ਅੱਖਾਂ ਦੇ ਸਾਹਮਣੇ (ਕਹਾਣੀ)

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਂਵੇ ਰਾਤ ਦਾ ਹਨੇਰਾ ਦੂਰ ਹੋ ਗਿਆ ਸੀ ਅਤੇ ਸਰੂਜ ਨੇ ਆਪਣਾ ਚਾਨਣ ਹਰ ਪਾਸੇ ਖਿਲਾਰ ਦਿੱਤਾ ਸੀ, ਫਿਰ ਵੀ ੳਦੋਂ ਲੋਕੀ ਦਿਨ ਨੂੰ ਰਾਤ ਵਾਂਗ ਹੀ ਸਮਝਦੇ ਸਨ, ਕਿਉਂਕਿ ਪਤਾ ਨਹੀ ਸੀ ਹੁੰਦਾ ਕਿਹੜੇ ਵੇਲੇ ਕੀ ਵਾਪਰ ਜਾਣਾ ਹੈ। ਪਰ ਲੋਕਾਂ ਨੇ ਆਪਣੇ ਰੁਝੇਵੇ ਸਦਾ ਕਾਈਮ ਰੱਖੇ, ਖਾਸ ਕਰਕੇ ਪੰਜਾਬੀਆਂ ਨੇ। ਪੰਜਾਬ ਦੀ ਧਰਤੀ ਨੇ ਜਿਵੇ ਜ਼ੁਲਮ ਦਾ ਨਾਚ ਦੇਖਣ ਦੀ ਆਦਤ ਬਣਾ ਲਈ ਹੋਵੇ। ਕਦੀ ਕੋਈ ਹੜ੍ਹ ਲਿਆਉਣ ਲਈ ਭਾਖੜੇ ਦਾ ਪਾਣੀ ਛੱਡ ਦੇਂਦਾ ਅਤੇ ਕਦੀ ਕੋਈ ਭਾਈਆਂ ਤੋਂ ਹੀ ਭਾਈ ਮਰਵਾਈ ਜਾਂਦਾ। ਪਰ ਲੋਕੀ ਸਭ ਕੁੱਝ ਸਹਾਰਦੇ ਹੋਏ ਵੀ ਮੇਲੇ ਤਿਉਹਾਰ ਮਨਾਈ ਜਾਂਦੇ ਅਤੇ ਤੜਕੇ ਹੀ ਆਪਣੇ ਕੰਮਾ-ਕਾਜਾ ਵਿਚ ਜੁੱਟ ਜਾਂਦੇ। ਅਮਰਜੀਤ ਨੇ ਵੀ ਰਾਤ ਦੀ ਤਰੇਲ ਨਾਲ ਭਿੱਜੇ ਹੋਏ ਸਾਈਕਲ ਉੱਪਰ ਕੱਪੜਾ ਫੇਰਿਆ ਅਤੇ ਕਾਲਜ ਨੂੰ ਚਲ ਪਿਆ। ਰਸਤੇ ਵਿਚ ਕਈ ਹੋਰ ਮੁੰਡੇ ਵੀ ਨਾਲ ਆ ਰਲੇ।ਹਾਸਾ ਮੁਜਾਕ ਕਰਦੇ ਜਦੋਂ ਬੀਰਮਪੁਰ ਦੇ ਅੱਡੇ ‘ਤੇ ਪਹੁੰਚੇ ਤਾਂ ਇਕ ਦੁਖਦਾਈ ਘਟਣਾ ਸੁਣਦੇ ਸਾਰ ਹੀ ਸਭ ਦੇ ਚਿਹਰੇ ਮੁਰਝਾ ਗਏ।ਜੋ ਖ਼ਬਰ ਅਮਰਜੀਤ ਅਤੇ ਉਸ ਦੇ ਦੌਸਤਾਂ ਨੇ ਕਾਲਜ ਆਉਂਦੇ ਸਮੇਂ ਰਸਤੇ ਵਿਚ ਸੁਣੀ ਸੀ, ਉਹ ਕਾਲਜ ਵਿਚ ਵੀ ਫੈਲ ਚੁੱਕੀ ਸੀ। ਜਿਸ ਕਰਕੇ ਸਾਰੇ ਵਿਦਿਆਰਥੀ ਹੌਲੀ ਹੌਲੀ  ਕਾਲਜ ਦੇ ਖੇਡ ਮੈਦਾਨ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਜਮਾਤਾਂ ਵਿਚ ਕੋਈ ਵੀ  ਨਹੀ ਸੀ ਜਾ ਰਿਹਾ। ਲੈਕਚਰਾਰ ਅਰੋੜਾ ਨੇ  ਜਦੋ ਪ੍ਰਿੰਸੀਪਲ  ਨੂੰ ਜਾ ਕੇ ਦੱਸਿਆ ਕਿ ਵਿਦਿਆਰਥੀ ਜਮਾਤਾਂ ਵਿਚ ਜਾਣ ਦੀ ਥਾਂ ਬਾਹਰ ਘਾਹ ਉੱਪਰ ਬੈਠੇ ਹਨ, ਤਾਂ ਪ੍ਰਿੰਸੀਪਲ ਨੇ ਪਰੋਫੈਸਰ ਅਜੀਤ ਸਿੰਘ ਨੂੰ ਭੇਜਿਆ ਕਿ  ਉਹ ਕਾਰਣ ਦਾ ਪਤਾ ਕਰਕੇ ਆਉਣ। ਪਰ ਬਾਅਦ ਵਿਚ ਪ੍ਰਿੰਸੀਪਾਲ ਸਾਬ੍ਹ ਆਪ ਵੀ ਪਰੋਫੈਸਰ ਦੇ ਮਗਰ ਹੀ ਚਲ ਪਏ। ਪ੍ਰਿੰਸੀਪਾਲ ਨੇ ਦੇਖਿਆ ਕਿ ਅਜੀਤ ਸਿੰਘ ਵਿਦਿਆਰਥੀਆਂ ਦੇ ਵਿਚਕਾਰ ਖਲੌਤਾ ਜਿਵੇਂ ਉਹਨਾਂ ਨੂੰ ਕੁੱਝ ਸਮਝਾਉਣ ਦਾ ਜਤਨ ਕਰ ਰਿਹਾ ਹੋਵੇ। ਪਰ ਵਿਦਿਆਰਥੀ ਕਿਸੇ ਗੱਲੋਂ ਨਰਾਜ਼ ਹੋਣ ਕਰਕੇ ਗੁੱਸੇ ਅਤੇ ਜੋਸ਼ ਵਿਚ ਬੋਲ ਰਿਹੇ ਸਨ। ਅਮਰਜੀਤ ਨੇ ਸਭ ਤੋਂ ਉੱਚੀ ਅਵਾਜ਼ ਵਿਚ ਪਰੋਫੈਸਰ ਤੋਂ ਪੁੱਛਿਆ, “ ਸਰ, ਜੋ ਕੁੱਝ ਵੀ ਹੋਇਆ ਬਹੁਤ ਬੁਰਾ ਹੋਇਆ, ਅਸੀ ਇਹ ਕਦੋਂ ਤੱਕ ਸਭ ਬਰਦਾਸ਼ਤ ਕਰਦੇ ਰਹਾਂਗੇ?”
       ਪ੍ਰਿੰਸੀਪਾਲ ਦੇ ਉੱਥੇ ਪਹੁੰਚਣ ‘ਤੇ, ਥੋੜੀ ਦੇਰ ਲਈ ਸਾਰੇ ਖਾਮੋਸ਼ ਹੋ ਗਏ। ਅਜੀਤ ਸਿੰਘ ਅਤੇ ਪ੍ਰਿੰਸੀਪਾਲ ਸਾਬ੍ਹ ਇਹ ਸੁਣ ਕੇ ਆਪ ਵੀ ਉਦਾਸ ਹੋ ਗਏ ਕਿ ਪਿੰਡ ਸ਼ੇਰੇਪੁਰ ਦੇ ਗੁਰਦੁਆਰੇ ਵਿਚ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਲਗਾ ਦਿੱਤੀ ਹੈ। ਚੌਰਾਸੀ ਤੋਂ ਬਾਅਦ ਇਹੋ ਜਿਹੀਆਂ ਘਟਨਾਂਵਾ ਹੋਣ ਲੱਗ ਪਈਆਂ ਸਨ।
      ਪਿੰਡ ਸ਼ੇਰੇਪੁਰ ਦਾ ਗੁਰਦੁਆਰਾ ਕਾਲਜ ਦੇ ਨਯਦੀਕ ਹੋਣ ਕਾਰਨ ਵਿਦਿਆਰਥੀਆਂ ਦੀ ਇਸ ਨਾਲ ਸਾਂਝ ਸੀ। ਇਸ ਲਈ ਉਹ ਹੁਣ ਗੁੱਸੇ ਵਿਚ ਆ ਕੇ ਸਰਕਾਰੀ ਜਾਇਦਾਦ ਨੂੰ ਤੌੜ ਭੰਨਣ ਦੀਆਂ ਸਕੀਮਾਂ ਘੜਨ ਲੱਗੇ। ਪਿੰ੍ਰਸੀਪਾਲ ਅਤੇ ਪਰੋਫੈਸਰ ਅਜੀਤ ਸਿੰਘ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀ ਜੋ ਕੁੱਝ ਕਰਨ ਦੀ ਸੋਚਦੇ ਹੋ ਸਭ ਗ਼ਲਤ ਹੈ। ਇਸ ਤਰ੍ਹਾਂ ਕਰਨ ਨਾਲ ਤਹਾਨੂੰ ਕੁੱਝ ਹਾਸਲ ਹੋਣ ਦੀ ਥਾਂ ਸਿੱਖਾਂ ਦਾ ਅਕਸ ਹੀ ਧੁੰਦਲਾ ਹੋਵੇਗਾ। ਪਰ ਹਰਜੋਤ ਨੁੂੰ ਇਸ ਕਠਨਾਈ ਦਾ ਕੋਈ ਹੋਰ ਹਲ ਨਹੀ ਸੀ ਲੱਭ ਰਿਹਾ ਅਤੇ ਉਸ ਨੇ ਪਰੇਸ਼ਾਨ ਹੁੰਦੇ ਕਿਹਾ, “ ਕਰੀਏ ਵੀ ਕੀ ? ਪਿੰਡ ਵਾਲੇ ਪੁਲੀਸ ਦੇ ਵੀ ਗਏ ਸਨ ਪਰ ਕਿਸੇ ਨੇ ਵੀ ਉਹਨਾਂ ਨੂੰ ਲੜ ਪੱਲਾ ਨਹੀ ਫੜਾਇਆ।”
      “ਪਰ ਫਿਰ ਤੁਸੀ ਇਸ ਮੈਦਾਨ ਵਿਚ ਇਕੱਠੇ ਹੋ ਕੇ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹੇ ਹੋ?” ਪ੍ਰਿੰਸੀਪਾਲ ਨੇ ਰੋਹਬ ਅਤੇ ਪਿਆਰ ਵਿਚ ਰਲੀ ਮਿਲੀ ਅਵਾਜ਼ ਨਾਲ ਪੁੱਛਿਆ।
      “ਅਸੀ ਇਹੀ ਸਲਾਹ ਕਰਨ ਲਈ ਤਾਂ ਇੱਕਠੇ ਹੋਏ ਹਾਂ।” ਵਿਦਿਆਰਥੀਆਂ ਦੇ ਪਰਧਾਨ ਅਮਰਜੀਤ ਨੇ ਜਵਾਬ ਦਿੱਤਾ।
      “ਇਕ ਘੰਟੇ ਦੌਰਾਨ ਸਾਰੇ ਵਿਦਿਆਰਥੀ ਜਮਾਤਾਂ ਵਿਚ ਹੋਣੇ ਚਾਹੀਦੇ ਹਨ” ਪ੍ਰਿੰਸੀਪਾਲ ਨੇ  ਸੱਖਤੀ ਨਾਲ ਹੁਕਮ ਦਿੱਤਾ, “ਜੋ ਕੁੱਝ ਵੀ ਤੁਸੀ ਕਰਨਾਂ ਹੈ, ਕਾਲਜ ਬੰਦ ਹੋਣ ਤੋਂ ਬਾਅਦ ਕਰਉ।”
      ਪ੍ਰਿੰਸੀਪਾਲ ਦੇ ਕਹਿਣ ਉੱਪਰ ਵਿਦਿਆਰਥੀ ਜਮਾਤਾਂ ਵਿਚ ਤਾਂ ਚਲੇ ਗਏ। ਪਰ ਉਹ ਅਪਣੇ ਅਸ਼ਾਂਤ ਅਤੇ ਉਦਾਸ ਦਿਲਾਂ ਨਾਲ ਪੜ੍ਹਾਈ ਨਹੀ ਸਨ ਕਰ ਸਕੇ। ਅਮਰਜੀਤ ਨੇ ਤਾਂ ਮਸੀ ਇਕ ‘ ਪੀਰਅਡ’ ਹੀ ਲਾਇਆ ਅਤੇ ਦੋ ਚਾਰ ਦੋਸਤਾਂ ਨੂੰ ਨਾਲ ਲੈ ਕੇ ਘਰ ਨੂੰ ਚਲ ਪਿਆ।ਸਾਰੇ ਰਸਤੇ ਵਿਚ ਵੀ ਹਰ ਦਿਨ ਘਟ ਰਹੀਆਂ ਘਟਨਾਵਾਂ ਬਾਰੇ ਹੀ ਗੱਲਾਂ ਕਰਦੇ ਗਏ। ਲੇਕਿਨ ਅਮਰਜੀਤ ਚੁੱਪ-ਚੁਪੀਤਾ ਸਾਈਕਲ ਦੇ ਨਾਲ ਆਪਣੇ ਸੋਚਾਂ ਦੇ ਘੌੜੇ ਵੀ ਦੌੜਾਈ ਜਾਦਾਂ। ਕੁਲਵਿੰਦਰ ਨੇ ਉਸ ਨੂੰ ਬਲਾਉਣ ਦੀ ਕੋਸ਼ਿਸ਼ ਕਰਦੇ ਕਿਹਾ, “ ਦੇਖ ਅਮਰਜੀਤ, ਜੋ ਵਧੀਕੀਆਂ ਸਾਡੇ ਸਭ ਨਾਲ ਹੋ ਰਹੀਆਂ ਹਨ। ਉਹਨਾਂ ਦਾ ਦੁੱਖ ਸਾਨੂੰ ਵੀ ਬਹੁਤ ਹੈ, ਪਰ,ਯਾਰ ਤੂੰ ਹਰ ਗੱਲ ਨੂੰ ਜ਼ਿਆਦਾ ਹੀ ਮਨ ਉੱਪਰ ਲਾ ਲੈਂਦਾ ਹੈ।”
      “ਗੁਰੂ ਜੀ ਦੇ ਸਰੂਪਾਂ ਨੂੰ ਅੱਗਾਂ ਲਾ ਦਿੱਤੀਆਂ ਜਾਣ, ਸੁਣਵਾਈ ਕੋਈ ਹੋਵੇ ਨਾ। ਇਹੋ ਜਿਹੀਆਂ ਗੱਲਾਂ ਮਨ ਤਾਂ ਕੀ, ਮੇਰੇ ਸਰੀਰ ਉੱਪਰ ਵੀ ਅਸਰ ਕਰਦੀਆਂ ਹਨ।” ਅਮਰਜੀਤ ਨੇ ਸਾਈਕਲ ਨੂੰ ਆਪਣੇ ਘਰ ਵੱਲ ਮੌੜਦੇ ਹੋਏ ਕਿਹਾ।
      “ ਵੀਰੇ, ਅੱਜ ਕਾਲਜ ਵਿਚ ਪਹਿਲਾਂ ਛੁੱਟੀ ਹੋ ਗਈ?” ਅਮਰਜੀਤ ਦੀ ਛੋਟੀ ਭੈਣ ਨੇ ਪੁੱਛਿਆ। ਜੋ ਘਰ ਦੇ ਅੱਗੇ ਹੀ ਫੇਰੀ ਵਾਲੇ ਭਾਈ ਕੋਲੋ ਸਬਜ਼ੀ ਖ੍ਰੀਦ ਰਹੀ ਸੀ।
      ਅਮਰਜੀਤ ਦੀਆਂ ਛੇ ਭੈਣਾਂ ਹੀ ਸਨ। ਭਰਾ ਕੋਈ ਨਹੀ ਸੀ। ਭਾਵੇ ਅਮਰਜੀਤ ਦੇ ਪਿਤਾ ਜੀ ਸਕੂਲ ਵਿਚ ਅਧਿਆਪਕ ਸਨ। ਪਰ ਵੱਡੀ ਕਬੀਲਦਾਰੀ ਦਾ ਭਾਰ ਚੁੱਕਣਾ ਬਹੁਤ ਮੁਸ਼ਕਲ ਸੀ।ਇਸ ਲਈ ਪਿਛਲੇ ਸਾਲ ਜਦੋ ਉਹਨਾਂ ਦਾ ਦੋਸਤ ਅਮਰੀਕਾ ਤੋਂ ਆਇਆ ਸੀ। ਆਪਣੀ ਲੜਕੀ ਦਾ ਰਿਸ਼ਤਾ ਅਮਰਜੀਤ ਨਾਲ ਕਰ ਗਿਆ ਸੀ। ਤਾਂ ਜੋ ਉਹ ਆਪਣੇ ਦੋਸਤ ਦਾ ਟੱਬਰ ਵੀ ਅਮਰੀਕਾ ਲਿਜਾ ਸਕੇ। ਪਰ ਇਕ ਤਾਕੀਦ ਨਾਲ ਹੀ  ਕੀਤੀ ਕਿ ਅਮਰਜੀਤ  ਪੜ੍ਹਾਈ ਜ਼ਰੂਰ ਪੂਰੀ ਕਰੇ।
      ਸ਼ਾਮ ਨੂੰ  ਪਿਤਾ ਜੀ ਨੇ ਦੇਖਿਆ ਕਿ ਅਮਰਜੀਤ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਘਰ ਆ ਗਿਆ ਹੈ। ਅੱਗੇ  ਉਹ ਹੀ ਅਮਰਜੀਤ ਦੇ ਆਉਣ ਤੋਂ ਪਹਿਲਾਂ ਘਰ ਆੳਂੁਦੇ ਸਨ। ਜਦੋ ਉਹਨਾਂ ਨੂੰ ਅਮਰਜੀਤ ਦੇ ਪਹਿਲਾਂ ਘਰ ਆੳਣ ਦਾ ਕਾਰਨ ਪਤਾ ਲੱਗਾ। ਉਹ ਇਕਦੱਮ ਗੁੱਸੇ ਵਿਚ ਬੋਲੇ,
        “ ਤੈਨੂੰ ਕਿਨੀ ਵਾਰੀ ਕਿਹਾ ਕਿ ਤੂੰ ਇਹਨਾਂ ਮਾਮਲਿਆਂ ਵਿਚ ਨਾ ਆਇਆ ਕਰ। ਪਰ ਤੇਰੇ ਦਿਮਾਗ ਵਿਚ ਤਾਂ ਪ੍ਰਧਾਨਗੀ ਚੜ੍ਹੀ ਹੋਈ ਹੈ। ਤੈਨੂੰ ਪੜ੍ਹਾਈ ਨਾਲ ਕੀ।”
      “ ਪਿਤਾ ਜੀ, ਆਪਣੇ ਘਰ ਨੂੰ ਕੋਈ ਅੱਗ ਲਾ ਦੇਵੇ ਤਾਂ ਤੁਹਾਡਾ ਵੀ  ਮੇਰੇ ਵਾਲਾ ਹਾਲ ਹੀ ਹੋਵੇਗਾ।” ਅਮਰਜੀਤ ਨੇ ਡਰਦੇ ਡਰਦੇ ਕਿਹਾ।
      “ ਉਹ ਤੇਰਾ ਘਰ ਹੈ।” ਪਿਤਾ ਜੀ ਨੇ ਅੱਖਾਂ ਦਿਖਾਂਦੇ ਕਿਹਾ।
      “ਉਹ ਤਾਂ ਸਾਰੀ ਸਿੱਖ ਕੌਮ ਦਾ ਘਰ ਹੈ।” ਅਮਰਜੀਤ ਨੇ ਜਰਾ ਗੁੱਸੇ ਵਿਚ ਆਖਿਆ।
ਉਦੋਂ ਹੀ ਅਮਰਜੀਤ ਦੀ ਮਾਤਾ ਜੀ ਦੋਹਾਂ ਦੇ ਵਿਚਕਾਰ ਆ ਕੇ ਬੋਲੀ, “ ਕਾਕਾ, ਮੈ ਤੈਨੂੰ ਅੱਗੇ ਵੀ ਸਮਝਾਇਆ ਸੀ ਕਿ ਤੂੰ ਕੌਮ ਦਾ ਇਤਨਾ ਫ਼ਿਕਰ ਨਾ ਕਰਿਆ ਕਰ।”
      “ ਤੇਰਾ ਵਿਗਾੜਿਆ ਹੀ ਭੂਤਰਿਆ ਫਿਰਦਾ ਹੈ।” ਪਿਤਾ ਜੀ ਖਫ਼ਾ ਹੋਏ ਬੋਲ ਰੇਹੇ ਸਨ, “ ਕੌਮ ਵਾਲਾ ਮੋਹ ਵੀ ਤੂੰ ਹੀ ਇਸ ਦੇ ਅੰਦਰ ਪਾਇਆ ਹੈ।”
      ਦਰਅਸਲ ਅਮਰਜੀਤ ਪੜ੍ਹਨ ਵਿਚ ਹੀ ਨਹੀ ਸਗੋਂ ਹਰ ਕੰਮ ਵਿਚ ਲਾਇਕ ਸੀ। ਵਿਦਿਆਰਥੀਆਂ ਵਿਚ ਹਰਮਨ ਪਿਆਰਾ ਹੋਣ ਕਰਕੇ ਬਗ਼ੈਰ ਚੋਣਾਂ ਦੇ ਹੀ ਉਸ ਨੁੰ ‘ਫਡੈਰੇਸ਼ਨ’ ਦਾ ਪ੍ਰਧਾਨ ਬਣਾ ਦਿੱਤਾ ਗਿਆ। ਵੈਸੇ ਤਾਂ ਉਸ ਨੇ ਮਹੀਨੇ ਤੱਕ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਸੀ। ਕਿਉਕਿ ਉਸ ਦੀ ਡਾਕਟਰੀ ਹੋ ਚੁੱਕੀ ਸੀ। ਉਹ ਆਪਣੇ ਵੀਜੇ ਦੀ ਉਡੀਕ ਵਿਚ ਸੀ। ਪਰ ਹੁਣ ਉਸ ਦੇ ਦਿਲ ਦਿਮਾਗ ਉੱਪਰ ਇਕ ਹੀ ਗੱਲ ਛਾਈ ਹੋਈ ਸੀ ਕਿ ਸਭ ਤੋਂ ਪਹਿਲਾਂ ਇਹ ਅੱਗਾਂ ਲੱਗਣ ਵਾਲੀਆਂ ਘਟਨਾਵਾਂ ਬੰਦ ਕਰਵਾਈਆਂ ਜਾਣ।ਪਰ ਆਪਣੇ ਪਿਤਾ ਜੀ ਤੋਂ ਡਰਦਾ ਬਹੁਤੀ ਇਸ ਬਾਰੇ ਗੱਲ ਨਹੀ ਸੀ ਕਰਦਾ। ਦੂਸਰਾ ਉਸ ਨੇ ਅਮਰੀਕਾ ਜਾਣ ਕਰਕੇ ਕੇਸ ਵਿਗਾੜਣ ਦਾ ਪੁਲੀਸ ਨੂੰ ਕੋਈ ਬਹਾਨਾ ਵੀ ਨਹੀ ਸੀ ਦੇਣਾ ਚਾਹੁੰਦਾ।
      ਦੂਸਰੇ ਦਿਨ ਜਦੋ ਉਹ ਕਾਲਜ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਉਸ ਦਾ ‘ਵੀਜਾ’ ਆਉਣ ਕਾਰਨ ਘਰ ਵਿਚ ਸਭ ਖੁਸ਼ ਸਨ।ਅਗਲੇ ਦਿਨ ਹੀ ਉਸ ਨੇ ਵਿਦਿਆਰਥੀਆਂ ਦੀ ‘ਮੀਟੰਗ’ ਵਿਚ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਅਤੇ ਹਰਜੋਤ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਕਾਲਜ ਦੀ ‘ਮੈਸ’ ਵਿਚ ਹੀ ਵਿਦਿਆਰਥੀਆਂ ਨੇ ਇੱਕਠੇ ਹੋ ਕੇ ਅਮਰਜੀਤ ਨੂੰ ਛੋਟੀ ਜਿਹੀ ‘ਪਾਰਟੀ’ ਦਿੱਤੀ। ਉਸ ਇੱਕਠ ਵਿਚ ਹੀ ਇਕ ਵਿਦਿਆਰਥੀ ਨੇ ਆ ਦੱਸਿਆ ਕਿ ਸ਼ੇਰਪੁਰ ਦੇ ਲਾਗੇ ਪੈਂਦੇ ਪਿੰਡ ਚੇਤੋਆਲ ਦੇ ਗੁਰਦੁਆਰੇ ਵਿਚ ਅੱਗ ਵਾਲੀ ਸ਼ਰਾਰਤ ਕੀਤੀ ਹੈ, ਪਰ ਬਚਾ ਹੋ ਗਿਆ। ਉਥੇ ਹੀ ਉਹਨਾਂ ਠਾਣੇ ਅੱਗੇ ਧਰਨਾ ਦੇਣ ਦਾ ਫੈਂਸਲਾ ਕਰ ਲਿਆ।
      ਪੰਜਾਬ ਦਾ ਮਾਹੌਲ ਖਰਾਬ ਹੋਣ ਕਾਰਣ ਅਮਰਜੀਤ ਦੇ ਮਾਪੇ ਉਸ ਨੂੰ ਛੇਤੀ ਹੀ ਅਮਰੀਕਾ ਭੇਜ ਦੇਣਾ ਚਾਹੁੰਦੇ ਸਨ। ਵੈਸੇ ਤਿਆਰੀ ਤਾਂ ੳਹਨਾਂ ਨੇ ਸਭ ਕਰ ਹੀ ਰੱਖੀ ਸੀ। ਸਿਰਫ਼ ਟਿਕਟ ਹੀ ਲੈਣਾ ਸੀ। ਉਹ ਵੀ ਲੈ ਲਿਆ।
      ਕੁੱਝ ਵਿਦਿਆਰਥੀ ਇਕੱਠੇ ਹੋ ਕੇ ਪ੍ਰਿੰਸੀਪਲ ਦੇ ਦਫ਼ਤਰ ਵਿਚ ਗਏ ਅਤੇ ਆਪਣੇ ਫ਼ੈਂਸਲੇ ਬਾਰੇ ਦੱਸਿਆ ਅਤੇ ਨਾਲ ਹੀ ਇਸ ਕੰਮ ਲਈ ਅਧਿਆਪਕਾਂ ਕੋਲੋ ਵੀ ਮੱਦਦ ਮੰਗੀ। ਅਧਿਆਪਕ  ਸਹਿਯੋਗ ਦੇਣ ਲਈ ਇਸ ਗੱਲ ਉੱਪਰ ਤਿਆਰ ਹੋ ਗਏ ਕਿ ਸਭ ਕੁੱਝ ਬਿਨਾ ਤੌੜ-ਫੌੜ ਦੇ ਅਤੇ ਅਮਨ ਵਿਚ ਹੀ ਕੀਤਾ ਜਾਵੇਗਾ।
      ਧਰਨੇ ਵਾਲੇ ਦਿਨ ਜਦੋ ਉਹ ਘਰੋਂ ਟੁਰਨ ਲੱਗਾ ਤਾਂ ਉਸ ਦੇ ਮਾਤਾ ਜੀ ਕੋਲ ਆ ਕੇ ਬੋਲੇ, “ ਬੱਲਿਆ, ਤੂੰ ਬਹੁਤਾ ਅੱਗੇ ਹੋ ਕੇ ਨਾ ਬੋਲੀ।ਪੁਲੀਸ ਤਾਂ ਸਿੱਖਾਂ ਦੇ ਮੁੰਡਿਆਂ ਨੂੰ ਫੜਨ ਦਾ ਕੋਈ ਨਾ ਕੌਈ ਬਹਾਨਾਂ ਹੀ ਟੋਲਦੀ ਰਹਿੰਦੀ ਹੈ।”
      “ਮਾਤਾ ਜੀ, ਸਾਰੇ ਅਧਿਆਪਕਾਂ ਨੇ ਅਤੇ ਦੋਹਾਂ ਪਿੰਡਾਂ ਦੇ ਲੋਕਾਂ ਨੇ ਸਾਡੇ ਨਾਲ ਹੋਣਾ ਹੈ। ਤੁਸੀ ਕੋਈ ਫ਼ਿਕਰ ਨਾ ਕਰੋ।” ਅਮਰਜੀਤ ਨੇ ਮਾਤਾ ਜੀ ਨੂੰ ਪਿਆਰ ਨਾਲ ਜੱਫੀ ਪਾਉਂਦੇ ਆਖਿਆ।
      “ਮਾਤਾ ਜੀ, ਸਿਰਫ਼ ਪੰਜ ਦਿਨ ਤਾਂ ਰਹਿ ਗਏ ਹਨ, ਵੀਰੇ ਦੇ ਅਮਰੀਕਾ ਜਾਣ ਵਿਚ, ਇਸ ਤਰ੍ਹਾਂ ਦੇ ਝੰਜਟਾਂ ਵਿਚ ਜਾਣ ਦੀ ਕੋਈ ਲੋੜ ਤਾਂ ਹੈ ਨਹੀ ।” ਅਮਰਜੀਤ ਤੋਂ ਛੋਟੀ ਅਤੇ ਭੈਣਾ ਵਿਚੋਂ ਸਭ ਤੋਂ ਵੱਡੀ  ਬੋਲੀ।
      “ ਰੂਪੀ, ਤੂੰ ਮਾਤਾ ਜੀ ਨੂੰ ਹੋਰ ਨਾ ਡਰਾ, ਮੈ ਤਾਂ ਮਾੜੀ ਜਿਹੀ ਦਿਖਾਲੀ ਦੇ ਕੇ ਹੀ ਆ ਜਾਣਾ ਹੈ।”
      ਧਰਨੇ ਦੇਣ ਵਾਲੀ ਥਾਂ ਉੱਪਰ ਲੋਕਾਂ ਦਾ ਬਹੁਤ ਵੱਡਾ ਇੱਕਠ ਸੀ। ਸਭ ਤੋਂ ਪਹਿਲਾਂ ਸ਼ੇਰਪੁਰ ਦਾ ਸਰਪੰਚ ਬੋਲਿਆ। ਉਸ ਨੇ ਸਾਰੇ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸ਼ੁਕਰੀਆ ਕੀਤਾ।ਜਿਹਨਾਂ ਨੇ ਗਲਤ ਅਨਸਰਾਂ ਦੇ ਖਿਲਾਫ਼ ਕਦਮ ਚੁੱਕਿਆ।ਅਧਿਆਪਕਾਂ ਦੇ ਬੋਲਣ ਤੋ ਬਾਅਦ ਅਮਰਜੀਤ ਨੂੰ ਵੀ ਦੋ ਸ਼ਬਦ ਸਾਂਝੇ ਕਰਨ ਲਈ ਕਿਹਾ ਗਿਆ। ਉਹ ਬੋਲ ਹੀ ਰਿਹਾ ਸੀ ਕਿ ਉਸ ਨੇ ਦੇਖਿਆ ਕਾਫ਼ੀ ਗਿਣਤੀ ਵਿਚ ਪੁਲੀਸ ਪਹੁੰਚ ਰਹੀ ਹੈ। ਪੁਲੀਸ ਨੇ ਆ ਕੇ ਆਲੇ-ਦੁਆਲੇ ਬਿਨਾਂ ਕਾਰਣ ਹਫ਼ੜਾ-ਦਫ਼ੜੀ ਮਚਾ ਦਿੱਤੀ। ਇਹ ਦੇਖਦੇ ਹੋਏ ਅਮਰਜੀਤ ਸਟੇਜ ਤੋਂ ਬੋਲਿਆ, “ਜਦੋ ਅਸੀ ਪੁਲੀਸ ਦੀ ਮੱਦਦ ਮੰਗਦੇ ਸਨ ਤਾਂ ਇਹ ਪੁਲੀਸ ਵਾਲੇ ਜੋ ਕੁੱਝ ਗੁਰੂ ਘਰਾਂ ਵਿਚ ਹੋਇਆ, ਇਹ ਦੇਖਣ ਵੀ ਨਹੀ ਆਏ। ਹੁਣ ਕੀ ਕਰਨ ਆਏ ਹਨ?” ਇਹ ਗੱਲ ਕਹਿਣ ਦੀ ਦੇਰ ਹੀ ਸੀ ਕਿ ਪੁਲੀਸ ਸਟੇਜ ਉੱਪਰ ਚੜ੍ਹ ਗਈ ਅਤੇ ਸਟੇਜ ਦੇ ਕੋਲ ਖਲੋਤੇ ਵਿਦਿਆਰਥੀਆਂ ਨੂੰ ਫੜਨ ਲੱਗ ਪਈ। ਇਕ ਸਿਪਾਹੀ ਨੇ ਅਮਰਜੀਤ ਨੂੰ ਗੁੱਟ ਤੋਂ ਫੜ ਲਿਆ ਅਤੇ ਕਹਿਣ ਲੱਗਾ, “ ਚਲ ਠਾਣੇ, ਤੂੰ ਜਿਹੜੀ ਅੱਤਵਾਦੀਆਂ ਦੀ ਭਾਸ਼ਾ ਬੋਲਦਾ ਹੈ, ਉਸਦਾ ਲੇਖਾ-ਜੋਖਾ ਕਰਨਾ ਹੈ।” ਸਾਰੇ ਲੋਕ ਚੁੱਪ-ਚੀਪਤੇ ਖੜ੍ਹੇ ਸਭ ਕੁੱਝ ਦੇਖ ਰਿਹੇ ਸਨ। ਪਰ ਸੁੱਝ ਕਿਸੇ ਨੂੰ ਵੀ ਕੁੱਝ ਨਹੀ ਸੀ ਰਿਹਾ। ਦੋ ਚਾਰ ਸਿਆਣੇ ਬੰਦਿਆ ਨੇ  ਪੁਲੀਸ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲੀਸ ਦਾ ਤਾਂ ਉਸ ਵੇਲੇ ਰਾਜ ਸੀ।ਸਿਪਾਹੀ ਅਮਰਜੀਤ ਨੂੰ  ਸਟੇਜ ਉੱਪਰੋ ਖਿੱਚਣ ਦਾ ਜਤਨ ਕਰ ਰੇਹੇ ਸਨ। ਪਰ ਅਮਰਜੀਤ ਨੂੰ ਤਾਂ ਆਪਣੇ ਗੁਰੂ ਅਤੇ ਗੁਰੂ ਘਰ ਨਾਲ ਅਥਾਹ ਸ਼ਰਧਾ ਅਤੇ ਪਿਆਰ ਹੋਣ ਕਰਕੇ ਮਾਈਕ ਉੱਪਰ ਹੋਰ ਵੀ ਜੋਸ਼ ਨਾਲ ਬੋਲਣ ਲੱਗ ਪਿਆ।ਥੌੜੀ ਦੂਰ ਖੜ੍ਹਾ ਠਾਣੇਦਾਰ ਕਹਿ ਰਿਹਾ ਸੀ, “ ਘੜੀਸ ਲਿਆਉ ਹਰਾਮੀ ਦੀ ਔਲਾਦ ਨੂੰ। ਅਮਰਜੀਤ ਨੂੰ  ਇਹ ਸੁੱਣ ਕੇ ਗੁੱਸਾ ਚੜ੍ਹ ਗਿਆ ਜਾਂ ਆਲੇ ਦੁਆਲੇ ਖਲੌਤੇ ਲੋਕਾਂ ਦੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਹੌਸਲੇ ਵਿਚ ਠਾਣੇਦਾਰ ਨੂੰ  ਬੋਲਿਆ, “ ਹਰਾਮੀ ਤੁਸੀ ਹੋ ਜਿਹੜੇ …। ਬਸ ਫਿਰ ਕੀ ਸਿਪਾਹੀ ਉਸ ਨੂੰ ਕੁੱਟਣ ਲੱਗ ਪਏ।ਜਿਉਂ ਜਿਉਂ ਉਹ ਕੁੱਟ ਰੇਹੇ ਸਨ। ਤਿਉਂ ਤਿੳਂੁ ਅਮਰਜੀਤ ਵੀ ਉਹਨਾਂ ਦੇ ਵਿਰੁੱਧ ਬੋਲੀ ਜਾ ਰਿਹਾ ਸੀ। ਸਿਪਾਹੀਆਂ ਨੇ ਅਮਰਜੀਤ ਨੂੰ ਠਾਣੇਦਾਰ ਦੇ ਅੱਗੇ ਲਿਜਾ ਕੇ ਸੁੱਟ੍ਹ ਦਿੱਤਾ।ਉਸ ਦੀ ਪੱਗ ਕਿਤੇ ਜਾ ਡਿੱਗੀ ਅਤੇ ਉਸ ਦੇ ਕਾਲੇ ਰੇਸ਼ਮੀ ਵਾਲਾਂ ਦਾ ਜੂੜਾ ਖੁਲ ਕੇ ਖਿਲਰ ਗਿਆ। ਠਾਣੇਦਾਰ ਵਿਚ ਸਚਾਈ ਸੁਣਨ ਦੀ ਤਾਕਤ ਨਾ ਹੋਣ ਕਰਕੇ ਗੁੱਸੇ ਵਿਚ ਪਾਗਲ ਹੋ ਰਿਹਾ ਸੀ। ਉਹ ਅਮਰਜੀਤ ਨੂੰ ਵਾਲਾਂ ਤੋਂ ਫੜ ਕੇ ਬੋਲਿਆ, “ ਭੈਣ ਦਿਆਂ …, ਉਹ ਮੂੰਹ ਖੋਲ੍ਹ ਜਿਸ ਨਾਲ ਸਾਡੇ ਖਿਲਾਫ਼ ਜਨਤਾ ਨੂੰ ਭੜਕਾਉਂਦਾ ਸੀ। ਦੋ ਸਿਪਾਹੀਆਂ ਨੇ ਜਬਰਦਸਤੀ ਉਸ ਦਾ  ਮੂੰਹ ਖੋੁਲ੍ਹ ਦਿੱਤਾ। ਠਾਣੇਦਾਰ ਨੇ ਆਪਣੇ ਪਿਸਤੋਲ ਦੇ ਨਾਲ ਉਸ ਦੇ ਮੂੰਹ ਵਿਚ ਧਾੜ ਧਾੜ ਕਰਦੀਆਂ ਗੋਲੀਆਂ ਮਾਰ ਦਿੱਤੀਆਂ। ਅਮਰਜੀਤ ਗੱਸ਼ ਖਾ ਕੇ ਡਿਗ ਪਿਆ।ਦੂਰ ਕਿਤੇ ਵਜਦਾ  ਗੀਤ ‘ ਪੱਤਾ ਪੱਤਾ ਸਿੰਘਾਂ ਦਾ ਵੈਰੀ’ ਜਿਸ ਦੀ ਅਵਾਜ਼ ਪਹਿਲਾਂ ਮੱਠੀ ਮੱਠੀ ਸੀ ਹੁਣ ਸਾਰੇ ਵਾਤਾਵਰਣ ਵਿਚ ਗੂੰਜਣ ਲਗ ਪਈ।
      ‘ਮੀਡੀਏ’ ਕੋਲ ਖ਼ਬਰ ਪਹੁੰਚਣ ਤੱਕ ਉਹ ਅਮਰਜੀਤ ਤੋਂ ਅੱਤਵਾਦੀ ਬਣ ਗਿਆ ਸੀ। ਇਹ ਸਭ ਕੁੱਝ ਕਈ ਲੋਕਾਂ ਦੀਆਂ ਅੱਖਾਂ ਸਾਹਮਣੇ ਸ਼ਰੇਆਮ ਵਾਪਰਿਆ ਸੀ। ਪਰ ਉਹ ਅਨੇਕਾਂ ਅੱਖਾਂ ਪੁਲੀਸ ਦੇ ਸਹਿਮ ਨਾਲ ਜਾਂ ਵੇਬਸੀ ਵਿਚ ਬੰਦ ਹੋ ਗਈਆਂ ਸਨ।ਜਿਹਨਾਂ ਨੇ ਖ੍ਹੌਲਣ ਦੀ ਕੋਸ਼ਿਸ਼ ਵੀ ਕੀਤੀ ਉਹ ਜ਼ਬਰਦਸਤੀ ਬੰਦ ਕਰਵਾ ਦਿੱਤੀਆਂ ਗਈਆਂ ਸਨ। ਜੋ ਅਜੇ ਤਕ ਵੀ ਨਹੀ ਖੁਲ੍ਹੀਆਂ।