ਧੀ ਦੀ ਪੁਕਾਰ (ਕਵਿਤਾ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਂ ਤੇਰੇ ਪਿਆਰ ਤੋਂ ਹੋ ਗਈ ਵਾਂਝੀ 
ਧੀਆਂ ਪੁੱਤਰਾਂ ਦੀ ਤੂੰ ਤਾਂ ਮਾਂ ਸਾਂਝੀ 
ਕਹਿਰ ਕਮਾਵਣ ਨੂੰ ਤੇਰਾ ਕੀਤਾ ਕਿਵੇਂ ਜੀਅ
ਰੂੜੀ ਤੇ ਸੁੱਟੀ ਪਈ ਮਾਂ ਵਿਲਕੇ ਤੇਰੀ ਧੀ
 
ਵੀਰ,ਭੈਣਾਂ ਦਾ ਹਾਲੇ ਮੈਂ ਦੇਖਿਆ ਨਾ ਮੁੱਖੜਾ
ਪਹਿਲਾਂ ਹੀ ਬਣਗੀ ਕਾਵਾਂ,ਕੁੱਤਿਆਂ ਲਈ ਟੁੱਕੜਾ
 ਕੀਤੀ ਬੋਟੀ-ਬੋਟੀ,ਕੀਤਾ ਜ਼ਾਲਮ ਨਾ ਸੀ 
 ਡਾਕਟਰਾਂ ਦੇ ਕੂੜਾਦਾਨ ਚੋਂ ਮਾਂ ਬੋਲੇ ਤੇਰੀ ਧੀ 
 
ਕੀ ਡੈਡੀ,ਕੀ ਬਾਪੂ,ਕੀ ਚਾਚਾ ਤੇ ਤਾਇਆ
ਖੋਰੇ ਕਿਉਂ ਕਿਸੇ ਨੂੰ ਭੋਰਾ ਤਰਸ ਨਾ ਆਇਆ
 ਮੇਰੇ ਬਣਗੇ ਸਭ ਵੈਰੀ ਤੁਰੇ ਇਕੋ ਹੀ ਲੀਹ
ਮਾਂ ਤੂੰ ਕੁੱਖ ‘ਚ ਮਰਵਾ ਤੀ ਆਪਣੀ ਹੀ ਧੀ
 
ਤੂੰ ਤਾਂ ਚਾਵਾਂ ਦੇ ਨਾਲ ਮੇਰੀ ਤੋਰਨੀ ਸੀ ਡੋਲੀ
ਪਰ ਖੇਡੀ ਮੇਰੇ ਚਾਵਾਂ ਦੀ ਤੂੰ ਖੂਨ ਦੀ ਹੋਲੀ
 ਧੀ ਦੀਆਂ ਸਧਰਾਂ ਦਾ ਹੀ ਖੂਨ ਲਿਆ ਤੂੰ ਪੀ
ਮਾਂ ਦੁਨੀਆਂ ਵੇਖਣ ਨੂੰ ਤਰਸ ਗਈ ਤੇਰੀ ਧੀ
 
ਮੇਰੀ ਜਿੰਦਗੀ ਵਿੱਚ ਜੇ ਨਾ ਤੁਸੀਂ ਪਾਉਂਦੇ ਹਨੇਰਾ
ਦੁੱਖੜਾ ਨਾ ਰੋਣਾ ਪੈਂਦਾ ਲੰਗੇਆਣੀਏ ਨੂੰ ਅੱਜ ਮੇਰਾ
ਖੋਰੇ ਹੋ ਗਿਆ ਸਾਧੂ ਇਹ ਦੁਨੀਆ ਨੂੰ ਕੀ
ਕੁੱਖ ਚੋਂ ਮਰਵਾ ਦੇਣ ਫੁੱਲ,ਕਲੀਆਂ ਜਿਹੀ ਧੀ