ਗੁਰਮੀਤ ਸਿੰਘ ਨੂੰ ਰਿਟਾਇਰ ਹੋਏ ਨੂੰ ਅਜੇ ਚਾਰ ਕੁ ਸਾਲ ਹੀ ਹੋਏ ਸਨ । ਉਹ ਬਹੁਤ ਹੀ ਜਿਆਦਾ ਬੁੱਢ਼ਾ ਲੱਗਣ ਲੱਗ ਪਿਆ ਸੀ ।ਉਹ ਕਈ ਵਾਰ ਸੋਚਦਾ ਕਿ ਕੋਈ ਪਾਰਟ ਟਾਈਮ ਨੋਕਰੀ ਕਰ ਲਾਵੇ ਪਰ ਸਮਾਜ ਦੇ ਕਰਕੇ ਨਹੀਂ ਸੀ ਕਰਦਾ । ਉਸਨੇ ਘਰੋਂ ਬਾਹਰ ਜਾਣਾ ਵੀ ਤਕਰੀਬਨ ਬੰਦ ਹੀ ਕਰ ਦਿੱਤਾ ਸੀ । ਆਪਣੇ ਘਰ ਉਸਨੇ ਅਖਬਾਰ ਲਵਾਈ ਹੋਈ ਸੀ । ਸਵੇਰੇ ਉਠ ਕੇ ਅਖਬਾਰ ਪੜਦਾ ਤੇ ਘਰੇ ਹੀ ਮੰਜੇ ਤੇ ਪਿਆ ਰਹਿੰਦਾ ਸੀ । ਅੱਜ ਅਖਬਾਰ ਪੜਦੇ ਉਸਦੀ ਨਿਗਾਹ ਇਕ ਖਬਰ ਤੇ ਖਲੋ ਗਈ ਸੀ । ਖਬਰ ਸੀ " ਅਮਰੀਕਾ ਵਿਚ 104 ਸਾਲਾ ਆਦਮੀ ਅਜੇ ਵੀ ਕੰਮ ਕਰਦਾ ਹੈ ।" ਖਬਰ ਪੜ ਕੇ ਜਿਵੇਂ ਗੁਰਮੀਤ ਸਿੰਘ ਦੇ ਦਿਲ ਤੇ ਦਿਮਾਗ ਨੂੰ ਕੋਈ ਹੁਲਾਰਾ ਮਿਲ ਗਿਆ ਹੋਵੇ । ਉਸਨੇ ਚਿੱਟਾ ਕੁੜਤਾ ਪਜਾਮਾ ਪਾਇਆ ਤੇ ਸੀਨਾ ਤਾਣ ਕੇ ਘਰੋਂ ਬਾਹਰ ਤੁਰ ਪਿਆ ਜਿਵੇਂ ਉਹ ਆਪਣੀ ਜਿੰਦਗੀ ਦੀ ਦੂਜੀ ਪਾਰੀ ਖੇਡਣ ਨੂੰ ਤਿਆਰ ਹੋ ਗਿਆ ਹੋਵੇ ।