ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
  •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  • ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ (ਖ਼ਬਰਸਾਰ)


    ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ੨੯-੩੧ ਜਨਵਰੀ ਤੱਕ ਪੂਰਨ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿਚ ਸਮੁੱਚੀ ਯੂਨੀਵਰਸਿਟੀ ਦੇ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ।



    ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਅਧੀਨ ਚੱਲੇ ਇਸ ਤਿੰਨ ਦਿਨਾਂ ਸਮਾਗਮ ਵਿਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ। ੨੯ ਜਨਵਰੀ ਨੂੰ ਵਿਭਾਗ ਵਿਖੇ ਅਖੰਡ ਪਾਠ ਰੱਖਿਆ ਗਿਆ ਅਤੇ ਉਸੇ ਦਿਨ ਹੀ 'ਗੁਰੂ ਗੋਬਿੰਦ ਸਿੰਘ ਜੀ ਦੇ ਦੈਵੀ ਪ੍ਰਕਾਸ਼' ਵਿਸ਼ੇ 'ਤੇ ਇਕ ਕਾਨਫ਼ਰੰਸ ਆਯੋਜਿਤ ਕੀਤੀ ਗਈ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਸਰਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼, ਗੁਰਮਤਿ ਕਾਲਜ ਪਟਿਆਲਾ, ਪਬਲਿਕ ਕਾਲਜ ਸਮਾਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਾਨਫ਼ਰੰਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਦਰਸ਼ਨ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਪ੍ਰਗਟ ਕੀਤੇ ਗਏ। ਸਮੂਹ ਵਕਤਿਆਂ ਅਤੇ ਵਿਦਵਾਨਾਂ ਨੇ ਗੁਰੂ ਜੀ ਦੇ 'ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ' ਦੇ ਵਿਚਾਰ ਨੂੰ ਉਜਾਗਰ ਕਰਦੇ ਹੋਏ ਇਸ ਨੂੰ ਸਮੇਂ ਦੀ ਮੁਖ ਲੋੜ ਦੱਸਿਆ। ਡਾ. ਅਨੰਦ ਸਪੈਂਸਰ ਅਤੇ ਡਾ. ਭਾਸਵਤੀ ਸਿਨਹਾ ਇਸ ਕਾਨਫ਼ਰੰਸ ਵਿਖੇ ਮੁਖ ਮਹਿਮਾਨ ਵੱਜੋਂ ਸ਼ਾਮਲ ਹੋਏ। ਵਿਭਾਗ ਸੰਬੰਧੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਡਾ. ਭਾਸਵਤੀ ਸਿਨਹਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਉਸਾਰਿਆ ਗਿਆ ਇਹ ਭਵਨ ਵੱਖ-ਵੱਖ ਧਰਮਾਂ ਦੇ ਅਧਿਐਨ ਨਾਲ ਸੰਬੰਧਿਤ ਹੈ ਜਿਹੜਾ ਕਿ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਡਾ. ਅਨੰਦ ਸਪੈਂਸਰ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਭਵਨ ਵਿਖੇ ਮੌਜੂਦ ਵਿਭਾਗ ਜਿਥੇ ਵੱਖ-ਵੱਖ ਧਰਮਾਂ ਦੇ ਅਧਿਐਨ ਅਤੇ ਖੋਜ ਕਾਰਜ ਵਿਚ ਯੋਗਦਾਨ ਪਾ ਰਹੇ ਹਨ ਉਥੇ ਇਸ ਭਵਨ ਵਿਖੇ ਸਿੱਖ ਅਧਿਐਨ ਦਾ ਕੇਂਦਰ ਬਣਨ ਦੀਆਂ ਸਮੂਹ ਸੰਭਾਵਨਾਵਾਂ ਵੀ ਮੌਜੂਦ ਹਨ। 
    ਕਵੀ ਦਰਬਾਰ ਇਸ ਸਮਾਗਮ ਦਾ ਇਕ ਮਹੱਤਵਪੂਰਨ ਅੰਗ ਸੀ ਜਿਹੜਾ ਕਿ ੩੦ ਜਨਵਰੀ ਦੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਭਵਨ ਦੇ ਹਾਲ ਵਿਖੇ 'ਨਾਦ ਪ੍ਰਗਾਸ' ਸੰਸਥਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਵਿਖੇ ਆਯੋਜਿਤ ਕੀਤੇ ਜਾਂਦੇ ਕਵੀ ਦਰਬਾਰ ਨੂੰ ਸਮਰਪਿਤ ਇਸ ਕਵੀ ਦਰਬਾਰ ਵਿਖੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਕਵੀਆਂ ਨੇ ਹਿੱਸਾ ਲਿਆ। ਇਸ ਕਵੀ ਦਰਬਾਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਇਸ ਦੇ ਇਕ ਹਿੱਸੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਉਹ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਰਚਨਾ ਪ੍ਰਸਿੱਧ ਕਵੀਆਂ ਨੇ ਕੀਤੀ ਸੀ। ਕਵੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ। ਇਸ ਕਵੀ ਦਰਬਾਰ ਦੇ ਦੂਜੇ ਹਿੱਸੇ ਵਿਚ ਉਹ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਸਨ ਜਿਹੜੀਆਂ ਕਵੀਆਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਗਹਿਰਾਈਆਂ ਵਿਚੋਂ ਗੁਰੂ ਜੀ ਨੂੰ ਸਮਰਪਿਤ ਹੋ ਕੇ ਰਚੀਆਂ ਸਨ। ਉਰਦੂ ਦੇ ਪ੍ਰਸਿਧ ਸ਼ਾਇਰ ਡਾ. ਨਾਸ਼ਿਰ ਨਕਵੀ ਇਸ ਸਮਾਗਮ ਵਿਖੇ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ। ਜ਼ਫ਼ਰਨਾਮੇ ਨਾਲ ਸੰਬੰਧਿਤ ਭਾਵਪੂਰਤ ਤਰੀਕੇ ਨਾਲ ਆਪਣੀ ਕਵਿਤਾ ਸੁਣਾਉਣ ਉਪਰੰਤ ਉਹਨਾਂ ਕਿਹਾ ਕਿ ਸਦਾਚਾਰ ਦਾ ਸੰਦੇਸ਼ ਦੇਣ ਵਾਲੇ ਇਹੋ ਜਿਹੇ ਕਵੀ ਦਰਬਾਰ ਪਦਾਰਥਕ ਦੌੜ ਵਿਚ ਮਾਨਵਤਾ ਪ੍ਰਤੀ ਸੰਵੇਦਨਾ ਪੈਦਾ ਕਰਨ ਦਾ ਕਾਰਜ ਕਰਦੇ ਹਨ। 
    ਇਸ ਸਮਾਗਮ ਦੇ ਤੀਜੇ ਦਿਨ ਸਵੇਰ ਵੇਲੇ ਅਖੰਡ ਪਾਠ ਦੀ ਸਮਾਪਤੀ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਭਵਨ ਦੇ ਬਾਹਰ ਖੁੱਲ੍ਹੇ ਪੰਡਾਲ ਵਿਚ ਕੀਤਾ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਸੰਸਾਰ ਵਿਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਧਰਮਾਂ ਦਾ ਅਧਿਐਨ ਮੌਜੂਦਾ ਸਮੇਂ ਦੀ ਪ੍ਰਮੁਖ ਲੋੜ ਹੈ। ਪੰਜਾਬੀ ਯੂਨੀਵਰਸਿਟੀ ਇਸ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਧਰਮਾਂ ਨੂੰ ਸਮਝਣ ਲਈ ਅੰਤਰ-ਧਰਮ ਸੰਵਾਦ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਪਨ ਤੋਂ ਹੀ ਧਰਮ ਦੀ ਆਜ਼ਾਦੀ ਦੀ ਰੱਖਿਆ ਲਈ ਆਪਣੇ ਪਿਤਾ ਨੂੰ ਦਿੱਲੀ ਵਿਖੇ ਸ਼ਹਾਦਤ ਦੇਣ ਲਈ ਤੋਰਿਆ ਅਤੇ ਆਪ ਸਾਰੀ ਉਮਰ ਇਸ ਸਿਧਾਂਤ ਤੇ ਪਹਿਰਾ ਦਿੰਦੇ ਰਹੇ, ਭਾਵੇਂ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਉਹਨਾਂ ਦੇ ਸਮੁਚੇ ਸਰਬੰਸ ਨੂੰ ਹੀ ਕੁਰਬਾਨੀ ਦੇ ਮਾਰਗ 'ਤੇ ਪਾਉਣਾ ਪੈ ਗਿਆ ਪਰ ਉਹ ਆਪਣੇ ਸਿਧਾਂਤ ਅਤੇ ਸਿਦਕ ਤੋਂ ਨਹੀਂ ਡੋਲੇ। ਉਹਨਾਂ ਅੱਗੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਭਵਨ ਸਮੁੱਚੇ ਖਿਤੇ ਦੀ ਨਿਵੇਕਲੀ ਇਮਾਰਤ ਅਤੇ ਯੂਨੀਵਰਸਿਟੀ ਦਾ ਚਿੰਨ੍ਹ ਹੈ ਜਿਸ ਵਿਚ ਪੜ੍ਹਾਏ ਜਾਂਦੇ ਵਿਭਿੰਨ ਧਰਮਾਂ ਦੀ ਭਾਵਨਾ ਨੂੰ ਅੱਗੇ ਲਿਜਾਉਣ ਦੀ ਲੋੜ ਹੈ।
    ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣ ਵਿਚ ਧਰਮ ਦੀ ਮਹੱਤਵਪੂਰਨ ਭੂਮਿਕਾ ਹੈ। ਪਰ ਧਰਮ ਦੀ ਸਹੀ ਭਾਵਨਾ ਤਾਂ ਹੀ ਆਮ ਲੋਕਾਂ ਤੱਕ ਜਾ ਸਕਦੀ ਹੈ ਜੇਕਰ ਸਾਡੇ ਪ੍ਰਚਾਰਕ ਪੜ੍ਹੇ ਲਿਖੇ ਹੋਣ। ਉਹਨਾਂ ਦੂਜੇ ਧਰਮਾਂ ਦੇ ਅਧਿਐਨ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੀ ਗੱਲ ਤਾਂ ਹੀ ਸਹੀ ਸੰਦਰਭ ਅਤੇ ਪੂਰਨ ਦ੍ਰਿੜਤਾ ਨਾਲ ਕਰ ਸਕਦੇ ਹਾਂ ਜੇਕਰ ਅਸੀਂ ਆਪਣੇ ਧਰਮ ਨੂੰ ਦੂਜੇ ਧਰਮਾਂ ਦੇ ਸੰਦਰਭ ਵਿਚ ਪੇਸ਼ ਕਰ ਸਕੀਏ। ਸਿੱਖ ਧਰਮ ਵਿਚ ਵੱਖ-ਵੱਖ ਧਰਮਾਂ ਦੇ ਗਿਆਨ ਵਾਲੇ ਪ੍ਰਚਾਰਕਾਂ ਦੀ ਸਖਤ ਲੋੜ ਨੂੰ ਮਹਿਸੂਸ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਸ ਭਾਵਨਾ ਨੂੰ ਸਾਹਮਣੇ ਰੱਖ ਕੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿਖੇ ਐਮ. ਏ. ਧਰਮ ਅਧਿਐਨ, ਐਮ.ਏ ਸਿੱਖ ਅਧਿਐਨ ਅਤੇ ਐਮ. ਫਿਲ ਧਰਮ ਅਧਿਐਨ ਦੇ ੨੫ ਵਿਦਿਆਰਥੀਆਂ ਨੂੰ ਫ਼ੈਲੋਸ਼ਿਪ ਪ੍ਰਦਾਨ ਕਰ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਹੀ ਅਰਥਾਂ ਵਿਚ ਮਨਾਉਣ ਦਾ ਸੰਦੇਸ਼ ਦਿੰਦੇ ਹੋਏ ਉਹਨਾਂ ਕਿਹਾ ਕਿ ਇਹ ਤਾਂ ਹੀ ਸਾਰਥਕ ਹੋ ਸਕਦਾ ਹੈ ਜੇਕਰ ਨਵੀਂ ਪੀੜ੍ਹੀ ਨੂੰ ਧਾਰਮਿਕ ਵਿਰਸੇ ਨਾਲ ਜੋੜਿਆ ਜਾਵੇ। ਸਮਾਜ ਵਿਖੇ ਵੱਧ ਰਹੇ ਪਤਿਤਪੁਣੇ ਤੇ ਚਿੰਤਾ ਪ੍ਰਗਟ ਕਰਦੇ ਹੋਏ ਉਹਨਾਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਅਤੇ ਅਮਲੀ ਜੀਵਨ ਵਿਚ ਧਾਰਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਦਾ ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਹਿਤ ਉਹਨਾਂ ਨੇ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਗੁਰ-ਇਤਿਹਾਸ ਅਤੇ ਗੁਰਮਤਿ ਸਿਧਾਂਤ ਦੀ ਸਹੀ ਜਾਣਕਾਰੀ ਹੀ ਨੌਜਵਾਨਾਂ ਨੂੰ ਸਹੀ ਮਾਰਗ 'ਤੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਧਰਮ ਨਾਲ ਸੰਬੰਧਿਤ ਵਿਭਾਗ ਬਹੁਤ ਹੀ ਉੱਘਾ ਕਾਰਜ ਕਰ ਰਹੇ ਹਨ। ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਆਯੋਜਿਤ ਕੀਤੇ ਗਏ ਇਸ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਵਿਚ ਧਰਮ ਪ੍ਰਤੀ ਜੋਸ਼ ਅਤੇ ਉਤਸ਼ਾਹ ਪੈਦਾ ਕਰਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾਂ ਬਾਰੇ ਸਹੀ ਜਾਣਕਾਰੀ ਪੈਦਾ ਕਰਕੇ ਇਸ ਨੂੰ ਲੋਕਾਂ ਤੱਕ ਪਹੁੰਚਾਉਣਾ ਵਿਦਵਾਨਾਂ ਦਾ ਕਾਰਜ ਹੈ ਅਤੇ ਇਸ ਸਪਿਰਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਨੌਜਵਾਨ ਹੀ ਦੇਸ਼ ਨੂੰ ਸਹੀ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਨ ਦੇ ਸਮਰੱਥ ਹਨ ਅਤੇ ਸਮਾਜ ਦੀ ਇਸ ਪੀੜ੍ਹੀ ਨੂੰ ਧਰਮ ਨਾਲ ਜੋੜਨਾ ਸਮੇਂ ਦੀ ਲੋੜ ਹੈ।
    ਪੰਜਾਬੀ ਯੂਨੀਵਰਸਿਟੀ, ਪਟਆਲਾ ਦੇ ਐਨ. ਐਸ. ਐਸ. ਵਿਭਾਗ, ਗੁਰਦਵਾਰਾ ਦਰਸ਼ਨੀ ਦਰਬਾਰ ਹੋਤੀ ਮਰਦਾਨ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ 'ਤੇ ਇਸ ਮੌਕੇ 'ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ' ਇਕ ਖ਼ੂਨਦਾਨ ਕੈਂਪ ਲਾਇਆ ਗਿਆ। ਸਾਹਿਬਜ਼ਾਦਿਆਂ ਪ੍ਰਤੀ ਸ਼ਰਧਾ ਅਤੇ ਮਾਨਵਤਾ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ੧੮੦ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਖ਼ੂਨਦਾਨ ਕੀਤਾ। ਇਸ ਸਮਾਗਮ ਵਿਚ ਜਿਥੇ ਯੂਨੀਵਰਸਿਟੀ ਦੇ ਸਮੂਹ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਉਥੇ ਇਸ ਸਮਾਗਮ ਦੀ ਸਫ਼ਲਤਾ ਲਈ ਯੂਨੀਵਰਸਿਟੀ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਬਹਾਦਰਗੜ੍ਹ ਤੋਂ ਕਾਰ ਸੇਵਾ ਵਾਲੇ ਬਾਬਾ ਜੀ ਨੇ ਭਰਪੂਰ ਸਹਿਯੋਗ ਦਿੱਤਾ। ਯੂਨੀਵਸਰਸਿਟੀ ਦੇ ਧਰਮ ਅਧਿਐਨ ਵਿਭਾਗ ਵਿਚੋਂ ਵਿੱਦਿਆ ਗ੍ਰਹਿਣ ਕਰਕੇ ਦੂਜੀਆਂ ਸੰਸਥਾਵਾਂ ਵਿਖੇ ਕਾਰਜ ਕਰ ਰਹੇ ਵਿਦਿਆਰਥੀਆਂ ਵਿਚ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਸੀ। ਵਿਭਾਗ ਦੇ ਇਹ ਸਾਬਕਾ ਵਿਦਿਆਰਥੀ ਆਪਣੇ ਪਰਿਵਾਰਾਂ ਸਮੇਤ ਇਸ ਸਮਾਗਮ ਵਿਖੇ ਸ਼ਾਮਲ ਹੋਏ ਅਤੇ ਉਹਨਾਂ ਨੇ ਇਸ ਸਮਾਗਮ ਨੂੰ ਸਫ਼ਲਤਾ ਪੂਰਬਕ ਨੇਪਰੇ ਚਾੜ੍ਹਨ ਲਈ ਭਰਪੂਰ ਸਹਿਯੋਗ ਦਿੱਤਾ। ਗੁਰੂ ਗੋਬਿੰਦ ਸਿੰਘ ਭਵਨ ਵਿਖੇ ਹੋਇਆ ਇਹ ਪ੍ਰੋਗਰਾਮ ਸਮੁਚੀ ਯੂਨੀਵਰਸਿਟੀ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ।


    ਡਾ. ਪਰਮਵੀਰ ਸਿੰਘ