ਮੈਡਮ ਦੀ ਕੋਠੀ ਬਣ ਰਹੀ ਸੀ।ਉਸ ਨੂੰ ਟੋਕਾ ਟਾਕੀ ਕਰਨ ਦੀ ਬਹੁਤ ਆਦਤ ਸੀ ਕਦੇ ਮਿਸਤਰੀਆਂ ਨਾਲ ਲੜ ਪੈਂਦੀ ਕਦੇ ਮਜਦੂਰਾਂ ਨਾਲ।
‘ਐਵੇਂ ਸੀਮੈਂਟ ਥੱਪੀ ਜਾਂਦੇ ਨੇ ਇਟਾਂ ਤੋੜ ਤੋੜ ਸੁੱਟੀ ਜਾਂਦੇ ਆ ਕਦੀ ਸਾਹਲ ਲੈ ਕੇ ਬੈਠ ਜਾਂਦੇ ;ਕੰਮ ਭਲਾ ਇਉਂ ਹੁੰਦੇ?
ਤੇ ਮਜਦੂਰਾਂ ਨੂੰ ਆਖਦੀ “ ਸੁੱਕੇ ਕਾਨਿਅਂਾ ਵਰਗੇ ਤਾਂ ਸਰੀਰ ਨੇ ਕੰਮ ਇਨ੍ਹਾਂ ਨੇ ਸੁਆਹ ਕਰਨਾ ਜਾਨ ਤਾਂ ਵਿੱਚ ਹੈ ਨੀ ਗੀ ਬੱਸ ਤਲੀ ਤੇ ਜਰਦਾ ਮਲ ਮਲ ਖਾਈ ਜਾਂਦੇ ਆ ਸਰਦਾਰ ਸਾਹਬ ਮੇਰੇ ਨਾਲ ਫੋਨ ਤੇ ਗਰਮ ਹੁੰਦੇ ਰਹਿੰਦੇ ਨੇ ਬਈ ਕੰਮ ਜਲਦੀ ਪੂਰਾ ਕਿਉਂ ਨਹੀਂ ਹੋ ਰਿਹਾ। ਅਗਲੇ ਹਫਤੇ ਆ ਰਹੇ ਨੇ ਸਰਕਾਰੀ ਟੂਰ ਤੇ ਗਏ ਸੀ।
ਅੱਕਿਆ ਇੱਕ ਮਜਦੂਰ ਆਖਣ ਲੱਗਾ:ਬੀਬੀ ਜੀ ਇੱਕ ਗੱਲ ਮੈਂ ਵੀ ਆਖ ਲਵਾਂ।
ਹਾਂ ਆਖ ਲੈ ਜੇਹੜੀ ਆਖਣੀ ਐ ਜੇ ਕੰਮ ਨਹੀ ਕਰਨਾ ਗੱਲਾਂ ਕਰਨੀਆਂ ਥੋੜਾ ਛੱਡ ਦੇਣੀਆਂ।
ਮੈਡਮ ਜੀ ਜਿਹੜੇ ਦਫ਼ਤਰ ਤੁਸੀਂ ਤੇ ਸਾਹਬ ਜੀ ਕੰਮ ਕਰਦੇ ਆਂ ਮੈਂ ਉਥੇ ਵੀਹ ਵਾਰ ਗਿਆਂ। ਕੰਮ ਕੁੰਮ ਉਥੇ ਤੁਸੀਂ ਵੀ ਕੋਈ ਨਹੀਂ ਕਰਦੇ ਹਰ ਵਾਰ ਇਹੋ ਹੀ ਜੁਆਬ ਮਿਲਦਾ ਸੀ ਕਿ ਮੈਡਮ ਜੀ ਅੱਜ ਬਾਹਰ ਟੂਰ ਤੇ ਗਏ ਨੇ ਸਾਹਬ ਹਾਲੇ ਘਰੋਂ ਹੀ ਨਹੀਂ ਆਏ ਤੇ ਮੈਡਮ ਜੀ ਹਾਲੇ ਖਾਣਾਂ ਖਾਅ ਰਹੇ ਹਨ ਅਤੇ ਸਾਹਬ ਹੁਣ ਸੌਂ ਰਹੇ ਹਨ ਐਵੇਂ ਦੂਜਿਆਂ ਨੂੰ ਹੀ ਕਹਿਣਾ ਸੌਖਾ ਹੁੰਦਾ।
ਮਜਦੂਰ ਦੀ ਗੱਲ ਦਾ ਮੈਡਮ ਕੋਲ ਕੋਈ ਜੁਆਬ ਨਹੀਂ ਸੀ ।