ਅੱਧ ਅਸਮਾਨੀਂ ਆਇਆ ਤੂਫ਼ਾਨ
ਨਿਊਯਾਰਕ ਤੋਂ ਟਰਾਂਟੋ ਦਾ ਸਫ਼ਰ ਤਾਂ ਸਿਰਫ਼ ਇਕ ਘੰਟੇ ਦਾ ਹੀ ਸੀ।ਜਹਾਜ਼ ਨੇ ਉਡਾਨ ਭਰੀ ਤਾਂ ਮੇਰੀਆਂ ਨਜ਼ਰਾਂ ਟੀ ਵੀ ਸਕਰੀਨ ਤੇ ਚੱਲ ਰਹੇ ਨੈਵੀਗੇਸ਼ਨ ਤੇ ਜਾ ਟਿਕੀਆਂ।ਜਹਾਜ਼ ਦੀ ਸਥਿਤੀ ਨਾਲੋ ਨਾਲ ਦਿਖਾਈ ਦੇ ਰਹੀ ਸੀ।ਨਿਊਯਾਰਕ ਤੋਂ ਟਰਾਂਟੋ ਜਹਾਜ਼ ਨੇ ਬਿਲਕੁਲ ਨੱਕ ਦੀ ਸੇਧ ਵਿਚ ਜਾਣਾ ਸੀ।ਜਹਾਜ਼ ਸਥਿਰ ਹੋਇਆ ਤਾਂ ਉਡਨ ਪਰੀਆਂ ਨੇ ਦੁਪਹਿਰ ਦਾ ਖਾਣਾ ਵਰਤਾਉਣਾ ਸ਼ੁਰੂ ਕਰ ਦਿੱਤਾ।ਖਾਣਾ ਅਜੇ ਖ਼ਤਮ ਹੀ ਹੋਇਆ ਸੀ ਕਿ ਪੇਟੀ ਬੰਨ੍ਹਣ ਦਾ ਨਿਸ਼ਾਨ ਆ ਗਿਆ ਤੇ ਨਾਲ ਹੀ ਲੈਂਡਿੰਗ ਦੀ ਘੋਸ਼ਣਾ ਵੀ ਹੋ ਗਈ।ਮੇਰੀ ਨਜ਼ਰ ਬਾਹਰ ਗਈ ਤਾਂ ਮੌਸਮ ਖਰਾਬ ਨਜ਼ਰ ਆਇਆ।ਜਹਾਜ਼ ਦੀ ਗਤੀ ਘੱਟ ਹੋ ਗਈ ਸੀ ਪਰ ਬਾਹਰ ਬਰਫੀਲੀ ਹਵਾ ਦੀ ਗਤੀ ਵਧ ਗਈ ਸੀ।ਜਹਾਜ਼ ਨੂੰ ਬੱਦਲਾਂ ਨੇ ਘੇਰ ਲਿਆ।ਅੰਦਰ ਦੀਆਂ ਬੱਤੀਆਂ ਬੰਦ ਹੋ ਗਈਆਂ ਸਨ।ਨੈਵੀਗੇਟਰ ਤੇ ਜਹਾਜ਼ ਨੇ ਵਾਪਸੀ ਦਾ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ।ਇਕ ਦਮ ਸੰਨਾਟਾ ਛਾ ਗਿਆ।
ਮੇਰੀ ਨਜ਼ਰ ਕਦੇ ਟੀ ਵੀ ਵੱਲ ਅਤੇ ਕਦੇ ਬਾਹਰ ਘੁੰਮ ਰਹੀ ਸੀ।ਅਜ ਤਾਂ ਮੈਂ ਕਨੇਡਾ ਪਹੁੰਚਣਾ ਸੀ।ਫਿਰ ਜਹਾਜ਼ ਵਾਪਸ ਕਿਉਂ ਹੋ ਗਿਆ? ਕੀ ਕੋਈ ਮੈਨੂੰ ਕੈਨੇਡਾ ਵੜਨ ਤੋਂ ਰੋਕ ਰਿਹਾ ਸੀ? ਕਿਸੇ ਨੂੰ ਕੀ ਲੋੜ ਸੀ ਮੈਨੂੰ ਰੋਕਣ ਦੀ? ਮੇਰੀ ਧੜਕਨ ਵਧ ਰਹੀ ਸੀ।ਮੇਰੀ ਸੋਚ ਪਿਛੇ ਵੱਲ ਖਿਸਕ ਰਹੀ ਸੀ।ਦਿਲ ਕਰਦਾ ਸੀ ਜਹਾਜ਼ ਵਿਚੋਂ ਬਾਹਰ ਨਿਕਲ ਜਾਵਾਂ।ਮੇਰੇ ਦਿਮਾਗ ਵਿਚ ਸੋਚਾਂ ਦਾ ਤੂਫਾਨ ਉਠ ਖੜ੍ਹਾ ਹੋਇਆ।ਇਸ ਤੂਫਾਨ ਅੱਗੇ ਬਾਹਰ ਦਾ ਤੂਫਾਨ ਹਲਕਾ ਜਾਪਣ ਲਗ ਪਿਆ।ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਵਾਪਰਦਾ ਹੈ।ਕਦੇ ਚਾਹ ਪੀਂਦਿਆਂ, ਕਦੇ ਗੱਲਾਂ ਕਰਦਿਆਂ, ਨਹਾਉਂਦਿਆਂ ਅਤੇ ਕਦੇ ਰਾਤੀਂ ਸੁਪਨੇ ਵੇਖਦਿਆਂ।ਮੇਰੀਆਂ ਕਈ ਰਚਨਾਵਾਂ ਵੀ ਇਸੇ ਤਰ੍ਹਾਂ ਜਨਮ ਲੈਂਦੀਆਂ ਹਨ।ਰਾਤ ਨੂੰ ਸੁਪਨਾ ਆਉਂਦਾ ਹੈ। ਲਗਦਾ ਹੈ ਸੱਚੀਂ ਘਟਨਾ ਵਾਪਰ ਰਹੀ ਹੈ।ਮਨ ਉਡਣਾ ਲੋਚਦਾ ਹੈ। ਕਿਤੇ ਭੱਜ ਜਾਣ ਨੂੰ ਕਰਦਾ ਹੈ। ਧੜਕਨ ਕਾਬੂ ਵਿਚ ਨਹੀਂ ਰਹਿੰਦੀ, ਪਸੀਨਾ ਆਉਂਦਾ ਹੈ।ਜਦ ਜਾਗ ਖੁਲ੍ਹਦੀ ਹੈ ਤਾਂ ਰਾਤ ਦੇ ਦੋ ਜਾਂ ਤਿੰਨ ਦਾ ਸਮਾਂ ਹੁੰਦਾ ਹੈ।ਦੇਖੀ ਹੋਈ ਘਟਨਾ ਨੂੰ ਆਪਣੇ ਜੀਵਨ ਨਾਲ ਮਿਲਾ ਕੇ ਦੇਖਦਾ ਹਾਂ ਤਾਂ ਕੋਈ ਕਹਾਣੀ ਜਨਮ ਲੈਂਦੀ ਹੈ।
ਮੇਰੀਆਂ ਨਜ਼ਰਾਂ ਟੀ ਵੀ ਸਕਰੀਨ ਤੇ ਜੰਮ ਗਈਆਂ। ਦਿਮਾਗ ਤੀਹ ਸਾਲ ਪਿਛੇ ਜਾ ਪੁਜਿਆ।ਗੱਲ 1979 ਦੀ ਹੈ ਜਦੋਂ ਮੈਂ ਐਮ.ਏ. ਵਿਚ ਪੜ੍ਹਦਾ ਸੀ।ਘਰ ਦੇ ਆਰਥਕ ਹਾਲਾਤ ਬਹੁਤ ਮਾੜੇ ਸਨ। ਕੰਮ ਉਦੋਂ ਵੀ ਹੌਜ਼ਰੀ ਦਾ ਸੀ ਪਰ ਬਾਈ ਜੀ (ਪਿਤਾ ਜੀ) ਕਰਜ਼ੇ ਦੀ ਜਕੜ ਵਿਚ ਆ ਗਏ ਸਨ ਜੋ ਦਿਨੋ ਦਿਨ ਵਧੀ ਜਾ ਰਿਹਾ ਸੀ। ਉਹ ਮੇਰੇ ਪੜ੍ਹਾਈ ਕਰਨ ਦੇ ਹੱਕ ਵਿਚ ਨਹੀਂ ਸਨ।ਪਰ ਮੇਰੀ ਖਾਹਸ਼ ਪ੍ਰੋਫੈਸਰ ਬਣਨ ਦੀ ਸੀ ਜਿਸ ਦੇ ਮੈਂ ਹੁਣ ਨੇੜੇ ਪਹੁੰਚ ਚੁਕਿਆ ਸੀ।ਦਸਵੀਂ ਤੋਂ ਬਾਅਦ ਮੈਂ ਇਸੇ ਤਰ੍ਹਾਂ ਪੜ੍ਹਾਈ ਕੀਤੀ।ਬਾਈ ਜੀ ਦੀ ਸ਼ਰਤ ਸੀ ਕਿ ਕਾਲਜ ਤੋਂ ਘਰ ਆ ਕੇ ਕੰਮ ਕਰਨਾ ਹੈ, ਜੇ ਫੇਲ੍ਹ ਹੋ ਗਿਆ ਤਾਂ ਪੜ੍ਹਾਈ ਬੰਦ।ਮੈਨੂੰ ਇਹ ਮਨਜ਼ੂਰ ਸੀ ਕਿਉਂਕਿ ਹੌਜ਼ਰੀ ਦਾ ਸੀਜ਼ਨ ਦਸੰਬਰ ਤੋਂ ਅਪ੍ਰੈਲ ਤਕ ਬੰਦ ਹੁੰਦਾ ਹੈ ਜਿਸ ਕਾਰਣ ਪੜ੍ਹਾਈ ਲਈ ਕਾਫੀ ਸਮਾਂ ਮਿਲ ਜਾਂਦਾ। ਆਖਰਕਾਰ ਆਰਥਿਕ ਹਾਲਤ ਐਨੀ ਪਤਲੀ ਹੋ ਗਈ ਕਿ ਬਾਈ ਜੀ ਨੇ ਜਾਇਦਾਦ ਵੇਚਣ ਦੀ ਠਾਣ ਲਈ। ਪਰ ਮੈਂ ਇਸ ਦੇ ਹੱਕ ਵਿਚ ਨਹੀਂ ਸੀ।ਆਖਰ ਫੈਸਲਾ ਹੋਇਆ ਕਿ ਅਸੀਂ ਦੋਵੇਂ ਹੀ ਜਿਹੜੇ ਪੰਜ ਛੇ ਮਹੀਨੇ ਕੰਮ ਬੰਦ ਰਹਿੰਦਾ ਹੈ ਕਿਤੇ ਬਾਹਰ ਕੰਮ ਕਰ ਕੇ ਘਰ ਦੀ ਹਾਲਤ ਸੁਧਾਰੀਏ।ਮੇਰਾ ਖਿਆਲ ਸੀ ਕਿ ਜੇ ਜ਼ਿਆਦਾ ਨਹੀਂ ਤਾਂ ਰਾਤ ਨੂੰ ਦੋ ਘੰਟੇ ਪੜ੍ਹ ਕੇ ਪਾਸ ਤਾਂ ਹੋ ਈ ਜਾਵਾਂਗਾ।ਆਖਰ ਮੈਂ ਇਕ ਮਿਲ ਵਿਚ ਕੰਮ ਤੇ ਜਾ ਲਗਿਆ।ਮੈਨੂੰ ਅਜ ਵੀ ਯਾਦ ਹੈ ਕਿ ਉਹ 25 ਦਸੰਬਰ ਦਾ ਦਿਨ ਸੀ ਕਿਉਂਕਿ ਉਸ ਦਿਨ ਮੇਰਾ ਜਨਮ ਦਿਨ ਵੀ ਸੀ।ਸਵੇਰ ਦੇ ਅੱਠ ਵਜੇ ਤੋਂ ਰਾਤ ਦੇ ਨੌਂ ਵਜੇ ਤਕ ਕੰਮ ਕਰਨ ਨਾਲ ਸਰੀਰ ਬਿਲਕੁਲ ਜਵਾਬ ਦੇ ਜਾਂਦਾ।ਜਿਸ ਕਰਕੇ ਪੜ੍ਹਾਈ ਮੁਸ਼ਕਲ ਹੋ ਗਈ।
ਜਨਵਰੀ ਦੇ ਪਹਿਲੇ ਹਫ਼ਤੇ ਸਵੇਰੇ ਸੱਤ ਵਜੇ ਮੇਰੇ ਮਾਸੜ ਜੀ (ਭੈਣ ਦਾ ਸਹੁਰਾ) ਆਪਣੇ ਕਿਸੇ ਰਿਸ਼ਤੇਦਾਰ ਨਾਲ ਸਾਡੇ ਘਰ ਆਏ।ਉਹ ਸੱਜਣ ਕਨੇਡਾ ਤੋਂ ਆਏ ਸਨ।ਮਾਸੜ ਜੀ ਕਹਿ ਰਹੇ ਸਨ, ‘ਦੇਖ ਬੇਟਾ! ਅਸੀਂ ਕੋਈ ਧੱਕਾ ਤਾਂ ਕਰਨਾ ਨੀਂ, ਜੋ ਕੁਝ ਹੋਊ ਤੇਰੀ ਸਹਿਮਤੀ ਨਾਲ ਹੀ ਹੋਊ। ਮੈਨੂੰ ਪਤੈ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਪਰ ਫੇਰ ਵੀ ਕੁਛ ਪੱਲੇ ਨੀਂ ਪੈਂਦਾ।ਕਨੇਡਾ ਚਲਾ ਗਿਆ ਤਾਂ ਸਾਲ ਦੇ ਵਿਚ ਹੀ ਲਹਿਰਾਂ ਬਹਿਰਾਂ ਹੋ ਜਾਣਗੀਆਂ।ਇਹ ਆਪਣੀ ਰਿਸ਼ਤੇਦਾਰੀ ਵਿਚੋਂ ਹਨ।ਕਈ ਸਾਲਾਂ ਤੋਂ ਤੇਰੇ ਤੇ ਅੱਖ ਸੀ। ਤੂੰ ਸਾਰਾ ਕੁਛ ਸੋਚ ਵਿਚਾਰ ਕੇ ਜਵਾਬ ਦੇਵੀਂ। ਆਹ ਲੈ ਫੋਟੋ ਦੇਖ ਲਾ। ਮੈਂ ਤਿੰਨ ਚਾਰ ਦਿਨਾਂ ਨੂੰ ਫੇਰ ਆਉਣਾ ਏਥੇ ਉਦੋਂ ਦੱਸ ਦਿਉ’। ਮਾਸੜ ਜੀ ਨੇ ਇਕ ਫੋਟੋ ਦਿੰਦਿਆਂ ਬਿਨਾਂ ਕਿਸੇ ਭੂਮਿਕਾ ਦੇ ਸਪਸ਼ਟ ਗੱਲ ਕਹੀ।ਉਹ ਮੇਰੇ ਰਿਸ਼ਤੇ ਦੀ ਗੱਲ ਕਰ ਰਹੇ ਸਨ।ਜਦ ਉਹ ਚਲੇ ਗਏ ਤਾਂ ਬਾਈ ਜੀ ਦੀ ਵੀ ਇਹੋ ਇਛਾ ਸੀ ਕਿ ਮੈਂ ਹਾਂ ਹੀ ਆਖਾਂ।ਇਹੋ ਜਿਹੇ ਮੌਕੇ ਕਿਥੇ ਮਿਲਦੇ ਹਨ। ਮਾਸੜ ਜੀ ਦੀ ਗੱਲ ਵਿਚ ਪੂਰਾ ਦਮ ਸੀ।
ਮੈਂ ਫੋਟੋ ਨੂੰ ਦੁਬਾਰਾ ਗਹੁ ਨਾਲ ਦੇਖਿਆ।ਕੁੜੀ ਬਹੁਤੀ ਸੁਹਣੀ ਤਾਂ ਨਹੀਂ ਪਰ ਮਾੜੀ ਵੀ ਨਹੀਂ ਸੀ।ਮੈਂ ਹਾਂ ਕਰ ਦਿੱਤੀ ਤੇ ਫੋਟੋ ਜੇਬ ਵਿਚ ਪਾ ਲਈ ਤਾਂ ਜੋ ਦੋਸਤਾਂ ਨੂੰ ਦਿਖਾ ਸਕਾਂ।ਉਦੋਂ ਮੇਰਾ ਪਹਿਲਾ ਨਾਵਲ ‘ਵਧਾਈਆਂ’ ਛਪਿਆ ਸੀ। ਛੋਟੀ ਉਮਰ ‘ਚ ਲਿਖਿਆ ਹੋਣ ਕਰ ਕੇ ਕਾਫੀ ਚਰਚਾ ਹੋਈ ਸੀ।ਉਦੋਂ ਚਿਠੀਆਂ ਲਿਖਣ ਦਾ ਰਿਵਾਜ਼ ਸੀ।ਰੋਜ਼ ਕਾਫੀ ਡਾਕ ਆਉਂਦੀ ਸੀ ਜਿਸ ਵਿਚ ਕੋਈ ਨਾ ਕੋਈ ਪ੍ਰੇਮ ਪੱਤਰ ਵੀ ਆ ਜਾਂਦਾ।ਮੈਂ ਸ਼ੁਰੂ ਤੋਂ ਸ਼ਰਮਾਕਲ ਤਾਂ ਸੀ ਹੀ ਨਾਲ ਆਦਰਸ਼ਵਾਦੀ ਵੀ ਸੀ। ਮੇਰੀ ਸੋਚ ਸੀ ਕਿ ਕਿਸੇ ਇਕ ਦਾ ਹੋਣਾ ਹੈ ਤੇ ਕਿਸੇ ਇਕ ਨੂੰ ਆਪਣਾ ਬਣਾਉਣਾ ਹੈ।ਇਸ ਆਦਰਸ਼ ਨੂੰ ਮੈਂ ਅਜ ਤਕ ਨਿਭਾ ਰਿਹਾ ਹਾਂ।ਸੋ ਕਦੇ ਕਿਸੇ ਨੂੰ ਵਾਪਸੀ ਪੱਤਰ ਨਹੀਂ ਸੀ ਲਿਖਿਆ ਸਿਵਾਏ ਧੰਨਵਾਦ ਦੇ ਸ਼ਬਦਾਂ ਦੇ।ਦੋ ਤਿੰਨ ਕੁੜੀਆਂ ਤਾਂ ਅਜਿਹੀਆਂ ਨਿਡਰ ਸਨ ਜੋ ਮੇਰੇ ਘਰ ਤਕ ਵੀ ਆ ਗਈਆਂ।ਦਿਨੋਂ ਦਿਨ ਅਜਿਹੇ ਪੱਤਰ ਵਧ ਰਹੇ ਸਨ ਪਰ ਮੈਂ ਤਾਂ ਕਿਸੇ ਦੀ ਫੋਟੋ ਜੇਬ ਵਿਚ ਪਾ ਲਈ ਸੀ।ਮੈਂ ਜਦੋਂ ਵੀ ਫੋਟੋ ਦੇਖਦਾ ਤਾਂ ਉਹ ਮੈਨੂੰ ਪਹਿਲਾਂ ਨਾਲੋਂ ਹੁਸੀਨ ਜਾਪਦੀ।ਹਰ ਸਵੇਰ ਮੇਰੇ ਦਿਲ ਦੇ ਹੋਰ ਨੇੜੇ ਹੁੰਦੀ। ਉਧਰੋਂ ਵੀ ਸੁਨੇਹਾ ਮਿਲ ਗਿਆ ਕਿ ਕੁੜੀ ਮਾਰਚ ਦੇ ਅਖੀਰ ਵਿਚ ਆ ਰਹੀ ਹੈ, ਉਦੋਂ ਸਾਦਾ ਜਿਹਾ ਵਿਆਹ ਹੋ ਜਾਵੇਗਾ।ਪਹਿਲਾਂ ਮੇਰਾ ਕਦੇ ਵੀ ਬਾਹਰ ਜਾਣ ਦਾ ਰੁਝਾਨ ਨਹੀਂ ਸੀ ਰਿਹਾ ਪਰ ਹੁਣ ਕਨੇਡਾ ਬਾਰੇ ਜ਼ਿਆਦਾ ਸੋਚਦਾ।ਕਾਲਜ ਜਾਣਾ ਤਾਂ ਛਡਿਆ ਹੀ ਹੋਇਆ ਸੀ। ਪ੍ਰੋਫੈਸਰਾਂ ਨਾਲ ਸਨੇਹ ਸੀ ਜਿਸ ਕਾਰਣ ਹਾਜ਼ਰੀ ਦੀ ਸਮੱਸਿਆ ਨਹੀਂ ਸੀ।ਪਰ ਹੁਣ ਪੇਪਰਾਂ ਵੱਲੋਂ ਵੀ ਬੇਧਿਆਨੀ ਹੋ ਗਈ।ਜਦ ਚਾਰ ਮਹੀਨਿਆਂ ਨੂੰ ਕਨੇਡਾ ਹੀ ਜਾਣਾ ਹੈ ਤਾਂ ਪੇਪਰ ਦੇ ਕੇ ਕੀ ਕਰਨੇ ਐਂ।ਦਿਨ ਛਾਲਾਂ ਮਾਰਦੇ ਜਾ ਰਹੇ ਸਨ।ਮਾਰਚ ਚੜ੍ਹ ਚੁਕਿਆ ਸੀ। ਹਰ ਰੋਜ਼ ਕਿਸੇ ਸੁਨੇਹੇ ਦੀ ਉਡੀਕ ਰਹਿੰਦੀ। ਦੋ ਹਫਤੇ ਬੀਤ ਗਏ ਪਰ ਕੋਈ ਸੁਨੇਹਾ ਨਾ ਆਇਆ। ਨਾ ਹੀ ਪਤਾ ਲੱਗ ਰਿਹਾ ਸੀ ਕਿ ਉਹ ਕਿਹੜੇ ਦਿਨ ਆ ਰਹੇ ਹਨ।ਕੋਈ ਟੈਲੀਫੋਨ ਵੀ ਨਹੀਂ ਸੀ ਹੁੰਦਾ ਉਦੋਂ।ਮਾਰਚ ਦੇ ਤਿੰਨ ਹਫਤੇ ਲੰਘ ਗਏ।
ਬਾਈ ਜੀ ਦਾ ਸਬਰ ਜਵਾਬ ਦੇ ਗਿਆ ਤਾਂ ਉਹ ਆਪ ਪਤਾ ਕਰਨ ਗਏ।ਵਾਪਸ ਆਏ ਤਾਂ ਉਨ੍ਹਾਂ ਦਾ ਮੂੰਹ ਲਟਕਿਆ ਹੋਇਆ ਸੀ।ਕੁੜੀ ਤਾਂ ਵਿਆਹੀ ਵੀ ਗਈ।ਇਹ ਕਿਵੇਂ ਹੋ ਗਿਆ? ਇਥੇ ਤਾਂ ਉਹ ਸਖਸ਼ ਕਹਿ ਰਿਹਾ ਸੀ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਮੈਨੂੰ ਚਾਹੁੰਦਾ ਹੈ। ਬਾਈ ਜੀ ਦੱਸ ਰਹੇ ਸਨ ਕਿ ਉਹ ਬਹੁਤ ਸ਼ਰਮਿੰਦਾ ਹਨ ਇਸੇ ਲਈ ਕੋਈ ਗੱਲ ਕਰਨ ਵੀ ਨਹੀਂ ਆਇਆ। ਉਨ੍ਹਾਂ ਦੇ ਵਡੇ ਜਵਾਈ ਨੇ ਪੰਗਾ ਖੜ੍ਹਾ ਕਰ ਦਿੱਤਾ ਕਿ ਜੇ ਇਸਦਾ ਵਿਆਹ ਮੇਰੇ ਛੋਟੇ ਭਰਾ ਨਾਲ ਨਾ ਕੀਤਾ ਤਾਂ ਮੈਂ ਵਿਆਹ ਵਾਲੇ ਦਿਨ ਕੁਛ ਖਾ ਕੇ ਮਰ ਜਾਊਂ।
ਮਨ ਬੜਾ ਭਾਰਾ ਹੋ ਰਿਹਾ ਸੀ। ਸਾਰੇ ਸੁਪਨੇ ਚਕਨਾਚੂਰ ਹੋ ਗਏ।ਦੋਸਤ ਕੀ ਕਹਿਣਗੇ? ਦਿਲ ਕਰਦਾ ਸੀ ਕਿ ਉਸਦੀ ਫੋਟੋ ਪਾੜ ਦੇਵਾਂ।ਪਰ ਮੈਂ ਆਪਣੇ ਦਿਮਾਗ ਨੂੰ ਹਮੇਸ਼ਾ ਹੀ ਦਿਲ ਤੋਂ ਉਪਰ ਰਖਣ ਦੀ ਕੋਸ਼ਿਸ਼ ਕੀਤੀ ਹੈ।ਇਸ ਵਿਚ ਉਸਦਾ ਤਾਂ ਕੋਈ ਦੋਸ਼ ਨਹੀਂ ਸੀ।ਇਸ ਤਰ੍ਹਾਂ ਦੀਆਂ ਗੱਲਾਂ ਤਾਂ ਆਮ ਹੀ ਵਾਪਰਦੀਆਂ ਹਨ।ਮੈਂ ਫੋਟੋ ਨੂੰ ਪਾੜਿਆ ਨਹੀਂ ਸਗੋਂ ਸੰਭਾਲ ਕੇ ਇਕ ਪਾਸੇ ਰਖ ਦਿੱਤੀ।ਤੇ ਬੱਸ---- ਫਿਰ ਮੈਂ ਕਦੇ ਉਸ ਬਾਰੇ ਨਹੀਂ ਸੋਚਿਆ।ਕਦੇ ਉਸਦੀ ਫੋਟੋ ਨਹੀਂ ਦੇਖੀ। ਮੇਰਾ ਉਸ ਨਾਲ ਸੰਬੰਧ ਵੀ ਕੀ ਸੀ? ਕਦੇ ਉਸਨੂੰ ਦੇਖਿਆ ਵੀ ਨਹੀਂ ਤੇ ਨਾ ਹੀ ਦੋ ਬੋਲ ਸਾਂਝੇ ਕੀਤੇ। ਭਾਵੇਂ ਇਹ ਸੰਬੰਧ ਬਣਨ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ ਪਰ ਸ਼ਾਇਦ ਮਨ ਦੇ ਕਿਸੇ ਕੋਨੇ ਵਿਚ ਇਸਦੀ ਕੰਕਰ ਬਾਕੀ ਰਹਿ ਗਈ ਹੋਵੇ।ਜ਼ਿੰਦਗੀ ਵਿਚ ਬਹੁਤ ਸਾਰੀਆ ਘਟਨਾਵਾਂ ਵਾਪਰਦੀਆਂ ਹਨ। ਕਈ ਦੋਸਤ ਬਣਦੇ ਹਨ ਕਈ ਵਿਛੜਦੇ ਹਨ।ਸਾਹਿਰ ਲੁਧਿਆਣਵੀ ਦੇ ਲਿਖੇ ਗੀਤ ਵਾਲੀ ਭਾਵਨਾ ਨੂੰ ਹੀ ਅਪਣਾਇਆ ਹੈ ਕਿ-
ਵੋ ਅਫ਼ਸਾਨਾ ਜਿਸੇ ਅੰਜਾਮ ਤਕ ਲਾਨਾ ਨਾ ਹੋ ਮੁਮਕਿਨ
ਉਸੇ ਇਕ ਖੂਬਸੂਰਤ ਮੋੜ ਦੇ ਕਰ ਛੋੜਨਾ ਅਛਾ।
ਕਦੇ ਵੀ ਇਹ ਸੋਚ ਭਾਰੂ ਨਹੀਂ ਸੀ ਹੋਈ ਕਿ ਮੈਂ ਹੁਣ ਕਨੇਡਾ ਜਾ ਕੇ ਹੀ ਦਿਖਾਵਾਂਗਾ।ਕੁਝ ਚਿਰ ਮਗਰੋਂ ਮੇਰਾ ਵਿਆਹ ਹੋ ਗਿਆ।ਸੁਘੜ ਸਿਆਣੀ ਪਤਨੀ ਮਿਲੀ।ਜਿਸ ਦਿਨ ਸਾਡੀ ਪਹਿਲੀ ਬੇਟੀ ਨੇ ਜਨਮ ਲਿਆ ਉਸੇ ਦਿਨ ਸਾਨੂੰ ਕਾਫੀ ਵਡਾ ਆਰਡਰ ਮਿਲਿਆ।ਅਡਵਾਂਸ ਚੰਗੀ ਰਕਮ ਮਿਲ ਗਈ।ਬਾਈ ਜੀ ਖੁਸ਼ ਹੋ ਕੇ ਕਹਿ ਰਹੇ ਸਨ, ਸਾਡੇ ਘਰ ਧੀ ਨਹੀਂ ਰੋਜ਼ੀ ਆਈ ਹੈ।ਉਸਦਾ ਨਾਂ ਹੀ ਰੋਜ਼ੀ ਪੱਕ ਗਿਆ ਜਿਸ ਨੂੰ ਮਿਲਣ ਅਸੀਂ ਅਜ ਜਾ ਰਹੇ ਸੀ।ਉਸ ਤੋਂ ਮਗਰੋਂ ਅਜਿਹੇ ਦਿਨ ਫਿਰੇ ਕਿ ਪੈਸੇ ਦੀ ਕੋਈ ਕਮੀ ਨਾ ਰਹੀ।ਜੇ ਮੈਂ ਚਾਹੁੰਦਾ ਤਾਂ ਬਹੁਤ ਪਹਿਲਾਂ ਕਨੇਡਾ ਘੁੰਮ ਸਕਦਾ ਸਾਂ।ਪਰ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।ਮਨ ਤਕਰੀਬਨ ਸ਼ਾਂਤ ਹੀ ਰਹਿੰਦਾ ਹੈ।ਪਰ ਜਦੋਂ ਵੀ ਕਦੇ
ਗੁਲਜ਼ਾਰ ਦਾ ਲਿਖਿਆ ਗੀਤ ਸੁਣਦਾ ਹਾਂ ਤਾਂ ਮੇਰਾ ਚੈਨ ਗੁਆਚ ਜਾਂਦਾ ਹੈ।ਇਸਦੀ ਵਜ੍ਹਾ ਪਤਾ ਨਹੀਂ ਕੀ ਹੈ ਕਿ-
ਕੋਈ ਵਾਦਾ ਨਹੀਂ ਕੀਆ ਲੇਕਿਨ ਕਿਉਂ ਤੇਰਾ ਇੰਤਜ਼ਾਰ ਰਹਿਤਾ ਹੈ
ਬੇਵਜਹਾ ਜਬ ਕਰਾਰ ਮਿਲ ਜਾਏ ਦਿਲ ਬੜਾ ਬੇਕਰਾਰ ਰਹਿਤਾ ਹੈ।
ਅਚਾਨਕ ਮੇਰੇ ਸਰੀਰ ਵਿਚ ਹਰਕਤ ਹੁੰਦੀ ਹੈ। ਟੀ ਵੀ ਸਕਰੀਨ ਦਰਸਾ ਰਹੀ ਹੈ ਕਿ ਜਹਾਜ਼ ਇਕ ਗੋਲ ਦਾਇਰਾ ਬਣਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਚੁਕਿਆ ਹੈ।ਬਾਹਰ ਮੌਸਮ ਸਾਫ ਦਿਸ ਰਿਹਾ ਹੈ।ਜਹਾਜ਼ ਦੇ ਉਤਰਨ ਦੀ ਘੋਸ਼ਣਾ ਹੋ ਗਈ। ਖਰਾਬ ਮੌਸਮ ਕਾਰਣ ਹੋਈ ਅੱਧਾ ਘੰਟਾ ਦੇਰੀ ਦੀ ਮੁਆਫੀ ਮੰਗੀ ਜਾ ਰਹੀ ਹੈ।ਮੈਂ ਆਸ ਪਾਸ ਦੇਖਦਾ ਹਾਂ ਤਾਂ ਮੇਰੀ ਪਤਨੀ ਮੇਰੇ ਅੰਦਰਲੇ ਤੂਫਾਨ ਤੋਂ ਬੇਖਬਰ ਬਾਹਰਲੇ ਤੂਫਾਨ ਤੋਂ ਡਰੀ ਚੁੱਪ ਬੈਠੀ ਹੈ।ਜਹਾਜ਼ ਨੇ ਧਰਤੀ ਨੂੰ ਛੂਹ ਲਿਆ। ਲੋਕਾਂ ਨੇ ਤਾੜੀਆਂ ਮਾਰੀਆਂ। ਮੇਰੀ ਪਤਨੀ ਬਾਹਰ ਜਾਣ ਲਈ ਕਾਹਲੀ ਹੈ ਪਰ ਮੈਂ ਅਜੇ ਵੀ ਸੀਟ ਤੇ ਬੈਠਾ ਹਾਂ।
ਕਨੇਡਾ ਦਰਸ਼ਨ
ਮੌਸਮ ਖੁਸ਼ਗਵਾਰ ਹੋ ਗਿਆ ਸੀ।ਅਸੀਂ ਜਹਾਜ਼ ਤੋਂ ਉਤਰ ਕੇ ਇਮੀਗਰੇਸ਼ਨ ਦੀ ਕਤਾਰ ਵਿਚ ਖੜ੍ਹ ਗਏ।ਅੰਬੈਸੀ ਵਾਲਿਆਂ ਨੇ ਸਾਡੇ ਪਾਸਪੋਰਟ ਤੇ ਕਨੇਡਾ ਦਾਖਲ ਹੋਣ ਲਈ ਵੀਹ ਦਿਨ ਦਾ ਸਮਾਂ ਦਿੱਤਾ ਸੀ, ਯਾਨੀ ਅਸੀਂ ਪੰਦਰਾਂ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਇਸ ਦੇਸ ਅੰਦਰ ਦਾਖਲ ਹੋ ਸਕਦੇ ਸੀ।ਡਿਊਟੀ ਤੇ ਤਾਇਨਾਤ ਕਾਲੀ ਔਰਤ ਅਫਸਰ ਨੇ ਸਾਡੇ ਪਾਸਪੋਰਟ ਦੇਖੇ ਅਤੇ ਛੇ ਮਹੀਨੇ ਦੀ ਮੋਹਰ ਲਗਾ ਕੇ ਸਾਨੂੰ ਫੜਾ ਦਿੱਤੇ।ਸਾਨੂੰ ਛੇ ਮਹੀਨੇ ਕਨੇਡਾ ਰਹਿਣ ਦੀ ਆਗਿਆ ਮਿਲ ਗਈ।ਇਥੇ ਵੀ ਟਰਾਲੀਆਂ ਤਾਲਾਬੰਦ ਸਨ।ਦੋ ਡਾਲਰ ਦਾ ਸਿੱਕਾ ਪਾਉਣ ਨਾਲ ਇਕ ਟਰਾਲੀ ਨਿਕਲਦੀ ਸੀ।ਮੇਰੇ ਕੋਲ ਅਮਰੀਕਨ ਡਾਲਰ ਸਨ।ਮੇਰੀ ਇਹ ਸੋਚ ਸੀ ਕਿ ਅਮਰੀਕਨ ਡਾਲਰ ਤਾਂ ਹਰ ਜਗ੍ਹਾ ਹੀ ਚਲਦਾ ਹੈ ਪਰ ਮਸ਼ੀਨ ਕਨੇਡੀਅਨ ਡਾਲਰ ਦੀ ਮੰਗ ਕਰਦੀ ਸੀ।ਉਥੇ ਮਨੀਚੇਂਜਰ ਦਾ ਕਾਉਂਟਰ ਬਣਿਆਂ ਹੋਇਆ ਸੀ।ਮੈਂ ਸੌ ਡਾਲਰ ਉਸਨੂੰ ਬਦਲਣ ਲਈ ਦਿੱਤਾ ਤਾਂ ਉਸਨੇ ਬਦਲੇ ਵਿਚ ਮੈਨੂੰ ਚੁਰਾਨਵੇਂ ਡਾਲਰ ਦਿੱਤੇ।ਉਸ ਦਿਨ ਦੋਵਾਂ ਦੇਸਾਂ ਦੀ ਕਰੰਸੀ ਦਾ ਇਕੋ ਰੇਟ ਹੋ ਗਿਆ ਸੀ।ਕਾਟ ਭਾਵੇਂ ਜ਼ਿਆਦਾ ਸੀ ਪਰ ਮਜ਼ਬੂਰੀ ਸੀ।ਮੈਂ ਦੋ ਡਾਲਰ ਦਾ ਸਿੱਕਾ ਪਾ ਕੇ ਇਕ ਟਰਾਲੀ ਲਈ ਅਤੇ ਆਪਣਾ ਸਮਾਨ ਉਸ ਉਤੇ ਰਖ ਕੇ ਬਾਹਰ ਆ ਗਏ।
ਟਰਾਂਟੋ ਦਾ ਹਵਾਈ ਦ੍ਰਿਸ਼
ਕਹਿੰਦੇ ਹਨ ਕਿ ਮੂਲ ਨਾਲੋਂ ਵਿਆਜ ਪਿਆਰਾ।ਅਸੀਂ ਵੀ ਛੇਤੀ ਨਾਲ ਸੀਰਤ ਦੀ ਇਕ ਝਲਕ ਪਾ ਲੈਣਾ ਚਾਹੁੰਦੇ ਸੀ।ਸਾਡੀਆਂ ਨਜ਼ਰਾਂ ਇਕ ਦਮ ਚੁਫੇਰੇ ਘੁੰਮ ਗਈਆਂ।ਰੋਜੀ ਤੇ ਗੁਰਸੇਵਕ ਸਾਨੂੰ ਗੇਟ ਦੇ ਕੋਲ ਹੀ ਉਡੀਕ ਰਹੇ ਸਨ।ਗੁਰਸੇਵਕ ਨੂੰ ਅਸੀਂ ਉਸਦੇ ਛੋਟੇ ਨਾਂ ਸੇਵਕੀ ਨਾਲ ਹੀ ਸੰਬੋਧਿਤ ਹੁੰਦੇ ਹਾਂ।ਉਹ ਸਾਨੂੰ ਬੜੇ ਹੀ ਉਮਾਹ ਨਾਲ ਮਿਲੇ।ਸੀਰਤ ਪੰਜ ਮਹੀਨੇ ਦੀ ਹੋ ਗਈ ਸੀ।ਸਾਨੂੰ ਦੇਖ ਕੇ ਉਹ ਇਵੇਂ ਮੁਸਕੁਰਾਈ ਜਿਵੇਂ ਸਾਨੂੰ ਪਹਿਲਾਂ ਤੋਂ ਹੀ ਜਾਣਦੀ ਹੋਵੇ।ਸੇਵਕੀ ਖੁਸ਼ੀ ’ਚ ਖੀਵਾ ਹੋਇਆ ਫਿਰਦਾ ਸੀ।ਉਸਨੇ ਟਰਾਲੀ ਫੜੀ ਤੇ ਸਾਡੇ ਅੱਗੇ ਅੱਗੇ ਚੱਲ ਪਿਆ।ਉਨ੍ਹਾਂ ਨੇ ਕੁਝ ਚਿਰ ਪਹਿਲਾਂ ਹੀ ਨਵਾਂ ਘਰ ਖਰੀਦਿਆ ਸੀ ਜਿਸਦਾ ਕੁਝ ਕੰਮ ਕਰਨ ਵਾਲਾ ਰਹਿੰਦਾ ਸੀ।ਉਹ ਚਾਹੁੰਦਾ ਸੀ ਕਿ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਪੂਰਾ ਹੋ ਜਾਵੇ।ਉਹ ਦੱਸ ਰਿਹਾ ਸੀ ਕਿ ਰਾਤੀਂ ਦੋ ਵਜੇ ਕੰਮ ਪੂਰਾ ਕਰ ਕੇ ਮਨ ਨੂੰ ਤਸੱਲੀ ਹੋਈ।
ਅਸੀਂ ਕਾਰ ਵਿਚ ਬੈਠੇ ਘਰ ਵੱਲ ਵਧ ਰਹੇ ਸੀ।ਸੇਵਕੀ ਸਾਨੂੰ ਨਾਲ ਨਾਲ ਰਸਤਿਆਂ ਦੀ ਜਾਣਕਾਰੀ ਵੀ ਦਿੰਦਾ ਜਾ ਰਿਹਾ ਸੀ।ਅੱਧੇ ਘੰਟੇ ਵਿਚ ਅਸੀਂ ਘਰ ਪਹੁੰਚ ਗਏ।ਕਾਰ ਵਿਚ ਬੈਠਿਆਂ ਹੀ ਉਸਨੇ ਰਿਮੋਟ ਦਾ ਬਟਨ ਨਪਿਆ ਤਾਂ ਗੈਰਜ ਦਾ ਦਰਵਾਜ਼ਾ ਖੁਲ੍ਹ ਗਿਆ।ਕਾਰ ਗੈਰਜ ਵਿਚ ਉਤਰ ਕੇ ਅਸੀਂ ਘਰ ਵਿਚ ਦਾਖਲ ਹੋਏ।ਬਰੈਂਪਟਨ ਸ਼ਹਿਰ ਦੇ ਬੈਂਟਿੰਗ ਕਰੈਸਟ ਵਿਚ ਸਥਿਤ ਇਹ ਘਰ ਬਹੁਤ ਹੀ ਖੂਬਸੂਰਤ ਹੈ।ਸੀਰਤ ਸਤਵਿੰਦਰ ਦੀ ਗੋਦ ਵਿਚ ਸੀ।ਜਸਲੀਨ ਭਾਵੇਂ ਅਮਰੀਕਾ ਵਿਚ ਸੀ ਪਰ ਗੱਲੀਂ ਬਾਤੀਂ ਉਹ ਸਾਡੇ ਨਾਲ ਹੀ ਰਹਿੰਦੀ।ਜਸਲੀਨ ਹੁਣ ਆਹ ਕਰਦੀ ਹੋਊ ਹੁਣ ਇਉਂ ਕਹਿੰਦੀ ਹੋਊ।ਸੱਤੀ ਦਾ ਫੋਨ ਤਾਂ ਸਾਨੂੰ ਰਸਤੇ ਵਿਚ ਹੀ ਆ ਗਿਆ ਸੀ।ਚਾਹ ਪੀਂਦਿਆਂ ਅਸੀਂ ਪਹਿਲਾ ਕੰਮ ਸੱਤੀ ਵੱਲੋਂ ਦਿੱਤਾ ਲੈਪਟਾਪ ਚਾਲੂ ਕਰਨ ਦਾ ਕੀਤਾ।ਸੱਤੀ ਤੇ ਕਮਲ ਆਨ ਲਾਈਨ ਹੀ ਬੈਠੇ ਸਨ।ਦੋਹਾਂ ਥਾਵਾਂ ਦਾ ਸਮਾਂ ਇਕੋ ਹੀ ਹੈ।ਸੱਤੀ ਬੋਲਿਆ, ‘ਓ ਮੈਂ ਕਿਹਾ……… ਹਾਲ ਚਾਲ ਈ ਪੁਛ ਲਈਏ’।
ਚਾਹ ਪੀਂਦਿਆਂ ਸੇਵਕੀ ਕਾਫੀ ਉਤਸ਼ਾਹ ਨਾਲ ਕਨੇਡਾ ਦੀ ਜ਼ਿੰਦਗੀ ਬਾਰੇ ਜਾਣਕਾਰੀ ਦੇ ਰਿਹਾ ਸੀ।ਉਸ ਨੇ ਸਾਨੂੰ ਘੁੰਮਾਉਣ ਲਈ ਕਈ ਥਾਵਾਂ ਦੀ ਚੋਣ ਕੀਤੀ ਹੋਈ ਸੀ ਪਰ ਅਸੀਂ ਉਸ ਨੂੰ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਉਸ ਨੇ ਕੋਈ ਛੁੱਟੀ ਨਹੀਂ ਕਰਨੀ ਸਿਰਫ ਸ਼ਨਿਚਰ ਅਤੇ ਐਤਵਾਰ ਹੀ ਘੁੰਮਣ ਦਾ ਪ੍ਰੋਗਰਾਮ ਬਣਾਉਣਾ ਹੈ।ਸਿਰਫ ਦੋ ਹਫਤੇ ਹੀ ਸਾਡੇ ਕੋਲ ਸਨ।ਸਾਡਾ ਮਕਸਦ ਸਿਰਫ ਬੱਚਿਆਂ ਨੂੰ ਮਿਲਣਾ ਹੀ ਸੀ।ਕਨੇਡਾ ਆਉਣ ਦਾ ਤਾਂ ਪੱਕਾ ਵੀ ਨਹੀਂ ਸੀ।ਇਹੀ ਸੀ ਕਿ ਜੇ ਵੀਜਾ ਮਿਲ ਗਿਆ ਤਾਂ ਬੱਚਿਆਂ ਨੂੰ ਮਿਲ ਆਵਾਂਗੇ।ਕਨੇਡਾ ਵਿਚ ਸਾਡੀ ਰਿਸ਼ਤੇਦਾਰੀ ਵੀ ਬਹੁਤ ਹੈ।ਸਾਡੀ ਸੋਚ ਸੀ ਵੱਧ ਤੋਂ ਵੱਧ ਸਮਾਂ ਘਰ ਵਿਚ ਹੀ ਬੱਚਿਆਂ ਨਾਲ ਬਿਤਾਉਣਾ।ਅਜੇ ਅੱਧਾ ਘੰਟਾ ਵੀ ਨਹੀਂ ਸੀ ਬੀਤਿਆ ਕਿ ਰਿਸ਼ਤੇਦਾਰਾਂ ਦੇ ਫੋਨ ਖੜਕਣ ਲਗ ਪਏ।ਸਾਰੇ ਇਹੀ ਪੁਛ ਰਹੇ ਸਨ ਕਿ ਅਸੀਂ ਉਨ੍ਹਾਂ ਦੇ ਘਰ ਕਦੋਂ ਆ ਰਹੇ ਹਾਂ।ਨਾਲ ਹੀ ਇਹ ਵੀ ਕਹਿ ਰਹੇ ਸਨ ਕਿ ਅਸੀਂ ਜਦੋਂ ਚਾਹੀਏ ਉਹ ਸਾਨੂੰ ਆ ਕੇ ਲੈ ਜਾਣਗੇ।ਇਹ ਬੜੀ ਉਲਝਨ ਵਾਲੀ ਗੱਲ ਸੀ।ਦਿਨ ਥੋੜ੍ਹੇ ਤੇ ਰਿਸ਼ਤੇਦਾਰ ਵਧ।ਅਜੇ ਦੋ ਘੰਟੇ ਵੀ ਨਹੀਂ ਸੀ ਬੀਤੇ ਕਿ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ।ਅਸੀਂ ਆਮ ਹੀ ਸੁਣਦੇ ਸੀ ਕਿ ਬਾਹਰ ਦੀ ਮਿੱਟੀ ਦੀ ਤਾਸੀਰ ਹੀ ਐਸੀ ਹੈ ਕਿ ਮੋਹ ਪਿਆਰ ਘਟ ਜਾਂਦਾ ਹੈ।ਪਰ ਮੈਨੂੰ ਤਾਂ ਇਹ ਗੱਲ ਮੂਲੋਂ ਹੀ ਨਿਰਮੂਲ ਜਾਪੀ।ਜਦੋਂ ਮੈਨੂੰ ਕੋਈ ਮੈਥੋਂ ਵਡਾ ਇਹ ਗੱਲ ਆਖਦਾ ਕਿ ਅਸੀਂ ਉਸਨੂੰ ਵੱਧ ਤੋਂ ਵੱਧ ਸੇਵਾ ਦਾ ਮੌਕਾ ਦੇਈਏ ਤਾਂ ਮੈਨੂੰ ਆਪਣਾ ਆਪ ਨਿਗੂਣਾ ਜਿਹਾ ਜਾਪਦਾ।ਮੇਰੀ ਹੈਸੀਅਤ ਹੀ ਕੀ ਸੀ ਜੋ ਇਹ ਸਾਨੂੰ ਇੰਨਾ ਮਾਣ ਦੇ ਰਹੇ ਸਨ।
ਵੈਨਕੂਵਰ ਤੋਂ ਚਾਚਾ ਜੀ ਹੋਰਾਂ ਦਾ ਫੋਨ ਆ ਗਿਆ ਕਿ ਅਸੀਂ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਜਾਈਏ।ਉਹ ਇਹ ਵੀ ਕਹਿ ਰਹੇ ਸਨ ਕਿ ਜਿਸ ਦਿਨ ਆਉਣਾ ਹੈ ਦੱਸ ਦਿਉ ਮੈਂ ਵਾਪਸੀ ਦੀ ਟਿਕਟ ਭੇਜ ਦਿੰਨਾਂ,ਆਉ ਜ਼ਰੂਰ ਭਾਵੇਂ ਚਾਰ ਦਿਨ ਲਈ ਹੀ।ਗੱਲ ਟਿਕਟ ਦੀ ਨਹੀਂ ਸੀ ਸਿਰਫ ਸਮੇਂ ਦੀ ਸੀ।ਟਰਾਂਟੋ ਤੋਂ ਵਾਪਸੀ ਦੀ ਟਿਕਟ ਵੀ ਅਸੀਂ ਪੱਚੀ ਅਪ੍ਰੈਲ ਦੀ ਲੈ ਲਈ ਸੀ।ਵੈਨਕੂਵਰ ਵੀ ਰਿਸ਼ਤੇਦਾਰੀ ਬਹੁਤ ਹੈ।ਦਿਲ ਤਾਂ ਬਹੁਤ ਕਰਦਾ ਸੀ ਕਿ ਜਾ ਆਈਏ ਪਰ ਚਾਰ ਦਿਨ ਲਈ ਜਾ ਕੇ ਸਾਰਿਆਂ ਨੂੰ ਨਰਾਜ਼ ਕਰਨ ਵਾਲੀ ਗੱਲ ਸੀ।ਘੱਟੋ ਘੱਟ ਇਕ ਮਹੀਨਾ ਹੁੰਦਾ ਤਾਂ ਸਾਰਿਆਂ ਨੂੰ ਮਿਲਿਆ ਜਾਂਦਾ।ਇਸ ਲਈ ਵੈਨਕੂਵਰ ਜਾਣ ਬਾਰੇ ਕਦੇ ਫੇਰ ਸਹੀ ਕਹਿ ਕੇ ਸਾਰ ਲਿਆ।
ਸੇਵਕੀ ਆਪਣੇ ਜਨਮ ਦਿਨ ਦਾ ਕੇਕ ਕਟਦਾ ਹੋਇਆ
ਗੁਰਸੇਵਕ ਦੇ ਪਿਤਾ ਸ. ਊਧਮ ਸਿੰਘ ਕੋਟਕਪੂਰੇ ਦੇ ਰਹਿਣ ਵਾਲੇ ਹਨ।ਉਥੇ ਉਹ ਬਿਜਲੀ ਬੋਰਡ ਵਿਚ ਮੁਲਾਜਮ ਸਨ।ਉਨ੍ਹਾਂ ਦੀ ਬੇਟੀ ਦੀ ਸ਼ਾਦੀ ਕਨੇਡਾ ਹੋਈ ਸੀ।ਉਸ ਨੇ ਹੀ ਸਾਰੇ ਪਰਿਵਾਰ ਨੂੰ ਸਪਾਂਸਰ ਕੀਤਾ ਸੀ ਜਿਸ ਅਧਾਰ ਤੇ ਇਹ ਪਰਿਵਾਰ ਕਨੇਡਾ ਪਹੁੰਚਿਆ ਸੀ।ਸਾਡੀ ਇਨ੍ਹਾਂ ਨਾਲ ਪੁਰਾਣੀ ਸਾਂਝ ਸੀ ਜਿਸ ਕਾਰਣ ਰੋਜੀ ਦਾ ਰਿਸ਼ਤਾ ਸੇਵਕੀ ਨਾਲ ਹੋ ਗਿਆ।ਸੇਵਕੀ ਦਾ ਛੋਟਾ ਭਰਾ ਗੁਰਮੇਲ ਵੀ ਇਨ੍ਹਾਂ ਦੇ ਨਾਲ ਹੀ ਰਹਿੰਦਾ ਹੈ ਜੋ ਉਧਰ ਟਰਾਲਾ ਚਲਾਉਂਦਾ ਹੈ।ਜਦੋਂ ਅਸੀਂ ਕਨੇਡਾ ਪਹੁੰਚੇ ਤਾਂ ਊਧਮ ਸਿੰਘ ਤੇ ਉਨ੍ਹਾਂ ਦੀ ਪਤਨੀ ਪੰਜਾਬ ਗਏ ਹੋਏ ਸਨ।
ਨਿਆਗਰਾ ਫਾਲਜ਼
ਪਹਿਲਾ ਦਿਨ ਤਾਂ ਸਾਡਾ ਪਰਿਵਾਰਕ ਮਿਲਣੀਆਂ ਵਿਚ ਹੀ ਲੰਘ ਗਿਆ।ਸੇਵਕੀ ਨੇ ਐਤਵਾਰ ਨੂੰ ਨਿਆਗਰਾ ਫਾਲਜ਼ ਦੇਖਣ ਦਾ ਪ੍ਰੋਗਰਾਮ ਬਣਾ ਲਿਆ।ਸ਼ਨਿਚਰਵਾਰ ਗੁਰਮੇਲ ਵੀ ਘਰ ਆ ਗਿਆ ਸੀ।ਐਤਵਾਰ ਨੂੰ ਸਵੇਰੇ ਸੇਵਕੀ ਦੀ ਭੈਣ ਗੁਲਜਿੰਦਰ ਨੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪੁਆਉਣਾ ਸੀ।ਉਸ ਦੇ ਪਤੀ ਜੌਲੀ ਦੀ ਪਹਿਲਾਂ ਪਾਠ ਕਰਵਾਉਣ ਦੀ ਯੋਜਨਾ ਸੀ ਪਰ ਜਦ ਸਾਡੇ ਆਉਣ ਦਾ ਪੱਕਾ ਹੋ ਗਿਆ ਤਾਂ ਉਨ੍ਹਾਂ ਨੇ ਇਹ ਦਿਨ ਰਖ ਲਿਆ।ਪਹਿਲੇ ਦਿਨ ਹੀ ਉਹ ਆ ਕੇ ਸੱਦਾ ਪੱਤਰ ਵੀ ਦੇ ਗਏ ਸਨ।ਗੱਲ ਤਾਂ ਪਹਿਲਾਂ ਵੀ ਫੋਨ ਤੇ ਹੁੰਦੀ ਰਹਿੰਦੀ ਸੀ ਪਰ ਉਹ ਸਾਡੇ ਨਾਲ ਮੋਹ ਹੀ ਐਨਾ ਕਰਦੇ ਹਨ ਕਿ ਸਮਾਂ ਕਢ ਕੇ ਸਾਰਾ ਦਿਨ ਸਾਡੇ ਕੋਲ ਰਹੇ।ਸਾਡਾ ਇਹੀ ਪ੍ਰੋਗਰਾਮ ਬਣਿਆਂ ਕਿ ਭੋਗ ਤੋਂ ਮਗਰੋਂ ਸਿੱਧੇ ਨਿਆਗਰਾ ਫਾਲਜ਼ ਦੇਖਣ ਲਈ ਨਿਕਲ ਜਾਈਏ।
ਪਾਠ ਦਾ ਭੋਗ ਨਾਨਕਸਰ ਗੁਰਦਵਾਰੇ ਪੈਣਾ ਸੀ।ਅਸੀਂ ਸਵੇਰੇ ਤਿਆਰ ਹੋ ਕੇ ਗੁਰਦਵਾਰਾ ਸਾਹਿਬ ਪਹੁੰਚ ਗਏ।ਬਰੈਂਪਟਨ ਸ਼ਹਿਰ ਵਿਚ ਜ਼ਿਆਦਾਤਰ ਆਬਾਦੀ ਪੰਜਾਬੀਆਂ ਦੀ ਹੈ।ਗੁਰਦਵਾਰੇ ਵਾਲੀ ਸੜਕ ਦਾ ਨਾਂ ਵੀ ਗੁਰਦਵਾਰਾ ਰੋਡ ਲਿਖਿਆ ਹੋਇਆ ਹੈ।ਗੁਰਦਵਾਰੇ ਦੀ ਬੇਸਮੈਂਟ ਵਿਚ ਪਰਿਵਾਰ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ ਸੀ।ਭੋਗ ਤੋਂ ਮਗਰੋਂ ਲੰਗਰ ਵੀ ਵਰਤਾਇਆ ਗਿਆ।ਦੇਖ ਕੇ ਖੁਸ਼ੀ ਹੋ ਰਹੀ ਸੀ ਕਿ ਸਿੱਖੀ ਪ੍ਰੰਪਰਾ ਇਧਰ ਵੀ ਉਨੀ ਹੀ ਸ਼ਰਧਾ ਨਾਲ ਕਾਇਮ ਸੀ ਜਿੰਨੀ ਪੰਜਾਬ ਵਿਚ।ਭਾਵੇਂ ਅਸੀਂ ਪਾਠ ਤੋਂ ਮਗਰੋਂ ਸਿੱਧੇ ਨਿਆਗਰਾ ਜਾਣਾ ਸੀ ਪਰ ਸੇਵਕੀ ਸਾਨੂੰ ਫੇਰ ਘਰ ਲੈ ਆਇਆ।ਉਹ ਕਦੇ ਅੰਦਰ ਜਾਂਦਾ ਕਦੇ ਬਾਹਰ ਆਉਂਦਾ।ਲਗਦਾ ਸੀ ਕੁਝ ਕਹਿਣਾ ਚਾਹੁੰਦਾ ਹੈ।ਆਖਰ ਸਤਵਿੰਦਰ ਨੇ ਪੁਛ ਹੀ ਲਿਆ, ‘ਕੀ ਗੱਲ ਸੇਵਕੀ! ਕੋਈ ਪਰੇਸ਼ਾਨੀ ਐ?’
ਲੇਖਕ ਸਤਵਿੰਦਰ,ਜੀਤ,ਰੋਜੀ ਸੇਵਕੀ ਅਤੇ ਸੀਰਤ ਨਾਲ ਨਿਆਗਰਾ ਫਾਲਜ਼ ਵਿਖੇ
‘ਮੰਮਾਂ! ਅਸੀਂ ਸੋਚਿਆ ਸੀ ਤੁਸੀਂ ਪੰਜ ਅਪ੍ਰੈਲ ਨੂੰ ਸਾਡੇ ਕੋਲ ਆ ਜਾਉਂਗੇ ਤਾਂ ਅਸੀਂ ਤੁਹਾਡੀ ਮੈਰਿਜ ਐਨਵਰਸਰੀ ਮਨਾਵਾਂਗੇ।ਪਰ ਤੁਸੀਂ ਦੋ ਦਿਨ ਲੇਟ ਹੋ ਗਏ।ਅਸੀਂ ਇਕ ਛੋਟਾ ਜਿਹਾ ਗਿਫਟ ਲਿਆ ਸੀ ਤੁਹਾਡੇ ਲਈ’।ਉਹ ਫੇਰ ਅੰਦਰ ਗਿਆ ਤੇ ਇਕ ਪੈਕਟ ਲੈ ਆਇਆ।ਸਤਵਿੰਦਰ ਨੇ ਪੈਕਟ ਫੜ ਲਿਆ।ਇਹ ਛੋਟਾ ਜਿਹਾ ਗਿਫਟ ਨਹੀਂ ਸਗੋਂ ਇਕ ਵੀਡੀਉ ਕੈਮਰਾ ਸੀ।
ਦੋ ਵਜੇ ਦੇ ਕਰੀਬ ਅਸੀਂ ਨਿਆਗਰਾ ਫਾਲਜ਼ ਦੇਖਣ ਲਈ ਤੁਰੇ।ਸਾਡੇ ਨਾਲ ਸੇਵਕੀ ਦੀ ਛੋਟੀ ਭੈਣ ਜੀਤ ਅਤੇ ਉਸਦਾ ਪਤੀ ਕੁਲਵਿੰਦਰ ਵੀ ਤਿਆਰ ਹੋ ਗਏ।ਅਸੀਂ ਦੋ ਕਾਰਾਂ ਵਿਚ ਸੱਤ ਜਣੇ ਵਡੇ ਅਤੇ ਦੋ ਬੱਚੇ ਜਾ ਰਹੇ ਸਾਂ।ਸਾਡੇ ਵਾਲੀ ਕਾਰ ਸੇਵਕੀ ਚਲਾ ਰਿਹਾ ਸੀ।ਉਹ ਸਾਨੂੰ ਰਸਤਿਆਂ ਬਾਰੇ ਜਾਣਕਾਰੀ ਵੀ ਦਿੰਦਾ ਜਾ ਰਿਹਾ ਸੀ।ਉਸਦਾ ਧਿਆਨ ਕਾਰ ਚਲਾਉਣ ਦੇ ਨਾਲ ਨਾਲ ਸੀਰਤ ਵਿਚ ਵੀ ਸੀ।ਸੀਰਤ ਥੋੜ੍ਹਾ ਜਿਹਾ ਵੀ ਚੂੰ ਕਰਦੀ ਤਾਂ ਉਹ ਲੋਰੀਆਂ ਦੇਣ ਲਗਦਾ।ਅਸੀਂ ਡੇਢ ਕੁ ਘੰਟੇ ਵਿਚ ਨਿਆਗਰਾ ਫਾਲਜ਼ ਪਹੁੰਚ ਗਏ।ਰਸਤੇ ਵਿਚ ਸਾਨੂੰ ਕਿਤੇ ਵੀ ਟੋਲ ਟੈਕਸ ਨਹੀਂ ਸੀ ਦੇਣਾ ਪਿਆ।ਮੇਰੇ ਪੁਛਣ ਤੇ ਸੇਵਕੀ ਨੇ ਦਸਿਆ ਕਿ ਕਨੇਡਾ ਵਿਚ ਇਕ ਹਾਈਵੇ ਹੁਣੇ ਬਣਿਆਂ ਹੈ ਜਿਸ ਤੇ ਟੋਲ ਲਗਦਾ ਹੈ ਬਾਕੀ ਕਿਸੇ ਵੀ ਸੜਕ ਤੇ ਜਾਣ ਲਈ ਕੋਈ ਟੋਲ ਨਹੀਂ ਹੈ।ਸੜਕਾਂ ਵੀ ਸਾਰੀਆਂ ਵਧੀਆ ਤੇ ਚੌੜੀਆਂ ਹਨ।ਅਸੀਂ ਕਾਰਾਂ ਇਕ ਪਾਰਕਿੰਗ ਲਾਟ ਵਿਚ ਪਾਰਕ ਕਰ ਦਿੱਤੀਆਂ ਅਤੇ ਝਰਨਿਆਂ ਵਾਲੇ ਪਾਸੇ ਨੂੰ ਤੁਰ ਪਏ।
ਸਭ ਤੋਂ ਪਹਿਲਾਂ ਮੇਰੀ ਨਜ਼ਰ ਇਕ ਬਹੁਤ ਹੀ ਉਚੇ ਟਾਵਰ ਤੇ ਪਈ।ਫੋਟੋਆਂ ਵਿਚ ਸੀ. ਐਨ ਟਾਵਰ ਦੇਖਿਆ ਹੋਇਆ ਸੀ।ਮੈਂ ਇਸ ਨੂੰ ਹੀ ਸੀ. ਐਨ. ਟਾਵਰ ਸਮਝ ਬੈਠਾ।ਪੁਛਣ ਤੇ ਰੋਜੀ ਨੇ ਦਸਿਆ ਕਿ ਇਹ ਸਕਾਈਲੋਨ ਟਾਵਰ ਹੈ।ਸੀ. ਐਨ. ਟਾਵਰ ਤਾਂ ਇਸ ਤੋਂ ਵੀ ਉਚਾ ਹੈ।ਅਸੀਂ ਨਦੀ ਦੇ ਕਿਨਾਰੇ ਪਹੁੰਚੇ ਤਾਂ ਨਜ਼ਾਰਾ ਸਚਮੁਚ ਹੀ ਦਿਲਕਸ਼ ਸੀ।ਝਰਨਿਆਂ ਦੇ ਪਾਣੀ ਡਿਗਣ ਨਾਲ ਬਣੇ ਗੁਬਾਰ ਦੀ ਠੰਡਕ ਸਰੀਰ ਨੂੰ ਮਹਿਸੂਸ ਹੋ ਰਹੀ ਸੀ।ਸਾਰੀ ਸੜਕ ਗਿੱਲੀ ਹੋਈ ਪਈ ਸੀ।ਨਿਆਗਰਾ ਨਦੀ ਅਮਰੀਕਾ ਅਤੇ ਕਨੇਡਾ ਦੀ ਕੁਦਰਤੀ ਸਾਂਝੀ ਹੱਦ ਹੈ ਜੋ ਕਿ 56 ਕਿਲੋਮੀਟਰ ਲੰਬੀ ਹੈ।ਨਿਆਗਰਾ ਬਾਰੇ ਕਿਹਾ ਜਾਂਦਾ ਹੈ ਕਿ ਤਕਰੀਬਨ ਅਠਾਰਾਂ ਹਜ਼ਾਰ ਸਾਲ ਪਹਿਲਾਂ ਦੱਖਣੀ ਉਂਟਾਰੀਉ ਤੇ ਦੋ ਤੋਂ ਤਿੰਨ ਕਿਲੋਮੀਟਰ ਤਕ ਬਰਫ ਦੀ ਤਹਿ ਜੰਮੀ ਹੋਈ ਸੀ ਜੋ ਕਿ ਹੌਲੀ ਹੌਲੀ ਖੁਰਦੀ ਹੋਈ ਇਸ ਝੀਲ ਦੇ ਰੂਪ ਵਿਚ ਪ੍ਰਗਟ ਹੋਈ।ਕਨੇਡਾ ਵਾਲੇ ਝਰਨੇ ਦਾ ਰੂਪ ਉਪਰੋਂ ਦੇਖਿਆਂ ਘੋੜੇ ਦੇ ਪੌੜ ਵਰਗਾ ਲਗਦਾ ਹੈ ਜਿਸ ਕਾਰਣ ਇਸਦਾ ਨਾਂ ਹੀ ਹੌਰਸ ਸ਼ੂ ਫਾਲਜ਼ ਹੈ।ਇਸ ਵਿਚ 167 ਫੁਟ ਦੀ ਉਚਾਈ ਤੋਂ ਇਕ ਸੈਕਿੰਡ ਵਿਚ ਛੇ ਲਖ ਗੈਲਨ ਪਾਣੀ ਡਿਗਦਾ ਹੈ।ਸਾਹਮਣੇ ਹੀ ਅਮਰੀਕਾ ਨਾਲ ਜੋੜਦਾ ਨਦੀ ਤੇ ਬਣਿਆਂ ਪੁਲ ਦਿਖਾਈ ਦੇ ਰਿਹਾ ਸੀ।ਦੋਵੇਂ ਦੇਸ ਆਪਸ ਵਿਚ ਅੱਠ ਹੱਦਾਂ ਰਾਹੀਂ ਜੁੜੇ ਹੋਏ ਹਨ ਜਿਨ੍ਹਾਂ ਵਿਚੋਂ ਇਕ ਇਹ ਹੈ।ਦੋਨਾਂ ਦੇਸਾਂ ਦੇ ਵਸਨੀਕਾਂ ਨੂੰ ਵੀਜਾ ਲੈਣ ਦੀ ਲੋੜ ਨਹੀਂ ਪੈਂਦੀ ਸਿਰਫ ਸਰਹੱਦ ਤੇ ਪਾਸਪੋਰਟ ਹੀ ਦੇਖੇ ਜਾਂਦੇ ਹਨ।ਇਹ ਇਕ ਵਧੀਆ ਮਿਸਾਲ ਹੈ ਆਪਸੀ ਭਾਈਚਾਰੇ ਦੀ।ਭਾਰਤੀ ਅਤੇ ਪਾਕਿਸਤਾਨੀ ਰਾਜਨੀਤਕਾਂ ਨੂੰ ਵੀ ਇਹੋ ਜਿਹੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।
ਕਨੇਡਾ ਸਰਕਾਰ ਨੇ ਇਥੇ ਰਾਣੀ ਵਿਕਟੋਰੀਆ ਪਾਰਕ ਤਾਮੀਰ ਕੀਤਾ ਹੋਇਆ ਹੈ।ਇਨ੍ਹਾਂ ਝਰਨਿਆਂ ਦਾ ਆਨੰਦ ਮਾਨਣ ਲਈ ਹਰ ਸਾਲ ਬਾਰਾਂ ਮਿਲੀਅਨ ਲੋਕ ਪਹੁੰਚਦੇ ਹਨ।ਇਹ ਝਰਨੇ ਦੁਨੀਆਂ ਵਿਚ ਦੂਜੇ ਨੰਬਰ ਤੇ ਹਨ।ਪਹਿਲਾ ਨੰਬਰ ਦੱਖਣੀ ਅਫਰੀਕਾ ਦਾ ਹੈ।ਦੋਵਾਂ ਦੇਸਾਂ ਦੀਆਂ ਸਰਕਾਰਾਂ ਨੇ ਇਥੇ ਪਾਵਰ ਪਲਾਂਟ ਵੀ ਲਾਏ ਹੋਏ ਹਨ।ਭਾਵੇਂ ਕਿ ਇਹ ਝਰਨੇ ਅਤੇ ਝੀਲਾਂ ਕੁਦਰਤੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਵਿਕੀਪੀਡੀਆ ਅਨੁਸਾਰ ਇਨ੍ਹਾਂ ਨੂੰ ਮਨੁਖੀ ਸੋਚ ਅਨੁਸਾਰ ਨਿਯਮਬਧ ਕੀਤਾ ਗਿਆ ਹੈ।ਇਸ ਦੀ ਘਾੜਤ ਵੇਲੇ ਲੈਂਡਸਕੇਪਿੰਗ ਦਾ ਖਾਸ ਧਿਆਨ ਰਖਿਆ ਗਿਆ ਹੈ।ਕੁਝ ਵੀ ਹੈ ਇਹ ਦ੍ਰਿਸ਼ ਸਾਡੇ ਲਈ ਅਲੌਕਿਕ ਸੀ।
ਅਸੀਂ ਅੱਗੇ ਵਧੇ ਤਾਂ ਝਰਨਿਆਂ ਦੇ ਉਪਰ ਸਤਰੰਗੀ ਪੀਂਘ ਬਣੀ ਹੋਈ ਸੀ।ਫੋਟੋ ਖਿਚਣ ਅਤੇ ਫਿਲਮ ਬਨਾਉਣ ਦੀ ਜ਼ਿੰਮੇਵਾਰੀ ਗੁਰਮੇਲ ਨੇ ਸਾਂਭ ਲਈ।ਅਸੀਂ ਹੌਲੀ ਹੌਲੀ ਝਰਨਿਆਂ ਦੇ ਨੇੜੇ ਹੋ ਰਹੇ ਸਾਂ।ਕਿਨਾਰੇ ਉਪਰ ਦੂਰਬੀਨਾਂ ਲਗੀਆਂ ਹੋਈਆਂ ਹਨ ਤਾਂ ਕਿ ਅਮਰੀਕੀ ਇਮਾਰਤਾਂ ਅਤੇ ਝਰਨਿਆਂ ਦਾ ਨੇੜੇ ਤੋਂ ਜਾਇਜ਼ਾ ਲਿਆ ਜਾ ਸਕੇ।ਉਸ ਵਿਚ ਦੋ ਮਿੰਟ ਲਈ ਇਕ ਪੈਨੀ ਦਾ ਸਿੱਕਾ ਪਾਉਣਾ ਪੈਂਦਾ ਹੈ।ਮੈਂ ਦੂਰਬੀਨ ਨਾਲ ਅੱਖਾਂ ਲਾਈਆਂ ਤਾਂ ਮੈਨੂੰ ਸਾਹਮਣੇ ਸੱਤੀ ਦਾ ਚਿਹਰਾ ਨਜ਼ਰ ਆਇਆ।ਦੂਰਬੀਨ ਨਾਲੋਂ ਅੱਖਾਂ ਲਾਹ ਕੇ ਦੇਖਿਆ ਤਾਂ ਇਹ ਮੇਰਾ ਵਹਿਮ ਸੀ।ਫਿਰ ਅੱਖਾਂ ਨਾਲ ਲਾਈਆਂ ਤਾਂ ਸੱਤੀ ਦੇ ਨਾਲ ਕਮਲ ਤੇ ਜਸਲੀਨ ਵੀ ਦਿਸਣ ਲੱਗੀਆਂ।ਕਿੰਨੀ ਇਛਾ ਸੀ ਸੱਤੀ ਦੀ ਕਿ ਸਾਨੂੰ ਨਿਆਗਰਾ ਫਾਲ ਦਿਖਾਵੇ।ਕਿੰਨਾ ਚੰਗਾ ਹੁੰਦਾ ਜੇ ਉਹ ਵੀ ਸਾਡੇ ਨਾਲ ਹੁੰਦੇ।ਮੇਰਾ ਮਨ ਭਰ ਆਇਆ, ਮੈਂ ਜਲਦੀ ਨਾਲ ਦੂਰਬੀਨ ਨਾਲੋਂ ਅੱਖਾਂ ਲਾਹ ਲਈਆਂ।
ਨਿਆਗਰਾ ਝੀਲ ਵਿਚ ਜਿਥੇ ਝਰਨੇ ਡਿਗਦੇ ਹਨ ਉਥੇ ਪਾਣੀ ਦੀ ਧੁੰਦ ਬਣਦੀ ਹੈ।ਦੋਵਾਂ ਦੇਸਾਂ ਵੱਲੋਂ ਕਿਸ਼ਤੀਆਂ ਚਲਾਈਆਂ ਜਾਂਦੀਆਂ ਹਨ ਜੋ ਯਾਤਰੀਆਂ ਨੂੰ ਲੈ ਕੇ ਧੁੰਦ ਵਿਚੋਂ ਲੰਘਦੀਆਂ ਹਨ।ਬਾਵਰਾ ਜੀ ਨੇ ਫੋਨ ਤੇ ਕਿਹਾ ਸੀ ਕਿ ਅਸੀਂ ਵੀ ਇਸ ਦਿਲਕਸ਼ ਅਤੇ ਅਦੁੱਤੀ ਨਜ਼ਾਰੇ ਦਾ ਆਨੰਦ ਜ਼ਰੂਰ ਮਾਣੀਏ ਪਰ ਅਜੇ ਕਿਸ਼ਤੀਆਂ ਚੱਲਣੀਆਂ ਸ਼ੁਰੂ ਨਹੀਂ ਸੀ ਹੋਈਆਂ।ਕਿਸ਼ਤੀਆਂ ਸਿਰਫ ਗਰਮੀਆਂ ਵਿਚ ਹੀ ਚਲਦੀਆਂ ਹਨ।ਸੇਵਕੀ ਨੇ ਪਤਾ ਕੀਤਾ ਕਿ ਦੋ ਮਈ ਤੋਂ ਇਹ ਚਾਲੂ ਹੋਣਗੀਆਂ।ਨਾਲ ਹੀ ਉਸ ਨੇ ਦਸਿਆ ਕਿ ਆਪਾਂ ਅਜੇ ਅਧੂਰੇ ਝਰਨੇ ਹੀ ਦੇਖੇ ਹਨ।ਇਨ੍ਹਾਂ ਦਾ ਅਸਲੀ ਮਜ਼ਾ ਤਾਂ ਰਾਤ ਨੂੰ ਚਲਦੀਆਂ ਰੰਗ ਬਿਰੰਗੀਆਂ ਰੋਸ਼ਨੀਆਂ ਵਿਚ ਦੇਖਣ ਦਾ ਹੀ ਹੈ।ਇਸ ਲਈ ਅਸੀਂ ਫੈਸਲਾ ਕੀਤਾ ਕਿ ਬਜ਼ਾਰ ਵਿਚ ਘੁੰਮ ਫਿਰ ਕੇ ਰਾਤ ਨੂੰ ਫਿਰ ਇਥੇ ਆਵਾਂਗੇ।ਇਥੇ ਵੀ ਦੋ ਕਸੀਨੋ ਕਾਫੀ ਵਡੇ ਬਣੇ ਹੋਏ ਹਨ।ਬਿਲਕੁਲ ਅਟਲਾਂਟਿਕ ਕਸੀਨੋ ਦੀ ਤਰਜ਼ ਤੇ ਹੀ।ਉਸੇ ਤਰ੍ਹਾਂ ਬਾਹਰ ਲਿਮੋਜਿਨ ਕਾਰਾਂ ਖੜ੍ਹੀਆਂ ਹਨ।ਅਸੀਂ ਇਕ ਕਸੀਨੋ ਵਿਚ ਇਕ ਘੰਟਾ ਬਿਤਾਇਆ।ਇਥੋਂ ਬਾਹਰ ਨਿਕਲ ਕੇ ਅਸੀਂ ਬਜ਼ਾਰ ਵੱਲ ਹੋ ਤੁਰੇ।ਸਾਰੇ ਬਜ਼ਾਰ ਵਿਚ ਨਿਊਨ ਲਾਈਟਾਂ ਦੀ ਜਗਮਗ ਹੋ ਰਹੀ ਸੀ।ਮਨੋਰੰਜਨ ਲਈ ਕਈ ਦੁਕਾਨਾਂ ਬਣੀਆਂ ਹੋਈਆਂ ਹਨ।ਇਨ੍ਹਾਂ ਵਿਚ ਕੁਝ ਡਰਾਉਣੇ ਸ਼ੋ ਵੀ ਚੱਲ ਰਹੇ ਸਨ।ਕੁਝ ਦੁਕਾਨਾਂ ਦੇ ਬਾਹਰ ਮਸ਼ਹੂਰੀ ਵਾਸਤੇ ਪੁਤਲੇ ਖੜ੍ਹੇ ਕੀਤੇ ਹੋਏ ਸਨ।ਲੋਕੀਂ ਇਨ੍ਹਾਂ ਕੋਲ ਖੜ੍ਹ ਕੇ ਫੋਟੋਆਂ ਖਿਚਵਾ ਰਹੇ ਸਨ।ਸਤਵਿੰਦਰ ਇਕ ਪੁਤਲੇ ਕੋਲ ਖੜ੍ਹ ਕੇ ਫੋਟੋ ਖਿਚਵਾਉਣ ਲੱਗੀ ਤਾਂ ਅਚਾਨਕ ਹੀ ਉਸ ਵਿਚ ਹਰਕਤ ਹੋਈ ਤੇ ਉਹ ਸਿਰ ਹਿਲਾਉਣ ਲਗਿਆ।ਬਸ ਫਿਰ ਤਾਂ ਭੱਜਣ ਨੂੰ ਰਾਹ ਚਾਹੀਦਾ ਸੀ।ਛੋਟੇ ਜਿਹੇ ਇਸ ਬਾਜ਼ਾਰ ਵਿਚੋਂ ਗੇੜਾ ਦੇ ਕੇ ਅਤੇ ਪੇਟ ਪੂਜਾ ਕਰ ਕੇ ਅਸੀਂ ਫਿਰ ਨਿਆਗਰਾ ਤੇ ਆ ਗਏ।ਜੇ ਅਸੀਂ ਇਹ ਨਜ਼ਾਰਾ ਨਾ ਦੇਖਦੇ ਤਾਂ ਸਾਡਾ ਇਹ ਟੂਰ ਸਚਮੁਚ ਹੀ ਅਧੂਰਾ ਹੁੰਦਾ।ਝਰਨਿਆਂ ਤੇ ਪੈ ਰਹੀਆਂ ਅਲੱਗ ਅਲੱਗ ਰੰਗ ਦੀਆਂ ਰੋਸ਼ਨੀਆਂ ਇਕ ਅਲੱਗ ਹੀ ਪ੍ਰਭਾਵ ਸਿਰਜ ਰਹੀਆਂ ਸਨ।ਅਸੀਂ ਥੋੜ੍ਹੇ ਚਿਰ ਲਈ ਪਾਰਕ ’ਚ ਬਣੇ ਬੈਂਚਾਂ ਤੇ ਬੈਠ ਕੇ ਇਨ੍ਹਾਂ ਰੋਸ਼ਨੀਆਂ ਦਾ ਆਨੰਦ ਮਾਣਿਆਂ।ਜਿਵੇਂ ਜਿਵੇਂ ਰਾਤ ਗੂੜ੍ਹੀ ਹੋ ਰਹੀ ਸੀ ਤਿਵੇਂ ਤਿਵੇਂ ਠੰਡ ਦਾ ਜ਼ੋਰ ਵੀ ਵਧ ਰਿਹਾ ਸੀ।ਰਾਤ ਦੇ ਗਿਆਰਾਂ ਵੱਜ ਚੁੱਕੇ ਸਨ।ਸੇਵਕੀ ਚਾਹੁੰਦਾ ਸੀ ਕਿ ਉਹ ਰਾਤ ਉਥੇ ਹੀ ਕੱਟੀ ਜਾਵੇ ਪਰ ਸਾਡੇ ਵਿਚੋਂ ਹੋਰ ਕੋਈ ਵੀ ਸਹਿਮਤ ਨਹੀਂ ਹੋਇਆ।ਇਹ ਨਜ਼ਾਰਾ ਹੀ ਐਨਾ ਦਿਲ ਖਿਚਵਾਂ ਸੀ ਕਿ ਹਿੱਲਣ ਨੂੰ ਜੀਅ ਨਹੀਂ ਸੀ ਕਰਦਾ।ਪਰ ਘਰ ਨੂੰ ਤਾਂ ਮੁੜਨਾ ਹੀ ਸੀ।ਸੋ ਅਸੀਂ ਇਹ ਕੀਮਤੀ ਯਾਦ ਆਪਣੀਆਂ ਸਿਮਰਤੀਆਂ ਵਿਚ ਵਸਾ ਕੇ ਵਾਪਸ ਚੱਲ ਪਏ।
ਕਾਰ ਸੀਟ ਵਿਚ ਬੈਠੀ ਸੀਰਤ