ਰਣਧੀਰ ਸਿੰਘ ਨਿਊਯਾਰਕ (ਮੁਲਾਕਾਤ )

ਸੁਰਿੰਦਰ ਸੋਹਲ   

Email: surindersohal@hotmail.com
Phone: +1 646 220 2586
Address:
United States
ਸੁਰਿੰਦਰ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਣਧੀਰ ਸਿੰਘ ਨਿਊਯਾਰਕ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਲੰਬੇ ਅਰਸੇ ਤੋਂ  ਰਹਿ ਰਿਹਾ ਹੈ। ਉਸਦੀਆਂ ਨਜਮਾਂ ਤੇ ਗ਼ਜ਼ਲਾਂ ਦੀਆਂ ਅੱਠ ਕਿਤਾਬਾਂ ਪ੍ਰਕਾਸ਼ਤ ਹੋਈਆਂ ਹਨ।  ਡਾ. ਬਲਜੀਤ ਕੌਰ ਦੀ ਨਿਗਰਾਨੀ ਹੇਠ  ਉਸਦੀ ਕਵਿਤਾ ਉੱਪਰ ਐਮ ਫਿਲ  ਹੋਈ ਹੈ। ਅੱਜ ਕੱਲ੍ਹ ਉਹ ਰਿਟਾਇਰ ਹੈ ਅਤੇ ਆਪਣੀ ਨਰਸ ਰਿਟਾਇਰ ਪਤਨੀ ਨਾਲ ਜ਼ਿੰਦਗੀ ਦਾ ਲੁਤਫ਼ ਮਾਣਨ ਲਈ ਕਦੇ ਹਿੰਦੋਸਤਾਨ ਤੇ ਕਦੇ ਅਮਰੀਕਾ ਦੀਆਂ ਦੇਖਣਯੋਗ ਥਾਵਾਂ ਦੀ ਸੈਰ ਕਰਦਾ ਰਹਿੰਦਾ ਹੈ। ਉਸ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼-

ਸੁਰਿੰਦਰ ਸੋਹਲ: ਰਣਧੀਰ ਸਿੰਘ ਜੀ, ਤੁਸੀਂ ਆਪਣੇ ਜਨਮ, ਜਨਮ ਸਥਾਨ ਅਤੇ ਮਾਂ-ਬਾਪ ਦੇ ਕਾਰੋਬਾਰ ਬਾਰੇ ਜਾਣਕਾਰੀ ਦਿਓ।

ਰਣਧੀਰ ਸਿੰਘ: ਸੁਰਿੰਦਰ ਜੀ, ਬਠਿੰਡੇ ਦੀ ਜੂਹ ਨਾਲ ਲਗਦੀ ਹੈ ਜੂਹ ਪਿੰਡ ਸਿਵੀਆਂ ਦੀ। ਪਿਤਾ ਜੀ ਕਦੇ ਕਦੇ ਰਾਜਗੀਰੀ ਦਾ ਕੰਮ ਕਰਦੇ, ਬਹੁਤਾ ਕਰਕੇ ਗੁਜ਼ਾਰਾ ਜ਼ਮੀਨ ਤੋਂ ਹੀ ਸੀ। ਕਦੇ ਹਿੱਸੇ 'ਤੇ, ਕਦੀ ਠੇਕੇ 'ਤੇ। ਕਦੀ ਕਿਸੇ ਤੋਂ ਵਾਹੀ ਕਰਾਈ ਦੀ ਸੀ। ਗਊ ਮੱਝ ਤਾਂ ਘਰੇ ਹੁੰਦੀ ਹੀ ਸੀ ਪਰ ਵਾਹੀ ਵਾਸਤੇ ਬਲ੍ਹਦ ਜਾਂ ਊਠ ਨਹੀਂ ਸੀ ਰੱਖੇ। ਗੁਜ਼ਾਰਾ ਗ਼ਰੀਬੀ ਦਾਅਵੇ ਦਾ ਹੀ ਸੀ। ਪਰ ਹੌਸਲਾ ਅਤੇ ਜ਼ਿੰਦਗੀ ਚੜ੍ਹਦੀ ਕਲਾ ਵਿੱਚ। ਪੁਰਖਿਆਂ ਦੀ ਜ਼ਮੀਨ ਭੁੱਚੋ ਕਲਾਂ ਵਿਚ ਵੀ ਸੀ, ਜੋ ਕਿ 1974-75 ਵਿਚ ਵੇਚ ਦਿੱਤੀ ਗਈ। ਸਿਵੀਆਂ ਵਾਲੀ ਜ਼ਮੀਨ ਹਾਲ ਵੀ ਹੈ।

ਮਾਤਾ (ਸਰਦਾਰਨੀ ਰਾਜ ਕੌਰ), ਪਿਤਾ (ਸਰਦਾਰ  ਦਸੌਂਧਾ ਸਿੰਘ) ਦਾ ਰੁਝਾਨ ਵਿੱਦਿਆ ਵੱਲ ਹੋਣ ਕਰਕੇ ਅਸੀਂ ਛੀਏ (ਚਾਰ ਭੈਣਾਂ ਦੋ ਭਰਾ) ਪੜ੍ਹੇ ਲਿਖੇ ਹਾਂ ਅਤੇ ਪੜ੍ਹੇ ਲਿਖਿਆਂ ਵਿਚ ਹੀ ਵਿਆਹੇ ਗਏ ਹਾਂ। 1950 ਕੁ ਤੱਕ, ਪਿੰਡ ਵਿਚ 'ਇਕ ਮਾਸਟਰ' ਵਾਲਾ ਗ਼ੈਰ ਸਰਕਾਰੀ ਸਕੂਲ ਹੁੰਦਾ ਸੀ, ਜੋ ਕਿ ਕਿਸੇ ਦੇ ਘਰ ਵਿਚ ਹੀ ਲਗਦਾ ਸੀ। ਸਾਡੀ ਸਾਰਿਆਂ ਦੀ ਮੁਢਲੀ ਤਾਲੀਮ ਅਮਰਗੜ੍ਹ (ਪਿੰਡ ਤੋਂ 6-7 ਮੀਲ 'ਤੇ) ਸਿੱਖ ਮਿਸ਼ਨਰੀ ਸਕੂਲ/ਬੋਰਡਿੰਗ ਵਿਖੇ ਆਰੰਭ ਹੋਈ। ਮਾਤਾ ਪਿਤਾ ਹਫ਼ਤੇ ਕੁ ਮਗਰੋਂ ਮਿਲ ਜਾਂਦੇ ਅਤੇ ਲੋੜੀਂਦੀਆਂ ਵਸਤਾਂ ਦੇ ਜਾਂਦੇ। ਕਦੇ ਕਦੇ ਗੁਰਪੁਰਬ ਦੇ ਦਿਨਾਂ ਵਿਚ ਬੋਰਡਿੰਗ ਦੇ ਬੱਚਿਆਂ ਅਤੇ ਸਾਡੀ ਖ਼ਾਤਰ ਗਊ ਜਾਂ ਮੱਝ ਛੱਡ ਜਾਂਦੇ। ਆਸ ਪਾਸ ਦੇ ਪਿੰਡਾਂ ਸ਼ਹਿਰਾਂ ਅਤੇ ਮੁਲਕਾਂ ਵਿੱਚੋਂ ਵੀ ਏਥੇ ਬੱਚੇ ਦਾਖ਼ਲ ਹੁੰਦੇ ਸਨ। ਇਹ ਸਕੂਲ ਭਾਈ ਫੁੰਮਣ ਸਿੰਘ ਜੀ ਦੀ ਨਿਸ਼ਕਾਮ ਸੇਵਾ ਦਾ ਨਤੀਜਾ ਸੀ।

ਏਥੋਂ ਦੀਆਂ ਬੇਸ਼ੁਮਾਰ ਯਾਦਾਂ ਵਿਚੋਂ, ਇੱਕ ਗੱਲ ਸਾਂਝੀ ਕਰਦਾ ਹਾਂ। ਵੱਡੀ ਤੋਂ ਛੋਟੀ ਭੈਣ ਮਹਿੰਦਰ ਕੌਰ ਓਦੋਂ 11-12 ਸਾਲ ਦੀ ਹੋਵੇਗੀ, ਮੈਂ 4-5 ਸਾਲ ਦਾ। ਉਸ ਨੇ ਬੜੇ  ਚਾਅ ਨਾਲ ਮੇਰੇ ਵਾਸਤੇ ਇੱਕ ਖੱਦਰ ਦੀ ਬਨੈਣ ਸੀਤੀ। ਓਹ ਮੇਰੇ ਪੈ ਨਾ ਸਕੀ ਕਿਉਂਕਿ ਛੋਟੀ ਸੀ। ਉਸ ਨੇ ਬਨੈਣ ਦੀ ਇੱਕ ਪਾਸੇ ਵਾਲੀ ਸਿਓਣ ਉਧੇੜ ਕੇ, ਮੇਰੇ ਪਾਈ ਅਤੇ ਪਾਈ ਪਵਾਈ ਨੂੰ ਪਾਸੇ ਤੋਂ ਫਿਰ ਸਿਓਂ ਦਿੱਤਾ। ਉਹ ਹੁਣ ਲਹਿ ਨਹੀਂ ਸੀ ਸਕਦੀ। ਦੋ ਤਿੰਨ ਦਿਨਾਂ ਬਾਦ ਜਦੋਂ ਮਾਤਾ ਪਿਤਾ ਸਾਨੂੰ ਮਿਲਣ ਆਏ ਅਤੇ ਮਾਤਾ ਜੀ ਨੇ ਕਿਹਾ-ਚੱਲ ਮੈਂ ਤੇਨੂੰ ਕੇਸੀ ਨੁਹਾ ਦਿਆਂ, ਤਾਂ ਮੈਂ ਕਿਹਾ-ਮੈਂ ਨਹਾ ਨਹੀਂ ਸਕਦਾ ਕਿਓਂਕਿ ਇਹ ਬਨੈਣ ਤਾਂ ਲਹਿਣੀ ਨਹੀਂ। ਫਿਰ ਕਿੱਸਾ ਖੁਲ੍ਹਿਆ ਇੱਕ ਅੱਲ੍ਹੜ ਚਾਅ ਨਾਲ ਬਣਾਈ ਬਨੈਣ ਦਾ। ਮੇਰੇ ਪਿੰਡੇ ਤੋਂ ਉਧੇੜ ਕੇ ਓਹ ਬਨੈਣ ਲਾਹੀ ਗਈ।

ਜਦੋਂ ਵੀ ਪਾਕਿਸਤਾਨ ਦੇ ਸ਼ਾਇਰ ਅਨਵਰ ਮਸੂਦ ਜੀ ਦੀ ਬਨੈਣ ਵਾਲੀ ਕਵਿਤਾ-'ਪਾਓ ਗੇ ਤੇ ਪੈਜਾਏਗੀ ਲਾਹੋਗੇ ਤੇ ਲਹਿਜਾਏਗੀ' ਲੱਗਦੈ ਓਹਨਾਂ ਨੂੰ  ਇਸ ਕਹਾਣੀ ਦਾ ਪਤਾ ਹੋਵੇਗਾ।

ਅਮਰਗੜ੍ਹ  ਸਕੂਲ ਵਿਚ ਇੱਕ ਡੁੱਡਾ ਬਾਬਾ ਹੁੰਦਾ ਸੀ ਜੋ ਕਿ ਬੋਰਡਿੰਗ ਦੇ ਲੰਗਰ ਵਾਸਤੇ  ਸਕੂਲ ਦੀ ਵੱਡੀ ਸਾਰੀ ਬਗੀਚੀ ਵਿੱਚ ਸਬਜ਼ੀਆਂ ਉਗਾ ਕੇ ਰੱਖਦਾ ਸੀ। ਸਾਰੇ ਵਿਦਿਆਰਥੀ  ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਸ਼ਾਮ  ਨੂੰ ਛੁੱਟੀ ਤੋਂ ਮਗਰੋਂ ਵਿਦਿਆਰਥੀ  ਅਤੇ ਵਿਦਿਆਰਥਣਾਂ ਬਾਬਾ ਜੀ ਨਾਲ ਕੰਮ  ਕਰਵਾਂਦੇ ਸਨ। (ਸਕੂਲ ਦੇ ਨਾਂ ਕਾਫੀ ਜ਼ਮੀਨ ਸੀ, ਜਿਸ ਤੇ ਪੂਰੇ ਦਾ ਪੂਰਾ ਸਕੂਲ ਯਥਾ ਯੋਗ ਕੰਮ ਕਰਵਾਉਂਦਾ ਰਹਿੰਦਾ ਸੀ) ਇੱਕ ਵਾਰ ਬਾਬਾ ਜੀ ਨੇ ਗੰਢਿਆਂ ਦੀ ਪਨੀਰੀ ਲਾਉਣ ਲਈ ਸਾਡੀ ਕਲਾਸ ਨੂੰ ਸੱਦਿਆ। ਅਤੇ ਸਾਨੂੰ ਹਦਾਇਤ ਕੀਤੀ ਕਿ ਜਿਸ ਗੰਢੇ ਦੀਆਂ ਜੜਾਂ੍ਹ ਨਹੀਂ ਹਨ ਓਹ ਨਾ ਲਾਇਓ, ਓਹ ਤੁਸੀਂ ਚਟਣੀ ਵਾਸਤੇ ਰੱਖ ਲੈਣੇ। ਅਸੀਂ ਅੱਖ ਬਚਾ ਕੇ ਨਹੁੰ ਨਾਲ ਗੰਢੇ ਦੀ ਜੜ੍ਹ ਤੋੜ ਦੇਣੀ ਅਤੇ ਜ਼ੋਰ ਦੀ ਦੱਸਣਾ- ਬਾਬਾ ਜੀ ਇਕ ਹੋਰ ਗੰਢੇ ਦੀ ਜੜ੍ਹ ਹੈ ਨਹੀਂ।' ਬਾਬਾ ਜੀ ਨੇ ਕਹਿਣਾ-ਇਹ ਤੁਹਾਡਾ ਇਨਾਮ ਹੈ। ਪਰ ਜਦੋਂ ਬਾਬਾ ਜੀ ਨੂੰ ਹੱਦੋਂ ਵੱਧ ਆਵਾਜ਼ਾਂ ਆਉਣ ਲੱਗੀਆਂ ਤਾਂ ਓਹਨਾਂ ਸਾਡੀ ਚੋਰੀ ਫੜ੍ਹ ਲਈ। ਹੁਣ ਸੋਚੀਦੈ, ਕੀ ਓਹ ਚੋਰੀ ਦੀ ਭਾਵਨਾਂ ਸੀ ਕਿ ਇਕ ਬੱਚੇ ਦੇ ਮਨ ਦੀ ਕਾਢ ਸੀ ਜਾਂ ਓਹ ਗੰਢਾ ਐਡਾ ਵੱਡਾ ਖ਼ਜ਼ਾਨਾ ਲੱਗਦਾ ਸੀ ਕਿ, ਉਸ ਨੂੰ ਹਥਿਆਉਣ ਲਈ ਕੁਝ ਵੀ ਕਰਨਾਂ ਜਾਇਜ਼ ਲਗਦਾ ਸੀ। ਨਾਲ ਦੀ ਨਾਲ ਨਿਸ਼ਕਾਮ ਭਾਵਨਾਂ ਨਾਲ ਪਨੀਰੀ ਲਾਉਣ ਦੀ ਸੇਵਾ ਵੀ ਕਰੀ ਜਾਣੀ ਅਤੇ ਬਾਬਾ ਜੀ ਦੇ ਵਿਅਕਤੀਤਵ ਤੋਂ ਕੁਰਬਾਨ ਵੀ ਹੋ ਹੋ ਜਾਣਾ।       

ਵਿੱਦਿਆ ਪੱਖੋਂ (ਪੈਸੇ ਪੱਖੋਂ ਨਹੀਂ) ਸਾਡਾ ਪਰਵਾਰ ਪਿੰਡ ਵਿਚ ਸਭ ਤੋਂ ਅਗਾਂਹ ਵਧੂ ਮੰਨਿਆਂ ਜਾਂਦਾ ਸੀ। ਸਾਡੇ ਪਰਿਵਾਰ ਦਾ ਜ਼ਿਕਰ ਸਾਡੇ ਪਿੰਡ ਦੇ ਸ: ਕਰਤਾਰ ਸਿੰਘ-ਵਿੱਦਿਆ ਦੇ ਚਾਨਣ ਮੁਨਾਰੇ ਦੀ ਲਿਖਤ ਜੀਵਨੀ 'ਸੱਚੇ ਮਾਰਗ ਚਲਦਿਆ' ਵਿਚ ਵਿਸਥਾਰ ਨਾਲ ਕੀਤਾ ਗਿਆ ਹੈ। ਇਸੇ ਤਰਾਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੁਆਰਾ ਲਿਖਤ 'ਵਿਦਿਆਸਰ ਦਾ ਵਿਦਿਆਸਾਗਰ” (ਇਸ ਕਿਤਾਬ ਵਿਚ ਭਾਈ ਫੁੱਮਣ ਸਿੰਘ ਜੀ ਦੀ ਜੀਵਨੀ ਵੀ ਹੈ) ਵਿਚ ਵੀ ਸਾਡੇ ਪਰਿਵਾਰ ਬਾਰੇ ਵੇਰਵੇ ਨਾਲ ਲਿਖਿਆ ਹੈ।

ਰੱਬ  ਵਰਗੇ  ਇਨਸਾਨ  ਵੀ ਨੇ ਕੁਝ

ਇਸ ਦਿਲ ਦੇ ਮਹਿਮਾਨ ਵੀ ਨੇ ਕੁਝ

ਪਥਰੀਲੀ    ਇਸ   ਧਰਤੀ   ਉੱਤੇ

ਸੌ  ਸੁੱਖਾਂ  ਦੀ   ਖਾਣ  ਵੀ  ਨੇ  ਕੁਝ

ਇਹ ਭਾਈ ਫੁੱਮਣ ਸਿੰਘ ਜੀ ਦੇ ਪਰਚਾਰ  ਦਾ ਕਾਰਨ ਅਤੇ ਮਾਤਾ ਪਿਤਾ ਦਾ ਉਸ ਚਾਨਣ ਨੂੰ ਅਪਨਾਣ ਦਾ ਸਦਕਾ ਹੀ ਸੀ ਕਿ 1943-44 ਵਿਚ ਜਦੋਂ ਕਿ ਪਿੰਡਾਂ ਵਿਚ ਕੁੜੀਆਂ ਨੂੰ ਪੜ੍ਹਾਉਣ 'ਤੇ ਵੀ ਕਿੰਤੂ ਪ੍ਰੰਤੂ ਹੋਇਆ ਕਰਦੇ ਸਨ, ਤਾਂ ਸਭ ਤੋਂ ਵੱਡੀ ਭੈਣ ਧਨ ਕੌਰ ਦਾ ਵਿਆਹ ਸ: ਕਿਹਰ ਸਿੰਘ ਬੀ.ਏ ਨਾਲ, ਅਮਰਗੜ੍ਹ ਦੇ ਗੁਰਦਵਾਰੇ ਵਿੱਚ ਸਵਾ ਰੁਪਏ ਦੀ ਅਰਦਾਸ ਨਾਲ ਕੀਤਾ ਗਿਆ। ਇਹਨਾਂ ਦਾ ਸਾਡੇ ਪਰਿਵਾਰ ਵਿਚ ਸ਼ਾਮਲ ਹੋਣਾ ਪਿੰਡ ਵਾਸਤੇ ਵੀ ਇਕ ਯੁਗ ਪਲਟਾਊ ਸਾਬਤ ਹੋਇਆ ਅਤੇ ਪਿੰਡ ਦਾ ਵੀ ਵਿਦਿਆ ਵੱਲ ਰੁਝਾਨ ਵਧ ਗਿਆ। ਮਾਤਾ ਪਿਤਾ ਦੀਆਂ, ਲੜਕੀਆਂ ਲਈ ਵਰ ਲੱਭਣ ਲਈ, ਦੋ ਹੀ ਸ਼ਰਤਾਂ ਸਨ। ਲੜਕਾ ਪੜ੍ਹਿਆ ਲਿਖਿਆ ਹੋਵੇ ਅਤੇ ਸ਼ਰਾਬ ਨਾ ਪੀਂਦਾ ਹੋਵੇ। ਇਹ ਸ਼ਰਤਾਂ ਸਾਰੇ ਵਿਆਹਾਂ ਵਿਚ ਪੂਰੀਆਂ ਨਿਭੀਆਂ।

ਸੁਰਿੰਦਰ ਸੋਹਲ:  ਆਪਣੇ ਬਚਪਨ ਅਤੇ ਆਪਣੀ ਵਿਦਿਆ ਬਾਰੇ ਵਿਸਥਾਰ ਨਾਲ ਦੱਸੋ।

ਰਣਧੀਰ ਸਿੰਘ: ਸੁਰਿੰਦਰ ਜੀ, ਸ: ਕਿਹਰ ਸਿੰਘ ਜੀ ਮੇਰੇ ਜੀਜਾ ਜੀ ਦੀ ਪੋਸਟਿੰਗ ਰੇਲਵੇ ਦੇ ਅਕਾਊਂਟੈਂਟ ਦੀ ਪਦਵੀ ਤੇ ਕਲਕੱਤੇ ਹੋਈ ਹੋਈ ਸੀ। ਮੈਨੂੰ ਇਹ ਕਲਕੱਤੇ ਲੈ ਗਏ ਅਤੇ ਤੀਸਰੀ ਜਮਾਤ ਵਿਚ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਵਾ ਦਿੱਤਾ ਅਤੇ ਛੇਵੀਂ ਤੱਕ ਇਸੇ ਸਕੂਲ ਵਿਚ ਹੀ ਪੜ੍ਹਿਆ।

ਫਿਰ ਸ: ਕਿਹਰ ਸਿੰਘ ਜੀ ਦੀ ਬਦਲੀ ਰਾਜਪੁਰੇ  ਦੀ ਹੋ ਗਈ ਅਤੇ ਮੈਂ ਖਾਲਸਾ ਹਾਈ ਸਕੂਲ ਬਠਿੰਡੇ ਦਾਖਲ ਹੋ ਗਿਆ। ਮੈਟਰਿਕ ਏਥੋਂ  ਹੀ ਕੀਤੀ। ਇਸ ਸਕੂਲ ਵਿਚ ਮੇਰੇ ਜੀਜਾ ਜੀ ਗਿਆਨੀ ਗੁਰਦਿਆਲ ਸਿੰਘ ਜੀ ਪੰਜਾਬੀ ਅਤੇ  ਧਾਰਮਿਕ ਟੀਚਰ ਹੋਣ ਦੇ ਨਾਲ ਨਾਲ ਹਾਕੀ ਦੇ ਕੋਚ ਵੀ ਸਨ। ਇਹਨਾਂ ਦੀ ਸ਼ਖ਼ਸੀਅਤ ਤੋਂ ਮੈਂ ਬਹੁਤ ਪ੍ਰਭਾਵਤ ਹਾਂ। ਕਿਓਂਕਿ ਓਹਨੀਂ ਦਿਨੀ ਬਠਿੰਡੇ ਸਾਇੰਸ ਕਾਲਜ ਨਹੀਂ ਸੀ, 6.Sc ਲਈ ਬ੍ਰਜਿੰਦਰਾ ਕਾਲਜ ਫਰੀਦਕੋਟ ਦੋ ਸਾਲ ਲਾਏ। ਰੇਲਵੇ ਸਰਵਿਸ ਕਮਿਸ਼ਨ ਅਲਾਹਾਬਾਦ ਦੇ 1pprentice 1PW9 (1ssistant Permanent Way 9nspector) ਦਾ ਕੰਪੀਟੀਸ਼ਨ ਟੈਸਟ ਪਾਸ ਕਰਦੇ ਹੀ ਰੇਲਵੇ ਜੁਆਇੰਨ ਕਰ ਲਈ। 21, Jodhpur ”niversity ਤੋਂ ਨੌਕਰੀ ਕਰਦਿਆਂ ਕੀਤੀ। ਬੇਸ਼ੱਕ ਪਿੰਡ ਹੱਡੀਆਂ ਵਿਚ ਵਸਿਆ ਹੈ, ਪਰ ਕਲਕੱਤੇ ਦੇ ਓਹ ਚਾਰ ਸਾਲ ਹੱਡੀਆਂ ਦੀਆਂ ਹੱਡੀਆਂ ਵਿੱਚ ਰਚੇ ਹੋਏ ਹਨ। ਪਤਾ ਨਹੀਂ ਕਿਓਂ? ਬੰਗਾਲੀ ਲਿਖਣੀ ਪੜ੍ਹਨੀ ਨਹੀਂ ਸਿੱਖੀ, ਕਿਓਂਕਿ ਪੜਾ੍ਹਈ ਖਾਲਸਾ ਸਕੂਲ ਵਿਖੇ ਹੋਈ ਸੀ, ਪਰ ਬੰਗਾਲੀ ਬੋਲਣੀ ਤਾਂ ਗਵਾਂਢ ਅਤੇ ਗਲੀਆਂ 'ਚੋਂ ਆਪੇ ਆ ਗਈ, ਜੋ ਕਿ ਹਾਲੇ ਤੱਕ ਰਵਾਂ ਹੈ। ਬੰਗਲਾ ਗੀਤ ਵੀ ਯਾਦ ਹਨ ਕੁਝ। ਹੇਮੰਤ ਕੁਮਾਰ ਸਾਡੇ ਗਵਾਂਢ ਇਕ ਦੋਸਤ ਨੂੰ ਮਿਲਣ ਆਉਂਦਾ ਰਹਿੰਦਾ ਸੀ, ਰਿਕਸ਼ੇ 'ਤੇ ਅਤੇ ਅਸੀਂ ਉਸਦੇ ਗੀਤ ਸੁਣਦੇ ਰਹਿੰਦੇ ਅਤੇ ਫਿਰ ਗਾਉਂਦੇ।

ਤੀਸਰੀ ਚੌਥੀ ਦੀ ਗੱਲ ਹੋਵੇਗੀ।  ਕਲਕੱਤੇ, ਖਾਲਸਾ ਹਾਈ  ਸਕੂਲ ਵਿਚ ਪੜ੍ਹਦਾ ਸਾਂ। ਅਸੀਂ ਜਿਸ ਘਰ'ਚ ਕਿਰਾਏ 'ਤੇ ਰਹਿੰਦੇ ਸਾਂ, ਓਹਨਾਂ ਦਾ ਇੱਕੋ ਇੱਕ ਮੁੰਡਾ ਸੀ ਜਿਸ ਦਾ ਨਾਂ ਗੁੱਲੂ ਸੀ। ਓਹ ਮੈਥੋਂ 3-4 ਕੁ ਸਾਲ ਵੱਡਾ ਸੀ, ਅਤੇ ਸਾਡੀ ਉਮਰ ਦੇ ਬੱੱਚਿਆਂ ਲਈ ਰੋਲ ਮਾਡਲ ਹੀ ਸੀ। ਓਹ ਸਾਨੂੰ ਵਰਜ਼ਿਸ਼ ਕਰਨ ਲਈ ਪ੍ਰੇਰਦਾ। ਰੋਜ਼ ਸਵੇਰੇ ਦੌੜਨ ਲਈ ਨਾਲੇ ਆਪ ਜਾਂਦਾ ਅਤੇ ਨਾਲੇ ਸਾਨੂੰ ਵੀ ਲੈ ਜਾਂਦਾ। ਤਕਰੀਬਨ 6-7 ਮੁੰਡੇ ਹਾਫ਼ ਪੈਂਟਾਂ ਪਾਈ ਮੈਦਾਨ ਵਿਚ ਹਾਜ਼ਰ ਹੋ ਜਾਂਦੇ ਅਤੇ ਗ੍ਰਾਊਂਡ ਦੇ ਚੱਕਰ ਲਾਉਂਦੇ। ਉਸ ਨੇ ਕਿਹਾ ਸੀ ਕਿ ਸਵੇਰੇ ਸਵੇਰੇ ਕੱਚੇ ਭਿਉਂਤੇ ਹੋਏ ਕਾਲੇ ਛੋਲੇ ਖਾਣ ਨਾਲ ਸਿਹਤ ਬਣਦੀ ਹੈ। ਮੈਂ ਚਾਅ ਚਾਅ 'ਚ ਪਹਿਲੇ ਦਿਨ ਹੀ 2-3 ਮੁੱਠੀਆਂ ਕਾਲੇ ਛੋਲਿਆਂ ਦੀਆਂ ਰਾਤ ਨੂੰ ਹੀ  ਭਿਓਂ ਦਿਤੀਆਂ। ਓਹ ਸਵੇਰ ਤੱਕ ਫੁੱਲ ਕੇ 5-6 ਮੁਠੀਆਂ ਬਣ ਗਏ। ਮੇਰੀਆਂ ਦੋਵੇਂ ਜੇਬਾਂ ਹਾਫ਼ ਪੈਂਟ ਦੀਆਂ ਭਰ ਗਈਆਂ। ਜੋ ਬਚ ਗਏ ਓਹ ਮੈਂ ਓਥੇ ਹੀ ਖਾ ਲਏ। ਕੱਚੇ ਕੱਚੇ ਜਿਹੇ ਖਾਣ ਨੂੰ ਜੀ ਵੀ ਨਾ ਕਰੇ, ਪਰ ਸਿਹਤ ਦਾ ਵੀ ਖ਼ਿਆਲ। ਹੁਣ ਮੈਨੂੰ ਸੰਗ ਵੀ ਆਵੇ ਤੇ ਮੈਂ ਕਿਸੇ ਨੂੰ ਦੱਸਾਂ ਵੀ ਨਾ। ਸੋ ਗ੍ਰਾਊਂਡ ਵਿਚ ਦੌੜਦਾ ਵੀ ਜਾਵਾਂ ਤੇ ਛੋਲਿਆਂ ਨੂੰ ਆਸੇ ਪਾਸੇ ਖਿਲਾਰਦਾ ਵੀ ਜਾਵਾਂ। ਉਸ ਤੋਂ ਬਾਦ ਗੁੱਲੂ ਦੇ ਕਹਿਣ ਮੁਤਾਬਕ ਗਿਣ ਕੇ 31 ਦਾਣੇ ਹੀ ਭਿਓਂਦਾ।

ਜਦੋਂ 1950-51, ਵਿਚ ਜੀਜਾ ਜੀ ਦੀ ਬਦਲੀ ਰਾਜਪੁਰੇ  ਦੀ ਹੋ ਗਈ ਤਾਂ ਸਾਨੂੰ ਕਲਕੱਤਾ ਛੱਡਣਾ  ਪਿਆ। ਇਹ ਸਾਡੇ ਲਈ ਅਤੇ ਗੁੱਲੂ  ਦੇ ਪਰਿਵਾਰ ਲਈ ਬਹੁਤ ਹੀ ਦੁੱਖ ਦਾ ਵੇਲਾ ਸੀ।  ਮੈਂ ਤਾਂ  ਬੰਗਾਲੀ ਲਿਖਣੀ ਨਾ ਸਿੱਖ ਸਕਿਆ, ਭਾਵੇਂ ਬੋਲਦਾ ਤਾਂ ਬੰਗਾਲੀਆਂ ਵਾਂਗ ਹੀ ਸਾਂ, ਪਰ ਗੁੱਲੂ ਨੇ ਮੈਥੋਂ ਗੁਰਮੁਖੀ ਦੇ ਪੈਂਤੀ ਅੱਖਰ ਤੇ ਲਗਾਂ ਮਾਤ੍ਰਾਂ ਪੂਰੀ ਤਰਾਂ ਸਿੱਖ ਲਈਆਂ। ਜੀਜਾ ਜੀ ਰਾਜਪੁਰੇ ਚਲੇ ਗਏ ਅਤੇ ਮੈਂ ਆਪਣੇ ਪਿੰਡ ਸਿਵੀਆਂ ਅਤੇ ਖਾਲਸਾ ਹਾਈ ਸਕੂਲ ਬਠਿੰਡੇ ਸੱਤਵੀਂ' ਚ ਦਾਖਲ ਹੋਗਿਆ।

ਕੁਝ ਸਾਲ ਮੇਰਾ ਤੇ ਗੁੱਲੂ  ਦਾ ਚਿੱਠੀ ਪੱਤਰ ਚਲਦਾ ਰਿਹਾ, ਬੋਲੀ ਬੰਗਾਲੀ ਅਤੇ ਲਿੱਪੀ ਗੁਰਮੁਖੀ, ਜਿੰਨ੍ਹਾਂ ਵਿਚ ਅਸੀਂ ਦੋਨੇਂ ਮਾਹਿਰ ਸਾਂ। ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਆਪਣੀ ਆਪਣੀ ਦੁਨੀਆਂ ਵਿੱਚ ਇੱਕ ਦੂਜੇ ਨੂੰ ਗੁਆ ਲਿਆ।

ਅਸਲ ਵਿੱਚ ਓਹ ਦਿਨ ਗਵਾਚੇ ਨਹੀਂ ਸਨ ਸਿਰਫ਼ ਦੱਬੇ ਪਏ ਸਨ। 54 ਸਾਲਾਂ ਬਾਦ ਮੈਂ ਓਸੇ  ਪਤੇ ਤੇ ੬੬-2, Kansari Para Road, 2howanipur 'ਤੇ ਚਿੱਠੀ ਲਿਖੀ, ਕਿ ਓਹ ਦਿਨ ਹਾਲੇ ਵੀ ਪਾਣੀ ਦੇ ਭਰੇ ਬੱਦਲਾਂ ਵਾਂਗ ਮੇਰੀਆਂ ਅੱਖਾਂ 'ਚ ਤਰਦੇ ਤੇ ਵਰ੍ਹਦੇ ਰਹਿੰਦੇ ਹਨ। ਚਿੱਠੀ ਵਿਚ ਫ਼ੋਨ ਵੀ ਲਿਖਿਆ ਸੀ, ਸੋ ਕੁਝ ਦਿਨਾਂ ਬਾਦ ਓਹੀ ਆਵਾਜ਼ ਆਈ ਜਾਣੀ ਪਹਿਚਾਣੀ।

ਕਿਓਂ ਜਗਾ ਲਿਆ ਹੈ ਫਿਰ ਤੋਂ

ਸੌਂ ਗਿਆ ਸੀ ਪਿਆਰ ਚਿਰ ਤੋਂ

ਕੀ ਇਹ ਸੁੱਕਿਆ ਹੋਇਆ ਦਰਿਆ

ਲੰਘ ਗਿਆ ਸੀ ਤੇਰੇ ਸਿਰ ਤੋਂ

ਇਕ ਮੇਰੇ ਗਵਾਂਢ ਵਾਲੇ ਦੋਸਤ ਦੀ ਚਿੱਠੀ ਵੀ ਆ ਗਈ, ਜਿਸ ਨਾਲ ਕ੍ਰਿਕਟ ਅਤੇ ਫੁਟਬਾਲ ਖੇਡਿਆ ਕਰਦਾ ਸਾਂ।



ਸੱਜਣਾਂ ਦੇ ਖ਼ਤ ਆਏ ਨੇ

ਨਿਰਜਿੰਦ 'ਚ ਸਾਹ ਸਤ ਆਏ ਨੇ

ਕਾਗ਼ਜ਼ ਦੇ ਫੁੱਲ ਤਾਂ ਵੇਖੇ ਸਨ

ਫੁੱਲਾਂ ਦੇ ਕਾਗ਼ਜ਼ ਆਏ ਨੇ

ਬਚਪਨ ਦੀਆਂ ਖ਼ੁਸ਼ਬੋਆਂ  ਪਰਤ ਆਈਆਂ ਸਨ । ਇਹ ਯਾਤਰਾ ਤੀਰਥ ਯਾਤਰਾ ਵਰਗੀ ਸੀ, ਜਿਵੇਂ ਇਸ ਬਿਨਾ ਰੂਹ ਦੀ ਮੁਕਤੀ ਹੀ ਨਹੀਂ ਸੀ ਹੋਣੀ।

ਜੇ ਤੂੰ ਰੋਮ ਰੋਮ ਵਿਚ ਨਾ ਵੱਸਦਾ

ਤਾਂ ਕਿੰਜ ਅਸੀਂ ਰੱਬ ਨੂੰ ਸਮਝ ਲੈਂਦੇ

ਉਸ ਘਰ ਵਿਚ ਜਾਣ ਵੇਲੇ ਅਤੇ ਉਸ  ਘਰ ਚੋਂ ਆਣ ਵੇਲੇ ਮੈਂ ਬਹੁਤ ਰੋਇਆ।  ਗੁੱਲੂ ਵੀ ਬਹੁਤ ਰੋਇਆ।

ਰਣਧੀਰ ਨੇ ਅੱਜ ਰੋਣੈ

ਦਰਿਆ ਸਾਗਰ ਡਰਦੇ

ਸੁਰਿੰਦਰ ਸੋਹਲ: ਭਾਰਤ ਵਿਚ ਤੁਸੀਂ ਕਿਹੋ ਜਿਹੀ ਨੌਕਰੀ ਕਰਦੇ ਸੀ? ਉਸਦੇ ਕੁਝ ਅਨੁਭਵ ਸਾਂਝੇ ਕਰ ਸਕੋ ਤਾਂ!

ਰਣਧੀਰ ਸਿੰਘ: ਮੈਂ 1957 ਵਿਚ 1pprentice 1PW9 ਦੀ ਟਰੇਨਿੰਗ ਸ਼ਿਮਲੇ ਜੁਆਇੰਨ ਕੀਤੀ। ਇਹ ਤਿੰਨ ਸਾਲ ਦੀ ਟਰੇਨਿੰਗ ਦਿੱਲੀ, ਗ਼ਾਜ਼ੀਆਬਾਦ, ਬਠਿੰਡੇ, ਚੰਦੌਸੀ ਅਤੇ ਸ਼ਾਹਜਹਾਨਪੁਰ ਆਦਿ ਸ਼ਹਿਰਾਂ ਵਿਚ ਹੋਈ। ਇਸ ਟਰੇਨਿੰਗ ਦੌਰਾਨ ਰੇਲਵੇ ਟਰੈਕ ਜਿਸ ਨੂੰ Permanent Way ਆਖਦੇ ਹਨ, ਦੀ 9ndian Railway ਵੱਲੋਂ ਪੂਰੀ ਇੰਜਨੀਅਰਿੰਗ ਪੜਾ੍ਹਈ ਜਾਂਦੀ ਹੈ। ਰੇਲਵੇ ਟਰੈਕ ਦੇ ਮੈਟੀਰੀਅਲ ਬਾਰੇ, ਇਸ ਨੂੰ ਵਿਛਾਉਣਾ (Lay Out) ਕਿਵੇਂ ਹੈ, ਅਤੇ maintain ਕਿਵੇਂ ਕਰਨਾ ਹੈ।   ਤਿੰਨ ਸਾਲਾਂ ਬਾਦ 1PW9  ਦੀ ਪੋਸਟਿੰਗ ਜੋਧਪੁਰ ਡਿਵੀਜ਼ਨ ਵਿਚ 'ਮਾਰਵਾੜ ਜੰਕਸ਼ਨ' 'ਤੇ ਹੋਈ। ਚੌਦਾਂ ਸਾਲ 1PW9 / PW9 ਦੀ ਪੋਸਟ 'ਤੇ ਮਾਰਵਾੜ, ਪਾਲੀ, ਜੋਧਪੁਰ, ਜੈਸਲਮੇਰ, ਲਾਲੜੂ, ਪਟਿਆਲੇ, ਬਠਿੰਡੇ ਅਤੇ ਦਿੱਲੀ ਰਹੇ।

ਹਾਂ, ਇਕ ਵਾਰ ਅਸੀਂ ਮਾਰਵਾੜ-ਪਾਲੀ ਤੋਂ  ਦਿੱਲੀ ਲਈ ਰਵਾਨਾ ਹੋਏ। ਮਾਰਵਾੜ ਪਾਲੀ ਤੋਂ ਗੱਡੀ ਦੁਪਹਿਰੇ ਇਕ ਵਜੇ  ਰਵਾਨਾ ਹੋਈ ਅਤੇ ਮਾਰਵਾੜ-ਜੰਕਸ਼ਨ ਢਾਈ ਵਜੇ ਪਹੁੰਚ ਗਈ। ਹੁਣ ਦਿੱਲੀ ਵਾਸਤੇ  ਗੱਡੀ ਨੇ ਰਾਤ ਦੇ ਗਿਆਰਾਂ ਵਜੇ ਚੱਲਣਾ ਸੀ, ਇਸ ਗੱਲ ਦਾ ਪਤਾ ਸਾਡੇ ਟ੍ਰਾਲੀਮੈਨਾਂ (“rolly-men, ਜਿਹੜੇ ਟ੍ਰਾਲੀ ਧੱਕਦੇ ਹਨ) ਨੂੰ ਪਤਾ ਸੀ। ਹੋਇਆ ਇਹ ਕਿ ਅਸੀਂ ਆਪਣੇ ਕੁਆਰਟਰ ਦੀ ਚਾਬੀ ਤਾਲਾ ਲਗਾ ਕੇ ਬਾਹਰ ਵਰਾਂਡੇ ਵਿੱਚ ਹੀ ਭੁੱਲ ਕੇ ਰੱਖ ਆਏ। ਸਾਡੀ ਗੱਡੀ ਚੱਲਣ ਤੋਂ ਝੱਟ ਮਗਰੋਂ ਹੀ ਇਕ ਟ੍ਰਾਲੀਮੈਨ ਨੇ ਚਾਬੀ ਵੇਖ ਲਈ। ਉਸ ਦੇ ਮਨ'ਚ ਆਈ ਕਿ ਕਿਵੇਂ ਨਾ ਕਿਵੇਂ ਓਹ ਚਾਬੀ ਸਾਨੂੰ ਫੜਾਈ ਜਾਵੇ ਤਾਂ ਕਿ ਸਾਨੂੰ ਕੁਆਰਟਰ ਦੀ ਹਿਫ਼ਾਜ਼ਤ ਦੀ ਤਸੱਲੀ ਰਹੇ, ਕਿ ਉਸ ਚਾਬੀ ਨਾਲ ਮਗਰੋਂ ਕੋਈ ਕੁਆਰਟਰ ਨਾ ਖੋਲ੍ਹ ਲਵੇ।

ਸੋ ਓਹਨਾਂ ਰਲ ਕੇ ਇਕ ਸਕੀਮ ਬਣਾਈ  ਕਿ ਮਾਰਵਾੜ-ਪਾਲੀ ਤੋਂ ਇਕ ਗੈਂਗਮੈਨ (gang-man), ਜੋ ਕਿ ਰੇਲਵੇ ਲਾਈਨ ਨੂੰ maintain ਕਰਨ ਲਈ ਕੰਮ ਕਰਦੇ ਹਨ,। ਗੈਂਗ, ਇਕ 12 ਤੋਂ 15 ਗੈਨਗਮੈਨਾਂ ਦਾ ਗਰੁੱਪ ਹੁੰਦਾ ਹੈ, ਜੋ ਹਰ ਚਾਰ ਮੀਲ ਬਾਦ ਕੁਆਰਟਰਾਂ ਵਿਚ ਰਹਿੰਦਾ ਹੈ, ਇਹਨਾਂ ਦਾ ਇਨਚਾਰਜ mate-ਜਮਾਦਾਰ ਕਹਿਲਾਉਂਦਾ ਹੈ) ਚਾਬੀ ਲੈ ਕੇ ਦੌੜੇਗਾ ਅਤੇ ਹਰ ਚਾਰ ਮੀਲ ਤੇ ਓਹ ਚਾਬੀ ਅਗਲੀ ਗੈਂਗ ਵਾਲੇ ਗੈਂਗਮੈਨ ਨੂੰ ਦੇ ਕੇ ਦੌੜਾਵੇਗਾ ਅਤੇ ਓਹ ਚਾਬੀ ਸਾਡੇ ਕੋਲ ਮਾਰਵਾੜ-ਜੰਕਸ਼ਨ ਕੁਝ ਘੰਟਿਆਂ ਵਿਚ ਹੀ ਪਹੁੰਚ ਗਈ। ਇਹ relay-race ਚਾਰ ਗੈਂਗਮੈਨਾਂ ਨੇ ਪੂਰੀ ਕੀਤੀ।

ਇਸ ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਟ੍ਰਾਲੀਮੈਨ ਨੇ ਐਨੀ ਜ਼ਿੰਮੇਵਾਰੀ ਸਮਝੀ ਕਿ ਕਿਵੇਂ ਨਾ ਕਿਵੇਂ ਸਾਨੂੰ ਤਸੱਲੀ ਰਹੇ  ਕਿ ਸਾਡਾ ਕੁਆਰਟਰ ਸਾਡੇ ਮਗਰੋਂ ਤਾਲੇ ਨਾਲ ਸੁਰੱਖਿਅਤ ਹੈ। ਫਿਰ ਚਾਰ ਗੈਂਗਾਂ  ਚੋਂ ਚਾਰ ਗੈਂਗਮੈਨ, ਚਾਰ ਚਾਰ ਮੀਲ  ਦੌੜੇ ਸਿਰਫ਼ ਚਾਬੀ ਲੈਕੇ, ਬਿਨਾ ਕਿੰਤੂ ਪ੍ਰੰਤੂ ਦੇ। ਐਨੀ ਮੁਹੱਬਤ, ਗਰੀਬ ਭੋਲੇ ਕਾਮਿਆਂ ਦੀ,  ਉੱਤੋਂ ਵਾਰੇ ਵਾਰੇ  ਹੀ ਜਾਈਦਾ ਸੀ।

ਅੰਬਰ ਤੱਕ ਦੌੜ ਲਗਾਣੀ ਹੈ

ਅੰਬਰ ਤੱਕ ਦੌੜ ਰਵਾਨੀ ਹੈ

ਰਣਧੀਰ ਹਕੀਕਤ ਵਿਚ ਬਦਲੀਂ 

ਅੰਬਰ ਤੱਕ ਦੌੜ ਕਹਾਣੀ ਹੈ

(ਦੌੜਨ ਦਾ ਸ਼ੌਕ ਸ਼ੁਰੂ ਤੋਂ ਹੀ  ਹੈ। ਇਨਸਾਨ ਦੀ ਦੌੜ ਸਿਰਫ਼ ਧਰਤੀ  ਤੇ ਹੀ ਨਹੀ, ਅੰਬਰ ਤੱਕ ਵੀ ਹੈਂ)

ਜਦੋਂ ਕਦੇ ਰੇਲਵੇ ਲਾਈਨ ਦੇ ਹੇਠ  ਦੀ ਜ਼ਮੀਨ ਮੀਂਹ ਕਾਰਣ ਖੁਰ ਜਾਂਦੀ ਤਾਂ ਆਸ  ਪਾਸ ਤੋਂ ਦਰਜਣਾਂ ਗੈਂਗਾਂ ਉਸ  ਨੂੰ ਮੁਰੰਮਤ ਕਰਨ ਲਈ ਭੇਜ ਦਿੱਤੀਆਂ  ਜਾਂਦੀਆਂ। ਇਸੇ ਤਰਾਂ ਇਕ ਵਾਰ ਰਾਨੀਵਾੜੇ ਕੋਲ ਬਾਰਸ਼ ਨੇ ਰੇਲ-ਪਟੜੀ ਹੇਠੋਂ ਜ਼ਮੀਨ ਖੋਰ  ਦਿੱਤੀ ਅਤੇ ਕਈ ਗੈਂਗਾਂ ਮੁਰੰਮਤ ਵਾਸਤੇ ਤੈਨਾਤ ਹੋ ਗਈਆਂ। ਮੈਂ ਵੀ ਆਪਣੀਆਂ ਦੋ ਗੈਂਗਾਂ ਲੈ ਕੇ ਪਹੁੰਚ ਗਿਆ। ਕਿਓਂਕਿ ਕੰਮ ਦਿਨ ਰਾਤ ਚੱਲਣਾ ਹੁੰਦਾ ਸੀ, ਖਾਣੇ ਵਾਸਤੇ ਰੇਲਵੇ ਵੱਲੋਂ ਹਲਵਾਈ ਬੁਲਵਾਏ ਜਾਂਦੇ ਅਤੇ ਹਰ ਇਕ ਕਾਮੇ ਨੂੰ ਇੱਕ ਖ਼ੁਰਾਕ (ਅੱਠ ਪੂਰੀਆਂ, 400 ਗ੍ਰਾਮ ਸਬਜ਼ੀ ਅਤੇ 300 ਗ੍ਰਾਮ ਮਠਿਆਈ) ਦਿੱਤੀ ਜਾਂਦੀ। ਮੇਰੀ ਗੈਂਗ ਵਿਚ ਇੱਕ 6 ਫੁਟ ਲੰਮਾਂ ਤਕੜਾ ਜਵਾਨ ਗੈਂਗਮੈਨ ਸੀ ਜਿਸ ਦਾ ਨਾਂ ਮੇਘਾ ਸੀ। ਉਸ ਦੇ ਕੱਦਕਾਠ, ਹੱਸਮੁਖ ਸੁਭਾਅ ਅਤੇ ਕੰਮ ਕਰਨ ਦੀ ਫੁਰਤੀ ਦੀ ਚਰਚਾ ਸੀ। ਜਦੋਂ ਕੰਮ ਕਰਨ ਮਗਰੋਂ ਖਾਣ ਦੀ ਵਾਰੀ ਆਈ ਤਾਂ ਮੈਨੂੰ ਲੱਗਾ ਕਿ ਮੇਘਾ ਇੱਕ ਖ਼ੁਰਾਕ ਹੋਰ ਖਾ ਸਕਦਾ ਹੈ। ਮੈਂ ਚੀਫ਼ ਇੰਜੀਨੀਅਰ ਨੂੰ ਕਿਹਾ ਕਿ ਮੇਘਾ ਨੂੰ ਇਕ ਖ਼ੁਰਾਕ ਹੋਰ ਦਿੱਤੀ ਜਾਵੇ। ਚੀਫ਼ ਇੰਜੀਨੀਅਰ ਵੀ ਓਥੇ ਆ ਗਿਆ ਅਤੇ ਉਸ ਨੇ ਖ਼ੁਸ਼ੀ ਨਾਲ ਉਸ ਨੂੰ ਇਕ ਖ਼ੁਰਾਕ ਹੋਰ ਦਿੱਤੀ। ਉਸ ਨੇ ਓਹ ਵੀ ਖਾ ਲਈ ਅਤੇ ਇਸ਼ਾਰੇ ਨਾਲ ਇੱਕ ਹੋਰ ਖ਼ੁਰਾਕ ਦੀ ਮੰਗ ਕੀਤੀ। ਮੇਘਾ ਹਰਮਨ ਪਿਆਰਾ ਸੀ। ਆਸ ਪਾਸ ਭੀੜ ਲੱਗ ਗਈ ਅਤੇ ਇੱਕ ਖ਼ੁਰਾਕ ਹੋਰ ਮੇਘਾ ਲਈ ਆ ਗਈ। ਮੇਘਾ ਹੁਣ ਰੱਜ ਗਿਆ ਸੀ, ਪਰ ਓਹ ਹੁਬਕੀਂ ਹੁਬਕੀਂ ਰੋਣ ਲੱਗ ਪਿਆ ਸੀ। ਰੋਣ ਦਾ ਕਾਰਣ ਪੁੱਛਿਆ, ਤਾਂ ਉਸ ਮੁਸ਼ਕਿਲ ਨਾਲ ਇਹ ਕਿਹਾ,'ਜੀ ਜ਼ਿੰਦਗੀ ਮਂੇ ਪਹਿਲੀ ਬਾਰ ਪੇਟ ਭਰ ਕੇ ਖਾਇਆ ਹੈ।'    

ਨਿੱਖਰਿਐਂ

ਰੋਇਆ ਕੀ ?

ਗਰੀਬ ਲੋਕ, ਰੇਲਵੇ ਲਾਈਨ ਤੋਂ, ਇੰਜਨ  ਚੋਂ ਡਿੱਗਿਆ ਕੋਲਾ ਚੁਣਿਆ ਕਰਦੇ ਸਨ।  ਅੱਜ ਕੱਲ੍ਹ ਡੀਜ਼ਲ ਅਤੇ ਬਿਜਲੀ ਦੇ ਇੰਜਣ  ਹੋਣ ਕਰਕੇ ਕੋਲਾ ਹੁੰਦਾ ਹੀ ਨਹੀਂ। ਰੇਲਵੇ  ਦੇ ਕਾਨੂੰਨ ਅਨੁਸਾਰ ਇਹ ਗ਼ੈਰਕਾਨੂੰਨੀ (ਚੋਰੀ) ਸੀ, ਇਕ ਤਾਂ ਇਹ ਕੋਇਲਾ ਰੇਲਵੇ ਦੇ ਆਪਣੇ ਮਜ਼ਦੂਰਾਂ ਰਾਹੀਂ ਚੁਣਿਆ ਜਾਂਦਾ ਸੀ ਅਤੇ ਓਹ ਸਸਤੇ ਭਾ ਤੇ ਰੇਲਵੇ ਕਰਮਚਾਰੀਆਂ ਨੂੰ ਵੇਚਿਆ ਜਾਂਦਾ ਸੀ, ਦੂਜੇ ਰੇਲਵੇ ਲਾਈਨ ਤੇ ਆਮ ਜਨਤਾ ਦਾ ਆਉਣਾ ਹੀ ਮਨਾਹ ਹੈ, ਤਾਂ ਕਿ ਕੋਈ ਗੱਡੀ ਥੱਲੇ ਨਾ ਆ ਜਾਵੇ। ਇਕ ਵਾਰ ਇਕ ਜਮਾਦਾਰ ਨੇ ਇਕ 19-20 ਸਾਲ ਦੇ ਮੁੰਡੇ ਨੂੰ ਫੜ੍ਹ ਕੇ ਮੇਰੇ ਕੋਲ ਲਿਆਂਦਾ ਅਤੇ ਕਿਹਾ ਕਿ  ਇਹ ਰੇਲਵੇ ਲਾਈਨ ਤੋਂ ਕੋਲਾ ਚੁਣਦਾ ਸੀ, ਸੋ ਇਸ ਨੂੰ ਠਾਣੇ ਪੇਸ਼ ਕੀਤਾ ਜਾਵੇ। ਮੈਂ ਉਸ ਨੂੰ ਪੁਛਿਆ, ਕਿ ਓਹ  ਕੋਲਾ ਚੋਰੀ ਕਿਓਂ ਕਰ ਰਿਹਾ ਸੀ। ਤਾਂ ਉਸ ਅੱਖਾਂ ਭਰ ਕੇ ਕਿਹਾ,'ਜੀ ਰੋਟੀ ਪਕਾਨੇ ਕੇ ਲੀਏ।' ਮੈਂ ਕਿਹਾ ਕਿ ਕੋਲਾ ਬਾਜ਼ਾਰੋਂ ਮਿਲਦਾ ਹੈ।

'ਜੀ ਪੈਸਾ ਕਹਾਂ ਹੈ, ਬਾਜ਼ਾਰ ਕੇ ਲੀਏ!'

ਮੈਂ ਕਿਹਾ,' ਮਿਹਨਤ ਮਜ਼ਦੂਰੀ ਕਰਨ ਨਾਲ  ਪੈਸਾ ਮਿਲਦਾ ਹੈ।'

'ਜੀ ਕਾਮ ਤੋ ਮਿਲਤਾ ਨਹੀਂ।'

'ਕਿਆ ਤੁਮ ਕਾਮ ਕਰਨਾ ਚਾਹਤੇ ਹੋ?'

'ਜੀ ਹਾਂ'

ਮੈਂ ਜਮਾਦਾਰ ਨੂੰ ਕਿਹਾ ਇਸ ਨੂੰ ਕੱਚੀ ਗੈਂਗ 'ਚ ਭਰਤੀ ਕਰ ਲਵੋ।

ਜਮਾਦਾਰ ਨੇ ਸਵਾਲ ਕੀਤਾ,'ਜੀ ਇਕ ਚੋਰ  ਕੋ?'

ਮੈਂ ਕਿਹਾ,'ਜਬ ਭਰਤੀ ਹੋ ਗਿਆ ਤੋ ਚੋਰ ਕਹਾਂ ਰਹਿ ਜਾਏਗਾ, ਗੈਂਗਮੈਨ ਬਨ ਜਾਏਗਾ।'

ਉਸ ਮੁੰਡੇ ਦਾ ਨਾਂ ਤੇਜਾ ਸੀ। ਆਮ  ਕੱਚੀ ਗੈਂਗ ਵਾਲੇ ਗੈਂਗਮੈਨ 10-15 ਸਾਲਾਂ 'ਚ ਜਮਾਦਾਰ ਬਣ ਜਾਂਦੇ ਸਨ, ਪਰ ਤੇਜਾ ਆਪਣੀ ਲਗਨ ਤੇ ਮਿਹਨਤ  ਸਦਕਾ ਚਾਰ ਸਾਲਾਂ ਵਿਚ ਹੀ ਜਮਾਦਾਰ ਬਣ ਗਿਆ। 

ਪਾਲੇਗਾ

ਪਾਲ ਸਮਾਂ

ਇੱਕ ਟ੍ਰਾਲੀਮੈਨ ਦਾ ਨਾਂ ਨੱਗਾ ਸੀ । ਜੇ ਕਦੇ ਉਸ ਨੂੰ ਪੁੱਛਣਾ,'ਨੱਗਾ ਚਾਏ ਪੀਓਗੇ?'

ਤਾਂ ਉਸ ਨੇ ਜਵਾਬ ਦੇਣਾ,'ਜੀ ਦੁਬਾਰਾ ਮੱਤ ਪੂਛਨਾ, ਮੁਝ ਸੇ ਨਾਂ ਨਹੀਂ ਹੋ ਸਕੇਗੀ'

ਜੇ ਕੋਈ ਬੱਚਾ ਜਾਂ ਜਵਾਨ ਕਿਸੇ ਬਜ਼ੁਰਗ ਨਾਲ ਬਹਿਸ ਕਰੇ ਤਾਂ ਬਜ਼ੁਰਗ  ਇਸ ਕਹਾਵਤ ਦਾ ਸਹਾਰਾ ਲੈਂਦੇ ਸਨ,'ਬੇਟਾ  ਜਿਤਨਾ ਮੈਨੇ ਨਮਕ ਖਾਇਆ ਹੈ ਤੁਮ ਨੇ ਅਭੀ ਉਤਨਾ ਆਟਾ ਭੀ ਨਹੀਂ ਖਾਇਆ।'

ਸੁਰਿੰਦਰ ਸੋਹਲ: ਭਾਰਤ ਦੀ ਏਨੀ ਚੰਗੀ ਨੌਕਰੀ ਛੱਡ ਕੇ ਅਮਰੀਕਾ ਆਉਣ ਦਾ ਖਿਆਲ ਕਿਵੇਂ ਆਇਆ?

ਰਣਧੀਰ ਸਿੰਘ: ਜੇ ”S1 ਆਉਣ ਤੋਂ ਪਹਿਲਾਂ ਮੇਰੀ ਪੋਸਟਿੰਗ PW9 3entral Planning-2aroda 8ouse ਦੀ ਦਿੱਲੀ ਦੀ ਨਾ ਹੁੰਦੀ, ਤਾਂ ਅਸੀਂ Swied ”S1 ਨਾ ਆਉਂਦੇ। ਹੋਇਆ ਇਹ ਕਿ ਦਿੱਲੀ ਵਿਚ ”S1 ਆਉਣ ਦੇ ਇੱਛੁਕ ਬਹੁਤ ਸਾਰੇ ਸਨ ਅਤੇ ਸਬੱਬ ਨਾਲ ਕੁਝ ਮੇਰੇ ਜਾਨਣ ਵਾਲੇ ਵੀ ਸਨ। ਆਪਣੇ ਓਥੇ ਤਾਂ ਜਾਣ ਪਛਾਣ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਤੁਹਾਡਾ ਤਾਇਆ ਕੀ ਕਰਦਾ ਹੈ ਅਤੇ ਤੁਹਾਡਾ ਫੁੱਫੜ ਕਿੱਥੇ ਵਿਆਹਿਆ ਹੈ। ਸੋ ਓਹਨਾਂ ਨੂੰ ਪਤਾ ਸੀ ਕਿ ਮੇਰੀ ਪਤਨੀ ਅਜਮੇਰ ਕੌਰ ਨੇ ਨਰਸਿੰਗ ਕੀਤੀ ਹੋਈ ਹੈ। ਇਕ ਦੋਸਤ ਨੇ ਕਿਹਾ,'ਨਰਸਾਂ ਲਈ ”S1 ਨੇ ਇਮੀਗ੍ਰੇਸ਼ਨ ਖ੍ਹੋਲੀ ਹੋਈ ਹੈ, ਜੇ ਮੇਰੀ ਪਤਨੀ ਨਰਸ ਹੁੰਦੀ ਤਾਂ ਮੈਂ ਕਦੋਂ ਦਾ ”S1 ਚਲਾ ਗਿਆ ਹੁੰਦਾ'।

ਗੱਲ ਕੀ ਇਕ ਹੋਰ ਦੋਸਤ, ਜਿਸ ਦੀ ਪਤਨੀ ਨਰਸ ਹੀ ਸੀ, ਨੇ ਮੈਨੂੰ ਉਸ ਨਾਲ ਅਮੈਰੀਕਨ  ਅੰਮਬੈਸੀ ਜਾਣ ਲਈ ਕਿਹਾ, ਅਤੇ ਰਾਹ  ਵਿਚ ਮੈਨੂੰ ਕਿਹਾ ਇਕ ਅਰਜ਼ੀ ਇਮੀਗ੍ਰੇਸ਼ਨ  ਦੀ ਭਰ ਦੇ, ਆਪਣੀ ਪਤਨੀ ਦੇ ਨਾਮ, ਅਤੇ ਜੇ ਨਹੀਂ ਜਾਣਾ ਤਾਂ ਨਾ ਜਾਇਓ। ਵਸਦੇ ਰਸਦੇ ਘਰ ਵਿਚ ਖਲਬਲੀ ਜਿਹੀ ਮੱਚ ਗਈ। ਜ਼ਿਆਦਾ ਤਰ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ”S1 ਜਾਣ ਦੀ ਹੀ ਹਾਮੀਂ ਭਰੀ। ਅਰਜ਼ੀ ਭਰ ਦਿੱਤੀ ਗਈ, ਅਤੇ ਪਤਾ ਓਦੋਂ ਲੱਗਾ ਜਦ ਕੁਝ ਮਹੀਨਿਆਂ ਬਾਦ ਇੰਟਰਵੀਊ ਅਤੇ ਮੈਡੀਕਲ ਦੇ ਫਾਰਮ ਆ ਗਏ , 1ffidavit of Support ਅਜਮੇਰ ਕੌਰ ਦੀ ਭੈਣ ਬਲਦੇਵ ਕੌਰ ਨੇ ਭੇਜ ਦਿੱਤਾ। ਮੁਕਦੀ ਗੱਲ, ਸਾਰਾ ਕੰੰਮ ਏਨੇ ਸੌਖੇ ਢੰਗ ਨਾਲ ਹੋਇਆ ਕਿ ਅਸੀਂ ਬੱਚਿਆਂ ਸਣੇ ਗ੍ਰੀਨ ਕਾਰਡ ਲੈ ਕੇ ਅਮਰੀਕਾ ਆ ਗਏ। ਓਹਨੀਂ ਦਿਨੀਂ ਗ੍ਰੀਨ ਕਾਰਡ J6K 1irport ਤੇ ਹੀ ਦੇ ਦਿੰਦੇ ਸਨ ।

ਸਾਗਰ ਪਾਰ ਚਲੀ ਜਾਣੀ

ਬੇਸ਼ੱਕ ਕਿਤਨੀ ਛੱਲ ਛੋਟੀ

ਅਮਰੀਕਾ ਅਸੀਂ ਸ਼ਨਿਚਰਵਾਰ ਆਏ, ਐਤਵਾਰ ਆਰਾਮ ਕੀਤਾ। ਗਰੀਨ ਕਾਰਡ ਤਾਂ ਏਅਰਪੋਰਟ ਤੇ ਹੀ ਮਿਲ ਗਿਆ ਸੀ। ਸੋਮਵਾਰ ਨੂੰ ਸਵੇਰੇ ਪਤਨੀ ਨਾਲ ਸੋਸ਼ਲ ਸਕਿਓਰਟੀ ਨੰਬਰ ਲੈ ਲਿਆ, ਅਤੇ ਸ਼ਾਮ ਨੂੰ ਇਕ ਇੰਪਲਾਇਮੈਂਟ ਏਜੈਂਸੀ ਸਦਕਾ ਮੰਗਲਵਾਰ ਤੋਂ ਇਕ ਮਸ਼ੀਨ ਔਪਰੇਟਰ ਦੀ ਜਾਬ ਤੇ ਤੈਨਾਤ ਹੋ ਗਿਆ। ਕੁਝ ਮਹੀਨੇ ਕੰਮ ਵੀ ਕਰਦਾ ਰਿਹਾ ਅਤੇ ਕੋਈ ਟੈਕਨੀਕਲ ਕੰਮ ਦੀ ਤਲਾਸ਼ ਵੀ ਜਾਰੀ ਰਹੀ। Long 9sland Rail Road ਅਤੇ Sub-Way ਵਾਲੇ  Lay Off ਕਰ ਰਹੇ ਸਨ। ਸੋ ਹਿੰਦੋਸਤਾਨ ਦਾ ਰੇਲਵੇ ਦਾ ਤਜਰਬਾ ਧਰਿਆ ਧਰਾਇਆ ਰਹਿ ਗਿਆ। ਕੋਲ ਹੀ 5agle 5lectric Manufacturing 3ompany ਵਿਚ Quality 3ontrol 9nspector ਲੱਗ ਗਿਆ।

ਇਕ ਫੋਰਮੈਨ ਸੀ ਰੂਬਿਨ, ਜਦ ਵੀ ਕਦੀ ਉਸ  ਨੂੰ ਕਿਸੇ ਕੁਆਲਿਟੀ ਦੀ ਕਮੀ ਹੋਣ ਦੀ ਰਪੋਰਟ ਕਰਨੀ, ਤਾਂ ਓਹ ਹਮੇਸ਼ਾ ਕਹਿੰਦਾ “We are making switches, not 2ulova Watches” (ਬੁਲੋਵਾ ਵਾਚ ਕੰਪਨੀ ਵੀ ਨੇੜੇ ਹੀ ਸੀ)। ਓਹ ਬ੍ਰੀਕੀਆਂ ਤੋਂ ਚਲਦਾ ਸੀ। ਇਕ ਵਾਰ 2ulova Watch 3ompany ਦਾ Quality 3ontrol 9nspector ਦੀ ਜਾਬ ਲਈ ਇਸ਼ਤਿਹਾਰ ਆ ਗਿਆ, ਅਤੇ ਰੂਬਿਨ ਨੇ ਕਿਹਾ,'R4 (ਈਗਲ ਕੰਪਨੀ ਵਿਚ ਮੈਨੂੰ R4 ਕਹਿ ਕੇ ਬੁਲਾਂਦੇ ਸਨ), this job is for you”. ਮੇਰੇ ਹੱਥ ਵਿਚ ਵੀ ਜਦ ਉਸ ਨੇ ਓਹੀ ਇਸ਼ਤਿਹਾਰ ਵੇਖਿਆ ਤਾਂ, ਉਸ ਨੇ ਮੇਰੇ ਚੀਫ਼ ਇੰਜੀਨੀਅਰ ਨੂੰ ਫ਼ੋਨ ਕਰ ਦਿੱਤਾ ਕਿ  R4 ਨੂੰ 2ulova Watch 3ompany ਵਾਲਿਆਂ ਨੇ ਰੱਖ ਲੈਣਾ ਹੈ, ਕਿਓਂਕਿ ਓਹ ਬਹੁਤ ਬ੍ਰੀਕੀ ਵਿਚ ਜਾਂਦਾ ਹੈ। ਉਸੇ ਦਿਨ ਮੈਨੂੰ ਚੀਫ਼ ਇੰਜੀਨੀਅਰ ਨੇ ਸੱਦਿਆ ਅਤੇ ਮੈਨੂੰ “Manufacturing 5ngineer” ਪ੍ਰੋਮੋਟ ਕਰ ਦਿੱਤਾ ਗਿਆ।

ਖੰਭ ਖੁੱਲ੍ਹਣਗੇ

ਅੰਬਰ  ਖੋਲ੍ਹੋ

ਦਸਵੀਂ 70% ਨੰਬਰ ਲੈ ਕੇ ਫ਼ਸਟ  ਡਿਵੀਜ਼ਨ ਵਿਚ ਪਾਸ ਕੀਤੀ ਸੀ। ਰੇਲਵੇ  ਦੀ 14 ਸਾਲ ਦੀ ਸਰਵਿਸ ਵਿਚ 15 ਵਾਰ  1ward ਮਿਲਿਆ ਸੀ। 5agle 5lectric ਵਿਚ ਵੀ ਸਭ ਤੋਂ ਵੱਡਾ Suggestion 1ward, M1200 ਦਾ ਮੈਨੂੰ ਹੀ ਮਿਲਿਆ ਸੀ । ਪਰ ਘੁਮੰਡ ਵਾਲੀ ਗੱਲ ਨਹੀਂ। ਸਿਰਫ਼ ਜਾਨਕਾਰੀ ਲਈ ਦੱਸ ਰਿਹਾ ਹਾਂ। 25 ਸਾਲ 8 ਮਹੀਨੇ 5agle 5lectric ਦੀ ਬੜੀ ਹੀ meritorious ਸਰਵਿਸ ਰਹੀ। ਹਰ ਕਿਸਮ ਦੇ employees ਨਾਲ ਬਹੁਤ ਹੀ ਸਦਭਾਵਨਾ ਵਾਲਾ ਰਿਸ਼ਤਾ ਰਿਹਾ। ਹੁਣ ਰਿਟਾਇਰ ਹਾਂ।

ਬਹੁਤ ਨਿਮਾਣਾ ਰਣਧੀਰ  ਹਾਂ

ਨਾ  ਸ਼ੇਖ਼ੀ  ਨਾ ਸ਼ੇਖ਼  ਆਂ  ਮੈਂ

ਸੁਰਿੰਦਰ ਸੋਹਲ: ਤੁਹਾਨੂੰ ਲਿਖਣ ਦੀ ਚੇਟਕ ਕਿਵੇਂ ਲੱਗੀ? ਵਿਸਥਾਰ ਨਾਲ ਦੱਸੋ।

ਰਣਧੀਰ ਸਿੰਘ: ਕਿਸੇ ਕਲੱਰਕ ਨੂੰ ਪੁੱਛੋ ਕਿ ਉਸ ਨੂੰ ਫਾਈਲਾਂ ਦੇ ਜਵਾਬ ਵਿੱਚ ਚਿੱਠੀਆਂ ਲਿਖਣ ਦੀ ਚੇਟਕ ਕਿਵੇਂ ਲੱਗੀ? ਇਹ ਤਾਂ ਉਸ ਦਾ ਕਿੱਤਾ ਹੈ। ਹੁਣ ਤੁਸੀਂ ਪੁੱਛੋਂਗੇ ਕਿ ਕੀ ਕਵਿਤਾ ਲਿਖਣਾ ਤੁਹਾਡਾ ਕਿੱਤਾ ਹੈ ਤਾਂ ਕਿਸੇ ਹੱਦ ਤੱਕ ਜਾਵਾਬ ਹਾਂ ਵਿਚ ਹੀ ਮਿਲੇਗਾ। ਬਹੁਤ ਸਾਰੇ ਲਿਖਾਰੀਆਂ 'ਤੇ ਇਹ ਜਵਾਬ ਢੁਕੇਗਾ, ਜ਼ਰਾ ਧਿਆਨ ਨਾਲ ਸੁਣਨਾਂ। ਹਰ ਮਨੁੱਖ ਕਵੀ ਤੇ ਗਾਇਕ ਹੁੰਦਾ ਹੈ। ਗੱਲ ਸਿਰਫ ਉਸ ਨੂੰ ਪਛਾਨਣ ਅਤੇ ਨਿਖਾਰਨ ਦੀ ਹੈ। ਜਦ ਇਕ ਔਰਤ ਕਿਸੇ ਨੂੰ ਅਸੀਸ ਦਿੰਦੀ ਹੈ,'ਜਿਊਂਦੀ ਰਹਿ, ਤੇਰੇ ਬੱਚੇ ਜੀਣ, ਬੁੱਢ ਸੁਹਾਗਣ ਹੋਵੇਂ, ਜਵਾਨੀਆਂ ਮਾਣੇ' ਲਗਦਾ ਹੈ ਇਹ ਰਟੇ ਰਟਾਏ ਬੋਲ ਹਨ, ਪਰ ਕਈ ਵਾਰ ਆਪਣੀ ਰਚੀ ਅਸੀਸ,'ਰੱਖ ਰੱਖ ਭੁੱਲੇਂ' ਤਾਂ ਇਹ ਰਚਨਾ ਹੋ ਗਈ। ਮੇਰੀ ਪੋਤੀ ਰੂਪਦੀਪ, ਓਦੋਂ 5 ਕੁ ਸਾਲ ਦੀ, ਨੂੰ ਮੈਂ ਫ਼ੋਨ 'ਤੇ ਕਹਿ ਰਿਹਾ ਸੀ ਕਿ ਅਸੀਂ next day ਆ ਰਹੇ ਹਾਂ, ਤਾਂ ਉਸ ਦੁਹਰਾਇਆ “Nexterday”? hux Nexterday” ਨਵਾਂ ਸ਼ਬਦ ਹੈ, next day ਅਤੇ    yesterday ਦਾ ਮਿਸ਼੍ਰਣ । ਕਵਿਤਾ ਹਰ ਇਕ ਦਾ ਹੀ ਕਿੱਤਾ ਹੋਇਆ ਨਾ ।

ਸੋਚ ਨੂੰ

ਸਤਰ ਦੇ

ਸੁਰਿੰਦਰ ਸੋਹਲ: ਏਨੀ ਛੋਟੀ ਬਹਿਰ ਵਿਚ ਲਿਖਣ ਦਾ ਖਿਆਲ ਕਿਵੇਂ ਆਇਆ? ਇਸ ਦੀ ਪ੍ਰੇਰਣਾ ਦਾ ਮੁੱਖ ਸਰੋਤ ਕੀ ਸੀ ?

ਰਣਧੀਰ ਸਿੰਘ:  ਜ਼ਿਆਦਾਤਰ ਮੈਨੂੰ ਛੋਟੀ ਬਹਿਰ ਕਰ ਕੇ ਹੀ ਜਾਣਿਆ ਜਾਂਦਾ ਹੈ ਅਤੇ ਬਾਕੀ ਦੀਆਂ ਨਵੀਨ ਕ੍ਰਿਤੀਆ ਵੱਲ ਧਿਆਨ ਘੱਟ ਜਾਂਦਾ ਹੈ । ਅਸਲ ਵਿਚ ਸ਼ੁਰੂ ਸ਼ੁਰੂ 'ਚ ਹੀ , ਖ਼ਤਾ ਕੀ / ਸਜ਼ਾ ਕੀ ਅਤੇ ਨੀਂ ਮਾਂ  / ਉਦਾਸਾਂ ਵਾਲੀਆਂ ਗ਼ਜ਼ਲਾਂ ਰਚੀਆਂ ਗਈਆਂ, ਓਹ ਮੈਨੂੰ ਵੀ ਰੌਚਕ ਲੱਗੀਆਂ ਅਤੇ ਸ੍ਰੋਤਿਆਂ ਨੇ ਵੀ ਪਸੰਦ ਕੀਤੀਆਂ । ਸੋ ਇਹ ਇੱਕ ਸਟਾਈਲ ਹੀ ਬਣ ਗਿਆ ਅਤੇ ਇੱਕ ਲਫ਼ਜ਼ ਨੂੰ ਮਿਸਰਾ ਬਣਾ ਲੈਂਦਾ, ਸਤਰ ਬਣਾ ਲੈਂਦਾ ਅਤੇ ਭਰਪੂਰ ਖਿਆਲ ਦੋ ਲਫ਼ਜ਼ਾਂ'ਚ ਹੀ ਸਿਮਟ ਜਾਂਦਾ। ਪ੍ਰੇਰਣਾ ਅੰਦਰ ਦੀ ਹੀ ਕੋਈ ਗੱਲ ਲਗਦੀ ਹੈ ।

ਸੁਰਿੰਦਰ ਸੋਹਲ:ਤੁਸੀਂ ਲੰਮੀ ਬਹਿਰ ਦੀਆਂ ਲੰਮੀਆਂ ਕਵਿਤਾਵਾਂ ਵੀ ਲਿਖੀਆਂ ਹਨ, ਪਰ ਤੁਸੀਂ ਛੋਟੀ ਬਹਿਰ ਵਿਚ ਲਿਖਣ ਨੂੰ ਤਰਜੀਹ ਕਿਉਂ ਦਿੰਦੇ ਹੋ?

ਰਣਧੀਰ ਸਿੰਘ:  ਇਸ ਕਰਕੇ, ਕਿ ਇਹ ਹੋ ਸਕਦਾ ਹੈ ਅਤੇ ਖ਼ੂਬ ਹੋ ਸਕਦਾ ਹੈ । ਪਰ ਜਿੰਨਾਂ ਛੋਟੀ ਬਹਿਰ'ਚ ਲਿਖਣਾ ਔਖਾ ਹੈ, ਸਮਝਣਾ ਉਸ ਤੋਂ ਵੀ ਮੁਸ਼ਕਿਲ । ਕਿਓਂਕਿ ਲੁਕਿਆ ਅਰਥ ਸੋਚਣਾ ਤੇ ਸਮਝਣਾ ਪੈਂਦਾ ਹੈ ।

ਅਪਣੇ   ਆਪ 'ਚ ਗੱਲ ਅਧੂਰੀ

ਸਮਝੀ ਗਈ ਤਾਂ ਹੋਈ ਪੂਰੀ

ਛੋਟੀ ਬਹਿਰ ਅਰਥਾਂ ਦੇ ਬੀਜਾਂ ਵਰਗੀ ਹੁੰਦੀ  ਹੈ ਅਤੇ ਬੀਜ 'ਚੋਂ ਰੁੱਖ ਓਹੀ ਵੇਖ  ਸਕਦਾ ਹੈ ਜਿਸ ਨੇ ਉਸ ਫ਼ਸਲ ਨੂੰ ਮਾਨਣਾ  ਹੈ, ਬਾਕੀਆਂ ਨੂੰ ਕੀ ਪਈ ਹੈ, ਏਨਾ ਜੋਖਮ ਜਾਲਣ ਦੀ ।

ਕਵਿਤਾ ਦੇ  ਮੈਂ ਬੀਜ ਲਿਆਇਆ

ਸੌ ਵਰਗੀ ਇੱਕ ਚੀਜ਼ ਲਿਆਇਆ

ਬੀਜ  ਦੇ  ਵਿੱਚ  ਜੋ  ਰੁੱਖ ਨੂੰ  ਵੇਖੇ

ਨਜ਼ਰ ਲਈ ਓਹ ਨੀਝ ਲਿਆਇਆ

ਕਈ ਵਾਰ ਛੋਟੇ ਸ਼ਿਅਰ ਬਹੁਤ ਹੀ ਸਾਦੇ ਤੇ ਅਰਥ  ਭਰਪੂਰ ਹੁੰਦੇ ਹਨ, ਪਰ ਦੋ ਕੁ ਲਫ਼ਜ਼ ਵੇਖ  ਕੇ ਕਈਆਂ ਨੂੰ ਓਹ ਵਾਰਾ ਹੀ ਨਹੀਂ ਖਾਂਦਾ।  ਰੁਕ ਕੇ ਸਮਝਣ ਦੀ ਕੋਸ਼ਿਸ਼ ਨਹੀਂ ਹੁੰਦੀ ਅਤੇ ਜਦ ਰਿਵਾਇਤੀ ਬਹਿਰਾਂ ਉਪਲਭਦ ਹਨ ਤਾਂ ਛੋਟੀ ਬਹਿਰ ਤੇ ਕਿਓਂ ਜ਼ੋਰ ਲਾਇਆ ਜਾਵੇ ।

ਬਾਕੀ ਰਹੀ ਲੰਮੀਆਂ ਬਹਿਰਾਂ ਦੀ ਗੱਲ, ਬੈਂਤ ਵਿੱਚ ਲੰਮੀ ਨਜ਼ਮ ਏਥੋਂ ਦੀ ਰੰਗ  ਬਰੰਗੀ ਪਤਝੜ ਤੇ ਲਿਖੀ ਹੈ :

ਵੰਨਗੀ ਦੇ ਤੌਰ ਤੇ ਤੀਹਾਂ ਚੋਂ ਸਿਰਫ਼ ਚਾਰ  ਬੰਦ ਪੇਸ਼ ਹਨ:-



ਜਾਂ ਫਿਰ ਲੱਗਦੈ ਪੱਤ ਪੱਤ ਮਹਿੰਦੜੀ  ਦਾ

ਖਹਿ ਖਹਿ ਟਾਹਣੀਆਂ ਨਾਲ ਪਿਸ ਗਿਆ ਹੋਵੇ

ਜਾਂ ਫਿਰ ਕੇਸੂ ਸੰਧੂਰ ਦੇ ਨਾਲ ਭਰਿਆ 

 ਮਟਕਾ ਸੂਰਜ ਦਾ ਤਿੜਕ ਰਿਸ  ਗਿਆ ਹੋਵੇ

ਰਮਤਾ ਜੋਗੀ ਜਾਂ ਰੁੱਤ ਦਾ ਜਾਣ ਵੇਲੇ

       ਪੱਤੇ ਪੱਤੇ  ਤੇ ਗੇਰੂ ਘਿਸ ਗਿਆ ਹੋਵੇ

ਜਾਂ ਜੋ ਮੁਖੜਾ ਸੁਪਨੇ 'ਚ ਦਿੱਸਿਆ  ਸੀ

    ਦਿਨ ਵੇਲੇ ਦੁਪਹਿਰੀਂ  ਦਿਸ ਗਿਆ ਹੋਵੇ



ਟੁੱਟ ਚੱਲੇ ਨੇ ਟੀਸੀਆਂ ਟਾਹਣੀਆਂ ਤੋਂ

ਐਪਰ ਹੌਸਲੇ ਏਹਨਾਂ ਦੇ ਨਹੀਂ ਹੱਲੇ

ਰੰਗ ਰੂਪ ਘੜਿਆ ਜਿਹੜੀ ਮਿੱਟੜੀ ਨੇ

ਓਸੇ ਮਿੱਟੀ ਦੇ ਵਿੱਚ ਨੇ  ਆਣ ਰੱਲੇ

ਜੋੜ ਤੋੜ ਦੀ ਰਮਜ਼ ਇੱਕ ਇੱਕ ਜਾਣੇ

     ਰਹਿਣ ਕੱਲੇ ਬਿਸ਼ੱਕ  ਇਹ ਤੁਰਨ ਕੱਲੇ

ਗੱਲ ਪੱਤੇ ਦੀ ਪਤੇ ਦੀ ਪਵੇ ਪੱਲੇ

      ਬੰਨ੍ਹ ਲਈਏ  ਜੇ ਪੱਤਾ ਇੱਕ ਚੱਕ ਪੱਲੇ 



ਮਣਾਂ ਸੇਰ ਜਦ ਥੱਕ ਕੇ ਹਾਰ ਜਾਂਦੇ

ਮਾਸੇ ਲੜਦੇ ਨੇ ਰੱਤੀਆਂ ਲੜਦੀਆਂ  ਨੇ

ਬਰਖਾ ਰੁਕ ਜਾਂਦੀ ਸਾਗਰ ਸੁੱਕ ਜਾਂਦੇ

ਓਸ ਵੇਲੇ ਇਹ ਅੱਖੀਆਂ ਹੜ੍ਹਦੀਆਂ ਨੇ 

ਜ਼ੁਲਮ ਢਹਿੰਦੇ ਨੇ ਜਦੋਂ ਇਨਸਾਨ ਉੱਤੇ

ਕੁਝ ਕੌਮਾਂ ਚਾਅ ਮੱਤੀਆਂ ਖੜ੍ਹਦੀਆਂ ਨੇ

ਰੁੱਤ ਫੁੱਲਾਂ ਨੂੰ ਜਦੋਂ ਸ਼ਹੀਦ ਕਰਦੀ

  ਬੰਨ੍ਹ ਕੇਸਰੀ ਪੱਤੀਆਂ ਅੜਦੀਆਂ  ਨੇ



ਅਸੀਂ ਪੱਤੇ ਹਾਂ ਸਮੇਂ ਦੀ ਟਾਹਣ ਉੱਤੇ

  ਸਬਕ ਸਿੱਖੀਏ ਏਸ ਪੱਤਝੜ  ਕੋਲੋਂ

ਜਾਂਦੀ ਵਾਰ, ਕਿੰਜ ਆਵਦੇ ਰੰਗ ਸਿੱਖੀਏ

   ਹਾਸੇ ਸਿੱਖੀਏ ਏਸ ਖੜ  ਖੜ ਕੋਲੋਂ

ਚੇਤ ਵਿੱਚ ਕੀ ਖਿੜਣ ਦਾ ਮਾਣ ਕਰਨਾ

        ਖਿੜਣਾ ਸਿੱਖੀਏ  ਖ਼ਿਜ਼ਾਂ ਦੀ ਚੜ੍ਹ ਕੋਲੋਂ 

ਨਵੇਂ ਪੱਤੇ ਲਈ ਟੁੱਟਦਾ ਪੱਤ ਪਹਿਲਾ

   ਕੁਝ ਸਿੱਖੀਏ ਏਸ ਭੰਨ  ਘੜ ਕੋਲੋਂ 



ਚੰਨ 'ਤੇ ਲਿਖੀ ਲੰਬੀ ਨਜ਼ਮ 'ਚੋਂ ਕੁਝ ਸਤਰਾਂ ਪੇਸ਼ ਹਨ-

ਚੰਨ ਕੱਚਾ ਘੜਾ ਹੈ ਸੋਹਣੀ ਦਾ

ਜੋ ਅੰਬਰ ਸਾਗਰ ਵਿਚ ਤਰਦਾ ਪਰ ਖਰਦਾ ਖਰਦਾ ਜਾਵੇ



ਚੰਨ ਇਕ ਕੂਜਾ ਹੈ ਮਿਸ਼ਰੀ ਦਾ

ਤੇ ਦਾਣਾ ਦਾਣਾ, ਦਾਣਾ-ਖੰਡ ਦਾ ਜੁੜਦਾ  ਜੁੜਦਾ ਜਾਵੇ



ਚੰਨ ਚੱਕੀ ਓਸ ਵਿਧਾਤੇ ਦੀ

ਪੀਹ ਤਾਰੇ ਆਟਾ ਚਾਨਣ ਦਾ ਹਰ ਜੀਵ ਤਾਈਂ  ਵਰਤਾਵੇ



ਚੰਨ ਧੋਖੇਬਾਜ਼ ਵਪਾਰੀ ਹੈ

ਸੂਰਜ ਤੋਂ ਚਾਂਦੀ ਲੈ ਲੈ ਕੇ ਸੋਨੇ ਦਾ ਝੋਲ  ਫਿਰਾਵੇ



ਮੈਂ ਚਾਹਾਂਗਾ ਮੇਰੀ ਕਵਿਤਾ ਦੀ ਵਿਲੱਖਣਤਾ ਵੱਲ ਵੀ ਧਿਆਨ ਦਿੱਤਾ ਜਾਵੇ।

ਸੁਰਿੰਦਰ ਸੋਹਲ: ਤੁਸੀਂ ਬੰਗਾਲੀ ਭਾਸ਼ਾ ਪੰਜਾਬੀ ਵਾਂਗ ਹੀ ਬੋਲ ਤੇ ਸਮਝ ਲੈਂਦੇ ਹੋ। ਬੰਗਾਲੀ ਦੇ ਕਿਸ ਲੇਖਕ ਨੂੰ ਪੜ੍ਹਿਆ ਹੈ?

ਰਣਧੀਰ ਸਿੰਘ:  ਬਦਕਿਸਮਤੀ ਮੇਰੀ। ਓਹਨੀਂ ਦਿਨੀ, ਓਸ ਉਮਰ ਵਿੱਚ ਬੜੀ ਆਸਾਨੀ ਨਾਲ ਬੰਗਾਲੀ ਪੜ੍ਹਨੀ ਤੇ ਲਿਖਣੀ ਸਿੱਖੀ ਜਾ ਸਕਦੀ ਸੀ। ਪਰ ਓਹਨੀਂ ਦਿਨੀ, ਓਸ ਉਮਰ ਵਿੱਚ ਕਿਵੇਂ ਖ਼ਿਆਲ ਆ ਸਕਦਾ ਸੀ । ਸੋ ਵਗਦੇ ਦਰਿਆ ਦੇ ਕਿਨਾਰੇ ਅਣਭਿੱਜ ਹੀ ਰਹਿ ਗਿਆ। ਬੰਗਾਲੀ ਦੇ ਇਕ ਨਾਵਲ ਦਾ ਪਹਿਲਾ ਪਹਿਰਾ:

ਉਪ੍ਰੇਮ ਜੀਬੋਨ ਕੇ ਦਏ ਓਈਸ਼ੌਰਜੋ (ਪ੍ਰੇਮ ਜੀਵਨ ਨੂੰ ਈਸ਼ਵਰੀ ਗੁਣ ਦਿੰਦਾ ਹੈ), ਮ੍ਰਿਤਿਊ ਕੇ ਦਏ ਮੋਹੀਮਾ (ਮੌਤ ਨੂੰ ਮਹਿਮਾ ਦਿੰਦਾ ਹੈ), ਕੀਂਤੂ ਪ੍ਰੋਬੌਂਚੀਤੋ ਕੇ ਦਏ ਕੀ ? (ਪਰ, ਪ੍ਰਵੰਚਿਤ ਨੂੰ ਕੀ ਦਿੰਦਾ ਹੈ ?) ਤਾ ਕੇ ਦਏ ਦਾਹੋ (ਉਸ ਨੂੰ ਦਾਹ-ਜਲਣ ਦਿੰਦਾ ਹੈ ), ਜੇ ਆਗੂਨ ਪੋੜਾਏ ਨਾ (ਜਿਹੜੀ ਅੱਗ ਬਲਦੀ ਨਹੀਂ), ਔਥੋਚੋ ਦਾਹੂਨ ਕੌਰੇ(ਅਥਵਾ-ਬਲਕਿ ਧੁਖ਼ ਧੁਖ਼ ਕੇ ਸਾੜਦੀ ਹੈ), ਸ਼ੇਈ (ਓਸੇ) ਆਗੂਨੇ (ਅੱਗ ਵਿੱਚ) ਤੀਲੇ ਤੀਲੇ (ਤਿਲ ਤਿਲ ਕਰਕੇ)ਦੌਗਧੋ ਹੋਲੇਨ (ਧੁਖ਼ ਗਏ), ਚਾਰੂਦੌਤੋ ਆਧਾਰਕੌਰ (ਚਾਰੂ ਦੱਤ ਆਧਾਰਕਰ, ਨਾਇਕ ਦਾ ਨਾਂ)”।

ਕਿਸ  ਕੰਮ  ਲਕੀਰਾਂ ਨੇ

ਬੇਕਾਰ ਰਹਿਣ ਜੇ ਹਸਤ

ਸੁਰਿੰਦਰ ਸੋਹਲ: ਪ੍ਰੋ. ਸੋਜ਼ ਨੇ ਤੁਹਾਡੀ ਕਵਿਤਾ ਬਾਰੇ ਬਹੁਤ ਲਿਖਿਆ ਹੈ। ਉਹਨਾਂ ਨਾਲ ਨੇੜਤਾ ਬਣਨ ਦਾ ਪ੍ਰਮੁੱਖ ਕਾਰਨ ਕੀ ਸੀ?

ਰਣਧੀਰ ਸਿੰਘ:  ਪਹਿਲੀ ਕਿਤਾਬ 'ਚਾਨਣ ਸਿਆਹੀ ਦਾ' 1987 ਵਿਚ ਛਪੀ । ਮੈਂ ਇੱਕ ਕਵੀ ਨੂੰ ਚੰਡੀਗੜ੍ਹ ਵਿਖਾਈ । ਉਸ ਨੂੰ ਇਹ ਸਟਾਈਲ ਬਿਲਕੁਲ ਪਸੰਦ ਨਾ ਆਇਆ । ਕਹਿੰਦਾ ਇਸ ਤਰਾਂ ਦੀਆਂ ਕਵਿਤਾਵਾਂ ਦੀ ਕਿਤਾਬ ਓਹ ਇਕ ਘੰਟੇ ਵਿਚ ਹੀ ਲਿਖ ਸਕਦਾ ਹੈ । ਜ਼ਾਹਿਰ ਸੀ ਕਿ ਉਸ ਨੇ ਇਸ ਨੂੰ ਕਾਫ਼ੀਏ ਨਾਲ ਕਾਫ਼ੀਆ ਮਿਲਾਣਾ ਹੀ ਸਮਝਿਆ ਅਤੇ ਅਰਥਾਂ ਵੱਲ ਬਿਲਕੁਲ ਵੀ ਨਹੀਂ ਗਿਆ । ਮੈਂ ਉਸ ਨੂੰ ਅਪਣੇ ਇੱਕ ਸ਼ਿਅਰ

ਫ਼ਨ ਕੀ

ਫ਼ਨਾਂ੍ਹ ਕੀ” 

ਦੇ ਅਰਥ ਬਾਰੇ ਪੁੱਿਛਆ, ਤਾਂ ਓਹ ਚੁਪ  ਰਿਹਾ । ਪਰ ਸੋਜ਼ ਸਾਹਿਬ ਨੇ ਮੇਰੇ ਖਰੜੇ ਨੂੰ ਖੁੱਭ ਕੇ ਪੜ੍ਹਿਆ ਅਤੇ ਉਸ ਨੂੰ ਬਹੁਤ ਹੀ ਪਸੰਦ ਕੀਤਾ ਅਤੇ ਓਹਨਾਂ ਨੇ ਮੈਨੂੰ ਛੋਟੀ ਬਹਿਰ ਦਾ ਕੋਲੰਬਸ ਵੀ ਆਖਿਆ।

ਮੇਰੇ ਨਾਂ ਨਾਲ 'ਨਿਊਯਾਰਕ' ਵੀ ਸੋਜ਼ ਸਾਹਿਬ ਦੀ ਦੇਣ ਹੈ । ਪਹਿਲੀ ਕਿਤਾਬ 'ਚਾਨਣ ਸਿਆਹੀ ਦਾ' ਵੇਲੇ ਕਹਿਣ ਲੱਗੇ, ਕਿ ਸਾਹਿਤ ਵਿਚ ਰਣਧੀਰ ਸਿੰਘ ਕਈ ਹਨ, ਸੋ ਕੋਈ ਤਖ਼ੱਲਸ ਰੱਖ ਲਵੋ । ਮੈਂ ਆਪਣੇ ਪਿੰਡ ਸਿਵੀਆਂ ਬਾਰੇ ਸੋਚਿਆ, ਪਰ ਓਹ ਸਿਵੀਆ ਗੋਤ ਵਾਂਗੂੰ ਲੱਗਿਆ । ਓਹਨਾਂ ਕਿਹਾ 'ਨਿਊਯਾਰਕ' ਰੱਖ ਲਓ। ਉਹ ਪਟਿਆਲੇ ਰਹਿੰਦੇ ਸਨ ਤੇ ਮੇਰੀ ਪਤਨੀ ਦੀ ਭੈਣ ਅਤੇ ਸੋਜ਼ ਸਾਹਿਬ ਉੱਥੇ ਗਵਾਂਢੀ ਸਨ।

ਸੁਰਿੰਦਰ ਸੋਹਲ: ਤੁਹਾਡੇ ਕਿੰਨੇ ਬੱਚੇ ਹਨ? ਉਹਨਾਂ ਵਿਚੋਂ ਕਿਸੇ ਨੂੰ ਲਿਖਣ ਦੀ ਚੇਟਕ ਹੈ?

ਰਣਧੀਰ ਸਿੰਘ:  ਦੋ ਲੜਕੇ ਹਨ । ਕਵਿਤਾ ਦੀ ਪੂਰੀ ਸਮਝ ਰੱਖਦੇ ਹਨ ਪਰ ਕਵਿਤਾ ਲਿਖਦੇ ਨਹੀਂ ।

ਸੁਰਿੰਦਰ ਸੋਹਲ:ਅਮਰੀਕਾ ਵਿਚ ਆਉਣ ਨਾਲ ਤੁਹਾਡੀ ਲਿਖਣ ਕਲਾ ਪ੍ਰਫੁਲਤ ਹੋਈ ਹੈ ਜਾਂ ਤੁਸੀਂ ਸੋਚਦੇ ਹੋ ਕਿ ਜੇ ਤੁਸੀਂ ਹਿੰਦੋਸਤਾਨ ਵਿਚ ਰਹਿੰਦੇ ਤਾਂ ਜ਼ਿਆਦਾ ਲਿਖ ਲੈਂਦੇ?

ਰਣਧੀਰ ਸਿੰਘ:  'ਜੇ ਹਿੰਦੁਸਤਾਨ ਹੀ ਰਹਿੰਦੇ ਤਾਂ ਸ਼ਾਇਦ ਲਿਖਣਾ ਆਰੰਭ ਹੀ ਨਾ ਹੁੰਦਾ। ਮੁੱਖ ਕਾਰਣ ਲਿਖਣ ਦਾ ਵਤਨ ਤੋਂ, ਭੈਣਾਂ ਭਰਾਵਾਂ ਤੋਂ, ਦੋਸਤਾਂ ਮਿੱਤ੍ਰਾਂ ਅਤੇ ਖ਼ਾਸ ਕਰਕੇ ਮਾਂ ਤੋਂ ਦੂਰੀ ਦੇ ਅਹਿਸਾਸ ਕਰਕੇ ਸੀ। ਦੂਸਰਾ ਕਾਰਣ, ਐਨੀ ਤੇਜ਼ ਰਫ਼ਤਾਰ ਅਤੇ ਮਸਰੂਫ਼ ਜ਼ਿੰਦਗੀ ਵਿੱਚ ਵਿਹਲੇ ਵਕਤ ਨੂੰ ਕਿਸੇ ਮਨੋਰੰਜਨ ਨਾਲ ਤਾਂ ਭਰਨਾ ਹੀ ਪੈਂਦੈ।

ਟੀ ਵੀ ਤੇ ਮੂਵੀ ਤਾਂ ਕੋਈ  ਮਨੋਰੰਜਨ ਨਾ ਨਾ ਹੋਇਆ। ਹਾਂ  ਸਾਹਿਤ ਨਾਲ ਮੁੱਢ ਤੋਂ ਹੀ ਵਾਸਤਾ  ਸੀ। ਹਾਈ ਸਕੂਲ ਵਿਚ 'ਸਾਹਿਤ  ਰਤਨਾਕਰ' ਵਰਗੀਆਂ  ਕਿਤਾਬਾਂ ਕੋਰਸ  ਵਿੱਚ ਲੱਗੀਆਂ ਸਨ। ““ale of two 3ities” ਦਾ ਪੰਜਾਬੀ ਅਨੁਵਾਦ 'ਕੈਦੀ', (ਅਨੁਵਾਦਕ ਦਾ ਨਾਂ ਯਾਦ ਨਹੀਂ) ਅਸੀਂ ਭੈਣ ਭਰਾ ਪਿੰਡ ਦੀਵੇ ਦੀ ਲੋ ਵਿੱਚ ਇੱਕ ਚੈਪਟਰ ਰੋਜ਼ ਪੜ੍ਹਦੇ। ਅਤੇ ਅੱਜ ਕੱਲ੍ਹ ਦੇ Serial ਵਾਂਗ ਬੇਸਬਰੀ ਨਾਲ ਸ਼ਾਮ ਦੀ ਉੜੀਕ ਹੁੰਦੀ ਕਿ ਅੱਜ ਦੇ ਚੈਪਟਰ ਵਿੱਚ ਕਹਾਣੀ ਕੀ ਮੋੜ ਲਵੇਗੀ। ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋ: ਮੋਹਨ ਸਿੰਘ, ਗੁਰਬਖ਼ਸ਼ ਸਿੰਘ, ਕਰਤਾਰ ਸਿੰਘ ਦੁੱਗਲ, ਸ਼ਿਵ ਕੁਮਾਰ ਅਤੇ ਹੋਰ ਵੀ ਸਾਹਿਤਕਾਰਾਂ ਦਾ ਅਸਰ ਸੀ। ਏਥੇ ਆਸ ਪਾਸ ਤੋਂ ਪਤਾ ਲੱਗਾ ਕਿ ਇੱਕ 'ਫ਼ੱਨੋ ਅਦਬ' (ਅੱਜ ਕੱਲ੍ਹ ਅਦਬੀ ਸੰਗਮ) ਨਾਂ ਤੇ ਸਾਹਿਤਿਕ ਮੀਟਿੰਗ ਹਰ ਮਹੀਨੇ ਹੁੰਦੀ ਹੈ। ਉਸ ਵਿਚ ਜਾਣ ਲੱਗ ਪਏ ਅਤੇ ਬਾਕਾਇਦਾ ਲਿਖਣ ਵੱਲ ਧਿਆਨ ਦਿੱਤਾ। ਹੋ ਸਕਦਾ ਹੈ ਹਿੰਦੁਸਤਾਨ ਵਿੱਚ ਇਸ ਦੀ ਲੋੜ ਹੀ ਮਹਿਸੂਸ ਨਾ ਹੁੰਦੀ, ਪਰ ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜੇ ਐਂ ਨਾ ਹੁੰਦਾ ਤਾਂ ਕੀ ਹੁੰਦਾ ?

? ਆਪਣੀਆਂ ਪੁਸਤਕਾਂ ਦੇ  ਨਾਮ ਦੱਸੋ ।

੧. ਚਾਨਣ ਸਿਆਹੀ ਦਾ  1987

੨. ਨਿੱਕੀਆਂ ਗ਼ਜ਼ਲਾਂ ਲਘੂ ਰੁਬਾਈਆਂ  1992

੩. ਕਿਣਮਿਣੀਆਂ ਕਿਨ ਮਿਣੀਆਂ  1994

੪. ਤ੍ਰੇਲ ਨੂੰ ਤ੍ਰੇਲੀਆਂ  1997

੫. ਮਾਂ ਮੁਹੱਬਤ  1999

੬. ਗਾਗਰ ਤੋਂ ਸਾਗਰ (ਪਰਸ਼ੀਅਨ ਲਿੱਪੀ ਵਿਚ ਲਹੌਰ ਤੋਂ)  2001

੭. ਸੌ ਕਵਿਤਾਵਾਂ ਪੰਜ ਸਫ਼ਿਆਂ ਤੇ  2002

੮. ਸੋਚੋ ਬੁੱਝੋ ਸਿਰਜੋ ਕਵਿਤਾ  2004

ਸੁਰਿੰਦਰ ਸੋਹਲ: ਏਨੀਆਂ ਪੁਸਤਕਾਂ ਲਿਖਣ ਲਈ ਤੁਹਾਡੇ ਘਰ ਵਾਲਿਆਂ ਦਾ ਸਹਿਯੋਗ ਕਿੰਨਾ ਕੁ ਰਿਹਾ?

ਰਣਧੀਰ ਸਿੰਘ:  ਘਰ ਵਾਲਿਆਂ ਵਿਚ ਤਾਂ ਘਰ ਵਾਲੀ ਹੀ ਕਵਿਤਾ ਦੇ ਸੰਪਰਕ ਵਿਚ ਸੀ ਅਤੇ ਜਦ ਕਦੇ ਵੀ ਅਸੀਂ ਭਾਰਤ ਜਾਣ ਦਾ ਪ੍ਰੋਗ੍ਰਾਮ ਬਣਾਉਂਦੇ, ਤਾਂ ਉਸ ਨੇ ਪਿੱਛੇ ਲੱਗ ਕੇ ਨਵੀਆਂ ਲਿਖੀਆ ਕਵਿਤਾਵਾਂ ਦਾ ਖਰੜਾ ਤਿਆਰ ਕਰਵਾ ਲੈਣਾ, ਅਤੇ ਛਪਵਾ ਲੈਣੀ । ਬਾਕੀ ਮੇਰੀ ਘੌਲ ਨੂੰ ਤਾਂ ਤੁਸੀਂ ਵੀ ਜਾਣਦੇ ਹੀ ਹੋ ।

ਸੁਰਿੰਦਰ ਸੋਹਲ: ਤੁਹਾਡੀ ਪਸੰਦ ਦਾ ਰੰਗ ਕਿਹੜਾ ਹੈ?

ਰਣਧੀਰ ਸਿੰਘ: ਸਤਰੰਗੀ ਪੀਂਘ

ਸੁਰਿੰਦਰ ਸੋਹਲ: ਜ਼ਿੰਦਗੀ ਦੀ ਕੋਈ ਅਭੁੱਲ ਯਾਦ ਸਾਂਝੀ ਕਰੋ।

ਰਣਧੀਰ ਸਿੰਘ: ਸਰਹੰਦ-ਕਨਾਲ ਪਿੰਡ ਸਿਵੀਆਂ ਅਤੇ ਬਠਿੰਡੇ ਦੇ ਵਿਚਾਲ ਦੀ ਵਗਦੀ ਹੈ । ਨਹਿਰ ਦੇ ਪਾਣੀ ਨਾਲ ਚਲਦੇ ਘਰਾਟ ਬਣੇ ਹੋਏ ਹਨ ਜਿੱਥੇ ਕਦੇ ਕਦੇ ਅਸੀਂ ਆਟਾ ਪਿਹਾਉਣ ਜਾਂਦੇ ਸਾਂ । ਘਰਾਟਾਂ ਦੇ ਕੋਲ ਹੀ ਰੇਲਵੇ ਲਾਈਨ ਦਾ ਪੁਲ ਹੈ । ਜਿੰਨੀ ਦੇਰ ਆਟਾ ਪਿਸਦਾ ਓਨੀਂ ਦੇਰ ਮੈਂ ਨਹਿਰ'ਚ ਨਹਾ ਲਿਆ ਕਰਦਾ ਸਾਂ। ਇਕ ਵਾਰ ਨਹਿਰ ਸਾਫ਼ ਕੀਤੀ ਗਈ ਜਿਸ ਨਾਲ ਨਹਿਰ ਡੂੰਘੀ ਹੋ ਗਈ ਸੀ, ਜਿਸ ਦਾ ਮੈਂਨੂੰ ਪਤਾ ਨਾ ਸੀ । ਮੈਂ ਦਸ ਕੁ ਸਾਲ ਦਾ ਹੋਵਾਂਗਾ । ਮੈਂ ਪਹਿਲਾਂ ਵਾਂਗ ਨਹਿਰ ਵਿਚ ਛਾਲ ਮਾਰ ਦਿੱਤੀ । ਛਾਲ ਮਾਰਦੇ ਹੀ ਪਤਾ ਲੱਗ ਗਿਆ ਕਿ ਪਾਣੀ ਅੱਗੇ ਨਾਲੋਂ ਡੂੰਘਾ ਅਤੇ ਤੇਜ਼ ਹੈ । ਪਿੰਡ ਦੇ ਛੱਪੜਾਂ ਵਿੱਚ ਤਾਂ ਮੈਂ ਤਰ ਲੈਂਦਾ ਸਾਂ ਪਰ ਨਹਿਰ ਦੇ ਤੇਜ਼ ਵਗਦੇ ਪਾਣੀ ਵਿੱਚ ਤਰ ਨਾ ਸਕਿਆਂ ਅਤੇ ਡਰ ਨਾਲ ਰੌਲਾ ਪਾ ਦਿੱਤਾ। ਕੁਦਰਤੀ ਰੇਲਵੇ ਲਾਈਨ ਤੇ ਇਕ ਟ੍ਰਾਲੀ ਜਾ ਰਹੀ ਸੀ ਅਤੇ ਟ੍ਰਾਲੀਮੈਨਾਂ ਨੇ ਨੀਚੇ ਉੱਤਰ ਕੇ ਮੈਂਨੂੰ ਬਚਾ ਲਿਆ । ਕੀ ਪਤਾ ਸੀ ਕਿ ਮੈਂ ਵੀ ਇਸੇ ਤਰਾਂ ਟ੍ਰਾਲੀ ਤੇ ਬੈਠਣ ਵਾਲਾ ਮੁਲਾਜ਼ਮ ਬਣ ਜਾਵਾਂਗਾ। ਸ਼ਾਇਦ ਟ੍ਰਾਲੀਮੈਨਾਂ ਨੂੰ ਪਤਾ ਸੀ ਕਿ ਮੈਂ ਇੱਕ ਦਿਨ ਓਹਨਾਂ ਨਾਲ ਹੋਵਾਂਗਾ ।

ਹਰ ਭਲਾ ਸੂਦ ਸੰਗ ਹੀ ਮੁੜੇ

ਇਕ  ਦੇ  ਕੇ  ਸਵਾ ਲੈ ਲਵੋ

ਸੁਰਿੰਦਰ ਸੋਹਲ: ਕਦੇ ਜ਼ਿੰਦਗੀ ਵਿਚ ਬਹੁਤ ਉਦਾਸ ਹੋਏ ਹੋਵੋ।

ਰਣਧੀਰ ਸਿੰਘ:  ਉਦਾਸੀ ਤਾਂ ਜ਼ਿੰਦਗੀ ਦਾ ਹਿੱਸਾ ਹੈ, ਸ਼ਾਇਦ ਅੱਧੇ ਤੋਂ ਜ਼ਿਆਦਾ ।

ਸੁਰਿੰਦਰ ਸੋਹਲ: ਏਨੇ ਸਾਲ ਤੋਂ ਤੁਸੀਂ ਅਮਰੀਕਾ ਵਿਚ ਰਹਿ ਰਹੇ ਹੋ। ਕਦੇ ਆਪਣੇ ਦੇਸ਼ ਦੀ ਯਾਦ ਸਤਾਉਂਦੀ ਹੈ?

ਰਣਧੀਰ ਸਿੰਘ: ਕਦੇ ?  

ਓਸ ਪਾਰ ਡੇਰਾ ਤੇਰਾ ਡੁੱਬਾਂ ਏਸ  ਪਾਰ ਮੈਂ

ਤੂੰ ਤਾਜ ਕਿਰਨਾਂ ਦਾ ਹੰਝੂਆਂ ਦਾ ਹਾਰ  ਮੈਂ

ਸੁਰਿੰਦਰ ਸੋਹਲ: ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਅਮਰੀਕਾ ਛੱਡ ਕੇ ਵਾਪਸ ਹਿੰਦੋਸਤਾਨ ਵਿਚ ਰਹਿਣ ਲਈ ਚਲੇ ਜਾਵੋਗੇ?

ਰਣਧੀਰ ਸਿੰਘ:  ਮੈਂ ਜਿੱਥੇ ਵੀ ਰਿਹਾ ਹਾਂ ਓਥੇ ਦਾ ਹੀ ਹੋ ਜਾਨਾਂ ਹਾਂ। ਜੋਧਪੁਰ ਰਾਜਸਥਾਨ ਵਿੱਚ ਪੱਕੇ ਰਹਿਣ ਦੇ ਵਿਚਾਰ ਵੀ ਬਣੇ । ਜੈਸਲਮੇਰ ਜ਼ਮੀਨ ਵੀ ਖ਼ਰੀਦ ਲਈ ਸੀ। ਹੁਣ ਲੱਗਦਾ ਹੈ ਕਿ ਏਥੇ ਰਿਹਾ ਜਾ ਸਕਦਾ ਹੈ, ਕਿਤੇ ਵੀ ਰਿਹਾ ਜਾ ਸਕਦਾ ਹੈ।

ਸੁਰਿੰਦਰ ਸੋਹਲ: ਕੁਝ ਹੋਰ ਕਹਿਣਾ ਚਾਹੋਗੇ ?

ਰਣਧੀਰ ਸਿੰਘ:  ਹਾਂ । ਵਕਤ ਦੀ ਪਾਬੰਦੀ ਬਾਰੇ ਗੱਲ ਕਰਾਂਗਾ । ਮੈਂ ਇਸ ਬਾਰੇ ਮਸ਼ਹੂਰ ਵੀ ਹਾਂ ਅਤੇ ਬਦਨਾਮ ਵੀ ਹਾਂ। ਜੇ ਕਿਸੇ ਨੇ ਮੈਨੂੰ 5 ਵਜੇ ਸੱਦਿਆ ਹੈ ਤਾਂ ਮੈਂ ਉਸ ਕੋਲ ਕੁਝ ਮਿੰਟ ਪਹਿਲਾਂ ਹੀ ਪਹੁੰਚ ਕੇ, “Sorry I am early” ਕਹਿ ਦਿੰਦਾ ਹਾਂ ।