ਜੰਮੀ ਤਾਂ ਲੱਖਾਂ ਦੀ
(ਮਿੰਨੀ ਕਹਾਣੀ)
ਹਸਪਤਾਲ ਵਿੱਚੋਂ ਟੈਸਟ ਕਰਵਾਉਣ ਮਗਰੋਂ ਜਦ ਨਿੰਦਰ ਨੂੰ ਪਤਾ ਲੱਗਾ ਕਿ ਜੰਮਣ ਵਾਲਾ ਮੁੰਡਾ ਨਹੀਂ, ਕੁੜੀ ਹੈ ਤਾਂ ਉਸਨੂੰ ਤਾਂ ਡੋਬੂ ਹੀ ਪੈਣੇ ਸ਼ੁਰੂ ਹੋ ਗਏ ਕੋਲ ਖੜੀ ਤਾਈ ਕਹਿਣ ਲੱਗੀ, “ਚਿੰਤਾ ਕਾਹਨੂੰ ਕਰਦਾ ਏਂ……? ਜੇ ਕੁੜੀ ਕੁੱਖ ਚ ਕਤਲ ਕਰਵਾ ਦਿੱਤੀ ਤਾਂ ਉਸਦਾ ਮੁੱਲ ਕੌਡੀ ਨਹੀਂ ਪੈਣਾ, ਪਰ ਜੇ ਜੰਮ ਕੇ ਪਾਲ ਪੋਸ ਕੇ ਵਿਆਹੁਣ ਤੋਂ ਬਾਅਦ ਉਸਦਾ ਸੌਦਾ ਹੀ ਕਰ ਦਿੱਤਾ ਜਾਵੇ ਤਾਂ ਲੱਖਾਂ ਦੀ ਹੈ । ਉਹ ਕਿਵੇਂ? ਨਿੰਦਰ ਨੇ ਪੁੱਛਿਆ! ਬਈ ਅੱਜ ਕੱਲ੍ਹ ਆਹੀ ਕੁੱਝ ਤਾਂ ਕਰ ਰਹੇ ਨੇ ਲੋਕ ਹੁਣ ਧੀਆਂ ਕੁਖਾਂ ਚ ਕਤਲ ਕਰਨ ਦੀ ਥਾਂ ਜੰਮ ਕੇ ਵੱਡੀਆਂ ਕਰਕੇ ਚੰਗੇ ਘਰ ਵਿਆਹ ਕੇ, ਉਹਨਾਂ ਉੱਪਰ ਦਾਜ ਦੇ ਝੂਠੇ ਪਰਚੇ ਕਰਵਾ ਕੇ ਲੱਖਾਂ ਪ੍ਰਾਪਤ ਕੀਤੇ ਜਾ ਰਹੇ ਹਨ, ਤੂੰ ਚਿੰਤਾ ਕਾਹਨੂੰ ਕਰਦਾ ਏਂ? ਕੁੜੀ ਫਿਰ ਦੁਬਾਰਾ ਵਿਆਹੀ ਜਾਂਦੀ ਏ । ਕਹਿੰਦੀ ਹੋਈ ਤਾਈ ਅਗਾਂਹ ਚਲੀ ਗਈ ਤੇ ਨਿੰਦਰ ਵੀ ਹੁਣ ਮੁਸਕਰਾਉਂਦਾ ਹੋਇਆ ਲੱਖਾਂ ਦੇ ਸੁਪਨੇ ਦੇਖਣ ਲੱਗਾ।