ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
  •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  • ਪਾਕਿਸਤਾਨ ਯਾਤਰਾ - ਕਿਸ਼ਤ 1 (ਸਫ਼ਰਨਾਮਾ )

    ਬਲਬੀਰ ਮੋਮੀ   

    Email: momi.balbir@yahoo.ca
    Phone: +1 905 455 3229
    Cell: +1 416 949 0706
    Address: 9026 Credit View Road
    Brampton L6X 0E3 Ontario Canada
    ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪਾਕਿਸਤਾਨ ਵਿਚ ਪਹਿਲਾ ਦਿਨ
    ਸੁਪਨੇ ਸੱਚ ਨਹੀਂ ਹੁੰਦੇ ਪਰ ਮੈਂਨੂੰ ਪਾਕਿਸਤਾਨ ਗੌਰਮਿੰਟ ਨੇ ਇਤਹਾਦ ਏਅਰਲਾਈਨ ਦੀ ਆਣ ਜਾਣ ਦੀ ਟਿਕਟ, ਫਾਈਵ ਸਟਾਰ ਹੋਟਲ, ਸਕਿਓਰਟੀ ਅਤੇ ਕਾਰ ਦੀ ਸੁਵਿਧਾ ਦੇ ਕੇ "ਅਤੰਰਰਾਸ਼ਟਰੀ ਸੂਫੀਇਜ਼ਮ ਅਤੇ ਪੀਸ ਕਾਨਫਰੰਸ" ਵਿਚ ਸ਼ਾਮਲ ਹੋਣ ਲਈ ਇਸਲਾਮਾਬਾਦ ਸੱਦਿਆ ਸੀ। ਪਾਕਿਸਤਾਨ ਦੇ ਹਾਲਾਤ ਖਰਾਬ ਹੋਣ ਕਾਰਨ ਤਾਲਬਾਨਾਂ ਵੱਲੋਂ ਮੇਰੇ ਜਾਣ ਤੋਂ ਕੁਝ ਦਿਨ ਪਹਿਲਾਂ ਕੁਝ ਪਾਕਿਸਤਾਨੀ ਸਿੱਖਾਂ ਨੂੰ ਅਗਵਾ ਕਰਨ ਬਾਅਦ ਮਾਰ ਦੇਣ ਦੀਆਂ ਘਟਨਾਵਾਂ ਵਾਪਰ ਚੁਕੀਆਂ ਸਨ। ਇਨ੍ਹਾਂ ਹਾਲਾਤਾਂ ਵਿਚ ਮੇਰਾ ਪਰਵਾਰ ਮੇਰੇ ਪਾਕਿਸਤਾਨ ਜਾਣ ਦੇ ਹੱਕ ਵਿਚ ਨਹੀਂ ਸੀ। ਇਸ ਤਰ੍ਹਾਂ ਦੇ ਮੌਕੇ ਜ਼ਿੰਦਗੀ ਵਿਚ ਬਹੁਤ ਘੱਟ ਹੀ ਮਿਲਦੇ ਹਨ। ਮੌਤ ਅਟੱਲ ਹੈ ਅਤੇ ਜਦੋਂ ਆਉਣੀ ਹੈ, ਆ ਹੀ ਜਾਣੀ ਹੈ, ਦੇ ਵਿਸ਼ਵਾਸ਼ ਹੇਠ ਮੈਂ ਪਾਕਿਸਤਾਨ ਜਾਣ ਦਾ ਮਨ ਬਣਾ ਹੀ ਲਿਆ। 
    ਟਰਾਂਟੋ ਤੋਂ ਇਤਹਾਦ ਏਅਰਲਾਈਨ ਦੇ ਜਹਾਜ਼ ਦੀ 14 ਘੰਟੇ ਦੀ ਲੰਮੀ ਉਡਾਣ ਫੜ ਕੇ ਜਦ ਮੈਂ ਅਬੂ ਧਾਬੀ ਦੇ ਹਵਾਈ ਅਡੇ ਤੇ ਪੁਜਾ ਤਾਂ ਥਕ ਜਾਣਾ ਜਾਣਾ ਬੜਾ ਸੁਭਾਵਕ ਸੀ। ਇਥੇ ਤਿੰਨ ਘੰਟੇ ਦੀ ਸਟੇ ਬਾਅਦ ਅਗਲੇ ਜਹਾਜ਼ ਨੇ ਇਸਲਾਮਾਬਾਦ ਲਈ ਚੱਲਣਾ ਸੀ ਤੇ ਇਸ ਉਡਾਣ ਨੇ ਸਾਢੇ ਤਿੰਨ ਘੰਟਿਆਂ ਵਿਚ ਇਸਲਾਮਾਬਾਦ ਏਅਰਪੋਰਟ ਤੇ ਪੁਜਣਾ ਸੀ। ਗੋਲਾਈ ਵਿਚ ਬਣਿਆ ਅਬੂ ਧਾਬੀ ਦਾ ਹਵਾਈ ਅਡਾ ਬੜੀ ਅਜੀਬ ਜਹੀ ਬਣਤਰ ਦਾ ਸੀ। ਇਥੋਂ ਅਨੇਕਾਂ ਮੁਲਕਾਂ ਨੂੰ ਉਡਾਨਾਂ ਭਰਨ ਕਾਰਨ ਭੀੜ ਭੜੱਕਾ ਵੀ ਕਾਫੀ ਸੀ। ਰਾਤ ਦਾ ਵਕਤ ਸੀ ਅਤੇ ਕਾਫੀ ਦਾ ਪਿਆਲਾ ਪੀ ਕੇ ਮੈਂ ਆਪਣੇ ਆਪ ਨੂੰ ਤਾਜ਼ਾ ਦਮ ਕੀਤਾ। ਛੋਟੇ ਆਕਾਰ ਦਾ ਹਜਾਜ਼ ਫੜ ਕੇ ਜਦ ਮੈਂ ਇਸਲਾਮਾਬਾਦ ਏਅਪੋਰਟ ਤੇ ਪੁਜਾ ਤਾਂ ਰਾਤ ਦੇ ਤਿੰਨ ਵੱਜੇ ਸਨ। ਅਧਾ ਘੰਟਾ ਇਮੀਗਰੇਸ਼ਨ ਕਲੀਅਰ ਕਰਨ ਅਤੇ ਸਾਮਾਨ ਲੈਣ ਵਿਚ ਲੱਗ ਗਿਆ। ਇਸਲਾਮਾਬਾਦ ਦਾ ਏਅਰਪੋਰਟ ਬੜਾ ਛੋਟਾ ਅਤੇ ਗਰੀਬ ਜਿਹਾ ਲਗਦਾ ਸੀ। ਬਾਹਰ ਨਿਕਲਦਿਆਂ ਹੀ ਸੂਫੀਇਜ਼ਮ ਐਂਡ ਪੀਸ ਕਾਨਫਰੰਸ ਦੇ ਬੈਨਰ ਲੱਗੇ ਵੇਖੇ ਅਤੇ ਕਾਨਫਰੰਸ ਦੇ ਅਹਿਲਕਾਰਾਂ ਨੇ ਸਾਡਾ ਸਵਾਗਤ ਕੀਤਾ। ਇਮੀਗਰੇਸ਼ਨ ਦੇ ਬਿਲਕੁਲ ਸਾਹਮਣੇ ਮਨੀ ਐਕਚੇਂਜ ਦਾ ਬੋਰਡ ਲੱਗਾ ਹੋਇਆ ਸੀ। ਮੇਰੇ ਪਾਸ ਪਾਕਿਸਤਾਨ ਦੀ ਕਰੰਸੀ ਬਿਲਕੁਲ ਨਹੀਂ ਸੀ। ਮੈਂ ਸੌ ਕੈਨੇਡੀਅਨ ਡਾਲਰ ਦੇ ਕੇ ਅਠ ਹਜ਼ਾਰ ਪਾਕਿਸਤਾਨੀ ਰੁਪੈ ਲੈ ਲਏ। ਪੋਲੀਸ ਅਤੇ ਨੀਮ ਪੋਲੀਸ ਦੀਆਂ ਗਡੀਆਂ ਦੇ ਦਰਮਿਆਨ ਖੜ੍ਹੀਆਂ ਬੱਸਾਂ ਵਿਚ ਸਾਨੂੰ ਬਿਠਾ ਦਿਤਾ ਗਿਆ। ਇਸ ਜਹਾਜ਼ ਵਿਚ ਬਹੁਤ ਸਾਰੇ ਮੁਲਕਾਂ ਵਿਚੋਂ ਹੋਰ ਵੀ ਡੈਲੀਗੇਟਸ ਸੂਫੀਇਜ਼ਮ ਐਂਡ ਪੀਸ ਕਾਨਫਰੰਸ ਸ਼ਿਰਕਤ ਕਰਨ ਲਈ ਆਏ ਸਨ ਪਰ ਇਸ ਦਾ ਪਤਾ ਜਹਾਜ਼ ਵਿਚ ਬੈਠਿਆਂ ਨਹੀਂ, ਬੱਸਾਂ ਵਿਚ ਬੈਠ ਕੇ ਹੀ ਲੱਗਾ। ਆਖਰ ਭਾਰੀ ਹਿਫਾਜ਼ਤੀ ਪਰਬੰਧਾਂ ਭਾਵ ਅਗੇ ਪਿਛੇ ਪੁਲਸ ਦੀਆਂ ਗਡੀਆਂ ਨਾਲ ਮਿੰਨੀ ਬੱਸਾਂ ਇਸਲਾਮਾਬਾਦ ਦੇ ਫਾਈਵ ਸਟਾਰ ਹੋਟਲ ਇਸਲਾਮਾਬਾਦ ਵੱਲ ਰਵਾਨਾ ਹੋਈਆਂ। ਰਾਤ ਦੇ ਹਨੇਰੇ ਜਗ ਮਗ ਕਰਦੀਆਂ ਰੋਸ਼ਨੀਆਂ ਵਿਚ ਇਸਲਾਮਾਬਾਦ ਸ਼ਹਿਰ ਖੂਬਸੂਰਤ ਲੱਗ ਰਿਹਾ ਸੀ। ਭਾਵੇਂ ਹਿਫਾਜ਼ਤੀ ਇੰਤਜ਼ਾਮ ਪੂਰੇ ਸਨ ਪਰ ਫਿਰ ਵੀ ਡਰ ਦੀ ਇਕ ਨਿੱਕੀ ਜਹੀ ਲਕੀਰ ਦਿਮਾਗ ਵਿਚ ਫਿਰਦੀ ਸੀ ਕਿ ਕਿਤੇ ਤਾਲਬਾਨਾਂ ਜਾਂ ਅਤਿਵਾਦੀਆਂ ਦਾ ਕੋਈ ਹੋਰ ਦਸ਼ਿਤਗਰਦ ਗਰੁੱਪ ਸਾਰੀ ਬੱਸ ਹੀ ਅਗਵਾ ਨਾ ਕਰ ਲਵੇ ਜਾਂ ਬੱਸ ਨੂੰ ਆਪਣੀਆਂ ਗੋਲੀਆਂ ਤੇ ਬੰਬਾਂ ਦਾ ਨਿਸ਼ਾਨਾ ਬਣਾ ਦੇਵੇ। ਫਿਰ ਮਨ ਅਗੋਂ ਤਸੱਲੀ ਦੇਂਦਾ ਕਿ ਅਸੀਂ ਤਾਂ ਅਮਨ ਸ਼ਾਂਤੀ ਦੇ ਦੂਤ ਬਣ ਕੇ ਪਾਕਿਸਤਾਨ ਵਿਚ ਆਏ ਸਾਂ। ਸੂਫੀeਜ਼ਮ ਦੀ ਮਹਾਨ ਫਿਲਾਸਫੀ ਦਾ ਪਰਚਾਰ ਕਰਨ ਤੇ ਸ਼ਾਂਤੀ ਦਾ ਸੰਦੇਸ਼ ਦੇਣਾ ਸਾਡਾ ਮੁਖ ਨਿਸ਼ਾਨਾ ਸੀ। ਦਹਿਤਸ਼ਗਰਦ ਗਰੁੱਪ ਸਾਨੂੰ ਆਪਣਾ ਨਿਸ਼ਾਨਾ ਕਿਉਂ ਬਣਾਨਗੇ। ਹੋਟਲ ਵਿਚ ਦਾਖਲੇ ਵੇਲੇ ਸਖਤ ਸਿਕਿਓਰਟੀ ਵਿਚੋਂ ਲੰਘਣ ਬਾਅਦ ਜਦ ਅਸੀਂ ਹੋਟਲ ਦੀ ਲਾਬੀ ਵਿਚ ਪਹੁੰਚੇ ਤਾਂ ਸਭ ਨੂੰ ਇਕ ਇਕ ਐਪਲ ਜੂਸ ਦਾ ਗਲਾਸ ਪਿਆਇਆ ਗਿਆ ਅਤੇ ਹੋਟਲ ਦੀ ਰੀਸੈਪਸਨæ ਨੇ ਸਾਡੇ ਪਾਸਪੋਰਟ ਜਿਨ੍ਹਾਂ ਵਿਚ ਪਾਕਿਸਤਾਨ ਦਾ ਵੀਜ਼ਾ ਲੱਗਾ ਹੋਇਆ ਸੀ, ਫੋਟੋ ਕਾਪੀ ਕਰਨ ਲਈ ਰੱਖ ਲਏ। ਹੋਟਲ ਦੀ ਪਹਿਲੀ ਮੰਜ਼ਲ ਵਾਲੇ ਲਿਫਟ ਦੇ ਸਾਹਮਣੇ ਪੈਂਦੇ ਕਮਰੇ ਵਿਚ ਵੇਟਰਜ਼ ਕੋਲੋਂ ਜਦੋਂ ਮੈਂ ਆਪਣਾ ਸਾਰਾ ਸਾਮਾਨ ਰਖਵਾਇਆ ਜਿਨ੍ਹਾਂ ਵਿਚ ਤੇਈ ਤੇਈ ਕਿੱਲੋ ਭਾਰ ਵਾਲੇ ਦੋ ਸੂਟ ਕੇਸ, ਸੱਤ ਕਿੱਲੋ ਵਜ਼ਨ ਵਾਲੇ ਇਕ ਹੈਂਡ ਬੈਗ ਤੋਂ ਇਲਾਵਾ ਇਕ ਬਰੀਫ ਕੇਸ ਵੀ ਸੀ, ਤਾਂ ਜਾ ਕੇ ਮੇਰੀ ਜਾਨ ਸੁਖਾਲੀ ਹੋਈ ਤੇ ਮੈਨੂੰ ਸੁਖ ਦਾ ਸਾਹ ਆਇਆ। ਜੇ ਮੈਂ ਵਾਇਆ ਭਾਰਤ ਹੋ ਕੇ ਪਾਕਿਸਤਾਨ ਆਉਂਦਾ ਤਾਂ ਮੈਂ ਆਪਣਾ ਸਾਮਾਨ ਮੋਹਾਲੀ ਆਪਣੇ ਘਰ ਰੱਖ ਕੇ ਆਉਣਾ ਸੀ ਪਰ ਹੁਣ ਤਾਂ ਮੈਂ ਆਪਣੇ ਸਾਮਾਨ ਸਮੇਤ ਪਾਕਿਸਤਾਨ ਵਿਚ ਕਈ ਹਫਤੇ ਗੁਜ਼ਾਰ ਕੇ ਫਿਰ ਭਾਰਤ ਵਿਚ ਦਾਖਲ ਹੋਣਾ ਸੀ।

    ਜੇ ਮੇਰੀ ਟਿਕਟ ਵਾਇਆ ਦਿੱਲੀ ਹੁੰਦੀ ਤਾਂ ਮੈਂ ਆਪਣਾ ਵਾਧੂ ਸਾਮਾਨ ਚੰਡੀਗੜ੍ਹ ਛਡ ਕੇ ਵਾਇਆ ਵਾਘਾ ਬਾਰਡਰ ਪਾਕਿਸਤਾਨ ਅੰਦਰ ਦਾਖਲ ਹੋ ਕੇ ਇਸਲਾਮਾਬਾਦ ਪਹੁੰਚਣਾ ਸੀ ਪਰ ਸਿਕਿਓਰਟੀ ਪਖੋਂ ਮੈਨੂੰ ਪਾਕਿਸਤਾਨ ਸਰਕਾਰ ਦੀ ਲੈਟਰਜ਼ ਆਫ ਅਕਾਡਮੀ ਵੱਲੋਂ ਦਿੱਲੀ ਉੱਤਰਣ ਦਾ ਟਿਕਟ ਨਾ ਮਿਲਿਆ ਤੇ ਮੈਂਨੂੰ ਸਾਰੇ ਸਾਮਾਨ ਸਮੇਤ ਇਸਲਾਮਾਬਾਦ ਏਅਰਪੋਰਟ ਤੇ ਉਤਰਣਾ ਪਿਆ। ਐਨੇ ਜ਼ਿਆਦਾ ਸਾਮਾਨ ਨਾਲ ਐਨਾ ਲੰਮਾ ਸਫਰ ਕਰਨਾ ਬੜਾ ਔਖਾ ਸੀ। ਇਤਹਾਦ ਏਅਰਲਾਈਨ ਦੀ ਟਰਾਂਟੋ ਤੋਂ ਅਬੂਧਾਬੀ ਦੀ 14 ਘੰਟੇ ਦੀ ਉਡਾਣ ਭਾਵੇਂ ਬੜੀ ਵਧੀਆ ਸੀ ਪਰ ਬੜੀ ਲੰਮੀ ਅਤੇ ਥਕਾ ਦੇਣ ਵਾਲੀ ਸੀ। ਵੈਸੇ ਤਾਂ ਮੈਂ ਅਬੂਧਾਬੀ ਤੋਂ ਪਾਕਿਸਤਾਨ ਦੀ ਕੈਨੇਡਾ ਵਿਚ ਡਾਕਟਰ ਲੱਗੀ ਨੌਜਵਾਨ ਕੁੜੀ ਬਤੋਲ ਦੇ ਇੰਟਰਨੈਸ਼ਨਲ ਫੋਨ ਤੋਂ ਕੈਨੇਡਾ ਵਿਚ ਆਪਣੇ ਅਬੂ ਧਾਬੀ ਪਹੁੰਚਣ ਤਕ ਦੀ ਇਤਲਾਹ ਦੇ ਦਿਤੀ ਸੀ ਪਰ ਇਸਲਾਮਾਬਾਦ ਪਹੁੰਚ ਕੇ ਆਪਣੇ ਪਰਵਾਰ ਨੂੰ ਇਹ ਦੱਸਣਾ ਕਿ ਮੈਂ ਠੀਕ ਠਾਕ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਪਹੁੰਚ ਗਿਆ ਹਾਂ ਅਤੇ ਆਪਣਾ ਫੋਨ ਨੰਬਰ ਦੇਣਾ ਬੜਾ ਜ਼ਰੂਰੀ ਸੀ। ਮੈਂ 9 ਦੱਬ ਕੇ ਹੋਟਲ ਦੇ ਅਪਰੇਟਰ ਨੂੰ ਹੋਟਲ ਦਾ ਨੰਬਰ ਅਤੇ ਕੈਨੇਡਾ ਵਿਚ ਆਪਣੇ ਘਰ ਦਾ ਨੰਬਰ ਮਿਲਾਉਣ ਲਈ ਕਿਹਾ ਤੇ ਕਾਲ ਦੇ ਰੇਟ ਵੀ ਪੁਛੇ। ਅਗੋਂ ਜਵਾਬ ਸੀ ਕਿ ਹੋਟਲ ਵਿਚੋਂ ਕੈਨੇਡਾ ਦੀ ਕਾਲ ਦਾ ਰੇਟ 150 ਰੁਪੈ ਮਿੰਟ ਅਤੇ ਲੋਕਲ ਕਾਲ ਵੀਹ ਰੁਪੈ ਮਿੰਟ ਸੀ। ਇਹ ਸਾਰਾ ਖਰਚਾ ਮੈਂ ਦੇਣਾ ਸੀ ਨਾ ਕਿ ਪਾਕਿਸਤਾਨ ਲੈਟਰਜ਼ ਆਫ ਅਕੈਡਮੀ ਨੇ। ਕਮਰੇ ਵਿਚ ਚਾਹ ਦਾ ਕੱਪ ਮੰਗਵਾਣ ਦਾ ਖਰਚਾ 107 ਰੁਪੈ ਫੀ ਕੱਪ ਸੀ। ਕਮੀਜ਼ ਦੀ ਧਵਾਈ ਇਕ ਸੌ ਪੰਜਾਹ ਰੁਪੈ ਅਤੇ ਬਟਨ ਲਵਾਈ ਤੀਹ ਰੁਪੈ ਸਨ। ਮੈਂ ਕੈਨੇਡਾ ਫੋਨ ਕਰ ਕੇ ਆਪਣੇ ਪਹੁੰਚਣ ਦੀ ਇਤਲਾਹ ਅਤੇ ਆਪਣੇ ਹੋਟਲ ਤੇ ਕਮਰੇ ਦਾ ਫੋਨ ਨੰਬਰ ਵੀ ਦੇ ਦਿਤਾ। ਬੇਟੀ ਨਿਸ਼ੀ ਅਤੇ ਪਰਵਾਰ ਬਾਰ ਬਾਰ ਸੁਰਖਿਆ ਪਖੋਂ ਲੋੜੋਂ ਵਧ ਸਾਵਧਾਨ ਰਹਿਣ ਦੀ ਚਿਤਾਵਨੀ ਦੇ ਰਹੇ ਸਨ। ਉਹਨੂੰ ਡਰ ਸੀ ਕਿ ਇਕੋ ਇਕ ਪਗੜੀ ਵਾਲਾ ਸਿੱਖ ਹੋਣ ਕਰ ਕੇ ਜੇ ਮੈਨੂੰ ਤਾਲਬਾਨਾਂ ਨੇ ਅਗਵਾ ਕਰ ਲਿਆ ਤਾਂ ਉਹ ਮੈਨੂੰ ਤਾਲਬਾਨਾਂ ਤੋਂ ਛੁਡਾਉਣ ਦੀ ਮੂੰਹ ਮੰਗੀ ਰਕਮ ਕਿਥੋਂ ਅਦਾ ਕਰਨਗੇ। ਮੈਂ ਉਹਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਮੈਂ ਪੂਰਾ ਚੌਕੰਨਾ ਰਹਿ ਕੇ ਪਾਕਿਸਤਾਨ ਵਿਚ ਰਹਾਂਗਾ ਅਤੇ ਆਪਣੀ ਹਿਫਾਜ਼ਤ ਦਾ ਪੂਰਾ ਧਿਆਨ ਰਖਾਂਗਾ, ਤਾਲਬਾਨਾਂ ਦੇ ਇਲਾਕੇ ਵਿਚ ਨਹੀਂ ਜਾਵਾਂਗਾ।  

    ਫਾਈਵ ਸਟਾਰ ਹੋਟਲ ਇਸਲਾਮਾਬਾਦ ਵਿਚ 13 ਮਾਰਚ ਸਵੇਰ ਦੇ 4 ਵੱਜ ਗਏ ਸਨ ਅਤੇ ਦਿਨ ਚੜ੍ਹਨ ਵਿਚ ਦੋ ਢਾਈ ਘੰਟੇ ਬਾਕੀ ਸਨ। ਮੈਂ ਕਪੜੇ ਬਦਲ ਕੇ ਸੌਣ ਦੀ ਕੋਸ਼ਿਸ਼ ਕਰ ਰਿਹਾ ਸਾਂ ਪਰ ਜ਼ਿਆਦਾ ਥਕੇ ਹੋਣ ਕਰ  ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਨੂੰ ਹਵਾਈ ਜਹਾਜ਼ ਦੇ ਸਫਰ ਵਿਚ ਕਦੇ ਵੀ ਨੀਂਦ ਨਹੀਂ ਆਉਂਦੀ ਅਤੇ ਮੈਂ ਹਵਾਈ ਜਹਾਜ਼ ਦੇ ਸਫਰ ਨੂੰ ਸਭ ਤੋਂ ਜ਼ਿਆਦਾ ਔਖਾ ਅਤੇ ਬੇਆਰਾਮੀ ਵਾਲਾ ਸਫਰ ਸਮਝਦਾ ਹਾਂ। ਲੰਮੇ ਸਫਰ ਦੀ ਥਕਾਨ ਅਤੇ ਉਨੀਂਦਰੇ ਨਾਲ ਜਾਨ ਨਿਕਲ ਰਹੀ ਸੀ। ਨੀਂਦ ਦੀ ਅਧੀ ਗੋਲੀ ਖਾ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਐਵੇਂ ਕੱਚੀ ਭੁੰਨੀ ਜਹੀ ਨੀਂਦ ਆਈ ਤੇ ਏਨੇ ਨੂੰ ਹੋਟਲ ਦੇ ਬਹਿਰੇ ਵੱਲੋਂ ਵਜਾਈ ਬੈੱਲ ਤੇ ਮੈਂ ਅਖਾਂ ਮਲਦੇ ਨੇ ਦਰਵਾਜ਼ਾ ਖੋਲ੍ਹਿਆ ਤੇ ਓਸ ਸਲਾਮ ਆਖ ਕੇ ਅਖਬਾਰ, ਕੱਪ ਅਤੇ ਚਾਹਦਾਨੀ ਮੇਜ਼ ਤੇ ਰੱਖੀ ਤੇ ਚਲਾ ਗਿਆ। ਮੈਂ ਪਰਦਾ ਪਰ੍ਹਾਂ ਕੀਤਾ ਤਾਂ ਸੂਰਜ ਨਿਕਲ ਚੁਕਾ ਸੀ ਅਤੇ ਬਾਹਰ ਕਾਫੀ ਚਾਣਨ ਸੀ। ਪਾਕਿਸਤਾਨ ਦੇ ਕਿਸੇ ਬੈਂਕ ਦੀ ਬਿਲਡਿੰਗ ਦੂਜੇ ਪਾਸੇ ਦਿਸਦੀ ਸੀ। ਚਾਹ ਦਾ ਇਕ ਘੁੱਟ ਹੀ ਭਰਿਆ ਸੀ ਕਿ ਹੋਟਲ ਵਾਲਿਆਂ ਦਾ ਇਕ ਬੰਦਾ ਮੇਰਾ ਪਾਸਪੋਰਟ ਲੈ ਕੇ ਆ ਗਿਆ ਜਿਹੜਾ ਰਾਤੀਂ ਹੋਟਲ ਵਿਚ ਆਂਦਿਆਂ ਹੀ ਪਾਸਪੋਰਟ ਅਤੇ ਵੀਜ਼ੇ ਦੀ ਕਾਪੀ ਕਰਨ ਲਈ ਰੱਖ ਲਿਆ ਸੀ। ਜੋ ਵੀ ਹੋਟਲ ਵਿਚ ਠਹਿਰਦਾ ਹੈ, ਪਾਕਿਸਤਾਨ ਦੇ ਕਾਨੂੰਨ ਮੁਤਾਬਕ ਹੋਟਲ ਵਾਲੇ ਉਹਦੀ ਆਈ ਡੀ ਦੀ ਫੋਟੋ ਕਾਪੀ ਕਰ ਕੇ ਆਪਣੇ ਰੀਕਾਰਡ ਵਿਚ ਰੱਖ ਲੈਂਦੇ ਹਨ। ਕਿਸੇ ਹੱਦ ਤਕ ਇਹ ਜ਼ਰੂਰੀ ਵੀ ਹੈ ਅਤੇ ਲੋੜੀਂਦਾ ਵੀ ਕਿਉਂਕਿ ਹੋਟਲ ਵਿਚ ਠਹਿਰਣ ਵਾਲੇ ਯਾਤਰੀ ਦੀ ਸ਼ਨਾਖਤ ਹੋਣੀ ਵੀ ਬੜੀ ਜ਼ਰੂਰੀ ਹੈ। ਪਰਦੇਸਾਂ, ਖਾਸ ਕਰ ਪਾਕਿਸਤਾਨ ਜਿਥੇ ਦਹਿਸ਼ਤਗਰਦੀ ਦੇ ਬੱਦਲ ਮੰਡਲਾਂਦੇ ਰਹਿੰਦੇ ਹਨ, ਪਾਸਪੋਰਟ ਹਰ ਵੇਲੇ ਜੇਬ ਵਿਚ ਰਖਣਾ ਸੁਰਖਿਆ ਪਖੋਂ ਬਹੁਤ ਜ਼ਰੂਰੀ ਹੈ। ਮੈਂ ਸੁੱਤੇ ਉਨੀਂਦੇ ਵਿਚ ਹੀ ਪਾਸਪੋਰਟ ਹੈਂਗਰ ਤੇ ਲਟਕਦੀ ਆਪਣੀ ਕਮੀਜ਼ ਦੀ ਜੇਬ ਵਿਚ ਪਾ ਦਿਤਾ। ਅੱਖਾਂ ਉਨੀਂਦਰੇ ਨਾਲ ਭਰੀਆਂ ਹੋਈਆਂ ਸਨ ਪਰ ਨੌਂ ਵਜੇ ਸਭ ਨੇ ਥਲੇ ਬਰੇਕਫਾਸਟ ਤੇ ਇਕਠੇ ਹੋਣਾ ਸੀ ਅਤੇ ਸਵਾਗਤ ਕਰਨ ਵਾਲਿਆਂ ਨੇ ਆਏ ਡੈਲੀਗੇਟਸ ਨੂੰ ਜੀ ਆਇਆਂ ਵੀ ਆਖਣਾ ਸੀ। ਗਰਮ ਪਾਣੀ ਨਾਲ ਨਹਾ ਧੋ, ਤਿਆਰ ਹੋ ਜਦ ਮੈਂ ਐਲੀਵੇਟਰ ਰਾਹੀਂ ਥਲੇ ਆਇਆ ਤਾਂ 84 ਮੁਲਕਾਂ ਦੇ ਡੈਲੀਗੇਟਸ ਜੋ ਇਸ ਹੋਟਲ ਵਿਚ ਠਹਿਰੇ ਹੋਏ ਸਨ, ਇਕ ਦੂਜੇ ਨੂੰ ਬੜੇ ਚਾਅ ਨਾਲ ਮਿਲ ਰਹੇ ਸਨ। ਆਪਣੀ ਜਾਣ ਪਛਾਣ ਕਰਵਾਉਣ ਲਈ ਆਪੋ ਆਪਣੇ ਬਿਜ਼ਨਸ ਕਾਰਡਜ਼ ਇਕ ਦੂਜੇ ਸਾਂਝੇ ਕਰ ਰਹੇ ਰਹੇ ਸਨ। ਕਾਨਫਰੰਸ ਕਰਾਉਣ ਵਾਲੇ ਅਹਿਲਕਾਰ ਉਹਨਾਂ ਨੂੰ ਲਭ ਲਭ ਕੇ ਉਹਨਾਂ ਦੀਆਂ ਫੋਟੋ ਆਈ ਡੀਜ਼ ਉਹਨਾਂ ਦੇ ਗਲਾਂ ਵਿਚ ਪਾ ਰਹੇ ਸਨ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹਨਾਂ ਵਿਚੋਂ ਬਹੁਤੇ ਲੇਖਕ ਅਤੇ ਡੈਲੀਗੇਟਸ ਜੋ ਇਸ ਹੋਟਲ ਵਿਚ ਠਹਿਰੇ ਸਨ, ਓਸੇ ਜਹਾਜ਼ ਵਿਚ ਆਏ ਸਨ ਜਿਸ ਵਿਚ ਮੈਂ ਅਬੂਧਾਬੀ ਤੋਂ ਇਸਲਾਮਾਬਾਦ ਆਇਆ ਸਾਂ ਪਰ ਓਸ ਵੇਲੇ ਕਿਸੇ ਦੀ ਕਿਸੇ ਨਾਲ ਕੋਈ ਜਾਣ ਪਹਿਚਾਣ ਨਹੀਂ ਸੀ। ਹੋਟਲ ਦੇ ਬਹਿਰੇ ਅਤੇ ਸਿਕਿਓਰਟੀ ਵਾਲੇ ਇਕੋ ਇਕ ਪੱਗ ਵਾਲਾ ਸਰਦਾਰ ਹੋਣ ਕਰ ਕੇ ਮੈਨੂੰ ਲੋੜੋਂ ਵਧ ਸਲੂਟ ਮਾਰ ਰਹੇ ਸਨ। ਐਨੇ ਸਲੂਟ ਤਾਂ ਮੈਨੂੰ ਸਾਰੀ ਉਮਰ ਨਹੀਂ ਵੱਜੇ ਹੋਣੇ ਜਿੰਨੇ ਸਲੂਟ ਇਸ ਫੇਰੀ ਵਿਚ ਪਾਕਿਸਤਾਨ ਵਿਚ ਵੱਜ ਰਹੇ ਸਨ। ਪਗੜੀਧਾਰੀ ਸਰਦਾਰ ਹੋਣ ਦਾ ਜੋ ਮਾਣ ਇਜੱæਤ ਅਤੇ ਸਵਾਦ ਪਾਕਿਸਤਾਨ ਵਿਚ ਮਿਲਦਾ ਹੈ, ਹੋਰ ਕਿਧਰੇ ਨਹੀਂ ਮਿਲਦਾ। ਇਸ ਕਾਨਫਰੰਸ ਵਿਚ ਇਕੋ ਇਕ ਪਗੜੀਧਾਰੀ ਸਰਦਾਰ ਹੋਣ ਕਰ ਕੇ ਬਹੁਤੇ ਲੋਕ ਮੇਰੇ ਨਾਲ ਫੋਟੋ ਲੁਹਾਣੀ ਵੀ ਬਹੁਤ ਪਸੰਦ ਕਰਦੇ ਸਨ। ਅਕਸਰ ਮੀਡੀਏ ਵਾਲਿਆਂ ਦੇ ਕੈਮਰੇ ਮੇਰੇ ਤੇ ਲੋੜੋਂ ਜ਼ਿਆਦਾ ਕੇਂਦਰਤ ਰਹਿੰਦੇ ਸਨ। ਕੈਨੇਡਾ ਤੋਂ ਦੋ ਡੈਲੀਗੇਟਸ ਹੋਰ ਆਏ ਸਨ, ਇਕ ਕਾਰਨਵਾਲ ਦਾ ਵਾਸੀ ਅੰਗਰੇਜ਼ੀ ਅਤੇ ਪੰਜਾਬੀ ਦਾ ਲੇਖਕ ਡਾ: ਸਟੀਫਨ ਗਿੱਲ ਅਤੇ ਦੂਜਾ ਮਸ਼ਹੂਰ ਕੈਨੇਡੀਅਨ ਪਾਕਿਸਤਾਨੀ ਉਰਦੂ ਸ਼ਾਇਰ ਜਨਾਬ ਅਸ਼ਫਾਕ ਹੁਸੈਨ ਜੋ ਮੇਰੇ ਚੱਲਣ ਤੋਂ ਦੋ ਦਿਨ ਪਹਿਲਾਂ ਟਰਾਂਟੋ ਤੋਂ ਕਰਾਚੀ ਆ ਗਿਆ ਸੀ। ਉਹ ਕਰਾਚੀ ਦਾ ਰਹਿਣ ਵਾਲਾ ਸੀ ਅਤੇ ਕਰਾਚੀ ਉਹਦੇ ਬਹੁਤ ਰਿਸ਼ਤੇਦਾਰ ਅਤੇ ਦੋਸਤ ਰਹਿੰਦੇ ਸਨ। ਉਸ ਨੇ ਬਹੁਤ ਅਸਰਾਰ ਕੀਤਾ ਕਿ ਮੈਂ ਕਰਾਚੀ ਉਹਦੇ ਨਾਲ ਚੱਲਾਂ ਤੇ ਓਥੇ ਦੋ ਦਿਨ ਰਹਿ ਕੇ, ਦੋਸਤਾਂ ਨੂੰ ਮਿਲ ਕੇ ਅਤੇ ਫਿਰ ਕਰਾਚੀ ਤੋਂ ਨਵੀਂਂ ਉਡਾਣ ਲੈ ਕੇ ਇਸਲਾਮਾਬਾਦ ਪਹੁੰਚ ਜਾਵਾਂਗੇ ਪਰ ਮੈਂ ਉਹਦੇ ਨਾਲ ਨਾ ਜਾ ਸਕਿਆ ਅਤੇ ਕਿਹਾ ਕਿ ਵਾਪਸੀ ਤੇ ਮੈਂ ਉਹਦੇ ਨਾਲ ਇਸਲਾਮਾਬਾਦ ਤੋਂ ਕਰਾਚੀ ਚਲਾਂਗਾ ਤੇ ਕੁਝ ਦਿਨ ਕਰਾਚੀ ਰਹਿ ਕੇ ਫਿਰ ਲਾਹੌਰ ਆ ਜਾਵਾਂਗਾ। ਉਹਦਾ ਵਿਚਾਰ ਸੀ ਕਿ ਮੇਰੀ ਸਵੈ ਜੀਵਨੀ ਜੋ ਲਾਹੌਰ ਸ਼ਾਹਮੁਖੀ ਵਿਚ ਛਪ ਗਈ ਸੀ, ਉਹ ਇਸਲਾਮਾਬਾਦ, ਗੁਜਰਾਤ ਯੂਨੀਵਰਸਿਟੀ ਅਤੇ ਲਾਹੌਰ ਤੋਂ ਇਲਾਵਾ ਕਰਾਚੀ ਯੂਨੀਵਰਸਿਟੀ ਵਿਚ ਵੀ ਰੀਲੀਜ਼ ਕੀਤੀ ਜਾਵੇ। ਇਹ ਸਵੈ ਜੀਵਨੀ ਮੈਂ ਫੈਜ਼ ਅਹਿਮਦ ਫੈਜ਼ ਅਤੇ ਅਸ਼ਫਾਕ ਹੁਸੈਨ ਨੂੰ ਸਮਰਪਤ ਕੀਤੀ ਸੀ।

    ਹੋਟਲ ਦੀ ਲਾਬੀ ਵਿਚ ਮੈਂ ਤੇ ਅਸ਼ਫਾਕ ਬਗਲਗੀਰ ਹੋ ਕੇ ਮਿਲੇ ਅਤੇ ਅਸ਼ਫਾਕ ਨੇ ਕਰਾਚੀ ਤੋਂ ਆਏ ਹੋਰ ਕੁਝ ਲੇਖਕਾਂ ਨਾਲ ਮੇਰੀ ਜਾਣ ਪਹਿਚਾਣ ਕਰਵਾਈ ਜਿਨ੍ਹਾਂ ਵਿਚੋਂ ਦੋ ਨੂੰ ਮੈਂ ਟਰਾਂਟੋ ਵਿਚ ਬਹੁਤ ਸਾਲ ਪਹਿਲਾਂ ਮਿਲ ਚੁਕਾ ਸਾਂ। ਉਸ ਵੇਲੇ ਪਾਕਿਸਤਾਨ ਦੇ ਮਰਹੂਮ ਸ਼ਾਇਰ ਮੁਨੀਰ ਨਿਆਜ਼ੀ ਵੀ ਇਹਨਾਂ ਦੇ ਨਾਲ ਟਰਾਂਟੋ ਆਏ ਸਨ। ਮੁਨੀਰ ਨਿਆਜ਼ੀ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ ਸਾਂ। ਲਾਹੌਰ 1975 ਵਿਚ ਫਖਰ ਜ਼ਮਾਨ ਦੇ ਘਰ ਮੇਰੀ ਉਹਦੇ ਨਾਲ ਮੁਲਾਕਾਤ ਹੋਈ ਸੀ।

    "ਕੁਝ ਉਂਜ ਵੀ ਰਾਹਵਾਂ ਔਖੀਆਂ ਸਨ, ਕੁਝ ਦਿਲ ਵਿਚ ਗਮ ਦਾ ਤੌਕ ਵੀ ਸੀ

    ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ"

    ਨਾਂ ਦੀ ਕਵਿਤਾ ਨੇ ਉਹਨੂੰ ਬਹੁਤ ਮਸ਼ਹੂਰ ਕਰ ਦਿਤਾ ਸੀ। ਇਹਨਾਂ ਵਿਚ ਸ਼ਾਇਦ ਤਾਜ ਜੀਓ ਵੀ ਸੀ ਜੋ ਸਿੰਧੀ ਲੈਂਗੂਏਜ ਅਥਾਰਟੀ ਹੈਦਰਾਬਾਦ, ਸਿੰਧ ਦਾ ਸੈਕਰਟਰੀ ਹੈ। ਬੜਾ ਪਿਆਰ ਇਨਸਾਨ ਜੋ 27 ਮਾਰਚ, 2010 ਨੂੰ ਲਾਹੌਰ ਵਿਚ ਸ਼ਾਹਮੁਖੀ ਲਿੱਪੀ ਵਿਚ ਛਪੀ ਮੇਰੀ ਕਿਤਾਬ "ਕਿਹੋ ਜਿਹਾ ਸੀ ਜੀਵਨ" ਰੀਲੀਜ਼ ਹੋਣ ਦੀ ਰਸਮ ਵੇਲੇ ਮੇਰੇ ਲਈ ਉਚੇਚੇ ਤੌਰ ਤੇ ਮੈਨੂੰ ਸਨਮਾਣਤ ਕਰਨ ਲਈ ਸਿੰਧੀ ਸ਼ਾਲ ਲੈ ਕੇ ਆਇਆ ਸੀ।

    ਇਸਲਾਮਾਬਾਦ ਵਿਚ ਤੇਰਾਂ ਮਾਰਚ ਦਾ ਇਹ ਦਿਨ ਮਿਲਣ ਮਿਲਾਣ ਅਤੇ ਆਰਾਮ ਕਰਨ ਦਾ ਦਿਨ ਸੀ। ਸੂਫੀਇਜ਼ਮ ਐਂਡ ਪੀਸ ਦੇ ਮਹਤਵ ਪੂਰਨ ਵਿਸ਼ੇ ਤੇ ਕਾਨਫਰੰਸ ਦਾ ਪਹਿਲਾ ਸੈਸ਼ਨ ਚੌਦਾਂ ਮਾਰਚ ਨੂੰ ਸੀ ਜੋ ਇਸਲਾਮਾਬਾਦ ਵਿਚ ਨੈਸ਼ਨਲ ਲਾਇਬਰੇਰੀ ਆਫ ਪਾਕਿਸਤਾਨ ਵਿਖੇ ਅਰੰਭ ਹੋਣਾ ਸੀ। ਇਸ ਵਿਚ ਵਖ ਵਖ ਮੁਲਕਾਂ ਤੋਂ ਆਏ ਲੇਖਕਾਂ ਵੱਲੋਂ ਪਰਚੇ ਪੜ੍ਹੇ ਤੇ ਵਿਚਾਰੇ ਜਾਣੇ ਸਨ। ਕਈ ਲੋਕ ਗੱਲਾਂ ਕਰ ਰਹੇ ਸਨ ਕਿ ਕਾਨਫਰੰਸ ਦਾ ਮੂਲ ਮੁੱਦਾ ਪਾਕਿਸਤਾਨ ਦੇ ਮਥੇ ਤੇ ਲਗੇ ਕਲੰਕ ਨੂੰ ਦੂਰ ਕਰਨਾ ਸੀ ਕਿ ਪਾਕਿਸਤਾਨ ਇਕ ਦਸ਼ਿਤਗਰਦ ਮੁਲਕ ਹੈ। ਇਸਲਾਮ ਦੀ ਕੱਟੜਤਾ ਤੋਂ ਉੱਚਾ ਉਠ ਕੇ ਪਾਕਿਸਤਾਨ ਸਰਕਾਰ ਸੂਫੀਇਜ਼ਮ ਨੂੰ ਪਹਿਲ ਦੇ ਕੇ ਅਮਨ ਵੱਲ ਕਦਮ ਪੁਟਦੀ ਕੱਟੜਵਾਦ ਦੀ ਨਿੰਦਾ ਕਰਦੀ ਸੀ। ਹੋਟਲ ਵਿਚ ਮਿਲਣ ਆਏ ਦੋ ਪਾਕਿਸਤਾਨੀ ਪੰਜਾਬੀ ਲੇਖਕ ਸਲੀਮ ਪਾਸ਼ਾ ਅਤੇ ਇਤਫਾਕ ਬੱਟ ਮੇਰੇ ਦੋਸਤ ਬਣ ਗਏ। ਉਹਨਾਂ ਨੇ ਆਪਣੀਆਂ ਛਪੀਆਂ ਕਿਤਾਬਾਂ "ਕਾਲੇ ਕੋਟ ਨੂੰ ਸਲਾਮ" ਅਤੇ "ਵਖ ਹੋਣ ਤੋਂ ਪਹਿਲਾਂ" ਮੈਨੂੰ ਬੜੇ ਅਦਬ ਨਾਲ ਭੇਟ ਕੀਤੀਆਂ। ਇਸ ਪਿਛੋਂ ਇਹ ਕਿਤਾਬਾਂ ਲੈਣ ਦੇਣ ਦਾ ਕੰਮ ਏਨਾ ਵਧ ਗਿਆ ਕਿ ਪਹਿਲੇ ਦਿਨ ਹੀ ਮੇਰੇ ਕਮਰੇ ਵਿਚ ਪਾਕਿਸਤਾਨੀ ਲੇਖਕਾਂ ਵੱਲੋਂ ਦਿਤੀਆਂ ਕਿਤਾਬਾਂ ਦਾ ਢੇਰ ਲਗ ਗਿਆ। ਇਸ ਦੀ ਇਕ ਵਜ੍ਹਾ ਇਹ ਵੀ ਸੀ ਕਿ ਮੈਨੂੰ ਉਰਦੂ ਪੜ੍ਹਨਾ ਆਉਂਦਾ ਸੀ। ਸਲੀਮ ਪਾਸ਼ਾ ਤਾਂ ਕਈ ਵਾਰ ਭਾਰਤ ਆ ਚੁਕਾ ਸੀ ਅਤੇ ਪੰਜਾਬੀ ਦੇ ਬਹੁਤ ਸਾਰੇ ਲੇਖਕ ਜਿਵੇਂ ਅਮ੍ਰਿਤਾ ਪ੍ਰੀਤਮ ਅਤੇ ਅਜੀਤ ਕੌਰ ਨੂੰ ਜ਼ਾਤੀ ਤੌਰ ਤੇ ਮਿਲ ਚੁਕਾ ਸੀ। ਉਹ ਕਈ ਹੋਰ ਭਾਰਤੀ ਪੰਜਾਬੀ ਲੇਖਕਾਂ ਨੂੰ ਵੀ ਨਿੱਜੀ ਤੌਰ ਤੇ ਜਾਣਦਾ ਸੀ। ਅਜੀਤ ਕੌਰ ਨਾਲ ਉਹਦੀ ਖਤੋ ਕਿਤਾਬਤ ਹੁੰਦੀ ਰਹਿੰਦੀ ਸੀ। ਆਪਣੀ ਪੰਜਾਬੀ ਪੋਇਟਰੀ ਦੀ ਕਿਤਾਬ "ਵਖ ਹੋਣ ਤੋਂ ਪਹਿਲਾਂ" ਉਹਨੇ ਅਮ੍ਰਿਤਾ ਪ੍ਰੀਤਮ ਨੂੰ ਭੇਟ ਕੀਤੀ ਸੀ।
    Photo

    ਗੁਜਰਾਤ ਯੂਨੀਵਰਸਿਟੀ ਪਾਕਿਸਤਾਨ ਵਿਚ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ। ਨਾਲ ਬੈਠੀ ਹੈ ਪਾਕਿਸਤਾਨ ਦੀ ਪ੍ਰਸਿਧ ਲੇਖਿਕਾ ਸਰਵਤ ਮੁਹeਓਦੀਨ ਅਤੇ ਦੋ ਪ੍ਰੋਫੈਸਰ ਸਾਹਿਬਾਨ

    ਹੋਟਲ ਦਾ ਫੋਨ ਵਰਤਣਾ ਬੜਾ ਮਹਿੰਗਾ ਸੀ। ਇਸ ਦਾ ਇਕੋ ਇਕ ਹੱਲ ਸੀ ਕਿ ਮੈਂ ਆਪਣੇ ਇੰਡੀਅਨ ਸੈੱਲ ਫੋਨ ਵਿਚ ਪਾਕਿਸਤਾਨ ਦਾ ਸਿਮ ਪਵਾਂ ਲਵਾਂ। ਹਾਲੇ ਤਕ ਮੈਂ ਇਕੱਲਾ ਹੋਟਲ ਵਿਚੋਂ ਬਾਹਰ ਨਹੀਂ ਗਿਆ ਸਾਂ। ਮੈਂ ਕਾਨਫਰੰਸ ਦੇ ਇਕ ਪ੍ਰਬੰਧਕ ਨਾਲ ਗੱਲ ਕੀਤੀ ਕਿ ਮੈਂ ਸੈੱਲ ਫੋਨ ਐਕਟਿਵ ਕਰਵਾਣਾ ਹੈ ਅਤੇ ਮੇਰੇ ਨਾਲ ਸਿਕਿਓਰਟੀ ਦਾ ਬੰਦਾ ਬਾਹਰ ਮਾਰਕੀਟ ਵਿਚ ਭੇਜੋ। ਹੋਟਲ ਵਿਚੋਂ ਬਾਹਰ ਜਾਣ ਅਤੇ ਅੰਦਰ ਆਣ ਲਈ ਸਖਤ ਸਿਕਿਓਰਟੀ ਵਿਚੋਂ ਲੰਘਣਾ ਪੈਂਦਾ ਸੀ ਜਿਵੇਂ ਅਕਸਰ ਏਅਰਪੋਰਟਸ ਤੇ ਹੁੰਦਾ ਹੈ। ਇਸਦਾ ਕਾਰਨ ਇਹ ਵੀ ਸੀ ਕਿ ਕੁਝ ਵਡੇ ਹੋਟਲ ਅਤਿਵਾਦੀਆਂ ਦੇ ਹਮਲਿਆਂ ਦਾ ਨਸ਼ਾਨਾ ਬਣ ਚੁਕੇ ਸਨ। ਜੇਕਰ ਮੇਰਾ ਸਿਰ ਤੇ ਪੱਗ ਨਾ ਹੁੰਦੀ ਤਾਂ ਕੋਈ ਮੁਸ਼ਕਲ ਨਹੀਂ ਸੀ। ਬਗੈਰ ਪਗੜੀ ਹਿੰਦੂ ਜਾਂ ਮੁਸਲਮਾਨ ਦੀ ਪਛਾਣ ਮੁਸ਼ਕਲ ਹੈ ਕਿ ਬੰਦਾ ਕਿਸ ਧਰਮ ਦਾ ਹੈ ਅਤੇ ਜੇਕਰ ਲਿਬਾਸ ਸਲਵਾਰ ਕਮੀਜ਼ ਵਾਲਾ ਹੋਵੇ ਤਾਂ ਮੁਸਲਿਮ ਹੋਣ ਦਾ ਪਤਾ ਸਹਿਜੇ ਹੀ ਲਗ ਜਾਂਦਾ ਹੈ। ਹੋਟਲ ਤੋਂ ਬਾਹਰ ਆ ਕੇ ਮੈਂ ਵੇਖਿਆ ਕਿ ਭਾਵੇਂ ਮੇਰੇ ਸਿਰ ਤੇ ਪਗੜੀ ਸੀ ਅਤੇ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਵਿਚ ਸਾਰਿਆਂ ਨਾਲੋਂ ਨਿਆਰਾ ਤੇ ਵਖਰਾ ਸਾਂ ਪਰ ਦੁਕਾਨਦਾਰਾਂ, ਲੰਘਦਿਆਂ ਟੱਪਦਿਆਂ ਅਤੇ ਟੈਕਸੀ ਵਾਲਿਆਂ ਤੇ ਇਸਦਾ ਕੋਈ ਖਾਸ ਅਸਰ ਨਹੀਂ ਸੀ। ਮੈਂ ਕਿਸੇ ਦਾ ਧਿਆਨ ਨਹੀਂ ਖਿਚ ਰਿਹਾਂ ਸਾਂ। ਮੇਰੇ ਓਥੇ ਹੋਣ ਦਾ ਜਿਵੇਂ ਕਿਸੇ ਨੂੰ ਕੋਈ ਅਚੰਭਾ ਨਹੀਂ ਸੀ। ਇਕ ਸਰਦਾਰ ਇਸਲਾਮਾਬਾਦ ਦੇ ਬਾਜ਼ਾਰ ਵਿਚ ਤੁਰਿਆ ਫਿਰਦਾ ਸੀ, ਕਿਸੇ ਦੀ ਸਿਹਤ ਤੇ ਸੋਚ ਤੇ ਕੋਈ ਅਸਰ ਨਹੀਂ ਸੀ।

    Photo

    ਲੇਖਕ ਗੁਜਰਾਤ ਦੇ ਅਜ ਦੇ ਸੋਹਣੀ ਬਾਜ਼ਾਰ ਵਿਖੇ ਗੁਜਰਾਤ ਯੂਨੀਵਰਸਿਟੀ ਪਾਕਿਸਤਾਨ ਦੇ ਪੰਜਾਬੀ ਦੇ ਪ੍ਰੋਫੈਸਰ ਤਾਰਕ ਗੁੱਜਰ ਨਾਲ

    ਮੈਨੂੰ ਯਾਦ ਆਇਆ ਜਦ ਮੈਂ 1961, 62 ਵਿਚ ਅਤੇ ਫਿਰ 1975-76 ਵਿਚ ਪਾਕਿਸਤਾਨ ਆਇਆ ਸਾਂ ਤਾਂ ਲੋਕ ਬਾਹਵਾਂ ਤੋਂ ਫੜ ਕੇ ਆਪਣੇ ਘਰਾਂ ਵੱਲ ਖਿਚਦੇ ਸਨ। ਰੋਟੀ ਪਾਣੀ ਦੀ ਸੁਲ੍ਹਾ ਮਾਰਦੇ ਸਨ। ਪਰ ਹੋ ਸਕਦਾ ਹੈ ਕਿ ਇਸਲਾਮਾਬਾਦ ਦਾ ਕਲਚਰ ਲਾਹੌਰ ਨਾਲੋਂ ਵਖਰਾ ਹੋਵੇ। ਖੈਰ ਹੋਟਲ ਦੇ ਪਿਛਲੇ ਪਾਸੇ ਲਗਦਾ ਪਹਿਲਾ ਬਲਾਕ ਲੰਘ ਕੇ ਇਕ ਸੈੱਲਫੋਨ ਰੀਪੇਅਰ ਕਰਨ ਵਾਲਾ ਰਾਣਾ ਨਾਂ ਦਾ ਬੰਦਾ ਮਿਲ ਗਿਆ ਜਿਸ ਨੇ ਥੋੜ੍ਹੀ ਥੋੜ੍ਹੀ ਦਾੜ੍ਹੀ ਰੱਖੀ ਹੋਈ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਕੁਝ ਹਫਤੇ ਪਾਕਿਸਤਾਨ ਵਿਚ ਰਹਿਣਾ ਹੈ ਅਤੇ ਮੇਰੇ ਕੋਲ ਇੰਡੀਆ ਦਾ ਸੈੱਲ ਫੋਨ ਹੈ ਜਿਸ ਵਿਚ ਸਿਮ ਕਾਰਡ ਵੀ ਹੈ। ਪਿਛਲੇ ਦੋ ਸਾਲ ਕੈਨੇਡਾ ਵਿਚ ਰਹਿਣ ਕਰ ਕੇ ਮੈਂ ਇਸ ਫੋਨ ਦੀ ਵਰਤੋਂ ਨਹੀਂ ਕੀਤੀ। ਉਸ ਨੇ ਤੁਰਤ ਫੋਨ ਚਲਾ ਕੇ ਕਿਹਾ ਕਿ ਇਹ ਸਿਮ ਖਤਮ ਹੋ ਚੁਕਾ ਹੈ ਅਤੇ ਤੁਸੀਂ ਇਸ ਵਿਚ ਪਾਕਿਸਤਾਨ ਦਾ ਸਿਮ ਪਵਾ ਲਵੋ। ਨਾਲ ਹੀ ਉਸ ਨੇ ਪੁਛਿਆ, ਸਰਦਾਰ ਜੀ ਏਧਰੋਂ ਕਿਹੜੇ ਜ਼ਿਲੇ ਵਿਚੋਂ ਗਏ ਸੋ। ਜਦ ਮੈਂ ਜ਼ਿਲਾ ਸ਼ੇਖੂਪੁਰਾ ਵਿਚ ਪੈਂਦੇ ਆਪਣੇ ਪਿੰਡ ਦਾ ਨਾਂ ਲਿਆ ਤਾਂ ਉਹਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਸ ਸਿਮ ਪਾ ਕੇ ਕਿਹਾ, ਸਰਦਾਰ ਜੀ ਕਿੰਨੇ ਪੈਸਿਆਂ ਦਾ ਟਾਈਮ ਪਵਾਣਾ ਜੇ। ਮੈਂ ਹਜ਼ਾਰ ਰੁਪੈ ਦਾ ਟਾਈਮ ਪਾਉਣ ਲਈ ਕਿਹਾ ਅਤੇ ਓਸ ਬਗੈਰ ਮੇਰੀ ਆਈæ ਡੀæ ਦੇ ਸਿਮ ਅਤੇ ਟਾਈਮ ਪਾ ਕੇ ਅਤੇ ਫੋਨ ਦਾ ਨੰਬਰ ਦੱਸ ਦਿਤਾ ਜੋ ਮੈਂ ਤੁਰਤ ਆਪਣੀ ਡਾਇਰੀ ਵਿਚ ਨੋਟ ਕਰ ਲਿਆ। ਇਕ ਨੰਬਰ ਮਿਲਾ ਕੇ ਦੱਸ ਵੀ ਦਿਤਾ ਕਿ ਫੋਨ ਠੀਕ ਕੰਮ ਕਰਦਾ ਹੈ ਅਤੇ ਫੋਨ ਤੇ ਇੰਟਰਨੈਸ਼ਨਲ ਕਾਲਜ਼ ਦੀ ਸਸਤੀ ਡੀਲ ਪਾ ਕੇ ਨਾਰਥ ਅਮਰੀਕਾ ਦੀਆਂ ਕਾਲਾਂ ਬਹੁਤ ਸਸਤੇ ਰੇਟ ਤੇ ਕਰ ਦਿਤੀਆਂ ਤੇ ਓਸ ਫੋਨ ਮੇਰੇ ਹਵਾਲੇ ਕਰ ਦਿਤਾ। ਉਸ ਨੂੰ ਆਪਣੀ ਆਈ ਡੀ ਦੇਣ ਲਈ ਮੈਂ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਕੋਲ ਰੱਖੀ ਹੋਈ ਸੀ। ਮੈਂ ਫੋਟੋ ਕਾਪੀ ਉਹਨੂੰ ਲੈਣ ਲਈ ਕਿਹਾ ਤਾਂ ਉਹ ਅਗੋਂ ਬੋਲਿਆ, "ਸਰਦਾਰ ਜੀ, ਮੈਂ ਵੀ ਜ਼ਿਲੇ ਸ਼ੇਖੂਪੁਰੇ ਦਾ ਹਾਂ ਅਤੇ ਆਪਣੇ ਪਿੰਡ ਵੀ ਲਾਗੇ ਲਾਗੇ ਨਿਕਲ ਆਏ ਹਨ। ਮੈਨੂੰ ਆਈæ ਡੀæ ਦੀ ਕਾਪੀ ਭਾਵੇਂ ਨਾ ਦੇਵੋ। ਬੱਸ ਇਕੋ ਅਰਜ਼ ਹੈ ਕਿ ਕਿਸੇ ਮੁਸ਼ਕਲ ਵਿਚ ਨਾ ਫਸਾ ਦੇਣਾ"। ਮੈਂ ਕਿਹਾ, ਰਾਣਾ ਜੀ ਮੈਂ ਪਾਕਿਸਤਾਨ ਛਡਦਿਆਂ ਹੀ ਇਸ ਸਿਮ ਨੂੰ ਜ਼ਾਇਆ ਕਰ ਦਿਆਂਗਾ। ਓਸ ਬੜੇ ਪਿਆਰ ਨਾਲ ਚਾਹ ਪਿਆਈ ਅਤੇ ਦੁਆ ਸਲਾਮ ਪਿਛੋਂ ਮੈਂ ਆਪਣੇ ਹੋਟਲ ਵਿਚ ਆ ਗਿਆ। ਸਭ ਤੋਂ ਪਹਿਲਾਂ ਮੈਂ ਆਪਣਾ ਸੈੱਲ ਫੋਨ ਦਾ ਨੰਬਰ ਕੈਨੇਡਾ ਵਿਚ ਆਪਣੇ ਘਰ ਵਾਲਿਆਂ ਨੂੰ ਲਿਖਵਾਇਆ ਅਤੇ ਕੈਨੇਡਾ ਵਿਚ ਆਪਣੇ ਹੋਰ ਕਈ ਦੋਸਤਾਂ ਨੂੰ ਵੀ ਫੋਨ ਕੀਤੇ ਅਤੇ ਆਪਣਾ ਨੰਬਰ ਵੀ ਦੇ ਦਿਤਾ। ਇਹ ਨਵਾਂ ਫੋਨ ਨੰਬਰ ਮੈਂ ਜਿੰਨਾ ਚਿਰ ਪਾਕਿਸਤਾਨ ਵਿਚ ਰਿਹਾ, ਮੈਨੂੰ ਯਾਦ ਹੀ ਨਾ ਹੋ ਸਕਿਆ। ਰਾਣਾ ਨੇ ਦੱਸ ਦਿਤਾ ਸੀ ਕਿ ਪਾਕਿਸਤਾਨ ਵਿਚੋਂ ਕੈਨੇਡਾ ਫੋਨ ਕਰਨਾ ਬੜਾ ਸਸਤਾ ਹੈ, ਸ਼ਾਇਦ ਦੋ ਰੁਪੈ ਮਿੰਟ ਅਤੇ ਇੰਡੀਆ ਕਾਲ ਕਰਨ ਦੇ 25 ਰੁਪੈ ਮਿੰਟ ਸਨ। ਜਿਵੇਂ ਹੀ ਮੇਰੇ ਸੈੱਲ ਫੋਨ ਦੇ ਨੰਬਰ ਦਾ ਪਾਕਿਸਤਾਨੀ ਲੇਖਕ ਦੋਸਤਾਂ ਨੂੰ ਇਕ ਦੂਜੇ ਤੋਂ ਪਤਾ ਲੱਗਾ ਤਾਂ ਮੇਰੇ ਪਾਕਿਸਤਾਨ ਛਡਣ ਤਕ ਇਹ ਫੋਨ ਵਜਦਾ ਹੀ ਰਿਹਾ ਅਤੇ ਇਕ ਤੋਂ ਬਾਅਦ ਅਗਲੇ ਨੂੰ ਅਤੇ ਓਸ ਤੋਂ ਕਿਸੇ ਹੋਰ ਅਗਲੇ ਨੂੰ ਫੋਨ ਨੰਬਰ ਦਾ ਪਤਾ ਲੱਗਣ ਨਾਲ ਐਨੇ ਫੋਨ ਸੁਣਨੇ ਵੀ ਮੇਰੇ ਲਈ ਔਖੇ ਹੋ ਗਏ। ਫੋਨ ਕਰਨ ਵਾਲਿਆਂ ਵਿਚੋਂ ਬਹੁਤਿਆਂ ਨੂੰ ਤਾਂ ਮੈਂ ਜਾਣਦਾ ਹੀ ਨਹੀਂ ਸਾਂ ਅਤੇ ਜਦੋਂ ਕੋਈ ਫੋਨ ਆਉਂਦਾ ਤਾਂ ਮੈਂ ਅਗੋਂ ਹਾਂ-ਹੂੰ ਕਰੀ ਜਾਂਦਾ। ਇਸੇ ਫੋਨ ਤੋਂ ਮੈਂ ਲਾਹੌਰ ਆਪਣੇ ਪਬਲਿਸ਼ਰ ਅਮਜਦ ਸਲੀਮ ਮਿਨਹਾਸ ਨੂੰ ਆਪਣੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ" ਦੀਆਂ ਸ਼ਾਹਮੁਖੀ ਵਿਚ ਛਪੀਆਂ ਪੰਜਾਹ ਕਾਪੀਆਂ ਇਸਲਾਮਾਬਾਦ ਹੋਟਲ ਵਿਚ ਪੁਚਾਣ ਲਈ ਕਿਹਾ ਤਾਂ ਜੋ ਇਹ ਇਸਲਾਮਾਬਾਦ, ਗੁਜਰਾਤ ਯੂਨੀਵਰਸਿਟੀ, ਕਰਾਚੀ ਅਤੇ ਫਿਰ ਲਾਹੌਰ ਵਿਚ ਰੀਲੀਜ਼ ਹੋ ਸਕਣ। ਅਗਲੀ ਸ਼ਾਮ ਜਦ ਅਸੀਂ ਕਾਨਫਰੰਸ ਵਿਚ ਬੈਠੇ ਸਾਂ ਤਾਂ ਸਲੀਮ ਸਾਹਿਬ, ਬਾਬਾ ਜਨਮੀ ਅਤੇ ਆਸਫ ਰਜ਼ਾ ਲਾਹੌਰ ਤੋਂ ਟੈਕਸੀ ਤੇ ਸ਼ਾਹਮੁਖੀ ਵਿਚ ਛਪੀ ਮੇਰੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ" ਦੀਆਂ 50 ਕਾਪੀਆਂ ਲੈ ਕੇ ਇਸਲਾਮਾਬਾਦ ਪਹੁੰਚ ਗਏ। ਜਿਉਂ ਹੀ ਇਹ ਪੁਸਤਕ ਸ਼ਾਹਮੁਖੀ ਵਿਚ ਅਸ਼ਫਾਕ ਹੁਸੈਨ ਨੇ ਵੇਖੀ, ਜਿਸ ਨੂੰ ਇਹ ਕਿਤਾਬ ਸਪਰਪਤ ਸੀ, ਤਾਂ ਉਹਦੀ ਤੇ ਉਹਦੇ ਦੋਸਤਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਕਾਨਫਰੰਸ ਵਿਚ ਬਹੁਤ ਲੋਕ ਇਸ ਕਿਤਾਬ ਨੂੰ ਲੈਣ ਲਈ ਉਤਸੁਕ ਸਨ। ਫਖਰ ਜ਼ਮਾਨ ਤੋਂ ਇਸਦੀ ਸੰਖੇਪ ਮੂੰਹ ਵਿਖਾਲੀ ਦੀ ਰਸਮ ਪੂਰੀ ਕਰਾ ਕੇ ਪਹਿਲੀ ਕਾਪੀ ਮੈਂ ਪਾਕਿਸਤਾਨ ਦੀ ਜਾਨੀ ਮਾਨੀ ਸ਼ਖਸੀਅਤ ਦੀ ਮਾਲਕ ਤੇ ਬਹੁਤ ਖੂਬਸੂਰਤ ਲੇਖਿਕਾ ਸਰਵਤ ਮੁਹੀਉਦੀਨ ਨੂੰ ਭੇਟ ਕੀਤੀ। ਸਰਵਤ ਨੂੰ ਮੈਂ ਪਿਛਲੇ 21 ਸਾਲ ਤੋਂ ਜਾਣਦਾ ਸਾਂ ਅਤੇ ਉਸ ਵੱਲੋਂ ਹਰ ਸਾਲ ਕੈਨੇਡਾ ਦਾ ਫੇਰਾ ਮਾਰਨ ਵੇਲੇ ਉਸ ਨਾਲ ਅਕਸਰ ਅਦਬੀ ਮੁਲਾਕਾਤ ਹੋ ਜਾਂਦੀ ਸੀ। ਲਾਹੌਰ ਜਦ ਇਹ ਕਿਤਾਬ ਰੀਲੀਜ਼ ਹੋਈ ਤਾਂ ਸਰਵਤ ਨੇ ਇਸ ਕਿਤਾਬ ਅਤੇ ਇਸ ਦੀ ਵਿਧਾ ਬਾਰੇ ਬੜੀ ਖੁਭ ਕੇ ਚਰਚਾ ਕੀਤੀ।

     


    13 ਮਾਰਚ ਦੀ ਰਾਤ ਦੇ ਗਿਆਰਾਂ ਵਜ ਚੁਕੇ ਸਨ। ਮੈਂ ਸੌਣ ਦੀ ਤਿਆਰੀ ਕਰ ਰਿਹਾ ਸਾਂ ਕਿ ਦੂਜੇ ਫਲੋਰ ਤੋਂ ਅਸ਼ਫਾਕ ਹੁਸੈਨ ਦਾ ਫੋਨ ਆ ਗਿਆ ਕਿ ਮੈਂ ਉਹਦੇ ਕਮਰੇ ਵਿਚ ਆ ਜਾਵਾਂ ਜਿਥੇ ਮੇਰੀ ਉਡੀਕ ਹੋ ਰਹੀ ਸੀ। ਜਦੋਂ ਮੈਂ ਗਿਆ ਤਾਂ ਕਰਾਚੀ ਦੇ ਕੁਝ ਨਾਮਵਰ ਲੇਖਕ ਤੇ ਪ੍ਰੋਫੈਸਰਜ਼ ਬੈਠੇ ਖੁਲ੍ਹੀਆਂ ਗੱਲਾਂ ਕਰ ਰਹੇ ਸਨ। ਬਲੈਕ ਲੇਬਲ ਸਕਾਚ ਦੀ 40 ਔਂਸ ਦੀ ਬੋਤਲ ਮੇਜ਼ ਤੇ ਖੁਲ੍ਹੀ ਪਈ ਸੀ। ਪਤਾ ਨਹੀਂ ਨਾਲ ਦੇ ਕਮਰਿਆਂ ਵਿਚ ਬੈਠੇ ਕੁਝ ਹੋਰ ਲੇਖਕਾਂ ਨੂੰ ਕਿਵੇਂ ਪਤਾ ਚੱਲ ਗਿਆ ਕਿ ਦਾਰੂ ਦਾ ਦੌਰ ਚੱਲ ਰਿਹਾ ਹੈ ਅਤੇ ਸਾਰਾ ਕਮਰਾ ਲੇਖਕਾਂ ਅਤੇ ਸ਼ਾਇਰਾਂ ਨਾਲ ਭਰ ਗਿਆ। ਅਸ਼ਫਾਕ ਨੇ ਹੋਟਲ ਦੇ ਇਕ ਬਹਿਰੇ ਰਾਹੀਂ ਚਾਰ ਜਾਂ ਪੰਜ ਹਜ਼ਾਰ ਪਾਕਿਸਤਾਨੀ ਰੁਪਿਆਂ ਵਿਚ ਇਹ ਬੋਤਲ ਮੰਗਵਾਈ ਸੀ। ਪਾਕਿਸਤਾਨ ਦੇ ਇਹ ਮੁਸਲਿਮ ਲੇਖਕ ਕਿਸੇ ਤਰ੍ਹਾਂ ਵੀ ਭਾਰਤੀ ਪੰਜਾਬ ਦੇ ਲੇਖਕਾਂ ਦੇ ਮੁਕਾਬਲੇ ਵਿਚ ਦਾਰੂ ਪੀਣ ਵਿਚ ਪਿਛੇ ਨਹੀਂ ਸਨ। ਖੈਰ ਇਹ ਮਹਿਫਲ ਜੋ ਰਾਤ ਦੇ ਤਿੰਨ ਵਜੇ ਤੱਕ ਚੱਲੀ, ਅਦਬ, ਫਿਲਮਾਂ, ਮੰਟੋ, ਜੋਸ਼, ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਦਲੀਪ ਕੁਮਾਰ, ਰਾਜ ਕਪੂਰ, ਸਿੰਧੀ ਤੇ ਪਾਲੀ ਭਾਸ਼ਾ ਬਾਰੇ ਐਨੀਆਂ ਡੂੰਘੀਆਂ ਤੇ ਦਿਲਚਸਪ ਗੱਲਾਂ ਹੋਈਆਂ ਕਿ ਮੈਂ ਉਹਨਾਂ ਦੀ ਸਰਵ ਪਖੀ ਜਾਣਕਾਰੀ ਤੋਂ ਪ੍ਰਭਾਵਤ ਹੋਏ ਬਿਨਾ ਨਾ ਰਹਿ ਸਕਿਆ। ਕਰਾਚੀ ਯੂਨੀਵਰਸਿਟੀ ਦੇ ਇਹਨਾਂ ਅਦੀਬਾਂ ਅਤੇ ਪ੍ਰੋਫੈਸਰਜ਼ ਦਾ ਗਿਆਨ ਅਤੇ ਚੇਤਾ ਬੜੇ ਕਮਾਲ ਦਾ ਸੀ। ਇਹ ਭਾਰਤ ਦੇ ਉਰਦੂ ਲੇਖਕਾਂ ਦੇ ਕਲਾਮ ਤੋਂ ਭਲੀ ਪਰਕਾਰ ਜਾਣੂ ਸਨ। ਇਹਨਾਂ ਵਿਚੋਂ ਬਹੁਤੇ ਅਕਸਰ ਹਿੰਦੋਸਤਾਨ ਵਿਚ ਹੁੰਦੇ ਉਰਦੂ ਮੁਸ਼ਾਇਰਆਂ ਵਿਚ ਆਂਦੇ ਜਾਂਦੇ ਰਹਿੰਦੇ ਸਨ। ਇਹ ਜਜ਼ਬਾਤੀ ਤੌਰ ਤੇ ਇੰਡੀਆ ਨਾਲ ਜੁੜੇ ਹੋਏ ਸਨ। ਪਾਕਿਸਤਾਨ ਦੀ ਕਿਆਮੀ ਦੇ ਜ਼ਿਆਦਾ ਹਕ ਵਿਚ ਨਹੀਂ ਸਨ। ਹੋ ਸਕਦਾ ਹੈ ਕਿ ਸਿੰਧੀ ਹੋਣ ਕਰ ਕੇ ਉਹਨਾਂ ਨੂੰ ਆਪਣੀ ਵਖਰੀ ਪਛਾਣ ਤੇ ਬੜਾ ਗੌਰਵ ਸੀ। ਭਾਸ਼ਾਵਾਂ ਦੀ ਉਤਪਤੀ, ਦੋਹਾਂ ਮੁਲਕਾਂ ਦੀ ਅਦਬੀ ਸਿਆਸਤ ਅਤੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਉਹਨਾਂ ਦਾ ਗਿਆਨ ਬੜਾ ਕਮਾਲ ਦਾ ਸੀ। ਉਹ ਇੰਡੀਆ ਦੇ ਗੁਣ ਗਾਉਣੇ ਬਹੁਤ ਪਸੰਦ ਕਰ ਰਹੇ ਸਨ।
    -------------------------ਚਲਦਾ---