ਆਪਣਾ ਦੇਸ਼
ਕਯਾ ਹੈ ਪਿਆਰੇ?
ਆਪਣਾ ਦੇਸ਼ ਤਾਂ ਕੇਵਲ ਮੈਂ ਹਾਂ!!!
ਬਹੁਤ ਘੁੰਮੇਂ ਫਿਰੇ ਹਾਂ –
ਤੁਰਦਾ, ਫਿਰਦਾ,
ਅੰ ਨ੍ਹਾਂ ਖੂਹ ਲੈ –
ਪੁੱਠੀਆਂ ਟਿੰਡਾਂ ਵਾਂਗ ਗਿੜੇ ਹਾਂ!
ਆਪਣਾਂ ਅੰਬਰ,
ਆਪਣੀ ਧਰਤੀ –
ਆਪਣੀ ਹੀ ਵੀਰਾਨ ਆਬਾਦੀ!
ਵਾਂਗ ਵਰੋਲੇ,
ਫਰਸ਼ੋਂ ਛੱਤ ਤਕ –
ਅੰ ਨ੍ਹੀਂ ‘ਨ੍ਹੇਰੀ ਵਾਂਗ ਚੜ੍ਹੇ ਹਾਂ!
ਆਪੇ ਘੁ ੰਮੇਂ,
ਆਪੇ ਡਿੱਗੇ,
ਤੀਲਾ, ਤੀਲਾ, ਖੁ ੱਥਾ,
ਆਪਣਾ ਆਪ!
ਆਪਣੇ ਵਿਚ ਬੇਗਾਨੇਪਨ ਦਾ,
ਭੋਗੇ ਹਰ ਮਾਨੁੱਖ ਸੰਤਾਪ!
ਸ਼ਿਕਲੀਗਰਾਂ ਦੀ ਬਸਤੀ ਵਾਂਙੂੰ,
ਜਿੱਥੇ, ਜਿੱਥੇ ਹੋਏ ਆਬਾਦ –
ਉੱਥੇ ਆਪਣੀ ਬਰਬਾਦੀ ਦਾ,
ਆਪਣੇ ਹੱਥੀਂ ਲਿਖਿਆ ਬਾਬ!
ਆਪੇ, ਆਪਣੇ ਚੋਟ ਲਗਾਈ,
ਆਪੇ, ਆਪਣੇ ਹੰਝੂ ਕੇਰੇ –
ਆਪੇ, ਪੂੰਝੇ ਅੱਥਰੂ, ਡੁਸਕੇ,
ਆਪੇ ਹੀ, ਆਪਣਾਂ ਧਰਵਾਸ!
ਮੀਲਾਂ ਤਕ ਰੋਹੀ, ਬੀਆਬਾਨ,
ਸੂਰਜ ਦਾ ਭੱਠ, ਥਲ ਤੱਪਦਾ ਹੈ!
ਕਣ, ਕਣ ਵਿਚ, ਖੁਦ ਜਲ ਬਣ ਚਮਕੇ,
ਭਰਮ-ਜਲਾਂ ਵਿਚ, ਭਟਕੇ ਬਣ ਕੇ,
ਕੇਂਦਰੋਂ ਖੁੱਸੀ ਆਪਣੀ ਪਿਆਸ!
ਮਾਨੁੱਖ-ਮਾਰਾਂ ਦੀ ਬਸਤੀ ਵਿਚ, ਮਾਰੀ ਨਾਂ ਪਰ, ਫਿਰ ਵੀ ਆਸ!
ਕਦੇ ਤਾਂ ਮੌਸਮ ਬਦਲੇਗਾ ਹੀ,
ਬੇਘਰਿਆਂ ਨੂੰ ਮਿਲ ਜਾਏਗਾ,
ਦੇਸ਼ ਕਦੇ, ਕਦੇ ਘਰ-ਵਾਸ!
ਦੇਸ਼ ਬੇਗਾਨਾਂ ਹੋਇਆ,
ਆਪਣਾਂ ਦੇਸ਼ ਬੇ ਗਾਨਾਂ ਹੋਇਆ!!!
ਪਹਿਲਾਂ ਦੇਸ਼ ਰਹਿੰਦਿਆਂ, ਇੰਞ ਸੀ,
ਹੁਣ ਪਰਦੇਸ ਰਹਿੰਦਿਆਂ, ਇੰਞ ਹੈ!!!
ਆਪਣਾਂ ਦੇਸ਼
ਕਯਾ ਹੈ ਪਿਆਰੇ???
ਆਪਣਾਂ ਦੇਸ਼ ਤਾਂ ਕੇਵਲ ਮੈਂ ਹਾਂ!!!