ਖਾਲਸਤਾਨ ਜ਼ਿੰਦਾਬਾਦ (ਲੇਖ )

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


antibiotic without prescription

amoxicillin prescription no insurance
ਪਿਛਲੇ ਕੁਝ ਸਮੇਂ ਤੋਂ ਮਿਡਲ ਈਸਟ ਵਿਚ ਟੁਨੇਸ਼ੀਆ ਤੋਂ ਸ਼ੁਰੂ ਹੋਇਆ ਤੂਫਾਨ ਮਿਸਰ ਵਿਚ ਦੀ ਹੁੰਦਾ ਹੋਇਆ ਅਜ ਬੈਹਰੀਨ, ਯਮਨ, ਲਿਬੀਆ ਅਤੇ ਜੋਰਡਨ ਵਿਚ ਵੀ ਆ ਹਾਜ਼ਰ ਹੋਇਆ ਹੈ ਅਗੋਂ ਰਬ ਹੀ ਜਾਣੇ ਇਹ ਜਾਗਿਆ ਹੋਇਆ ਮਨੁਖੀ ਹੜ੍ਹ ਹੋਰ ਕਿਸ ਕਿਸ ਦੇਸ਼ ਨੂੰ ਹਲੂਣੇਗਾ । ਹਰ ਥ੍ਹਾਂ ਆਪਣੇ ਹਕਾਂ ਲਈ ਉਚੀ ਆਵਾਜ਼ ਵਿਚ ਆਪੋ ਆਪਣੇ ਦੇਸ਼ ਦੀ ਬੋਲੀ ਵਿਚ ਬਾਹਾਂ ਉਲਾਰ ਉਲਾਰ ਕੇ ਲਾਏ ਨਾਅਰੇ ਮੇਰੇ ਕੰਨਾ ਰਾਹੀਂ ਜਦ ਦਿਮਾਗੀ ਤੈਹਾਂ ਤਕ ਪੁਜਦੇ ਹਨ ਤਾਂ ਦਿਮਾਗ ਵਿਚ ਲਗਾ ਅਨਵਾਦਕਰਤਾ ਉਹਨਾਂ ਨੂੰ ਖਾਲਸਤਾਨ ਜਿ਼ੰਦਾਬਾਦ ਖਾਲਸਤਾਨ ਜਿ਼ੰਦਾ ਬਾਦ ਵਿਚ ਬਦਲ ਦਿੰਦਾ ਹੈ।
ਹੋ ਸਕਦਾ ਹੈ ਕਿ ਪਾਠਕ ਇਹ ਸੋਚ ਕੇ ਕਿ ਮਿਡਲ ਈਸਟ ਦਾ ਮੁਸਲਮ ਭਾਈਚਾਰਾ ਖਾਲਸਤਾਨ ਦੀ ਮੰਗ ਕਿਊਂ ਕਰੇਗਾ ਮੇਰੇ ਲੇਖ ਨੂੰ ਪੜ੍ਹਨਾ ਪਸੰਦ ਨਾ ਕਰਨ ਅਤੇ ਇਸ ਦਾ ਇਥੇ ਹੀ ਭੋਗ ਪਾ ਦੇਣ। ਮੇਰੇ ਬਹੁਤ ਸਾਰੇ ਜਾਣੂ ਦੋਸਤ ਮਿਤ੍ਰ ਮੇਰੇ ਇਸ ਲੇਖ ਨੂੰ ਮੇਰਾ ਝਲ ਆਖ ਕੇ ਮੈਨੂੰ ਸੱਤਰਿਆ ਬੱਹਤਰਿਆ ਦੀ ਉਪਾਧੀ ਵੀ ਪਰਦਾਨ ਕਰ ਦੇਣ। ਇਹ ਉਹਨਾਂ ਦੀ ਮਰਜ਼ੀ ਤੇ ਮੁਨੱ੍ਹਸਰ ਹੈ। ਤੂਤੀ ਦੀ ਆਵਾਜ਼ ਨਕਾਰਖਾਨੇ ਵਿਚ ਕੌਣ ਸੁਣੇਗਾ ਸੋਚ ਕੇ ਤੂਤੀ ਚੁਪ ਤਾਂ ਨਹੀਂ ਹੋ ਜਾਂਦੀ ਅਤੇ ਨਾ ਹੀ ਮੈਂ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੁਕਾਂ ਗਾ।
ਮੇਰੀ ਗੱਲ ਬਾਤ ਦਾ ਨੀਂਹ ਪੱਥਰ ਉਹ ਦੋਹਾ ਜੋ ਸੰਸਾਰ ਭਰ ਵਿਚ ਅਰਦਾਸ ਪਿਛੋਂ ਪੱੜਿਆ ਜਾਦਾ ਹੈ।
“ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ॥
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗਰੰਥ॥
ਗੁਰੂ ਗਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਂ ਲੇ॥
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥
ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋੇਇ।
ਵਾਗਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ॥
ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ ॥
ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼ ॥
ਇਹ ਦੋਹਾ ਕਿਸ ਨੇ ਲਿਖਿਆ ਕਦੋਂ ਲਿਖਿਆ ਮੈਂ ਇਸ ਦੀ ਬਹਿਸ ਵਿਚ ਨਹੀਂ ਪਵਾਂਗਾ ਮੈਂ ਤਾਂ ਸਿਰਫ ਆਪਣੀ ਨਿਗੂਣੀ ਜਿਹੀ ਸਮਝ ਨਾਲ ਜੋ ਇਸ ਦੋਹੇ ਦੇ ਪਿਛੇ ਛੁਪੀ ਸਚਾਈ ਨੂੰ ਸਮਝ ਸਕਿਆ ਹਾਂ ਬਸ ਉਸ ਦੀ ਰੌਸ਼ਨੀ ਵਿਚ ਖਾਲਸਤਾਨ ਸ਼ਬਦ ਤੇ ਵਿਚਾਰ ਸਾਂਝੇ ਕਰਾਂਗਾ।
ਛੋਟੇ ਹੁੰਦੇ ਅਸੀਂ ਆਪਣੇ ਮਾਤਾ ਪਿਤਾ ਜਾਂ ਕਿਸੇ ਵਡੇ ਭੈਣ ਭਰਾ ਨਾਲ ਗੁਰਦਵਾਰੇ ਜਾਇਆ ਕਰਦੇ ਸੀ। ਗੁਰਦਵਾਰੇ ਦਾ ਗਰੰਥੀ ਜਦ ਕੀਰਤਨ ਕਰਦਾ ਤਾਂ ਸੰਗਤ ਵਿਚੋਂ ਹੀ ਕੋਈ ਢੋਲਕੀ ਨਾਲ ਸਾਥ ਦੇਣ ਲਗ ਜਾਂਦਾ। ਸੰਗਤ ਬੜੀ ਹੀ ਸ਼ਾਂਤ ਚਿਤ ਹੋ ਕੇ ਕਥਾ ਕੀਰਤਨ ਸੁਣਦੀ ਕਦੇ ਵੀ ਕਿਸੇ ਗਰੰਥੀ ਸਿੰਘ ਨੂੰ ਬੀਬੀਆਂ ਜਾਂ ਭਾਈਆਂ ਨੂੰ ਚੁਪ ਦਾ ਦਾਨ ਬਖਸ਼ਣ ਲਈ ਬੇਨਤੀ ਨਹੀਂ ਸੀ ਕਰਨੀ ਪੈਂਦੀ। ਮਾਹੌਲ ਬੜਾ ਹੀ ਸ਼ਾਂਤਮਈ ਹੁੰਦਾ। ਅਸੀਂ ਬੱਚੇ ਵੀ ਆਪਣੇ ਤੋਂ ਵਡਿਆਂ ਦੇ ਗੋਡੇ ਨਾਲ ਲਗ ਕੇ ਬੈਠੇ ਰਹਿੰਦੇ। ਦੀਵਾਨ ਦੀ ਸਮਾਪਤੀ ਤੇ ਅਰਦਾਸ ਹੁੰਦੀ ਤਾਂ ਸਾਰੇ ਹੀ ਬੜੀ ਸ਼ਰਧਾ ਨਾਲ ਅਰਦਾਸ ਵਿਚ ਜੁੜਦੇ। ਅਰਦਾਸ ਤੋਂ ਬਾਅਦ ਜਦ ਆਗਿਆ ਭਈ ਅਕਾਲ ਦਾ ਦੋਹਾ ਪੜ੍ਹਿਆ ਜਾਂਦਾ ਤਾਂ ਅਸੀਂ ਬਚੇ ਵੀ ਨਾਲ ਪੜ੍ਹਦੇ। ਸਾਨੂੰ ਉਸ ਦੋਹੇ ਨਾਲ ਨਾ ਤਾਂ ਕੋਈ ਸ਼ਰਧਾ ਸੀ ਅਤੇ ਨਾ ਹੀ ਕੋਈ ਸਮਝ, ਸਾਨੂੰ ਤਾਂ ਸਿਰਫ ਇਨਾ ਪਤਾ ਸੀ ਕਿ ਬਸ ਛੇਤੀ ਹੀ ਕੜਾਹ (ਕੜਾਹ ਪ੍ਰਸ਼ਾਦ ਨੂੰ ਬੱਚੇ ਕੜਾਹ ਹੀ ਕਿਹਾ ਕਰਦੇ ਸਨ) ਵੰਡਿਆ ਜਾਵਿਗਾ। ਦੋਹੇ ਤੋਂ ਬਾਅਦ ਜਦ ਜੈਕਾਰਾ ਛੱਡਿਆ ਜਾਂਦਾ ਤਾਂ ਸਾਡੀ ਬੱਚਿਆਂ ਦੀ ਤਿਖੀ ਜਿਹੀ ਆਵਾਜ਼ ਵੱਖਰੀ ਹੀ ਸੁਣੀ ਜਾਂਦੀ ਸੀ। ਕੜਾਹ ਵੰਡਿਆ ਜਾਂਦਾ ਤਾਂ ਸਾਡੀ ਨਿਗਾਹ ਕੜਾਹ ਵਰਤਾਉਣ ਵਾਲੇ ਨਾਲ ਹੀ ਘੁੰਮਦੀ ਰਹਿੰਦੀ। ਬਚਿਆਂ ਲਈ ਕੜਾਹ ਅਜ ਵੀ ਉਨਾ ਹੀ ਮਨ ਭਾਉਂਦਾ ਖਾਜਾ ਹੈ ਜਿਨਾ ਅਸੀ ਬਚਪਨ ਵਿਚ ਪਸੰਦ ਕਰਦੇ ਸੀ। ਅਜ ਜੀਵਨ ਦੇ ਪੰਧ ਵਿਚ ਅਠਵੇਂ ਦਹਾਕੇ ਦੀ ਸਰਦਲ ਤੇ ਖੱੜਾ ਹਾਂ। ਬਲੱਡ ਪਰੈਸ਼ਰ, ਸ਼ੂਗਰ ਅਤੇ ਮੁਟਾਪੇ ਦੇ ਦੈਂਤ ਤੋਂ ਡਰਦਾ ਹੋਇਆ ਹੋਰ ਸਾਥੀਆਂ ਵਾਂਗ ਅੰਗੂਠੇ ਅਤੇ ਦੋ ੳਂੁਗਲੀਆਂ ਦਾ ਯੂ ਜਿਹਾ ਬਣਾ ਕੇ ਆਖਦਾ ਹਾਂ ਗਆਨੀ ਜੀ ਸਵਾਇਆ ਗਫਾ ਹੀ ਰਖਿਓ।
ਅੱਜ ਜਦ ਆਲੀਸ਼ਾਨ ਗੁਰਦਵਾਰਿਆਂ ਦੇ ਵਡੇ ਹਾਲਾਂ ਵਿਚ ਕੀਰਤਨ ਕਥਾ ਸਮੇਂ ਬੱਚੇਆਂ ਨੂੰ ਕੌੜ ਕਬੱਡੀ ਖੇਲਦੇ ਦੇਖਦਾ ਹਾਂ ਤਾਂ ਬਾਰ ਬਾਰ ਖਿਆਲ ਆਉਂਦਾ ਹੈ, ਕਿਊਂ? ਫੇਰ ਸੋਚਦਾ ਹਾਂ ਸ਼ਾਇਦ ਅਸੀਂ ਆਗਿਆ ਕਾਰੀ ਬੱਚੇ ਸੀ ਜਾਂ ਗੁਰਦਵਾਰੇ ਦਾ ਹਾਲ ਛੋਟਾ ਹੋਣ ਕਰਕੇ ਕੌੜ ਕਬੱਡੀ ਲਈ ਥ੍ਹਾਂ ਦੀ ਥੁੜ ਕਾਰਨ ਅਸੀਂ ਚੁਪ ਚਾਪ ਬੈਠੇ ਰਹਿੰਦੇ ਸੀ। ਨਹੀਂ ਇਹ ਗੱਲ ਨਹੀਂ ਸੀ। ਦਰਅਸਲ ਹਰ ਕੋਈ ਗੁਰਦਵਾਰੇ ਨੂੰ ਗੁਰੂਦਵਾਰਾ ਸਮਝਦਾ ਸੀ। ਅਜ ਕਮੇਟੀ ਚੁਣੀ ਤਾਂ ਜਾਂਦੀ ਹੈ ਗੁਰਦਵਾਰੇ ਦਾ ਪ੍ਰਭੰਧ ਕਰਨ ਲਈ ਪਰ ਗੁਰੂਦਵਾਰਾ ਕਮੇਟੀ ਦਾ ਬਣ ਕੇ ਰਹਿ ਜਾਂਦਾ ਹੈ। ਪਾਰਟੀ ਸਿਆਸਤ ਪ੍ਰਧਾਨ ਬਣ ਗਈ ਹੈ। ਜਦ ਸਿਆਣੇ ਬਿਆਣੇ ਬੁਧੀਮਾਨ ਸਵੈ ਸਜੇ ਕੌਮ ਦੇ ਆਗੂ ਆਪਣੇ ਸਵਾਰਥ ਲਈ ਗੁਰੂਦਵਾਰੇ ਦੀ ਸਟੇਜ ਦੀ ਵਰਤੋਂ ਕਰਦੇ ਹੋਏ ਬਾਹਾਂ ਉਲਾਰ ਉਲਾਰ ਕੇ ਕੂੜੇ ਨਾਹਰੇ ਲਾਉਂਦੇ ਹਨ ਤਾਂ ਗੁਰੂ ਦਾ ਸਤਕਾਰ ਘੱਟ ਜਾਂਦਾ ਹੈ ਫੇਰ ਉਸ ਮਾਹੌਲ ਵਿਚ ਵਿਚਰਦੇ ਬੱਚਿਆਂ ਵਿਚ ਵੀ ਸ਼ੋਰ ਸ਼ਰਾਬੇ ਦੀ ਬਿਰਤੀ ਜਨਮ ਲੈਂਦੀ ਹੈ ਜਿਸ ਨਾਲ ਅਸੀਂ ਗੁਰਬਾਣੀ ਦੇ ਆਸ਼ੇ ਤੋਂ ਦੂਰ ਹੀ ਦੂਰ ਹੁੰਦੇ ਜਾ ਰਹੇ ਹਾਂ।
ਸਮਾਂ ਕਦੇ ਖੜੋਤ ਵਿਚ ਨਹੀਂ ਰਹਿੰਦਾ ਬਦਲਦੇ ਸਮੇਂ ਨਾਲ ਨਵੇਂ ਵਿਚਾਰ ਜਨਮ ਲੈਂਦੇ ਹਨ। ਕੁਝ ਪਰ੍ਹੋੜ ਲੇਖਕਾਂ ਨੇ ਪ੍ਰਗਤੀਵਾਦੀ ਅਤੇ ਕਾਮਰੇਡੀ ਦੋ ਵਦੇਸ਼ੀ ਵਿਚਾਰਾਂ ਨੂੰ ਅਪਨਾ ਕੇ ਇਨਾ ਪ੍ਰਚਾਰ ਕੀਤਾ ਕਿ ਦੇਖਦਿਆਂ ਹੀ ਦੇਖਿਦਿਆਂ ਨਵੀਂ ਪੀੜ੍ਹੀ ਦੀ ਬਹੁਗਿਣਤੀ ਵੀ ਰੀਸੋ ਰੀਸੀ ਪ੍ਰਗਤੀਵਾਦ ਅਤੇ ਕਾਮਰੇਡੀ ਸੋਚ ਨੂੰ ਕਬੂਲਣ ਵਿਚ ਫ਼ਖਰ ਮਹਿਸੂਸ ਕਰਨ ਲਗੀ।
ਧਾਰਮਕ ਵਿਚਾਰ ਰਖਣ ਵਾਲੇ ਘੱਟ ਗਿਣਤੀ ਵਿਚ ਆ ਗਏ ਉਹਨਾ ਨੂੰ ਰੂੜੀ ਵਾਦੀ ਦਾ ਅਪਮਾਨਜਨਕ ਨਾਮ ਦਿਤਾ ਗਿਆ ਅਤੇ ਉਹਨਾਂ ਦੇ ਨਾਮ ਨਾਲ ਮਖੌਲ ਵਜੋਂ ਭਾਈ ਦਾ ਸ਼ਬਦ ਜੋੜ ਦਿਤਾ ਗਿਆ। ਇਹੋ ਹਾਲ ਸਾਡੇ ਨਾਲ ਹੋਇਆ। ਜੁਆਨੀ’ਚ ਪੇਰ ਧਰਿਆ ਤੇ ਸੁਭਾਵਕ ਹੀ ਕੁਝ ਪਰ ਵੀ ਨਿਕਲ ਆਏ। ਤੋੜ ਮਰੋੜ ਕੇ ਗੱਲ ਕਰਨ ਲਗ ਪਏ। ਆਗਿਆ ਭਈ ਅਕਾਲ ਕੀ ਦਾ ਦੋਹਾ ਬਦੱਸਤੂਰ ਪੱੜਿਆ ਜਾਂਦਾ ਰਿਹਾ। ਪਰ ਰਾਜ ਕਰੇਗਾ ਖਾਲਸਾ ਚਰਚਾ ਦਾ ਵਿਸ਼ਾ ਬਣ ਗਿਆ। ਮਖੋਲ ਵਜੋਂ ਧਾਰਮਕ ਰੁਚੀ ਵਾਲੇ ਨੂੰ ਚਿੜ੍ਹਾਉਣ ਲਈ ਸਵਾਲ ਕਰਦੇ ਭਾਈ ਜੀ ਖਾਲਸਾ ਕਦੋਂ’ਕ ਰਾਜ ਕਰੇਗਾ ਤਾਂ ਬਾਕੀ ਦੇ ਹਸ ਕੇ ਆਖਦੇ ਜਦ ਬਾਕੀ ਰਹੇ ਨਾ ਕੋਏ। ਉਸ ਕਲੇ ਕਹਿਰੇ ਪਾਸ ਚੁਪ ਰਹਿਣ ਤੋਂ ਸਵਾਏ ਹੋਰ ਕੋਈ ਚਾਰਾ ਹੀ ਨਾ ਹੁੰਦਾ। ਇਸ ਦੋਹੇ ਦੀ ਇਸ ਤੁਕ ਦੀ ਰੂਪ ਰੇਖਾ ਵਿਗਾੜਨ ਵਿਚ ਅਸੀਂ ਸਿੱਖ ਪ੍ਰਿਵਾਰਾਂ ਵਿਚ ਜੱਨਮ ਲੈਣ ਵਾਲੇ ਵੀ ਦੂਜੇ ਧਰਮਾਂ ਦੇ ਨੋਜਵਾਨਾਂ ਨਾਲ ਰਲ ਗਏ ਅਤੇ ਮਸ਼ਕੂਲੇ ਵਿਚ ਇੰਝ ਪੜ੍ਹਨ ਲਗ ਪਏ “ਰਾਜ ਕਰੇ ਗਾ ਖਾਲਸਾ ਜਦ ਬਾਕੀ ਰਹੇ ਨਾ ਕੋਇ ਪਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋੇਇ।”
1953 ਵਿਚ ਪੜ੍ਹਾਈ ਲਿਖਾਈ ਖਤਮ ਕਰਕੇ ਯੂਪੀ ਵਿਚ ਖੇਤੀ ਅਰੰਭ ਦਿਤੀ ਅਤੇ 1963 ਵਿਚ ਜਹਾਂ ਦਾਣਾ ਤਹਾਂ ਖਾਣਾ ਰਿਜ਼ਕ ਧਕੇ ਦੇਹ ਦੇ ਅਖਾਣ ਮੁਤਾਬਕ ਇੰਗਲੈਡ ਹੁੰਦਾ ਹੋਇਆ ਦਸੰਬਰ 22,1963 ਨੂੰ ਸੈਰ ਦੇ ਵੀਜ਼ੇ ਤੇ ਅਮ੍ਰੀਕਾ ਆ ਹਾਜ਼ਰ ਹੋਇਆ। ਇਕ ਦੋ ਵੇਰ ਵਾਪਸ ਜਾਣ ਲਈ ਸਮਾਨ ਬੱਧਾ ਪਰ ਭੈਣ ਭਣੋਈਏ ਅਗੇ ਕੋਈ ਜੋਰ ਨਾ ਚਲਿਆ। ਆਖਰ ਮਨ ਮਾਰ ਕੇ ਬੈਠ ਗਿਆ। ਫਰਵਰੀ 1964 ਵਿਚ ਸਵਰਗਬਾਸੀ ਮਾਇਲਨ ਪੀਰਸ ਨੇ ਕਾਂਗਰਸ ਮੈਨ ਬੌਬ ਲੈਗਟ ਨੂੰ ਕਹਿ ਕੇ ਇਕ ਬਿਲ ਕਾਂਗਰਸ ਵਿਚ ਪੇਸ਼ ਕਰਾ ਦਿਤਾ ਕਿ “ਮੈਂ ਮੁਹਿੰਦਰ ਸਿੰਘ ਘੱਗ ਨੂੰ ਅਮਰੀਕਾ ਵਿਚ ਰਖਣਾ ਮੰਗਦਾ ਹਾਂ।” ਨਾਲ ਹੀ ਕਾਂਗਰਸਮੈਨ ਨੇ ਮੈਨੂੰ ਯੂਬਾ ਕਾਲਜ ਵਿਚ ਕੁਝ ਕਲਾਸਾਂ ਲੈਣ ਲਈ ਆਖਿਆ ਕਿ ਜੇ ਕੋਈ ਹੋਰ ਚਾਰਾ ਨਾ ਚਲਿਆ ਤਾਂ ਸਟੂਡੈਂਟ ਵੀਜ਼ਾ ਥਲੇ ਰਖ ਲਵਾਂਗਾ। ਸਾਰਾ ਦਿਨ ਖੇਤ ਵਿਚ ਸਖਤ ਕੰਮ ਕਰਕੇ ਸ਼ਾਮ ਨੂੰ ਕਾਲਜ ਚਲਾ ਜਾਂਦਾ।
ਕੈਲੇਫੋਰਨੀਆਂ ਵਿਚ ਪੁਲੀਟਕਲ ਸਾਂਇਂਸ ਅਤੇ ਹਾਈਜੀਅਨ ਦੋ ਸਬਜੈਕਟ ਜ਼ਰੂਰ ਪੜ੍ਹਨੇ ਪੈਂਦੇ ਹਨ। ਪੁਲੀਟੀਕਲ ਸਾਇਂਸ ਦੀ ਪੜਾਈ ਦੌਰਾਨ ਅਮਰੀਕਾ ਦੇ ਵਿਧਾਨ ਬਾਰੇ ਜਾਣਕਾਰੀ ਨੇ ਮੈਨੂੰ 30 ਮਾਰਚ 1699 ਦੀ ਵੈਸਾਖੀ ਦੇ ਰੂਬਰੂ ਜਾ ਖੜਾ ਕੀਤਾ। ਹੈਂ! ਇਹ ਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ( ਤਾਕਤ ਦਾ ਵਿਕੇਂਦਰੀ ਕਰਨ ) ਦੇ ਅਧਾਰ ਤੇ ਬਣਾਇਆ ਗਿਆ ਹੈ। ਅਮਰੀਕਾ ਦਾ ਵਿਧਾਨ ਵੀ ਤਾਕਤ ਦਾ ਵਿਕੇਂਦਰੀ ਕਰਨ ਦੀ ਸਿਲਾਅ ਤੇ ਖੜਾ ਹੈ। ਅਤੇ ਅਕਤੂਬਰ 7,1708 ਦਾ ਦਿਨ ਜਦ ਗੁਰੂ ਮਹਾਰਾਜ ਨੇ ਆਖਿਆ ਸੀ “ਆਗਿਆ ਭਈ ਅਕਾਲ ਕੀ ਤੱਭੀ ਚਲਾਇਓ ਪੰਥ। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ “ ਇਕ ਰੋਸ਼ਨ ਮੀਨਾਰ ਬਣ ਖਲੋਤਾ। ਬਾਬਾ ਨਾਨਕ ਜੀ ਵਲੋਂ ਬਰਾਬਰਤਾ ਦੀਆਂ ਲੀਹਾਂ ਤੇ ਸ਼ੁਰੂ ਕੀਤਾ ਸਮਾਜ ਸੰਪੂਰਨ ਹੋ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਇਕ ਵਿਧਾਨ ਦੇ ਲੜ ਲਾ ਕੇ ਭਾਰਤਵਰਸ਼ ਵਿਚ ਇਕ ਨਵੀਂ ਪਿਰਤ ਪਾਈ ਸੀ। ਅਤੇ ਨਾਲ ਹੀ ਇਕ ਪੁਰਖੀ ਤਾਕਤ ਦੀ ਪਰੰਪਰਾ ਦਾ ਭੋਗ ਪਾ ਦਿਤਾ ਸੀ।
ਅਸੀਂ ਗੁਰੂ ਗਰੰਥ ਸਾਹਿਬ ਨੂੰ ਜਾਗਤ ਜੋਤ ਆਖਦੇ ਹਾਂ ਅਤੇ ਅਮਰੀਕਣ ਆਪਣੇ ਵਿਧਾਨ ਨੂੰ ਲਿਵੰਗ ਡਾਕੋਮੈਂਟ। ਸਾਡੀਆਂ ਨਜਰਾਂ ਵਿਚ ਗੁਰੂ ਗਰੰਥ ਸਾਹਿਬ ਅਤੇ ਅਮਰੀਕਾ ਵਾਲਿਆਂ ਲਈ ਉਹਨਾਂ ਦਾ ਵਿਧਾਨ ਹੀ ਸਭ ਤੋਂ ਸਰਬੋਤਮ ਹੈ।
ਹੁਣ ਜਦ ਮੈਨੂੰ ਉਹ ਪੁਰਾਣੇ ਦਿਨ ਯਾਦ ਆਊਂਦੇ ਹਨ ਤਾਂ ਸ਼ਰਮ ਜਿਹੀ ਮਹਿਸੂਸ ਹੁੰਦੀ ਹੈ ਕਿ ਏਡੀ ਵੱਡੀ ਫਿਲਾਸਫੀ ਨੂੰ ਅਸੀਂ ਕਿਊਂ ਝੁਠਲਾਉਂਦੇ ਰਹੇ। ਇਸ ਵਿਚ ਸਾਡਾ ਦੋਸ਼ ਵੀ ਕੋਈ ਨਹੀਂ ਸੀ ਦਰਅਸਲ ਕੌਮ ਦੇ ਪ੍ਰਚਾਰਕ ਅਤੇ ਬੁਧੀ ਜੀਵ 30 ਮਾਰਚ 1699 ਦੀ ਵਿਸਾਖੀ ਦੀ ਫਿਲਾਸਫੀ “ਤਾਕਤ ਦਾ ਵਿਕੇਂਦਰੀ ਕਰਨ “ ਨੂੰ ਸਮਝਣ ਸਮਝਾਉਣ ਦੀ ਬਜਾਏ ਸਿਰਫ ਪੰਜਾਂ ਪਿਆਰਿਆਂ ਦੀ ਚੋਣ ਤਕ ਹੀ ਸੀਮਤ ਰਖਦੇ ਰਹੇ।
ਇਸ ਤੋਂ ਅਗੇ ਖਾਲਸਤਾਨ ਸ਼ਬਦ ਦੀ ਵਿਆਖਿਆ ਦੀ ਕਹਾਣੀ ਸ਼ੁਰੂ ਹੁੰਦੀ ਹੈ। ਮਹੀਨਾ ਮਾਰਚ ਸੰਨ 1986 ਜਾਂ 1987 ਦੀ ਇਕ ਦੁਪਿਹਰ ਮੇਰੇ ਬਹਿਨੋਈ ਸਵਰਗਬਾਸੀ ਹਰਸੇਵ ਸਿੰਘ ਥਿਆਰਾ ਦਾ ਟੈਲੀਫੂਨ ਆਇਆ ਕਿ ਕੋਈ ਅਧੇ ਘੰਟੇ ਵਿਚ ਹਿੰਦਸਮਾਚਾਰ ਦਾ ਇਕ ਪਤ੍ਰਕਾਰ ਆ ਰਿਹਾ ਹੈ ਤੂੰ ਵੀ ਇਧਰ ਨੂੰ ਆਵੀਂ। ਕੋਈ 2 ਬਜੇ ਦੇ ਕਰੀਬ ਸੁਰਿੰਦਰ ਅਰਮਾਨ ਅਤੇ ਹਿੰਦਸਮਾਚਾਰ ਦਾ ਪਤ੍ਰਕਾਰ ਬਾਗੀ ਜੀ ਆ ਪਹੁੰਚੇ। ਸੁਰਿੰਦਰ ਅਰਮਾਨ ਸਾਡਾ ਤੁਆਰਫ ਕਰਾ ਕੇ ਆਖਣ ਲਗਾ ਕਿ ਬਾਗੀ ਜੀ ਨੇ ਕਲਿਆਂ ਕਲਿਆਂ ਨਾਲ ਕੁਝ ਗੱਲਾਂ ਕਰਨੀਆਂ ਹਨ। ਥਿਆਰਾ ਸਾਹਿਬ ਅਤੇ ਬਾਗੀ ਜੀ ਇਕ ਕਮਰੇ ਵਿਚ ਜਾ ਬੈਠੇ ਕੋਈ ਅੱਧਾ ਘੰਟਾ ਗੱਲਾ ਬਾਤਾਂ ਕਰਨ ਉਪਰੰਤ ਥਿਆਰਾ ਸਾਹਿਬ ਬਾਹਰ ਆ ਗਏ ਅਤੇ ਆਖਣ ਲੱਗੇ ਕਿ ਬਾਗੀ ਜੀ ਵਲੋਂ ਖਾਲਸਤਾਨ ਬਾਰੇ ਪੁਛੇ ਸਵਾਲ ਦਾ ਉਸ ਨੇ ਕੋਈ ਉਤਰ ਨਹੀਂ ਦਿਤਾ, ਜਾਹ ਹੁਣ ਤੇਰੀ ਵਾਰੀ ਹੈ ਖਾਲਸਤਾਨ ਬਾਰੇ ਜੋ ਚੰਗਾ ਸਮਝੇਂ ਆਖ ਦੇਵੀਂ।
ਬਾਗੀ ਜੀ ਨੇ ਪਹਿਲਾਂ ਆਮ ਵਾਕਫੀਅਤ ਜਾਨਣ ਲਈ। ਮੇਰਾ ਨਾਮ ਪੁਛਿਆ, ਤਾਲੀਮ, ਸਿਆਸੀ ਰੁਝਾਨ, ਭਾਰਤ ਵਿਚ ਕੀ ਕੰਮ ਕਰਦਾ ਸੀ, ਕਦੋਂ ਤੋਂ ਇਥੇ ਰਹਿ ਰਿਹਾ ਹਾਂ , ਥਿਆਰਾ ਸਾਹਿਬ ਨਾਲ ਮੇਰੀ ਕੀ ਰਿਸ਼ਤੇਦਾਰੀ ਹੈ ਅਤੇ ਅਮਰੀਕਾ ਬਾਰੇ ਮੇਰੇ ਕੀ ਵਿਚਾਰ ਹਨ। ਫੇਰ ਥੋਹੜਾ ਰੁਕ ਕੇ ਬਾਗੀ ਜੀ ਆਖਣ ਲਗੇ “ਕੁਝ ਗੁੰਝਲਦਾਰ ਸਵਾਲ ਕਰਨ ਲੱਗਾ ਹਾਂ ਸੋਚ ਕੇ ਜੁਵਾਬ ਦੇਵੀਂ।” ਮੈਂ ਹਾਂ ਪਖੀ ਹੁੰਗਾਰਾ ਦਿੰਦਿਆਂ ਆਖਿਆ ਯਤਨ ਕਰਾਂਗਾ।
“ਖਾਲਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ।” ਬਾਗੀ ਨੇ ਜਾਨਣਾ ਚਾਹਿਆ।
ਮੈਂ ਖਾਲਸਤਾਨ ਦੇ ਹੱਕ ਵਿਚ ਹਾਂ। ਮੇਰਾ ਉਤਰ ਸੁਣ ਕੇ ਬਾਗੀ ਜੀ ਨੇ ਮੇਜ਼ ਤੇ ਕੂਹਣੀ ਰਖ ਕੇ ਆਪਣੇ ਹਥ ਦਾ ਸਹਾਰਾ ਠੋਡੀ ਨੂੰ ਦਿੰਦਿਆ ਆਖਿਆ।
“ਕੁਝ ਅੰਦਾਜ਼ਾ ਹੈ ਕਦ ਬਣੇ ਗਾ ਖਾਲਸਤਾਨ”
ਜ਼ਮੀਨ ਵਿਚ ਅੱਡੀਆਂ ਅੜਾ ਕੇ ਖੜੀਆਂ ਤਾਕਤਾਂ ਨੂੰ ਹਰਾਉਣ ਲਈ ਲੋਕਾਈ ਨੂੰ ਜਾਗਰੂਕ ਕਰਨ ਵਿਚ ਕੁਝ ਸਮਾ ਜ਼ਰੂਰ ਲਗੇਗਾ ਪਰ ਖਾਲਸਤਾਨ ਬਣੇ ਗਾ ਜ਼ਰੂਰ।
“ਚਲੋ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਨਾ ਕਿ ਖਾਲਸਤਾਨ ਜ਼ਰੂਰ ਬਣੇ ਗਾ, ਉਸ ਦੇ ਹਦ ਬਨਿਆਂ ਤੇ ਕੁਝ ਚਾਨਣਾ ਪਾਓਗੇ।”
ਮੇਰੇ ਖਿਆਲ ਮੁਤਾਬਕ ਤਾਂ ਸਾਰਾ ਭਾਰਤ ਹੀ ਨਹੀਂ ਇਕ ਦਿਨ ਸਾਰਾ ਸੰਸਾਰ ਖਾਲਸਤਾਨ ਬਣ ਜਾਵੇਗਾ।
ਬਾਗੀ ਜੀ ਨੇ ਹਸਦੇ ਹੋਇਆਂ ਆਖਿਆ “ ਸਰਦਾਰ ਜੀ ਚਾਸ਼ਣੀ ਦਾ ਭੁੱਖਾ ਗਲਾਂ ਬਾਤਾਂ ਦਾ ਕੜਾਹ ਵੀ ਕਦੇ ਜੁੜਿਆ ਹੈ।”
“ਇਰਾਦਾ ਨੇਕ ਹੋ ਤੋ ਮਜ਼ਲ ਮਿਲ ਹੀ ਜਾਤੀ ਹੈ , ਸਮੁੰਦਰ ਰਾਹ ਦੇ ਦੇਤੇ ਹੈਂ ਚਟਾਨੇਂ ਥਰਥਰਾਤੀ ਹੈਂ।”
ਬਾਗੀ ਜੀ ਨੇ ਹਸ ਕਿ ਕਿਹਾ “ ਬਹੁਤ ਖੂਬ ਆਪਣੇ ਸੁਪਨਿਆਂ ਦੇ ਖਾਲਸਤਾਨ ਤੇ ਕੁਝ ਚਾਨਣਾ ਪਾਓ।”
ਖਾਲਸਤਾਨ ਦੀ ਪੂਰੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਤੁਹਾਨੂੰ ਕੋਈ ਪੰਜ ਸੌ ਸਾਲ ਪਿਛੇ ਜਾਣਾ ਪਵੇਗਾ।”
“ਮੈਂ ਗੁਰੂਆਂ ਦੀ ਗੱਲ ਨਹੀਂ ਸੁਣਨ ਆਇਆ ਮੈਂ ਅਜ ਦੀ ਗੱਲ ਕਰਨ ਆਇਆ ਹਾਂ।” ਬਾਗੀ ਜੀ ਨੇ ਕੁਝ ਰੁਖੇ ਲਹਿਜੇ ਵਿਚ ਆਖਿਆ।
ਗੁਰੂਆਂ ਦੀ ਗੱਲ ਕੀਤੇ ਬਗੈਰ ਖਾਲਸਤਾਨ ਦੀ ਸਮਝ ਨਹੀਂ ਆਵੇਗੀ ਇਸ ਲਈ ਆਪਾਂ ਗੱਲ ਬਾਤ ਇਥੇ ਹੀ ਸਮਾਪਤ ਕਰ ਦਿੰਦੇ ਹਾਂ।
“ਨਹੀਂ ਨਹੀਂ ਤੁਸੀਂ ਗੱਲ ਕਰੋ ਮੈਂ ਸੁਣਾਗਾਂ। “ ਬਾਗੀ ਜੀ ਕੁਰਸੀ ਤੇ ਸਿਧੇ ਹੋ ਕੇ ਬੈਠਦੇ ਹੋਏ ਗੱਲ ਅਗੇ ਚਲਦੀ ਰਖਣ ਲਈ ਰਜ਼ਾਮੰਦ ਹੋ ਗਏ।
ਸ਼ੁਕਰੀਆ ਆਖ ਕੇ ਮੈਂ ਗੱਲ ਅਗੇ ਤੋਰੀ। ਜਦ ਗੁਰੂ ਨਾਨਕ ਦੇਵ ਜੀ ਇਸ ਜਗ ਤੇ ਆਏ ਉਸ ਵੇਲੇ ਜੀ ਹਜੂਰੀ ਦਾ ਧਰਮ ਸੀ। ਹਿੰਦੂ ਧਰਮ ਵਿਚ ਬਰਾਹਮਣ ਦੀ ਪ੍ਰਧਾਨਗੀ ਨੂੰ ਕਾਇਮ ਰਖਣ ਲਈ ਹਿੰਦੂ ਰਾਜਪੂਤ ਰਾਜੇ ਉਹਨਾਂ ਦੀ ਪਿਠ ਪੂਰਦੇ ਸਨ ਅਤੇ ਮੁਸਲਮਾਨਾਂ ਵਿਚ ਕਾਜ਼ੀ ਦਾ ਫਤਵਾ ਹਕੂਮਤੀ ਤਾਕਤ ਸਹਾਰੇ ਇਲਾਹੀ ਹੁਕਮ ਸੀ ਜਿਸ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾਏ ਮੌਤ ਸੀ। ਵਿਚ ਵਿਚਾਲੇ ਯੋਗੀ ਲਟਕਦੇ ਫਿਰਦੇ ਸਨ।ਇਹਨਾਂ ਸਾਰਿਆਂ ਦਾ ਬੋਝ ਗਰੀਬ ਜੰਤਾ ਸਿਰ ਨੀਵਾਂ ਕਰਕੇ ਬਰਦਾਸ਼ਤ ਕਰ ਰਹੀ ਸੀ। ਤੁਸੀਂ ਪੜ੍ਹਿਆ ਹੋਵੇਗਾ ਗੁਰੂ ਬਾਬਾ ਜੀ ਨੇ ਆਪਣੀ ਬਾਣੀ ਵਿਚ ਇਹਨਾਂ ਬਾਰੇ ਜਿ਼ਕਰ ਕੀਤਾ ਹੈ।
“ ਕਾਦੀ ਕੂੜ ਬੋਲਿ ਮਲ ਖਾਇ।
ਬ੍ਰਹਮਣੁ ਨਾਵੈ ਜੀਆ ਘਾਇ।
ਜੋਗੀ ਜੁਗਤਿ ਨਾ ਜਾਣੈ ਅੰਧੁ।
ਤੀਨੇ ਓਜਾੜੇ ਕਾ ਬੰਧੁ ।
ਅਤੇ ਇਸੇ ਤਰਾ ਰਾਜ ਵੀ ਜੀ ਹਜੂਰੀ ਦਾ ਸੀ। ਮੁਸਲਮਾਨ ਰਾਜੇ ਦੇ ਹੁਕਮ ਅਗੇ ਕੋਈ ਆਵਾਜ਼ ਨਹੀਂ ਸੀ ਉਠਾ ਸਕਦਾ। ਹਿੰਦੁ ਮਤ ਦੀਆ ਧਾਰਮਕ ਪੁਸਤਕਾਂ ਪੁਰਾਣ ਆਦ ਦਾ ਥਾਂ-ਥਾਂ ਅਪਮਾਨ ਕੀਤਾ ਜਾ ਰਿਹਾ ਸੀ ਅਤੇ ਲੋਕਾਈ ਨੂੰ ਜਬਰੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ
“ ਕਲ ਪਰਵਾਣੁ ਕਤੇਬ ਕੁਰਾਣੁ।
 ਪੋਥੀ ਪੰਡਿਤ ਰਹੇ ਪੁਰਾਣੁ।
ਨਾਨਕ ਨਾਉ ਭਇਆ ਰਹਮਾਣੁ।
ਪਰਮਾਤਮਾ ਸ਼ਬਦ ਕਹਿਣ ਦੀ ਵੀ ਮਨਾਹੀ ਸੀ।
ਗੁਰੂ ਬਾਬਾ ਜੀ ਨੇ ਉਸ ਵੇਲੇ ਦੇ ਹਾਕਮਾਂ ਦੀ ਇਕ ਹੋਰ ਤਸਵੀਰ ਪੇਸ਼ ਕੀਤੀ ਹੈ‘ਰਾਜੇ ਸ਼ੀਂਹ ਮੁਕੱਦਮ ਕੁਤੇ ਜਾਏ ਜਗਾਇਨ ਬੈਠੇ ਸੁਤੇ।”
ਇਹਨਾਂ ਦੋਨਾ ਪਖਾਂ ਨਾਲ ਜੂਝਣ ਲਈ ਬਾਬਾ ਨਾਨਕ ਨੇ ਆਪਣੇ ਆਪ ਨੂੰ ਦੋਵਾਂ ਨਾਲੋਂ ਵੱਖਰਾ ਕਰਦਿਆਂ ‘ਨਾ ਕੋ ਹਿੰਦੂ ਨਾ ਮੁਸਲਮਾਨ ਦਾ ਨਾਹਰਾ ਦਿਤਾ ਸੀ।’ ਇਸ ਤੋਂ ਅਗੇ ਇਕ ਪਖ ਹੋਰ ਹੈ ਜੋ ਯੁਗਾਂ ਯੁਗਾਂਤਰਾਂ ਤੋਂ ਅਨਗੋਲਿਆ ਪਿਆ ਸੀ। ਉਹ ਸੀ ਇਸਤ੍ਰੀ ਜ਼ਾਤੀ ਦਾ ਨਿਰਾਦਰ। ਇਸਤ੍ਰੀ ਉਚ ਜ਼ਾਤ ਦੀ ਸੀ ਜਾਂ ਨੀਚ ਜ਼ਾਤ ਦੀ। ਰਾਜ ਘਰਾਣੇ ਨਾਲ ਸਬੰਧ ਰਖਦੀ ਸੀ ਜਾਂ ਕਿਸੇ ਗਰੀਬ ਪ੍ਰਿਵਾਰ ਨਾਲ ਸਭ ਨੂੰ ਇਲਤ, ਢੋਰ,ਗਵਾਰ ਬੁਰਾਈ ਕਹਿ ਕੇ ਦੁਰਕਾਰਿਆ ਜਾਂਦਾ ਸੀ। ਗੁਰੂ ਬਾਬਾ ਜੀ ਨੇ ਇਸਤ੍ਰੀ ਜ਼ਾਤੀ ਦੇ ਹਕ ਵਿਚ ‘ ਸੋ ਕਿਊਂ ਮੰਦਾ ਆਖੀਏ ਜਿਤ ਜਮੇ ਰਾਜਾਨ’ ਦਾ ਨਾਹਰਾ ਦੇ ਕੇ ਉਸ ਨੂੰ ਵੀ ਸਮਾਜ ਦਾ ਇਕ ਬਰਾਬਰ ਦਾ ਅੰਗ ਬਣਾਉਣ ਦਾ ਯਤਨ ਕੀਤਾ।
‘ਘੱਗ ਸਾਹਿਬ, ਸਰਦਾਰ ਜੀ! ਮੁਆਫ ਕਰਨਾ ਤੁਸੀਂ ਜੋ ਗੁਰੂ ਬਾਬਾ ਜੀ ਦੀ ਬਾਣੀ ਦੀਆਂ ਉਧਾਰਨਾ ਦਿਤੀਆਂ ਹਨ ਮੇਂ ਉਹਨਾਂ ਤੋਂ ਮੁਨਕਰ ਨਹੀਂ। ਕਈ ਵੇਰ ਲੇਖਾਂ ਵਿਚ ਪੜ੍ਹ ਚੁਕਿਆ ਹਾਂ ਸਟੇਜਾਂ ਤੋਂ ਸੁਣ ਚੁਕਿਆ ਹਾਂ ਪਰ ਖਾਲਸਤਾਨ ਨਾਲ ਇਹਨਾਂ ਗੱਲਾਂ ਦਾ ਕੀ ਸਬੰਦ ਹੈ , ਇਹ ਮੇਰੀ ਸਮਝ ਤੋਂ ਬਾਹਰ ਹੈ।’ ਸੋ ਆਪਣੇ ਵਿਚਾਰ ਖਾਲਸਤਾਨ ਤਕ ਹੀ ਸੀਮਤ ਰਖੋ ਤਾਂ ਚੰਗਾ ਹੈ।’
ਬਾਗੀ ਜੀ ਮਕਾਨ ਦੀ ਮਜ਼ਬੂਤੀ ਨੀਹਾਂ ਤੇ ਨਿਰਭਰ ਕਰਦੀ ਹੈ। ਅਤੇ ਸਮਾਜ ਦੀ ਤਾਕਤ ਸੂਝਵਾਨ ਲੋਕਾਂ ਦੇ ਇਕਠ ਤੇ। ਇਸੇ ਲਈ ਬਾਬਾ ਜੀ ਨੇ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਦੂਰ ਦੁਰਾਡੇ ਦੇਸ਼ਾਂ ਵਿਚ ਜਾ ਕੇ ਵੀ ਮਨੁਖਤਾ ਤੇ ਹੋ ਰਹੇ ਅਨਿਆਏ ਦੇ ਖਿਲਾਫ ਆਵਾਜ਼ ਉਠਾਈ ਜੋ ਹੌਲੀ ਹੌਲੀ ਕਾਫਲਾ ਬਣਨਾਂ ਸ਼ੁਰੂ ਹੋ ਗਿਆ। ਅਲਾਮਾ ਇਕਬਾਲ ਨੇ ਇਕ ਸ਼ੇਅਰ ਵਿਚ ਹੀ ਗੁਰੂ ਬਾਬਾ ਨਾਨਕ ਦੇ ਮਿਸ਼ਨ ਦੀ ਸਹੀ ਵਜ਼ਾਹਤ ਕੀਤੀ ਹੈ।
“ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ਾਬ ਸੇ”
ਸਦੀਆਂ ਤੋਂ ਗੁਲਾਮੀ ਦਾ ਜੂਲਾ ਚੁੱਕੀ ਫਿਰਦੀ ਅਤੇ ਜ਼ਾਤ ਪਾਤ ਊਚ ਨੀਚ ਦੇ ਬੰਧਨਾ ਵਿਚ ਜਕੜੀ ਨਿਸਲ ਹੋਈ ਲੋਕਾਈ ਕੁਝ ਸਾਲਾਂ ਵਿਚ ਹੀ ਨਹੀਂ ਸੀ ਜਾਗ ਪੇਣੀ। ਬਰਾਬਰਤਾ ਦੇ ਆਧਾਰ ਤੇ ਇਕ ਮੰਚ ਤੇ ਇਕਠਿਆਂ ਕਰਨ ਦੀ ਜ਼ਰੂਰਤ ਨੂੰ ਮੁਖ ਰਖ ਕੇ ਗੁਰੂ ਬਾਬਾ ਜੀ ਨੇ ਆਪਣੇ ਹੁੰਦੇ ਹੋਇਆਂ ਉਸ ਮਹਤਵਪੂਰਨ ਮਿਸ਼ਨ ਦੀ ਵਾਗ ਡੋਰ ਭਾਈ ਲਹਿਣਾ ਜੀ( ਗੁਰੂ ਅੰਗਦ ਜੀ ) ਨੂੰ ਸੰਭਾਲ ਦਿਤੀ। ਗੁਰੂ ਅੰਗਦ ਜੀ ਨੇ ਆਪਣੇ ਜਿ਼ਮੇ ਦਾ ਕੰਮ ਨਿਪਟਾ ਕੇ ਅਗੋਂ ਗੁਰੂ ਅਮਰਦਾਸ ਜੀ ਨੂੰ ਇਹ ਸੇਵਾ ਸੰਭਾਲ ਦਿਤੀ। ਗੁਰੂ ਅਮਰਦਾਸ ਜੀ ਨੇ ਸਤੀ ਦੀ ਰਸਮ ਖਿਲਾਫ ਆਵਾਜ਼ ਉਠਾਈ ਵਿਧਵਾ ਨੂੰ ਦੂਸਰੀ ਸ਼ਾਦੀ ਕਰ ਕੇ ਮੁੜ ਨਵੇਂ ਸਿਰਿਓਂ ਜੀਵਨ ਅਰੰਭ ਕਰਨ ਲਈ ਪਰੇਰਿਆ ਘੁੰਡ ਨੁੰ ਗੁਲਾਮੀ ਦਾ ਚਿਨ ਆਖ ਕੇ ਨਿਕਾਰਿਆ ਜਿਸ ਨਾਲ ਮਰਦ ਅਤੇ ਔਰਤ ਕੰਧੇ ਨਾਲ ਕੰਧਾ ਜੋੜ ਬਰਾਬਰ ਦੇ ਭਾਈਵਾਲ ਬਣ ਕੇ ਸਮਾਜ ਦੀ ਬਣਤਰ ਵਿਚ ਜੁਟ ਗਏ। ਜਜ਼ੀਆ ਦੇਣ ਤੋਂ ਇਨਕਾਰੀ ਹੋਏ ਅਤੇ ਆਪਣੇ ਹੁੰਦਿਆਂ ਹੋਇਆਂ ਹੀ ਮਿਸ਼ਨ ਦੀ ਵਾਗ ਡੋਰ ਅਗਲੇ ਹਥਾਂ ਵਿਚ ਦੇਣ ਦੀ ਪਰੰਮਪਰਾ ਅਨੁਸਾਰ ਗੁਰੂ ਰਾਮਦਾਸ ਜੀ ਨੂੰ ਇਹ ਕੱਠਨ ਜਿ਼ਮੇਵਾਰੀ ਸੰਭਾਲ ਦਿਤੀ। ਇਸ ਮਿਸ਼ਨ ਦਾ ਪਰਚਾਰ ਸਾਰੇ ਭਾਰਤ ਵਿਚ ਬੜੇ ਯੋਜਨਾ ਬਧ ਢੰਗ ਨਾਲ ਹੋਇਆ। ਇਸ ਵਿਚ ਪੰਚਮ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਸਾਂਝਾ ਸਥਾਨ ਹਰੀ ਮੰਦਰ ਅਤੇ ਇਕ ਸਾਂਝਾ ਗਰੰਥ ਸਥਾਪਤ ਕੀਤਾ। ਗੂਰੂ ਅਰਜਨ ਦੇਵ ਜੀ ਨੇ ਸਮੁਚੇ ਭਾਰਤ ਤੋਂ ਭਗਤਾਂ ਦੀ ਉਹ ਬਾਣੀ ਜਿਸ ਵਿਚ ਏਕਤਾ ਬਰਾਬਰਤਾ ਦਾ ਸੰਦੇਸ਼ ਸੀ ਆਦ ਗਰੰਥ ਵਿਚ ਦਰਜ ਕਰਕੇ ਹਿੰਦੂ ਮੁਸਲਮ ਊਚ ਅਤੇ ਨੀਚ ਜਾਤੀ ਸਭ ਨੂੰ ਇਕ ਪਲੇਟ ਫਾਰਮ ਤੇ ਇਕੱਠੇ ਕਰ ਦਿਤਾ। ਇਕ ਨਿਰਵੈਰ ਸਮਾਜ ਦੀ ਉਸਾਰੀ ਹੋ ਰਹੀ ਸੀ। ਬਾਦਸ਼ਾਹ ਜਹਾਂਗੀਰ ਨੇ ਲੋਕਾਈ ਦੇ ਇਸ ਇਕੱਠ ਨੂੰ ਆਪਣੀ ਰਾਜਗੱਦੀ ਲਈ ਖਤਰਾ ਸਮਝਦਿਆਂ ਗੁਰੂ ਅਰਜਨ ਦੇਵ ਜੀ ਨੂੰ ਸਜ਼ਾਏ ਮੌਤ ਦਾ ਹੁਕਮ ਦੇ ਦਿਤਾ। ਲੋਕਾਈ ਵਿਚ ਦਹਿਸ਼ਤ ਫੈਲਾਉਣ ਲਈ ਪੰਚਮ ਪਾਤਸ਼ਾਹ ਨੂੰ ਅਣਮਨੁਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਜਿਸ ਕਾਰਨ ਕੁਝ ਸਮੇ ਲਈ ਨਿਰਵੈਰ ਸਮਾਜ ਖੜੋਤ ਵਿਚ ਆ ਗਿਆ। ਹੋ ਸਕਦਾ ਸੀ ਇਹ ਮਿਸ਼ਨ ਇਥੇ ਹੀ ਰੁਕ ਜਾਂਦਾ ਜੇ ਗੁਰੂ ਹਰਗੋਬਿੰਦ ਜੀ ਨਿਰਵੈਰ ਸਮਾਜ ਨੂੰ ਨਿਰਭੌ ਬਣਾਉਂਣ ਦਾ ਯਤਨ ਨਾ ਕਰਦੇ। ਗੁਰੂ ਤੇਗ ਬਹਾਦਰ ਜੀ ਦਾ ਸਲੋਕ “ ਭੈ ਕਾਹੂੰ ਕੋ ਦੇਤ ਨਹਿ ਨਹਿ ਭੈ ਮਾਨਤ ਆਨ “ ਉਸੇ ਮਿਸ਼ਨ ਦੀ ਕੜੀ ਹੈ। ਗੁਰੂ ਹਰ ਗੋਬਿੰਦ ਜੀ ਗੁਰੂ ਹਰ ਰਾਏ ਜੀ ਗੁਰੂ ਹਰ ਕ੍ਰਿਸ਼ਨ ਜੀ ਨੇ ਮਾਲਵੇ ਖੇਤਰ ਵਿਚ ਪ੍ਰਚਾਰ ਕਰਕੇ ਇਸ ਸਮਾਜ ਨੂੰ ਹੋਰ ਤਾਕਤਵਰ ਕੀਤਾ। ਹੁਣ ਗੁਰੂ ਦੇ ਸੇਵਕਾਂ ਨੂੰ ਮੌਤ ਤੋਂ ਭੈ ਨਹੀਂ ਸੀ ਆਉਂਦਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਜਤੀ ਦਾਸ ਅਤੀ ਭਾਈ ਦਇਆਲਾ ਜੀ ਨੇ ਉਸ ਮਿਸ਼ਨ ਤੋਂ ਮੁਖ ਮੋੜਨ ਦੀ ਬਜਾਏ ਸ਼ਹਾਦਤ ਦਿਤੀ।
ਅਗੋਂ ਗੁਰੂ ਗੋਬਿੰਦ ਰਾਏ ਜੀ ਇਸ ਮਿਸ਼ਨ ਨੂੰ ਬੜੀ ਹੀ ਸੂਝ ਨਾਲ ਅੰਤਮ ਪੜਾ ਤਕ ਲੈ ਗਏ। ਜਥੇਬੰਦਕ ਸ਼ਕਤੀ ਇਕ ਤਾਕਤ ਬਣ ਕੇ ਉਭਰ ਰਹੀ ਸੀ। ਬੇ ਰੋਕ ਤਾਕਤ ਚੰਗੇਜ਼ੀ ਬਿਰਤੀ ਨੂੰ ਜਨਮ ਦਿੰਦੀ ਹੈ। ਉਸ ਨੂੰ ਰੋਕਣ ਲਈ ਗੁਰੂ ਗੋਬਿੰਦ ਰਾਏ ਜੀ ਨੇ 30 ਮਾਰਚ 1699 ਦੀ ਵੈਸਾਖੀ ਵਾਲੇ ਦਿਨ ਸਮੁਚੇ ਭਾਰਤ ਦੇ ਵਖ ਵਖ ਪਰਾਂਤਾਂ ਚੋਂ ਵਖ ਵਖ ਜ਼ਾਤੀਆਂ ਚੋਂ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਉਹਨਾਂ ਨੂੰ ਇਕੋ ਬਾਟੇ ਵਿਚੋਂ ਅਮ੍ਰਿਤ ਦੀ ਦਾਤ ਬਖਸ਼ ਕੇ ਸਮੁਚੇ ਭਾਰਤ ਵਿਚ ਇਕ ਸਾਂਝ ਪੈਦਾ ਕਰ ਦਿਤੀ। ਉਹਨਾਂ ਚੁਣੇ ਹੋਏ ਪੰਜਾਂ ਪਿਆਰਿਆਂ ਤੋਂ ਅਮ੍ਰਿਤ ਪਾਨ ਕਰ ਕੇ ਉਹਨਾਂ ਵਾਂਗ ਹੀ ਆਪਣੇ ਨਾਮ ਵਿਚ ਤਬਦੀਲੀ ਲਿਆ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜ ਗਏ। ਵੰਡਿਆ ਹੋਇਆ ਖੜੋਤ ਵਿਚ ਆਇਆ ਸਮਾਜ ਜੰਥੇਬੰਦ ਹੋਣ ਲਗਾ। ਡਰੀ ਹੋਈ ਸਾਹਸ ਹੀਣ ਕੋਮ ਵਿਚ ਇਡੀ ਵਡੀ ਤਬਦੀਲੀ ਆਈ ਕਿ ਉਸ ਦੇ ਬਾਹੂ ਬਲ ਅਗੇ ਜ਼ਾਲਮ ਜਰਵਾਣੇ ਵੀ ਸਿਰ ਝੁਕਾਉਣ ਲਗੇ। ਗੁਰੂ ਮਹਾਰਾਜ ਨੇ ਇਹ ਆਖ ਕੇ ਕਿ ਅਜ ਤੋਂ ਗੁਰੂ ਖਾਲਸਾ ਹੈ ਅਤੇ ਖਾਲਸਾ ਗੁਰੂ ਹੈ ਤਾਕਤ ਦਾ ਵਿਕੇਂਦਰੀ ਕਰਨ ਕਰ ਦਿਤਾ। ਅਤੇ ਸਤ ਅਕਤੂਬਰ ਸਨ 1708 ਨੂੰ ਨਾਦੇੜ ਦੀ ਪਵਿਤ੍ਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਖਾਲਸੇ ਨੂੰ ਗੁਰੂ ਗਰੰਥ ਸਾਹਿਬ ਦੇ ਲੜ ਲਾ ਕੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਿਸ਼ਨ ਨੂੰ ਆਖਰੀ ਰੂਪ ਦਿੰਦਿਆਂ ਖਾਲਸਤਾਨ ਦੀ ਨੀਂਹ ਰਖ ਦਿਤੀ। ਬਾਗੀ ਜੀ ਅਸਲ ਵਿਚ ਖਾਲਸਤਾਨ ਦਾ ਭਾਵ ਅਰਥ ਧਰਮ ਨਿਰਪਖ ਲੋਕਤੰਤਰ ਹੈ। ਖਾਲਸਤਾਨ ਦਾ ਵਿਧਾਨ ਸਰਬ ਸਾਂਝਾ ਗੁਰੂ ਗਰੰਥ ਸਾਹਿਬ ਜੀ ਹਨ ਜਿਸ ਵਿਚ ਰਾਮ ਵੀ ਹੈ ਰਹੀਮ ਵੀ ਹੈ ਉਸ ਦੀ ਬਾਣੀ ਵਿਚ ਭਗਵਾਨ ਅਤੇ ਅਲ੍ਹਾ ਨੂੰ ਇਕੋ ਸ਼ਕਤੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਪੈਰੋਕਾਰਾਂ ਨੂੰ ਸੰਦੇਸ਼ ਦਿਤਾ ਸੀ ਕਿ “ ਮਾਨਵ ਕੀ ਜ਼ਾਤ ਸਭੇ ਏਕ ਹੀ ਪਹਿਚਾਨਵੋ।”ਇਸ ਸਾਰੇ ਕਾਰਜ ਨੂੰ ਗਹੁ ਨਾਲ ਦੇਖੀਏ ਤਾਂ ਗੁਰੂ ਮਹਾਰਾਜ ਨੇ ਆਗੂ ਚੁਣਨ ਦੀ ਜੁਗਤ ਵੀ ਸਮਝਾਈ ਹੈ। ਜਿਸ ਢੰਗ ਨਾਲ ਉਹਨਾਂ ਨੇ ਪੰਜਾ ਪਿਆਰਿਆਂ ਦੀ ਚੋਣ ਕੀਤੀ ਸੀ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸੇਧ ਸੀ ਕਿ ਆਪਣੇ ਆਗੂ ਚੁਣਨ ਵੇਲੇ ਉਹਨਾਂ ਦੀ ਚੰਗੀ ਤਰਾਂ ਪਰਖ ਕਰੋ। ਅਗਰ ਲੋਕਤੰਤਰ ਵਿਚ ਲੋਕ ਸੁਚੇਤ ਨਾ ਹੋਣ ਤਾਂ ਲੋਕਤੰਤਰ ਰਜਵਾੜਾ ਸ਼ਾਹੀ ਤੋਂ ਵੀ ਭੈੜਾ ਹੈ। ਮਤਦਾਨ ਵੇਲੇ ਮਤ ਤੋਂ ਕੰਮ ਲੈਣ ਦੀ ਬਜਾਏ ਜਦ ਸੌੜੀਆਂ ਗਰਜ਼ਾਂ ਦੇ ਢੱਹੇ ਚੜ੍ਹ ਕੇ ਖੁਦਗਰਜ਼ ਕੁਨਬਾ ਪਰਵਰ ਆਗੂਆਂ ਹਥ ਆਪਣੀ ਕਿਸਮਤ ਦੀ ਡੋਰ ਫੜਾ ਦਿੰਦੇ ਹਾਂ ਸਰਕਾਰੀ ਖਜਾ਼ਨੇ ਦੀਆਂ ਚਾਬੀਆਂ ਉਹਨਾਂ ਖੁਦਗਰਜ਼ਾਂ ਦੇ ਹੱਥ ਫੜਾ ਦਿੰਦੇ ਹਾਂ ਜਿਹੜੇ ਅਗੋਂ ਸਰਕਾਰੀ ਖਜ਼ਾਨੇ ਨੂੰ ਆਪਣੇ ਖਜ਼ਾਨੇ ਵਿਚ ਬਦਲ ਲੈਂਦੇ ਹਨ। ਫਿਰ ਅਗਲੀ ਚੋਣ ਸਮੇਂ ਲੋਕਾਈ ਫੇਰ ਉਹੀ ਗੱਲਤੀ ਕਰ ਕੇ ਆਪੇ ਸਾਜ ਕੇ ਨਰਕ ਹੰਢਾਉਂਦੀ ਹੈ। ਇਸ ਵਿਚ ਲੋਕਤੰਤਰ ਦਾ ਕਸੂਰ ਨਹੀਂ ਲੋਕਾਈ ਦਾ ਕਸੂਰ ਹੈ ਪਹਿਲੇ ਵਰਗੀ ਜਾਂ ਉਸ ਤੋਂ ਵੀ ਗਈ ਗੁਜ਼ਰੀ ਸਰਕਾਰ ਹੋਂਦ ਵਿਚ ਆ ਜਾਂਦੀ ਹੈ ਬਸ “ਭਨ ਘੜਾਈਆਂ ਢੇਡੜੀਆਂ ਬੁਥਾੜਾ ੳਡੋ ਕੇਡ” ਦੀ ਖੇਲ ਚਲਦੀ ਰਹਿੰਦੀ ਹੈ।
ਹਰ ਅਰਦਾਸ ਉਪਰੰਤ ਸਿਖ ਆਗਿਆ ਭਈ ਅਕਾਲ ਕੀ ਦਾ ਦੋਹਾ ਪੜ੍ਹਦੇ ਹਨ। ਤਾਂ ਉਹਨਾਂ ਨੂੰ ਸਾਫ ਸ਼ਬਦਾਂ ਵਿਚ ਗੁਰੂ ਗਰੰਥ ਸਾਹਿਬ ਦੇ ਅਸੂਲਾਂ ਤੇ ਚਲਣ ਲਈ ਦ੍ਰਿੜ ਕਰਾਇਆ ਜਾਂਦਾ ਹੈ । ਉਸ ਤੋਂ ਅਗੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂ ਗੇ ਬਚੇ ਸ਼ਰਨ ਜੋ ਹੋਇ”ਦਾ ਭਾਵ ਅਰਥ ਇਹ ਹੈ ਕਿ ਇਕ ਦਿਨ ਸਾਰਾ ਸੰਸਾਰ ਧਰਮ ਨਿਰਪਖ ਲੋਕਤੰਤਰ ਦੀ ਤਰਜ਼ ਦਾ ਹੋਵੇਗਾ। ਜੋ ਇਸ ਦੇ ਅਸੂਲਾਂ ਦੇ ਉਲਟ ਚਲਣਗੇ ਉਹ ਭਾਵੇਂ ਕਿਡੇ ਵੀ ਸ਼ਕਤੀ ਸ਼ਾਲੀ ਕਿਉਂ ਨਾ ਹੋਣ ਖੁਆਰ ਹੋਣਗੇ। ਅਮਰੀਕਾ ਦਾ ਪਰਧਾਨ ਰਿਚਰਡ ਨਿਕਸਨ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸ ਦੀ ਤੁਲਣਾ ਬਾਜਪਾਈ ਜੀ ਨੇ ਦੁਰਗਾ ਦੇਵੀ ਨਾਲ ਕੀਤੀ ਸੀ ਦੇ ਖੁਆਰ ਹੋਣ ਦੀ ਮਿਸਾਲ ਜਗ ਸਾਹਮਣੇ ਹੈ।
ਇਤਹਾਸ ਗਵਾਹ ਹੈ ਕਿ 30 ਮਾਰਚ 1699 ਦੀ ਵੈਸਾਖੀ ਤੋਂ ਬਾਅਦ ਸੰਸਾਰ ਵਿਚ ਇਕ ਵੱਡੀ ਤਬਦੀਲੀ ਆਈ। ਅਮਰੀਕਾ ਜੋ ਅਜ ਆਪਣੇ ਆਪ ਨੂੰ ਲੋਕਤੰਤਰ ਦਾ ਝੰਡਾ ਬਰਦਾਰ ਗਿਣਦਾ ਹੈ। ਗਹੁ ਨਾਲ ਦੇਖਿਆਂ ਸਮਝ ਆ ਜਾਵੇਗੀ ਕਿ ਅਮਰੀਕਾ ਦਾ ਧਰਮ ਨਿਰਪਖ ਲੋਕਤੰਤਰ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲ “ ਤਾਕਤ ਦਾ ਵਿਕੇਂਦਰੀ ਕਰਨ” ਦੀ ਹੀ ਫੋਟੋ ਕਾਪੀ ਹੈ। ਅਸੀਂ ਗੁਰੂ ਗਰੰਥ ਸਾਹਿਬ ਨੂੰ ਅਤੇ ਅਮ੍ਰੀਕਾ ਵਾਲੇ ਆਪਣੇ ਵਿਧਾਨ ਨੂੰ ਸਰਬੋਤਮ ਮਨਦੇ ਹਨ।
1699 ਦੀ ਵੈਸਾਖੀ ਤੋਂ ਬਾਅਦ 17 ਸਤੰਬਰ1787 ਨੂੰ ਅਮ੍ਰੀਕਾ ਦਾ ਵਿਧਾਨ ਬਣਦਾ ਹੈ। ਉਸ ਨੂੰ ਧਰਮ ਨਿਰਪਖ ਬਣਾਉਣ ਲਈ ਲੋਕਾਈ ਨੂੰ ਸ਼ਖਸੀ ਆਜ਼ਾਦੀ ਦੇਣ ਲਈ ਲੋੜ ਅਨੁਸਾਰ ਉਸ ਵਿਚ 27 ਸੋਧਾਂ ਕੀਤੀਆਂ ਗਈਆਂ। ਅਮਰੀਕਾ ਦਾ ਵਿਧਾਨ ਗੁਰੂ ਗਰੰਥ ਸਾਹਿਬ ਵਾਂਗ ਹੀ ਸੂਝਵਾਨ ਲੋਕਾਂ ਦੀ ਸੋਚ ਦਾ ਇਕ ਮੁਜੱਸਮਾ ਹੈ ਜੋ ਰਲ ਬੈਠ ਕੇ ਵਿਚਾਰ ਵਟਾਂਦਰੇ ਨਾਲ ਮਸਲੇ ਹਲ ਕਰਨ ਦਾ ਹੁਨਰ ਹੈ।
1789-1790 ਵਿਚ ਫ੍ਰੈਂਚ ਰੈਵੂਲਿਊਸ਼ਨ ਆਉਂਦਾ ਹੈ। ਉਸ ਦਾ ਅਧਾਰ ਵੀ ਲੋਕਤੰਤਰ ਹੈ।
1917 ਵਿਚ ਰੂਸ ਵਿਚ ਵੀ ਰੈਵੋਲਿਊਸ਼ਨ ਆਇਆ ਪਰ ਸਭ ਦਾ ਸਾਂਝਾ ਰਾਜ ਸਥਾਪਤ ਕਰਨ ਦੀ ਬਜਾਏ ਕਮਿਊਨਿਸਟ ਪਾਰਟੀ ਨੇ ਹਕੂਮਤ ਦੀ ਵਾਗ ਡੋਰ ਸੰਭਾਲੀ। ਲੋਕਾਂ ਦੀ ਸ਼ਖਸੀ ਆਜ਼ਦੀ ਖੋਹ ਲਈ ਗਈ। 70 ਸਾਲ ਦੇ ਛੋਟੇ ਜਿਹੇ ਸਮੇਂ ਵਿਚ ਹੀ ਰੂਸ ਦੇ ਸਮਾਜਵਾਦ ਦਾ ਜੋ ਹਸ਼ਰ ਹੋਇਆ ਉਹ ਸਭ ਦੇ ਸਾਹਮਣੇ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਦੀ ਹੀ ਪਰ੍ਹੋੜਤਾ ਹੈ।
“ ਤੁਹਾਡੇ ਕਹਿਣ ਅਨੁਸਾਰ ਖਾਲਸਤਾਨ ਅਤੇ ਲੋਕਤੰਤਰ ਦਾ ਮਤਲਬ ਇਕੋ ਹੈ ਤਾਂ ਫੇਰ ਜੋ ਅਜ ਖਾਲਸਤਾਨ ਦੇ ਨਾਮ ਥਲੇ ਵਾ ਵੇਲਾ ਚਲ ਰਿਹਾ ਹੈ ਉਸ ਦਾ ਤਾਂ ਕੋਈ ਮਤਲਬ ਹੀ ਨਾ ਹੋਇਆ, ਕਿਉਂਕਿ ਐਸ ਵੇਲੇ ਭਾਰਤ ਨੂੰ ਸੰਸਾਰ ਦਾ ਇਕ ਵਡਾ ਲੋਕਤੰਤਰ ਗਿਣਿਆ ਜਾਂਦਾ ਹੈ।” ਬਾਗੀ ਜੀ ਨੇ ਇਕ ਹੋਰ ਸਵਾਲ ਖੜਾ ਕਰ ਦਿਤਾ।
ਬਾਗੀ ਜੀ ਤੁਸੀਂ ਬਿਲਕੁਲ ਠੀਕ ਕਿਹਾ। ਇਸ ਤੇ ਵਿਚਾਰ ਕਰਨ ਲਈ ਮੈਨੂੰ ਤੁਹਾਡੇ ਸਾਥ ਦੀ ਲੋੜ ਪਵੇਗੀ। ਮੈਂ 1963 ਵਿਚ ਅਮ੍ਰੀਕਾ ਆ ਗਿਆ ਸੀ ਉਸ ਤੋਂ ਬਾਅਦ ਦੇ ਸਮੇਂ ਵਿਚ ਭਾਰਤੀ ਇਖਲਾਕ ਵਿਚ ਉਨਤੀ ਜਾਂ ਗਿਰਾਵਟ ਆਈ ਉਸ ਬਾਰੇ ਵਿਚਾਰ ਕਰਨ ਲਈ ਮੈਨੂੰ ਤੁਹਾਡੇ ਸਾਥ ਦੀ ਲੋੜ ਪਵੇਗੀ। ਆਸ ਹੈ ਕਿ ਮੇਰੇ ਕੁਝ ਸਵਾਲਾਂ ਦਾ ਉਤਰ ਤੁਸੀਂ ਹਾਂ ਜਾਂ ਨ੍ਹਾਂ ਵਿਚ ਹੀ ਦੇਣ ਦੀ ਕਿਰਪਾ ਕਰੋਗੇ ਇਸ ਤਰਾਂ ਆਪਣਾ ਸਮਾਂ ਵੀ ਬਚ ਜਾਵੇਗਾ ਅਤੇ ਖਾਲਸਤਾਨ ਬਾਰੇ ਤੁਹਾਡੇ ਸ਼ੰਕੇ ਵੀ ਨਵਿਰਤ ਹੋ ਜਾਣਗੇ।
ਬਾਗੀ ਜੀ ਨੇ ਹਾਂ ਵਿਚ ਹੁੰਗਾਰ ਦਿਤਾ।
1· ਬਾਗੀ ਜੀ 1947 ਤੋਂ ਲੈ ਕੇ ਅਜ ਤਕ ( 1987) ਕੁਝ ਹੀ ਸਮਾਂ ਛਡ ਕੇ ਕੀ ਨੈਹਰੂ ਪ੍ਰਿਵਾਰ ਹੀ ਭਾਰਤ ਦੀ ਸਿਆਸਤ ਤੇ ਭਾਰੂ ਨਹੀਂ ਰਿਹਾ।
ਹਾਂ ਨੈਹਰੂ ਪ੍ਰਿਵਾਰ ਹੀ ਰਾਜ ਭਾਗ ਤੇ ਕਾਬਜ਼ ਰਿਹਾ।
2· ਬਾਗੀ ਜੀ ਇਕ ਕਹਾਵਤ ਹੈ ਕਿ ਪਿੰਡ ਹਾਲੇ ਬੱਝਾ ਨਹੀਂ ਉਚੱਕੇ ਅਗਾਊਂ ਮੜ੍ਹਾਸੇ ਬੰਨੀ ਫਿਰਦੇ ਹਨ। 15 ਅਗਸਤ 1947 ਵਿਚ ਭਾਰਤ ਆਜ਼ਾਦ ਹੋਇਆਂ ਅਤੇ ਇਕ ਸਾਲ ਦੇ ਅੰਦਰ ਅੰਦਰ ਹੀ 1948 ਵਿਚ ਫੌਜੀ ਜੀਪਾਂ ਖਰੀਦਣ ਵਿਚ ਹੇਰਾ ਫੇਰੀ ਹੋਈ।
ਬਿਲਕੁਲ ਠੀਕ ਕਿਹਾ
3· ਉਸ ਵਿਚ ਕ੍ਰਿਸਨਾ ਮੈਨਨ ਦਾ ਨਾਂ ਵਜਦਾ ਹੈ।
ਹਾਂ ਠੀਕ ਹੈ।
4· ਫੇਰ 1955 ਵਿਚ ਪੰਡਤ ਨੈਹਰੂ ਜੀ ਕ੍ਰਿਸ਼ਨਾ ਮੈਨਨ ਨੂੰ ਉਸ ਦੀ ਈਮਾਂਨਦਾਰੀ ਦਾ ਇਨਾਮ ਦਿੰਦੇ ਹੋਏ ਕੇਸ ਬੰਦ ਕਰਕੇ ਉਸ ਨੂੰ ਆਪਣੀ ਕੈਬਨਟ ਵਿਚ ਲੈ ਲੈਂਦੇ ਹਨ
ਹਾਂ ਠੀਕ ਹੈ।
5· 1950 ਵਿਚ ਬਨਾਰਸ ਹਿੰਦੂ ਯੂਨੀਵਰਸਟੀ ਦਾ 50 ਲਖ ਦਾ ਸਕੈਂਡਲ ਸਾਹਮਣੇ ਆਉਂਦਾ ਹੈ।
ਇਹ ਵੀ ਠੀਕ ਹੈ।
6· 1951 ਵਿਚ ਐਸ ਏ ਵੇੲਨਕਟਰਮਅਨ ਸਾਈਕਲ ਕੋਟੇ ਵਿਚ ਹੇਰਾ ਫੇਰੀ ਕਰਦਾ ਹੈ।
ਠੀਕ ਹੈ।
7· ਬਾਗੀ ਜੀ ਇਕ ਪੁਰਖੀ ਇਕ ਪਾਰਟੀ ਦਾ ਰਾਜ ਹੋਣ ਕਾਰਨ ਸਕੈਂਡਲਾ ਦੀ ਐਸੀ ਲੜੀ ਚਲੀ ਕਿ ਰੁਕਣ ਦਾ ਨਾਮ ਹੀ ਨਹੀਂ ਲਿਆ। ਗੁਰਬਾਣੀ ਵਿਚ ਇਕ ਸ਼ਬਦ ਹੈ “ ਯੱਥਾ ਰਾਜਾ ਤੱਥਾ ਪਰਜਾ” ਬਸ ਉਪਰ ਤੋਂ ਲੈ ਕੇ ਥਲੇ ਤਕ ਹਰ ਮੇਹਕਮਾ ਭਰਿਸ਼ਟ ਹੋ ਗਿਆ।
ਹਾਂ ਠੀਕ ਹੈ·
8· ਕੀ ਇਹ ਸਚ ਹੈ 1947 ਦੀ ਅਜ਼ਾਦੀ ਤੋਂ ਬਾਅਦ ਨੈਹਰੂ ਜੈਕਟ ਅਤੇ ਗਾਂਧੀ ਟੋਪੀ ਦੇਸ਼ ਨੂੰ ਲੁਟਣ ਲਈ ਪਰਮਿਟ ਵਜੋਂ ਵਰਤੀ ਜਾਂਦੀ ਰਹੀ ਹੈ। ਰਿਸ਼ਵਤ, ਭਰਿਸ਼ਟਾਰ ਅਤੇ ਸਮਗਲੰਗ ਦਾ ਬੋਲ ਬਾਲਾ ਹੋ ਗਿਆ। ਸਿਆਸਤਦਾਨਾਂ ਵਲੋਂ ਕਾਨੂੰਨ ਵਿਚ ਦਖਲ ਅੰਦਾਜ਼ੀ ਕਾਰਨ ਕਾਨੂੰਨ ਦੀ ਹਾਲਤ ਦਿਨੋਂ ਦਿਨ ਤਰਸ ਯੋਗ ਹੁੰਦੀ ਜਾ ਰਹੀ ਹੈ।
“ਦਰੁਸਤ ਹੈ।”
9· ਕੀ ਇਹ ਵੀ ਸਚ ਹੈ ਕਿ ਜੇ ਕਿਸੇ ਸੂਬੇ ਵਿਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣ ਗਈ ਤਾਂ ਦਿਲੀ ਦੀ ਕਾਂਗਰਸ ਸਰਕਾਰ ਨੇ ਉਸ ਨੂੰ ਆਨੇ ਬਹਾਨੇ ਕਰਕੇ ਤੋੜ ਦਿਤਾ।
“ਸਹੀ ਹੈ।”
10· ਸੈਂਟਰ ਵਿਚ ਮਨ ਮਰਜ਼ੀ ਕਰਨ ਲਈ ਯੂਪੀ ਦਾ ਸੂਬਾ ਇਡਾ ਵਡਾ ਰਖਿਆ ਕਿ ਉੁਸ ਕਲੇ ਸੂਬੇ ਦੇ ਸਿਰ ਤੇ ਨੈਹਰੂ ਪ੍ਰਿਵਾਰ ਰਾਜਭਾਗ ਕਾਇਮ ਰਖ ਸਕੇ।
“ਦਰੁਸਤ।”
11· ਜਦ ਬਾਕੀ ਸੂਬੇ ਬੋਲੀ ਦੇ ਅਧਾਰ ਤੇ ਬਣ ਸਕਦੇ ਸਨ ਤਾਂ ਪੰਜਾਬ ਕਿਉਂ ਨਹੀਂ ਸੀ ਬਣ ਸਕਦਾ। ਪੰਜਾਬੀਆਂ ਨੂੰ ਪੰਜਾਬੀ ਸੂਬਾ ਬਣਾਉਣ ਲਈ ਇਨੀ ਜਦੋ ਜਹਿਦ ਕਰਨੀ ਪਈ ਤਾਂ ਉਹਨਾ ਦਾ ਇਸ ਸਿਟਮ ਤੋਂ ਉਪਰਾਮ ਹੋਣਾ ਸੁਭਾਵਕ ਹੀ ਸੀ। ਆਖਰ ਪੰਜਾਬੀ ਸੂਬਾ ਤਾਂ ਬਣਾ ਦਿਤਾ ਪਰ ਮੀਂਗਣਾ ਪਾ ਕੇ ਦੁਧ ਦਿਤਾ ਤਾਂ ਕੀ ਦਿਤਾ। ਪੰਜਾਬੀ ਬੋਲਦੇ ਇਲਾਕੇ ਵੀ ਪੰਜਾਬ ਚੋਂ ਬਾਹਰ ਰਖ ਲਏ। ਇੰਡਸਟਰੀ ਹਰਿਆਣਾ ਲੈ ਗਿਆ ਕੁਦਰਤੀ ਦੇਣ ਜੰਗਲਾਤ ਹਿਮਾਚਲ ਦੇ ਹਿਸੇ ਆ ਗਏ। ਪੰਜਾਬ ਪੱਲੇ ਬੇਟ ਅਤੇ ਲੈਫਟ ਰਾਈਟ ਕਰਨ ਨੂੰ ਲੰਬਾ ਚੌੜਾ ਵਾਡਰ ਪਿਆ। ਖੇਤੀ ਲਈ ਲੋੜੀਂਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਤੋਹਫੇ ਵਜੋਂ ਭੇਂਟ ਕਰਨ ਦੇ ਯਤਨ ਹੋ ਰਹੇ ਹਨ। ਹਾਲੇ ਤਕ ਪੰਜਾਬੀ ਮਾਣ ਨਾਲ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਵੀ ਕੋਈ ਰਾਜਧਾਨੀ ਹੇ। ਪੰਜਾਬੀ ਜ਼ਬਾਨ ਨਾਲ ਵਡੇ ਪਧਰ ਤੇ ਵਿਤਕਰਾ ਹੋ ਰਿਹਾ ਹੈ। ਬਾਗੀ ਜੀ ਇਹ ਤਾਂ ਪੰਜਾਬੀਆਂ ਦੀ ਤਕਦੀਰ ਕਹਿ ਲਓ ਜਾਂ ਗੁਰੂ ਮਹਾਰਾਜ ਵਲੋਂ ਬਖਸਿ਼ਆ ਉਦਮ ਕਿ ਪੰਜਾਬੀ ਬਾਹਰਲੇ ਮੁਲਕਾਂ ਵਿਚ ਆ ਗਏ ਨਹੀਂ ਤਾਂ ਪੰਜਾਬ ਦੇ ਲੋਕ ਫਲਸਤੀਨੀਆਂ ਵਾਂਗ ਰੋਜ਼ਾਨਾਂ ਗੁਆਂਡੀ ਸੂਬਿਆਂ ਵਿਚ ਕੰਮ ਕਰਨ ਜਾਂਦੇ ਅਤੇ ਰਾਤ ਨੂੰ ਸੌਣ ਲਈ ਘਰ ਪਰਤਦੇ। ਪੰਜਾਬ ਸਿਰਫ ਰੈਣ ਬਸੇਰਾ ਬਣ ਕੇ ਰਹਿ ਜਾਂਦਾ।
ਇਨਾਂ ਕੁਝ ਹੋਣ ਦੇ ਬਾਵਜੂਦ ਸਿਖਾਂ ਨੇ ਜੋ ਵਧਿ ਅਧਿਕਾਰਾਂ ਦੀ ਮੰਗ ਕੀਤੀ ਉਹ ਸਿਰਫ ਕਲੇ ਪੰਜਾਬ ਲਈ ਨਹੀਂ ਬਲਕਿ ਸਾਰੇ ਭਾਰਤ ਲਈ ਸੀ। ਉਸ ਨੂੰ ਵੀ ਨਾਕਾਮ ਕਰਨ ਲਈ ਸਿਖ ਰੂਪ ਵਾਲੇ ਹੀ ਜ਼ਰਖਰੀਦ ਆਗੂ ਪੈਦਾ ਕਰਕੇ ਖਾਲਸਤਾਨ ਦਾ ਨਾਹਰਾ ਦੇ ਕੇ ਸਿਖ ਭਾਵਨਾ ਨੂੰ ਭੜਕਾਇਆ ਗਿਆ। ਸਿਖ ਕੌਮ ਨੂੰ ਵਖ ਵਾਦੀ ਅਤੇ ਅਤ ਵਾਦੀ ਸਾਬਤ ਕਰ ਕੇ ਕਾਨੂੰਨਨ ਰਗੜੇ ਲਾਉਣ ਦਾ ਇਹ ਛਡਜੰਤਰ ਰਚਿਆ ਗਿਆ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਸਿਖ ਕੌਮ ਨੂੰ ਗੁਲਾਮੀ ਦਾ ਐਹਸਾਸ ਕਰਾਉਣ ਲਈ ਸਿਖਾਂ ਦੇ ਪਵਿਤਰ ਧਰਮ ਅਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਫੌਜ ਚੜ੍ਹਾ ਕੇ ਸਿਖ ਹਿਰਦਿਆਂ ਨੂੰ ਕਦੇ ਵੀ ਨਾ ਭਰਨ ਵਾਲਾ ਜ਼ਖਮ ਦਿਤਾ। ਕੀ ਤੁਸੀਂ ਉਸ ਨੂੰ ਠੀਕ ਕਹੋ ਗੇ।
“ਨਹੀਂ ਇਹ ਇੰਦਰਾ ਗਾਂਧੀ ਦੀ ਵਡੀ ਭੁਲ ਸੀ। ਜਿਸ ਦਾ ਖਮਿਆਜ਼ਾ ਉਸਨੂੰ ਭੁਗਤਣਾ ਪਿਆ।”
ਜੇ ਕੁਦਰਤ ਨੇ ਇੰਦਰਾਂ ਗਾਂਧੀ ਨੂੰ ਉਸਦੇ ਕੁਕਰਮਾਂ ਦੀ ਸਜ਼ਾ ਉਸ ਦੇ ਦੋ ਅੰਗ ਰਖਿਅਕ ਦੇ ਜਿ਼ਮੇ ਲਾ ਦਿਤੀ ਤਾਂ ਉਸ ਵਿਚ ਦਿਲੀ,ਕਾਨਪੁਰ ਅਤੇ ਹੋਰ ਕਈ ਸ਼ਹਿਰਾਂ ਵਿਚ ਵਸਦੇ ਸਿਖਾਂ ਦਾ ਕੀ ਕਸੂਰ ਸੀ। ਖੂਨ ਦੇ ਬਦਲੇ ਖੂਨ ਦਾ ਨਾਹਰਾ ਦੂਰਦਰਸ਼ਨ ਤੋਂ ਬੁਲੰਦ ਹੁੰਦਾ ਰਿਹਾ ਅਤੇ ਸਾਰੀ ਸਰਕਾਰੀ ਮਸ਼ੀਨਰੀ ਤਮਾਸ਼ਬੀਨ ਬਣ ਕੇ ਖੜੀ ਰਹੀ। ਕੀ ਇਸ ਨੂੰ ਲੋਕਤੰਤਰ ਆਖ ਸਕਦੇ ਹਾਂ। ਬਾਗੀ ਜੀ ਚੁਪ ਹੀ ਰਹੇ।
ਬਾਗੀ ਜੀ ਸਭ ਤੋਂ ਪਹਿਲਾਂ ਭਾਰਤ ਨੂੰ ਆਜ਼ਾਦ ਕਰਾਉਣ ਦੀ ਮੁਹਿੰਮ ਅਮਰੀਕਾ ਦੀ ਧਰਤੀ ਤੋਂ ਗਦਰੀ ਬਾਬਿਆਂ ਨੇ ਸ਼ੁਰੂ ਕੀਤੀ ਉਹਨਾਂ ਵਿਚ ਸਿਖਾਂ ਦੀ ਬਹੁ ਗਿਣਤੀ ਹੋਣ ਦੇ ਬਾਵਜੂਦ ਉਹਨਾਂ ਨੇ ਸਿਖ ਹਕਾਂ ਦੀ ਕਿਤੇ ਵੀ ਗੱਲ ਨਹੀਂ ਕੀਤੀ ਉਹਨਾਂ ਦਾ ਟੀਚਾ ਤਾਂ ਸਾਰੇ ਭਾਰਤ ਨੂੰ ਆਜ਼ਾਦ ਕਰਾਉਣਾ ਸੀ।
ਸਰਦਾਰ ਭਗਤ ਸਿੰਘ, ਰਾਜ ਗੁਰੂ ਸੁਖਦੇਵ, ਸਰਦਾਰ ਊਧਮ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ,ਸੁਭਾਸ਼ ਚੰਦਰ ਬੋਸ ਅਤੇ ਹੋਰ ਬਹੁਤ ਸਾਰੇ ਮੁਸਲਮਾਨਾਂ ਨੇ ਜੰਗੇ ਆਜ਼ਾਦੀ ਵਿਚ ਕੁਰਬਾਨੀਆਂ ਦਿਤੀਆਂ ਜੇ ਸਾਰਿਆ ਦੇ ਨਾਮ ਲਿਖਣ ਲਗਾਂ ਤਾਂ ਹੋ ਸਕਦਾ ਹੈ ਮੈਂ ਆਪਣੀ ਸਾਰੀ ਉਮਰ ਵਿਚ ਵੀ ਨਾਂ ਲਿਖ ਸਕਾਂ। ਰਾਜ ਭਾਗ ਸੰਭਾਲਦਿਆਂ ਹੀ ਸਾਰਿਆਂ ਦਾ ਜੰਗੇ ਆਜ਼ਾਦੀ ਵਿਚ ਪਾਇਆ ਯੋਗਦਾਨ ਭੁਲ ਭੁਲਾ ਕੇ ਕਾਂਗਰਸੀ ਆਗੂਆਂ ਨੇ ਗਾਂਧੀ ਜੀ ਨੂੰ ਦੇਸ਼ ਤੇ ਮਲੋ ਮਲੀ ਦਾ ਬਾਪੂ ਥੋਪ ਦਿਤਾ, ਇਸੇ ਕਾਰਨ ਥ੍ਹਾਂ ਥ੍ਹਾਂ ਗਾਂਧੀ ਜੀ ਦੇ ਬੁਤ ਦਾ ਅਪਮਾਨ ਹੋਇਆ।
ਜੇ ਹਾਲੇ ਵੀ ਭਾਰਤ ਨੂੰ ਸੰਸਾਰ ਦਾ ਵਡਾ ਲੋਕ ਤੰਤਰ ਆਖਣਾ ਹੈ ਤਾਂ ਲੋਕ ਤੰਤਰ ਨਾਲ ਇਸ ਤੋਂ ਵਡਾ ਮਖੋਲ ਨਹੀਂ ਕੀਤਾ ਜਾ ਸਕਦਾ।
ਬਾਗੀ ਜੀ ਜੇ ਕਦੇ ਸਮਾਂ ਲਗੇ ਸਿਖਾਂ ਵਲੋਂ ਕੀਤੀ ਅਰਦਾਸ ਵਲ ਧਿਆਨ ਦੇਣਾ ਤਾਂ ਤੁਹਾਨੂੰ ਖਾਲਸਤਾਨ ਦੀ ਸਮਝ ਆ ਜਾਵੇਗੀ “ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ···· ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਾਰੇ ਸਸੰਾਰ ਵਿਚ ਵਸਿਆ ਸਿਖ ਸਾਰੇ ਸੰਸਾਰ ਦੀ ਗੱਲ ਕਰਦਾ ਹੈ। ਇਦੋਂ ਵਡਾ ਸਾਝੀ ਵਾਲਤਾ ਦਾ ਪੇਗਾਮ ਕੀ ਹੋ ਸਕਦਾ ਹੈ। ਅਜ ਸਿਖ ਕੌਮ ਪੂਰੇ ਸੰਸਾਰ ਤੇ ਛਾ ਗਈ ਹੈ ਅਤੇ ਹਰ ਮੈਦਾਨ ਵਿਚ ਸਫਲਤਾ ਉਸ ਦੇ ਕੱਦਮ ਚੁੱਮ ਰਹੀ ਹੈ। ਹਰ ਮੁਲਕ ਦੀ ਹਕੂਮਤ ਵਿਚ ਪੰਜਾਬੀ ਭਾਈ ਵਾਲ ਬਣਦੇ ਜਾ ਰਹੇ ਹਨ।
ਬਾਗੀ ਜੀ ਖਾਲਸਤਾਨ ਕਿਸੇ ਸਥਾਨ ਦਾ ਨਾਮ ਨਹੀਂ। ਇਹ ਤਾਂ ਇਕ ਆਦਰਸ਼ ਹਕੂਮਤ ਦਾ ਬਲਿਊ ਪਿਰੰਟ ਹੈ ਜਿਸ ਨੁੰ ਭਾਰਤ ਦੀ ਮਹਾਨ ਸ਼ਖਸੀਅਤ ਸ਼ਰੋਮਣੀ ਭਗਤ ਰਵਿਦਾਸ ਜੀ ਨੇ ਬੇਗਮ ਪੁਰਾ ਦਾ ਨਾਮ ਦਿਤਾ ਹੈ। ਜੇ ਲੋਕਾਂ ਨੇ ਅਮਨ ਚੈਨ ਨਾਲ ਵਸਣਾ ਹੈ ਤਾਂ ਗੁਰੂ ਗਰੰਥ ਸਾਹਿਬ ਵਿਚ ਦਿਤੇ ਸਾਂਝੀਵਾਲਤਾ, ਆਪਸੀ ਸਤਕਾਰ ਪਿਆਰ ਅਤੇ “ਮਿਲਵੇ ਕੀ “ ਮੈਹਿਮਾਂ ਦੇ ਗੁਰ ਨੂੰ ਸਮਝਣਾ ਹੋਵੇਗਾ। ਬਸ ਉਸ ਨੂੰ ਖਾਲਸਤਾਨ ਕਹਿ ਲਓ ਜਾਂ ਧਰਮ ਨਿਰਪਖ ਲੋਕ ਰਾਜ ਗੱਲ ਇਕੋ ਹੀ ਹੈ।
ਬਾਗੀ ਜੀ ਆਖਣ ਲਗੇ ਘੱਗ ਸਾਹਿਬ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਕ ਮੈਨੂੰ ਖੁਸ਼ੀ ਹੋਈ ਹੈ। ਮੈਂ ਤਾਂ ਇਦਾਂ ਕਦੇ ਸੋਚਿਆ ਹੀ ਨਹੀਂ ਸੀ। ਹੁਣ ਮੈਂ ਇਸ ਤੇ ਇਕ ਆਰਟੀਕਲ ਲਿਖਾਂ ਗਾ। ਤਾਂ ਮੈ ਬੇਨਤੀ ਕੀਤੀ ਕਿ ਇਕ ਕਾਪੀ ਮੈਨੂੰ ਵੀ ਭੇਜ ਦੇਣੀ ਜੋ ਕਦੇ ਨਹੀਂ ਆਈ ਹੋ ਸਕਦਾ ਹੈ ਹਿੰਦਸਮਾਚਾਰ ਵਾਲੇ ਉਸਨੂੰ ਛਾਪਣ ਤੋਂ ਗੁਰੇਜ਼ ਕਰ ਗਏ ਹੋਣ।
ਪਿਛਲੇ ਕੁਝ ਦਿਨਾਂ ਤੋਂ ਮਿਡਲ ਈਸਟ ਵਿਚ ਬੜੀ ਵਡੀ ਅਣਕਿਆਸੀ ਉਥਲ ਪਥਲ ਹੋ ਰਹੀ ਹੈ। ਲੋਕਾਈ ਵਲੋਂ ਤਾਨਾਸ਼ਾਹਾਂ ਤੋਂ ਨਜਾਤ ਪਾਉਣ ਦਾ ਇਹ ਯਤਨ ਚੰਗੀ ਗੱਲ ਹੈ । ਰਜਵਾੜਾ ਸ਼ਾਹੀ ਤੋਂ ਛੁਟਕਾਰਾ ਪਾ ਕੇ ਲੋਕਾਂ ਲਈ ਲੋਕਾਂ ਵਲੋਂ ਚੁਣੀ ਸਰਕਾਰ ਬਣਾਉਣ ਦਾ ਰਾਹ ਖੁਲ ਰਿਹਾ ਹੈ। ਇਸ ਤੋਂ ਅਗੇ ਕੀ ਕਰਨਾ ਹੈ ਇਹ ਮਿਡਲ ਈਸਟ ਦੇ ਵਾਸੀਆਂ ਦੀ ਸੋਚ ਤੇ ਮੁਨੱ੍ਹਸਰ ਹੈ। ਕੁਰੱਪਟ ਸਿਆਸਤਦਾਨਾਂ ਦੇ ਢੱਹੇ ਚੜ੍ਹ ਕੇ ਭਾਰਤ ਵਾਂਗ ਘੱਪਲਿਆਂ ਦਾ ਲੋਕਤੰਤਰ ਬਣਾਉਣਾ ਹੈ ਜਾਂ ਕਟੜਪੰਥੀਆਂ ਦੇ ਮਗਰ ਲਗ ਕੇ ਅਫਗਾਸਤਾਨ ਅਤੇ ਪਾਕਸਤਾਨ ਵਿਚ ਜੋ ਹੋ ਰਿਹਾ ਹੈ ਉਹੋ ਜਿਹਾ ਨਰਕ ਹੰਢਾਉਣਾ ਹੈ। ਦੂਸਰਾ ਰਾਹ ਹੈ ਗੂਰੂ ਗੋਬਿੰਦ ਸਿੰਘ ਜੀ ਦੀ ਸੋਚ “ਮਾਨਵ ਕੀ ਜ਼ਾਤ ਸਭੇ ਏਕ ਹੀ ਪਹਿਚਨਵੋ” ਤੇ ਪਹਿਰਾ ਦਿੰਦਿਆਂ ਸਭ ਲਈ ਸਾਂਝਾ ਧਰਮ ਨਿਰਪਖ ਖਾਲਸਤਾਨ ਬਣਾ ਕੇ ਮਹਾਨ ਭਗਤ ਰਵੀਦਾਸ ਜੀ ਦਾ ਬੇਗਮ ਪੁਰਾ ਦੇ ਵਾਸੀ ਬਣਨਾ ਹੈ।” ਖਾਲਸਤਾਨ ਜਿੰਦਾਬਾਦ