ਉਹ ਨਹੀਂ ਆਇਆ, ਨਾ ਬੂਹਾ ਖੋਲ੍ਹ ਤੂੰ ਐਂਵੇਂ।
ਚੁਗਲੀ ਦੀ ਰੁੱਤ ਘੁੰਮਦੀ, ਨਾ ਬੋਲ ਤੂੰ ਐਂਵੇਂ।
ਅਸਾਂ ਨੂੰ ਕੀ ਭਿਉਂਵੇਂਗਾ, ਅਜੇ ਤੂੰ ਆਪ ਨੀਂ ਭਿੱਜਿਆ
ਬੱਦਲਾਂ ਤੋਂ ਸਿਖ ਪਹਿਲਾਂ, ਨਾ ਹੰਝੂ ਡੋਲ੍ਹ ਤੂੰ ਐਂਵੇਂ।
ਸੌਖਾ ਇਹ ਕਹਿਣਾ ਹੀ, ਛੁਪਾਉਣਾ ਹੈ ਬਹੁਤ ਔਖਾ
ਸਾਂਭੀ ਭੇਤ ਮਹਿਰਮ ਦਾ, ਨਾ ਸੀਨਾ ਫੋਲ ਤੂੰ ਐਂਵੇਂ।
ਜੇ ਲੋਚਦੈਂ ਅੰਬਰਾਂ ‘ਚ ਉਡਣਾ ਪੰਛੀਆਂ ਵਾਂਗੂੰ
ਲੈ ਧਾਰ ਮੁਰਸ਼ਦ, ਨਾ ਪਰਾਂ ਨੂੰ ਤੋਲ ਤੂੰ ਐਂਵੇਂ।
ਜੋ ਸੌਂਪੀਆਂ ਤੈਨੂੰ, ਇਨ੍ਹਾਂ ਦਾ ਮੁੱਲ ਨਾ ਕੋਈ
ਇਹ ਮੋਹ ਦੀਆਂ ਪੰਡਾਂ, ਨਾ ਦੇਵੀਂ ਰੋਲ ਤੂੰ ਐਂਵੇਂ।
ਬੇ ਦਰਦ ਨੇ ਬੇ ਕਿਰਕ ਨੇ, ਸੱਖਣੇ ਨੇ ਮੋਹ ਤੋਂ ਉਹ
ਜਿੰਨ੍ਹਾਂ ਹੱਥਾਂ ‘ਚ ਨੇ ਛਵੀਆਂ, ਨਾ ਜਾਵੀਂ ਕੋਲ ਤੂੰ ਐਂਵੇਂ।
ਵੇਖੀਂ ਤੂੰ ਆਪਣੇ ਅੰਦਰੇ,ਉਥੇ ਹੀ ਮਿਲ ਜਾਣੈ
ਧਰਤੀ, ਅੰਬਰੀਂ ਨਾ ‘ਗੁਰਮ’ ਨੂੰ ਟੋਲ ਤੂੰ ਐਂਵੇਂ।