ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਪੱਖ-ਪਾਤ (ਲੇਖ )

ਕਰਮਜੀਤ ਸਿੰਘ ਔਜਲਾ   

Email: sewalehar@yahoo.co.in
Phone: +91 161 2311473
Cell: +91 92165-05850
Address: 9516 ਜੋਸ਼ੀ ਨਗਰ, ਹੈਬੋਵਾਲ ਰੋਡ
ਲੁਧਿਆਣਾ India 141001
ਕਰਮਜੀਤ ਸਿੰਘ ਔਜਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ


ਕਰਮਜੀਤ ਸਿੰਘ ਔਜਲਾ, ਮਿੱਤਰ ਸੈਨ ਮੀਤ

ਕਰੀਬ ਅੱਧੀ ਸਦੀ ਪਹਿਲਾਂ ਸਾਹਿਤ ਅਕਾਡਮੀ, ਦਿੱਲੀ ਦੀ ਸਥਾਪਨਾ ਸਾਹਿਤਿਕ ਸੰਵਾਦ ਰਚਾਉਣ, ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਅਤੇ ਲੋਕਾਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਕੀਤੀ ਗਈ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਹਿਤ ਅਕਾਡਮੀ ਵੱਲੋਂ ਖੇਤਰੀ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਅਨੁਵਾਦ ਕਰਵਾ ਕੇ ਭਾਰਤ ਦੀਆਂ ਬਾਕੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਸਾਹਿਤ ਅਕਾਡਮੀ ਦੇ ਇੱਕ ਦਾਅਵੇ ਅਨੁਸਾਰ ਹੁਣ ਤਕ ਸਾਹਿਤ ਅਕਾਡਮੀ ਕਰੀਬ 5000 ਪੁਸਤਕਾਂ 30 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ। ਹਰ 30 ਘੰਟਿਆਂ ਵਿੱਚ ਅਕਾਡਮੀ ਨੂੰ ਇੱਕ ਪੁਸਤਕ ਪ੍ਰਕਾਸ਼ਿਤ ਕਰਨ ਦਾ ਮਾਣ ਪ੍ਰਾਪਤ ਹੈ।
ਸਾਹਿਤ ਅਕਾਡਮੀ ਦਾ ਕੰਮ ਮਿਆਰੀ ਹੋਵੇ, ਇਸ ਲਈ ਸਲਾਹ ਮਸ਼ਵਰ ੇ ਲਈ ਅਕਾਡਮੀ ਵੱਲਂੋ ਵੱਖ-ਵੱਖ ਭਾਸ਼ਾਵਾਂ ਦੇ ਸਲਾਹਕਾਰ ਬੋਰਡ ਗਠਿਤ ਕੀਤੇ ਜਾਂਦੇ ਹਨ। ਇਹਨਾਂ ਸਲਾਹਕਾਰ ਬੋਰਡਾਂ ਦੇ, ਹੋਰਾਂ ਤੋਂ ਇਲਾਵਾ, ਦੋ ਮੁੱਖ ਕਾਰਜ ਆਪਣੀ ਭਾਸ਼ਾ ਦੇ ਉੱਤਮ ਸਾਹਿਤ ਦੀ ਚੋਣ ਕਰਕੇ ਉਸਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਪ੍ਰਕਾਸ਼ਿਤ ਕਰਾਉਣ, ਅਤੇ ਦੂਜੀਆਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਚੋਣ ਕਰਕੇ ਉਸਨੂੰ ਆਪਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਾਉਣ ਦੀ ਸਿਫਾਰਿਸ਼ ਕਰਨਾ ਹੈ।
ਸਾਹਿਤ ਅਕਾਡਮੀ ਵੱਲੋਂ ਹਰ ਸਾਲ ਭਾਰਤੀ ਭਾਸ਼ਾ ਦੀ ਹਰ ਮਾਨਤਾ ਪ੍ਰਾਪਤ ਭਾਸ਼ਾ ਦੀ ਇੱਕ ਉੱਤਮ ਸਾਹਿਤਿਕ ਕਿਰਤ ਨੂੰ ਪ੍ਰਤਿਸ਼ਠਿਤ 'ਸਾਹਿਤ ਅਕਾਡਮੀ ਪੁਰਸਕਾਰ' ਦਿੱਤਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਪਹਿਲਾ ਪੁਰਸਕਾਰ ਸਾਲ 1955 ਵਿੱਚ ਭਾਈ ਵੀਰ ਸਿੰਘ ਦੇ ਕਾਵਿ-ਸੰਗ੍ਰਿਹ 'ਮੇਰੇ ਸਾਈਆਂ ਜੀਓ' ਨੂੰ ਪ੍ਰਾਪਤ ਹੋਇਆ। ਸਾਲ 2013 ਦਾ ਪੁਰਸਕਾਰ ਮਨਮੋਹਨ ਦੇ ਨਾਵਲ 'ਨਿਰਵਾਨ' ਨੂੰ ਪ੍ਰਾਪਤ ਹੋਇਆ ਹੈ। ਕੁਝ ਵਰ੍ਹੇ ਕਿਸੇ ਵੀ ਪੁਸਤਕ ਨੂੰ ਇਨਾਮ ਪ੍ਰਾਪਤ ਨਹੀਂ ਹੋਇਆ। ਹੁਣ ਤੱਕ ਕੁੱਲ ਮਿਲਾ ਕੇ 53 ਪੁਸਤਕਾਂ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੋ ਚੁੱਕਾ ਹੈ।
ਅਕਾਡਮੀ ਦੇ ਨਿਯਮਾਂ ਅਨੁਸਾਰ ਸਾਹਿਤ ਅਕਾਡਮੀ ਪੁਰਸਕਾਰ ਨਾਲ ਸਨਮਾਨਿਤ ਹਰ ਪੁਸਤਕ ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਈ ਜਾਣੀ ਹੁੰਦੀ ਹੈ। ਪੁਰਸਕਾਰ ਵਿੱਚ ਮਿਲਦੀ ਰਕਮ ਨਾਲੋਂ ਇਹੋ ਉੱਤਮ ਪੁਰਸਕਾਰ ਹੁੰਦਾ ਹੈ। ਅਕਾਡਮੀ ਦੇ ਇੱਕ ਹੋਰ ਨਿਯਮ ਅਨੁਸਾਰ ਜੇ ਕਿਸੇ ਖੇਤਰੀ ਭਾਸ਼ਾ ਦੀ ਕਿਸੇ ਪੁਸਤਕ ਨੂੰ ਦੂਸਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਾਇਆ ਜਾਣਾ ਹੋਵੇ ਤਾਂ ਪਹਿਲਾਂ ਉਸ ਭਾਸ਼ਾ ਦਾ ਸਲਾਹਕਾਰ ਬੋਰਡ ਪੁਸਤਕ ਨੂੰ ਅਨੁਵਾਦ ਕਰਾਉਣ ਦੀ ਸਿਫਾਰਿਸ਼ ਕਰਦਾ ਹੈ ਅਤੇ ਫੇਰ ਅਨੁਵਾਦ ਹੋਣ ਵਾਲੀ ਭਾਸ਼ਾ ਦਾ ਸਲਾਹਕਾਰ ਬੋਰਡ ਅਨੁਵਾਦ ਦੀ ਮਨਜ਼ੂਰੀ ਦਿੰਦਾ ਹੈ। ਦੋਹਾਂ ਪ੍ਰਕਿਰਿਆਵਾਂ ਵਿੱਚੋਂ ਲੰਘਣ ਬਾਅਦ ਹੀ ਪੁਸਤਕ ਦਾ ਅਨੁਵਾਦ ਸੰਭਵ ਹੁੰਦਾ ਹੈ।
ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਬਣੇ ਹਨ, ਉਹਨਾਂ ਦੇ ਮੈਂਬਰਾਂ ਵੱਲੋਂ ਸਦਾ ਪੰਜਾਬੀ ਸਾਹਿਤ ਦੀ ਥਾਂ ਆਪਣੇ ਨਿੱਜੀ ਸਵਾਰਥਾਂ ਨੂੰ ਪਹਿਲ ਦਿੱਤੀ ਗਈ ਹੈ। ਖੋਜ ਦੀਆਂ ਸੀਮਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ, ਇਸ ਲੇਖ ਵਿੱਚ ਪੰਜਾਬੀ ਦੀਆਂ ਕੇਵਲ ਉਹਨਾਂ ਪੁਸਤਕਾਂ ਦੇ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਲੇਖਾ-ਜੋਖਾ ਕੀਤਾ ਗਿਆ ਹੈ, ਜਿਹਨਾਂ ਨੂੰ 'ਸਾਹਿਤ ਅਕਾਡਮੀ ਪੁਰਸਕਾਰ' ਦਾ ਸਨਮਾਨ ਪ੍ਰਾਪਤ ਹੋ ਚੁੱਕਾ ਹੈ।
ਸਾਹਿਤ ਅਕਾਡਮੀ ਵੱਲੋਂ ਆਪਣੀਆਂ ਕੁੱਲ ਪ੍ਰਕਾਸ਼ਨਾਵਾਂ ਦੀ ਇੱਕ ਸੂਚੀ ਅੰਗਰੇਜ਼ੀ ਵਿੱਚ ਜਿਸ ਦਾ ਨਾਂ 'ਸਾਹਿਤਿਯ ਅਕਾਡਮੀ ਪਬਲੀਕੇਸ਼ਨਜ਼' (Sahitya Akademi Publications) ਅਤੇ ਇੱਕ ਸੂਚੀ ਪੰਜਾਬੀ ਪੁਸਤਕਾਂ ਦੀ, ਜਿਸ ਦਾ ਨਾਂ 'ਪੁਸਤਕ ਸੂਚੀ' ਛਾਪੀ ਗਈ ਹੈ। ਇਹਨਾਂ ਸੂਚੀਆਂ ਅਤੇ ਅਕਾਡਮੀ ਵੱਲੋਂ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਉਪਲੱਬਧ ਕਰਵਾਈ ਗਈ ਸੂਚਨਾ ਦੇ ਵਿਸ਼ਲੇਸ਼ਣ ਤੋਂ ਹੇਠ ਲਿਖੇ ਸਿੱਟੇ ਨਿਕਲੇ ਹਨ।


ਇਸ ਤਰਸਯੋਗ ਸਥਿਤੀ ਕਾਰਨ ਉੱਠਦੇ ਕੁੱਝ ਮਹੱਤਵਪੂਰਨ ਪ੍ਰਸ਼ਨ

1. ਇਨਾਮ ਪ੍ਰਾਪਤ ਹੋਣ ਦੇ ਅੱਧੀ ਸਦੀ ਬੀਤ ਜਾਣ ਬਾਅਦ ਕੀ ਪ੍ਰਕਾਸ਼ਿਤ ਹੋਈ ਪੁਸਤਕ ਦੀ ਕੋਈ ਸਾਰਥਕਤਾ ਰਹਿ ਜਾਂਦੀ ਹੈ?
2. ਕੀ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਪੁਸਤਕਾਂ ਦੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਾਉਣ ਤੋਂ ਇਸ ਲਈ ਤਾਂ ਝਿਜਕ ਨਹੀਂ ਜਾਂਦੀ ਕਿ ਪੁਸਤਕਾਂ ਦੇ ਮਿਆਰ ਦਾ ਪਰਦਾ ਫਾਸ਼ ਨਾ ਹੋ ਜਾਵੇ।
3. ਕੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੇ ਫਰਜਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਚੁੱਕੇ ਹਨ? ਕੀ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਮਿੱਤਰ ਪਿਆਰਿਆਂ ਦੀਆਂ ਝੋਲੀਆਂ ਭਰਨ ਤੋਂ ਬਿਨ੍ਹਾਂ ਹੋਰ ਕੋਈ ਕੰਮ ਨਹੀ ਰਹਿ ਗਿਆ।

ਪੰਜਾਬੀ ਸਾਹਿਤ ਦੇ ਇਸ ਪੱਛੜੇਪਨ ਦਾ ਵੱਡਾ ਕਾਰਨ:

ਪਹਿਲੇ ਦਿਨ ਤੋਂ ਹੀ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡ ਤੇ ਕਾਬਿਜ਼ ਮੈਂਬਰ ਪੰਜਾਬੀ ਸਾਹਿਤ ਦੀ ਥਾਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਯਤਨਸ਼ੀਲ ਰਹੇ। ਸਬੂਤ ਵਜੋਂ ਦਿੱਲੀ ਸਰਕਾਰ ਵਿੱਚ ਅਸਰ ਰਸੂਖ ਰੱਖਣ ਵਾਲੇ ਕਰਤਾਰ ਸਿੰਘ ਦੁੱਗਲ ਵੱਲੋਂ ਆਪਣੀ ਪੁਸਤਕ ਨੂੰ ੯ ਭਾਸ਼ਾਵਾਂ, ਕਰਨਲ ਨਰਿੰਦਰ ਪਾਲ ਸਿੰਘ ਵੱਲੋਂ 4 ਭਾਸ਼ਾਵਾਂ, ਅਜੀਤ ਕੌਰ ਵੱਲੋਂ 3 ਭਾਸ਼ਾਵਾਂ ਅਤੇ ਮਹਿੰਦਰ ਸਿੰਘ ਸਰਨਾ ਵੱਲੋਂ 2 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਵਾ ਲੈਣਾ ਹੈ। ਹੁਣ ਵੀ ਦਿੱਲੀ ਵਾਲੇ ਬਾਜ਼ੀ ਮਾਰ ਰਹੇ ਹਨ। ਸਾਲ 2011 ਵਿੱਚ ਪੁਰਸਕਾਰ ਪ੍ਰਾਪਤ
ਕਰਨ ਵਾਲੀ ਵਨੀਤਾ ਵੱਲੋਂ ਆਪਣੀ ਪੁਸਤਕ ਪੁਰਸਕਾਰ ਦੇ ਪਹਿਲੇ ਵਰ੍ਹੇ ਹੀ ਕੋਨਕਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਵਾ ਲਈ ਹੈ। ਹਿੰਦੀ ਵਿੱਚ ਅਨੁਵਾਦ ਹੋਈ ਪੁਸਤਕ ਛਪਾਈ ਅਧੀਨ ਹੈ।

ਇੱਕ ਸੁਨਿਹਰੀ ਦੌਰ ਵੀ


ਹੁਣ ਤੱਕ ਪ੍ਰਕਾਸ਼ਿਤ ਹੋਏ 41 ਟਾਈਟਲਾਂ ਵਿੱਚੋਂ 13 ਟਾਈਟਲ ਸਾਲ 1990 ਤੋਂ 2001 ਤੱਕ ਪ੍ਰਕਾਸ਼ਿਤ ਹੋਏ। ਇਹਨਾਂ ਵਿੱਚੋਂ ਬਹੁਤੇ ਦਿੱਲੀ ਵਿੱਚ ਰਹਿੰਦੇ ਪ੍ਰਭਾਵਸ਼ਾਲੀ ਸਾਹਿਤਕਾਰਾਂ ਦੇ ਸਨ। ਇਹਨਾਂ ਸਾਲਾਂ ਵਿੱਚ ਕਰਨਲ ਨਰਿੰਦਰ ਪਾਲ ਸਿੰਘ ਦੇ 4 ਅਤੇ ਕਰਤਾਰ ਸਿੰਘ ਦੁੱਗਲ ਦੇ 2 ਟਾਈਟਲ ਪ੍ਰਕਾਸ਼ਿਤ ਹੋਏ। ਇੱਕ ਇੱਕ ਟਾਈਟਲ ਪ੍ਰਭਜੋਤ ਕੌਰ, ਹਰਿਭਜਨ ਸਿੰਘ ਅਤੇ ਗੁਲਜ਼ਾਰ ਸਿੰਘ ਸੰਧੂ ਦਾ ਪ੍ਰਕਾਸ਼ਿਤ ਹੋਇਆ। ਬਾਕੀ ਟਾਈਟਲ ਪ੍ਰੇਮ ਪ੍ਰਕਾਸ਼, ਮਨਜੀਤ ਟਿਵਾਣਾ, ਭਾਈ ਵੀਰ ਸਿੰਘ ਅਤੇ ਸੁਰਜੀਤ ਪਾਤਰ ਦੇ ਸਨ। ਡਾ.ਸਤਿੰਦਰ ਸਿੰਘ ਨੂਰ ਸਾਲ 2002 ਤੋਂ 2007 ਤੱਕ 'ਪੰਜਾਬੀ ਭਾਸ਼ਾ ਸਲਾਹਕਾਰ ਬੋਰਡ' ਦੇ ਕੰਨਵੀਨਰ ਅਤੇ ਫਿਰ ਸਾਲ 2010 ਤੱਕ ਸਾਹਿਤ ਅਕਾਡਮੀ ਦੇ ਵਾਈਸ
ਚੇਅਰਮੈਨ ਰਹੇ। ਉਹਨਾਂ ਦੇ ਇਸ ਸਮੇਂ ਦੌਰਾਨ 41 ਟਾਈਟਲਾਂ ਵਿੱਚੋਂ 28 ਟਾਈਟਲ ਪ੍ਰਕਾਸ਼ਿਤ ਹੋਏ। ਉਹਨਾਂ ਤੋਂ ਪਿੱਛੋਂ ਪ੍ਰਕਾਸ਼ਿਤ ਹੋਏ ਬਹੁਤੇ ਟਾਈਟਲ ਵੀ ਉਹ ਸਨ ਜਿਹਨਾਂ ਦੀ ਮੰਨਜ਼ੂਰੀ ਉਹਨਾਂ ਵੱਲੋਂ ਹੀ ਦਿੱਤੀ ਗਈ ਸੀ।
ਪੰਜਾਬੀ ਸਾਹਿਤ ਦੀਆਂ ਉੱਤਮ ਪੁਸਤਕਾਂ ਲਈ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦੇ ਇਸ ਸਮੇਂ ਨੂੰ 'ਪੰਜਾਬੀ ਸਾਹਿਤ ਦਾ ਸੁਨਿਹਰੀ ਸਮਾਂ' ਆਖਣਾ ਅਣਉਚਿਤ ਨਹੀਂ ਹੋਵੇਗਾ।

ਅੱਗੋਂ ਕੀ ਕੀਤਾ ਜਾਵੇ


1. ਸਾਹਿਤ ਅਕਾਦਮੀ ਉੱਪਰ ਦਬਾਅ ਪਾਇਆ ਜਾਵੇ ਕਿ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਚੌਣ ਸੋਚ ਸਮਝ ਕੇ ਹੋਵੇ। ਮੈਂਬਰ ਸਿਫਾਰਸ਼ੀਆਂ ਦੀ ਥਾਂ, ਉਚ ਕੋਟੀ ਦੇ ਮਾਨਤਾ ਪ੍ਰਾਪਤ ਸਾਹਿਤਕਾਰ, ਚਿੰਤਕ, ਪ੍ਰਬੰਧਕੀ ਯੋਗਤਾ ਦੇ ਨਾਲ ਨਾਲ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹੋਣ।
2. ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਦੇ ਮੌਜੂਦਾ ਮੈਂਬਰਾਂ ਉੱਪਰ ਦਬਾਅ ਬਣਾਇਆ ਜਾਵੇ ਕਿ ਉਹ ਆਪਣੇ ਕੰਮ-ਕਾਜ ਵਿੱਚ ਚੁਸਤੀ ਲਿਆਉਣ, ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਸਮੂਚੇ ਪੰਜਾਬੀ ਸਾਹਿਤ ਦੀ ਤਰੱਕੀ ਵੱਲ ਧਿਆਨ ਦੇਣ। ਪੰਜਾਬੀ ਦੀ ਹਰ ਇਨਾਮ ਪ੍ਰਾਪਤ ਪੁਸਤਕ ਨੂੰ, ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਉਣ ਲਈ ਵਿਸ਼ੇਸ਼ ਯਤਨ ਕਰਨ।
3. ਹਰ ਭਾਸ਼ਾ ਦੇ ਸਲਾਹਕਾਰ ਬੋਰਡ ਨੂੰ ਇਹ ਯਾਦ ਕਰਵਾਇਆ ਜਾਵੇ ਕਿ ਉਨ੍ਹਾਂ ਦੀ ਦਖਲਅੰਦਾਜੀ ਕੇਵਲ ਉਨ੍ਹਾਂ ਪੁਸਤਕਾਂ ਦੀ ਚੌਣ ਵਿੱਚ ਉਚਿਤ ਹੈ ਜਿਹੜੀਆਂ ਇਨਾਮ ਪ੍ਰਾਪਤ ਨਹੀਂ ਹਨ। ਪੁਰਸਕਾਰਤ ਪੁਸਤਕਾਂ 'ਉੱਤਮ ਸਾਹਿਤ' ਦੇ ਸਾਰੇ ਮਾਪਦੰਡ ਪਹਿਲਾਂ ਹੀ ਲੰਘ ਚੁੱਕੀ ਹੁੰਦੀਆਂ ਹਨ। ਉਨ੍ਹਾਂ ਦੇ ਮਿਆਰ ਤੇ ਕਿੰਤੂ ਪਰੰਤੂ ਕਰ ਕੇ ਅਨੁਵਾਦ ਨੂੰ ਰੋਕਣਾ, ਸਾਹਿਤ ਅਕਾਦਮੀ ਦੇ ਫੈਸਲੇ ਦਾ ਨਿਰਾਦਰ ਹੈ। ਇਨਾਮਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਸਲਾਹ ਦੀ ਜਰੂਰਤ ਨਹੀਂ ਹੈ। ਅਜਿਹੀਆਂ ਪੁਸਤਕਾਂ ਨੂੰ ਸਿੱਧੇ ਹੀ ਅਨੁਵਾਦ ਲਈ ਭੇਜ ਦੇਣਾ ਚਾਹੀਦਾ ਹੈ।
4. ਕੇਂਦਰ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਾਰਲੇ ਨਾਲ ਸੰਪਰਕ ਕਾਇਮ ਕਰ ਕੇ ਸਾਹਿਤ ਅਕਾਦਮੀ ਨੂੰ ਨਿਰਦੇਸ਼ ਜਾਰੀ ਕਰਵਾਏ ਜਾਣ ਕਿ ਉਹ ਨਿਸ਼ਚਿਤ ਸਮਾਂ ਸੀਮਾ ਵਿੱਚ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਇਨਾਮਪ੍ਰਾਪਤ ਪੁਸਤਕਾਂ ਨੂੰ ਬਾਕੀ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਤ ਕਰਵਾਏ ਤਾਂ ਜੋ ਸਾਹਿਤ ਪ੍ਰੇਮੀ ਭਾਰਤ ਦੇ ਸਮੂਚੇ ਉਤਮ ਸਾਹਿਤ ਤੋਂ ਜਾਣੂ ਹੋ ਸਕਣ ਅਤੇ ਉਸ ਦਾ ਆਨੰਦ ਮਾਣ ਸਕਣ।