ਦੋ ਲੇਖ (ਲੇਖ )

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਵਿਸ਼ੇਸ਼ ਲੇਖ


 ਕਤੱਕ  ਜਾਂ  ਵਿਸਾਖ ਕਸੌਟੀ ਤੇ
 
ਦੀਵਾਲੀ ਤੋਂ ਦੂਜੀ ਰਾਤ ਹੀ ਜਦ ਇਕ   ਕਾਤਰ ਦੇ ਰੂਪ ਵਿਚ ਚੰਦਰਮਾਂ ਪੱਛਮ ਵਿਚ ਜਿਥੇ ਧਰਤਿ ਅਕਾਸ਼ ਮਿਲਦੇ ਲਗਦੇ ਹਨ ਦਿਖਾਈ ਦਿੰਦਾ ਹੈ ਤਾਂ ਕੱਤਕ ਸ਼ੁਦੀ ਦਾ ਅਰੰਭ ਹੋ ਜਾਂਦਾ ਹੈ æ ਹਰ ਰੋਜ ਚੰਦਰਮਾ ਦੀ ਹਾਜ਼ਰੀ ਵਧਦੀ ਵਧਦੀ ਇਕ ਦਿਨ ਜਦ ਉਹ ਪੂਰਨ ਰੂਪ ਵਿੱਚ  ਢਲਦੇ ਸੂਰਜ ਤੋਂ ਲੈ ਕੇ ਦੂਸਰੇ ਦਿਨ ਚੜਦੇ ਸੂਰਜ ਤਕ ਸਾਰੀ ਰਾਤ ਚਾਨਣ ਹੀ ਚਾਨਣ ਬਖੇਰ ਦਿੰਦੀ ਹੈ ਤਾਂ ਨਾਨਕ  ਨਾਮ ਲੇਵਾ ਹੀ ਨਹੀਂ ਸੰਸਾਰ ਦੇ ਹੋਰ ਸੂਝਵਾਨ ਲੋਕ ਵੀ ਇਸ ਆਸ ਨਾਲ ਖੁਸ਼ੀ ਮਨਾਉਂਦੇ ਹਨ ਕਿ ਇਸ ਪੂਰਨ ਚੰਦਰਮਾਂ ਦੀ ਰਾਤ ਨੂੰ ਪਰਗਟ ਹੋ ਕੇ ਇਕ ਮਹਾਨ ਸ਼ਕਤੀ ਨੇ ਸੰਸਾਰ ਨੂੰ ਜੋ ਅਮਨ ਸੁਨੇਹਾ ਦਿਤਾ ਸੀ ਕਿਤੇ ਝਗੜਾਲੂ ਬਿਰਤੀ ਵਾਲਿਆਂ ਨੂੰ ਵੀ ਮਿਲਵੇ ਕੀ ਮੈਹਮਾਂ ਦੀ ਸੋਝੀ ਆ ਜਾਏ ਤਾਂ ਇਸ ਸੜਦੇ ਬਲਦੇ ਸੰਸਾਰ ਵਿੱਚ ਕੁਝ ਸ਼ਾਂਤੀ ਪਰਤ ਆਵੇ। ਪਰ ਜਦ ਸਾਡੇ  ਵਿਦਵਾਨਾਂ ਵਲੋਂ ਪੈਦਾ ਕੀਤਾ ਹੋਇਆ ਕੱਤਕ ਵਿਸਾਖ ਦਾ ਵਾਵਰੋਲਾ ਦੇਖਦਾ ਹਾਂ ਤਾਂ ਦਿਲ ਦਹਿਲ ਜਾਂਦਾ ਹੈ  ਕਿ ਜੇ ਇਦਾਂ ਹੀ ਚਲਦਾ ਰਿਹਾ ਤਾਂ ਸਿਖ ਸੰਗਰਾਂਦ ਅਤੇ ਹਿੰਦੂ ਸੰਗਰਾਂਦ ਦੀ ਤਰਾਂ੍ਹ ਕਿਤੇ ਸਾਂਝੇ ਗੁਰੂ ਦੀਆਂ ਵੀ ਵੰਡੀਆਂ ਨਾ ਪਾ ਦੇਣ । ਰੱਬ ਖੈਰ ਕਰੇ।
ਜੀਵਨ ਦੇ ਸਫਰ ਵਿਚ ਅਠਵੇਂ ਦਹਾਕੇ ਦੀ ਬਰੂਹਾਂ ਤੇ ਖੜਾ ਜਦ ਬਚਪਨ ਵਲ ਝਾਤ ਮਾਰਦਾ ਹਾਂ ਤਾਂ ਇਕ ਅਤੀਅੰੰਤ ਖੁਸ਼ੀ  ਮਹਿਸੂਸ ਹੁੰਦੀ ਹੈ। ਉਹ ਵੀ ਦਿਨ ਸਨ ਜਦ ਬਗੈਰ ਧਾਰਮਕ ਅਤੇ ਜ਼ਾਤੀ ਭਿਨ ਭੇਦ ਦੇ ਅਸੀਂ ਬਚੇ ਵੀ ਇਸ ਖੁਸ਼ੀਆਂ ਭਰੇ ਦਿਨ ਦੀ ਉਡੀਕ ਕਰਦੇ ਸਾਂ।
'ਉਹ ਨਰੈਣਿਆਂ, ਤੈਨੂੰ ਪਤਾ ਦੋ ਦਿਨਾ ਨੂੰ  ਬਾਬੇ ਵਾਗੁਰੂ ( ਵਾਹਿਗੁਰੂ ) ਦਾ ਗੁਪੁਰਬ ਆ ( ਗੁਰਪੁਰਬ) ਚੰਗੀ ਤਰਾਂ ਨਾ੍ਹ ਕੇ ਨਵਾ ਝਗਾ ਪਾ ਕੇ   ਆਮੀਂ। 'ਮੇਰੀ ਬੇਬੇ ਕਹਿੰਦੀ ਸੀ ਐੈਤਕੀ ਤੈਨੂੰ ਡਬੀਦਾਰ ਖੱਦਰ ਦਾ ਝੱਗਾ ਬਣਾ ਕੇ ਦੇਣਾ।æ' ਨਰੈਣੇ ਕਿਹਾæ' ਕੀਮਿਆਂ ਐੈਮੇਂ ਘਰ ਹੀ ਨਾ ਬੈਠਾ ਰਹੀਂ ਤੂੰ ਵੀ ਚੰਗੇ ਕਪੜੇ ਪਾ ਕੇ ਆਮਂੀੰæ' ਆਊਂ ਕਿਊਂ ਨਾ, ਜਦ ਆਪਾਂ ਸਾਰੇ  ਕਠੇ ਬੈਠਕੇ ਵਾਗੁਰੂ ਵਾਗੁਰੂ ਕਰਾਂਗੇ ਤਾਂ ਭਾਈ ਖੁਸ਼ ਹੋ ਕੇ ਚੰਗਾ ਕੜਾਹ ਦਿਊæ' ਇਹ ਸੁਣ ਕੇ ਸਾਰੇ ਹੱਸ ਪਏ। ਅਸੀਂ ਖੁਸ਼ ਹੁੰਦੇ ਸਾਂ ਸਾਨੂੰ ਨਵੇਂ ਕਪੜੇ ਮਿਲਦੇ ਸਨ ਕੜਾਹ-ਪਰਸ਼ਾਦ ਮਿਲਦਾ ਸੀ। ਅਜ ਬਲਡ ਪਰੈਸ਼ਰ, ਸ਼ੂਗਰ ਨੇ ਜਾਨ ਕਢ ਦਿਤੀ ਹੈ ਅਗਾ ਨੇੜੇ ਆਉਂਦਾ ਦੇਖ ਅੰਗੂਠੇ ਅਤੇ ਨਾਲ ਦੀਆਂ ਦੋ ਉਂਗਲਾਂ ਦਾ ਯੂ ਜਿਹਾ ਬਣਾ  ਕੇ ਪਰਸ਼ਾਦ  ਵਰਤਾਉਂਣ ਵਾਲੇ ਨੂੰ ਸਵਾਏ ਗਫੇ ਦੀ ਬੇਨਤੀ ਕਰਦੇ ਹਾਂ। ਪਰ ਬਚੇ ਅਜ ਵੀ ਕੜਾਹ ਪਰਸ਼ਾਦ ਲੈ ਕੇ ਨਿਹਾਲ ਨਿਹਾਲ ਹੋ ਜਾਂਦੇ ਹਨæ ਦੀਵਾਲੀ ਦੀ ਰਾਤ ਵੀ ਖੁਸ਼ੀਆਂ  ਭਰੀ ਜ਼ਰੂਰ ਹੁੰਦੀ ਸੀ, ਵਿਤ ਅਨੁਸਾਰ ਮਾਂ ਬਾਪ ਮਠਿਆਈ ਵੀ ਖਰੀਦਦੇ ਸਨ ਪਰ ਬਚਿਆ ਲਈ ਖਾਸ ਕਰ ਜੇਠੇ ਬਚੇ ਲਈ ਤਾਂ ਕੈਦ ਹੁੰਦੀ ਸੀ। ਟੂਣੇ ਟਪਰੇ ਤੋਂ ਡਰਦਿਆਂ ਮਾਵਾਂ ਆਪਣੇ ਬਚਿਆਂ ਨੂੰ ਘਰੋਂ ਬਾਹਰ ਨਹੀਂ ਸਨ ਜਾਣ ਦਿੰਦੀਆਂ। ਦੁਜੇ ਦਿਨ ਸਵੇਰ ਨੂੰ ਕੁਝ ਘੁਸਰ ਮੁਸਰ ਚਲਦੀ , ਕਿ ਫਲਾਣੇ ਬਚੇ ਦੇ ਵਾਲਾਂ ਦੀ ਇਕ ਲਿਟ ਕਿਸੇ ਨੇ ਕਟ ਲਈ ਬਚਾ ਭਾਵੇਂ ਜ਼ਿਆਦਾ ਖਾਣ ਕਰਕੇ  ਬੋਝ ਨਾਲ ਬੀਮਾਰ ਹੋਇਆ ਹੋਵੇ ਪਰ ਸਮਝਿਆ ਇਹੋ ਜਾਂਦਾ ਸੀ ਕਿ ਕਿਸੇ ਨੇ ਟੂਣਾ ਕਰ ਦਿਤਾ ਹੈ। ਇਸਦੇ ਉਲਟ ਗੁਰਪੁਰਬ ਵਾਲੇ ਦਿਨ ਬਚਿਆਂ ਤੇ ਕੋਈ   ਪਾਬੰਦੀ  ਨਹੀਂ ਸੀ ਹੁੰਦੀ। ਇਸੇ ਲਈ ਉਹ ਦੀਵਾਲੀ ਨਾਲੋਂ ਗੁਰਪੁਰਬ ਨੂੰ ਤੀਬਰਤਾ ਨਾਲ ਉਡੀਕਦੇ ਸਨ। ਅਜ ਸਮਾਂ ਬਦਲ ਗਿਆਂ ਹੈ æ ਪੱਛਮੀ ਗਲਬਾ ਦਿਨ ਬਦਿਨ    ਭਾਰੂ ਹੋ ਰਿਹਾ ਹੈ। ਅਜ  ਦੇ ਬਚਿਆਂ ਲਈ ਤਾਂ ਕਰਿਸਮਸ ਹੀ ਸਭ ਕੁਝ ਹੋ ਨਿਬੜੀ ਹੈ। ਗੂਰਪੁਰਬ ਤਾਂ ਹੁਣ ਇਕ ਸੋਸ਼ਲ ਰਸਮ ਬਣਦਾ ਜਾ ਰਿਹਾ ਹੈ।
ਇੰਝ ਲਗਦਾ ਹੈ ਜਿਵੇਂ ਸਿਖ ਕੌਮ ਵਿਚ ਵਿਦਵਾਨਾਂ ਦਾ ਹੜ ਆ ਗਿਆ  ਹੋਵੇ ਅਤੇ ਹਰ ਕੋਈ ਦੀਵਾਲੀ ਨੂੰ ਵਰਤੀ ਜਾਂਦੀ ਚਕੂੰਦਰ ਵਾਂਗ ਬਗੈਰ ਸਬੂਤਾਂ ਤੋਂ ਹੀ ਕੋਈ ਨਾ ਕੋਈ ਸ਼ੋਸ਼ਾ ਛਡ ਕੇ ਆਪਣੀ ਹਾਜ਼ਰੀ ਲਵਾਉਣੀ ਚਾਹੁੰਦਾ ਹੋਵੇ। ਰਾਗਮਾਲਾ ਗੁਰਬਾਣੀ ਦਾ ਹਿਸਾ ਹੈ ਜਾਂ ਨਹੀਂ, ਦਸਮ ਗਰੰਥ ਬਾਰੇ ਰਾਮ ਰੌਲਾ, ਅਰਦਾਸ ਤੇ ਕਿੰਤੂ ਪਰੰਤੂ , ਪੁਰੇਵਾਲ ਕੈਲੰਡਰ (ਬਾਬਾ ਨਾਨਕ ਤਾਂ ਜਗਤ ਨੂੰ ਇੱਕਠਿਆਂ ਕੀਤਾ ਸੀ ਇਸ ਕੈਲੰਡਰ ਕਾਰਨ ਦੋਫਾੜ ਹੋਏ ਹਾਂ ਇਸ ਲਈ ਇਸ ਕੈਲੰਡਰ  ਨੂੰ ਨਾਨਕ ਸ਼ਾਹੀ ਕੈਲੰਡਰ ਕੈਹਣ ਤੋਂ ਕੁਝ ਝਿਜਕ ਮਹਿਸੂਸ ਹੋਈ ਹੈ) ਅਤੇ ਕੋਈ ਸੌ ਸਾਲ ਤੋਂ ਬਾਬੇ ਨਾਨਕ ਦੇ ਆਗਮਨ ਦਿਵਸ ਕੱਤਕ ਜਾਂ ਵਿਸਾਖ ਬਾਰੇ ਚਲ ਰਹੇ ਵਿਵਾਦ ਨੂੰ ਮਿਸ਼ਨਰੀ  ਸਕੂਲ ਵਾਲੇ ਅਜ ਵੀ ਜੀਵਤ ਰਖਣ ਲਈ ਬਿਆਨਾਂ ਦੇ ਕੁਸ਼ਤੇ ਛਕਾਉਂਦੇ ਰਹਿੰਦੇ ਹਨ । ਅਫਸੋਸ ਇਸ ਗੱਲ ਦਾ  ਹੈ ਕਿ ਕੌਮ ਖੇਰੂੰ ਖੇਰੂੰ ਹੋ ਰਹੀ ਹੈ ਅਤੇ ਅਸੀਂ ਹਾਂ ਕਿ ਮੋੜਾ ਪਾਉਂਣ ਦਾ ਨਾਂ ਹੀ ਨਹੀਂ ਲੈਂਦੇ। æ "ਕੱਤਕ ਜਾਂ ਵਿਸਾਖ  ਕਸੋਟੀ ਤੇ " ਦੇ ਸਿਰਲੇਖ ਨਾਲ ਇਸ ਵਿਸ਼ੇ ਤੇ ਕੁਝ ਦਲੀਲਾਂ ਪਾਠਕਾਂ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ, ਸਚ ਝੂਠ ਦਾ ਨਿਸਤਾਰਾ ਪਾਠਕਾਂ ਨੇ ਕਰਨਾ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ   ਗੁਰੂ ਅੰਗਦ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਬਾਲੇ ਜੀ  ਦੀਆਂ ਬਾਬੇ ਨਾਨਕ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਉਦਾਸੀਆਂ ਸਮੇ ਲਿਖੀ ਪੁਸਤਕ ਅਨੁਸਾਰ ਲਿਖਵਾਈ। ਉਸ ਜਨਮ ਸਾਖੀ ਵਿਚ ਜਨਮ ਪਤਰੇ ਦੇ ਅਧਾਰ ਤੇ ਗੁਰੂ ਬਾਬੇ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526  ਮੁਤਾਬਕ ਸੰਨ 1469 ਈ: ਦਰਜ ਹੈ।
 
ਉਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਦਾ ਸਲੋਕ ਕਰਦਾ ਹੈ।
" ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈæ
ਅਉਸਰ ਅਭੀਚ ਬਹੁ ਨਾਇਕ ਕੇ ਨਾਇਕਾ ਹੈਵ,
ਰੂਪ ਗੁਣ ਜੋਬਨ ਸ਼ਿੰਗਾਰ ਅਧੀਕਾਰੀ ਹੈæ
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ,
ਸੁੰਪਦਾ ਸਮਗਰੀ ਸੁਖ ਸਹਿਜ ਸੁੰਚਾਰੀ ਹੈæ
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ,
ਜੀਵਨ ਜਨਮ ਧੀਨ ਪ੍ਰੀਤਮ ਪਿਆਰੈ ਹੈ॥"
 
ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੂਜੀ ਸਾਖੀ ਮਿਹਰਬਾਨ ਲਿਖਦਾ ਹੈ। ਮਿਹਰਬਾਨ ਵਾਲੀ ਜਨਮਸਾਖੀ ਵਿਚ ਜਨਮ ਮਿਤੀ ਵਿਸਾਖ ਸ਼ੁਦੀ ਤੀਜ ਹੈ। ( ਭਾਈ ਕਾਨ੍ਹ ਸਿੰਘ ਨਾਭਾ ਵਾਲਿਆਂ ਦੇ ਮਹਾਨਕੋਸ਼ ਵਿਚ ਮਿਹਰਬਾਨ ਦੀ ਪਛਾਣ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਬਾਬਾ ਪ੍ਰਿਥੀਚੰਦ ਦੇ ਪੁਤ੍ਰ ਵਜੋਂ ਕੀਤੀ ਗਈ ਹੈæ "ਬਾਬਾ  ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ, ਜਿਸ ਨੇ ਵੀ ਪਿਤਾ ਵਾਂਗ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ , ਜਿਸ ਵਿਚ ਬਹੁਤ ਬਾਤਾਂ ਗੁਰਮਤ ਵਿਰੁਧ ਹਨæ" ਇਥੇ ਹੀ ਵਸ ਨਹੀਂ ਮਿਹਰਬਾਨ ਨੇ ਆਪਣੇ ਆਪ ਨੂੰ ਗੁਰੁ ਕਹਾਉੁਣ ਦਾ ਵੀ ਯਤਨ ਕੀਤਾ ਹੈ "ਦੀਨ ਦਿਯਾਲ ਸਰਨਿਕ ਸੂਰਾ॥ ਗੁਰੂ ਮਿਹਰਬਾਨੁ ਸਚੁ ਭਗਿਤ ਕਮਾਈ॥" 
ਬਾਕੀ ਸਾਰੇ ਲੇਖਕ ਗੁਰੂ ਬਾਬੇ ਦਾ ਜਨਮ ਦਿਨ ਚਾਹੇ ਕੱਤਕ ਸੂਦੀ ਪੂਰਨਮਾਸ਼ੀ ਮੰਨਦੇ ਹਨ ਜਾਂ ਵਿਸਾਖ ਸ਼ੂਦੀ ਤੀਜ ਇਹਨਾਂ ਦੋ ਜਨਮ ਸਾਖੀਆਂ ਤੋਂ ਪਰਭਾਵਤ ਹੋ ਕੇ ਹੀ æਿਲਖਦੇ ਹਨ। ਕਿਸੇ ਵੀ ਹੋਰ ਗਰੰਥ ਦਾ ਜ਼ਿਕਰ ਕੀਤੇ ਬਗੈਰ, ਮੈਂ ਪੂਰੀ ਤਰਾਂ੍ਹ ਨਿਰਪਖ  ਹੋ ਕੇ ਆਪਣੀ ਖੋਜ ਦਾ ਵਿਸ਼ਾ ਇਨਹਾਂ  ਦੋਵਾਂ ਸਾਖੀਆਂ ਤੇ ਹੀ ਸੀਮਤ ਰਖਾਂਗਾ
ਜਿਥੋਂ ਤਕ ਮੈਂ ਜਾਣਿਆ ਹੈ ਦੋਵਾਂ ਸਾਖੀਆਂ ਵਿਚ ਇਕ ਸਾਂਝੀ ਕੜੀ ਹੈ। ਮੇਰੀ ਕੌਮ ਪਾਸ ਉਚ ਕੋਟੀ ਦੇ ਵਿਦਵਾਨ ਹਨ ਪਰ ਅਫਸੋਸ ਕਿਸੇ ਨੇ ਵੀ ਇਨਹਾਂ ਸਾਖੀਆਂ ਨੂੰ ਨਿਰਪਖ ਹੋ ਕੇ ਵਿਚਾਰਨ ਦੀ ਜ਼ਹਿਮਤ ਹੀ ਨਹੀਂ ਉਠਾਈ। ਜੇ ਕਿਤੇ ਉਸ ਸਾਂਝੀ ਕੜੀ ਵਲ ਧਿਆਨ ਦਿਤਾ ਜਾਂਦਾ ਤਾਂ ਇਡਾ ਬਖੇੜਾ ਹੀ ਨਹੀਂ ਸੀ ਖੜਾ ਹੋਣਾ। ਪਰ ਕੋਣ ਕਰੇ ਜੀ ਇਡਾ ਝਮੇਲਾ , ਕਿਸ ਪਾਸ ਸਮਾਂ ਹੈ। ਜੋ ਇਕ ਨੇ ਲਿਖ ਦਿਤਾ ਬਾਕੀਆਂ ਨੇ ਜੈਕਾਰੇ ਛਡਦਿਆਂ ਨੇ ਪੱਕੀ ਸੜਕ ਬਣਾ ਧਰੀ। 
ਇਸ ਸਾਂਝੀ ਕੜੀ ਦੀ ਗੁੱਥੀ ਸੁਲਝਾਉਣ ਲਈ ਬਚਿਤ੍ਰ ਨਾਟਕ ਵਿਚ ਦਰਜ ਹੇਠ ਲਿਖੀਆਂ ਲਾਈਨਾਂ ਸਹਾਈ ਹੋਣ ਗੀਆਂ।
" ਮੁਰ ਪਿਤ ਪੁਰਬ ਕੀ ਆਸ ਪਿਯਾਨਾ॥ ਭਾਂਤ ਭਾਂਤ ਕੇ ਤੀਰਥ ਨਾਨਾ॥ ਜਬ ਹੀ ਜਾਤ ਤ੍ਰਿਬੈਣੀ ਭਯੇ॥ ਪੁੰਨ ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸ਼ਹਿਰ ਵਿਖੇ ਭਵ ਲਯੋ॥"
ਇਸ ਬੰਦ ਦੀ ਰੌਸ਼ਨੀ ਵਿਚ ਮੈਂ ਵਖ ਵਖ ਧਰਮਾਂ ਅਤੇ ਅਜ ਦੀ ਟੈਕਨੋਲਜੀ ਦੇ ਅਧਾਰ ਤੇ ਹੀ ਵਿਚਾਰ ਪੇਸ਼ ਕਰਾਂਗਾ। ਇਬਰਾਨ ਮਤ ਵਾਲੇ ( ਕ੍ਰਸ਼ਿਚੀਅਨ, ਜੂਡੇਇਜ਼ਮ ਅਤੇ ਇਸਲਾਮ) ਤਾਂ ਬਚੇ ਦੇ ਨਿਮਣ ਨੂੰ ਹੀ ਜਨਮ ਸਮਝਦੇ ਹਨ ਅਤੇ ਨਿਮਣ ਤੋਂ ਜਨਮ ਤਕ ਕਿਸੇ ਵੇਲੇ ਵੀ ਗਰਭਪਾਤ ਕਰਨ ਨੂੰ ਗੁਨਾਹ ਸਮਝਿਆ ਜਾਂਦਾ ਹੈ। ਪਰੋ ਚੋਇਸ( ਜੋ ਗਰਭਪਾਤ ਦੇ ਹਕ ਵਿਚ ਹਨ)ਅਤੇ ਪਰੋ ਲਾਈਫ ( ਜੋ ਗਰਭਪਾਤ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਹਾਮੀ ਹਨ) ਦੀ ਖਿਚੋਤਾਣ ਵਿਚ ਜਦ  ਕਾਨੂੰਨ ਨੇ ਦਖਲ ਅੰਦਾਜ਼ੀ ਕੀਤੀ ਤਾਂ ਇਹਨਾਂ ਧਰਮਾਂ ਦੇ ਆਊਆਂ ਨੂੰ ਵੀ ਕੁਝ ਲੱਚਕ ਦਿਖਾਉੁਣੀ ਪਈæ ਇਹਨਾ ਨੇ ਦਲੀਲ ਦਿਤੀ ਕਿ ਜਦ ਜਿਸਮ ਵਿੱਚ ਖੂਨ ਚੱਲਣ ਲੱਗ ਜਾਵੇ ਉਸ ਵੇਲੇ ਦਾ ਗਰਭਪਾਤ ਜੁਰਮ ਗਿਣਿਆ ਜਾਣਾ ਚਾਹੀਦਾ ਹੈ (ਬਾਈਬਲ ਵਿਚ ਖੂਨ ਦਾ ਡੋਲਣਾ ਭਾਵ ਕਿਸੇ ਨੂੰ ਕਤਲ ਕਰ ਦੇਣਾ ਬੱਜਰ ਗੁਨਾਹ ਹੈ।  ਨਿਮਣ ਤੋਂ ਕੋਈ ਵੀਹ ਦਿਨ ਅੰੰਦਰ ਖੂਨ ਬਣਨਾਂ ਸ਼ੁਰੂ  ਹੋ ਜਾਂਦਾ ਹੈ, ਪਰ ਮਨੁਖੀ ਬਚੇ ਵਰਗੀ ਹਾਲੇ ਕੋਈ ਗੱਲ ਨਹੀਂ ਹੁੰਦੀæ ਸੋ ਉਹਨਾਂ ਦੀ ਦਲੀਲ ਕਾਨੂੰਨ ਨੇ ਨਕਾਰ ਦਿਤੀ।
ਦਸ ਹਫਤਿਆਂ ਦਾ ਗਰਭ ਕੁਝ ਕੁਝ ਮਨੁਖੀ ਬਚੇ ਵਰਗਾ ਲੱਗਣ ਲੱਗ ਜਾਂਦਾ ਹੈ। ਉਸ ਦੇ ਅੰਦਰ ਦਿਲ ਵੀ ਧੜਕਦਾ ਹੈ ਲੜਕੇ ਲੜਕੀ ਦੀ ਪਛਾਣ ਵੀ ਹੋ ਸਕਦੀ ਹੈ ਪਰ ਹਾਲੇ ਵੀ ਕੁਝ ਕਮੀਆਂ ਹਨ ਜੋ ਕੋਈ ਤੇਰਾਂ ਹਫਤਿਆਂ ਵਿਚ ਪੂਰੀਆਂ ਹੋ ਜਾਂਦੀਆਂ ਹਨ। ਇਥੋਂ ਤਕ ਕਾਨੂੰਨ ਗਰਭਪਾਤ ਨੂੰ ਜੁਰਮ ਨਹੀਂ ਗਿਣਦਾ।
ਇਸ ਤੋਂ ਅਗਲੀ ਗੱਲ ਧਿਆਨ ਮੰਗਦੀ ਹੈ ਮਕਾਨ ਤਿਆਰ ਹੋ ਚੁੱਕਾ ਹੈ, ਬਿਜਲੀ ਦਾ ਕੁਨੈਕਸ਼ਨ ਵੀ ਮਿਲ ਚੁੱਕਾ ਹੈ। ( ਭਾਵ ਦਿਲ ਧੜਕਦਾ ਹੈ) ਠੰਡੇ ਗਰਮ ਪਾਣੀ ਦਾ ਵੀ ਪ੍ਰਬੰਧ ਹੋ ਚੁੱਕਾ ਹੈ ( ਖੂਨ ਦੌਰਾ ਕਰ ਰਿਹਾ ਹੈ। ਅੰਦਰ ਬਾਹਰ ਦੀ ਸਜਾਵਟ ਮੁਕੰਮਲ ਹੋ ਚੁਕੀ ਹੈ ( ਲਿੰਗ ਤੋਂ ਲੈ ਕੇ ਹਥ ਰੇਖਾ ਤਕ ਦੇਖੀਆਂ  ਜਾ ਸਕਦੀਆਂ ਹਨ)। ਹੁਣ ਕਮੀ ਹੈ ਤਾਂ ਸਿਰਫ ਕਿਸੇ ਆਤਮਾਂ ਦੀ ਜਿਸ ਨੇ ਉਸ ਵਜੂਦ ਵਿਚ ਪ੍ਰਵੇਸ਼ ਕਰਨਾ ਹੈ ( ਮਾਲਕ ਮਕਾਨ ) ਜਿਸ ਤਰਾ ਮੈਂ ਉਪਰ ਲਿਖ ਆਇਆ ਹਾਂ ਕਿ ਤੇਰਾਂ ਹਫਤੇ ਦਾ ਗਰਭ ਬਚੇ ਦੇ ਵਜੂਦ ਨੂੰ ਹਰ ਪੱਖੌਂ ਮੁਕੱਮਲ ਕਰ ਚੁੱਕਾ ਹੈ। ਚੌਦਵੇਂ ਹਫਤੇ ਕਿਸੇ ਵੇਲੇ ਵੀ ਕੋਈ ਆਤਮਾਂ ਜਦ ਉਸ ਚੋਲੇ ਨੂੰ ਅਪਨਾ ਲੈਂਦੀ ਹੈ ਤਾਂ ਉਸ ਆਤਮਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਚਿਤ੍ਰ ਨਾਟਕ ਵਿਚ ਇਸ ਹੀ ਸਮੇਂ ਦਾ ਜ਼ਿਕਰ ਹੈ ( ਤਹੀ ਪ੍ਰਕਾਸ਼ ਹਮਾਰਾ ਭਯੋ) ਮਿਹਰਬਾਨ ਵਾਲੀ ਜਨਮ ਸਾਖੀ ਵੀ ਜਦ ਵਿਸਾਖ ਸ਼ੁਦੀ ਤੀਜ ਦੀ ਗੱਲ ਕਰਦੀ ਹੈ ਤਾਂ ਇਸੇ ਪਰਕਾਸ਼ ਦੀ ਗੱਲ ਕਰਦੀ ਹੈ। ਪੁਰਾਣੇ ਸਮੇਆਂ ਵਿਚ  ਬਚੇ ਦੀ ਪੇਟ ਵਿਚ ਪਹਿਲੀ ਹਿਲਜੁਲ ਤੇ ਹੀ ਗਰਭ ਗਿਣਿਆ ਜਾਂਦਾ ਸੀ। ਜੇ ਚੌਦਵੇਂ ਹਫਤੇ ਕੋਈ ਆਤਮਾਂ ਉਸ ਜਾਂਮੇ ਵਿਚ  ਪ੍ਰਵੇਸ਼ ਨਾ ਕਰੇ ਤਾਂ  ਕੁਦਰਤ ਰਾਣੀ ਉਸ ਵਜੂਦ ਨੂੰ ਨਕਾਰ ਦਿੰਦੀ ਹੈ,ਜਿਸ ਨੂੰ ਸਾਦੀ ਬੋਲੀ ਵਿਚ ਗਰਭ ਗਿਰ ਗਿਆ ਕਿਹਾ ਜਾਂਦਾ ਹੈ।
ਯੂæ ਐਨ æਓ æ ਵੀ ਪੰਦਰਾਂ ਹਫਤੇ ਦੇ ਬਾਅਦ  ਗਰਭਪਾਤ ਨੂੰ ਸਹੀ ਨਹੀਂ ਮਨਦੀ।
ਹੁਣ ਦੇਖਣਾ ਹੈ ਕਿ ਕੀ ਇਹ ਦਲੀਲ ਗਣਿਤ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ।
ਪਰਕਾਸ਼ ਤਕ ਚੌਦਾਂ ਹਫਤੇ ਗਿਣੀਏ ਤੱਾਂ 98 ਦਿਨ ਹੋਏ। ਵਿਸਾਖ ਸ਼ੁਦੀ ਤੀਜ ਤੋਂ ਕੱਤਕ ਸ਼ੁਦੀ ਪੂਰਨਮਾਸ਼ੀ ਤਕ ਕੁਲ ਦਿਨ ਬਣਦੇ ਹਨ 186। 186+ 98 ਜਮਾ ਕਰੀਏ ਤਾਂ ਕੁਲ ਦਿਨ ਹੋਏ 284। 30 ਦਿਨ ਦਾ ਮਹੀਨਾ ਗਿਣੀਏ ਤਾਂ ਨਿਮਣ ਤੋਂ ਲੈ ਕੇ ਜਨਮ ਤਕ 9 ਮਹੀਨੇ ਅਤੇ 14 ਦਿਨ ਬਣੇ, ਜੋ ਗਰਭ ਕਿਰਿਆ ਮੁਕੱਮਲ ਹੋਣ ਲਈ ਬਿਲਕੁਲ ਸਹੀ ਹਨ। ਇਸ ਤੋਂ ਸਿਧ ਹੁੰਦਾ ਹੈ ਕਿ  ਮਿਹਰਬਾਨ ਵਿਸਾਖ ਸ਼ੁਦੀ  ਤੀਜ ਨੁੰ ਪਰਕਾਸ਼ ਦੀ ਗੱਲ ਕਰਦਾ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਵਰਤਿਆ ਜਨਮ ਪਤਰਾ ਕੱਤਕ ਸ਼ੂਦੀ ਪੂਰਨਮਾਸ਼ੀ  ਨੂੰ ਜਨਮ ਦੀ ਸਹੀ ਭਰਦਾ ਹੈ।
ਪੁਰਾਤਨ ਗਰੰਥਾਂ ਵਿਚ ਬਾਬੇ ਨਾਨਕ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਸੰਮਤ 1526 ਮੁਤਾਬਕ 1469 ਈ: ਹੈ ਅਤੇ ਜੋਤੀ ਜੋਤਿ ਸਮਾਉਣ ਦੀ ਮਿਤੀ ਅਸੂ ਵਦੀ ਦਸ ਸੰਮਤ 1596 ਮੁਤਾਬਕ 1539 ਈ:ਹੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨæ
" ਉਰਜ ਮਾਸ ਕੀ ਪੂਰਨਮਾਸ਼ੀ  ਹਰਕੀਰਤ ਸੋ ਜੌਨ ਪਰਕਾਸ਼ੀ ॥20 ਸੰਬਤ ਨੌ ਖਟ ਸਹਸ ਛਬੀਸਾ ਭੋ ਅਵਤਾਰ ਪਰਗਟ      ਜਗਦੀਸਾ" ਅਰਥ , ਸੰਮਤ 1526 ਬਿਕ੍ਰਮੀ ਕੱਤਕ ਸ਼ੁਦੀ ਪੂਰਨਮਾਸ਼ੀ  ਵਾਲੇ ਦਿਨ ਸਤਗੁਰਾਂ ਨੇ ਅਵਤਾਰ ਧਾਰਿਆ।
ਉਸ ਤੋਂ ਅਗਲੀ ਲਾਈਨ ਹੈ  " ਭਯੋ ਅਚਾਨਕ ਸਭਿਨਿ ਉਛਾਹਾ॥7 ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ ਸਪਤ ਦਿਨ ਪਰਵਾਨ ॥ ਪਾਤਸ਼ਾਹੀ  ਸਰੀ ਪਰਭ ਕਰੀ॥90 ਸੰਮਤ ਪੰਦਰਾ ਸੈ ਅਧਕ ਛਨਵਾ ਅਸੂਜ ਵਦੀ ਦਸਵੀਂ ਵਿਖੈ ਸਚਖੰਡ ਪਰਸਥਾਨ॥
ਭਾਵ, ਭਾਈ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਸੰਮਤ ਸੱਤਰ ਪਛਾਨ। ਪਛਾਨ ਅਤੇ ਉਸਤੋਂ ਅਗੇ ਪ੍ਰਵਾਨ ਸ਼ਬਦ ਦੀ ਵਰਤੋਂ ਕਰਦੇ ਹਨ। ਪਛਾਨ ਸ਼ਬਦ ਦੀ ਵਰਤੋਂ ਕਰਕੇ ਭਾਈ ਸਾਹਿਬ ਬਾਬੇ ਨਾਨਕ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਆਖਦੇ ਹਨ। ਅਗੋਂ ਆਖਦੇ ਹਨ ਸਪਤ ਦਿਨ ਪਰਵਾਨ ਨਾਲ ਸਤ ਦਿਨਾਂ ਤੇ ਮੋਹਰ ਲਾ ਦਿੰਦੇ ਹਨ। ਇਸ ਤਰਾਂ੍ਹ ਭਾਈ ਸਾਹਿਬ ਦਸ ਰਹੇ ਹਨ ਕਿ ਬਾਬਾ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਸੀ ਕਿ ਪੰਜ ਮਹੀਨੇ ਸਤ ਦਿਨ ਬੀਤਿਆਂ ਬਾਬਾ ਨਾਨਕ ਜੀ ਜੋਤੀ ਜੋਤ ਸਮਾਂ ਗਏ।
ਭਾਈ ਸੰਤੋਖ ਸਿੰਘ ਜੀ ਖਾਲਸਈ ਕੈਲੰਡਰ ਜੋ ਵਿਸਾਖ ਤੋਂ ਸੁਰੂ ਹੁੰਦਾ ਹੈ ਨੂੰ ਆਪਣੀ ਗਿਣਤੀ ਦਾ ਧੁਰਾ ਬਣਾ ਰਹੇ ਹਨæ ਵਿਸਾਖ, ਜੇਠ ,ਹਾੜ ,ਸਾਵਨ ਭਾਦੋਂ ਪੰਜ ਮਹੀਨੇ ਹੋ ਗਏ ਅਸੂ ਵਦੀ ਦਸਵੀਂ ਅਸੂ ਸਤ ਨੂੰ ਪੈਂਦੀ ਹੈæ ਇਸ ਤਰਾਂ ਪੰਜ ਮਹੀਨੇ ਸਤ ਦਿਨ ਬਣ ਜਾਂਦੇ ਹਨ।  ਵਿਸ਼ਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਭਾਈ ਸੰਤੋਖ ਸਿੰਘ ਜੀ ਦੀ ਲ਼ਿਖਤ  ਦੇ ਗੱਲਤ ਅਰਥ ਕਰ ਕੇ ਬਾਬਾ ਜੀ ਦੀ ਆਯੂ 70 ਸਾਲ 5 ਮਹੀਨੇ ਅਤੇ ਸਤ ਦਿਨ ਮਿਥਦੇ ਹਨ। ਵਿਸਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਈ: ਸੰਨ ਮੁਤਾਬਕ 15 ਅਪਰੈਲ 1469 ਨੂੰ ਜਨਮ ਮਿਤੀ ਅਤੇ 7 ਸਤੰਬਰ 1539 ਨੂੰ ਜੋਤੀ ਜੋਤ ਸਮਾਉਣ ਦੀ ਮਿਤੀ ਮਨਦੇ ਹਨ ਦੇਖੋ ( ਪ੍ਰਿਸੀਪਲ ਸਤਵੀਰ ਸਿੰਘ , ਸਾਡਾ ਇਤਹਾਸ) ਜੇ ਦਿਨ ਗਿਣੀਏ ਤਾਂ ਬਾਬਾ ਜੀ ਦੀ ਆਯੂ 70 ਸਾਲ ਪੰਜ ਮਹੀਨੇ ਸਤ ਦਿਨ ਦੀ ਗਣਿਤ ਤੇ ਪੂਰੀ ਨਹੀਂ ਉੁਤਰਦੀ। ਇਸ ਤਰਾਂ੍ਹ ਵਿਸਾਖ ਸ਼ੁਦੀ ਤੀਜ ਦਾ ਆਗਮਨ  ਦਿਵਸ ਸ਼ਕ ਦੇ ਘੇਰੇ ਵਿਚ ਆ ਜਾਦਾ ਹੈ । ਇਸ ਕਰਕੇ ਹਰ ਸੂਝਵਾਨ ਪੁਰਖ ਵਿਸਾਖ ਸ਼ੁਦੀ ਤੀਜ ਦੀ ਜਨਮ ਮਿਤੀ ਮਨਣ ਤੋਂ ਹਿਚਕਚਾਏ ਗਾ।
ਦਲੀਲ ਦਿਤੀ ਜਾਂਦੀ ਹੈ ਕਿ ਕਰਮ ਸਿੰਘ ਹਿਸਟੋਰੀਅਨ ਅਤੇ ਆਪਣੇ ਆਪ ਨੂੰ ਕੈਲੰਡਰ ਦਾ ਮਾਹਰ ਦਸਣ ਵਾਲੇ ਪਾਲ ਸਿੰਘ ਪੁਰੇ ਵਾਲ ਨੇ ਕੱਤਕ ਸ਼ੁਦੀ ਪੂਰਨਮਾਸ਼ੀ ਦੇ ਆਗਮਨ ਦਿਵਸ ਨੂੰ ਨਕਾਰ ਦਿਤਾ ਹੈ। 
ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਕਰਦੇ ਹਾਂ। ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ " ਕੱਤਕ ਜਾਂ ਵਿਸਾਖ  ਦੇ ਅਖੀਰ ਵਿਚ ਲਿਖਦਾ ਹੈ "ਪਾਠਕ ਜੀ! ਜੋ ਕੁਝ ਮੈਂ ਕਹਿਣਾ ਸੀ ਆਪ ਦੀ ਸੇਵਾ ਵਿਚ ਕਹਿ ਦਿਤਾ ਹੈ, ਆਸ਼ਾ ਹੈ ਕਿ ਆਪ ਜੀ ਨਿਰਪੱਖ ਹੋ ਕੇ ਇਸ ਲੇਖ ਨੂੰ ਦੇਖੋਗੇ ਅਤੇ ਵਿਚਾਰੋਗੇ ਕਿ ਇਸ ਵਿਚ ਕਿਥੋਂਂ ਤਕ ਸਚਾਈ ਹੈ ਅਤੇ ਕਿਥੋਂ ਤਕ ਕਚਿ  ਲਿਖਿਆ ਹੈ , ਸਚ ਹੀ ਸਚ ਹੈ, ਪਰ ਇਹ ਮੈਂ ਆਪ ਜੀ  ਨੂੰ ਨਿਸਚਾ ਕਰਵਾਉਂਦਾ ਹਾਂ ਕਿ ਜੋ ਕੁਝ ਮੈਂ ਲਿਖਿਆ ਹੈ ਆਪਣੇ ਵਲੋਂ ਸੋਚ ਕੇ ਲਿਖਿਆ ਹੈ ਕਿਤੇ ਵੀ ਇਹ ਯਤਨ ਨਹੀ ਂਕੀਤਾ ਕਿ ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਨਾਲ ਸਚੀ ਗੱਲ ਨੂੰ ਝੂਠੀ ਸਿਧ ਕਰਾਂ ਮੈਨੂ ਵਿਸਾਖ ਸੁਦੀ ਤੀਜ ਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ ਜਿਸ ਗੱਲ ਨੂੰ ਮੈਂ ਸਚ ਸਮਝਦਾ ਹਾਂ ਉਹੀ ਆਪ ਨੂੰ ਦੱਸੀ ਹੈ। ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋ ਕੇ ਨਿਰਪੱਖ ਵਿਚਾਰ ਕਰੋਗੇ।" 
ਕਰਮ ਸਿੰਘ ਹਿਸਟੋਰੀਅਨ ਨੇ ਨਿਰਪਖ ਵਿਚਾਰ ਕਰਨ ਲਈ ਕਿਹਾ ਹੈ। ਬਸ ਕੌਣ ਮਗਜ਼-ਮਾਰੀ ਕਰੇ ਜੀ! ਜੋ ਕੁਝ ਲਿਖਿਆ ਗਿਆ ਸਚ ਹੀ ਹੋਣਾ। ਇਸ ਤਰਾਂ ਕਿਸੇ ਦੀ ਕਹੀ ਲਿਖਤ ਦਾ ਪਰਮਾਣ ਦੇਣਾ ਬਗੈਰ ਪੜ੍ਹਿਓਂ ਕਿਸੇ ਦਸਤਾਵੇਜ਼ ਤੇ ਹਸਤਾਖਸ਼ਰ ਕਰਨ ਦੇ ਬਰਾਬਰ ਹੁੰਦਾ ਹੈ।
ਵੀਰ ਪਾਲ ਸਿੰਘ ਪੁਰੇਵਾਲ ਦੀ ਗੱਲ ਕਰਨ ਵਾਲੇ ਪੁਰੇਵਾਲ ਜੀ ਦਾ ਸਿਖ ਕੋਲੀਸ਼ਨ'ਤੇ ਲਿਖਿਆ ਲੇਖ "ਬਰਥ ਡੇ ਗੁਰੂ ਨਾਨਕ ਸਾਹਿਬ " ਪੜ੍ਹਨ ਦੀ ਜ਼ਰੂਰ ਖੇਚਲ ਕਰਨ। ਜੇ ਆਪ ਨਹੀਂ ਤਾਂ ਕਿਸੇ ਕੈਲੰਡਰ ਦੇ ਵਿਦਵਾਨ ਤੋਂ ਰਾਏ ਲੈ ਲੈਣ ਤਾਂ ਵੀਰ ਪੁਰੇਵਾਲ ਨੇ ਜਿਸ ਤਰਾਂ ਤਿਨ ਚਾਰ ਕੈਲੰਡਰਾਂ ਦੀ  ਖਿਚੜੀ ਬਣਾ ਕੇ ਈਸ਼ਰ ਸਿੰਘ ਨਾਰਾ ਦੇ ਲੇਖ ਵਿਸਾਖ ਨਹੀਂ ਕੱਤਕ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ ਉਸ ਦਾ ਨਿਤਾਰਾ ਵੀ ਹੋ ਜਾਵੇਗਾ ਅਤੇ ਨਾਲ ਹੀ ਇਹ ਵੀ ਸਾਬਤ ਹੋ ਜਾਵੇਗਾ ਕਿ ਕੀ ਵੀਰ ਪੁਰੇਵੱਲ ਸਚੀਂ ਮੁਚੀਂ ਕੈਲੰਡਰ ਦੀ ਜਾਣਕਾਰੀ ਰਖਦਾ ਹੈ ਜਾਂ ਸੰਗਰਾਂਦ ਦੇ ਦਿਨ ਅਗੇ ਪਿਛੇ ਕਰਕੇ ਹਿੰਦੂ ਸੰਗਰਾਂਦ ਅਤੇ ਸਿਖ ਸੰਗਰਾਂਦ ਤਕ ਹੀ ਉੁਸ ਦੀ ਸੋਚ ਹੈ। 
ਵੀਰ ਪੁਰੇਵਾਲ ਤਾਂ ਵਿਸਾਖ ਸ਼ੁਦੀ ਤੀਜ ਨੂੰ ਵੀ ਨਿਕਾਰਦਾ ਹੈ। ਉਸ ਦੀ ਗਣਤ ਅਨੁਸਾਰ ਜੋਤੀ ਜੋਤ ਸਮਾਉਣ ਦਾ ਦਿਨ ਅਸੂ 8 ਹੈ ਅਤੇ 70 ਸਾਲ 5 ਮਹੀਨੇ 7 ਦਿਨ ਪੂਰੇ ਕਰਨ ਲਈ ਉਹ ਪਿਛਲ ਖੁਰੀ ਤੁਰਦਾ ਹੈ ਅਤੇ ਵਿਸਾਖ ਪਹਿਲੀ ਨੂੰ ਗੁਰੂ ਮਹਾਰਾਜ  ਦਾ ਜਨਮ ਅੰਗਦਾ ਹੈ ਅਤੇ ਨਾਲ ਇਹ ਵੀ ਲਿਖਦਾ ਹੈ ਕਿ ਉਸ  ਦਿਨ ਪੂਰਨਮਾਸ਼ੀ ਸੀ। ਗੁਰੂ ਨਾਨਕ ਦੇਵ ਜੀ ਦਾ ਪੁਰਵ ਵਿਸਾਖੀ ਤੇ ਮਨਾਉਣ  ਲਈ ਪਰੇਰਦਾ ਹੈ।  ਮੂਲ ਮੁਦਾ ਗੁਰ ਨਾਨਕ ਦੇਵ ਜੀ ਦੱ ਗੁਰਪੁਰਬ ਅਤੇ ਵਿਸਾਖੀ ਨੂੰ ਰਲਗਢ ਕਰਨਾ ਹੈ। ਮੇਰੇ ਵੀਰੋ ਅਗਰ ਇਸੇ ਤਰਾਂ ਚਲਦਾ ਰਿਹਾ ਤਾਂ ਅੱਧੀ ਸਿਖ ਕੌਮ ਵਿਸਾਖੀ ਮਨਾਇਆ ਕਰੇਗੀ ਅਤੇ ਅੱਧੀ  ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ। ਹੋਲੀ ਹੋਲੀ ਸਿਖ ਕੌਮ ਵਿਸਾਖੀ ਦੇ ਦਿਨ ਤੋਂ ਦੂਰ ਹੁੰਦੀ ਹੁੰਦੀ ਖਾਲਸੇ ਦੀ ਸਿਰਜਣਾ ਦਿਵਸ ਨੂੰ ਵੀ ਵਿਸਾਰ ਦੇਵੇਗੀ। ਮਹਾਤਮਾਂ ਗਾਂਧੀ ਨੇ ਚਰਖਾ ਫੜਾ ਕੇ ਜੋ ਮਰਦਾਂ ਦਾ ਬਾਹੂ ਬਲ ਕਮਜ਼ੋਰ ਕਰਨ ਦਾ ਯਤਨ ਕੀਤਾ ਸੀ ਸਾਡੇ ਵਿਦਵਾਨ ਵਿਸਾਖੀ ਅਤੇ ਗੁਰੂ ਬਾਬਾ ਨਾਨਕ ਦੇਵ ਜੀ ਦਾ ਗੁਰਪੁਰਬ ਰਲਗਢ ਕਰਕੇ ਖਾਲਸਾ ਕੌਮ ਦੀ ਆਨ ਸ਼ਾਨ ਨੂੰ ਸਟ ਮਾਰਨਗੇ।
ਸਿਖ ਕੌਮ ਵਿਚ ਲੇਖਕਾਂ ਦੀ ਕੋਈ ਕਮੀ ਨਹੀਂ, ਕਮੀ ਹੈ ਇਤਹਾਸ ਦੀ ਖੋਜ ਕਰਨ ਵਾਲਿਆਂ ਦੀ। ਜਿਸ ਦੇ ਨਾਂ ਨਾਲ ਡਾਕਟਰ ਜਾਂ ਪ੍ਰਿਨਸੀਪਲ ਜਾਂ ਕੋਈ ਹੋਰ ਉਪਾਧੀ ਲਗੀ ਹੋਈ ਹੋਵੇ ਉਸ ਬਾਰੇ ਕੋਈ ਟਿਪਣੀ ਨਹੀਂ ਕਰਦਾ ,  ਸਭ ਸਚ ਮੰਨ ਲਿਆ ਜਾਂਦਾ ਹੈæ ਪੜ੍ਹਨ ਗੁੜ੍ਹਨ ਵਾਲਿਆਂ ਦੀ ਕਮੀ ਹੋਣ ਕਾਰਨ ਜਿਸ ਦਾ ਜੋ ਜੀ ਚਾਹਿਆ ਲਿਖ ਮਾਰਦਾ ਹੈ।
ਮੇਰੈ ਮਿਸ਼ਨਰੀ ਵੀਰ ਅਜ ਕਲ ਮਸ਼ੀਨਰੀ ਬਣ ਗਏ ਹਨ। ਵਿਸ਼ਾ ਕੋਈ ਵੀ ਹੋਵੇ ਬਾਬੇ ਨਾਨਕ  ਦੇ ਜਨਮ ਉਤਸਵ ਵਿਸਾਖ ਸ਼ੁਦੀ ਤੀਜ ਦਾ ਤੋੜਾ ਜ਼ਰੂਰ ਝਾੜ ਦੇਣਗੇ। ਇਤਹਾਸ ਵਿਚ ਬਗੈਰ ਸਿਰ ਪੈਰ ਤੋਂ ਲਿਖਿਆ ਸ਼ੰਕਾ ਦਾ ਬੀਜ ਬੀਜ ਦੇਣ ਦੇ ਬਰਾਬਰ ਜਾਂਦਾ ਹੈ। ਰਵਿਊ ਕਰਨ ਵਾਲੇ ਪਗ ਵਟ ਭਰਾ ਬਣ ਜਾਂਦੇ ਹਨ ਹੌਲੀ ਹੌਲੀ ਉਹ ਬਿਗਾੜਿਆ ਹੋਇਆ ਇਤਹਾਸ ਹੀ ਇਤਹਾਸ ਹੋ ਨਿਬੜਦਾ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਆਓ ਇਸ ਸਾਲ ਬਾਬੇ ਨਾਨਕ ਦੇ ਪਵਿਤ੍ਰ ਗੁਰਪੁਰਬ ਤੇ ਪ੍ਰਣ ਕਰੀਏ  ਕਿ ਖੌਹਰੀ ਬੋਲੀ ਨਹੀਂ ਵਰਤਾਂ ਗੇ ਦੂਸਰੇ ਦੇ ਵਿਚਾਰ ਵੀ ਬੜੇ ਤੱਹਮਲ ਨਾਲ ਸੁਣਾਗੇ ਅਤੇ ਕੌਮ ਨੂੰ ਖੇਰੂੰ ਖੇਰੂੰ ਹੋਣ ਤੋ ਬਚਾਵਾਂਗੇ, ਫੇਰ ਯਕੀਨ ਜਾਨਣਾ ਖਾਲਸਤਾਨ ਤੁਹਾਡੇ ਕੱਦਮ ਚੁੱਮਣ ਨੂੰ ਬੇਹਬਲ ਹੋ ਉੁਠੇਗਾ। ਅੰਤ ਵਿਚ ਸਾਰੇ ਸੰਸਾਰ  ਨੂੰ ਬਾਬਾ  ਨਾਨਕ ਦੇ ਗੁਰ-ਪੁਰਬ ਦੀ ਲਖ ਲਖ ਵਧਾਈ ਦਿੰਦਾ ਹਾਂ

ਕ੍ਰਿਸਮਸ: ਈਸਾ ਦਾ ਜਨਮ ਦਿਨ ਜਾਂ ਮੌਸਮੀ ਮੇਲਾ 
 
 
ਕ੍ਰਿਸਮਸ ਸੰਸਾਰ ਵਿਚ ਸਭ ਨਾਲੋਂ ਮਹਿੰਗਾ ਅਤੇ ਸਭ ਨਾਲੋਂ ਵੱਡੇ ਪੱਧਰ ਤੇ ਮਨਾਏ ਜਾਣ ਵਾਲਾ ਮੇਲਾ ਹੋਣ ਦੇ ਨਾਲ ਨਾਲ ਕਈ ਦਫਾ ਵਿਵਾਦਾਂ ਦੇ ਘੇਰੇ ਵਿਚ ਵੀ ਆ ਜਾਂਦਾ ਹੈ। ਸੰਨ 2005 ਵਿਚ ਬਹੁਤ ਸਾਰੇ ਲੋਕਾਂ ਦੇ ਦਬਾਅ ਥੱਲੇ ਵਾਲਮਾਰਟ ਅਤੇ ਹੋਰ ਸਟੋਰਾਂ ਨੇ ਆਪਣੇ ਸਟੋਰਾਂ ਤੇ ਕ੍ਰਿਸਮਸ ਦਾ ਬੈਨਰ ਲਾਉਣ ਦੀ ਬਜਾਏ ਹੈਪੀ ਹੋਲੀਡੇ ਦੇ ਬੈਨਰ ਲਟਕਾਏ ਤਾਂ ਕ੍ਰਿਸਚੀਅਨ ਭਾਈਚਾਰੇ ਨੇ ਰੋਸ ਵਜੋਂ ਸਟੋਰਾਂ ਨੂੰ ਪੱਤਰ ਲਿਖੇ। ਅਖਬਾਰਾਂ ਰਾਹੀਂ ਰੋਸ ਪ੍ਰਗਟ ਕੀਤਾ। ਸਟੋਰਾਂ ਦਾ ਬਾਈਕਾਟ ਕੀਤਾ, ਜਿਸ ਨਾਲ ਸਟੋਰਾਂ ਦੀ ਸੇਲ ਨੂੰ ਫਰਕ ਪਿਆ।
 
ਵਿਉਪਾਰੀ ਤਬਕਾ ਤਾਂ ‘ਸੇਲ ਬੋਟ’ ਦੀ ਨਿਆਈਂ ਹੁੰਦਾ ਹੈ। ਆਪਣੀ ਜੇਬ ਖਾਤਰ ਉਹ ਹਵਾ ਦੇ ਬਦਲਦੇ ਰੁਖ ਨਾਲ ਆਪਣੀ ਦਿਸ਼ਾ ਬਦਲ ਲੈਂਦਾ ਹੈ। ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਸੰਨ 2006 ਤੋਂ ਹੀ ਹੋਲੀਡੇਜ਼ ਦੇ ਬੈਨਰ ਮੈਰੀ ਕ੍ਰਿਸਮਸ ਵਿਚ ਬਦਲ ਗਏ ਅਤੇ ਸਟੋਰ ਦੇ ਅੰਦਰ ਜਾਂਦਿਆਂ ਹੀ ‘ਜਿੰਗਲ ਬੈਲ, ਜਿੰਗਲ ਬੈਲ’ ਦੀਆਂ ਧੁਨਾਂ ਗਾਹਕਾਂ ਦਾ ਸਵਾਗਤ ਕਰਨ ਲੱਗ ਪਈਆਂ।
 
ਕ੍ਰਿਸਮਸ ਇਕ ਮੌਸਮੀ ਮੇਲਾ
 
ਕ੍ਰਿਸਮਿਸ ਇਕ ਮੌਸਮੀ ਮੇਲਾ ਹੈ ਇਸ ਦਾ ਸਬੰਧ ਸੂਰਜ ਨਾਲ ਹੈ। ਜਦ ਬਾਕੀ ਮੇਲਿਆਂ ਵਾਂਗ ਇਸ ’ਤੇ ਵੀ ਧਰਮ ਨੇ ਚਾਦਰ ਪਾ ਲਈ ਤਾਂ ਕ੍ਰਿਸਚੀਅਨ ਭਾਈਚਾਰਾ ਇਸ ਮੌਸਮੀ ਮੇਲੇ ਨੂੰ ਈਸਾ ਦੇ ਜਨਮ ਦਿਨ ਵਜੋਂ ਮਨਾਉਣ ਲੱਗਾ। ਹੌਲੀ ਹੌਲੀ ਕ੍ਰਿਸਚੀਅਨ ਭਾਈਚਾਰਾ ਇੱਡਾ ਹਾਵੀ ਹੋ ਗਿਆ ਕਿ ਇਸ ਮੇਲੇ ਦੀ ਅਸਲ ਹੋਂਦ ਧੁੰਦਲੀ ਹੋ ਗਈ। ਇਤਿਹਾਸ ਗਵਾਹ ਹੈ ਕਿ ਤਾਕਤਵਰ ਹਮੇਸ਼ਾ ਹੀ ਇਤਿਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਢਾਲਦਾ ਆਇਆ ਹੈ। ਭਾਰਤ ਵਿਚ ਇਸਦੀ ਤਾਜ਼ਾ ਮਿਸਾਲ ਭਾਰਤੀ ਜਨਤਾ ਪਾਰਟੀ (ਬੀਜੇਪੀ) ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹੈ ਜੋ ਇਤਿਹਾਸ ਨੂੰ ਗੇਰੂਆ ਕਰਨ ਦੇ ਯਤਨ ਕਰ ਰਹੇ ਹਨ।
 
ਪੁਰਾਤਨ ਮਨੁੱਖ ਧਰਤੀ ਨੂੰ ਧੁਰਾ ਮਨ ਕੇ ਚੰਦ ਸੂਰਜ ਨੂੰ ਧਰਤੀ ਦੁਆਲੇ ਘੁੰਮਦਾ ਮੰਨਦਾ ਸੀ। ਵਧਦੇ ਘਟਦੇ ਚੰਦਰਮਾ ਨੂੰ ਤੱਕ ਕੇ ਉਸ ਨੇ ਸਮੇਂ ਦੇ ਮਾਪ ਤੋਲ ਲਈ ਕੈਲੰਡਰ ਬਣਾ ਲਿਆ। ਕੁਝ ਮੇਲੇ ਉਸਨੇ ਚੰਦਰਮਾ ਦੇ ਵਧਣ ਘਟਣ ਨਾਲ ਅਤੇ ਕੁਝ ਚੰਦਰਮਾ ਨੂੰ ਕੈਲੰਡਰ ਮੰਨ ਕੇ ਵਾਪਰੀਆਂ ਘਟਨਾਵਾਂ ਦੇ ਆਧਾਰ ਤੇ ਨੀਅਤ ਕਰ ਲਏ। ਜਿਵੇਂ ਮੱਸਿਆ, ਪੁੰਨਿਆਂ, ਦੀਪਾਵਲੀ, ਈਦ ਮੁਬਾਰਕ, ਰਖੜ ਪੁੰਨਿਆਂ, ਕਰਵਾ ਚੌਥ ਅਤੇ ਦੁਸਹਿਰਾ ਵਗੈਰਾ।
 
ਕੁਝ ਮੇਲੇ ਸੂਰਜ ਨਾਲ ਜੁੜੇ ਹੋਏ ਹਨ। ਅੱਜ ਅਸੀਂ ਸਿਰਫ ਇਕ ਮੇਲੇ ਦੀ ਗੱਲ ਕਰਾਂਗੇ, ਜਿਸ ਨੂੰ ਕ੍ਰਿਸਮਸ ਵਜੋਂ ਮਨਾਇਆ ਜਾਂਦਾ ਹੈ। ਸੂਰਜ ਆਕਾਰ ਵਿਚ ਤਾਂ ਇਕੋ ਸਮਾਨ ਰਹਿੰਦਾ ਹੈ ਪਰ ਇਸ ਦੀ ਹਾਜ਼ਰੀ ਦਾ ਸਮਾਂ ਬਦਲਣ ਨਾਲ ਕਦੇ ਅੰਤਾਂ ਦੀ ਗਰਮੀ ਅਤੇ ਕਦੇ ਠੁਰ ਠੁਰ ਕਰਦਾ ਪਾਲਾ। ਭਰ ਜਵਾਨ ਸੂਰਜ ਦੀ ਗਰਮੀ ਤੋਂ ਬਚਣ ਲਈ ਮਨੁੱਖ ਕੁੱਲੀਆਂ ਬਣਾ ਸਕਦਾ ਸੀ। ਉਸ ਪਾਸ ਛਾਂ ਲਈ ਦਰਖਤ ਸਨ। ਦਰਿਆਵਾਂ, ਟੋਭਿਆਂ ਵਿਚ ਵੀ ਚੁੱਭੀਆਂ ਲਾ ਸਕਦਾ ਸੀ। ਸੂਰਜ ਦੇਵਤੇ ਨੂੰ ਸ਼ਾਂਤ ਕਰਨ ਲਈ ਮਨੁੱਖ ਨੇ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਅਰਪਨ ਕਰਨਾ ਸ਼ੁਰੂ ਕੀਤਾ। (ਸ਼ਿਵਲਿੰਗ ਤੇ ਪਾਣੀ ਜਾਂ ਦੁੱਧ ਪਾਉਣਾ ਵੀ ਕਾਮਦੇਵ ਨੂੰ ਸ਼ਾਂਤ ਰੱਖਣ ਲਈ ਹੀ ਹੈ)।  ਸੂਰਜ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਦੀ ਸਰਦੀ ਜਦ ਆ ਡੇਰਾ ਜਮਾਉਂਦੀ ਤਾਂ ਠੰਡ ਤੋਂ ਬਚਣ ਲਈ ਮਨੁੱਖ ਪਾਸ ਸਿਰਫ ਅੱਗ ਦਾ ਸਹਾਰਾ ਸੀ। ਉਹ ਵੀ ਤਾਂ ਅੱਗ ਵਾਲੇ ਪਾਸੇ ਨਿੱਘ ਹੁੰਦਾ, ਬਾਕੀ ਸਾਰਾ ਜਿਸਮ ਤਾਂ ਨਿੱਘ ਵਿਚ ਨਹੀਂ ਲਪੇਟਿਆ ਜਾ ਸਕਦਾ ਸੀ। ਜਦ ਕਦੀ ਧੁੰਦ ਕਾਰਨ ਸੂਰਜ ਭਗਵਾਨ ਦੇ ਕਈ ਦਿਨ ਦਰਸ਼ਣ ਹੀ ਨਾ ਹੁੰਦੇ ਤਾਂ ਮਨੁੱਖ ਨੂੰ ਘਬਰਾਹਟ ਹੋਣੀ ਸੁਭਾਵਕ ਹੀ ਸੀ। ਉੱਪਰੋਂ ਪੁਜਾਰੀ ਤਬਕਾ ਦੱਸਦਾ ਕਿ ਸੂਰਜ ਦੇਵਤਾ ਤਾਂ ਧੁੰਦ ਦੇ ਦੈਂਤ ਨਾਲ ਜੰਗ ਵਿਚ ਰੁੱਝਾ ਹੋਇਆ ਹੈ। ਉਹ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ। ਸਾਨੂੰ ਉਸਦੀ ਮਦਦ ਲਈ ਪੂਜਾ ਪਾਠ ਕਰਨਾ ਚਾਹੀਦਾ ਹੈ। ਕੋਈ ਕੁਰਬਾਨੀ ਦੇਣੀ ਚਾਹੀਦੀ ਹੈ।
 
ਸਾਡੇ ਪੂਰਵਜਾਂ ਪਾਸ ਵਿਗਿਆਨਕ ਖੋਜ ਤਾਂ ਹੈ ਨਹੀਂ ਸੀ, ਉਹਨਾਂ ਦਾ ਜੀਵਨ ਤਾਂ ਮਿਥਿਹਾਸ ਸਹਾਰੇ ਚੱਲ ਰਿਹਾ ਸੀ। ਕਮਜ਼ੋਰ ਹੋਏ ਸੂਰਜ ਨੂੰ ਮਦਦ ਦੇਣ ਦੀ ਪਰਥਾ ਕੋਈ ਚਾਰ ਹਜ਼ਾਰ ਸਾਲ ਪੁਰਾਣੀ ਹੈ। ਮੈਸੋਪਟੇਮੀਆਂ  ਫਰਾਤ ਅਤੇ ਟਾਈਗਰਸ ਦਰਿਆਵਾਂ ਦੇ ਵਿਚਾਲੇ ਦੇ ਇਲਾਕੇ (ਟਾਈਗਰਸ ਦਰਿਆ ਇਰਾਕ ਵਿਚ ਹੈ ਅਤੇ ਫਰਾਤ ਈਰਾਨ ਵਿਚ) ਦੇ ਇਤਿਹਾਸ ਵਿੱਚੋਂ ਕੋਈ ਚਾਰ ਹਜ਼ਾਰ ਸਾਲ ਤੋਂ ਸੂਰਜ ਦੀ ਮਦਦ ਲਈ ਕੀਤੇ ਉਪਰਾਲੇ ਦੀ ਜਾਣਕਾਰੀ ਮਿਲਦੀ ਹੈ। ਜਦ ਸੂਰਜ ਘੱਟ ਤੋਂ ਘੱਟ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਉਸਦੀ ਸਹਾਇਤਾ ਲਈ ਮੈਸੋਪਟੇਮੀਆਂ ਦਾ ਰਾਜਾ ਆਪਣੇ ਸਭ ਤੋਂ ਤਾਕਤਵਰ ਦੇਵਤੇ ਮਰਡੂਕ ਦੀ ਪੂਜਾ ਕਰਨ ਉਸ ਦੇ ਮੰਦਰ ਜਾਂਦਾ। ਪੂਜਾ ਤੋਂ ਉਪਰੰਤ ਰਾਜੇ ਦੀ ਕੁਰਬਾਨੀ ਦੇਣੀ ਹੁੰਦੀ ਸੀ ਤਾਂ ਕਿ ਉਹ ਮਰਡੂਕ ਦੇਵਤੇ ਨਾਲ ਰਲ ਕੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਛੁਡਵਾ ਲਵੇ। ਰਾਜੇ ਦੀ ਜਾਨ ਬਚਾਉਣ ਲਈ ਰਾਜੇ ਦੀ ਥਾਂ ਕਿਸੇ ਅਪਰਾਧੀ ਦੀ ਚੋਣ ਹੁੰਦੀ। ਉਸ ਨੂੰ ਰਾਜੇ ਵਰਗੇ ਬਸਤਰ ਪੁਆਏ ਜਾਂਦੇ। ਰਾਜੇ ਵਰਗੀਆਂ ਸਭ ਸੁਵਿਧਾਵਾਂ ਹੁੰਦੀਆਂ। ਰਾਜੇ ਜਿੰਨੀ ਇਜ਼ਤ ਹੁੰਦੀ। ਪੂਜਾ ਤੋਂ ਬਾਅਦ ਰਾਜੇ ਵਾਲੀ ਪੁਸ਼ਾਕ ਉਤਾਰ ਕੇ ਉਸ ਅਪਰਾਧੀ ਦੀ ਕੁਰਬਾਨੀ ਦੇ ਦਿੱਤੀ ਜਾਂਦੀ। ਇਹ ਸਾਰੀ ਪ੍ਰਕਿਰਿਆ ਬਾਰਾਂ ਦਸੰਬਰ ਤੋਂ ਸ਼ੁਰੂ ਹੁੰਦੀ ਅਤੇ ਬਾਰਾਂ ਦਿਨ ਚਲਦੀ।
 
ਇਸੇ ਤਰ੍ਹਾਂ ਹੀ ਪਰਸ਼ੀਅਨ ਅਤੇ ਬਿਬਲੋਨੀਅਨ ਲੋਕ ਇਹੋ ਜਿਹੇ ਉਪਰਾਲੇ ਕਰਦੇ। ਫਰਕ ਸਿਰਫ ਇੰਨਾ ਹੁੰਦਾ ਕਿ ਓਨੇ ਦਿਨ ਮਾਲਕ ਗੁਲਾਮ ਹੁੰਦੇ ਅਤੇ ਗੁਲਾਮ ਮਾਲਕ। ਮਾਲਕਾਂ ਨੂੰ ਗੁਲਾਮਾਂ ਦੀ ਤਾਬਿਦਾਰੀ ਕਰਨੀ ਪੈਂਦੀ। ਇਸ ਮੇਲੇ ਦੀ ਪੂਜਾ ਪਾਠ ਨੂੰ ਉਹ ਸਾਕਿਹੀਆ ਆਖਦੇ।
 
ਸਕੈਂਡੇਨੇਵੀਆ ਵਿਚ ਸੂਰਜ ਕੋਈ ਪੈਂਤੀ ਦਿਨ ਨਜ਼ਰ ਹੀ ਨਹੀਂ ਆਉਂਦਾ। ਤੀਹ ਕੁ ਦਿਨ ਬੀਤਣ ਬਾਅਦ ਕੁਝ ਲੋਕ ਪਹਾੜ ਦੀ ਚੋਟੀ ਤੇ ਚੜ੍ਹ ਕੇ ਦੇਖਦੇ। ਜਿਸ ਦਿਨ ਉਹਨਾਂ ਨੂੰ ਸੂਰਜ ਦੀ ਲੋ ਦਿਸਦੀ ਤਾਂ ਉਹ ਹੇਠਾਂ ਉੱਤਰ ਕੇ ਉਸਦੀ ਖਬਰ ਦਿੰਦੇ। ਲੋਕੀਂ ਵੱਡੇ ਵੱਡੇ ਲੱਕੜਾਂ ਦੇ ਮੁੱਢ ਰੱਖ ਕੇ ਧੂਣੀ ਬਾਲਦੇ। ਉਸ ਦੁਆਲੇ ਨੱਚਦੇ ਗਾਉਂਦੇ ਅਤੇ ਇਕੱਠੇ ਖਾਂਦੇ ਪੀਂਦੇ। ਇਸੇ ਤਰ੍ਹਾਂ ਗਰੀਕ, ਜਰਮਨ ਅਤੇ ਹੋਰ ਬਹੁਤ ਸਾਰੇ ਲੋਕ ਸੂਰਜ ਨੂੰ ਮੁੜ ਸੁਰਜੀਤ ਕਰਨ ਲਈ ਆਪੋ ਆਪਣੇ ਢੰਗ ਵਰਤਦੇ।
 
ਸੂਰਜ ਨੂੰ ਮੁੜ ਸੁਰਜੀਤ ਹੋਇਆ ਦੇਖ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ। ਸੂਰਜ ਦੇਵਤੇ ਦਾ ਨਵਾਂ ਜਨਮ ਗਿਣਿਆ ਜਾਂਦਾ। ਲੋਕ ਇਹਨਾਂ ਦਿਨਾਂ ਵਿਚ ਘਰਾਂ ਨੂੰ ਸ਼ਿੰਗਾਰਦੇ ਅਤੇ ਗਰਮੀਆਂ ਵਿਚ ਪੈਦਾ ਹੋਏ ਅੰਗੂਰਾਂ ਦੀ ਫਸਲ ਤੋਂ ਤਿਆਰ ਕੀਤੀ ਵਾਈਨ ਦੀ ਖੁੱਲ੍ਹ ਕੇ ਵਰਤੋਂ ਹੁੰਦੀ। ਸਿਆਲ ਰੁੱਤੇ ਜਦ ਸਾਰੀ ਬਨਸਪਤੀ ਸੁੱਕ ਜਾਂਦੀ ਤਾਂ ਬਹੁਤ ਸਾਰੇ ਜਾਨਵਰ ਵੀ ਬੁੱਚੜ ਕਰ ਲਏ ਜਾਂਦੇ; ਇਸ ਲਈ ਮਾਸ ਦੀ ਵੀ ਕਾਫੀ ਵਰਤੋਂ ਹੁੰਦੀ। ਲੋਕ ਸੂਰਜ ਦੇ ਨਵੇਂ ਜਨਮ ਦੀ ਖੁਸ਼ੀ ਵਿਚ ਚੰਗਾ ਚੋਖਾ ਖਾਂਦੇ; ਨਚਦੇ, ਗਾਉਂਦੇ। ਇਹ ਇਸ ਮੇਲੇ ਦਾ ਇਤਿਹਾਸਕ ਪੱਖ ਹੈ।
 
 ਕ੍ਰਿਸਮਸ ਕ੍ਰਾਈਸਟ ਦਾ ਜਨਮ ਦਿਨ
 
ਈਸਾ ਮਸੀਹ ਨੂੰ ਕ੍ਰਾਈਸਟ ਵੀ ਕਿਹਾ ਜਾਂਦਾ ਹੈ। ਉਸ ਦੇ ਪੈਰੋਕਾਰਾਂ ਨੂੰ ਕ੍ਰਿਸਚੀਅਨ ਅਤੇ ਉਸ ਦੇ ਜਨਮ ਦਿਨ ਤੇ ਮਨਾਏ ਗਏ ਜਸ਼ਨ ਨੂੰ ਕ੍ਰਿਸਮਸ। ਈਸਾ ਮਸੀਹ ਦਾ ਜਨਮ ਕਦੋਂ ਹੋਇਆ, ਇਸ ਦਾ ਕੋਈ ਵੀ ਸਬੂਤ ਨਹੀਂ ਮਿਲਦਾ। ਈਸਾ ਮਸੀਹ ਦੀ ਸ਼ਹਾਦਤ ਤੋਂ ਬਾਅਦ ਉਸਦੇ ਸੇਵਕਾਂ ਨੂੰ ਬੇਹਦ ਕੁਰਬਾਨੀਆਂ ਦੇਣੀਆਂ ਪਈਆਂ। ਜਨਮ ਦਿਨ ਮਨਾਉਣਾ ਤਾਂ ਇਕ ਪਾਸੇ, ਉਹ ਤਾਂ ਇਕੱਠੇ ਵੀ ਚੋਰੀ ਛਿੱਪੇ ਹੁੰਦੇ ਸਨ।
 
ਪਾਲ ਯਹੂਦੀ ਸੀ। ਰੋਮ ਦਾ ਜੰਮਪਲ ਹੋਣ ਕਾਰਨ ਰੋਮਨ ਸੀ। ਉਸ ਨੇ ਖੁਦ ਕ੍ਰਾਈਸਟ ਨੂੰ ਦੇਖਿਆ ਤਕ ਨਹੀਂ ਸੀ। ਬਾਕੀ ਯਹੂਦੀਆਂ ਵਾਂਗ ਉਹ ਇਸ ਨਵੇਂ ਧਰਮ ਨਾਲ ਬੇਹਦ ਨਫਰਤ ਕਰਦਾ ਸੀ। ਉਸ ਨੇ ਇਸ ਨਵੇਂ ਧਰਮ ਨੂੰ ਖਤਮ ਕਰਨ ਲਈ ਬਹੁਤ ਸਾਰੇ ਕ੍ਰਿਸਚੀਅਨ ਨੂੰ ਫੜਾਇਆ, ਜਿਹਨਾਂ ਨੂੰ ਬੜੇ ਅਣਮਨੁੱਖੀ ਤਸੀਹੇ ਦਿੱਤੇ ਗਏ। ਬਾਅਦ ਵਿਚ ਉਸ ਨੇ ਖੁਦ ਕ੍ਰਿਸਚੀਅਨ ਧਰਮ ਅਪਨਾ ਲਿਆ। ਹੁਸ਼ਿਆਰ ਸੀ, ਕਾਫੀ ਪੜ੍ਹਿਆ ਹੋਇਆ ਸੀ। ਝਟ ਹੀ ਉਹ ਕ੍ਰਿਸਚੀਅਨਾਂ ਦਾ ਆਗੂ ਬਣ ਗਿਆ। ਉਸਨੇ ਕ੍ਰਿਸਚੀਐਨਿਟੀ ਨੂੰ ਦੂਰ ਦੁਰਾਡੇ ਪ੍ਰਚਾਰਨ ਦਾ ਪਰੋਗਰਾਮ ਉਲੀਕਿਆ। ਇਸ ਨੂੰ ਪਾਲ ਦੀ ਕ੍ਰਿਸਚੀਐਨਿਟੀ ਕਹਿਣਾ ਨਾਵਾਜਬ ਨਹੀਂ ਹੋਵੇਗਾ। ਉਸ ਨੇ ਪੈਜਨਸ ਕੌਮਾਂ ਵਿਚ (ਦੇਵੀ ਦੇਵਤਿਆਂ ਵਿਚ ਵਿਸ਼ਵਾਸ ਰਖਣ ਵਾਲੀਆਂ ਕੌਮਾਂ) ਕ੍ਰਿਸਚੀਐਨਿਟੀ ਦਾ ਪਰਚਾਰ ਕੀਤਾ। ਹਰ ਰੋਜ਼ ਜਨ ਸਾਧਾਰਨ ਉਹਨਾਂ ਨਾਲ ਜੁੜਨ ਲੱਗਾ।
 
ਫਿਰ ਇਕ ਸਮਾਂ ਅਜਿਹਾ ਵੀ ਆਇਆ ਕਿ ਰੋਮ ਬਾਦਸ਼ਾਹ ਕੋਨਸਟੇਟੀਨ ਇਕ ਲੜਾਈ ਵਿਚ ਹਾਰ ਗਿਆ। ਉਸ ਨੇ ਸੋਚਿਆ ਕਿ ਉਹਨਾਂ ਦੇ ਪੁਰਖਿਆਂ ਦਾ ਰੱਬ ਕਮਜ਼ੋਰ ਹੋ ਚੁੱਕਾ ਹੈ। ਅਗਰ ਉਸਨੂੰ ਅਗਲੀ ਲੜਾਈ ਵਿਚ ਜਿੱਤ ਪਰਾਪਤ ਹੋਈ ਤਾਂ ਉਹ ਇਸ ਨਵੇਂ ਉੱਭਰ ਰਹੇ ਧਰਮ ਨੂੰ ਅਪਨਾ ਲਵੇਗਾ। ਕੁਦਰਤਨ ਉਸ ਦੀ ਜਿੱਤ ਹੋਈ ਅਤੇ ਉਹ ਵੀ ਕ੍ਰਿਸਚੀਅਨ ਬਣ ਗਿਆ। ਰੋਮ ਵਿਚ ਕ੍ਰਿਸਚੀਅਨ ਚਰਚ ਤੋਂ ਪਾਬੰਦੀ ਹਟਾ ਲਈ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ (ਰਾਜ ਬਿਨਾਂ ਨਹੀਂ ਧਰਮ ਚਲੇ ਹੈ) ਕੰਮ ਕਰਨ ਲੱਗਾ। 
 
ਕ੍ਰਿਸਚਿਐਨਿਟੀ ਦਾ ਫੈਲਾ ਸ਼ੁਰੂ ਹੋ ਗਿਆ। ਨਵੇਂ ਬਣੇ ਕ੍ਰਿਸਚੀਅਨ ਪੁਰਾਣੇ ਢੰਗ ਨਾਲ ਹੀ ਸੂਰਜ ਦੇ ਆਗਮਨ ਦਾ ਮੇਲਾ ਮੰਨਾਉਣ, ਕ੍ਰਿਸਚੀਅਨ ਰਹਿਬਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਕ੍ਰਿਸਚੀਅਨ ਆਗੂਆਂ ਨੇ ਪੈਰੋਕਾਰਾਂ ਨੂੰ ਆਦੇਸ਼ ਦਿੱਤਾ ਕਿ ਇਹ ਮੇਲਾ ਪੈਜਨਸ ਲੋਕਾਂ ਦਾ ਹੈ, ਸਾਨੂੰ ਨਹੀਂ ਮਨਾਉਣਾ ਚਾਹੀਦਾ। ਕੁਝ ਸਫਲਤਾ ਤਾਂ ਹੋਈ ਪਰ ਉਹ ਇਸ ਮੇਲੇ ਨੂੰ ਪੂਰੀ ਤਰ੍ਹਾਂ ਨਾ ਰੋਕ ਸਕੇ। ਕ੍ਰਾਈਸਟ ਦੀ ਸ਼ਹਾਦਤ ਤੋਂ 98 ਸਾਲ ਬਾਅਦ ਫੇਰ ਆਗੂਆਂ ਨੇ ਇਕ ਹੋਰ ਪੈਂਤੜਾ ਅਪਣਾਇਆ ਕਿ ਇਹ ਮੇਲਾ ਚਰਚ ਅੰਦਰ ਬੈਠ ਕੇ ਪੂਜਾ ਪਾਠ ਨਾਲ ਮਨਾਇਆ ਜਾਵੇਗਾ। ਦੂਸਰੀ ਤਬਦੀਲੀ ਕ੍ਰਾਈਸਟ ਦੀ ਸ਼ਹਾਦਤ ਤੋਂ 137 ਸਾਲ ਬਾਅਦ ਰੋਮ ਦੇ ਬਿਸ਼ਪ ਨੇ ਆਪਣੇ ਸੇਵਕਾਂ ਨੂੰ ਪੂਜਾ ਪਾਠ ਦੇ ਨਾਲ ਨਾਲ ਇਕ ਦਾਅਵਤ ਕਰਨ ਲਈ ਵੀ ਆਦੇਸ਼ ਦਿੱਤੇ। ਕ੍ਰਾਈਸਟ ਦੀ ਸ਼ਹਾਦਤ ਤੋਂ ਕੋਈ 350 ਸਾਲ ਬਾਅਦ ਰੋਮ ਦੇ ਬਿਸ਼ਪ ਜੂਲੀਅਸ-1 ਨੇ 25 ਦਸੰਬਰ ਕ੍ਰਾਈਸਟ ਦਾ ਜਨਮ ਦਿਨ ਘੋਸ਼ਤ ਕਰ ਦਿੱਤਾ। ਉਸ ਵਕਤ ਤੋਂ ਕ੍ਰਿਸਮਸ ਕ੍ਰਾਈਸਟ ਦੇ ਜਨਮ ਦਿਨ ਵਜੋਂ ਮਨਾਈ ਜਾਣ ਲੱਗੀ। ਧਰਮ ਦਾ ਰੰਗ ਇੱਡਾ ਗੂੜ੍ਹਾ ਚੜ੍ਹਿਆ ਕਿ ਉਸ ਨੇ ਸਾਰੇ ਪੁਰਾਣੇ ਰੰਗ ਲਕੋ ਲਏ। ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਕ੍ਰਾਈਸਟ ਦੇ ਜਨਮ ਦੀ ਤਾਰੀਖ 25 ਦਸੰਬਰ ਇਸ ਲਈ ਚੁਣੀ ਗਈ ਕਿ ਉਹ ਨਵੇਂ ਬਣੇ ਕ੍ਰਿਸਚੀਅਨਾਂ ਨੂੰ ਪੈਜਨਸ ਮੇਲੇ ਦਾ ਬਦਲ ਦੇ ਸਕਣ। ਉਹ ਮੌਸਮੀ ਮੇਲਾ ਅੱਜ ਸਿਰਫ ਕ੍ਰਿਸਚੀਅਨ ਮੇਲਾ ਬਣ ਕੇ ਰਹਿ ਗਿਆ ਹੈ।
 
ਕ੍ਰਿਸਮਿਸ ਦੇ ਬਦਲਦੇ ਰੰਗ
 
 ਕ੍ਰਾਈਸਟ ਸਾਦਗੀ ਪਸੰਦ ਸੀ। ਜ਼ਿਆਦਾ ਤਰ ਉਸ ਦੇ ਪੈਰੋਕਾਰ ਆਰਥਕ ਪੱਖੋਂ ਕਮਜ਼ੋਰ ਸਨ। 25 ਦਸੰਬਰ ਨੂੰ ਉਹ ਕ੍ਰਾਈਸਟ ਦੇ ਜਨਮ ਤੇ ਚਰਚ ਵਿਚ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ। ਸਮਾਂ ਕਦੇ ਖਲੋਤਾ ਨਹੀਂ ਅਤੇ ਨਾ ਹੀ ਰਸਮੋ ਰਿਵਾਜ। ਇਹ ਵੀ ਸਮੇਂ ਨਾਲ ਬਦਲਦੇ ਰਹਿੰਦੇ ਹਨ। ਯੋਰੋਸ਼ਲਮ ਦੇ ਚੁਗਿਰਦੇ ’ਚੋਂ ਨਿਕਲ ਕ੍ਰਿਸਚਿਐਨੇਟੀ ਜਦ ਦੂਰ ਯੂਰਪ ਅਤੇ ਅਫਰੀਕਾ ਤਕ ਫੈਲੀ ਤਾਂ ਉਹਨਾਂ ਦੇ ਰਸਮੋ ਰਿਵਾਜ ਦਾ ਪਰਛਾਵਾਂ ਵੀ ਕ੍ਰਿਸਮਸ ਤੇ ਪੈਣ ਲੱਗਾ।
 
ਕ੍ਰਿਸਮਸ ਟਰੀ ਦੀ ਵਰਤੋਂ
 
ਅੱਜ ਘਰਾਂ ਵਿਚ ਕ੍ਰਿਸਮਸ ਸੀਜ਼ਨ ਦੀ ਸ਼ੁਰੂਆਤ ਕ੍ਰਿਸਮਸ ਟਰੀ ਨਾਲ ਹੁੰਦੀ ਹੈ। ਵੱਖੋ ਵੱਖਰੇ ਢੰਗਾਂ ਨਾਲ ਸ਼ੰਗਾਰ ਕੇ ਸਿਖਰ ਇਕ ਤਾਰਾ ਟੰਗਿਆ ਜਾਂਦਾ ਹੈ। ਸਭ ਤੋਂ ਪਹਿਲਾਂ ਜਰਮਨ ਵਾਲਿਆਂ ਨੇ ਕੋਈ ਸੋਲ੍ਹਵੀਂ ਸਦੀ ਵਿਚ ਘਰਾਂ ਵਿਚ ਸ਼ੰਗਾਰਿਆ ਕ੍ਰਿਸਮਸ ਟਰੀ ਰੱਖ ਕੇ ਕ੍ਰਿਸਮਸ ਮਨਾਈ। ਉਸ ਦੇ ਹਾਰ ਸ਼ਿੰਗਾਰ ਲਈ ਸੇਬ, ਨਾਸ਼ਪਾਤੀਆਂ ਅਤੇ ਹੋਰ ਫਲ ਵਗੈਰਾ ਦੀ ਵਰਤੋਂ ਕੀਤੀ ਗਈ। ਬਾਅਦ ਵਿਚ ਹੋਰ ਕਈ ਕਿਸਮ ਦਾ ਚਮਕਦਾ ਦਮਕਦਾ ਹਾਰ ਸ਼ਿੰਗਾਰ ਬਾਜ਼ਾਰਾਂ ਵਿਚ ਆ ਗਿਆ। ਕਹਿੰਦੇ ਨੇ ਲੂਥਰ ਨਾਮ ਦਾ ਇਕ ਪਰੋਟੈਸਟੈਂਟ ਜਰਮਨ ਪਾਦਰੀ ਨੂੰ ਇਕ ਰਾਤ ਇਕ ਸਦਾਬਹਾਰ ਰਹਿਣ ਵਾਲੇ ਬੂਟੇ ਦੀਆਂ ਪਤਿਆਂ ਵਿਚ ਦੀ ਟਿਮਟਿਮਾਉਂਦੇ ਅਸਮਾਨੀ ਤਾਰੇ ਬੇਹਦ ਪਸੰਦ ਆਏ ਤਾਂ ਘਰ ਆ ਕੇ ਉਸ ਨੇ ਤਾਰਾਂ ਨਾਲ ਕ੍ਰਿਸਮਸ ਟਰੀ ਦੀਆਂ ਟਾਹਣਾਂ ਵਿਚ ਜਲਦੀਆਂ ਮੋਮਬਤੀਆਂ ਬੰਨੀਆਂ। ਅੱਜ ਬਿਜਲੀ ਦੇ ਰੰਗ ਬਰੰਗੇ ਬਲਬ ਸ਼ਿੰਗਾਰ ਦਾ ਇਕ ਜ਼ਰੂਰੀ ਹਿੱਸਾ ਬਣ ਗਏ ਹਨ।
 
ਅਠਾਰਾਂ ਸੌ ਛਤਾਲੀ ਦੇ ਕ੍ਰਿਸਮਸ ਸੀਜ਼ਨ ਦੌਰਾਨ ਜਦ ਬ੍ਰਿਟਿਸ਼ ਲੋਕਾਂ ਨੇ ਆਪਣੀ ਹਰਦਿਲ ਅਜ਼ੀਜ਼ ਮਲਕਾ ਵਿਕਟੋਰੀਆ ਅਤੇ ਪ੍ਰਿੰਸ ਐਲਬਰਟ ਨੂੰ ਆਪਣੇ ਬੱਚਿਆਂ ਸਮੇਤ ਸ਼ਿੰਗਾਰੇ ਹੋਏ ਕ੍ਰਿਸਮਸ ਟਰੀ ਪਾਸ ਲੰਡਨ ਨਿਊਜ਼ ਵਿਚ ਛਪੀ ਤਸਵੀਰ ਵਿਚ ਦੇਖਿਆ ਤਾਂ ਸਾਰੇ ਇੰਗਲੈਂਡ ਵਿਚ ਕ੍ਰਿਸਮਸ ਟਰੀ ਕ੍ਰਿਸਮਸ ਦਾ ਜ਼ਰੂਰੀ ਅੰਗ ਬਣ ਗਿਆ। ਜਰਮਨ ਪਿਛੋਕੜ ਵਾਲੇ ਅਮਰੀਕਨ ਵਾਸੀਆਂ ਨੇ ਅਮਰੀਕਾ ਦੀ ਧਰਤੀ ਤੇ ਕੋਈ ਸਤਾਰਾਂ ਸੌ ਸੰਨਤਾਲੀ ਵਿਚ ਹੀ ਕ੍ਰਿਸਮਸ ਟਰੀ ਨੂੰ ਕ੍ਰਿਸਮਸ ਦਾ ਅੰਗ ਬਣਾ ਲਿਆ ਸੀ ਪਰ ਨਿਊ ਇੰਗਲੈਂਡ ਸਟੇਟ ਦੇ ਪਿਊਰੀਟਨ ਕ੍ਰਿਸਚੀਅਨ (ਕੈਥੋਲਿਕ, ਪਰੋਟੈਸਟੈਂਟ, ਪਿਉਰਟਨ, ਲੂਥਰਨ; ਕ੍ਰਿਸਚਿਐਨੇਟੀ ਦੇ ਵੱਖ ਵੱਖ ਫਿਰਕੇ) ਕ੍ਰਿਸਮਸ ਟਰੀ ਅਤੇ ਗਲੀਆਂ ਵਿਚ ਗੀਤ ਗਾਉਣ ਅਤੇ ਹੋਰ ਸਾਰੇ ਧੂਮ ਧੜੱਕੇ ਨੂੰ ਪੇਜਨ ਧਰਮ ਦਾ ਹਿੱਸਾ ਸਮਝਦੇ ਸਨ। ਇਹ ਸਭ ਰਸਮਾਂ ਕ੍ਰਾਈਸਟ ਤੋਂ ਪਹਿਲਾਂ ਜਰਮਨ ਵਾਲੇ ਸਰਦ ਰੁੱਤੇ ਜਦੋਂ ਹਰ ਪਾਸੇ ਸੋਕਾ ਹੀ ਸੋਕਾ ਨਜ਼ਰ ਆਊਂਦਾ ਸੀ, ਦਾਨਵਾਂ ਤੋਂ ਆਪਣੇ ਘਰਾਂ ਨੂੰ ਬਚਾਉਣ ਲਈ ਆਪਣੇ ਘਰਾਂ ਅੱਗੇ ਸਦਾ ਬਹਾਰ ਦੀਆਂ ਟਾਹਣਾਂ ਟੰਗਦੇ ਸਨ। ਇਸੇ ਤਰ੍ਹਾਂ ਦੇ ਕੁਝ ਰਿਵਾਜ ਰੋਮ ਵਾਲਿਆਂ ਅਤੇ ਮਿਸਰ ਵਾਲਿਆਂ ਵਿਚ ਵੀ ਪ੍ਰਚਲਤ ਸਨ। ਰੋਮ ਵਾਲੇ ਤਾਂ ਸਾਡੀ ਲੋਹੜੀ ਦੇ ਤਿਉਹਾਰ ਵਾਂਗ ਗਲੀਆਂ ਵਿਚ ਗਾਉਂਦੇ ਫਿਰਦੇ ਹੁੰਦੇ ਸਨ। ਨਿਊ ਇੰਗਲੈਂਡ ਸਟੇਟ ਦੇ ਗਵਰਨਰ ਨੇ ਇਹਨਾਂ ਪੈਜਨ ਰਿਵਾਜ਼ਾਂ ’ਤੇ ਪਾਬੰਦੀ ਲਗਾ ਦਿੱਤੀ। ਹੋਰ ਜਰਮਨ ਆਉਣ ਨਾਲ ਹੌਲੀ ਹੌਲੀ ਕੋਈ ਉੰਨੀਵੀਂ ਸਦੀ ਵਿਚ ਕ੍ਰਿਸਮਸ ਦੌਰਾਨ ਕ੍ਰਿਸਮਸ ਟਰੀ ਦੀ ਆਮ ਵਰਤੋਂ ਹੋਣ ਲੱਗੀ। ਅੱਜ ਅਮਰੀਕਾ ਇਕ ਧਰਮ ਨਿਰਪੱਖ ਦੇਸ ਹੋਣ ਦੇ ਬਾਵਜੂਦ ਕ੍ਰਿਸਮਸ ਮੌਕੇ ਸਰਕਾਰੀ ਤੌਰ ’ਤੇ ਵਾਸ਼ਿੰਗਟਨ ਵਿਚ ਕੋਈ ਅੱਸੀ ਫੁੱਟ ਉੱਚਾ ਕ੍ਰਿਸਮਸ ਟਰੀ ਲਗਾਉਂਦਾ ਹੈ ਅਤੇ ਅਮਰੀਕਾ ਦਾ ਪਰਧਾਨ ਉਸ ’ਤੇ ਲੱਗੀਆਂ ਬਤੀਆਂ ਜਗਾਉਣ ਲਈ ਸਵਿੱਚ ਆਨ ਕਰਦਾ ਹੈ।
 
ਸੈਂਟਾ ਕਲਾਸ ਦੀ ਆਮਦ
 
ਕ੍ਰਿਸਮਸ ਵਿਚ ਸੈਂਟਾ ਕਲਾਸ ਲਿਆਉਣ ਦਾ ਸੁਪਨਾ ਨਿਊਯਾਰਕ ਦੇ ਇਕ ਲੇਖਕ ਕਲਮੀਨਟ ਕਲਾਰਕ ਮੂਰ ਨੇ ਸੰਨ 1823 ਵਿਚ ਲਿਆ। ਕਾਰਟੂਨਿਸਟ ਥੌਮਸ ਨਾਸਟ ਨੇ ਉਸ ਦੀ ਰੂਪ ਰੇਖਾ ਉਲੀਕੀ। ਲਾਲ ਕੋਟ ਵਿਚ ਲਪੇਟਿਆ ਹੋਇਆ ਢਿੱਲਾ ਜਿਹਾ ਵੱਡਾ ਸਾਰਾ ਢਿੱਡ, ਢਿੱਲੀ ਜਿਹੀ ਲਾਲ ਪੈਂਟ, ਸਫੇਦ ਲੰਮੀ ਦਾਹੜੀ, ਸਿਰ ਉੱਤੇ ਲਾਲ ਟੋਪੀ ਪਹਿਨ ਕੇ ਜਦੋਂ ਸੈਂਟਾ ਕਲਾਸ ਸਾਹਮਣੇ ਆਇਆ ਤਾਂ ਉਸਦੇ ਚੀਚ ਵਹੁਟੀ (ਬਰਸਾਤ ਰੁੱਤੇ ਨਿਕਲਣ ਵਾਲੀ ਮਖ਼ਮਲੀ ਲਾਲ ਰੰਗ ਦੀ ਭੂੰਡੀ) ਦੇ ਰੂਪ ਨੇ ਸਭਨਾਂ ਦਾ, ਖਾਸ ਕਰ ਬੱਚਿਆਂ ਦਾ ਮਨ ਮੋਹ ਲਿਆ। ਇਸਦਾ ਪਿਛੋਕੜ ਸੇਂਟ ਨਿਕਲਸ ਜਾਂ ਸੇਂਟ ਲੂਸੀ ਨਾਲ ਜੋੜਿਆ ਜਾਂਦਾ ਹੈ, ਜੋ ਪਰਉਪਕਾਰੀ ਸਨ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਸੈਂਟਾ ਕਲਾਸ ਦੇ ਆਉਣ ਨਾਲ ਗਿਫਟ ਲੈਣ ਦੇਣ ਦੀ ਅਮਰੀਕਨ, ਡੱਚ ਅਤੇ ਇੰਗਲਿਸ਼ ਰਵਾਇਤ ਨੂੰ ਬੜਾ ਬੜ੍ਹਾਵਾ ਮਿਲਿਆ।
 
ਸੈਂਟਾ ਕਲਾਸ ਦੇ ਆਉਣ ਤੋਂ ਪਹਿਲਾਂ ਬੱਚਿਆਂ ਦਾ ਕ੍ਰਿਸਮਸ ਨਾਲ ਕੋਈ ਸਬੰਧ ਨਹੀਂ ਸੀ। ਇਸਦੇ ਆਉਂਦਿਆਂ ਸਾਰ ਹੀ ਇਹ ਵਿਉਪਾਰੀਆਂ ਦਾ ਤਾਂ ਮਸੀਹਾ ਬਣ ਗਿਆ। ਮਾਪੇ ਆਪਣੇ ਬੱਚਿਆਂ ਨੂੰ ਸੈਂਟਾ ਕਲਾਸ ਦੀ ਗੋਦੀ ਵਿਚ ਬਿਠਾ ਕੇ ਤਸਵੀਰਾਂ ਖਿਚਵਾਉਂਦੇ ਹਨ। ਸਟੋਰ ਆਇਆ ਬੱਚਾ ਕੁਝ ਨਾ ਕੁਝ ਖਰੀਦਣ ਲਈ ਮਾਂ ਬਾਪ ਨੂੰ ਮਜਬੂਰ ਕਰ ਹੀ ਦਿੰਦਾ ਹੈ। ਵਿਉਪਾਰੀ ਤਬਕੇ ਵਲੋਂ ਗਿਫਟ ਦੀ ਅਖਬਾਰਾਂ ਰਾਹੀਂ ਗਿਫਟ ਲਿਸਟ ਅਠਾਰਵੀਂ ਸਦੀ ਵਿਚ ਸ਼ੁਰੂ ਹੋਈ, ਜੋ ਅੱਜ ਸਿਖਰਾਂ ’ਤੇ ਹੈ। ਅਜਕਲ ਤਾਂ ਅਕਤੂਬਰ ਲੰਘਦਿਆਂ ਹੀ ਕ੍ਰਿਸਮਿਸ … ਕ੍ਰਿਸਮਿਸ … ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਖਿਡੌਣੇ ਅਤੇ ਹੋਰ ਘਰ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਨਾਲ ਸਾਰੇ ਸਟੋਰ ਨੱਕੋ ਨੱਕ ਭਰ ਦਿੱਤੇ ਜਾਂਦੇ ਹਨ। ਸਟੋਰਾਂ ਦਾ ਹਾਰ ਸ਼ਿੰਗਾਰ ਲੋਕਾਈ ਲਈ ਖਿੱਚ ਦਾ ਕਾਰਨ ਬਣਦਾ ਹੈ।
 
ਕਈ ਲੋਕ ਤਾਂ ‘ਸਰਦਾ ਭਲਾ’ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਖਰਚਣ ਤੋਂ ਪਹਿਲਾਂ ਹੀ ਆਪਣੀ ਜੇਬ ਦਾ ਅੰਦਾਜ਼ਾ ਲਾ ਲੈਂਦੇ ਹਨ ਪਰ ਬਹੁਤ ਸਾਰੇ ਜੇਬ ਵਿਚ ਹੀ ਬਾਣੀਏ ਦਾ ‘ਬਹੀ ਖਾਤਾ’ ਕਰੈਡਿਟ ਕਾਰਡ ਦੇ ਰੂਪ ਵਿਚ ਲਈ ਫਿਰਦੇ ਹਨ। ਬਸ ‘ਸੋਹੰਦਾ ਭਲਾ’ ਦੇ ਲੜ ਲੱਗ ਕੇ ਕਈ ਇੰਨੇ ਵਿਤੋਂ ਬਾਹਰੇ ਹੋ ਵਗਦੇ ਹਨ ਕਿ ਉਹਨਾਂ ਨੂੰ ਕਰੈਡਟ ਕਾਰਡ ਦੇ ਕਰਜ਼ੇ ਥੱਲਿਓਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਿਸ ਪਾਸ ਕੋਈ ਗਿਫਟ ਦਾ ਬਕਸ ਖੋਲ੍ਹਣ ਨੂੰ ਨਹੀਂ, ਉਹ ਉਦਾਸ ਹੋ ਜਾਂਦਾ ਹੈ। ਆਰਥਕ ਪੱਖੋਂ ਕਮਜ਼ੋਰ ਬੱਚਿਆਂ ਲਈ ਕਈ ਸੰਸਥਾਵਾਂ ਗਿਫਟ ਜੁਟਾ ਦੇਂਦੀਆਂ ਹਨ। ਕ੍ਰਿਸਮਸ ਡਿਨਰ ਵੀ ਵਰਤਾਏ ਜਾਂਦੇ ਹਨ। ਹਰ ਕੋਈ ਇਕ ਦੂਸਰੇ ਦੀ ਖੁਸ਼ੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ।
 
ਮੇਲੇ ਤਿਓਹਾਰ ਖੁਸ਼ੀਆਂ ਖੇੜਿਆਂ ਲਈ ਹੁੰਦੇ ਹਨ, ਚਾਹੇ ਉਹ ਕਿਸੇ ਫਿਰਕੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਪਰ ਜਦ ਇਹੋ ਜਿਹੇ ਖੁਸ਼ੀ ਦੇ ਅਵਸਰ ਨੂੰ ਵੀ ਜੰਗਬਾਜ਼ ਆਪਣੀ ਹੈਂਕੜ ਪੁਗਾਉਣ ਲਈ ਬਾਰੂਦ ਦੇ ਧੂਏਂ ਨਾਲ ਧੁੰਦਲਾ ਕਰ ਦਿੰਦੇ ਹਨ ਤਾਂ ਅਪਾਹਜਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ। ਮਾਤਮ ਦੀਆਂ ਸਫਾਂ ਵਿਛ ਜਾਂਦੀਆਂ ਹਨ। ਧਰਮਾਂ ਅਤੇ ਸੱਭਿਅਤਾਵਾਂ ਦੇ ਵਧ ਰਹੇ ਵਿਰੋਧ ਕਾਰਨ ਕ੍ਰਿਸਮਸ ਹੀ ਨਹੀਂ, ਸੰਸਾਰ ਦਾ ਹਰ ਮੇਲਾ ਅੱਜ ਬੰਦੂਕਾਂ ਦੀ ਛਾਂ ਥੱਲੇ ਮਨਾਇਆ ਜਾ ਰਿਹਾ ਹੈ। ਮੇਲਿਆਂ ਦੀ ਖੁਸ਼ੀ ਪਵਿੱਤਰਤਾ ਨੂੰ ਸੋਗ ਵਿਚ ਬਦਲਣ ਤੋਂ ਬਚਾਉਣ ਲਈ ਕਿਤੇ ਕੋਈ ਮੋੜ ਪੈਂਦਾ ਨਜ਼ਰ ਨਹੀਂ ਆ ਰਿਹਾ।