ਕਾਰ ਵਾਸ਼ਰ
ਮੇਰੇ ਚਚੇਰੇ ਭਰਾ ਹਰਪ੍ਰੀਤ ਦਾ ਸਾਂਢੂ ਜਸਪਾਲ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਸਾਲ ਕੁਝ ਦਿਨਾਂ ਲਈ ਸਾਡੇ ਕੋਲ ਰਹਿ ਕੇ ਗਏ ਸਨ ਤਾਂ ਉਨ੍ਹਾਂ ਨਾਲ ਕਾਫੀ ਮੋਹ ਹੋ ਗਿਆ ਸੀ।ਉਨ੍ਹਾਂ ਦੇ ਬੱਚੇ ਨੀਤੂ ਤੇ ਮਨੀ ਸਾਨੂੰ ਆਪਣੇ ਬੱਚਿਆਂ ਵਰਗੇ ਹੀ ਲਗਦੇ।ਜਸਪਾਲ ਦਾ ਉਧਰ ਚੰਗਾ ਬਿਜਨਸ ਹੈ, ਪੈਟਰੋਲ ਪੰਪ ਅਤੇ ਕਾਰ ਵਾਸ਼ਰ ਦਾ।ਜਸਪਾਲ ਤੇ ਉਸਦੀ ਪਤਨੀ ਜਸਵਿੰਦਰ ਚਾਹੁੰਦੇ ਸਨ ਕਿ ਅਸੀਂ ਘੱਟੋ ਘੱਟ ਇਕ ਹਫਤਾ ਉਨ੍ਹਾਂ ਦੇ ਘਰ ਠਹਿਰੀਏ ਪਰ ਥੋੜ੍ਹੇ ਦਿਨਾਂ ਦਾ ਠਹਿਰਾਉ ਹੋਣ ਕਾਰਣ ਇਹ ਮੁਮਕਿਨ ਨਹੀਂ ਸੀ।ਉਨ੍ਹਾਂ ਨੇ ਸਾਨੂੰ ਦਸਿਆ ਕਿ ਉਨ੍ਹਾਂ ਨੇ ਸਾਨੂੰ ਕੈਲਗਰੀ ਅਤੇ ਮੈਨੀਟੋਬਾ ਘੁੰਮਾਉਣ ਦਾ ਪ੍ਰੋਗਰਾਮ ਬਣਾਇਆ ਹੈ।ਸਿਰਫ ਇਕ ਰਾਤ ਦਾ ਡਿਨਰ ਕਰਨ ਤੋਂ ਉਹ ਨਾਖੁਸ਼ ਸਨ।ਜਿਸ ਦਿਨ ਰਾਤ ਨੂੰ ਅਸੀਂ ਉਨ੍ਹਾਂ ਦੇ ਘਰ ਜਾਣਾ ਸੀ ਉਸ ਦਿਨ ਉਹ ਸਵੇਰ ਨੂੰ ਹੀ ਸਾਨੂੰ ਲੈਣ ਆ ਗਏ।ਆਉਣ ਸਾਰ ਹੀ ਜਸਪਾਲ ਹੱਸ ਕੇ ਕਹਿਣ ਲਗਿਆ ਕਿ ਚਲੋ ਭਾਈ ਅਸੀਂ ਤੁਹਾਨੂੰ ਅਗਵਾ ਕਰਨ ਆਏ ਆਂ।ਕੋਈ ਸੱਤਰ ਕਿਲੋਮੀਟਰ ਤੋਂ ਖਾਸ ਐਨੇ ਮੋਹ ਨਾਲ ਲੈਣ ਆਵੇ ਤਾਂ ਅਸੀਂ ਕੀ ਬਹਾਨਾ ਲਾ ਸਕਦੇ ਸੀ।ਚਾਹ ਪੀਣ ਤੋਂ ਬਾਅਦ ਅਸੀਂ ਉਨ੍ਹਾਂ ਨਾਲ ਰਵਾਨਾ ਹੋ ਗਏ।

ਜਸਪਾਲ,ਲੇਖਕ,ਜਸਵਿੰਦਰ ਤੇ ਸਤਵਿੰਦਰ
ਜਸਪਾਲ ਦਾ ਘਰ ਸ਼ੇਲਬਰਨ ਨਾਂ ਦੇ ਇਕ ਪਿੰਡ ਵਿਚ ਹੈ।ਜਿਸ ਤਰ੍ਹਾਂ ਮੈਂ ਪਹਿਲਾਂ ਵੀ ਲਿਖਿਆ ਹੈ ਕਿ ਉਥੇ ਸਿਰਫ ਨਾਂ ਨੂੰ ਹੀ ਪਿੰਡ ਹਨ ਬਾਕੀ ਸਾਰੀਆਂ ਸਹੂਲਤਾਂ ਸ਼ਹਿਰ ਵਾਲੀਆਂ ਹੀ ਹਨ।ਅਸੀਂ ਕਾਰ ਵਿਚ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਜਾ ਰਹੇ ਸੀ।ਉਨ੍ਹਾਂ ਦੀਆਂ ਗੱਲਾਂ ਵਿਚੋਂ ਮੋਹ ਤਾਂ ਝਲਕਦਾ ਹੀ ਸੀ ਨਾਲ ਇਕ ਉਲਾਂਭਾ ਵੀ ਸੀ ਕਿ ਅਸੀਂ ਇੰਨੇ ਥੋੜ੍ਹੇ ਸਮੇਂ ਲਈ ਕਿਉਂ ਆਏ।ਰਸਤੇ ਵਿਚ ਜਸਪਾਲ ਨੇ ਇਕ ਜਗ੍ਹਾ ਕਾਰ ਰੋਕੀ।ਬਾਹਰ ਨਿਕਲਦਿਆਂ ਹੀ ਬੋਲਿਆ, ‘ਆਉ ਜਨਾਬ ਥੋਨੂੰ ਦੇਸੀ ਥਾਲੀ ਖਵਾਈਏ’।ਇਹ ਕਿਸੇ ਇੰਡੀਅਨ ਦਾ ਰੈਸਟੋਰੈਂਟ ਸੀ।ਅੰਦਰ ਗਏ ਤਾਂ ਉਸਦੀ ਸੁੰਦਰਤਾ ਮਨ ਨੂੰ ਮੋਹ ਲੈਣ ਵਾਲੀ ਸੀ।ਜਸਪਾਲ ਨੇ ਦਸਿਆ ਕਿ ਇਹ ਇਕ ਪੰਜਾਬੀ ਢਾਬਾ ਹੈ, ਇਥੇ ਦੇਸੀ ਮਠਿਆਈਆਂ ਵੀ ਮਿਲਦੀਆਂ ਹਨ।ਇਥੇ ਬਝਵੇਂ ਰੇਟ ਤੇ ਥਾਲੀ ਮਿਲਦੀ ਹੈ ਜਿਸ ਨਾਲ ਦੋ ਆਦਮੀ ਰੱਜ ਜਾਂਦੇ ਹਨ।ਇਥੋਂ ਦੀ ਰੋਟੀ ਅੰਗਰੇਜ਼ ਲੋਕ ਵੀ ਪਸੰਦ ਕਰਦੇ ਹਨ।ਇਸ ਦੇ ਛੋਲੇ ਭਟੂਰੇ ਬਹੁਤ ਮਸ਼ਹੂਰ ਹਨ।ਹੋਟਲ ਦਾ ਸਾਰਾ ਸਟਾਫ ਪੰਜਾਬੀ ਸੀ। ਅਸੀਂ ਦੁਪਹਿਰ ਦਾ ਖਾਣਾ ਇਥੇ ਹੀ ਖਾਧਾ।ਇਸ ਤੋਂ ਪਹਿਲਾਂ ਇਕ ਦਿਨ ਸੇਵਕੀ ਸਾਨੂੰ ਇੰਡੀਅਨ ਬਫਟ ਖਵਾ ਕੇ ਲਿਆਇਆ ਸੀ।ਕਈ ਕਿਸਮ ਦੀਆਂ ਦਾਲਾਂ ਸਬਜ਼ੀਆਂ ਪਾ ਕੇ ਮੇਜ਼ਾਂ ਤੇ ਰੱਖੀਆਂ ਹੁੰਦੀਆਂ ਹਨ।ਨਾਲ ਹੀ ਗੋਲ ਗੱਪੇ ਟਿੱਕੀ ਚਾਟ ਆਦਿ।ਤੁਸੀਂ ਜਿੰਨਾ ਕੁਝ ਖਾ ਸਕਦੇ ਹੋ ਖਾ ਲਵੋ।ਪੈਸੇ ਇਕ ਪਲੇਟ ਦੇ ਹੀ ਲਗਣੇ ਹਨ।ਬਫੇ ਤਰੀਕਾ ਹੁਣ ਪੰਜਾਬ ਵਿਚ ਵੀ ਪ੍ਰਚਲਤ ਹੋ ਗਿਆ ਹੈ ਪਰ ਅਜੇ ਵਡੇ ਹੋਟਲਾਂ ਵਿਚ ਹੀ ਹੈ।
ਰੋਟੀ ਖਾ ਕੇ ਅਸੀਂ ਜਸਪਾਲ ਦੇ ਘਰ ਪਹੁੰਚ ਗਏ।ਨੀਮ ਪਹਾੜੀ ਖੇਤਰ ਵਿਚ ਉਸ ਨੇ ਸ਼ਾਨਦਾਰ ਬੰਗਲਾ ਬਣਾਇਆ ਹੋਇਆ ਹੈ।ਘਰ ਵਿਚ ਪਈ ਹਰ ਚੀਜ਼ ਕਾਫੀ ਮਹਿੰਗੀ ਹੈ।ਜਸਵਿੰਦਰ ਆਉਂਦਿਆਂ ਹੀ ਰਾਤ ਦੀ ਰੋਟੀ ਦੇ ਆਹਰ ਲੱਗ ਗਈ।ਸ਼ਾਮ ਨੂੰ ਅਸੀਂ ਉਨ੍ਹਾਂ ਦਾ ਪੈਟਰੋਲ ਪੰਪ ਤੇ ਕਾਰ ਵਾਸ਼ਰ ਦੇਖਣ ਗਏ।ਜਦੋਂ ਜਸਪਾਲ ਹੋਰੀਂ ਪੰਜਾਬ ਗਏ ਸਨ ਤਾਂ ਕਾਰ ਵਾਸ਼ ਦੀਆਂ ਕਾਫੀ ਗੱਲਾਂ ਹੁੰਦੀਆਂ ਸਨ।ਮੇਰੀ ਕਾਰ ਵਾਸ਼ਰ ਦੇਖਣ ਦੀ ਕਾਫੀ ਤਮੰਨਾ ਸੀ ਜੋ ਆਪਣੇ ਆਪ ਹੀ ਕਾਰ ਧੋਂਦਾ ਹੈ।ਜਦੋਂ ਇਕ ਆਦਮੀ ਕਾਰ ਧੋਣ ਲਈ ਲਿਆਇਆ ਤਾਂ ਜਸਪਾਲ ਨੇ ਸਾਨੂੰ ਉਸ ਮਸ਼ੀਨ ਬਾਰੇ ਸਮਝਾਇਆ।ਕਾਫੀ ਖੁਲ੍ਹੀ ਜਗ੍ਹਾ ਵਿਚ ਚਾਰ ਗੈਰਜ ਬਣੇ ਹਨ।ਕਾਰ ਧੋਣ ਦਾ ਇਛਕ ਬਾਹਰ ਗੇਟ ਤੇ ਕੈਸ਼ ਜਾਂ ਕਾਰਡ ਪਾਉਂਦਾ ਹੈ ਤਾਂ ਗੈਰਜ ਦਾ ਗੇਟ ਖੁਲ੍ਹ ਜਾਂਦਾ ਹੈ।ਕਾਰ ਇਕ ਸਟੈਂਡ ਤੇ ਲਾ ਕੇ ਡਰਾਇਵਰ ਵਿਚੇ ਹੀ ਬੈਠਾ ਰਹਿੰਦਾ ਹੈ।ਉਪਰੋਂ ਅਤੇ ਅੱਗੇ ਪਿਛੇ ਤੋਂ ਫੁਹਾਰੇ ਚੱਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਕ ਮਸ਼ੀਨ ਜਿਸ ਤੇ ਕਪੜੇ ਦੀਆਂ ਪੱਟੀਆਂ ਬੰਨ੍ਹੀਆਂ ਹੁੰਦੀਆਂ ਹਨ, ਕਾਰ ਨੂੰ ਰਗੜਨਾ ਸ਼ੁਰੂ ਕਰ ਦਿੰਦੀ ਹੈ।ਇਕ ਪਾਸਿਉਂ ਸਾਬਨ ਦੇ ਘੋਲ ਦਾ ਸਪਰੇਅ ਹੋ ਜਾਂਦਾ ਹੈ।ਸਾਹਮਣੇ ਸਕਰੀਨ ਤੇ ਸਮਾਂ ਦਰਸਾਇਆ ਹੁੰਦਾ ਹੈ।ਜਦੋਂ ਕਾਰ ਧੋਤੀ ਜਾਂਦੀ ਹੈ ਤਾਂ ਫੁਹਾਰੇ ਬੰਦ ਹੋ ਜਾਂਦੇ ਹਨ ਤੇ ਡਰਾਇਰ ਚਾਲੂ ਹੋ ਜਾਂਦੇ ਹਨ।ਉਸ ਤੋਂ ਬਾਅਦ ਸਾਹਮਣੇ ਦਾ ਗੇਟ ਖੁਲ੍ਹ ਜਾਂਦਾ ਹੈ ਤੇ ਚਮਕਦੀ ਹੋਈ ਕਾਰ ਬਾਹਰ ਨਿਕਲ ਜਾਂਦੀ ਹੈ।ਇਕ ਵਾਰ ਕਾਰ ਧੋਣ ਦੇ ਤਿੰਨ ਡਾਲਰ ਲਗਦੇ ਹਨ।ਇਸ ਤੋਂ ਮਗਰੋਂ ਉਸ ਨੇ ਅੰਦਰ ਲੱਗੀ ਸਾਰੀ ਮਸ਼ੀਨਰੀ ਦਿਖਾਈ ਅਤੇ ਉਸਦਾ ਕੰਟਰੋਲ ਪੈਨਲ ਵੀ।ਮੈਂ ਸਿਫਤ ਕੀਤੇ ਬਿਨਾਂ ਨਾ ਰਹਿ ਸਕਿਆ।ਜਸਪਾਲ ਖੁਸ਼ ਹੁੰਦਾ ਬੋਲਿਆ, ‘ਜਨਾਬ! ਪੈਸਾ ਤਾਂ ਬਹੁਤ ਕਮਾਇਆ ਪਰ ਗਵਾਇਆ ਵੀ ਬਹੁਤ।ਜਿਸ ਤੇ ਵਿਸ਼ਵਾਸ਼ ਕਰ ਲਵੋ ਉਹੀ ਧੋਖਾ ਦੇ ਜਾਂਦੈ।ਮੇਰਾ ਇਕ ਦੋਸਤ ਐ ਜਿਸ ਨੇ ਇਥੇ ਹੋਟਲ ਬਣਾਇਐ।ਦੇਖ ਲੋ ਬਈ ਇਕ ਲੱਖ ਡਾਲਰ ਮੈਂ ਉਸ ਨੂੰ ਮਦਦ ਲਈ ਬਿਨਾਂ ਕਿਸੇ ਲਿਖਾ ਪੜ੍ਹੀ ਦੇ ਦਿੱਤਾ ਤੇ ਹੁਣ ਉਸ ਦੇ ਦਰਸ਼ਨ ਹੀ ਨਹੀਂ ਹੁੰਦੇ’।
ਜਸਪਾਲ ਦੀ ਉਮਰ ਮੇਰੇ ਬਰਾਬਰ ਹੀ ਹੈ ਜਿਸ ਕਾਰਣ ਉਹ ਮੇਰੇ ਨਾਲ ਖੁਲ੍ਹ ਕੇ ਗੱਲ ਕਰ ਲੈਂਦਾ ਹੈ।ਮੈਂ ਹੀ ਉਸ ਨੂੰ ਸਵਾਲ ਕੀਤਾ, ‘ਸੁਣਿਐ ਤੁਸੀਂ ਕਸੀਨੋ ਵੀ ਕਾਫੀ ਜਾਂਦੇ ਸੀ ?’ ਮੇਰੀ ਗੱਲ ਸੁਣ ਕੇ ਉਹ ਹੱਸ ਪਿਆ।
‘ਜਨਾਬ! ਜੇ ਮਿਹਨਤ ਕਰਨੀ ਹੈ, ਕਮਾਉਣਾ ਹੈ ਤਾਂ ਖਰਚਣਾ ਵੀ ਚਾਹੀਦੈ।ਸੱਚ ਦੱਸਾਂ ਤਾਂ ਕੰਮ ’ਚ ਧਿਆਨ ਬਹੁਤਾ ਜਸਵਿੰਦਰ ਹੀ ਦਿੰਦੀ ਹੈ।ਮੈਂ ਤਾਂ ਸਿਰਫ ਡੀਲ ਹੀ ਕਰਦਾਂ।ਬਸ ਉਪਰ ਵਾਲੇ ਨੇ ਐਨੀ ਕੁ ਸੂਝ ਦਿੱਤੀ ਹੈ ਕਿ ਸਮਝ ਜਾਈਦੈ ਬਈ ਕਿਸ ਵੇਲੇ ਕਿਹੜਾ ਕੰਮ ਠੀਕ ਰਹੂ’।
‘ਭੈਣ ਜੀ ਨੂੰ ਤੁਸੀਂ ਪਸੰਦ ਕੀਤਾ ਸੀ ਜਾਂ ਉਨ੍ਹਾਂ ਨੇ ਤੁਹਾਨੂੰ ?’
‘ਕਾਹਨੂੰ ਜਨਾਬ! ਮੈਂ ਤਾਂ ਏਥੇ ਸੀ।ਮੇਰਾ ਵਡਾ ਭਰਾ ਕਹਿੰਦਾ ਆ ਕੇ ਵਿਆਹ ਕਰਵਾ ਜਾਹ।ਮੈਂ ਉਸ ਨੂੰ ਕਿਹਾ ਕਿ ਜਿਹੜੀ ਕੁੜੀ ਤੁਸੀਂ ਪਸੰਦ ਕਰੋਗੇ ਮੈਂ ਉਸੇ ਨਾਲ ਹੀ ਵਿਆਹ ਕਰਵਾ ਲਵਾਂਗਾ।ਉਹ ਜਸਵਿੰਦਰ ਨੂੰ ਦੇਖ ਕੇ ਆਏ ਤਾਂ ਮੈਨੂੰ ਕਹਿੰਦੇ ਬਈ ਮੈਨੂੰ ਪਸੰਦ ਐ। ਬਸ ਮੈਂ ਹਾਂ ਕਰ ਤੀ, ਮੇਰੀ ਤਾਂ ਸਮਝੋ ਲਾਟਰੀ ਨਿਕਲ ਆਈ’।
‘ਅੱਛਾ ਇਕ ਗੱਲ ਦੱਸੋ ਬਈ ਉਧਰ ਮੀਡੀਏ ਵਿਚ ਬੜਾ ਰੌਲਾ ਪੈਂਦੈ ਕਿ ਇਧਰੋਂ ਲੋਕ ਜਾਂਦੇ ਐ ਤੇ ਵਿਆਹ ਕਰਵਾ ਕੇ ਠੱਗੀ ਮਾਰ ਕੇ ਆ ਜਾਂਦੇ ਐ।ਕੋਈ ਇਹੋ ਜਿਹਾ ਆਦਮੀ ਤੁਹਾਡੀ ਨਜ਼ਰ ’ਚ ਹੈ?’ ਮੈਂ ਆਪਣੀ ਉਤਸੁਕਤਾ ਜ਼ਾਹਰ ਕੀਤੀ।
‘ਦੇਖੋ ਜਨਾਬ! ਬਥੇਰੀਆਂ ਠੱਗੀਆਂ ਚਲਦੀਐਂ।ਮੈਂ ਆਪਣੀ ਗੱਲ ਦਸਦਾਂ, ਤੁਹਾਡੇ ਪਿੰਡ ਦਾ ਬੰਦਾ ਹੈ ਜਿਸ ਨੇ ਮੇਰਾ ਦਸ ਲੱਖ ਰੁਪਈਆ ਡਕਾਰ ਲਿਆ।ਮੇਰੀ ਇਕ ਰਿਸ਼ਤੇਦਾਰ ਸੀ ਜਿਸਨੂੰ ਕਨੇਡਾ ਸੱਦਣਾ ਸੀ।ਉਹ ਮੈਨੂੰ ਕਹਿੰਦਾ ਮੈਂ ਇਹ ਕੰਮ ਕਰ ਦਊਂ।ਉਸ ਨੇ ਆਪਣੀ ਵਹੁਟੀ ਨੂੰ ਤਲਾਕ ਦਿੱਤਾ ਕਾਗਜ਼ਾਂ ਵਿਚ ਹੀ ਅਤੇ ਸਪਾਂਸਰਸ਼ਿਪ ਭੇਜ ਦਿੱਤੀ’।
‘ਪਰ ਉਸ ਦੀ ਤਾਂ ਉਮਰ ਸੱਠ ਤੋਂ ਉਪਰ ਹੋਵੇਗੀ’।
‘ਤਾਂ ਹੀ ਤਾਂ ਅੰਬੈਸੀ ਤੋਂ ਜਵਾਬ ਮਿਲ ਗਿਆ।ਕੰਮ ਨਹੀਂ ਸੀ ਬਣਿਆ ਤਾਂ ਉਸ ਨੂੰ ਚਾਹੀਦਾ ਸੀ ਕਿ ਪੈਸੇ ਵਾਪਸ ਕਰਦਾ।ਬਥੇਰੇ ਗੇੜੇ ਮਾਰੇ ਪਰ ਉਸ ਨੇ ਕੋਈ ਸਿਰਾ ਨੀਂ ਫੜਾਇਆ।ਹੁਣ ਉਸ ਦੀ ਮੌਤ ਹੋ ਗਈ, ਕੀਹਦੀ ਮਾਂ ਨੂੰ ਮਾਸੀ ਆਖੀਏ।ਇੱਦਾਂ ਦੇ ਠੱਗ ਜਿਹੜੇ ਇਧਰਲਿਆਂ ਨੂੰ ਹੀ ਨਹੀਂ ਬਖਸ਼ਦੇ ਉਹ ਉਧਰ ਕੀ ਗੁਜਾਰਦੇ ਹੋਣਗੇ?’ ਅਸੀਂ ਗੱਲਾਂ ਕਰਦੇ ਹੋਏ ਘਰ ਨੂੰ ਵਾਪਸ ਆ ਗਏ।ਸੁਹਾਵਣੀ ਹਵਾ ਚੱਲ ਰਹੀ ਸੀ।ਅਸੀਂ ਬਾਹਰ ਜਿਸਨੂੰ ਉਹ ਬੈਕ ਯਾਰਡ ਕਹਿੰਦੇ ਸਨ, ਵਿਚ ਬੈਠ ਗਏ।ਇਕ ਬਿੱਲੀ ਆ ਕੇ ਜਸਪਾਲ ਦੀ ਗੋਦ ਵਿਚ ਬੈਠ ਗਈ।ਜਸਪਾਲ ਵੀ ਉਸ ਨੂੰ ਬੱਚਿਆਂ ਵਾਂਗ ਦੁਲਾਰਨ ਲੱਗਿਆ।
‘ਜਨਾਬ! ਦੇਖ ਲੋ ਇਹ ਅਸੀਂ ਖਰੀਦੀ ਨੀਂ। ਪਤਾ ਨੀਂ ਕਿਥੋਂ ਆ ਗਈ।ਹੁਣ ਇਹ ਸਾਡੇ ਘਰ ਦਾ ਮੈਂਬਰ ਬਣੀ ਹੋਈ ਆ।ਇਧਰ ਲੋਕ ਕੁੱਤੇ ਨੀਂ ਰਖਦੇ ਸਗੋਂ ਬਿੱਲੀਆਂ ਪਾਲਣ ਦੇ ਸ਼ੋਕੀਨ ਹਨ’।
‘ਉਧਰ ਇਕ ਰਾਜਨੀਤਕ ਪਾਰਟੀ ਇਸ ਗੱਲ ਦਾ ਬੜਾ ਪ੍ਰਚਾਰ ਕਰ ਰਹੀ ਹੈ ਕਿ ਕੁੜੀਆਂ ਨਾਲ ਬੜਾ ਧੱਕਾ ਹੋ ਰਿਹੈ।ਇਧਰੋਂ ਮੁੰਡਾ ਜਾਂਦਾ ਹੈ ਤੇ ਸੌਦੇਬਾਜ਼ੀ ਕਰ ਕੇ ਵਿਆਹ ਕਰਵਾ ਲੈਂਦਾ ਹੈ।ਫੇਰ ਪੈਸੇ ਲੈ ਕੇ ਕੁੜੀ ਨੂੰ ਮੰਗਵਾਉਂਦਾ ਹੀ ਨਹੀਂ’।
‘ਸਿਰਫ ਮੁੰਡੇ ਹੀ ਨਹੀਂ ਕੁੜੀਆਂ ਵੀ ਇਹੋ ਕੁਝ ਕਰਦੀਆਂ ਹਨ।ਜਿਹੜੇ ਬੱਚੇ ਇਧਰ ਜੰਮੇ ਪਲੇ ਐ ਉਹ ਤਾਂ ਮਤਲਬ ਹੀ ਨਹੀਂ ਕਿ ਉਧਰ ਵਿਆਹ ਨੂੰ ਮੰਨਣ।ਜਿਹੜੇ ਉਧਰੋਂ ਭੁੱਖੇ ਨੰਗੇ ਆਏ ਹੁੰਦੇ ਐ ਉਹ ਸੌਦੇਬਾਜ਼ੀ ਕਰਦੇ ਐ।ਕਈਆਂ ਨੇ ਫਰਜ਼ੀ ਵਿਆਹ ਕਰਵਾ ਕੇ ਮੁੰਡਾ ਕੁੜੀ ਕਢੇ ਹੁੰਦੇ ਐ, ਉਨ੍ਹਾਂ ਦੇ ਕੇਸ ਅੜ ਜਾਂਦੇ ਐ।ਉਧਰ ਬੈਠਿਆਂ ਨੂੰ ਲਗਦੈ ਕਿ ਮੁੰਡਾ ਜਾਣ ਬੁਝ ਕੇ ਨਹੀਂ ਸੱਦ ਰਿਹਾ।ਗੱਲ ਤਾਂ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਹੀ ਹੁੰਦੀ ਹੈ।ਲੋਕੀਂ ਇਧਰ ਆਉਣ ਨੂੰ ਇੰਨੇ ਤਰਲੋਮੱਛੀ ਹੋ ਰਹੇ ਐ ਕਿ ਸਭ ਨਾਤੇ ਭੁੱਲ ਕੇ ਇਕ ਦੂਜੇ ਨੂੰ ਪੌੜੀ ਬਣਾ ਲਿਆ।ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਤਾਂ ਮਾਰੋ ਗੋਲੀ ,ਗੁਰੂ ਗਰੰਥ ਸਾਹਿਬ ਅੱਗੇ ਝੂਠੇ ਵਿਆਹ ਕਰੀ ਜਾਂਦੇ ਐ’।
‘ਆਪਣਿਆਂ ਤੇ ਏਧਰਲਿਆਂ ਦੇ ਰਹਿਣ ਸਹਿਣ ਵਿਚ ਕਿੰਨਾਂ ਕੁ ਫਰਕ ਐ?’ ਮੈਂ ਪੁਛਿਆ।
‘ਜ਼ਮੀਨ ਅਸਮਾਨ ਦਾ ਫਰਕ ਐ।ਉਹ ਸਾਹਮਣੇ ਘਰ ਵਿਚ ਜਿਹੜਾ ਬੰਦਾ ਨਜ਼ਰ ਆ ਰਿਹੈ ਉਹ ਇਸ ਪਿੰਡ ਦਾ ਮੇਅਰ ਐ।ਇਹ ਦੋਵੇਂ ਪਤੀ ਪਤਨੀ ਇਥੇ ਰਹਿੰਦੇ ਐ।ਇਨ੍ਹਾਂ ਦਾ ਇਕੋ ਇਕ ਬੇਟਾ ਕਿਤੇ ਬਾਹਰ ਰਹਿੰਦੈ।ਛੁਟੀਆਂ ਕੱਟਣ ਲਈ ਉਹ ਇਨ੍ਹਾਂ ਕੋਲ ਆਇਆ ਸੀ ਪਰ ਇਨ੍ਹਾਂ ਨੇ ਉਸ ਨੂੰ ਘਰੋਂ ਇਹ ਕਹਿ ਕੇ ਭੇਜ ਦਿੱਤਾ ਕਿ ਤੇਰੇ ਇਥੇ ਰਹਿਣ ਨਾਲ ਸਾਡੀ ਆਜ਼ਾਦੀ ਖਤਮ ਹੁੰਦੀ ਐ ਤੇ ਆਪਣੇ ਬੰਦੇ ਐ ਜਿਹੜੇ ਔਲਾਦ ਨੂੰ ਬਾਹਰ ਨਹੀਂ ਜਾਣ ਦਿੰਦੇ। ਉਹ ਐਂਵੇਂ ਝੁਰੀ ਜਾਣਗੇ।ਇਥੇ ਵਿਅਕਤੀਗਤ ਆਜ਼ਾਦੀ ਨੂੰ ਬਹੁਤ ਮਹਤਵ ਦਿੱਤਾ ਜਾਂਦੈ।ਕੋਈ ਕਿਸੇ ਦੇ ਕੰਮ ਵਿਚ ਦਖਲ ਨੀਂ ਦਿੰਦਾ।ਇਸਦਾ ਪਤਾ ਤੁਹਾਨੂੰ ਹੁਣ ਨੀਂ ਲਗਦਾ ਹੋਣਾ ਪਰ ਜਦੋਂ ਜਦੋਂ ਤੁਸੀਂ ਉਧਰ ਜਾਉਂਗੇ ਤਾਂ ਪਤਾ ਲੱਗੂ’।ਗੱਲਾਂ ਕਰਦਿਆਂ ਸਾਨੂੰ ਕਾਫੀ ਵਕਤ ਬੀਤ ਗਿਆ।ਰੋਟੀ ਖਾ ਕੇ ਅਸੀਂ ਸੌਂ ਗਏ।ਉਨ੍ਹਾਂ ਨੇ ਆਪਣਾ ਮਾਸਟਰ ਬੈੱਡ ਰੂਮ ਸਾਡੇ ਲਈ ਰਾਖਵਾਂ ਕੀਤਾ ਹੋਇਆ ਸੀ।
ਸਵੇਰੇ ਉਠ ਕੇ ਨਹਾਉਣ ਲੱਗਾ ਤਾਂ ਉਨ੍ਹਾਂ ਦਾ ਬਾਥ ਟੱਬ ਕਾਫੀ ਖੁਲ੍ਹਾ ਸੀ।ਉਸ ਵਿਚ ਇਕ ਮੋਟਰ ਚਲਦੀ ਸੀ।ਆਸ ਪਾਸ ਛੇ ਮੋਰੀਆਂ ਸਨ ਜਿਨ੍ਹਾਂ ਵਿਚੋਂ ਪਾਣੀ ਪਰੈਸ਼ਰ ਨਾਲ ਆਉਂਦਾ ਸੀ।ਆਮ ਤੌਰ ਤੇ ਮੈਨੂੰ ਨਹਾਉਣ ਨੂੰ ਪੰਜ ਮਿੰਟ ਹੀ ਲਗਦੇ ਹਨ।ਪਰ ਜਦੋਂ ਟੱਬ ਵਿਚ ਬੈਠਿਆ ਤਾਂ ਉਠਣ ਨੂੰ ਦਿਲ ਹੀ ਨਾ ਕਰੇ।ਮੈਂ ਇਕ ਘੰਟਾ ਨਹਾਉਂਦਾ ਰਿਹਾ।ਅਖੀਰ ਆਪਣੇ ਆਪ ਤੇ ਸ਼ਰਮ ਆਈ ਕਿ ਜੇ ਘਰ ਵਾਲੇ ਦੇਖਣਗੇ ਤਾਂ ਕੀ ਕਹਿਣਗੇ ਕਿ ਪਿਆਸੇ ਨੂੰ ਕਟੋਰਾ ਲਭਾ ਪਾਣੀ ਪੀ ਪੀ ਆਫਰਿਆ।ਮੈਂ ਨਾ ਚਾਹੁੰਦਿਆਂ ਵੀ ਟੱਬ ਨੂੰ ਅਲਵਿਦਾ ਕਹੀ ਤੇ ਛੇਤੀ ਛੇਤੀ ਤਿਆਰ ਹੋ ਕੇ ਹੇਠਾਂ ਲਿਵਿੰਗ ਰੂਮ ਵਿਚ ਆ ਗਿਆ।ਜਸਵਿੰਦਰ ਵੱਲੋਂ ਬਣਾਏ ਜਾ ਰਹੇ ਪਰੌਂਠਿਆਂ ਨੇ ਭੁਖ ਚਮਕਾ ਦਿੱਤੀ।ਨਾਸ਼ਤਾ ਕਰਨ ਮਗਰੋਂ ਅਸੀਂ ਵਾਪਸੀ ਦੀ ਤਿਆਰੀ ਕੀਤੀ ਤਾਂ ਉਨ੍ਹਾਂ ਦਾ ਮਨ ਅਜੇ ਵੀ ਨਹੀਂ ਸੀ ਚਾਹੁੰਦਾ ਕਿ ਅਸੀਂ ਜਾਈਏ।ਉਨ੍ਹਾਂ ਨੇ ਤੁਰਨ ਤੋਂ ਪਹਿਲਾਂ ਸਾਨੂੰ ਕਾਫੀ ਸਾਰੇ ਤੋਹਫੇ ਦਿੱਤੇ ਤੇ ਸਾਨੂੰ ਵਾਪਸ ਛਡ ਗਏ।
ਪੇਟ ਨਾ ਪਈਆਂ ਰੋਟੀਆਂ
ਜਿੰਨੇ ਦਿਨ ਅਸੀਂ ਕਨੇਡਾ ਰਹੇ ਉਨੇ ਦਿਨ ਹਰ ਰਾਤ ਰੋਟੀ ਲਈ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਪਿਆ।ਸੇਵਕੀ ਛੇ ਵਜੇ ਕੰਮ ਤੋਂ ਆਉਂਦਾ ਤੇ ਤਿਆਰ ਹੋ ਕੇ ਅਸੀਂ ਸੱਤ ਸਾਢੇ ਸੱਤ ਵਜੇ ਘਰੋਂ ਨਿਕਲਦੇ।ਵਾਪਸ ਆਉਂਦਿਆਂ ਤਕ ਰਾਤ ਦਾ ਇਕ ਵੱਜ ਜਾਂਦਾ।ਸੇਵਕੀ ਨੇ ਸਵੇਰੇ ਫਿਰ ਪੰਜ ਵਜੇ ਉਠਣਾ ਹੁੰਦਾ।ਉਸ ਦੀ ਨੀਂਦ ਵੀ ਪੂਰੀ ਨਹੀਂ ਸੀ ਹੁੰਦੀ।ਸਾਨੂੰ ਡਰ ਸੀ ਕਿਤੇ ਕੰਮ ਕਰਦਿਆਂ ਉਸਨੂੰ ਨੀਂਦ ਦੀ ਝਪਕੀ ਨਾ ਆ ਜਾਵੇ।ਪਰ ਉਹ ਸਾਨੂੰ ਰੋਜ਼ ਪੂਰੇ ਉਤਸ਼ਾਹ ਨਾਲ ਲੈ ਕੇ ਜਾਂਦਾ।ਉਸਦਾ ਕਹਿਣਾ ਸੀ ਕਿ ਕਿਸੇ ਵੀ ਰਿਸ਼ਤੇਦਾਰ ਨੂੰ ਨਰਾਜ਼ ਨਹੀਂ ਕਰਨਾ।ਅਸੀਂ ਜਿਸ ਵੀ ਰਿਸ਼ਤੇਦਾਰ ਦੇ ਘਰ ਜਾਂਦੇ ਉਸ ਨੇ ਹੀ ਵਧ ਤੋਂ ਵਧ ਸਮਾਨ ਬਣਾਇਆ ਹੁੰਦਾ।ਮੈਂ ਸੰਖੇਪ ਵਿਚ ਇਨ੍ਹਾਂ ਦਾ ਜ਼ਿਕਰ ਕਰਾਂਗਾ।
ਸੇਵਕੀ ਦੀ ਵਡੀ ਭੈਣ ਗੁਲਜਿੰਦਰ ਅਤੇ ਉਸਦਾ ਪਤੀ ਜੌਲੀ ਸਾਡਾ ਬਹੁਤ ਹੀ ਮਾਣ ਕਰਦੇ ਹਨ।ਜਿਸ ਦਿਨ ਅਸੀਂ ਕਨੇਡਾ ਪਹੁੰਚੇ ਉਸ ਦਿਨ ਉਨ੍ਹਾਂ ਨੇ ਸਾਰੀ ਦਿਹਾੜੀ ਸਾਡੇ ਨਾਲ ਗੁਜਾਰੀ।ਜੌਲੀ ਚਾਹੁੰਦਾ ਸੀ ਕਿ ਅਸੀਂ ਦੋ ਚਾਰ ਦਿਨ ਤਾਂ ਉਨ੍ਹਾਂ ਵੱਲ ਰਹੀਏ।ਉਨ੍ਹਾਂ ਦੇ ਜ਼ਿਆਦਾ ਇਸਰਾਰ ਕਰਨ ਤੇ ਅਸੀਂ ਇਕ ਰਾਤ ਉਨ੍ਹਾਂ ਵੱਲ ਗੁਜ਼ਾਰੀ।ਜੌਲੀ ਦੇ ਮਾਤਾ ਜੀ ਰਸੋਈ ਦੇ ਕੰਮ ਵਿਚ ਪੂਰੇ ਨਿਪੁੰਨ ਹਨ।ਪੀਜ਼ਾ ਬਨਾਉਣ ਵਿਚ ਉਨ੍ਹਾਂ ਨੂੰ ਪੂਰੀ ਮੁਹਾਰਤ ਹੈ।ਉਸ ਰਾਤ ਉਨ੍ਹਾਂ ਨੇ ਖਾਸ ਬਹੁਤ ਵਡੇ ਆਕਾਰ ਦਾ ਪੀਜ਼ਾ ਤਿਆਰ ਕੀਤਾ।ਪੀਜ਼ਾ ਦੇਖ ਕੇ ਮੈਨੂੰ ਬਚਪਨ ਵਿਚ ਖਾਧੇ ਹੋਏ ਰੋਟ ਯਾਦ ਆ ਗਏ।ਉਨ੍ਹਾਂ ਨੇ ਨਵਾਂ ਘਰ ਲਿਆ ਹੈ ਜੋ ਕਾਫੀ ਦਿਲਕਸ਼ ਹੈ।
ਜੌਲੀ, ਗੁਲਜਿੰਦਰ ਦੇ ਘਰ
ਉਨ੍ਹਾਂ ਦੇ ਬੱਚੇ ਸਾਡੇ ਨਾਲ ਘੁਲ ਮਿਲ ਗਏ।ਗੱਲ ਉਹ ਭਾਵੇਂ ਪੰਜਾਬੀ ਵਿਚ ਹੀ ਕਰਦੇ ਹਨ ਪਰ ਬੋਲਣ ਵੇਲੇ ਕਾਫੀ ਔਖਿਆਈ ਮਹਿਸੂਸ ਕਰਦੇ ਹਨ।ਇਹ ਉਧਰ ਆਮ ਹੀ ਵਾਪਰਦਾ ਹੈ।ਜਦੋਂ ਬੱਚਾ ਸਕੂਲ ਜਾਣ ਲਗਦਾ ਹੈ ਤਾਂ ਉਸ ਦੀ ਬੋਲ ਚਾਲ ਦਾ ਮਾਧਿਅਮ ਅੰਗਰੇਜ਼ੀ ਜਾਂ ਫਰੈਂਚ ਹੁੰਦੀ ਹੈ।ਗੁਲਜਿੰਦਰ ਦਾ ਵਡਾ ਬੇਟਾ ਤੁਸ਼ਾਰ ਕਾਫੀ ਸਮਝਦਾਰ ਹੈ।ਉਹ ਇੰਟਰਨੈਟ ਤੇ ਵੀ ਸਤਵਿੰਦਰ ਨਾਲ ਗੱਲ ਕਰਦਾ ਰਹਿੰਦਾ ਹੈ।ਹੁਣ ਵੀ ਉਸਨੂੰ ਇਹੋ ਲਗਦਾ ਸੀ ਜਿਵੇਂ ਸਤਵਿੰਦਰ ਨੂੰ ਬਹੁਤ ਦੇਰ ਤੋਂ ਜਾਣਦਾ ਹੋਵੇ।ਮੈਨੂੰ ਉਸ ਨੇ ਕਦੇ ਨਹੀਂ ਸੀ ਦੇਖਿਆ।ਉਹ ਸਤਵਿੰਦਰ ਨੂੰ ਇਕ ਪਾਸੇ ਲੈ ਗਿਆ।
‘ਮੈਂ ਤੈਨੂੰ... ਇਕ ਗੱਲ... ਪੁਛਨੀ ਮੰਗਦਾਂ’।
‘ਇਕ ਕਿਉਂ… ਤੂੰ ਦੋ ਗੱਲਾਂ ਪੁੱਛ’।
‘ਨਹੀਂ ਇਕ ਗੱਲ ਮੰਗਦਾ ਸੀ’।
‘ ਚੱਲ ਠੀਕ , ਪੁਛ’।
‘ਇਹ ਜਿਹੜਾ ਤੇਰੇ…ਤੇਰੇ ਨਾਲ ਆਇਆ…ਇਹ ਤੇਰਾ…ਕੀ ਲਗਦਾ…ਬੁਆਇ ਫਰੈਂਡ ਕਿ ਹਸਬੈਂਡ’।ਉ ਉਚੀ ਹੱਸਣ ਲੱਗੀ।ਸਾਰਿਆ ਦਾ ਧਿਆਨ ਉਨ੍ਹਾਂ ਵੱਲ ਹੋ ਗਿਆ।ਤੁਸ਼ਾਰ ਹੈਰਾਨ ਜਿਹਾ ਹੋ ਗਿਆ। ਉਸ ਨੂੰ ਸਮਝ ਨਹੀਂ ਸੀ ਲਗ ਰਹੀ ਕਿ ਉਸ ਨੇ ਕਿਹੜੀ ਅਲੋਕਾਰੀ ਗੱਲ ਪੁਛ ਲਈ।
‘ਅਜੇ ਤਾਂ ਇਹ ਮੇਰਾ ਹਸਬੈਂਡ ਐ ਪਰ ਹੁਣ ਮੈਂ ਫਰੈਂਡ ਬਣਾ ਲੈਣਾ’।
‘ਏਦਾਂ ਨੀਂ ਹੁੰਦਾ…ਪਹਿਲਾਂ ਫਰੈਂਡ ਹੁੰਦਾ ਫੇਰ ਹਸਬੈਂਡ’।
‘ਪਰ ਸਾਡੇ ਤਾਂ ਉਥੇ ਏਸ ਤਰ੍ਹਾਂ ਈ ਹੁੰਦਾ’।
‘ਨਈਂ ਅੰ…ਫੇਰ ਤੂੰ ਏਥੇ ਆ ਜਾ’।
ਬੱਚਿਆਂ ਨਾਲ ਗੱਲਾਂ ਕਰਦਿਆਂ ਤੇ ਗੁਲਜਿੰਦਰ ਨਾਲ ਪੁਰਾਣੀਆ ਯਾਦਾਂ ਸਾਂਝੀਆਂ ਕਰਦਿਆਂ ਰਾਤ ਦਾ ਇਕ ਵੱਜ ਗਿਆ।ਸਵੇਰੇ ਗੁਲਜਿੰਦਰ ਨੇ ਕੰਮ ਤੇ ਵੀ ਜਾਣਾ ਸੀ।ਅਸੀਂ ਜਲਦੀ ਉਠ ਕੇ ਤਿਆਰ ਹੋ ਗਏ।ਗੁਲਜਿੰਦਰ ਅਤੇ ਜੌਲੀ ਦੇ ਮਾਤਾ ਜੀ ਨੇ ਨਾਸ਼ਤਾ ਤਿਆਰ ਕਰ ਲਿਆ ਸੀ ਪਰ ਜੌਲੀ ਸਾਨੂੰ ਇੰਡੀਅਨ ਰੈਸਟੋਰੈਂਟ ਦੇ ਭਟੂਰੇ ਖਵਾਉਣੇ ਚਾਹੁੰਦਾ ਸੀ।ਉਹ ਜਾ ਕੇ ਕਵਾਲਟੀ ਰੈਸਟੋਰੈਂਟ ਤੋਂ ਕਿੰਨੇ ਸਾਰੇ ਭਟੂਰੇ ਲੈ ਆਇਆ ਜੋ ਅਸੀਂ ਸਾਰਿਆਂ ਨੇ ਮਿਲ ਕੇ ਖਾਧੇ।ਗੁਲਜਿੰਦਰ ਸਾਨੂੰ ਛਡਣ ਲਈ ਆਉਣ ਲੱਗੀ ਤਾਂ ਬੱਚੇ ਸਤਵਿੰਦਰ ਨਾਲ ਜਾਣ ਦੀ ਜ਼ਿਦ ਕਰਨ ਲੱਗੇ।ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਲਾਰਾ ਲਾ ਕੇ ਅਸੀਂ ਵਾਪਸ ਆਏ ।
ਸ. ਗੁਰਜੰਟ ਸਿੰਘ, ਲੇਖਕ ਅਤੇ ਸੋਨੀ
ਸ. ਗੁਰਜੰਟ ਸਿੰਘ ਲੁਧਿਆਣੇ ਰੰਗਾਈ ਮਿਲ ਚਲਾਉਂਦੇ ਸਨ।ਉਨ੍ਹਾਂ ਦਾ ਛੋਟਾ ਬੇਟਾ ਸੋਨੀ ਵਿਆਹ ਕਰਵਾ ਕੇ ਕਨੇਡਾ ਵਸ ਗਿਆ ਤਾਂ ਉਸ ਨੇ ਆਪਣੇ ਮਾਂ ਬਾਪ ਨੂੰ ਵੀ ਬੁਲਾ ਲਿਆ।ਉਨ੍ਹਾਂ ਦਾ ਇਧਰ ਚੰਗਾ ਕਾਰੋਬਾਰ ਹੈ ਜੋ ਉਨ੍ਹਾਂ ਦਾ ਵਡਾ ਬੇਟਾ ਸੰਭਾਲਦਾ ਹੈ।ਕਨੇਡਾ ਆ ਕੇ ਉਨ੍ਹਾਂ ਤੇ ਕੁਦਰਤ ਦਾ ਅਜਿਹਾ ਕਹਿਰ ਵਾਪਰਿਆ ਜੋ ਬਿਆਨ ਕਰਨਾ ਵੀ ਔਖਾ ਹੈ।ਰਿਸ਼ਤੇ ਵਜੋਂ ਉਹ ਮੇਰੇ ਮਾਮਾ ਜੀ ਲਗਦੇ ਹਨ।ਉਨ੍ਹਾਂ ਦੀ ਪਤਨੀ ਦਲਜੀਤ ਵੀ ਸਾਨੂੰ ਪੂਰਾ ਬੱਚਿਆਂ ਵਾਲਾ ਮੋਹ ਦਿੰਦੀ ਹੈ।ਗੁਰਜੰਟ ਸਿੰਘ ਜੀ ਇਕ ਦਿਨ ਪੈਦਲ ਹੀ ਜਾ ਰਹੇ ਸਨ ਕਿ ਇਕ ਟਰੱਕ ਦੀ ਲਪੇਟ ਵਿਚ ਆ ਗਏ।ਇਸ ਦੁਰਘਟਨਾ ਕਾਰਣ ਉਨ੍ਹਾਂ ਦੀਆਂ ਦੋਵੇਂ ਲੱਤਾਂ ਪੱਟਾਂ ਤੋਂ ਕੱਟਣੀਆਂ ਪਈਆਂ।ਸਦਮਾ ਬਹੁਤ ਅਸਹਿ ਸੀ ਪਰ ਉਨ੍ਹਾਂ ਨੇ ਪੂਰੇ ਹੌਸਲੇ ਨਾਲ ਇਸਨੂੰ ਜਰਿਆ।ਸਾਡੇ ਬਾਹਰ ਜਾਣ ਤੋਂ ਪਹਿਲਾਂ ਇਹ ਵੀ ਲੁਧਿਆਣੇ ਗਏ ਹੋਏ ਸਨ।ਜਦੋਂ ਵੀ ਮੇਲ ਹੁੰਦਾ ਉਦੋਂ ਹੀ ਤਾਕੀਦ ਕਰਦੇ ਕਿ ਜਦੋਂ ਵੀ ਅਸੀਂ ਕਨੇਡਾ ਆਏ ਤਾਂ ਉਨ੍ਹਾਂ ਨੂੰ ਮਿਲੇ ਤੋਂ ਬਿਨਾਂ ਨਹੀਂ ਆਉਣਾ।ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਡਲਕਾਂ ਮਾਰ ਰਹੀ ਸੀ।ਉਹ ਵ੍ਹੀਲ ਚੇਅਰ ਤੇ ਬੈਠੇ ਹੀ ਸਾਨੂੰ ਖਾਣ ਪੀਣ ਵਾਲਾ ਸਮਾਨ ਪੇਸ਼ ਕਰ ਰਹੇ ਸਨ।ਸਾਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਪੂਰੇ ਚੜ੍ਹਦੀ ਕਲਾ ਵਿਚ ਸਨ।ਉਹ ਆਪ ਹੀ ਕਹਿ ਰਹੇ ਸਨ ਕਿ ਜੇ ਇਨਸਾਨ ਚੜ੍ਹਦੀ ਕਲਾ ਵਿਚ ਰਹੇ ਤਾਂ ਦੁਖ ਯਾਦ ਨਹੀਂ ਰਹਿੰਦਾ ਨਹੀਂ ਤਾਂ ਜ਼ਿੰਦਗੀ ਮੁਹਾਲ ਹੋ ਜਾਂਦੀ ਹੈ।ਜੋ ਹੋਣਾ ਸੀ ਉਹ ਤਾਂ ਹੋ ਗਿਆ, ਸਮਾਂ ਤਾਂ ਪਿਛੇ ਮੁੜ ਨਹੀਂ ਸਕਦਾ।ਉਹ ਦੱਸ ਰਹੇ ਸਨ ਕਿ ਜੇ ਇਹ ਭਾਣਾ ਮੇਰੇ ਨਾਲ ਪੰਜਾਬ ਵਿਚ ਵਾਪਰਿਆ ਹੁੰਦਾ ਤਾਂ ਸ਼ਾਇਦ ਮੈਂ ਬਚ ਹੀ ਨਾ ਸਕਦਾ।ਟਰੱਕ ਵਾਲੇ ਨੇ ਸੁੱਟ ਕੇ ਦੌੜ ਜਾਣਾ ਸੀ।ਇਥੇ ਜਿਸ ਟਰੱਕ ਵਾਲੇ ਨਾਲ ਟੱਕਰ ਹੋਈ ਸੀ ਉਸੇ ਨੇ ਫੋਨ ਕਰ ਕੇ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ।ਹਸਪਤਾਲ ਵਾਲਿਆਂ ਨੇ ਪੂਰੀ ਦੇਖ ਭਾਲ ਕੀਤੀ।ਤਕਰੀਬਨ ਚਾਲੀ ਲੱਖ ਰੁਪਈਆ ਇਲਾਜ ਤੇ ਖਰਚ ਆਇਆ ਜੋ ਸਾਰਾ ਸਰਕਾਰ ਨੇ ਕੀਤਾ।ਹਸਪਤਾਲ ਵੱਲੋਂ ਇਕ ਮੋਟਰ ਵਾਲੀ ਵ੍ਹੀਲ ਚੇਅਰ ਦਿੱਤੀ ਗਈ ਜਿਸ ਤੇ ਉਹ ਸਵੇਰੇ ਸ਼ਾਮ ਸੈਰ ਕਰਨ ਜਾਂਦੇ ਹਨ।ਉਨ੍ਹਾਂ ਦੇ ਨਕਲੀ ਲੱਤਾਂ ਵੀ ਲਗਾਈਆਂ ਗਈਆਂ ਹਨ ਜਿਸ ਨਾਲ ਉਹ ਕੁਝ ਦੂਰੀ ਤਕ ਤੁਰ ਵੀ ਲੈਂਦੇ ਹਨ ਪਰ ਅਜੇ ਆਦਤ ਨਾ ਹੋਣ ਕਾਰਣ ਇਸਤੇਮਾਲ ਨਹੀਂ ਕਰਦੇ।
ਮੇਰੀ ਵਡੀ ਭੂਆ ਦਾ ਛੋਟਾ ਬੇਟਾ ਨਿੰਦਰ ਵੀ ਬਰੈਂਪਟਨ ਰਹਿੰਦਾ ਹੈ।ਉਹ ਕੰਪਿਊਟਰ ਇੰਜੀਨੀਅਰ ਹੈ।ਉਹ ਬਾਰਾਂ ਤੇਰਾਂ ਸਾਲ ਦਾ ਸੀ ਜਦੋਂ ਕਨੇਡਾ ਪਹੁੰਚ ਗਿਆ ਸੀ।ਉਸ ਤੋਂ ਮਗਰੋਂ ਸਾਡਾ ਕਦੇ ਮੇਲ ਨਹੀਂ ਸੀ ਹੋਇਆ।ਮੈਨੂੰ ਉਮੀਦ ਸੀ ਕਿ ਸ਼ਾਇਦ ਉਹ ਸਾਨੂੰ ਭੁੱਲ ਗਿਆ ਹੋਵੇਗਾ।ਉਸ ਦੀ ਪਤਨੀ ਰਿੰਪੀ ਇੰਗਲੈਂਡ ਦੀ ਜੰਮਪਲ ਹੈ।ਉਸਨੂੰ ਅਸੀਂ ਪਹਿਲਾਂ ਕਦੇ ਨਹੀਂ ਸੀ ਮਿਲੇ।ਉਸ ਦੇ ਸੁਭਾਅ ਦੀਆਂ ਬਹੁਤ ਤਾਰੀਫਾਂ ਸੁਣੀਆਂ ਸਨ।ਜਦੋਂ ਅਸੀਂ ਕਨੇਡਾ ਪਹੁੰਚੇ ਤਾਂ ਦੂਜੇ ਦਿਨ ਹੀ ਨਿੰਦਰ ਦਾ ਫੋਨ ਆ ਗਿਆ।ਉਹ ਸਾਨੂੰ ਡਿਨਰ ਤੇ ਆਉਣ ਦਾ ਸੱਦਾ ਦੇ ਰਿਹਾ ਸੀ ਅਤੇ ਉਨਾ ਚਿਰ ਉਸ ਨੇ ਫੋਨ ਨਹੀਂ ਰਖਿਆ ਜਿੰਨਾ ਚਿਰ ਅਸੀਂ ਹਾਂ ਨਹੀਂ ਆਖ ਦਿੱਤੀ।ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਮੇਰਾ ਇਹ ਖਦਸ਼ਾ ਨਿਰਮੂਲ ਨਿਕਲਿਆ ਕਿ ਉਹ ਮੈਨੂੰ ਪਹਿਚਾਣ ਨਹੀਂ ਸਕਣਗੇ।ਨਿੰਦਰ ਮੇਰੇ ਬਾਰੇ ਨਿੱਕੀ ਤੋਂ ਨਿੱਕੀ ਗੱਲ ਤੋਂ ਜਾਣੂ ਸੀ।ਉਸ ਦੀ ਪਤਨੀ ਸਾਨੂੰ ਇਸ ਤਰ੍ਹਾਂ ਮਿਲੀ ਜਿਵੇਂ ਵਰ੍ਹਿਆਂ ਤੋਂ ਸਾਡੀ ਜਾਣੂ ਹੋਵੇ।ਉਸ ਨੇ ਹੀ ਦੱਸਿਆ ਕਿ ਭਾਵੇਂ ਆਪਾਂ ਇਕ ਦੂਜੇ ਨੂੰ ਨਾ ਮਿਲੀਏ ਜਾਂ ਫੋਨ ਕਰੀਏ ਪਰ ਘਰ ਵਿਚ ਹੁੰਦੀਆਂ ਗੱਲਾਂ ਜਾਂ ਮਿਲਦੇ

ਨਿੰਦਰ ਦੇ ਨਾਲ ਖੇਡਦਾ ਹੋਇਆ ਲੇਖਕ
ਰਿਸ਼ਤੇਦਾਰਾਂ ਤੋਂ ਸਭ ਕੁਝ ਪਤਾ ਲਗਦਾ ਰਹਿੰਦਾ ਹੈ।ਉਹ ਜਿੰਨੀ ਸੋਹਣੀ ਹੈ ਉਨੀ ਸੁਚੱਜੀ ਵੀ ਹੈ।ਉਹ ਇੰਗਲੈਂਡ ਦੀ ਜੰਮਪਲ ਹੋਣ ਦੇ ਬਾਵਜੂਦ ਵੀ ਠੇਠ ਪੰਜਾਬੀ ਬੋਲਦੀ ਹੈ।ਹਸਮੁਖ ਐਨੀ ਕਿ ਰੋਂਦਿਆਂ ਨੂੰ ਹੱਸਣ ਲਾ ਦੇਵੇ।ਉਹ ਬੜੇ ਉਤਸ਼ਾਹ ਨਾਲ ਸਾਨੂੰ ਖਾਣ ਪੀਣ ਦਾ ਸਮਾਨ ਪੇਸ਼ ਕਰ ਰਹੀ ਸੀ।ਕਦੇ ਇਕ ਚੀਜ਼ ਚੁਕ ਕੇ ਅੱਗੇ ਕਰਦੀ ਤੇ ਕਹਿੰਦੀ ਆਹ ਚੀਜ਼ ਤਾਂ ਤੁਸੀਂ ਖਾਧੀ ਹੀ ਨਹੀਂ।ਇਸ ਚੀਜ਼ ਦਾ ਤਾਂ ਤੁਸੀਂ ਸਵਾਦ ਹੀ ਨਹੀਂ ਦੇਖਿਆ…ਤੇ ਆਹ ਚੀਜ਼ ਤਾਂ ਤੁਸੀਂ ਦੇਖੀ ਹੀ ਨਹੀਂ।ਜਦੋਂ ਉਹ ਬੜੇ ਠਹਿਰਾਅ ਨਾਲ ਵੀਰ ਜੀ ਅ ਅ ਅ… ਕਹਿੰਦੀ ਤਾਂ ਬੜਾ ਚੰਗਾ ਲਗਦਾ।ਇਸ ਘਰ ਵਿਚ ਐਨੀ ਅਪਣੱਤ ਮਹਿਸੂਸ ਹੋ ਰਹੀ ਸੀ ਜਿਵੇਂ ਅਸੀਂ ਵਰ੍ਹਿਆ ਤੋਂ ਇਥੇ ਆ ਰਹੇ ਹੋਈਏ।
ਨਿੰਦਰ ਨੇ ਚਾਹ ਪੀਣ ਤੋਂ ਬਾਅਦ ਆਪਣਾ ਘਰ ਦਿਖਾਇਆ।ਘਰ ਕੀ ਇਕ ਛੋਟਾ ਮਹਿਲ ਹੀ ਹੈ।ਦੋ ਤਹਿਖਾਨਿਆਂ ਵਾਲੇ ਇਸ ਘਰ ਵਿਚ ਉਸ ਨੇ ਆਪਣੇ ਸਾਰੇ ਸੁਪਨੇ ਸੰਜੋਏ ਹੋਏ ਹਨ।ਇਕ ਤਹਿਖਾਨੇ ਵਿਚ ਉਸ ਨੇ ਆਪਣੇ ਮਨੋਰੰਜਨ ਲਈ ਖੇਡਾਂ ਤੇ ਜਿਮ ਦਾ ਸਮਾਨ ਰਖਿਆ ਹੋਇਆ ਹੈ।ਛੇ ਬੈੱਡ ਰੂਮ ਦੇ ਇਸ ਘਰ ਵਿਚ ਹਰ ਸਹੂਲਤ ਮੌਜੂਦ ਹੈ।ਉਸ ਤੋਂ ਮਗਰੋਂ ਨਿੰਦਰ ਆਪਣੇ ਬਚਪਨ ਦੀਆਂ ਗੱਲਾਂ ਕਰਦਾ ਰਿਹਾ।ਉਹ ਕੁਝ ਵੀ ਨਹੀਂ ਸੀ ਭੁੱਲਿਆ, ਸਭ ਕੁਝ ਯਾਦ ਸੀ।ਸਾਰੇ ਰਿਸ਼ਤੇਦਾਰਾਂ ਲਈ ਉਸ ਦੇ ਦਿਲ ਵਿਚ ਇੱਜ਼ਤ ਸੀ।ਸਿਰਫ ਸਮੇਂ ਦੀ ਘਾਟ ਸੀ ਜਿਸ ਕਾਰਣ ਉਹ ਜ਼ਿਆਦਾ ਪੰਜਾਬ ਨਹੀਂ ਸੀ ਆ ਸਕਿਆ।ਉਸ ਨੇ ਆਪਣੀ ਕਲਾ ਦੇ ਜੌਹਰ ਵੀ ਦਿਖਾਏ।ਉਸ ਨੇ ਤਿੰਨ ਰੰਗਾਂ ਦਾ ਸ਼ਰਬਤ ਤਿਆਰ ਕੀਤਾ।ਇਕ ਗਲਾਸ ਵਿਚ ਤਿੰਨ ਰੰਗ ਅਲੱਗ ਅਲੱਗ ਦਿਸਦੇ ਸਨ।ਇਹ ਹੈਰਾਨੀ ਵਾਲੀ ਗੱਲ ਸੀ ਕਿ ਤਿੰਨੇ ਰੰਗ ਆਪਸ ਵਿਚ ਘੁਲਦੇ ਨਹੀਂ ਸਨ।ਜੇ ਹੇਠਾਂ ਸੰਤਰੀ ਰੰਗ ਸੀ ਤਾਂ ਵਿਚਾਲੇ ਹਰਾ ਤੇ ਉਪਰ ਲਾਲ।ਉਸ ਨੇ ਦਸਿਆ ਕਿ ਉਹ ਪੈੱਗ ਵੀ ਇਸ ਤਰ੍ਹਾਂ ਤਿਆਰ ਕਰਦਾ ਹੈ ਕਿ ਤਿੰਨ ਘੁੱਟਾਂ ਵਿਚ ਤਿੰਨ ਸਵਾਦ ਆਉਂਦੇ ਹਨ।ਪਹਿਲਾਂ ਇਕ ਸਵਾਦ ਫਿਰ ਦੂਜਾ ਤੇ ਫਿਰ ਤੀਜਾ, ਤਿੰਨਾਂ ਦੇ ਸਵਾਦ ਆਪਸ ਵਿਚ ਮਿਲਦੇ ਨਹੀਂ।ਰਾਤ ਬਹੁਤ ਹੋ ਚੁੱਕੀ ਸੀ।ਨਾ ਤਾਂ ਸਾਡਾ ਦਿਲ ਉਠਣ ਨੂੰ ਕਰਦਾ ਸੀ ਤੇ ਨਾ ਹੀ ਉਨ੍ਹਾਂ ਦਾ ਦਿਲ ਚਾਹੁੰਦਾ ਸੀ ਕਿ ਅਸੀਂ ਜਾਈਏ।ਨਿੰਦਰ ਦੇ ਘਰੋਂ ਅਸੀਂ ਸਚਮੁਚ ਹੀ ਮੋਹ ਦੀਆਂ ਝੋਲੀਆਂ ਭਰ ਕੇ ਆਏ।
ਪੰਜਾਬੀਆਂ ਨੇ ਬਾਹਰ ਜਾ ਕੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੁਹਿਆ ਹੈ।ਅਜਿਹਾ ਹੀ ਇਕ ਨਾਂ ਹੈ ਨੋਬਲ ਫਰਨੀਚਰ।ਸ. ਬਖਸ਼ੀਸ਼ ਸਿੰਘ ਮੇਰੇ ਛੋਟੇ ਭਰਾ ਦੇ ਸਾਂਢੂ ਦਾ ਨਾਂ ਹੈ।ਉਨ੍ਹਾਂ ਦੇ ਬੇਟੇ ਨਵਦੀਪ ਦੀ ਸ਼ਾਦੀ ਕਨੇਡਾ ਹੋਈ ਤਾਂ ਉਹ ਸਾਰਾ ਪਰਿਵਾਰ ਕਨੇਡਾ ਜਾ ਵਸਿਆ।ਉਨ੍ਹਾਂ ਦੀ ਵਡੀ ਨੂੰਹ ਜਗਜੀਤ ਦੇ ਪੇਕਿਆਂ ਦੀ ਫਰਨੀਚਰ ਦੀ ਕਾਫੀ ਵਡੀ ਫੈਕਟਰੀ ਹੈ।ਉਨ੍ਹਾਂ ਤੋਂ ਅਗਵਾਈ ਲੈ ਕੇ ਬਖਸ਼ੀਸ਼ ਸਿੰਘ ਹੋਰਾਂ ਨੇ ਫਰਨੀਚਰ ਦਾ ਕੰਮ ਸ਼ੁਰੂ ਕੀਤਾ ਸੀ।ਇਨ੍ਹਾਂ ਦੀ ਮਿਹਨਤ ਅਤੇ ਹਿੰਮਤ ਸਦਕਾ ਅੱਜ ਨੋਬਲ ਫਰਨੀਚਰ ਚੰਗਾ ਮੁਕਾਮ ਹਾਸਲ ਕਰ ਚੁੱਕਾ ਹੈ।ਉਨ੍ਹਾਂ ਦੇ ਦੋ ਸ਼ੋ ਰੂਮ ਹਨ।ਮੇਰੀ ਖਾਹਿਸ਼ ਸੀ ਕਿ ਇਕ ਫੇਰੀ ਉਨ੍ਹਾਂ ਦੇ ਸ਼ੋ ਰੂਮ ਦੀ ਮਾਰਾਂ।ਅਸੀਂ ਇਕ ਦਿਨ ਉਨ੍ਹਾਂ ਦੇ ਘਰ ਡਿਨਰ ਕਰਨ ਗਏ ਤਾਂ ਮੈਂ ਇਹ ਇਛਾ ਨਵਦੀਪ ਕੋਲ ਜਾਹਰ ਕੀਤੀ।ਉਹ ਅਗਲੇ ਦਿਨ ਹੀ ਮੈਨੂੰ ਲਿਜਾਣ ਲਈ ਤਿਆਰ ਹੋ ਗਿਆ।

ਨੋਬਲ ਫਰਨੀਚਰ ਸ਼ੋ ਰੂਮ ਦੀ ਝਲਕ
ਪਰ ਮੈਂ ਆਪ ਹੀ ਆਖ ਦਿੱਤਾ ਕਿ ਐਨੀ ਜਲਦੀ ਨਹੀਂ ਅਸੀਂ ਕਿਸੇ ਦਿਨ ਆਪ ਹੀ ਆ ਜਾਵਾਂਗੇ।ਇਹ ਸਬੱਬ ਵੀ ਦੋ ਕੁ ਦਿਨਾਂ ਬਾਅਦ ਹੀ ਬਣ ਗਿਆ।ਗੁਰਮੇਲ ਨੂੰ ਉਸ ਦਿਨ ਛੁੱਟੀ ਸੀ ਤੇ ਉਹ ਸਾਨੂੰ ਉਨ੍ਹਾਂ ਦੇ ਸ਼ੋ ਰੂਮ ਵਿਚ ਲੈ ਗਿਆ।ਕਾਫੀ ਸੁੰਦਰ ਤਰੀਕੇ ਨਾਲ ਸਜਾਏ ਕਰੀਬ ਦਸ ਹਜ਼ਾਰ ਸੁਕੇਅਰ ਫੁੱਟ ਰਕਬੇ ਵਿਚ ਫੈਲੇ ਇਸ ਸ਼ੋ ਰੂਮ ਵਿਚ ਫਰਨੀਚਰ ਦੀ ਹਰ ਵੰਨਗੀ ਮੌਜੂਦ ਹੈ।ਨਵਦੀਪ ਦੱਸ ਰਿਹਾ ਸੀ ਕਿ ਅੱਜ ਕਲ੍ਹ ਮੰਦਾ ਹੋਣ ਕਾਰਣ ਉਨ੍ਹਾਂ ਨੇ ਉਤਪਾਦਨ ਘਟਾਇਆ ਹੋਇਆ ਹੈ ਤੇ ਜ਼ਿਆਦਾਤਰ ਸਮਾਨ ਚੀਨ ਤੋਂ ਹੀ ਮੰਗਵਾਉਂਦੇ ਹਨ।ਦੋ ਮੰਜ਼ਿਲਾ ਬਣੇ ਇਸ ਸ਼ੋ ਰੂਮ ਨੂੰ ਨਵਦੀਪ ਤੇ ਜਗਜੀਤ ਮਿਲ ਕੇ ਸੰਭਾਲਦੇ ਹਨ।

ਬਾਰਬੀ ਕਿਊ ਕਰਦਾ ਹੋਇਆ ਗੁਰਮੇਲ
ਵਾਪਸੀ
ਜਿਵੇਂ ਜਿਵੇਂ ਵਾਪਸੀ ਦਾ ਦਿਨ ਨੇੜੇ ਆ ਰਿਹਾ ਸੀ ਤਿਵੇਂ ਤਿਵੇਂ ਮਨ ਨੂੰ ਕੁਝ ਕਾਹਲ ਮਹਿਸੂਸ ਹੋਣ ਲੱਗ ਗਈ ਸੀ।ਇਸ ਦਾ ਇਕ ਕਾਰਣ ਸਾਡੇ ਬੇਟੇ ਹਰਮਨਪ੍ਰੀਤ ਦਾ ਪੇਟ ਦਰਦ ਵੀ ਸੀ।ਉਸ ਦੇ ਗੁਰਦੇ ਵਿਚ ਪਥਰੀਆਂ ਹਨ।ਜਦੋਂ ਪਥਰੀ ਨਿਕਲਦੀ ਹੈ ਤਾਂ ਕਈ ਦਿਨ ਦਰਦ ਹੁੰਦਾ ਹੈ।ਉਸ ਨੇ ਨਿਕਲੀ ਪਥਰੀ ਦੀ ਫੋਟੋ ਖਿੱਚ ਕੇ ਈ-ਮੇਲ ਕਰ ਦਿੱਤੀ ਸੀ।ਉਸ ਨੂੰ ਦੇਖ ਕੇ ਮਨ ਹੋਰ ਵੀ ਬੇਚੈਨ ਹੋ ਗਿਆ।ਪਰ ਜਿੰਨੇ ਦਿਨ ਵੀ ਅਸੀਂ ਕਨੇਡਾ ਰਹੇ ਖੂਬ ਆਨੰਦ ਮਾਣਿਆਂ।ਸੇਵਕੀ ਤੇ ਰੋਜੀ ਨੇ ਸਾਨੂੰ ਕਾਫੀ ਖਰੀਦਦਾਰੀ ਵੀ ਕਰਵਾਈ।ਵਾਪਸੀ ਤੋਂ ਇਕ ਦਿਨ ਪਹਿਲਾਂ ਗੁਰਮੇਲ ਨੇ ਬਾਰਬੀ ਕਿਊ ਦਾ ਪ੍ਰੋਗਰਾਮ ਬਣਾ ਲਿਆ।ਬਾਰਬੀ ਇਕ ਕਿਸਮ ਦੀ ਭੱਠੀ ਹੀ ਹੈ ਜਿਸ ਤੇ ਚਿਕਨ ਰੋਸਟ ਕੀਤਾ ਜਾਂਦਾ ਹੈ ਅਤੇ ਛੱਲੀਆਂ ਵਗੈਰਾ ਵੀ ਭੁੰਨੀਆਂ ਜਾਂਦੀਆਂ ਹਨ।ਕਨੇਡਾ ਵਿਚ ਹਰ ਘਰ ਵਿਚ ਬਾਰਬੀ ਭੱਠੀ ਦੇਖਣ ਨੂੰ ਮਿਲੀ।ਰੋਜੀ ਦੀ ਸਹੇਲੀ ਪੰਮੀ ਸਾਨੂੰ ਹਰ ਰੋਜ਼ ਫੋਨ ਕਰਦੀ ਸੀ ਜਿਸ ਕਾਰਣ ਅਸੀਂ ਕੁਝ ਸਮਾਂ ਕਢ ਕੇ ਉਸ ਨੂੰ ਮਿਲਣ ਲਈ ਵੀ ਗਏ।ਰਾਹ ਵਿਚ ਸੇਵਕੀ ਨੇ ਨਵਾਂ ਤਾਮੀਰ ਹੋਇਆ ਸਤ ਨਰਾਇਣ ਦਾ ਮੰਦਰ ਵੀ ਦਿਖਾਇਆ ਜੋ ਕਾਫੀ ਖੁਲ੍ਹੀ ਜਗ੍ਹਾ ਵਿਚ ਬਣਿਆਂ ਹੋਇਆ ਹੈ।ਇਕ ਪਾਸੇ ਸੰਗਮਰਮਰ ਦੀ ਇਮਾਰਤ ਹੈ ਤੇ ਦੂਜੇ ਪਾਸੇ ਪੂਰੀ ਲੱਕੜ ਦੀ।ਇਸ ਇਮਾਰਤ ਤੇ ਕੀਤੀ ਗਈ ਮੀਨਾਕਾਰੀ ਦੇਖਣ ਯੋਗ ਹੈ।ਬਹੁਤ ਸਾਰੇ ਸਟੋਰਾਂ ਵਿਚ ਗਏ ਜਿਨ੍ਹਾਂ ਵਿਚੋਂ ਸ਼ਾਪਰ ਵਲਡ ਦੀ ਵਿਸ਼ਾਲਤਾ ਨੇ ਮਨ ਨੂੰ ਮੋਹ ਲਿਆ।ਇਥੇ ਬਹੁਤ ਸਾਰੇ ਪੰਜਾਬੀ ਬਜ਼ੁਰਗ ਆਪਣਾ ਸਮਾਂ ਬਤੀਤ ਕਰਦੇ ਵੀ ਨਜ਼ਰ ਆਏ।ਇਥੋਂ ਦੇ ਡਾਲਰ ਸਟੋਰ ਵੀ ਕਾਫੀ ਚਲਦੇ ਹਨ।ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਥੇ ਹਰ ਚੀਜ਼ ਇਕ ਡਾਲਰ ਦੀ ਮਿਲਦੀ ਹੈ।ਕਈ ਵਾਰ ਡਾਲਰ ਵਿਚ ਚੰਗੀਆਂ ਚੀਜ਼ਾਂ ਵੀ ਮਿਲ ਜਾਂਦੀਆਂ ਹਨ।ਇਸ ਲਈ ਇਨ੍ਹਾਂ ਸਟੋਰਾਂ ਤੇ ਕਾਫੀ ਭੀੜ ਰਹਿੰਦੀ ਹੈ।ਸਾਰਾ ਸਿਸਟਮ ਅਮਰੀਕਾ ਵਾਲਾ ਹੀ ਸੀ।
ਪੱਚੀ ਅਪ੍ਰੈਲ ਦੀ ਸਾਡੀ ਵਾਪਸੀ ਸੀ ਤੇ ਉਸੇ ਦਿਨ ਹੀ ਪੀਤੋ ਭੂਆ ਦੀ ਲੜਕੀ ਸ਼ਿੰਦੋ ਦੇ ਘਰ ਆਖੰਡ ਪਾਠ ਦਾ ਭੋਗ ਸੀ।ਉਸੇ ਦਿਨ ਟਰਾਂਟੋ ਵਿਚ ਨਗਰ ਕੀਰਤਨ ਵੀ ਨਿਕਲਣਾ ਸੀ।ਨਗਰ ਕੀਰਤਨ ਦੁਪਹਿਰ ਤੋਂ ਬਾਅਦ ਨਿਕਲਣਾ ਸੀ ਇਸ ਲਈ ਅਸੀਂ ਉਸ ਵਿਚ ਤਾਂ ਸ਼ਾਮਿਲ ਨਹੀਂ ਹੋ ਸਕੇ ਪਰ ਆਖੰਡ ਪਾਠ ਦੇ ਭੋਗ ਵਿਚ ਸ਼ਾਮਲ ਹੋਣ ਲਈ ਅਸੀਂ ਗਏ।ਪਾਠ ਦਾ ਭੋਗ ਨਵੇਂ ਬਣੇ ਗੁਰਦਵਾਰੇ ਸਿਖ ਸੰਗਤ ਵਿਚ ਪਾਇਆ ਗਿਆ।ਇਥੇ ਹੀ ਭੂਆ ਦੀ ਛੋਟੀ ਬੇਟੀ ਅਤੇ ਉਸ ਦਾ ਪਤੀ ਸੰਤੋਖ ਸਿੰਘ ਅਤੇ ਹੋਰ ਰਿਸ਼ਤੇਦਾਰ ਵੀ ਮਿਲੇ।
ਸਮਾਨ ਅਸੀਂ ਸਾਰਾ ਬੰਨ੍ਹ ਕੇ ਰੱਖ ਗਏ ਸੀ।ਭੋਗ ਤੋਂ ਵਾਪਸ ਆ ਕੇ ਸੇਵਕੀ ਅਤੇ ਗੁਰਮੇਲ ਨੇ ਸਮਾਨ ਕਾਰ ਵਿਚ ਰੱਖਿਆ ਅਤੇ ਅਸੀਂ ਹਵਾਈ ਅੱਡੇ ਲਈ ਰਵਾਨਾ ਹੋ ਗਏ।ਜਹਾਜ਼ ਆਪਣੇ ਸਹੀ ਸਮੇਂ ਤੇ ਸੀ।ਸੇਵਕੀ ਨੇ ਸਮਾਨ ਚੈਕ ਕਰਵਾਇਆ ਅਤੇ ਅਸੀਂ ਚੈਕਇਨ ਲਈ ਟਰਮੀਨਲ ਦੇ ਅੰਦਰ ਦਾਖਲ ਹੋ ਗਏ।ਉਹ ਤਿੰਨੇ ਉਦੋਂ ਤਕ ਹੱਥ ਹਿਲਾਉਂਦੇ ਰਹੇ ਜਦੋਂ ਤਕ ਅਸੀਂ ਦਿਸਣੋਂ ਨਹੀਂ ਹਟ ਗਏ।
- - - ਸਮਾਪਤ - - -