਮਾਈ
ਕਬੀਰ ਜੀ ਦਾ ਸਾਰਾ ਜਨਮ ਕਾਂਸੀ ਵਿਚ ਬੀਤਿਆ ਪਰ ਅਤੰਲੇ ਸਮੇਂ ਵਿਚ ਉਹ ਮਗਹਰ ਚਲੇ ਗਏ ਸਨ।ਇਥੇ ਵੀ ਉਹ ਜਨਤਾ ਦਾ ਗਲਤ ਵਿਸ਼ਵਾਸ ਤੋੜਨਾ ਚਾਹੁੰਦੇ ਸਨ ਕਿਉਂਕੇ ਸਭ ਲੋਕ ਸੋਚਦੇ ਸੀ ਕਿ ਕਾਂਸੀ ਵਿਚ ਮਰਨ ਵਾਲਾ ਇਨਸਾਨ ਸਿੱਧਾ ਸਵਰਗ ਨੂੰ ਜਾਂਦਾ ਹੈ ਤੇ ਮਗਹਰ ਸਥਾਨ ਤੇ ਮਰਨ ਵਾਲਾ ਗਧੇ ਦੀ ਜੂਨ ਪੈਂਦਾ ਹੈ ।ਕਬੀਰ ਜੀ ਦੀ ਕਿਤਾਬ “ਕਬੀਰ ਬੀਜਕ” ਵਿਚ ਵੀ ਲੋਕਾਂ ਦੇ ਵਿਚਾਰ ਦੀ ਗੱਲ ਕੀਤੀ ਹੋਈ ਹੈ ਕਿ “ਮਗਹਰ ਮਰੈ ਜੋ ਗਦਹਾ ਹੋਯ” ਪਰ ਕਬੀਰ ਜੀ ਅਨੁਸਾਰ
ਜੈਸਾ ਮਗਹਰ ਤੈਸੀ ਕਾਸੀ
ਹਮ ਏਕੈ ਕਰ ਜਾਨੀ
ਭਾਵ ਗਤੀ ਸਥਾਨ ਨਾਲ ਨਹੀਂ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ ।ਪੰਡਿਤਾਂ ਨੇ ਉਨ੍ਹਂਾ ਨੂੰ ਨੀਂਵੀ ਜਾਤ ਦੇ ਹੋਣ ਕਰ ਕੇ ਠਾਕੁਰ ਦੁਆਰਿਆਂ ਵਿਚ ਪੜ੍ਹਨ ਨਹੀਂ ਦਿਤਾ ਪਰ ਆਪਣੀ ਤੀਖੀ ਬੁੱਧੀ ਦੇ ਨਾਲ ਦੋਹਿਰੇ ਸੋਰਠੇ ਤੇ ਕਬਿੱਤ ਆਦਿ ਛੰਦਾਂ ਰਾਹੀ ਸਮਾਜ ਵਿਚ ਵਿਚਰਦੀਆਂ ਗਲਤ ਕੀਮਤਾਂ ਜਿਨ੍ਹਾਂ ਦਾ ਅਜ ਵੀ ਬੋਲਬਾਲਾ ਹੈ ਵਿਰੁੱਧ ਆਵਾਜ਼ ਉਠਾਈ । ਸੁਧਾਰਕ ਹੁੰਦੇ ਹੋਏ ਵੀ ਜੇ ਕ੍ਰਾਂਤੀਕਾਰੀ ਆਖੀਏ ਤੇ ਕ੍ਰਾਂਤੀਕਾਰੀ ਹੁੰਦੇ ਸੁਧਾਰਕ ਕਹੀਏ ਤਾਂ ਕੋਈ ਗ਼ਲਤ ਨਹੀਂ ਲਗਦਾ ।
ਕਬੀਰ ਜੀ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਦੋ ਕਾਵਿ ਰੂਪਾਂ ਵਿਚ ਹੈ । 298 ਸ਼ਬਦ 17 ਰਾਗਾਂ ਵਿਚ ਤੇ 243 ਸਲੋਕ ਜੋ ਰਾਗਾਂ ਤੋਂ ਮੁਕਤ ਹਨ ,ਭਾਵ ਕੁਲ ਮਿਲਾ ਕੇ ਸ਼ਬਦ ਅਤੇ ਸ਼ਲੋਕ 541 ਹਨ. ਕਬੀਰ ਦੀ ਬਾਣੀ ਅਜ ਦੇ ਸਮੇਂ ਦੀ ਵੀ ਰਾਹ-ਦਰਸ਼ਕ ਹੈ ।