ਟਰਾਂਟੋ ਵਿਚ 28 ਫਰਵਰੀ ਦੀ ਢਲ ਰਹੀ ਬਰਫ਼ੀਲੀ ਸ਼ਾਮ ਅੰਤਾਂ ਦੀ ਠੰਡੀ ਰਾਤ ਵਿਚ ਬਦਲ ਗਈ ਸੀ। ਹੱਡ ਚੀਰਵੀਂ ਤੇਜ਼ ਹਵਾ ਨੇ ਇਸ ਠੰਡ ਨੂੰ ਹੋਰ ਵੀ ਤਿੱਖੀ ਕਰ ਦਿੱਤਾ ਸੀ। ਜੰਮੀ ਬਰਫ ਸ਼ੀਸ਼ਾ ਬਣ ਗਈ ਸੀ ਤੇ ਤਿਲਕਣੋ ਡਰਦੇ ਲੋਕ ਬੜਾ ਸੰਭਲ ਸੰਭਲ ਕੇ ਪਬ ਧਰ ਰਹੇ ਸਨ ਅਜਿਹੀ ਠੰਡੀ ਰਾਤ ਵਿਚ ਕੈਨੇਡਾ ਦੇ ਉਨਟੈਰੀਓ ਪ੍ਰਾਂਤ ਦੇ ਸਤਾ ਸੰਭਾਲੀ ਇਕ ਵਜ਼ੀਰ ਦਾ ਫੰਡ ਰੇਜ਼ਿੰਗ ਡਿਨਰ ਸੀ। ਇਸ ਵਜ਼ੀਰ ਦਾ ਫੰਡ ਰੇਜ਼ਿੰਗ ਡਿਨਰ ਲਗ ਭਗ ਹਰ ਸਾਲ 28 ਫਰਵਰੀ ਦੀ ਰਾਤ ਨੂੰ ਹੀ ਹੁੰਦਾ ਸੀ ਅਤੇ ਉਸ ਰਾਤ ਸਦਾ ਠੰਡ ਵੀ ਅੰਤਾਂ ਦੀ ਹੁੰਦੀ ਸੀ। ਜਦੋਂ ਮੈਂ ਪਹੁੰਚਿਆ ਤਾਂ ਲੋਕ ਆਪਣੇ ਰੀਜ਼ਰਵ ਟੇਬਲਾਂ ਤੇ ਬੈਠੇ ਵਾਈਨ ਪੀ ਰਹੇ ਸਨ ਅਤੇ ਹਲਕੇ ਸਨੈਕਸ ਜਿਨ੍ਹਾਂ ਵਿਚ ਕਈ ਕਿਸਮ ਦਾ ਪਨੀਰ ਤੇ ਸਾਲਾਦ ਸ਼ਾਮਲ ਸੀ, ਖਾ ਰਹੇ ਸਨ। ਮੈਨੂੰ ਮੇਰਾ ਟੇਬਲ ਨਹੀਂ ਲੱਭ ਰਿਹਾ ਸੀ। ਜਿਨ੍ਹਾਂ ਦੋਸਤਾਂ ਦੀਆਂ ਮੈਂ ਟਿਕਟਾਂ ਖਰੀਦੀਆਂ ਸਨ, ਉਨ੍ਹਾਂ ਵਿਚੋਂ ਕੋਈ ਵੀ ਨਹੀਂ ਆਇਆ ਸੀ। ਸ਼ਾਇਦ ਵਜ਼ੀਰ ਨੇ ਮੈਨੂੰ ਵੇਖ ਲਿਆ ਸੀ। ਉਹ ਮੇਰੇ ਕੋਲ ਆਇਆ, ਹੱਥ ਮਿਲਾਇਆ, ਆਉਣ ਲਈ ਥੈਂਕਿਊ ਕੀਤਾ ਅਤੇ ਨਾਲ ਹੀ ਪੁੱਛ ਲਿਆ ਕਿ ''ਮੇਰੇ ਸਾਥੀ ਦੋਸਤ ਕਿੱਥੇ ਹਨ?'' ''ਮੈਂ ਵੀ ਉਹਨਾਂ ਨੂੰ ਹੀ ਵੇਖ ਰਿਹਾ ਹਾਂ।'' ਮੈਂ ਉਸਨੂੰ ਸੰਖੇਪ ਜਵਾਬ ਦਿੱਤਾ।''ਚਲੋ ਮੈਂ ਤੁਹਾਨੂੰ ਤੁਹਾਡੀ ਟੇਬਲ ਤੇ ਛੱਡ ਆਉਂਦਾ ਹਾਂ।'' ਤੇ ਉਸ ਮੈਨੂੰ ਤੁਰਤ ਮੇਰਾ ਟੇਬਲ ਲੱਭ ਦਿੱਤਾ ਜੋ ਇਕ ਖੂੰਜੇ ਪਿਆ ਸੀ। ਬਾਕੀ ਟੇਬਲਜ਼ ਵਾਂਗ ਇਸ ਟੇਬਲ ਤੇ ਵੀ ਵਾਈਨ ਦੀਆਂ ਬੋਤਲਾਂ ਤੇ ਖਾਣ ਦਾ ਸਾਮਾਨ ਪਿਆ ਸੀ। ਵਜ਼ੀਰ ਨੇ ਮੈਨੂੰ ਅੰਗਰੇਜ਼ੀ ਵਿਚ ਕਿਹਾ, ''ਇਨਜਾਏ ਯੂਅਰ ਈਵਨਿੰਗ, ਇਫ ਯੂ ਨੀਡ ਹਾਰਡ ਡਰਿੰਕ, ਦਾ ਬਾਰ ਵਿੱਲ ਓਪਨ ਐਟ ਏਟ ਪੀ਼ ਐਮ਼'' ਮੈਂ ਵਜ਼ੀਰ ਦਾ ਥੈਂਕਿਊ ਕੀਤਾ ਅਤੇ ਇਕ ਗਲਾਸ ਵਿਚ ਵਾਈਨ ਪਾ ਕੇ ਚੁਸਕੀਆਂ ਭਰਨ ਲੱਗਾ। ਵਾਈਨ ਭਾਵੇਂ ਰੈੱਡ ਹੋਵੇ ਜਾਂ ਵਾਈਟ, ਮੈਨੂੰ ਚੰਗੀ ਨਹੀਂ ਲੱਗਦੀ, ਜਦਕਿ ਗੋਰੇ ਗੋਰੀਆਂ ਵਾਈਨ ਪੀ ਕੇ ਬਹੁਤ ਖੁਸ਼ ਹੁੰਦੇ ਹਨ। ਮੈਂ ਬਹੁਤ ਇਕੱਲਾ ਇਕੱਲਾ ਮਹਿਸੂਸ ਕਰ ਰਿਹਾ ਸਾਂ। ਮੇਰੀ ਸਾਰੀ ਟੇਬਲ ਖ਼ਾਲੀ ਪਈ ਸੀ। ਮੇਰੇ ਦੋਸਤਾਂ ਵਿਚੋਂ ਕੋਈ ਵੀ ਨਹੀਂ ਸੀ ਆਇਆ। ਬਾਕੀ ਸਾਰੇ ਟੇਬਲ ਭਰਦੇ ਜਾ ਰਹੇ ਸਨ। ਲੋਕਾਂ ਵਿਚ ਵਧੇਰੇ ਸਜ ਧਜ ਕੇ ਆਏ ਗੋਰੇ ਗੋਰੀਆਂ, ਚੀਨੇ, ਇਟਾਲੀਅਨਜ਼, ਕੁਝ ਕੁ ਕਾਲੇ ਤੇ ਸੋਮਾਲੀ ਸਨ। ਪਗੜੀ ਵਾਲਾ ਪੰਜਾਬੀ ਸਿੱਖ ਮੈਂ ਇਕੱਲਾ ਹੀ ਸਾਂ। ਲੋਕ ਬਹੁਤ ਖ਼ੁਸ਼ ਦਿਖਾਈ ਦੇ ਰਹੇ ਸਨ ਤੇ ਇਕ ਦੂਜੇ ਦੀਆਂ ਗਲ੍ਹਾਂ ਨੂੰ ਕਿੱਸ ਕਰ ਰਹੇ ਸਨ ਤੇ ਬਗਲਗੀਰ ਹੋ ਰਹੇ ਸਨ। ਸੂਬੇ ਦਾ ਪ੍ਰੀਮੀਅਰ ਵੀ ਆ ਗਿਆ ਸੀ ਤੇ ਉਹ ਵੀ ਸਾਰਿਆਂ ਨੂੰ ਮਿਲ ਰਿਹਾ ਸੀ। ਕੁਝ ਸਮੇਂ ਬਾਅਦ ਚੀਫ ਗੈਸਟ ਹੈੱਡ ਟੇਬਲ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਫਿਰ ਤਕਰੀਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤਕਰੀਰਾਂ ਦਾ ਪ੍ਰੋਗਰਾਮ ਬਹੁਤਾ ਲੰਮਾ ਨਹੀਂ ਸੀ। ਡੀ ਜੀ ਵਾਲਿਆਂ ਨੇ ਮਿਊਜ਼ਕ ਦੀਆਂ ਸੁਰਾਂ ਉੱਚੀਆਂ ਕੀਤੀਆਂ ਅਤੇ ਕੁਝ ਜੋੜੇ ਡਾਂਸ ਫਲੋਰ ਤੇ ਆ ਕੇ ਨੱਚਣ ਲੱਗੇ। ਮੇਰੀ ਟੇਬਲ ਤੇ ਹਾਲੇ ਤੀਕ ਵੀ ਕੋਈ ਗੈਸਟ ਨਹੀਂ ਸੀ ਆਇਆ। ਮੈਂ ਅੱਧੀ ਬੋਤਲ ਵਾਈਨ ਮੁਕਾ ਲਈ ਸੀ ਤੇ ਬਾਰ ਵੀ ਓਪਨ ਹੋ ਗਈ ਸੀ ਤੇ ਯਕਦਮ ਹੀ ਬਾਰ ਅੱਗੇ ਹਾਰਡ ਡਰਿੰਕ ਲੈਣ ਵਾਲਿਆਂ ਦੀ ਲੰਮੀ ਲਾਈਨ ਲੱਗ ਗਈ ਸੀ। ਮੈਂ ਆਪਣੀ ਬੋਰਿੰਗ ਨੂੰ ਘੱਟ ਕਰਨ ਲਈ ਡਬਲ ਸਕਾਚ ਲੈਣ ਦੇ ਇਰਾਦੇ ਨਾਲ ਲਾਈਨ ਵਿਚ ਲਗਣਾ ਮੁਨਾਸਿਬ ਸਮਝਿਆ। ਭਾਵੇਂ ਲਾਈਨ ਲੰਮੀ ਸੀ ਪਰ ਮੇਰੀ ਵਾਰੀ ਜਲਦੀ ਹੀ ਆ ਗਈ। ਮੈਂ ਸਕਾਚ ਦਾ ਡਬਲ ਪੈੱਗ, ਸੋਡਾ ਤੇ ਆਈਸ ਕਿਊਬ ਪੁਆ ਕੇ ਆਪਣੀ ਟੇਬਲ ਤੇ ਆ ਗਿਆ। ਲਗਦਾ ਸੀ ਕਿ ਸਾਰੇ ਟੇਬਲ ਭਰ ਚੁੱਕੇ ਸਨ ਪਰ ਮੇਰੇ ਨਾਲ ਦੀਆਂ ਤਿੰਨੇ ਕੁਰਸੀਆਂ ਹਾਲੇ ਵੀ ਖ਼ਾਲੀ ਸਨ। ਪਤਾ ਨਹੀਂ ਮੇਰੇ ਦੋਸਤ ਕਿਉਂ ਨਹੀਂ ਸਨ ਆਏ ਜਦ ਕਿ ਅਸਾਂ ਪੰਜਾਹ ਪੰਜਾਹ ਡਾਲਰਜ਼ ਦੀਆਂ ਫੰਡ ਰੇਜ਼ਿੰਗ ਟਿਕਟਾਂ ਖਰੀਦੀਆਂ ਸਨ। ਮੈਂ ਸਕਾਚ ਦਾ ਗਲਾਸ ਦੋ ਘੁੱਟਾਂ ਵਿਚ ਹੀ ਅੰਦਰ ਸੁੱਟ ਲਿਆ ਤੇ ਕੁਝ ਮਿੰਟਾਂ ਬਾਅਦ ਮੈਨੂੰ ਆਲਾ ਦੁਆਲਾ ਕੁਝ ਪਿਆਰਾ ਪਿਆਰਾ ਲਗਣ ਲੱਗ ਪਿਆ। ਏਨੇ ਨੂੰ ਵਜ਼ੀਰ ਤੇ ਪ੍ਰੀਮੀਅਰ ਮੇਰੀ ਟੇਬਲ ਤੇ ਆਏ। ਪ੍ਰੀਮੀਅਰ ਨੇ ਮੇਰੇ ਨਾਲ ਹੱਥ ਮਿਲਾਇਆ,ਮੇਰਾ ਤੇ ਕਮਿਉਨਿਟੀ ਦਾ ਹਾਲ ਚਾਲ ਪੁੱਛਿਆ, ਥੋੜ੍ਹੀ ਥੋੜ੍ਹੀ ਵਾਈਨ ਪਾ ਕੇ ਗਲਾਸ ਟਕਰਾਏ ਤੇ ਵਜ਼ੀਰ ਨੇ ਇਹ ਵੀ ਕਿਹਾ ਕਿ ਮਿਸਟਰ ਸਿੰਘ, ਲਗਦਾ ਏ ਤੇਰੇ ਦੋਸਤ ਨਹੀਂ ਆਣਗੇ। ਤੁਸੀਂ ਕਿਸੇ ਹੋਰ ਨੂੰ ਆਪਣੇ ਟੇਬਲ ਤੇ ਆਉਣ ਦਾ ਸੱਦਾ ਦੇ ਸਕਦੇ ਹੋ। ਏਨੇ ਨੂੰ ਇਕ ਉੱਚੀ ਲੰਮੀ ਅਧਖੜ ਗੋਰੀ ਜਿਸ ਦੀ ਉਮਰ ਪੰਜਾਹ ਸਾਲ ਦੇ ਲਾਗੇ ਹੋਵੇਗੀ ਪਰ ਫਬਤ ਤੋਂ ਤੀਹਾਂ ਤੋਂ ਵੱਧ ਨਹੀਂ ਲਗ ਰਹੀ ਸੀ, ਸਾਡੇ ਲਾਗੇ ਆ ਗਈ ਤੇ ਉਸ ਪ੍ਰੀਮੀਅਰ ਤੇ ਵਜ਼ੀਰ ਨਾਲ ਹੱਥ ਮਿਲਾਇਆ, ਲੇਟ ਆਉਣ ਲਈ ਖਿਮਾ ਮੰਗੀ ਤੇ ਵਜ਼ੀਰ ਨੇ ਉਸ ਨਾਲ ਮੇਰਾ ਤੁਆਰਫ਼ ਕਰਾਇਆ। ''ਇਹ ਮਿਸਟਰ ਸਿੰਘ ਹਨ, ਐਥਨਿਕ ਮੀਡੀਏ ਵਿਚ ਕੰਮ ਕਰਦੇ ਹਨ, ਕਮਿਊਨਿਟੀ ਵਿਚ ਬੜੇ ਐਕਟਿਵ ਹਨ। ਹਲਕੇ ਵਿਚ ਮੇਰੀ ਜਿੱਤ ਨੂੰ ਹਰ ਵਾਰ ਯਕੀਨੀ ਬਣਾਉਂਦੇ ਹਨ।'' ਫਿਰ ਵਜ਼ੀਰ ਨੇ ਗੋਰੀ ਨਾਲ ਮੇਰੀ ਵਾਕਫ਼ੀ ਕਰਾਉਂਦਿਆਂ ਕਿਹਾ, ''ਇਹ ਮਿਸ ਬਰਾਊਨ ਹਨ। ਬੋਰਡ ਆਫ ਐਜੂਕੇਸ਼ਨ ਦੇ ਟਰਸਟੀ ਅਤੇ ਅਜ ਕੱਲ ਚੇਅਰਪਰਸਨ ਵੀ।'' ਬਰਾਊਨ ਨੇ ਬੜੇ ਤਪਾਕ ਨਾਲ ਮੇਰੇ ਨਾਲ ਹੱਥ ਮਿਲਾਇਆ ਤੇ ਖੈਰ ਸੁੱਖ ਪੁੱਛੀ। ਵਜ਼ੀਰ ਨੇ ਫਿਰ ਬਰਾਊਨ ਨੂੰ ਕਿਹਾ ਕਿ ''ਮਿਸਟਰ ਸਿੰਘ ਇਕੱਲੇ ਹੀ ਹਨ, ਇਨ੍ਹਾਂ ਦੇ ਦੋਸਤ ਨਹੀਂ ਆਏ। ਹੈਵ ਯੂਅਰ ਈਵਨਿੰਗ ਵਿਦ ਮਿਸਟਰ ਸਿੰਘ।'' ਪ੍ਰੀਮੀਅਰ ਤੇ ਵਜ਼ੀਰ ਸਾਹਿਬ ਬਾਕੀ ਦੇ ਟੇਬਲਜ਼ ਤੇ ਬੈਠੇ ਲੋਕਾਂ ਨੂੰ ਮਿਲਣ ਲਈ ਚਲੇ ਗਏ ਤੇ ਮੈਂ ਤੇ ਬਰਾਊਨ ਕੁਰਸੀਆਂ ਤੇ ਬਹਿ ਕੇ ਗੱਲਾਂ ਕਰਨ ਲੱਗੇ।ਬਰਾਊਨ ਦਾ ਪਹਿਲਾ ਸਵਾਲ ਸੀ, ''ਮਿਸਟਰ ਸਿੰਘ ਤੁਸੀਂ ਕੀ ਪੀ ਰਹੇ ਹੋ?''''ਮੈਂ ਸਕਾਚ ਲੈ ਰਿਹਾ ਹਾਂ, ਮੇਰਾ ਸੰਖੇਪ ਉੱਤਰ ਸੀ।''ਮੈਂ ਤਾਂ ਵਾਈਨ ਲਵਾਂਗੀ।'' ਉਸ ਦਾ ਜਵਾਬ ਸੀ। ਮੈਂ ਪੈਨਸਿਲ ਦੇ ਲੱਕ ਵਰਗਾ ਗਲਾਸ ਵਾਈਨ ਨਾਲ ਭਰ ਕੇ ਉਹਨੂੰ ਪੇਸ਼ ਕੀਤਾ ਤਾਂ ਉਹ ਬੜੀ ਖੁਸ਼ ਹੋਈ ਅਤੇ ਮੇਰਾ ਥੈਂਕਿਊ ਕਰਦਿਆਂ ਉਸ ਆਪਣਾ ਭਰਿਆ ਗਲਾਸ ਮੇਰੇ ਖਾਲੀ ਗਲਾਸ ਨਾਲ ਟਕਰਾਇਆ। ਮੈਂ ਉਸ ਨੂੰ ਐਕਸਕਿਊਜ਼ ਮੀ ਕਹਿ ਕੇ ਬਾਰ ਵਿਚੋਂ ਹੋਰ ਸਕਾਚ ਲੈਣ ਲਈ ਜਾਣ ਬਾਰੇ ਦੱਸ ਕੇ ਖੜ੍ਹਾ ਹੋ ਗਿਆ। ''ਸ਼ਿਊਰ…'' ਉਸ ਕਿਹਾ ਤੇ ਮੈਂ ਬਾਰ ਵੱਲ ਚਲਾ ਗਿਆ। ਭਾਵੇਂ ਬਾਰ ਵੱਲ ਭੀੜ ਬਦਸਤੂਰ ਵਧ ਰਹੀ ਸੀ ਅਤੇ ਖਾਣ ਲਈ ਮੀਟ ਤੇ ਹੋਰ ਕਈ ਕਿਸਮ ਦਾ ਭੋਜਨ ਵੀ ਟੇਬਲਜ਼ ਤੇ ਲਾਇਆ ਜਾ ਰਿਹਾ ਸੀ ਪਰ ਮੈਂ ਜਲਦੀ ਹੀ ਇਕ ਹੋਰ ਡਬਲ ਪੈੱਗ ਸਕਾਚ ਦਾ ਪੁਆ ਕੇ ਵਾਪਸ ਮੁੜ ਆਇਆ। ਇਸ ਵਾਰ ਮੈਂ ਹੌਲੀ ਹੌਲੀ ਪੀ ਰਿਹਾ ਸਾਂ। ਬਰਾਊਨ ਮੇਰੇ ਤੇ ਕਈ ਨਿੱਕੇ ਨਿੱਕੇ ਸਵਾਲ ਕਰ ਰਹੀ ਸੀ। ਜਿਵੇਂ ਮੈਂ ਘਰ ਕਿਵੇਂ ਜਾਵਾਂਗਾ। ਪੀ ਕੇ ਗੱਡੀ ਕਿਵੇਂ ਚਲਾਵਾਂਗਾ। ਕਿੰਨੇ ਵਜੇ ਘਰ ਜਾਵਾਂਗਾ, ਉਹਦੇ ਨਾਲ ਕਿੰਨਾ ਚਿਰ ਡਾਂਸ ਕਰਾਂਗਾ। ਕਿੰਨੇ ਪੈੱਗ ਹੋਰ ਸਕਾਚ ਦੇ ਪੀਵਾਂਗਾ। ਮੇਰੇ ਘਰ ਵਿਚ ਮੇਰੇ ਨਾਲ ਹੋਰ ਕੌਣ ਕੌਣ ਰਹਿੰਦਾ ਸੀ। ਮੈਂ ਵੀ ਸਾਰੀਆਂ ਗੱਲਾਂ ਦੇ ਸੰਖੇਪ ਜਵਾਬ ਦਈ ਜਾ ਰਿਹਾ ਸਾਂ। ਜਦ ਮੈਂ ਉਸ ਨੂੰ ਦੱਸਿਆ ਕਿ ਮੈਂ ਟੈਕਸੀ ਤੇ ਘਰ ਜਾਵਾਂਗਾ ਕਿਉਂਕਿ ਮੈਂ ਪੀ ਗੱਡੀ ਨਹੀਂ ਚਲਾਂਦਾ ਤਾਂ ਉਸ ਫੌਰਨ ਪੇਸ਼ਕਸ਼ ਕੀਤੀ ਕਿ ਉਹ ਹੋਰ ਵਾਈਨ ਨਹੀਂ ਪੀਵੇਗੀ ਤੇ ਮੈਨੂੰ ਆਪਣੀ ਕਾਰ ਤੇ ਮੇਰੇ ਘਰ ਲਾਹ ਦੇਵੇਗੀ।
ਉਹ ਬਹੁਤ ਹੌਲੀ ਹੌਲੀ ਰੈੱਡ ਵਾਈਨ ਪੀ ਰਹੀ ਸੀ ਜਦਕਿ ਮੈਂ ਆਦਤਨ ਬੇਸਬਰਿਆਂ ਵਾਂਗ ਸਕਾਚ ਦੇ ਘੁੱਟ ਭਰ ਰਿਹਾ ਸਾਂ। ਮੈਂ ਘਰ ਕਿਵੇਂ ਪਹੁੰਚਾਂਗਾ, ਕਾਫੀ ਹੱਦ ਤੀਕ ਮੇਰੀ ਚਿੰਤਾ ਦੂਰ ਹੋ ਗਈ ਸੀ। ਅਸੀਂ ਗੱਲਾਂ ਵੀ ਕਾਫੀ ਕਰ ਲਈਆਂ ਸਨ। ਬਰਾਊਨ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਕਦੇ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਹੁੰਦਾ ਸੀ ਪਰ ਉਹ ਪਿਛਲੇ 20 ਸਾਲਾਂ ਤੋਂ ਉਹ ਅਲੱਗ ਰਹਿ ਰਹੇ ਸਨ। ਉਸਦੀ ਇਕ ਜਵਾਨ ਕੁੜੀ ਤੇ ਉਹਦਾ ਬੁਆਏ ਫਰੈਂਡ ਉਸ ਨਾਲ ਰਹਿੰਦੇ ਸਨ ਪਰ ਮਹੀਨੇ ਵਿਚ ਕਦੇ ਕਦੇ ਹੀ ਆਉਂਦੇ ਸਨ। ਉਹਦਾ ਲੜਕਾ ਆਪਣੀ ਗਰਲ ਫਰੈਂਡ ਨਾਲ ਕਿਧਰੇ ਹੋਰ ਰਹਿੰਦਾ ਸੀ। ਪਤੀ ਨਾਲ ਜਦ ਵੀ ਕਦੀ ਫੋਨ ਤੇ ਗੱਲ ਹੁੰਦੀ ਸੀ ਤਾਂ ਉਹ ਦੋ ਮਿੰਟਾਂ ਬਾਅਦ ਹੀ ਲੜ ਪੈਂਦੇ ਸਨ ਤੇ ਫੋਨ ਹੈਂਗ ਹੋ ਜਾਂਦਾ ਸੀ। ਬਰਾਊਨ ਖ਼ੁਦ ਟੀਚਰ ਰਹੀ ਸੀ ਪਰ ਪਿਛਲੇ ਕਈ ਸਾਲਾਂ ਤੋਂ ਸਕੂਲ ਟਰਸਟੀ ਦੀ ਚੋਣ ਜਿੱਤ ਕੇ ਬੋਰਡ ਬਾਈ ਰੋਟੇਸ਼ਨ ਚੇਅਰਪਰਸਨ ਬਣੀ ਹੋਈ ਸੀ। ਚੇਅਰਪਰਸਨ ਦੀ ਪਦਵੀ ਦੀ ਮਿਆਦ ਹੁਣ ਮੁਕਣ ਵਾਲੀ ਸੀ ਤੇ ਨਵੀਆਂ ਚੋਣਾਂ ਏਸੇ ਸਾਲ ਨਵੰਬਰ ਵਿਚ ਹੋਣ ਵਾਲੀਆਂ ਸਨ। ਉਸਦੇ ਪੜ੍ਹੀ ਲਿਖੀ ਹੋਣ ਦਾ ਮੇਰੇ ਤੇ ਕਾਫੀ ਪ੍ਰਭਾਵ ਪਿਆ।ਮੇਰਾ ਗਲਾਸ ਖਾਲੀ ਸੀ ਤੇ ਮੈਂ ਸਕਾਚ ਦੇ ਅਗਲੇ ਪੈੱਗ ਦੀ ਤਲਬ ਮਹਿਸੂਸ ਕਰ ਰਿਹਾ ਸਾਂ। ਉਸ ਮੈਨੂੰ ਪੁੱਛਿਆ ਕਿ ਮੈਂ ਕਿਹੜੀ ਸਕਾਚ ਪੀ ਰਿਹਾ ਸਾਂ। ਜਦ ਮੈਂ ਬਲੈਕ ਲੇਬਲ ਕਿਹਾ ਤਾਂ ਉਹ ਮੈਨੂੰ ਬੈਠੇ ਰਹਿਣ ਲਈ ਕਹਿ ਕੇ ਬਾਰ ਵੱਲ ਚਲੀ ਗਈ ਤੇ ਜਲਦੀ ਹੀ ਮੁੜ ਆਈ। ਉਸਦੇ ਹੱਥਾਂ ਵਿਚ ਦੋ ਸਕਾਚ ਦੇ ਪੈੱਗ ਸਨ। ਸ਼ਾਇਦ ਉਹ ਇਕ ਮੇਰੇ ਲਈ ਤੇ ਇਕ ਆਪਣੇ ਲਈ ਲਿਆਈ ਸੀ। ਪਰ ਉਸ ਕਿਹਾ ਕਿ ਬਾਰ ਬਾਰ ਜਾਣ ਨਾਲੋਂ ਉਹ ਦੋਵੇਂ ਪੈੱਗ ਮੇਰੇ ਲਈ ਹੀ ਲਿਆਈ ਸੀ ਤੇ ਮੈਨੂੰ ਹੌਲੀ ਹੌਲੀ ਪੀਣ ਲਈ ਕਹਿ ਰਹੀ ਸੀ ਕਿਉਂਕਿ ਮੈਂ ਉਸ ਨਾਲ ਡਾਂਸ ਵੀ ਕਰਨਾ ਸੀ। ਮੈਂ ਬਰਾਊਨ ਨੂੰ ਬਹੁਤ ਕਿਹਾ ਕਿ ਮੈਨੂੰ ਡਾਂਸ ਕਰਨਾ ਨਹੀਂ ਆਉਂਦਾ ਪਰ ਉਸ ਮੈਨੂੰ ਮਜਬੂਰਨ ਉਠਾ ਲਿਆ ਤੇ ਡਾਂਸ ਫਲੋਰ ਤੇ ਲੈ ਗਈ। ਹੁਣ ਕਾਫੀ ਲੋਕ ਡਾਂਸ ਕਰ ਰਹੇ ਸਨ ਅਤੇ ਬੜੀ ਗਹਿਮਾ ਗਹਿਮੀ ਹੋ ਗਈ ਸੀ। ਮੈਨੂੰ ਡਾਂਸ ਕਰਨਾ ਨਹੀਂ ਆ ਰਿਹਾ ਸੀ ਪਰ ਮੈਂ ਤੁਕੀ ਬੇਤੁਕੀ ਵਿਚ ਬਰਾਊਨ ਨਾਲ ਹੌਲੀ ਹੌਲੀ ਨੱਚ ਰਿਹਾ ਸਾਂ। ਮੈਂ ਬੇਦਿਲੀ ਨਾਲ ਨੱਚ ਰਿਹਾ ਸਾਂ ਤੇ ਛੇਤੀ ਤੋਂ ਛੇਤੀ ਵਾਪਸ ਆਪਣੇ ਟੇਬਲ ਤੇ ਪੁੱਜਣਾ ਚਾਹੁੰਦਾ ਸਾਂ। ਵਜ਼ੀਰ ਕਈ ਜੋੜਿਆਂ ਨਾਲ ਥੋੜ੍ਹੀ ਥੋੜ੍ਹੀ ਦੇਰ ਲਈ ਨੱਚ ਰਿਹਾ ਸੀ ਤੇ ਉਹਨਾਂ ਨੂੰ ਆਪਣੇ ਨੇੜੇ ਹੋਣ ਦਾ ਸਬੂਤ ਦੇ ਰਿਹਾ ਸੀ।
ਮੈਂ ਕੁਝ ਚਿਰ ਨੱਚਣ ਤੋਂ ਬਾਅਦ ਵਾਪਸ ਆਪਣੇ ਟੇਬਲ ਤੇ ਆ ਗਿਆ ਤੇ ਬਰਾਊਨ ਵੀ ਵਾਪਸ ਆ ਗਈ। ਡਾਂਸ ਦੀ ਰਫ਼ਤਾਰ ਵੀ ਵਧ ਗਈ ਸੀ। ਬਰਾਊਨ ਖ਼ੁਸ਼ ਜਾਪ ਰਹੀ ਸੀ ਤੇ ਰਾਤ ਬੀਤਦੀ ਜਾ ਰਹੀ ਸੀ। ਸ਼ੋਰ ਵੀ ਵਧ ਰਿਹਾ ਸੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਈ ਲੋਕ ਸ਼ਰਾਬੀ ਹੋ ਰਹੇ ਸਨ। ਮੈਂ ਬਰਾਊਨ ਨੂੰ ਕਿਹਾ ਕਿ ਮੈਂ ਹੋਰ ਪੀਣੀ ਚਾਹੁੰਦਾ ਹਾਂ। ਉਹ ਫਿਰ ਮੇਰੇ ਲਈ ਦੋ ਗਲਾਸ ਸਕਾਚ ਦੇ ਹੋਰ ਲੈ ਆਈ। ਮੈਂ ਹੌਲੀ ਹੌਲੀ ਪੀਣ ਲੱਗਾ ਤੇ ਇਕ ਗਲਾਸ ਉਹਦੇ ਵੱਲ ਵਧਾ ਕੇ ਸਾਥ ਦੇਣ ਲਈ ਕਿਹਾ। ਉਸ ਬਹੁਤ ਹੌਲੀ ਹੌਲੀ ਸਕਾਚ ਪੀਣੀ ਸ਼ੁਰੂ ਕਰ ਦਿੱਤੀ। ਜਦ ਤਕ ਸਾਡੇ ਗਲਾਸ ਖਾਲੀ ਹੋਏ, ਰਾਤ ਵੀ ਕਾਫੀ ਬੀਤ ਗਈ ਸੀ ਤੇ ਡਿਨਰ ਵੀ ਸਰਵ ਹੋ ਰਿਹਾ ਸੀ। ਸਟੇਕ ਬੜੀ ਸੁਆਦਿਸ਼ਟ ਸੀ। ਸਾਰਾ ਡਿਨਰ ਗੋਰਿਆਂ ਵਾਲਾ ਸੀ। ਕਈ ਲੋਕ ਡਿਨਰ ਤੋਂ ਬਾਅਦ ਵੀ ਪੀ ਰਹੇ ਸਨ ਅਤੇ ਕਈ ਉੱਠਣੇ ਸ਼ੁਰੂ ਹੋ ਗਏ ਸਨ। ਮੈਂ ਬਰਾਊਨ ਨੂੰ ਕਿਹਾ ਕਿ ਬਾਰਾਂ ਵਜਣ ਵਾਲੇ ਹਨ ਤੇ ਮੈਂ ਜਾਣਾ ਚਾਹੁੰਦਾ ਸਾਂ। ਉਹ ਮੰਨ ਗਈ ਤੇ ਅਸੀਂ ਆਪਣੇ ਓਵਰ ਕੋਟ ਪਾ ਕੇ ਬਾਹਰ ਆ ਗਏ। ਸਨੋ-ਸਟਾਰਮ ਚੱਲ ਰਿਹਾ ਸੀ ਤੇ ਠੰਡ ਹੋਰ ਵਧ ਗਈ ਸੀ। ਜਦ ਤਕ ਉਸਦੀ ਗੱਡੀ ਗਰਮ ਹੋਈ, ਸਰੀਰ ਪਾਲਾ ਮੰਨਣ ਲੱਗ ਪਿਆ ਸੀ। ਗਲਵਜ਼ ਪੌਣ ਦੇ ਬਾਵਜੂਦ ਹੱਥ ਠਰ ਰਹੇ ਸਨ। ਆਖ਼ਰ ਜਦੋਂ ਅਸੀਂ ਚੱਲੇ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਪਹਿਲੀ ਪੀਤੀ ਸਾਰੀ ਲਹਿ ਗਈ ਸੀ।ਮੈਥੋਂ ਮੇਰੇ ਘਰ ਦੀਆਂ ਬਰਾਊਨ ਤੇ ਇਨਸਟਰਕਸ਼ਨਜ਼ ਲਈਆਂ ਤੇ ਚੱਲ ਪਈ। ਘਰ ਤੋਂ ਥੋੜ੍ਹਾ ਲਾਗੇ ਆ ਕੇ ਕਹਿਣ ਲੱਗੀ, ''ਕੀ ਤੁਸੀਂ ਹੋਰ ਪੀਣੀ ਚਾਹੁੰਦੇ ਹੋ? ਜਦੋਂ ਮੈਂ 'ਹਾਂ' ਕਿਹਾ ਤਾਂ ਉਹ ਮੈਨੂੰ ਆਪਣੇ ਘਰ ਲੈ ਗਈ। ਆਪਣੀ ਬਾਰ ਖੋਲ੍ਹ ਕੇ ਪੁੱਛਣ ਲੱਗੀ ਕਿ ਕੀ ਪਸੰਦ ਕਰੋਗੇ? ਮੈਂ ਤਾਂ ਸਕਾਚ ਵਿਚ ਸੋਡਾ ਹੀ ਪਸੰਦ ਕਰਾਂਗਾ। ਉਸ ਡਬਲ ਰਮ ਵਿਚ ਕੋਕ ਮਿਲਾ ਕੇ ਮੇਰੇ ਗਲਾਸ ਨਾਲ ਗਲਾਸ ਟਕਰਾਇਆ ਤੇ ਮੈਂ ਹੈਰਾਨ ਸਾਂ ਕਿ ਇਕੋ ਡੀਕੇ ਆਪਣਾ ਗਲਾਸ ਖਾਲੀ ਕਰ ਦਿਤਾ ਤੇ ਪਹਿਲਾਂ ਨਾਲੋਂ ਜ਼ਿਆਦਾ ਆਪਣਾ ਗਲਾਸ ਭਰ ਲਿਆ। ਕੁਝ ਪੈੱਗਜ਼ ਬਾਅਦ ਉਹਦੇ ਬੋਲ ਥਿੜਕਣ ਲੱਗੇ ਤੇ ਮੈਂ ਅਚੰਭਤ ਹੋ ਰਿਹਾ ਸਾਂ ਕਿ ਮੈਂ ਤਾਂ ਇਕ ਲੇਖਕ ਹੋਣ ਕਾਰਨ ਜ਼ਿਆਦਾ ਪੀਣੀ ਖਾਹਮਖਾਹ ਬੁਰੀ ਨਹੀਂ ਸਮਝਦਾ ਸਾਂ ਪਰ ਬਰਾਊਨ ਕਿਉਂ ਬੇਤਹਾਸ਼ਾ ਪੀ ਰਹੀ ਸੀ। ਉਹ ਤਾਂ ਬਹੁਤ ਪੜ੍ਹੀ ਲਿਖੀ ਸੀ। ਚੰਗੀ ਪੋਜ਼ੀਸ਼ਨ ਤੇ ਸੀ। ਜਦ ਉਸ ਮੈਨੂੰ ਰਮ ਐਂਡ ਕੋਕ ਦਾ ਗਲਾਸ ਭਰ ਕੇ ਲਿਆਉਣ ਲਈ ਕਿਹਾ ਤਾਂ ਮੈਂ ਰਮ ਘੱਟ ਤੇ ਕੋਕ ਜ਼ਿਆਦਾ ਪਾ ਕੇ ਉਸਨੂੰ ਪੇਸ਼ ਕੀਤਾ ਤਾਂ ਉਹ ਇਕੋ ਡੀਕੇ ਪੀ ਗਈ ਤੇ ਸੋਫੇ ਤੇ ਉਹਦਾ ਸਿਰ ਇਕ ਪਾਸੇ ਨੂੰ ਜਾ ਲੱਗਾ। ਮੈਂ ਬੜੀ ਮੁਸ਼ਕਲ ਨਾਲ ਉਸਨੂੰ ਸਹਾਰਾ ਦੇ ਕੇ ਉਹਦੇ ਬੈੱਡ ਰੂਮ ਤੀਕ ਲਿਆਂਦਾ। ਉਸਦੇ ਸ਼ੂਜ਼ ਉਤਾਰ ਕੇ ਉਪਰ ਕੰਬਲ ਦੇ ਦਿਤਾ। ਕਿਸੇ ਪੜ੍ਹੀ ਲਿਖੀ ਕੈਨੇਡੀਅਨ ਗੋਰੀ ਨਾਲ ਉਸਦੇ ਘਰ ਵਿਚ ਸ਼ਰਾਬ ਪੀਣ ਦਾ ਇਹ ਮੇਰਾ ਪਹਿਲਾ ਮੌਕਾ ਸੀ।ਉਸ ਤੋਂ ਬਾਅਦ ਅਸੀਂ ਗੂੜ੍ਹੇ ਮਿੱਤਰ ਬਣ ਗਏ। ਸਾਡੀਆਂ ਕਈ ਸ਼ਾਮਾਂ ਇਕੱਠੀਆਂ ਬੀਤਦੀਆਂ। ਮੇਰੀ ਵਧੇਰੇ ਸ਼ਰਾਬ ਪੀਣ ਦੀ ਮਾੜੀ ਆਦਤ ਤੋਂ ਬਿਨਾਂ ਉਹ ਸੰਸਾਰ ਪ੍ਰਸਿਧ ਲਿਟਰੇਚਰ ਪ੍ਰਤੀ ਮੇਰੀ ਡੂੰਘੀ ਜਾਣਕਾਰੀ ਤੋਂ ਬਹੁਤ ਪ੍ਰਭਾਵਿਤ ਸੀ। ਉਹ ਫਰੈਂਚ ਸੀ ਅਤੇ ਹੈਰਾਨ ਸੀ ਕਿ ਮੈਨੂੰ ਫਰੈਂਚ ਰਾਈਟਰਜ਼ ਚੋਂ ਮੋਪਾਸਾਂ ਅਤੇ ਵਿਕਟਰ ਹਿਊਗੋ ਜ਼ਬਾਨੀ ਯਾਦ ਸਨ। ਜਦੋਂ ਮੈਂ ਉਸ ਨੂੰ ਜੂਲੀ ਰੋਮੇਨ ਦੀ ਕਹਾਣੀ ਸੁਣਾਈ ਜੋ ਉਸ ਨੂੰ ਵੀ ਬੜੀ ਪਸੰਦ ਸੀ ਤਾਂ ਉਹ ਬਹੁਤ ਖ਼ੁਸ਼ ਹੋਈ। ਜਦ ਮੈਂ ਉਸ ਨੂੰ ਕਿਹਾ ਕਿ ਮੈਨੂੰ ਤਾਂ ਉਹ ਵੀ ਜੂਲੀ ਰੋਮੇਨ ਹੀ ਲਗ ਰਹੀ ਸੀ ਤਾਂ ਉਹ ਗੰਭੀਰ ਹੋ ਗਈ। ਬੀਤੇ ਦਿਨ ਅੱਥਰੂ ਬਣ ਉਹਦੀਆਂ ਅੱਖਾਂ ਵਿਚ ਆ ਗਏ। ਉਸ ਮੇਰੇ ਲੱਕ ਦੁਆਲੇ ਆਪਣੀਆਂ ਬਾਹਾਂ ਵਲ ਲਈਆਂ ਤੇ ਰੋਣ ਲੱਗ ਪਈ।ਇਕ ਸਵੇਰ ਮੈਂ ਹਾਲੇ ਜਾਗਿਆ ਨਹੀਂ ਸਾਂ ਕਿ ਬਰਾਊਨ ਦਾ ਫੋਨ ਆਇਆ ਤੇ ਉਸ ਮੈਨੂੰ ਪੁੱਛਿਆ ਕਿ ਮੈਂ ਅੱਜ ਕੀ ਕਰ ਰਿਹਾ ਸਾਂ। ਜਦ ਮੈਂ ਦਸਿਆ ਕਿ ਅੱਜ ਸੰਡੇ ਹੈ ਤੇ ਮੈਂ ਵਿਹਲਾ ਹਾਂ ਤਾਂ ਕਹਿਣ ਲੱਗੀ, ''ਮੈਂ ਤੈਨੂੰ ਲੈਣ ਆ ਰਹੀ ਹਾਂ। ਤਿਆਰ ਹੋ ਕੇ ਐਲੀਵੇਟਰ ਅੱਗੇ ਆ ਜਾ। ਮੈਂ ਭਾਵੇਂ ਸਾਰਾ ਦਿਨ ਰੈਸਟ ਕਰਨਾ ਚਾਹੁੰਦਾ ਸਾਂ ਪਰ ਉਸ ਨੂੰ ਨਾਂਹ ਨਾ ਕਰ ਸਕਿਆ। ਜਦ ਮੈਂ ਥੱਲੇ ਆਇਆ ਤਾਂ ਉਹ ਮੇਰਾ ਇੰਤਜ਼ਾਰ ਕਰ ਰਹੀ ਸੀ। ਉਹਨੇ ਕਾਰ ਨਾਰਥ ਵੱਲ ਸਿੱਧੀ ਕਰ ਲਈ। ਕਾਰ ਵਿਚ ਫੁੱਲਾਂ ਦੇ ਵੱਡੇ ਵੱਡੇ ਗੁਲਦਸਤੇ ਪਏ ਸਨ। ਕਾਰ ਕਾਫੀ ਸਪੀਡ ਨਾਲ ਆਸੇ ਪਾਸੇ ਦੇ ਹਰੇ ਭਰੇ ਰੁੱਖਾਂ ਤੇ ਘਾਹ ਨੂੰ ਲੰਘਦੀ ਜਾ ਰਹੀ ਸੀ। ਸੜਕ ਤੇ ਟਰੈਫਿਕ ਕੋਈ ਜ਼ਿਆਦਾ ਨਹੀਂ ਸੀ। ਬਰਾਊਨ ਲੋੜੋਂ ਵੱਧ ਗੰਭੀਰ ਸੀ ਤੇ ਕਾਰ ਤੇਜ਼ ਚਲਾ ਰਹੀ ਸੀ। ਫੁੱਲਾਂ ਦੇ ਬੁੱਕੇ ਧੀਮੀ ਧੀਮੀ ਖੁਸ਼ਬੋ ਛੱਡ ਰਹੇ ਸਨ। ਤਿੰਨ ਘੰਟਿਆਂ ਦੀ ਡਰਾਈਵ ਬਾਅਦ ਅਸੀਂ ਇਕ ਬਹੁਤ ਵੱਡੇ ਗਰੇਵਯਾਰਡ ਵਿਚ ਦਾਖਲ ਹੋਏ। ਚਾਰ ਚੁਫੇਰੇ ਕਬਰਾਂ ਹੀ ਕਬਰਾਂ ਸਨ। ਬਹੁਤੀਆਂ ਕਬਰਾਂ ਤੇ ਫਰੈਂਚ ਵਿਚ ਦੱਬੇ ਹੋਏ ਲੋਕਾਂ ਦਾ ਜਨਮ ਮਰਨ ਵੇਰਵਾ ਤੇ ਕੁਝ ਹੋਰ ਵੀ ਲਿਖਿਆ ਹੋਇਆ ਸੀ।ਉਸ ਇਕ ਕਬਰ ਅੱਗੇ ਜਾ ਕੇ ਗੋਡੇ ਭਾਰ ਹੋ ਕਰਾਸ ਬਣਾਇਆ ਤੇ ਪ੍ਰਾਰਥਨਾ ਕੀਤੀ ਅਤੇ ਫੁੱਲਾਂ ਦੇ ਬੁੱਕੇ ਨੂੰ ਕਬਰ ਉੱਤੇ ਬੜੇ ਸਲੀਕੇ ਨਾਲ ਰੱਖਿਆ। ਫਿਰ ਉਸ ਦੂਜਾ ਬੁੱਕਾ ਮੈਨੂੰ ਦਿੱਤਾ ਅਤੇ ਕਬਰ ਤੇ ਰੱਖਣ ਲਈ ਕਿਹਾ। ਮੈਂ ਵੀ ਗੰਭੀਰਤਾ ਨਾਲ ਮਨ ਵਿਚ ਕੁਝ ਧਿਆਇਆ ਤੇ ਫੁੱਲਾਂ ਦਾ ਗੁਲਦਸਤਾ ਕਬਰ ਤੇ ਰੱਖ ਦਿੱਤਾ। ਉਹ ਬੜੀ ਉਦਾਸ ਹੋ ਗਈ ਤੇ ਕਦਮ ਬੋਝਲ ਹੋ ਗਏ ਸਨ। ਇੰਜ ਲਗਦਾ ਸੀ ਜਿਵੇਂ ਡਿੱਗ ਪਵੇਗੀ। ਮੈਂ ਆਪਣੀ ਬਾਂਹ ਦਾ ਸਹਾਰਾ ਦੇ ਕੇ ਉਸ ਨੂੰ ਹੌਲੀ ਹੌਲੀ ਇਕ ਬੈਂਚ ਕੋਲ ਲੈ ਆਇਆ। ਰੁੱਖਾਂ ਦੇ ਡਿਗੇ ਪੱਤੇ ਸਾਡੇ ਪੈਰਾਂ ਹੇਠ ਇਕ ਅਨੋਖੀ ਅਦਾ ਵਿਚ ਨਿੱਕੀ ਨਿੱਕੀ ਆਵਾਜ਼ ਪੈਦਾ ਕਰ ਕੇ ਮਿੱਧੇ ਜਾ ਰਹੇ ਸਨ।ਬੈਂਚ ਤੇ ਬੈਠਿਆਂ ਮੈਂ ਵੇਖਿਆ ਕਿ ਉਹਦੀਆਂ ਅੱਖਾਂ ਵਿਚ ਅੱਥਰੂ ਸਨ। ਉਹ ਕਈ ਵਰ੍ਹਿਆਂ ਬਾਅਦ ਆਪਣੇ ਬਾਪ ਦੀ ਕਬਰ ਤੇ ਆਈ ਸੀ। ਬਾਪ ਦੀ ਕਬਰ ਤੇ ਆ ਕੇ ਫੁੱਲ ਚੜ੍ਹਾਉਣ ਲਈ ਤੇ ਪ੍ਰਾਰਥਨਾ ਕਰਨ ਲਈ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਉਹਦੇ ਨਾਲ ਜਾਣਾ ਨਹੀਂ ਮੰਨਿਆ ਸੀ। ਇਕ ਮੈਂ ਸਾਂ ਜਿਸ ਨੇ ਉਸ ਨੂੰ ਨਾਂਹ ਨਹੀਂ ਸੀ ਕੀਤੀ। ਇਕ ਮੈਂ ਸਾਂ ਜਿਸ ਬਾਰੇ ਉਹ ਬਾਰ ਬਾਰ ਕਹਿੰਦੀ ਸੀ ਕਿ ਤੈਨੂੰ ਮੇਰੇ ਦੇਸ਼ ਤੇ ਮੇਰੀ ਭਾਸ਼ਾ ਦੀਆਂ ਕਹਾਣੀਆਂ ਨਾਲ ਪਿਆਰ ਹੀ ਨਹੀਂ, ਸਗੋਂ ਜ਼ਬਾਨੀ ਯਾਦ ਹਨ। ਉਸ ਨੂੰ ਮੇਰੀ ਸੈਂਸੇਟਿਵੀਟੀ ਅਤੇ ਸੈਂਸੇਬਿਲਟੀ ਬੜੀ ਪਸੰਦ ਸੀ। ਅਕਸਰ ਉਹ ਮੇਰੇ ਕੋਲੋਂ ਜੂਲੀ ਰੂਮੇਨ ਦੀ ਕਹਾਣੀ ਸੁਣ ਕੇ ਅਤੀਤ ਵਿਚ ਗਵਾਚ ਜਾਂਦੀ, ਉਦਾਸ ਹੋ ਜਾਂਦੀ। ਸ਼ਾਇਦ ਉਹਨੂੰ ਗਿਆਨ ਹੋ ਚੁਕਾ ਸੀ ਕਿ ਕੁਝ ਸਾਲਾਂ ਤੀਕ ਉਸ ਨੇ ਵੀ ਜੂਲੀ ਰੋਮੇਨ ਵਾਂਗ ਬੁੱਢੀ ਹੋ ਜਾਣਾ ਸੀ। ਉਹ ਬੁੱਢੀ ਨਹੀਂ ਹੋਣਾ ਚਾਹੁੰਦੀ ਸੀ। ਉਸ ਦਾ ਹੁਸਨ ਹਾਲੇ ਤੀਕ ਪੂਰੀ ਤਰ੍ਹਾਂ ਕਾਇਮ ਸੀ। ਪਰ ਜੂਲੀ ਰੋਮੇਨ ਵਾਂਗ ਉਹਦੇ ਕੋਲ ਏਨਾ ਧਨ ਨਹੀਂ ਸੀ ਕਿ ਉਹਦਾ ਆਪਣਾ ਇਕ ਬਹੁਤ ਵੱਡਾ ਮਹਿਲ ਹੋਵੇ ਜਿਸਦੇ ਪਿਛਵਾੜੇ ਵਿਚ ਬਹੁਤ ਵਡਾ ਬਾਗ ਹੋਵੇ। ਉਸ ਵਿਚ ਵਖ ਵਖ ਕਿਸਮ ਦੇ ਵਡੇ ਆਕਾਰ ਅਤੇ ਛੋਟੇ ਕੱਦ ਵਾਲੇ ਖ਼ੂਬਸੂਰਤ ਫੁੱਲਾਂ ਦੇ ਦਰਖਤ ਹੋਣ। ਖ਼ੂਬਸੂਰਤ ਤੇ ਨੌਜਵਾਨ ਨੌਕਰ ਨੌਕਰਾਣੀਆਂ ਦੀ ਫੌਜ ਹੋਵੇ ਤੇ ਸ਼ਾਮ ਦੇ ਘੁਸਮੁਸੇ ਵਿਚ ਜਦੋਂ ਦਿਨ ਛਿਪ ਰਿਹਾ ਹੋਵੇ, ਪਲਾਤਾ ਪਲਾਤਾ ਹਨੇਰਾ ਛਾ ਰਿਹਾ ਹੋਵੇ, ਚਿਹਰੇ ਮੁਹਰੇ ਧੁੰਦਲੇ ਦਿਸਣ ਲਗ ਪੈਣ ਤਾਂ ਉਹ ਬਾਗ ਦੀ ਕਿਸੇ ਨੁਕਰ ਤੇ ਪਏ ਬੈਂਚ ਤੇ ਕਿਸੇ ਮੁਲਕ ਦੀ ਰਾਜ ਮਾਤਾ ਵਾਂਗ ਮਹਿੰਗੇ ਤੇ ਖੂਬਸੂਰਤ ਵਸਤਰ ਪਹਿਣ ਕੇ ਬੈਠ ਜਾਵੇ। ਪਰੀਆਂ ਵਾਂਗ ਸਜੀਆਂ ਧਜੀਆਂ ਖ਼ੂਬਸੂਰਤ ਰਾਜਕੁਮਾਰੀਆਂ ਨੂੰ ਉਹਨਾਂ ਦੇ ਰਾਜਕੁਮਾਰ ਬਾਹਾਂ ਵਿਚ ਬਾਹਾਂ ਪਾ ਕੇ ਦੂਰੋਂ ਸੈਰ ਕਰਦੇ ਦਿਸਣ ਤੇ ਉਹਦੇ ਅਗੋਂ ਦੀ ਬਾਰ ਬਾਰ ਲੰਘਣ। ਜਵਾਨੀ ਦੀਆਂ ਬੇਪਰਵਾਹੀਆਂ ਮਾਣਦਿਆਂ ਨੂੰ ਰੀਝਾਂ ਭਰੀਆਂ ਭਾਵਨਾਵਾਂ ਨਾਲ ਤਕ ਕੇ ਫਿਰ ਉਸ ਨੂੰ ਆਪਣੀ ਜਵਾਨੀ ਦੇ ਦਿਨ ਯਾਦ ਆ ਜਾਣ।ਬਰਾਊਨ ਨੇ ਜਿਵੇਂ ਹਿੰਮਤ ਕਰ ਕੇ ਕਿੰਨੇ ਸਾਰੇ ਸ਼ਬਦ ਇਕੱਠੇ ਕੀਤੇ, ਫਿਰ ਉਨ੍ਹਾਂ ਦਾ ਵਾਕ ਬਣਾਇਆ ਤੇ ਕਹਿਣ ਲੱਗੀ, ''ਤੁਸੀਂ ਸਿੱਖ ਪੰਜਾਬੀ ਬਹੁਤ ਗਰੇਟ ਹੋ, ਏਨੇ ਦੇਸ਼ ਟੱਪ ਕੇ ਏਥੇ ਕੈਨੇਡਾ ਆ ਕੇ ਹਰ ਖੇਤਰ ਵਿਚ ਕਾਮਯਾਬ ਹੋ ਜਾਣਾ ਬੜੀ ਬਹਾਦਰੀ ਹੈ। ਤੁਹਾਡੇ ਵਿਚ ਕਈ ਲੋਕ ਪੜ੍ਹੇ ਲਿਖੇ ਵੀ ਬਹੁਤ ਹਨ। ਤੁਸੀਂ ਹਰ ਫੀਲਡ ਵਿਚ ਅਗੇ ਵਧੇ ਹੋ ਤੇ ਵਧ ਰਹੇ ਹੋ। ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਪਿਆਰ ਕਰਨ ਦੇ ਮੁਆਮਲੇ ਵਿਚ ਵੀ ਬੜੇ ਬਹਾਦਰ ਹੋ।'' ਮੈਂ ਮਹਿਸੂਸ ਕੀਤਾ ਕਿ ਬਰਾਊਨ ਦੇ ਪਿਆਸੇ ਬੁੱਲ੍ਹ ਮੇਰੇ ਬੁੱਲ੍ਹਾਂ ਨਾਲ ਜੁੜਦੇ ਜਾ ਰਹੇ ਸਨ ਤੇ ਉਸਦੇ ਕੂਲੇ ਤੇ ਗੋਰੇ ਹਥ ਮੇਰੀ ਗਰਦਨ ਦਵਾਲੇ ਵਲੇ ਗਏ ਸਨ।