ਮੈਂ ਰਾਹੀਂ ਰਾਹੀਂ ਤੁਰਿਆ ਜਾਂਦਾ ਸੋਚ ਰਿਹਾ ਹਾਂ
ਕੁੱਝ ਲੰਘ ਆਏ ਕੁੱਝ ਆਉਣਾ ਹਲੇ ਵੀ ਬਾਕੀ ਏ
ਕੀ ਪਉਣ ਲਈ ਮੈਂ ਹਫੜਾ ਤਫੜੀ ਕਰ ਲਈ ਏ
ਕਾਹਲੇ ਪੈਂਦੇ ਕਦਮਾਂ ਨੂੰ ਮੈਂ ਰੋਕ ਰਿਹਾ ਹਾਂ
ਰਾਹੀਂ ਰਾਹੀਂ...................
ਉਹ ਵੀ ਮੇਰੇ ਆਪਣੇ ਸਨ ਜੋ ਬੀਤ ਗਏ
ਜੋ ਮਿਲਣੇ ਨੇ ਹਨ ਉਹ ਵੀ ਮੇਰੇ ਆਪਣੇ ਹੀ
ਕਿਹੜੇ ਚੰਗੇ ਨੇ ਕਿਹੜੇ ਮਾੜੇ ਨੇ ਮੈਂ ਕੀ ਆਖਾਂ
ਕੁੱਝ ਦਿਲ ਆਪਣੇ ਨੂੰ ਬੋਲਣ ਤੋਂ ਮੈਂ ਟੋਕ ਰਿਹਾ ਹਾਂ
ਰਾਹੀਂ ਰਾਹੀਂ...................
ਅੱਜ ਫੇਰ ਉਸ ਸੁੰਨੇ ਰਸਤੇ ਤੇ
ਕਈ ਲਾਸ਼ਾਂ ਵਿਛੀਆਂ ਮਿਲੀਆਂ ਨੇ
ਪਹਿਚਾਨ ਅਜੇ ਤੱਕ ਹੋਈ ਨਹੀ
ਖਬਰੇ ਕੋਈ ਆਪਣਾ ਹੀ ਹੋਵੇ
ਕਿਉਂ ਆਇਆ ਮੈਂ ਇਸ ਰਸਤੇ ਤੇ
ਘਬਰਾਏ ਮਨ ਨੂੰ ਕੋਸ ਰਿਹਾ ਹਾਂ
ਰਾਹੀਂ ਰਾਹੀਂ...................
ਇੱਕ ਦੂਰ ਹਨੇਰੀ ਬਸਤੀ ਚੋਂ
ਸ਼ੋਰ ਇਹ ਕੈਸਾ ਨਿੱਕਲ ਰਿਹਾ
ਸ਼ੋਰ ਵਿਚਲੀਆਂ ਚੀਕਾਂ ਨੂੰ
ਬੁੱਝ ਲਿਆ ਮੈਂ ਜਾਣ ਲਿਆ
ਇਹ ਤਾਂ ਮੇਰੇ ਹੀ ਆਪਣੇ ਨੇ
ਮੈਂ ਰੋਂਦਿਆਂ ਨੂੰ ਪਹਿਚਾਨ ਲਿਆ
ਕਾਲਾ ਸਾਇਆ ਨਫਰਤ ਦਾ
ਜੋ ਵਾਂਗ ਹਨੇਰੀ ਗੁਜਰ ਗਿਆ
ਰਸਤੇ ਵਿੱਚ ਮੇਰਾ ਪਿੰਡ ਵੀ ਸੀ
ਹੁਣੇ ਹੁਣੇ ਜੋ ਉੱਜੜ ਗਿਆ
ਕੋਈ ਠੇਡਾ ਵੱਜੇ ਪੈਰਾਂ ਵਿੱਚ
ਜਾਂ ਸੂਲ ਚੁਭੇ ਕੋਈ ਅੱਡੀ ਤੇ
ਭਰਮ ਮਿਟਾਵਣ ਲਈ ਮੈਂ ਆਪੇ
ਮਾਸ ਆਪਣਾ ਨੋਚ ਰਿਹਾ ਹਾਂ
ਰਾਹੀਂ ਰਾਹੀਂ...................