ਹੋਲੀ ਬਨਾਮ ਹੋਲਾ ਮੱਹਲਾ
(ਲੇਖ )
ਮਾਘ ਦੀ ਸੰਗਰਾਂਦ ਵਾਲੇ ਦਿਨ ਸੂਰਜ ਦੇਵਤਾ ਮਕਰ ਰਾਸ਼ੀ ਵਿਚ ਪਰਵੇਸ਼ ਕਰਦਿਆਂ ਹੀ ਨਾਰਦਰਨ ਹੈਮੇਸਫੀਰ ( ਧਰਤੀ ਦਾ ਉਤਰੀ ਹਿਸਾ) ਵਿਚ ਆਪਣੀਆਂ ਨਿਘੀਆਂ ਕਿਰਨਾਂ ਨਾਲ ਕੁਝ ਸੰਦੇਸ਼ ਦੇਣੇ ਸ਼ੁਰੂ ਕਰ ਦਿੰਦਾ ਹੈ। ਇਸ ਮਿੰਨੇ ਮਿੰਨੇ ਨਿਘ ਨਾਲ ਸਿਆਲ ਭਰ ਵਿਚ ਰੁਖੇ ਰੁਖੇ ਲਗ ਰਹੇ ਵੇਲ ਬੂਟਿਆਂ ਵਿਚ ਜੀਵਨ ਦੀ ਝਲਕ ਪ੍ਰਗਟ ਹੋਣ ਲਗਦੀ ਹੈ। ਧਰਤੀ ਵਿਚ ਦਬਿਆ ਬੀਜ ਉਸਲਵਟੇ ਲੈਣ ਲਗ ਜਾਂਦਾ ਹੈ। ਦੇਖਦਿਆਂ ਹੀ ਦੇਖਦਿਆਂ ਧਰਤੀ ਮਖਮਲੀ ਚਾਦਰ ਓੜ੍ਹ ਲੈਂਦੀ ਹੈ, ਰੰਗ ਬਰੰਗੇ ਫੁਲ ਇਕ ਅਦਭੁਤ ਨਜ਼ਾਰਾ ਪੇਸ਼ ਕਰਨ ਲਗ ਜਾਂਦੇ ਹਨ। ਹਾਈਬਰਨੇਸ਼ਨ ( ਸਿਆਲ ਭਰ ਸੁਤੇ ਰਹਿਣ ਵਾਲੇ) ਖਤਮ ਕਰਕੇ ਰਿਛ, ਗਲੈਹਰੀਆਂ ਅਤੇ ਹੋਰ ਬਹੁਤ ਸਾਰੇ ਕੀੜੇ ਪਤੰਗੇ ਵੀ ਜਾਗ ਪੈਂਦੇ ਹਨ ਬਸ ਹਰ ਪਾਸੇ ਰੌਣਕ ਹੀ ਰੋਣਕ ਹੋ ਜਾਂਦੀ ਹੈ। ਬਸੰਤ ਰੁਤ ਚੜ੍ਹਦੀ ਕਲਾ ਦੀ ਪਰਤੀਕ ਹੈ। ਹਰ ਪਾਸੇ ਕੁਝ ਨਵਾਂ ਅਤੇ ਤਾਜ਼ਾ ਨਜ਼ਰ ਆਉਂਦਾ ਹੈ।ਸਰੋਂ ਦੇ ਬਸੰਤੀ ਫੁਲਾਂ ਨਾਲ ਸ਼ੁਰੂ ਹੋਇਆ ਮੋਸਮ ਹੋਰ ਰੰਗਾਂ ਦੀ ਪਰਦਰਸ਼ਨੀ ਕਰਦਾ ਜਦ ਭਰ ਜੋਬਨ ਤੇ ਪੁਜਦਾ ਹੈ ਤਾਂ ਢੱਕ ਪਲਾਹ ਜਾਂ ਫਲਾਹ, ਜਿਸਨੂੰ ਕੇਸੂ ਵੀ ਆਖਦੇ ਹਨ, ਲਾਲ ਅਤੇ ਪੀਲੀ ਭਾ ਮਾਰਦੇ ਫੁਲਾਂ ਨਾਲ ਲਦਿਆ ਹੋਇਆ ਇਦਾਂ ਲਗਦਾ ਹੈ ਜਿਵੇਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹੋਣ। ਹੋਲੀ ਦਾ ਮਤਲਬ ਵੀ ਅੱਗ ਵਾਂਗ ਬਲਣਾਂ ਹੈ ਸ਼ਾਇਦ ਕੇਸੂ ਦੇ ਫੁਲਾਂ ਕਾਰਨ ਹੀ ਇਸ ਮੋਸਮੀ ਮੇਲੇ ਦਾ ਨਾਂ ਹੋਲੀ ਪੈ ਗਿਆ ਹੋਵੇ। ਬਾਅਦ ਵਿਚ ਰੁਤਾਂ ਨਾਲ ਸਿਰਜੇ ਮੇਲਿਆਂ ਨਾਲ ਜਦ ਕੁਝ ਮਿਥਹਾਸਕ ਗਾਥਾਂਵਾ ਜੁੜ ਜਾਂਦੀਆਂ ਹਨ ਤਾਂ ਇਹ ਤਿਉਹਾਰ ਹੋ ਨਿਬੜਦੇ ਹਨ। ਇਹ ਸਾਂਝੇ ਖੁਸ਼ੀਆਂ ਖੇੜਿਆਂ ਦੇ ਦਿਨ ਜਦ ਕਦੇ ਵੀ ਕਿਸੇ ਇਕ ਧਰਮ ਦੀ ਮਲਕੀਅਤ ਬਣ ਜਾਂਣ ਤਾਂ ਇਸ ਕੁਦਰਤੀ ਵਰਤਾਰੇ ਦੀ ਸਾਂਝ ਨੂੰ ਵੀ ਖੋਰਾ ਲਗ ਜਾਂਦਾ ਹੈ। ਦਰਖਤ ਮੌਲਣ ਤੋਂ ਲੇ ਕੇ ਪੂਰੇ ਫੁਲ ਨਿਕਲਣ ਤਕ ਇਹ ਸਾਰੀ ਪਰਕਿਰਿਆ ਕੋਈ ਚਾਲੀ ਦਿਨਾਂ ਵਿਚ ਪੂਰੀ ਹੋ ਜਾਂਦੀ ਹੈ। ਬਸੰਤ ਪੰਚਮੀ ਤੋਂ ਸ਼ੁਰੂ ਹੋਈਆਂ ਖੂਸ਼ੀਆ ਦਾ ਸੰਮਾਂ ਹੋਲੀ ਨਾਲ ਆਖਰੀ ਚਰਨਸੀਮਾ ਤੇ ਪੁਜ ਜਾਂਦਾ ਹੈ।ਸਾਡੇ ਪੂਰਬਲੇ ਵੀ ਜੰਗਲੀ ਰਾਜ ਦਾ ਹੀ ਇਕ ਹਿਸਾ ਸਨ। ਕੋਮਲ ਕੋਮਲ ਪੱਤੀਆਂ ਲਦੇ ਟਾਹਣਾ ਉਤੇ ਕਲੋਲ ਕਰਦੇ ਪੰਛੀ ਜਦ ਆਪਣੀ ਚਰਪ ਚਰਪ ਚੀਂ ਚੀਂ ਨਾਲ ਰਾਗ ਛੇੜਦੇ ਤਾਂ ਆਦਵਾਸੀ ਮਨੁੱਖ ਵੀ ‘ ਹਾ ਹਾ ਹੀ ਹੀ ਹੂ ਹੂ ‘ ਦੀਆਂ ਆਵਾਜ਼ਾਂ ਕਢ ਕੇ ਕੁਦਰਤ ਦੇ ‘ ਭਿੰਨ ਭਿੰਨ ਸੁਰਾਂ ਵਾਲੇ’ ਆਰਕੈਸਟਰੇ ਦਾ ਹਿਸਾ ਹੋ ਜਾਂਦਾ। ਪਸ਼ੂਆਂ ਨੂੰ ਟਪੂਸੀਆਂ ਮਾਰਦੇ ਤਕ ਮਨੁੱਖ ਵੀ ਪਸ਼ੂਆਂ ਵਾਂਗ ਉਛਲਦਾ ਕੁੱਦਦਾ ਸਰਕਸ ਵਿਚ ਸ਼ਾਮਲ ਹੋ ਜਾਂਦਾ।ਪਰ ਬੇਲ ਬੂਟਿਆਂ ਵਰਗਾ ਹੋਣ ਦੀਆਂ ਸੋਚਾਂ ਉਸਦੇ ਛੋਟੇ ਜਿਹੇ ਦਿਮਾਗ ਤੇ ਚੋਟਾਂ ਕਰਦੀਆਂ। ਫਿਰ ਇਕ ਦਿਨ ਮਨੁੱਖ ਨੂੰ ਕਿਤੋਂ ਲਾਲ ਮਿਟੀ ਹਥਿਆ ਗਈ। ਥੋੜੀ ਜਿਹੀ ਆਪਣੇ ਪਿੰਡੇ ਤੇ ਲਾਈ ਤਾਂ ਉਹ ਡਬ ਖੜੱਬਾ ਦਿਸਣ ਲਗਾ। ਉਹ ਖੁਸ਼ ਸੀ ਕਿ ਉਸਨੇ ਇਕ ਰਾਜ਼ ਲਭ ਲਿਆ ਸੀ। ਉਹ ਝੱਟ ਪੱਟ ਕੁਝ ਮਿਟੀ ਲੈ ਕੇ ਆਪਣੇ ਸਾਥੀਆਂ ਪਾਸ ਆਇਆ ਅਤੇ ਉਹਨਾਂ ਤੇ ਵੀ ਲਾਲ ਰੰਗ ਦੀ ਮਿਟੀ ਪਾ ਦਿਤੀ। ਡਬ ਖੜੱਬੇ ਹੋ ਕੇ ਉਹਨਾਂ ਦੀਆਂ ਖੁਸ਼ੀਆਂ ਤਾਂ ਸੱਤ ਆਸਮਾਨ ਛੂਹਣ ਲਗੀਆਂ, ਉਹਨਾਂ ਨੇ ਬੇਲ ਬੂਟਿਆਂ ਵਰਗੇ ਬਣ ਕੇ ਕੁਦਰਤ ਨਾਲ ਇਕ ਮਿਕ ਹੋਣ ਦਾ ਰਾਜ਼ ਜੂ ਲਭ ਲਿਆ ਸੀ। ਯੁ. ਪੀ. ਵਿਚ ਖੇਤੀ ਕਰਦੇ ਸਮੇਂ ਮੈਂ ਆਪਣੇ ਪਹਾੜੀ ਨੋਕਰਾਂ ਨੂੰ ਲਾਲ ਮਿਟੀ ਨਾਲ ਹੋਲੀ ਮਨਾਉਂਦੇ ਤਕਿਆ। ਪੁਛਣ ਤੇ ਆਖਣ ਲਗੇ ‘ ਹਮਾਰੇ ਬੜ੍ਹਊ ਇਸੀ ਤਰਾ ਮਨਾਤੇ ਥੇ’। ਦਰਖਤ ਮੌਲਣ ਤੋਂ ਲੈ ਕੇ ਪੂਰੇ ਫੁਲ ਨਿਕਲਣ ਤਕ ਖੁਸ਼ੀਆਂ ਮਨਾਈਆਂ ਜਾਂਦੀਆਂ ਸਨ। ਘੋੜੇ ਚੜ੍ਹੀ ਜਾਂਦੀ ਜਿੰਦਗੀ ਨੇ ਭਾਵੇਂ ਹੁਣ ਇਕ ਦਿਨ ਹੀ ਰੰਗ ਪਾ ਕੇ ਇਹ ਮੇਲਾ ਮਨਾ ਲਿਆ ਪਰ ਅੱਜ ਵੀ ਹਿਮਾਚਲ ਪ੍ਰਦੇਸ਼ ਵਿਚ ਫਰਵਰੀ ਤੋਂ ਸ਼ੁਰੂ ਹੋ ਕੇ ਮਾਰਚ ਵਿਚ ਆਉਣ ਵਾਲੀ ਪੂਰਨਮਾਸ਼ੀ ਤਕ ਹੋਲੀ ਮਨਾਈ ਜਾਂਦੀ ਹੈ।
ਨਾ ਸਮਾ ਰੁਕਿਆ ‘ਤੇ ਨਾਂ ਮਨੁੱਖ। ਬਦਲਦੇ ਸਮੇਂ ਨਾਲ ਮਨੁੱਖ ਨੂੰ ਵੀ ਕੁਝ ਸੂਝ ਆਈ ਤਾਂ ਉਸਨੇ ਸੁਕੇ ਫੁਲਾਂ ਨੂੰ ਪੀਸ ਕੇ ਰੰਗ ਬਣਾ ਲਏ। ਉਹ ਕੁਝ ਕਲਾਕਾਰ ਵੀ ਹੋ ਗਿਆ ਤਾਂ ਉਸਨੇ ਆਪਣੇ ਪਿੰਡੇ‘ਤੇ ਸਿਰਫ ਮਿਟੀ ਨਾਲ ਡਬ ਖੜੱਬਾ ਹੋਣ ਦੀ ਥ੍ਹਾਂ ਬੇਲ ਬੂਟੇ ਛਾਪਣੇ ਸ਼ੁਰੂ ਕਰ ਲਏ ‘ ਜੰਗਲ ਵਾਸੀਆਂ ਵਿਚ ਅਜ ਵੀ ਇਹ ਰਿਵਾਜ ਹੈ। ਜੰਗਲ ਅਤੇ ਗੁਫਾਵਾਂ’ਚੋਂ ਨਿਕਲ ਕੇ ਜਦ ਉਸਨੇ ਨਗਰ ਵਸਾਉਣੇ ਸ਼ੁਰੂ ਕਰ ਦਿਤੇ ਤਾਂ ਆਰਥਕ ਨਾ ਬਰਾਬਰਤਾ ਨੇ ਵੀ ਆ ਡੇਰੇ ਲਾਏ। ਉਪਰੋਂ ਵਰਣ ਵੰਡ ਦੀ ਮਾਰ ਪਈ ਤਾਂ ਹੋਲੀ ਦਾ ਰੰਗ ਢੰਗ ਵੀ ਵੱਖਰਾ ਹੋ ਗਿਆ। ਆਰਥਕ ਪਖੋਂ ਖੁਸ਼ਹਾਲ ਵਰਗ ਚੰਗਾ ਚੋਸਾ ਪਕਵਾਨ ਬਣਾਉਂਦਾ ਇਕ ਦੂਸਰੇ ਤੇ ਰੰਗ ਸੁਟਦਾ ਇਸ ਦੇ ਉਲਟ ਕਮਜ਼ੋਰ ਵਰਗ ਭੰਗ ਦੀ ਸਰਦਾਈ ਅਤੇ ਸ਼ਰਾਬ ਨਾਲ ਗੜੁਚ ਹੋ ਕੇ ਗਾਲੀ ਗਲੋਚ ਕਰਦਾ ਅਤੇ ਇਕ ਦੂਸਰੇ ਤੇ ਨਾਲੀਆਂ ਦਾ ਗੰਦ ਸੁਟਦਾ, ਜੋ ਅਜ਼ ਤਕ ਚਲਿਆ ਆ ਰਿਹਾ ਹੈ। ਉਚ ਜ਼ਾਤੀ ਦੇ ਬਰਾਹਮਣ ਨੇ ਇਸ ਵਿਚ ਬਰਾਬਰਤਾ ਜਾਂ ਸੁਧਾਰ ਲਿਆਉਂਣ ਦੀ ਬਜਾਏ ਇਸ ਨੂੰ ਸ਼ੂਦਰਾਂ ਦਾ ਤਿਉਹਾਰ ਆਖ ਦਿਤਾ। ਹੋਲੀ ਨਾਲ ਕੁਝ ਮਿਥਹਾਸਕ ਗਾਥਾਵਾਂ ਜੁੜਨ ਨਾਲ ਹੋਲੀ ਸਿਰਫ ਹਿੰਦੂ ਧਰਮ ਦੀ ਮਲਕੀਅਤ ਬਣ ਕੇ ਰਹਿ ਗਈ। ਇਸੇ ਲਈ ਮੁਸਲਮਾਨ ਵੀਰ ਹੋਲੀ ਨਹੀਂ ਖੇਡਦੇ ਮਲੋ ਜੋਰੀ ਰੰਗ ਪਾਉਣ ਤੇ ਫਸਾਦ ਵੀ ਹੋ ਜਾਂਦੇ ਹਨ। ਇਸ ਤੋਂ ਅਗੇ ਹੋਲੀ ਨਾਲ ਜੁੜੇ ਮਿਥਹਾਸ ਦੀ ਗੱਲ ਕਰਾਂ ਗੇ।
ਸ਼ਿਵ ਤੇ ਕਾਮਦੇਵ
ਤਾਰਕਾ ਨਾਂ ਦੀ ਰਾਖਸ਼ਸ ਤੋਂ ਛੁਟਕਾਰਾ ਪਾਉਂਣ ਲਈ ਦੇਵਤੇ ਬ੍ਰਹਿਮਾ ਪਾਸ ਗਏ। ਬ੍ਰਹਿਮਾ ਨੇ ਦਸਿਆ ਕਿ ਤਾਰਕਾ ਦਾ ਵੱਧ ਸਿਰਫ ਸ਼ਿਵ ਅਤੇ ਪਾਰਵਤੀ ਤੋਂ ਪੈਦਾ ਹੋਈ ਸੰਤਾਨ ਹੀ ਕਰ ਸਕਦੀ ਹੈ। ਇਕ ਅੜਚੰਨ ਸੀ। ਸ਼ਿਵ ਜੀ ਲਮੇਂ ਸਮੇਂ ਤੋਂ ਸਮਾਧੀ ਇਸਥਤ ਸਨ। ਨਾ ਉਹਨਾਂ ਦੀ ਸਮਾਧੀ ਖੁਲੇ ਨਾ ਪਾਰਵਤੀ ਨਾਲ ਵਿਵਾਹ ਅਤੇ ਨਾ ਸਨਤਾਨ। ਆਖਰ ਇੰਦਰ ਦੇਵ ਨੇ ਕਾਮਦੇਵ ਦੀ ਸਹਾਇਤਾ ਨਾਲ ਸ਼ਿਵ ਦੀ ਸਮਾਧੀ ਭੰਗ ਕਰਵਾ ਲਈ। ਕਰੋਧਤ ਹੋਏ ਸ਼ਿਵ ਨੇ ਆਪਣੀ ਤੀਸਰੀ ਅਖੱ ਖੋਲ ਕੇ ਕਾਮ ਦੇਵ ਨੂੰ ਭਸਮ ਕਰ ਦਿਤਾ। ਕਾਮ ਦੇਵ ਦੀ ਪਤਨੀ ਰਤੀ ਦੇ ਰੋਣ ਕਰਲਾਉਣ’ਤੇ ਸ਼ਿਵ ਨੇ ਕਾਮਦੇਵ ਨੂੰ ਇਸ ਸ਼ਰਤ ਤੇ ਮੁੜ ਸੁਰਜੀਤ ਕਰ ਦਿਤਾ ਕਿ ਕਾਮਦੇਵ ਦੇ ਦਿਮਾਗ ਵਿਚ ਤਾਂ ਕਾਮ ਵਾਸ਼ਨਾ ਹੋਵੇਗੀ ਪਰ ਸਰੀਰਕ ਸਭੰਧ ਨਹੀਂ ਹੋਣਗੇ। ਪਿਆਰ ਦਾ ਮਹੀਨਾ ਮਾਰਚ ਜਦ ਚਰਿੰਦ,ਪਰਿੰਦ ਅਤੇ ਸਾਰੇ ਬਣ-ਤਿ੍ਣ ਵਿਚ ਕਾਮ ਦਾ ਹੀ ਬੋਲ ਬਾਲਾ ਹੁੰਦਾ ਹੈ ਤਾਂ ਕੁਝ ਸਾਧੂ ਟੋਲੇ ਕਾਮ ਤੇ ਕਾਬੂ ਕਰਨ ਲਈ ਕਾਮਦੇਵ ਦਾ ਪੁਤਲਾ ਸਾੜ ਕੇ ਹੋਲੀ ਮਨਾਉਂਦੇ ਹਨ। ਕਾਮ ਦੇਵ ਦਾ ਪੁਤਲਾ ਤਾਂ ਜਲਦਾ ਹੈ ਪਰ ਕਾਮ ਨਹੀਂ, ਇਹ ਤਾਂ ਦਿਨੋਂ ਦਿਨ ਅਵਾਰਾ ਹੁੰਦਾ ਜਾ ਰਿਹਾ ਹੈ। ਸਾਰੇ ਸੰਸਾਰ ਵਿਚ ਬਲਾਤਕਾਰ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ।
ਹੋਲਿਕਾ ਅਤੇ ਪ੍ਰਹਿਲਾਦ
ਪ੍ਰਹਿਲਾਦ ਨੇ ਜਦ ਆਪਣੇ ਪਿਤਾ ਹਰਨਾਕਸ਼ਪ ਨੂੰ ਰਬ ਮਨਣ ਤੋਂ ਇਨਕਾਰ ਕਰ ਦਿਤਾ ਤਾਂ ਹਰਨਾਕਸ਼ਪ ਵਲੋਂ ਪ੍ਰਹਿਲਾਦ ਨੂੰ ਡਰਾਉਂਣ ਧਮਕਾਉਂਣ ਉਪਰੰਤ ਜਦ ਮਾਰਨ ਦੀਆਂ ਵਿਉਂਤਾਂ ਬਣੀਆਂ ਤਾਂ ਹਰਨਾਕਸ਼ਪ ਦੀ ਭੈਣ ਹੋਲਿਕਾ ਨੇ ਵੀ ਭਰਾ ਦਾ ਸਾਥ ਦਿਤਾ। ਕਿਹਾ ਜਾਂਦਾ ਹੈ ਕਿ ਹੋਲਿਕਾ ਪਾਸ ਸ਼ਿਵ ਵਲੋਂ ਵਰ ਦੇ ਰੂਪ ਵਿਚ ਇਕ ਚਾਦਰ ਸੀ ਜਿਸ ਨੂੰ ਉਪਰ ਲਿਆਂ ਅੱਗ ਅਸਰ ਨਹੀਂ ਸੀ ਕਰਦੀ। ਉਹੋ ਜਿਹੀਆਂ ਚਾਦਰਾਂ ਅੱਜ ਅੱਗ ਬੁਝਾਉਣ ਵਾਲਿਆਂ ਪਾਸ ਹਨ। ਹੋਲਿਕਾ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਅੱਗ ਵਿਚ ਬੈਠ ਗਈ। ਕਿਹਾ ਜਾਂਦਾ ਹੈ ਕਿ ਹਵਾ ਦੇ ਬੁਲੇ ਨਾਲ ਉਹ ਚਾਦਰ ਪ੍ਰਹਿਲਾਦ ਤੇ ਆ ਗਈ। ਜਿਸ ਕਾਰਨ ਪ੍ਰਹਿਲਾਦ ਬਚ ਗਿਆ ਅਤੇ ਹੋਲਿਕਾ ਜਲ ਗਈ। ਕਹਿੰਦੇ ਨੇ ਲੋਕਾਂ ਨੇ ਘਰਾਂ ਵਿਚੋਂ ਦਾਣਾ ਫੱਕਾ ਵੀ ਲਿਆ ਕੇ ਅੱਗ ਵਿਚ ਸੁਟ ਦਿਤਾ ਤਾਂ ਕਿ ਪਾਪਣ ਹੋਲਿਕਾ ਬਚ ਨਾ ਸਕੇ। ਅੱਜ ਵੀ ਹੋਲੀ ਵਾਲੀ ਰਾਤ ਨੂੰ ਵੱਡ-ਅਕਾਰੀ ਧੂਣਾ ਤਪਾਇਆ ਜਾਂਦਾ ਹੈ। ਲੋਕੀਂ ਕਕਰੀ ਰਾਤ ਵਿਚ ਉਸ ਧੂਣੇ ਦਾ ਨਿੱਘ ਵੀ ਮਾਣਦੇ ਹਨ ਉਸ ਉਦਾਲੇ ਨੱਚਦੇ ਹਨ ਗਾਉਂਦੇ ਹਨ ਅਤੇ ਨਾਲ ਨਾਲ ਤਿਰਚੌਲੀ,ਨਾਰੀਅਲ ਅਤੇ ਹੋਰ ਮੇਵੇ ਅੱਗ ਵਿਚ ਪਾਏ ਜਾਂਦੇ ਹਨ। ਹੋਲੀ ਦੀ ਧੂਣੀ ਅਤੇ ਯਗ ਦੋਰਾਨ ਹਵਨ’ਤੇ ਸਮਗਰੀ ਪਾ ਕੇ ਦੇਵਤਿਆਂ ਨੂੰ ਰਿਝਾਉਂਣਾ ਇਹ ਸਦੀਆਂ ਪੁਰਾਣਾ ਰਿਵਾਜ ਹੈ। ਬਾਈਬਲ ਵਿਚ ਵੀ ਇਸ ਦਾ ਜ਼ਿਕਰ ਅਗਨ ਭੇਟਾ ਵਜੋਂ ਹੈ
( ਲਕੜੀ ਦੀ ਅੱਗ ਰਾਹੀਂ ਭੇਟਾ ਕੀਤੀ ਹੋਈ ਸਮਗਰੀ ਦੇ ਨਾਲ ਜੋ ਮੈਹਕ ਉਠਦੀ ਹੈ ਉਸ ਨਾਲ ਲਾਰਡ ਖੁਸ਼ ਹੋ ਜਾਂਦਾ ਹੈ)। ਹਰ ਯੁਗ ਵਿਚ ਬੇ ਲਗਾਮ ਤਾਕਤ ਵਡੇ ਛੋਟੇ ਹਰਨਾਕਸ਼ਪ ਨੂੰ ਜਨਮ ਦਿੰਦੀ ਰਹੀ ਹੈ। ਮਿਥਹਾਸਕ ਹਰਨਾਕਸ਼ਪ ਦੀ ਪਹੁੰਚ ਤਾਂ ਇਕ ਦਾਇਰੇ ਵਿਚ ਹੀ ਸੀ ਪਰ ਅੱਜ ਦੇ ਹਰਨਾਕਸ਼ਪ ਤਾਂ ਸਾਰੇ ਸੰਸਾਰ ਨੂੰ ਵਖਤ ਪਾਈ ਬੈਠੇ ਹਨ। ਉਹਨਾਂ ਦਾ ਸਾਥ ਹੋਲਕਾ ਵੀ ਦੇ ਰਹੀਆਂ ਹਨ ਅਤੇ ਅਣਗਿਣਤ ਪ੍ਰਹਿਲਾਦ ਤਸੀਹੇ ਝਲ ਰਹੇ ਹਨ। ਇਹ ਤਾਂਡਵ ਨਾਚ ਹਰ ਸਮੇ ਸੰਸਾਰ ਦੇ ਹਰ ਪਾਸੇ ਹੋ ਰਿਹਾ ਹੈ।
ਰਾਖਸ਼ਸ ਪੂਤਨਾ
ਇਕ ਮਿਥਹਾਸਕ ਗਾਥਾ ਹੈ ਕਿ ਰਾਜਾ ਕੰਸ ਵਲੋਂ ਭੇਜੀ ਗਈ ਪੂਤਨਾਂ ਨਾਂ ਦੀ ਔਰਤ
( ਰਾਖਸ਼ਸ਼ ) ਨੇ ਆਪਣੀ ਦੁਧੀਆਂ ਨੂੰ ਜ਼ਹਿਰ ਲਾ ਕੇ ਕ੍ਰਿਸ਼ਨ ਭਗਵਾਨ ਨੂੰ ਮਾਰਨ ਦਾ ਯਤਨ ਕੀਤਾ, ਪਰ ਕ੍ਰਿਸ਼ਨ ਜੀ ਨੇ ਦੁਧੀ ਤੇ ਦੰਦੀ ਵੱਢ ਦਿਤੀ ਜਿਸ ਕਾਰਨ ਉਹ ਜ਼ਹਿਰ ਪੂਤਨਾ ਦੇ ਖੂਨ ਵਿਚ ਰਲ ਗਈ ਅਤੇ ਉਹ ਮਰ ਗਈ। ਨੇਕੀ ਦੀ ਬਦੀ ਤੇ ਜਿਤ ਤੇ ਲੋਕਾਂ ਨੇ ਖੁਸ਼ੀ ਮਨਾਈ। ਬਚੇ ਨੂੰ ਮਾਰਨ ਦਾ ਮਹਾਂ ਪਾਪ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਕ੍ਰਿਸ਼ਨ ਦਾ ਰੂਪ ਭਾਵ ਲੜਕਾ ਤਾਂ ਕਿਸੇ ਜਾਇਦਾਦ ਲਈ ਕੋਈ ਜ਼ਾਤੀ ਕਿੜ ਕਾਰਨ ਹੀ ਕਦੇ ਕਦੇ ਮਰਦਾ ਹੈ ਪਰ ਜੰਮਦੀਆਂ ਬਚੀਆਂ ਨੂੰ ਮਾਰਨ ਦਾ ਰਿਵਾਜ ਤਾਂ ਬਹੁਤ ਪੁਰਾਣੇ ਸਮੇਂ ਤੋਂ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਵੀ ਆਪਣੀ ਉਮੱਤ ਨੂੰ ਜੰਮਦੀਆਂ ਬਚੀਆਂ ਮਾਰਨ ਦੇ ਪਾਪ ਕਰਨ ਤੋਂ ਰੋਕਿਆ ਸੀ।ਬਾਬੇ ਨਾਨਕ ਦੀ ਬਾਣੀ ਦਾ ‘ ਸੋ ਕਿਊਂ ਮੰਦਾ ਆਖੀਏ ‘ ਬਾਹਾਂ ਉਲਾਰ ਉਲਾਰ ਕੇ ਹੋਕਾ ਦੇਣ ਵਾਲੇ ਅੱਜ ਭਰੂਣ ਹਤਿਆ ਵਿਚ ਸਭ ਤੋਂ ਅਗੇ ਹਨ। ਘਰਾਂ ਦੀਆਂ ਵਡੀਆਂ ਸੁਆਣੀਆਂ ਹੀ ਪੂਤਨਾ ਦਾ ਰੋਲ ਨਿਭਾ ਰਹੀਆਂ ਹਨ। ਕਿਸੇ ਧਾਰਮਕ ਆਗੂ, ਕਿਸੇ ਸਿਆਸੀ ਨੇਤਾ ਅਤੇ ਨਾ ਹੀ ਕਿਸੇ ਕਾਨੂੰਨ ਨੇ ਇਸ ਅਤਿਆਚਾਰ ਨੂੰ ਠਲ ਪਾਉਣ ਦਾ ਯਤਨ ਕੀਤਾ ਹੈ।
ਕ੍ਰਿਸ਼ਨ ਲੀਲਾ
ਨੰਦ ਗਾਓਂ, ਬਰਸਾਨਾ, ਬਰਿੰਦਾਬਨ ਅਤੇ ਬਰਾਜ ਦੀ ਹੋਲੀ ਮੌਜ ਮੇਲੇ ਦੀ ਹੋਲੀ ਹੇ। ਰਾਧੇ-ਕ੍ਰਿਸਨਾ ਦੋ ਪਰੇਮੀਆਂ ਦੇ ਨਾਂ ਪਿਆਰ ਦੀਆਂ ਤੰਦਾਂ ਨਾਲ ਇਨੇ ਇੱਕ ਮਿੱਕ ਹੋ ਚੁਕੇ ਹਨ ਕਿ ਅੱਜ ਚਾਰ ਹਜ਼ਾਰ ਸਾਲ ਬੀਤ ਜਾਣ ਬਾਅਦ ਵੀ ਇਹਨਾ ਨੂੰ ਕਲਿਆਂ ਕਲਿਆਂ ਕੀਤਿਆਂ ਦੋਵੇਂ ਅਧੂਰੇ ਹੋ ਜਾਂਦੇ ਹਨ। ਰਾਧਾ ਨੂੰ ਕ੍ਰਿਸ਼ਨ ਦੇ ਕਾਲੇ ਹੋਣ ਦਾ ਸ਼ਾਇਦ ਕੋਈ ਫਰਕ ਨਾ ਵੀ ਹੋਵੇ ਪਰ ਕੁੜੀਆਂ ਚਿੜੀਆਂ ਵੀ ਕਦੇ ਚੀਂ ਚੀਂ ਕਰਨੋ ਜਾਂ ਗੱਲ ਕਹਿਣ ਤੋਂ ਰੁਕੀਆਂ ਹਨ। ਉਹ ਬੋਲੇ ਕਸਦੀਆਂ ‘ ਕਾਲੇ ਕ੍ਰਿਸ਼ਨ’ਨਾਲ ਖਲੋਤੀ ਰਾਧਾਂ ਗੋਰੀ, ਲਗੇ ਅਨਜੋੜ ਜਿਹਾ , ਇਹ ਫਬਦੀ ਰਤਾ ਵੀ ਨਾਂ ਜੋੜੀ, ਲਗੇ ਅਨਜੋੜ ਜਿਹਾ’। ਅਜੱ ਵੀ ਕੁਝ ਇਸੇ ਤਰਾਂ ਦੀ ਲੋਕ ਬੋਲੀ ਪਰਚਲਤ ਹੈ ‘ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ ਘਰ ਦਾ ਮਾਲ ਡਰੂ’। ਕ੍ਰਿਸ਼ਨ ਆਪ ਤਾਂ ਗੋਰਾ ਨਹੀ ਸੀ ਹੋ ਸਕਦਾ ਪਰ ਉਸਨੇ ਰਾਧਾ ਦੇ ਚੇਹਰੇ ਤੇ ਗੂਹੜਾ ਰੰਗ ਮਲ ਕੇ ਉਸ ਨੂੰ ਆਪਣੇ ਵਰਗੀ ਕਰਨ ਦਾ ਯਤਨ ਜ਼ਰੂਰ ਕੀਤਾ। ਕ੍ਰਿਸ਼ਨ ਦੀ ਰੀਸੇ ਉਸਦੇ ਜੋੜੀ ਦਾਰਾਂ ਨੇ ਵੀ ਦਲੇਰੀ ਕਰਕੇ ਗੋਪੀਆਂ ਨਾਲ ਇਹੋ ਜਿਹੀ ਛੇੜ ਛਾੜ ਸ਼ੁਰੂ ਕਰ ਦਿਤੀ। ਅੱਜ ਵੀ ਹੋਲੀ ਸਮੇਂ ਬਹੁਤ ਸਾਰੇ ਗੁੰਡਾ ਬਿਰਤੀ ਦੇ ਕਾਕੇ ਜਦ ਰਾਹ ਜਾਂਦੀ ਕੁੜੀ ਦੇ ਚੇਹਰੇ ਤੇ ਰੰਗ ਲਾ ਕੇ ਆਖਦੇ ਹਨ ‘ਹੋਲੀ ਹੈ’ ਤਾਂ ਕੁੜੀ ਵਿਚਾਰੀ ਨਾ ਚਾਹੁਂਦਿਆਂ ਵੀ ਬਰਦਾਸ਼ਤ ਕਰਨ ਲਈ ਮਜਬੂਰ ਹੋ ਜਾਂਦੀ ਹੈ। ਦਿਲੀ ਵਰਗੇ ਸ਼ੈਹਰਾਂ ਵਿਚ ਤਾਂ ਇਹ ਇਕ ਸਮੱਆ ਬਣ ਚੁਕੀ ਹੈ।
ਮੁਢ ਕਦੀਮਾਂ ਤੋਂ ਹੀ ਭਾਰਤ ਦੀ ਇਸਤ੍ਰੀ ਆਪਣੇ ਉਦਾਲੇ ਸਵੈ ਰਖਿਆ ਦਾ ਇੱਕ ਕਿਲ੍ਹਾ ਉਸਾਰ ਕੇ ਰਖਦੀ ਆਈ ਹੈ। ਕੋਈ ਉਸ ਹਦੂਦ ਦੀ ਉਲੰਘਣਾ ਕਰੇ ਉਹ ਬਰਦਾਸ਼ਤ ਨਹੀਂ ਕਰ ਸਕਦੀ। ਆਖਰ ਗੋਪੀਆਂ ਵੀ ਬਦਲਾ ਲੈਣ ਲਈ ਲਾਮਬੰਦ ਹੋ ਗਈਆਂ। ਹਥੋ ਪਾਈ ਸ਼ੁਰੂ ਹੋ ਗਈ। ਇਸ ਹਥੋ ਪਾਈ ਦੌਰਾਨ ਜਿਹੜਾ ਵੀ ਗੋਪੀਆਂ ਦੇ ਕਾਬੂ ਆ ਗਿਆ ਉਸ ਨੂੰ ਜ਼ਨਾਨਾਂ ਕਪੜੇ ਪਵਾ ਇਸਤ੍ਰੀਆਂ ਵਾਲੇ ਹਾਰ ਸ਼ਿੰਗਾਰ ਲਾ ਕੇ ਗਲ੍ਹੀ ਗਲ੍ਹੀ ਨਚਾਉਂਦੀਆਂ ਸਨ। ਸੂਰ ਦਾਸ ਅਤੇ ਨੰਦ ਦਾਸ ਦੀਆਂ ਲਿਖਤਾਂ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵੇਰ ਕ੍ਰਿਸ਼ਨ ਨੂੰ ਵੀ ਗੋਪੀਆਂ ਦੇ ਇਸ਼ਾਰੇ ਤੇ ਗਲ੍ਹੀ ਗਲ੍ਹੀ ਨਚਣਾ ਪਿਆ ਸੀ। ਇਸ ਨੂੰ ਲੀਲਾ ਪ੍ਰਸ਼ੋਤਮ ਦੀ ਲੀਲਾ ਵੀ ਕਿਹਾ ਜਾ ਸਕਦਾ ਹੈ। ਹੋਲੀ ਵਾਲੇ ਦਿਨ ਬਿਰਜ ਦੇ ਇਲਾਕੇ ਵਿਚ ਜਦ ਮੁੰਡੇ ਕੁੜੀਆਂ ਵਲ ਵਧਦੇ ਹਨ ਤਾਂ ਕੁੜੀਆਂ ਉਹਨਾਂ ਦੀ ਆਓ-ਭਗਤ ਡੰਡਿਆਂ ਨਾਲ ਕਰਦੀਆਂ ਹਨ। ਅੱਜ ਦਾ ਇਹ ਰਿਵਾਜ ਉਸੇ ਪੁਰਾਣੇ ਕੁੜੀਆਂ ਮੁੰਡਿਆਂ ਦੇ ਆਪਸੀ ਮੁਕਾਬਲੇ ਦੀ ਹੀ ਇਕ ਝਲਕ ਹੈ। ਹੋਲੀ ਵਾਲੇ ਦਿਨ ਨੰਦ ਗਾਓਂ ( ਜਿਥੇ ਕ੍ਰਿਸ਼ਨ ਪਲਿਆ) ਦੇ ਲੋਕੀ ਬਰਸਨਾ ( ਜਿਥੇ ਰਾਧਾ ਪਲੀ) ਵਿਚ ਬਣੇ ਰਾਧਾ ਮੰਦਰ ਤੇ ਝੰਡਾ ਝੁਲਾਉਂਣ ਜਾਂਦੇ ਹਨ। ਸ਼ਾਇਦ ਚੁੰਨੀ ਚੜ੍ਹਾਉਂਣ ਦੀ ਰਸਮ ਵੀ ਉਸੇ ਦਾ ਹੀ ਰੂਪ ਹੋਵੇ।
ਹੋਲਾ ਮਹਲਾ
ਇਤਹਾਸ ਦੇ ਪੰਨੇ ਗਵਾਹ ਹਨ ਕਿ ਕੁਝ ਇਕ ਦਾ ਪਿੰਜਰਾ ਸੋਨੇ ਦਾ ਅਤੇ ਬਹੁਜਨ ਦਾ ਪਿੰਜਰਾ ਲੋਹੇ ਦਾ ਸੀ। ਸਨ ਦੋਵੇਂ ਗੁਲਾਮ ਹੀ। ਦੋਵਾਂ ਦੀਆਂ ਧੀਆਂ ਭੈਣਾ ਦੀ ਇਜ਼ਤ ਦਾ’ਤੇ ਲਗੀ ਹੋਈ ਸੀ। ਇਹ ਵਖਰੀ ਗੱਲ ਸੀ ਕਿ ਸੋਨੇ ਦੇ ਪਿੰਜਰੇ ਵਾਲਾ ਆਪਣੀ ਅਣਖ ਆਨ ਵੇਚ ਚੁਕਾ ਸੀ। ਲੋਹੇ ਦੇ ਪਿੰਜਰੇ ਵਾਲਾ ਵਰਣ ਵੰਡ ਅਤੇ ਵਦੇਸ਼ੀ ਹਾਕਮਾਂ ਦੇ ਜ਼ੁਲਮ, ਦੋਹਰੀ ਮਾਰ ਝਲਣ ਲਈ ਮਜਬੂਰ ਸੀ। ਸਾਹਸ ਹੀਣ ਹੋਏ ਭਾਰਤੀਆਂ ਨੂੰ ਕੋਈ ਉਸਾਰੂ ਸੇਧ ਦੇਣ ਦੀ ਬਜਾਏ ਧਰਮ ਦੇ ਚੋਲੇ ਵਿਚ ਲੁਕੇ ਹੋਏ ਠਗਾਂ ਨੇ ਲੋਕਾਈ ਨੂੰ ਮਿਥਿਹਾਸ ਦੀ ਐਸੀ ਘੁਟੀ ਪਲਾਈ ਕਿ ਉਹ ਹੋਸ਼ ਹਵਾਸ ਗੁਆ ਬੈਠਾ। ਜਨਸਧਾਰਨ ਉਸਾਰੂ ਦਿਨਾਂ ਦੇ ਜਸ਼ਨ ਭੰਗ ਦੇ ਨਸ਼ੇ ਵਿਚ ਗੁਟ ਹੋ ਕੇ ਧੂਮ- ਧੜਕ ਮਚਾਉਂਣ ਵਿਚ, ਕਾਮਦੇਵ ਦੀ ਚਿਖਾ ਜਾਲਣ ਵਿਚ, ਨੇਕੀ ਦੀ ਬਦੀ ਤੇ ਜਿਤ ਦੇ ਜਸ਼ਨਾ ਵਿਚ, ਧੂਣੀਆਂ ਤੇ ਤਰਚੌਲੀ ਪਾ ਕੇ ਦੇਵਤਿਆਂ ਨੂੰ ਖੁਸ਼ ਕਰਨ ਵਿਚ ਜਾਂ ਫੇਰ ਰਾਸ ਲੀਲਾ ਵਿਚ ਹੀ ਆਪਣੀ ਸ਼ਕਤੀ ਨੂੰ ਅੰਜਾਈ ਗੁਆ ਰਿਹਾ ਸੀ। ਇਸ ਤੋਂ ਅਗੇ ਅਸੀਂ ਜ਼ਿਕਰ ਕਰਾਂਗੇ ਉਸ ਮਰਦ ਅਗੱਮੜੇ ਦਾ ਜਿਸ ਨੇ ਇਸ ਬਰਬਾਦ ਹੋ ਰਹੀ ਜਨਸ਼ਕਤੀ ਨੂੰ ਕਿਵੇਂ ਸਹੀ ਮੋੜ ਦਿਤਾ।ਮਾਰਚ 30,1699 ਦੇ ਭਾਗਾਂ ਵਾਲੇ ਦਿਨ ਕੋਹ ਸ਼ਿਵਾਲਕ ਦੀ ਰਮਣੀਕ ਪਹਾੜੀ ਤੇ ਬਾਬੇ ਨਾਨਕ ਦੇ ਚਲਾਏ ਹੋਏ ਬਰਾਬਰਤਾ ਦੇ ਮਿਸ਼ਨ ਦਾ ਆਖਰੀ ਅਧਿਆਏ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾਉਂਣ ਉਪਰੰਤ ਆਪ ਖੁਦ ਆਪਣੇ ਸੇਵਕਾਂ ਦੀ ਕਤਾਰ ਵਿਚ ਖੜੋ ਕੇ ਬਾਕੀਆਂ ਵਾਂਗ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਣ ਉਪਰੰਤ ਲਿਖਿਆ ਗਿਆ। ਜਿਸ ਨਾਲ ਇਕ ਕੌਮ ਦਾ ਨਿਰਮਾਣ ਹੋਣ ਲਗਾ। ਸੂਝ ਸਿਆਣਪ ਅਤੇ ਜਿਸਮਾਨੀ ਤਵਾਜ਼ਨ ਨੂੰ ਕਾਇਮ ਰਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਦੀ ਹੋਲੀ ਨੂੰ ਹੋਲੇ ਮਹਲੇ ਦਾ ਰੂਪ ਦੇ ਦਿਤਾ। ਸਮਝੋ ਮੌਲਦੀ ਰੁਤੇ ਕੋਹ ਸ਼ਿਵਾਲਕ ਦੀ ਰਮਣੀਕ ਪਹਾੜੀ ਤੇ ਉਲੰਪਿਕ ਸ਼ੁਰੂ ਹੋ ਗਈ। ਕੁਸ਼ਤੀਆਂ, ਦੌੜਾਂ,ਭਲਥਾ,ਨੇਜ਼ਾਬਾਜ਼ੀ ਅਤੇ ਹੋਰ ਕਈ ਕਿਸਮ ਦੀਆਂ ਜੰਗੀ ਮਸ਼ਕਾਂ ਦੇ ਮੁਕਾਬਲੇ ਸ਼ੁਰੂ ਕੀਤੇ ਗਏ। ਨੋਜਵਾਨ ਵਰਗ ਨੇ ਇਸ ਚਨੌਤੀ ਨੂੰ ਖਿੜੇ ਮਥੇ ਕਬੂਲਿਆ। ਹੋਲੇ ਮਹਲੇ ਨੇ ਖਾਲਸੇ ਦੀ ਰੂਪ ਰੇਖਾ ਬਦਲ ਦਿਤੀ, ਉਸਦਾ ਜੁਸਾ ਤਕੜਾ ਅਤੇ ਸੋਚਣੀ ਵਿਸ਼ਾਲ ਹੋਣ ਲਗੀ। ਉਹ ਆਪਣੇ ਆਪ ਨੂੰ ਕੱਲਾ ਸਮਝਣ ਦੀ ਬਜਾਏ ਇਕ ਵਡੇ ਭਾਈਚਾਰੇ ( ਵਿਲੱਖਣ ਕੌਮ) ਦਾ ਹਿਸਾ ਸਮਝਣ ਲਗਾ । ਹੋਲਾ ਮਹਲਾ ਇਕ ਐਸਾ ਲੋਕ- ਨਾਟਕ ਹੋ ਨਿਬੜਿਆ ਜਿਸ ਨਾਲ ਜੀਵਨ ਦੀਆਂ ਸਾਂਝਾਂ ਦੀ ਸਾਰ ਆਉਂਣ ਲਗੀ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸੋਚ ਵਿਚਾਰ ਉਪਰੰਤ ਉਸ ਅਜਾਂਈ ਜਾਂਦੀ ਜਨਸ਼ਕਤੀ ਦੇ ਅਗੇ ਬੰਨ ਲਾ ਕੇ ਉਸਨੂੰ ਐਸੀ ਦਿਸ਼ਾ ਦਿਤੀ ਕਿ ਉਸ ਦੇ ਆਤਮਕ ਵਿਸ਼ਵਾਸ ਅਗੇ ਵਡੇ ਵਡੇ ਖਬੀ ਖਾਨ ਨਾ ਟਿਕ ਸਕੇ।
309 ਸਾਲ ਬੀਤਣ ਨੂੰ ਆ ਗਏ ਹਨ ਹੋਲਾ ਮਹਲਾ ਹਰ ਸਾਲ ਪੂਰੇ ਉਮਾਹ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੋਲੇ ਮਹਲੇ’ਤੇ ਅਨੰਦ ਪੁਰ ਸਾਹਿਬ ਵਿਚ ਹੋ ਰਹੇ ਕੀਰਤਨ ਦੀਆਂ ਧੁਨਾਂ ਨਾਲ ਪਰਾਣੀ ਦੀ ਅਧਿਆਤਮਕ ਚੇਤਨਾ ਤਾਜ਼ੀ ਹੋ ਉਠਦੀ ਹੈ। ਵਾਰਾਂ ,ਕਵਿਤਾ,ਲੈਕਚਰ ਸੁਨਣ ਨਾਲ ਇਤਹਾਸਕ,ਜਥੇਬੰਦਕ,ਰਾਜਨੀਤਕ ਸੂਝ ਦਾ ਨਵੀਨੀਂਕਰਨ ਹੋ ਜਾਂਦਾ ਹੈ। ਹੋਲੇ ਮਹਲੇ ਨੇ ਪੰਜਾਬੀਆਂ ਦੇ ਮਨ ਅੰਦਰ ਪੰਜਾਬੀ ਸਭਿਆਚਾਰ ਨੂੰ ਜੀਵਤ ਰਖਿਆ ਹੋਇਆ ਹੈ। ਜ਼ੁਲਮ ਵਿਕਾਰ ਨਾਲ ਟਕਰ ਲੈਣ ਲਈ ਸ਼ਕਤੀ ਪਰਦਾਨ ਕੀਤੀ ਹੈ। ਦ੍ਰਿੜਤਾ ਅਤੇ ਆਤਮਕ ਵਿਸ਼ਵਾਸ ਨਾਲ ਜ਼ੁਲਮ ਦੇ ਖਿਲਾਫ ਜਦ ਪੰਜਾਬੀ ਡਟ ਜਾਂਦਾ ਹੈ ‘ਤਾਂ ਨਿਸਚੇ ਕਰ ਆਪਨੀ ਜੀਤ ਕਰੋਂ ‘ ਦੀ ਧੁਨ ਉਸ ਦੇ ਤਨ ਮਨ ਤੇ ਛਾ ਜਾਂਦੀ ਹੈ। ਨਾ ਹੀ ਮੁਗਲ ਹਕੂਮਤ,ਨਾ ਹੀ ਸ਼ਕਤੀਸ਼ਾਲੀ ਬਰਤਾਨਵੀ ਹਕੂਮਤ ਦਾ ਤਸ਼ਦਦ ਗੁਰੂ ਦੇ ਖਾਲਸੇ ਨੂੰ ਡੁਲਾ ਸਕਿਆ। ਇੰਦਰਾ ਗਾਂਧੀ ਦੀ ਐਮਰਜੈਂਸੀ ਵਕਤ ਜਦ ਸਭ ਦਬਾ ਦਿਤੇ ਗਏ ਤਾਂ ਵੀ ਗੁਰੂ ਦੇ ਸਿੰਘ ਮੈਦਾਨ ਵਿਚ ਡਟੇ ਰਹੇ। ਹੋਲੇ ਮਹਲੇ ਵਾਲੇ ਦਿਨ ਨਿਹੰਗ ਸਿੰਘਾਂ ਦੀ ਫੌਜ ਵੀ ਆਪ ਅਤੇ ਆਪਣੇ ਘੋੜਿਆਂ ਨੂੰ ਸੰਵਾਰ ਕੇ ਆਮ ਲੋਕਾਂ ਨਾਲ ਇਕ ਮਿਕ ਹੋ ਕੇ ਲਾਲ ਗੁਲਾਲ ਉਡਾਉਂਦੀ ਹੋਈ ਚਰਨ-ਗੰਗਾ ਦੇ ਰੇਤਲੇ ਥਲ ਉਤੇ ਵਿਸ਼ਾਲ ਜੰਗੀ ਖੇਡਾਂ ਖੇਡਦੀ ਹੈ। ਸਿਖ ਰਹਿਤ ਮਰਿਆਦਾ ਵਿਚ ਨਸ਼ਾ ਵਿਵਰਜਤ ਹੈ। ਗੁਰੂ ਦੀਆਂ ਲਾਡਲੀਆਂ ਫੌਜਾਂ ਸੁਖ ਨਿਧਾਨ ਨਾਲ ਕਿਊਂ ਤਰਾਰੇ ਵਿਚ ਆਉਂਦੀਆਂ ਹਨ ਇਹ ਤਾਂ ਉਹੀ ਜਾਣ ਸਕਦੀਆਂ ਹਨ। ਹੋਲੇ ਮਹਲੇ ਤੋਂ ਵਾਪਸ ਜਾ ਰਿਹਾ ਹਰ ਪਰਾਣੀ ਹੋਲੀ ਦੇ ਧੂੰਮ-ਧੜਕ ਜਾਂ ਭੰਗ ਦੇ ਨਸ਼ੇ ਨਾਲ ਟੁਟਿਆ ਟੁਟਿਆ ਹੁਸਿਆ ਹੁਸਿਆ ਜਿਹਾ ਨਹੀਂ ਹੁੰਦਾ ਸਗੋਂ ਉਹ ਤਾਂ ਧਾਰਮਕ, ਦਾਰਸ਼ਨਕ,ਸਮਾਜਕ, ਅਧਿਆਤਮਕ ਅਤੇ ਰਾਜਨੀਤਕ ਹਰ ਪਖੋਂ ਅਮੀਰ ਹੋ ਕੇ ਘਰ ਪਰਤ ਰਿਹਾ ਹੁੰਦਾ ਹੈ। ਇਸ ਸਮਾਜਕ, ਧਾਰਮਕ ਸਭਿਆਚਾਰਕ ਇਕਠ ਸਮੇਂ ਸਿਆਸੀ ਪਾਰਟੀਆਂ ਸਿਰਫ ਆਪਣਾ ਰਾਜਨੀਤਕ ਸਨੇਹਾ ਸੰਦੇਸ਼ ਦੇਣ ਤਕ ਹੀ ਸੀਮਤ ਰਹਿਣ ਤਾਂ ਬੜੀ ਚੰਗੀ ਗੱਲ ਹੇ। ਪਰ ਉਹ ਜਦ ਇਕ ਦੂਸਰੇ ਤੇ ਦੂਸ਼ਣਬਾਜ਼ੀ ਕਰਦੀਆਂ ਕੁਕੜ ਖੇਹ ਉਡਾ ਕੇ ਆਪਣਾ ਹੀ ਮੂੰਹ ਸਿਰ ਭਰ ਲੈਂਦੀਆਂ ਹਨ ਤਾਂ ਹਰ ਸੂਝਵਾਨ ਇਨਸਾਨ ਉਦਾਸ ਵੀ ਹੁੰਦਾ ਹੈ ਅਤੇ ਇਨਾਂ ਦੀ ਮੂਰਖਤਾਈ ਤੇ ਹਸਦਾ ਵੀ ਹੈ।
ਪਰ ਅੰਤ ਵਿਚ ਜੋ ਤਸੱਲੀ ਵਾਲੀ ਗੱਲ ਹੈ ਕਿ ਹਰ ਪਰਾਣੀ ਹੋਲੇ ਮਹਲੇ ਤੋਂ ਇਤਹਾਸਕ,ਸਾਹਿਤਕ ਅਤੇ ਰਾਜਸਿਕ ਹਰ ਪਖੋਂ ਮਾਲਾ ਮਾਲ ਹੋਇਆ ਆਪਣੇ ਆਪ ਨੂੰ ਇਕ ਵਡੇ ਪਰਿਵਾਰ ਦਾ ਹਿਸਾ ਮਹਿਸੂਸ ਕਰਦਾ ਹੋਇਆ ਘਰ ਪਰਤਦਾ ਹੈ