ਮਹਾਂਕਵੀ ਨਿਹਾਲ ਚੰਦ
(ਵਿਅੰਗ )
ਜੇ ਕਦੇ ਤੁਹਾਨੂੰ ਪੰਜਾਬ ਆਉਣ ਦਾ ਮੌਕਾ ਮਿਲੇ ਅਤੇ ਤੁਸੀਂ ਲੁਧਿਆਣੇ ਵੀ ਆਵੋ ਤਾਂ ਹੋਰ ਭਾਵੇਂ ਕੁਝ ਵੇਖੋ ਭਾਵੇਂ ਨਾ ਵੇਖੋ ਪਰ ਜੇ ਤੁਹਾਡੀ ਮੁਲਾਕਾਤ ਨਿਹਾਲ ਚੰਦ ਜੀ ਨਾਲ ਨਾ ਹੋਈ ਤਾਂ ਸਮਝ ਲਵੋ ਕਿ ਤੁਹਾਡਾ ਆਉਣਾ ਵੀ ਬੇਕਾਰ ਗਿਆ ਅਤੇ ਜੀਵਨ ਵੀ ਵਿਅਰਥ ਹੀ ਗਿਆ।
ਐਨਾ ਜ਼ਰੂਰ ਚੇਤੇ ਰੱਖੀਓ ਕਿ ਜਿਹਨੇ ਨਿਹਾਲ ਚੰਦ ਜੀ ਦੇ ਦਰਸ਼ਨ ਨਹੀਂ ਕੀਤੇ ਉਸ ਦਾ ਬੇੜਾ ਅਸਾਨੀ ਨਾਲ ਭਵ-ਸਾਗਰ ਤੋਂ ਪਾਰ ਨਹੀਂ ਹੋਣ ਲੱਗਾ।
ਜੀ ਹਾਂ,ਨਿਹਾਲ ਜੀ ਉਹ ਸ਼ਖਸ ਹਨ ਜਿਨ੍ਹਾਂ ਬਾਰੇ ਜੇ ਲਿਖਣਾ ਸ਼ੁਰੂ ਕਰੀਏ ਤਾਂ ਭਾਵੇਂ ਗਰੰਥਾਂ ਦੇ ਗਰੰਥ ਭਰ ਜਾਣ,ਪਰ ਫੇਰ ਵੀ ਉਨ੍ਹਾਂ ਦਾ ਵਰਨਣ ਪੂਰਾ ਨਹੀਂ ਹੋ ਪਾਵੇਗਾ।ਉਂਜ ਇਕ ਭੇਦ ਵਾਲੀ ਗੱਲ ਸ਼ੁਰੂ ਵਿਚ ਹੀ ਦੱਸ ਦੇਵਾਂ(ਕਿਸੇ ਨੂੰ ਦੱਸੀਓ ਨਾ)-ਨਿਹਾਲਚੰਦ ਜੀ ਉਂਜ ਤਾਂ ਮਹਾਕਵੀ ਦੇ ਨਾਂਅ ਨਾਲ ਪ੍ਰਸਿੱਧ ਹਨ ,ਪਰ ਕਦੇ ਭੁੱਲ ਕੇ ਵੀ ਉਨ੍ਹਾਂ ਨੇ ਨਾ ਤਾਂ ਕਿਸੇ ਮੁਸ਼ਾਇਰੇ ਵਿਚ ਕਲਾਮ ਪੜ੍ਹਿਐ ਅਤੇ ਨਾ ਹੀ ਕਦੇ ਏਸ ਪਾਸੇ ਕਲਮ ਚਲਾਈ ਏ(ਕਲਮ ਵੀ ਕਿਵੇਂ ਚਲਾਉਂਦੇ!ਸਕੂਲ ਵਾਲਿਆਂ ਨੂੰ ਉਨ੍ਹਾਂ ਨੂੰ ਦਾਖਲ ਕਰਨ ਦੀ ਖੁਸ਼ਕਿਸਮਤੀ ਹੀ ਨਹੀਂ ਮਿਲੀ ਸੀ)।
ਇਹ ਤਾਂ ਕਿਸ਼ੋਰਅਵਸਥਾ ਵਿਚ ਨਿਹਾਲਚੰਦ ਜੀ ਨੂੰ ਰਾਜਨੀਤੀ ਨਾਲ ਲਗਾਵ ਹੋ ਗਿਆ ਸੀ ਜਿਸ ਦੇ ਸਿੱਟੇ ਵੱਜੋਂ ਉਨ੍ਹਾਂ ਨੂੰ ਉਸ ਵੇਲੇ ‘ੳ’‘ਅ’ਸਿੱਖਣਾ ਪਿਆ ਸੀ ਜਿਸ ਉਮਰ ਵਿਚ ਉਨ੍ਹਾਂ ਦੇ ਹਮ ਉਮਰ ਮੈਟ੍ਰਿਕ ਕਰ ਚੁੱਕੇ ਸਨ।
ਜਿੰਦਗੀ ਵਿਚ ਇਕ ਵਾਰੀ,ਸਿਰਫ ਇਕ ਵਾਰੀ ਨਿਹਾਲ ਜੀ ਨੇ ਸ਼ਾਇਰੀ ਕੀਤੀ ਸੀ ਤੇ ਸਿਰਫ ਇਕੋ ਕਵਿਤਾ ਦੇ ਅਧਾਰ ਤੇ ਹੀ ਉਨ੍ਹਾਂ ਨੂੰ ‘ਮਹਾਕਵੀ’ਦੀ ਉਪਾਧੀ ਮਿਲ ਗਈ ਸੀ।ਇਹ ਸਭ ਕੁਝ ਕਿਵੇਂ ਹੋਇਆ,ਇਹ ਇਕ ਯਾਦਗਾਰੀ ਘਟਨਾ ਹੈ।
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਹਾਲੇ ਨਿਹਾਲ ਜੀ ਘਰ ਗ੍ਰਹਿਸਥੀ ਦੇ ਚੱਕਰ ’ਚ ਨਹੀਂ ਪਏ ਸਨ।ਉਹ ਇਕ ਹੌਜਰੀ ਵਿਚ ਕੰਮ ਕਰਦੇ ਸਨ।ਕੰਮ ਕੀ ਸੀ,ਬਸ ਦਿਨ ਕੱਟੀ ਸੀ ਪਰ ਉਨ੍ਹਾਂ ਦੀਆਂ ਗੱਲਾਂ ਨਾਲ ਹੌਜਰੀ ‘ਚ ਕੰਮ ਕਰਨ ਵਾਲੇ ਕਾਰੀਗਰਾਂ ਤੇ ਇਕ ਸਰੂਰ ਜਿਹਾ ਛਾਇਆ ਰਹਿੰਦਾ।ਤਦੇ ਪਤਾ ਨਹੀਂ ਇਕ ਦਿਨ ਕੀ ਹੋਇਆ,ਨਿਹਾਲ ਜੀ ਇਕਦਮ ਸੀਰੀਅਸ ਹੋ ਗਏ।ਦੀਨ ਦੁਨੀਆਂ ਨਾਲ ਜਿਵੇਂ ਉਨ੍ਹਾਂ ਦਾ ਕੋਈ ਵਾਸਤਾ ਹੀ ਨਹੀਂ ਰਿਹਾ ਸੀ।ਉਨ੍ਹਾਂ ਦੀ ਉਦਾਸੀ ਦਾ ਕਾਰਣ ਕਿਸੇ ਨੂੰ ਨਹੀਂ ਪਤਾ ਸੀ।ਸਭ ਤੋਂ ਵੱਧ ਅਫਸੋਸ ਤਾਂ ਏਸ ਗੱਲ ਦਾ ਸੀ ਕਿ ਨਿਹਾਲ ਜੀ ਖੁਦ ਵੀ ਕੁਝ ਨਹੀਂ ਦੱਸਦੇ ਸਨ।
ਪਰ ਇਕ ਵਾਰੀ ਰਾਤ ਨੂੰ ਹੌਜਰੀ ਵਿਚ ਦਾਰੂ ਦਾ ਪ੍ਰੋਗ੍ਰਾਮ ਬਣਿਆ ਤਾਂ ਦੇਸੀ ਸ਼ਰਾਬ ਦੇ ਚਾਰ ਘੁੱਟ ਅੰਦਰ ਜਾਣ ਦੀ ਦੇਰ ਸੀ ਕਿ ਨਿਹਾਲ ਜੀ ਦੇ ਦਿਲ ਦਾ ਦਰਦ ਬਾਹਰ ਆਉਣ ਲੱਗਾ ਸੀ।ਉਨ੍ਹਾਂ ਨੂੰ ਸ਼ਾਸਤਰੀ ਜੀ ਦੀ ਕੰਨਿਆ ਨਾਲ ਇਸ਼ਕ ਹੋ ਗਿਆ ਸੀ।ਸ਼ਾਸਤਰੀ ਜੀ ਉਨ੍ਹਾਂ ਦੇ ਮੁਹੱਲੇ ਵਿਚ ਨਵੇਂ ਕਿਰਾਏਦਾਰ ਆਏ ਸਨ।ਤਿੰਨ ਮੰਜਲੇ ਮਕਾਨ ਦੀ ਤੀਜੀ ਮੰਜਲ ਤੇ ਇਕ ਕਮਰੇ ਵਿਚ ਨਿਹਾਲ ਜੀ ਰਹਿੰਦੇ ਸਨ,ਅਤੇ ਦੂਜੀ ਮੰਜਲ ਵਾਲੇ ਇਕ ਕਿਰਾਏਦਾਰ ਦੇ ਘਰ ਸ਼ਾਸਤਰੀ ਜੀ ਦੀ ਕੰਨਿਆ ਆਉਂਦੀ ਜਾਂਦੀ ਸੀ।ਨਿਹਾਲ ਜੀ ਉਸ ਨਾਲ ਗੱਲ ਕਰਨ ਲਈ ਅੰਦਰੋਂ-ਹੀ-ਅੰਦਰ ਤੜਪਦੇ ਰਹਿੰਦੇ ਸਨ,ਪਰ ਕਦੇ ਮੌਕਾ ਹੀ ਨਹੀਂ ਮਿਲਿਆ ਸੀ।
ਆਖਿਰ ਇਕ ਦਿਨ ਨਿਹਾਲ ਜੀ ਦੀ ਲਾਟਰੀ ਨਿਕਲ ਆਈ ਸੀ।
ਅਪਣੇ ਕਮਰੇ ਵਿਚ ਜਾਣ ਲਈ ਨਿਹਾਲ ਜੀ ਪੌੜੀਆਂ ਚੜ੍ਹ ਰਹੇ ਸਨ ਤੇ ਉਧਰੋਂ ਸ਼ਾਸਤਰੀ ਜੀ ਦੀ ਕੰਨਿਆ ਆਪਣੀ ਸਹੇਲੀ ਨੂੰ ਮਿਲ ਕੇ ਪੌੁੜੀਆਂ ਉਤਰ ਰਹੀ ਸੀ।ਆਹਮਣੇ-ਸਾਹਮਣੇ ਟਕਰਾਉਂਦਿਆਂ ਹੀ ਕੁੜੀ ਪਾਸਾ ਵੱਟ ਕੇ ਲੰਘਣ ਲੱਗੀ ਤਾਂ ਨਿਹਾਲ ਜੀ ਨੇ ਬਾਹਾਂ ਫੈਲਾ ਕੇ ਉਹਦਾ ਰਾਹ ਰੋਕਦਿਆਂ ਕਿਹਾ-“ਰਤਾ ਗੱਲ ਤਾਂ ਸੁਣ ਸ਼ਾਂਤੀ”।
“ਆਪਣੀ ਮਾਂ-ਭੈਣ ਨੂੰ ਸੁਣਾ ਜਾਕੇ ਜਿਹੜੀ ਵੀ ਗੱਲ ਸੁਣਾਉਣੀ ਆ।”ਸ਼ਾਂਤੀ ਜਿਵੇਂ ਅਸ਼ਾਂਤ ਹੋ ਗਈ ਸੀ।ਦਰਅਸਲ ਉਸ ਨੂੰ ਵੇਖ ਕੇ ਨਿਹਾਲ ਜੀ ਨੇ ਇਕ ਦੋ ਵਾਰੀ ਅੱਖ ਵੀ ਮਾਰੀ ਸੀ ਅਤੇ ਸੀਟੀ ਵੀ ਬਜਾਈ ਸੀ।
ਨਿਹਾਲ ਜੀ ਨੇ ਹਿਮੰਤ ਕਰਕੇ ਰਤਾ ਅੱਗੇ ਵਧ ਕੇ ਉਸ ਦਾ ਹੱਥ ਫੜ ਲਿਆ।ਪਰ ਏਸ ਤੋਂ ਪਹਿਲਾਂ ਕਿ ਉਹ ਕੁਝ੍ਹ ਕਹਿ ਪਾਉਂਦੇ ਸ਼ਾਂਤੀ ਨੇ ਵੱਟ ਕੇ ਚੰਡ ਕੱਢ ਮਾਰੀ ਅਤੇ ਉਨ੍ਹਾਂ ਦੇ ਮੂੰਹ ਤੇ ਹਿੰਦੋਸਤਾਨ ਦਾ ਨਕਸ਼ਾ ਛਾਪ ਦਿੱਤਾ ਸੀ।
ਨਿਹਾਲ ਜੀ ਤੇ ਤਾਂ ਜਿਵੇਂ ਪਹਾੜ ਟੁੱਟ ਗਿਆ ਸੀ।ਸ਼ੁਕਰ ਰੱਬ ਦਾ ਕੋਈ ਵੇਖ ਨਹੀਂ ਰਿਹਾ ਸੀ ਨਹੀਂ ਤਾਂ..ਡਰ ਦੇ ਮਾਰੇ ਨਿਹਾਲ ਜੀ ਉਸ ਰਾਤ ਘਰ ਵੀ ਨਹੀਂ ਆਏ।ਕਿਤੇ ਸ਼ਾਂਤੀ ਨੇ ਆਪਣੇ ਪਿਉ ਨੂੰ ਦੱਸ ਦਿੱਤਾ ਫੇਰ ਤਾਂ ਪਰਲੋ ਆ ਜਾਵੇਗੀ।ਪੂਰਾ ਭਲਵਾਨ ਏ ਉਸ ਦਾ ਪਿਉ।ਉਸ ਦਾ ਹੱਟਾ-ਕੱਟਾ ਸ਼ਰੀਰ ਵੇਖ ਕੇ ਕੋਈ ਵੀ ਯਕੀਨ ਨਹੀਂ ਕਰ ਸਕਦਾ ਕਿ ਉਹ ਸਰਕਾਰੀ ਸਕੂਲ ਵਿਚ ਸੰਸਕ੍ਰਿਤ ਦਾ ਮਾਸਟਰ ਹੈ।
ਉਸ ਦਿਨ ਦਾਰੂ ਦੇ ਨਸ਼ੇ ਵਿਚ ਜਦੋਂ ਨਿਹਾਲ ਜੀ ਨੇ ਆਪਣੀ ਦੁਖ ਭਰੀ ਦਾਸਤਾਨ ਸੁਣਾ ਦਿੱਤੀ ਤਾਂ ਦੋਸਤਾਂ ਨੇ ਵੀ ਹਮਦਰਦੀ ਵਿਖਾਉਂਦਿਆਂ ਉਸ ਨੂੰ ਆਪਣੀ-ਆਪਣੀ ਹੱਡਬੀਤੀ ਵੀ ਸੁਣਾ ਦਿੱਤੀ।ਇਹ ਜਾਣ ਕੇ ਨਿਹਾਲ ਜੀ ਨੂੰ ਕਾਫੀ ਰਾਹਤ ਮਿਲੀ ਕਿ ਉਸ ਦੇ ਪਿਆਰ ਦਾ ਜਿਸ ਤਰ੍ਹਾਂ ਨਾਲ ਸ਼ਾਂਤੀ ਨੇ ਸੁਆਗਤ ਕੀਤਾ ਸੀ,ਉਸ ਦੇ ਦੋਸਤਾਂ ਨਾਲ ਵੀ ਉਨ੍ਹਾਂ ਦੀਆਂ ਪ੍ਰੇਮਕਾਵਾਂ ਨੇ ਸ਼ੁਰੂ-ਸ਼ੁਰੂ ਵਿਚ ਉਵੇਂ ਹੀ ਕੀਤਾ ਸੀ।ਮੰਜਿਲ ਤੱਕ ਪਹੁੰਚਣ ਲਈ ਇਸ ਤਰ੍ਹਾਂ ਦਾ ਸਵਾਗਤ ਹੋਣਾ ਨਿਹਾਯਤ ਜ਼ਰੂਰੀ ਹੈ।
ਫੇਰ ਤਾਂ ਕੁਝ ਦਿਨਾਂ ਵਿਚ ਹੀ ਜਿਵੇਂ ਨਿਹਾਲ ਜੀ ਦੀ ਕਾਇਆ ਪਲਟ ਗਈ ਸੀ।
ਕਿਸੀ ਨੇ ਸੱਚ ਹੀ ਆਖਿਐ ਕਿ ਦੇਣ ਵਾਲਾ ਜਦੋਂ ਦੇਂਦਾ ਏ ਤਾਂ ਛੱਪੜ ਫਾੜ ਕੇ ਦੇਂਦਾ ਏ।ਖੁਸ਼ਕਿਸਮਤੀ ਨਾਲ ਨਿਹਾਲ ਜੀ ਇਕ ਦਿਨ ਫਿਲਮ ਵੇਖਣ ਚਲੇ ਗਏ।ਜਿਸ ‘ਸ਼ਕਤੀ’ਦੀ ਉਨ੍ਹਾਂ ਨੂੰ ਮੁੱਦਤਾਂ ਤੋਂ ਤਲਾਸ਼ ਸੀ ਉਹ ਉਸ ਪਿਕਚਰ ਦੇ ਇੱਕ ‘ਸ਼ੋ’ਨੇ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਲੈਸ ਕਰ ਦਿੱਤਾ ਸੀ।
ਪਿਕਚਰ ਵਿਚ ਨਿਹਾਲ ਜੀ ਦਾ ਹਮ ਉਮਰ ਇਕ ਲੜਕਾ ਸੀ।ਉਸ ਦੀ ਪਜਾਹ ਪ੍ਰਤਿਸ਼ਤ ਪ੍ਰੇਮਿਕਾ(ਮੁੰਡੇ ਨੇ ਪਿਆਰ ਵਿਚ ਆਪਣਾ ਪੂਰਾ ਯੋਗਦਾਨ ਪਾ ਦਿੱਤਾ ਸੀ)ਨੇ ਵੀ ਉਸੇ ਤਰ੍ਹਾਂ ਉਸ ਦਾ ਸਵਾਗਤ ਕੀਤਾ ਜਿਸ ਤਰ੍ਹਾਂ ਸ਼ਾਂਤੀ ਨੇ ਨਿਹਾਲ ਜੀ ਦਾ ਕੀਤਾ ਸੀ।ਪਰ ਇੰਟਰਵਲ ਹੋਣ ਤੋਂ ਥੋੜਾ ਚਿਰ ਪਹਿਲਾਂ ਹੀ ਜਿਵੇਂ ਗੁਲ ਖਿਲ ਗਿਆ ਸੀ।ਕੁੜੀ ਮੁੰਡੇ ਦੀ ਦੀਵਾਨੀ ਹੋ ਚੁੱਕੀ ਸੀ।ਹੋਇਆ ਇੰਜ ਸੀ ਕਿ ਮੁੰਡੇ ਨੇ ਕਵਿਤਾ ਵਿਚ ਪ੍ਰੇਮ ਪੱਤਰ ਲਿਖ-ਲਿਖ ਕੇ ਕੁੜੀ ਦੇ ਘਰ ਸੁੱਟਣੇ ਸ਼ੁਰੂ ਕਰ ਦਿੱਤੇ ਸਨ।ਮੁੰਡੇ ਦੀ ਸ਼ਾਇਰੀ ਨੇ ਉਹ ਅਸਰ ਕੀਤਾ ਸੀ ਕਿ ਕੁਝ ਹੀ ਦਿਨਾਂ ਮਗਰੋਂ ਕੁੜੀ ਮੁੰਡੇ ਦੀਆਂ ਬਾਂਹਾਂ ਵਿਚ ਝੂਮਣ ਲੱਗੀ ਸੀ।
ਅੰਨ੍ਹਾ ਕੀ ਮੰਗੇ ਦੋ ਅੱਖਾਂ।ਨਿਹਾਲ ਜੀ ਦੇ ਤਾਂ ਜਿਵੇਂ ਖੰਭ ਲੱਗ ਗਏ ਸਨ।ਇੰਟਰਵਲ ਤੋਂ ਬਾਅਦ ਸਿਨੇਮਾ ਹਾਲ ਵਿਚ ਬੈਠੇ ਰਹਿਣਾ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਸੀ।ਉਹ ਤੁਰਤ ਘਰ ਵੱਲ ਭੱਜੇ।ਰਾਹ ’ਚੋਂ ਇਕ ਵਧੀਆ ਜਿਹਾ ਲੈਟਰ ਪੈਡ ਅਤੇ ਪੈਨ ਦਵਾਤ ਖਰੀਦ ਕੇ ਆਪਣੇ ਕਮਰੇ ਵਿਚ ਬੰਦ ਹੋ ਗਏ ਸਨ ਅਤੇ ਕਵਿਤਾ ਬਨਾਉਣ ਲੱਗੇ ਸਨ।
ਉਸ ਦਿਨ ਪਹਿਲੀ ਵਾਰੀ ਆਂਢ-ਗੁਆਂਢ ਵਾਲਿਆਂ ਨੂੰ ਹੈਰਾਨੀ ਹੋਈ ਸੀ।ਨਿਹਾਲ ਜੀ ਦੇ ਕਮਰੇ ਦੀ ਲਾਈਟ ਸਾਰੀ ਰਾਤ ਬਲਦੀ ਰਹੀ ਸੀ ਅਤੇ ਬੂਹਾ ਵੀ ਅੰਦਰੋਂ ਬੰਦ ਸੀ।ਗਰਮੀ ਦੀ ਰੁੱਤ,ਬਗੈਰ ਪੱਖੇ ਦੇ ਕਮਰੇ ਵਿਚ ਬੰਦ ਨਿਹਾਲ ਜੀ ਕੀ ਕਰਦੇ ਹੋਣਗੇ।ਪੜੌਸੀ ਡਰ ਵੀ ਰਹੇ ਸਨ।ਕਿਤੇ ਨਿਹਾਲ ਜੀ ਨੂੰ ਕੁਝ ਹੋ..ਮਜ਼ਬੂਰ ਹੋ ਕੇ ਉਨ੍ਹਾਂ ਜੋਰ ਜੋਰ ਦੀ ਦਰਵਾਜ਼ਾ ਖੜਕਾਇਆ।
ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਮਗਰੋਂ ਬੂਹਾ ਖੁੱਲ੍ਹਿਆ।ਉਨੀਂਦੀ ਅੱਖਾਂ ਨਾਲ ਨਿਹਾਲ ਜੀ ਨੇ ਬਾਹਰ ਵੱਲ ਤੱਕਿਆ ਅਤੇ ਰਤਾ ਖਿਝ ਕੇ ਕਿਹਾ-“ਕਿਉਂ ਮੈਨੂੰ ‘ਬਿਜੀ’ਕਰਦੇ ਓਂ।ਵੇਖਦੇ ਨੀ ਮੈਂ ਕਿੰਨਾ ਡਿਸਟਬ(ਡਿਸਟਰਬ)ਹਾਂ”।
ਨਿਹਾਲ ਜੀ ਦੀ ਅੰਗ੍ਰੇਜੀ ਤਾਂ ਉਂਜ ਹੀ ਬਹੁਤ ‘ਪਾਪੁਲਰ’ ਏ।ਪਰ ਅੱਜ ਉਨ੍ਹਾਂ ਦੀ ਅੰਗ੍ਰੇਜੀ ਵੱਲ ਲੋਕਾਂ ਦਾ ਐਨਾ ਧਿਆਨ ਨਹੀਂ ਸੀ ਜਿੰਨਾ ਕਿ ਉਨ੍ਹਾਂ ਦੇ ਚਿਹਰੇ ਵੱਲ ਜਿਸ ਤੇ ਹਵਾਈਆ ਉੱਡ ਰਹੀਆਂ ਸਨ।
ਬਿਨਾ ਕੁਝ ਹੋਰ ਕਹੇ-ਸੁਣੇ ਨਿਹਾਲ ਜੀ ਨੇ ਬੂਹਾ ਬੰਦ ਕਰ ਦਿੱਤਾ।
ਆਖਿਰਕਾਰ ਉਨ੍ਹਾਂ ਦੀ ਹੱਡ ਤੋੜ ਮਿਹਨਤ ਰੰਗ ਲੈ ਆਈ।ਪ੍ਰੇਮ ਪੱਤਰ ਰੂਪੀ ਕਵਿਤਾ ਤਿਆਰ ਹੋ ਗਈ ਸੀ।ਨਿਹਾਲ ਜੀ ਕਵਿਤਾ ਵਾਲਾ ਕਾਗਜ਼ ਲੈ ਕੇ ਛੱਤ ਤੇ ਜਾ ਚੜ੍ਹੇ ਅਤੇ ਕਾਗਜ ਨੂੰ ਗੇਂਦ ਵਾਂਗ ਗੋਲ ਕਰਕੇ ਸ਼ਾਂਤੀ ਦੇ ਮਕਾਨ ਤੇ ਉਸ ਵੇਲੇ ਸੁੱਟ ਦਿੱਤਾ ਜਦੋਂ ਉਹ ਛੱਤ ਤੇ ਸੁੱਕਣੇ ਪਾਏ ਕਪੜੇ ਚੁੱਕਣ ਆਈ ਸੀ।ਪੱਤਰ ਸੁੱਟਣ ਮਗਰੋਂ ਤੁਰਤ ਉਸ ਦੀ ਪ੍ਰਤੀਕ੍ਰਿਆ ਵੇਖਣ ਦੀ ਹਿੰਮਤ ਉਨ੍ਹਾਂ ਵਿਚ ਨਹੀਂ ਸੀ।ਉਹ ਫਟਾਫਟ ਆਪਣੇ ਕਮਰੇ ਵਿਚ ਆ ਗਏ ਅਤੇ ਚੁੱਪਚਾਪ ਮੰਜੇ ਤੇ ਲੰਮੇ ਪੈ ਗਏ।ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਸ਼ਾਂਤੀ ਹੁਣ ਉਨ੍ਹਾਂ ਦੀ ਦੀਵਾਨੀ ਹੋ ਜਾਵੇਗੀ ਅਤੇ ਉਹ..।
ਨਿਹਾਲ ਜੀ ਹਾਲੇ ਆਪਣੇ ਖਿਆਲਾਂ ਵਿਚ ਹੀ ਖੋਏ ਹੋਏ ਸਨ ਕਿ ਉਸੇ ਵੇਲੇ ਸ਼ਾਸਤਰੀ ਜੀ ਗਰਜਦੀ ਅਵਾਜ਼ ਨਾਲ ਖੜਾਕ ਦੇ ਕੇ ਦਰਵਾਜ਼ਾ ਖੁੱਲ ਗਿਆ-“ਕਿੱਥੇ ਆਂ ਤੂੰ ਮਹਾਕਵੀ ਕਾਲੀਦਾਸ ਦੀ ਔਲਾਦ!ਮੁਹੱਲੇ ਵਿਚ ਰਹਿ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਿਆਂ ਤੈਨੂੰ ਸ਼ਰਮ ਨੀ ਔਂਦੀ..”।
ਅਤੇ ਇਸ ਤੋਂ ਪਹਿਲਾਂ ਕਿ ਨਿਹਾਲ ਜੀ ਕੁਝ ਬੋਲਦੇ ਉਨ੍ਹਾਂ ਦੀ ‘ਨਾਜੁਕ ਕਲਾਈ’ਵਰਗੀ ਗਰਦਨ ਸ਼ਾਸਤਰੀ ਜੀ ਦੇ ਪੰਜੇ ਦੀ ਗਿਰਫਤ ਵਿਚ ਆ ਚੁੱਕੀ ਸੀ।ਸ਼ਾਸਤਰੀ ਜੀ ਦੇ ਇਕ ਹੱਥ ਵਿਚ ਨਿਹਾਲ ਜੀ ਦੀ ਗਰਦਨ ਸੀ ਤੇ ਦੂਜੇ ਹੱਥ ਵਿਚ ਉਨ੍ਹਾਂ ਦਾ ਪ੍ਰੇਮ–ਪੱਤਰ।“ਆਹ ਵੇਖੋ ਏਸ ਹਰਮਾਜਾਦੇ ਦੀ ਕਰਤੂਤ।ਖੁਦ ਨੂੰ ਮਹਾਕਵੀ ਕਾਲੀਦਾਸ ਸਮਝਦੈ”।
ਕਿਸੇ ਨੇ ਅੱਗੇ ਹੋ ਕੇ ਸ਼ਾਸਤਰੀ ਜੀ ਦੇ ਹੱਥੋਂ ਪ੍ਰੇਮ ਪੱਤਰ ਫੜ ਲਿੱਤਾ।ਖੁਦ ਪੜ੍ਹ ਕੇ ਦੂਜੇ ਨੂੰ ਪੜ੍ਹਨ ਲਈ ਫੜਾ ਦਿੱਤਾ।ਅਤੇ ਛੇਤੀ ਹੀ ਨਿਹਾਲ ਜੀ ਦੀ ਸ਼ਾਇਰੀ ਦਾ ਪ੍ਰੇਮ-ਪੱਤਰ ਕਈਆਂ ਦੀਆਂ ਨਜ਼ਰਾਂ‘ਚੋਂ ਗੁਜ਼ਰ ਚੁੱਕਿਆ ਸੀ।ਲੋਕਾਂ ਦਾ ਹੱਸ-ਹੱਸ ਕੇ ਬੁਰਾ ਹਾਲ ਸੀ।ਗਜ਼ਬ ਦੀ ਤੁੱਕ ਬੰਦੀ ਕੀਤੀ ਸੀ ਨਿਹਾਲ ਜੀ ਨੇ।
ਨਿਹਾਲ ਜੀ ਦਾ ਇਕ ਵਿਸ਼ੇਸ ਗੁਣ ਏਹ ਵੀ ਹੈ ਕਿ ਉਹ ਕਿਸੇ ਵੀ ਕੰਮ ਨੂੰ ਘਟੀਆ ਨਹੀਂ ਸਮਝਦੇ ਅਤੇ ਨਾ ਹੀ ਉਸ ਨੂੰ ਕਰਨ ਵਿਚ ਨਾਹ ਨੁੱਕਰ ਕਰਦੇ ਹਨ।ਆਂਢ-ਗੁਆਂਢ ਵਿਚ ਜਦੋਂ ਵੀ ਕਿਸੇ ਨੇ,ਜਦੋਂ ਕਦੇ ਵੀ,ਉਨ੍ਹਾਂ ਨੂੰ ਕੁਝ ਕਰਨ ਲਈ ਕਿਹਾ ਉਨ੍ਹਾਂ ਕਦੇ ਵੀ ਇਨਕਾਰ ਨਹੀਂ ਕੀਤਾ।ਕਿਸੇ ਦਾ ਨੌਕਰ ਵੀ ਕੰਮ ਕਰਨ ਲਈ ਨਾਹ ਕਰ ਦੇਵੇ,ਪਰ ਨਿਹਾਲ ਜੀ ਤੋਂ ਪੂਰੇ ਭਰੋਸੇ ਨਾਲ ਕੰਮ ਲਿੱਤਾ ਜਾ ਸਕਦਾ ਹੈ।ਸ਼ਾਇਦ ਇਸੇ ਲਈ ਲੋਕਾਂ ਨੂੰ ਉਨ੍ਹਾਂ ਨਾਲ ਹਮਦਰਦੀ ਸੀ ਅਤੇ ਉਹ ਸ਼ਾਸਤਰੀ ਜੀ ਦੇ ਮਜਬੂਤ ਹੱਥਾਂ ਤੋਂ ਬਚ ਗਏ ਸਨ।
ਸ਼ਾਸਤਰੀ ਜੀ ਤੋਂ ਤਾਂ ਉਸ ਦਾ ਛੁਟਕਾਰਾ ਹੋ ਗਿਆ ਸੀ ਪਰ ਮੁਹੱਲੇ ਦੋ ਲਫੰਡਰਾਂ ਨੇ ਉਨ੍ਹਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ।ਜਿਧਰੋਂ ਵੀ ਉਹ ਲੰਘਦੇ ਮੁੰਡਿਆਂ ਦਾ ਸ਼ੋਰ ਸਵਾਗਤ ਕਰਦਾ-“ਆਓ ਮਹਾਕਵੀ ਜੀ।ਸਾਨੂੰ ਵੀ ਚੇਲਾ ਬਣਾ ਲਵੋ।ਅਸੀਂ ਵੀ ਤਰ ਜਾਵਾਂਗੇ ਥੋਡੇ ਆਸਰੇ”।
ਰੋਜ ਰੋਜ ਦੀਆਂ ਟਿੱਚਰਾਂ ਤੋਂ ਦੁਖੀ ਹੋ ਕੇ ਨਿਹਾਲ ਜੀ ਨੇ ਉਹ ਮੁਹੱਲਾ ਹੀ ਛੱਡ ਦਿੱਤਾ ਸੀ ।ਪਰ ‘ਮਹਾਕਵੀ’ਦੀ ਉਪਾਧੀ ਨੇ ਉਨ੍ਹਾਂ ਦਾ ਪਿੱਛਾ ਹਾਲੇ ਤੀਕ ਨਹੀਂ ਛੱਡਿਆ ਭਾਵੇਂ ਹੁਣ ਉਹ ਅੱਧੀ ਦਰਜਨ ਨਿਆਣਿਆਂ ਦੇ ਬਾਪ ਬਣ ਗਏ ਹਨ।
000
ਕਿਸ਼ੋਰ ਉਮਰ ਤੋਂ ਰਾਜਨੀਤੀ ਦਾ ਜਿਹੜਾ ਚਸਕਾ ਨਿਹਾਲ ਜੀ ਨੂੰ ਲੱਗਿਆ ਸੀ,ਉਹ ਅਜੇ ਤੱਕ ਬਰਕਰਾਰ ਹੈ।ਪਰ ਨਿਹਾਲ ਜੀ ਕਿਸੇ ਇਕ ਪਾਰਟੀ ਨਾਲ ਨਹੀਂ ਜੁੜੇ ਹੋਏ।ਏਸ ਦਾ ਮਤਲਬ ਇਹ ਨਾ ਸਮਝਣਾ ਕਿ ਉਹ ਦਲਬਦਲੂ ਹਨ।ਜੀ ਨਹੀਂ,ਇਸ ਤਰ੍ਹਾਂ ਸੋਚਣਾ ਤਾਂ ਪਾਪ ਹੈ।ਨਿਹਾਲ ਜੀ ਦਾ ਤਾਂ ਇਕੋ ਹੀ ਮੋਟੋ ਹੈ-ਸੇਵਾ ਪਰਮੋਧਰਮ।ਹੁਣ ਤੁਸੀਂ ਖੁਦ ਹੀ ਸੋਚੋ ਕਿ ਜਿਸ ਪਾਰਟੀ ਦਾ ਪਲੜਾ ਭਾਰੀ ਹੋਵੇਗਾ ਉਸ ਦਾ ਕੰਮ ਵੀ ਜਿਆਦਾ ਹੋਵੇਗਾ ਅਤੇ ਮਜਬੂਰਨ ਨਿਹਾਲ ਜੀ ਨੂੰ ਉਸੇ ਪਾਰਟੀ ਨਾਲ ਸਬੰਧ ਰੱਖਣਾ ਪੈਂਦਾ ਹੈ।ਅਤੇ ਜਿਸ ਪਾਰਟੀ ਨਾਲ ਨਿਹਾਲ ਜੀ ਆਪਣਾ ਨਾਤਾ ਜੋੜ ਲੈਂਦੇ ਨੇ ਫੇਰ ਉਸ ਪਾਰਟੀ ਬਾਰੇ ਕੁਝ ਵੀ ਵਾਹੀਯਾਤ ਬਰਦਾਸਤ ਨਹੀਂ ਕਰ ਸਕਦੇ।ਭਾਵੇਂ ਕੁਝ ਮਹੀਨੇ ਪਹਿਲਾਂ ਉਸੇ ਪਾਰਟੀ ਦੀਆਂ ਨੀਤੀਆਂ ਦੇ ਕੱਟਰ ਵਰਖਿਲਾਫ ਰਹੇ ਹੋਣ।
ਇਕ ਦਿਨ ਦੁਪਿਹਰ ਵੇਲੇ ਅਸੀਂ ਆਪਣੇ ਮਕਾਨ ਦੇ ਉੱਪਰ ਵਾਲੇ ਕਮਰੇ ਵਿਚ ਪੱਖੇ ਥੱਲੇ ਅਰਾਮ ਫਰਮਾ ਰਹੇ ਸਾਂ ਕਿ ਕਿਸੇ ਨੇ ਜੋਰ ਜੋਰ ਦੀ ਬੂਹਾ ਖੜਕਾਇੳਾ।ਮੈਂ ਬੂਹਾ ਖੋਲ੍ਹਿਆ ਤਾਂ ਇਕ ਅਜਨਬੀ ਨੂੰ ਵੇਖ ਕੇ ਹੈਰਾਨ ਹੋ ਗਿਆ।
“ਤੁਸੀਂ ਕਿਸ ਨੂੰ ਮਿਲਣੈ?”ਮੈਂ ਪੁੱਛਿਆ।
“ਬਾਊ ਜੀ ਘਰ ਨੇ?”ਉਸ ਆਖਿਆ।
“ਜੀ ਹਾਂ,ਦੱਸੋ ਕੀ ਸੇਵਾ ਕਰ ਸਕਦੈਂ?”
“ਥੋਡੇ ਕੋਈ ਰਿਸ਼ਤੇਦਾਰ ਹੇਠਾਂ ਥੜੇ ਤੇ ਲੰਮੇ ਪਏ ਨੇ।ਉਨ੍ਹਾਂ ਦਾ ਐਕਸੀਡੈਂਟ ਹੋ ਗਿਐ”।
ਮੈਂ ਉਸੇ ਵੇਲੇ ਫਟਾਫਟ ਪੌੜੀਆਂ ਉਤਰ ਆਇਆ।ਵੇਖਿਆ ਨਿਹਾਲ ਜੀ ਲੰਮੇ ਪਏ ਸਨ।
ਮੈਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਨਿਹਾਲ ਜੀ ਦਾ ਪਰਿਵਾਰ ਸ਼ਹਿਰੋਂ ਬਾਹਰ ਗਿਆ ਹੋਣੈ।ਨਿਹਾਲ ਜੀ ਦੇ ਦਰਸ਼ਨ ਉਦੋਂ ਹੀ ਹੁੰਦੇ ਨੇ ਜਦੋਂ ਉਨ੍ਹਾਂ ਦਾ ਟੱਬਰ ਸ਼ਹਿਰੋਂ ਬਾਹਰ ਹੁੰਦਾ ਹੈ।ਉਨ੍ਹਾਂ ਦਿਨਾਂ ’ਚ ਤਾਂ ਨਿਹਾਲ ਜੀ ਇਕ ਤਰ੍ਹਾਂ ਦੇ ਸਾਡੇ ਘਰ ਆਪਣਾ ਡੇਰਾ ਹੀ ਜਮਾ ਲੈਂਦੇ ਹਨ।ਤੁਸੀਂ ਸੋਚਦੇ ਹੋਵੋਗੇ ਕਿ ਨਿਹਾਲ ਜੀ ਸਾਡੇ ਘਰ ਹੀ ਕਿਉਂ ਆਉਂਦੇ ਨੇ।ਦਰਅਸਲ ਮੇਰੇ ਨਾਨਕੇ ਅਤੇ ਉਨ੍ਹਾਂ ਦੇ ਸਹੁਰੇ ਇਕੋ ਪਿੰਡ ਵਿਚ ਹਨ।ਇਸ ਲਈ ਸਾਨੂੰ ਉਨ੍ਹਾਂ ਦਾ ਐਨਾ ਆਦਰ ਸਤਿਕਾਰ ਕਰਨਾ ਪੈਂਦੈ।
ਮੈਂ ਨਿਹਾਲ ਜੀ ਨੂੰ ਰਤਾ ਕੁ ਹਿਲਾਇਆ ਅਤੇ ਕੁਝ ਜਾਨਣਾ ਚਾਹਿਆ।ਪਰ ਉਨ੍ਹਾਂ ਉੱਪਰ ਚੱਲਣ ਦਾ ਇਸ਼ਾਰਾ ਕੀਤਾ।ਮੈਂ ਉਨ੍ਹਾਂ ਨੂੰ ਸਹਾਰਾ ਦੇ ਕੇ ਉੱਪਰ ਲੈ ਆਇਆ।
“ਐਕਸੀਡੈਂਟ ਕਿਵੇਂ ਹੋ ਗਿਆ?”ਮੈਂ ਹੈਰਾਨੀ ਨਾਲ ਪੁੱਛਿਆ ਕਿਉਂ ਕਿ ਉਨ੍ਹਾਂ ਦੇ ਸ਼ਰੀਰ ਤੇ ਸੱਟ ਤਾਂ ਕੀ ਮਾਮੂਲੀ ਜਿਹੀ ਝਰੀਟ ਦਾ ਵੀ ਨਿਸ਼ਾਨ ਨਹੀਂ ਸੀ।
“ਕਿਸੇ ਨੇ ਪਿੱਛੋਂ ਕਾਰ ਮਾਰ‘ਤੀ”ਉਨ੍ਹਾਂ ਦੀ ਅਵਾਜ਼ ਐਨੀ ਹੌਲੀ ਸੀ ਕਿ ਮੈਨੂੰ ਆਪਣਾ ਕੰਨ ਉਨ੍ਹਾਂ ਦੇ ਮੂੰਹ ਦੇ ਲਾਗੇ ਲਿਜਾਣਾ ਪਿਆ ਸੀ।
“ਐਕਸੀਡੈਂਟ ਕਿੱਥੇ ਹੋਇਆ?”
“ਮਿਲਰ ਗੰਜ ਵਿਚ”।
“ਤੁਹਾਡੀ ਸਾਈਕਲ ਕਿੱਥੇ ਐ?”
“ਉੱਥੇ ਹੀ ਕਿਸੇ ਦੀ ਦੁਕਾਨ ਤੇ ਛੱਡ ਆਇਆ ਆਂ”।
ਸਮਝਦਿਆਂ ਦੇਰ ਨਾ ਲੱਗੀ ਕਿ ਹਜਰਤ ਝੂਠ ਬੋਲ ਰਹੇ ਨੇ।ਸਾਡੇ ਘਰ ਤੋਂ ਮਿਲਰ ਗੰਜ ਘੱਟੋ-ਘੱਟ ਪੰਜ ਕਿੱਲੋਮੀਟਰ ਜ਼ਰੂਰ ਹੋਵੇਗਾ।ਜਨਾਬ ਦਾ ਐਕਸੀਡੈਂਟ ਹੋਇਆ ਮਿਲਰਗੰਜ ’ਚ ਤੇ ਆ ਗਏ ਸਾਡੇ ਘਰ,ਜਿਵੇਂ ਐਥੇ ਸਿਵਲ ਹਸਪਤਾਲ ਹੋਵੇ।ਖੈਰ!ਉਨ੍ਹਾਂ ਨੂੰ ਪੱਖੇ ਥੱਲੇ ਲੰਮੇ ਪਾ ਦਿੱਤਾ।
ਕੁਝ ਖਾਣ-ਪੀਣ ਲਈ ਪੁੱਛਿਆ ਤਾਂ ਉਨ੍ਹਾਂ ਇਸ਼ਾਰੇ ਨਾਲ ਕਾਗਜ਼ ਪੇਂਸਿਲ ਮੰਗੀ(ਜਦੋਂ ਵੀ ਨਿਹਾਲ ਜੀ ਨੂੰ ਕੁਝ ਹੁੰਦੈ ਤਾਂ ਪਤਾ ਨੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਕੈਂਚੀ ਵਾਂਗ ਚੱਲਣ ਵਾਲੀ ਅਵਾਜ਼ ਤੇ ਹੀ ਅਸਰ ਹੁੰਦਾ ਹੈ,ਅਜੇ ਤੀਕ ਇਸ ਦਾ ਪਰਦਾਫਾਸ਼ ਨਹੀਂ ਹੋਇਆ।)
ਮੈਂ ਉਨ੍ਹਾਂ ਨੂੰ ਕਾਗਜ਼ ਪੈਂਸਿਲ ਫੜਾ ਦਿੱਤੇ।ਨਿਹਾਲ ਜੀ ਨੇ ਪਾਸਾ ਲੱਤਾ ਅਤੇ ਕਾਗਜ਼ ਤੇ ਮੋਟੇ ਅੱਖਰਾਂ ਵਿਚ ਲਿਖ ਦਿੱਤਾ-“ਮੇਰੇ ਵਾਸਤੇ ਅੱਧਾ ਕਿੱਲੋ ਦੁੱਧ ਅਤੇ ਪੰਜਾਹ ਗਰਾਮ ਖਮੀਰਾ ਗਾਜਵਾਨ ਮੰਗਵਾ ਦਿਓ”।
ਸਾਡੇ ਬੱਚੇ ਨਿਹਾਲ ਜੀ ਦੀ ਐਕਟਿੰਗ ਵੇਖ ਕੇ ਆਪਸ ਵਿਚ ਖੁਸਰ-ਫੁਸਰ ਕਰਨ ਲੱਗ ਪਏ ਸਨ।ਨਿਹਾਲ ਜੀ ਦਾ ਏਹ ਰੋਲ(ਜੁਬਾਨ ਬੰਦ ਹੋਣ ਦਾ)ਉਹ ਪਹਿਲਾਂ ਵੀ ਕਈ ਵਾਰੀ ਵੇਖ ਚੁੱਕੇ ਸਨ।
ਨਿਹਾਲ ਚੰਦ ਜੀ ਦੇ ਆਰਡਰ ਤੇ ਤੁਰਤ ਅਮਲ ਕੀਤਾ ਗਿਆ।ਚਿੰਟੂ ਮੀਆਂ(ਮੇਰਾ ਵੱਡਾ ਬੇਟਾ)ਨੂੰ ਤੇਜ ਧੁੱਪ ਵਿਚ ਬਜ਼ਾਰ ਜਾਣਾ ਪਿਆ।ਖਮੀਰਾ ਅਤੇ ਦੁੱਧ ਰਗੜਨ ਮਗਰੋਂ ਨਿਹਾਲ ਜੀ ਘਰਾੜੇ ਮਾਰਨ ਲੱਗੇ ਸਨ।ਮਜ਼ਬੂਰ ਹੋ ਕੇ ਸਾਨੂੰ ਹਥਿਆਰ ਸੁੱਟਣੇ ਪਏ ਅਤੇ ਦੂਜੇ ਕਮਰੇ ਵਿਚ(ਜਿੱਥੇ ਪੱਖਾ ਵੀ ਨਹੀਂ)ਸ਼ਰਨ ਲੈਣੀ ਪਈ ਸੀ।
ਸ਼ਾਮ ਵੇਲੇ ਮੇਰਾ ਇਕ ਦੋਸਤ ਆ ਗਿਆ ।ਸਾਨੂੰ ਪਸੀਨੇ ਨਾਲ ਭਿੱਜਿਆ ਵੇਖ ਰਤਾ ਗੁੱਸੇ ਨਾਲ ਬੋਲਿਆ,“ਕਮਾਲ ਦੇ ਆਦਮੀ ਓ ਤੁਸੀਂ।ਪੱਖਾ ਵੀ ਨੀ ਚਲਾ ਸਕਦੇ?”
ਮੈਂ ਉਸ ਨੂੰ ਸਾਰੀ ਕਹਾਣੀ ਸੁਣਾਈ।ਬਾਕੀ ਗੱਲਾਂ ਤੇ ਤਾਂ ਉਸ ਨੂੰ ਐਤਬਾਰ ਆ ਗਿਆ ਪਰ ਨਿਹਾਲ ਜੀ ਦੀ ਮੋਨੋ-ਐਕਟਿੰਗ ਉਸ ਨੂੰ ਹਜਮ ਨਹੀਂ ਹੋਈ।ਸੱਚ ਨੂੰ ਸਬੂਤ ਕੀ।ਮੈਂ ਉਸ ਨੂੰ ਦੂਜੇ ਕਮਰੇ ਵਿਚ ਲੈ ਆਇਆ।ਨਿਹਾਲ ਜੀ ਹਾਲੇ ਤੀਕ ੳੁੱਠੇ ਨਹੀਂ ਸਨ।
“ਕਿੱਦੈਂ ਤਬੀਅਤ ਹੁਣ?”ਮੈਂ ਪੁੱਛਿਆ।
ਅੱਖਾਂ ਰਤਾ ਜਿੰਨੀਆਂ ਖੋਲ੍ਹ ਕੇ ਬੰਦ ਕਰਦਿਆਂ ਉਨ੍ਹਾਂ ਇੰਜ ਸਿਰ ਹਿਲਾਇਆ ਜਿਵੇਂ ਆਖ ਰਹੇ ਹੋਣ ਕਿ ਹੁਣ ਕੁਝ ਅਰਾਮ ਹੈ।
“ਖਾਣ-ਪੀਣ ਲਈ ਕੁਝ ਚਾਹੀਦੈ?”ਮੈਂ ਫੇਰ ਪੁੱਛਿਆ।
ਉਨ੍ਹਾਂ ਪੈਂਸਿਲ-ਕਾਗਜ਼ ਲਿਆਉਣ ਲਈ ਇਸ਼ਾਰਾ ਕਰ ਦਿੱਤਾ।
“ਕੀ ਹਾਲੇ ਤੀਕ ਵੀ ਨਹੀਂ ਬੋਲਿਆ ਜਾਂਦਾ?”ਮੈਂ ਪੁੱਛਿਆ ਤਾਂ ਨਿਹਾਲ ਜੀ ਨੇ ‘ਹਾਂ’ਵਿਚ ਸਿਰ ਹਿਲਾ ਦਿੱਤਾ।
ਮੈਂ ਕਾਗਜ਼ ਅਤੇ ਪੈਂਸਿਲ ਉਨ੍ਹਾਂ ਦੇ ਮੂਹਰੇ ਰੱਖ ਦਿੱਤੀ।ਉਨ੍ਹਾਂ ਨੇ ਕਾਗਜ਼ ਤੇ ਲਿਖਣਾ ਸ਼ੁਰੂ ਕਰ ਦਿੱਤਾ-“ਰਾਤ ਨੂੰ ਬੈਗਨ ਦਾ ਭੁੜਥਾ ਅਤੇ ਆਲੂ ਦਾ ਰਾਇਤਾ ਖਾਵਾਂਗਾ”।
ਮੈਂ ਉਹ ਕਾਗਜ਼ ਆਪਣੇ ਮਿੱਤਰ ਵੱਲ ਕਰ ਦਿੱਤਾ।
ਅਸੀਂ ਦੋਵੇਂ ਹਲਕਾ ਜਿਹਾ ਮੁਸਕਰਾ ਪਏ।
ਇਕ ਦੋ ਪਲ ਬਾਅਦ ਮੈਂ ਆਖਿਆ-“ਯਾਰ,ਐਤਕੀ ਕਾਂਗ੍ਰੇਸ ਨੂੰ ਵੋਟ ਨਹੀਂ ਪਾਉਣੀ,ਕਿਸੋ ਹੋਰ ਪਾਰਟੀ ਨੂੰ ਚਾਂਸ ..”
“ਕੀ ਕਿਹੈ ਕਾਂਗਰਸ ਨੂੰ ਵੋਟ ਨੀ ਪੌਣੀ”ਨਿਹਾਲ ਜੀ ਦੀ ਬੁਲੰਦ ਆਵਾਜ਼ ਨੇ ਤਾਂ ਸਾਨੂੰ ਹੈਰਾਨ ਕਰ ਦਿੱਤਾ ਸੀ।ਉਹ ਇਕਦਮ ਮੰਜੇ ਤੇ ਉੱਠ ਬੈਠੇ ਸਨ-“ਤੁਹਾਨੂੰ ਕੀ ਪਤੈ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕਾਂਗਰਸ ਨੇ ਕੀ ਕੁਝ ਕੀਤੈ..”
ਮੇਰਾ ਮਿੱਤਰ ਡੌਰ-ਭੌਰ ਜਿਹਾ ਹੋਇਆ ਨਿਹਾਲ ਜੀ ਦੀ ਮੰਝੀ ਹੋਈ ਐਕਟਿੰਗ ਵੇਖ ਰਿਹਾ ਸੀ।
000
ਤੁਲਸੀ ਦਾਸ ਜੀ ਵਾਂਗ ਨਿਹਾਲ ਜੀ ਵੀ ਪਤਨੀ ਦਾ ਵਿਛੋੜਾ ਸਹਿਨ ਨਹੀਂ ਕਰ ਸਕਦੇ ਅਤੇ ਪਤਨੀ ਦੇ ਪੇਕੇ ਜਾਂਦਿਆਂ ਸਾਰ ਹੀ ਦੋ-ਚਾਰ ਦਿਨਾਂ ਮਗਰੋਂ ਖੁਦ ਵੀ ਸਹੁਰੇ ਪਹੁੰਚ ਜਾਂਦੇ ਹਨ।ਪਰ ਪਤਾ ਨੀ ਕਿਉਂ ਹਰ ਵਾਰੀ ਇੱਕੋ ਬਹਾਨਾ ਲਗਾਉਂਦੇ ਹਨ-“ਮੈਂ ਏਧਰ ਟੂਰ ਤੇ ਆਇਆ ਸੀ।ਸੋਚਿਆ ਤੁਹਾਨੂੰ ਵੀ ਮਿਲ ਜਾਵਾਂ।”
ਹੁਣ ਜਿਹੜੀ ਗੱਲ ਮੈਂ ਆਪਜੀ ਦੱਸਣ ਜਾ ਰਿਹਾ ਹਾਂ ਇਹ ਉਦੋਂ ਦੀ ਹੈ ਜਦੋਂ ਨਿਹਾਲ ਜੀ ਦੀ ਸ਼ਾਦੀ ਹੋਇਆਂ ਹਾਲੇ ਇਕ ਸਾਲ ਹੀ ਹੋਇਆ ਸੀ।ਸਹੁਰੇ ਘਰ ਪੈਰ ਪਾਉਂਦਿਆਂ ਨਿਹਾਲ ਜੀ ਗੁੱਸੇ ਨਾਲ ਲਾਲ ਪੀਲੇ ਹੋ ਗਏ ਸਨ।“ਕਿੱਦਾਂ ਦੇ ਬਿੱਜੂ ਲੋਕ ਓਂ?ਅਖਬਾਰ ਵੀ ਨੀ ਲੈਂਦੇ।ਦੇਸ਼ ਵਿਚ ਕੀ ਹੋ ਰਿਹੈ,ਥੋਨੂੰ ਕੀ ਸੁਆਹ ਪਤਾ ਲੱਗੂ।ਮੇਰੇ ਲਈ ਹੁਣੇ ਅਖਬਾਰ ਲੈ ਕੇ ਆਓ..ਜਿੱਥੋਂ ਮਰਜੀ ਲਿਆਓ..ਤੇ ਨਾਲੇ ਸੁਣੋ..ਮੈਨੂੰ ਗਰੇਜ਼ੀ ਦਾ ਅਖਬਾਰ ਚਾਹੀਦੈ..ਹਿੰਦੀ ਪੰਜਾਬੀ ਦਾ ਨੀ।”
ਸਹੁਰੀ ਘਰੀਂ ਤਾਂ ਨੱਠ ਭੱਜ ਸ਼ੁਰੂ ਹੋ ਗਈ ਸੀ।ਕਿੱਥੋਂ ਲਿਆਉਣ ਅਖਬਾਰ!ਪਿੰਡ ਵਿਚ ਕੌਣ ਅਖਬਾਰ ਮੰਗਵਾਉਂਦੈ।ਉਰਦੂ ਜਾਂ ਪੰਜਾਬੀ ਦਾ ਅਖਬਾਰ ਤਾਂ ਭਾਵੇਂ ਮਿਲ ਜਾਂਦਾ ਪਰ ਅੰਗ੍ਰੇਜ਼ੀ ਦਾ ਕਿੱਥੋਂ ਲਿਆਉਂਦੇ।ਖੈਰ ਉਨ੍ਹਾਂ ਦੀ ਨੱਠ-ਭੱਜ ਬੇਕਾਰ ਨਹੀਂ ਗਈ ਅਤੇ ਸਕੂਲ ਵਿਚੋਂ ਅਖਬਾਰ ਦੀ ਇਕ ਪੁਰਾਣੀ ਕਾਪੀ ਮਿਲ ਗਈ ਸੀ।
ਅਖਬਾਰ ਵੇਖ ਕੇ ਨਿਹਾਲ ਜੀ ਦੇ ਚਿਹਰੇ ਤੇ ਰੌਣਕ ਆ ਗਈ ਸੀ ਅਤੇ ਉਨ੍ਹਾਂ ਨੇ ਆਪਣੀਆਂ ਨਜ਼ਰਾਂ ਅਖਬਾਰ ਦੇ ਵਰਕੇ ਤੇ ਟਿਕਾ ਦਿੱਤੀਆਂ ਸਨ।
ਪਰ ਅਚਾਨਕ ਉਨ੍ਹਾਂ ਦੇ ਅੱਠਵੀਂ ’ਚ ਪੜ੍ਹਨ ਵਾਲੇ ਹੋਣਹਾਰ ਸਾਲੇ ਨੇ ਟੋਕ ਦਿੱਤਾ-“ਜੀਜਾ ਜੀ,ਅਖਬਾਰ ਤਾਂ ਤੁਸੀਂ ਪੁੱਠਾ ਫੜਿਆ ਹੋਇਐ।”
ਨਿਹਾਲ ਜੀ ਦੀ ਤਾਂ ਜਿਵੇਂ ਬੋਲਤੀ ਬੰਦ ਹੋ ਗਈ ਸੀ।ਇਸ ੳੁੱਲੂ ਦੇ ਪੱਠੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਨੂੰ ਅੰਗ੍ਰੇਜ਼ੀ ਨਹੀਂ ਆਉਂਦੀ।ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਮੁੰਡੇ ਤੇ ਗਰਜ ਕੇ ਬੋਲੇ-“ਚੁੱਪ ਓਏ,ਤੇਰੇ ਖਾਨ ਦਾਨ ਵਿਚ ਵੀ ਕਿਸੇ ਨੇ ਅੰਗ੍ਰੇਜ਼ੀ ਪੜੀ ਏ!ਤੈਨੀ ਕੀ ਪਤੈ ਪਾਲਟਕਸ(ਪੌਲੀਟਿਕਸ)ਕੀ ਹੁੰਦੀ ਐ।ਅਰੇ ਮੀਆਂ ਅਸੀਂ ਤਾਂ ਬਿਨਾ ਵੇਖੇ ਈ ਏਹ ਦੱਸ ਸਕਦੈ ਆਂ ਕਿ ਅਖਬਾਰ ਵਿਚ ਕੀ ਲਿਖਿਐੈ।ਏਹ ਅਖਬਾਰ ਵਾਲੇ ਸਾਥੋਂ ਜਿਆਦਾ ਤਾਂ ਨੀ ਜਾਣਦੇ।ਬੀਹ-ਬੀਹ ਪਾਰਟੀਆਂ ਵਿਚ ਕੰਮ ਕੀਤੈ ਅੱਪਾਂ।ਸਾਨੂੰ ਏਹੋ ਜਹੀ ਵਾਹੀਯਾਤ ਗੱਲ ਕਰਨ ਦੀ ਕਿਸੇ ਵੱਡੇ-ਵੱਡੇ ਦੀ ਹਿਮੰਤ ਨੀ ਪਈ,ਤੂੰ ਕਿਹੜਾ ਲਾਢੂ ਖਾਨ ਸਮਝਦੈਂ ਆਪਣੇ ਆਪ ਨੂੰ।ਗਟਾਉਟ।ਸਪੀਕ ਇੰਟੈਲੀਜੈਂਟ..”।
ਹਾਲੇ ਪਤਾ ਨਹੀਂ ਕਿੰਨੀ ਦੇਰ ਨਿਹਾਲ ਚੰਦ ਜੀ ਦਾ ਲੈਕਚਰ ਚਾਲੂ ਰਹਿੰਦਾ ਜੇ ਉਨ੍ਹਾਂ ਦੀ ਨਜ਼ਰ ਰਸੋਈ ਘਰ ਚੋਂ ਹੱਥ’ਚ ਬੇਲਣ ਲੈ ਕੇ ਆਉਂਦੀ ਸ਼੍ਰੀਮਤੀ ਨਿਹਾਲ ਚੰਦ ਤੇ ਨਾ ਪੈਂਦੀ।ਉਸ ਨੂੰ ਵੇਖਦਿਆਂ ਸਾਰ ਹੀ ਉਨ੍ਹਾਂ ਦੀ ਤਾਂ ਜਿਵੇਂ ਸੰਘੀ ਨੱਪੀ ਗਈ ਸੀ।
000
ਨਿਹਾਲ ਚੰਦ ਜੀ ਦੀ ਕੁਰਬਾਨੀ ਨੂੰ ਭਾਵੇਂ ਕੋਈ ਭੁੱਲ ਜਾਵੇ ਪਰ ਉਨ੍ਹਾਂ ਜਿਸ ਕਿਸੇ ਦਾ ਵੀ ਕੋਈ ਕੰਮ ਕੀਤਾ ਹੈ ਉਸ ਨੂੰ ਕਦੇ ਨੀ ਭੁੱਲਦੇ।
ਇਕ ਸਪੇਅਰ ਪਾਰਟਸ ਵੇਚਣ ਵਾਲੇ ਦੀ ਦੁਕਾਨ ਤੇ ਦੋ-ਚਾਰ ਮਹੀਨੇ ਨਿਹਾਲ ਚੰਦ ਜੀ ਨੇ ਕੰਮ ਕੀਤਾ ਸੀ।ਦੁਕਾਨ ਦਾ ਕੰਮ ਘੱਟ ਪਰ ਘਰ ਦਾ ਕੰਮ ਜਿਆਦਾ ਹੁੰਦਾ ਸੀ।ਪਰ ਨਿਹਾਲ ਚੰਦ ਜੀ ਤਾਂ ਸੇਵਾ ਭਾਵ ਵਾਲੇ ਬੰਦੇ ਹਨ।ਦੁਕਾਨ ਦੇ ਮਾਲਕ ਸੰਭੂ ਨਾਥ ਨੇ ਕੋਠੀ ਬਣਵਾਈ ਤਾਂ ਮਈ-ਜੂਨ ਦੀ ਅੱਗ ਬਰਸਾਉਣ ਵਾਲੀ ਧੁੱਪ ਵਿਚ ਖਲ੍ਹੋ ਕੇ ਨਿਹਾਲਚੰਦ ਜੀ ਮਜਦੂਰਾਂ ਤੋਂ ਕੰਮ ਕਰਵਾਉਂਦੇ ਰਹੇ।ਕੀ ਮਜਾਲ ਕਦੇ ਮੱਥੇ ਤੇ ਵਟ ਪਾਏ ਹੋਣ।ਪਰ ਸੰਭੂਨਾਥ ਨੇ ਕੀ ਇਨਾਮ ਦਿੱਤਾ।ਬੇਵਜ੍ਹਾ(ਨਿਹਾਲ ਜੀ ਦੇ ਕਹਿਣ ਅਨੁਸਾਰ)ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਸੀ।ਸੰਭੂ ਨਾਥ ਦਾ ਕਹਿਣਾ ਸੀ ਕਿ ਏਹ ਬੰਦਾ ਬਹੁਤ ਬਕਬਕ ਕਰਦਾ ਰਹਿੰਦੈ।
ਕੁਝ ਮਹੀਨੇ ਹੋਏ ਸੰਭੂਨਾਥ ਦੀ ਕੁੜੀ ਦਾ ਵਿਆਹ ਸੀ।ਜਿਵੇਂ ਕਿ ਪਤਾ ਹੀ ਸੀ,ਨਿਹਾਲ ਚੰਦ ਨੂੰ ਸੱਦਾ ਪੱਤਰ ਨਹੀਂ ਮਿਲਿਆ।
“ਅਸੀਂ ਨੀ ੳੁੱਥੇ ਜਾਣਾ।ਸਾਨੂੰ ਕਿਹੜਾ ਕਿਸੇ ਨੇ ਬੁਲਾਇਐ”ਪਤਨੀ ਰਤਾ ਅੜੀਅਲ ਸੁਭਾੳੇ ਦੀ ਹੈ।
“ਆਪਣਿਆਂ ਨਾਲ ਕਾਹਦੀ ਫਰਮੈਲਟੀ!ਕਾਰਡ ਵਾਰਡ ਤਾਂ ਸਭ ਵਿਖਾਵੇ ਦੀਆਂ ਗੱਲਾਂ ਨੇ..” ਨਿਹਾਲ ਜੀ ਦਲੀਲ ਵਜਨਦਾਰ ਸੀ।
..ਅਤੇ ਉਹ ਆਪਣੀ ਪਲਾਟੂਨ ਨਾਲ ੳੁੱਥੇ ਜਾ ਪੁੱਜੇ।
ਬੱਲੇ ਓਏ ਕਿਰਤਘਨ ਇਨਸਾਨ।ਨਹੀਂ ਰੀਸਾਂ ਤੇਰੀਆਂ।ਸੰਭੂ ਨਾਥ ਨੇ ਨਿਹਾਲ ਜੀ ਨੂੰ ਵੇਖ ਕੇ ਦੂਜੇ ਪਾਸੇ ਮੂੰਹ ਫੇਰ ਲਿਆ ਸੀ।
ਨਿਹਾਲ ਜੀ ਨੇ ਉਨ੍ਹਾਂ ਨੂੰ ਪਿੱਠ ਮਗਰੋਂ ਹੀ ਫਤਹਿ ਬੁਲਾਈ ਅਤੇ ਆਪਣੀ ਪਲਾਟੂਨ ਨਾਲ ਪੰਡਾਲ ਵਿਚ ਚਲੇ ਗਏ।
ਬਰਾਤ ਰੋਟੀ ਖਾ ਕੇ ਚਲੀ ਗਈ ਤਾਂ ਮੇਲ-ਮਿਲਾਪ ਅਤੇ ਰਿਸ਼ਤੇਦਾਰ ਖਾਣਾ ਖਾਣ ਲੱਗੇ ਤਾਂ ਨਿਹਾਲ ਜੀ ਦੀ ਪਲਾਟੂਨ ਵੀ ਡਟ ਗਈ ਅਤੇ ਜਦੋਂ ਤੱਕ ਪੇਟ ਦੀਆਂ ਆਂਤੜੀਆਂ ਚੀਕਾਂ ਨਾ ਮਾਰਣ ਲੱਗ ਪਈਆਂ ਉਦੋਂ ਤੀਕ ਢਿੱਡ ਵਿਚ ਤੁੰਨਦੇ ਰਹੇ।ਟੈਂਕੀ ਫੁੱਲ ਹੋ ਜਾਣ ਮਗਰੋਂ ਨਿਹਾਲ ਜੀ ਨੇ ਸੇਬ ਅਤੇ ਸੰਤਰੇ ਚੁੱਕ ਕੇ ਬੱਚਿਆਂ ਦੀਆਂ ਜੇਬਾਂ ਭਰਣੀਆਂ ਸ਼ੁਰੂ ਕਰ ਦਿੱਤੀਆਂ।
ਲਾਲਾ ਸ਼ੰਭੂਨਾਥ ਤੋਂ ਜਿਵੇਂ ਹੁਣ ਬਰਦਾਸਤ ਨਾ ਹੋਇਆ-“ਕੁਝ ਤਾਂ ਸ਼ਰਮ ਕਰ ਭੁੱਖੜਾ।ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਐ।ਪਹਿਲਾਂ ਤਾਂ ਬਿਨਾ ਬੁਲਾਏ ਮੂੰਹ ਚੁੱਕ ਕੇ ਆਪਣੀ ਫੌਜ ਲੈ ਕੇ ਆ ਗਿਐ…ਮੈਂ ਫੇਰ ਵੀ ਕੁਝ ਨੀ ਕਿਹਾ..ਤੇ ਹੁਣ..”।
“ਓਹ..ਓਹ ਬੱਚੇ ਫੂੁਟ ਲਈ ਜਿੱਦ ਕਰ ਰਹੇ ਸਨ”।
“ਜਿੱਦ ਕਰ ਰਹੇ ਸਨ।ਕਿਉਂ ਉਨ੍ਹਾਂ ਦੇ ਬੁੜ੍ਹੇ ਦਾ ਮਾਲ ਐ?”
ਨਿਹਾਲ ਜੀ ਹਾਲੇ ਕੁਝ ਬੋਲ ਵੀ ਨਹੀਂ ਸਕੇ ਸਨ ਕਿ ਤਦੇ ੳਨ੍ਹਾਂ ਦੀ ਸ਼੍ਰੀਮਤੀ ਜੀ ਨੇ ਉਨ੍ਹਾਂ ਨੂੰ ਪੂਰੇ ਜੋਰ ਦੀ ਧੱਕਾ ਮਾਰਿਆ-“ਹੁਣ ਡੁੱਬ ਮਰਦਾ ਕਿਉਂ ਨੀ ਕਿਤੇ ਜਾਕੇ।ਕਿਉਂ ਆਪਣੀ ਹਦਕ ਕਰੌਣ ਲੱਗਿਐਂ?”
ਸ਼੍ਰੀਮਤੀ ਦਾ ਧੱਕਾ ਕਿਸੇ ਪੈਟਨ ਟੈਕ ਤੋਂ ਘੱਟ ਨਹੀਂ ਸੀ।ਵਿਚਾਰੇ ਨਿਹਾਲ ਜੀ ਫੁੱਟਬਾਲ ਵਾਂਗ ਰੁੜਣ ਲੱਗੇ ਸਨ।
ਘਰ ਪਹੁੰਚਦਿਆਂ ਸਾਰ ਹੀ ਸ਼੍ਰੀਮਤੀ ਦਾ ਪਾਰਾ ਸਾਰੇ ਰਿਕਾਰਡ ਤੋੜ ਰਿਹਾ ਸੀ-“ਮੰਗਤਿਆ ਵਾਂਗ ਮੂੰਹ ਚੁੱਕ ਕੇ ਤੁਰ ਪੈਂਦੇ ਓਂ।ਜਦੋਂ ਕਿਸੇ ਨੇ ਸੱਦਿਆ ਈ ਨੀ ਸੀ ਤਾਂ ਕੀ ਲੋੜ ਪਈ ਸੀ ਜਾਣ ਦੀ ।”
“ਫੇਰ ਕੀ ਹੋ ਗਿਆ…ਜੋ ਹੋਣਾ ਸੀ ਹੋ ਗਿਆ ।ਹੁਣ ਐਵੇਂ ਕਿਉਂ ਕਲਪੀ ਜਾਈਏ..ਵਧੀਆ ਖਾਣਾ ਵੀ ਤਾਂ ਡਟ ਕੇ ਖਾ ਆਏ ਆਂ..”।
“ਮੈਂ ਤਾਂ ਥੁੱਕਦੀ ਵੀ ਨੀ ਏਹੋ ਜਹੇ ਖਾਣੇ ਤੇ..”ਸ਼੍ਰੀਮਤੀ ਖਿਝ ਕੇ ਬੋਲੀ।
ਵਿਸਥਾਰ ਵਿਚ ਕੀ ਦੱਸੀਏ,ਬਸ ਐਨਾ ਸਮਝ ਲਓ ਕਿ ਛੇਤੀ ਹੀ ੳੁੱਥੇ ਵਿਸ਼ਵ ਦਾ ਤੀਜਾ ਯੁੱਧ ਸ਼ੁਰੂ ਹੋ ਗਿਆ ਸੀ ਤੇ ‘ਸੀਜ ਫਾਇਰ’ ਉਦੋਂ ਹੋਈ ਜਦੋਂ ਨਿਹਾਲ ਜੀ ਮੈਦਾਨ ਛੱਡ ਚੁੱਕੇ ਸਨ ਇਹ ਕਹਿੰਦੇ ਹੋਏ-“ਮੈਂ ਖੁਦਕੁਸ਼ੀ ਕਰਨ ਜਾ ਰਿਹੈਂ।ਮੇਰੀ ਵੈਟ(ਵੇਟ)ਨਾ ਕਰਨਾ।”
ਪਹਿਲਾਂ ਤਾਂ ਸ਼੍ਰੀਮਤੀ ਅਤੇ ਆਂਢ-ਗੁਆਂਢ ਵਾਲਿਆਂ ਨੇ ਏਸ ਨੂੰ ਫੋਕੀ ਧਮਕੀ ਸਮਝਿਆ ।ਪਰ ਜਦੋਂ ਰਾਤ ਦੇ ਗਿਆਰਾਂ ਵੱਜੇ ਤੱਕ ਵੀ ਨਿਹਾਲ ਜੀ ਵਾਪਸ ਨਾ ਪਰਤੇ ਤਾਂ ਘਰ ਵਿਚ ਐਮਰਜੈਂਸੀ ਡਿਕਲੇਅਰ ਕਰਨੀ ਪੈ ਗਈ।ਸੁਰੱਖਿਆ ਲਈ ਕੁਝ ਲੋਕੀ ਸਟੇਸ਼ਨ ਵੱਲ ਭੱਜੇ ਅਤੇ ਕੁਝ ਸ਼ਹਿਰ ਦੇ ਬਾਹਰ ਗੰਦੇ ਨਾਲੇ ਵੱਲ।
…ਅਤੇ ਏਧਰ ਨਿਹਾਲ ਜੀ ਸਾਡੇ ਘਰ ਬੜੇ ਇਤਮਿਨਾਨ ਨਾਲ ਕੌਫੀ ਦੇ ਘੁੱਟ ਭਰ ਰਹੇ ਸਨ।ਰਾਤ ਦੇ ਦਸ-ਸਾਢੇ ਦਸ ਵਜੇ ਦੇ ਕਰੀਬ ਨਿਹਾਲ ਜੀ ਨੂੰ ਆਪਣੇ ਘਰ ਆਇਆ ਵੇਖ ਕੇ ਅਸੀਂ ਹੈਰਾਨ ਹੋ ਗਏ ਸਾਂ।
“ਮੈਂ ਕਿਸੇ ਦੀ ਸ਼ਾਦੀ ਤੇ ਗਿਆ ਸੀ।ਏਧਰੋਂ ਲੰਘ ਰਿਹਾ ਸੀ ਸੋਚਿਆ ਤੁਹਾਨੂੰ ਵੀ ਮਿਲ ਜਾਵਾਂ” ਉਨ੍ਹਾਂ ਆਖਿਆ।
“ਏਹ ਤਾਂ ਤੁਸੀਂ ਬੜੀ ਮਿਹਰਬਾਨੀ ਕੀਤੀ।ਹੁਣ ਅਸੀਂ ਕੀ ਸੇਵਾ ਕਰੀਏ ਆਪ ਜੀ ਦੀ”ਮੈਂ ਪੁੱਛਿਆ।
“ਫਿਲਹਾਲ ਤਾਂ ਕੋਈ ਲੋੜ ਨੀ।ਖੂਭ ਦਬੱਲ ਕੇ ਖਾਧੈ”।
“ਜਦੋਂ ਤੱਕ ਥੋਡੇ ਢਿੱਡ ਵਿਚ ਭੋਰਾ ਕੁ ਵੀ ਥ੍ਹਾਂ ਹੋਵੇ ਤੁਸੀਂ ਭਲਾ ਕਦੋਂ ਬੱਸ ਕਰਨ ਵਾਲੇ ਓ”ਮੈਂ ਰਾਤ ਵਿਅੰਗਾਤਮਕ ਸੁਰ ਵਿਚ ਆਖਿਆ,ਪਰ ਨਿਹਾਲ ਜੀ ਇਹੋ ਜਹੀਆਂ ਗੱਲਾਂ ਦੀ ਜਿਆਦਾ ਪਰਵਾਹ ਨਹੀਂ ਕਰਦੇ।ਹੱਸਦਿਆਂ ਬੋਲੇ-“ਇੰਜ ਤਾਂ ਚਲੱਦਾ ਈ ਏ”।
“ਇਕ ਕੱਪ ਚਾਹ ਤਾਂ ਪੀ ਈ ਸਕਦੇ ਹੋ?”ਮੈਂ ਫੇਰ ਪੁੱਛਿਆ।
“ਚਾਹ ਤਾਂ ਨੀ,ਜੇ ਪਿਲਾਉਣੀ ਈ ਏ ਤਾਂ ਕੌਫੀ ਬਣਾ ਦਿਓ।”
ਖਾਣ-ਪੀਣ ਦੇ ਮਾਮਲੇ ਵਿਚ ਨਿਹਾਲ ਜੀ ਇਕਦੱਮ ਸਪਸ਼ਟਵਾਦੀ ਹਨ।ਇੰਜ ਜਾਪਦੈ ਜਿੱਥੋਂ ਆਏ ਹੋਣਗੇ ਉੱਥੇ ਕਾਫੀ ਨਹੀਂ ਮਿਲੀ ਹੋਣੀ।
ਏਧਰ ਨਿਹਾਲ ਜੀ ਪੂਰੇ ਇਤਮਿਨਾਨ ਨਾਲ ਆਪਣੇ ਕਿੱਸੇ ਸੁਣਾ ਰਹੇ ਸਨ ਤੇ ਓਧਰ ਇਕ ਪੈਰਾਟਰੂਪਰ ਵਾਂਗ ਉਨ੍ਹਾਂ ਦੀ ਭਾਲ ਹੋ ਰਹੀ ਸੀ।
ਸਾਨੂੰ ਨੀਂਦ ਦੇ ਝਟਕੇ ਆਉਣ ਲੱਗੇ ਸਨ,ਪਰ ਨਿਹਾਲ ਜੀ ਉੱਥੋਂ ਜਾਣ ਦਾ ਨਾਂਅ ਹੀ ਨਹੀਂ ਲੈ ਰਹੇ ਸਨ।ਇਕ ਦੋ ਵਾਰੀ ਉਨ੍ਹਾਂ ਨੂੰ ਸਾਡੇ ਘਰੇ ਹੀ ਸੌਂ ਜਾਣ ਲਈ ਆਖਿਆ ਵੀ,ਪਰ ਉਨ੍ਹਾਂ ਮਨ੍ਹਾਂ ਕਰ ਦਿੱਤਾ ਸੀ।
ਬਾਰਾਂ ਵਜੇ ਦੇ ਕਰੀਬ ਨਿਹਾਲ ਜੀ ਦੇ ਅੰਗਰਕਸ਼ਕ ਉਹਨਾਂ ਨੂੰ ਲੱਭਦਿਆਂ-ਲੱਭਦਿਆਂ ਸਾਡੇ ਘਰ ਵੀ ਆ ਪੁੱਜੇ,ਤਾਂ ਕਿਤੇ ਅਸਲੀਅਤ ਦਾ ਪਤਾ ਲੱਗਿਆ।ਨਿਹਾਲ ਜੀ ਨੇ ਦੰਦੀਆਂ ਕੱਢਦਿਆਂ ਸਿਰਫ ਐਨਾ ਹੀ ਆਖਿਆ-“ਇੰਜ ਤਾਂ ਹੁੰਦਾ ਈ ਰਹਿੰਦੈ”।
000
ਨਿਹਾਲ ਜੀ ਦੇ ਗੁਣਾਂ ਬਾਰੇ ਦੱਸੀ ਜਾਣਾ ਸੰਭਵ ਨਹੀਂ।ਚੰਗਾ ਤਾਂ ਇਹੋ ਹੋਵੇਗਾ ਕਿ ਤੁਸੀਂ ਖੁਦ ਹੀ ਉਨ੍ਹਾਂ ਦੇ ਦਰਸ਼ਨਾਂ ਲਈ ਆ ਜਾਵੋ।ਕੀ ਕਿਹੈ ਜੇ ਤੁਸੀਂ ਆਵੋਗੇ,ਤਾਂ ਨਿਹਾਲ ਜੀ ਨੂੰ ਕਿੱਥੇ ਮਿਲੋਗੇ।
ਜਨਾਬ ਉਨ੍ਹਾਂ ਬਾਰੇ ਤਾਂ ਇਹ ਮਸ਼ਹੂਰ ਏ ਕਿ ਤੂੰ ਜਹਾਂ ਜਹਾਂ ਚਲੇਗਾ ਮੇਰਾ ਸਾਇਆ ਸਾਥ ਹੋਗਾ।ਬਸ ਇਕ ਵਾਰੀ ਮਿਲ ਕੇ ਤਾਂ ਵੇਖੋ।ਫੇਰ ਵੀ ਪਰੇਸ਼ਾਨੀ ਤੋਂ ਬਚਣ ਲਈ ਕੁਝ ਖਾਸ-ਖਾਸ ਥਾਵਾਂ ਇਸ ਤਰ੍ਹਾਂ ਹਨ-
ਜੇ ਕਿਤੇ ਜਲਸਾ ਹੋ ਰਿਹਾ ਹੋਵੇ ਤਾਂ ਉੱਥੇ ਬੇਮਤਲਬ ਤੋਂ ੳੁੱਛਲ-ੳੁੱਛਲ ਕੇ ਭਾਸ਼ਣ ਦੇਣ ਵਾਲਾ ਬੰਦਾ (ਜਿਹੜਾ ਭਾਸ਼ਣ ਮਗਰੋਂ ਦਰੀਆਂ ਅਤੇ ਕੁਰਸੀਆਂ ਵੀ ਚੁੱਕੇ)ਸ਼੍ਰੀ ਨਿਹਾਲ ਚੰਦ ਜੀ ਹੀ ਹਨ।
ਜੇ ਕਿਸੇ ਦੇ ਘਰ ਵਿਆਹ ਹੋਵੇ ਤਾਂ ਬਰਾਤੀਆਂ ਨਾਲ ਕੁੜੀ ਦੇ ਪਿਉ ਵਾਂਗ ਪੇਸ਼ ਆਉਣ ਵਾਲਾ ਅਤੇ ਬਾਅਦ ਵਿਚ ਸਫਾਈ ਵਿਚ ਮੱਦਦ ਕਰਨ ਵਾਲਾ ਅਤੇ ਮੌਕਾ ਲੱਗਦਿਆਂ ਹੀ ਝੌਲਾ ਭਰ ਕੇ ਮਿਠਿਆਈਆਂ ਅਤੇ ਕੁਝ ਚਮਚੇ(ਨਿਸ਼ਾਨੀ ਲਈ)ਲੈ ਜਾਣ ਵਾਲਾ ਵਿਅਕਤੀ ਉਹੋ ਮਹਾਰਥੀ ਹੈ ਜਿਸ ਦੀ ਆਪ ਜੀ ਨੂੰ ਭਾਲ ਹੈ।
ਜੇ ਬਦਕਿਸਮਤੀ ਨਾਲ ਤੁਸੀਂ ਇਨ੍ਹਾਂ ਥਾਵਾਂ ਤੇ ਉਨ੍ਹਾਂ ਨੂੰ ਨਾ ਮਿਲ ਸਕੋ ਤਾਂ ਅਖੀਰਲਾ ਮੌਕਾ ਜ਼ਰੂਰ ਸਫਲ ਹੋਵੇਗਾ।ਸਿੱਧੇ ਦਰੇਸੀ ਦੇ ਮੈਦਾਨ ਵਿਚ ਆ ਜਾਈਓ।ੳੁੱਥੇ ਕੁਝ ਬਜੁਰਗ ਲੋਕ ਹਰ ਐਤਵਾਰ ਨੂੰ ਸ਼ਮਾ (ਮੋਮਬੱਤੀ)ਰੌਸ਼ਨ ਕਰਕੇ ਮੁਸ਼ਾਇਰਾ ਕਰਦੇ ਹਨ।ੳੁੱਥੇ ਸਾਰਿਆਂ ਤੋਂ ੳੁੱਚੀ ਅਵਾਜ਼ ਵਿਚ ਉੱਛਲ-ਉੱਛਲ ਕੇ ਬੇਵਜ੍ਹਾ ਦਾਦ ਦੇਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਮਹਾਕਵੀ ਨਿਹਾਲ ਚੰਦ ਜੀ ਹੀ ਹਨ।
ਤੁਹਾਨੂੰ ਨਿਹਾਲ ਚੰਦ ਜੀ ਦੇ ਚੌਖਟੇ ਬਾਰੇ ਜਾਣ ਬੁੱਝ ਕੇ ਨਹੀਂ ਦੱਸਿਆ ।ਤੁਸੀਂ ਖੁਦ ਹੀ ਸੋਚੋ ਕਿ ਨਿਹਾਲ ਜੀ ਵਰਗੀ ਮਹਾਨ ਹਸਤੀ ਬਾਰੇ ਇਹ ਕਹਿਣਾ ਕਿ ਉਨ੍ਹਾਂ ਦੀ ਇਕ ਅੱਖ ਦਾ ਬਲਬ ਫਿਯੂਜ ਹੈ,ਸ਼ਰੀਰ ਐਨਾ ਭਾਰਾ ਕਿ ਹਵਾ ਦੇ ਇੱਕ ਬੁੱਲੇ ਨਾਲ ਹੀ ੳੁੱਡ ਜਾਵੇ,ਤੇ ਰੰਗ ਐਨਾ ਚਮਕੀਲਾ ਕਿ ਮੱਝ ਨੂੰ ਵੀ ਮਾਤ ਦੇ ਦੇਵੇ ਆਦਿ ਕਿੱਥੋਂ ਤੱਕ ਵਾਜਿਬ ਹੈ।
ਤੇ ਤੁਸੀਂ ਆ ਰਹੇ ਹੋ ਨਾ ਆਪਣੇ ਜੀਵਨ ਦਾ ਉਦਾਰ ਕਰਨ।