ਜੰਮਦੀਆਂ ਆਈਆਂ ਤੇ ਜੰਮਦੀਆਂ ਰਹਿਣਗੀਆਂ,
ਮਾਵਾਂ ਪੁੱਤਰਾਂ ਨੂੰ ਦਿਨ ਰਾਤ ਲੋਕੋ।
ਜੰਮਣਾ ਪੁੱਤ ਭਗਤ ਸਿੰਘ ਸਰਦਾਰ ਵਰਗਾ
ਹਰ ਮਾਂ ਦੀ ਨਹੀਂ ਓਕਾਤ ਲੋਕੋ।
ਅਣਖ਼ ਲਈ ਜੋ ਖੁੱਦ ਕੁਰਬਾਣ ਹੋਵਣ,
ਉਨ੍ਹਾਂ ਸੂਰਮਿਆਂ ਦੀ ਵੱਖਰੀ ਜਾਤ ਲੋਕੋ।
ਸਰੀਰਕ ਮੌਤ ਨੂੰ ਕਦੇ ਨਾ ਮੌਤ ਮੰਨਦੇ,
ਮਰੀ ਜ਼ਮੀਰ ਨੂੰ ਇਹ ਸਮਝਦੇ ਮੌਤ ਲੋਕੋ।
ਬੁਜ਼ਦਿਲ ਝਗੜਦੇ ਆਏ ਖ਼ੁਦਗਰਜ਼ੀਆਂ ਲਈ
ਸਮਝਣ ਮਾਇਆ ਨੂੰ ਵੱਡੀ ਸੁਗਾਤ ਲੋਕੋ।
ਆਬਰੂ ਵਤਨ ਦੀ ਸਦਾ ਬਚਾਉਣ ਖਾਤਰ
ਤਤਪਰ ਸੂਰਮੇ ਹਰ ਪ੍ਰਭਾਤ ਲੋਕੋ।
ਦੱਸੋ ਕਿਸੇ ਕੀ ਆਜ਼ਾਦੀ ਦਾ ਮੁੱਲ ਪਾਇਆ,
ਲਈ ਸੂਰਮਿਆਂ ਜੋ ਜਾਨਾਂ ਘਾਤ ਲੋਕੋ।
ਕਬਜ਼ਾ ਕਰ ਲਿਆ ਕਾਵਾਂ ਤੇ ਘੋਗੜਾਂ ਨੇ
ਪੁੱਛੀ ਉਨ੍ਹਾਂ ਦੀ ਕਿਸੇ ਨਾ ਬਾਤ ਲੋਕੋ।
ਦੇਣੀ ਸੱਚੀ ਸਰਧਾਂਜ਼ਲੀ ਜੇ ਭਗਤ ਸਿੰਘ ਨੂੰ,
ਚੇਤੇ ਰੱਖਿਓ ਮੇਰੀ ਇਹ ਬਾਤ ਲੋਕੋ,
ਪੂਰਾ ਕਰ ਦਿਓ ਸੁਪਨਾ ਭਗਤ ਸਿੰਘ ਦਾ,
ਜਿਹੜਾ ਦੇਖਿਆ ਉਸ ਫ਼ਾਂਸੀ ਦੀ ਰਾਤ ਲੋਕੋ।