ਮੈਂ ਹਾਂ ਇੱਕ ਸਰਕਾਰੀ ਕੱਛੂ
(ਕਵਿਤਾ)
ਮੈਂ ਹਾਂ ਇੱਕ ਸਰਕਾਰੀ ਕੱਛੂ ਚਲਦਾ ਜਾਵਾਂ ਆਪਣੀ ਚਾਲ
ਸਭ ਦੇ ਜੇਬਾਂ ’ਤੇ ਫੇਰ ਦਾਤਰੀ ਬਣਦਾ ਜਾਵਾਂ ਮਾਲੋ-ਮਾਲ
ਫਾਇਲ ਨੂੰ ਅੱਗੇ ਤੋਰਣ ਦੇ ਲਈ ਪਈਏ ਮੈਂ ਪਹਿਲਾਂ ਲਗਵਾਵਾਂ
ਜੇ ਕੁਝ ਵੀ ਨਾ ਪੱਲੇ ਪੈਂਦਾ ਵਾਰ-ਵਾਰ ਗੇੜੇ ਮਰਵਾਵਾਂ
ਬੇ-ਸ਼ਰਮੀ ਦੀਆਂ ਹੱਦਾਂ ਟੱਪਜਾਂ ਜੇ ਨਾ ਗਲਦੀ ਦਿਸਦੀ ਦਾਲ…
ਭ੍ਰਿਸ਼ਟਾਚਾਰ ਦੇ ਛੱਪੜ ਵਿੱਚ ਮੈਂ ਬੈਠਾ ਆਪਣੀ ਛਾਪ ਬਣਾਈ
ਜਿਸ ਨੇ ਫੜਨਾ ਪਹਿਲਾਂ ਦੱਸਦੇ, ਉਹਨਾਂ ਨਾਲ ਵੀ ਸਾਂਝ ਹੈ ਪਾਈ
ਬਿਨ ਤਿਉਹਾਰ ਉਪਹਾਰ ਭੇਜਦਾ, ਕੱਢਦੇ ਜੋ ਵਿੱਚੋਂ ਜੰਜਾਲ…
ਮੇਹਨਤ ਲਗਨ ਇਮਾਨਦਾਰੀ ਦਾ ਮੂੰਹ ਤੇ ਲੇਪਣ ਲਾ ਕੇ ਰੱਖਾਂ
ਗੱਲ ਕਿਸੇ ਨੂੰ ਕਰਨ ਨਾ ਦੇਵਾਂ, ਕਰਦਾਂ ਗੱਲ ਅਧਾਰਤ ਤੱਥਾਂ
ਪਿਲੋ ਕੁਰਸੀ ਏ-ਸੀ ਕਮਰਾ ਰੱਖਿਆ ਸੀ ਬਹਾਰ ਦਲਾਲ…
ਕੇਹੜਾ ਮਾਲ ਹੈ ਕਿੱਥੋਂ ਆਉਣਾ ਹੋਇਆ ਇਹ ਤਜਰਬਾ ਖੂਬ
ਭ੍ਰਿਸ਼ਟਾਚਾਰ ਆਲਸ ਬੇਸ਼ਰਮੀ - ਤਿੰਨੇ ਨੇ ਮੇਰੇ ਮਹਿਬੂਬ
ਬਿਨਾਂ ਫਸੇ ਤੋ ਜਾਣ ਨਾ ਦਿੰਦਾ ਆਟਾ ਕੁੰਡੀ ਸੁਟਦਾ ਜਾਲ…
ਝੂਠ ਤੇ ਪੈਰ੍ਹਾ ਦੇ ਕੇ ਮੈਂ ਤਾਂ ਸੱਜ ਨੰ ਹੀ ਦਫਨਾ ਦਿੰਦਾ ਹਾਂ
ਬਿਨਾ ਮਾਇਆ ਦੇ ਕੰਮ ਨਾ ਕਰਦਾ, ਨਹੀਂ ਤਾਂ ਲਾਗ ਲਾ ਦਿੰਦਾ ਹਾਂ
ਵਿੱਚ ਮਸਤ ਦੇ ਰਹਾਂ ਹਮੇਸ਼ਾ ਨਦੀ ਨਾ ਕਰਦਾ ਕੰਮ ਦੀ ਕਾਹਲ…
ਜਿੰਨੀਆਂ ਕਿਸਮਾਂ ਉਸ ਤੋਂ ਵੱਧ ਕੇ ਨਿੱਤ ਬਦਲਦਾ ਰਹਿੰਦਾ ਰੰਗ
ਇਸ ਕੰਮ ਦੀ ਮਰੀਯਾਦਾ ਦੇ ਵੀ ਸਿੱਖ ਲਏ ਨੇ ਵੱਖਰੇ ਢੰਗ
ਮੈਂ ਤਾਂ ਮੰਨਦਾ ਸਾਹਿਬ ਨਹੀਂ ਮੰਨਦਾ, ਕਹਿ ਕੇ ਖਿੱਚ ਦਾ ਵਾਲ ਦੀ ਖਾਲ…
ਆਲਸ ਛੱਡੋ ਜਾਂ ਨੌਕਰੀ ਛੱਡੋ ਦਾ ਵੀ ਬੋਰਡ ਲਿਖਕੇ ਲਾਇਆ
ਰਿਸ਼ਵਤਖੋਰੀ ਪਾਪ ਦੋਹਾਂ ਲਈ ਇਹ ਵੀ ਕੰਧ ’ਤੇ ਹੈ ਚਿਪਕਾਇਆ
ਮਿੱਟੀ ਘੱਟੇ ਦੇ ਵਿੱਚ ਲੁਕਿਆ ਕੀਤਾ ਮਾਂ ਬੋਲੀ ਦਾ ਮੰਦੜਾ ਹਾਲ…
ਕੋਈ ਕਹੇ (ਜੇ) ਕਿਉਂ ਕੰਡੇ ਬੀਜਦਾ, ਪੁੱਤ ਧੀਆਂ ਫਿਰ ਭਰਨਗੇ ਤੇਰੇ
ਮੈਂ ਕਹਾਂ ਇਹ ਤਾਂ ਚੰਗਾ ਹੋਇਆ, ਉਹ ਤਾਂ ਪਹਿਲਾਂ ਮਰਣਗੇ ਮੇਰੇ
ਨਾ (ਭੋਲੇ) ਰੱਖ ਜਜ਼ਬਾਤੀ ਰਿਸ਼ਤਾ, ਸਭ ਮਾਇਆ ਦੇ ਚਾਅ ਮਲਾਲ…
ਮੈਂ ਹਾਂ ਇੱਕ ਸਰਕਾਰੀ ਕੱਛੂ