ਖੁਸ਼ਹਾਲੀ / (ਕਵਿਤਾ)
ਇਕਬਾਲ ਗਿੱਲ
ਜਾਣਦੀ ਏ
ਪਹਿਚਾਣਦੀ ਏ
ਮੇਰੇ ਦੇਸ਼ ਦੀ ਸਰਕਾਰ
ਤਦੇ ਹੈ ਹਰ ਜਗਾਹ ਟੰਗਿਆ
ਖੁਸ਼ਿਹਾਲੀ ਦਾ ਇਸ਼ਤਿਹਾਰ
ਜਿਸਤੇ ਲਿਖਿਆ ਹੈ
“ਚਾਰ ਕੁ ਖਿੱਲਾਂ
ਦੋ ਕੁ ਧਰਮ ਦੇ ਖਿਡਾਉਣੇ
ਬਹੁਤ ਨੇ ਜੀਵੀ ਜਾਣ ਲਈ,
ਇਸ ਮਹਾਨ ਦੇਸ ਦੇ
ਲੋਕ ਕੋਈ ਪੇਟੂ ਨੇ ?
ਜੋ ਬੋਹਲ ਮੰਗਣ ਖਾਣ ਲਈ
--੦੦੦--
ਰੌਸ਼ਨ ਭਵਿੱਖ / (ਕਵਿਤਾ)
ਉਹ ਬੜੇ ਜੋਸ਼ੋ-ਖਰੋਸ਼ ਨਾਲ
ਹਿੱਕਦੇ ਨੇ
ਜਾਮ ਹੋਇਆ ਸਮੇਂ ਦਾ ਰਥ
ਬੜੀ ਘਿਰਣਾ ਨਾਲ ਤੱਕਦੇ
ਲਹੂ ਲੁਹਾਣ ਹੋਏ
ਦੋ ਪੈਰਾਂ ਵਾਲੇ ਪਸ਼ੂਆਂ ਵੱਲ
ਜੋ ਪੈਰੀਂ ਲੋਹੇ ਦੀਆਂ ਬੇੜੀਆਂ ਪਾਈ
ਤੁਰਦੇ ਨੇ ਕਦਮ ਮਿਲਾ ਮਿਲਾ
ਡਿੱਗਣ ਤੋਂ ਬਚਣ ਦੇ ਆਹਰ ‘ਚ
ਇਹਨਾਂ ਚਾਲਕਾਂ ਦੇ
ਅੱਖਾਂ ‘ਚ ਸੁਪਨੇ ਨੇ
ਰੌਸ਼ਨ ਭਵਿੱਖ ਦੇ
ਜਦ ਇਹਨਾਂ ਦੇ ਪੈਰੀਂ
ਕੂਲੇ ਆਦਮ-ਮਾਸ ਦੇ ਮੌਜੇ ਹੋਣਗੇ
ਸਵੈ ਚਾਲਕ ਹੋਵੇਗਾ
ਸਮੇਂ ਦਾ ਵਾਹਨ