ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
  •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  • ਚੰਨ ਬੱਦਲਾਂ ਦੇ ਉਹਲੇ - ਕਿਸ਼ਤ 5 (ਨਾਵਲ )

    ਸੇਵਾ ਸਿੰਘ ਸੋਢੀ   

    Email: sewasinghsodhi@yahoo.de
    Address: 21745 Hemmoor Haupt Str.43
    Hemmoor Germany
    ਸੇਵਾ ਸਿੰਘ ਸੋਢੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਾਂਡ 11

    "ਬਾਈ ਜੀ ਉਠੋ, ਮੈ ਤਾ ਰਾਤੀ ਪੀ ਕੇ ਵੀ ਸਹੀ ਵਕਤ ਤੇ ਉਠ ਗਿਆ ਤੁਸੀ ਕੀ ਘੋੜੇ ਵੇਚ ਕੇ ਸੋ ਗਏ ?" 
    ਘੁੱਦੇ ਦੀ ਅਵਾਜ ਨੇ ਸਵੇਰੇ ਦੇਬੀ ਦੀ ਜਾਗ ਖੋਹਲੀ, "ਨਾਲੇ ਓਹ ਦੇਖੋ ਥੱਲੇ ਕੌਣ ਖੜਾ ਆ"। 
    ਘੁੱਦੇ ਨੇ ਕਿਹਾ, ਦੇਬੀ ਨੇ ਥੱਲੇ ਦੇਖਿਆ, ਸੱਜਣ ਬਾਕੀ ਕੁੜੀਆ ਨਾਲ ਖੜੇ ਸੀ, ਦੇਬੀ ਥੱਲੇ ਆ ਗਿਆ, ਕੱਲ ਦੀ ਸ਼ਾਮ ਦੀ ਉਦਾਸੀ ਹਾਲੇ ਉਸਦੇ ਚੇਹਰੇ ਤੇ ਝਲਕਦੀ ਸੀ।

    "ਵੀਰ ਜੀ ਸਾਨੂੰ ਦੱਸੋ ਕੱਲ ਐਨੀ ਉਦਾਸੀ ਦਾ ਕੀ ਕਾਰਨ ਸੀ ?" ।
    ਪੰਮੀ ਨੇ ਹੱਕ ਜਤਾਉਦੇ ਹੋਏ ਪੁੱਛਿਆ।
    "ਪੰਮਿਆ ਤੈਨੂੰ ਕਿਸਨੇ ਕਿਹਾ ਮੈਂ ਉਦਾਸ ਸੀ ?" ।
    ਦੇਬੀ ਨੇ ਸਵਾਲ ਕੀਤਾ।
    "ਪਾਰਟੀ ਛੱਡ ਕੇ ਕੱਲੇ ਘਰ ਨੂੰ ਚਲੇ ਗਏ, ਕਿਸੇ ਹੋਰ ਨੂੰ ਵੀ ਮਿਲ ਕੇ ਵੀ ਨਹੀ ਗਏ, ਇਸ ਤਰਾਂ ਤੁਸੀ ਕਰਦੇ ਨਹੀ"। 
    ਦੀਪੀ ਨੇ ਅੱਗਾ ਵਲਿਆ।
    "ਤੁਸੀ ਕਾਲਜ ਨੂੰ ਲੇਟ ਹੋ ਰਹੀਆਂ, ਮੇਰੀ ਉਦਾਸੀ ਕਈ ਵਾਰ ਬਿਨਾ ਕਾਰਨ ਹੁੰਦੀ ਆ, ਤੇ ਕਈ ਵਾਰ ਜਦੋ ਮੇਰੇ ਨੇੜੇ ਤੇੜੇ ਕੋਈ ਹੋਰ ਬਹੁਤਾ ਉਦਾਸ ਹੋਵੇ ਤਾਂ ਵੀ ਮੈਨੂੰ ਉਦਾਸੀ ਆ ਘੇਰਦੀ ਆ, ਪਰ ਕੱਲ ਤਾਂ ਸਾਰਾ ਪਿੰਡ ਖੁਸ਼ ਸੀ, ਪਰੇਮ ਅਤੇ ਉਦਾਸੀ ਦਾ ਪੱਕਾ ਰਿਸ਼ਤਾ ਆ, ਜੋ ਪਰੇਮ ਕਰੇਗਾ ਉਦਾਸ ਵੀ ਹੋਵੇਗਾ, ਉਦਾਸ ਹੋਣਾ ਕਿਸੇ ਅੰਦਰੂਨੀ ਕਰਾਂਤੀ ਦੀ ਨਿਸ਼ਾਨੀ ਆ, ਕੋਈ ਬੁਰੀ ਗੱਲ ਨਹੀ, ਐਸੀ ਹੀ ਉਦਾਸੀ ਮੇਰੇ ਅੰਦਰ ਵੀ ਹੈ, ਤੁਹਾਡਾ ਸਾਰਿਆ ਦਾ ਉਸ ਨਾਲ ਕੋਈ ਸਬੰਧ ਨਹੀ, ਇੱਕ ਬੇਨਤੀ ਹੋਰ, ਜਦੋ ਮੈਂ ਅਚਾਂਨਕ ਉਦਾਸ ਹੋ ਜਾਵਾਂ ਤਾਂ ਸਵਾਲ ਨਾ ਕਰਿਓ, ਉਦਾਸੀ ਨਾਲ ਮੇਰਾ ਪੁਰਾਣਾ ਤੇ ਗੂੜਾ ਰਿਸਤਾ ਆ, ਉਦਾਸੀ ਤੋ ਬਾਦ ਜੋ ਖੁਸ਼ੀ ਮਿਲਦੀ ਆ ਉਸ ਦਾ ਅਨੰਦ ਕੁੱਝ ਵੱਖਰਾ ਹੀ ਹੁੰਦਾ, ਤੇ ਹੁਣ ਤੁਸੀ ਜਾਓ, ਬੱਸ ਨਿਕਲ ਜਾਊ"। 
    ਦੇਬੀ ਨੇ ਗੱਲ ਗੋਲ ਮਟੋਲ ਜਿਹੀ ਕੀਤੀ ਅਤੇ ਨਾਲ ਹੀ ਜਾਣ ਦੀ ਬੇਨਤੀ ਕੀਤੀ।
    "ਠੀਕ ਹੈ ਜਾ ਰਹੀਆਂ, ਪਰ ਸਾਡੀ ਤਸੱਲੀ ਨਹੀ ਹੋਈ"। 
    ਕੁੜੀਆ ਅਣਮੰਨੇ ਦਿਲ ਨਾਲ ਅੱਡੇ ਵੱਲ ਤੁਰ ਪਈਆਂ।
    "ਤੂੰ ਕਿਓ ਨਹੀ ਜਾ ਰਿਹਾ, ਤੇਰੇ ਲਈ ਕੋਈ ਵੱਖਰੀ ਬੋਲੀ ਬੋਲਣੀ ਪਊ ? ਜਾ ਕੇ ਪੇਪਰ ਵਰਕ ਕੰਪਲੀਟ ਕਰ"। 
    ਦੇਬੀ ਨੇ ਘੁੱਦੇ ਨੂੰ ਵੀ ਚਲਦਾ ਕਰ ਦਿੱਤਾ।
    "ਬਾਈ ਜੀ, ਉਠਗੇ, ਸੁਣਿਆ ਕੱਲ ਚੱਕ ਤੇ ਫੱਟੇ ਸਾਡੇ ਬਾਈ ਨੇ"। 
    ਨਿਰਮਲ ਵਿਹੜੇ ਵੜਦਿਆ ਹੀ ਖੁਸ਼ੀ ਵਿੱਚ ਬੋਲਿਆ।
    "ਬਾਈ ਤੂੰ ਕੱਲ ਮੇਲੇ ਵਿੱਚ ਦਿਸਿਆ ਨੀ, ਕਿੱਥੇ ਰਿਹਾ ?" ਦੇਬੀ ਨੇ ਪੁੱਛਿਆ। 
    ਨਿਰਮਲ ਨੇ ਬਚਨ ਸਿੰਘ ਦੇ ਇੰਜਣ ਦੇ ਖਰਾਬ ਤੇ ਫਿਰ ਠੀਕ ਹੋਣ ਦੀ ਕਹਾਂਣੀ ਦੱਸੀ।
    "ਇਹ ਤੂੰ ਬਹੁਤ ਵਧੀਆ ਕੀਤਾ ਬਾਈ, ਮੈ ਵੀ ਅੱਜ ਜਾਨਾ, ਤਾਏ ਨੇ ਕਹਿਣਾ ਮੁੜ ਫੇਰਾ ਈ ਨੀ ਮਾਰਿਆ"।
    ਦੇਬੀ ਨੂੰ ਬਚਨ ਸਿੰਘ ਦਾ ਖਿਆਲ ਆ ਗਿਆ।
    "ਬਾਈ ਛੋਟਾ ਮੂੰਹ ਤੇ ਵੱਡੀ ਗੱਲ, ਬਚਨ ਸਿਓ ਅਪਣੀ ਧੀ ਵੱਲੋ ਬੜਾ ਦੁਖੀ ਆ, ਕੋਈ ਰਿਸ਼ਤਾ ਨੀ ਆਉਦਾ, ਇੱਕ ਦੁਹਾਜੂ ਨਾਲ ਗੱਲ ਬਣੀ ਸੀ ਪਰ ਬਾਅਦ ਵਿੱਚ ਪਤਾ ਲੱਗਾ ਉਹ ਸਿਰੇ ਦਾ ਸ਼ਰਾਬੀ ਆ, ਬਚਨ ਸਿਓ ਕਹਿੰਦਾ ਬਈ ਏਦੂ ਤਾਂ ਮੈ ਕੁੜੀ ਨੂੰ ਖੂਹ ਚ ਧੱਕਾ ਦੇ ਦਿਆ"। 

    ਨਿਰਮਲ ਨੂੰ ਬਚਨ ਸਿੰਘ ਦੇ ਪਰਵਾਰ ਨਾਲ ਹਮਦਰਦੀ ਹੋ ਗਈ ਸੀ।
    "ਨਿਰਮਲ ਬਾਈ ਤੂੰ ਕੁਰਬਾਨੀ ਦੇ ਸਕਦਾ ? ਇੱਕ ਲੰਗੜੀ ਕੁੜੀ ਨਾਲ ਵਿਆਹ ਕਰਵਾ ਸਕਦਾ ?" ਦੇਬੀ ਕੰਤੀ ਦਾ ਘਰ ਕਿਵੇ ਵੀ ਵਸਾਉਣਾ ਚਾਹੁੰਦਾ ਸੀ, ਜਿਸ ਦਿਨ ਉਹ ਬਚਨ ਸਿੰਘ ਦੇ ਘਰ ਗਿਆ ਸੀ ਉਸੇ ਦਿਨ ਹੀ ਦੇਬੀ ਨੇ ਸੋਚ ਲਿਆ ਸੀ ਕਿ ਬਚਨ ਸਿੰਘ ਨੂੰ ਹੁਣ ਹੋਰ ਦੁਖੀ ਨਹੀ ਹੋਣ ਦੇਣਾ।
    "ਬਾਈ ਜੀ ਇਹ ਤਾਂ ਤੁਸੀ ਦਿਲੋ ਈ ਕੱਢ ਦਿਓ, ਮੈ ਕੰਮੀ ਬੰਦਾ ਤੇ ਬਚਨ ਸਿੰਘ ਜਿਮੀਦਾਰ, ਮੈਂ ਕੁਰਬਾਨੀ ਕਰ ਵੀ ਦੇਵਾਂ ਪਰ ਇਹ ਸਾਡੀ ਜਾਤ ਦਾ ਫਰਕ ਕੌਣ ਕੱਢੂ ?" 
    ਨਿਰਮਲ ਨੂੰ ਪੰਜਾਬ ਦੀ ਜਾਤ ਪਾਤ ਬਾਰੇ ਦੇਬੀ ਨਾਲੋ ਵੱਧ ਜਾਂਣਕਾਰੀ ਸੀ।
    "ਜੇ ਬਾਕੀ ਮਸਲਾ ਹੱਲ ਹੋ ਜਾਵੇ, ਤਾਂ ਤੂੰ ਤਿਆਰ ਹੋ ਜਾਵੇਗਾ ?"।
    ਦੇਬੀ ਨੇ ਉਸ ਨੂੰ ਠਕੋਰਿਆ।
    "ਬਾਈ ਜੀ ਲੋਕਾਂ ਲਈ ਉਹ ਲੰਗੜੀ ਹੋਵੇਗੀ, ਮੈ ਪਿਛਲੇ ਦਿਨੀ ਦੇਖਿਆ ਬਈ ਉਹ ਬਹੁਤੀਆਂ ਦੋ ਲੱਤਾਂ ਵਾਲੀਆਂ ਨਾਲੋ ਤੇਜ ਆ, ਉਹਨਾ ਲੱਤਾਂ ਦਾ ਵੀ ਕੀ ਕਰਨਾ ਜੋ ਚੱਜ ਨਾਲ ਤੁਰਨ ਵੀ ਨਾਂ, ਸ਼ਕਲ ਸੋਹਣੀ ਆ ਕੁੜੀ ਦੀ, ਮੈ ਤੁਹਾਡਾ ਹੁਕਮ ਵਜਾ ਵੀ ਦੇਊ ਪਰ ਇਹ ਹੋਣ ਵਾਲੀ ਗੱਲ ਨਹੀ"। ਨਿਰਮਲ ਨੂੰ ਕੁੜੀ ਨਾਲ ਪੂਰੀ ਹਮਦਰਦੀ ਸੀ ਪਰ ਉਹ ਜਾਣਦਾ ਸੀ ਬਈ ਵਲੈਤੀਏ ਨੂੰ ਹਾਲੇ ਪੰਜਾਬੀਆ ਦੀ ਫੋਕੀ ਆਕੜ ਦੀ ਜਾਣਕਾਰੀ ਨਹੀ ਸੀ।
    "ਖੁਸ਼ ਕੀਤਾ ਈ ਬਾਈ, ਮੈ ਹੁਣੇ ਈ ਜਾਨਾ ਆ, ਦੇਖਦੇ ਆ ਰੱਬ ਦੀ ਕੀ ਮਰਜੀ ਆ"।  
    ਦੇਬੀ ਦੀ ਡੋਰੀ ਦਾਤੇ ਤੇ ਸਦਾ ਈ ਹੁੰਦੀ ਸੀ, ਦੇਬੀ ਨੂੰ ਹੁਣ ਖਿਆਲ ਆ ਰਿਹਾ ਸੀ, ਇਹ ਕੱਲ ਦੀ ਉਦਾਸੀ ਦਾ ਸੋਮਾ ਕੀ ਸੀ, ਬਚਨ ਸਿੰਘ ਦੀ ਧੀ ਦੀਆਂ ਉਦਾਸ ਅੱਖਾ ਉਹਦੇ ਸਾਹਮਣੇ ਘੁੰਮਣ ਲੱਗ ਪਈਆਂ, ਵਾਕਿਆ ਹੀ ਸਾਰਾ ਪਿੰਡ ਕੱਲ ਖੁਸ਼ ਨਹੀ ਸੀ, ਬਚਨ ਸਿੰਘ ਤੇ ਕੰਤੀ ਇਹ ਦੋਵੇ ਉਸ ਨੂੰ ਮੇਲੇ ਵਿੱਚ ਵੀ ਨਹੀ ਸੀ ਦਿਸੇ, ਪੂਰੇ ਪਿੰਡ ਦੀ ਉਦਾਸੀ ਜਿਵੇ ਬਚਨ ਸਿੰਘ ਦੇ ਘਰ ਹੀ ਡੇਰਾ ਲਾਈ ਬੈਠੀ ਸੀ, ਉਹ ਕਾਹਲੀ ਨਾਲ ਤਿਆਰ ਹੋ ਕੇ ਬਚਨ ਸਿੰਘ ਦੇ ਘਰ ਵੱਲ ਤੁਰ ਪਿਆ, ਬਚਨ ਸਿੰਘ ਦਾ ਝੋਨਾ ਲੱਗ ਚੁੱਕਿਆ ਸੀ, ਪਾਣੀ ਵੀ ਲੋੜ ਅਨੁਸਾਰ ਖੇਤ ਵਿੱਚ ਖੜਾ ਸੀ, ਦੇਬੀ ਇਹ ਦਰਿਸ਼ ਦੇਖ ਕੇ ਪਰਸੰਨ ਹੋ ਗਿਆ, ਬਚਨ ਸਿੰਘ ਦੇਬੀ ਨੂੰ ਆਉਦੇ ਦੇਖ ਕੇ ਦੂਰੋ ਈ ਸਵਾਗਤ ਲਈ ਉਠ ਕੇ ਬੂਹੇ ਮੋਹਰੇ ਆ ਗਿਆ … ।
    "ਧੰਨ ਭਾਗ ਪੁੱਤ, ਜੀ ਆਇਆ ਨੂੰ"। 
    ਤਾਏ ਨੇ ਆਦਰ ਕੀਤਾ।
    ਦੇਬੀ ਨੇ ਪੈਰੀ ਹੱਥ ਲਾਏ ਤੇ ਕੰਤੀ ਨੂੰ ਸਤਿ ਸਿਰੀ ਅਕਾਲ ਕਹੀ, ਕੁੜੀ ਲਈ ਦੇਬੀ ਕਿਸੇ ਫਰਿਸ਼ਤੇ ਤੋ ਘੱਟ ਨਹੀ ਸੀ, ਪਿੰਡ ਦੇ ਬਹੁਤੇ ਮੁੰਡੇ ਉਸ ਨੂੰ ਇਸ ਨਜਰ ਨਾਲ ਦੇਖਦੇ ਸੀ ਜਿਵੇ ਉਹ ਕੋਈ ਮੁਫਤ ਦਾ ਮਾਲ ਹੋਵੇ, ਪਹਿਲੇ ਦਿਨ ਜਦੋ ਦੇਬੀ ਉਨਾ ਦੇ ਘਰ ਆਇਆ ਸੀ ਤਾ ਇਹ ਪਹਿਲਾ ਮੌਕਾ ਸੀ ਕਿ ਇੱਕ ਬਿਗਾਨੇ ਗੱਭਰੂ ਨੇ ਉਸ ਨੂੰ ਸਿਰ ਤੋ ਪੈਰਾਂ ਤੱਕ ਕਈ ਵਾਰ ਦੇਖਿਆ, ਪਰ ਇਹ ਦੇਖਣੀ ਜਹਿਰੀ ਨਹੀ ਸੀ, ਕੋਈ ਕੰਡੇ ਜਿਹੇ ਨਹੀ ਸਨ ਚੁੱਬੇ ਕੰਤੀ ਦੇ ਸਰੀਰ ਤੇ, ਉਹ ਸੋਚਦੀ ਸੀ ਸ਼ਾਇਦ ਇਹ ਇੱਕ ਭਰਾ ਦੀ ਤੱਕਣੀ ਹੈ, ਇਹ ਮਿਲਾਵਟੀ ਤੱਕਣੀ ਨਹੀ ਸੀ, ਕੰਤੀ ਦਿਲ ਵਿੱਚ ਕਹਿੰਦੀ ਸੀ, ਦੇਖ ਵੀਰ ਬੱਸ ਇੱਕ ਲੱਤ ਹੀ ਕਮਜੋਰ ਆ, ਵੈਸੇ ਨਿਰਾ ਸੋਨਾ ਆਂ।

    ਬਚਨ ਸਿੰਘ ਨੇ ਹਰ ਕਿਸੇ ਨੂੰ ਕਹਿ ਰੱਖਿਆ ਸੀ ਕਿ ਕੁੜੀ ਲਈ ਕਿਸੇ ਵਰ ਦੀ ਤਲਾਸ਼ ਕਰਨ, ਪਰ ਪਿੰਡ ਵਾਲੇ ਤਾਂ ਕੀ ਰਿਸ਼ਤੇਦਾਰ ਪੱਲਾ ਨਹੀ ਸੀ ਫੜਾਉਦੇ, ਬਹੁਤ ਵੱਡਾ ਕਸੂਰ ਸੀ ਬਚਨ ਸਿੰਘ ਦਾ ਕਿ ਉਹ ਗਰੀਬ ਸੀ, ਜੇ ਅਮੀਰ ਹੁੰਦਾ ਤਾਂ ਕੁੜੀ ਦੀ ਬਿੱਝ ਨੋਟਾਂ ਥੱਲੇ ਲੁਕ ਜਾਣੀ ਸੀ, ਫਿਰ ਪੁੱਤ ਕੋਈ ਨਹੀ ਸੀ ਜੋ ਕੋਈ ਭੱਜ ਦੌੜ ਕਰ ਸਕੇ, ਜਿਵੇ ਕਹਿੰਦੇ ਨੇ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ, ਇਵੇਂ ਹੀ ਬਚਨ ਸਿੰਘ ਦੀ ਸਤਵੰਤੀ ਧੀ ਤੇ ਮੁਸ਼ਟੰਡਿਆ ਦੀ ਨਜਰ ਰਹਿੰਦੀ ਸੀ, ਤੇ ਹੈਰਾਂਨੀ ਦੀ ਗੱਲ ਇਹ ਸੀ ਕਿ ਇਨਾਂ ਮੁਸਟੰਡਿਆ ਵਿਚੋ ਕੁੱਝ ਐਸੇ ਬੀਬੇ ਬੰਦੇ ਵੀ ਸਨ ਜਿਨਾ ਨੂੰ ਇਹ ਕੁੜੀ ਚਾਚਾ ਜੀ ਕਹਿੰਦੀ ਸੀ, ਇਹ ਇਸ ਕੁੜੀ ਦਾ ਹੀ ਜੇਰਾ ਸੀ ਕਿ ਇਨੇ ਕੰਡਿਆ ਵਿੱਚ ਰਹਿ ਕੇ ਵੀ ਪਤਾ ਨਹੀ ਕਿਸ ਆਸ ਤੇ ਜਿਊਦੀ ਰਹੀ, ਦੇਬੀ ਨੂੰ ਦੇਖ ਕੁੜੀ ਨੂੰ ਲੱਗਿਆ ਜਿਵੇ ਰੱਬ ਨੇ ਉਸ ਨੂੰ ਖੁਦ ਉਨਾ ਕੋਲ ਭੇਜਿਆ ਹੋਵੇ।
    "ਤਾਇਆ ਜੀ, ਝੋਨੇ ਦਾ ਮਸਲਾ ਹੱਲ ਹੋ ਗਿਆ, ਹੁਣ ਪਰ ਮੈਂ ਤੁਹਾਡੇ ਨਾਲ ਤੇ ਕੰਤੀ ਭੈਣ ਨਾਲ ਇੱਕ ਗੱਲ ਕਰਨੀ ਚਾਹੁੰਦਾ ਹਾ"। 
    ਦੇਬੀ ਬਹੁਤ ਸ਼ਪਸ਼ਟ ਸੀ ਤੇ ਬਹੁਤੇ ਵਲ ਪਾਉਣ ਦੀ ਨੀਤੀ ਨੂੰ ਇਮਾਂਨਦਾਰੀ ਨਹੀ ਸੀ ਸਮਝਦਾ।
    "ਹਾਂ ਪੁੱਤ, ਤੂੰ ਮੂਹੋ ਤਾਂ ਕੱਢ ?"।
    ਬਚਨ ਸਿੰਘ ਦੇ ਝੁਰੜੀਆਂ ਭਰੇ ਚਿਹਰੇ ਤੇ ਪ੍ਰਸ਼ਨ ਹੀ ਪ੍ਰਸ਼ਨ ਦਿਖਾਈ ਦਿੱਤੇ।
    "ਮੈਨੂੰ ਪਤਾ ਹੈ ਕਿ ਕੰਤੀ ਭੈਣ ਲਈ ਕੋਈ ਰਿਸ਼ਤਾ ਨਹੀ ਆਇਆ ਅਤੇ ਕਿਸੇ ਚੰਗੇ ਰਿਸ਼ਤੇ ਦੀ ਆਸ ਵੀ ਨਹੀ, ਮੈ ਜੋ ਕੁੱਝ ਕਹਿਣਾ ਚਾਹੁੰਦਾ ਹਾਂ ਉਹ ਭਾਵੇ ਆਪ ਨੂੰ ਠੀਕ ਨਾਂ ਲੱਗੇ ਪਰ ਮੈਨੂੰ ਪੂਰਾ ਯਕੀਨ ਆ ਕਿ ਸਾਡੀ ਕੁੜੀ ਲਈ ਇਸ ਤੋ ਵਧੀਆ ਵਰ ਹੋਰ ਨਹੀ ਹੋ ਸਕਦਾ"। 
    ਦੇਬੀ ਨੇ ਗੱਲ ਦਾ ਮੁੱਢ ਬੰਨਿਆ।
    "ਬੁਝਾਰਤਾਂ ਨਾ ਪਾ ਪੁੱਤ ਸਾਫ ਸਾਫ ਦੱਸ?" ।
    ਬਚਨ ਸਿੰਘ ਜਲਦੀ ਸੁਣਨਾਂ ਚਾਹੁੰਦਾ ਸੀ ਤੇ ਓਧਰ ਕੰਤੀ ਦੇ ਵੀ ਚਾਰ ਕੰਨ ਹੋ ਗਏ ਸਨ, ਉਸ ਨੂੰ ਪਤਾ ਸੀ ਬਈ ਉਸਦੇ ਰਿਸ਼ਤੇ ਦੀ ਗੱਲ ਹੋ ਰਹੀ ਆ।
    "ਜੇ ਮੈਂ ਕੰਤੀ ਦਾ ਵਿਆਹ ਨਿਰਮਲ ਨਾਲ ਕਰ ਕੇ ਇਸ ਨੂੰ ਅਪਣੇ ਘਰ ਲੈ ਜਾਵਾਂ ਤਾਂ ਤੁਸੀ ਇਜਾਜਤ ਦੇਵੋਗੇ ?"।
    ਦੇਬੀ ਨੇ ਧਮਾਕਾ ਕੀਤਾ,ਜਿੱਥੇ ਕੁੜੀ ਦਾ ਚਿਹਰਾ ਸੂਹਾ ਹੋ ਗਿਆ ਸੀ ਉਥੇ ਬਚਨ ਸਿੰਘ ਨੂੰ ਸੁਣੀ ਗੱਲ ਤੇ ਯਕੀਨ ਨਹੀ ਸੀ ਆ ਰਿਹਾ।
    "ਪੁੱਤ ਕਮਾਊ ਮੁੰਡਾ ਆ ਪਰ … ।" 
    ਬਚਨ ਸਿੰਘ ਗੱਲ ਅਧੂਰੀ ਛੱਡ ਗਿਆ।
    "ਪਰ ਕੀ ਤਾਇਆ ਜੀ, ਕੰਮੀਆ ਦਾ ਮੁੰਡਾ ਆ ? ਕੀ ਅਸੀ ਸਾਰੇ ਕੰਮੀ ਨਹੀ ? ਫਰਕ ਸਿਰਫ ਏਨਾ ਆ ਕਿ ਕੋਈ ਅਪਣੇ ਖੇਤਾ ਵਿੱਚ ਕੰਮ ਕਰਦਾ ਤੇ ਕੋਈ ਦੂਜਿਆ ਦੇ, ਕੰਮੀ ਕੋਈ ਵੱਡਾ ਹੋ ਸਕਦਾ ਤੇ ਕੋਈ ਛੋਟਾ ਪਰ ਹਾਂ ਸਾਰੇ ਹੀ ਕੰਮੀ"। 
    ਦੇਬੀ ਨੇ ਨਿਰਮਲ ਦੇ ਕੰਮੀ ਹੋਣ ਨੂੰ ਛੋਟੇ ਦਰਜੇ ਦਾ ਮਨੁੱਖ ਨਹੀ ਸੀ ਮੰਨਿਆ, ਬਚਨ ਸਿੰਘ ਸੋਚੀ ਪੈ ਗਿਆ।
    "ਤਾਇਆ ਜੀ ਕੀ ਸੋਚ ਰਹੇ ਹੋ ? ਲੋਕ ਕੀ ਕਹਿਣਗੇ ?" ਦੇਬੀ ਨੇ ਫਿਰ ਕਿਹਾ।


    "ਪੁੱਤ ਮੇਰੇ ਲਈ ਮੇਰੀ ਧੀ ਦੀ ਡੋਲੀ ਉਠ ਜਾਵੇ ਇਸਤੋ ਵਧੀਆ ਕਾਰਜ ਹੋਰ ਕੀ ਹੋਊ, ਪਰ ਲੋਕ ਲਾਜ ਵੀ ਰੱਖਣੀ ਪੈਦੀ ਆ, ਇਸ ਦਾ ਕੀ ਕਰਾਂ ?"।
    ਬਚਨ ਸਿੰਘ ਨੇ ਮਜਬੂਰੀ ਦੱਸੀ।
    "ਤਾਇਆ ਜੀ ਇਹ ਲੋਕ ਤੁਹਾਨੂੰ ਹੁਣ ਤੱਕ ਲਤਾੜਦੇ ਰਹੇ, ਤੇ ਤੁਸੀ ਸੀ ਨਹੀ ਕੀਤੀ, ਹੁਣ ਜਦ ਮੈ ਏਥੇ ਆ ਤਾ ਦੇਖੂੰਗਾ ਬਈ ਇਹ ਕਿਵੇ ਤੁਹਾਨੂੰ ਦੁਖੀ ਕਰ ਸਕਦੇ ਆ, ਤੁਸੀ ਇੱਕ ਵਾਰ ਹਾਂ ਕਰੋ, ਮੇਰਾ ਵਾਅਦਾ ਬਈ ਕੰਤੀ ਭੈਣ ਨੂੰ ਤੱਤੀ ਵਾਅ ਨੀ ਲੱਗਣ ਦੇਦਾ"। 
    ਦੇਬੀ ਨੇ ਏਨੇ ਵਿਸ਼ਵਾਸ਼ ਨਾਲ ਕਿਹਾ ਸੀ ਕਿ ਤਾਏ ਦੀਆ ਅੱਖਾ ਦੇ ਪਰਨਾਲੇ ਵਹਿ ਤੁਰੇ, ਬੰਨ ਟੁੱਟ ਗਿਆ, ਕਿਸੇ ਨੇ ਕਦੇ ਇਨੀ ਹਮਦਰਦੀ ਨਹੀ ਸੀ ਦਿਖਾਈ ਉਸ ਨਾਲ, ਉਹ ਹੁਣ ਤੱਕ ਹਰ ਕਿਸੇ ਦੀਆ ਟਾਂਚਾ ਸੁਣਦਾ ਰਿਹਾ ਸੀ ਤੇ ਹੁਣ ਮਿਲਦੀ ਹਮਦਰਦੀ ਝੱਲ ਨਹੀ ਸੀ ਹੋ ਰਹੀ, ਪਿਓ ਦੀਆ ਅੱਖਾ ਵਿੱਚ ਹੰਝੂ ਦੇਖ ਕੇ ਕੰਤੀ ਕਾਫੀ ਦੇਰ ਤੋ ਹੰਝੂ ਰੋਕਦੀ ਪਈ ਸੀ ਪਰ ਹੁਣ ਉਸਦੀਆ ਹੁਬਕੀਆ ਆਪ ਮੁਹਾਰੀਆ ਨਿਕਲ ਆਈਆ, ਉਸ ਨੇ ਗੋਡਿਆ ਵਿੱਚ ਸਿਰ ਦੇ ਲਿਆ, ਜਿਵੇ ਖੁਦ ਨੂੰ ਸੀਤਾ ਮਾਤਾ ਵਾਂਗ ਧਰਤੀ ਵਿੱਚ ਗਰਕ ਕਰ ਲੈਣਾ ਚਾਹੁੰਦੀ ਹੋਵੇ ਤੇ ਕਹਿਣਾ ਚਾਹੁੰਦੀ ਹੋਵੇ, ਲਓ ਕਮੀਨਿਓ, ਆਹ ਲਓ ਜਾਨਵਰੋ, ਤੁਹਾਡੇ ਨਾਲ ਜੀਣ ਨਾਲੋ ਮਰਨਾ ਚੰਗਾ ਆ, ਲਓ ਅਪਣੇ ਹੰਕਾਰ ਨੂੰ ਬਰਕਰਾਰ ਰੱਖੋ, ਅਪਣੀ ਝੂਠੀ ਸ਼ਾਨ ਦੇ ਝੰਡੇ ਝੁਲਾਓ, ਤੇ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ, ਇੱਕ ਮਜਬੂਰ ਕੰਨਿਆ ਦੀ ਗਰੀਬੀ ਤੇ ਲਾਚਾਰੀ ਦਾ ਫਾਇਦਾ ਉਠਾਉਦੇ ਓ ਤੇ ਹਾਲੇ ਗੁਰੂ ਦੇ ਸਿੱਖ ਵੀ ਕਹਾਉਦੇ ਓ, ਲਾਹਨਤ ਹੈ … ।
    ਦੋਵੇ ਪਿਓ ਧੀ ਰੱਜ ਕੇ ਰੋਏ, ਦੇਬੀ ਨੇ ਉਹਨਾ ਨੂੰ ਰੋਣ ਦਿੱਤਾ, ਉਹ ਚਾਹੁੰਦਾ ਸੀ ਕਿ ਦੋਵੇ ਮਨ ਦਾ ਭਾਰ ਹਲਕਾ ਕਰ ਲੈਂਣ, ਇਨਾ ਦੁੱਖ ਇਸ ਘਰ ਵਿੱਚ ਜਮਾ ਹੋਇਆ ਤੇ ਪਿੰਡ ਦੇ ਕਿਸੇ ਬੀਬੇ ਬੰਦੇ ਦੇ ਕੰਨ ਤੇ ਜੂ ਨਹੀ ਸਰਕਦੀ ? ਇਨੇ ਨਿਰਮੋਹੇ ਹੋ ਗਏ ਇਹ ਸਭ ?
    ਇਹ ਗੁਰੂਆ ਪੀਰਾਂ ਦੀ ਧਰਤੀ ਆ ? ਇਥੇ ਇਨੀ ਭਗਤੀ ਹੋ ਚੁੱਕੀ ਆ ?
    ਏਨੇ ਤੀਰਥ ਹਨ ਇਸ ਧਰਤੀ ਤੇ ? ਨਹੀ, ਕਿਤੇ ਕੋਈ ਭੁੱਲ ਹੈ, ਇਹ ਉਹ ਪੰਜਾਬ ਨਹੀ, ਪੰਜਾਬੀਆ ਨੂੰ ਕੋਈ ਭੈੜਾ ਰੋਗ ਆ ਲੱਗਿਆ, ਹੈ ਸਤਗੁਰੂ ਰਹਿਮ ਕਰ, ਦੇਬੀ ਐਸੇ ਖਿਆਲਾ ਵਿੱਚ ਡੁੱਬਿਆ ਪਿਆ ਸੀ ਤੇ ਹੋਲੀ ਹੌਲੀ ਦੋਵੇ ਪਿਓ ਧੀ ਧੀਰਜ ਧਰ ਰਹੇ ਸਨ … ।।
    "ਪੁੱਤ ਤੇਰਾ ਦੇ ਦੇਣਾ ਨੀ ਦੇ ਹੋਣਾ ਮੈਥੋ, ਤੂੰ ਸਾਡੇ ਲਈ ਕਿਸ ਕਿਸ ਦਾ ਮੂੰਹ ਬੰਦ ਕਰੇਗਾ"। 
    ਬਚਨ ਸਿੰਘ ਹਾਲੇ ਪੂਰੀ ਤਰਾ ਠੀਕ ਨਹੀ ਸੀ ਬੋਲ ਪਾ ਰਿਹਾ।
    "ਤਾਇਆ ਜੀ ਮੇਰਾ ਤੁਸੀ ਕੁੱਝ ਨਹੀ ਦੇਣਾ, ਪੁੱਤ ਮਾਪਿਆ ਤੇ ਕਦੇ ਕਰਜ ਨੀ ਚੜਾਉਦੇ, ਰਹੀ ਮੂੰਹ ਬੰਦ ਕਰਨ ਦੀ ਗੱਲ ਤੁਸੀ ਕਿਸੇ ਨੂੰ ਮੂੰਹ ਖੋਲਣ ਤਾ ਦਿਓ, ਫਿਰ ਦੇਖਿਓ ਬੰਦ ਵੀ ਕਿਵੇ ਹੁੰਦੇ ਆ"। ਦੇਬੀ ਨੇ ਹਿੱਕ ਥਾਪੜੀ।
    "ਮੈ ਸਹਿਮਤ ਆ, ਪਰ ਕੁੜੀ ਨੂੰ ਪੁੱਛ ਲਈਏ"। 
    ਬਚਨ ਸਿੰਘ ਮੰਨ ਗਿਆ, ਉਹਦੇ ਕੋਲ ਹੋਰ ਕੋਈ ਚਾਰਾ ਵੀ ਨਹੀ ਸੀ, ਹੋ ਸਕਦਾ ਸੀ ਕਿ ਸਾਰੀ ਉਮਰ ਹੀ ਕੰਤੀ ਉਹਦੇ ਮੋਢਿਆ ਤੇ ਬੋਝ ਬਣੀ ਰਹਿੰਦੀ ਤੇ ਉਹ ਜਵਾਨ ਧੀ ਦੀ ਰੱਖਿਆ ਕਿੰਨੀ ਦੇਰ ਕਰਦਾ?

    "ਕੁੜੀਏ, ਤੂੰ ਸਭ ਕੁੱਝ ਸੁਣ ਲਿਆ, ਤੇਰੀ ਕੀ ਮਰਜੀ ਆ"। 
    ਬਚਨ ਸਿੰਘ ਨੇ ਧੀ ਨੂੰ ਪੁੱਛਿਆ।
    "ਮੇਰੀ ਕੀ ਮਰਜੀ ਹੋਣੀ ਆ, ਜਿਸ ਨਾਲ ਤੋਰੋਗੇ ਤੁਰ ਪਵਾਗੀ"। 
    ਕੁੜੀ ਨੇ ਸਹਿਮਤੀ ਦੇ ਦਿੱਤੀ।
    ਬਖਸ਼ ਲਈ ਰੱਬਾ, ਇਸ ਜਾਲਮ ਸਮਾਜ ਨੂੰ, ਇਨਾ ਨੇ ਇੱਕ ਮੁਟਿਆਰ ਕੋਲੋ ਉਸਦਾ ਏਨਾ ਵਿਸ਼ਵਾਸ਼ ਖੋ ਲਿਆ ਕਿ ਉਸਦੀ ਕੋਈ ਮਰਜੀ ਹੀ ਨਹੀ ਰਹਿਣ ਦਿੱਤੀ ? ਜਿਹਦੇ ਨਾਲ ਤੋਰੀਏ ਤੁਰ ਪੈਦੀ ਆ ਤੇ ਏਹ ਕੋਈ ਫਖਰ ਦੀ ਗੱਲ ਆ ? ਇੱਕ ਧੀ ਨੂੰ ਗਊ ਕਹਿ ਕੇ ਇਹ ਲੋਕ ਕਿਸ ਗੱਲ ਦਾ ਫਖਰ ਮਹਿਸੂਸ ਕਰਦੇ ਆ ? ਕੀ ਇਹ ਖੁਦ ਗਊਆ ਦੇ ਜਾਏ ਹਨ ? ਮੈ ਅਪਣੀ ਧੀ ਤੇ ਉਸ ਵੇਲੇ ਫਖਰ ਕਰਾਗਾ ਜਦ ਉਹ ਇੱਕ ਗਊ ਨਹੀ ਸਗੋ ਸ਼ੇਰਨੀ ਹੋਵੇਗੀ, ਇਸ ਸਮਾਜ ਦਾ ਪਤਨ ਸ਼ੁਰੂ ਹੋ ਗਿਆ, ਇੱਕ ਮਨੁੱਖ ਦੂਜੇ ਮਨੁੱਖ ਨੂੰ ਦੁਖੀ ਕਰ ਕੇ ਖੁਦ ਸੁਖੀ ਹੋਣ ਦੀਆ ਅਰਦਾਸਾਂ ਕਰਦਾ ?
    ਦੇਬੀ ਨੇ ਬਚਨ ਸਿੰਘ ਨਾਲ ਗੱਲ ਪੱਕੀ ਕਰ ਲਈ ਤੇ ਹਫਤੇ ਅੰਦਰ ਵਿਆਹ ਕਰਨ ਦੀ ਗੱਲ ਵੀ ਕਰ ਲਈ, ਵਿਆਹ ਤੇ ਕੋਈ ਖਰਚ ਨਹੀ ਸੀ ਕੀਤਾ ਜਾਣਾ, ਗੁਰਦਵਾਰੇ ਅਨੰਦ ਕਾਰਜ ਕਰ ਕੇ ਕੁੜੀ ਨੂੰ ਘਰ ਲੈ ਜਾਣਾ ਸੀ।
    "ਤੇ ਤਾਇਆ ਜੀ ਇੱਕ ਗੱਲ ਹੋਰ, ਕਿਸੇ ਕੋਲੋ ਕੁੱਝ ਨੀ ਲੁਕੋਣਾ, ਸਭ ਨੂੰ ਦੱਸਣਾ ਆ ਤੇ ਸਮਾਜ ਦੇ ਮੂੰਹ ਤੇ ਥੱਪੜ ਮਾਰਨਾ ਆ, ਇਨਾ ਤੁਰੀਆ ਫਿਰਦੀਆ ਲਾਸ਼ਾ ਨੂੰ ਗਹਿਰੀ ਨੀਂਦ ਤੋ ਜਗਾਉਣਾ ਆ"। ਦੇਬੀ ਨੇ ਬਚਨ ਸਿੰਘ ਦਾ ਡਰ ਕੱਢਣ ਲਈ ਕਿਹਾ, ਉਹ ਦੇਖਣਾ ਚਾਹੁੰਦਾ ਸੀ ਕਿ ਕੌਣ ਲੋਕ ਹਨ ਇਹ ਜੋ ਦੂਜਿਆ ਦੇ ਜੀਵਨ ਦਾ ਫੈਸਲਾ ਕਰਦੇ ਹਨ।
    ਦੇਬੀ ਘੁੱਦੇ ਹੁਣਾ ਦੇ ਘਰ ਨੂੰ ਤੁਰ ਗਿਆ, ਬੇਬੇ ਨੂੰ ਸਾਰੀ ਗੱਲ ਦੱਸੀ,
    "ਵੇ ਪੁੱਤ ਆਹ ਜੋ ਪੁੰਨ ਤੂੰ ਖੱਟਿਆ, ਇਹ ਕਿਤੇ ਤੇਰੇ ਮੋਹਰੇ ਜਰੂਰ ਆਊ"। 
    ਬੇਬੇ ਉਸਦੇ ਇਸ ਵੱਡੇ ਫੈਸਲੇ ਨੂੰ ਏਨੀ ਛੇਤੀ ਲੈਣ ਤੇ ਹੈਰਾਂਨ ਸੀ, ਘਰ ਜਾ ਕੇ ਭੂਆ ਨੂੰ ਤੇ ਨਿਰਮਲ ਨੂੰ ਦੱਸਿਆ,
    "ਬਾਈ ਹੁਣ ਧੋਖਾ ਨਾ ਦੇ ਜਾਈ, ਤੇਰੇ ਇਤਬਾਰ ਤੇ ਜਬਾਨ ਦੇ ਆਇਆ"। 
    ਦੇਬੀ ਨੇ ਕਿਹਾ।
    "ਧੋਖਾ ਦੇਣਾ ਮਰਦਾ ਦਾ ਕੰਮ ਨੀ, ਤੇਰੇ ਪਸੀਨੇ ਤੇ ਲਹੂ ਵਹਾ ਦੂ ਬਾਈ"।
    ਜਜਬਾਤੀ ਹੋਏ ਨਿਰਮਲ ਨੇ ਦੇਬੀ ਨੂੰ ਜੱਫੀ ਪਾ ਲਈ, ਨਿਰਮਲ ਨੂੰ ਕੰਤੀ ਚੰਗੀ ਲੱਗੀ ਸੀ ਤੇ ਦੂਸਰੇ ਉਸ ਨਾਲ ਵੈਸੇ ਵੀ ਹਮਦਰਦੀ ਕਰਦਾ ਸੀ, ਜੇ ਦੇਬੀ ਨੇ ਉਸ ਨੂੰ ਉਨਾ ਦੇ ਝੋਨਾ ਲਾਉਣ ਨਾ ਭੇਜਿਆ ਹੁੰਦਾ ਤੇ ਨਿਰਮਲ ਕੰਤੀ ਨੂੰ ਏਨਾ ਨੇੜਿਓ ਨਾ ਦੇਖਦਾ ਤਾ ਸ਼ਾਇਦ ਨਿਰਮਲ ਵੀ ਨਾਂਹ ਕਰ ਦਿੰਦਾ, ਭੂਆ ਨੂੰ ਇਹ ਕੰਮ ਬਿਲਕੁਲ ਨਹੀ ਸੀ ਜਚਿਆ … 
    "ਪੁੱਤ ਆਹ ਕੀ ਸਿਆਪਾ ਸਹੇੜ ਲਿਆ, ਲੋਕਾ ਨੇ ਜਾਨ ਵੱਢ ਵੱਢ ਖਾ ਲੈਣੀ ਆ"। ਭੂਆ ਲੋਕਾ ਦੀ ਦੰਦ ਕਥਾ ਤੋ ਬਹੁਤ ਚਲਦੀ ਸੀ।
    "ਭੂਆ ਜਿਦੇ ਨਾਲ ਵੀ ਗੱਲ ਕਰੀਏ ਉਹ ਇਹੀ ਕਹਿੰਦਾ ਬਈ ਲੋਕਾ ਤੋ ਡਰ ਲਗਦਾ, ਜਰਾ ਦੇਖਾ ਤਾ ਸਹੀ ਇਹ ਲੋਕ ਜਿਨਾ ਤੋ ਹਰ ਕੋਈ ਡਰਦਾ ਆ ਇਹ ਕਰਦੇ ਕੀ ਆ, ਇੱਕ ਘਰ ਵਸਦਾ ਹੋ ਜੇ ਇਹਦੇ ਵਿੱਚ ਬੁਰਾਈ ਕੀ ਆ ? ਮੇਰੇ ਕਿਸੇ ਵੀ ਕੰਮ ਵਿੱਚ ਬੁਰਾਈ ਦਿਖਾ ਮੈ ਉਸੇ ਵੇਲੇ ਛੱਡਦੂੰ"। 

    ਦੇਬੀ ਭੂਆ ਨੂੰ ਵੀ ਮਾਨਸਿਕ ਤੌਰ ਤੇ ਮਜਬੂਤ ਕਰਨਾ ਚਾਹੁੰਦਾ ਸੀ, ਦੁਪਿਹਰ ਤੱਕ ਗੱਲ ਹਰ ਘਰ ਵਿੱਚ ਪਹੁੰਚ ਗਈ, ਲੋਕਾ ਨੇ ਮੂੰਹ ਵਿੱਚ ਉਗਲਾਂ ਪਾ ਲਈਆ, ਵਿਚਾਰੀਆਂ ਬਯੁਰਗ ਤਾਈਆ, ਮਾਸੀਆਂ ਤੇ ਮਾਮੀਆਂ, ਇਨਾ ਦੀ ਸਲਾਹ ਤੋ ਬਿਨਾ ਹੀ ਇੱਕ ਦੁਖੀ ਕੁੜੀ ਦੇ ਦੁੱਖ ਦਾ ਖਾਤਮਾ ਹੋਣ ਲੱਗਾ ਸੀ ਪਰ ਇਹ ਕਿਵੇ ਹੋ ਸਕਦਾ ?  ਅਪਣੇ ਸਭ ਕੰਮ ਛੱਡ ਕੇ ਇਨਾ ਸਵਾਣੀਆ ਨੇ ਖੁਦ ਔਰਤ ਹੋਣ ਦੇ ਨਾਤੇ ਇੱਕ ਕੁਆਰੀ ਤੋ ਔਰਤ ਬਣਨ ਵਾਲੀ ਕੰਤੀ ਦੇ ਸਾਫ ਰਾਹ ਨੂੰ ਗੰਦਾ ਕਰਨ ਲਈ ਕੁੱਝ ਐਹੋ ਜਿਹੇ ਪਰਵਚਨ ਕਰਨੇ ਸ਼ੁਰੂ ਕਰ ਦਿੱਤੇ, … ।
    "ਨੀ ਕਲਯੁਗ ਆ ਗਿਆ, ਹੁਣ ਪਿੰਡ ਦਾ ਮੁੰਡਾ ਪਿੰਡ ਚ ਬਰਾਤ ਲੈ ਕੇ ਢੁਕੂ ?" ।
    ਰਸਮਾਂ ਦੀ ਕਦਰਦਾਂਨ ਇੱਕ ਸਿਆਣੀ ਔਰਤ ਬੋਲੀ।
    "ਨੀ ਕੀ ਪਤਾ ਵਿੱਚੋ ਕੀ ਗੱਲ ਹੋਣੀ ਆ, ਸੈਦ ਪਹਿਲਾ ਈ ਗਿੱਟ ਮਿੱਟ ਹੋਵੇ ਦੋਵਾਂ ਦੀ"। 
    ਇਕ ਇਜਤਦਾਰ ਸੁਹਾਗਣ ਨੇ ਦੇਵੀ ਤੇ ਚਿੱਕੜ ਸੁੱਟਣਾ ਸ਼ੁਰੂ ਕਰ ਦਿੱਤਾ, ਉਹਦਾ ਅਪਣਾ ਘਰ ਵਸਿਆ ਪਿਆ ਸੀ ਹੋਰ ਕਿਸੇ ਦਾ ਵਸੇ ਜਾ ਨਾ, ਨਾਲੇ ਇਹ ਅਪਾਹਜ ਲੋਕ ਕਿਤੇ ਇਨਾ ਸਵਾਣੀਆ ਦੀ ਰੀਸ ਕਿਵੇ ਕਰ ਸਕਦੇ ਆ ? ਤੇ ਛੋਟੀ ਜਾਤ ? ਤੌਬਾ ਤੌਬਾ, ਨਾਲੇ ਇਹ ਗਿੱਟਮਿੱਟ ? ਇਹ ਬਹੁਤ ਖਤਰਨਾਕ ਚੀਜ ਆ, ਗਿੱਟਮਿੱਟ ਕਰਨ ਵਾਲਿਆ ਦੇ ਮੂੰਹ ਕਾਲੇ ਕਰ ਕੇ ਖੋਤੇ ਤੇ ਬਿਠਾਇਆ ਜਾਦਾ ਉਨਾ ਦੇ ਸੇਹਰੇ ਨਹੀ ਬੰਨੇ ਜਾਦੇ।
    "ਕੀ ਪਤਾ ਬਚਨ ਸਿਓ ਨੇ ਪੈਸੇ ਪੂਸੇ ਲਏ ਹੋਣ ਵਲੈਤੀਏ ਤੋ, ਕੰਮੀਆ ਦੇ ਮੁੰਡੇ ਦਾ ਕੋਈ ਕਿਵੇ ਰਿਸ਼ਤਾ ਕਰਦੂ"। 
    ਇੱਕ ਹੋਰ ਨੇ ਜਮਾ ਈ ਗੱਲ ਸਿਰੇ ਤੇ ਲਾ ਦਿੱਤੀ, ਅਪਣਾ ਕੰਮ ਛੱਡ ਕੇ ਹੁਣ ਇਹ ਇਸ ਗੈਰ ਧਰਮੀ ਰਿਸ਼ਤੇ ਬਾਰੇ ਗੱਲ ਕਰ ਰਹੀਆਂ ਸਨ, ਬੜੀ ਚਿੰਤਾ ਸੀ ਇਨਾਂ ਔਰਤਾਂ ਨੂੰ ਰਸਮਾ ਦੀ, ਰਵਾਇਤ ਕਾਇਮ ਰੱਖਣ ਲਈ ਭਾਰਤ ਦੀਆਂ ਕਰੋੜਾ ਔਰਤਾ ਨਰਕ ਭੋਗ ਰਹੀਆਂ ਪਰ ਜੋ ਬਯੁਰਗ ਕਹਿ ਗਏ ਉਹ ਹੋਣਾ ਜਰੂਰੀ ਆ, ਇਨਾ ਇਜਤਦਾਰ ਔਰਤਾ ਨੂੰ ਕਦੇ ਇਸ ਗੱਲ ਦੀ ਚਿੰਤਾ ਨਹੀ ਸੀ ਹੋਈ ਕਿ ਇੱਕ ਜਵਾਨ ਕੁੜੀ ਕਿਵੇ ਮਰ ਮਰ ਕੀ ਜੀ ਰਹੀ ਆ, ਸਾਰੀਆਂ ਗੱਲਾਂ ਬੇਬੇ ਰਾਹੀ ਦੇਬੀ ਤੱਕ ਪਹੁੰਚ ਗਈਆ, ਉਸ ਨੂੰ ਗੁੱਸਾ ਘੱਟ ਹੀ ਆਉਦਾ ਸੀ ਪਰ ਐਸੇ ਗੰਦੇ ਬੋਲ ਸੁਣ ਕੇ ਉਸਦਾ ਦਿਲ ਕਰਦਾ ਸੀ ਕਿ ਜਬਾਂਨ ਖਿੱਚ ਲਵੇ ਇਨਾਂ ਭੌਕੜ ਕੁੱਤਿਆ ਦੀ, ਉਹ ਘਰ ਘੁੱਦੇ ਦੀ ਉਡੀਕ ਕਰ ਰਿਹਾ ਸੀ, ਸ਼ਾਮ ਤੋ ਪਹਿਲਾਂ ਘੁੱਦਾ ਸ਼ਹਿਰੋ ਆ ਗਿਆ ।
    "ਬਾਈ ਜੜ ਤੇ ਕੋਕੇ, ਜਮਾਂ ਈ ਫਿੱਟ ਹੋ ਗੀ ਕਹਾਣੀ, ਬੈਂਕ ਵਾਲਾ ਕਹਿੰਦਾ ਸੀ ਬਈ ਤੁਸੀ ਸ਼ੈੱਡ ਛੱਤਣ ਵਾਲੇ ਬਣੋ"। 
    ਘੁੱਦਾ ਅਪਣੀ ਪਰੌਗਰੈਸ ਤੇ ਬਾਹਲਾ ਈ ਖੁਸ਼ ਸੀ।
    "ਲੈ ਫੇ ਐਧਰਲੀ ਕਹਾਣੀ ਵੀ ਸੁਣ"। ਦੇਬੀ ਨੇ ਨਿਰਮਲ ਵਾਲਾ ਮਾਮਲਾ ਦੱਸਿਆ।
    "ਓਹ ਬਾਈ, ਇਸ ਸਮਾਜ ਨਾਲ ਬਾਹਲੀ ਟੱਕਰ ਨਾ ਲਵੀ, ਇਹਨਾ ਨੇ ਕਿਸੇ ਨੂੰ ਨਹੀ ਬਖਸ਼ਿਆ"। ਘੁਦਾ ਦੇਬੀ ਨੂੰ ਸਾਵਧਾਨ ਕਰਨਾ ਚਾਹੁੰਦਾ ਸੀ।
    "ਮੈ ਕਿਸੇ ਨਾਲ ਕੋਈ ਟੱਕਰ ਨਹੀ ਲੈ ਰਿਹਾ, ਬਚਨ ਸਿੰਘ ਅਪਣੀ ਧੀ ਦਾ ਰਿਸ਼ਤਾ ਨਿਰਮਲ ਨਾਲ ਕਰਨਾ ਚਾਹੁੰਦਾ ਆ, ਉਸਦੀ ਧੀ ਸਹਿਮਤ ਹੈ, ਨਿਰਮਲ ਸਹਿਮਤ ਆ, ਦੋਵੇ ਬਾਲਿਗ ਹਨ, ਇਹਦੇ ਵਿੱਚ ਕਿਸੇ ਨਾਲ ਟੱਕਰ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਆ ? ਟੱਕਰ ਤਾ ਲੋਕ ਬਕਵਾਸ ਕਰ ਕੇ ਮੇਰੇ ਨਾਲ ਲੈ ਰਹੇ ਆ"। ਦੇਬੀ ਨੂੰ ਦੂਰ ਦੂਰ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਦਾ ਹੁੰਦਾ ਕੋਈ ਨੁਕਸਾਨ ਨਜਰ ਨਹੀ ਸੀ ਆ ਰਿਹਾ, ਉਹ ਗੱਲਾ ਕਰ ਹੀ ਰਹੇ ਸਨ ਕਿ ਸੱਜਣਾ ਦੀ ਟੋਲੀ ਆ ਗਈ, … ।।
    "ਨਾ ਅਸੀ ਕੁੱਝ ਖਾਣਾ ਤੇ ਨਾ ਪੀਣਾ, ਸਾਡੇ ਸਵਾਲ ਦਾ ਸਹੀ ਜਵਾਬ ਦੇਵੋ ਪਹਿਲਾਂ"। 
    ਆਉਦਿਆ ਹੀ ਪਰੀਤੀ ਨੇ ਹੁਕਮ ਕਰ ਦਿੱਤਾ।
    "ਲਓ ਸਾਡੀ ਪਰੀਤੋ ਗੁੱਸੇ ਵਿੱਚ ਐਨੀ ਸੋਹਣੀ ਲਗਦੀ ਆ, ਜਦੋ ਤੈਨੂੰ ਦੇਖਣ ਵਾਲੇ ਆਏ ਤੂੰ ਪੂਰੇ ਗੁੱਸੇ ਚ ਰਹੀ, ਪਹਿਲੀ ਸੱਟੇ ਰਿਸ਼ਤਾ ਪੱਕਾ ਮਜਾਲ ਆ ਕੋਈ ਨੱਕ ਬੁੱਲ ਕੱਢ ਜੇ"। 
    ਦੇਬੀ ਨੇ ਗੱਲ ਹਾਸੇ ਵਿੱਚ ਪਾਉਣੀ ਚਾਹੀ, ਪਰ ਕੋਈ ਨਾ ਹੱਸੀ, ਉਨਾ ਸਾਰੀਆ ਦੇ ਮੂੰਹ ਬਣੇ ਹੋਏ ਸਨ, ਸਾਰੇ ਮੇਲੇ ਵਿੱਚ ਵਾਹ ਵਾਹ ਖੱਟਣ ਤੋ ਬਾਅਦ ਕੋਈ ਬਿਨਾ ਕਾਰਨ ਉਦਾਸ ਕਿਵੇ ਹੋ ਸਕਦਾ ?
    "ਟਾਲ ਮਟੋਲ ਨਾਲ ਗੱਲ ਨੀ ਬਣਨੀ, ਸ਼ਪਸ਼ਟ ਕਰੋ"। 
    ਸੱਜਣਾ ਨੇ ਪਰੀਤੀ ਦੀ ਪਰੋੜਤਾ ਕੀਤੀ … ।
    "ਠੀਕ ਆ, ਤੁਹਾਡੀ ਗੱਲ ਦਾ ਕੋਈ ਸਹੀ ਜਵਾਬ ਮੇਰੇ ਕੋਲ ਵੀ ਨਹੀ ਪਰ ਇੱਕ ਗੀਤ ਸੁਣਾਉਦਾ ਹਾਂ, ਹੋ ਸਕਦਾ ਹੈ ਕਿ ਤੁਹਾਡੇ ਕੁੱਝ ਜਵਾਬ ਮਿਲ ਜਾਣ"। ਦੇਬੀ ਬਹਿਸ ਵਿੱਚ ਨਹੀ ਸੀ ਪੈਣਾ ਚਾਹੁੰਦਾ, ਗੀਤ ਦਾ ਨਾਂ ਸੁਣ ਕੇ ਕੁੜੀਆ ਦੇ ਚਿਹਰੇ ਖਿੜ ਗਏ, ਤੇ ਉਹ ਦੇਬੀ ਵੱਲ ਇਓ ਦੇਖਣ ਲੱਗ ਪਈਆ ਜਿਵੇ ਉਹ ਹੁਣੇ ਕੋਈ ਜਾਦੂ ਦਾ ਸ਼ੋਅ ਦਿਖਾਉਣ ਲੱਗਾ ਹੋਵੇ, ਦੇਬੀ ਨੇ ਅੱਖਾਂ ਮੀਟ ਲਈਆ, ਚੇਹਰੇ ਤੇ ਦਰਦ ਜਿਹਾ ਛਾ ਗਿਆ, ਸੱਜਣਾ ਦੇ ਕਲੇਜੇ ਦਾ ਰੁੱਗ ਪਹਿਲਾ ਬੋਲ ਸੁਣ ਕੇ ਈ ਭਰਿਆ ਗਿਆ … 

    ਪੀੜਾਂ ਦਾ ਪਰਾਗਾ, ਭਾਵੇ ਹੋਰ ਲੱਭ ਜੇ … ।
    ਜਿਹੜਾ ਦਿਲਾਂ ਦੀਆ ਜਾਣੇ, ਚਿੱਤ ਚੋਰ ਲੱਭ ਜੇ … 
    ਮੇਰੀ ਪੀੜਾ ਨਾਲ ਯਾਰੀ, ਹਾਲੇ ਹੋਈ ਨਹੀਓ ਗਾੜੀ
    ਹਾਲੇ ਮੋਹ ਦੀਆ ਤੰਦਾਂ, ਮੈਨੂੰ ਜਾਂਦੀਆ ਨੇ ਸਾੜੀ
    ਮੇਰੀ ਸੁਣੇ ਅਰਜੋਈ ਨੇੜੇ ਹੋ ਕੇ ਰੱਬ ਜੇ, ਜਿਹੜਾ ਦਿਲਾਂ … ।।

    ਇਹ ਜੋ ਪਰੇਮ ਦੇ ਨੇ ਵੈਰੀ, ਲਾਈ ਬੈਠੇ ਆ ਕਚਿਹਰੀ
    ਇਹ ਜੋ ਦੇਂਦੇ ਨੇ ਸਜਾਵਾਂ, ਝੋਲੀ ਅਪਣੀ ਪਵਾਵਾਂ, ਐਸੀ ਕੋਈ ਦਫਾ ਮੇਰੇ ਨਾਮ ਲੱਗ ਜੇ, ਜਿਹੜਾ ਦਿਲਾਂ… ।।

    ਓਨਾ ਪੀਰਾਂ ਦੀ ਮਜਾਰੇ ਜਾ ਕੇ ਚਾਦਰ ਚੜਾਵਾਂ, ਜਿਹੜਾ ਛੱਜੂ ਦੇ ਚੁਬਾਰੇ ਦੀਆ ਹਰ ਲੈ ਬਲਾਵਾਂ
    ਗਿੱਧੇ ਪਾਉਣ ਮੁਟਿਆਰਾ, ਫਿਰ ਹੱਸ ਪੈ ਜਵਾਨੀ, ਉਦੋ ਢੋਲੇ ਮਾਹੀਏ ਆਉਣੇ ਜਾ ਕੇ ਦੇਬੀ ਦੀ ਜੁਬਾਨੀ
    ਆਕੇ ਸੱਜਣ ਬਣਾਵੇ ਨਾਨਕ, ਨਾਂ ਕੋਈ ਰਹੇ ਠੱਗ ਜੇ, ਜਿਹੜਾ ਦਿਲਾ … ।।

    ਗੀਤ ਦੇ ਬੋਲ ਖਤਮ, ਸੱਜਣਾ ਦਾ ਚੈਨ ਖਤਮ, ਕੁੜੀਆ ਉਦਾਸ, ਘੁੱਦਾ ਉਦਾਸ, ਭੂਆ ਉਦਾਸ, ਵਾਤਾਵਰਣ ਉਦਾਸ … ।। 
    ਦੇਬੀ ਨੇ ਕਹਿਣਾਂ ਸੁਰੂ ਕੀਤਾ,
    ਜਿਸ ਮਾਹੋਲ ਵਿੱਚ ਪਰੇਮ ਨਾ ਕੀਤਾ ਜਾ ਸਕੇ, ਊਥੇ ਉਦਾਸ ਨਾ ਹੋਵਾ ? 
    ਜਿਥੇ ਅਪਣੀ ਮਰਜੀ ਨਾਲ ਹੱਸਿਆ ਨਾ ਜਾ ਸਕੇ, ਉਥੇ ਉਦਾਸ ਨਾ ਹੋਵਾ ?
    ਜਿੱਥੇ ਖੇਡ ਵੀ ਜੰਗ ਬਣ ਜਾਵੇ, ਉਥੇ ਉਦਾਸ ਨਾ ਹੋਵਾਂ ?
    ਜਿੱਥੇ ਇੱਕ ਮਾ ਬੱਚੇ ਨੂੰ ਜਨਮ ਦਿੰਦੀ ਮਰ ਜਾਵੇ ਕਿਉਕਿ ਡਾਕਟਰੀ ਸਹਾਇਤਾ ਨਾਂ ਮਿਲ ਸਕੀ ਉੁਥੇ ਉਦਾਸ ਨਾ ਹੋਵਾ ?
    ਜਿੱਥੇ ਪਾਣੀ ਦੀ ਵਾਰੀ ਤੋ ਭਰਾ ਭਰਾ ਦੇ ਲਹੂ ਦੀ ਖਾਲ ਵਗਾਉਣ ਨੂੰ ਤਿਆਰ ਹੋਵੇ … ਉਥੇ ਉਦਾਸ ਨਾ ਹੋਵਾ ?
    ਜਿੱਥੇ ਇੱਕ ਜਿਮੀਦਾਰ ਦੀ ਫਸਲ ਤੱਕ ਨਾ ਬੀਜੀ ਨਾ ਜਾ ਸਕੇ ਕਿਉਕਿ ਮਦਦ ਲਈ ਸਾਰੇ ਪਿੰਡ ਵਿੱਚੋ ਕੋਈ ਤਿਆਰ ਨਹੀ, ਉਥੇ ਉਦਾਸ ਨਾ ਹੋਵਾ ?
    ਅਤੇ ਜਿੱਥੇ ਇੱਕ ਮਜਬੂਰ ਕੰਨਿਆ ਦਾ ਗਰੀਬੀ ਕਾਰਨ ਵਿਆਹ ਨਾ ਹੋ ਸਕੇ ਤਾ ਦੱਸੋ ਕੀ ਉਥੇ ਵੀ ਉਦਾਸ ਨਾਂ ਹੋਵਾ ?
    ਕਾਫੀ ਹਨ ਇਹ ਕਾਰਨ ਮੇਰੀ ਉਦਾਸੀ ਦੇ ਕਿ ਕੁੱਝ ਹੋਰ ਗਿਣਾਵਾਂ ?
    ਸਿਰਫ ਦੇਬੀ ਦੀ ਅਵਾਜ ਗੂੰਜ ਰਹੀ ਸੀ, ਬਾਕੀ ਸਭ ਬੁੱਤ ਬਣੇ ਹੋਏ ਸਨ, ਉਨਾ ਦੇ ਕੋਲ ਹਰ ਰੋਜ ਇਹ ਘਟਨਾਵਾ ਘਟਦੀਆ ਸਨ ਪਰ ਉਹ ਉਦਾਸ ਨਹੀ ਸੀ ਹੋਏ, ਇਨਾ ਪਰੇਮ ਹੈ ਦੇਬੀ ਨੂੰ ਹਰ ਮਨੁੱਖ ਨਾਲ ਕਿ ਉਨਾ ਦੇ ਦੁੱਖ ਤੇ ਕਮੀਆ ਦੇਖ ਕੇ ਉਦਾਸ ਹੋ ਰਿਹਾ ?
    "ਚੰਗਾ ਹੋਵੇ ਜੇ ਤੁਸੀ ਸਭ ਮੇਰੇ ਨਾਲੋ ਹੁਣੇ ਅਲੱਗ ਹੋ ਜਾਓ, ਕਿਤੇ ਮੇਰੇ ਵਾਲਾ ਰੋਗ ਤੁਹਾਨੂੰ ਹੋ ਗਿਆ ਤਾ ਹੁਣ ਦੀ ਤਰਾਂ ਹੱਸ ਨਹੀ ਪਾਉਗੇ, ਤੁਹਾਡੇ ਸਾਹਮਣੇ ਕਿਸੇ ਹੋਰ ਨੂੰ ਮਾਰ ਪਈ ਤਾ ਪੀੜਿਤ ਤੁਸੀ ਹੋਵੋਗੇ, ਬਚ ਜਾਓ, ਪਰੇਮ ਤੋ ਬਚ ਜਾਓ"। 
    ਦੇਬੀ ਨੇ ਫਿਰ ਕਿਹਾ।
    "ਵੀਰੇ ਮਾਫ ਕਰੀ"। 
    ਪਰੀਤੀ ਕੋਲੋ ਹੋਰ ਸਿਹਾ ਨਹੀ ਗਿਆ ਉਹ ਦੇਬੀ ਦੇ ਸੀਨੇ ਆ ਲੱਗੀ। 
    ਸੱਜਣਾ ਦੇ ਸਰੀਰ ਦਾ ਜਿਵੇ ਕਿਸੇ ਨੇ ਸਾਰਾ ਲਹੂ ਕੱਢ ਲਿਆ ਹੋਵੇ, ਉਹ ਸਮਝਦੀ ਸੀ ਕਿ ਦੇਬੀ ਸਿਰਫ ਉਸ ਨੂੰ ਹੀ ਇਨਾ ਪਿਆਰ ਕਰਦਾ ਆ, ਨਹੀ, ਇਹ ਮਨੁੱਖਤਾ ਦਾ ਪਰੇਮੀ ਆ, ਸਿਰ ਤੋ ਪੈਰਾਂ ਤੱਕ ਬੱਸ ਪਰੇਮ, ਨਿਰੋਲ ਪਰੇਮ … 
    "ਮੁਆਫੀ ਕਿਸ ਗੱਲ ਦੀ ? ਕੋਈ ਕਸੂਰ ਨਹੀ ਤੇਰਾ, ਉਦਾਸ ਵੀਰ ਨੂੰ ਉਦਾਸੀ ਦਾ ਕਾਰਨ ਹੀ ਪੁੱਛਿਆ, ਤੁਹਾਡੇ ਪਰੇਮ ਤੋ ਸਦਕੇ ਜਾਵਾਂ, ਇਨੀ ਸ਼ਿੱਦਤ ਨਾਲ ਮੇਰੀ ਉਦਾਸੀ ਦਾ ਕਾਰਨ ਅੱਜ ਤੱਕ ਕਿਸੇ ਨਹੀ ਸੀ ਪੁੱਛਿਆ"। 
    ਦੇਬੀ ਦੇ ਦਿਲ ਦੀ ਡੂੰਘਾਈ ਦਾ ਅੰਦਾਜਾ ਲਾਉਣਾ ਇਨਾ ਅੱਲੜਾ ਦੇ ਵੱਸ ਦਾ ਰੋਗ ਨਹੀ ਸੀ।
    "ਬਾਈ, ਅੱਜ ਹੀ ਨਿਰਮਲ ਤੇ ਕੰਤੀ ਦਾ ਵਿਚੋਲਾ ਬਣਿਆ ਆ"। 
    ਘੁੱਦੇ ਨੇ ਨਵੀ ਗੱਲ ਦੱਸੀ ਤਾ ਕੁੜੀਆ ਦੇ ਮੂੰਹ ਅੱਡੇ ਰਹਿ ਗਏ।
    "ਐਨੇ ਕੰਮ ਹਨ ਜੋ ਇਸ ਪਿੰਡ ਵਿੱਚ ਹੋਣ ਵਾਲੇ ਆ, ਅਸੀ ਇਥੇ ਰਹਿ ਕੇ ਕਦੇ ਉਹ ਚੀਜਾਂ ਨਹੀ ਦੇਖੀਆਂ ਜੋ ਤੁਸੀ ਕੁੱਝ ਦਿਨਾ ਵਿੱਚ ਦੇਖ ਲਈਆਂ"। 
    ਦੀਪੀ ਨੂੰ ਦੇਬੀ ਦੇ ਦੇਖਣ ਤੇ ਸਮਝਣ ਦੀ ਬਾਰੀਕੀ ਦਾ ਹੁਣ ਥੋੜਾ ਅਹਿਸਾਸ ਹੋ ਰਿਹਾ ਸੀ।
    "ਸਵਾਲ ਦੂਰ ਨੇੜੇ ਦਾ ਨਹੀ ਦੀਪੋ, ਸਵਾਲ ਜਾਗਦੇ ਰਹਿਣ ਦਾ ਅਤੇ ਹੋਛ ਵਿੱਚ ਰਹਿਣ ਦਾ ਹੈ, ਸੁੱਤੇ ਹੋਈਏ ਤਾਂ ਕੁੱਝ ਨਜਰ ਨਹੀ ਅਉਦਾ"। 
    ਦੇਬੀ ਨੇ ਕਿਹਾ, ਉਸ ਨੇ ਅੱਜ ਪਹਿਲੀ ਵਾਰੀ ਦੀਪੀ ਨੂੰ ਦੀਪੋ ਕਿਹਾ ਸੀ।
    "ਕੌਣ ਸੁੱਤਾ ਹੈ ? ਤੁਹਾਡਾ ਮਤਲਬ ਮੇਰੀ ਸਮਝ ਨਹੀ ਆਇਆ"। 
    ਦੀਪੀ ਦੇ ਕੁੱਝ ਪੱਲੇ ਨਹੀ ਸੀ ਪਿਆ।
    "ਸਿਰਫ ਅੱਖਾਂ ਖੁੱਲੀਆਂ ਹੋਣ ਦਾ ਜਾਗਣ ਨਾਲ ਕੋਈ ਸਬੰਧ ਨਹੀ, ਜੋ ਮਨੁੱਖ ਅਪਣੇ ਆਸ ਪਾਸ ਕਿਸੇ ਗੰਦਗੀ ਨੂੰ, ਕਿਸੇ ਬੇਇਨਸਾਫੀ ਨੂੰ, ਕਿਸੇ ਜੁਲਮ ਨੂੰ ਦੇਖ ਨਹੀ ਰਿਹਾ ਉਹ ਜਾਂ ਤਾ ਸੁੱਤਾ ਹੈ ਅਤੇ ਜਾਂ ਅੰਨਾ ਹੈ, ਜੋ ਕਿਸੇ ਦੀ ਪੁਕਾਰ ਨੂੰ ਕਿਸੇ ਦੀ ਮਦਦ ਲਈ ਕੀਤੀ ਬੇਨਤੀ ਨੂੰ ਸੁਣ ਨਹੀ ਰਿਹਾ ਉਹ ਮਨੁੱਖ ਜਾਂ ਤਾ ਬੋਲਾ ਹੈ ਅਤੇ ਜਾਂ ਸੁੱਤਾ ਹੋਇਆ ਹੈ, ਜੋ ਮਨੁੱਖ ਕਿਸੇ ਮਜਲੂਮ ਦੀ ਰਾਖੀ ਲਈ ਅਵਾਜ ਬੁਲੰਦ ਨਹੀ ਕਰਦਾ, ਜਿਸਦੇ ਮੂਹੋ ਕੋਈ ਪਰੇਮ ਦੇ ਬੋਲ ਨਹੀ ਨਿਕਲਦੇ ਉਹ ਜਾਂ ਤਾ ਸੁੱਤਾ ਹੈ ਅਤੇ ਜਾਂ ਗੁੰਗਾ ਹੈ, ਅਤੇ ਏਥੇ ਬਹੁਤੇ ਇਨਸਾਨ ਜੋ ਮੈਂ ਦੇਖੇ ਹਨ ਉਹ ਅੰਨੇ, ਬੋਲੇ ਅਤੇ ਗੁੰਗੇ ਹਨ, ਜਾਂ ਫਿਰ ਸੁੱਤੇ ਹਨ, ਕੀ ਮੈ ਅਪਣੀ ਉਦਾਸੀ ਦਾ ਕਾਰਨ ਸ਼ਪਸ਼ਟ ਕਰ ਸਕਿਆ ?" ।
    ਦੇਬੀ ਨੇ ਪੁੱਛਿਆ।
    "ਇਸ ਹਿਸਾਬ ਨਾਲ ਅਸੀ ਹੁਣ ਤੱਕ ਅੰਨੇ, ਗੁੰਗੇ ਤੇ ਬੋਲੇ ਰਹੇ ਆ ?" 
    ਘੁੱਦੇ ਨੇ ਇਸ ਪਵਾਇਟ ਤੋ ਕਦੇ ਨਹੀ ਸੀ ਸੋਚਿਆ।
    "ਅਗਰ ਮੈਂ ਕਹਾਗਾ ਤਾਂ ਸ਼ੋਭਾ ਨਹੀ ਦਿੰਦਾ, ਹਰ ਬੰਦਾ ਅਪਣੇ ਆਪ ਨੂੰ ਖੁਦ ਤੋਲੇ, ਮੈਂ ਤਾ ਸਿਰਫ ਇਹ ਜਾਣਦਾ ਆ ਬਈ ਮੈਂ ਬਹੁਤ ਸਮਾਂ ਅੰਨਾ ਗੁੰਗਾ ਤੇ ਬੋਲਾ ਰਿਹਾ ਹਾਂ ਅਤੇ ਇਸ ਗੱਲ ਦਾ ਮੈਨੂੰ ਬੇਹਿਸਾਬ ਅਫਸੋਸ ਆ"। 
    ਦੇਬੀ ਨੇ ਮੰਨਿਆ।
    "ਤੁਸੀ ਵੀ ਸੁੱਤੇ ਰਹੇ ਹੋ ? ਮੰਨਣ ਚ ਨਹੀ ਆਉਦਾ"। 
    ਮਨਿੰਦਰ ਨੂੰ ਲਗਦਾ ਸੀ ਕਿ ਦੇਬੀ ਹਮੇਸ਼ਾਂ ਹੀ ਇਸੇ ਸੁਭਾਅ ਦਾ ਮਾਲਕ ਰਿਹਾ ਹੋਵੇਗਾ।
    "ਮੰਨਣਾਂ ਮਨੁੱਖ ਦੀ ਮਰਜੀ ਆ, ਗੁਰੂ ਜੀ ਕਹਿੰਦੇ ਆ, ਸੁਣੀਐ, ਮੰਨੀਐ ਮਨ ਰੱਖੀਏ ਭਾਓ, ਸੁਣ ਤੁਸੀ ਲਿਆ, ਮੰਨਣਾਂ ਤੇ ਮਨ ਵਿੱਚ ਵਸਾਉਣਾ ਤੁਹਾਡੀ ਮਰਜੀ ਆ, ਗੁਰੂ ਨੇ ਆ ਕੇ ਡੰਡੇ ਨਹੀ ਮਾਰਨੇ, ਗੁਰੂ ਦਾ ਕੰਮ ਗੁਰੂ ਕਰ ਗਿਆ, ਹੁਣ ਸਾਡੀ ਵਾਰੀ ਆ, ਮੈਨੂੰ ਥੋੜੀ ਜਿਹੀ ਰੌਸ਼ਨੀ ਦੀ ਕਿਰਨ ਨਜਰ ਆਈ ਆ ਤੇ ਇਹ ਹੁਣ ਮੈਂਨੂੰ ਇੱਕ ਦਿਨ ਮੰਜਿਲ ਤੇ ਜਰੂਰ ਪਹੁੰਚਾਓ"। 
    ਦੇਬੀ ਨੇ ਖੁਲਾਸਾ ਕੀਤਾ।
    "ਮੈ ਹੁਣ ਤੱਕ ਜੀਵਨ ਨੂੰ ਬਹੁਤ ਛੋਟੀ ਨਜਰ ਨਾਲ ਦੇਖਿਆ ਹੈ, ਮੈਨੂੰ ਅਪਣਾ ਨਜਰੀਆਂ ਬਦਲਣ ਦੀ ਲੋੜ ਆ"। 
    ਦੀਪੀ ਨੂੰ ਲਗਦਾ ਸੀ ਕਿ ਉਹ ਖੁਦਗਰਜ ਜਿਹੀ ਆ ਸਦਾ ਅਪਣੇ ਸੁੱਖ ਦਾ ਹੀ ਸੋਚਦੀ ਰਹੀ, ਬੱਸ ਦੇਬੀ ਮਿਲ ਜਾਵੇ, ਇਸ ਤੋ ਵੱਧ ਵੀ ਕੁੱਝ ਮੰਗਣ ਲਈ ਹੈ ਰੱਬ ਕੋਲੋ, ਇਹ ਉਸਦੇ ਖਿਆਲ ਵਿੱਚ ਨਹੀ ਸੀ ਆਇਆ, ਮੁਟਿਆਰਾਂ ਅੱਜ ਪਹਿਲੀ ਵਾਰ ਦੇਬੀ ਕੋਲੋ ਉਦਾਸ ਵਿਦਾ ਹੋਈਆਂ, ਦੇਬੀ ਦੀ ਉਹ ਉਦਾਸੀ ਜੋ ਪਿੰਡ ਦੇ ਲੋਕਾ ਦੀਆ ਕਮੀਆ ਤੇ ਕਮਜੋਰੀਆ ਦੇਖ ਕੇ ਕੱਲ ਜਸ਼ਨ ਦੇ ਮੌਕੇ ਵੀ ਉਸਤੇ ਛਾਈ ਹੋਈ ਸੀ ਉਸ ਉਦਾਸੀ ਦਾ ਪਰਛਾਵਾ ਇਨਾ ਮੁਟਿਆਰਾ ਦੇ ਦਿਲ ਤੇ ਵੀ ਪੈ ਗਿਆ, ਇਨਾ ਦੇ ਕੋਮਲ ਤੇ ਜਜਬਾਤੀ ਜਿਹੇ ਦਿਲ ਅਪਣੇ ਸਮਾਜ ਦੀਆ ਕਮੀਆ ਨੂੰ ਦੇਖ ਕੇ ਵਲੂੰਧਰੇ ਗਏ ਸਨ, ਔਰਤ ਵੇਸੇ ਵੀ ਜਿਆਦਾ ਸੰਵੇਦਨਸ਼ੀਲ ਹੈ, ਉਹ ਸੋਚ ਰਹੀਆ ਸਨ ਕਿ ਕੰਤੀ ਦੀ ਪਰਾਬਲਮ ਕਦੇ ਉਨਾ ਨੇ ਦੇਖੀ ਹੀ ਨਹੀ ਸੀ ਇਹ ਦੇਬੀ ਕੋਲ ਐਸੀ ਕਿਹੜੀ ਅੱਖ ਆ ਜੇਹੜਾ ਇਹ ਕੁੱਝ ਦਿਨਾ ਵਿੱਚ ਹੀ ਸਾਰੇ ਪਿੰਡ ਦੇ ਦੁੱਖ ਦਾ ਹਿਸਾਬ ਲਾਈ ਬੈਠਾ ? 
    ਦੇਬੀ ਤੇ ਘੁੱਦਾ ਉਨਾਂ ਦੇ ਖੇਤਾਂ ਵੱਲ ਤੁਰ ਗਏ, ਉਹ ਸ਼ੈੱਡ ਬਣਾਉਣ ਦੀ ਥਾਂ ਬਾਰੇ ਸਲਾਹ ਕਰਨੀ ਚਾਹੁੰਦੇ ਸੀ, ਨਿਰਮਲ ਅਪਣੇ ਘਰ ਗਿਆ ਹੋਇਆ ਸੀ, ਉਸਦੇ ਘਰ ਬਯੁਰਗ ਮਾਂ ਪਿਓ ਤੇ ਇੱਕ ਛੋਟਾ ਭਰਾ ਸੀ, ਜਦੋ ਉਨਾ ਨੇ ਅਪਣੇ ਪੁੱਤ ਦੀ ਗੱਲ ਸੁਣੀ ਤਾਂ ਘਬਰਾ ਗਏ।
    "ਇਹ ਕੀ ਜੱਗੋ ਤੇਰਵੀ ਕਰਨ ਲੱਗਾ ਪੁੱਤ, ਜਿਮੀਦਾਰਾ ਦਾ ਤੇ ਅਪਣਾ ਕੋਈ ਮੇਲ ਨੀ"। 
    ਬਾਪੂ ਨੇ ਸਮਝਾਇਆ।
    "ਬਾਪੂ ਇਹ ਸਾਰਾ ਰੱਬ ਦਾ ਖੇਲ ਆ ਤੇ ਦੇਬੀ ਬਾਈ ਜਿੰਮੇਦਾਰ ਆ, ਉਹਨੂੰ ਜਬਾਨ ਦੇ ਆਇਆ"। ਨਿਰਮਲ ਨੇ ਦੱਸਿਆ।
    "ਸਾਰਾ ਵਿਹੜਾ ਮੂੰਹ ਜੋੜ ਜੋੜ ਗੱਲਾ ਕਰਦਾ, ਕਿਹਦੀ ਕੀਹਦੀ ਜਬਾਨ ਰੋਕਾਗੇ"। 
    ਮਾਤਾ ਨੂੰ ਲੋਕਾਂ ਦੀ ਚਿੰਤਾ ਆ ਲੱਗੀ।
    "ਰੱਬ ਦੇ ਰੰਗ ਦੇਖ ਬੀਬੀ ਤੇ ਰਹੀ ਲੋਕਾਂ ਦੀ ਗੱਲ ਇਸ ਭਿਆਨਕ ਬਿਮਾਰੀ ਦਾ ਮੇਰੇ ਕੋਲ ਕੋਈ ਇਲਾਜ ਨਹੀ"। ਨਿਰਮਲ ਉਠ ਆਇਆ, ਜਿਹੜਾ ਵੀ ਰਾਹ ਵਿੱਚ ਟੱਕਰਦਾ ਕੰਨੀ ਜਿਹੀ ਕਤਰਾਉਦਾ ਜਿਵੇ ਕਿਤੇ ਅਚਾਂਨਕ ਨਿਰਮਲ ਅਛੂਤ ਹੋ ਗਿਆ ਹੋਵੇ, ਨਿਰਮਲ ਨੇ ਸੋਚਿਆ ਜਦ ਬਾਈ ਹਿੱਕ ਥਾਪੜਦਾ ਮੈਨੂੰ ਲੋਕਾਂ ਦੀ ਕੀ ਪਰਵਾਹ ਆ, ਓਧਰ ਦੇਬੀ ਹੁਣੀ ਘੁੱਦੇ ਦੀ ਮੋਟਰ ਤੇ ਸ਼ੈਡ ਦਾ ਪਲੈਨ ਅਤੇ ਬੂਟਿਆ ਦੀ ਬਿਜਾਈ ਬਾਰੇ ਇੱਕ ਰਾਏ ਹੋ ਗਏ ਸਨ, ਛੇਤੀ ਤੋ ਛੇਤੀ ਕੰਮ ਸ਼ੁਰੂ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਸੀ, ਸ਼ਾਮ ਢਲੀ ਉਹ ਘੁੱਦੇ ਦੇ ਘਰ ਆ ਗਏ, ਹੁਣ ਮੁੱਦਾ ਸੀ ਨਿਰਮਲ ਦਾ ਵਿਆਹ, ਬੇਬੇ ਤੇ ਬਾਪੂ ਸਮੇਤ ਭਾਵੇ ਸਾਰੇ ਇਸ ਰਿਸ਼ਤੇ ਤੇ ਖੁਸ਼ ਸਨ ਪਰ ਲੋਕਾਂ ਤੋ ਡਰ ਸਭ ਨੂੰ ਲੱਗ ਰਿਹਾ ਸੀ, ਉਹ ਹਾਲੇ ਗੱਲਾਂ ਹੀ ਕਰ ਰਹੇ ਸਨ ਕਿ ਤਾਇਆ ਨੰਬਰਦਾਰ ਇੱਕ ਹੋਰ ਬਾਪੂ ਨੂੰ ਨਾਲ ਲੈ ਕੇ ਆ ਗਿਆ ।
    "ਜਵਾਨਾਂ, ਤੈਨੂੰ ਈ ਲੱਭਦੇ ਸੀ"। 
    ਦੇਬੀ ਵੱਲ ਦੇਖ ਕੇ ਤਾਏ ਨੇ ਕਿਹਾ।
    "ਆਓ, ਬਯੁਰਗੋ ਹੁਕਮ ਕਰੋ"।
    ਦੇਬੀ ਨੇ ਪੈਰੀ ਹੱਥ ਲਾਏ।
    "ਆਹ ਜੋ ਪਤਾ ਲੱਗਾ ਆ ਬਈ ਬਚਨ ਸਿਓ ਦੀ ਕੁੜੀ ਦਾ ਰਿਸ਼ਤਾ, ਏਹ ਗੱਲ ਠੀਕ ਆ ਕਿ ਕਿਸੇ ਨੇ ਐਵੇ ਫੋਕਾ ਫੈਰ ਈ ਕੀਤਾ ਆ"। 
    ਤਾਏ ਨੇ ਪੁੱਛਿਆ।

    "ਫੈਰ ਫੋਕਾ ਨਹੀ ਤਾਇਆ ਜੀ ਇਹਨੇ ਜਾਲਮਾ ਦੀ ਛਾਤੀ ਵਿੱਚ ਵੱਜਣਾ, ਇਹ ਗੱਲ ਠੀਕ ਸੁਣੀ ਆ ਤੁਸੀ"।  ਦੇਬੀ ਨੇ ਤਸਦੀਕ ਕੀਤਾ।
    "ਪਰ ਏਹ ਹੋ ਕਿਵੇ ਸਕਦਾ, ਕੰਮੀ ਹੁਣ ਸਾਡੀਆ ਕੁੜੀਆ ਨਾਲ ਵਿਆਹ ਕਰਾਉਣਗੇ ?" 
    ਤਾਇਆ ਝੱਬਦੇ ਹੀ ਗੁੱਸੇ ਵਿਚ ਆ ਗਿਆ।
    "ਤਾਇਆ ਜੀ, ਤੁਹਾਡੀ ਕੁੜੀ ਨਾਲ ਨਹੀ, ਤਾਏ ਬਚਨ ਸਿੰਘ ਦੀ ਕੁੜੀ ਦੇ ਰਿਸ਼ਤੇ ਦੀ ਗੱਲ ਹੋਈ ਆ, ਜੇ ਕੁੜੀ ਦਾ ਪਿਓ ਰਾਜੀ ਆ ਤਾਂ ਤੁਹਾਨੂੰ ਕੀ ਸਮੱਸਿਆ ?" ।
    ਦੇਬੀ ਨੇ ਤਾਏ ਦੀ ਪੀੜ ਪੁੱਛੀ।
    "ਬਚਨੇ ਦਾ ਤਾਂ ਦਿਮਾਗ ਫਿਰ ਗਿਆ, ਅਸੀ ਲੋਕਾਂ ਨੂੰ ਮੂਹ ਦਿਖਾਉਣ ਜੋਗੇ ਨੀ ਰਹਿਣਾ, ਏਹ ਕੰਮ ਜਿਵੇ ਸ਼ੁਰੂ ਕੀਤਾ ਉਵੇ ਈ ਠੱਪ ਦੇ"। 
    ਨੰਬਰਦਾਰ ਦੇ ਨਾਲ ਦੇ ਕਿਹਾ।
    "ਤੇ ਉਸ ਕੰਨਿਆ ਦਾ ਕੀ ਬਣੂ ?" ।
    ਦੇਬੀ ਨੇ ਸਵਾਲ ਕੀਤਾ।
    "ਉਹਦਾ ਫੇ ਸੋਚ ਲਵਾਂਗੇ, ਆਵਦੇ ਘਰ ਬੈਠੀ ਆ, ਕਿਤੇ ਭੱਜ ਨੀ ਚੱਲੀ ਪਰ ਤੂੰ ਆਨੇ ਵਾਲੀ ਥਾਂ ਆ, ਸਾਰਾ ਪੰਗਾ ਤੇਰਾ"। 
    ਨੰਬਰਦਾਰ ਨੇ ਰੋਅਬ ਚਾੜਿਆ।
    "ਮੇਰੇ ਬਯੁਰਗ ਹੋ ਤੁਸੀ, ਤੇ ਮੈਂ ਸੁਣ ਰਿਹਾ, ਪਰ ਇਜਤ ਕਰਾਉਣੀ ਅਪਣੇ ਹੱਥ ਆ, ਜਿਆਦਾ ਰੋਅਬ ਮੇਰੇ ਤੇ ਨਾਂ ਝਾੜੌ, ਮੈ ਤਾਂ ਉਹ ਕੰਮ ਕਰਨ ਲੱਗਾਂ ਜੋ ਤੁਹਾਨੂੰ ਬੜੇ ਚਿਰ ਦਾ ਕਰ ਦੇਣਾ ਚਾਹੀਦਾ ਸੀ, ਕੰਨਿਆ ਦਾ ਫੇਰ ਸੋਚੋਗੇ, ਜਦੋ ਉਹ ਬੁੱਢੀ ਹੋ ਗਈ ?" ।
    ਦੇਬੀ ਨੇ ਬਯੁਰਗਾ ਨੂੰ ਚੇਤਾਵਨੀ ਦਿੱਤੀ।
    "ਲੈ ਕੱਲ ਜੰਮੀ ਗਿੱਦੜੀ ਅੱਜ ਵਿਆਹ, ਤੂੰ ਕਦੋ ਦਾ ਜੰਮ ਪਿਆ ਸਾਨੂੰ ਸਮਝੌਤੀਆ ਦੇਣ ਵਾਲਾ ?" 
    ਨੰਬਰਦਾਰ ਦਾ ਪਾਰਾ ਹਾਈ ਹੋ ਗਿਆ।
    "ਮੈਨੂੰ ਜੰਮੇ ਨੂੰ ਕਈ ਸਾਲ ਹੋ ਗਏ ਬਯੁਰਗੋ, ਏਸ ਮਾਮਲੇ ਵਿੱਚ ਦਖਲ ਦੇਣਾ ਤੁਹਾਡਾ ਬਣਦਾ ਨਹੀ, ਨਾਂ ਤੁਸੀ ਬਚਨ ਸਿੰਘ ਦੇ ਰਿਸ਼ਤੇਦਾਰ ਓ ਤੇ ਨਾਂ ਨਿਰਮਲ ਦੇ, ਕਿਸ ਧਿਰ ਵੱਲੋ ਆਏ ਓ ਤੁਸੀ ?" ਦੇਬੀ ਨੇ ਕੋਈ ਪਰਵਾਹ ਨਾਂ ਕੀਤੀ।
    "ਸਵੇਰੇ ਸੱਦਦੇ ਆ ਪੰਚਾਇਤ ਤੇ ਫੇਰ ਪਤਾ ਲੱਗੂ ਬਈ ਸਾਡਾ ਦਖਲ ਦੇਣਾ ਬਣਦਾ ਆ ਕਿ ਨਹੀ"। ਧਮਕੀ ਦੇ ਕੇ ਉਹ ਨੋ ਦੋ ਗਿਆਰਾਂ ਹੋ ਗਏ।
    "ਇਹ ਜੋਕ ਚੰਬੜ ਗਈ ਤੇ ਛੇਤੀ ਲਹਿਣ ਨੀ ਲੱਗੀ, ਕਾਕਾ ਇਹਨੂੰ ਮਨਾ ਲੈ ਹੋਰ ਕਿਸੇ ਨੇ ਕੁੱਝ ਨੀ ਕਹਿਣਾ"। 
    ਘੁੱਦੇ ਦੇ ਪਿਓ ਨੇ ਨੰਬਰਦਾਰ ਤੋ ਖਬਰਦਾਰ ਕੀਤਾ।
    "ਤੁਸੀ ਘਬਰਾਓ ਨਾਂ ਤਾਇਆ ਜੀ, ਮੈ ਖੁਦ ਸਾਰੇ ਪਿੰਡ ਦੇ ਸਾਹਮਣੇ ਇਨਾ ਦੀ ਅਕਲ ਟਿਕਾਣੇ ਲਿਆਉਣੀ ਚਾਹੁੰਦਾਂ"। 
    ਦੇਬੀ ਨੂੰ ਅਪਣੇ ਆਪ ਤੇ ਅਪਣੇ ਇਰਾਦੇ ਤੇ ਪੂਰਾ ਵਿਸ਼ਵਾਸ਼ ਸੀ।
    "ਗੁਰੂ ਜੀ ਕਹਿ ਗਏ ਆ, ਸ਼ੁੱਭ ਕਰਮਨ ਤੇ ਕਬਹੂੰ ਨਾ ਟਰੋ"। 
    ਦੇਬੀ ਨੇ ਗੁਰਬਾਣੀ ਦਾ ਹਵਾਲਾ ਦਿੱਤਾ।
    "ਵੀਰ ਜੀ ਇਸ ਤਾਏ ਦੇ ਚੱਟੇ ਰੁੱਖ ਹਰੇ ਨੀ ਹੁੰਦੇ, ਬਾਹਲਾ ਈ ਜਹਿਰੀ ਆ, ਕਿਸੇ ਨੂੰ ਖੁਸ਼ ਦੇਖ ਕੇ ਤੇ ਇਹਦੇ ਕਲੇਜੇ ਸੂਲ ਉਠਦਾ"। 
    ਪਰੀਤੀ ਨੰਬਰਦਾਰ ਤੇ ਬਾਹਲੀ ਔਖੀ ਸੀ।
    "ਪਰੀਤੋ ਦੇਖੀ ਗੁਰੂ ਸੱਚਾ ਕਿਵੇ ਇਹਦੇ ਜਹਿਰ ਦੇ ਦੰਦ ਤੋੜਦਾ ਆ, ਪਾਪੀ ਕੇ ਮਾਰਨੇ ਕੋ, ਪਾਪ ਮਹਾਬਲੀ ਹੈ"। 
    ਦੇਬੀ ਦੀ ਗੁਰੂ ਤੇ ਡੋਰੀ ਉਸ ਨੂੰ ਡੋਲਣ ਨਹੀ ਸੀ ਦਿੰਦੀ, ਉਹ ਜਾਣਦਾ ਸੀ ਕਿ ਜਿਸ ਰਾਹ ਦਾ ਉਹ ਰਾਹੀ ਆ ਉਥੇ ਪਲ ਪਲ ਇਮਤਿਹਾਨ ਦੇਣੇ ਪੈਦੇ ਆ, ਕੁਝ ਦੇਰ ਹੋਰ ਏਧਰਲੀਆ ਓਧਰਲੀਆ ਮਾਰ ਕੇ ਓਹ ਸੌ ਗਏ … ।।

    "ਬਾਈ ਸਿਆ ਘਰੇ ਈ ਆਂ ?"।
    ਸਵੇਰੇ ਚਾਹ ਪੀਦਿਆ ਈ ਪਿੰਡ ਦਾ ਚੌਕੀਦਾਰ ਘਰੇ ਆ ਧਮਕਿਆ।
    "ਆਜਾ ਭਾਊ ਅੱਜ ਸਵੇਰੇ ਸਵੇਰੇ ?"। 
    ਘੁੱਦੇ ਦੇ ਪਿਓ ਨੂੰ ਖੁੜਕ ਗਈ ਬਈ ਨੰਬਰਦਾਰ ਰਾਤੀ ਘਰੋ ਘਰੀ ਫਿਰਿਆ ਹੋਣਾ, ਨਾਂ ਸੁੱਤਾ ਤੇ ਨਾਂ ਸੌਣ ਦਿੱਤਾ ਹੋਣਾ ਕਿਸੇ ਨੂੰ।
    "ਨੰਬਰਦਾਰ ਤੇ ਸਰਪੰਚ ਸਾਹਿਬ ਨੇ ਵਲੈਤੀਏ ਨੂੰ ਪਚੈਤ ਚ ਸੱਦਿਆ"। 
    ਚੌਕੀਦਾਰ ਨੇ ਉਹੀ ਦੱਸਿਆ ਜਿਸ ਗੱਲ ਦਾ ਸਭ ਅੰਦਾਜਾ ਲਾ ਰਹੇ ਸਨ।
    "ਕੀ ਗੱਲ ਹੋ ਗੀ ਭਾਊ ?"। 
    ਘੁੱਦੇ ਦੇ ਪਿਓ ਨੇ ਫਿਰ ਪੁੱਛਿਆ।
    "ਬਈ, ਆਪਾ ਨੂੰ ਤਾ ਪਤਾ ਨੀ, ਕਾਕਾ ਆਪ ਈ ਅੱਠ ਵਜੇ ਆ ਕੇ ਪੁੱਛ ਲਵੇ, ਤੁਸੀ ਵੀ ਆਇਓ ਭਾਈ, ਸਾਰੇ ਪਿੰਡ ਨੂੰ ਸੱਦਾ ਆ, ਚੰਗਾ ਮੈ ਚਲਦਾਂ।" 
    ਚੌਕੀਦਾਰ ਅਪਣਾ ਕੰਮ ਕਰ ਕੇ ਤੁਰਦਾ ਬਣਿਆ।
    "ਲੈ ਪੁੱਤ ਓਹੋ ਈ ਗੱਲ ਹੋਈ ਜਿਦੇ ਤੋ ਮੈ ਡਰਦੀ ਸੀ"। 
    ਬੇਬੇ ਦਾ ਮੱਥਾ ਠਣਕਿਆ।
    "ਬੇਬੇ ਡਰ ਸਿੱਖ ਦੇ ਕੋਲ ਦੀ ਨਹੀ ਲੰਘਣਾ ਚਾਹੀਦਾ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ, ਤਿਆਰੀ ਕਰੋ ਬਾਕੀ ਗੁਰੂ ਤੇ ਛੱਡ ਦਿਓ"। ਦੇਬੀ ਇਸ ਪਿੰਡ ਵਿੱਚ ਹੋਣ ਵਾਲੇ ਪਹਿਲੇ ਤੇ ਅਜੀਬ ਇਮਤਿਹਾਨ ਲਈ ਖੁਦ ਨੂੰ ਤਿਆਰ ਕਰ ਰਿਹਾ ਸੀ, ਅੱਠ ਵਜਦੇ ਨੂੰ ਗੁਰਦਵਾਰੇ ਮੇਲਾ ਲੱਗਾ ਹੋਇਆ ਸੀ, ਸਾਰਾ ਪਿੰਡ ਜਿਵੇ ਵੇਹਲਾ ਹੋਵੇ, ਜਿਸ ਕਿਸੇ ਨੂੰ ਕੋਈ ਕੰਮ ਵੀ ਸੀ ਉਹ ਵੀ ਅਪਣਾ ਕੰਮ ਛੱਡ ਕੇ ਤਮਾਸ਼ਾ ਦੇਖਣ ਲਈ ਆ ਪਹੁੰਚਾ ਸੀ, ਕਿਸੇ ਨਾ ਕਿਸੇ ਦੀ ਬੇਇਜਤੀ ਹੋਣੀ ਸੀ, ਤੇ ਦੂਜੇ ਦੀ ਬੇਇਜਤੀ ਹੋ ਰਹੀ ਹੋਵੇ, ਬਹੁਤ ਮਜਾ ਆਉਦਾ, ਕਿਓ ? ਕਿਸੇ ਚੰਗੇ ਸਮੇ ਪੰਜਾਬ ਦੇ ਪਿੰਡਾਂ ਵਿੱਚ ਇਕੱਠ ਭਾਵੇ ਘੱਟ ਹੋਵੇ ਪਰ ਝਗੜੇ ਵੇਲੇ ਸਭ ਵੇਹਲੇ ਆ, ਕਿਸੇ ਨੂੰ ਕੋਈ ਕੰਮ ਨਹੀ, ਕੋਈ ਤਮਾਸ਼ਾ ਹੋਣਾ ਸੀ, ਕਿਸੇ ਦੀ ਇਜਤ ਰੁਲਦੀ ਦੇਖਣ ਦਾ ਕੋਈ ਸਵਾਦ ਹੋ ਸਕਦਾ ?
    ਬਚਨ ਸਿੰਘ ਨੂੰ ਵੀ ਸੁਨੇਹਾ ਭੇਜ ਦਿੱਤਾ ਗਿਆ, ਉਹ ਵਿਚਾਰਾ ਇਹ ਨਹੀ ਸੀ ਸਮਝ ਪਾ ਰਿਹਾ ਕੀ ਉਸਦਾ ਗੁਨਾਹ ਕੀ ਹੈ, ਮਸੀ ਕਿਤੇ ਰੱਬ ਨੇ ਢੋਆ ਢੁਕਾਇਆ ਸੀ ਉਹ ਵੀ ਕੰਮ ਨੇਪਰੇ ਚੜਦਾ ਨਹੀ ਸੀ ਲਗਦਾ, ਕੰਤੀ ਨਾਲ ਸੀ, ਉਹ ਬਾਪੂ ਨੂੰ ਕੱਲੇ ਨਹੀ ਸੀ ਛੱਡਣਾ ਚਾਹੁੰਦੀ, ਨਿਰਮਲ ਤੇ ਉਸਦੇ ਮਾਂ ਪਿਓ ਨੂੰ ਵੀ ਸੱਦਾ ਭੇਜਿਆ ਗਿਆ ਸੀ, ਨੰਬਰਦਾਰ ਤਾਇਆ ਮੁੱਛ ਤੇ ਵਾਰ ਵਾਰ ਹੱਥ ਫੇਰਦਾ ਸੀ, ਉਸ ਨੂੰ ਲਗਦਾ ਸੀ ਕਿ ਉਹ ਕੋਈ ਬਹੁਤਾ ਪੁੰਨ ਖੱਟ ਰਿਹਾ, ਰਸਮਾਂ ਬਰਕਰਾਰ ਰਹਿਣਗੀਆਂ, ਲੋਕ ਦੁਖੀ ਰਹਿੰਦੇ ਤਾਂ ਸੌ ਵਾਰ ਰਹਿਣ ਪਰ ਜੋ ਕੁੱਝ ਸੌ ਸਾਲ ਪਹਿਲਾਂ ਕਿਸੇ ਨੇ ਕਾਨੂੰਨ ਬਣਾਏ ਸੀ ਉਨਾਂ ਵਿੱਚ ਤਰਮੀਮ ਦੀ ਕੋਈ ਗੁੰਜਾਇਸ਼ ਨਹੀ, ਦੇਬੀ ਹੁਣੀ ਵੀ ਜਾ ਕੇ ਬੈਠ ਗਏ, ਸਾਰਿਆ ਨੇ ਇੱਕ ਦੂਜੇ ਨੂੰ ਝੂਠੀ ਮੂਠੀ ਜਿਹੀ ਸਤਿ ਸਿਰੀ ਅਕਾਲ ਬੁਲਾਈ, ਅੱਜ ਦਾ ਮਸਲਾ ਅਜੀਬ ਮਸਲਾ ਸੀ, ਕੋਈ ਲੜਾਈ ਨਹੀ ਸੀ ਹੋਈ, ਕਿਸੇ ਗੱਭਰੂ ਨੇ ਕਿਸੇ ਦੀ ਕੁੜੀ ਨਾਲ ਕੋਈ ਛੇੜਖਾਨੀ ਨਹੀ ਸੀ ਕੀਤੀ, ਕੋਈ ਚੋਰੀ ਦਾ ਕੇਸ ਵੀ ਨਹੀ ਸੀ, ਪਰ ਮਾਮਲਾ ਬਹੁਤ ਗੰਭੀਰ ਜਾਪਦਾ ਸੀ … 
    "ਲਓ ਸਰਪੰਚ ਸਾਹਿਬ ਵੀ ਆ ਗਏ।" 
    ਨੰਬਰਦਾਰ ਤਾਇਆ ਬੋਲਿਆ, ਉਹ ਚਾਹੁੰਦਾ ਸੀ ਕਿ ਛੇਤੀ ਤੋ ਛੇਤੀ ਦੇਬੀ ਦੀ ਖੁੰਭ ਠੱਪ ਕੇ ਉਹਦੀ ਅਕਲ ਟਿਕਾਣੇ ਲਿਆਵੇ।
    "ਹਾ ਜੀ ਨੰਬਰਦਾਰ ਜੀ, ਕੀ ਮਸਲਾ ਆ"। 
    ਸਰਪੰਚ ਸਾਹਿਬ ਨੇ ਪੁੱਛਿਆ।
    "ਸਰਪੰਚ ਜੀ ਮਾਮਲਾ ਸਾਡੇ ਪਿੰਡ ਦੀ ਇਜਤ ਦਾ ਆ, ਆਹ ਕੱਲ ਦਾ ਛੋਕਰਾ ਵਲੈਤੋ ਆ ਕੇ ਸਮਝਦਾ ਬਈ ਸਾਨੂੰ ਕਿਸੇ ਨੂੰ ਧੇਲੇ ਦੀ ਅਕਲ ਨੀ, ਆਂਢ ਗੁਆਂਢ ਦੇ ਪਿੰਡਾ ਦੇ ਲੋਕਾ ਨੇ ਥੂ ਥੂ ਕਰਨੀ ਆ"। 
    ਨੰਬਰਦਾਰ ਨੇ ਗੱਲ ਸ਼ੁਰੂ ਕੀਤੀ।
    "ਇੱਕ ਤਾਂ ਪਿੰਡ ਦੀ ਕੁੜੀ ਦਾ ਵਿਆਹ ਪਿੰਡ ਵਿੱਚ ਨਹੀ ਹੋ ਸਕਦਾ, ਸਾਡੀਆ ਦੂਜੀਆ ਕੁੜੀਆ ਤੇ ਕੀ ਅਸਰ ਪਊ ?" ਕਦੇ ਕਿਸੇ ਨੇ ਦੇਖਿਆ ਬਈ ਪਿੰਡ ਦੀ ਬਰਾਤ ਪਿੰਡ ਵਿੱਚ ਢੁੱਕੇ ?"।
    ਨੰਬਰਦਾਰ ਦੀ ਗੱਲ ਵਿੱਚ ਬਹੁਤ ਵਜਨ ਸੀ, ਸਾਰੇ ਘੁਸਰ ਘੁਸਰ ਕਰਨ ਲੱਗ ਪਏ, ਕਈ ਬਯੁਰਗਾਂ ਨੇ ਹਾਮੀ ਭਰੀ … ।।
    "ਗੱਲ ਤਾਂ ਨੰਬਰਦਾਰ ਦੀ ਖਰੀ ਆ, ਇਹ ਤਾਂ ਜੱਗੋ ਤੇਰਵੀ ਆ ਭਾਈ"। 
    ਇਕ ਬੀਬੀ ਦਾਹੜੀ ਵਾਲਾ ਬਯੁਰਗ ਬੋਲਿਆ।
    "ਹਾਂ ਬਈ ਕਾਕਾ, ਤੂੰ ਦੱਸ ਜੋ ਨੰਬਰਦਾਰ ਜੀ ਕਹਿ ਰਹੇ ਉਹ ਠੀਕ ਆ ?" ।
    ਸਰਪੰਚ ਸਾਹਿਬ ਨੇ ਦੇਬੀ ਨੂੰ ਪੁੱਛਿਆ।
    "ਸਤਿਕਾਰਯੋਗ ਸਰਪੰਚ ਸਾਹਿਬ ਅਤੇ ਬਯੁਰਗ ਸਾਹਿਬਾਨੋ, ਮੇਰੇ ਤੇ ਜੋ ਦੋਸ਼ ਹੈ ਉਹ ਜਰਾ ਸ਼ਪਸ਼ਟ ਕਰ ਕੇ ਦੱਸਿਆ ਜਾਵੇ, ਅਤੇ ਮੈਨੂੰ ਅਪਣੀ ਗੱਲ ਪੂਰੀ ਕਰਨ ਦਾ ਮੌਕਾ ਵੀ ਦਿੱਤਾ ਜਾਵੇ"। 
    ਦੇਬੀ ਉਠ ਕੇ ਖੜਾ ਹੋ ਗਿਆ ਅਤੇ ਦੋਵੇ ਹੱਥ ਜੋੜ ਕੇ ਬੇਨਤੀ ਕੀਤੀ।
    "ਕਾਕਾ ਚਲਾਕੀਆਂ ਨਾਂ ਕਰ, ਦੋਸ਼ ਤੈਨੂੰ ਕੋਈ ਹੋਰ ਦੱਸੂ ? ਤੈਨੂੰ ਦੱਸਣ ਡਹੇ ਆਂ ਬਈ ਪਿੰਡ ਦੀ 
    ਕੁੜੀ ਦਾ ਵਿਆਹ ਪਿੰਡ ਚ ਨਹੀ ਹੋ ਸਕਦਾ"। 
    ਨੰਬਰਦਾਰ ਜਰਾ ਤਲਖੀ ਨਾਲ ਬੋਲਿਆ।
    "ਨੰਬਰਦਾਰ ਜੀ, ਕੀ ਇਹ ਕਿਸੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਜਾਂ ਕਿਸੇ ਗੁਰੂ ਪੀਰ ਨੇ ਕਿਹਾ ਕਿ ਪਿੰਡ ਦੀ ਕੁੜੀ ਦਾ ਵਿਆਹ ਪਿੰਡ ਵਿੱਚ ਨਹੀ ਹੋ ਸਕਦਾ ?"।
    ਦੇਬੀ ਨੇ ਨਿਮਰਤਾ ਨਾਲ ਕਿਹਾ।
    "ਨਾਂ ਕਿਤੇ ਕਾਨੂੰਨ ਵਿੱਚ ਆ ਤੇ ਨਾਂ ਕਿਸੇ ਗੁਰੂ ਨੇ ਕਿਹਾ, ਪਰ ਏਦਾਂ ਅੱਜ ਤੱਕ ਕਦੇ ਨੀ ਹੋਇਆ"। ਨੰਬਰਦਾਰ ਨੇ ਵਾਰੀ ਲਈ।
    "ਹਰ ਕੰਮ ਕਦੇ ਨਾਂ ਕਦੇ ਪਹਿਲੀ ਵਾਰ ਹੀ ਹੁੰਦਾ ਆ, ਅਤੇ ਹੁਣ ਇਹ ਰਿਸ਼ਤਾ ਵੀ ਹੋ ਰਿਹਾ"। ਦੇਬੀ ਨੇ ਅੱਗੇ ਕਿਹਾ।
    "ਏਥੇ ਸਾਡਾ ਅਪਣਾ ਕਾਨੂੰਨ ਚਲਦਾ ਆ, ਕਿਸੇ ਹੋਰ ਕੜੇ ਕਨੂੰਨ ਦੀ ਇਥੇ ਕੋਈ ਲੋੜ ਨੀ"। 
    ਬੀਬੀ ਦਾਹੜੀ ਵਾਲਾ ਬਯੁਰਗ ਫੇਰ ਬੋਲਿਆ।
    "ਕੀ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਐਸਾ ਕੋਈ ਕਨੂੰਨ ਬਣਾ ਰੱਖਿਆ ਜਿਸ ਦੀ ਮੈਂ ਉਲੰਘਣਾ ਕਰ ਰਿਹਾ ਹੋਵਾਂ ?" ।
    ਦੇਬੀ ਨੇ ਹੋਰ ਛੱਡੀ, ਸਭ ਚੁੱਪ ਕਰ ਗਏ, ਨੰਬਰਦਾਰ ਨੂੰ ਵੀ ਜਵਾਬ ਨਾਂ ਆਹੁੜਿਆ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ।
    "ਦੂਸਰੀ ਗੱਲ ਇਹ ਕਿ ਜਦੋ ਕੋਈ ਅਪਣੇ ਬੱਚੇ ਦਾ ਰਿਸ਼ਤਾ ਕਰਦਾ ਹੈ ਤਾਂ ਕੀ ਉਹ ਅਪਣੀ ਮਰਜੀ ਕਰ ਸਕਦਾ ਹੈ ਜਾਂ ਉਸ ਨੂੰ ਪਹਿਲਾ ਪਿੰਡ ਵਾਲਿਆ ਨੂੰ ਪੁੱਛਣਾ ਇਸ ਪਿੰਡ ਦੇ ਕਨੂੰਨ ਅਨੁਸਾਰ ਲਾਜਮੀ ਹੈ ?" ।
    ਦੇਬੀ ਨੇ ਪੁੱਛਿਆ।
    "ਇਹ ਤਾਂ ਕਾਕਾ ਮਾਂ ਬਾਪ ਦੀ ਮਰਜੀ ਹੁੰਦੀ ਆ"। 
    ਸਰਪੰਚ ਦਾ ਜਵਾਬ ਸੀ।
    "ਫਿਰ ਤਾਇਆ ਬਚਨ ਸਿੰਘ ਜੇ ਅਪਣੀ ਧੀ ਦਾ ਰਿਸ਼ਤਾ ਕਰਨਾ ਚਾਹਵੇ ਤਾਂ ਕੀ ਇਹ ਅਪਣੀ ਮਰਜੀ ਕਰ ਸਕਦਾ ਜਾਂ ਫਿਰ ਪਹਿਲਾਂ ਨੰਬਰਦਾਰ ਜੀ ਦਾ ਸਹਿਮਤ ਹੋਣਾ ਜਰੂਰੀ ਹੈ ?" ।
    ਦੇਬੀ ਨੇ ਅਗਲਾ ਸਵਾਲ ਕੀਤਾ।
    "ਇਹ ਤਾਂ ਬਚਨ ਸਿੰਘ ਦੀ ਮਰਜੀ ਆ"। 
    ਇੱਕ ਹੋਰ ਬਾਪੂ ਜੋ ਕਾਫੀ ਸਮੇ ਤੋ ਕੁੱਝ ਕਹਿਣ ਕਹਿਣ ਕਰ ਰਿਹਾ ਸੀ ਨੇ ਅਪਣੀ ਸਲਾਹ ਦਿੱਤੀ।
    "ਫਿਰ ਬਚਨ ਸਿੰਘ ਨੂੰ ਅਪਣੀ ਮਰਜੀ ਕਰਨ ਦਿੱਤੀ ਜਾਵੇ"। 
    ਦੇਬੀ ਨੇ ਮੰਗ ਕੀਤੀ।
    "ਲੋਕ ਲਾਜ ਵੀ ਕੋਈ ਚੀਜ ਆ, ਜੇ ਬਚਨ ਸਿਓ ਨੇ ਗਵਾ ਤੀ ਤਾਂ ਅਸੀ ਵੀ ਕਿਸੇ ਨੂੰ ਮੂਹ ਦਿਖਾਉਣਾ"।
    ਨੰਬਰਦਾਰ ਨੇ ਅਗਲਾ ਪੈਤਰਾ ਬਦਲਿਆ।
    "ਲੋਕ ਲਾਜ ਵਾਕਿਆ ਹੀ ਹੋਣੀ ਚਾਹੀਦੀ ਆ, ਪਰ ਕਿਸ ਗੱਲ ਦੀ ? ਕੀ ਬਚਨ ਸਿੰਘ ਨੇ ਕਿਸੇ ਦਾ 
    ਕੁੱਝ ਚੁਰਾਇਆ ? ਜਾਂ ਕਿਸੇ ਦਾ ਕੋਈ ਹੱਕ ਮਾਰਿਆ ? ਕਿਸ ਗੱਲ ਦੀ ਲੋਕ ਲਾਜ ਹੋਵੇ ? ਤੇ ਰਹੀ 
    ਤੁਹਾਡੇ ਮੂੰਹ ਦਿਖਾਉਣ ਦੀ ਗੱਲ, ਜੇ ਕਿਸੇ ਦੀ ਧੀ ਦਾ ਘਰ ਵਸ ਜਾਵੇ ਤਾਂ ਤੁਹਾਡੇ ਮੂੰਹ ਤੇ ਕੋਈ ਕਾਲਖ ਲੱਗ ਜੂ ?" ।
    ਦੇਬੀ ਨੇ ਸਵਾਲਾਂ ਦੀ ਝੜੀ ਲਾ ਦਿੱਤੀ।
    "ਅਸੀ ਕੁੜੀ ਦਾ ਰਿਸ਼ਤਾ ਆਪ ਕਿਸੇ ਚੰਗੇ ਘਰ ਕਰਵਾ ਦਿਆਂਗੇ"। 
    ਨੰਬਰਦਾਰ ਕਿਵੇ ਵੀ ਹਾਰਨਾ ਨਹੀ ਸੀ ਚਾਹੁੰਦਾ।
    "ਭਾਊ ਕਿੰਨੇ ਸਾਲਾਂ ਦਾ ਮੈ ਮਿੰਨਤਾਂ ਕਰਨ ਡਿਹਾ ਬਈ ਕੁੜੀ ਦਾ ਕੁੱਝ ਸੋਚੋ, ਅੱਗੋ ਸਗੋ ਤੂੰ ਟਿੱਚਰਾਂ ਕਰਦਾ ਰਿਹਾ ਬਈ ਏਥੇ ਦੋਵਾਂ ਲੱਤਾ ਵਾਲੀਆਂ ਦੇ ਰਿਸ਼ਤੇ ਨੀ ਹੋਣ ਡਹੇ ਤੇਰੀ ਕੁੜੀ ਕੌਣ ਲੈ ਜੂ ?" ਬਚਨ ਸਿੰਘ ਨੇ ਪਹਿਲੀ ਵਾਰ ਜੁਬਾਂਨ ਖੋਲੀ, ਨੰਬਰਦਾਰ ਦੀ ਬਾਜੀ ਪੁੱਠੀ ਪੈਣ ਲੱਗੀ ਸੀ।
    "ਕੁੜੀਏ ਤੂੰ ਈ ਕੋਈ ਸ਼ਰਮ ਹੱਆ ਕਰ, ਤੇਰੇ ਪਿਓ ਨੂੰ ਤਾਂ ਕੁੱਝ ਕਹਿਣ ਦਾ ਘਾਟਾ"। 
    ਨੰਬਰਦਾਰ ਹੁਣ ਕੰਤੀ ਪਿੱਛੇ ਪੈ ਗਿਆ।
    "ਤਾਇਆ ਜੀ ਮੈਂ ਅਪਣੇ ਬਾਪੂ ਦਾ ਹੁਕਮ ਮੰਨ ਰਹੀ ਆਂ, ਜੋ ਇੱਕ ਧੀ ਦਾ ਫਰਜ ਆ, ਸ਼ਰਮ ਤਾਂ ਤੇਰੇ ਦੋਵਾਂ ਮੁੰਡਿਆ ਨੂੰ ਕਰਨੀ ਚਾਹੀਦੀ ਆ ਜਿਹੜੇ ਵਿਆਹੇ ਵਰੇ ਹੋ ਕੇ ਵੀ ਮੇਰੇ ਪਿੱਛੇ ਪਏ ਆ, ਮੇਰਾ ਤਾਂ ਘਰੋ ਨਿਕਲਣਾ ਹਰਾਂਮ ਕੀਤਾ ਹੋਇਆ ਇਨਾਂ ਦਾ"। 
    ਕੰਤੀ ਨੇ ਹੌਸਲਾ ਕਰ ਕੇ ਪੰਚੈਤ ਵਿੱਚ ਉਹ ਗੱਲ ਮੋਹਰੇ ਰੱਖਤੀ ਜਿਸਦਾ ਕਿਸੇ ਨੂੰ ਪਤਾ ਨਹੀ ਸੀ, ਫਿਰ ਸਾਰੇ ਇੱਕ ਦੂਜੇ ਦਾ ਮੂੰਹ ਦੇਖਣ ਲੱਗ ਪਏ, ਨੰਬਰਦਾਰ ਹੁਣ ਕੁੜਿੱਕੀ ਵਿੱਚ ਫਸਿਆ ਪਿਆ ਸੀ।
    "ਤੂੰ ਕੁੜੀਏ ਹੁਣ ਮੇਰੇ ਸਾਊ ਮੁੰਡਿਆ ਤੇ ਤੋਹਮਤ ਲਾਉਦੀ ਆ"। 
    ਨੰਬਰਦਾਰ ਦੇ ਮੂੰਹੋ ਝੱਗ ਡਿੱਗਣ ਲੱਗ ਪਈ।
    "ਤੋਹਮਤ ਲਾ ਕੇ ਮੈ ਆਵਦੇ ਸਿਰ ਖੇਹ ਪਵਾਉਣੀ ਆ, ਮੈਂ ਤਾਂ ਕਦੋ ਦੀ ਸਬਰ ਕਰ ਰਹੀ ਆਂ, ਪੁੱਛ ਆਵਦੇ ਦਿਲਬਾਗ ਨੂੰ ਇੱਕ ਦਿਨ ਤਾਂ ਸਾਡੇ ਘਰ ਈ ਆ ਵੜਿਆ ਜੇ ਅਚਾਂਨਕ ਬਾਪੂ ਨਾਂ ਆਉਦਾ ਤਾਂ ਮੈਂ ਏਹਨੂੰ ਪਸ਼ੂ ਬਣਨੋ ਕਿਵੇ ਰੋਕਦੀ ?" ਕੰਤੀ ਪੂਰੇ ਰੋਹ ਚ ਬੋਲ ਰਹੀ ਸੀ, ਪਤਾ ਨਹੀ ਕਿੱਥੋ ਉਹਦੇ ਵਿੱਚ ਤਾਕਤ ਆ ਗਈ ਸੀ, ਉਹ ਸਮਝਦੀ ਸੀ ਕਿ ਦੇਬੀ ਵੀਰ ਬਿਗਾਨਾ ਹੋ ਕੇ ਉਸਦੇ ਭਵਿੱਖ ਦੀ ਖਾਤਰ ਸਾਰੇ ਪਿੰਡ ਨਾਲ ਭਿੜਨ ਨੂੰ ਤਿਆਰ ਆ ਜੇ ਅੱਜ ਉਹ ਗਊ ਹੀ ਬਣੀ ਰਹੀ ਤਾਂ ਕਿਧਰੇ ਵੀਰ ਹਾਰ ਨਾਂ ਜਾਵੇ, ਫਿਰ ਕਿਸੇ ਉਹਦਾ ਹੱਥ ਨੀ ਫੜਨਾਂ, ਬਾਪੂ ਨੂੰ ਲੋਕਾਂ ਜੀਣ ਨਹੀ ਦੇਣਾਂ ਤੇ ਇਸ ਅਹਿਸਾਸ ਨੇ ਜਨਮ ਤੋ ਦੱਬੀ ਗਊ ਨੂੰ ਸ਼ੀਹਣੀ ਬਣਾ ਦਿੱਤਾ, ਧੰਨ ਹੈ ਤੂੰ ਦਾਤਾ ਐਵੇ ਨੀ ਚਿੜੀਆ ਕੋਲੋ ਬਾਜ ਤੁੜਾਉਦਾ ਰਿਹਾ।
    "ਕੁੜੀ ਠੀਕ ਕਹਿੰਦੀ ਆ ਸਰਪੰਚ ਜੀ, ਮੈਂ ਇਹਨੂੰ ਕੁੜੀ ਨਾਲ ਹੱਥੋ ਪਾਈ ਹੁੰਦੇ ਆ ਕੇ ਰੋਕਿਆ"। ਬਚਨ ਸਿੰਘ ਦੀਆਂ ਅੱਖਾਂ ਭਰ ਆਈਆ।
    "ਬਚਨ ਸਿਆ ਐਨੀ ਮਾੜੀ ਘਟਨਾਂ ਵਾਪਰੀ ਤੇ ਤੂੰ ਦੱਸਿਆ ਕਿਓ ਨਹੀ ?" ।
    ਸਰਪੰਚ ਸਹਿਬ ਇਸ ਕਰਤੂਤ ਨੂੰ ਸੁਣ ਕੇ ਹੈਰਾਂਨ ਰਹਿ ਗਏ।
    "ਕੀ ਦੱਸਦਾ ਤੇ ਕਿਸਨੂੰ ਦੱਸਦਾ, ਇਸ ਕਮੀਨੇ ਦਾ ਵਿਗੜਨਾ ਕੁੱਝ ਨਹੀ ਸੀ ਤੇ ਲੋਕਾਂ ਨੇ ਮੇਰੀ ਧੀ ਬਾਰੇ ਪਤਾ ਨਹੀ ਕੀ ਕੀ ਬੋਲਣਾ ਸੀ, ਓਧਰੋ ਇਹ ਕਮੀਨਾ ਪੈਰੀ ਪੈ ਗਿਆ ਤੇ ਸਹੁੰ ਖਾ ਗਿਆ ਬਈ 

    ਤਾਇਆ ਹੁਣ ਬਖਸ਼ ਦੇ ਮੈ ਮੁੜ ਏਧਰ ਨਹੀ ਤੱਕਦਾ, ਮੈ ਕੀ ਕਰਦਾ, ਸਾਰਾ ਕੁੱਝ ਬਰਦਾਸ਼ਤ ਕਰ ਲਿਆ"। ਤੇ ਨਾਲ ਹੀ ਬਚਨ ਸਿੰਘ ਭੁੱਬੀ ਰੋ ਪਿਆ, ਸਾਰਾ ਦਰਿਸ਼ ਹੀ ਬਦਲ ਗਿਆ, ਲੋਕ ਨੰਬਰਦਾਰ ਦੇ ਦਿਲਬਾਗ ਨੂੰ ਗਾਲਾਂ ਕੱਢਣ ਲੱਗ ਪਏ ।
    "ਉਹਨੂੰ ਏਥੇ ਪੰਚੈਤ ਵਿੱਚ ਬੁਲਾਓ, ਪਿੰਡ ਦੀ ਕੁੜੀ ਧੀ ਭੈਣ ਹੁੰਦੀ ਆ, ਕਲਯੁਗ ਆ ਗਿਆ"। ਹਮਾਇਤੀ ਬਾਪੂ ਫੇਰ ਬੋਲਿਆ।
    "ਬਾਪੂ ਦੀ ਗੱਲ ਬਿਲਕੁਲ ਠੀਕ ਆ, ਤਾਏ ਬਚਨ ਸਿੰਘ ਨਾਲ ਬਹੁਤ ਧੱਕਾ ਹੋਇਆ, ਦਿਲਬਾਗ ਦਾ ਮੂੰਹ ਕਾਲਾ ਕਰਾਂਗੇ"। 
    ਘੁੱਦੇ ਨੂੰ ਦਿਲਬਾਗ ਤੇ ਗੁੱਸਾ ਆ ਗਿਆ ਬਈ ਇੱਕ ਪਾਸੇ ਇਹ ਗਿਰੀਆਂ ਹੋਈਆ ਹਰਕਤਾਂ ਕਰਦੇ ਦੂਜੇ ਪਾਸੇ ਲੋਕ ਲਾਜ ਦੀਆਂ ਦੁਹਾਈਆ ਦਿੰਦੇ ਆ।
    "ਨੰਬਰਦਾਰਾ ਲਿਆ ਬਈ ਮੁੰਡੇ ਨੂੰ ਸੱਦ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁਣੇ ਈ ਕਰਨਾ ਪਊਗਾ ਤੁਸੀ ਬਹੁਤੀ ਅੱਤ ਚੁੱਕੀ ਆ"। 
    ਇੱਕ ਹੋਰ ਗੱਭਰੂ ਬੋਲਿਆ, ਉਸਦੀ ਪਤਨੀ ਨੂੰ ਦਿਲਬਾਗ ਨੇ ਇੱਕ ਵਾਰ ਭੱਦਾ ਮਜਾਕ ਕੀਤਾ ਸੀ, ਘਰਵਾਲੀ ਨੇ ਉਸਨੂੰ ਦੱਸਿਆ, ਇਹ ਗੱਭਰੂ ਵੀ ਓਦੋ ਸਬਰ ਦਾ ਘੁੱਟ ਪੀ ਗਿਆ ਸੀ ਪਰ ਹੁਣ ਇਸ ਤੋ ਬਰਦਾਸ਼ਤ ਨਹੀ ਸੀ ਹੋ ਰਿਹਾ, ਨੰਬਰਦਾਰ ਇਓ ਝਾਕ ਰਿਹਾ ਸੀ ਜਿਵੇ ਬਿੱਲਾ ਵਾੜ ਵਿੱਚ ਫਸਿਆ ਹੋਵੇ।
    "ਉਹ ਥੋੜੀ ਦੇਰ ਪਹਿਲਾ ਪਿੱਛੇ ਖੜਾ ਸੀ ਮੈਨੂੰ ਲਗਦਾ ਖਿਸਕ ਗਿਆ"। 
    ਪਿੱਛੇ ਖੜੇ ਇੱਕ ਮੁੰਡੇ ਨੇ ਕਿਹਾ, ਨੇੜੇ ਹੀ ਤੀਵੀਆਂ ਬੈਠੀਆਂ ਸੀ ਉਨਾ ਨੇ ਮੂੰਹ ਵਿੱਚ ਉਗਲਾਂ ਪਾ ਲਈਆ।
    "ਨੰਬਰਦਾਰ ਜੀ ਸੁਨੇਹਾ ਘੱਲੋ, ਪਿੰਡ ਨੂੰ ਨਿਆ ਦੇਣਾ ਪਊ"। 
    ਸਰਪੰਚ ਨੇ ਕਿਹਾ।
    "ਸੁਨੇਹਾ ਕੀ ਘੱਲਣਾ ਸਰਪੰਚ ਸਾਹਿਬ ਅਸੀ ਲੈ ਕੇ ਆਉਨੇ ਆ"। 
    ਇਨਾਂ ਕਹਿ ਕੇ ਦੋ ਗੱਭਰੂ ਉਨਾਂ ਦੇ ਘਰ ਨੂੰ ਤੁਰ ਗਏ, ਨੰਬਰਦਾਰ ਨਾਲ ਐਨੀ ਮਾੜੀ ਕਦੇ ਨਹੀ ਸੀ ਹੋਈ, ਉਹਨੂੰ ਅਪਣੇ ਮੁੰਡਿਆ ਤੇ ਗੁੱਸਾ ਆ ਰਿਹਾ ਸੀ ਜਿਨਾਂ ਕਰਕੇ ਸਾਰਾ ਖੇਲ ਵਿਗੜ ਗਿਆ ਸੀ, ਪੰਜਾ ਕੁ ਮਿੰਟਾ ਵਿੱਚ ਦਿਲਬਾਗ ਨੂੰ ਬਾਹੋ ਫੜੀ ਉਹ ਗੱਭਰੂ ਆ ਗਏ, ਦਿਲਬਾਗ ਨੇ ਨੀਵੀ ਪਾਈ ਹੋਈ ਸੀ।
    "ਹਾਂ ਬਈ ਕਾਕਾ ਤੂੰ ਕੁੜੀ ਨਾਲ ਬਦਤਮੀਜੀ ਕੀਤੀ ਸੀ ?" ।
    ਸਰਪੰਚ ਨੇ ਪੁੱਛਿਆ। ਦਿਲਬਾਗ ਚੁੱਪ।
    "ਦਿਲਬਾਗ ਸਿੰਘ ਜਬਾਂਨ ਖੋਲ ਅਤੇ ਸਿਰਫ ਹਾਂ ਤੇ ਨਾਂਹ ਚ ਜਵਾਬ ਦੇ"। 
    ਬਾਪੂ ਨੇ ਕਿਹਾ, ਦਿਲਬਾਗ ਨੂੰ ਪਤਾ ਸੀ ਬਈ ਹੁਣ ਉਹ ਫਸ ਗਿਆ, ਉਹਨੂੰ ਅਪਣੇ ਪਿਓ ਤੇ ਵੱਖਰਾ ਗੁੱਸਾ ਆ ਰਿਹਾ ਸੀ ਬਈ ਨਾਂ ਇਹ ਗੱਲ ਸ਼ੁਰੂ ਕਰਦਾ ਨਾਂ ਭੇਦ ਖੁੱਲਦਾ।
    "ਬਾਪੂ ਸਭ ਤੇਰਾ ਪਵਾੜਾ, ਤੈਨੂੰ ਹਰ ਕਿਸੇ ਦੇ ਘਰ ਵਿੱਚ ਟੰਗ ਅੜਾਉਣ ਦੀ ਵਾਦੀ ਪਈ ਆ, ਤੂੰ ਇਹਨਾਂ ਦੇ ਮਸਲਿਆ ਚ ਦਖਲ ਨਾਂ ਦਿੰਦਾ ਤਾਂ ਆਹ ਦਿਨ ਨਹੀ ਸੀ ਦੇਖਣਾ ਪੈਣਾ"। 

    ਦਿਲਬਾਗ ਜਵਾਬ ਦੇਣ ਦੀ ਥਾਂ ਅਪਣੇ ਪਿਓ ਤੇ ਵਰ ਪਿਆ।
    "ਜਾਦਾ ਬਕਵਾਸ ਨਾਂ ਕਰ, ਕੁੜੀ ਨੇ ਜੋ ਦੋਸ਼ ਤੇਰੇ ਤੇ ਲਾਇਆ ਉਹ ਸੱਚ ਆ ?"।
    ਨੰਬਰਦਾਰ ਦੀ ਇਹ ਹਾਲਤ ਸੀ ਬਈ ਸੱਪ ਦੇ ਮੂੰਹ ਕੋਹੜ ਕਿਰਲੀ, ਕੀ ਕਰੇ ?
    "ਹਾਂ, ਇਹ ਸੱਚ ਆ ਪਰ ਮੈਂ ਅਪਣੇ ਗੁਨਾਹ ਦੀ ਮਾਫੀ ਮੰਗ ਲਈ ਸੀ ਤੇ ਮੁੜ ਕੋਈ ਗਲਤੀ ਨੀ ਕੀਤੀ, ਭਾਵੇਂ ਕੰਤੀ ਭੈਣ ਨੂੰ ਪੁੱਛ ਲਓ"। ਤੇ ਨਾਲ ਹੀ ਉਸ ਨੇ ਕੰਤੀ ਵੱਲ ਇਓ ਦੇਖਿਆ ਜਿਵੇ ਕਹਿ ਰਿਹਾ ਹੋਵੇ, ਦੇਵੀ ਇੱਕ ਵਾਰ ਫਿਰ ਬਖਸ਼ ਦੇ।
    "ਹਾਂ ਧੀਏ ਤੂੰ ਦੱਸ ਮੁੜ ਇਨੇ ਕੋਈ ਬਦਤਮੀਜੀ ਕੀਤੀ ?" ।
    ਹਮਾਇਤੀ ਬਾਪੂ ਨੇ ਪੁੱਛਿਆ।
    "ਇਹ ਤਾਂ ਥੋੜਾ ਸੁਧਰ ਗਿਆ ਪਰ ਹੁਣ ਇਹਦਾ ਵੱਡਾ ਭਰਾ ਸਾਡੇ ਘਰ ਕੋਲ ਦੀ ਗੇੜੇ ਲਾਉਦਾ ਰਹਿੰਦਾ, ਜਦ ਬਾਪੂ ਘਰ ਨਾਂ ਹੋਵੇ ਮੈ ਤਾ ਡਰਦੀ ਅੰਦਰ ਵੜੀ ਰਹਿੰਨੀ ਆ"। 
    ਕੰਤੀ ਨੇ ਦੱਸਿਆ।
    "ਸਾਰਾ ਆਵਾ ਈ ਊਤਿਆ ਪਿਆ, ਦੱਸ ਬਈ ਨੰਬਰਦਾਰਾ ਕੀ ਨਿਆ ਦਈਏ ਹੁਣ ਕੁੜੀ ਨੂੰ ?" ਸਰਪੰਚ ਨੇ ਪੁੱਛਿਆ।
    "ਮੇਰੇ ਵੱਲੋ ਭਾਵੇ ਏਸ ਕੰਜਰ ਨੂੰ ਪੁੱਠਾ ਲਟਕਾਓ, ਮਰ ਗਿਆ ਇਹ ਮੇਰੇ ਲਈ"। 
    ਕਹਿ ਕੇ ਨੰਬਰਦਾਰ ਉਠ ਕੇ ਤੁਰ ਪਿਆ।
    "ਕਿਓ ਹੁਣ ਅਪਣੇ ਘਰ ਅੱਗ ਲੱਗੀ ਤੇ ਸੇਕ ਲਗਦਾ, ਦੂਜਿਆ ਦੇ ਘਰ ਬਸੰਤਰ ਦੇਵਤਾ ਜਾਪਦਾ ਸੀ ?"। ਵਿਰੋਧੀ ਗੱਭਰੂ ਨੇ ਨੰਬਰਦਾਰ ਨੂੰ ਜਾਂਦੇ ਨੂੰ ਕਹੀ, ਸਰਪੰਚ ਤੇ ਹੋਰ ਲੋਕ ਨੰਬਰਦਾਰ ਨੂੰ ਰੋਕਦੇ ਹੀ ਰਹਿ ਗਏ, ਪਰ ਨੰਬਰਦਾਰ ਲਈ ਹੋਰ ਬੇਇਜਤੀ ਸਹਿਣੀ ਔਖੀ ਸੀ।
    "ਬਚਨ ਸਿਆ ਤੇਰਾ ਗੁਨਾਹਗਾਰ ਆ ਦਿਲਬਾਗ, ਤੂੰ ਦੱਸ ਕੀ ਚਾਹੁੰਨਾ ?" ।
    ਸਰਪੰਚ ਨੇ ਪੁੱਛਿਆ।
    "ਸਰਪੰਚ ਸਾਬ, ਮੈ ਸਿਰਫ ਅਪਣੀ ਧੀ ਨੂੰ ਉਹਦੇ ਘਰ ਤੋਰਨਾਂ ਚਾਹੁੰਦਾ ਆ, ਹੋਰ ਮੇਰਾ ਕਿਸੇ ਨਾਲ ਕੋਈ ਗਿਲਾ ਨਹੀ, ਐਸੀ ਕੋਈ ਹੋਰ ਘਟਨਾ ਮੇਰੇ ਕੋਲੋ ਸਹੀ ਨਹੀ ਜਾਣੀ, ਮੈ ਜਿਊਦਾ ਮਰਜੂ"। ਬਚਨ ਸਿੰਘ ਦੀਆਂ ਅੱਖਾ ਹਾਲੇ ਸੁੱਕੀਆ ਨਹੀ ਸਨ।
    "ਤਾਇਆ ਮੈਨੂੰ ਰੱਬ ਦੀ ਸਹੁੰ, ਕੰਤੀ ਅੱਜ ਤੋ ਮੇਰੀ ਧਰਮ ਦੀ ਭੈਂਣ, ਮੈ ਕਦੇ ਕਿਸੇ ਵੱਲ ਬੁਰੀ ਅੱਖ ਨਾਲ ਨੀ ਦੇਖਦਾ, ਅੱਜ ਤੇਰੇ ਰੱਖਣ ਦਾ ਆ, ਕੰਤੀ ਭੈਣ ਨੂੰ ਮੈ ਅਪਣੇ ਹੱਥੀ ਨਿਰਮਲ ਨਾਲ ਤੋਰੂ, ਇਹਦੇ ਵਿਆਹ ਦਾ ਖਰਚ ਵੀ ਮੇਰਾ"। 
    ਦਿਲਬਾਗ ਧਰਤੀ ਤੇ ਵਿਛਿਆ ਪਿਆ ਸੀ, ਅੱਖਾਂ ਵਿੱਚ ਹੰਝੂ ਭਰੇ ਹੋਏ ਸਨ, ਉਹ ਸੱਚੀ ਪਛਤਾ ਰਿਹਾ ਸੀ।
    "ਸਰਪੰਚ ਸਾਹਿਬ, ਅਸੀ ਕਿਸੇ ਨੂੰ ਕੋਈ ਤਕਲੀਫ ਨਹੀ ਪਹੁੰਚਾਉਣੀ ਚਾਹੁੰਦੇ, ਦਿਲਬਾਗ ਵਾਕਿਆ ਹੀ ਸ਼ਰਮਿੰਦਾ ਆ, ਇਹਨੂੰ ਇਹਦੇ ਕੀਤੇ ਦੀ ਸਜਾ ਮਿਲ ਚੁੱਕੀ ਆ, ਇਸ ਤੋ ਪਹਿਲਾਂ ਕਿ ਇਸ ਮਾਮਲੇ ਨੂੰ ਹੋਰ ਵਧਾਇਆ ਜਾਵੇ ਮੇਰੀ ਬੇਨਤੀ ਆ ਕਿ ਅੱਜ ਹੀ ਕੰਤੀ ਤੇ ਨਿਰਮਲ ਦਾ ਆਨੰਦ ਕਾਰਜ ਕਰਨ ਦੀ ਆਗਿਆ ਦਿੱਤੀ ਜਾਵੇ"। 


    ਦੇਬੀ ਨੇ ਸਰਪੰਚ ਤੋ ਆਗਿਆ ਮੰਗੀ, ਸਰਪੰਚ ਖੁਦ ਵੀ ਚਾਹੁੰਦਾ ਸੀ ਕਿ ਜਵਾਂਨ ਧੀ ਘਰ ਨਾਂ ਬੈਠੀ ਰਹੇ, ਉਹ ਵੈਸੇ ਜਾਤ ਪਾਤ ਦਾ ਬਹੁਤ ਹਾਮੀ ਸੀ ਪਰ ਕੁੜੀ ਦੀ ਬਿੱਜ ਅਤੇ ਬਚਨ ਸਿੰਘ ਦੀ ਗਰੀਬੀ ਦੇਖਦੇ ਹੋਏ ਉਹ ਜਾਣਦਾ ਸੀ ਕਿ ਕੋਈ ਰਿਸ਼ਤਾ ਨਹੀ ਚੜਨਾ, ਹੁਣ ਦੀ ਘਟਨਾਂ ਤੋ ਬਾਅਦ ਤਾਂ ਵੈਸੇ ਵੀ ਕੋਈ ਚਾਂਨਸ ਨਹੀ ਸੀ, ਅਤੇ ਦੇਬੀ ਦੇ ਕੰਮ ਉਸਨੂੰ ਚੰਗੇ ਲਗਦੇ ਸਨ,
    ਸਰਪੰਚ ਸਾਹਿਬ ਨੇ ਪੰਚਾਂ ਨਾਲ ਸਲਾਹ ਕੀਤੀ ਅਤੇ ਗੱਲ ਮੰਨ ਲੈਣ ਲਈ ਜੋਰ ਵੀ ਪਾਇਆ, ਕੁੱਝ ਦੇਰ ਬਾਅਦ ਉਹ ਫੈਸਲਾ ਸੁਣਾ ਰਹੇ ਸਨ ।
    "ਕੁੜੀ ਦੇ ਵਾਰਸਾਂ ਦੇ ਕਹਿਣ ਤੇ ਦਿਲਬਾਗ ਦਾ ਗੁਨਾਹ ਬਖਸ਼ਿਆ ਜਾਂਦਾ ਆ, ਕੁੜੀ ਦੇ ਭਵਿੱਖ ਨੂੰ ਦੇਖਦੇ ਹੋਏ ਇਹ ਵੀ ਕਿਹਾ ਜਾਦਾ ਹੈ ਕਿ ਬਚਨ ਸਿੰਘ ਅਪਣੀ ਮਰਜੀ ਨਾਲ ਜਿੱਥੇ ਚਾਹੇ ਅਪਣੀ ਧੀ ਦਾ ਵਿਆਹ ਕਰ ਸਕਦਾ ਆ, ਦਿਲਬਾਗ ਕੁੜੀ ਦੇ ਵਿਆਹ ਦਾ ਖਰਚ ਕਰੇ, ਕੋਈ ਵੀ ਪਿੰਡ ਦਾ ਨਿਵਾਸੀ ਬਚਨ ਸਿੰਘ ਨੂੰ ਤੰਗ ਕਰਨ ਦੀ ਕੋਸ਼ਿਸ਼ ਨਾਂ ਕਰੇ ਅਤੇ ਨੋਜਵਾਂਨ ਦੇਬੀ ਦੇ ਹੌਸਲੇ ਦੀ ਪਰਸੰਸਾ ਕਰਦੇ ਆ"। 
    ਸਰਪੰਚ ਸਾਹਿਬ ਨੇ ਫੈਸਲਾ ਸੁਣਾਇਆ।
    "ਚੱਲ ਬਈ ਦਿਲਬਾਗ, ਗਰੰਥੀ ਜੀ ਨੂੰ ਕਹਿ ਬਈ ਅਨੰਦ ਕਾਰਜ ਦੀ ਤਿਆਰੀ ਕਰੇ"। 
    ਦੇਬੀ ਨੇ ਦਿਲਬਾਗ ਨੂੰ ਕਿਹਾ ਅਤੇ ਸਰਪੰਚ ਸਾਹਿਬ ਦੇ ਪੈਰੀ ਹੱਥ ਲਾ ਕੇ ਉਨਾ ਦਾ ਧੰਨਵਾਦ ਕੀਤਾ, ਨਿਰਮਲ ਅਪਣੇ ਘਰ ਤਿਆਰ ਹੋਣ ਚਲੇ ਗਿਆ, ਕੰਤੀ ਨੂੰ ਸਭ ਕੁੱਝ ਸੁਪਨਾ ਲੱਗ ਰਿਹਾ ਸੀ, ਬਚਨ ਸਿੰਘ ਦੀਆ ਅੱਖਾਂ ਵਿੱਚੋ ਹੁਣ ਜੋ ਅੱਥਰੂ ਵਹਿ ਰਹੇ ਸੀ ਉਹ ਖੁਸ਼ੀ ਦੇ ਅੱਥਰੂ ਸਨ, ਦਿਲਬਾਗ ਅਪਣੀ ਜਾਂਨ ਬਖਸ਼ੀ ਲਈ ਧੰਨਵਾਦੀ ਸੀ, ਨੰਬਰਦਾਰ ਮਰੇ ਕੁੱਤੇ ਵਾਂਗ ਅਪਣੇ ਘਰ ਜਾ ਕੇ ਪੈ ਗਿਆ, ਸਾਰਾ ਪਿੰਡ ਕੰਤੀ ਨਾਲ ਹਮਦਰਦੀ ਕਰ ਰਿਹਾ ਸੀ, ਤੇ ਉਹੀ ਇਜਤਦਾਰ ਸੁਆਣੀਆ ਕਹਿ ਰਹੀਆ ਸਨ 
    "ਨੀ ਬਚਨ ਸਿਓ ਦੀ ਧੀ ਤਾ ਬਹੁਤੀ ਸਤਵੰਤੀ ਨਿਕਲੀ, ਤੇ ਆ ਸੁਣੀ ਆ ਦਿਲਬਾਗੇ ਦੀ ਕਰਤੂਤ ? ਵਿਆਹਿਆ ਵਰਿਆ, ਬੱਚਿਆ ਵਾਲਾ, ਸ਼ਰਮ ਵੇਚ ਕੇ ਖਾ ਲਈ ਨੰਬਰਦਾਰ ਦੇ ਮੁੰਡਿਆ ਨੇ"। 
    ਬੱਸ ਹੁਣ ਨਾਮ ਬਦਲੇ ਸਨ, ਜਬਾਨ ਦੀ ਉਲੀ ਪਹਿਲਾ ਵਾਗੂ ਹੀ ਲਾਈ ਜਾ ਰਹੀ ਸੀ, ਹੁਣ ਬੇਇਜਤੀ ਕਿਸੇ ਹੋਰ ਦੀ ਕੀਤੀ ਜਾ ਰਹੀ ਸੀ, ਦਿਲਬਾਗ ਕਿਓ ਡੋਲਿਆ ਤੇ ਉਸਦੇ ਪਿੱਛੇ ਕੀ ਕਾਰਨ ਹਨ, ਇਹ ਗੱਲਾਂ ਜਾਨਣ ਲਈ ਕਿਸੇ ਕੋਲ ਵਿਹਲ ਨਹੀ ਸੀ, ਬੱਸ ਕਿਸੇ ਨਾ ਕਿਸੇ ਨੂੰ ਨੀਵਾ ਦਿਖਾ ਕੇ ਅਪਣੇ ਆਪ ਨੂੰ ਸ਼ਰੀਫਾ ਦੀ ਲਾਈਨ ਵਿੱਚ ਖੜਾ ਕਰਨਾ ਸੀ।
    ਨੰਬਰਦਾਰ ਦਾ ਹਮੈਤੀ ਬੀਬੀ ਦਾਹੜੀ ਵਾਲਾ ਬਾਪੂ ਹੁਣ ਵਿਆਹ ਦੀ ਤਿਆਰੀ ਵਿੱਚ ਹੱਥ ਵਟਾ ਰਿਹਾ ਸੀ, ਪਾਸਾ ਪਲਟਦੇ ਹੀ ਉਹ ਨੰਬਰਦਾਰ ਦੇ ਵਿਰੋਧ ਵਿੱਚ ਗੱਲਾਂ ਕਰਨ ਲੱਗ ਪਿਆ ਤੇ ਬਚਨ ਸਿੰਘ ਦੀ ਸ਼ਰਾਫਤ ਦੀਆ ਸਿਫਤਾਂ, ਕੋਈ ਦੋ ਕੁ ਘੰਟੇ ਬਾਅਦ ਦੋਵਾਂ ਦੀਆ ਲਾਵਾ ਹੋ ਰਹੀਆ ਸਨ, ਦਿਲਬਾਗ ਅੱਡੇ ਤੋ ਮਠਿਆਈ ਲੈ ਆਇਆ ਸੀ, ਅਤੇ ਸੁਭਾਗ ਜੋੜੀ ਨੂੰ ਪੰਜ ਹਜਾਰ ਰੁਪਏ ਦੇਣ ਦਾ ਵਾਅਦਾ ਵੀ ਕਰ ਗਿਆ ਸੀ, ਗੁਰਦਵਾਰੇ ਹੀ ਚਾਹ ਪਾਂਣੀ ਖਾ ਪੀ ਕੇ ਦੁਪਹਿਰੌ ਬਾਅਦ ਤੱਕ ਵਿਆਹੁਤਾ ਜੋੜੀ ਅਪਣੇ ਘਰ ਨੂੰ ਰਵਾਨਾ ਹੋਣ ਲੱਗੀ ਸੀ।
    "ਧੀਏ ਸੁਖੀ ਰਹਿ ਮੈ ਹੁਣ … ।" ਤੇ ਬਚਨ ਸਿੰਘ ਦੇ ਬਾਕੀ ਬੋਲ ਉਹਦੇ ਗਲੇ ਵਿੱਚ ਹੀ ਘੁੱਟੇ ਗਏ … 
    "ਬਾਪੂ ਹੁਣ ਤੂੰ ਕੱਲਾ ਰਹਿ ਗਿਆ, ਤੇਰੀ ਰੋਟੀ ਕੋਣ ਪਕਾਊ ?" ।
    ਕੰਤੀ ਇਨਾ ਕਹਿ ਭੁੱਬੀ ਰੋ ਪਈ, ਵਿਆਹ ਦੀ ਖੁਸ਼ੀ ਪਰ ਬਾਪੂ ਨੂੰ ਕੱਲਾ ਛੱਡ ਜਾਣ ਦੀ ਸੋਚ ਉਹਦਾ ਕਲੇਜਾ ਫਟਦਾ ਸੀ।
    "ਤੂੰ ਹੀ ਪਕਾਏਗੀ ਭੈਣ ਹੋਰ ਕਿਨੇ ਪਕਾਉਣੀ ਆ ?" ।
    ਦੇਬੀ ਨੇ ਕੰਤੀ ਨੂੰ ਗਲੇ ਨਾਲ ਲਾਉਦੇ ਕਿਹਾ।
    "ਮੈਂ ? ਉਹ ਕਿਵੇ ?" ਕੰਤੀ ਨੂੰ ਸਮਝ ਨਹੀ ਸੀ ਪਈ।
    "ਤਾਇਆ ਜੀ ਤੁਹਾਡੇ ਨਾਲ ਰਹਿਣਗੇ, ਬਾਹਰਲੀ ਜਮੀਨ ਵਾਲਾ ਘਰ ਹੁਣ ਤੁਹਾਡਾ ਘਰ ਆ।" 
    ਦੇਬੀ ਨੇ ਦੱਸਿਆ।
    "ਜੀਦਾ ਰਹਿ ਪੁੱਤਰਾ  ਜੀ … ।।" ਬਚਨ ਸਿੰਘ ਦੇ ਬਾਕੀ ਬੋਲ ਦੇਬੀ ਨੇ ਰੋਕ ਦਿੱਤੇ ਤੇ ਉਨਾ ਨੂੰ ਨਾਲ ਲੈ ਕੇ ਘਰ ਨੂੰ ਤੁਰ ਪਿਆ, ਘੁੱਦੇ ਦਾ ਪਰਵਾਰ ਅਤੇ ਕਈ ਹੋਰ ਨਾਲ ਤੁਰ ਪਏ, ਵਿਆਉਤਾ ਜੋੜੇ ਨੂੰ ਨਾਲ ਲਈ ਇੱਕ ਜੇਤੂ ਦੀ ਤਰਾਂ ਉਹ ਘਰ ਨੂੰ ਜਾ ਰਿਹਾ ਸੀ ਤੇ ਸਿਰਜਣਹਾਰ ਦਾ ਧੰਨਵਾਦ ਕਰ ਰਿਹਾ ਸੀ ਜੋ ਉਸਦੀ ਲਾਜ ਰੱਖੀ।
    ਭੂਆ ਸਾਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ, ਉਸਨੇ ਤੇਲ ਚੋਇਆ ਤੇ ਜੋੜੀ ਨੂੰ ਅੰਦਰ ਸੱਦ ਲਿਆ।
    "ਪੁੱਤ ਬਹੁਤ ਵੱਡਾ ਕੰਮ ਤੂੰ ਕੀਤਾ ਅੱਜ"। 
    ਘੁੱਦੇ ਦਾ ਬਾਪੂ ਕਹਿਣ ਲੱਗਿਆ … 
    "ਤਾਇਆ ਜੀ ਤੁਸੀ ਗਲਤ ਸਮਝ ਰਹੇ ਓ, ਮੈ ਕੁੱਝ ਨਹੀ ਕੀਤਾ, ਇਹ ਬਚਨ ਸਿੰਘ ਤਾਏ ਦੀ ਹਿੰਮਤ ਆ ਤੇ ਨਿਰਮਲ ਤੇ ਕੰਤੀ ਦੀ ਕੁਰਬਾਨੀ ਆ, ਮੈ ਸਿਰਫ ਦੋ ਚਾਰ ਗੱਲਾ ਕੀਤੀਆ ਹਨ, ਇਸ ਸ਼ੁੱਭ ਦਿਨ ਦਾ ਸਿਹਰਾ ਇਨਾ ਤਿੰਨਾਂ ਦੇ ਸਿਰ ਆ ਤੇ ਮੈ ਸਤਗੁਰ ਦਾ ਧੰਨਵਾਦੀ ਹਾਂ ਕਿ ਸਾਨੂੰ ਸਾਰਿਆ ਨੂੰ ਹਿੰਮਤ ਬਖਸ਼ੀ ਜੋ ਅਸੀ ਕਾਮਯਾਬ ਰਹੇ"। 
    ਦੇਬੀ ਅਪਣੇ ਰੋਲ ਨੂੰ ਬਹੁਤੀ ਤੂਲ ਨਹੀ ਸੀ ਦੇਣੀ ਚਾਹੁੰਦਾ।


    ਕਾਂਡ 12

    ਅਗਲੇ ਤਿੰਨ ਹਫਤਿਆ ਦਰਮਿਆਂਨ, ਘੁੱਦੇ ਦੇ ਡੇਅਰੀ ਫਾਰਮ ਦਾ ਕਰਜ ਮਨਜੂਰ ਹੋ ਚੁੱਕਾ ਸੀ, ਦੋ ਮੱਝਾਂ ਤੇ ਇੱਕ ਗਉ ਖਰੀਦੀ ਜਾ ਚੁੱਕੀ ਸੀ, ਛੇ ਹਫਤੇ ਤੱਕ ਦੋ ਮੱਝਾਂ ਤੇ ਇੱਕ ਗਊ ਹੋਰ ਖਰੀਦਣੀ ਸੀ, ਤੇ ਤਿੰਨ ਮਹੀਨੇ ਬਾਅਦ ਤਿੰਨ ਪਸੂ ਹੋਰ, ਤਾਂ ਕਿ ਅੱਗੜ ਪਿੱਛੜ ਲਵੇਰੀਆਂ ਦੁੱਧ ਦਿੰਦੀਆਂ ਰਹਿਣ, ਬਾਗ ਵਾਲੀ ਥਾਂ ਤੇ ਕੁੱਝ ਅਮਰੂਦ, ਬੇਰ ਅਤੇ ਨਿੰਬੂ ਦੇ ਬੂਟੇ ਲਗਾ ਕੇ ਵਿਚਲੀਆਂ ਖਾਲਾਂ ਵਿੱਚ ਸੀਜਨ ਦੀ ਸਬਜੀ ਬੀਜ ਦਿੱਤੀ ਗਈ, ਹੁਣ ਘਰ ਵਿੱਚ ਰੋਜਾਨਾਂ ਪੈਸੇ ਆਉਣ ਦੇ ਸਾਧਨ ਬਣ ਗਏ ਸਨ, ਘੁੱਦੇ ਨੇ ਅਵਾਰਾਗਰਦੀ ਬਹੁਤ ਘਟਾ ਦਿੱਤੀ ਸੀ ਤੇ ਜਿਆਦਾ ਸਮਾਂ, ਖੇਤਾਂ ਵਿੱਚ ਅਤੇ ਦੇਬੀ ਨਾਲ ਬਿਤਾਉਦਾ, ਕਾਲਜ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਉਥੇ ਕਿਹੜਾ ਮੈਂ ਪੜਨ ਜਾਨਾਂ, 

    ਮਾੜੀ ਪੜਾਈ ਨਾਲੋ ਬੇਹਤਰ ਆ ਕੋਈ ਕੰਮ ਕੀਤਾ ਜਾਵੇ, ਮਨਿੰਦਰ ਨੇ ਕਈ ਕੰਮ ਸੋਚੇ ਪਰ ਸਭ ਤੋ ਵੱਧ ਉਸ ਨੂੰ ਜਚਿਆ ਕਿ ਉਹ ਇੱਕ ਸਵਰਾਜ ਮਾਜਦਾ ਟੈਪੂ ਪਾ ਲਵੇ, ਜਿਸ ਨਾਲ ਪਹਿਲੇ ਦਿਨ ਤੋ ਹੀ ਕਮਾਈ ਸ਼ੁਰੂ ਹੋ ਜਾਵੇਗੀ ਅਤੇ ਦੂਸਰੇ ਉਹ ਕਿਸੇ ਤੇ ਨਿਰਭਰ ਨਹੀ ਰਹੇਗਾ, ਕਿਸੇ ਵਰਕਰ ਦੀ ਲੋੜ ਨਹੀ ਰਹੇਗੀ, ਦੇਬੀ ਨੇ ਭੂਆ ਦਾ ਅੰਗੂਠਾ ਲਵਾ ਕੇ ਅਪਣੀ ਜਮੀਨ ਦੇ ਨੰਬਰ ਦੇ ਕੇ ਟੈਪੂ ਖਰੀਦ 
    ਲਿਆ, ਕਾਗਜ ਆਦਿ ਸਾਰਾ ਕੁੱਝ ਭੂਆ ਦੇ ਨਾਮ ਸੀ, ਗੱਲ ਇਹ ਹੋਈ ਸੀ ਕਿ ਮਨਿੰਦਰ ਕਿਸ਼ਤਾਂ ਮੋੜੇਗਾ ਅਤੇ ਜਦੋ ਕਿਸ਼ਤਾ ਪੂਰੀਆ ਹੋ ਗਈਆ ਟੈਪੂ ਮਨਿੰਦਰ ਦਾ, ਮਨਿੰਦਰ ਲਈ ਕਿਸੇ ਲਾਟਰੀ ਤੋ ਘੱਟ ਨਹੀ ਸੀ ਇਹ ਟੈਪੂ, ਉਹਨੇ ਪਹਿਲੇ ਦਿਨ ਹੀ ਟੈਪੂ ਯੁਨੀਅਨ ਵਿੱਚ ਲਾ ਦਿੱਤਾ, ਟੈਪੂ ਦੇ ਉਪਰ ਉਸ ਨੇ ਲਿਖਾਇਆ ਸੀ, ਦੇਬੀ ਦੀ ਗੱਡੀ।
                                      ਬਚਨ ਸਿੰਘ ਤਾਏ ਦਾ ਮਸਲਾ ਹੱਲ, ਘੁੱਦੇ ਹੋਰਾਂ ਦੇ ਘਰ ਸਾਹ ਸੌਖਾ ਹੋ ਗਿਆ, ਹੁਣ ਤੱਕ ਪਰੇਮ ਦੀ ਮੇਹਰਬਾਨੀ ਨਾਲ ਘਰ ਵਿੱਚ ਟੈਲੀਫੋਨ ਵੀ ਲੱਗ ਚੁੱਕਾ ਸੀ, ਪਹਿਲਾਂ ਪਿੰਡ ਵਿੱਚ ਸਿਰਫ ਸਰਪੰਚ ਦੇ ਘਰ ਫੋਨ ਸੀ, ਰਾਹ ਤੋ ਲੰਘਦੀ ਖੰਬਿਆ ਦੀ ਲਾਈਨ ਨਾਲ ਇੱਕ ਹੋਰ ਤਾਰ ਜੋੜਨੀ ਮਹਿਕਮੇ ਲਈ ਕੋਈ ਵੱਡਾ ਕੰਮ ਨਹੀ ਸੀ, ਫਿਰ ਵੀ ਪਰੇਮ ਨੇ ਸੁਨੇਹਾ ਭੇਜ ਕੇ ਦੋ ਹਜਾਰ ਹੋਰ ਮੰਗਵਾ ਲਿਆ ਸੀ, ਹੁਣ ਦੇਬੀ ਨੂੰ ਸੱਜਣਾ ਦਾ ਫੋਨ ਆ ਜਾਂਦਾ, ਜਦ ਵੀ ਕਦੇ ਦੀਪੀ ਘਰ ਕੱਲੀ ਹੁੰਦੀ ਫੋਨ ਘੁਮਾ ਦਿੰਦੀ, ਹੁਣ ਗੱਲ ਕਰਨੀ ਸੌਖੀ ਹੋ ਗਈ ਸੀ, ਦਲੀਪ ਵੀ ਹੁਣ ਲੰਘਦਾ ਟੱਪਦਾ ਦੇਬੀ ਨੂੰ ਮਿਲ ਕੇ ਜਾਂਦਾ, ਦੇਬੀ ਹੁਣ ਅਪਣੀ ਜੌਗਿੰਗ ਅਤੇ ਯੋਗਾ ਦੀ ਰੁਟੀਨ ਵਿੱਚ ਆ ਗਿਆ ਸੀ, ਜਰਮਨ ਤੋ ਬਿੰਦਰ ਅਤੇ ਕੁਲਦੀਪ ਦੀ ਚਿੱਠੀ ਆਈ ਸੀ, ਸਭ ਠੀਕ ਸੀ, ਉਹ ਅਪਣੇ ਕੰਮ ਵਿੱਚ ਮਸਰੂਫ ਸਨ, ਨੰਬਰਦਾਰ ਹੁਣ ਕਿਸੇ ਨੂੰ ਟਾਂਚ ਨਹੀ ਸੀ ਕਰਦਾ, ਦਿਲਬਾਗ ਦੇ ਸਾਰੇ ਵਲ ਨਿਕਲ ਚੁੱਕੇ ਸਨ, ਬੂਟਾ ਸਿੰਘ ਅਤੇ ਧਰਮ ਸਿੰਘ ਮੁੜ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਸਨ, ਬੂਟਾ ਸਿੰਘ ਦੀ ਘਰਵਾਲੀ ਦਾ ਹਾਲੇ ਗੁੱਸਾ ਨਹੀ ਸੀ ਘਟਿਆ ਪਰ ਬੂਟਾ ਸਿੰਘ ਹੁਣ ਪਰਵਾਹ ਨਹੀ ਸੀ ਕਰਦਾ।
    ਸਾਰੇ ਪਿੰਡ ਵਾਲਿਆ ਦੀ ਝੋਨੇ ਦੀ ਫਸਲ ਬੀਜੀ ਜਾ ਚੁੱਕੀ ਸੀ, ਤਕਰੀਬਨ ਸਭ ਵੇਹਲੇ ਸਨ, ਨਵੇ ਪਿੰਡ ਵਿੱਚ ਸਬਜੀ ਆਦਿ ਲਾਉਣ ਦਾ ਘੱਟ ਰੁਝਾਨ ਸੀ, ਸਿਰਫ ਝੋਨੇ ਅਤੇ ਕਣਕ ਦੁਆਲੇ ਹੋਏ ਪਏ ਸਨ, ਦੇਬੀ ਦੁਪਿਹਰ ਦੇ ਵਕਤ ਪਿੰਡ ਦੇ ਮੁੰਡਿਆ ਨਾਲ ਤਾਸ਼ ਖੇਡਣ ਆ ਲੱਗਦਾ, ਪਿੰਡ ਵਿੱਚ ਕੋਈ ਮਨੋਰੰਜਨ ਦਾ ਸਾਧਨ ਹੋਰ ਹੈ ਨਹੀ ਸੀ, ਦੇਬੀ ਨੂੰ ਸਪੋਰਟ ਦੀ ਕਮੀ ਮਹਿਸੂਸ ਹੁੰਦੀ ਸੀ, ਇੱਕ ਦਿਨ ਉਸਨੇ ਕੁੱਝ ਮੁੰਡਿਆ ਨੂੰ ਨਾਲ ਲੈ ਕੇ ਸਕੂਲ ਦੀ ਗਰਾਉਡ ਵਿੱਚ ਨੈੱਟ ਲਾ ਦਿੱਤਾ ਅਤੇ ਵਾਲੀਵਾਲ ਦੀ ਟੀਮ ਬਣਾਉਣ ਦਾ ਮਨ ਬਣਾ ਲਿਆ, ਪਿੰਡ ਵਿੱਚ ਕਈਆ ਦੇ ਢਿੱਡ ਵਧੇ ਹੋਏ ਸਨ, ਇੱਕ ਛੋਟੇ ਮੁੰਡਿਆ ਦੀ ਅਤੇ ਇੱਕ ਓਪਨ ਟੀਮ ਬਣਾ ਲਈ ਗਈ, ਹੁਣ ਸੂਰਜ ਢਲਣ ਦੀ ਦੇਰ ਹੁੰਦੀ ਸੀ, ਸਭ ਵਿਹਲੇ ਸਕੂਲੇ ਆ ਜੁੜਦੇ ਤੇ ਹਨੇਰਾ ਪੈਣ ਤੱਕ ਖੇਡਦੇ ਰਹਿੰਦੇ, ਜਿੱਥੇ ਸਰੀਰਕ ਕਸਰਤ ਹੋ ਰਹੀ ਸੀ ਉਥੇ ਲੋਕਾਂ ਦੇ ਬਿਜੀ ਹੋਣ ਨਾਲ ਚੁਗਲੀ ਆਦਿ ਘਟ ਗਈ ਸੀ ਤੇ ਆਪਸੀ ਮਿਲਵਰਤਣ ਵਧਣ ਲੱਗ ਪਿਆ ਸੀ, ਹੌਲੀ ਹੌਲੀ ਨਾਲ ਦੇ ਪਿੰਡਾ ਤੋ ਵੀ ਖੇਡਣ ਦੇ ਸ਼ੌਕੀਨ ਆਉਣੇ ਸ਼ੁਰੂ ਹੋ ਗਏ, ਹੁਣ ਗਰਾਉਡ ਇੱਕ ਤੇ ਖਿਡਾਰੀ ਜਿਆਦਾ ਹੋ ਗਏ ਸਨ, ਲੋਕਾਂ ਵੱਲੋ ਦੇਬੀ ਦੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਸੀ।
                                     ਦੇਬੀ ਹੁਣ ਅਪਣੇ ਘਰ ਨੂੰ ਵੀ ਸਵਾਰਨ ਵੱਲ ਹੋ ਗਿਆ ਸੀ, ਦੇਬੀ ਨੇ ਦੇਖਿਆ ਕਿ ਪਿੰਡ ਵਿੱਚ ਫੁੱਲਾਂ ਅਤੇ ਦਰੱਖਤਾਂ ਦੀ ਬਹੁਤ ਕਮੀ ਸੀ, ਉਸਨੇ ਘਰ ਦੇ ਚਾਰ ਚੁਫੇਰੇ 

    ਫੁੱਲ ਅਤੇ ਫਲਦਾਰ ਬੂਟੇ ਲਾ ਦਿੱਤੇ ਸਨ, ਕੱਚੇ ਵਿਹੜੇ ਵਿੱਚ ਘਾਹ ਲਗਾ ਦਿੱਤਾ ਸੀ, ਰੰਗ ਰੋਗਨ ਹੋ ਗਿਆ ਸੀ, ਜਰਮਨ ਵਰਗੇ ਦੇਸ਼ ਵਿੱਚ ਰਹਿ ਕੇ ਉਹ ਜਿਆਦਾ ਹਰਿਆਲੀ ਦਾ ਆਦੀ ਹੋ ਚੁੱਕਿਆ ਸੀ, ਜਦੋ ਉਹ ਗੁਰੂ ਨਾਂਨਕ ਦੇਵ ਜੀ ਦੇ ਕੁਦਰਤ ਪ੍ਰਤੀ ਵਿਚਾਰ ਪੜਦਾ ਅਤੇ ਗੁਰੂ ਦੇ ਸਿੱਖਾਂ ਦੀ ਕੁਦਰਤ ਪ੍ਰਤੀ ਲਾਪਰਵਾਹੀ ਦੇਖਦਾ ਤਾ ਇਹ ਸੋਚਦਾ ਕਿ ਇਹ ਸਿੱਖ ਗੁਰੂ ਨਾਨਕ ਦੇ ਹੀ ਸਿੱਖ ਹਨ ਜਾਂ ਕਿਸੇ ਹੋਰ ਦੇ ?
    ਸਭ ਤੋ ਵੱਧ ਜੋ ਉਸ ਨੂੰ ਅਫਸੋਸ ਹੁੰਦਾ ਸੀ ਉਹ ਸੀ ਪਾਣੀ ਦੀ ਬੇਕਦਰੀ, ਪੰਜ ਦਰਿਆਵਾਂ ਦੇ ਇਸ ਸੂਬੇ ਵਿੱਚ ਭਾਵੇ ਪਾਣੀ ਦੀ ਕਮੀ ਨਹੀ ਸੀ ਪਰ ਫਿਰ ਵੀ ਇਨੀ ਵਾਧੂ ਵਰਤੋ ਅਤੇ ਕਿਤੇ ਵੀ ਸੀਵਰੇਜ ਦਾ ਸਹੀ ਪਰਬੰਧ ਨਾ ਹੋਣ ਨਾਲ ਹੋਣ ਵਾਲੇ ਨੁਕਸਾਂਨ ਨੂੰ ਸੋਚ ਕੇ ਉਸ ਦੀ ਰੂਹ ਕੰਬਦੀ, ਉਹ ਜਾਣਦਾ ਸੀ ਕਿ ਜਦ ਲੋਕਾਂ ਦੀ ਅਤੇ ਸਰਕਾਰ ਦੀ ਸੁਸਤੀ ਅਤੇ ਅਗਿਆਨਤਾ ਸਦਕਾ ਧਰਤੀ ਹੇਠਲਾ ਪਾਂਣੀ ਗੰਦਾ ਹੋ ਗਿਆ ਤਾਂ ਫਿਰ ਇਹ ਸੂਬਾ ਹਰਿਆ ਭਰਿਆ ਨਹੀ ਰਹਿ ਸਕੇਗਾ, ਪਾਣੀ ਨੂੰ ਪੁਣ ਕੇ ਪੀਣਾ ਪਿਆ ਕਰੇਗਾ, ਭਾਵੇ ਗੁਰੂ ਜੀ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਪਰ ਗੁਰੂ ਜੀ ਨੂੰ ਪੰਜਾਬ ਵਿੱਚ ਕੌਣ ਪੁੱਛਦਾ ਹੈ ? ਹਾਂ ਪਾਠ ਕਰਦੇ ਹਨ, ਪਰ ਗੁਰੂ ਦਾ ਸੁਨੇਹਾ ਕੀ ਹੈ ਇਸ ਗੱਲ ਦੀ ਪਰਵਾਹ ਕਰਨ ਦੀ ਕੀ ਲੋੜ ਆ।
    "ਘੁੱਦਿਆ ਜੇ ਵੀਹ ਲੀਟਰ ਪਾਣੀ ਤੋ ਵੱਧ ਨਹਾਉਣ ਲੱਗੇ ਰੋੜਿਆ ਤਾਂ ਮੈਥੋ ਬੁਰਾ ਕੋਈ ਨਹੀ।" ਉਸ ਨੇ ਘੁੱਦੇ ਨੂੰ ਸਿੱਧੀ ਚਿਤਾਵਨੀ ਦਿੱਤੀ ਸੀ, ਘੁੱਦਾ ਨਲਕੇ ਥੱਲੇ ਬੈਠ ਜਾਦਾ ਅਤੇ ਪਾਂਣੀ ਦੇ ਟੱਬ ਭਰ ਭਰ ਕੇ ਰੋੜੀ ਜਾਂਦਾ, ਪੰਜਾਹ ਲੀਟਰ ਦਾ ਇੱਕ ਟੱਬ ਉਹਦੇ ਲਈ ਕਾਫੀ ਨਹੀ ਸੀ, ਪਿੰਡ ਵਿੱਚ ਕੁਦਰਤੀ ਤੌਰ ਤੇ ਕੋਈ ਸੀਵਰੇਜ ਨਹੀ ਸੀ, ਲੋੜ ਕਿੱਥੇ ਆ ਸਿੰਘਾ ਨੂੰ, ਮੱਛਰ ਮੱਖੀ ਵਰਗੇ ਮਾਮੂਲੀ ਜੀਵ ਇਨਾਂ ਦਾ ਵਿਗਾੜ ਵੀ ਕੀ ਸਕਦੇ ਆ, ਸਿੰਘ ਸ਼ੇਰ ਹੁੰਦੇ ਆ, ਤੇ ਸ਼ੇਰ ਜੰਗਲ ਵਿੱਚ ਰਹਿੰਦਾ, ਕੋਈ ਕਾਇਦਾ ਕਾਨੂੰਨ ਨਹੀ, ਜਿਦੇ ਵਿੱਚ ਜੋਰ ਆ ਉਹ ਅਪਣੀ ਗੱਲ ਮਨਵਾ ਲੈਦਾ ਹੈ, ਤੇ ਇਨਾ ਪਿੰਡਾ ਵਿੱਚ ਵੀ ਕੁੱਝ ਹੋਰ ਨਹੀ ਸੀ ਹੋ ਰਿਹਾ, ਜਿਸ ਦੇ ਘਰ ਕੁੱਝ ਜਿਆਦਾ ਪੈਸੇ ਸਨ ਉਸਦੀ ਗੱਲ ਸੁਣੀ ਜਾਦੀ ਸੀ, ਬਹੁਤਿਆ ਨੇ ਅਪਣੇ ਘਰਾਂ ਦੇ ਅੰਦਰ ਬਹੁਤ ਖਰਚ ਕੀਤਾ ਹੋਇਆ ਸੀ ਪਰ ਬੂਹਿਓ ਬਾਹਰ ਨਿਕਲਦੇ ਹੀ ਜੰਗਲ ਸ਼ੁਰੂ ਹੋ ਜਾਂਦਾ ਸੀ, ਘਰਾਂ ਦਾ ਪਾਣੀ ਕਿਸੇ ਦਰਿਆ ਦੀ ਤਰਾਂ ਅਪਣਾ ਰਾਹ ਆਪ ਬਣਾ ਕੇ ਜਿੱਧਰ ਮਰਜੀ ਚਲੇ ਜਾਂਦਾ ਸੀ, ਜਿਸਦਾ ਘਰ ਨੀਵਾਂਣ ਵੱਲ ਹੁੰਦਾ ਉਹ ਅਪਣੇ ਘਰ ਭਰਤੀ ਪਾ ਕੇ ਉਚਾ ਕਰ ਲੈਂਦਾ, ਹੁਣ ਪਾਂਣੀ ਗਵਾਂਢੀ ਦੇ ਘਰ ਮੋਹਰੇ ਜਾ ਕੇ ਖੜਾ ਹੋ ਗਿਆ ਜਿਵੇ ਇਹ ਪਾਣੀ ਖੁਦ ਹੀ ਗਵਾਂਢੀ ਨੂੰ ਕਹਿ ਰਿਹਾ ਹੋਵੇ … 
    "ਭਲਿਆ ਮੇਰਾ ਕੁੱਝ ਸੋਚ, ਕਿੰਨੀ ਦੇਰ ਖੜਾ ਰਹਾਂ ? ਜਿਸ ਮਨੁੱਖ ਨੇ ਇਸ ਪਵਿੱਤਰ ਤੇ ਸਾਫ ਸੁਥਰੇ ਪਾਣੀ ਨੂੰ ਧਰਤੀ ਦੀਆ ਤੈਹਾ ਵਿਚੋ ਨਲਕੇ ਰਾਹੀ ਉਪਰ ਕੱਢਿਆ ਸੀ ਤੇ ਉਸਦੀ ਵਰਤੋ ਕਰ ਕੇ ਇਸ ਨੂੰ ਗੰਦਾ ਕਰਕੇ ਹੁਣ ਅਪਣੇ ਹਾਲ ਤੇ ਛੱਡ ਦਿੱਤਾ ਸੀ, ਪਾਣੀ ਧਰਤੀ ਦੀ ਗੋਦ ਵਿੱਚੋ ਆਇਆ ਸੀ, ਪਾਣੀ ਦੀ ਵਰਤੋ ਤੋ ਬਾਅਦ ਹੁੰਦੇ ਬੇਕਦਰੀ ਦੇਖ ਕੇ ਮਹਾ ਮਾਈ ਏਹ ਧਰਤੀ ਹੌਲੀ ਹੋਲੀ ਫਿਰ ਇਸ ਪਾਣੀ ਨੂੰ ਅਪਣੇ ਵਿੱਚ ਸਮੋ ਲੈਦੀ ਆ ਇਹ ਗੱਲ ਵੱਖਰੀ ਆ ਕਿ ਹੁਣ ਇਹ ਪਾਣੀ ਸਾਫ ਨਹੀ ਸੀ ਰਹਿ ਗਿਆ, ਮਨੁੱਖ ਦੇ ਮੈਲੇ ਸਰੀਰ ਦੀ ਮੈਲ, ਸਾਬਣ ਆਦਿ ਦੇ ਰਸਾਇਣਿਕ ਕਣ ਤੇ ਹੋਰ ਕਈ ਕੁੱਝ ਇਹਦੇ ਵਿੱਚ ਮਿਲ ਚੁੱਕਾ ਸੀ, ਧਰਤੀ ਨੂੰ ਇਕੱਲਿਆ ਨਾ ਛੱਡਦਾ ਹੋਇਆ ਸੂਰਜ ਦੇਵਤਾ ਵੀ 
    ਕੁੱਝ ਪਾਣੀ ਅਪਣੇ ਵੱਲ ਨੂੰ ਲਿਜਾਣ ਦੀ ਕੋਸ਼ਿਸ਼ ਕਰਕੇ ਧਰਤੀ ਮਾ ਦਾ ਸਦਾ ਤੋ ਸਾਥ ਦਿੰਦਾ ਰਿਹਾ ਪਰ ਧਰਤੀ ਦੇ ਜਾਏ ਅਪਣੀ ਅਸਲੀ ਮਾ ਨਾਲ ਬੇਇਨਸਾਫੀ ਕਰਦੇ ਹੀ ਰਹੇ, ਹੁਣ ਗਵਾਂਢੀ ਦੀ ਮਜਬੂਰੀ ਸੀ ਕਿ ਉਹ ਵੀ ਅਪਣਾ ਘਰ ਉਚਾ ਕਰੇ, ਇਸ ਤਰਾਂ ਘਰ ਉਚੇ ਤੇ ਗਲੀ ਨੀਵੀ ਹੋ ਗਈ, ਕਦੇ ਕਦੇ ਪੰਚਾਇਤ ਦੇ ਮਨ ਮੇਹਰ ਪੈਂਦੀ ਤਾਂ ਉਹ ਗਲੀ ਘਰਾ ਤੋ ਵੀ ਉਚੀ ਕਰ ਦਿੰਦੇ, ਹੁਣ ਪੁਰਾਣਾ ਖੇਲ ਫਿਰ ਤੋ ਸ਼ੁਰੂ, ਫਿਰ ਰੋਮਾਂਚਿਕ ਗੱਲ ਇਹ ਕਿ ਹਰ ਕੋਈ ਅਪਣੇ ਘਰ ਅੱਗਿਓ ਨਾਲੀ ਸਾਫ ਕਰ ਕੇ ਦੂਜੇ ਦੇ ਮੋਹਰੇ ਕਰ ਦਿੰਦਾ ਤੇ ਇਸ ਗੱਲ ਵਿੱਚ ਕੋਈ ਗੱਪ ਨਹੀ ਹੋਵੇਗੀ ਜੇ ਇਹ ਕਿਹਾ ਜਾਵੇ ਕਿ ਸਾਰੇ ਭਾਰਤ ਦੀ ਜੇ ਐਵਰਿਜ ਲਈਏ ਤਾਂ ਪ੍ਰਤੀ ਮਿੰਟ ਇੱਕ ਲੜਾਈ ਐਸੇ ਗੰਦੇ ਪਾਣੀ ਦੇ ਕਾਰਨ ਹੁੰਦੀ ਹੋਵੇਗੀ, ਪਰ ਇਤਰਾਜ ਵੀ ਕਿਸਨੂੰ ਆ ? ਬਥੇਰੇ ਲੋਕ ਵਿਹਲੇ ਆ, ਕੋਈ ਨਾਂ ਕੋਈ ਤਮਾਸ਼ਾ ਤਾਂ ਲੱਗਾ ਹੀ ਰਹਿਣਾ ਚਾਹੀਦਾ, ਨਾਲੇ ਪੁਲੀਸ ਵਾਲਿਆ ਦੀ ਕਮਾਈ ਵਿੱਚ ਥੋੜਾ ਵਾਧਾ ਹੋ ਜਾਂਦਾ, 
    ਇਸ ਤੋ ਵੀ ਉਪਰ ਜੰਗਲ ਦੇ ਰਾਜ ਦੀ ਉਦਾਹਰਣ ਪਿੰਡ ਦੇ ਲੋਕਾਂ ਦੀ ਰੂੜੀ, ਪੰਜਾਬ ਸਰਕਾਰ ਵੱਲੋ ਪਹਿਲਾਂ ਹੀ ਕੰਜੂਸੀ ਨਾਲ ਬਣਾਈ ਸ਼ੜਕ ਅੱਧੀ ਰੂੜੀਆਂ ਦੀ ਮਾਰ ਹੇਠ ਹੁੰਦੀ ਆ, ਹੁਣ ਸਿਰ ਤੇ ਟੋਕਰਾ ਚੁੱਕ ਕੇ ਗਰਮੀ ਵਿੱਚ ਦੂਰ ਕੌਣ ਜਾਵੇ, ਰੂੜੀ ਤਾਂ ਰੋਜ ਇਕੱਠੀ ਹੋਵੇਗੀ ਪਰ ਖੇਤਾਂ ਵਿੱਚ ਪਤਾ ਨਹੀ ਕਦੋ ਜਾਵੇਗੀ, ਜਗਾ ਘਟ ਗਈ ਤਾਂ ਕੀ ਹੋਇਆ ? ਸਾਰੀ ਸੜਕ ਵੀ ਤਾਂ ਸਾਝੀ ਆ, ਲੋਕਾਂ ਵਾਸਤੇ ਈ ਬਣੀ ਆ, ਜਿਵੇ ਮਰਜੀ ਕੋਈ ਵਰਤੇ, ਗਰਮੀ ਦੇ ਮੌਸਮ ਵਿੱਚ ਰੂੜੀ ਦੀ ਦੁਰਗੰਧ ਅਤੇ ਭੱਦਾਪਨ ਸਾਡੇ ਪੰਜਾਬ ਦੇ ਪਿੰਡਾ ਦਾ ਸ਼ਿੰਗਾਰ ਹੈ ਅਤੇ ਸਾਡੀ ਸਫਾਈ ਪਸੰਦੀ ਦੀ ਮੂੰਹ ਬੋਲਦੀ ਤਸਵੀਰ ਹੈ, ਵੈਸੇ ਭਾਰਤੀਆ ਨੇ ਇੱਕ ਕਹਾਵਤ ਵੀ ਈਜਾਦ ਕੀਤੀ ਹੈ ਕਿ 
    "ਜਿੱਥੇ ਸਫਾਈ ਹੈ ਉਥੇ ਖੁਦਾਈ ਹੈ" 
    ਕੀ ਇਸ ਕਹਾਵਤ ਨਾਲ ਅਸੀ ਇਹ ਕਹਿਣਾ ਚਾਹ ਰਹੇ ਹਾਂ ਕਿ ਖੁਦਾਈ ਕਿਤੇ ਹੋਰ ਹੋਵੇ ਅਸੀ ਕਹਿ ਨਹੀ ਸਕਦੇ ਪਰ ਸਾਡੇ ਪਿੰਡ ਉਹ ਨਹੀ ਆ ਸਕਦੀ, "ਖੁਦਾਈ" ਜੇ ਸਫਾਈ ਪਸੰਦ ਹੈ ਤਾ ਪਿੰਡ ਦੀਆ ਰੂੜੀਆ ਉਹਦੇ ਲਈ ਨੋ ਐਂਟਰੀ ਦਾ ਵੱਡਾ ਬੋਰਡ ਹਨ, ਐਸੀਆ ਕਾਫੀ ਸਾਰੀਆ ਚੀਜਾ ਸਨ ਜੋ ਦੇਬੀ ਨੂੰ ਹਰ ਪਲ ਪਰੇਸ਼ਾਨ ਕਰਦੀਆਂ ਸਨ, ਉਹ ਇਹ ਵੀ ਸੋਚਦਾ ਸੀ ਕਿ ਇਹ ਸਾਰੇ ਲੋਕ ਬਹੁਤ ਦਿਲਦਾਰ ਆ, ਪਰੇਮ ਵੀ ਬਹੁਤ ਕਰਦੇ ਆ, ਯਾਰੀ ਵੀ ਨਿਭਾਉਦੇ ਆ ਪਰ ਜਦੋ ਬੁਰਾਈ ਕਰਨ ਤੇ ਆ ਜਾਣ ਫਿਰ ਮਨੁੱਖੀ ਕਦਰਾਂ ਕੀਮਤਾਂ ਦਾ ਖਿਆਲ ਵੀ ਨਹੀ ਰੱਖਦੇ, ਕਹਿੰਦੇ ਹਨ ਬਈ ਸਾਰਾ ਕੁੱਝ ਸਤਗੁਰ ਦੀ ਕਿਰਪਾ ਨਾਲ ਹੋਣਾ ਆ, ਤੇ ਸਤਗੁਰ ਕਿਹੜਾ ਕਿਰਪਾ ਕਰਨੀ ਨਹੀ ਚਾਹੁੰਦਾ, ਸਤਗੁਰ ਤਾਂ ਗੁਰੂ ਗਰੰਥ ਸਾਹਿਬ ਲਿਖ ਕੇ ਕਿਰਪਾ ਕਰ ਚੁੱਕਿਆ, ਤੰਦਰੁਸਤ ਸਰੀਰ ਦੇ ਕੇ ਕਿਰਪਾ ਕਰ ਚੁੱਕਿਆ, ਜੀਵਨ ਦੇ ਕੇ ਕਿਰਪਾ ਕਰ ਚੁੱਕਿਆ, ਹੋਰ ਕਿਵੇ ਕਿਰਪਾ ਹੋਵੇਗੀ ਸਤਗੁਰ ਦੀ ?ਦੇਬੀ ਨੂੰ ਲਗਦਾ ਸੀ ਹੁਣ ਜੇ ਕਿਰਪਾ ਦੀ ਲੋੜ ਹੈ ਤਾਂ ਉਹ ਹੈ ਲੋਕਾਂ ਦੀ ਅਪਣੇ ਆਪ ਤੇ ਕਿਰਪਾ।
    ਖੈਰ, ਘੁੱਦੇ ਦੀ ਡੇਅਰੀ ਦੇਖ ਕੇ ਕੁੱਝ ਜਵਾਨਾਂ ਨੂੰ ਲੱਗਿਆ ਬਈ ਅਸੀ ਕਿਓ ਨਾਂ ਹਿੰਮਤ ਕਰੀਏ, ਪੰਜਾਬੀ ਭੇਡ ਚਾਲ ਵਿੱਚ ਵੀ ਕਿਸੇ ਦੀ ਨੌਹ ਧੀ ਤੋ ਘੱਟ ਨਹੀ, ਆਮ ਤੌਰ ਤੇ ਫੈਸ਼ਨ ਆਦਿ ਦੀ ਕਾਪੀ ਮਿੰਟੋ ਮਿੰਟੀ ਹੁੰਦੀ ਆ ਪਰ ਕੁੱਝ ਗੱਭਰੂ ਤੇ ਮੁਟਿਆਰਾ ਹਨ ਜੋ ਕਿਸੇ ਚੰਗੇ ਕੰਮ ਦੀ ਕਾਪੀ ਕਰਨ ਦੀ 


    ਹਿੰਮਤ ਰੱਖਦੇ ਆ, ਇਵੇ ਹੀ ਦੋ ਗੱਭਰੂ ਘੁੱਦੇ ਦੀ ਡੇਅਰੀ ਦੇਖ ਕੇ ਸੋਚਣ ਲੱਗੇ ਕਿ ਜੇ ਘੁੱਦੇ ਵਰਗਾ ਵਿਹਲੜ ਕਮਾਈ ਤੇ ਲੱਗ ਸਕਦਾ ਆ ਤਾ ਅਸੀ ਕਿਓ ਨਹੀ, ਉਹ ਦੇਬੀ ਵੱਲ ਆ ਗਏ … 
    "ਬਾਈ ਜੀ, ਤੁਸੀ ਘੁੱਦੇ ਭਾਜੀ ਹੁਣਾ ਦੀ ਮਦਦ ਕੀਤੀ ਆ, ਸਾਡੇ ਤੇ ਵੀ ਕਿਰਪਾ ਕਰੋ।" 
    ਸਤਵਿੰਦਰ ਹਾਲੇ ਦਸਵੀ ਵਿੱਚ ਪੜਦਾ ਸੀ ਪਰ ਮਿਹਨਤੀ ਬਹੁਤ ਸੀ, ਸਕੂਲੋ ਆ ਕੇ ਘਰਦਿਆ ਨਾਲ ਕੰਮ ਤੇ ਡਟਿਆ ਰਹਿੰਦਾ।
    "ਕਿਰਪਾ ਤਾਹੁਡੇ ਤੇ ਮੈਂ ਨਹੀ ਕਰਨੀ, ਕਿਰਪਾ ਤੁਸੀ ਖੁਦ ਅਪਣੇ ਆਪ ਤੇ ਕਰਨੀ ਆ, ਜਮੀਨ ਤੁਹਾਡੀ ਦੇ ਕਾਗਜ ਆ, ਕਰਜ ਬੈਂਕ ਨੇ ਦੇਣਾ, ਕਿਸ਼ਤਾ ਤੁਸੀ ਲਾਉਣੀਆ, ਫਿਰ ਮੇਰੀ ਕਿਰਪਾ ਦੀ ਲੋੜ ਕਿੱਥੇ ?" ।
    ਦੇਬੀ ਨੇ ਹੱਸ ਕੇ ਕਿਹਾ।
    "ਭਾ ਜੀ, ਇਹ ਸਭ ਠੀਕ ਆ, ਪਰ ਘਰਦੇ ਨਹੀ ਛੇਤੀ ਮੰਨਦੇ, ਜਿੰਨਾ ਚਿਰ ਕੋਈ ਹੋਰ ਪਹਿਲ ਨਾਂ ਕਰੇ ਉਨੀ ਦੇਰ ਕਹਿਣਗੇ ਲੈ, ਜੇ ਇਹ ਕੰਮ ਚੰਗਾ ਹੁੰਦਾ ਤਾਂ ਲੋਕ ਨਾਂ ਕਰਦੇ ?" ।
    ਦਲਬੀਰ ਨੇ ਅਪਣੇ ਘਰਦਿਆ ਦੀ ਦੱਸੀ, ਉਹ ਬੜੇ ਚਿਰ ਦਾ ਘਰਦਿਆ ਨੂੰ ਕਹਿ ਰਿਹਾ ਸੀ ਕਿ ਮੈਨੂੰ ਕੋਈ ਸਹਾਇਕ ਧੰਦਾ ਕਰ ਲੈਣ ਦੇਣ, ਪਰ ਉਸਦਾ ਪਿਓ ਲੱਤ ਨੀ ਸੀ ਲਾਉਦਾ, ਕਿਸੇ ਬਾਹਰਲੇ ਦੇਸ਼ ਜਾਣ ਦੀ ਗੱਲ ਕਰਦਾ ਸੀ ਤਾਂ ਕਹਿੰਦਾ ਸੀ ਕਿ ਪੈਸੇ ਨਹੀ ਹੈਗੇ ਕੋਲ।
    "ਬਾਈ ਜੀ, ਸਰਕਾਰ ਤੇ ਸਾਰੇ ਗਿਲਾ ਕਰਦੇ ਆ ਬਈ ਸਰਕਾਰ ਕੁੱਝ ਕਰਦੀ ਨਹੀ, ਮੈ ਕਹਿਨਾ ਸਾਡੇ ਲੋਕ ਸੁਸਤ ਆ, ਅਰਦਾਸਾਂ ਕਰਦੇ ਰਹਿੰਦੇ, ਹੁਣ ਰੱਬ ਸਾਡੀ ਥਾਂ ਕਰਜਾ ਅਪਲਾਈ ਕਰਨ ਥੋੜੇ ਚਲੇ ਚੱਲਿਆ ਜਾਊ।" 
    ਸਤਵਿੰਦਰ ਨੇ ਹੋਰ ਦੱਸਿਆ।
    "ਖੁਸ਼ ਕੀਤਾ ਈ, ਦੋਸਤਾ, ਵਾਕਿਆ ਹੀ ਨੋਜਵਾਂਨਾ ਦੇ ਗਲਤ ਰਾਹ ਪੈਣ ਪਿੱਛੇ ਜੋ ਕਾਰਨ ਹਨ ਉਨਾ ਵਿਚੋ ਬੇਰੁਜਗਾਰੀ ਮੁੱਖ ਕਾਰਨ ਹੈ, ਜੇ ਬੰਦੇ ਕੋਲ ਵਧੀਆ ਕੰਮ ਹੋਵੇ ਤੇ ਗੁਜਾਰਾ ਵਧੀਆ ਚਲਦਾ ਹੋਵੇ ਤਾਂ ਦੁਨੀਆ ਆਪੇ ਚੰਗੀ ਲਗਦੀ ਆ, ਮੈ ਤਾ ਤੁਹਾਡੀ ਮਦਦ ਕਰਾਗਾ ਹੀ ਪਰ ਤੁਹਾਡੇ ਘਰ ਦੇ ਜੇ ਨਹੀ ਮੰਨਣਗੇ ਤਾਂ ਫਿਰ ਕੀ ਕਰੋਗੇ ?"। 
    ਦੇਬੀ ਮੁੰਡਿਆ ਤੇ ਖੁਸ਼ ਸੀ।
    "ਇਸੇ ਲਈ ਤਾਂ ਤੁਹਾਡੇ ਕੋਲ ਆਏ ਆ, ਬਈ ਸਾਡੇ ਘਰਦਿਆ ਨੂੰ ਕੁੱਝ ਸਮਝਾਓ।"
    ਸਤਵਿੰਦਰ ਨੇ ਬੇਨਤੀ ਕੀਤੀ।
    "ਚੱਲੋ ਫਿਰ, ਤਾਏ ਨਾਲ ਗੱਲ ਕਰ ਲੈਨੇ ਆਂ।" 
    ਦੇਬੀ ਉਠ ਕੇ ਖੜਾ ਹੋ ਗਿਆ।
    "ਹੁਣੇ, ਭਾਜੀ ?" ਦਲਬੀਰ ਨੂੰ ਸਮਝ ਨਾਂ ਆਈ।
    "ਕਿਓ ਹਾਲੇ ਕੁੱਝ ਸਾਲ ਸੋਚਣਾ, ਤੇ ਉਡੀਕਣਾਂ ?" 
    ਦੇਬੀ ਹੱਸਿਆ।
    "ਨਹੀ, ਭਾਜੀ ਮੈ ਸੋਚਦਾ ਸੀ ਤੁਸੀ ਪਤਾ ਨਹੀ ਮੰਨਣਾ ਕਿ ਨਹੀ, ਜਾਂ ਕਦੋ ਸਮਾਂ ਲੈ ਪਾਓਗੇ।" 
    ਦਲਬੀਰ ਨੂੰ ਯਕੀਨ ਨਹੀ ਸੀ ਆਇਆ, ਬਈ ਦੇਬੀ ਨੂੰ ਮਨਾਉਣਾ ਐਨਾ ਸੌਖਾ ਆ ?

    "ਮੈ ਜੋ ਕਦੇ ਵੀ ਕੁੱਝ ਕੀਤਾ ਆ ਸਦਾਂ ਹੁਣੇ ਹੀ ਕੀਤਾ ਆ, ਕੱਲ ਨੂੰ ਅਤੇ ਬਾਅਦ ਵਿੱਚ ਮੈਂ ਨਾਂ ਕਦੇ ਕੁੱਝ ਕਰਨਾਂ ਆ ਤੇ ਨਾਂ ਮੇਰੇ ਕੋਲੋ ਹੋਣਾ ਆ ਤੁਹਾਡੀ ਮਦਦ ਜੇ ਮੈਂ ਕਰ ਸਕਦਾ ਆ ਤਾਂ ਉਹ ਸਿਰਫ ਇਹ ਹੈ ਕਿ ਮੈਂ ਇਹ ਸਮਝਾ ਦੇਵਾਂ ਕਿ ਹੁਣ ਅਤੇ ਬਾਅਦ ਵਿੱਚ ਕੀ ਫਰਕ ਹੈ, "ਹੁਣ "ਸੱਚਾਈ ਹੈ ਅਤੇ "ਬਾਅਦ ਵਿੱਚ" ? ਇਹ ਸ਼ਬਦ ਧੋਖਾ ਹੈ, ਅਤੇ ਮੈ ਇਹੀ ਕਹਾਗਾ ਕਿ ਧੋਖੇ ਵਿੱਚ ਨਾਂ ਜੀਓ, ਚਲੋ ਚੱਲੀਏ।" ਦੇਬੀ ਨੇ ਮੁੰਡਿਆ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਉਨਾ ਦੇ ਘਰ ਨੂੰ ਤੋਰ ਲਿਆ, ਗੁਰਦਵਾਰੇ ਦੇ ਚੌਰਾਹੇ ਸਾਹਮਣੇ ਬੋਹੜ ਹੇਠ ਬਹੁਤ ਲੋਕ ਦੁਪਿਹਰ ਗੁਜਾਰਨ ਲਈ ਤਾਸ਼ ਖੇਡ ਰਹੇ ਸਨ, ਦਲਬੀਰ ਅਤੇ ਸਤਵਿੰਦਰ ਦੇ ਬਯੁਰਗ ਵੀ ਉਥੇ ਬੈਠੇ ਸਨ, ਉਹ ਵੀ ਚੌਰਾਹੇ ਵਿੱਚ ਰੁਕ ਗਏ … 
    "ਜਵਾਨੋ ਕਿੱਧਰ ਚੜਾਈ ਕੀਤੀ ਆ ਅੱਜ ?"। 
    ਦਲਬੀਰ ਦੇ ਬਾਪੂ ਨੇ ਪੁੱਛਿਆ।
    "ਤਾਇਆ ਜੀ ਤੁਹਾਡੇ ਦਰਸ਼ਨਾ ਨੂੰ ਆਇਆ।" 
    ਦੇਬੀ ਨੇ ਪੈਰੀ ਹੱਥ ਲਾ ਦਿੱਤਾ।
    "ਧੰਨਭਾਗ ਪੁੱਤ, ਦੱਸ ਕੀ ਮਸਲਾ।" 
    ਬਯੁਰਗ ਸਾਰੇ ਦੇਬੀ ਦੀ ਇਜਤ ਕਰਦੇ ਸਨ।
    "ਤਾਇਆ ਜੀ, ਮੁੰਡੇ ਥੋੜੀ ਕਮਾਈ ਨਾਲ ਪਰਸੰਨ ਨਹੀ ਤੇ ਕਮਾਈ ਵਿੱਚ ਕੁੱਝ ਵਾਧਾ ਕਰਨਾ ਚਾਹੁੰਦੇ ਆ।" 
    ਦੇਬੀ ਨੇ ਗੱਲ ਸ਼ੁਰੂ ਕੀਤੀ, ਉਹ ਜਾਣ ਬੁੱਝ ਕੇ ਸਾਰਿਆ ਦੇ ਸਾਹਮਣੇ ਗੱਲ ਕਰ ਰਿਹਾ ਸੀ ਤਾਂ ਕਿ ਬਾਕੀ ਵੀ ਦਿਲਚਸਪੀ ਲੈਂਣ, ਆਮ ਤੌਰ ਤੇ ਪੰਜਾਬੀ ਸਾਰਿਆ ਦੇ ਭਲੇ ਦੀ ਗੱਲ ਛੁਪਾ ਕੇ ਕਰਦੇ ਆ ਬਈ ਕੋਈ ਹੋਰ ਫਾਇਦਾ ਨਾ ਲੈ ਜਾਵੇ ਪਰ ਜੇ ਸਾਰੇ ਅਪਣਾ ਫਾਇਦਾ ਆਪ ਹੀ ਕਰ ਲੈਣ ਤਾ ਇੱਕ ਦੂਜੇ ਕੋਲੋ ਖੋਹਣ ਦੀ ਲੋੜ ਹੀ ਨਾ ਰਹਿ ਜਾਵੇ।
    "ਸਾਨੂੰ ਕਾਕਾ ਵਾਧੂ ਕਮਾਈ ਕਿਹੜੀਆਂ ਛੜਾ ਮਾਰਦੀ ਆ, ਪਰ ਏਹ ਪਾੜੇ ਗੱਲਾਂ ਵੱਧ ਕਰਦੇ ਆ ਤੇ ਕੰਮ ਘੱਟ" ।
    ਤਾਏ ਨੇ ਅਪਣਾ ਖਿਆਲ ਦੱਸਿਆ।
    "ਤਾਇਆ ਜੀ, ਮੁੰਡੇ ਨਵੇਂ ਯੁੱਗ ਦੇ ਆ ਤੇ ਇਨਾਂ ਦੀ ਸੋਚ ਵਿੱਚ ਕੁੱਝ ਫਰਕ ਆ, ਜੇ ਤੁਸੀ ਕੁੱਝ ਇਨਾਂ ਤੇ ਇਤਬਾਰ ਕਰੋ ਅਤੇ ਇਨਾਂ ਤੇ ਪੂਰੀ ਜਿੰਮੇਵਾਰੀ ਪਾਓ ਤਾਂ ਮੇਰਾ ਨਿਸਚਾ ਆ ਬਈ ਏਹ ਹਰ ਤੁਹਾਡੀ ਆਸ ਤੇ ਪੂਰੇ ਉਤਰਨਗੇ, ਤੁਹਾਡੇ ਤੋ ਬਿਨਾ ਇਹ ਅਪਾਹਜ ਹਨ ਤੇ ਇਨਾਂ ਤੋ ਬਿਨਾ ਤੁਸੀ ਕਮਜੋਰ, ਇੱਕ ਦੂਜੇ ਨੂੰ ਅਪਣੀ ਸ਼ਕਤੀ ਦੇ ਦਿਓ, ਵਿਸ਼ਵਾਸ ਵੀ ਕਰੋ ਅਤੇ ਪੂਰਾ ਧਿਆਂਨ ਵੀ ਰੱਖੋ, ਉਹ ਕਿਹੜਾ ਕੰਮ ਆ ਜਿਹੜਾ ਤੁਸੀ ਰਲ ਕੇ ਕਰ ਨਹੀ ਸਕਦੇ ?" ।
    ਦੇਬੀ ਨੇ ਏਨੇ ਠਰੰਮੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤਾਸ਼ ਖੇਡਦੇ ਸਾਰੇ ਰੁਕ ਕੇ ਗੱਲ ਸੁਣਨ ਲੱਗ ਪਏ।
    ਵੈਸੇ ਤਾਸ਼ ਖੇਡਣ ਵਾਲਿਆ ਦੇ ਬਾਰੇ ਇਹ ਗੱਲ ਮਸ਼ਹੂਰ ਹੁੰਦੀ ਸੀ ਜੇ ਕਿਸੇ ਇਹ ਪੁੱਛਣਾ ਹੋਵੇ ਕਿ ਤਾਸ਼ ਖੇਡਣ ਵਾਲੇ ਕਿੱਥੇ ਬੈਠੇ ਆ ਤਾ ਕਿਹਾ ਜਾਦਾ ਸੀ, ਬਾਈ ਤੂੰ ਕਿਤੇ ਚਾਰ ਰੌਦੇ ਦੇਖੇ ਆ ? ਮਤਲਬ ਇਹ ਹੁੰਦਾ ਸੀ ਕਿ ਤਾਸ਼ ਖੇਡਣ ਵਾਲੇ ਦਾ ਰੋਣਾ ਤੇ ਹੱਸਣਾ ਪੱਤਿਆ ਤੇ ਨਿਰਭਰ ਕਰਦਾ ਸੀ ਤੇ ਹਰ ਖਿਡਾਰੀ ਨੂੰ ਇਹੀ ਲਗਦਾ ਸੀ ਬਈ ਜੇ ਕਿਤੇ ਹੁਕਮ ਦਾ ਯੱਕਾ ਮੇਰੇ ਕੋਲ ਹੁੰਦਾ ਤਾ ਸਿੱਧੀਆ ਬਵੰਜਾ ਪਾ ਦੇਣੀਆ ਸੀ ਜਾਂ ਫੇਰ ਜੇ ਚਿੜੀਏ ਦਾ ਬਾਦਸ਼ਾਹ ਵੀ ਹੁੰਦਾ ਤਾ ਦੁੱਸਰ ਨੂੰ ਕੋਈ ਨਹੀ ਸੀ ਰੋਕ ਸਕਦਾ, ਗੱਲ ਕੀ ਹਰ ਹਾਲ ਤੇ ਰੋਣਾ, ਤੇ ਤਾਸ਼ ਖੇਡਣ ਵਾਲੇ ਨੂੰ ਭੁੱਖ ਤੇ ਪਿਆਸ ਵੀ ਘੱਟ ਹੀ ਲਗਦੀ ਸੀ, ਲੇਖਕ ਅਪਣੇ ਤਜਰਬੇ ਤੋ ਵੀ ਕਹਿ ਰਿਹਾ, ਜੇ ਕੋਈ ਖੇਡ ਵਿੱਚ ਰੁਕਾਵਟ ਪਾਉਦਾ ਤਾਂ ਖੇਡਣ ਵਾਲਿਆ ਨੂੰ ਉਹ ਦੁਸ਼ਮਣ ਲਗਦਾ, ਹੁਣ ਦੇਬੀ ਨੇ ਆ ਕੇ ਖੇਡ ਇੱਕ ਤਰਾ ਰੋਕ ਦਿੱਤੀ ਸੀ ਪਰ ਖਿਡਾਰੀਆ ਨੂੰ ਖੇਡ ਤੋ ਵੱਧ ਹੁਣ ਇਸ ਗੱਲ ਵਿੱਚ ਦਿਲਚਸਪੀ ਲਗਦੀ ਸੀ, ਕਿਉਕਿ ਨਵੀ ਗੱਲ ਸੀ, ਮਿਰਚ ਮਸਾਲਾ ਸੀ।
    "ਗੱਲ ਤਾਂ ਕਾਕਾ ਤੇਰੀ ਵੀ ਠੀਕ ਆ, ਪਰ ਸਾਡੇ ਚ ਹੁਣ ਤਾਕਤ ਹੈ ਨਹੀ, ਤੇ ਅਸੀ ਡਰਦੇ ਆ ਬਈ ਜੇ ਕੋਈ ਕੰਮ ਸ਼ੁਰੂ ਕਰ ਲਿਆ ਤੇ ਮੁੜ ਕੇ ਮੁੰਡਿਆ ਨੇ ਸਾਥ ਨਾਂ ਦਿੱਤਾ ਤਾਂ ਫਿਰ ਸਾਡੇ ਸਿਰ ਆ ਪੈਣਾ।" 
    ਬਾਪੂ ਜੀ ਨੇ ਅਪਣਾਂ ਤੌਖਲਾ ਦੱਸਿਆ।
    "ਇਹ ਗੱਲ ਇਸ ਲਈ ਆਪ ਕਹਿ ਰਹੇ ਹੋ ਕਿਉਕਿ ਆਪਸੀ ਵਿਸ਼ਵਾਸ਼ ਦੀ ਕਮੀ ਹੈ, ਆਪਸੀ ਗੱਲਬਾਤ ਦੀ ਕਮੀ ਹੈ, ਨੁਕਸਾਂਨ ਤਾਂ ਹਰ ਰੋਜ ਹੋ ਹੀ ਰਿਹਾ, ਜਿਹੜੀ ਤਰੱਕੀ ਰੁਕੀ ਪਈ ਆ ਤੇ ਕਰਜੇ ਹਰ ਰੋਜ ਵਧ ਰਹੇ ਆ ਉਹ ਕਿਹੜਾ ਕਿਸੇ ਬਹੁਤੀ ਦੂਰਅੰਦੇਸ਼ੀ ਵੱਲ ਇਸ਼ਾਰਾ ਕਰ ਰਹੇ ਆ, ਜੇ ਜਿਮੀਦਾਰ ਹਾਲੇ ਸੁਖੀ ਨਹੀ, ਆਰਥਿਕ ਤੌਰ ਤੇ ਹਰ ਰੋਜ ਆੜਤੀਏ ਅੱਗੇ ਹੀ ਹੱਥ ਅੱਡ ਰਿਹਾ ਤਾਂ ਇਸ ਗੱਲ ਦਾ ਏਹੀ ਮਤਲਬ ਆ ਕਿ ਪਿੰਡ ਵਿੱਚ ਨਕਦ ਪੈਸਾ ਨਹੀ ਰਿਹਾ, ਸਾਰਾ ਪੈਸਾ ਸ਼ਹਿਰ ਨੂੰ ਜਾ ਰਿਹਾ, ਤੁਸੀ ਹਰ ਰੋਜ ਜੋ ਖਰਚ ਕਰਦੇ ਹੋ ਉਹ ਸ਼ਹਿਰੋ ਉਧਾਰਾ ਮੰਗ ਕੇ ਕਰਦੇ ਓ, ਅਤੇ ਜਦੋ ਤੁਹਾਡੀ ਫਸਲ ਸ਼ਹਿਰ ਜਾਂਦੀ ਹੈ ਤਾਂ ਉਹ ਸ਼ਹਿਰ ਹੀ ਰਹਿ ਜਾਂਦੀ ਆ, ਘਰ ਨਹੀ ਆਉਦੀ ਤੇ ਅਗਲੇ ਸਾਲ ਫਿਰ ਤੋ ਅੜਤੀਏ ਤੋ ਮੰਗਣਾ ਸ਼ੁਰੂ, ਜੇ ਕਿਤੇ ਹੜ ਆ ਜਾਵੇ, ਜਾਂ ਗੜੇ ਪੈ ਜਾਂਣ ਤੇ ਫਸਲ ਮਰ ਜਾਵੇ ਤਾਂ ਤੁਸੀ ਚਾਰ ਸਾਲ ਬਰਾਬਰ ਨਹੀ ਆ ਸਕਦੇ, ਫਿਰ ਮੇਰੀਆਂ ਭੈਣਾ ਦੇ ਵਿਆਹ ਦਾ ਖਰਚ ? ਕੱਚੇ ਮਕਾਂਨਾ ਦਾ ਪੱਕਿਆ ਹੋਣਾ ? ਸਾਈਕਲ ਤੋ ਸਕੂਟਰ ਦਾ ਸਫਰ ? ਅਤੇ ਬੁਢਾਪੇ ਵਿੱਚ ਅਰਾਂਮ ? ਇਹ ਸਭ ਕਿਵੇ ਹੋਵੇਗਾ ?"।
    ਦੇਬੀ ਨੇ ਛੋਟਾ ਜਿਹਾ ਭਾਸ਼ਨ ਕੱਢ ਮਾਰਿਆ, ਹੁਣ ਸਾਰੇ ਸਾਹ ਰੋਕ ਕੇ ਉਸਦੀ ਗੱਲ ਸੁਣ ਰਹੇ ਸਨ।
    "ਅਗਰ ਤੁਸੀ ਅਪਣੇ ਗੱਭਰੂ ਪੁੱਤਾਂ ਤੇ ਵਿਸਵਾਸ਼ ਕਰੋ, ਇਨਾ ਨੂੰ ਗਾਲਾ ਕੱਢਣੀਆ ਬੰਦ ਕਰ ਦਿਓ, ਤੇ ਥੋੜੀ ਜਿਹੀ ਖੁੱਲ ਦੇਵੋ ਅਤੇ ਮੇਰੀ ਸੇਵਾ ਕਬੂਲ ਕਰੋ ਤਾਂ ਇਹ ਗਰੰਟੀ ਮੈ ਦੇਣ ਨੂੰ ਤਿਅਰ ਹਾਂ ਕਿ ਚਾਰ ਸਾਲ ਦੇ ਅੰਦਰ ਇਸ ਪਿੰਡ ਦਾ ਕੋਈ ਜਿਮੀਦਾਰ ਕਰਜਾਈ ਨਹੀ ਹੋਵੇਗਾ।" 
    ਦੇਬੀ ਨੇ ਅੱਗੇ ਕਿਹਾ।
    "ਪੁੱਤ ਇਹ ਤਾਂ ਮੁਸ਼ਕਿਲ ਆ, ਫਸਲ ਦੇ ਭਾਅ ਵਧਦੇ ਨਹੀ ਤੇ ਤੇਲ ਤੇ ਖਾਦਾਂ ਹਰ ਸਾਲ ਵਧਦੀਆਂ, ਕਰਜਾ ਘਟ ਸਕਦਾ ਮੁੱਕ ਨਹੀ ਸਕਦਾ, ਮੈ ਸੱਠਾਂ ਦਾ ਹੋ ਗਿਆ, ਰੱਜ ਕੇ ਮਿਹਨਤ ਕੀਤੀ, ਵਾਧੂ ਪੈਸਾ ਖਰਚ ਕੇ ਨਹੀ ਦੇਖਿਆ ਪਰ ਕਰਜਾ ਘਟਣ ਦੀ ਬਜਾਏ ਵਧਦਾ ਜਾ ਰਿਹਾ।" 
    ਇੱਕ ਹੋਰ ਬੜਾ ਮਿਹਨਤੀ ਬਯੁਰਗ ਨਿਰਾਸ਼ਤਾ ਵਿਚ ਬੋਲਿਆ।
    "ਬਾਪੂ ਜੀ ਕਰਜੇ ਕੱਲੀ ਮਿਹਨਤ ਨਾਲ ਨਹੀ ਲੱਥਦੇ, ਤੁਹਾਡੀ ਮਿਹਨਤ ਨੂੰ ਲੋਕ ਬੈਠੇ ਖਾਈ ਜਾਂਦੇ ਆ, ਤੁਹਾਨੂੰ ਤਾਂ ਥੋੜਾ ਬਹੁਤ ਇਸ ਲਈ ਦਿੰਦੇ ਆ ਬਈ ਇਹ ਜਿਊਦੇ ਰਹਿਣ ਤੇ ਸਾਡੇ ਲਈ ਕਮਾਈ ਕਰੀ ਜਾਂਣ, ਕਰਜਾ ਲਾਹੁਣ ਲਈ ਨੌਜਵਾਨੀ ਨੁੰ ਨਾਲ ਲੈਣਾ ਪਊ, ਤਾਸ਼ ਖੇਡ ਕੇ ਦਿਨ ਬਿਤਾਉਣ ਦੀ ਥਾਂ ਆਪਸੀ ਗੱਲਬਾਤ ਕਰਕੇ ਮੁਸ਼ਕਲਾਂ ਦੇ ਹੱਲ ਲੱਭਣੇ ਪੈਂਣਗੇ ਅਤੇ ਉਨਾ ਨੂੰ ਦੂਰ ਕਰਨਾ ਪਊ, ਕਰਜੇ ਦੀ ਕੀ ਮਜਾਲ ਆ ਬਈ ਤੁਹਾਡੇ ਪਿੰਡ ਵੱਲ ਦੇਖ ਵੀ ਜਾਵੇ।" ਦੇਬੀ ਦੀ ਪੁਖਤਾ ਅਵਾਜ ਦਾ ਵਿਸ਼ਵਾਸ਼ ਮਹਿਸੂਸ ਕਰਕੇ ਬਯੁਰਗ ਕੁੱਝ ਸੋਚਣ ਲਈ ਮਜਬੂਰ ਹੋ ਗਏ।
    "ਪੁੱਤ ਅਸੀ ਕਿਹੜੇ ਸੌਖੇ ਆ, ਪਰ ਸਾਨੂੰ ਰਾਹ ਕੋਈ ਨਜਰ ਨੀ ਆਉਦਾ, ਸਾਡਾ ਤਾਂ ਜਿਵੇ ਰੱਬ ਰੁੱਸ ਗਿਆ।" 
    ਬਾਪੂ ਬੰਤਾ ਸਿੰਘ ਅਪਣੀ ਸਥਿਤੀ ਤੋ ਦੁਖੀ ਸੀ।
    "ਤੁਸੀ ਔਖਾ ਸਮਾ ਬਿਤਾ ਰਹੇ ਓ ਇਹ ਹਰ ਕਿਸੇ ਨੂੰ ਦਿਸਦਾ, ਰਾਹ ਬੜੇ ਹਨ, ਸਿਰਫ ਤੁਰਨ ਦੀ ਗੱਲ ਆ, ਤੇ ਰੱਬ ਕਦੇ ਵੀ ਕਿਸੇ ਨਾਲ ਨਹੀ ਰੁੱਸਦਾ, ਤੁਸੀ ਸਾਰੇ ਇੱਕ ਦੂਜੇ ਨਾਲ ਰੁੱਸੇ ਹੋਏ ਓ, ਜਿਸ ਦਿਨ ਰੱਬ ਰੁੱਸਦਾ ਆ ਉਸ ਦਿਨ ਪਰਲੋ ਹੁੰਦੀ ਆ, ਆਹ ਤੁਹਾਡੀਆਂ ਮੁਸ਼ਕਲਾਂ ਤੁਸੀ ਆਪ ਬਣਾਈਆ ਤੇ ਜਦੋ ਤੁਸੀ ਚਾਹੋ ਉਦੋ ਹੀ ਹੱਲ ਵੀ ਕਰ ਸਕਦੇ ਓ "। 
    ਦੇਬੀ ਨੂੰ ਲਗਦਾ ਸੀ ਬਈ ਬਯੁਰਗ ਮੰਨ ਜਾਂਣਗੇ।
    "ਕਾਕਾ ਫੇ ਜੇਹੜਾ ਜਾਦੂ ਤੂੰ ਬਾਹਰੋ ਲੈ ਕੇ ਆਇਆ ਉਹ ਚਲਾ ਕੇ ਦਿਖਾ ਕਿ ਗੱਲਾਂ ਦੇ ਢੇਰ ਲਾਉਣੇ ਆ, ਧਰਮ ਨਾਂ ਨਸ਼ਾ ਜਿਹਾ ਲਾਈ ਜਾਂਦਾ।" 
    ਅਮਲੀ ਬਖਤੌਰ ਸਿਓ ਪਹਿਲੀ ਵਾਰ ਬੋਲਿਆ, ਹੁਣ ਤੱਕ ਦੇਬੀ ਸਾਰਿਆ ਦੇ ਵਿਚਕਾਰ ਆ ਚੁੱਕਿਆ ਸੀ, ਉਸ ਨੂੰ ਲੱਗਿਆ ਕਿ ਪਲੈਨ ਨੰਬਰ ਦੋ ਦੀ ਹੁਣ ਵਾਰੀ ਆ।
    "ਠੀਕ ਆ ਬਯੁਰਗੋ, ਜੇ ਤੁਸੀ ਹੁਕਮ ਦੇਵੋ ਅਤੇ ਗੱਭਰੂ ਇਹ ਵਾਅਦਾ ਕਰਨ ਬਈ ਇਹ ਮੇਰਾ ਕਿਹਾ ਮੰਨਣਗੇ ਤਾਂ ਮੈ ਇਸ ਗੱਲ ਦੀ ਗਰੰਟੀ ਲੈਂਦਾ ਹਾਂ ਕਿ ਤੁਹਾਡਾ ਇੱਕ ਵੀ ਰੁਪਈਆ ਨਹੀ ਲੱਗਦਾ ਪਰ ਇਸ ਸਾਲ ਦੇ ਅੰਦਰ ਅੰਦਰ ਤੁਹਾਡੇ ਮੁੰਡੇ ਘਰ ਦਾ ਖਰਚ ਸਾਰਾ ਤੋਰਨਗੇ ਅਤੇ ਤੁਹਾਡੀ ਫਸਲ ਭੈਣਾ ਂਦੇ ਵਿਆਹਾਂ ਤੇ ਹੋਰ ਖਰਚਿਆ ਲਈ ਬਚ ਜਾਊ, ਪਰ ਇੱਕ ਵਾਅਦਾ ਹੋਰ ਕਿ ਅਗਰ ਮੈਂ ਅਤੇ ਗੱਭਰੂ ਇਸ ਗੱਲ ਵਿੱਚ ਕਾਮਯਾਬ ਹੁੰਦੇ ਆ ਤਾਂ ਅਗਲੇ ਸਾਲ ਦੀ ਇੱਕ ਜਨਵਰੀ ਨੂੰ ਫਿਰ ਤੁਹਾਡੀ ਲੋੜ ਪਵੇਗੀ, ਜਿਸ ਨਾਲ ਤੁਹਾਡੇ ਕਰਜੇ ਖਤਮ ਕਰਨੇ ਆ, ਜੇ ਮਨਜੂਰ ਆ ਤਾਂ ਦੱਸੋ।" ਦੇਬੀ ਹੁਣ ਲੋਹਾ ਗਰਮ ਕਰ ਚੁੱਕਾ ਸੀ।
    "ਲੈ ਜੇ ਸਾਡਾ ਕੁੱਝ ਲੱਗਣਾ ਨੀ ਤਾਂ, ਸਾਨੂੰ ਕੌਣ ਸਿਆਂਣਾ ਕਹੂ ਜੇ ਤੇਰੀ ਗੱਲ ਨਾ ਮੰਨੀਏ, ਕਿਓ ਭਾਊ ?" ਇੱਕ ਬਯੁਰਗ ਨੇ ਕਿਹਾ ਅਤੇ ਨਾਲ ਦੂਜੇ ਦੀ ਹਮਾਇਤ ਮੰਗੀ।
    "ਕਾਕਾ ਜੋ ਤੂੰ ਕਹਿ ਰਿਹਾ ਉਹ ਕੋਈ ਸੌਖਾ ਕੰਮ ਨੀ, ਤੇ ਸਾਡੇ ਮੁੰਡੇ ਵੀ ਇਨੇ ਪੱਧਰੇ ਨੀ, ਮੁੜ ਪਛਤਾਉਣ ਤੋ ਪਹਿਲਾ ਚੰਗਾ ਬਈ ਤੂੰ ਸੋਚ ਲਾ, ਇਹ ਨਾ ਹੋਵੇ ਇਨਾ ਤੋ ਤੰਗ ਆ ਕੇ ਰਾਤੋ ਰਾਤ ਜਰਮਨ ਨੂੰ ਜਾਜੇ ਚੜਜੇ"। 
    ਇੱਕ ਬਯੁਰਗ ਕੁੱਝ ਜਿਆਦਾ ਹੀ ਸਾਵਧਾਨੀ ਵਰਤਦਾ ਸੀ, ਉਹਨੇ ਦੇਬੀ ਨੂੰ ਠਕੋਰਿਆ ਬਈ ਛੋਕਰਾ ਗੱਲ ਤਾਂ ਦਰਜੇ ਦੀ ਕਰਦਾ ਆ ਪਰ ਪੂਰੀ ਕਰਲੂ ?
    "ਬਾਪੂ ਜੀ, ਸੋਚ ਮੈ ਬਹੁਤ ਸਮਾਂ ਪਹਿਲਾ ਚੁੱਕਿਆ ਹਾਂ, ਹੁਣ ਵਕਤ ਕਰਨ ਦਾ ਆ, ਤੇ ਤੁਹਾਡਾ ਹੁਕਮ ਚਾਹੀਦਾ"।
    ਦੇਬੀ ਉਸੇ ਵਿਸ਼ਵਾਸ਼ ਨਾਲ ਬੋਲਿਆ।
    "ਫਿਰ ਖਿੱਚ ਦੇ ਕੰਮ ਨੂੰ, ਉਡੀਕਦਾ ਕੀ ਆਂ ਗੱਭਰੂਆ ?" ।

    ਦਲਬੀਰ ਦਾ ਪਿਓ ਉਠ ਕੇ ਥਾਪੀ ਦਿੰਦਾ ਬੋਲਿਆ।।
    "ਬੋਲੇ ਸੋ ਨਿਹਾਲ, ਸਤਿ ਸਿਰੀ ਅਕਾਲ … ।" 
    ਬਖਤੌਰੇ ਅਮਲੀ ਨੇ ਜੈਕਾਰਾ ਗੁੰਜਾ ਦਿੱਤਾ, ਜੈਕਾਰੇ ਦਾ ਜਵਾਬ ਸੁਣ ਕੇ ਆਂਢ ਗੁਆਂਢ ਬਾਹਰ ਆ ਕੇ ਦੇਖਣ ਲੱਗ ਪਏ ਬਈ ਇਹ ਕੀ ਹੋ ਰਿਹਾ।
    "ਲਓ ਬਈ ਮਿਤਰੋ, ਬਾਪੂ ਹੁਣੀ ਤਾਂ ਮੰਨ ਗਏ ਆ, ਹੁਣ ਤੁਹਾਡੇ ਵਿਚੋ ਕੱਚੇ ਪੱਕੇ ਕੱਢਣੇ ਆ, ਸ਼ਾਮ ਨੂੰ ਪੰਜ ਵਜੇ ਘਰ ਪ੍ਰਤੀ ਇੱਕ ਮੁੰਡਾ ਮੇਰੇ ਵੱਲ ਆ ਜਾਇਓ, ਸਾਰਿਆ ਨੂੰ ਖਬਰ ਦੇਣੀ ਤੁਹਾਡਾ ਦੋਵਾਂ ਦਾ ਕੰਮ ਆ।" 
    ਦੇਬੀ ਨੇ ਦਲਬੀਰ ਤੇ ਸਤਵਿੰਦਰ ਨੂੰ ਕਿਹਾ, ਤੇ ਬਯੁਰਗਾਂ ਦਾ ਧੰਨਵਾਦ ਕਰਦਾ ਉਥੋ ਘਰ ਨੂੰ ਮੁੜ ਪਿਆ, ਪੰਦਰਾਂ ਮਿੰਟ ਤੱਕ ਸਾਰੇ ਪਿੰਡ ਵਿੱਚ ਦੇਬੀ ਦੀ ਅਗਲੀ ਗੱਲ ਧੁੰਮ ਚੁੱਕੀ ਸੀ, ਲੋਕ ਸੋਚਦੇ ਸੀ ਬਈ ਇਹ ਮੁੰਡਾ ਕਿਹੜਾ ਜਾਦੂ ਚਲ ਦੂ ? ਜਿੰਨੇ ਮੂੰਹ ਓਨੀਆ ਗੱਲਾਂ, ਦੇਬੀ ਜਿਸ ਦਿਨ ਦਾ ਆਇਆ ਸੀ ਕਿਸੇ ਨਾਂ ਕਿਸੇ ਗੱਲ ਦਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਸੀ,  ਉਹ ਘਰ ਨੂੰ ਜਾਂਦਾ ਸੋਚ ਰਿਹਾ ਸੀ ਬਈ ਉਸਦੇ ਸੋਚੇ ਹੋਏ ਪਲੈਨ ਜਦੋ ਹੁਣ ਪਰੈਕਟੀਕਲ ਵਿਚੋ ਵਿਚਰਣਗੇ ਤਾਂ ਨਤੀਜੇ ਉਸਦੀ ਆਸ ਮੁਤਾਬਿਕ ਹੋਣਗੇ ? ਪਰ ਉਸਦਾ ਵਿਸ਼ਵਾਸ਼ ਹਰ ਪਲ ਮਜਬੂਤ ਹੁੰਦਾ ਜਾ ਰਿਹਾ ਸੀ, ਉਹ ਘਰ ਆ ਗਿਆ, ਕੰਤੀ ਤੇ ਨਿਰਮਲ ਵੀ ਘਰੇ ਸਨ, ਕੰਤੀ ਹਫਤੇ ਵਿੱਚ ਦੋ ਵਾਰ ਆ ਕੇ ਘਰ ਦੀ ਸਫਾਈ ਕਰ ਜਾਦੀ ਸੀ, ਕੱਪੜੇ ਧੋ ਜਾਦੀ ਸੀ, ਭੂਆ ਨੂੰ ਉਹਦਾ ਬਾਹਲਾ ਸੁਖ ਹੋ ਗਿਆ ਸੀ, ਬਚਨ ਸਿੰਘ ਨਿਰਮਲ ਨਾਲ ਫਸਲ ਦੀ ਦੇਖ ਭਾਲ ਕਰਦਾ, ਦੇਬੀ ਨੂੰ ਉਨਾ ਕਹਿ ਛੱਡਿਆ ਸੀ ਕਿ ਉਹ ਕੰਮ ਦੀ ਚਿੰਤਾ ਕਰੇ ਹੀ ਨਾਂ, ਕੰਤੀ ਨੂੰ ਨਿਰਮਲ ਬਹੁਤ ਚਾਹੁੰਦਾ ਸੀ, ਕੰਤੀ ਨੇ ਕਦੇ ਸੋਚਿਆ ਨਹੀ ਸੀ ਕਿ ਜੀਵਨ ਵਿੱਚ ਉਸਨੂੰ ਇਨਾ ਪਰੇਮ ਮਿਲੇਗਾ, ਪਰ ਉਹ ਕਦੇ ਨਹੀ ਸੀ ਭੁੱਲਦੀ ਕਿ ਦੇਬੀ ਤੋ ਬਿਨਾ ਇਹ ਸੰਭਵ ਨਹੀ ਸੀ, ਉਹ ਹਰ ਵੇਲੇ ਦੇਬੀ ਦੀ ਖੈਰ ਮੰਗਦੀ ਰਹਿੰਦੀ, ਪਿੰਡ ਦੀਆ ਕੁੜੀਆ ਆਮ ਤੌਰ ਤੇ ਹਰ ਬਿਗਾਨੇ ਨੂੰ ਭਾਜੀ ਕਹਿ ਕੇ ਬੁਲਾਉਦੀਆ ਸਨ, ਪਰ ਦੇਬੀ ਦੀ ਸਾਫ ਤੱਕਣੀ ਉਨਾ ਨੂੰ ਵੀਰ ਕਹਿਣ ਲਈ ਮਜਬੂਰ ਕਰਦੀ ਸੀ ਤੇ ਦੇਬੀ ਜਦੋ ਕਿਸੇ ਕੁੜੀ ਕੋਲੋ ਵੀਰ ਜਾ ਵੀਰੇ ਸੁਣਦਾ ਤਾ ਉਸ ਨੂੰ ਕੁਲਦੀਪ ਯਾਦ ਆ ਜਾਦੀ।
    "ਕੰਤੋ, ਇੱਕ ਬਾਲਟੀ ਮਿੱਠੀ ਲੱਸੀ ਦੀ ਬਣਾਦੇ, ਕੁੱਝ ਮਹਿਮਾਨ ਆਉਣ ਵਾਲੇ ਆ।" 
    ਕੰਤੀ ਹੁਣ ਕੰਤੋ ਬਣ ਗਈ ਸੀ, ਦੇਬੀ ਨੂੰ ਹਰ ਕਿਸੇ ਦੇ ਨਾਮ ਵਿੱਚ ਥੋੜੀ ਬਹੁਤ ਤਬਦੀਲੀ ਕਰਨ ਦੀ ਪਤਾ ਨਹੀ ਕੈਸੀ ਆਦਤ ਸੀ ਹੋ ਸਕਦਾ ਕਿ ਇਹ ਉਸਦੇ ਪਰੇਮ ਇਜਹਾਰ ਦਾ ਤਰੀਕਾ ਹੋਵੇ, ਦੇਬੀ ਅਪਣੇ ਮਹਿਮਾਨਾਂ ਅੱਗੇ ਚਾਹ ਨਹੀ ਸੀ ਰੱਖਦਾ, ਮੌਸਮ ਦੇ ਅਨਕੂਲ ਵਿਵਹਾਰ ਕਰਨ ਨੂੰ ਉਹ ਠੀਕ ਸਮਝਦਾ ਸੀ, ਤਪਦੀ ਧੁੱਪ ਵਿੱਚ ਚਾਹ ਪੀਣਾ ਉਸ ਨੂੰ ਇਓ ਲਗਦਾ ਸੀ ਜਿਵੇ ਅੱਗ ਨਾਲ ਅੱਗ ਬੁਝਾਈ ਜਾ ਰਹੀ ਹੋਵੇ, ਕੰਤੀ ਜਿਸ ਦਿਨ ਹੁੰਦੀ ਕੁੜੀਆਂ ਉਹਦੇ ਨਾਲ ਗੱਪ ਸ਼ੱਪ ਲਾ ਲੈਦੀਆ, ਕੰਤੀ ਨੂੰ ਦੀਪੀ ਅਤੇ ਦੇਬੀ ਦੇ ਪਰੇਮ ਦਾ ਰਾਜਦਾਰ ਬਣਾ ਲਿਆ ਗਿਆ, ਕੋਈ ਗੱਲ ਇੱਕ ਦੂਜੇ ਨੂੰ ਕਹਿਣੀ ਹੁੰਦੀ ਤਾਂ ਉਸ ਨੂੰ ਸੁਨੇਹਾ ਦੇ ਦਿੱਤਾ ਜਾਂਦਾ।
    ਮਿੱਠੀ ਮੁਸਕਾਂਨ ਦੇਬੀ ਵੱਲ ਭੇਜਦੇ ਸੱਜਣ ਕਾਲਜ ਤੋ ਸਿੱਧੇ ਘਰ ਨੂੰ ਚਲੇ ਗਏ, ਹਾਲੇ ਪੌਣੇ ਪੰਜ ਹੋਏ ਸਨ ਕਿ ਪਿੰਡੋ ਵੀਹ ਪੱਚੀ ਗੱਭਰੂ ਤੇ ਕੁੱਝ ਥੋੜੀ ਜਿਆਦਾ ਉਮਰ ਵਾਲੇ ਬੰਦੇ ਆ ਧਮਕੇ … ।।
    "ਸਾਸਰੀ ਕਾਲ ਬਾਈ ਜੀ … ।।" ਆਉਦਿਆ ਹੀ ਸਾਰਿਆ ਨੇ ਇੱਕ ਅਵਾਜੇ ਆਖਿਆ।
    ਦੇਬੀ ਉਨਾ ਦੀ ਸਮੇ ਦੀ ਪਾਬੰਦੀ ਤੋ ਦੇਖ ਰਿਹਾ ਸੀ ਕਿ ਮੁੰਡਿਆ ਵਿੱਚ ਕਿੰਨਾ ਕੁ ਉਤਸ਼ਾਹ ਆ, ਉਹ ਗਿਣਤੀ ਦੇਖ ਕੇ ਖੁਸ਼ ਹੋ ਗਿਆ।
    "ਆਜੋ ਮਿੱਤਰੋ, ਪਹਿਲਾ ਲੱਸੀ ਦੇ ਗੱਫੇ ਛਕੋ ਤੇ ਫਿਰ ਬੰਨ ਕੇ ਕਤਾਰ ਬਹਿ ਜੋ ਫੋਜੀਆ ਵਾਗੂੰ।" ਦੇਬੀ ਨੇ ਪਰੋਗਰਾਂਮ ਦੱਸਿਆ,ਘੁੱਦੇ ਨੂੰ ਖਾਸ ਤੌਰ ਤੇ ਦੇਬੀ ਨੇ ਬੁਲਾ ਲਿਆ ਸੀ, ਉਹ ਵੀ ਮੁੰਡਿਆ ਦੇ ਨਾਲ ਹੀ ਆ ਗਿਆ ਤੇ ਕੰਤੀ ਕੋਲੋ ਲੱਸੀ ਦੀ ਬਾਲਟੀ ਫੜ ਕੇ ਵਰਤਾਉਣ ਲੱਗ ਪਿਆ, ਗਰਮੀ ਵਿੱਚ ਮਿੱਠੀ ਲੱਸੀ ਮੁੰਡੇ ਗਟ ਗਟ ਕਰ ਗਏ … 
    "ਹਾਂ ਜੀ ਬਾਈ ਜੀ, ਹੁਕਮ ਕਰੋ''। 
    ਸਤਵਿੰਦਰ ਬਾਈ ਦੀ ਗੱਲ ਸੁਣਨ ਲਈ ਬਹੁਤ ਕਾਹਲਾ ਸੀ।
    "ਇਸ ਤੋ ਪਹਿਲਾ ਕਿ ਮੈ ਤੁਹਾਨੂੰ ਪੂਰਾ ਪਲੈਨ ਦੱਸਾਂ, ਇਹ ਦੱਸੋ ਬਈ ਸਭ ਆ ਗਏ ? ਮੇਰੇ ਖਿਆਲ ਅਨੁਸਾਰ ਪਿੰਡ ਵਿੱਚ ਤੀਹ ਘਰ ਆ ਤੇ ਤੁਸੀ ਤੀਹ ਨਹੀ ਓ, ਕੌਣ ਨਹੀ ਆਇਆ ?"।
    ਦੇਬੀ ਨੇ ਪੁੱਛਿਆ
    "ਬਾਈ ਜੀ, ਦੋ ਘਰਾ ਵਿੱਚ ਤਾਂ ਕੋਈ ਮੁੰਡਾ ਹੈ ਨਹੀ, ਇੱਕ ਤਾਂ ਜਗਰੂਪ ਦੀ ਵਿਧਵਾ ਤੇ ਦੂਜੇ ਫੋਜੀ ਅਕਾਲ ਸਿੰਘ ਦੀ ਔਲਾਦ ਈ ਕੋਈ ਨਹੀ, ਤੇ ਤਿੰਨ ਚਾਰ ਘਰਾਂ ਦੇ ਮੁੰਡੇ ਕਿਤੇ ਗਏ ਹੋਏ ਆ, ਪਰ ਉਹ ਸਾਥੋ ਬਾਹਰ ਨੀ ਜੋ ਅਸੀ ਕਰਾਗੇ ਉਹ ਨਾਲ ਤੁਰਨ ਵਾਲੇ ਆ, ਸਿਵਾਏ ਦਲੀਪ ਤੋ।" 
    ਦਲਬੀਰ ਨੇ ਦੱਸਿਆ।
    "ਠੀਕ ਆ, ਤੁਹਾਡੇ ਵਿੱਚੋ ਉਹ ਕੌਣ ਆ ਜੋ ਅਪਣਾ ਧੰਦਾ ਕਰਕੇ ਫਿਲਹਾਲ ਕੋਈ ਪੈਸਾ ਕਮਾ ਰਿਹਾ ?" ।ਦੇਬੀ ਨੇ ਪੁੱਛਿਆ।
    "ਬਾਈ, ਅੱਧੇ ਹਾਲੇ ਪੜਦੇ ਆ, ਬਾਕੀ ਘਰਦਿਆ ਨਾਲ ਜਿਮੀਦਾਰਾ ਕਰਦੇ ਆ, ਅਪਣੀ ਪਰਸਨਲ ਕਮਾਈ ਕਿਸੇ ਦੀ ਵੀ ਨਹੀ।" 
    ਘੁੱਦਾ ਵੀ ਕੁੱਝ ਜਾਂਣਕਾਰੀ ਦੇਣੀ ਚਾਹੁੰਦਾ ਸੀ।
    "ਓ ਕੇ, ਜਿਨਾ ਘਰਾ ਦੇ ਮੁੰਡੇ ਨਹੀ ਉਨਾ ਘਰਾ ਦਾ ਬਰਾਬਰ ਦਾ ਹਿੱਸਾ ਸਾਡੇ ਪਰੋਜੈਕਟ ਵਿੱਚ ਹੋਵੇਗਾ, ਉਨਾ ਘਰਾ ਦੀ ਥਾਂ ਅਸੀ ਉਨਾ ਦੇ ਮੁੰਡੇ ਬਣ ਕੇ ਕੰਮ ਕਰਾਂਗੇ, ਪਰ ਪਹਿਲਾਂ ਮੈ ਤੁਹਾਨੂੰ ਕੁੱਝ ਹੋਰ ਦੱਸਣਾ ਤੇ ਪੁੱਛਣਾ ਚਾਹੁੰਦਾ ਆ, ਤੁਹਾਡੇ ਵਿੱਚੋ ਕਿੰਨੇ ਕੁ ਆ ਜਿਹੜੇ ਇੱਕ ਦੂਜੇ ਨਾਲ ਝਗੜਾ ਕਰ ਚੁੱਕੇ ਆ ਜਾਂ ਇੱਕ ਦੂਜੇ ਨਾਲ ਬੋਲਦੇ ਨਹੀ ?" 
    ਦੇਬੀ ਨੇ ਪੁੱਛਿਆ।
    "ਬਾਈ ਜੀ, ਕੋਈ ਬਾਹਲੀ ਦੁਸ਼ਮਣੀ ਕਿਸੇ ਦੀ ਵੀ ਹੈ ਨਹੀ ਪਰ ਛੋਟੀਆਂ ਛੋਟੀਆ ਗੱਲਾਂ ਕਾਰਨ ਕੁੱਝ ਮਨ ਮੁਟਾਵ ਤਾਂ ਚਲਦੇ ਈ ਰਹਿੰਦੇ ਆ।" ਬੂਟਾ ਸਿੰਘ ਨੇ ਦੱਸਿਆ, ਬੂਟਾ ਸਿੰਘ ਭਾਵੇ ਗੱਭਰੂ ਨਹੀ ਸੀ ਪਰ ਬਯੁਰਗ ਵੀ ਨਹੀ ਸੀ, ਉਸਦੇ ਬੱਚੇ ਛੋਟੇ ਸਨ ਇਸ ਲਈ ਉਹ ਤੇ ਧਰਮ ਸਿੰਘ ਦੋਵੇ ਭਰਾ ਆਏ ਹੋਏ ਸਨ।
    "ਸਾਡਾ ਜੋ ਪਰੋਜੈਕਟ ਹੈ ਉਸ ਵਿੱਚ ਗੁੱਸੇ, ਵਿਰੋਧ ਤੇ ਝਗੜੇ ਦੀ ਕੋਈ ਗੁੰਜਾਇਸ਼ ਨਹੀ, ਜੇ ਸਫਲ ਹੋਵਾਂਗੇ ਤਾ ਸਾਰੇ ਜੇ ਅਸਫਲ ਹੋਵਾਂਗੇ ਤਾ ਵੀ ਸਾਰੇ, ਅਤੇ ਸਾਰਿਆ ਦੀ ਅਸਫਲਤਾ ਕਿਸੇ ਇਕੱਲੇ ਦੀ ਅਸਫਲਤਾ ਤੋ ਘਾਤਕ ਹੁੰਦੀ ਆ, ਇਸ ਲਈ ਅਸਫਲ ਨਹੀ ਹੋਣਾ, ਤੁਹਾਨੂੰ ਹੁਣ ਤੱਕ ਦੀਆ ਕੁੱਝ ਆਦਤਾ ਛੱਡਣੀਆ ਪੈਣਗੀਆਂ, ਇਕੋ ਇੱਕ ਕੁੰਜੀ ਹੈ ਇਸ ਪਰੋਜੈਕਟ ਦੀ ਸਫਲਤਾ ਦੀ ਤੇ ਉਹ ਹੈ ਆਪਸੀ ਪਰੇਮ ਅਤੇ ਇੱਕ ਦੂਜੇ ਤੇ ਵਿਸ਼ਵਾਸ਼, ਕਿਸੇ ਨੂੰ ਇੱਕ ਦੂਜੇ ਨਾਲ ਕੋਈ ਵੀ ਪਰਾਬਲਮ ਹੋਵੇ ਉਹ ਹਰ ਸ਼ਾਂਮ ਸਾਰਿਆ ਵਿੱਚ ਡਿਸਕਸ ਕੀਤੀ ਜਾ ਸਕਦੀ ਆ, ਜੋ ਕਾਨੂੰਨ ਬਣਾਏ ਜਾਂਣਗੇ ਉਹ ਹਰ ਇੱਕ ਤੇ ਸਖਤੀ ਨਾਲ ਲਾਗੂ ਹੋਣਗੇ, ਜਿਵੇ ਫੌਜੀਆ ਦਾ ਅਨੁਸ਼ਾਸ਼ਨ ਹੈ ਬਿਲਕੁਲ ਸਾਡੇ ਤੇ ਵੀ ਉਹੀ ਅਨੁਸ਼ਾਸ਼ਨ ਲਾਗੂ ਹੋਵੇਗਾ, ਹਰ ਕਿਸੇ ਦਾ ਅਪਣਾ ਕੰਮ ਹੋਵੇਗਾ, ਸੌਖਾ ਹੋਵੇ ਜਾਂ ਔਖਾ, ਆਪੋ ਅਪਣਾ ਕੰਮ ਸਮੇ ਸਿਰ ਕਰਨਾ ਹੋਵੇਗਾ, ਕਿਸੇ ਮਾਫੀ ਦੀ ਗੁੰਜਾਇਸ਼ ਨਹੀ, ਹਰ ਛੇ ਮਹੀਨੇ ਬਾਦ ਕੰਮ ਬਦਲ ਦਿੱਤੇ ਜਾਂਣਗੇ, ਤਾਂ ਕਿ ਹਰ ਕੋਈ ਹਰ ਕੰਮ ਦਾ ਜਾਂਣਕਾਰ ਹੋ ਸਕੇ, ਬਹੁਤੇ ਲੋਕ ਤੁਹਾਨੂੰ ਅਣਜਾਂਣ, ਵਿਹਲੜ ਤੇ ਬੱਚੇ ਸਮਝਦੇ ਆ, ਕੀ ਤੁਸੀ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ ਕੇ ਤੁਸੀ ਹੁਣ ਬੱਚੇ ਨਹੀ ?" ।
    ਦੇਬੀ ਨੇ ਛੋਟਾ ਜਿਹਾ ਭਾਸ਼ਨ ਦੇ ਕੇ ਸਵਾਲ ਕੀਤਾ।
    "ਬਿਲਕੁਲ ਬਾਈ ਜੀ"। 
    ਸਾਰਿਆ ਦੀ ਜੋਸ਼ ਭਰੀ ਅਵਾਜ ਆਈ।
    "ਤੁਸੀ ਸਾਰੇ ਜਿਮੀਦਾਰ ਹੋ, ਤੁਹਾਡੇ ਧੰਦੇ ਨਾਲ ਸਬੰਧਿਤ ਕੰਮ ਹੀ ਅਸੀ ਕਰ ਸਕਦੇ ਹਾਂ, ਸਾਡੀ ਗਿਣਤੀ ਕਿਉਕਿ ਬਹੁਤ ਹੈ ਅਤੇ ਸਾਡੇ ਸਾਧਨ ਵੀ ਇਸ ਹਿਸਾਬ ਨਾਲ ਬਹੁਤ ਹਨ ਇਸ ਲਈ ਅਸੀ ਕੰਮ ਵੀ ਬਹੁਤ ਵਧੀਆ ਅਤੇ ਅਸਾਂਨੀ ਨਾਲ ਕਰ ਸਕਦੇ ਆਂ, ਸਾਡੇ ਕੋਲ ਦੋ ਧੰਦਿਆ ਦੀਆ ਸੰਭਾਵਨਾਵਾਂ ਹਨ, ਡੇਅਰੀ ਫਾਰਮ ਅਤੇ ਪੋਲਟਰੀ ਫਾਰਮ, ਅਸੀ ਦੋਵੇ ਧੰਦੇ ਕਰਾਂਗੇ, ਕਿਸੇ ਇੱਕ ਧੰਦੇ ਵਿੱਚ ਅਗਰ ਮੰਦਾ ਵੀ ਲੱਗ ਜਾਵੇ ਤਾਂ ਦੂਸਰੇ ਵਿੱਚ ਬਚਾਅ ਹੋ ਸਕਦਾ ਆ, ਪਰ ਸਾਵਧਾਂਨ, ਅਸੀ ਕਿਉਕਿ ਜਿਊਦੀਆ ਜਾਨਾ ਨੂੰ ਪਾਲਣਾ ਹੈ ਇਸ ਲਈ ਬਿਮਾਰੀ ਆਦਿ ਲੱਗ ਕੇ ਨੁਕਸਾਂਨ ਵੀ ਵੱਡਾ ਹੋ ਸਕਦਾ ਆ ਇਸੇ ਕਾਰਨ ਸਾਵਧਾਨੀ ਅਤੇ ਅਨੁਸ਼ਾਸ਼ਨ ਸਭ ਤੋ ਜਰੂਰੀ ਹਨ … ।
    ਵੈਸੇ ਤਾ ਡੇਅਰੀ ਤੇ ਪੋਲਟਰੀ ਆਮ ਧੰਦੇ ਹਨ ਪਰ ਕਿਉਕਿ ਅਸੀ ਇਸ ਨੂੰ ਇੱਕ ਖਾਸ ਤਰੀਕੇ ਨਾਲ ਕਰਾਂਗੇ ਇਸ ਲਈ ਇਸਦੇ ਨਤੀਜੇ ਵੀ ਖਾਸ ਹੋਣਗੇ, ਇਸ ਤੋ ਪਹਿਲਾ ਕਿ ਮੈ ਅੱਗੇ ਦੱਸਾਂ, ਕੋਈ ਸਵਾਲ ?" ।
    ਦੇਬੀ ਨੇ ਸਭ ਵੱਲ ਦੇਖਿਆ, ਕੋਈ ਸਵਾਲ ਨਹੀ ਸੀ, ਉਸ ਨੇ ਅੱਗੇ ਬੋਲਣਾ ਸ਼ੁਰੂ ਕੀਤਾ।
    "ਡੇਅਰੀ ਫਾਰਮ ਇੱਕ ਜਗਾ ਤੇ ਹੋਵੇਗਾ ਅਤੇ ਪੋਲਟਰੀ ਫਾਰਮ ਵੀ ਇੱਕ ਜਗਾ ਹੋਵੇਗਾ, ਸਾਰਿਆ ਦੇ ਕਰਜ ਨਾਲ ਇੱਕ ਥਾ ਤੇ ਧੰਦਾ ਹੋਵੇਗਾ, ਬੈਕ ਦੀ ਕਿਸ਼ਤ ਵੀ ਇਸ ਕਮਾਈ ਵਿੱਚੋ ਜਾਵੇਗੀ, ਇੱਕ ਥਾਂ ਕਰਨ ਦੇ ਫਾਇਦੇ ਕੁੱਝ ਇਸ ਤਰਾ ਹਨ … 
    ਨੰਬਰ ਇੱਕ ਇਹ ਕਿ ਕੋਈ ਵੀ ਬੰਦਾ ਅਪਣੇ ਧੰਦੇ ਨਾਲ ਬੱਝੇਗਾ ਨਹੀ, ਕੋਈ ਬਿਮਾਰ ਹੋ ਜਾਵੇ ਜਾਂ ਕਿਤੇ ਵਿਆਹ ਸ਼ਾਦੀ ਜਾਣਾ ਹੋਵੇ ਕੋਈ ਚਿੰਤਾ ਨਹੀ, ਕੰਮ ਚਲਦਾ ਰਹੇਗਾ … ।।
    ਨੰਬਰ ਦੋ ਧੰਦੇ ਲਈ ਸ਼ਹਿਰ ਤੋ ਜੋ ਸਮਾਨ ਲਿਆਉਣਾ ਹੈ ਉਸ ਨੂੰ ਤੀਹ ਬੰਦੇ ਵੱਖੋ ਵੱਖਰਾ ਨਹੀ ਲਿਆਉਣਗੇ ਸਗੋ ਸਿਰਫ ਇੱਕ ਜਣਾ ਲਿਆਵੇਗਾ, ਇਸ ਨਾਲ ਬਾਕੀ ਉਨੱਤੀਆਂ ਦਾ ਸਮਾਂ ਅਤੇ ਖਰਚ ਬਚੇਗਾ … ।
    ਨੰਬਰ ਤਿੰਨ ਜੋ ਆਮ ਤੌਰ ਤੇ ਲੋਕ ਕਰਜ ਦਾ ਪੈਸਾ ਕਿਤੇ ਹੋਰ ਲਾ ਦੇਦੇ ਹਨ ਤੇ ਫਿਰ ਕਿਸ਼ਤਾ ਨਹੀ ਮੁੜਦੀਆਂ ਇਹ ਸਾਡੇ ਨਾਲ ਨਹੀ ਹੋਵੇਗਾ ਕਿਉਕਿ ਕਰਜੇ ਦੀ ਕਿਸ਼ਤ ਦੇਣ ਤੋ ਬਾਅਦ ਹੀ ਅਸੀ ਆਪਸ ਵਿੱਚ ਪੈਸੇ ਵੰਡਾਂਗੇ … ।।
    ਸਭ ਤੋ ਬੇਹਤਰ ਜੋ ਇਸ ਇਕੱਠ ਦਾ ਫਾਇਦਾ ਉਹ ਇਹ ਹੈ ਕਿ ਕੋਈ ਕਿਸੇ ਵੱਲ ਦੇਖ ਕੇ ਸੜੇ ਭੁੱਜੇਗਾ ਨਹੀ ਕਿਉਕਿ ਸਭ ਨੂੰ ਇਸ ਪਰੋਜੈਕਟ ਦਾ ਇਕੋ ਜਿਹਾ ਫਾਇਦਾ ਹੈ, ਕੋਈ ਕਿਸੇ ਦੂਸਰੇ ਦੀ ਲੱਤ ਨਹੀ ਖਿੱਚੇਗਾ ਅਤੇ ਇਹ ਕੰਮ ਤੁਹਾਨੂੰ ਇੱਕ ਟੀਮ ਬਣਨ ਲਈ ਉਤਸ਼ਾਹਿਤ ਕਰੇਗਾ … 
    ਚੌਥਾ ਫਾਇਦਾ ਇਹ ਕਿ ਸਾਂਝੇ ਤੌਰ ਤੇ ਕੀਤਾ ਗਿਆ ਕੰਮ ਬਹੁਤ ਜਲਦੀ ਵਧਾਇਆ ਜਾ ਸਕੇਗਾ, ਅਸੀ ਹਰ ਮਹੀਨੇ ਅਪਣੀ ਬੱਚਤ ਦਾ ਚਾਲੀ ਪ੍ਰਤੀਸ਼ਤ ਕੰਮ ਦੇ ਵਾਧੇ ਤੇ ਖਰਚ ਕਰਾਂਗੇ ਜੋ ਕਿ ਇਕੱਲੇ ਇਕੱਲੇ ਨਹੀ ਕੀਤਾ ਜਾ ਸਕਦਾ… ।
    ਅਗਲਾ ਫਾਇਦਾ ਇਹ ਕਿ ਤੀਹ ਪਰਵਾਰਾਂ ਦੇ ਅਠਾਈ ਮੈਂਬਰ ਡਿਊਟੀ ਵੰਡ ਕੇ ਕਰਨਗੇ ਇਸ ਨਾਲ ਹਰ ਕਿਸੇ ਨੂੰ ਫਰੀ ਵਕਤ ਵੀ ਮਿਲੇਗਾ … ।
    ਜੋ ਸਭ ਤੋ ਵਧੀਆ ਫਾਇਦਾ ਹੈ ਉਹ ਇਹ ਕਿ ਅਸੀ ਪਿੰਡ ਵਾਸਤੇ ਇੱਕ ਸਾਝਾ ਗੋਭਰ ਗੈਸ ਪਲਾਂਟ ਲਾ ਕੇ ਹਰ ਘਰ ਵਿੱਚ ਪਾਈਪ ਰਾਹੀ ਗੈਸ ਭੇਜ ਕੇ ਅਪਣੇ ਘਰੀ ਬਾਲਣ ਤੋ ਅਤੇ ਧੂੰਏ ਤੋ ਜਾਨ ਛੁਡਾਵਾਗੇ, ਧੂੰਆ ਰਹਿਤ ਪਿੰਡ ਵਾਸਤੇ ਵੀ ਸਰਕਾਰ ਕੋਲੋ ਮਦਦ ਮਿਲਦੀ ਹੈ ਅਤੇ ਸਾਡਾ ਪਿੰਡ ਰੂੜੀਆ ਤੋ ਰਹਿਤ ਹੋ ਜਾਵੇਗਾ, ਗੋਬਰ ਗੈਸ ਪਲਾਂਟ ਦਾ ਵਧਿਆ ਗੋਬਰ ਹਰ ਕਿਸੇ ਦੇ ਖੇਤ ਵਿੱਚ ਪਾਇਆ ਜਾਵੇਗਾ ਅਤੇ ਸਾਡੇ ਘਰਾਂ ਵਿੱਚੋ ਪਸ਼ੂ ਬਾਹਰ ਹੋ ਜਾਂਣਗੇ, ਘਰ ਦੀਆਂ ਔਰਤਾਂ ਦਾ ਪਸ਼ੂਆਂ ਨੂੰ ਪੱਠੇ ਪਾਉਣਾ ਬੰਦ ਹੋ ਜਾਵੇਗਾ, ਇਸ ਨਾਲ ਪਿੰਡ ਵਿੱਚੋ ਗੰਦਗੀ ਬਹੁਤ ਘਟ ਜਾਵੇਗੀ ਅਤੇ ਗਲੀਆਂ ਦੀ ਪੁਜੀਸ਼ਨ ਵੀ ਸੁਧਰ ਜਾਵੇਗੀ … ।
    ਸਭ ਤੋ ਵੱਡਾ ਜੋ ਫਾਇਦਾ ਹੈ ਅਤੇ ਜਿਸ ਤੋ ਸਾਡਾ ਸਮਾਜ ਹੁਣ ਤੱਕ ਅਣਜਾਣ ਰਿਹਾ ਉਹ ਵੀ ਸਿੱਖ ਜਾਵੇਗਾ ਤੇ ਉਹ ਹੈ ਏਕੇ ਦੀ ਤਾਕਤ … 
    ਹਰ ਜੁਬਾਨ ਤੇ ਤੁਹਾਡੀ ਗੱਲ ਹੋਵੇਗੀ, ਤੁਸੀ ਹਰ ਚੀਜ ਲੋੜ ਪੈਣ ਤੇ ਖਰੀਦ ਸਕੋਗੇ, ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀ ਪਵੇਗੀ, ਕਾਫੀ ਹਨ ਇਹ ਫਾਇਦੇ ਕਿ ਕੁੱਝ ਹੋਰ ਗਿਣਾਵਾਂ ?" ।
    ਕਹਿ ਕੇ ਦੇਬੀ ਚੁੱਪ ਕੀਤਾ ਤਾਂ ਸਾਰੇ ਅਵਾਕ ਬੈਠੈ ਦੇਖ ਰਹੇ ਸਨ, ਕਿਸੇ ਦੇ ਮੂਹੋ ਬੋਲ ਨਹੀ ਫੁੱਟਿਆ ।
    ਦਲਬੀਰ ਨੇ ਉਠ ਕੇ ਤਾੜੀਆ ਮਾਰਨੀਆ ਸ਼ੁਰੂ ਕਰ ਦਿੱਤੀਆਂ ਤੇ ਮਗਰੇ ਹੀ ਬਾਕੀਆ ਨੇ ਵੀ, ਹੁਲਾਸ਼ ਵਿੱਚ ਭਰੇ ਉਹ ਕਿੰਨੀ ਦੇਰ ਤਾੜੀਆਂ ਮਾਰਦੇ ਰਹੇ, ਕਈ ਤਾਂ ਅਪਣੇ ਬਣੇ ਹੋਏ ਬਿਜਨਸ ਨੂੰ ਅੱਖਾ ਸਾਹਮਣੇ ਦੇਖ ਰਹੇ ਸਨ, … 
    "ਐਨੀ ਦੂਰ ਦੀ ਕੋਈ ਵਲੈਤੀਆਂ ਈ ਸੋਚ ਸਕਦਾ, ਆਪਾਂ ਤਾਂ ਹਰ ਹਾਲ ਤੇਰੇ ਨਾਲ ਆ ਬਾਈ"। ਨੰਬਰਦਾਰ ਦੇ ਦਿਲਬਾਗ ਨੇ ਸਭ ਤੋ ਪਹਿਲਾ ਕਿਹਾ।
    "ਸਵਾਲ ਵਲੈਤੀਏ ਦਾ ਨਹੀ ਸਵਾਲ ਪਰੇਮ ਦਾ ਹੈ, ਇਨੀ ਦੂਰ ਤੱਕ ਪਰੇਮ ਹੀ ਸੋਚ ਸਕਦਾ ਆ, ਵਲੈਤੀਆਂ ਅਪਣੇ ਫਾਇਦੇ ਦੀ ਸੋਚੇਗਾ, ਪਰੇਮ ਸਭ ਦੇ ਫਾਇਦੇ ਦੀ ਸੋਚੇਗਾ ਅਤੇ ਸਭ ਦੇ ਫਾਇਦੇ ਵਿੱਚ ਹੀ ਹਰ ਕਿਸੇ ਦਾ ਫਾਇਦਾ ਹੈ"। 
    ਦੇਬੀ ਨੇ ਕਿਹਾ।
    ਮੁੰਡਿਆ ਦੇ ਰੰਗ ਜੋਸ਼ ਨਾਲ ਲਾਲ ਹੋ ਗਏ, ਉਨਾ ਨੂੰ ਲਗਦਾ ਸੀ ਕਿ ਹੁਣ ਉਹ ਅਪਣੇ ਸੁਪਨੇ ਪੂਰੇ ਕਰ ਸਕਣਗੇ, ਸਾਰਿਆ ਨੇ ਸਰਬਸੰਮਤੀ ਨਾਲ ਦੇਬੀ ਦਾ ਸੁਝਾਅ ਮੰਨ ਲਿਆ ਅਤੇ ਅਗਲੀ ਜਾਂਣਕਾਰੀ ਸੁਣਨ ਲੱਗੇ … ।।
    "ਇਕ ਨੁਕਸਾਂਨ ਵੀ ਆ ਇਸ ਕੰਮ ਦਾ, ਉਹ ਵੀ ਜਰੂਰੀ ਆ ਦੱਸਣਾ"। 
    ਦੇਬੀ ਨੇ ਕਿਹਾ, ਸਭ ਨੇ ਕੰਨ ਚੁੱਕ ਲਏ, ਨੁਕਸਾਂਨ ਕੀ ਹੋ ਸਕਦਾ ਆ ?
    "ਨੁਕਸਾਂਨ ਇਹ ਆ ਕਿ ਜਿਹੜਾ ਬੰਦਾ ਸਾਰੇ ਗਰੁੱਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਕਿਸੇ ਦੇ ਮਗਰ ਲੱਗ ਕੇ ਜਾਂ ਕਿਸੇ ਝਗੜੇ ਕਾਰਨ, ਉਸ ਨੂੰ ਫੌਰੀ ਤੌਰ ਤੇ ਗਰੁੱਪ ਵਿੱਚੋ ਖਾਰਜ ਕਰ ਦਿੱਤਾ ਜਾਵੇਗਾ, ਉਸਦੇ ਹਿੱਸੇ ਦਾ ਕਰਜ ਗਰੁੱਪ ਵਿੱਚ ਹੀ ਰਹੇਗਾ ਅਤੇ ਗਰੁੱਪ ਅੱਗੇ ਕਿਸ਼ਤਾ ਵੀ ਦੇਵੇਗਾ ਪਰ ਸਬੰਧਿਤ ਮੈਂਬਰ ਨਾਲ ਗਰੁੱਪ ਦਾ ਕੋਈ ਲੈਣ ਦੇਣ ਅਤੇ ਰੋਟੀ ਬੇਟੀ ਦੀ ਸਾਂਝ ਨਹੀ ਹੋਵੇਗੀ, ਸਿਰਫ ਇੱਕ ਬੰਦੇ ਦੀ ਮੂਰਖਤਾ ਬਾਕੀ ਸਭ ਪਰਵਾਰਾਂ ਦੇ ਨੁਕਸਾਨ ਦਾ ਕਾਰਨ ਨਹੀ ਬਣਨ ਦਿੱਤੀ ਜਾਵੇਗੀ, ਜਿਸ ਨੂੰ ਇਹ ਮਨਜੂਰ ਨਹੀ ਉਹ ਹੁਣੇ ਕਹਿ ਸਕਦਾ ਕਿਉਕਿ ਕੱਲ ਨੂੰ ਨੋਟਰੀ ਅੱਗੇ ਸਿਗਨੇਚਰ ਕਰਨ ਤੋ ਬਾਅਦ ਕੋਈ ਰਸਤਾ ਬਾਕੀ ਨਹੀ"। 
    ਦੇਬੀ ਨੇ ਕਿਹਾ ਤੇ ਸਭ ਦੇ ਮੂੰਹ ਵੱਲ ਦੇਖਿਆ।
    "ਇਹ ਕਾਹਦਾ ਨੁਕਸਾਨ ਬਾਈ ਜੀ, ਇਹ ਤਾਂ ਸਗੋ ਜਰੂਰੀ ਆ, ਜੇ ਕੋਈ ਗਦਾਰੀ ਕਰੂ ਤਾਂ ਸਜਾ ਵੀ ਪਾਊ, ਮੈਨੂੰ ਮਨਜੂਰ ਆ।" 
    ਬੂਟਾ ਸਿਘ ਬੋਲਿਆ।
    "ਮੈਨੂੰ ਵੀ ਮਨਜੂਰ ਆ"। 
    ਸਭ ਸਾਂਝੀ ਅਵਾਜ ਵਿੱਚ ਬੋਲੇ।
    "ਇਕ ਗੱਲ ਹੋਰ, ਉਹ ਇਹ ਕਿ ਹੁਣ ਤੁਹਾਡਾ ਇੱਕ ਹੋਰ ਪਰਵਾਰ ਬਣ ਗਿਆ ਹੈ, ਇਹ ਗਰੁੱਪ ਤਾਹਾਡਾ ਅਸਲੀ ਪਰਵਾਰ ਹੈ ਜਿਸਦੀ ਤਰੱਕੀ ਤੁਹਾਡੀ ਜਾਤੀ ਤਰੱਕੀ ਹੈ, ਅਗਰ ਕੋਈ ਈਰਖਾਲੂ ਇਸ ਗਰੁੱਪ ਨੂੰ ਤੋੜਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਉਸੇ ਵੇਲੇ ਸੋਧਾ ਲਾ ਦੇਣਾ ਹੈ ਕੁੱਝ ਵੀ ਬਰਦਾਸ਼ਤ ਨਹੀ ਕਰਨਾ"। 
    ਦੇਬੀ ਨੇ ਕਿਹਾ।
    "ਸਵੇਰੇ ਅੱਠ ਵਜੇ ਸਾਰੇ ਆਪੋ ਆਪਣੇ ਫਾਰਮ ਭਰ ਕੇ ਸਰਪੰਚ ਸਾਹਿਬ ਦੀ ਮੋਹਰ ਲੁਆ ਕੇ ਕੱਲ ਨੂੰ ਬੈਂਕ ਖੁੱਲਦੇ ਹੀ ਜਾ ਵੱਜਣਾਂ ਅਤੇ ਕਚਿਹਰੀ ਵਿੱਚ ਜਾ ਕੇ ਸਭ ਨੇ ਹਲਫੀਆ ਬਿਆਨ ਦਸਤਖਤ ਕਰਨਾ ਹੈ ਇੱਕ ਸਾਂਝਾ ਅਕਾਂਉਟ ਵੀ ਖੋਲਣਾ ਹੈ ਜਿਸ ਵਿੱਚ ਪੈਸੇ ਦਾ ਲੈਣ ਦੇਣ ਹੋਵੇਗਾ ਅਤੇ ਸਭ ਨੇ ਆਪੋ ਆਪਣਾ ਜਾਤੀ ਅਕਾਂਉਟ ਵੀ ਖੋਲਣਾ ਹੈ ਉਹ ਵੈਸੇ ਵੀ ਕਰਜ ਲੈਣ ਲਈ ਜਰੂਰੀ ਹੋਵੇਗਾ, ਫਾਰਮ ਘੁੱਦੇ ਕੋਲ ਮੌਜੂਦ ਹਨ ਸਾਰੇ ਇਸਨੂੰ ਪੁੱਛ ਲਓ ਬਈ ਕਿਵੇ ਭਰਨੇ ਆ, ਫਾਰਮ ਹਾਉਸ ਕਿਸ ਜਗਾ ਤੇ ਬਣਾਉਣੇ ਆ ਇਹਦੇ ਲਈ ਸਲਾਹ ਸ਼ਹਿਰੋ ਆ ਕੇ ਕਰਾਂਗੇ, ਕੋਈ ਸਵਾਲ ?" 
    ਦੇਬੀ ਨੇ ਪੁੱਛਿਆ ਤੇ ਜਵਾਬ ਵਿੱਚ ਇੱਕ ਜੈਕਾਰਾ ਗੂੰਜਿਆ।।
    "ਬੋਲੇ ਸੋ ਨਿਹਾਲ, ਸਤਿ ਸਿਰੀ ਅਕਾਲ''। 
    ਦੇਬੀ ਨੇ ਘੁੱਦੇ ਨੂੰ ਕੁੱਝ ਦਿਨ ਪਹਿਲਾਂ ਹੀ ਕਰਜੇ ਦੇ ਫਾਰਮ ਲਿਆਉਣ ਲਈ ਕਹਿ ਦਿੱਤਾ ਸੀ, ਉਹ ਖੁਦ ਵੀ ਅੱਜ ਭਲਕ ਮੁੰਡਿਆ ਨੂੰ ਇਕੱਠੇ ਕਰਨਾ ਚਾਹੁੰਦਾ ਸੀ, ਪਰ ਦਲਬੀਰ ਅਤੇ ਸਤਵਿੰਦਰ ਨੇ ਉਸਦਾ ਕੰਮ ਹੋਰ ਜਲਦੀ ਕਰ ਦਿੱਤਾ, ਸਾਰੇ ਫਾਰਮ ਭਰਦੇ ਭਰਦੇ ਰਾਤ ਪੈ ਗਈ, ਬਾਕੀ ਕੰਮ ਤਸੀਲੇ ਤੇ ਬੈਂਕ ਹੋਣਾ ਸੀ, ਮੁੰਡੇ ਘਰੋ ਘਰੀ ਤੁਰ ਗਏ, ਪਰ ਹੁਣ ਉਨਾ ਦੇ ਤੁਰਨ ਵਿੱਚ ਇੱਕ ਮਸਤੀ ਸੀ, ਲਚਕਤਾ ਸੀ, ਉਹ ਵੀ ਵਿਹਲੜਾ ਦੀ ਕਤਾਰ ਵਿੱਚੋ ਨਿਕਲ ਕੇ ਕਮਾਊ ਬਣ ਜਾਣਗੇ, ਪਰੇਮ ਮਿਲੇਗਾ ਇਜਤ ਮਿਲੇਗੀ ਜਿਵੇ ਦੇਬੀ ਨੂੰ ਮਿਲ ਰਿਹਾ … ।।

    ਸਵੇਰੇ ਸੱਤ ਵਜੇ ਹੀ ਸਾਰੇ ਸਰਪੰਚ ਸਾਹਿਬ ਦੇ ਦਸਤਖਤ ਕਰਵਾਉਣ ਲਈ ਪਹੁੰਚ ਗਏ, ਦੀਪੀ ਤੇ ਮੰਮੀ ਦੇਖ ਕੇ ਹੈਰਾਂਨ ਰਹਿ ਗਏ, ਇਨੇ ਮੁੰਡੇ ਇਕੱਠੇ ਕਦੇ ਸਰਪੰਚ ਦੇ ਘਰ ਨਹੀ ਸੀ ਆਏ, ਦਲੀਪ ਹਾਲੇ ਸੁੱਤਾ ਪਿਆ ਸੀ, ਸਰਪੰਚ ਸਾਹਿਬ ਉਠ ਕੇ ਬਾਹਰ ਆ ਗਏ … ।
    "ਓਏ ਮੁੰਡਿਓ, ਕੀ ਗੱਲ ਮੈਥੋ ਕੋਈ ਗਲਤ ਫੈਸਲਾ ਹੋ ਗਿਆ ?" ।
    ਸਰਪੰਚ ਜੀ ਹੱਸਦੇ ਬੋਲੇ।
    "ਫੈਸਲਾ ਗਲਤ ਨਹੀ ਜੀ ਬਾਹਲਾ ਈ ਠੀਕ ਹੋ ਗਿਆ"। 
    ਬੂਟਾ ਸਿੰਘ ਨੇ ਫਾਰਮਾਂ ਦਾ ਥੱਭਾ ਸਰਪੰਚ ਜੀ ਦੇ ਮੋਹਰੇ ਰੱਖਦੇ ਕਿਹਾ, ਤੇ ਨਾਲੇ ਸੰਖੇਪ ਵਿੱਚ ਦੱਸਿਆ ਕਿ ਉਹ ਕੀ ਕਰ ਰਹੇ ਆ, ਦੀਪੀ ਨੂੰ ਖੁੜਕ ਗਈ ਸੀ ਬਈ ਇਹ ਮਿਹਰਬਾਨੀ ਵੀ ਦੇਬੀ ਦੀ ਹੋ ਸਕਦੀ ਆ, ਉਹ ਉਦੋ ਖੁਸ਼ੀ ਵਿੱਚ ਝੂਮ ਗਈ ਜਦੋ ਸਰਪੰਚ ਨੇ ਕਿਹਾ ।
    "ਬਈ ਲਗਦਾ ਇਸ ਮੁੰਡੇ ਨੇ ਸਾਡੇ ਪਿੰਡ ਨੂੰ ਜਰਮਨ ਬਣਾ ਦੇਣਾ"। 
    ਤੇ ਨਾਲ ਹੀ ਉਨਾ ਨੇ ਘੁੱਗੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ।
    "ਸਰਪੰਚ ਜੀ ਦੇਬੀ ਦਾ ਖਿਆਲ ਹੈ ਕਿ ਹਰ ਘਰ ਦਾ ਬਰਾਬਰ ਦਾ ਹਿੱਸਾ ਹੋਵੇ, ਹੁਣ ਦਲੀਪ ਤਾਂ ਕੱਲ ਸਾਨੂੰ ਮਿਲਿਆ ਨਹੀ, ਹੁਣ ਵੀ ਲਗਦਾ ਸੁੱਤਾ ਹੁਣਾ, ਤੁਹਾਡੀ ਕੀ ਅਗਿਆ, ਜਗਰੂਪ ਦੀ ਘਰਵਾਲੀ ਨੇ ਫਾਰਮ ਭਰ ਦਿੱਤਾ ਆ, ਫੋਜੀ ਤਾਏ ਨੇ ਵੀ ਮਨਾਂ ਨਹੀ ਕੀਤਾ ?" 
    ਧਰਮ ਸਿੰਘ ਨੇ ਪੁੱਛਿਆ।
    "ਜਿੱਧਰ ਸਾਰਾ ਪਿੰਡ ਓਧਰ ਅਸੀ ਪਰ ਤੈਨੂੰ ਪਤਾ ਬਈ ਦਲੀਪ ਕੋਲੋ ਕੰਮ ਦੀ ਆਸ ਨਹੀ ਰੱਖੀ ਜਾ ਸਕਦੀ ਉਹਦਾ ਕੀ ਕਰਾਗੇ ?" ।
    ਸਰਪੰਚ ਨੂੰ ਆਈਡੀਆ ਬਹੁਤ ਪਸੰਦ ਆਇਆ ਸੀ ਪਰ ਉਹ ਜਾਣਦਾ ਸੀ ਕਿ ਦਲੀਪ ਕੋਈ ਕੰਮ ਨਹੀ ਕਰਨ ਵਾਲਾ।
    "ਦਲੀਪ ਨੂੰ ਕੰਮ ਹੀ ਐਸਾ ਮਿਲੇਗਾ ਜੋ ਉਹ ਸ਼ਹਿਰ ਗਿਆ ਕਰ ਆਵੇ, ਦੇਬੀ ਬਾਈ ਦਾ ਖਿਆਲ ਆ ਕਿ ਬਿਜਨਸ ਕਰਨ ਲਈ ਦਲੀਪ ਵਰਗੇ ਫੇਰੇ ਤੋਰੇ ਵਾਲੇ ਬੰਦੇ ਦੀ ਵੀ ਲੋੜ ਆ।" 
    ਘੁੱਦੇ ਨੇ ਅੱਗੇ ਦੱਸਿਆ।
    "ਫਿਰ ਦੇਖਦੇ ਕੀ ਓ, ਅੰਦਰ ਸੁੱਤਾ ਪਿਆ ਜਾ ਕੇ ਚੱਕ ਲਓ"। 
    ਸਰਪੰਚ ਜੀ ਨੇ ਛੁੱਟੀ ਦੇ ਦਿੱਤੀ, ਏਨੇ ਨੂੰ ਦਲੀਪ ਰੌਲਾ ਜਿਹਾ ਸੁਣ ਕੇ ਖੁਦ ਹੀ ਬਾਹਰ ਨਿਕਲ ਰਿਹਾ ਸੀ
    "ਓਏ ਆਹ ਕੀ, ਕੋਈ ਹੜਤਾਲ ਕਰਨ ਲੱਗੇ ਆ ?" 
    ਦਲੀਪ ਭੀੜ ਦੇਖ ਕੇ ਹੈਰਾਨ ਰਹਿ ਗਿਆ, ਸਰਪੰਚ ਨੇ ਉਸ ਨੂੰ ਗੱਲ ਦੱਸੀ ਤਾਂ ਉਹ ਕਹਿਣ ਲੱਗਾ … 
    "ਦੇਬੀ ਦੇ ਹਰ ਪਲੈਨ ਵਿੱਚ ਆਪਾਂ ਨਾਲ ਆ, ਇਹਦੇ ਵਰਗੇ ਲੱਠੇ ਬੰਦੇ ਦਾ ਵਿਰੋਧ ਕਰਨਾ ਰੱਬ ਦਾ ਵਿਰੋਧ ਆ"। 
    ਦਲੀਪ ਦੇ ਮੂੰਹੋ ਇਹ ਸ਼ਬਦ ਸੁਣ ਕੇ ਦੀਪੀ ਦੀ ਖੁਸ਼ੀ ਦੀ ਹੱਦ ਨਾਂ ਰਹੀ, ਦੇਬੀ ਜਿਵੇ ਜਿਵੇ ਉਹਦੇ ਪਰਵਾਰ ਦਾ ਦਿਲ ਜਿੱਤਦਾ ਜਾਂਦਾ ਸੀ ਉਵੇ ਉਵੇ ਦੀਪੀ ਨੂੰ ਲੱਗਦਾ ਸੀ ਕਿ ਸੋਹਣਿਆ ਨਾਲ ਮੇਲ ਹੋਣ ਦੀ ਸੰਭਾਵਨਾ ਵਧਦੀ ਜਾਦੀ ਆ, ਸਾਰੇ ਮੁੰਡੇ, ਫੋਜੀ ਤਾਇਆ ਤੇ ਜਗਰੂਪ ਦਾ ਸਹੁਰਾ, ਦੇਬੀ ਦੇ ਫੋਰਡ ਮਗਰ ਟਰਾਲੀ ਪਾ ਕੇ ਨਕੋਦਰ ਨੂੰ ਚੱਲ ਪਏ, ਦੇਬੀ ਅੱਜ ਨਾਲ ਸੀ, ਸਭ ਤੋ ਪਹਿਲਾਂ ਜਾ ਕੇ ਪਰੇਮ ਨੂੰ ਮਿਲੇ, ਪਰੇਮ ਨੂੰ ਕੰਮ ਦੱਸਿਆ ਤਾ ਪਰੇਮ ਕਹਿਣ ਲੱਗਾ,
    "ਯਾਰ ਤੂੰ ਜਦੋ ਵੀ ਬੈਟ ਹੱਥ ਵਿੱਚ ਫੜਦਾ ਛੱਕਾ ਈ ਮਾਰਦਾ, ਕਿੰਨੀਆ ਕੁ ਸੈਚਰੀਆਂ ਮਾਰਨੀਆ ?" ।
    ਪਰੇਮ ਨੇ ਐਸਾ ਕੇਸ ਕਦੇ ਨਹੀ ਸੀ ਸੁਣਿਆਂ।
    "ਪਰੇਮ ਜੀ ਜੇ ਤੁਸੀ ਸਾਨੂੰ ਏਦਾਂ ਈ ਪਰੇਮ ਕਰਦੇ ਰਹੇ ਤਾਂ ਫਿਰ ਸੈਂਚਰੀਆਂ ਤਾ ਹਾਲੇ ਸ਼ੁਰੂ ਹੋਈਆ, ਕੋਈ ਗਿਣ ਕੇ ਥੋੜੀ ਮਾਰਨੀਆ, ਜਦ ਤੱਕ ਪਰੇਮ ਦੀ ਸ਼ਕਤੀ ਮਿਲਦੀ ਰਹੂ, ਛਿੱਕੇ ਵੱਜਦੇ ਰਹਿਣਗੇ"। 
    ਦੇਬੀ ਨੇ ਪਰੇਮ ਨੂੰ ਹੱਸਦੇ ਕਿਹਾ, ਕਚਹਿਰੀ ਵਿੱਚ ਲੋਕ ਮੁੰਡਿਆ ਦੀ ਭੀੜ ਵੱਲ ਦੇਖ ਰਹੇ ਸਨ, ਹਲਫੀਆ ਬਿਆਂਨ ਅਤੇ ਹੋਰ ਲੋੜੀਦੇ ਕਾਗਜ ਪਰੇਮ ਦੀ ਮਿਹਰਬਾਨੀ ਸਦਕਾ ਤੇਜ ਸਪੀਡ ਕਰਕੇ ਉਨਾ ਨੇ ਤਿੰਨ ਘੰਟੇ ਅੰਦਰ ਕੰਪਲੀਟ ਕਰ ਲਏ ਅਤੇ ਫਿਰ ਬੈਂਕ ਵੱਲ ਤੁਰ ਪਏ … 
    "ਮੈਨੇਜਰ ਸਾਹਿਬ ਨੂੰ ਮਿਲਣਾ ਜੀ"। 
    ਦੇਬੀ ਨੇ ਬੰਦੂਕਧਾਰੀ ਗਾਰਡ ਨੂੰ ਕਿਹਾ।
    "ਕੀ ਗੱਲ ਬਾਊ ਜੀ ਸੁੱਖ ਆ ?" ।
    ਗਾਰਡ ਐਨੇ ਬੰਦਿਆ ਨੂੰ ਇਕੱਠੇ ਦੇਖ ਕੇ ਘਬਰਾ ਗਿਆ।
    "ਸਭ ਖੈਰ ਆ ਵੀਰ ਜੀ, ਇਨਾ ਸਾਰਿਆ ਨੇ ਅਕਾਂਉਟ ਖੁਲਾਉਣੇ ਆ, ਚਿੰਤਾ ਨਾਂ ਕਰੋ" । 
    ਦੇਬੀ ਨੇ ਕਿਹਾ।
    "ਫਿਰ ਵੀ ਤੁਸੀ ਸਾਰੇ ਕੱਠੇ ਅੰਦਰ ਨੀ ਜਾ ਸਕਦੇ, ਬੈਂਕ ਚ ਏਨੀ ਥਾਂ ਈ ਨਹੀ"। 
    ਗਾਰਡ ਨੇ ਫਿਰ ਕਿਹਾ।
    "ਕੋਈ ਗੱਲ ਨਹੀ, ਸਾਨੂੰ ਸਾਰਿਆ ਨੂੰ ਅੰਦਰ ਜਾਣ ਦੀ ਲੋੜ ਵੀ ਨਹੀ, ਆਓ ਬੂਟਾ ਸਿੰਘ ਜੀ ਤੇ ਦਲਬੀਰ ਆਪਾ ਮੈਨੇਜਰ ਸਾਹਿਬ ਨੂੰ ਮਿਲਦੇ ਆ ਤੇ ਤੁਸੀ ਬਾਹਰ ਬੈਠੋ"। 
    ਦੇਬੀ ਨੇ ਸਾਰੇ ਪੇਪਰ ਨਾਲ ਲੈ ਲਏ, ਮੈਨੇਜਰ ਨੇ ਵੈਲਕੰਮ ਕਿਹਾ, ਮੈਨੇਜਰ ਨਵਾਂ ਹੀ ਆਇਆ ਸੀ ਤੇ ਹਾਲੇ ਪੈਂਤੀ ਕੁ ਸਾਲ ਦਾ ਹੀ ਸੀ, ਦੇਬੀ ਨੇ ਸਾਰੇ ਪੇਪਰ ਮੋਹਰੇ ਰੱਖੇ ਤੇ ਅਪਣਾ ਮਕਸਦ ਦੱਸਿਆ, ਸਾਰੀ ਗੱਲ ਸੁਣ ਕੇ ਮੈਨੇਜਰ ਬੋਲਿਆ … 
    "ਜਾਂ ਤਾ ਤੁਸੀ ਮਜਾਕ ਕਰ ਰਹੇ ਓ ਤੇ ਜਾਂ ਫਿਰ ਬਹੁਤ ਵੱਡੀ ਕਰਾਂਤੀ"
    "ਮਜਾਕ ਦੀ ਆਪਾਂ ਨੂੰ ਆਦਤ ਨਹੀ, ਤੁਸੀ ਦੂਸਰੀ ਗੱਲ ਨਾਲ ਕੰਮ ਚਲਾ ਲਓ"।
    ਮੁਸਕਰਾਉਦੇ ਦੇਬੀ ਨੇ ਕਿਹਾ।
    "ਮਿਸਟਰ ਦਵਿੰਦਰ ਮੈ ਬਹੁਤ ਫਾਰੇਨ ਰਿਟਰਨ ਬੰਦੇ ਦੇਖੇ ਆ, ਸਭ ਅਪਣੀ ਐਫ ਡੀ ਕਰਵਾ ਕੇ ਵਾਪਿਸ ਚਲੇ ਜਾਂਦੇ ਆ, ਇਥੇ ਰਹਿ ਕੇ ਬਿਜਨਸ ਕਰਨਾ ਅਤੇ ਦੂਜੇ ਬੇਰੁਜਗਾਰ ਲੋਕਾਂ ਨੂੰ ਬਿਜਨਸ ਦੇਣਾ ਇਹ ਬਹੁਤ ਵੱਡਾ ਪਰਉਪਕਾਰ ਆ ਅਤੇ ਸਾਡੇ ਲਈ ਇਹ ਹੋਰ ਵਧੀਆ ਹੈ ਕਿ ਸਾਡੀਆ ਕਿਸ਼ਤਾ ਮੁੜ ਆਉਣਗੀਆ, ਨਹੀ ਤਾਂ ਲੋਕ ਡੇਅਰੀ ਲਈ ਕਰਜਾ ਲੈ ਕੇ ਕੁੜੀਆ ਦੇ ਵਿਆਹ ਤੇ ਲਾ ਦਿੰਦੇ ਆ ਤੇ ਸਾਨੂੰ ਮਜਬੂਰਨ ਕੁਰਕੀਆ ਕਰਨੀਆ ਪੈਦੀਆ"। 
    ਮੈਨੇਜਰ ਬਹੁਤ ਇਮਪਰੈਸ ਹੋਇਆ ਸੀ।


    "ਮੇਰੇ ਪਿੰਡ ਦੀਆ ਕੁੜੀਆ, ਮੇਰੀਆ ਭੈਣਾਂ ਹਨ ਤੇ ਉਨਾ ਦੇ ਵਿਆਹ ਤੇ ਕਰਜੇ ਦੇ ਨਹੀ ਸਾਡੀ ਖੂਨ ਪਸੀਨੇ ਦੇ ਕਮਾਏ ਪੈਸੇ ਲੱਗਣਗੇ, ਪਰ ਸਾਡਾ ਇਹ ਕੰਮ ਤੁਹਾਡੀ ਮਿਹਰਬਾਨੀ ਤੋ ਬਿਨਾ ਨਹੀ ਹੋ ਸਕਦਾ, ਵੈਸੇ ਇੱਕ ਇਨਫਾਰਮੇਸ਼ਨ ਆਪ ਲਈ ਇਹ ਕਿ ਅਸੀ ਬਿਜਨਸ ਸਟਾਰਟ ਕਰਨ ਤੋ ਬਾਅਦ ਜਲਦੀ ਹੀ ਇੱਕ ਮਿਲਕ ਸੈਂਟਰ ਖੋਹਲਣ ਦੀ ਵੀ ਸੋਚ ਰਹੇ ਹਾਂ ਅਤੇ ਆਪ ਨਾਲ ਮਿਲ ਕੇ ਕੰਮ ਕਰਨ ਦੀ ਇਛਾ ਹੈ, ਆਪ ਦਾ ਇਨਵੈਸਟ ਕੀਤਾ ਪੈਸਾ ਮਹਿਫੂਜ ਰਹੇਗਾ ਅਤੇ ਬੈਂਕ ਨੂੰ ਵੀ ਲਾਭ ਮਿਲੇਗਾ"। 
    ਦੇਬੀ ਮੈਨੇਜਰ ਦਾ ਵਿਸ਼ਵਾਸ਼ ਜਿੱਤਣਾ ਚਾਹੁੰਦਾ ਸੀ।
    "ਮੇਰੇ ਲਾਇਕ ਸੇਵਾ ਦੱਸੋ, ਮੈਂ ਪੂਰੀ ਕੋਸ਼ਿਸ਼ ਕਰਾਗਾ ਕਿ ਤੁਹਾਡੀ ਮਦਦ ਕਰ ਸਕਾਂ"। 
    ਮੈਨੇਜਰ ਨੇ ਭਰੋਸਾ ਦਿਵਾਇਆ, ਉਸ ਨੂੰ ਲਗਦਾ ਸੀ ਕਿ ਇਹ ਕਰਜ ਦਾ ਪੈਸਾ ਵਾਕਿਆ ਹੀ ਕਿਸੇ ਸਹੀ ਬਿਜਨਸ ਤੇ ਖਰਚ ਹੋਵੇਗਾ।
    "ਫਿਲਹਾਲ ਆਪ ਜੀ ਸਾਡੇ ਕਰਜੇ ਦੇ ਫਾਰਮਾਂ ਨੂੰ ਭਾਰਤ ਦੀ ਚਾਲ ਦੇ ਉਲਟ ਜਿੰਨਾ ਜਲਦੀ ਹੋ ਸਕਦਾ ਮਨਜੂਰੀ ਦੇ ਕੇ ਸਾਡੇ ਤੇ ਮੇਹਰਬਾਨੀ ਕਰੋ ਤੇ ਦੂਜੀ ਮੇਹਰਬਾਨੀ ਇਹ ਕਿ ਇਸ ਕਰਜੇ ਵਿੱਚੋ ਕਿਸੇ ਕਿਸਮ ਦੀ ਰਿਸ਼ਵਤ ਆਦਿ ਦੀ ਗੁੰਜਾਇਸ਼ ਨਹੀ, ਮੈ ਸੁਣਿਆ ਹੈ ਕਿ ਇਥੇ ਬਿਨਾ ਰਿਸ਼ਵਤ ਕੋਈ ਕੰਮ ਨਹੀ ਹੁੰਦਾ, ਅਸੀ ਇਸ ਪੈਸੇ ਨੂੰ ਸਹੀ ਸਮੇ ਤੇ ਵਾਪਿਸ ਮੋੜਨਾ ਹੈ ਅਤੇ ਬੈਂਕ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਹੈ, ਇਹ ਤਾਂ ਹੀ ਸੰਭਵ ਹੈ ਜੇ ਬੈਂਕ ਵੀ ਸਾਡਾ ਇਮਾਨਦਾਰ ਪਾਰਟਨਰ ਬਣ ਕੇ ਕੰਮ ਕਰੇ"। 
    ਦੇਬੀ ਨੇ ਹੱਥ ਜੋੜ ਦਿੱਤੇ।
    "ਸ਼ਰਮਿੰਦਾ ਨਾਂ ਕਰੋ, ਤੁਸੀ ਐਨੀ ਵੱਡੀ ਕਰਾਤੀ ਕਰ ਰਹੇ ਹੋ, ਸਾਡਾ ਹਿੱਸਾ ਜਰੂਰ ਪਵੇਗਾ, ਏਥੇ ਕਮਾਈ ਦੇ ਹੋਰ ਬਥੇਰੇ ਮੌਕੇ ਆ, ਵੈਸੇ ਮੈ ਜਾਤੀ ਤੌਰ ਤੇ ਰਿਸ਼ਵਤ ਵਿੱਚ ਯਕੀਨ ਨਹੀ ਰੱਖਦਾ, ਫਾਦਰ ਸਾਹਿਬ ਏਨਾ ਕੁ ਪੈਸਾ ਛੱਡ ਗਏ ਹਨ ਕਿ ਮੁੱਕਦਾ ਨਹੀ, ਇਹ ਬੈਂਕ ਦੀ ਮੈਨੇਜਰੀ ਸ਼ੌਕੀਆ ਤੌਰ ਤੇ ਕਰਦਾ ਹਾਂ, ਅਗਰ ਡਾਕੂਮੈਂਟਸ ਸਾਰੇ ਪੂਰੇ ਹਨ ਤਾਂ ਤੁਸੀ ਜਾ ਕੇ ਅਪਣਾ ਕੰਮ ਸ਼ੁਰੂ ਕਰੋ ਇੱਕ ਹਫਤੇ ਅੰਦਰ ਚੈਕ ਇਸ਼ੂ ਹੋ ਜਾਣਗੇ"। 
    ਮੈਨੇਜਰ ਨੇ ਹਿੱਕ ਥਾਪੜੀ, ਉਹ ਦੇਬੀ ਦੀ ਆਸ ਤੋ ਉਲਟ ਬਾਹਲਾ ਦਿਲਦਾਰ ਬੰਦਾ ਨਿਕਲਿਆ।
    "ਜਦ ਤੱਕ ਪੇਪਰ ਵਰਕ ਕੰਪਲੀਟ ਨਹੀ ਹੋ ਜਾਦਾ, ਸਾਡਾ ਇੱਕ ਮੈਬਰ ਇਥੇ ਹਰ ਰੋਜ ਮੌਜੂਦ ਰਹੇਗਾ, ਕੋਈ ਵੀ ਪੇਪਰ ਚਾਹੀਦਾ ਹੋਵੇ ਉਹ ਮੁਹੱਈਆ ਕਰੇਗਾ ਅਤੇ ਅਸੀ ਬਾਕੀ ਮੈਂਬਰ ਅਪਣਾ ਕੰਮ ਸ਼ੁਰੂ ਕਰਦੇ ਹਾਂ, ਤੁਸੀ ਸਾਡੇ ਇਸ ਮੈਬਰ ਨਾਲ ਹਰ ਗੱਲ ਕਰ ਸਕਦੇ ਹੋ, ਕੰਪਲੀਟ ਪੇਪਰ ਸਾਈਨ ਕਰਨ ਲਈ ਤੁਸੀ ਬੂਟਾ ਸਿੰਘ ਦੇ ਹੱਥ ਭੇਜ ਸਕਦੇ ਓ, ਮੇਰੀ ਲੋੜ ਪੈਣ ਤੇ ਕਿਸੇ ਵੀ ਸਮੇ ਕਾਲ ਕਰ ਲੈਣੀ ਮੈ ਹਾਜਰ ਹੋ ਜਾਵਾਗਾ"। 
    ਦੇਬੀ ਨੇ ਬੇਨਤੀ ਕੀਤੀ।
    "ਤੁਸੀ ਬੇਫਿਕਰ ਹੋ ਕੇ ਅਪਣਾ ਕੰਮ ਕਰੋ, ਤੁਹਾਡੇ ਪਰੋਜੈਕਟ ਨੂੰ ਵਧਦੇ ਫੁਲਦੇ ਦੇਖ ਕੇ ਮੈਨੂੰ ਖੁਸ਼ੀ ਹੋਵੇਗੀ, ਅਗਰ ਆਪ ਦਾ ਬਿਜਨਸ ਸਹੀ ਚਲਦਾ ਹੈ ਤਾਂ ਬੈਕ ਵੱਲੋ ਕਿਸੇ ਵੀ ਰਕਮ ਦੀ ਤੁਸੀ ਆਸ ਰੱਖ ਸਕਦੇ ਹੋ"। ਮੈਨੇਜਰ ਐਸਾ ਬਿਜਨਸ ਹੱਥੌ ਜਾਣ ਨਹੀ ਸੀ ਦੇਣਾ ਚਾਹੁੰਦਾ, ਭਾਵੇ ਉਸ ਨੂੰ ਸ਼ੱਕ ਸੀ ਕਿ ਇਹ ਸਭ ਆਪਸ ਵਿੱਚ ਮਿਲ ਕੇ ਕੰਮ ਕਰ ਸਕਣਗੇ ? ਪਰ ਫਿਰ ਵੀ ਉਸ ਕੋਲ ਡਾਕੂਮੈਂਟਸ ਪੂਰੇ ਸਨ ਤੇ ਰਿਸਕ ਕੋਈ ਨਹੀ ਸੀ, ਜੇ ਮਾਮਲਾ ਫਿੱਟ ਹੁੰਦਾ ਸੀ ਤਾਂ ਬੈਂਕ ਲਈ ਬਹੁਤ ਫਾਇਦੇਮੰਦ ਸੀ, ਉਸ ਨੇ ਉਸੇ ਵੇਲੇ ਇੱਕ ਕਲਰਕ ਨੂੰ ਬੁਲਾ ਕੇ ਡਾਕੂਮੈਂਟਸ ਚੈਕ ਕਰਨ ਲਈ ਕਿਹਾ  
    "ਪਰਵੀਨ ਕੁਮਾਰ, ਤੁਸੀ ਭਾਵੇ ਹੁਣ ਛੁੱਟੀ ਕਰ ਲਓ, ਐਹ ਫਾਈਲ ਨਾਲ ਲੈ ਜਾਓ ਅਤੇ ਇਨਾ ਨੂੰ ਪਿੱਛੇ ਰੂਮ ਵਿੱਚ ਬੈਠ ਕੇ ਚੰਗੀ ਤਰਾਂ ਚੈਕ ਕਰ ਲਓ, ਜੋ ਵੀ ਪੇਪਰ ਫਾਈਲ ਵਿੱਚ ਨਹੀ ਹੈ ਬੂਟਾ ਸਿੰਘ ਨੂੰ ਦੱਸੋ, ਕੱਲ ਸਵੇਰੇ ਇਹ ਕੰਪਲੀਟ ਪੇਪਰ ਮੇਰੇ ਟੇਬਲ ਤੇ ਚਾਹੀਦੇ ਆ"।
    "ਓ ਕੇ ਸਰ"। 
    ਕਹਿ ਕੇ ਪਰਵੀਨ ਫਾਈਲ ਅਤੇ ਬੂਟਾ ਸਿੰਘ ਨੂੰ ਲੈ ਕੇ ਪਿਛਲੇ ਰੂਮ ਵਿੱਚ ਪੇਪਰ ਚੈਕ ਕਰਨ ਲੱਗ ਪਿਆ, ਏਧਰ ਦੇਬੀ ਮੁੰਡਿਆ ਨਾਲ ਵਾਪਿਸ ਆ ਗਿਆ ਤੇ ਘਰ ਬੈਠ ਕੇ ਬਾਕੀ ਪਲੈਨ ਬਣਾਉਣਾ ਸ਼ੁਰੂ ਕਰ ਦਿੱਤਾ।
    "ਸਾਡੀ ਕੰਪਨੀ ਦਾ ਨਾਮ ਹੈ "ਸਾਂਝੀਵਾਲ", ਇਸ ਕੰਪਨੀ ਵਿੱਚ ਕੋਈ ਵੀ ਦਾਖਲ ਹੋ ਸਕਦਾ ਹੈ, ਸ਼ਰਤ ਸਿਰਫ ਇਹ ਹੈ ਕਿ ਸਾਡੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਨਾਂ ਕਰੇ, ਜੋ ਕਰੇਗਾ ਉਸਨੂੰ ਬਖਸ਼ਿਆ ਨਹੀ ਜਾਵੇਗਾ, ਫਿਲਹਾਲ ਅਸੀ ਅਠਾਈ ਮੈਂਬਰ ਹਾਂ ਜੋ ਐਕਟਿਵ ਕੰਮ ਕਰਾਂਗੇ, ਚੌਦਾਂ ਮੈਂਬਰ ਪੋਲਟਰੀ ਲਈ ਤੇ ਚੌਦਾ ਡੇਅਰੀ ਲਈ, ਡੇਅਰੀ ਦਾ ਮੁੱਖ ਮੈਂਬਰ ਘੁੱਦਾ ਹੋਵੇਗਾ, ਘੁੱਦੇ ਦੀ ਛੋਟੀ ਡੇਅਰੀ ਵੱਡੀ ਵਿੱਚ ਸ਼ਾਮਿਲ ਕਰ ਲਈ ਜਾਵੇਗੀ, ਅਤੇ ਪੋਲਟਰੀ ਦਾ ਮੁੱਖ ਮੈਂਬਰ ਵੀਰ ਧਰਮ ਸਿੰਘ ਹੋਣਗੇ, ਹੁਣ ਤੁਸੀ ਆਪੋ ਆਪਣੇ ਅੱਧੇ ਮੈਂਬਰ ਵੰਡ ਲਓ ਤੇ ਆਪੋ ਆਪਣੇ ਮੁੱਦੇ ਤੇ ਵਿਚਾਰ ਕਰੋ ਤੇ ਬਿਜਨਸ ਦੀ ਜਗਾ ਚੁਣੋ, ਦਲੀਪ ਸਾਡੇ ਦੁੱਧ ਅਤੇ ਆਂਡਿਆ ਦੀ ਮਾਰਕੀਟਿੰਗ ਕਰੇਗਾ, ਇਸ ਕੰਮ ਲਈ ਬਹੁਤਾ ਸਮਾ ਘਰੋ ਬਾਹਰ ਰਹਿਣਾ ਜਰੂਰੀ ਹੈ ਅਤੇ ਇਹ ਕੰਮ ਦਲੀਪ ਤੋ ਵਧੀਆ ਹੋਰ ਕੌਣ ਕਰੇਗਾ ? ਆਪੋ ਅਪਣੀ ਵਿਚਾਰ ਲਿਖਤੀ ਰੂਪ ਵਿੱਚ ਮੈਨੂੰ ਦਿੱਤੀ ਜਾਵੇ ਅਤੇ ਕੱਲ ਸ਼ਾਮ ਤੱਕ ਅਸੀ ਜਗਾ ਫਾਈਨਲ ਕਰਨੀ ਹੈ, ਦੋ ਦੋ ਮੈਂਬਰ ਇਸ ਬਿਜਨਸ ਦੀ ਟਰੇਨਿੰਗ ਕਰਨ ਲਈ ਕੱਲ ਹੀ ਜਲੰਧਰ ਰਵਾਨਾ ਹੋ ਜਾਣ ਅਤੇ ਟਰੇਨਿੰਗ ਕਰ ਕੇ ਹੀ ਵਾਪਿਸ ਆਉਣ, ਯਾਦ ਰਹੇ ਤੁਹਾਡੀ ਟਰੇਨਿੰਗ ਤੇ ਸਾਡੀ ਤਰੱਕੀ ਨਿਰਭਰ ਕਰਦੀ ਹੈ, ਇਸ ਕੰਮ ਲਈ ਦਲਬੀਰ ਤੇ ਸਤਵਿੰਦਰ ਤੋ ਇਲਾਵਾ ਦੋ ਮੈਬਰ ਹੋਰ ਜਾਣ, ਇਹ ਪੇਪਰ ਕਰਜ ਮਨਜੂਰ ਕਰਾਉਣ ਲਈ ਚਾਹੀਦੇ ਹਨ, ਮੈਨੇਜਰ ਸਾਹਿਬ ਇਹ ਪੇਪਰ ਬਾਅਦ ਵਿੱਚ ਵੀ ਨੱਥੀ ਕਰ ਲੈਣਗੇ ਪਰ ਏਹ ਸਰਟੀਫਿਕੇਟ ਖਰੀਦਣੇ ਨਹੀ ਸਗੋ ਪੜ ਕੇ, ਸਮਝ ਕੇ ਪਾਸ ਕਰਨੇ ਆ"।
    ਦੇਬੀ ਨੇ ਅਗਲੀ ਕਾਰਵਾਈ ਦੱਸੀ।
    ਸਭ ਆਪੋ ਆਪਣੇ ਕੰਮ ਵਿੱਚ ਮਸਰੂਫ ਹੋ ਗਏ, ਇਹ ਸਾਰਾ ਬਿਜਨਿਸ ਕਿਸੇ ਫੌਜੀ ਕਾਰਵਾਈ ਦੀ ਤਰਾਂ ਲਗਦਾ ਸੀ, ਐਨੀ ਜਲਦੀ ਕੰਮ ਹੋਣ ਪਿੱਛੇ ਦੋ ਵੱਡੇ ਕਾਰਨ ਸਨ, ਕੰਮ ਕਰਨ ਵਾਲੇ ਦਾ ਲੋਕਾਂ ਪ੍ਰਤੀ ਪਰੇਮ ਅਤੇ ਸਮਰਪਣ ਦਾ ਹੋਣਾ ਅਤੇ ਸਾਥ ਦੇਣ ਵਾਲਿਆ ਦਾ ਇਸ ਗੱਲ ਤੇ ਵਿਸ਼ਵਾਸ਼ ਕਰ ਲੈਣਾ ਕਿ ਇਹ ਲੀਡਰ ਸਾਨੂੰ ਕਿਸੇ ਚੰਗੇ ਪਾਸੇ ਲਾਵੇਗਾ, ਸਿਰਫ ਇਨਾ ਦੋ ਚੀਜਾਂ ਦੇ ਹੋਣ ਕਾਰਨ ਹੀ, ਵਿਵਾਦ ਨਹੀ ਸੀ ਹੋਇਆ, ਅਗਰ ਵਿਵਾਦ ਸ਼ੁਰੂ ਹੁੰਦਾ ਤਾਂ ਇਹ ਬਿਜਨਸ ਸ਼ੁਰੂ ਹੀ ਨਹੀ ਸੀ ਹੋ ਸਕਦਾ, ਪੰਜਾਬੀਆ ਂਦੇ ਪਛੜਨ ਦਾ ਮੇਨ ਕਾਰਨ ਵੀ ਇਹੀ ਹੈ ਕਿ ਇੱਕ ਰਾਏ ਨਹੀ, ਜੋ ਵੀ ਸ਼ੁਰੂਆਤ ਕਰੇਗਾ ਉਸ ਨੂੰ ਸਮਾਂ ਨਹੀ ਮਿਲੇਗਾ ਕਿ ਉਹ ਅਪਣੀ ਯੋਗਤਾ ਦਾ ਪਰਦਰਸ਼ਨ ਕਰ ਸਕੇ, ਜਾਂ ਪਿੰਡ ਵਿੱਚੋ ਦੋ ਤਿੰਨ ਘਰ ਜਿਨਾ ਦਾ ਸੌਖਾ ਸਰਦਾ ਹੈ ਉਹ ਕਿਸੇ ਸਾਂਝੇ ਕੰਮ ਵਿੱਚ ਸਾਥ ਨਾਂ ਦੇ ਕੇ ਸਾਰੇ ਪਰੋਜੈਕਟ ਨੂੰ ਤਾਰਪੀਡੋ ਕਰ ਦੇਣਗੇ, ਅਤੇ ਸਾਂਝੀਵਾਲਤਾ ਦੀ ਲਾਸ਼ ਇੱਕ ਵਾਰ ਫਿਰ ਗਿਰ ਜਾਵੇਗੀ, ਪਰੇਮ ਦਾ ਕਤਲ ਫਿਰ ਹੋਵੇਗਾ।
    ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਅੱਤਵਾਦ ਹਾਲੇ ਘਟਿਆ ਨਹੀ ਸੀ, ਸੀ ਆਰ ਪੀ ਹਾਲੇ ਮੌਜੂਦ ਸੀ ਅਤੇ ਹਰ ਰੋਜ ਘਟਨਾਵਾਂ ਹੁੰਦੀਆਂ ਰਹਿੰਦੀਆ ਸਨ, ਨਵੇ ਪਿੰਡ ਦਾ ਜਗਰੂਪ ਵੀ ਏਸੇ ਅੱਤਵਾਦ ਦੀ ਭੇਟੇ ਚੜ ਗਿਆ ਸੀ, ਰਾਤ ਬਰਾਤੇ ਉਹਦੀ ਮੋਟਰ ਤੇ ਕੁੱਝ ਖਾੜਕੂ ਆ ਗਏ ਤੇ ਰੋਟੀ ਪਾਣੀ ਖਾ ਗਏ, ਕਿਸੇ ਨੇ ਪੁਲੀਸ ਦੇ ਚੁਗਲੀ ਜਾ ਮਾਰੀ ਤੇ ਜਗਰੂਪ ਨੂੰ ਐਸਾ ਚੁੱਕਿਆ ਕਿ ਮੁੜ ਕੋਈ ਉਘ ਸੁੱਘ ਨਾਂ ਨਿਕਲੀ, ਘਰਦੇ ਥਾਣੇ ਫਿਰਦੇ ਰਹੇ ਪਰ ਇਹ ਵੀ ਪਤਾ ਨਾਂ ਲੱਗਿਆ ਬਈ ਕਿਸ ਜਿਲੇ ਦੀ ਪੁਲੀਸ ਉਸ ਨੂੰ ਲੈ ਗਈ, ਤਿੰਨ ਕੁ ਮਹੀਨੇ ਬਾਅਦ ਇੱਕ ਪੁਲੀਸ ਮੁਕਾਬਲੇ ਵਿੱਚ ਉਹਦੀ ਮੌਤ ਹੋ ਗਈ ਤੇ ਪੁਲੀਸ ਨੇ ਉਸਦੇ ਸਿਰ ਤੇ ਰੱਖਿਆ ਲੱਖ ਰੁਪਏ ਦਾ ਇਨਾਮ ਪਰਾਪਤ ਕਰ ਲਿਆ, ਭਰਾ ਭਰਾ ਨੂੰ ਮਾਰ ਕੇ ਅਮੀਰ ਹੋਣ ਦੀ ਕੋਸ਼ਿਸ ਕਰ ਰਿਹਾ ਸੀ ਤੇ ਮੋਢੇ ਦੀਆਂ ਫੀਤੀਆਂ ਵਧਾਉਣ ਲਈ ਬੱਚੇ ਯਤੀਮ ਕਰ ਰਿਹਾ ਸੀ, ਮਾਵਾਂ ਦੇ ਪੁੱਤ ਖੋਹ ਰਿਹਾ ਸੀ, ਮੁਟਿਆਰਾ ਦੇ ਸੁਹਾਗ ਲੁੱਟ ਰਿਹਾ ਸੀ, ਏਸ ਆਸ ਵਿੱਚ ਕਿ ਇਸ ਕਮਾਈ ਨਾਲ ਅਪਣੇ ਪਰਵਾਰ ਲਈ ਖੁਸ਼ਹਾਲੀ ਲੈ ਕੇ ਆਵੇਗਾ। ਜਗਰੂਪ ਦੀ ਜਵਾਨ ਘਰਵਾਲੀ ਦੋ ਨਿੱਕੇ ਬੱਚਿਆ ਤੇ ਬੁੱਢੇ ਸੱਸ ਸਹੁਰੇ ਨਾਲ ਜੀਵਨ ਬਤੀਤ ਕਰ ਰਹੀ ਸੀ, ਉਹਦੇ ਵਾਸਤੇ ਕੋਈ ਦੀਵਾਲੀ ਹੁਣ ਰੰਗੀਨ ਨਹੀ ਸੀ ਰਹਿ ਗਈ, ਜਗਰੂਪ ਦੇ ਸਾਲੇ ਆ ਕੇ ਫਸਲ ਬੀਜ ਜਾਂਦੇ ਤੇ ਕੱਟ ਕੇ ਮੰਡੀ ਵੀ ਛੱਡ ਆਉਦੇ।
    ਫੌਜੀ ਤਾਏ ਦੇ ਕੋਈ ਔਲਾਦ ਨਹੀ ਸੀ ਹੋਈ, ਫੋਜੀ ਰਿਟਾਇਰ ਹੋ ਕੇ ਅਪਣੀ ਪੈਨਸ਼ਨ ਨਾਲ ਤੇ ਛੇ ਕਿਲੇ ਜਮੀਨ ਨਾਲ ਚੰਗਾ ਗੁਜਾਰਾ ਕਰ ਰਿਹਾ ਸੀ।
    ---------------ਬਾਕੀ ਅਗਲੇ ਅੰਕ ਵਿਚ----------