ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
  •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  • ਚੇਤਿਆਂ ਦੀ ਚਿਲਮਨ - ਕਿਸ਼ਤ 3 (ਸਵੈ ਜੀਵਨੀ )

    ਜਰਨੈਲ ਸਿੰਘ ਸੇਖਾ    

    Email: Jarnailsinghsekha34@gmail.com
    Phone: +1 778 246 1087
    Address: 7242 130 A Street
    Surrey British Columbia Canada V3W 6E9
    ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy sertaline usa

    buy zoloft blog.pragmos.it buy zoloft online

    ਮੇਰੀ ਪਹਿਲੀ ਕਵਿਤਾ

    ਸੰਨ 1939 ਤੋਂ 1945 ਤਕ ਚੱਲੀ ਦੂਸਰੀ ਸੰਸਾਰ ਜੰਗ ਨੇ ਸੰਸਾਰ ਦੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦਿੱਤਾ ਸੀæ ਸਾਰੇ ਸੰਸਾਰ ਵਿਚ ਹੀ ਆਰਥਿਕ ਸੰਕਟ ਪੈਦਾ ਹੋ ਗਿਆ ਸੀæ ਭਾਰਤ ਅੰਗ੍ਰੇਜ਼ਾਂ ਦੇ ਅਧੀਨ ਹੋਣ ਕਾਰਨ ਇਸ ਦੀ ਆਰਥਿਕ ਹਾਲਤ ਤਾਂ ਬਹੁਤ ਹੀ ਨਿਘਰ ਗਈ ਸੀ ਕਿਉਂਕਿ ਲੋੜੀਂਦੀਆਂ ਬਹੁਤੀਆਂ ਵਸਤਾਂ ਤਾਂ ਬਾਹਰੋਂ ਹੀ ਬਣ ਕੇ ਆਉਂਦੀਆਂ ਸਨæ ਭਾਰਤ ਵਿਚੋਂ ਤਾਂ ਕੱਚਾ ਮਾਲ ਹੀ ਬਾਹਰ ਜਾਂਦਾ ਸੀæ ਕੱਚਾ ਮਾਲ ਵਿਕ ਨਹੀਂ ਸੀ ਰਿਹਾ ਤੇ ਬਾਹਰੋਂ ਮਾਲ ਆ ਨਹੀਂ ਸੀ ਰਿਹਾ ਜਿਸ ਕਾਰਨ ਜ਼ਖੀਰੇਬਾਜ਼ਾਂ ਨੇ ਵਸਤਾਂ ਨੂੰ ਕੁੰਦਗੋਸ਼ੇ ਕਰ ਦਿੱਤਾ ਸੀ ਤੇ ਸ਼ਹਿਰਾਂ ਵਿਚੋਂ ਲੋੜੀਂਦੀਆਂ ਵਸਤਾਂ ਕਿਤੇ ਖੰਭ ਲਾ ਕੇ ਉੱਡ ਗਈਆਂ ਸਨ æ ਪੰਜਾਬ ਦੀ ਹਾਲਤ ਹੋਰ ਵੀ ਮਾੜੀ ਸੀæ ਇਕ ਪਾਸੇ ਉਹਨਾਂ ਨੂੰ ਲੋੜੀਂਦੀਆਂ ਵਸਤਾਂ ਨਹੀਂ ਸੀ ਮਿਲ ਰਹੀਆਂ ਤੇ ਦੂਜੇ ਪਾਸੇ ਪੰਜਾਬ ਦੇ ਬਹੁਤੇ ਗਭਰੂ ਫੌਜ ਵਿਚ ਭਰਤੀ ਹੋਣ ਕਾਰਨ ਨਿੱਤ ਕਿਸੇ ਨਾ ਕਿਸੇ ਪਿੰਡ ਕਿਸੇ ਫੌਜੀ ਦੇ ਮਰਨ ਦੀ ਖਬਰ ਆ ਜਾਂਦੀ ਸੀ ਤੇ ਘਰ ਵਿਚ ਸੱਥਰ ਵਿਛ ਜਾਂਦਾ ਸੀæ ਹਰ ਪਾਸੇ ਲੋਕ ਤਰਾਹ ਤਰਾਹ ਕਰ ਰਹੇ ਸਨæ ਫਿਰ ਜ਼ਿੰਦਗੀ ਦੀ ਗੱਡੀ ਤੁਰੀ ਜਾ ਰਹੀ ਸੀæ ਖਾਣ ਪੀਣ ਦੀਆਂ ਵਸਤਾਂ ਪਿੰਡਾਂ ਦੇ ਖੇਤਾਂ ਵਿਚ ਉਗਾਈਆਂ ਜਾਣ ਕਰਕੇ ਲੋਕਾਂ ਦਾ ਗੁਜ਼ਾਰਾ ਚੱਲੀ ਜਾ ਰਿਹਾ ਸੀæ ਉਂਝ ਵੀ ਪੇਂਡੂ ਲੋਕਾਂ ਦੀਆਂ ਲੋੜਾਂ ਬਹੁਤ ਸੀਮਤ ਸਨæ ਉਹਨਾਂ ਨੂੰ ਬਹੁਤ ਹੀ ਲੋੜੀਦੀਆਂ ਵਸਤਾਂ, ਜਿਵੇਂ ਖੰਡ, ਮਿੱਟੀ ਦਾ ਤੇਲ, ਕਪੜਾ ਆਦਿ ਸ਼ਹਿਰਾਂ ਤੋਂ ਮੰਗਵਾਉਣੀਆਂ ਪੈਂਦੀਆਂ ਸਨæ 
       ਬਾਜ਼ਾਰ ਵਿਚ ਵਸਤਾਂ ਦੀ ਘਾਟ ਹੋਣ ਕਾਰਣ ਸਰਕਾਰ ਨੇ ਬਹੁਤ ਸਾਰੀਆਂ ਲੋੜੀਦੀਆਂ ਵਸਤਾਂ ਉਪਰ ਕੰਟਰੋਲ ਕਰ ਦਿੱਤਾ ਸੀæ ਜਿਵੇਂ ਖੰਡ, ਮਿੱਟੀ ਦਾ ਤੇਲ, ਕਪੜਾ ਅਤੇ ਪੱਥਰ ਦਾ ਕੋਲਾ ਆਦਿæ ਪਰ ਪਿੰਡਾਂ ਵਾਲਿਆਂ ਨੂੰ ਤਾਂ ਖੰਡ, ਮਿੱਟੀ ਦਾ ਤੇਲ ਅਤੇ ਕਪੜਾ ਹੀ ਕੰਟਰੋਲ 'ਤੇ ਮਿਲਦਾ ਸੀ ਤੇ ਕੰਟਰੋਲ ਵਾਲੀਆਂ ਵਸਤਾਂ ਦੇ ਡਿੱਪੂ ਵੀ ਹਰ ਪਿੰਡ ਵਿਚ ਨਹੀਂ ਸੀ ਖੁਲ੍ਹੇæ ਇਕ ਪਿੰਡ ਵਿਚ ਡਿੱਪੂ ਹੁੰਦਾ ਤੇ ਆਲੇ ਦੁਆਲੇ ਦੇ ਪੰਜ ਚਾਰ ਪਿੰਡਾਂ ਨੂੰ ਉੱਥੋਂ ਜਾ ਕੇ ਵਸਤਾਂ ਲਿਆਉਣੀਆਂ ਪੈਂਦੀਆਂæ ਵਸਤਾਂ ਵੀ ਕਿਤੇ ਕਿੰਨੀਆਂ ਕੁ ਮਿਲਦੀਆਂ ਸਨ, ਇਕ ਘਰ ਨੂੰ ਮਹੀਨੇ ਵਿਚ ਮਿੱਟੀ ਦੇ ਤੇਲ ਦੀ ਇਕ ਬੋਤਲ, ਕੁਝ ਗਜ਼ ਕੋਰਾ ਲੱਠਾ ਜਾਂ ਮਲੇਸੀਆ ਅਤੇ ਜੀਅ ਪ੍ਰਤੀ ਕੁਝ ਛਟਾਕਾਂ ਖੰਡæ ਡਿੱਪੂ ਵਾਲੇ ਹੋਰ ਵਸਤਾਂ ਬਹੁਤ ਘੱਟ ਲਿਆਉਂਦੇ ਕਿਉਂਕਿ ਪਿੰਡਾਂ ਵਿਚ ਉਹਨਾਂ ਦੀ ਲੋੜ ਹੀ ਨਹੀਂ ਸੀ ਪੈਂਦੀ ਅਤੇ ਉਹ ਵਸਤਾਂ ਜਿਵੇਂ ਪੱਥਰ ਦਾ ਕੋਲਾ, ਸ਼ਾਇਦ ਬਾਹਰ ਦੀ ਬਾਹਰ ਹੀ ਕਿਧਰੇ ਭੱਠੇ, ਭੱਠੀਆਂ ਵਾਲਿਆਂ ਕੋਲ ਚਲਾ ਜਾਂਦਾ ਹੋਵੇ   
      ਸਾਡਾ ਪਿੰਡ ਸੇਖਾ ਕਲਾਂ ਅਬਾਦੀ ਪੱਖੋਂ ਤਾਂ ਵੱਡਾ ਸੀ ਪਰ ਪੜ੍ਹਾਈ ਤੇ ਸਿਆਸੀ ਪੱਖੋਂ ਬਹੁਤ ਛੋਟਾ ਤੇ ਪਛੜਿਆ ਹੋਇਆ ਸੀæ ਜਿਸ ਕਾਰਣ ਕੰਟਰੋਲ ਵਸਤਾਂ ਦਾ ਡਿੱਪੂ ਏਥੇ ਨਹੀਂ ਸੀ ਆ ਸਕਿਆæ ਦੋਨੋ ਸੇਖੇ ਠੱਠੀ ਭਾਈ ਪਿੰਡ ਦੇ ਕੰਟਰੋਲ ਡਿੱਪੂ ਨਾਲ ਜੋੜੇ ਹੋਏ ਸਨæ ਕੰਟਰੋਲ ਦਾ ਸਾਮਾਨ ਲਿਆਉਣ ਲਈ ਸਾਡੇ ਪਿੰਡ ਵਾਸਤੇ ਦੋ ਜਾਂ ਤਿੰਨ ਦਿਨ ਬੰਨ੍ਹੇ ਹੋਏ ਸਨæ ਉਹਨਾਂ ਦਿਨਾਂ ਵਿਚ ਹੀ ਵਸਤਾਂ ਨੂੰ ਲਿਆਉਣਾ ਪੈਂਦਾ ਸੀæ ਇਨ੍ਹਾਂ ਦਿਨਾਂ ਵਿਚ ਕਦੀ ਇਕੱਲੀ ਖੰਡ ਮਿਲਦੀ ਕਦੀ ਕਪੜਾ ਤੇ ਕਦੀ ਮਿੱਟੀ ਦਾ ਤੇਲ਼ ਕਦੀ ਕਦਾਈਂ ਖੰਡ ਤੇ ਮਿੱਟੀ ਦਾ ਤੇਲ ਇਕੱਠੇ ਵੀ ਮਿਲ ਜਾਂਦੇæ ਕਦੀ ਕਿਸੇ ਨੇ ਡਿੱਪੂ ਮਾਲਕ ਦੀ ਸ਼ਕਾਇਤ ਨਹੀਂ ਸੀ ਕੀਤੀ ਕਿ ਉਹ ਸਭ ਨੂੰ ਪੂਰਾ ਸਮਾਨ ਕਿਉਂ ਨਹੀਂ ਦਿੰਦਾ! ਕਈ ਤਾਂ ਕੋਈ ਵੀ ਕਦੀ ਲੈਣ ਹੀ ਨਹੀਂ ਸੀ ਜਾਂਦੇæ ਜਿਵੇਂ ਸਾਡੇ ਘਰ ਵਾਲਿਆਂ ਕਦੀ ਕੋਈ ਚੀਜ਼ ਨਹੀਂ ਸੀ ਲਿਆਂਦੀæ ਕਿਉਂਕਿ ਇਨ੍ਹਾਂ ਚੀਜ਼ਾਂ ਦੀ ਘਰ ਵਿਚ ਲੋੜ ਹੀ ਮਹਿਸੂਸ ਨਹੀਂ ਸੀ ਕੀਤੀ ਗਈæ ਲਾਲਟੈਣ ਦੀ ਥਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਦਾ ਸੀæ ਲੱਠੇ ਦੀ ਥਾਂ ਘਰ ਦਾ ਬੁਣਿਆ ਖੱਦਰ ਅਤੇ ਉਹਨੀਂ ਦਿਨੀਂ ਘਰ ਵਿਚ ਖੰਡ ਤਾਂ ਕਿਤੇ ਦੇਖੀ ਹੀ ਨਹੀਂ ਸੀæ ਸਾਡਾ ਰਾਸ਼ਨ ਕਾਰਡ ਸਾਡੇ ਚਾਚਾ ਜੀ ਮਾਸਟਰ ਪਾਖਰ ਸਿੰਘ ਕੋਲ ਹੀ ਹੁੰਦਾ ਸੀæ ਜਿਹੜੀ ਚੀਜ਼ ਦੀ ਲੋੜ ਹੁੰਦੀ ਉਹੋ ਆਪਣੇ ਲਈ ਲੈ ਆਉਂਦਾæ 
       ਸੰਨ ਚੁਤਾਲੀ ਵਿਚ ਵੱਡੀ ਭੈਣ ਦਾ ਵਿਆਹ ਆ ਗਿਆæ ਦਾਜ ਵਰੀ ਲਈ ਕਪੜਾ ਬਹੁਤ ਸਮਾਂ ਪਹਿਲਾਂ ਹੀ ਮਾਂ ਨੇ ਬਣਾ ਰੱਖਿਆ ਸੀæ ਬਾਗ ਫੁਲਕਾਰੀਆਂ ਤੇ ਛਿੱਕੂ ਬੋਹਟੇ ਭੈਣ ਨੇ ਬਣਾ ਲਏ ਹੋਏ ਸਨæ ਦੇਸੀ ਘਿਉ ਘਰਦਾ ਜੋੜ ਕੇ ਰੱਖਿਆ ਹੋਇਆ ਸੀæ ਖੰਡ, ਮਿੱਟੀ ਦਾ ਤੇਲ ਅਤੇ ਕੁਝ ਕਪੜਾ ਚਾਹੀਦਾ ਸੀæ ਇਹ ਵਸਤਾਂ ਵਿਆਹ ਦੇ ਕੋਟੇ ਵਿਚ ਮਿਲ ਜਾਂਦੀਆਂ ਸਨæ ਇਹ ਵਸਤਾਂ ਮੋਗੇ ਰਹਿੰਦੇ ਮੇਰੇ ਸਕੇ ਮਾਸੜ ਮਾਸਟਰ ਈਸ਼ਰ ਸਿੰਘ ਰਾਹੀਂ ਕੰਟਰੋਲ ਰੇਟ 'ਤੇ ਖਰੀਦ ਲਈਆਂæ ਵਿਆਹ ਸਮੇਂ ਇਕ ਲਾਲਟੈਣ ਵੀ ਲੈ ਆਂਦੀ ਸੀæ ਲਾਲਟੈਣ ਆ ਗਈ ਤਾਂ ਮਿੱਟੀ ਦੇ ਤੇਲ ਦੀ ਵੀ ਲੋੜ ਪੈ ਗਈæ ਸੋ ਲਾਲਟੈਣ ਜਗਾਉਣ ਲਈ ਮਿੱਟੀ ਦੇ ਤੇਲ ਦੀ ਬੋਤਲ ਆਪਣੇ ਰਾਸ਼ਨ ਕਾਰਡ 'ਤੇ ਠੱਠੀ ਭਾਈ ਤੋਂ ਲੈ ਆਉਂਣੀ ਸਾਡੇ ਘਰ ਦੀ ਜ਼ਰੂਰਤ ਬਣ ਗਈ ਸੀæ 
       ਪੋਹ ਦੇ ਮਹੀਨੇ ਦਾ ਕੋਈ ਦਿਨ ਸੀæ ਉਸ ਦਿਨ ਠੱਠੀ ਭਾਈ ਤੋਂ ਮਿੱਟੀ ਦਾ ਤੇਲ ਮਿਲਣਾ ਸੀæ ਅਸੀਂ ਪੰਜ ਛੇ ਮੁੰਡੇ ਇਕੱਠੇ ਹੋ ਕੇ ਸਵੇਰੇ ਹੀ ਤੇਲ ਲੈਣ ਲਈ ਪਿੰਡ ਠੱਠੀ ਭਾਈ ਨੂੰ ਚਲੇ ਗਏ ਜਿਹੜਾ ਕਿ ਸਾਡੇ ਪਿੰਡੋਂ ਕੁ ਚਾਰ ਕਿਲੋ ਮੀਟਰ ਦੂਰ ਹੈ ਤੇ ਸਾਡੇ ਦੋਹਾਂ ਪਿੰਡਾਂ ਦੀਆਂ ਹੱਦਾਂ ਮਿਲਦੀਆਂ ਹਨæ ਅਸੀਂ ਦਸ ਕੁ ਵਜਦੇ ਨੂੰ ਤੇਲ ਡਿੱਪੂ 'ਤੇ ਪਹੁੰਚ ਗਏæ ਅੱਗੇ ਬਹੁਤ ਭੀੜ ਸੀæ ਉੱਥੇ ਕਤਾਰ ਵਿਚ ਖੜ੍ਹ ਕੇ ਵਾਰੀ ਦੀ ਉਡੀਕ ਕਰਨ ਦਾ ਤਾਂ ਰਵਾਜ ਹੀ ਹੈ ਨਹੀਂ ਸੀæ ਡਿੱਪੂ ਵਾਲੇ ਨੇ ਸਾਡੇ ਰਾਸ਼ਨ ਕਾਰਡ ਫੜ ਕੇ ਰੱਖ ਲਏ ਤੇ ਕਹਿ ਦਿੱਤਾ, "ਪਹਿਲਾਂ ਮੌੜ ਵਾਲਿਆਂ ਦੀ ਵਾਰੀ ਐ, ਸੇਖੇ ਵਾਲਿਆਂ ਦੀ ਵਾਰੀ ਦੁਪਹਿਰ ਮਗਰੋਂ ਆਊਗੀæ ਹੁਣ ਤੁਸੀਂ ਬਾਹਰ ਜਾਓ|"
       ਬਿਗਾਨੇ ਪਿੰਡ ਅਸੀਂ ਬਾਹਰ ਕਿਧਰ ਜਾਣਾ ਸੀæ ਕੁਝ ਚਿਰ ਗਲੀਆਂ ਵਿਚ ਘੁੰਮ ਫਿਰ ਕੇ ਮੁੜ ਡਿੱਪੂ 'ਤੇ ਆ ਗਏæ ਰਾਤੀਂ ਚੌਕੀਦਾਰ ਵੱਲੋਂ ਹੋਕਾ ਦੇਣ ਸਮੇਂ ਇਹ ਨਹੀਂ ਸੀ ਦੱਸਿਆ ਕਿ ਦੁਪਹਿਰ ਤੋਂ ਮਗਰੋਂ ਜਾਣਾ ਹੈæ ਇਸੇ ਕਰਕੇ ਅਸੀਂ ਸਦੇਹਾਂ ਆਏ ਸੀ ਕਿ ਤੇਲ ਲੈ ਕੇ ਛੇਤੀ ਮੁੜ ਆਵਾਂਗੇæ ਸਵੇਰ ਦੇ ਗਿਆਂ ਨੂੰ ਸਾਨੂੰ ਹਨੇਰ੍ਹੇ ਹੋਏ ਇਕ ਇਕ ਤੇਲ ਦੀ ਬੋਤਲ ਮਿਲੀ, ਉਹ ਵੀ ਗਾੜ੍ਹੇ ਭੂਸਲੇ ਜਿਹੇ ਰੰਗੀ ਦੀæ ਘਰ ਮੁੜਦਿਆਂ ਨੂੰ ਠੱਕਾ ਵਗਣ ਲੱਗਾ ਤੇ ਕੋਈ ਕੋਈ ਕਣੀ ਵੀ ਡਿੱਗਣ ਲੱਗ ਪਈ ਸੀæ ਅਸੀਂ ਸਾਰਿਆਂ ਨੇ ਖੱਦਰ ਦੀਆਂ ਚਾਦਰਾਂ ਦੀਆਂ ਬੱਕਲਾਂ ਮਾਰੀਆਂ ਹੋਈਆਂ ਸਨæ ਠੰਡ ਨਾਲ ਬੁਰਾ ਹਾਲ ਹੋ ਗਿਆæ ਅਸੀਂ ਕੋਈ ਕਿਲੋ ਮੀਟਰ ਦੀ ਵਾਟ ਛੂਟ ਵੱਟ ਕੇ ਦੌੜੇæ ਫਿਰ ਆਮ ਵਾਂਗ ਤੁਰਨ ਲੱਗੇæ ਮੇਰੇ ਨਾਲੋਂ ਚਾਰ ਕੁ ਸਾਲ ਵੱਡਾ, ਹੰਸਾ 'ਰੋੜਾ ਸਾਡੇ ਨਾਲ ਸੀæ ਉਹੋ ਹੀ ਸਾਡੇ ਨਾਲ ਉਮਰ ਵਿਚ ਵੱਡਾ ਸੀ, ਕੋਈ ਬਾਰਾਂ ਤੇਰਾਂ ਸਾਲ ਦਾ, ਅਸੀਂ ਬਾਕੀ ਤਿੰਨ ਜਣੇ ਤਾਂ ਅੱਠ ਨੌਂ ਸਾਲ ਦੀ ਉਮਰ ਦੇ ਹੀ ਸਾਂæ ਉਹ ਕਹਿਣ ਲੱਗਾ, "ਅੱਜ ਤਾਂ ਪਾਲ਼ੇ ਨਾਲ ਮਰ ਈ ਜਾਵਾਂਗੇæ ਗੁਰੂ ਬਚਾਵੇ ਤਾਂ ਬਚਾਵੇ|"
       ਪਤਾ ਨਹੀਂ ਮੇਰੇ ਮਨ ਵਿਚ ਇਹ ਬੋਲ ਕਿੱਥੋਂ ਤੇ ਕਿਵੇਂ ਆ ਗਏ, ਮੈਂ ਉੱਚੀ ਅਵਾਜ਼ ਵਿਚ ਗਾਉਣ ਲੱਗਾæ  
    "ਮੈਨੂੰ ਲਗਦਾ ਪਾਲ਼ਾ ਜੀ, ਬਚਾਇਓ ਗੁਰੂ ਆਪ ਆਣਕੇæ
    ਇਕ ਲੱਗੀ ਮੈਨੂੰ ਭੁੱਖ, ਦੂਜਾ ਪਾਲ਼ੇ ਦਾ ਐ ਦੁੱਖ,
    ਤੀਜਾ ਮਿਲਿਆ ਤੇਲ ਹੈ ਕਾਲ਼ਾ ਜੀ, ਬਚਾਇਓ ਗੁਰੂ ਆਪ ਆਣਕੇæ
    ਮੈਨੂੰ ਲਗਦਾ ਪਾਲ਼ਾ ਜੀ, ਬਚਾਇਓ ਗੁਰੂ ਆਪ ਆਣਕੇæ"
    ਫਿਰ ਮੇਰੇ ਨਾਲ ਹੰਸਾ ਵੀ ਤੁਕਾਂ ਜੋੜ ਕੇ ਗਾਉਣ ਲੱਗ ਪਿਆæ ਇਸ ਤਰ੍ਹਾਂ ਦੀਆਂ ਕਈ ਹੋਰ ਤੁਕਾਂ ਜੋੜ ਕੇ ਵੀ ਗਾਈਆਂ ਸਨ, ਜਿਹੜੀਆਂ ਹੁਣ ਯਾਦ ਨਹੀæ ਇਸ ਤਰ੍ਹਾਂ ਅਸੀਂ ਗਾਉਂਦੇ ਹੋਏ ਪਿੰਡ ਪਹੁੰਚ ਗਏæ ਜੇ ਇਸ ਕਵਿਤਾ ਨੂੰ ਮੈਂ ਆਪਣੀ ਪਹਿਲੀ ਕਵਿਤਾ ਦਾ ਨਾਮ ਦੇ ਦਿਆਂ ਤਾਂ ਕੋਈ ਗਲਤ ਗੱਲ ਤਾਂ ਨਹੀਂ ਹੋਵੇਗੀæ  




    ਮੇਰਾ ਪ੍ਰਾਇਮਰੀ ਸਕੂਲ, ਕੁਝ ਯਾਦਾਂ

    ਅੰਗ੍ਰੇਜ਼ਾਂ ਨੇ ਭਾਰਤ ਦੇ ਬਹੁਤ ਘਟ ਇਲਾਕਿਆਂ ਨੂੰ ਲੜ ਕੇ ਆਪਣੇ ਅਧੀਨ ਕੀਤਾ ਸੀ| ਬਹੁਤਾ ਹਿੱਸਾ ਉਸ ਆਪਣੀ ਪਾੜੋ ਤੇ ਰਾਜ ਕਰੋ ਦੀ ਪਾਲਿਸੀ ਨਾਲ ਹੀ ਹਾਸਲ ਕਰ ਲਿਆ ਸੀ| ਪੰਜਾਬ Ḕਤੇ ਵੀ ਉਸ ਨੇ ਇਹੋ ਪਾਲਿਸੀ ਵਰਤੀ ਪਰ ਫਿਰ ਵੀ ਉਸ ਨੂੰ ਇੱਥੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰ ਪਿਆ ਅਤੇ ਪੰਜਾਬ ਨੂੰ ਗ਼ੁਲਾਮ ਬਣਾਉਣ ਖਾਤਰ ਉਸ ਨੂੰ ਕਈ ਲੜਾਈਆਂ ਲੜਨੀਆਂ ਪਈਆਂ| ਜਾਨੀ ਤੇ ਮਾਲੀ ਨੁਕਸਾਨ ਵੀ ਬਹੁਤ ਉਠਾਉਣਾ ਪਿਆ ਸੀ| ਜਦੋਂ ਅੰਗ੍ਰੇਜ਼ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲੈ ਲਿਆ ਤਾਂ ਉਸ ਨੂੰ ਅਹਿਸਾਸ ਹੋ ਗਿਆ ਕਿ ਜੇ ਪੰਜਾਬ ਨੂੰ ਗ਼ੁਲਾਮ ਬਣਾਈ ਰਖਣਾ ਹੈ ਤਾਂ ਪੰਜਾਬੀਆਂ ਦੀ ਵਤਨ-ਪ੍ਰਸਤੀ ਨੂੰ ਖਤਮ ਕਰਨਾ ਜ਼ਰੂਰੀ ਹੈ, ਨਹੀਂ ਤਾਂ ਹਮੇਸ਼ਾ ਇੱਥੇ ਬਗ਼ਾਵਤ ਦਾ ਖਤਰਾ ਬਣਿਆ ਰਹੇਗਾ| ਉਸ ਨੇ ਪਹਿਲਾ ਹੱਲਾ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ Ḕਤੇ ਬੋਲਿਆ| ਇਸ ਦੇ ਨਾਲ ਹੀ ਲੋਕਾਂ ਵਿਚ ਧਾਰਮਿਕ ਵੰਡੀਆਂ ਪਾਉਣ ਦੀ ਚਾਲ ਵੀ ਚੱਲੀ| ਬੋਲੀ ਨੂੰ ਧਰਮ ਨਾਲ ਜੋੜਿਆ| ਮੁਗ਼ਲਾਂ ਦੇ ਸਮੇਂ ਤੋਂ ਪੜ੍ਹਾਈ ਜਾਂਦੀ ਪੰਜਾਬੀ ਨੂੰ ਹਟਾ ਕੇ ਉਰਦੂ ਤੇ ਅੰਗ੍ਰੇਜ਼ੀ ਨੂੰ ਪੜ੍ਹਾਈ ਦਾ ਮਾਧਿਅਮ ਬਣਾਇਆ| ਵਿਦਿਅਕ ਢਾਂਚੇ ਵਿਚ ਤਬਦੀਲੀ ਕਰਕੇ ਮਦਰਸਿਆਂ ਤੇ ਪਾਠਸ਼ਾਲਾਵਾਂ ਦੀ ਤਾਲੀਮ ਬੰਦ ਕਰਵਾ ਦਿੱਤੀ| ਅੰਗ੍ਰੇਜ਼ ਦੀ ਨਵੀਂ ਪਾਲਿਸੀ ਅਨੁਸਾਰ ਇਕ ਜ਼ਿਲੇ ਵਿਚ ਇਕ ਸਰਕਾਰੀ ਕਾਲਜ, ਤਹਿਸੀਲ ਪੱਧਰ Ḕਤੇ ਇਕ ਸਰਕਾਰੀ ਹਾਈ ਸਕੂਲ ਖੋਲ੍ਹੇ ਗਏ| ਮਿਡਲ ਤੱਕ ਦਾ ਵਿਦਿਅਕ ਢਾਂਚਾ ਡਸਿਟਰਿਕਟ ਬੋਰਡਾਂ ਦੇ ਹਵਾਲੇ ਕਰ ਦਿੱਤਾ| ਬੋਰਡਾਂ ਵੱਲੋਂ ਵੀ ਇਕ ਥਾਣੇ ਵਿਚ ਇਕ ਮਿਡਲ ਸਕੂਲ ਅਤੇ ਇਕ ਜ਼ੈਲ ਵਿਚ ਇਕ ਪ੍ਰਾਇਮਰੀ ਸਕੂਲ ਖੋਲ੍ਹਿਆ ਗਿਆ| ਇਸ ਤਰ੍ਹਾਂ ਕਰ ਕੇ ਆਮ ਲੋਕਾਂ ਲਈ ਪੜ੍ਹਾਈ ਨੂੰ ਸੀਮਤ ਕਰ ਦਿੱਤਾ| ਇਸ ਤੋਂ ਬਿਨਾਂ ਲੋਕਾਂ ਵਿਚ ਧਾਰਮਿਕ ਪਾੜਾ ਪਾਉਣ ਦੀ ਗੁੱਝੀ ਵਿਉਂਤ ਨੂੰ ਸਾਹਮਣੇ ਰੱਖ ਕੇ ਧਾਰਮਿਕ ਅਦਾਰਿਆਂ ਨੂੰ ਆਪਣੇ ਸਕੂਲ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ| ਇਸ ਢੰਗ ਨਾਲ ਪੰਜਾਬ ਨੂੰ ਅਣਪੜ੍ਹ ਰੱਖਣ ਦੀ ਅੰਗ੍ਰੇਜ਼ ਵੱਲੋਂ ਗੁੱਝੀ ਚਾਲ ਚੱਲੀ ਗਈ ਸੀ| ਅੰਗ੍ਰੇਜ਼ ਦੀ ਨਵੀਂ ਨੀਤੀ ਤਹਿਤ ਧਾਰਮਿਕ ਸੰਸਥਾਵਾਂ ਨੇ ਸ਼ਹਿਰਾਂ ਤੇ ਕਸਬਿਆਂ ਵਿਚ ਤਾਂ ਸਕੂਲ ਕਾਲਜ ਖੋਲ੍ਹ ਲਏ ਪਰ ਪੇਂਡੂ ਤਬਕਾ ਤਾਲੀਮ ਤੋਂ ਵਾਂਝਾ ਹੋ ਗਿਆ| (ਸਰੋਤ ਪੁਸਤਕ:History of Indigenous Education in Punjab by  G.W. Leitner)

         ਅੰਗ੍ਰੇਜ਼ ਦੀ ਇਸ ਵਿਦਿਅਕ ਨੀਤੀ ਕਾਰਨ ਟਾਵੇਂ ਟਾਵੇਂ ਪਿੰਡਾਂ ਵਿਚ ਹੀ ਪ੍ਰਾਇਮਰੀ ਸਕੂਲ ਬਣੇ ਸਨ ਪਰ ਮਿਡਲ ਸਕੂਲ ਤਾਂ ਇਕ ਤਹਿਸੀਲ ਵਿਚ ਤਿੰਨ ਚਾਰ ਤੋਂ ਵੱਧ ਨਹੀਂ ਸੀ ਬਣ ਸਕੇ ਕਿਉਂ ਕਿ ਇਕ ਤਹਿਸੀਲ ਵਿਚ ਤਿੰਨ ਜਾਂ ਚਾਰ ਹੀ ਥਾਣੇ ਹੁੰਦੇ ਸਨ| ਇਹ ਇਕ ਮਾਅਰਕੇ ਦੀ ਗੱਲ ਸੀ ਕਿ ਥਾਣਾ ਬਾਘਾ ਪੁਰਾਣਾ ਦਾ ਵਰਨੈਕੂਲਰ ਮਿਡਲ ਸਕੂਲ ਸੇਖੇ ਪਿੰਡ ਸਦੀ ਦੇ ਅਰੰਭ ਵਿਚ ਖੁੱਲ੍ਹ ਗਿਆ ਸੀ| (ਵਰਨੈਕੂਲਰ ਮਿਡਲ, ਉਹ ਸਕੂਲ ਸਨ, ਜਿੱਥੇ ਅੰਗ੍ਰੇਜ਼ੀ ਨਹੀਂ ਸੀ ਪੜ੍ਹਾਈ ਜਾਂਦੀ) ਇਸ ਦਾ ਸਿਹਰਾ ਪਿੰਡ ਦੇ ਇਕ ਸੁਹਿਰਦ ਸੱਜਣ, ਸਰਦਾਰ ਜਿਉਣ ਸਿੰਘ ਨੂੰ ਜਾਂਦਾ ਹੈ| ਉਹਨਾਂ ਮਿਡਲ ਸਕੂਲ ਲਈ ਜਿਹੜੀਆਂ ਸ਼ਰਤਾਂ ਜ਼ਿਲਾ ਬੋਰਡ ਵੱਲੋਂ ਲਾਈਆਂ ਗਈਆਂ ਸਨ, ਉਹ ਸਾਰੀਆਂ ਪੂਰੀਆਂ ਕੀਤੀਆਂ| ਸੂਏ ਨਾਲ ਲਗਦੀ ਆਪਣੀ ਨਿਆਈ ਵਾਲੀ ਜ਼ਮੀਨ ਸਕੂਲ ਬਣਾਉਣ ਲਈ ਦਿੱਤੀ| ਪਿੰਡ ਵਾਸੀਆਂ ਨੇ ਵੀ ਸਕੂਲ ਬਣਵਾਉਣ ਵਿਚ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ| ਨੇੜੇ ਤੇੜੇ ਕਿਤੇ ਇੱਟਾਂ ਦਾ ਭੱਠਾ ਨਹੀਂ ਸੀ, ਮੋਗੇ ਤੋਂ ਗੱਡਿਆਂ ਰਾਹੀਂ ਪੱਕੀਆਂ ਇੱਟਾਂ ਢੋ ਕੇ ਸਕੂਲ ਦੇ ਦੋ ਕਮਰੇ, ਇਕ ਦਫਤਰ ਅਤੇ ਮੂਹਰੇ ਬਰਾਂਡਾ ਬਣਵਾਇਆæ ਇਸ ਇਮਾਰਤ ਦੇ ਨਾਲ ਲਗਦੀ ਹੀ ਬੋਰਡਿੰਗ ਹਾਊਸ ਦੀ ਇਮਾਰਤ ਤਿਆਰ ਕਰਵਾਈ| ਖਾਣੇ ਲਈ ਲੋੜੀਂਦੇ ਬਰਤਨ ਮੰਗਵਾਏ| ਸਕੂਲ ਦੇ ਆਲੇ ਦੁਆਲੇ ਚਾਰਦੀਵਾਰੀ ਕਰਵਾਈ ਅਤੇ ਰਾਹ ਉੱਪਰ ਡਾਟਦਾਰ ਗੇਟ ਬਣਵਾਇਆ| ਇਸ ਸਕੂਲ ਵਿਚ ਦੂਰੋਂ ਦੂਰੋਂ ਇਲਾਕੇ ਦੇ ਮੁੰਡੇ ਪੜ੍ਹਨ ਆਉਣ ਲੱਗੇ| ਮੈਨੂੰ ਵੀ ਛੋਟੀ ਉਮਰੇ ਹੀ ਇਸੇ ਸਕੂਲ ਵਿਚ ਪੜ੍ਹਨੇ ਪਾ ਦਿੱਤਾ ਗਿਆ ਸੀ ਭਾਵੇਂ ਕਿ ਉਦੋਂ ਇਹ ਸਕੂਲ ਮਿਡਲ ਤੋਂ ਟੁੱਟ ਕੇ ਲੋਇਰ ਮਿਡਲ ਬਣ ਗਿਆ ਸੀ| ਜਦ ਪਿੱਛਲ ਝਾਤ ਮਾਰਦਾ ਹਾਂ ਤਾਂ ਬਹੁਤ ਛੋਟੀ ਉਮਰ ਵਿਚ ਸਕੂਲ ਵਿਚ ਦਾਖਲ ਕਰਵਾਏ ਜਾਣ ਦੇ ਕਾਰਨ ਦੀ ਸਮਝ ਆਉਂਦੀ ਹੈ| 

         ਉਸ ਸਮੇਂ ਮੇਰੀ ਉਮਰ ਕੋਈ ਤਿੰਨ ਕੁ ਸਾਲ ਦੀ ਹੋਵੇਗੀ ਜਦੋਂ ਮੇਰੇ ਦਾਦੇ ਦੇ ਇਕ ਪਰਵਾਰ ਤੋਂ ਉਸ ਦੇ ਪੁੱਤਰਾਂ ਦੇ ਵੱਖਰੇ ਚਾਰ ਪਰਵਾਰ ਬਣ ਗਏ ਸਨ| ਅੱਡ ਹੋਣ Ḕਤੇ ਮੇਰੇ ਬਾਪ ਦੇ ਹਿੱਸੇ ਬਾਹਰਲਾ ਘਰ ਆ ਗਿਆ ਸੀ, ਜਿਹੜਾ ਅੰਦਰਲੇ ਘਰ ਤੋਂ ਕਾਫੀ ਦੂਰ ਸੀ| ਅੰਦਰਲੇ ਘਰ ਮੇਰੇ ਨਾਲ ਖੇਡਣ ਵਾਲੇ ਮੇਰੇ ਦੋ ਚਚੇਰੇ ਭਰਾ ਅਤੇ ਕਈ ਹੋਰ ਗੁਆਂਢੀ ਮੁੰਡੇ ਵੀ ਸਨ| ਬਾਹਰਲੇ ਘਰ ਮੇਰੇ ਨਾਲ ਖੇਡਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਇੱਥੇ ਆ ਕੇ ਮੈਂ ਬਹੁਤ ਸਮੇਂ ਤੱਕ ਦਿਲ ਨਹੀਂ ਸੀ ਲਾਇਆ| ਮੈਂ ਕਿਸੇ ਨੂੰ ਦੱਸੇ ਬਿਨਾਂ ਘਰੋਂ ਨਿਕਲ ਜਾਂਦਾ ਅਤੇ ਐਵੇਂ ਹੀ ਬਾਹਰ ਗਲੀਆਂ ਵਿਚ ਤੁਰਿਆ ਫਿਰਦਾ ਰਹਿੰਦਾ| ਨੇੜੇ ਮਜ਼੍ਹਬੀਆਂ ਦਾ ਵਿਹੜਾ ਸੀ, ਉਹਨਾਂ ਦੇ ਮੁੰਡਿਆਂ ਨਾਲ ਖੇਡਣ ਲੱਗ ਜਾਂਦਾ| ਜੇ ਕੋਈ ਮੈਨੂੰ ਉਹਨਾਂ ਨਾਲ ਖੇਡਦਿਆਂ ਦੇਖ ਲੈਂਦਾ ਤਾਂ ਧੂਹ ਕੇ ਘਰ ਲੈ ਜਾਂਦਾ ਅਤੇ ਮੈਨੂੰ ਝਿੜਕਾਂ ਮਿਲਦੀਆਂ| ਮੈਨੂੰ ਆਪ ਉਸ ਸਮੇਂ ਦੀ ਕੋਈ ਗੱਲ ਯਾਦ ਨਹੀਂ ਪਰ ਬਚਪਨ ਸਮੇਂ ਦੀਆਂ ਬਹੁਤੀਆਂ ਗੱਲਾਂ ਮਾਂ ਕੋਲੋਂ ਸੁਣੀਆਂ  ਹਨ| 
         ਹਾਂ! ਧੁੰਦਲੀ ਜਿਹੀ ਯਾਦ ਸ਼ਕਤੀ ਵਿਚੋਂ ਬਚਪਨ ਵਿਚ ਪਿੰਡ ਦੀਆਂ ਗਲ਼ੀਆਂ ਕੱਛਣ ਦੀ ਸਭ ਤੋਂ ਪਹਿਲੀ ਘਟਨਾ ਇਹੋ ਯਾਦ ਆਉਂਦੀ ਹੈ ਕਿ ਮਾਂ ਨੇ ਮੈਨੂੰ ਸਿਰ ਨਵ੍ਹਾਉਣਾ ਹੈ ਤੇ ਮੈਂ ਨਹਾਉਣਾ ਨਹੀਂ ਚਾਹੁੰਦਾ| ਮਾਂ ਮੇਰੀਆਂ ਮੇਢੀਆਂ ਖੋਲ੍ਹ ਕੇ ਮੈਨੂੰ ਨਲਕੇ ਕੋਲ ਬਿਠਾਉਂਦੀ ਹੈ ਅਤੇ ਆਪ ਕੋਈ ਚੀਜ਼ ਲੈਣ ਲਈ ਕਮਰੇ ਅੰਦਰ ਜਾਂਦੀ ਹੈ| ਮੈਨੂੰ ਬਾਹਰ ਰੌਲ਼ਾ ਸੁਣਦਾ ਹੈ| ਮੈਂ ਭੱਜ ਕੇ ਬਾਹਰ ਨਿਕਲ ਜਾਂਦਾ ਹਾਂæ ਸੱਥ ਵਿਚ ਇਕ ਹਾਥੀ ਖੜ੍ਹਾ ਹੈ| ਉਸ ਨਾਲ ਭਗਵੇਂ ਜਿਹੇ ਕਪੜਿਆਂ ਵਾਲੇ ਬੰਦੇ ਹਨ| ਹਾਥੀ ਦੇ ਆਲੇ ਦੁਆਲੇ ਕਈ ਜੁਆਕ ਖੜ੍ਹੇ ਹਨ| ਉਹਨਾਂ ਵਿਚ ਮੈਂ ਵੀ ਰਲ਼ ਜਾਂਦਾ ਹਾਂ, ਨੰਗ ਧੜੰਗਾ, ਜਟੂਰੀਆ ਖੁੱਲ੍ਹੀਆਂ ਹੋਈਆਂ| ਉਸ ਸਮੇਂ ਮੇਰੀ ਉਮਰ ਚਾਰ ਕੁ ਸਾਲ ਦੀ ਹੋਵੇਗੀ| ਮੈਂ ਪਹਿਲੀ ਵਾਰ ਹਾਥੀ ਦੇਖਿਆ ਹੈ ਤੇ ਇਸ ਅਜੀਬ ਜਿਹੇ ਜਾਨਵਰ ਨੂੰ ਦੇਖ ਕੇ ਹੈਰਾਨ ਹੋ ਰਿਹਾ ਹਾਂ| ਹਾਥੀ ਤੁਰ ਪਿਆ ਹੈ ਤੇ ਮੁੰਡੀਰ ਵੀ ਮਗਰੇ ਹੀ ਤੁਰ ਪਈ ਹੈæ ਹਾਥੀ ਪਿੰਡ ਦੀਆਂ ਗਲ਼ੀਆਂ ਵਿਚ ਘੁੰਮ ਫਿਰ ਰਿਹਾ ਹੈ| ਸਿਖਰ ਦੁਪਹਿਰੇ, ਬਿਨਾਂ ਭੁੱਖ ਤਿਹ ਅਤੇ ਗਰਮੀ ਦੀ ਪਰਵਾਹ ਕੀਤੇ, ਹਾਥੀ ਦੇ ਮਗਰੇ ਮਗਰ ਜਾ ਰਿਹਾ ਹਾਂ| ਲੋਕ ਹਾਥੀ ਵਾਲਿਆਂ ਨੂੰ ਦਾਣੇ, ਕਪੜੇ ਦੇ ਰਹੇ ਹਨ| ਕਈ ਮਾਪੇ ਬਾਟੀ ਵੱਧ ਦਾਣੇ ਦੇ ਕੇ ਆਪਣੇ ਨਿਆਣਿਆਂ ਨੂੰ ਹਾਥੀ Ḕਤੇ ਇਕ ਦੋ ਮਿੰਟ ਲਈ ਝੂਟੇ ਵੀ ਦਿਵਾਉਂਦੇ ਹਨ| ਮੇਰਾ ਵੀ ਜੀਅ ਕਰਦਾ ਹੈ ਕਿ ਹਾਥੀ ਉੱਪਰ ਬੈਠ ਕੇ ਝੂਟੇ ਲਵਾਂ| ਹਾਥੀ ਸਾਰੇ ਪਿੰਡ ਦੀਆਂ ਗਲੀਆਂ ਵਿਚ ਦੀ ਗੇੜਾ ਕੱਢ ਕੇ ਮੁੜ ਉਸੇ ਸੱਥ ਵਿਚ ਆ ਜਾਂਦਾ ਹੈ| ਇੱਥੋਂ ਹਾਥੀ ਵਾਲਿਆਂ ਨੇ ਪਿੰਡ ਦੀ ਝਿੜੀ ਵੱਲ ਚਲੇ ਜਾਣਾ ਹੈ| ਮੇਰੇ ਮਨ ਵਿਚ ਹਾਥੀ Ḕਤੇ ਝੂਟਾ ਲੈਣ ਦੀ ਰੀਝ ਹੋਰ ਪ੍ਰਬਲ ਹੁੰਦੀ ਹੈ| ਮੈਂ ਭੱਜ ਕੇ ਘਰ ਨੂੰ ਜਾਂਦਾ ਹਾਂ ਤੇ ਮਾਂ ਨੂੰ ਕਹਿੰਦਾ ਹਾਂ, "ਬੇਬੇ, ਇਕ ਬਾਟੀ ਦਾਣੇ ਲੈ ਕੇ ਆ, ਮੈਂ ਵੀ ਹਾਥੀ Ḕਤੇ ਝੂਟਾ ਲੈਣੈ|"
        ਇਕ ਬਾਟੀ ਦਾਣਿਆਂ ਦੀ ਥਾਂ, ਸਿਰ ਵਿਚ ਇਕ ਧੱਫਾ ਤੇ ਇਹ ਝਿੜਕ ਮਿਲਦੀ ਹੈ, "ਟੁੱਟ ਪੈਣਿਆ, ਰਿੱਛਾ ਜਿਹਾ! ਸਵੇਰ ਦਾ ਕਿਧਰ ਉਜੜਿਆ ਹੋਇਆ ਸੀ, ਅਸੀਂ ਤੈਨੂੰ ਭਾਲ਼ ਭਾਲ਼ ਕੇ ਕਮਲੇ ਹੋ ਗਏ|"
         ਹਾਥੀ Ḕਤੇ ਝੂਟਾ ਲੈਣ ਦੀ ਰੀਝ ਵਿਚੇ ਰਹਿ ਜਾਂਦੀ ਹੈ| ਮਾਂ ਜਟੂਰੀਆਂ ਫੜ ਕੇ ਨਲਕੇ ਕੋਲ ਬਿਠਾਉਂਦੀ ਹੈ ਅਤੇ ਸਿਰ ਵਿਚ ਖੱਟੀ ਲੱਸੀ ਪਾਉਂਦੀ ਹੈ| ਮੈਂ ਉੱਚੀ ਉੱਚੀ ਚੀਕਾਂ ਮਾਰਦਾ ਹਾਂ| ਮਾਂ ਇਕ ਦੋ ਧੱਫੇ ਹੋਰ ਜੜਦੀ ਹੈ ਅਤੇ ਮੈਂ ਨਿਚੱਲਾ ਜਿਹਾ ਹੋ ਕੇ ਬੈਠ ਜਾਂਦਾ ਹਾਂ| ਫਿਰ ਸਿਰ ਵਾਹੁਣ ਵੇਲੇ ਦੀਆਂ ਚੀਕਾਂ ਵੀ ਯਾਦ ਆਉਂਦੀਆਂ ਹਨ| ਉਸ ਦਿਨ ਦੀ ਘਟਨਾ ਮਗਰੋਂ ਪਿੰਡ ਦੀਆਂ ਗਲੀਆਂ ਕੱਛਣ ਦੀਆਂ ਘਟਨਾਵਾਂ ਨੇ ਤਾਂ ਚੇਤੇ ਦੀ ਚੰਗੇਰ ਵਿਚ ਬੜੀ ਉਛਲ ਕੁੱਦ ਕਰਨੀ ਸ਼ੁਰੂ ਕਰ ਦਿੱਤੀ ਹੈ| ਜਦੋਂ ਵੀ ਕਿਤੇ ਪਿੰਡ ਵਿਚ ਬਾਂਦਰਾਂ ਤੇ ਰਿੱਛਾਂ ਦੇ ਤਮਾਸ਼ੇ ਦਿਖਾਉਣ ਵਾਲੇ ਮਦਾਰੀਆਂ ਨੇ ਆਉਣਾ, ਮਾਂ ਦੀਆਂ ਝਿੜਕਾਂ ਤੋਂ ਬੇ ਪਰਵਾਹ, ਉਹਨਾਂ ਦੇ ਮਗਰ ਲੱਗ, ਸਾਰੇ ਪਿੰਡ ਦੀਆਂ ਗਲੀਆਂ ਵਿਚ ਘੁੰਮਦੇ ਰਹਿਣਾ| ਪਿੰਡ ਦੀ ਕਿਸੇ ਸੱਥ ਵਿਚ ਨਕਲੀਆਂ, ਨਚਾਰਾਂ, ਰਾਸਧਾਰੀਆਂ ਜਾਂ ਕਵੀਸ਼ਰਾਂ ਦੇ ਅਖਾੜੇ ਲਗਣੇ ਤਾਂ ਉਹਨਾਂ ਨੂੰ ਹੀ ਗਈ ਰਾਤ ਤਾਈਂ ਦੇਖਦੇ ਸੁਣਦੇ ਰਹਿਣਾ| ਇਹ ਮਨ ਦੀ ਮੌਜ ਹੀ ਸੀ, ਜਿਹੜਾ ਕਦੀ ਮਹਿਸੂਸ ਨਹੀਂ ਸੀ ਹੋਇਆ ਕਿ ਗਰਮੀ ਦੇ ਮੌਸਮ ਵਿਚ ਤੇੜ ਇਕ ਨਿੱਕਰ ਤੋਂ ਬਿਨਾਂ ਤਨ Ḕਤੇ ਹੋਰ ਕੋਈ ਕਪੜਾ ਨਹੀਂ ਹੈ| ਜੇ ਸਿਆਲ ਹੈ ਤਾਂ ਇਕ ਖਦਰ ਦੇ ਟੋਟੇ ਜਿਹੇ ਦੀ ਮਾਰੀ ਹੋਈ ਬੁੱਕਲ਼ ਵਿਚ ਪਾਲ਼ਾ ਵੀ ਲੱਗ ਰਿਹਾ ਹੈ| ਮੈਂ ਹੀ ਨਹੀਂ, ਮੇਰੇ ਨਾਲ ਦੇ ਬਹੁਤੇ ਜੁਆਕ ਵੀ ਇਸੇ ਹਾਲਤ ਵਿਚ ਹੀ ਹੁੰਦੇ ਸਨ| ਮੇਰੀ ਏਸ ਅਵਾਰਗੀ ਨੂੰ ਦੇਖ ਕੇ ਘਰਦਿਆਂ ਨੇ ਸੋਚਿਆ ਹੋਵੇਗਾ ਕਿ Ḕਇਹ ਘਰ ਵਿਚ ਤਾਂ ਟਿਕ ਕੇ ਬੈਠਦਾ ਨਹੀਂ, ਇਸ ਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾ ਜਾਵੇ|Ḕ ਬਹੁਤੀ ਛੋਟੀ ਉਮਰੇ ਦਾਖਲ ਹੋਣ ਕਾਰਨ ਹੀ ਸ਼ਾਇਦ ਵੱਧ ਉਮਰ ਲਿਖੀ ਗਈ ਹੋਵੇ|
         ਸਕੂਲ ਵਿਚ ਦਾਖਲ ਹੋਣ ਸਮੇਂ ਦਾ ਧੁੰਦਲਾ ਜਿਹਾ ਦ੍ਰਿਸ਼ ਵੀ ਅੱਖਾਂ ਸਾਹਮਣੇ ਨਹੀਂ ਆ ਰਿਹਾ ਹੈ| ਹਾਂ! ਪਹਿਲੀ ਜਮਾਤ ਦਾ ਇਹ ਦ੍ਰਿਸ਼ ਪਤਾ ਨਹੀਂ ਚੇਤਿਆਂ ਵਿਚ ਕਿਵੇਂ ਅੜ ਕੇ ਖੜ੍ਹ ਗਿਆ ਹੈ! ਸਕੂਲ ਦੇ ਵੱਡੇ ਸਾਰੇ ਸਿਹਨ ਦੇ ਇਕ ਪਾਸੇ ਕਤਾਰ ਵਿਚ ਕਈ ਟਾਹਲੀਆਂ ਹਨ| ਟਾਹਲੀਆਂ ਦੀ ਛਾਵੇਂ ਜਮਾਤਾਂ ਲੱਗੀਆਂ ਹੋਈਆਂ ਹਨ| ਇਕ ਟਾਹਲੀ ਦੀ ਛਾਵੇਂ ਅਸੀਂ ਬੈਠੇ ਹਾਂ| ਹੱਥਾਂ ਵਿਚ ਕਾਇਦੇ ਹਨ| ਇਕ ਮੁੰਡਾ ਸਾਨੂੰ ਸਬਕ ਯਾਦ ਕਰਵਾ ਰਿਹਾ ਹੈ| ਉਹ ਉੱਚੀ ਅਵਾਜ਼ ਵਿਚ ਕਹਿੰਦਾ ਹੈ, "ਅਲਫ ਮੱਦਾ ਆ, ਬੇ ਮਾਕੂਫ, ਆਬ|"
    ਅਸੀਂ ਵੀ ਪਿੱਛੇ ਬੋਲਦੇ ਹਾਂ, "ਅਲਮੱਦ ਆ ਬੇਮਾਕੂਫ, ਆਬ|"
       ਉਹ ਮੁੰਡਾ ਸਾਨੂੰ ḔਬੇḔ ਅੱਖਰ ਨਾਲ ਬੋਲੇ ਜਾਣ ਵਾਲੇ ਦੋ ਅੱਖਰੇ, ਤਿੰਨ ਅੱਖਰੇ ਸ਼ਬਦ ਯਾਦ ਕਰਵਾਉਂਦਾ ਹੈæ ਮੈਂ ਰੱਟਾ ਲਾ ਰਿਹਾ ਹਾਂ, ਸ਼ਬਦਾਂ ਦੀ ਕੋਈ ਸਮਝ ਨਹੀਂ ਹੈ| ਉਹੋ ਮੁੰਡਾ ਫਿਰ ਸਾਰਿਆਂ ਕੋਲੋਂ ਸਬਕ ਸੁਣਦਾ ਹੈ| ਜਿੱਥੇ ਵੀ ḔਬੇḔ ਅੱਖਰ ਆਉਂਦਾ ਹੈ, ਮੈਂ ਉਸ ਨਾਲ ḔਬੇਮਾਕੂਫḔ ਜੋੜ ਦਿੰਦਾ ਹਾਂ| ਮੁਣਸ਼ੀ ਜੀ ਕੋਲ ਮੇਰੀ ਸ਼ਕਾਇਤ ਲੱਗ ਜਾਂਦੀ ਹੈ| ਅਧਿਆਪਕ, ਜਿਸ ਨੂੰ ਉਹਨਾਂ ਸਮਿਆਂ ਵਿਚ ਮੁਣਸ਼ੀ ਜੀ ਕਹਿੰਦੇ ਸੀ, ਮੈਨੂੰ ਮੁਰਗਾ ਬਣਨ ਲਈ ਕਹਿੰਦਾ ਹੈ| ਮੈਂ ਲੱਤਾਂ ਹੇਠ ਦੀ ਕੰਨ ਫੜ ਲੈਂਦਾ ਹਾਂ| ਮੁਣਸ਼ੀ ਜੀ ਮੈਨੂੰ ਢੂਈ ਉੱਚੀ ਕਰਨ ਨੂੰ ਕਹਿੰਦੇ ਹਨ| ਮੈਂ ਆਪਣੀਆਂ ਲੱਤਾਂ ਨੂੰ ਸਿੱਧੀਆਂ ਕਰਦਾ ਹਾਂ| ਸ਼ਕਾਇਤ ਲਾਉਣ ਵਾਲਾ ਮੁੰਡਾ ਹੱਸ ਕੇ ਕਹਿੰਦਾ ਹੈ, "ਮੁਣਸ਼ੀ ਜੀ, ਇਹਦੀ ਨੀਕਰ ਪਾਟੀ ਹੋਈ ਐ|" ਮੁਣਸ਼ੀ ਜੀ ਮੇਰੇ ਕੰਨ ਛੱਡਵਾ ਕੇ ਇਕ ਲਫੜ ਮਾਰ ਕੇ ਕਹਿੰਦੇ ਹਨ, "ਸੂਰ ਕਾ ਬੱਚਾ, ਜਾਹ! ਘਰ ਜਾ ਕਰ ਨਿੱਕਰ ਬਦਲ ਕਰ ਆ|" ਮੈਂ ਰੋਂਦਾ ਹੋਇਆ ਸਕੂਲੋਂ ਘਰ ਆ ਜਾਂਦਾ ਹਾਂ| 
     ਤੀਸਰੀ ਜਮਾਤ ਵਿਚ ਪੜ੍ਹਦੇ ਦੀ ਇਕ ਹੋਰ ਸਾਧਾਰਨ ਜਿਹੀ ਘਟਨਾ ਚੇਤਿਆਂ ਦੀ ਚੰਗੇਰ ਵਿਚੋਂ ਬੁੜ੍ਹਕ ਕੇ ਬਾਹਰ ਆ ਗਈ ਹੈ| ਉਸ ਸਮੇਂ ਪ੍ਰਾਇਮਰੀ ਸਕੂਲ ਵਿਚ ਗੈਰਕਾਸ਼ਤਕਾਰ ਪਾੜ੍ਹਿਆਂ ਨੂੰ ਫੀਸ ਦੇਣੀ ਪੈਂਦੀ ਸੀ| ਹੁੰਦੀ ਭਾਵੇਂ ਆਨਾ, ਦੋਆਨੀ ਹੀ ਸੀ| ਸਕੂਲ ਵਿਚ ਦੋ ਹੀ ਮਾਸਟਰ ਸਨ, ਮੁਣਸ਼ੀ ਇੰਦਰ ਸਿੰਘ ਅਤੇ ਮੁਣਸ਼ੀ ਲੇਖ ਰਾਜ| ਇੰਦਰ ਸਿੰਘ ਮੁਖ ਅਧਿਆਪਕ ਸੀ, ਉਸ ਸਮੇਂ ਮੁਖ ਅਧਿਆਪਕ ਨੂੰ Ḕਅੱਵਲ ਮਦਰਸḔ ਕਿਹਾ ਜਾਂਦਾ ਸੀ| ਸਾਨੂੰ ਮੁਣਸ਼ੀ ਲੇਖ ਰਾਜ ਪੜ੍ਹਾਉਂਦਾ ਸੀ| ਮੈਂ ਸਮੇਂ ਸਿਰ ਫੀਸ ਨਹੀਂ ਸੀ ਦੇ ਸਕਿਆ ਅਤੇ ਉਸ ਨੇ ਪਹਿਲਾਂ ਤਾਂ ਮੈਨੂੰ ਫੀਸ ਨਾ ਲੈ ਕੇ ਆਉਣ ਕਾਰਨ ਕੁਝ ਦੇਰ ਕੰਨ ਫੜਾਈ ਰੱਖੇ ਅਤੇ ਫੈਰ ਮੈਨੂੰ ਫੀਸ ਲੈਣ ਵਾਸਤੇ ਘਰ ਨੂੰ ਮੋੜ ਦਿੱਤਾ| ਮੈਂ ਸਵੇਰੇ ਸਕੂਲ ਜਾਣ ਲੱਗਾ ਮਾਂ ਨਾਲ ਕਲੇਸ਼ ਕਰ ਕੇ ਗਿਆ ਸੀ ਪਰ ਫੀਸ ਮਿਲੀ ਨਹੀਂ ਸੀ| ਮੈਂ ਜਕੋ ਤੱਕੋ ਕਰਦਾ ਘਰ ਨੂੰ ਮੁੜ ਆਇਆ| ਰਾਹ ਵਿਚ ਵੱਡਾ ਖੂਹ ਆਉਂਦਾ ਸੀ| ਇਹ ਖੂਹ ਬਖਤਾ ਪੱਤੀ ਅਤੇ ਖਿੱਦੂ ਪੱਤੀ ਦਾ ਸਾਂਝਾ ਸੀ| ਮੈਂ ਦੇਖਿਆ ਕਿ ਦੋਹਾਂ ਅਗਵਾੜਾਂ ਦੀਆਂ ਕਈ ਤੀਂਵੀਆਂ ਹੌਦ ਦੀਆਂ ਟੂਟੀਆਂ ਤੋਂ ਪਾਣੀ ਦੇ ਘੜੇ ਭਰ ਰਹੀਆਂ ਹਨ ਅਤੇ ਨਾਲ ਹੀ ਕਿਸੇ ਗੱਲ Ḕਤੇ ਹੱਸ ਵੀ ਰਹੀਆਂ ਹਨ| ਮੈਂ ਘਰ ਜਾਣ ਦੀ ਥਾਂ ਖਿੱਦੂ ਪੱਤੀ ਦੀ ਧਰਮਸ਼ਾਲਾ ਕੋਲ ਖੜ੍ਹ ਕੇ ਉਹਨਾਂ ਵੱਲ ਦੇਖਣ ਲੱਗ ਜਾਂਦਾ ਹਾਂ| ਸ਼ਾਮਾ ਮਾਛੀ ਖੂਹ ਦੀ ਮੌਣ Ḕਤੇ ਖੜ੍ਹਾ ਬੋਕੇ ਦੀ ਲਾਂਅ ਨੂੰ ਹੱਥ ਪਾਈ ਕੁਝ ਗਾ ਰਿਹਾ ਹੈ| ਇਕ ਔਸਰ ਝੋਟੀ ਬੋਕੇ ਦੀ ਲਾਂਅ ਨੂੰ ਖਿੱਚੀ ਲਈ ਜਾ ਰਹੀ ਹੈ| ਝੋਟੀ ਲਾਂਅ ਨੂੰ ਖਿੱਚਦੀ ਹੋਈ ਭਾਈ ਜੈਮਲ ਕੇ ਵਾੜੇ ਤੱਕ ਚਲੀ ਗਈ ਹੈ, ਕੋਈ ਤਿੰਨ ਸੌ ਫੁੱਟ ਦੂਰ| ਬੋਕਾ ਸ਼ਾਮੇ ਮਾਛੀ ਦੇ ਬਰਾਬਰ ਮੌਣ Ḕਤੇ ਆ ਗਿਆ ਹੈ| ਸ਼ਾਮੇ ਮਾਛੀ ਦੀ ਟੁਣਕਵੀਂ ਅਵਾਜ਼ ਗੂੰਜਦੀ ਹੈ, "ਛੋੜ ਦੇ ਕਿੱਲੀ ਨੂੰ ਬਈ ਓਏ!" ਝੋਟੀ ਨੂੰ ਹਿਕਦਾ ਮੇਰੇ ਹਾਣ ਦਾ ਮੁੰਡਾ, ਝੋਟੀ ਦੇ ਪਾਈ ਬੀਂਡੀ ਵਿਚੋਂ ਕਿੱਲੀ ਕੱਢ ਦਿੰਦਾ ਹੈ| ਸ਼ਾਮਾ ਮਾਛੀ ਹੌਦ ਵਿਚ ਬੋਕੇ ਦਾ ਪਾਣੀ ਉਲੱਦ ਕੇ ਬੋਕਾ ਫਿਰ ਖੂਹ ਵਿਚ ਵਗਾ ਦਿੰਦਾæ ਲਾਂਅ ਘਿਸੜਦੀ ਹੋਈ ਖੂਹ ਵੱਲ ਭੱਜੀ ਜਾਂਦੀ ਅਤੇ ਨਿੱਕਾ ਮੁੰਡਾ ਝੋਟੀ ਨੂੰ ਮੋੜ ਕੇ ਖੂਹ ਵੱਲ ਲੈ ਜਾਂਦਾ| ਫਿਰ ਖੂਹ ਵਿਚੋਂ ਬੋਕਾ ਪਾਣੀ ਨਾਲ ਭਰਦਾ| ਮੁੜ ਝੋਟੀ ਦੀ ਬੀਂਡੀ ਤੇ ਲਾਂਅ ਕੀਲੀ ਰਾਹੀਂ ਜੁੜਦੀਆਂ ਅਤੇ ਝੋਟੀ ਲਾਂਅ ਨੂੰ ਖਿਚਦੀ ਹੋਈ ਦੂਰ ਲੈ ਜਾਂਦੀ| ਮੁੜ ਸ਼ਾਮੇ ਦੀ ਟੁਣਕਵੀਂ ਅਵਾਜ਼ Ḕਕਿੱਲੀ ਨੂੰ ਛੋੜਦੇ ਬਈ ਓਏ!Ḕ ਗੂੰਜਦੀ| ਇਹ ਸਿਲਸਲਾ ਚੱਲੀ ਜਾ ਰਿਹਾ ਹੈ, ਮੈਨੂੰ ਇਹ ਦ੍ਰਿਸ਼ ਬੜਾ ਚੰਗਾ ਲੱਗ ਰਿਹਾ ਹੈ ਅਤੇ ਮੈਂ ਉੱਥੇ ਖੜ੍ਹਾ ਉਹਨਾਂ ਵੱਲ ਦੇਖੀ ਜਾ ਰਿਹਾ ਹਾਂ| ਜਦੋਂ ਵੀ ਸ਼ਾਮਾ ਮਾਛੀ ਬੋਕਾ ਹੌਦ ਵਿਚ ਉਲੱਦਦਾ ਹੈ ਤਾਂ ਉਸ ਦੀ ਨਿਗਾਹ ਮੇਰੇ ਵੱਲ ਵੀ ਹੋ ਜਾਂਦੀ ਹੈ| ਜਦੋਂ ਮੈਂ ਉੱਥੇ ਬਹੁਤ ਚਿਰ ਖੜ੍ਹਾ ਰਹਿੰਦਾ ਹਾਂ ਤਾਂ ਉਹ ਮੈਨੂੰ ਦਬਕਾ ਮਾਰ ਕੇ ਪੁੱਛਦਾ ਹੈ। "ਨਿੱਕਿਆ, ਤੂੰ ਏਥੇ ਖੜ੍ਹਾ ਕੀ ਕਰਦੈਂ? ਸਕੂਲੋਂ ਭੱਜ ਕੇ ਆਇਐਂ? ਦੌੜ ਏਥੋਂ|" ਮੈਂ ਉੱਥੋਂ ਭੱਜ ਕੇ ਘਰ ਆ ਜਾਂਦਾ ਹਾਂ ਪਰ ਘਰੋਂ ਪੈਸੇ ਨਹੀਂ ਮਿਲਦੇ ਅਤੇ ਮੈਂ ਉਸ ਦਿਨ ਸਕੂਲ ਵੀ ਨਹੀਂ ਜਾਂਦਾ| ਪਰ ਮੈਂ ਬਾਅਦ ਵਿਚ ਵੀ ਸਕੂਲ ਜਾਂਦਾ ਹੋਇਆ ਕੁਝ ਪਲ ਠਹਿਰ ਕੇ ਵੱਡੇ ਖੁਹ ਦੇ ਦ੍ਰਿਸ਼ ਨੂੰ ਮਾਨਣੋ ਨਹੀਂ ਸੀ ਰਹਿ ਸਕਦਾ|
        ਜਦੋਂ ਥੋੜਾ ਵੱਡਾ ਹੋਇਆ ਤਾਂ ਮੈਂ ਜਾਣ ਗਿਆ ਸੀ ਕਿ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋਣ ਕਰਕੇ ਪਿੰਡ ਵਿਚ ਬਹੁਤ ਥੋੜੇ ਘਰਾਂ ਵਿਚ ਹੀ ਨਲਕੇ ਸਨ| ਪਾਣੀ ਦਾ ਵਸੀਲਾ ਖੂਹ ਹੀ ਸਨ| ਖੂਹਾਂ ਵਿਚੋਂ ਪਾਣੀ ਕੱਢਣ ਦਾ ਕੰਮ ਮਾਛੀ ਕਰਦੇ ਸਨ| ਇਸ ਦੇ ਬਦਲੇ ਵਿਚ ਉਹਨਾਂ ਨੂੰ ਹਾੜੀ ਸੌਣੀ ਬੱਝਵੇਂ ਦਾਣੇ ਮਿਲਦੇ ਸਨ| ਇਸ ਵੱਡੇ ਖੂਹ ਵਿਚੋਂ ਪਾਣੀ ਕੱਢਣ ਦੀ ਡਿਉਟੀ ਸ਼ਾਮੇ ਮਾਛੀ ਦੀ ਸੀ| ਉਹ ਸਵੇਰ ਵੇਲੇ ਖੂਹ ਵਿਚੋਂ ਬੋਕੇ ਰਾਹੀਂ ਪਾਣੀ ਕੱਢ ਕੇ ਹੌਦ ਭਰਦਾ ਰਹਿੰਦਾ| ਕੁਝ ਘਰਾਂ ਦੀਆਂ ਤੀਵੀਆਂ ਤਾਂ ਉੱਥੋਂ ਹੀ ਪਾਣੀ ਲੈ ਜਾਂਦੀਆਂ| ਪਹਿਰ ਦਿਨ ਗਏ ਸ਼ਾਮਾ ਮਾਛੀ ਖੂਹ ਵਿਚੋਂ ਪਾਣੀ ਕੱਢਣਾ ਬੰਦ ਕਰ ਦਿੰਦਾ ਅਤੇ ਮਛਕ ਲੈ ਕੇ ਕਈ ਘਰਾਂ ਵਿਚ ਪਾਣੀ ਪਾਉਣ ਤੁਰ ਜਾਂਦਾ| ਇਹ ਸਿਲਸਲਾ ਭਾਰਤ ਦੀ ਵੰਡ ਤੱਕ ਚਲਦਾ ਰਿਹਾ ਸੀ|
        ਗੱਲ ਤਾਂ ਸਕੂਲ ਦੀ ਚੱਲ ਰਹੀ ਸੀ ਤੇ ਮੈਂ ਉਸ ਨੂੰ ਖੂਹ ਦੁਆਲ਼ੇ ਘੁਮਾਉਣ ਲੱਗ ਪਿਆ| ਹਾਂ! ਛੇ ਜਮਾਤਾਂ ਵਾਲੇ ਸਕੂਲ ਵਿਚ ਪੜ੍ਹਾਉਣ ਵਾਲੇ ਧਿਆਪਕ ਦੋ| ਸਾਹੋ ਕੇ, ਠੱਠੀ ਭਾਈ, ਮੱਲਕੇ ਆਦਿ ਪਿੰਡਾਂ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਸਨ| ਉਸ ਸਮੇਂ ਪਹਿਲੀ ਜਮਾਤ ਵਿਚ ਵੀ ਅੱਠ ਦਸ ਸਾਲ ਦੇ ਮੁੰਡੇ ਆਮ ਦਾਖਲ ਹੁੰਦੇ ਸਨ| ਪੜ੍ਹਦਾ ਵੀ ਉਹੀ ਮੁੰਡਾ ਸੀ ਜਿਸ ਦੇ ਮਾਪਿਆਂ ਨੂੰ ਪੜ੍ਹਾਈ ਦੀ ਮਹੱਤਤਾ ਦਾ ਅਹਿਸਾਸ ਹੁੰਦਾ ਸੀ| ਪੜ੍ਹਾਈ ਦੀ ਮਹੱਤਤਾ ਦੇ ਅਹਿਸਾਸ ਦੀ ਗੱਲ ਤਾਂ ਇਹ ਸੀ ਕਿ ਸਕੂਲ ਵਿਚ ਕੋਈ ਇਕ ਵੀ ਕੁੜੀ ਨਹੀਂ ਸੀ ਪੜ੍ਹਦੀ ਅਤੇ ਨਾ ਹੀ ਪਿੰਡ ਵਿਚ ਕੋਈ ਕੁੜੀਆਂ ਦਾ ਸਕੂਲ ਹੀ ਸੀ| ਬਾਹਰਲੇ ਪਿੰਡਾਂ ਤੋਂ ਮੁੰਡੇ ਆਉਂਦੇ ਹੋਣ Ḕਤੇ ਵੀ ਸਕੂਲ ਵਿਚ ਪਾੜ੍ਹਿਆਂ ਦੀ ਗਿਣਤੀ ਸੌ ਤੋਂ ਨਹੀਂ ਸੀ ਟਪਦੀ| ਕੱਚੀ ਪਹਿਲੀ ਵਿਚ ਬਹੁਤ ਮੁੰਡੇ ਦਾਖਲ ਹੋ ਜਾਂਦੇ ਸਨ ਪਰ ਛੇਤੀ ਹੀ ਝੜ ਜਾਂਦੇ ਸਨ, ਸ਼ਾਇਦ ਉਹ Ḕਅਲ ਮੱਦਾ ਆ ਬੇਮਾਕੂਫḔ ḔਆਬḔ ਤੋਂ ਡਰ ਕੇ ਘਰ ਬੈਠ ਜਾਂਦੇ ਹੋਣ| ਅਧਿਆਪਕ ਸਜ਼ਾ ਵੀ ਤਾਂ ਮੁੰਡਿਆਂ ਨੂੰ ਸਧਾਰਨ ਜਿਹੀ ਗੱਲ Ḕਤੇ ਦੇ ਦਿਆ ਕਰਦੇ ਸਨ| ਗਾਲ੍ਹ, Ḕਸੂਰ ਕਾ ਬੱਚਾḔ ਅਤੇ Ḕਨਾਲਾਇਕ ਹਰਾਮੀḔ ਤਾਂ ਜਿਵੇਂ ਅਧਿਆਪਕਾਂ ਦਾ ਤਕੀਆ ਕਲਾਮ ਹੁੰਦਾ ਸੀ| ਮਾਸਟਰ ਇੰਦਰ ਸਿੰਘ ਦਾ ਪਿੰਡ ਮੋਗੇ ਕੋਲ ਬੁੱਕਣ ਵਾਲਾ ਸੀ| ਉਹਨਾਂ ਨੇ ਆਪਣੀ ਰਹਾਇਸ਼ ਸਕੂਲ ਵਿਚ ਹੀ ਰੱਖੀ ਹੋਈ ਸੀ| ਦੋ ਵੇਲ਼ੇ ਦੀ ਰੋਟੀ ਮੁੰਡਿਆਂ ਕੋਲੋਂ ਵਾਰੀ ਸਿਰ ਮਗਵਾਉਂਦੇ| ਉਹ ਪਿੰਡ ਵਿਚ ਵੀ ਘਟ ਹੀ ਜਾਂਦੇ ਸਨ| ਸਦਾ ਚੁੱਪ ਚੁੱਪ ਰਹਿੰਦੇ, ਕਦੀ ਮਤਲਬ ਦੀ ਗੱਲ ਹੀ ਕਰਦੇ ਪਰ ਪਾੜ੍ਹਿਆਂ ਨੂੰ ਬਲਾਉਣ ਵੇਲੇ ਉਹ ਵੀ Ḕਸੂਰ ਕੇ ਬੱਚੇḔ ਇਧਰ ਆ, ਨਾਲਾਇਕ ਹਰਾਮੀ ਕਿਆ ਕਰਤਾ ਹੈ?Ḕ ਜਿਹੇ ਵਿਸ਼ੇਸ਼ਣ ਜ਼ਰੂਰ ਨਾਲ ਲਾਉਂਦੇ ਸਨ| ਗੱਲ੍ਹ ਤੇ ਚੁਪੇੜ ਮਾਰਨੀ ਅਤੇ ਕੰਨ ਫੜਵਾਉਣੇ ਉਹਨਾਂ ਦੀ ਆਮ ਸਜ਼ਾ ਸੀ| ਡੰਡੇ ਦੀ ਵਰਤੋਂ ਉਹ ਕਦੀ ਕਦਾਈਂ ਹੀ ਕਰਦੇ ਸਨ| ਇਸੇ ਕਰਕੇ ਉਹਨਾਂ ਨੂੰ ਸਾਊ ਅਧਿਆਪਕ ਗਿਣਿਆ ਜਾਂਦਾ ਸੀ| ਮਾਸਟਰ ਲੇਖ ਰਾਜ ਦੇ ਪਿੰਡ ਬਾਰੇ ਤਾਂ ਪਤਾ ਨਹੀਂ, ਪਰ ਰਹਾਇਸ਼ ਉਹਨਾਂ ਪਿੰਡ ਵਿਚ ਰੱਖੀ ਹੋਈ ਸੀ| ਇੰਦਰ ਸਿੰਘ ਦੇ ਉਲਟ ਉਹ ਛੁੱਟੀ ਹੋਣ ਤੋਂ ਮਗਰੋਂ ਪਿੰਡ ਵਿਚ ਨਿਕਲ ਜਾਂਦੇ| ਜਿਨ੍ਹਾਂ ਦੇ ਮੁੰਡੇ ਪੜ੍ਹਦੇ ਹੁੰਦੇ ਉਹਨਾਂ ਦੇ ਘਰ ਜਾ ਵੜਦੇ ਅਤੇ ਉਹਨਾਂ ਨਾਲ ਗੱਲਾਂ ਮਾਰਨ ਲੱਗ ਜਾਂਦੇ| ਉਸ ਘਰੋਂ ਸੱਤੂ, ਸ਼ੱਕਰ ਦਾ ਸ਼ਰਬਤ ਜਾਂ ਲੱਸੀ ਪੀ ਕੇ ਸੱਥ ਵਿਚ ਜਾ ਬੈਠਦੇ ਅਤੇ ਵਿਹਲੜਾਂ ਨਾਲ ਗੱਲੀਂ ਜੁਟ ਜਾਂਦੇ| ਆਥਣ ਹੋਣ Ḕਤੇ ਕਿਸੇ ਹੋਰ ਘਰ ਚਲੇ ਜਾਂਦੇ ਅਤੇ ਉੱਥੋਂ ਰੋਟੀ ਖਾ ਕੇ ਆਪਣੇ ਕਮਰੇ ਵਿਚ ਜਾ ਸੌਂਦੇ| ਸ਼ਕਲ ਉਹਨਾਂ ਦੀ ਭੱਦੀ ਜਿਹੀ ਸੀ| ਲੱਤਾਂ ਛੋਟੀਆਂ ਤੇ ਉਪਰਲਾ ਧੜ ਵੱਡਾ| ਗੱਲਾਂ ਪਿਚਕਵੀਆਂ ਤੇ ਬਾਚੀ ਕੁਝ ਅਗਾਂਹ ਨੂੰ ਵਧੀ ਹੋਈ| ਮੂੰਹ ਸਿਰ ਮੁੰਨਿਆ ਹੋਇਆ ਪਰ ਸਿਰ ਉਪਰ ਕੁੱਲੇ ਵਾਲੀ ਪੱਗ ਹੁੰਦੀ| ਪਿੱਠ ਪਿੱਛੇ ਮੁੰਡੇ ਉਹਨਾਂ ਨੂੰ Ḕਬਾਂਦਰ ਮੂੰਹਾḔ ਆਖਦੇ| ਉਹਨਾਂ ਦੀ ਕੁੱਟ ਵੀ ਪੁਲਸੀਆਂ ਦੀ ਕੁੱਟ ਵਾਲੀ ਹੁੰਦੀ ਸੀ| ਹੱਥਾਂ, ਚਿੱਤੜਾਂ ਅਤੇ ਪਿੰਜਣੀਆਂ Ḕਤੇ ਡੰਡੇ ਮਾਰਨੇ| ਮੈਂ ਉਹਨਾਂ ਕੋਲੋਂ ਪੜ੍ਹਿਆ ਹਾਂ| ਪਹਿਲੀਆਂ ਦੋ ਜਮਾਤਾਂ ਤਕ ਦੀ ਕੁੱਟ ਤਾਂ ਯਾਦ ਨਹੀਂ ਪਰ ਤੀਜੀ ਜਮਾਤ ਦੀ ਕੁੱਟ ਅਜੇ ਵੀ ਯਾਦ ਹੈ| ਉਹਨਾਂ ਇਕ ਹਿਸਾਬ ਦਾ ਸਵਾਲ ਸਲੇਟਾਂ ਉਪਰ ਲਿਖਵਾ ਕੇ ਉਸ ਨੂੰ ਦੋ ਮਿੰਟ ਵਿਚ ਹੱਲ ਕਰਨ ਲਈ ਕਿਹਾ| ਮੈਨੂੰ ਸਵਾਲ ਨਹੀਂ ਸੀ ਆ ਰਿਹਾ ਤੇ ਮੈਂ ਉਂਝ ਹੀ ਸਲੇਟ ਉਪਰ ਘੋਲ-ਕੰਡੇ ਜਿਹੇ ਮਾਰੀ ਜਾ ਰਿਹਾ ਸੀ| ਦੋ ਮਿੰਟ ਬਾਅਦ ਉਹਨਾਂ ਇਕ ਦਮ ਸਲੇਟਾਂ ਮੂਧੀਆਂ ਮਾਰ ਕੇ ਰੱਖ ਦੇਣ ਲਈ ਹੁਕਮ ਸੁਣਾ ਦਿੱਤਾ| ਮੈਨੂੰ ਘੋਲ-ਕੰਡੇ ਢਾਉੇਣ ਦਾ ਮੌਕਾ ਹੀ ਨਾ ਮਿਲਿਆ ਅਤੇ ਮੈਂ ਆਪਣੀ ਸਲੇਟ ਉਵੇਂ ਹੀ ਰੱਖ ਦਿੱਤੀ| ਕਿਸੇ ਕੋਲੋਂ ਵੀ ਪੂਰਾ ਸਵਾਲ ਨਹੀਂ ਸੀ ਕੱਢਿਆ ਗਿਆ| ਹਰ ਇਕ ਨੂੰ ਇਕ, ਦੋ ਜਾਂ ਤਿੰਨ ਡੰਡੇ ਦਾ ਪ੍ਰਸ਼ਾਦ ਮਿਲਦਾ ਗਿਆ| ਜਦੋਂ ਮੇਰੀ ਵਾਰੀ ਆਈ ਤਾਂ ਸਲੇਟ ਉਪਰ ਘੋਲ-ਕੰਡੇ ਦੇਖ ਕੇ ਜਿਵੇਂ ਉਹਨਾਂ ਦਾ ਗੁੱਸਾ ਸੱਤ ਅਸਮਾਨੇ ਚੜ੍ਹ ਗਿਆ| ਉਹ ਮੇਰੇ ਸਰੀਰ Ḕਤੇ ਥਾਂ ਥਾਂ ਡੰਡੇ ਮਾਰਦੇ ਹੋਏ ਕਹਿ ਰਹੇ ਸਨ, "ਹਰਾਮਖੋਰ, ਸੂਰ ਕੇ ਬੱਚੇ, ਯੇਹ ਸਵਾਲ ਨਿਕਾਲਾ ਹੈ ਤੂ ਨੇ?" ਕਈ ਜੁਆਕ ਤਾਂ ਅਧਿਆਪਕ ਦੇ ਹੱਥ ਵਿਚ ਡੰਡਾ ਉੱਗਰਿਆ ਦੇਖ ਕੇ ਹੀ ਡਾਡਾਂ ਮਾਰਨ ਲੱਗ ਪੈਂਦੇ ਸਨ ਪਰ ਮੈਂ ਡੁੰਨ ਵੱਟਾ ਬਣਿਆ ਮਾਰ ਖਾਈ ਜਾ ਰਿਹਾ ਸਾਂ ਤੇ ਰੋ ਨਹੀਂ ਸੀ ਰਿਹਾ| ਇਕ ਡੰਡਾ ਮੇਰੀ ਲੱਤ Ḕਤੇ ਉਸ ਥਾਂ ਵੱਜਿਆ ਜਿੱਥੇ ਕੁਝ ਮਹੀਨੇ ਪਹਿਲਾਂ ਕੁੱਤੇ ਦੇ ਕੱਟਣ ਨਾਲ ਜ਼ਖਮ ਹੋ ਗਿਆ ਸੀ| ਉਸ ਜਖਮ ਉਪਰ ਭਾਵੇਂ ਖਰੀਂਡ ਆ ਗਿਆ ਸੀ ਪਰ ਅੰਦਰੋਂ ਅਜੇ ਅੱਲ੍ਹਾ ਸੀ| ਇਸ ਡੰਡੇ ਦੀ ਪੀੜ ਮੇਰੀ ਸਹਿਣ ਸ਼ਕਤੀ ਤੋਂ ਬਾਹਰ ਹੋ ਗਈ ਅਤੇ ਮੈਂ ḔਹਾਏḔ ਕਹਿ ਕੇ ਸੱਜੇ ਹੱਥ ਨਾਲ ਉਸ ਥਾਂ ਨੂੰ ਪਲੋਸਣਾ ਚਾਹਿਆ| ਇਕ ਹੋਰ ਡੰਡਾ ਉਸੇ ਥਾਂ Ḕਤੇ ਵੱਜਣ ਲਈ ਆ ਗਿਆ ਪਰ ਮੇਰਾ ਹੱਥ ਉੱਥੇ ਹੋਣ ਕਰਕੇ ਡੰਡਾ ਮੇਰੇ ਗੁੱਟ Ḕਤੇ ਵੱਜਿਆ| ਮੈਂ ਉੱਚੀ ਲੇਰ ਮਾਰੀ,"ਹਾਏ! ਨੀ ਬੇਬੇ, ਮੇਰੀ ਬਾਂਹ ਟੁੱਟ ਗੀ|"  
        ਸ਼ਾਇਦ ਉਹ ਮੈਨੂੰ ਰੁਆਉਣਾ ਹੀ ਚਾਹੁੰਦੇ ਸਨ| ਡੰਡਾ ਉਹਨਾਂ ਆਪਣੀ ਕੱਛ ਵਿਚ ਲੈ ਲਿਆ ਅਤੇ ਬੋਲੇ, "ਹਰਾਮਖੋਰ, ਕਿਆ ਖੇਖਣ ਕਰਤਾ ਹੈ| ਲਿਆ ਦੇਖੂੰ ਕਹਾਂ ਟੂਟੀ ਹੈ ਬਾਂਹ|"
         ਗੁੱਟ ਦੇ ਕੋਲ ਜਿੱਥੇ ਡੰਡਾ ਵੱਜਿਆ ਸੀ, ਉਹ ਥਾਂ ਲਾਲ ਹੋ ਗਿਆ ਸੀ| ਮੇਰਾ ਰੰਗ ਬਹੁਤਾ ਗੋਰਾ ਹੋਣ ਕਰਕੇ ਜਿੱਥੇ ਜਿੱਥੇ ਵੀ ਡੰਡੇ ਵੱਜੇ ਸਨ, ਉੱਥੇ ਹੀ ਲਾਸਾਂ ਉਭਰ ਆਈਆਂ ਸਨ| ਪਿੰਜਣੀ Ḕਤੇ ਜ਼ਖਮ ਵਾਲੇ ਥਾਂ ਡੰਡਾ ਵੱਜਣ ਕਾਰਨ, ਉੱਥੋਂ ਲਹੂ ਵੀ ਨਿਕਲ ਆਇਆ ਸੀ ਤੇ ਵਗ ਕੇ ਗਿੱਟਿਆਂ ਤੱਕ ਚਲਾ ਗਿਆ ਸੀ| ਸ਼ਾਇਦ ਉਹਨਾਂ ਦੀ ਨਜ਼ਰ ਮੇਰੀ ਲੱਤ ਉਪਰ ਪੈ ਗਈ, ਮੇਰੀ ਬਾਂਹ ਛੱਡ ਕੇ ਉਹਨਾਂ ਹੁਕਮ ਕੀਤਾ, "ਜਾਹ, ਪਹਿਲੇ ਸੂਏ ਪੇ ਟਾਂਗੇਂ ਧੋ ਕਰ ਆ|" 
        ਸੂਆ ਸਕੂਲ ਦੇ ਨਾਲ ਦੀ ਵਗਦਾ ਸੀ| ਅਸੀਂ ਆਪਣੀਆਂ ਫੱਟੀਆਂ ਏਥੇ ਹੀ ਧੋਇਆ ਕਰਦੇ ਸੀ ਅਤੇ ਗਰਮੀਆਂ ਵਿਚ ਉੱਥੇ ਨਹਾਇਆ ਵੀ ਕਰਦੇ ਸਾਂ| ਮੈਂ ਕੁਝ ਦੇਰ ਲੱਤਾਂ ਲਮਕਾ ਕੇ ਸੂਏ ਦੀ ਪਟੜੀ Ḕਤੇ ਬੈਠਾ ਆਪਣੀ ਬਾਂਹ ਨੂੰ ਪਲੋਸਦਾ ਰਿਹਾ| ਗੁੱਟ ਦੇ ਨੇੜਿਉਂ ਬਾਂਹ ਉਪਰ ਸੋਜ਼ ਆ ਗਈ ਸੀ| ਲੱਤ ਵਿਚੋਂ ਲਹੂ ਸਿੰਮਣੋ ਹਟ ਗਿਆ ਸੀ ਪਰ ਬਾਂਹ ਵਿਚ ਦਰਦ ਉਵੇਂ ਹੋ ਰਿਹਾ ਸੀ| ਮੇਰਾ ਸਕੂਲ ਵੜਨ ਨੂੰ ਜੀਅ ਨਹੀਂ ਸੀ ਕਰਦਾ ਪਰ ਅਧਿਆਪਕ ਦੀ ਹੋਰ ਕੁੱਟ ਤੋਂ ਡਰਦਾ ਖੱਬੇ ਹੱਥ ਨਾਲ ਸੱਜਾ ਗੁੱਟ ਫੜ ਕੇ ਹੌਲ਼ੀ ਹੌਲ਼ੀ ਤੁਰਦਾ ਵਾਪਸ ਸਕੂਲ ਅੰਦਰ ਆ ਗਿਆ| ਮੈਨੂੰ ਹੌਲ਼ੀ ਤੁਰਦਾ ਦੇਖ ਮਾਸਟਰ ਜੀ ਕੜਕੇ, "ਐਸੇ ਕਿਉਂ ਚਲਤਾ ਹੈ, ਗੱਭਣ ਤੀਵੀਂ ਕੀ ਮਾਫਕ, ਦੌੜ ਕਰ ਆ|" ਪਰ ਮੈਂ ਆਪਣੀ ਚਾਲ ਬਦਲੀ ਨਾ, ਕਿਉਂਕਿ ਜੇ ਮੈਂ ਬਾਂਹ ਲਮਕਾ ਕੇ ਤੇਜ ਤੁਰਦਾ ਸੀ ਤਾਂ ਬਹੁਤੀ ਪੀੜ ਹੁੰਦੀ ਸੀ| ਮੈਂ ਅਜੇ ਵੀ ਡੁਸਕੀ ਜਾ ਰਿਹਾ ਸੀ| ਉਹਨਾਂ ਫਿਰ ਦਬਕਾ ਮਾਰਿਆ, "ਹਰਾਮਖੋਰ, ਕਿਉਂ ਰੋਤਾ ਹੈ, ਕਿਆ ਬਾਪ ਮਰ ਗਿਆ ਹੈ?"
    "ਜੀ, ਬਾਂਹ Ḕਚ ਬਹੁਤੀ ਪੀੜ ਹੁੰਦੀ ਐ|" ਮੈਂ ਡੁਸਕਦੇ ਹੋਏ ਕਿਹਾ| 
        ਉਹਨਾਂ ਮੇਰਾ ਗੁੱਟ ਫੜ ਕੇ ਦੇਖਿਆ| ਬਾਂਹ Ḕਤੇ ਸੋਜ ਆਈ ਦੇਖ, ਮਾਸਟਰ ਜੀ ਨੂੰ ਦਬਕੇ ਭੁੱਲ ਗਏ| ਉਹਨਾਂ ਮੇਰੇ ਬਸਤੇ ਨਾਲੋਂ ਚੱਪ ਕੁ ਚੌੜੀ ਲੀਰ ਪਾੜ ਲਈ| (ਉਨ੍ਹੀ ਦਿਨੀਂ ਪਾੜ੍ਹੇ ਕਿਤਾਬਾਂ ਝੋਲਿਆਂ ਜਾਂ ਬੈਗਾਂ ਵਿਚ ਪਾ ਕੇ ਨਹੀਂ ਸੀ ਸਕੂਲ ਆਉਂਦੇ| ਖੱਦਰ ਦਾ ਇਕ ਚੌਰਸ ਟੁਕੜਾ ਰੰਗ ਕੇ ਉਸ ਵਿਚ ਸਲੇਟ, ਤਿੰਨ ਕਿਤਾਬਾਂ, (ਹਿਸਾਬ, ਉਰਦੂ, ਤਾਰੀਖ ਜੁਗਰਾਫੀਆ) ਅਤੇ ਕਲਮ ਦਵਾਤ ਬੰਨ੍ਹ ਕੇ ਲਿਜਾਂਦੇ ਸੀ| ਬਸਤਾ ਫੱਟੀ Ḕਤੇ ਰੱਖਿਆ ਹੁੰਦਾ ਸੀ| ਹਰ ਜਮਾਤ ਦੇ ਬਸਤੇ ਦਾ ਰੰਗ ਅੱਡ ਅੱਡ ਹੁੰਦਾ ਸੀ|) ਅਧਿਆਪਕ ਨੇ ਉਹ ਲੀਰ ਮੇਰੇ ਗੁੱਟ Ḕਤੇ ਬੰਨ੍ਹ ਕੇ ਮੈਨੂੰ ਘਰ ਤੋਰ ਦਿੱਤਾ ਅਤੇ ਨਾਲ ਹੀ ਪੁਚਕਾਰ ਕੇ ਕਿਹਾ, "ਪੁੱਤਰ, ਘਰ ਜਾ ਕੇ ਇਹ ਕਹਿਣਾ ਕਿ ਮੈਂ ਡਿੱਗ ਪਿਆ ਸੀ, ਬਾਂਹ Ḕਤੇ ਤਾਂ ਸੱਟ ਲੱਗੀ ਐ|" ਹੁਣ ਮਾਸਟਰ ਜੀ ਨੂੰ ਉਰਦੂ ਬੋਲਣਾ ਵੀ ਭੁੱਲ ਗਿਆ ਸੀ ਸ਼ਾਇਦ|
        ਮੈਂ ਘਰ ਜਾ ਕੇ ਸੱਚੀ ਗੱਲ ਦੱਸ ਦਿੱਤੀ| ਮਾਂ ਨੇ ਮੇਰਾ ਗੁੱਟ ਧਿਆਨ ਨਾਲ ਦੇਖਿਆ ਤੇ ਉਂਗਲਾਂ ਹਿਲਾਉਣ ਲਈ ਕਿਹਾ| ਉਂਗਲਾਂ ਹਿੱਲ ਰਹੀਆਂ ਸਨ| Ḕਟੁੱਟਣੋ ਬੱਚ ਗਈ, ਹੱਡੀ ਤਿੜਕੀ ਐḔ ਕਹਿ ਕੇ, ਮਾਂ ਨੇ ਪਹਿਲਾਂ ਪੋਣੇ ਵਿਚ ਗਰਮ ਸੁਆਹ ਪਾ ਕੇ ਬਾਂਹ ਉਪਰ ਸੇਕ ਦਿੱਤਾ ਅਤੇ ਫੇਰ ਹੋਰ ਮੋਟੇ ਲੀੜੇ ਦੀ ਪੱਟੀ ਬੰਨ੍ਹ ਕੇ ਬਾਂਹ ਬੰਗਣੇ ਪਾ ਦਿੱਤੀ| ਮੈਂ ਕਈ ਦਿਨ ਬਾਂਹ ਨੂੰ ਬੰਗਣਾ ਪਾਈ ਰੱਖਿਅ ਤੇ ਸਕੂਲ ਨਹੀਂ ਸੀ ਗਿਆ| ਮਾਂ ਨੇ ਸਕੂਲ ਜਾ ਕੇ ਮਾਸਟਰਾਂ ਨੂੰ ਕੋਈ ਉਲਾਹਮਾ ਨਹੀਂ ਸੀ ਦਿੱਤਾ ਅਤੇ ਨਾ ਹੀ ਉਹਨਾਂ ਲਈ ਕੋਈ ਮੰਦਾ ਸ਼ਬਦ ਬੋਲਿਆ, ਸਗੋਂ ਉਸ ਮੈਨੂੰ ਹੀ ਕਿਹਾ ਸੀ, Ḕਤੂੰ ਪੜ੍ਹਦਾ ਕਿਉਂ ਨਹੀਂ ਹੁੰਦਾ! ਜੇ ਪੜ੍ਹਿਆ ਕਰੇਂ ਤਾਂ ਕੁੱਟ ਤਾਂ ਨਾ ਖਾਇਆ ਕਰੇਂ|Ḕ
        ਆਥਣੇ ਘਰ ਆਏ ਮੇਰੇ ਬਾਪ ਨੂੰ ਮਾਂ ਨੇ ਦੱਸਿਆ, "ਜਰਨੈਲ ਮ੍ਹਾਟਰ ਕੋਲੋਂ ਗੁੱਟ ਤੁੜਵਾ ਲਿਆਇਐ ਅੱਜ|" ਮੇਰੇ ਬਾਪ ਨੇ ਬੱਸ ਇੰਨਾ ਹੀ ਕਿਹਾ, Ḕਇੱਲਤਾਂ ਕਰਦਾ ਹੋਊ|Ḕ ਉਹ ਹੋਰ ਕੁਝ ਨਹੀਂ ਸੀ ਬੋਲਿਆ| ਉਦੋਂ ਬਹੁਤ ਹੀ ਘੱਟ ਮਾਪੇ ਸਕੂਲਾਂ ਵਿਚ ਉਲਾਹਮੇ ਦੇਣ ਜਾਂਦੇ ਸਨ| ਮਾਪਿਆਂ ਦੀ ਧਾਰਨਾ ਤਾਂ ਇਹ ਹੁੰਦੀ ਸੀ ਕਿ Ḕਮੁੰਡਾ ਤੇ ਰੰਬਾ ਚੰਡਿਆ ਹੀ ਠੀਕ ਰਹਿੰਦਾ ਹੈ|Ḕ ਇਸ ਦੇ ਉਲਟ ਜਿਹੜਾ ਪਾੜ੍ਹਾ ਬਹੁਤੀਆਂ ਸ਼ਰਾਰਤਾਂ ਕਰਦਾ ਤੇ ਅਧਿਆਪਕਾਂ ਨੂੰ ਟਿੱਚ ਸਮਝਦਾ, ਮਾਸਟਰ ਉਸ ਦੀ ਸ਼ਕਾਇਤ ਜ਼ਰੂਰ ਮਾਪਿਆਂ ਕੋਲ ਕਰ ਦਿੰਦੇ ਸਨ| ਪਰ ਅਜੇਹਾ ਸਮਾਂ ਘੱਟ ਹੀ ਆਉਂਦਾ ਸੀ| ਉਂਜ ਇਕ ਵਾਰ ਮੇਰੀ ਵੀ ਸ਼ਕਾਇਤ ਹੋ ਗਈ ਸੀ|  
       ਮਾਸਟਰ ਲੇਖ ਰਾਜ ਕੋਲੋਂ ਮੈਂ ਪੜ੍ਹਦਾ ਤੇ ਡਰਦਾ ਜ਼ਰੂਰ ਸਾਂ ਪਰ ਮੇਰੇ ਦਿਲ ਵਿਚ ਉਹਨਾਂ ਲਈ ਕੋਈ ਸਤਿਕਾਰ ਪੈਦਾ ਨਾ ਹੋ ਸਕਿਆ| ਮੇਰੀ ਬਾਂਹ ਦੀ ਸੱਟ ਤੋਂ ਦੋ ਕੁ ਮਹੀਨੇ ਮਗਰੋਂ ਦੀ ਗੱਲ ਹੈ| ਛੁੱਟੀ ਵਾਲੇ ਦਿਨ ਅਸੀਂ ਪਿਪਲੀ ਹੇਠਾਂ ਬਾਂਦਰ ਕਿੱਲਾ ਖੇਡ ਰਹੇ ਸੀ| ਸਾਡੇ ਕੋਲ ਦੀ ਮਾਸਟਰ ਲੇਖ ਰਾਜ ਲੰਘ ਗਏ| ਮੈਂ ਆਪਣੇ ਨਾਲ ਦੇ ਮੁੰਡੇ, ਜਿਹੜਾ ਸਕੂਲ ਵਿਚ ਨਹੀਂ ਸੀ ਪੜ੍ਹਦਾ, ਨੂੰ ਕਿਹਾ, "ਅਹੁ ਜਾਂਦੈ ਭੈਣ ਦੇਣਾ ਬਾਂਦਰ ਮੂੰਹਾਂ, ਜੀਹਨੇ ਮੇਰੀ ਬਾਂਹ ਤੋੜੀ ਸੀ|" ਮੁੰਡਿਆਂ ਨੇ ਜਿਹੜੇ ਛਿੱਤਰ ਖੇਡਣ ਵਾਸਤੇ ਇਕੱਠੇ ਕੀਤੇ ਸੀ, ਐਵੇਂ ਹਵਾ ਵਿਚ ਹੀ ਚਲਾ ਦਿੱਤੇ ਕਿਉਂਕਿ ਉਹ ਤਾਂ ਦੂਰ ਨਿਕਲ ਗਏ ਸਨ| ਸ਼ਰਾਰਤੀ ਮੁੰਡੇ ਪਿੱਠ ਪਿੱਛੇ ਉਹਨਾਂ ਨੂੰ Ḕਬਾਂਦਰ ਮੂਹਾḔ ਕਹਿ ਕੇ ਲੁਕ ਜਾਂਦੇ ਸੀ| ਅਗਲੇ ਦਿਨ ਜਦੋਂ ਸਕੂਲ ਗਿਆ ਤਾਂ ਮਾਸਟਰ ਲੇਖ ਰਾਜ ਨੇ ਬਿਨਾਂ ਕਿਸੇ ਕਾਰਨ ਹੀ ਬੜੀ ਦੇਰ ਮੇਰੇ ਕੰਨ ਫੜਵਾਈ ਰੱਖੇ| ਮੇਰੇ ਵੱਲੋਂ ਕੱਢੀ ਗਾਲ੍ਹ ਤੇ ਛਿੱਤਰ ਚਲਾਉਣ ਬਾਰੇ ਸ਼ਾਇਦ ਸਾਡੇ ਵਿਚੋਂ ਹੀ ਕਿਸੇ ਮੁੰਡੇ ਨੇ ਸ਼ਕਾਇਤ ਲਾ ਦਿੱਤੀ ਹੋਵੇ| ਉਹਨਾਂ ਮੇਰੇ ਬਾਬੇ ਨੂੰ ਵੀ ਉਲਾਹਮਾ ਦਿੱਤਾ, "ਉਹ, ਜਿਹੜਾ ਥੋਡਾ ਰਿੱਛ ਐ। ਉਹ ਮੈਨੂੰ ਸਿੱਧੀਆਂ ਗਾਲ੍ਹਾਂ ਕੱਢਦਾ| ਉਹਨੇ ਪੜ੍ਹਨਾ ਤਾਂ ਹੈ ਨਹੀਂ, ਉਹਨੂੰ ਮੱਝਾਂ ਮਗਰ ਲਾਉ|" ਬਾਬੇ ਨੇ ਪਹਿਲਾਂ ਮੈਨੂੰ ਝਿੜਕਿਆ ਅਤੇ ਫਿਰ ਸਾਡੇ ਘਰਦਿਆਂ ਨੂੰ ਮੇਰੀ ਕਰਤੂਤ ਬਾਰੇ ਦੱਸਿਆ| ਮੇਰੇ ਬਾਪ ਨੇ ਮੈਨੂੰ ਕੁਝ ਨਹੀਂ ਕਿਹਾ ਪਰ ਮਾਂ ਕੋਲੋਂ ਜਰੂਰ ਝਿੜਕਾਂ ਮਿਲੀਆਂ| ਮੈਂ ਮੱਝਾਂ ਮਗਰ ਜਾਣ ਦੀ ਥਾਂ ਢੀਠ ਬਣ ਕੇ ਸਕੂਲ ਜਾਂਦਾ ਰਿਹਾ ਅਤੇ ਲੇਖ ਰਾਜ ਤੋਂ ਕੁੱਟ ਖਾਂਦਾ ਰਿਹਾ| ਮੈਂ ਸਕੂਲ ਨਾ ਛੱਡਿਆ ਪਰ ਕੁਝ ਸਮੇਂ ਬਾਅਦ ਉਹਨਾਂ ਦੀ ਬਦਲੀ ਹੋ ਗਈ ਅਤੇ ਉਹ ਸਕੂਲ ਛੱਡ ਕੇ ਚਲੇ ਗਏ| ਉਹਨਾਂ ਦੀ ਥਾਂ ਮੇਰੇ ਚਾਚਾ ਜੀ, ਮਾਸਟਰ ਪਾਖਰ ਸਿੰਘ ਆ ਗਏ ਅਤੇ ਸਾਡੀ ਜਮਾਤ ਮਾਸਟਰ ਇੰਦਰ ਸਿੰਘ ਕੋਲ ਚਲੀ ਗਈ|
         ਮਾਸਟਰਾਂ ਦੀ ਕੁੱਟ ਨੂੰ ਬਹੁਤਾ ਗੌਲ਼ਿਆ ਨਹੀਂ ਸੀ ਜਾਂਦਾ| Ḕਦੋ ਪਈਆਂ, ਵਿੱਸਰ ਗਈਆਂḔ ਵਾਲੀ ਗੱਲ ਹੁੰਦੀ ਸੀ ਪਰ ਜਦੋਂ ਕੋਈ ਮੁੰਡਾ ਮਾਸਟਰ ਦੇ ਕਹੇ ਕਿਸੇ ਦੂਜੇ ਮੁੰਡੇ ਨੂੰ ਚੁਪੇੜਾਂ ਮਾਰਦਾ ਸੀ ਤਾਂ ਉਸ ਨੂੰ ਸਹਿਣ ਨਹੀਂ ਸੀ ਕੀਤਾ ਜਾਂਦਾ| ਇਕ ਵਾਰ ਮਾਸਟਰ ਇੰਦਰ ਸਿੰਘ ਨੇ ਇਕ ਸਵਾਲ ਹੱਲ ਕਰਨ ਲਈ ਦਿੱਤਾ ਮੇਰੇ ਤੇ ਲਾਭੇ ਤੋਂ ਬਿਨਾਂ ਬਾਕੀ ਸਾਰੀ ਜਮਾਤ ਨੇ ਸਹੀ ਸਵਾਲ ਕੱਢਿਆ| ਮਾਸਟਰ ਨੇ ਸਾਨੂੰ ਇਹ ਸਜ਼ਾ ਦਿੱਤੀ ਕਿ ਅਸੀਂ ਇਕ ਦੂਜੇ ਦੇ ਦੋ ਦੋ ਚੁਪੇੜਾਂ ਮਾਰੀਏ| ਮੈਂ ਲਾਭੇ ਨੂੰ ਹੌਲ਼ੀ ਜਿਹੇ ਕਿਹਾ ਕਿ ਚੁਪੇੜਾਂ ਪੋਲੀਆਂ ਮਾਰਨੀਆਂ ਹਨ| ਪਹਿਲਾਂ ਮੈਂ ਉਸ ਦੇ ਪੋਲੇ ਜਿਹੇ ਦੋ ਚੁਪੇੜਾਂ ਮਾਰ ਦਿੱਤੀਆਂ ਪਰ ਲਾਭੇ ਨੇ ਮੇਰੇ ਪੂਰੇ ਜੋਰ ਨਾਲ ਚੁਪੇੜਾਂ ਮਾਰੀਆਂ| ਮੈਨੂੰ ਉਸ ਉਪਰ ਗੁੱਸਾ ਬਹੁਤ ਆਇਆ ਤੇ ਇਸ ਦਾ ਬਦਲਾ ਲੈਣ ਲਈ, ਸਾਰੀ ਛੁੱਟੀ ਮਗਰੋਂ, ਰਾਹ ਵਿਚ ਤੁਰੇ ਜਾਂਦੇ ਦੇ ਮੈਂ ਢੂਈ Ḕਚ ਫੱਟੀ ਮਾਰ ਕੇ ਭੱਜ ਗਿਆ ਪਰ ਘਰਾਂ Ḕਚੋਂ ਮੇਰੇ ਚਚੇਰੇ ਭਰਾ, ਪ੍ਰੀਤੂ ਨੇ ਮੈਨੂੰ ਫੜ ਲਿਆ| ਮੈਂ ਉਸ ਦੇ ਵੀ ਫੱਟੀ ਜੜ ਦਿੱਤੀ| ਜਦੋਂ ਨੂੰ ਲਾਭਾ ਮੇਰੇ ਨੇੜੇ ਆਇਆ ਤਾਂ ਮੇਰੇ ਆੜੀ ਲਾਲ ਦੀਨ ਨੇ ਉਸ ਦੇ ਚਿੱਤੜਾਂ Ḕਤੇ ਤਿੰਨ ਚਾਰ ਟੇਢੇ ਲੋਟ ਫੱਟੀਆਂ ਮਾਰੀਆਂ, ਜਿਸ ਕਾਰਨ ਲਾਭੇ ਦੀਆਂ ਲੇਰਾਂ ਨਿਕਲ ਗਈਆਂ| ਅਸੀਂ ਭੱਜ ਕੇ ਮੁੜ ਸਕੂæਲ ਚਲੇ ਗਏ| ਲਾਲ ਦੀਨ ਨੇ ਝੂਠੀ ਮੂਠੀ ਰੋਂਦੇ ਹੋਏ ਮਾਸਟਰ ਇੰਦਰ ਸਿੰਘ ਕੋਲ ਸ਼ਕਾਇਤ ਲਾ ਦਿੱਤੀ ਕਿ ਲਾਭੇ ਹੁਰਾਂ ਨੇ ਸਾਨੂੰ ਕੁੱਟਿਆ ਹੈ| ਇੰਨੇ ਨੂੰ ਲਾਭਾ ਵੀ ਲੇਰਾਂ ਮਾਰਦਾ ਆ ਗਿਆ ਤੇ ਉਸ ਦੇ ਨਾਲ ਪ੍ਰੀਤੂ ਵੀ ਸੀ| ਮਾਸਟਰ ਨੇ ਬਿਨਾਂ ਕੋਈ ਪੁੱਛ ਪੜਤਾਲ  ਕੀਤਿਆਂ, ਸਾਡੇ ਚਾਰਾਂ ਦੇ ਕੰਨ ਫੜਾ ਦਿੱਤੇ| ਲੱਤਾਂ ਹੇਠ ਦੀ ਮੈਂ ਤੇ ਲਾਲ ਦੀਨ ਇਕ ਦੂਜੇ ਨੂੰ ਦੇਖ ਦੇਖ ਮੁਸਕੜੀਏਂ ਹੱਸਦੇ ਰਹੇ|
        ਲਾਲ ਦੀਨ ਮੇਰਾ ਆੜੀ ਸੀ| ਆੜੀ ਮੇਰਾ ਬਸ਼ੀਰਾ ਵੀ ਸੀ, ਬੁਸ਼ੀਰ ਮੁਹੰਮਦ| ਲਾਲ ਦੀਨ ਜੁਲਾਹਿਆਂ ਦਾ ਮੁੰਡਾ ਸੀ, ਪੱਕੇ  ਰੰਗ ਦਾ ਗਿੱਠੂ ਜਿਹਾ, ਸਿਰ Ḕਤੇ ਪੱਗ ਬੰਨ੍ਹਦਾ| ਬਸ਼ੀਰਾ ਸ਼ੇਖ਼ਾਂ ਦਾ ਮੁੰਡਾ ਸੀ, ਗੋਰਾ ਰੰਗ, ਕੱਦ ਵਿਚ ਮੇਰੇ ਨਾਲੋਂ ਉੱਚਾ ਅਤੇ ਸਿਰ Ḕਤੇ ਗੋਲ ਟੋਪੀ ਲੈਂਦਾ| ਮੁਸਲਮਾਨਾਂ ਦੇ ਇਹੋ ਦੋ ਮੁੰਡੇ ਸਾਡੀ ਜਮਾਤ ਵਿਚ ਪੜ੍ਹਦੇ ਸਨ| ਇਹ ਤੱਪੜ ਦੇ ਅਖੀਰ Ḕਤੇ ਬੈਠਦੇ ਸਨ| ਦੂਜੀਆਂ ਜਮਾਤਾਂ ਵਿਚ ਵੀ ਮੁਸਲਮਾਨਾਂ ਦੇ ਮੁੰਡੇ ਤੱਪੜਾਂ Ḕਤੇ ਪਿੱਛੇ ਹੀ ਬੈਠਦੇ ਸਨ| ਸਾਡਾ ਖਾਣ ਪੀਣ ਭਾਵੇਂ ਮੁਸਮਾਨ ਮੁੰਡਿਆਂ ਤੋਂ ਵੱਖਰਾ ਸੀ ਪਰ ਅਸੀਂ ਪੜ੍ਹਦੇ, ਖੇਡਦੇ ਤੇ ਲੜਦੇ ਇਕੱਠੇ ਸਾਂ| ਅਸੀਂ ਤਾਂ ਮਾਸਟਰਾਂ ਕੋਲੋਂ ਕੁੱਟ ਵੀ ਇਕੱਠੇ ਖਾਂਦੇ ਸੀ| ਹਿਸਾਬ ਵਿਚ ਕਮਜ਼ੋਰ ਹੋਣ ਕਰਕੇ ਮੈਂ ਵੀ ਪਿੱਛੇ ਬੈਠਣ ਵਾਲਿਆਂ ਵਿਚ ਹੀ ਸੀ ਪਰ ਬਸ਼ੀਰੇ ਤੇ ਲਾਲ ਦੀਨ ਤੋਂ ਅੱਗੇ ਬੈਠਦਾ ਸਾਂ| ਇਸੇ ਕਰਕੇ ਮੇਰੀ ਉਹਨਾਂ ਨਾਲ ਆੜੀ ਪੈ ਗਈ ਸੀ| ਜਦੋਂ ਬਸ਼ੀਰੇ ਨੂੰ ਸੁੰਨਤ ਬਿਠਾਇਆ ਗਿਆ ਤਾਂ ਅਸੀਂ ਕਈ ਮੁੰਡੇ ਉਹਨਾਂ ਦੇ ਘਰ ਗਏ ਸੀ| ਉਹਨਾਂ ਸਾਨੂੰ ਖਾਣ ਲਈ ਕਾਗਜ਼ਾਂ Ḕਤੇ ਪਾ ਕੇ ਪੀਲ਼ੇ ਮਿੱਠੇ ਚੌਲ਼ ਦਿੱਤੇ| ਦੂਜੇ ਮੁੰਡਿਆਂ ਨੇ ਤਾਂ ਉਹ ਚੌਲ਼ ਰਾਹ ਵਿਚ ਹੀ ਸੁੱਟ ਦਿੱਤੇ ਸਨ ਪਰ ਮੈਂ ਉਹ ਚੌਲ਼ ਖਾ ਲਏ| ਬੜੇ ਹੀ ਸਵਾਦੀ ਚੌਲ਼ ਸਨ| ਘਰ ਵਿਚ ਅਜੇਹੇ ਸਵਾਦੀ ਚੌਲ਼ ਪਹਿਲਾਂ ਕਦੀ ਨਹੀਂ ਸੀ ਖਾਧੇ| ਮੇਰਾ ਤਾਂ ਹੋਰ ਚੌਲ਼ ਖਾਣ ਨੂੰ ਜੀਅ ਕਰਦਾ ਸੀ ਪਰ ਸੰਗਦਾ ਹੋਰ ਮੰਗ ਨਹੀਂ ਸੀ ਸਕਦਾ| ਮੇਰੇ ਨਾਲ ਦੇ ਮੁੰਡਿਆਂ ਨੇ ਸਾਡੇ ਘਰ ਦੱਸ ਦਿੱਤਾ ਕਿ ਮੈਂ ਮੁਸਲਮਾਨਾਂ ਦੇ ਘਰੋਂ ਚੌਲ਼ ਖਾ ਕੇ ਆਇਆਂ ਹਾਂ| ਮਾਂ ਨੇ ਗਾਲ੍ਹਾਂ ਨਾਲ ਮੈਨੂੰ ਚੰਗਾ ਵਰਸਾਜਿਆ ਪਰ ਹੁਣ ਚੌਲ਼ ਢਿੱਡ ਵਿਚੋਂ ਤਾਂ ਨਿਕਲ ਨਹੀਂ ਸੀ ਸਕਦੇ| ਹਾਂ! ਮਾਂ ਨੇ ਮੇਰੇ ਕੋਲੋਂ ਕੁਰਲੀਆਂ ਕਰਵਾ ਕੇ ਮੈਨੂੰ ਨਹਾਉਣ ਲਈ ਜ਼ਰੂਰ ਮਜਬੂਰ ਕੀਤਾ ਸੀ| ਮੈਨੂੰ ਅਜੇਹੇ ਵਿਤਕਰੇ ਦੀ ਉਸ ਸਮੇਂ ਕੋਈ ਸਮਝ ਨਹੀਂ ਸੀ ਆਈ ਕਿ ਅਸੀਂ ਮੁਸਲਮਾਨਾਂ ਜਾਂ ਮਜ਼੍ਹਬੀਆਂ ਦੇ ਘਰਾਂ ਦਾ ਖਾਣਾ ਕਿਉਂ ਨਹੀਂ ਸੀ ਖਾ ਸਕਦੇ, ਅਤੇ ਉਹ ਸਾਡੇ ਘਰਾਂ ਵਿਚੋਂ ਕਿਉਂ ਖਾ ਲੈਂਦੇ ਹਨ| ਬੱਸ ਵੱਡਿਆਂ ਦੀ ਰੀਸੇ ਲਕੀਰ ਦੇ ਫਕੀਰ ਬਣੇ ਉਹੋ ਕੁਝ ਹੀ ਕਰਦੇ ਕਰਾਉਂਦੇ ਸੀ, ਜਿਵੇਂ ਵੱਡਿਆਂ ਨੂੰ ਦੇਖਦੇ ਸੀ| ਜੇ ਕੋਈ ਲਕੀਰ ਤੋਂ ਪਾਸੇ ਹੋਣ ਦੀ ਦਲੇਰੀ ਕਰਦਾ ਸੀ ਤਾਂ ਉਸ ਨੂੰ ਸਜ਼ਾ ਮਿਲਦੀ ਸੀ| 
        ਸਜ਼ਾ ਤਾਂ ਸਕੂਲ ਵਿਚ ਹੋਰਨਾ ਕਾਰਨਾਂ ਕਰਕੇ ਵੀ ਮਿਲਦੀ ਸੀ| ਸਕੂਲ ਵਿਚ ਸਫਾਈ ਕਰਮਚਾਰੀ ਕੋਈ ਨਹੀਂ ਸੀ ਰੱਖਿਆ ਹੋਇਆ| ਪੰਜ ਸੱਤ ਮੁੰਡੇ ਵਾਰੀ ਸਿਰ ਸੁਬ੍ਹਾ ਸਵੇਰੇ ਸਾਰੇ ਸਕੂਲ ਨੂੰ ਸੰਬਰਦੇ ਸਨ| ਇਕ ਹਫਤਾ ਪਹਿਲਾਂ ਹੀ ਡਿਉਟੀਆਂ ਲੱਗ ਜਾਂਦੀਆਂ| ਜਿਹੜਾ ਮੁੰਡਾ ਸਫਾਈ ਕਰਨ ਤੋਂ ਟਾਲ਼ਾ ਵੱਟ ਜਾਂਦਾ, ਉਸ ਨੂੰ ਕੰਨ ਫੜਵਾ ਕੇ ਡੰਡਿਆਂ ਦੀ ਸਜ਼ਾ ਮਿਲਦੀ ਸੀ ਅਤੇ ਨਾਲ ਹੀ ਸੰਬਰੇ ਹੋਏ ਸਾਰੇ ਸਿਹਨ ਨੂੰ ਦੋਬਾਰਾ ਸੰਬਰਨਾ ਪੈਂਦਾ ਸੀ| ਜੇ ਉਹ ਉਸ ਦਿਨ ਸਕੂਲ ਨਹੀਂ ਸੀ ਆਉਂਦਾ ਜਾਂ ਅਗਲੇ ਤੋਂ ਅਗਲੇ ਦਿਨ ਵੀ ਨਹੀਂ ਸੀ ਆਉਂਦਾ ਤਾਂ ਵੀ ਸਫਾਈ ਵਾਲਾ ਕੰਮ ਉਸ ਨੂੰ ਕਰਨਾ ਹੀ ਪੈਂਦਾ ਸੀ, ਜਿਸ ਦਿਨ ਵੀ ਉਹ ਸਕੂਲ ਆਉਂਦਾ| ਇਸ ਕਰਕੇ ਮੁੰਡੇ ਘੱਟ ਹੀ ਟਾਲ਼ਾ ਵੱਟਦੇ ਸਨ| ਮੈਂ ਵੀ ਸਕੂਲ ਦੀ ਸਫਾਈ ਤੋਂ ਕਦੀ ਟਾਲ਼ਾ ਨਹੀਂ ਸੀ ਵੱਟਿਆ|
        ਜੇ ਅਧਿਆਪਕ ਪਾੜ੍ਹਿਆਂ ਨੂੰ ਸਜ਼ਾ ਦਿੰਦੇ ਸਨ ਤਾਂ ਆਪ ਵੀ ਸਜ਼ਾਵਾਂ ਤੋਂ ਬਹੁਤ ਡਰਦੇ ਸਨ| ਉਹਨਾਂ ਨੂੰ ਡਰ ਉਪਰਲੇ ਅਫਸਰਾਂ ਦਾ ਹੁੰਦਾ ਸੀ| ਤਹਿਸੀਲ ਦੇ ਸਕੂਲ ਇਨਸਪੈਕਟਰ ਨੂੰ Ḕਏæਡੀæ ਆਈæḔ ਕਿਹਾ ਜਾਂਦਾ ਸੀ ਅਤੇ ਜ਼ਿਲਾ ਇਨਸਪੈਕਟਰ ਨੂੰ ḔਡੀæਆਈæḔ ਪਰ ਪਾੜ੍ਹੇ ਤੇ ਆਮ ਪਿੰਡਾਂ ਵਾਲੇ ਉਹਨਾਂ ਨੂੰ ḔਬਾਬੂḔ ਕਹਿੰਦੇ ਸਨ| ਡੀæਆਈæ ਕਦੀ ਵੀ ਸਾਡੇ ਸਕੂਲ ਵਿਚ ਨਹੀਂ ਸੀ ਆਇਆ| ਪਰ ਏੇæਡੀæਆਈæ (ਬਾਬੂ) ਦੇ ਚੱਕਰ ਲੱਗਦੇ ਹੀ ਰਹਿੰਦੇ ਸਨ| ਇਨਸਪੈਕਟਰ ਦੇ ਸਕੂਲ ਨਰੀਖਣ ਨੂੰ Ḕਬਾਬੂ ਦਾ ਮੁਆਇਨਾ ਕਰਨ ਆਉਣਾḔ ਕਹਿੰਦੇ ਸਨ| ਜਦੋਂ ਉਹ ਪੱਕੀ ਤ੍ਰੀਕ ਦੱਸ ਕੇ ਨਰੀਖਣ ਕਰਨ ਆਉਂਦਾ ਸੀ, ਉਸ ਨੂੰ ਪੱਕਾ ਮਆਇਨਾḔ ਕਿਹਾ ਜਾਂਦਾ ਸੀ ਅਤੇ ਜਦੋਂ ਉਹ ਅਚਨਚੇਤ ਹੀ ਛਾਪਾ ਮਾਰਦਾ ਸੀ, ਉਸ ਨੂੰ Ḕਕੱਚਾ ਮੁਆਇਨਾḔ ਕਿਹਾ ਜਾਂਦਾ ਸੀ| ਸਕੂਲ ਵਿਚ ਅਚਨਚੇਤ ਪਏ ਛਾਪੇ ਵੇਲ਼ੇ ਤਾਂ ਅਧਿਆਪਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ| ਸਕੂਲ ਵਿਚ ਬਾਬੂ ਦੇ ਆਉਣ ਦੀਆਂ ਦੋ ਝਲਕੀਆਂ ਯਾਦ ਆ ਰਹੀਆਂ ਹਨ| ਮੈਂ ਉਦੋਂ ਤੀਸਰੀ ਜਮਾਤ ਵਿਚ ਪੜ੍ਹਦਾ ਸੀ| ਗਰਮੀ ਦੀਆਂ ਛੁੱਟੀਆਂ ਲੰਘੀਆਂ ਨੂੰ ਥੋੜੇ ਦਿਨ ਹੀ ਹੋਏ ਸਨ| ਅਸੀਂ ਸਾਰੀ ਜਮਾਤ ਸੂਏ ਤੋਂ ਫੱਟੀਆਂ ਪੋਚ ਕੇ, ਅੰਜੀਰ ਦੇ ਬੂਟੇ ਕੋਲ ਖੜ੍ਹੇ, ਫੱਟੀਆਂ ਘੁਮਾਉਂਦੇ ਹੋਏ Ḕਸੂਰਜਾ ਸੂਰਜਾ ਫੱਟੀ ਸੁਕਾ, ਨਹੀਂ ਸਕਾਉਣੀਂ ਘਰ ਨੂੰ ਜਾਹḔ ਦਾ ਰਾਗ ਅਲਾਪ ਰਹੇ ਸੀ| ਕਈ ਮੁੰਡੇ ਸਕੂਲ ਦੇ ਵਿਹੜੇ ਵਿਚ ਖੇਡ ਰਹੇ ਸਨ| ਘੋੜੇ Ḕਤੇ ਚੜ੍ਹਿਆ ਚੜ੍ਹਾਇਆ ਇਕ ਬੰਦਾ ਸਕੂਲ ਦਾ ਗੇਟ ਲੰਘ ਆਇਆ| ਉਸ ਦੇ ਕੁੱਲੇ ਵਾਲੀ ਪੱਗ ਬੱਧੀ ਹੋਈ ਸੀ ਅਤੇ ਸਫੇਦ ਕਮੀਜ਼ ਪਜਾਮਾ ਪਾਇਆ ਹੋਇਆ ਸੀ| ਘੋੜੇ ਦੇ ਮਗਰ ਇਕ ਹੋਰ ਬੰਦਾ ਵੀ ਤੁਰਿਆ ਆ ਰਿਹਾ ਸੀ| ਉਹਨਾਂ ਨੂੰ ਅੰਦਰ ਆਇਾਆ ਦੇਖ, ਸਿਹਨ ਵਿਚ ਖੇਡਦੇ ਮੁੰਡੇ ਦੌੜ ਕੇ ਆਪਣੀਆਂ ਜਮਾਤਾਂ ਵਿਚ ਜਾ ਬੈਠੇ| ਉਸ ਸਮੇਂ ਮਾਸਟਰ ਲੇਖ ਰਾਜ ਟਾਹਲੀ ਹੇਠ, ਮੰਜੇ Ḕਤੇ ਪਿਆ ਸੀ ਅਤੇ ਉਸ ਦੇ ਕੋਲ ਬੈਠੀ ਦੂਸਰੀ ਜਮਾਤ ਉੱਚੀ ਉੱਚੀ ਸਬਕ ਯਾਦ ਕਰ ਰਹੀ ਸੀ| ਉਹ ਭੁੜਕ ਕੇ ਮੰਜੇ ਉਠਿਆ ਤੇ ਭੱਜ ਕੇ ਘੋੜੇ ਦੀ ਵਾਗ ਜਾ ਫੜੀ| ਸਾਡੇ ਵਿਚੋਂ ਇਕ ਮੁੰਡਾ ਬੋਲਿਆ, Ḕਬਾਬੂ ਆ ਗਿਆ|Ḕ ਅਤੇ ਅਸੀਂ ਵੀ ਝਟ ਆਪਣੀ ਜਮਾਤ ਵਿਚ ਚੁੱਪ ਕਰ ਕੇ ਜਾ ਬੈਠੇ, ਜਿਹੜੀ ਦੂਸਰੀ ਜਮਾਤ ਤੋਂ ਥੋੜੀ ਦੂਰ ਇਕ ਹੋਰ ਟਾਹਲੀ ਹੇਠ ਲੱਗੀ ਹੋਈ ਸੀ| ਮਾਸਟਰ ਇੰਦਰ ਸਿੰਘ, ਜਿਹੜੇ ਕਮਰੇ ਅੰਦਰ ਪੜ੍ਹਾ ਰਹੇ ਸਨ, ਉਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਕਿ ਉਹ ਵੀ ਬਾਬੂ ਕੋਲ ਚਲੇ ਗਏ| ਘੋੜੇ ਤੋਂ ਉਤਰਦਿਆਂ ਹੀ ḔਬਾਬੂḔ ਨੇ ਗੁੱਸੇ ਵਿਚ ਕਿਹਾ, "ਯਿਹ ਸਕੂਲ ਹੈ ਯਾ ਭੇੜ ਬਕਰੀਓਂ ਕਾ ਬਾੜਾ!" ਮਾਸਟਰਾਂ ਨੇ ਪਤਾ ਨਹੀਂ ਕੀ ਕਿਹਾ ਪਰ ਦੋਹਾਂ ਦੇ ਹੱਥ ਜੁੜੇ ਹੋਏ ਸਨ ਅਤੇ ਕੁਝ ਕਹਿ ਰਹੇ ਸਨ| ਘੋੜੇ ਦੀ ਵਾਗ ਨਾਲ ਆਏ ਬੰਦੇ ਨੇ ਫੜ ਲਈ ਸੀ| ਸਕੂਲ ਵਿਚ ਬਾਬੂ ਆਏ ਦਾ ਪਤਾ ਲੱਗਣ Ḕਤੇ ਸਾਰਾ ਸਕੂਲ ਹੀ ਸੁਸਰੀ ਵਾਂਗ ਸੌਂ ਗਿਆ ਜਾਪਦਾ ਸੀ| ਬਾਬੂ ਪਹਿਲਾਂ ਕਮਰੇ ਅੰਦਰ ਪੰਜਵੀਂ ਅਤੇ ਚੌਥੀ ਜਮਾਤ ਦਾ ਮੁਆਇਨਾ ਕੀਤਾ ਅਤੇ ਫੇਰ ਸਾਡੀ ਜਮਾਤ ਵਿਚ ਆ ਗਿਆ| ਉਸ ਨੇ ਸਾਨੂੰ ਤਕਸੀਮ ਦਾ ਸਵਾਲ ਲਿਖਵਾਇਆ ਸੀ, ਜਿਸ ਰਕਮ ਯਾਦ ਨਹੀਂ| ਸਾਡੀ ਜਮਾਤ ਵਿਚ ਉਸ ਸਮੇਂ ਸਤਾਰਾਂ ਅਠਾਰਾਂ ਮੁੰਡੇ ਹੋਣਗੇ ਅਤੇ ਸਵਾਲ ਚਾਰ ਜਣਿਆਂ ਦਾ ਠੀਕ ਸੀ ਅਤੇ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਮੇਰਾ ਸਵਾਲ ਠੀਕ ਸੀ, ਜਿਸ ਨੂੰ ਹਿਸਾਬ ਤੋਂ ਸਦਾ ਹੀ ਡਰ ਲੱਗਿਆ ਰਹਿੰਦਾ ਸੀ| ਬਾਬੂ ਨੇ ਮੁੰਡਿਆਂ ਨੂੰ ਕੁਝ ਨਹੀਂ ਕਿਹਾ ਅਤੇ ਮਾਸਟਰ ਲੇਖ ਰਾਜ ਨੂੰ ਹੀ ਝਿੜਕਾਂ ਦਿੱਤੀਆਂ|
        ਦੂਸਰੀ ਵਾਰ ਜਦੋਂ ਪੱਕੇ ਮੁਆਇਨੇ Ḕਤੇ ਬਾਬੂ ਆਇਆ ਸੀ| ਉਹ ਫਰਵਰੀ ਦਾ ਕੋਈ ਦਿਨ ਸੀ| ਮਾਸਟਰ ਇੰਦਰ ਸਿੰਘ ਨੇ ਪੰਦਰਾਂ ਦਿਨ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਸੀ ਕਿ Ḕਏæਡੀæਆਈæ ਨੇ ਸਕੂਲ ਦਾ ਮੁਆਇਨਾ ਕਰਨ ਆਉਣਾ ਹੈ| ਉਸ ਦਿਨ ਸਾਰਿਆਂ ਦੇ ਕਪੜੇ ਸਾਫ ਪਾਏ ਹੋਣੇ ਚਾਹੀਦੇ ਹਨ| ਕੋਈ ਨੰਗੀਆਂ ਲੱਤਾਂ ਲੈ ਕੇ ਨਾ ਆਵੇ, ਸਭ ਦੇ ਸੁੱਥੂ ਪਾਏ ਹੋਣ|Ḕ 
        ਉਸੇ ਦਿਨ ਤੋਂ ਸਕੂਲ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ| ਕਿਸੇ ਪਾਸੇ ਘਾਹ ਨਹੀਂ ਸੀ ਰਹਿਣ ਦਿੱਤਾ| ਕਮਰਿਆਂ ਦੀਆਂ ਕੰਧਾਂ  ਥਾਂ ਥਾਂ ਉਪਰ ਨਕਸ਼ੇ ਅਤੇ ਚਾਰਟਰ ਟੰਗੇ ਗਏ| ਬਾਬੂ ਦੇ ਆਉਣ ਤੋਂ ਦੋ ਦਿਨ ਪਹਿਲਾਂ ਸਾਰੇ ਕਮਰਿਆਂ ਦੇ ਕੱਚੇ ਫਰਸ਼ਾਂ Ḕਤੇ ਗੋਹਾ ਮਿੱਟੀ ਦਾ ਲੇਪ ਕੀਤਾ ਗਿਆ ਅਤੇ ਇਕ ਦਿਨ ਪਹਿਲਾਂ ਸਕੂਲ ਦੇ ਵਿਹੜੇ ਵਿਚ ਛਿੜਕਾ ਕਰ ਕੇ ਸੰਬਰਿਆ ਗਿਆ| ਸਾਰੀਆਂ ਜਮਾਤਾਂ ਦੇ ਬਸਤੇ ਦੁਬਾਰਾ ਰੰਗਵਾਏ ਗਏ ਜਾਂ ਨਵੇਂ ਰੰਗਵਾਏ ਤਾਂ ਜੋ ਕਿਸੇ ਬਸਤੇ Ḕਤੇ ਡੁੱਲ੍ਹੀ ਸਿਆਹੀ ਦਾ ਦਾਗ਼ ਨਾ ਦਿਸੇ| ਉਂਜ ਤਾਂ ਗਰਮੀਆਂ ਸਰਦੀਆਂ ਵਿਚ ਮੇਰੀਆਂ ਲੱਤਾਂ ਨੰਗੀਆਂ ਹੀ ਰਹਿੰਦੀਆਂ ਸਨ ਪਰ ਇਸ ਮੌਕੇ Ḕਤੇ ਮਾਂ ਨੇ ਮੇਰੇ ਲਈ ਮਲੇਸ਼ੀਏ ਦਾ ਪਜਾਮਾ ਸਿਵਾ ਦਿੱਤਾ| ਉਸ ਦਿਨ ਮੈਂ ਪੂਰੀ ਤਿਆਰ ਨਾਲ ਸਕੂਲ ਗਿਆ| ਸਾਰੇ ਮੁੰਡਿਆਂ ਦੇ ਸਾਫ ਸੁਥਰੇ ਕਪੜੇ ਪਾਏ ਹੋਏ ਸਨ| ਮੁਨੀਟਰਾਂ ਦੀ ਡਿਉਟੀ ਲਾਈ ਹੋਈ ਸੀ ਕਿ ਕਿਸੇ ਮੁੰਡੇ ਨੂੰ ਜਮਾਤਾਂ ਵਿਚੋਂ ਬਾਹਰ ਨਹੀਂ ਜਾਣ ਦੇਣਾ| ਦੁਪਹਿਰ ਹੋਣ ਵਾਲੀ ਸੀ ਅਤੇ ਬਾਬੂ ਦੀ ਉਡੀਕ ਕੀਤੀ ਜਾ ਰਹੀ ਸੀ| ਮਾਸਟਰ ਇੰਦਰ ਸਿੰਘ ਦੀ ਨਿਗਾਹ ਸਾਡੀ ਜਮਾਤ ਦੀ ਕੁਰਸੀ Ḕਤੇ ਪਈ| ਉਹ ਅੱਧ ਟੁੱਟੀ ਕੁਰਸੀ ਪੱਤੀਆਂ ਲਾ ਕੇ ਖੜ੍ਹੀ ਕੀਤੀ ਹੋਈ ਸੀ ਤੇ ਬੈਠਣ Ḕਤੇ ਝੋਲੇ ਮਾਰਦੀ ਸੀ| ਮਾਸਟਰ ਜੀ ਨੇ ਮੈਨੂੰ ਹੁਕਮ ਸੁਣਾਇਆ, "ਇਹ ਕੁਰਸੀ ਏਥੋਂ ਚੱਕ ਕੇ ਕੋਈ ਹੋਰ ਕੁਰਸੀ ਲੈ ਕੇ ਆ|" ਮੈਂ ਕੁਰਸੀ ਚੁੱਕ ਕੇ ਸਿਰ ਉਪਰ ਰੱਖਣ ਲੱਗਾ ਤਾਂ ਮੇਰਾ ਝੱਗਾ ਪੱਤਰੀ ਵਿਚ ਫਸ ਗਿਆ ਅਤੇ ਚਰੜ ਕਰ ਕੇ ਮੂਹਰਿਉਂ ਭਰਾੜ ਹੋ ਗਿਆ| ਮੈਂ ਕੁਰਸੀ ਮੁੜ ਉੱਥੇ ਹੀ ਰੱਖ ਦਿੱਤੀ ਅਤੇ ਆਪਣਾ ਝੱਗਾ ਪੱਤਰੀ ਵਿਚੋਂ ਕੱਢ ਕੇ ਆਪਣੇ ਪਜਾਮੇ ਵਿਚ ਟੰਗ ਲਿਆ| ਮਾਸਟਰ ਜੀ ਨੇ ਮੈਨੂੰ ਝਿੜਕਿਆ, "ਉੱਲੂ ਦੇ ਪੱਠੇ! ਧਿਆਨ ਸੇ ਨਹੀਂ ਉਠਾਈ ਜਾਤੀ ਥੀ! ਅੱਬ ਘਰ ਜਾਹ ਔਰ ਕਮੀਜ਼ ਬਦਲ ਕਰ ਆ|" ਮੈਂ ਅਜੇ ਘਰ ਨੂੰ ਜਾਣ ਹੀ ਲੱਗਾ ਸੀ ਕਿ ਮਾਸਟਰ ਜੀ ਨੇ ਇਨਸਪੈਕਟਰ ਦੇ ਚਪੜਾਸੀ ਨੂੰ ਸਕੂਲ ਦੇ ਗੇਟ ਕੋਲ ਆਉਂਦਾ ਦੇਖ ਲਿਆ| ਹੁਣ ਉਹਨਾਂ ਨੇ ਮੈਨੂੰ ਸਕੂਲ ਦੇ ਪਿਛਲੇ ਪਾਸਿਉਂ, ਸੂਏ ਵਾਲੇ ਪਾਸੇ ਦੀ ਘਰ ਨੂੰ ਤੋਰ ਦਿੱਤਾ ਅਤੇ ਨਾਲ ਕਹਿ ਦਿੱਤਾ ਕਿ ਮੈਂ ਮੁੜ ਸਕੂਲ ਨਾ ਆਵਾਂ, ਉਹ ਮੇਰਾ ਬਸਤਾ ਅੰਦਰ ਰਖਵਾ ਦੇਣਗੇ| ਇਸ ਤਰ੍ਹਾਂ ਮੈਂ ਪੱਕੇ ਮੁਆਇਨੇ ਦੀ ਪੂਰੀ ਝਲਕੀ ਦੇਖਣ ਤੋਂ ਵਾਂਝਾ ਰਹਿ ਗਿਆ|
        ਉਂਜ ਸਕੂਲ ਸਮੇਂ ਦੀਆਂ ਦੋ ਹੋਰ ਝਲਕੀਆ ਵੀ ਨਹੀਂ ਭੁਲਦੀਆਂ| ਇਕ ਸਵੇਰ ਵੇਲੇ ਸਕੂਲ ਵਿਚ ਦੁਆ (ਪ੍ਰਾਰਥਨਾ) ਗਾਉਣੀ ਅਤੇ ਦੂਜੀ ਛੁੱਟੀ ਤੋਂ ਪਹਿਲਾਂ ਪਹਾੜੇ ਬੋਲਣੇ| 
        ਸਕੂਲਾਂ ਵਿਚ ਪ੍ਰੇਅਰਾਂ, ਪ੍ਰਾਰਥਨਾਵਾਂ ਪਹਿਲਾਂ ਵੀ ਹੁੰਦੀਆਂ ਸਨ ਅਤੇ ਹੁਣ ਵੀ ਹੁੰਦੀਆਂ ਹਨ| ਕਿਸੇ ਸਕੂਲ ਵਿਚ ਰਾਸ਼ਟਰ ਗੀਤ ਅਤੇ ਕਿਸੇ ਸਕੂਲ ਵਿਚ ਧਾਰਮਿਕ ਗੀਤ ਆਦਿ ਪਰ ਪ੍ਰਾਰਥਨਾ ਦੇ ਨਾਲ ਸਮੇਂ ਦੀ ਸਰਕਾਰ ਦੀ ਜਿੱਤ ਲਈ ਸਕੂਲਾਂ ਵਿਚ ਪ੍ਰਾਰਥਨਾ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕਿਸੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਗੁਣ ਗਾਏ ਜਾਂਦੇ ਹਨ| ਪਰ ਸੰਨ ਸੰਤਾਲੀ ਤੋਂ ਪਹਿਲਾਂ ਇਹ ਕੁਝ ਹੁੰਦਾ ਸੀ| ਸਕੂਲ ਲੱਗਣ ਤੋਂ ਪਹਿਲਾਂ ਪ੍ਰਾਰਥਨਾ ਵਿਚ ਖੁਦਾ ਦੀਆਂ ਰਹਿਮਤਾਂ ਲਈ ਦੁਆ ਮੰਗੀ ਜਾਂਦੀ ਸੀ| ਇਕ ਮੁੰਡਾ ਪਹਿਲਾਂ ਇਕ ਸਤਰ ਬੋਲਦਾ ਅਤੇ ਸਾਰੀਆਂ ਜਮਾਤਾਂ ਉਹਦੇ ਮਗਰ ਬੋਲਦੀਆਂ| ਉਸ ਸਮੇਂ ਗਾਈਆਂ ਜਾਣ ਵਾਲੀਆਂ ਦੁਆਵਾਂ ਦਾ ਪਹਿਲੇ ਮਿਸਰੇ ਇਹ ਸਨ, "ਲੱਬ ਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ| ਜ਼ਿੰਦਗੀ ਸ਼ਮ੍ਹਾ ਕੀ ਸੂਰਤ ਹੋ ਖੁਦਾਇਆ ਮੇਰੀ|", "ਤਾਰੀਫ ਉਸ ਖੁਦਾ ਕੀ, ਜਿਸ ਨੇ ਜਹਾਂ ਬਨਾਇਆ| ਕੈਸੀ ਜ਼ਮੀੰਂ ਬਨਾਈ, ਕਿਆ ਆਸਮਾਂ ਬਨਾਇਆ|" ਜਾਂ "Ḕਮੁਝ ਕੋ ਤੇਰੀ ਹੈ ਜੁਸਤਜੂ, ਮੁਝ ਕੋ ਤੇਰੀ ਤਲਾਸ਼ ਹੈ| ਜਾਨ-ਇ- ਜਹਾਨ ਕਹਾਂ ਹੈ ਤੂ, ਮੁਝ ਕੋ ਤੇਰੀ ਤਲਾਸ਼ ਹੈ|" ਦੂਸਰੀ ਸੰਸਾਰ ਜੰਗ ਦੇ ਖਾਤਮ ਹੋਣ ਤੱਕ ਦੁਆ ਗਾਉਣ ਤੋਂ ਬਾਅਦ ਇਹ ਦੁਆ ਵੀ ਮੰਗੀ ਜਾਂਦੀ ਸੀ, ਜਿਸ ਦੇ ਸਹੀ ਬੋਲ ਤਾਂ ਯਾਦ ਨਹੀਂ ਪਰ ਉਸ ਦਾ ਸਾਰ ਇਹ ਸੀ, "ਐ ਖੁਦਾ! ਅੰਗ੍ਰੇਜ਼ ਬਹਾਦਰ ਦਾ ਕਰਮ ਸਾਡੇ ਸਿਰ Ḕਤੇ ਬਣਿਆ ਰਹੇ| ਇਤਹਾਦੀ ਫੌਜਾਂ ਨੂੰ ਇੰਨਾ ਬਲ ਬਖਸ਼ ਕਿ ਉਹ ਦੁਸ਼ਮਣ ਦੀਆਂ ਫੌਜਾਂ ਨੂੰ ਲਤਾੜ ਕੇ ਅੱਗੇ ਲੰਘ ਜਾਣ ਅਤੇ ਉਹਨਾਂ ਨੂੰ ਜਲਦੀ ਜਿੱਤ ਨਸੀਬ ਹੋਵੇ|" ਫਿਰ ਅੰਗਰੇਜ਼ ਸਰਕਾਰ ਦੀਆਂ ਬਰਕਤਾਂ ਦੇ ਗੁਣ ਗਾਏ ਜਾਂਦੇ ਅਤੇ ਫੌਜ ਵਿਚ ਭਰਤੀ ਹੋਣ ਲਈ ਅਪੀਲਾਂ ਕੀਤੀਆਂ ਜਾਂਦੀਆਂ|
       ਉਸ ਸਮੇਂ ਦੂਜੀ ਸੰਸਾਰ ਜੰਗ ਲੱਗੀ ਹੋਈ ਸੀ| ਇੰਗਲੈਂਡ, ਫਰਾਂਸ, ਅਮਰੀਕਾ ਤੇ ਰੂਸ ਆਦਿ ਦੇਸ਼ ਇਕ ਪਾਸੇ ਸਨ ਅਤੇ ਇਹਨਾਂ ਦੀਆਂ ਫੌਜਾਂ ਨੂੰ ਹੀ ਇਤਹਾਦੀ ਫੌਜਾਂ ਕਿਹਾ ਜਾਂਦਾ ਸੀ| ਦੂਜੇ ਪਾਸੇ ਜਰਮਨੀ, ਜਪਾਨ ਅਤੇ ਇਟਲੀ ਆਦਿ ਦੇਸ਼ ਸਨ| ਜਿਨ੍ਹਾਂ ਦੀਆਂ ਫੌਜਾਂ ਨੂੰ ਦੁਸ਼ਮਣ ਦੀਆਂ ਫੌਜਾਂ ਕਿਹਾ ਜਾਂਦਾ ਸੀ| ਮੈਂ ਚੌਥੀ ਜਮਾਤ ਵਿਚ ਪੜ੍ਹਦਾ ਸੀ ਜਦੋਂ ਇਤਹਾਦੀ ਫੌਜਾਂ ਦੀ ਜਿੱਤ ਹੋਈ ਅਤੇ ਸਕੂਲਾਂ ਵਿਚ ਲੱਦੂ ਵੰਡੇ ਗਏ ਸਨ|
       ਦੂਜੀ ਝਲਕੀ ਪਹਾੜੇ ਬੋਲਣ ਵਾਲੀ ਹੈ| ਪਹਾੜੇ ਪਹਿਲੀ ਤੋਂ ਤੀਜੀ ਜਮਾਤ ਤੱਕ ਬੁਲਾਏ ਜਾਂਦੇ ਸਨ| ਤਿੰਨੇ ਜਮਾਤਾਂ, ਤਿੰਨੀਂ ਪਾਸੀਂ, ਸਕੂਲ ਦੀਆਂ ਕੰਧਾਂ ਨਾਲ ਕਤਾਰਾਂ ਬਣਾ ਕੇ ਖੜ੍ਹ ਜਾਂਦੀਆਂ| ਪਹਿਲੀ ਜਮਾਤ, ਦੋ ਤੋਂ ਦਸ ਤੱਕ ਪਹਾੜੇ ਬੋਲਦੀ, ਜਿਵੇਂ; ਇਕ ਦੂਣੀ ਦੂਣੀ, ਦੋ ਦੂਣੀ ਚਾਰ--ਦਸ ਦੂਣੀ ਵੀਹ ਐ ਤੋਂ ਇਕ ਦਾਹਿਆ ਦਸ, ਦੋ ਦਾਹੇ ਵੀਹ ਐ--- ਦਾਓ ਦਾਹਿਆ ਸੌ ਐ| ਇਸੇ ਤਰ੍ਹਾਂ ਦੂਸਰੀ ਜਮਾਤ ਇਕ ਦੂਣੀ ਦੇ ਪਹਾੜੇ ਤੋਂ ਸੋਲਾਂ ਦੇ ਪਹਾੜੇ ਤੱਕ ਅਤੇ ਤੀਸਰੀ ਜਮਾਤ ਅੱਧੇ, ਡੂਢੇ ਅਤੇ ਢਾਏ ਦੇ ਪਹਾੜੇ ਸੋਲਾਂ ਤੱਕ ਬੋਲਦੀ| ਇਕ ਮੁੰਡਾ ਮੂਹਰੇ ਬੋਲਦਾ ਅਤੇ ਸਾਰੀ ਜਮਾਤ ਉਸ ਦੇ ਮਗਰ ਉਹੋ ਪਹਾੜਾ ਦੁਹਰਾਉਂਦੀ| ਕਈ ਵਾਰ ਇਕ ਜਮਾਤ ਨੂੰ ਦੋ ਟੋਲੀਆਂ ਵਿਚ ਵੰਡ ਦਿੱਤਾ ਜਾਂਦਾ| ਇਕ ਟੋਲੀ ਪਹਾੜੇ ਦਾ ਪਹਿਲਾ ਮਿਸਰਾ ਬੋਲਦੀ ਅਤੇ ਦੂਸਰੀ ਟੋਲੀ ਉਸ ਤੋਂ ਅਗਲਾ| ਇਸ ਤਰ੍ਹਾਂ ਮੁਕਾਬਲਾ ਚਲਦਾ ਰਹਿੰਦਾ| ਇੰਨੀ ਉੱਚੀ ਅਵਾਜ਼ ਵਿਚ ਪਹਾੜੇ ਬੋਲੇ ਜਾਂਦੇ ਕਿ ਕੰਨ ਪਾਈ ਅਵਾਜ਼ ਵੀ ਨਹੀਂ ਸੀ ਸੁਣਦੀ| ਪਹਾੜੇ ਬੋਲਦੇ ਮੁੰਡੇ ਪਿੰਡ ਦੇ ਦੂਜੇ ਪਾਸੇ ਸੁਣੇ ਜਾਂਦੇ ਸਨ| ਬੇਸ਼ੱਕ ਪਹਾੜੇ ਬਲਾਉਣ ਦਾ ਇਹ ਢੰਗ ਕੋਈ ਵਧੀਆਂ ਤਾਂ ਨਹੀਂ ਸੀ ਪਰ ਪੜ੍ਹਿਆਰਾਂ ਨੂੰ ਸਵਾਲ ਕੱਢਣ ਵਿਚ ਬਹੁਤ ਸੌਖ ਹੁੰਦੀ ਸੀ| ਇਸੇ ਕਰਕੇ ਬੱਚੇ ਹਿਸਾਬ ਵਿਚ ਹੁਸ਼ਿਆਰ ਹੁੰਦੇ ਸਨ| ਸਾਲਾਨਾ ਇਮਤਿਹਾਨਾਂ ਵਿਚ ਪਾਸ ਹੋਣ ਲਈ ਪਹਾੜਿਆਂ ਦਾ ਯਾਦ ਹੋਣਾ ਜ਼ਰੂਰੀ ਹੁੰਦਾ ਸੀ| 
        ਪਹਿਲੀਆਂ ਤਿੰਨਾਂ ਜਮਾਤਾਂ ਦੇ ਸਾਲਾਨਾ ਇਮਤਿਹਾਨ, ਜਿਨ੍ਹਾਂ ਨੂੰ ਪੱਕੇ ਇਮਤਿਹਾਨ ਕਿਹਾ ਜਾਂਦਾ ਸੀ, ਸਕੂਲ ਵਿਚ ਮਾਸਟਰ ਹੀ ਲੈ ਲੈਂਦੇ ਸਨ ਪਰ ਚੌਥੀ ਜਮਾਤ ਦਾ ਪੱਕਾ ਇਮਤਿਹਾਨ ਕਿਸੇ ਇਕ ਸੈਂਟਰ ਦੇ ਸਕੂਲ ਵਿਚ ਏ ਡੀ ਆਈ ਲੈਣ ਆਉਂਦਾ ਸੀ| ਸਾਡਾ ਇਮਤਿਹਾਨ ਬੰਬੀਹਾ ਭਾਈ ਦੇ ਪਰਾਇਮਰੀ ਸਕੂਲ ਵਿਚ ਹੋਇਆ ਸੀ, ਜਿੱਥੇ ਦੋ ਤਿੰਨ ਸਕੂਲਾਂ ਦੇ ਹੋਰ ਮੁੰਡੇ ਵੀ ਇਮਤਿਹਾਨ ਦੇਣ ਆਏ ਸਨ| ਸਾਡੇ ਸਕੂਲ ਦੇ ਦੋ ਮੁੰਡੇ, ਨੌਹਰ ਚੰਦ ਅਤੇ ਗੁਰਦੇਵ ਸਿੰਘ ਫੇਅਲ ਹੋ ਗਏ ਸਨ, ਬਾਕੀ ਅਸੀਂ ਸਾਰੇ ਪਾਸ ਹੋ ਗਏ ਸਾਂ| ਪਰ ਸਾਡੇ ਵਿਚੋਂ ਅਗਾਂਹ ਵਜ਼ੀਫੇ ਵਾਸਤੇ ਇਮਤਿਹਾਨ ਦੇਣ ਲਈ ਕੋਈ ਨਹੀਂ ਸੀ ਚੁਣਿਆ ਗਿਆ| ਮੈਂ ਚੌਥੀ ਵਿਚੋਂ ਤਾਂ ਪਾਸ ਹੋ ਗਿਆ ਸੀ ਪਰ ਅਗਾਂਹ ਰੋਡਿਆਂ ਵਾਲੇ ਸਕੂਲ ਪੰਜਵੀਂ ਵਿਚ ਦਾਖਲ ਨਹੀਂ ਸੀ ਹੋ ਸਕਿਆ ਅਤੇ ਮੈਨੂੰ ਇਸੇ ਸਕੂਲੋਂ ਹੀ ਪੰਜਵੀਂ ਪਾਸ ਕਰਨੀ ਪਈ ਸੀ|  
    -------------------ਬਾਕੀ ਅਗਲੇ ਅੰਕ ਵਿਚ  ---------