ਇੱਕ ਵਪਾਰੀ ਬੜਾ ਸਿਆਣਾ ,
ਨਾਂ ਸੀ ਮਖੱਣ ਸ਼ਾਹ ਲੁਬਾਣਾ
ਵਿਚ ਇਲਾਕੇ ਸ਼ਾਹੂਕਾਰ ,
ਕਰਦਾ ਸੱਭ ਨੂੰ ਪ੍ਰੇਮ ਪਿਆਰ
ਚੱਲੇ ਵਾਹਵਾ ਕਾਰੋ ਬਾਰ ,
ਸਾਰੇ ਸੀ ਕਰਦੇ ਸਤਿਕਾਰ
ਵਿਚ ਵਿਦੇਸ਼ਾਂ ਕਰੇ ਵਪਾਰ ,
ਗੁਰ ਘਰ ਦਾ ਸੀ ਸੇਵਾ ਦਾਰ
ਇਕ ਵੇਰਾਂ ਜਦ ਵਾਪਸ ਆਇਆ ,
ਬੇੜਾ ਭਰਕੇ ਮਾਲ ਲਿਆਇਆ
ਫੱਸ ਗਿਆ ਬੇੜਾ ਵਿਚ ਤੂਫਾਣ ,
ਮੁੱਠੀ ਦੇ ਵਿਚ ਆ ਗਈ ਜਾਣ
ਮਖੱਣ ਸ਼ਾਹ ਕੀਤੀ ਅਰਦਾਸ ,
ਸੱਚੇ ਸਤਿਗੁਰ ਨਾਨਕ ਪਾਸ
ਜੇ ਇੱਸ ਮੁਸ਼ਕਿਲ ਤੋਂ ਬਚ ਕਾਵਾ ,
ਪੰਜ ਸੌ ਮੁਹਰਾਂ ਭੇਟ ਚੜ੍ਹਾਵਾਂ
ਰੱਬ ਦੀਆਂ ਮੇਹਰਾਂ ਗੁਰੂ ਸਹਾਰੇ ,
ਲੱਗਾ ਬੇੜਾ ਆਣ ਕਿਨਾਰੇ
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ ,
ਫਿਰ ਉਹ ਚੱਲ ਬਕਾਲੇ ਆਇਆ
ਮੰਨਤ ਮੰਨੀ ਭੇਟ ਚੜ੍ਹਾਣ ,
ਸਤਿਗੁਰ ਦਾ ਉਹ ਸ਼ੁਕਰ ਮਨਾਣ ,
ਮੰਜੀਆਂ ਓਥੇ ਬੈਠੇ ਲਾਈ ,
ਇੱਕ ਨਹੀਂ ਸਨ ਪੂਰੇ ਬਾਈ
ਮੱਖਣ ਸ਼ਾਹ ਨੂੰ ਸਮਝ ਨਾ ਆਏ ,
ਮੁਹਰਾਂ ਕਿਸ ਦੇ ਭੇਟ ਚੜ੍ਹਾਏ
ਫਿਰ ਉਸ ਨੂੰਇੱਕ ਫੁਰਨਾ ਫੁਰਿਆ ,
ਸੱਚੇ ਗੁਰ ਨੂੰ ਭਾਲਣ ਤੁਰਿਆ
ਨਾ ਕੋਈ ਅਸਲੀ ਗੱਲ ਸਮਝਾਵੇ ,
ਮੰਨਤ ਮੰਨੀ ਕਿਵੇਂ ਚੜ੍ਹਾਵੇ
ਫੇਰ ਕਿਸੇ ਨੇ ਇਹ ਦੱਸ ਪਾਈ ,
ਮੱਖਣ ਸ਼ਾਹ ਦੇ ਮਨ ਨੂੰ ਭਾਈ
ਤੇਗਾ, ਤੇਗਾ ਸਾਰੇ ਕਹਿੰਦੇ ,
ਵਿਚ ਇਕਾਂਤਾਂ ਬੈਠੇ ਰਹਿੰਦੇ
ਮੱਖਣ ਸ਼ਾਹ ਫਿਰ ਗੁਰੂ ਧਿਆ ,
ਪਹੁੰਚਾ ਓਸ ਟਿਕਾਣੇ ਜਾ
ਪੰਜ ਮੋਹਰਾਂ ਜੱਦ ਅੱਗੇ ਰੱਖੀਆਂ ,
ਮੱਖਣ ਸ਼ਾਹ ਦੀਆਂ ਖੁਲ੍ਹੀਆਂ ਅੱਖੀਆਂ
ਬੋਲ ਪਿਆ ਫਿਰ ਸਤਿਗੁਰ ਪੂਰਾ ,
ਕਰਨੀ ਤੇ ਕਹਿਣੀ ਦਾ ਸੂਰਾ
ਕੀਤਾ ਵਾਅਦਾ ਤੋੜ ਨਿੱਭਾ ,
ਪੰਜ ਸੌ ਮੋਹਰਾ ਭੇਟ ਚੜ੍ਹਾ
ਨਾਲ ਖੁਸ਼ੀ ਦੇ ਹੋ ਗਿਆ ਝੱਲਾ ,
ਕੋਠੇ ਚੜ੍ਹ ਕੇ ਫੇਰਿਆ ਪੱਲਾ
ਆ ਜਾਓ ਸੰਤੋ ਸਾਧੋ ਰੇ ,
ਗੁਰ ਲਾਧੋ ਰੇ ,ਗੁਰ ਲਾਧੋ ਰੇ ,
ਨੌਵੇਂ ਗੁਰ , ਗੁਰੂ ਤੇਗ਼ ਬਹਾਦਰ ,
ਹਿੰਦੀ ਚਾਦਰ ,ਹਿੰਦ ਦੀ ਚਾਦਰ
ਮੱਖਣ ਸ਼ਾਹ ਨੂੰ ਗੁਰ ਘਰ ਅੰਦਰ ,
ਮਿਲ ਗਈ ਸੋਭਾ ,ਮਿਲਿਆ ਆਦਰ
ਨੌਵੇਂ ਗੁਰ, ਗੁਰੂ ਤੇਗ਼ ਬਹਾਦਰ ,
ਇੱਕ ਜੋਤ ਇਲਾਹੀ, ਮੇਹਰਾਂ ਦੇ ਸਾਗਰ