ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
ਪਿਛੋਕੜ ਦਾ ਸੇਕ
ਏਅਰ ਇੰਡੀਆ ਦਾ ਕਨਿਸ਼ਕ ਨਾਮੀ ਜਹਾਜ਼, ਟੁਰਾਂਟੋ, ਮੌਂਟਰੀਅਲ ਹੁੰਦਾ ਹੋਇਆ ਜਦੋਂ ਆਇਰਲੈਂਡ ਦੇ ਨੇੜੇ ਗਿਆ ਤਾਂ ਉਸ ਵਿਚ ਇਕ ਭਿਅੰਕਰ ਧਮਾਕਾ ਹੋਇਆ ਤੇ ਉਹ ਹਵਾ ਵਿਚ ਹੀ ਟੁਕੜੇ ਟੁਕੜੇ ਹੋ ਕੇ ਸਮੁੰਦਰ ਵਿਚ ਡਿਗ ਪਿਆ | ਉਸ ਵਿਚ ਸਫਰ ਕਰ ਰਹੀਆਂ, 329 ਮਨੁੱਖੀ ਜਾਨਾਂ ਨੂੰ ਆਪਣੀ ਆਹੂਤੀ ਦੇਣੀ ਪਈ | ਉਸੇ ਦਿਨ ਹੀ ਇਕ ਹੋਰ ਹਾਦਸਾ ਹੋਣੋ ਬਚ ਗਿਆ | ਜਾਪਾਨ ਦੇ ਹਵਾਈ ਅੱਡੇ 'ਤੇ ਏਅਰ ਇੰਡਿਆ ਦੇ ਜਹਾਜ਼ ਵਿਚ ਸਾਮਾਨ ਲੱਦਿਆ ਜਾ ਰਿਹਾ ਸੀ | ਮਜ਼ਦੂਰ ਟਰਾਲੀਆਂ ਵਿਚੋਂ ਸੂਟਕੇਸ ਚੁੱਕ ਚੁੱਕ ਕੇ ਜਹਾਜ਼ ਵਿਚ ਰੱਖ ਰਹੇ ਸਨ ਕਿ ਇਕ ਸੂਟਕੇਸ ਵਿਚ ਧਮਾਕਾ ਹੋਇਆ ਤੇ ਦੋ ਮਜ਼ਦੂਰ ਥਾਂ 'ਤੇ ਹੀ ਮਾਰੇ ਗਏ | ਜੇ ਕਿਤੇ ਇਸ ਸੂਟਕੇਸ ਵਿਚਲਾ ਬੰਬ ਵੀ ਜਹਾਜ਼ ਦੀ ਉਡਾਨ ਸਮੇਂ ਫਟਦਾ ਤਾਂ ਇੱਥੇ ਵੀ ਸੈਂਕੜੇ ਯਾਤਰੀਆਂ ਨੂੰ ਆਪਣੀਆਂ ਜਾਨਾਂ ਦੀ ਬਲੀ ਦੇਣੀ ਪੈਣੀ ਸੀ | ਇਨ੍ਹਾਂ ਹਾਦਸਿਆਂ ਦੀ ਖ਼ਬਰ ਸੁਣਦਿਆਂ ਹੀ ਕੈਨੇਡਾ ਤੇ ਭਾਰਤ ਵਿਚ ਸੋਗ ਦੀ ਲਹਿਰ ਫੈਲ ਗਈ ਕਿਉਂਕਿ ਉਸ ਜਹਾਜ਼ ਵਿਚ 280 ਯਾਤਰੀ ਭਾਰਤੀ ਮੂਲ ਦੇ ਕੈਨੇਡੀਅਨ ਅਤੇ ਬਾਕੀ ਭਾਰਤੀ ਸਨ |
ਪੂਰੇ ਸੱਤ ਦਿਨ ਹੋ ਗਏ ਸਨ ਇਹ ਹਵਾਈ ਹਾਦਸਾ ਹੋਏ ਨੂੰ, ਮੁੜ ਕੇ ਐਤਵਾਰ ਆ ਗਿਆ ਸੀ ਪਰ ਸੁਖਦੇਵ ਇਸ ਹਾਦਸੇ ਦੇ ਸੋਗ ਵਿਚੋਂ ਅਜੇ ਤੱਕ ਬਾਹਰ ਨਹੀਂ ਸੀ ਨਿਕਲ ਸਕਿਆ | ਉਸ ਦੇ ਕਈ ਜਾਣੂ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਸਨ | ਪਰ ਉਸ ਦੇ ਕਵੀਸ਼ਰ ਮਸੇਰ ਦਾ ਚਿਹਰਾ ਤਾਂ ਉਸ ਦੀਆਂ ਅੱਖਾਂ ਤੋਂ ਪਾਸੇ ਨਹੀਂ ਸੀ ਹੋ ਰਿਹਾ, ਜਿਹੜਾ ਕੁਝ ਦਿਨ ਪਹਿਲਾਂ ਹੀ ਉਸ ਨੂੰ ਮਿਲ ਕੇ ਗਿਆ ਸੀ | ਉਹ ਸੋਫੇ ਉਪਰ ਉਦਾਸ ਬੈਠਾ, ਉਸੇ ਕਵੀਸ਼ਰ ਬਾਰੇ ਸੋਚ ਰਿਹਾ ਸੀ | ਉਹ ਉਸ ਦੀ ਸਕੀ ਮਾਸੀ ਦਾ ਪੁੱਤਰ ਨਹੀਂ ਸੀ ਪਰ ਉਹਨਾਂ ਦੇ ਨਾਨਕਿਆਂ ਦੇ ਘਰ ਨੇੜੇ ਨੇੜੇ ਹੋਣ ਕਰਕੇ ਉਹ ਬਚਪਨ ਵਿਚ ਹੀ ਉਸਦਾ ਆੜੀ ਬਣ ਗਿਆ ਸੀ | ਨਿੱਕਾ ਹੁੰਦਾ ਸੁਖਦੇਵ ਛੁੱਟੀਆਂ ਵਿਚ ਨਾਨਕੀਂ ਚਲਿਆ ਜਾਂਦਾ | ਜਦੋਂ ਉਹ ਉੱਥੇ ਜਾਂਦਾ ਤਾਂ ਉਹ ਵੀ ਉੱਥੇ ਆਇਆ ਹੁੰਦਾ | ਜਿੰਨਾ ਚਿਰ ਉਹ ਨਾਨਕੀਂ ਰਹਿੰਦਾ, ਉਹ ਬਹੁਤਾ ਉਸੇ ਨਾਲ ਹੀ ਖੇਡਦਾ | ਉਹ ਉਦੋਂ ਵੀ ਗੀਤ ਗਾਉਂਦਾ ਹੁੰਦਾ ਸੀ | ਮਿਡਲ ਪਾਸ ਕਰਨ ਮਗਰੋਂ ਉਹ ਪੜ੍ਹਾਈ ਛੱਡਕੇ ਖੇਤੀ ਕਰਨ ਲੱਗ ਪਿਆ ਸੀ | ਫਿਰ ਮੇਲ ਜੋਲ ਬਹੁਤ ਘੱਟ ਗਿਆ ਪਰ ਕਦੀ ਕਦਾਈਂ ਉਸ ਨਾਲ ਮੁਲਾਕਾਤ ਹੋ ਜਾਂਦੀ | ਹੁਣ ਜਦੋਂ ਉਹ ਕਵੀਸ਼ਰੀ ਜੱਥੇ ਨਾਲ ਕੈਨੇਡਾ ਆਇਆ ਤਾਂ ਉਸ ਨੂੰ ਉਚੇਚਾ ਮਿਲਨ ਆਇਆ ਸੀ ਅਤੇ ਸੁਖਦੇਵ ਨੇ ਜੋਰ ਪਾਕੇ ਉਸ ਨੂੰ ਇਕ ਰਾਤ ਲਈ ਆਪਣੇ ਕੋਲ ਠਹਿਰਾ ਲਿਆ ਸੀ | ਉਸ ਰਾਤ ਕਬੀਲਦਾਰੀ ਦੀਆਂ ਗੱਲਾਂ ਕਰਦਿਆਂ ਉਸ ਨੇ ਬੜੇ ਮਾਨ ਦੱਸਿਆ ਸੀ, "ਬਾਈ ਸੁਖਦੇਵ ਸਿਆਂ, ਇਹ ਕਵੀਸ਼ਰੀ ਮੇਰਾ ਕਿੱਤਾ ਨਹੀਂ, ਬਸ ਸ਼ੌਕ ਐ ਤੇ ਸ਼ੋਕ ਨਾਲ ਹੀ ਜੱਥੇ ਨਾਲ ਚਲੇ ਜਾਈਦਾ ਐ | ਇਸ ਸ਼ੌਕ ਨੇ ਕਨੇਡਾ ਦੇਖਣ ਦਾ ਬਹਾਨਾ ਬਣਾ ਦਿੱਤਾ | ਉਂਝ ਕਨੇਡਾ ਕਿੱਥੇ ਦੇਖਿਆ ਜਾਣਾ ਸੀ | ਮੈਂ ਆਪਣਾ ਹਲ਼ ਵਾਹੀ ਦਾ ਕੰਮ ਨਹੀਂ ਛੱਡਿਆ | ਹੁਣ ਵੀ ਸੁਤਾ ਪਿੱਛੇ ਵੱਲ ਈ ਐ | ਮੈਂ ਛੇਤੀ ਮੁੜ ਜਾਣੈ | ਝੋਨੇ ਦੀ ਲੁਆਈ ਲੇਟ ਹੋ ਰਹੀ ਐ |"
ਫਿਰ ਉਸ ਨੇ ਦਰਸ਼ਨਾ ਦੀ ਫਰਮਾਇਸ਼ 'ਤੇ ਬਾਬੂ ਰਜਬ ਅਲੀ ਦੀ ਕਵੀਸ਼ਰੀ ਵਿਚੋਂ ਕਈ ਛੰਦ ਸੁਣਾਏ ਸਨ, ਂਿਜਨ੍ਹਾਂ ਨੂੰ ਸੁਖਦੇਵ ਨੇ ਟੇਪਰਿਕਾਰਡ ਉਪਰ ਰਿਕਾਰਡ ਕਰ ਲਿਆ ਸੀ | ਜਿਨ੍ਹਾਂ ਚਿਰ ਉਹ ਗਾਉਂਦਾ ਰਿਹਾ ਸੀ, ਪੰਮ ਤੇ ਕਿੰਦ ਉਠ ਕੇ ਸੌਣ ਲਈ ਨਹੀਂ ਸੀ ਗਏ | ਭਾਵੇਂ ਕਿ ਉਹਨਾਂ ਨੂੰ ਛੰਦਾਂ ਦੀ ਸਮਝ ਨਾ ਹੀ ਆਈ ਹੋਵੇ ਪਰ ਉਹਨਾਂ ਨੂੰ ਉਹ ਗਾਉਂਦਾ ਬਹੁਤ ਚੰਗਾ ਲੱਗ ਰਿਹਾ ਸੀ | ਹੁਣ ਵੀ ਸੁਖਦੇਵ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਸਾਹਮਣੇ, ਸੋਫੇ ਉਪਰ ਬੈਠਾ ਗਾ ਰਿਹਾ ਹੋਵੇ | ਸੁਖਦੇਵ ਨੇ ਸੁਚੇਤ ਹੋ ਕੇ ਸੋਫੇ ਵੱਲ ਨਿਗਾਹ ਮਾਰੀ ਤਾਂ ਸੱਚ ਮੁੱਚ ਹੀ ਸਾਹਮਣੇ ਕੌਫੀਟੇਬਲ ਉਪਰ ਪਏ ਟੇਪਰਿਕਾਰਡ ਵਿਚੋਂ ਉਸ ਦੇ ਬੋਲਾਂ ਦੀ ਧੀਮੀ ਧੀਮੀ ਅਵਾਜ਼ ਆ ਰਹੀ ਸੀ | ਉਹ ਟੇਪਰਿਕਾਰਡ ਬੰਦ ਕਰਨ ਉਠਿਆ ਤਾਂ ਉਧਰ ਫੋਨ ਦੀ ਘੰਟੀ ਖੜਕੀ | ਸੁਖਦੇਵ ਨੇ ਚੋਂਗਾ ਚੁੱਕ ਕੇ ਕਿਹਾ, "ਹੈਲੋ!"
"ਮੈਂ ਦਿਲਾਵਰ ਬੋਲਦਾਂ, ਤੂੰ ਕੀ ਕਰ ਰਿਹਾ ਏਂ?" ਉਧਰੋਂ ਅਵਾਜ਼ ਆਈ |
"ਕੁਝ ਨਹੀਂ, ਘਾਹ ਕੱਟਣ ਬਾਰੇ ਸੋਚਿਆ ਸੀ ਪਰ ਕੰਮ ਕਰਨ ਨੂੰ ਚਿੱਤ ਹੀ ਨਹੀਂ ਕਰਦਾ |"
"ਇਧਰ ਮੇਰੇ ਵੱਲ ਆ ਜਾਣਾ ਸੀ |"
"ਦਰਸ਼ਨਾ ਪੰਮ ਤੇ ਕਿੰਦ ਨੂੰ ਨਾਲ ਲੈ ਕੇ ਗਰੋਸਰੀ ਲੈਣ ਗਈ ਹੋਈ ਐ | ਮੈਂ ਇਕੱਲਾ ਹੀ ਘਰੇ ਹਾਂ |"
"ਫਿਰ ਅਸੀਂ ਤੇਰੇ ਕੋਲ ਆਉਂਦੇ ਹਾਂ | ਮੇਰੇ ਕੋਲ ਪਾਲ ਤੇ ਹੈਰੀ ਬੈਠੇ ਨੇ |"
"ਹਾਂ! ਹਾਂ! ਆ ਜਾਓ, ਮੈਂ ਤੁਹਾਡੀ ਉਡੀਕ ਕਰਾਂਗਾ |" ਇਹ ਕਹਿ ਕੇ ਸੁਖਦੇਵ ਨੇ ਫੋਨ ਕਰੈਡਲ ਉਪਰ ਰੱਖ ਦਿੱਤਾ ਅਤੇ ਟੇਪਰਿਕਾਰਡ ਬੰਦ ਕਰਕੇ ਵਾਸ਼ਰੂਮ ਵਿਚ ਵੜ ਗਿਆ | ਉਸ ਨੇ ਹਵਾਈ ਹਾਦਸੇ ਮਗਰੋਂ ਸ਼ੇਵ ਵੀ ਨਹੀਂ ਸੀ ਕੀਤੀ | ਉਹ ਸ਼ੇਵ ਕਰਨ ਲਈ ਸ਼ੀਸ਼ੇ ਮੂਹਰੇ ਖੜ੍ਹਾ ਤਾਂ ਉਸ ਨੂੰ ਆਪਣਾ ਚਿਹਰਾ ਓਪਰਾ ਜਿਹਾ ਲੱਗਾ | ਚਿਹਰੇ ਉਪਰ ਬਰੀਕ ਜਿਹੀਆਂ ਝੁਰੜੀਆਂ ਤੇ ਕਰੜ ਬਰੜੇ ਵਾਲ਼ਾਂ ਨੂੰ ਦੇਖ ਕੇ ਉਸ ਨੂੰ ਆਪਣਾ ਆਪਾ ਬੁੱਢਾ ਜਿਹਾ ਜਾਪਿਆ | ਉਸ ਨੇ ਇਕ ਹਉਕਾ ਲਿਆ ਤੇ ਸ਼ੇਵ ਕਰਨ ਲੱਗਾ | ਫਿਰ ਸ਼ਾਵਰ ਛੱਡ ਕੇ ਕੁਝ ਦੇਰ ਨਹਾਉਂਦਾ ਰਿਹਾ | ਕਪੜੇ ਪਹਿਨ ਕੇ ਜਦੋਂ ਉਸ ਨੇ ਮੁੜ ਸ਼ੀਸ਼ੇ ਵੱਲ ਨਿਗਾਹ ਮਾਰੀ ਤਾਂ ਚਿਹਰਾ ਸਧਾਰਨ ਰੂਪ ਵਿਚ ਦਿਸਿਆ | ਉਸ ਲੰਮਾ ਸਾਹ ਲਿਆ ਤੇ ਸਿਰ ਉਪਰ ਕੰਘੀ ਫੇਰ ਕੇ ਵਾਸ਼ਰੂਮ ਵਿਚੋਂ ਬਾਹਰ ਆ ਗਿਆ | ਉਹ ਲਿਵਿੰਗਰੂਮ ਵਿਚ ਆ ਕੇ ਸੋਫੇ ਉਪਰ ਬੈਠਾ ਹੀ ਸੀ ਕਿ ਬੂਹੇ ਦੀ ਘੰਟੀ ਖੜਕੀ | ਉਸ ਨੇ ਬੂਹਾ ਖੋਲ੍ਹਿਆ ਤਾਂ ਸਾਹਮਣੇ ਦਿਲਾਵਰ ਹੁਰੀਂ ਖੜ੍ਹੇ ਸਨ | ਉਹ ਚਿਹਰੇ ਉਪਰ ਬਣਾਉਟੀ ਮੁਸਕਾਨ ਲਿਆ ਕੇ ਉਹਨਾਂ ਨੂੰ ਮਿਲਿਆ | ਉਹ ਵੀ ਉਸ ਨਾਲ ਹੱਥ ਮਿਲਾ ਕੇ ਚੁੱਪ ਚਾਪ ਉਸ ਦੇ ਮਗਰ ਪੌੜੀਆਂ ਚੜ੍ਹ ਕੇ ਲਿਵਿੰਗਰੂਮ ਵਿਚ ਆ ਬੈਠੇ | ਕੁਝ ਚਿਰ ਦੀ ਚੁਪੀ ਤੋਂ ਮਗਰੋਂ ਦਿਲਾਵਰ ਬੋਲਿਆ, "ਤੇਰੇ ਮਸੇਰ ਬਾਰੇ ਪਤਾ ਲੱਗਾ ਕੁਝ, ਉਸ ਦੀ ਡੈਡਬਾਡੀ ਮਿਲ ਗਈ ਏ ਕਿ ਨਹੀਂ?"
"ਮੈਂ ਫੂਨ ਕਰਕੇ ਟੁਰਾਂਟੋ ਤੋਂ ਪਤਾ ਕੀਤਾ ਸੀ, ਉੱਥੋਂ ਉਸ ਦਾ ਇਕ ਰਿਸ਼ਤੇਦਾਰ ਆਇਰਲੈਂਡ ਗਿਐ | ਕਹਿੰਦੇ ਸੀ 144 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿਚੋਂ ਬਹੁਤਿਆਂ ਦੀ ਸ਼ਨਾਖਤ ਨਹੀਂ ਹੋ ਸਕੀ | ਸ਼ਾਇਦ ਉਹਨਾਂ ਵਿਚ ਉਸ ਦੀ ਵੀ ਹੋਵੇ |" ਸੁਖਦੇਵ ਨੇ ਹਉਕਾ ਜਿਹਾ ਲੈ ਕੇ ਦੱਸਿਆ |
"ਇਹ ਗੱਲ ਤਾਂ ਅਖਬਾਰਾਂ ਵਿਚ ਵੀ ਆ ਗਈ ਏ |" ਹੈਰੀ ਨੇ ਗੱਲ ਅੱਗੇ ਤੋਰੀ |
"ਜਿਨ੍ਹਾਂ ਨੇ ਵੀ ਇਹ ਕਾਰਾ ਕੀਤੈ, ਮਨੁਖਤਾ ਦੇ ਨਾਮ ਉਪਰ ਬਹੁਤ ਵੱਡਾ ਧੱਬਾ ਲਾਇਐ |" ਦਿਲਾਵਰ ਨੇ ਗੁੱਸੇ ਦੀ ਸੁਰ ਵਿਚ ਕਿਹਾ |
"ਉਂਗਲ ਤਾਂ ਬੱਬਰਾਂ ਵੱਲ ਉਠ ਰਹੀ ਏ |" ਪਾਲ ਬੋਲਿਆ |
"ਉਹ ਕਿਉਂ ਕਰਨ ਲੱਗੇ ਇੰਨਾ ਵੱਡਾ ਭਿਆਨਕ ਅਪਰਾਧ, ਜਹਾਜ਼ ਵਿਚ ਤਾਂ ਬਹੁਤੇ ਸਿੱਖ ਹੀ ਸਨ ਤੇ ਉਸ ਵਿਚ ਤਾਂ ਸਿੱਖ ਪਰਚਾਰਕ ਵੀ ਸੀ ਤੇ ਸੁਖ ਦਾ ਕਵਿਸ਼ਰ ਮਸੇਰ ਵੀ |" ਹੈਰੀ ਨੇ ਦਲੀਲ ਦਿੱਤੀ |
"ਤੈਨੂੰ ਪਤੈ! ਐਲ। ਸਿੰਘ ਤੇ ਅ। ਸਿੰਘ ਨਾਮ ਦੇ ਦੋ ਬੰਦਿਆਂ ਨੇ ਆਪਣਾ ਸਾਮਾਨ ਤਾਂ ਜਮ੍ਹਾਂ ਕਰਵਾ ਦਿੱਤਾ ਪਰ ਉਹ ਆਪ ਜਹਾਜ਼ 'ਤੇ ਸਵਾਰ ਨਹੀਂ ਹੋਏ |" ਪਾਲ ਨੇ ਹੈਰੀ ਵੱਲ ਦੇਖ ਕੇ ਕਿਹਾ |
"ਅਜੇਹੇ ਕਾਰੇ ਕਰਨ ਵਾਲੇ ਮਨੁਖਤਾ ਦੇ ਅਪਰਾਧੀਆਂ ਦਾ ਕੋਈ ਧਰਮ ਨਹੀਂ ਹੁੰਦਾ, ਉਹਨਾਂ ਕੇਵਲ ਧਰਮ ਦਾ ਬੁਰਕਾ ਪਾਇਆ ਹੁੰਦੈ ਤੇ ਸਿੱਟੇ ਉਸ ਧਰਮ ਨੂੰ ਮੰਨਣ ਵਾਲੀ ਆਮ ਜੰਤਾ ਨੂੰ ਭੁਗਤਣੇ ਪੈਂਦੇ ਐ |" ਦਿਲਾਵਰ ਦਾ ਤਰਕ ਸੀ |
"ਅਸਲ ਵਿਚ ਇਹੋ ਜਿਹੀਆਂ ਦੁਰਘਟਨਾਵਾਂ, ਬਦਲੇ ਅਤੇ ਨਫਰਤ ਦੀ ਭਾਵਨਾ ਵਿਚੋਂ ਪੈਦਾ ਹੁੰਦੀਆਂ | ਜਦੋਂ ਕੋਈ ਸਕਤਿਆਂ ਨਾਲ ਮੁਕਾਬਲਾ ਨਹੀਂ ਕਰ ਸਕਦਾ ਤਾਂ ਦੁਨੀਆਂ ਦਾ ਧਿਆਨ ਖਿੱਚਣ ਲਈ ਵੀ ਇਹੋ ਜਿਹਾ ਕਾਰਾ ਕਰ ਸਕਦਾ ਹੈ | ਜਿਵੇਂ ਇੰਡੀਆ ਵਿਚ ਸਿੱਖਾਂ ਨਾਲ ਬਹੁਤ ਵਧੀਕੀ ਹੋਈ ਹੈ | ਪਹਿਲਾਂ ਦਰਬਾਰ ਸਾਅਬ 'ਤੇ ਹੱਲਾ ਬੋਲ ਕੇ ਅਕਾਲ ਤਖਤ ਢੈਅ ਢੇਰੀ ਕਰ ਦਿੱਤਾ ਤੇ ਓਥੇ ਹਜ਼ਾਰਾਂ ਸ਼ਰਧਾਲੂ ਮਾਰ ਮੁਕਾਏ ਤੇ ਨਾਲ ਹੀ ਸਾਰੇ ਪੰਜਾਬ ਨੂੰ ਫੋਜ ਦੇ ਹਵਾਲੇ ਕਰ ਦਿੱਤਾ, ਜਿਵੇਂ ਸਾਰਾ ਪੰਜਾਬ ਹੀ ਬਾਗ਼ੀ ਹੋ ਗਿਆ ਹੋਵੇ | ਫਿਰ ਇੰਦਰਾ ਗਾਂਧੀ ਦੀ ਮੌਤ ਮਗਰੋਂ ਸਾਰੇ ਇੰਡੀਆ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ |" ਹੈਰੀ ਨੇ ਕਿਹਾ, ਜਿਵੇਂ ਉਹ ਆਪਣੀ ਪਹਿਲਾਂ ਕਹੀ ਗੱਲ ਨੂੰ ਭੁੱਲ ਹੀ ਗਿਆ ਹੋਵੇ, 'ਉਹ ਕਿਉਂ ਕਰਨ ਲੱਗੇ ਇੰਨਾ ਵੱਡਾ ਅਪਰਾਧ' |
"ਮੈਂ ਮੰਨਦਾ ਹਾਂ ਕਿ ਨਵੰਬਰ ਦੇ ਪਹਿਲੇ ਵੀਕ ਇੰਡੀਆ ਵਿਚ, ਦਿੱਲੀ ਤੇ ਹੋਰ ਥਾਵੀਂ, ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਦੇ ਕਤਲ ਹੋਏ ਨੇ, ਇਹ ਕੇਂਦਰ ਸਰਕਾਰ ਦੇ ਮੱਥੇ ਉਪਰ ਇਕ ਕਲੰਕ ਲੱਗਿਆ ਹੈ | ਜਿਨ੍ਹਾਂ ਸਕਰਾਰਾਂ ਕੋਲ ਲੋਕਾਂ ਦੇ ਆਰਥਿਕ ਮਸਲਿਆਂ ਲਈ ਕੋਈ ਸਹੀ ਵਿਉਂਤਬੰਦੀ ਨਹੀਂ ਹੁੰਦੀ, ਉਹਨਾਂ ਕੋਲੋਂ, ਲੋਕਾਂ ਦਾ ਧਿਆਨ ਆਪਣੇ ਮਸਲਿਆਂ ਤੋਂ ਪਾਸੇ ਹਟਾਉਣ ਲਈ, ਇਹੋ ਜਿਹੇ ਹੱਥ ਕੰਡਿਆਂ ਦੀ ਹੀ ਉਮੀਦ ਕੀਤੀ ਜਾ ਸਕਦੀ ਹੈ | ਰਾਜਸੀ ਨੇਤਾ, ਆਪਣੀ ਸਾਖ ਬਚਾਉਣ ਲਈ, ਇਸ ਤੋਂ ਵੀ ਭਿਆਨਕ ਕਾਰੇ ਕਰਵਾ ਸਕਦੇ ਹਨ ਪਰ ਇਹ ਤਾਂ ਸਾਨੂੰ ਸੋਚਣਾ ਪੈਣਾ ਹੈ ਕਿ ਬਿਗਾਨੇ ਦੇਸ਼ ਵਿਚ ਰਹਿੰਦਿਆਂ ਅਸੀਂ ਆਪਣੇ ਵਿਰੋਧ ਨੂੰ ਕਿਵੇਂ ਪ੍ਰਗਟਾਉਣਾ ਹੈ | ਕਿਸੇ ਦੀ ਮੌਤ 'ਤੇ ਲੱਡੂ ਵੰਡਣੇ ਤੇ ਜਹਾਜ਼ਾਂ ਵਿਚ ਬੰਬ ਰੱਖਣੇ, ਇਹ ਵਿਰੋਧ ਦਰਸਾਉਣ ਦਾ ਢੰਗ ਨਹੀਂ ਹੈ |" ਪਾਲ ਨੇ ਤਹੱਮਲ ਨਾਲ ਕਿਹਾ |
"ਇਹ ਬਹਿਸ ਤਾਂ ਹੁੰਦੀ ਰਹੇਗੀ, ਪਹਿਲਾਂ ਪਿਆਲੀ ਪਿਆਲੀ ਚਾਹ ਦੀ ਹੋ ਜਾਵੇ |" ਉਠ ਕੇ ਰਸੋਈ ਵੱਲ ਜਾਂਦਾ ਹੋਇਆ ਸੁਖਦੇਵ ਬੋਲਿਆ |
"ਸੁਖ, ਤੂੰ ਬੈਠ! ਦਰਸ਼ਨਾ ਦੇ ਆਉਣ 'ਤੇ ਚਾਹ ਪੀ ਲਵਾਂਗੇ |" ਹੈਰੀ ਨੇ ਰਸਮੀ ਜਿਹੀ ਆਵਾਜ਼ ਵਿਚ ਕਿਹਾ ਪਰ ਸੁਖਦੇਵ ਮੁੜਿਆ ਨਹੀਂ, ਉਸ ਨੇ ਕਿਟਲੀ ਲਿਆ ਕੇ ਪਲੱਗ ਕਰ ਦਿੱਤੀ ਤੇ ਆਪ ਸੋਫੇ ਉਪਰ ਬੈਠ ਗਿਆ |
"ਅਸੀਂ ਆਪਣੇ ਪਿਛੋਕੜ ਨੂੰ ਭੁੱਲ ਕੇ ਆਪੋ ਵਿਚ ਹੀ ਲੜ ਲੜ ਮਰਨ ਲੱਗੇ ਹਾਂ ਤੇ ਨਸਲਵਾਦੀਆਂ ਨੂੰ ਸਾਡੇ ਖਲਾਫ ਨਫਰਤੀ ਪਰਚਾਰ ਕਰਨ ਦਾ ਮੌਕਾ ਵੀ ਆਪ ਹੀ ਦੇ ਰਹੇ ਹਾਂ |" ਦਿਲਾਵਰ ਗੱਲ ਕਰ ਰਿਹਾ ਸੀ |
"ਦਿਲਾਵਰ ਨੇ ਪਿਛੋਕੜ ਨੂੰ ਭੁੱਲਣ ਦੀ ਗੱਲ ਕੀਤੀ ਐ | ਜੇ ਪਿਛੋਕੜ ਵਿਚ ਜਾਈਏ ਤਾਂ ਜਦੋਂ ਵੀ ਇੰਡੀਆ ਵਿਚ ਕੋਈ ਰਾਜਨੀਤਕ ਉਥੱਲ ਪੁਥੱਲ ਹੋਈ ਜਾਂ ਕੋਈ ਰਾਜਸੀ ਲਹਿਰ ਚੱਲੀ ਐ ਤਾਂ ਉਸ ਦਾ ਅਸਰ ਇੱਥੇ ਰਹਿੰਦੇ ਹਿੰਦੀਆਂ 'ਤੇ ਵੀ ਪੈਂਦਾ ਰਿਹਾ ਐ | ਪਹਿਲੀਆਂ ਵਿਚ ਤਾਂ ਸਾਰੇ ਹਿੰਦੀਆਂ ਨੂੰ ਹਿੰਦੂ ਹੀ ਕਿਹਾ ਜਾਂਦਾ ਸੀ ਤੇ ਉਹ ਏਥੇ ਰਹਿੰਦੇ ਵੀ ਰਲ ਮਿਲ ਕੇ ਸੀ | ਉਹਨਾਂ ਨੇ ਆਪਣੇ ਹੱਕਾਂ ਪ੍ਰਤੀ ਇਕ ਮੁੱਠ ਹੋ ਕੇ ਜਦੋ ਜਹਿਦਾਂ ਵੀ ਬਹੁਤ ਕੀਤੀਆਂ ਤੇ ਸਫਲ ਵੀ ਹੋਏ ਪਰ ਸੰਨ ਸੰਤਾਲੀ ਦੇ ਬਟਵਾਰੇ ਨੇ ਉਹਨਾਂ ਵਿਚ ਇਕ ਤ੍ਰੇੜ ਪਾ ਦਿੱਤੀ | ਉਹ ਹਿੰਦੂ ਤੋਂ ਇੰਡੋ-ਕੈਨੇਡੀਅਨ ਤੇ ਪਾਕਿ-ਕੈਨੇਡੀਅਨ ਬਣ ਗਏ | ਫਿਰ ਇੰਡੀਆ ਵਿਚਲੀਆਂ ਰਾਜਸੀ ਪਾਰਟੀਆਂ ਅਨੁਸਾਰ ਇੱਥੇ ਵੀ ਲੋਕ ਪਾਰਟੀਆਂ ਵਿਚ ਵੰਡੇ ਗਏ | ਹਰ ਕੋਈ ਆਪਣੀ ਪਾਰਟੀ ਦੇ ਹਿਤ ਬਾਰੇ ਸੋਚਣ ਲੱਗਾ ਤੇ ਪਾੜੇ ਪੈਣ ਲੱਗੇ | ਇੰਡੀਆ ਵਿਚ ਨਕਸਲਬਾੜੀ ਲਹਿਰ ਚੱਲੀ ਤਾਂ ਉਸ ਦਾ ਸੇਕ ਇੱਥੇ ਵੀ ਪਹੁੰਚ ਗਿਆ | ਨਿਰੰਕਾਰੀ ਕਲੇਸ਼ ਨੇ ਇੱਥੋਂ ਦੇ ਸਿੱਖਾਂ ਵਿਚ ਕਲੇਸ਼ ਪਾ ਦਿੱਤਾ | ਪੰਜਾਬ ਵਿਚ ਧਰਮ ਯੁੱਧ ਮੋਰਚਾ ਲੱਗਾ ਤਾਂ ਇੱਥੇ ਵੀ ਧਰਮ ਦੇ ਨਾਂ 'ਤੇ ਵੰਡੀਆਂ ਪੈਣ ਲਗੀਆਂ ਤੇ ਹੁਣ ਜਿਹੜੀ ਇਹ ਨਵੀਂ ਖਾਲਸਤਾਨੀ ਲਹਿਰ ਉਠ ਖੜ੍ਹੀ ਹੋਈ ਐ, ਇਸ ਕਾਰਨ ਇੱਥੋਂ ਦੇ ਹਿੰਦੂ ਸਿੱਖਾਂ ਵਿਚ ਪਾੜੇ ਹੋਰ ਵਧ ਗਏ ਐ |" ਸੁਖਦੇਵ ਨੇ ਸੰਖੇਪ ਵਿਚ ਪਿਛਲਾ ਇਤਹਾਸ ਕਹਿ ਦਿੱਤਾ |
"ਪਤਾ ਨਹੀਂ ਕਿਹੋ ਜਿਹੀ ਹਵਾ ਵਗ ਪਈ ਏ ਕਿ ਸਾਰਾ ਭਾਈਚਾਰਾ ਹੀ ਲੀਰੋ ਲੀਰ ਹੋਇਆ ਪਿਆ | ਭਾਈਚਾਰੇ ਵਿਚ ਪਈ ਫੁੱਟ ਦੇਖ ਕੇ ਨਸਲਵਾਦੀਆਂ ਦੇ ਹੌਸਲੇ ਹੋਰ ਵਧ ਗਏ ਨੇ | ਇਕ ਪਾਸੇ ਜਿਹਲ ਵਿਚ ਬੈਠਾ ਉਹਨਾਂ ਦਾ ਲੀਡਰ ਸਿੱਖਾਂ ਨੂੰ ਹਲਾਸ਼ੇਰੀ ਦੇ ਰਿਹਾ ਏ ਕਿ ਅਸੀਂ ਥੋਡੇ ਕਾਜ਼ ਦੀ ਸਪੋਰਟ ਕਰਦੇ ਹਾਂ ਤੇ ਦੂਜੇ ਪਾਸੇ ਉਸ ਦੇ ਚੇਲੇ ਚਾਟੜਿਆਂ ਵੱਲੋਂ ਇੱਥੇ, ਖਾਸ ਖਾਸ ਥਾਈਂ, ਪਰਚੇ ਵੰਡੇ ਗਏ ਨੇ, ਜਿੰਨ੍ਹਾਂ ਵਿਚ ਲਿਖਿਆ ਹੋਇਆ ਹੈ ਕਿ 'ਸ਼ਿਕਾਰ ਕਰਨ ਲਈ ਇੰਡੋਕਨੇਡੀਅਨ ਵਧੀਆ ਸ਼ਿਕਾਰ ਹਨ, ਜਿੰਨ੍ਹਾਂ ਦਾ ਸ਼ਿਕਾਰ, ਵੈਲਫੇਅਰ ਦਫਤਰ, ਇੰਮੀਗ੍ਰੇਸ਼ਨ ਦਫਤਰ, ਬੈਰੀ ਫਾਰਮਾਂ, ਜ਼ੈਲਰ, ਕੇ ਮਾਰਟ, ਲੀਕਰ ਸਟੋਰ ਤੇ ਗੁਰਦਵਾਰਿਆਂ ਵਿਚ ਅਸਾਨੀ ਨਾਲ ਕੀਤਾ ਜਾ ਸਕਦਾ ਹੈ |' ਹੈ ਕੋਈ ਆਪਣਾ ਵਸੇਬਾ ਇੱਥੇ ਰਹਿਣ ਦਾ!" ਹੈਰੀ ਨੇ ਨਵੀਂ ਜਾਣਕਾਰੀ ਦਿੱਤੀ |
ਇਕ ਨਸਲਵਾਦੀ ਜੱਥੇਬੰਦੀ, ਕੂ ਕਲਕਸ ਕਲੈਨ, ਦੇ ਜਿਹਲ ਵਿਚ ਬੈਠੇ ਲੀਡਰ ਦਾ ਬਿਆਨ ਤਾਂ ਉਹਨਾਂ ਨੇ ਅਖਬਾਰਾਂ ਵਿਚ ਪੜ੍ਹਿਆ ਹੋਇਆ ਸੀ ਪਰ ਇਸ ਪਰਚੇ ਬਾਰੇ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਸੀ | ਸੁਖਦੇਵ ਨੇ ਹੈਰਾਨ ਹੋ ਕੇ ਪੁੱਛਿਆ, "ਤੂੰ ਕਿੱਥੋਂ ਸੁਣੀ ਐ ਇਹ ਗੱਲ?"
"ਇਹ ਗੱਲ ਮੈਂ ਸੁਣੀ ਨਹੀਂ | ਸੰਘਰਸ਼ ਸੰਮਤੀ ਦੇ ਪਰਧਾਨ, ਚਰਨ ਗਿੱਲ, ਕੋਲ ਹੈ ਇਹ ਪਰਚਾ | ਮੈਂ ਆਪ ਪੜ੍ਹਿਆ ਏ | ਬੜਾ ਕੁਝ ਹੋਰ ਲਿਖਿਆ ਏ ਉਸ ਵਿਚ, ਮੈਂ ਤਾਂ ਉਸ ਵਿਚਲਾ ਇਕੋ ਪੈਰਾ ਹੀ ਦੱਸਿਆ ਏ ਤੁਹਾਨੂੰ |" ਹੈਰੀ ਨੇ ਬੜੇ ਭਰੋਸੇ ਨਾਲ ਕਿਹਾ |
"ਨਸਲਵਾਦੀਆਂ ਦੇ ਹੌਸਲੇ ਤਾਂ ਵਧਣੇ ਹੀ ਹੋਏ, ਜਦੋਂ ਸਾਡੇ ਵਿਚੋਂ ਹੀ ਕੁਝ ਲੋਕ ਨਸਲਵਾਦੀਆਂ ਵਾਲਾ ਰੋਲ ਨਿਭਾ ਰਹੇ ਨੇ | ਉਹ ਕਦੇ ਤਿਰੰਗਾ ਤੇ ਸਵਿਧਾਨ ਸਾੜਦੇ ਹਨ ਤਾਂ ਕਿਧਰੇ ਹਿੰਦੂਆਂ ਦੇ ਬਾਈਕਾਟ ਦਾ ਸੱਦਾ ਦਿੰਦੇ ਹਨ | ਕਦੀ ਕਿਸੇ ਸੰਸਥਾ ਦੇ ਸਮਾਗਮ ਉਤੇ ਜਾ ਕਬਜ਼ਾ ਕਰਦੇ ਨੇ ਤੇ ਕਦੀ ਕਿਸੇ ਦੇ ਘਰ ਜਾ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਹਨ | ਸਿਆਣਪ ਵਾਲੀ ਗੱਲ ਤਾਂ ਸੁਣਦੇ ਹੀ ਨਹੀਂ | ਦਲੀਲ ਨੂੰ ਦੁਸ਼ਮਣੀ ਸਮਝਿਆ ਜਾ ਰਿਹਾ ਹੈ |" ਪਾਲ ਨੇ ਗੁਸੇ ਨਾਲ ਕਿਹਾ | ਉਹ ਕੁਝ ਹੋਰ ਵੀ ਕਹਿਣ ਲੱਗਾ ਸੀ ਕਿ ਦਿਲਾਵਰ ਵਿਚੋਂ ਹੀ ਬੋਲ ਪਿਆ, "ਕੱਲ੍ਹ ਰੰਜ ਹੁਰੀਂ ਪਾਲ ਦੇ ਘਰ ਆ ਕੇ ਇਸ ਨੂੰ ਧਮਕੀਆਂ ਦੇ ਕੇ ਗਏ ਐ | ਰਾਜ ਵੀ ਉਹਨਾਂ ਨਾਲ ਸੀ |"
"ਅੱਛਾ! ਇਹ ਤਾਂ ਬਹੁਤ ਮਾੜੀ ਗੱਲ ਹੋਈ ਐ |" ਸੁਖਦੇਵ ਨੇ ਹੈਰਾਨ ਹੁੰਦਿਆਂ ਕਿਹਾ |
"ਮੈਨੂੰ ਲਗਦਾ, ਕਿਟਲੀ ਵਿਚ ਪਾਣੀ ਉਬਲਨ ਲੱਗ ਪਿਐ |" ਹੈਰੀ ਨੇ ਗੱਲ ਤੋਂ ਪਾਸੇ ਜਾਂਦਿਆਂ ਕਿਹਾ | ਉਸ ਦੇ ਸਾਹਮਣੇ ਸਟੂਲ 'ਤੇ ਪਈ ਕਿਟਲੀ ਦੇ ਮੂੰਹ ਵਿਚੋਂ ਭਾਫ ਨਿਕਲ ਰਹੀ ਸੀ |
"ਚਲੋ, ਪਹਿਲਾਂ ਚਾਹ ਪੀ ਲਈਏ | ਹੈਰੀ, ਤੂੰ ਕਿਚਨ 'ਚੋਂ ਟਰੇਅ ਚੁੱਕ ਲਿਆ, ਜਿਹੜੀ ਕਿਚਨ-ਕਾਊਂਟਰ 'ਤੇ ਪਈ ਐ |" ਇਹ ਕਹਿ ਕੇ ਸੁਖਦੇਵ ਉਠਿਆ ਤੇ ਪਲੱਗ ਕੱਢ ਕੇ ਕਿਟਲੀ ਕੌਫੀ ਟੇਬਲ 'ਤੇ ਲਿਆ ਰੱਖੀ | ਹੈਰੀ ਨੇ ਵੀ ਟਰੇਅ ਲਿਆ ਕੇ ਕੌਫੀ ਟੇਬਲ ਉਪਰ ਰੱਖ ਦਿੱਤੀ, ਜਿਸ ਵਿਚ ਚਾਹ ਦਾ ਸਾਮਾਨ ਅਤੇ ਬਿਸਕੁਟਾਂ ਦੀ ਇਕ ਪਲੇਟ ਪਈ ਹੋਈ ਸੀ | ਪਿਆਲੀਆਂ ਵਿਚ ਉਬਲਿਆ ਪਾਣੀ ਪਾਉਂਦਾ ਹੋਇਆ ਸੁਖਦੇਵ ਬੋਲਿਆ, "ਖੰਡ ਦੁੱਧ ਆਪਣੀ ਮਰਜੀ ਦਾ ਪਾ ਲਵੋ | ਹਾਂ! ਪਾਲ, ਰੰਜ ਤੇਰੇ ਘਰ ਗਿਆ, ਮੈਨੂੰ ਤਾਂ ਇਹ ਸੁਣ ਕੇ ਹੀ ਹੈਰਾਨੀ ਹੋਈ ਐ! ਕੀ ਕਿਹਾ ਸੀ ਤੈਨੂੰ ਉਹਨਾਂ ਨੇ | ਨਿੱਕ ਵੀ ਨਾਲ ਸੀ ਉਹਨਾਂ ਦੇ?"
"ਨਹੀਂ, ਇਕ ਲੰਮਾ ਜਿਹਾ ਬੰਦਾ ਹੋਰ ਸੀ ਨਾਲ, ਮੈਂ ਨਹੀਂ ਜਾਣਦਾ ਉਸ ਨੂੰ, ਨਵਾਂ ਹੀ ਆਇਆ ਲਗਦੈ | ਤੈਨੂੰ ਪਤਾ ਹੀ ਐ, ਰੰਜ ਨੂੰ ਦੇਖ ਕੇ ਤਾਂ ਮੈਨੂੰ ਉਂਝ ਹੀ ਚਿਹ ਚੜ੍ਹ ਜਾਂਦੀ ਐ | ਚੁਫੇਰਗੜ੍ਹੀਆ, ਧੋਖੇਬਾਜ | ਤੇ ਉਹ ਮੇਰੇ ਘਰ ਚੰਦਾ ਮੰਗਣ ਆ ਗਿਆ | ਕਹਿੰਦਾ, 'ਅਸੀਂ ਦਿੱਲੀ ਦੀਆਂ ਸਿੱਖ ਵਿਧਵਾਵਾਂ ਦੀ ਸਹਾਇਤਾ ਲਈ ਇਕ ਰਿਲੀਫ ਕਮੇਟੀ ਬਣਾਈ ਹੈ, ਇਸ ਵਿਚ ਤੁਹਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ |' ਮੈਂ ਕਹਿ ਦਿੱਤਾ, 'ਜਿਹੜਾ ਯੋਗਦਾਨ ਪਾਉਣਾ ਸੀ ਉਹ ਮੈਂ ਇੰਡੋਕੈਨੇਡੀਅਨ ਫਰੈਂਡਸ਼ਿਪ ਸੁਸਾਇਟੀ ਵੱਲੋਂ ਬਣਾਈ ਰੀਲੀਫ ਫੰਡ ਕਮੇਟੀ ਵਿਚ ਪਾ ਚੁੱਕਿਆ ਹਾਂ ਤੇ ਜੇ ਹੋਰ ਸਹਾਇਤਾ ਕਰਨੀ ਵੀ ਹੋਈ ਤਾਂ ਅਸੀਂ ਉਸੇ ਕਮੇਟੀ ਰਾਹੀਂ ਕਰਾਂਗੇ |' ਫਿਰ ਮੈਂ ਪੁੱਛ ਲਿਆ, 'ਕਮਿਉਨਟੀ ਨੇ ਇਕ ਰੀਲੀਫ ਫੰਡ ਕਮੇਟੀ ਬਣਾਈ ਹੋਈ ਤਾਂ ਹੈ | ਤੁਸੀਂ ਹੋਰ ਕਿਹੜੀ ਕਮੇਟੀ ਲਈ ਫੰਡ ਉਗਰਾਹ ਰਹੇ ਹੋ? ਬੱਸ, ਇਸੇ ਗੱਲੋਂ ਹੀ ਉਹ ਲੋਹਾ ਲਾਖਾ ਹੋ ਗਿਆ ਤੇ ਅਵਾ ਤਵਾ ਬੋਲਦੇ ਨੇ ਮੈਨੂੰ ਕੌਮ ਦਾ ਗ਼ੱਦਾਰ ਕਹਿ ਦਿੱਤਾ | ਮੈਂ ਵੀ ਅੱਗੋਂ ਕਹਿ ਦਿੱਤਾ, 'ਚੋਰ ਤੇ ਸਮਗਲਰ ਕੌਮਾਂ ਦੇ ਗੱਦਾਰ ਹੁੰਦੇ ਐ, ਮਿਹਨਤ ਕਰ ਕੇ ਖਾਣ ਵਾਲੇ ਨਹੀਂ |' ਇਸ ਗੱਲ 'ਤੇ ਉਸ ਨੂੰ ਮਿਰਚਾਂ ਲੜੀਆਂ ਤੇ ਉਹ ਭੁੜਕ ਪਿਆ | ਮੈਨੂੰ ਗਾਲ਼ਾਂ ਕੱਢੀਆਂ ਤੇ ਮਾਰਨ ਤੱਕ ਦੀਆਂ ਧਮਕੀਆਂ ਦੇਣ ਲੱਗਾ | ਮੈਂ ਪੁਲੀਸ ਨੂੰ ਫੋਨ ਕਰਨ ਹੀ ਲੱਗਾ ਸੀ ਕਿ ਰਾਜ ਉਹਨਾਂ ਨੂੰ ਉੱਥੋਂ ਲੈ ਗਿਆ |"
"ਇਕ ਵਾਰ ਰੰਜ ਇੰਡੀਆ ਤੋਂ ਹਾਰਮੋਨੀਅਮ ਵਿਚ ਅਫੀਮ ਛੁਪਾ ਕੇ ਲਿਆਇਆ ਸੀ ਤੇ ਇਹ ਗੱਲ ਇਸ ਨੇ ਮੈਨੂੰ ਬੜੇ ਮਾਨ ਨਾਲ ਦੱਸੀ ਸੀ | ਮੈਂ ਤਾਂ ਉਦੋਂ ਤੋਂ ਹੀ ਇਸ ਦੇ ਕਾਰਿਆਂ ਨੂੰ ਸਮਝ ਕੇ ਇਸ ਕੋਲੋਂ ਪਾਸਾ ਵੱਟਣ ਲੱਗ ਪਿਆ ਸੀ |" ਸੁਖਦੇਵ ਨੇ ਨਵੀਂ ਗੱਲ ਦੱਸੀ |
"ਆਪਣੀ ਕਮਿਉਨਟੀ ਵਿਚਲਾ ਜਿਹੜਾ ਵੀ ਭੈੜਾ ਅਨਸਰ ਸੀ, ਕੇਸ ਦਾੜ੍ਹੀ ਰੱਖ ਕੇ ਇਸ ਲਹਿਰ ਵਿਚ ਘੁਸ ਪੈਠ ਕਰ ਗਿਆ ਏ | ਹਿੱਪੀਆਂ ਵਾਂਗੂ ਰਹਿੰਦੇ ਨਿੱਕ ਵਰਗਿਆਂ ਨੇ ਵੀ ਅਮ੍ਰਿਤ ਛਕ ਕੇ ਪੂਰਨ ਖਾਲਸੇ ਦਾ ਰੂਪ ਧਾਰਨ ਕਰ ਲਿਆ ਏ | ਸਭ ਨੂੰ ਪਤਾ ਏ ਕਿ ਉਹ ਸਮੈਕ ਲਿਆਉਂਦਾ ਫੜਿਆ ਗਿਆ ਸੇ |" ਹੈਰੀ ਵੀ ਆਪਣੀ ਗੱਲ ਕਹਿ ਗਿਆ |
"ਹੁਣ ਕਿਹੜਾ ਉਹ ਇਹ ਕੰਮ ਕਰਨੋ ਹਟ ਗਿਐ | ਉਹ ਤੇ ਰੰਜ ਮਿਲ ਕੇ ਇਹੋ ਕੰਮ ਕਰਦੇ ਐ, ਪਹਿਰਾਵਾ ਹੀ ਬਦਲਿਐ |" ਸੁਖਦੇਵ ਉਹਨਾਂ ਦੇ ਕਾਰਿਆ ਨੂੰ ਜਾਣਦਾ ਸੀ |
ਗੱਲ ਨੂੰ ਆਪਣੇ ਹੱਥ ਲੈਂਦਿਆਂ ਦਿਲਾਵਰ ਬੋਲ ਪਿਆ, "ਇਹਨਾਂ ਦੀਆਂ ਗੱਲਾਂ ਛੱਡੋ, ਇਹੋ ਜਿਹੇ ਲੋਕ ਤਾਂ ਜਿਹੜਾ ਪਾਸਾ ਭਾਰਾ ਦਿਸੇ ਉਧਰ ਹੀ ਉੱਲਰ ਜਾਂਦੇ ਨੇ | ਆਪਾਂ ਆਪਣੀ ਗੱਲ ਕਰੀਏ ਜਿਹੜੀ ਕਰਨ ਆਏ ਸੀ |" ਇਹ ਕਹਿ ਕੇ ਦਿਲਾਵਰ ਸੁਖਦੇਵ ਦੇ ਚਿਹਰੇ ਵੱਲ ਦੇਖਣ ਲੱਗਾ ਅਤੇ ਫਿਰ ਬੋਲਿਆ, "ਸੁਖ, ਰੰਜ ਹੁਰੀਂ ਪਾਲ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਐ | ਅਸੀਂ ਸਮਝਦੇ ਹਾਂ ਕਿ ਉਹ ਇਸ ਉਪਰ ਹਮਲਾ ਕਰ ਵੀ ਸਕਦੇ ਐ ਕਿਉਂਕਿ ਪਹਿਲਾਂ ਹੀ ਉਹਨਾਂ ਦੇ ਹੌਸਲੇ ਵਧੇ ਹੋਏ ਨੇ | ਪਹਿਲਾਂ ਉਹਨਾਂ ਨੇ ਇਕ ਲੇਖਕ ਦੀ ਕੁੱਟ ਮਾਰ ਕੀਤੀ ਤੇ ਫਿਰ ਉਹਨਾਂ ਇਕ ਨਾਮੀ ਵਕੀਲ ਦਾ ਸਿਰ ਪਾੜ ਦਿੱਤਾ | ਉਹਨਾਂ ਦਾ ਕਸੂਰ ਇਹ ਸੀ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਫਿਰਕਾਪ੍ਰਸਤੀ ਦਾ ਵਿਰੋਧ ਕਰਦੇ ਸਨ | ਉਹਨਾਂ ਦਾ ਮੁਕਾਬਲਾ ਕਰਨ ਲਈ ਸਾਨੂੰ ਵੀ ਕੁਝ ਕਰਨਾ ਚਾਹੀਦੈ, ਇੰਝ ਹੱਥ 'ਤੇ ਹੱਥ ਰਖ ਕੇ ਬੈਠਿਆਂ ਨਹੀਂ ਸਰਨਾ |"
"ਇਸ ਘਟਨਾ ਦੀ ਪੁਲੀਸ ਨੂੰ ਰਿਪੋਰਟ ਕਰਨੀ ਚਾਹੀਦੀ ਐ |" ਸੁਖਦੇਵ ਨੇ ਸੰਖੇਪ ਜਿਹਾ ਉੱਤਰ ਦਿੱਤਾ |
"ਪਹਿਲਾਂ ਵੀ ਪੁਲੀਸ ਵਿਚ ਰਿਪੋਰਟਾਂ ਹੋਈਆਂ ਨੇ ਪਰ ਕੀ ਬਣਿਆ? ਉੱਥੇ ਰਿਪੋਰਟ ਕੀਤਿਆਂ ਕੁਝ ਨਹੀਂ ਬਣਨਾ | ਪੁਲੀਸ ਤਾਂ ਰੰਜ ਕੋਲੋਂ ਪੁੱਛ ਪੜਤਾਲ ਕਰਕੇ ਤੇ ਉਸ ਨੂੰ ਮੇਰੇ ਘਰ ਤੋਂ ਦੂਰ ਰਹਿਣ ਦਾ ਹੁਕਮ ਸੁਣਾਕੇ ਚੁੱਪ ਕਰ ਜਾਵੇਗੀ | ਇਹ ਇਕੱਲੇ ਰੰਜ ਦਾ ਕੇਸ ਨਹੀਂ ਹੈ | ਸਾਨੂੰ ਉਹਨਾਂ ਫਿਰਕੂ ਤਾਕਤਾਂ ਵਿਰੁੱਧ ਸਰਗਰਮ ਹੋਣ ਦੀ ਲੋੜ ਹੈ, ਜਿਹੜੀਆਂ ਸਾਡੇ ਵਿਚ ਪਾੜੇ ਪਾ ਰਹੀਆਂ ਹਨ |" ਪਾਲ ਨੂੰ ਸੁਖਦੇਵ ਦਾ ਸੁਝਾ ਚੰਗਾ ਨਹੀਂ ਸੀ ਲੱਗਾ |
"ਇਹ ਚੰਗੀ ਗੱਲ ਐ, ਸਰਗਰਮ ਹੋਣਾ ਚਾਹੀਦੈ |" ਸੁਖਦੇਵ ਨੇ ਸਰਸਰੀ ਲਹਿਜ਼ੇ ਵਿਚ ਕਿਹਾ |
"ਤੇ ਤੂੰ ਨਹੀਂ ਸਰਗਰਮ ਹੋਣਾ?" ਦਿਲਾਵਰ ਨੇ ਸਿੱਧਾ ਹੀ ਸੁਖਦੇਵ ਕੋਲੋਂ ਪੁੱਛ ਲਿਆ |
"ਮੇਰੇ ਲਈ ਹੁਣ ਮੁਸ਼ਕਲ ਐ |" ਸੁਖਦੇਵ ਨੇ ਜਵਾਬ ਦਿੱਤਾ |
"ਕਿਹੜੀ ਮੁਸ਼ਕਲ ਐ? ਜੈਰੀ ਦੀ ਮੌਤ ਮਗਰੋਂ ਤੂੰ ਸਰਗਰਮ ਨਹੀਂ ਸੀ ਰਿਹਾ ਤਾਂ ਗੱਲ ਦੀ ਸਮਝ ਆਉਂਦੀ ਸੀ ਪਰ ਹੁਣ ਕੀ ਔਖ ਹੈ?" ਦਿਲਾਵਰ ਨੇ ਪੁੱਛਿਆ |
"ਪੰਮ ਤਾਂ ਭਾਵੇਂ ਯੂਨੀਵਰਸਿਟੀ ਨੂੰ ਬੱਸ 'ਤੇ ਚਲੀ ਜਾਂਦੀ ਐ ਪਰ ਸੈਕੰਡਰੀ ਸਕੂਲ ਘਰ ਤੋਂ ਦੂਰ ਹੋਣ ਕਰਕੇ ਕਿੰਦ ਨੂੰ ਸਕੂਲ ਛੱਡਣ ਤੇ ਲਿਉਣ ਦੀ ਡਿਉਟੀ ਮੇਰੀ ਐ ਅਤੇ ਮੈਨੂੰ ਉਹਨਾਂ ਦੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਪੈਂਦੈ | ਦਰਸ਼ਨਾ ਨੂੰ ਤਾਂ ਆਪਣੇ ਸਕੂਲ ਦੇ ਕੰਮ ਤੋਂ ਹੀ ਵਿਹਲ ਨਹੀਂ ਮਿਲਦੀ | ਮੈਂ ਕੁਝ ਸਮਾਂ ਆਪਣੇ ਬੱਚਿਆਂ ਨੂੰ ਦੇਣਾ ਬਹੁਤ ਜਰੂਰੀ ਸਮਝਦਾ ਹਾਂ, ਸੋ ਅੱਗੇ ਲੱਗ ਕੇ ਕੰਮ ਕਰਨਾ ਤਾਂ ਮੇਰੇ ਲਈ ਮੁਸ਼ਕਲ ਐ |" ਸੁਖਦੇਵ ਨੇ ਆਪਣਾ ਪੱਖ ਦੱਸਿਆ |
"ਬੱਚੇ ਤਾਂ ਸਾਰਿਆਂ ਦੇ ਹੀ ਹੈਗੇ ਆ ਤੇ ਉਹਨਾਂ ਵੱਲ ਧਿਆਨ ਦੇਣਾ ਵੀ ਬਣਦਾ ਪਰ ਬੱਚਿਆਂ ਦੇ ਨਾਲ ਨਾਲ ਸਾਡੀਆਂ ਸਮਾਜ ਪ੍ਰਤੀ ਵੀ ਕੁਝ ਜ਼ਿਮੇਵਾਰੀਆਂ ਨੇ, ਉਹਨਾਂ ਲਈ ਕੁਝ ਤਾਂ ਵਿਹਲ ਕੱਢਣੀ ਚਾਹੀਦੀ ਹੈ |" ਪਾਲ ਨੇ ਨਿਹੋਰਾ ਮਾਰਿਆ |
"ਸੁਖ, ਤੇਰਾ ਬੱਚਿਆਂ ਵਾਲਾ ਬਹਾਨਾ ਨਹੀਂ ਚੱਲਣਾ, ਆਪਾਂ ਜਿਹੜਾ ਵੀ ਕੋਈ ਸਲਾਹ ਮਸ਼ਵਰਾ ਜਾਂ ਕੰਮ ਕਰਨਾ, ਉਹ ਬਹੁਤਾ ਵੀਕ ਐਂਡ 'ਤੇ ਹੀ ਕਰਨਾ ਹੈ | ਵੀਕ ਐਂਡ 'ਤੇ ਤਾਂ ਸਮਾਂ ਕੱਢਿਆ ਜਾ ਸਕਦਾ ਹੈ |" ਦਿਲਾਵਰ ਨੇ ਸੁਖਦੇਵ ਨੂੰ ਮਨਾਉਣ ਦੇ ਢੰਗ ਨਾਲ ਕਿਹਾ |
"ਸਟੋਰ ਦਾ ਕੰਮ ਤਾਂ ਬੌਬੀ ਨੇ ਸੰਭਾਲ ਲਿਆ ਏ | ਹੁਣ ਤੇਰੀ ਸਾਲ਼ੀ ਕੋਲ ਵੀ ਵਿਹਲ ਹੈਗੀ ਏ | ਉਹ ਵੀ ਕਿੰਦ ਨੂੰ ਕਦੀ ਕਦਾਈਂ ਸਕੂਲ ਛੱਡ ਸਕਦੀ ਏ ਜਾਂ ਸਕੂਲੋਂ ਲਿਆ ਸਕਦੀ ਏ |" ਹੈਰੀ ਨੇ ਨਵਾਂ ਸੁਝਾ ਦਿੱਤਾ |
"ਤੂੰ ਤਾਂ ਇਸ ਤਰ੍ਹਾਂ ਕਿਹੈ ਜਿਵੇਂ ਸਰਬੀ ਸਾਡੇ ਘਰ ਵਿਚ ਹੀ ਰਹਿੰਦੀ ਹੋਵੇ | ਜੇ ਬੌਬੀ ਸਟੋਰ 'ਤੇ ਜਾਣ ਲੱਗ ਪਿਐ ਤਾਂ ਸਰਬੀ ਨੇ ਸਟੋਰ 'ਤੇ ਜਾਣਾ ਤਾਂ ਨਹੀਂ ਛੱਡ ਦਿੱਤਾ |" ਹੈਰੀ ਵੱਲ ਕੈਰੀ ਅੱਖ ਝਾਕਦਾ ਸੁਖਦੇਵ ਬੋਲਿਆ |
ਬੌਬੀ ਦੇ ਸਟੋਰ ਨੂੰ ਸੰਭਾਲ ਲੈਣ ਦੀ ਗੱਲ ਸੁਣ ਕੇ ਚਿਲਾਵਰ ਨੂੰ ਜਿਵੇਂ ਕੋਈ ਭੁੱਲੀ ਵਿਸਰੀ ਗੱਲ ਯਾਦ ਆ ਗਈ ਹੋਵੇ, ਉਸ ਨੇ ਸੁਖਦੇਵ ਕੋਲੋਂ ਪੁੱਛਿਆ, "ਮੈਂ ਸੁਣਿਆ ਏ ਕਿ ਬੌਬੀ ਨੂੰ ਸਕੂਲ ਵਿਚੋਂ ਕੱਢ ਦਿੱਤਾ ਸੀ?"
"ਹਾਂ, ਕੱਢਿਆ ਤਾਂ ਦੋ ਵੀਕਾਂ ਲਈ ਸੀ ਪਰ ਫਿਰ ਉਹ ਅਗਾਂਹ ਪੜ੍ਹਨ ਤੋਂ ਹੀ ਇਨਕਾਰੀ ਹੋ ਗਿਐ |" ਸੁਖਦੇਵ ਨੇ ਬੁਝੇ ਜਿਹੇ ਮਨ ਨਾਲ ਦੱਸਿਆ |
"ਹੁਣ ਫਿਰ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਸੀ? ਉਹ ਇਕ ਵਾਰ ਪਹਿਲਾਂ ਵੀ ਸਕੂਲ ਵਿਚੋਂ ਸਸਪੈਂਡ ਹੋਇਆ ਸੀ |" ਦਿਲਾਵਰ ਨੇ ਸਕੂਲੋਂ ਕੱਢੇ ਜਾਣ ਦਾ ਕਾਰਨ ਜਾਣਨਾ ਚਾਹਿਆ |
"ਆਪਾਂ ਨੂੰ ਪਤਾ ਤਾਂ ਹੈ ਕਿ ਬੌਬੀ ਜਜ਼ਬਾਤੀ ਤੇ ਗੁੱਸੇਖੋਰ ਬਹੁਤ ਐ, ਉਸ ਦੇ ਟੀਚਰ ਨੇ ਉਸ ਨੂੰ ਕੋਈ ਉਲਟੀ ਸਿੱਧੀ ਗੱਲ ਕਹਿ ਦਿੱਤੀ ਹੋਣੀ ਐ | ਉਹ ਸਹਿਣ ਨਾ ਕਰ ਸਕਿਆ ਤੇ ਟੀਚਰ ਦੇ ਗਲ਼ ਪੈ ਗਿਆ |" ਸੁਖਦੇਵ ਨੇ ਨਾ ਚਾਹੁੰਦਿਆਂ ਹੋਇਆਂ ਵੀ ਇੰਨੀ ਕੁ ਗੱਲ ਦੱਸ ਦਿੱਤੀ | ਉਹ ਬੌਬੀ ਬਾਰੇ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਸੀ ਪਰ ਗੱਲ ਤਾਂ ਫਿਰਕਾਪ੍ਰਸਤੀ ਦੀ ਲੀਹ ਤੋਂ ਲਹਿ ਕੇ ਬੌਬੀ ਵਾਲੀ ਲੀਹ 'ਤੇ ਆ ਗਈ ਸੀ | ਦਿਲਾਵਰ ਨੇ ਹਮਦਰਦੀ ਵਜੋਂ ਕਹਿ ਦਿੱਤਾ, "ਉਹ ਅਖੀਰਲੇ ਸਾਲ ਵਿਚ ਸੀ, ਉਸ ਨੂੰ ਸਕੂਲ ਗਰੈਜੂਏਸ਼ਨ ਜਰੂਰ ਕਰ ਲੈਣੀ ਚਾਹੀਦੀ ਸੀ |"
"ਅਸੀਂ ਤਾਂ ਬਹੁਤ ਸਮਝਾਇਆ ਸੀ ਪਰ ਉਹ ਸਕੂਲ ਜਾਣ ਲਈ ਤਿਆਰ ਹੀ ਨਹੀਂ |" ਸੁਖਦੇਵ ਨੇ ਕਿਹਾ |
"ਮੈਂ ਤਾਂ ਕਹਿਨਾਂ, ਪੜ੍ਹਾਈ ਛੱਡ ਕੇ ਉਸ ਨੇ ਠੀਕ ਗੱਲ ਕੀਤੀ ਏ | ਉਹ ਜਦੋਂ ਦਾ ਸਟੋਰ 'ਤੇ ਆਇਆ ਏ, ਬਿਕਰੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਏ |" ਹੈਰੀ ਨੇ ਬੌਬੀ ਦਾ ਪੱਖ ਲਿਆ |
"ਅੱਛਾ! ਉਸ ਵਿਚ ਚੰਗੇ ਬਿਜ਼ਨਿਸਮੈਨ ਵਾਲੀਆਂ ਖੂਬੀਆਂ ਵੀ ਹੈਨ!" ਦਿਲਾਵਰ ਨੇ ਹੈਰਾਨੀ ਜਿਹੀ ਨਾਲ ਕਿਹਾ |
ਦਿਲਾਵਰ ਦੀ ਗੱਲ ਸੁਣ ਕੇ ਹੈਰੀ ਨੂੰ ਬੌਬੀ ਬਾਰੇ ਹੋਰ ਜਾਣਕਾਰੀ ਦੇਣ ਦਾ ਮੌਕਾ ਮਿਲ ਗਿਆ ਤੇ ਉਹ ਹੁੱਬ ਕੇ ਦੱਸਣ ਲੱਗਾ, "ਮੈਂ ਕੱਲ੍ਹ ਹੀ ਗਿਆ ਸੀ ਸਟੋਰ 'ਤੇ ਹਿਸਾਬ ਕਿਤਾਬ ਕਰਨ | ਉਸ ਨੇ ਜਿਹੜੀਆਂ ਗੱਲਾਂ ਮੇਰੇ ਨਾਲ ਕੀਤੀਆਂ, ਉਹਨਾਂ ਤੋਂ ਤਾਂ ਇਹੋ ਜਾਪਦਾ ਏ ਕਿ ਉਸ ਦੇ ਟੀਚੇ ਬਹੁਤ ਉੱਚੇ ਨੇ | ਉਹ ਆਪਣੇ ਕਾਰੋਬਾਰ ਨੂੰ ਬਹੁਤ ਵਧਾ ਲੈਣਾ ਚਾਹੁੰਦਾ ਏ | ਆਪਣੇ ਇਕ ਦੋਸਤ ਨਾਲ ਮਿਲ ਕੇ ਰਿਚਮੰਡ ਵਿਚ ਇਕ ਹੋਰ ਫਰਨੀਚਰ ਸਟੋਰ ਖੋਲ੍ਹਣ ਬਾਰੇ ਤਾਂ ਉਹ ਹੁਣੇ ਤੋਂ ਸੋਚ ਰਿਹਾ ਏ |"
ਸੱਤਰਵਿਆਂ ਦੇ ਅਖੀਰਲੇ ਸਾਲਾਂ ਵਿਚ ਵੈਨਕੂਵਰ ਆਇਆ ਹੋਣ ਕਰਕੇ ਪਾਲ ਨੇ ਜੈਰੀ ਬਾਰੇ ਸੁਣਿਆ ਹੀ ਸੀ ਪਰ ਉਸ ਨੂੰ ਮਿਲਿਆ ਨਹੀਂ ਸੀ | ਇਸ ਕਰਕੇ ਉਸ ਨੂੰ ਬੌਬੀ ਵਿਚ ਜਾਂ ਉਸ ਦੇ ਕਾਰੋਬਾਰ ਵਿਚ ਕੋਈ ਦਿਲਚਸਪੀ ਨਹੀਂ ਸੀ | ਉਸ ਨੂੰ ਉਹਨਾਂ ਦੀਆਂ ਗੱਲਾਂ ਤੋਂ ਖਿਝ ਆ ਰਹੀ ਸੀ | ਅਖੀਰ ਉਹ ਬੋਲ ਹੀ ਪਿਆ, "ਜਾਰ! ਤੁਸੀਂ ਤਾਂ ਗੱਲ ਨੂੰ ਮੋੜ ਕੇ ਹੋਰ ਈ ਪਾਸੇ ਲੈ ਗਏ | ਆਪਾਂ ਮਤਲਬ ਦੀ ਗੱਲ ਕਰੀਏ ਤੇ ਫੇਰ ਘਰਾਂ ਨੂੰ ਚੱਲੀਏ |"
"ਗੱਲ ਹੋਰ ਪਾਸੇ ਨਹੀਂ ਗਈ, ਇਹ ਗੱਲ ਵੀ ਕਰਨ ਵਾਲੀ ਸੀ | ਸਾਡੇ ਦੋਸਤ ਜੈਰੀ ਦਾ ਮੁੰਡਾ ਹੈ ਬੌਬੀ, ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਸਾਂਝੇ ਕੰਮਾਂ ਵਿਚ ਸਾਡੇ ਨਾਲ ਸਰਗਰਮ ਰਿਹਾ ਸੀ ਤੇ ਉਹ ਸੁਖ ਦਾ ਸਾਂਢੂ ਵੀ ਸੀ |" ਦਿਲਾਵਰ ਨੇ ਪਾਲ ਨੂੰ ਦੱਸਿਆ |
"ਮੈਂ ਬੌਬੀ ਨੂੰ ਵੀ ਜਾਣਦਾਂ, ਉਹ ਕੋਈ ਮੈਨੂੰ ਦੁਪਿਆਰਾ ਨਹੀਂ ਤੇ ਜੈਰੀ ਦੀ ਬਹਾਦਰੀ ਬਾਰੇ ਵੀ ਤੁਹਾਡੇ ਕੋਲੋਂ ਕਈ ਵਾਰ ਸੁਣ ਚੁੱਕਿਆਂ | ਮੈਂ ਚਾਹੁੰਦਾ ਹਾਂ ਕਿ ਪਹਿਲਾਂ ਆਪਣੀ ਗੱਲ ਨੂੰ ਕਿਸੇ ਸਿਰੇ ਲਾਈਏ |" ਪਾਲ ਨੇ ਆਪਣੇ ਵੱਲੋਂ ਸਫਾਈ ਦਿੱਤੀ | ਉਸ ਨੇ ਸੋਚਿਆ ਕਿ ਕਿਤੇ ਸੁਖਦੇਵ ਨੇ ਉਸ ਦੀ ਗੱਲ ਦਾ ਬੁਰਾ ਨਾ ਮਨਾਇਆ ਹੋਵੇ |
"ਗੱਲ ਤਾਂ ਆਪਣੀ ਸਿਰੇ ਲੱਗ ਗਈ ਸਮਝੋ |" ਇਹ ਕਹਿ ਕੇ ਦਿਲਾਵਰ ਸੁਖਦੇਵ ਨੂੰ ਸੰਬੋਧਨ ਹੋਇਆ, "ਸੁਖ, ਜਦੋਂ ਦੇ ਦਿਆਲ ਹੋਰਾਂ ਨਾਲੋਂ ਨਿਖੜੇ ਆਂ, ਹੱਥ 'ਤੇ ਹੱਥ ਰਖ ਕੇ ਬੈਠੇ ਹਾਂ | ਹੁਣ ਅਸੀਂ ਸੋਚਿਆ ਹੈ ਕਿ ਆਪਣੀ ਪੁਰਾਣੀ ਜੱਥੇਬੰਦੀ ਨੂੰ ਮੁੜ ਇਸ ਢੰਗ ਨਾਲ ਸਰਗਰਮ ਕੀਤਾ ਜਾਵੇ ਕਿ ਨਿਰੋਲ ਫਿਰਕਾਪ੍ਰਸਤੀ ਵਿਰੁੱਧ ਹੀ ਸੰਘਰਸ਼ ਕਰੇ |"
"ਪਹਿਲਾਂ ਹੀ ਇਕ ਸੰਘਰਸ਼ਸੰਮਤੀ ਇਸ ਪਾਸੇ ਕੰਮ ਤਾਂ ਕਰ ਰਹੀ ਐ | ਉਸ ਨਾਲ ਕਿਉਂ ਨਹੀਂ ਸਹਿਯੋਗ ਕੀਤਾ ਜਾਂਦਾ?" ਸੁਖਦੇਵ ਨੇ ਦਿਲਾਵਰ ਦੀ ਗੱਲ ਨੂੰ ਟੋਕਿਆ |
"ਉਹ ਸੰਮਤੀ ਤੇ ਇੰਡੋ ਕੈਨੇਡੀਅਨ ਫਰੈਂਡਸ਼ਿਪ ਸੁਸਾਇਟੀ ਤਾਂ ਚਾਰੇ ਪਾਸੇ ਪੈਰ ਪਸਾਰੀ ਫਿਰਦੀਆਂ | ਉਹ ਇਸ ਪਾਸੇ ਸੁਹਿਰਦ ਨਹੀਂ | ਇਸ ਲਈ ਅਸੀਂ ਆਪਣੀ ਜੱਥੇਬੰਦੀ ਰਾਹੀਂ ਕੰਮ ਕਰਨ ਦਾ ਫੈਸਲਾ ਕੀਤਾ ਏ | ਉਸ ਦੀ ਰੂਪ ਰੇਖਾ ਵੀ ਤਿਆਰ ਕਰ ਲਈ ਗਈ ਏ |" ਪਾਲ ਨੇ ਆਪਣੀ ਜੇਬ ਵਿਚੋਂ ਇਕ ਕਾਗਜ਼ ਕੱਢ ਕੇ ਸੁਖਦੇਵ ਨੂੰ ਦਿਖਾਇਆ |
"ਹੁਣ ਮੈਂ ਪਹਿਲਾਂ ਵਾਲੀ ਭੱਜ ਨੱਠ ਨਹੀਂ ਕਰ ਸਕਦਾ, ਇਸ ਲਈ ਮੈਂ ਕਿਸੇ ਵੀ ਸਭਾ ਸੁਸਾਇਟੀ ਦਾ ਮੈਂਬਰ ਨਹੀਂ ਬਣਨਾ, ਇਹ ਮੇਰਾ ਪੱਕਾ ਫੈਸਲਾ ਐ | ਉਂਝ ਮੈਂ ਤੁਹਾਡੇ ਨਾਲ ਹਾਂ |" ਸੁਖਦੇਵ ਨੇ ਦ੍ਰਿੜਤਾ ਨਾਲ ਕਿਹਾ |
"ਕੱਲ੍ਹ ਨੂੰ ਮੇਰੇ ਘਰ ਮੀਟਿੰਗ ਰੱਖੀ ਹੈ | ਰੰਜ ਹੁਰਾਂ ਵੱਲੋਂ ਪਾਲ ਨੂੰ ਦਿੱਤੀਆਂ ਧਮਕੀਆ ਬਾਰੇ ਵਿਚਾਰ ਕਰਨੀ ਹੈ | ਕੀ ਉਸ ਵਿਚ ਆ ਸਕਦਾ ਏਂ ਕਿ ਨਹੀਂ |" ਸੋਫੇ ਤੋਂ ਉਠਦਿਆਂ ਦਿਲਾਵਰ ਨੇ ਪੁੱਛਿਆ | ਸੁਖਦੇਵ ਦੇ ਮੂਹੋਂ ਨਾਂਹ ਸੁਣ ਕੇ ਉਸ ਨੂੰ ਬਹੁਤ ਮਾਯੂਸੀ ਹੋਈ ਸੀ | ਉਸ ਨੂੰ ਇਹ ਆਸ ਨਹੀਂ ਸੀ ਕਿ ਸੁਖਦੇਵ ਚੁੱਪ ਕਰਕੇ ਘਰ ਬੈਠ ਜਾਵੇਗਾ |
"ਕੱਲ੍ਹ ਨੂੰ ਮੈਂ ਆ ਜਾਊਂਗਾ ਪਰ ਹੁਣ ਤੁਸੀਂ ਬੈਠੋ ਤਾਂ ਸਹੀ | ਦਰਸ਼ਨਾ ਆਉਣ ਵਾਲੀ ਐ, ਫਿਰ ਕੁਝ ਖਾਣ ਪੀਣ ਦਾ ਪ੍ਰਬੰਧ ਕਰ ਲਵਾਂਗੇ |" ਸੁਖਦੇਵ ਨੇ ਦਿਲਾਵਰ ਨੂੰ ਬਾਹੋਂ ਫੜ ਕੇ ਮੁੜ ਸੋਫੇ ਉਪਰ ਬਿਠਾਉਣਾ ਚਾਹਿਆ |
"ਨਹੀਂ, ਹੁਣ ਅਸੀਂ ਜਾਣਾ ਹੈ, ਖਾਣਾ ਪੀਣਾ ਫਿਰ ਕਿਸੇ ਦਿਨ ਸਹੀ |" ਇਹ ਕਹਿ ਕੇ ਪਾਲ ਵੀ ਸੋਫੇ ਤੋਂ ਉਠ ਖੜ੍ਹਾ ਹੋਇਆ |
"ਹੁਣ ਅਸੀਂ ਚਲਦੇ ਹਾਂ, ਤੂੰ ਕੱਲ੍ਹ ਨੂੰ, ਸ਼ਾਮੀਂ ਛੇ ਵਜੇ, ਆਉਣਾ ਨਾਂ ਭੁੱਲੀਂ |" ਇਹ ਕਹਿੰਦਾ ਹੋਇਆ ਦਿਲਾਵਰ ਸੁਖਦੇਵ ਨਾਲ ਹੱਥ ਮਿਲਾ ਕੇ ਪੌੜੀਆਂ ਕੋਲ ਆ ਗਿਆ | ਦੂਜੇ ਦੋਵੇਂ ਸਾਥੀ ਵੀ ਉਸ ਦੇ ਮਗਰ ਤੁਰ ਪਏ |
**************
ਸੁਖਦੇਵ ਨੇ ਦਿਲਾਵਰ ਨੂੰ ਕਹਿ ਤਾਂ ਦਿੱਤਾ ਸੀ ਕਿ 'ਮੈਂ ਆ ਜਾਊਂਗਾ' ਪਰ ਉਹ ਗਿਆ ਨਹੀਂ | ਜੈਰੀ ਦੀ ਮੌਤ ਮਗਰੋਂ ਉਸ ਨੇ ਘਰੇਲੂ ਜ਼ਿੰਮੇਵਾਰੀਆਂ ਤੋਂ ਬਿਨਾਂ ਹੋਰ ਸਾਂਝੇ ਕੰਮਾਂ ਵਿਚ ਰੁਚੀ ਲੈਣੀ ਛੱਡ ਦਿੱਤੀ ਸੀ | ਕਮੇਟੀ ਨਾਲੋਂ ਤਾਂ ਉਸ ਨੇ ਪੱਕਾ ਹੀ ਨਾਤਾ ਤੋੜ ਲਿਆ ਸੀ | ਉਂਝ ਵੀ ਕਮੇਟੀ ਵਾਲਿਆਂ ਵਿਚ ਫੁੱਟ ਪੈ ਜਾਣ ਕਾਰਨ ਦਿਲਾਵਰ ਹੁਰੀਂ ਵੀ ਕਮੇਟੀ ਵਿਚੋਂ ਬਾਹਰ ਹੋ ਗਏ ਸਨ ਪਰ ਉਹ ਕਮੇਟੀ ਛੱਡ ਕੇ 'ਇੰਡੋ ਕੈਨੇਡੀਅਨ ਫਰੈਂਡਸ਼ਿਪ ਸੁਸਾਇਟੀ' ਵਿਚ ਸਰਗਰਮ ਹੋ ਗਏ ਸਨ | ਸੁਖਦੇਵ ਕਿਸੇ ਪਾਸੇ ਨਹੀਂ ਸੀ ਜਾਂਦਾ | ਉਹ ਤਾਂ ਹਰਿਮੰਦਰ ਸਾਹਿਬ 'ਤੇ ਹੋਏ ਫੋਜੀ ਹਮਲੇ ਅਤੇ ਦਿੱਲੀ ਦੰਗਿਆਂ ਦੇ ਵਿਰੋਧ ਵਿਚ ਕੱਢੇ ਗਏ ਜਲੂਸਾਂ ਵਿਚ ਵੀ ਨਹੀਂ ਸੀ ਗਿਆ, ਜਿਨ੍ਹਾਂ ਵਿਚ ਹਰ ਸੋਚ ਦਾ ਸਿੱਖ ਸ਼ਾਮਲ ਹੋਇਆ ਸੀ | ਇਹ ਤਬਦੀਲੀ ਉਸ ਵਿਚ ਕਿਉਂ ਆਈ ਸੀ, ਇਸ ਬਾਰੇ ਉਸ ਨੇ ਕਦੀ ਸੋਚਿਆ ਨਹੀਂ ਸੀ ਪਰ ਜੈਰੀ ਦੇ ਸਾਥ ਤੋਂ ਬਿਨਾਂ ਉਸ ਦਾ ਕਿਸੇ ਪਾਸੇ ਜਾਣ ਨੂੰ ਦਿਲ ਹੀ ਨਹੀਂ ਸੀ ਕਰਦਾ | ਉਹ ਦਿਲਾਵਰ ਨਾਲ ਦੋਸਤੀ ਜ਼ਰੂਰ ਨਿਭਾਉਂਦਾ ਆ ਰਿਹਾ ਸੀ ਪਰ ਉਸ ਦੇ ਕਹੇ 'ਤੇ ਕਿਸੇ ਸਭਾ ਸੁਸਾਇਟੀ ਵਿਚ ਜਾਂਦਾ ਨਹੀਂ ਸੀ | ਅੱਜ ਉਹ ਕੈਨੇਡਾ ਡੇ ਪਰੇਡ ਦੇਖਣ ਵੀ ਨਹੀਂ ਸੀ ਗਿਆ | ਸਵੇਰੇ ਉਠਦਿਆਂ ਹੀ ਦਰਸ਼ਨਾ ਨੇ ਕਿਹਾ ਸੀ, "ਕਿੰਦ ਕੈਨੇਡਾ ਡੇ ਪਰੇਡ ਦੇਖਣ ਲਈ ਵੈਨਕੂਵਰ ਜਾਣ ਨੂੰ ਕਹਿੰਦੈ | ਤੁਸੀਂ ਨਹਾ ਕੇ ਤਿਆਰ ਹੋ ਜਾਓ, ਬੱਚਿਆਂ ਦਾ ਗੇੜਾ ਕਢਵਾ ਲਿਆਈਏ |"
"ਮੈਂ ਅੱਜ ਘਾਹ ਕੱਟਣੈ ਤੇ ਗਾਰਡਨ ਵੀ ਸਵਾਰਨ ਵਾਲਾ ਪਿਐ | ਤੂੰ ਇਨ੍ਹਾਂ ਨੂੰ ਲੈ ਕੇ ਚਲੀ ਜਾ | ਸਰਬੀ ਤੋਂ ਵੀ ਪੁੱਛ ਲਵੀਂ, ਜੇ ਉਹ ਜਾਣਾ ਚਾਹੁੰਦੀ ਹੋਵੇ ਤਾਂ |" ਸੁਖਦੇਵ ਨੇ ਨਾ ਜਾਣ ਦਾ ਬਹਾਨਾ ਬਣਾਇਆ | ਪੰਮ ਨੇ ਵੀ ਨਾਲ ਜਾਣ ਲਈ ਜੋਰ ਪਾਇਆ ਪਰ ਉਹ ਗਿਆ ਨਹੀਂ ਸਗੋਂ ਉਹਨਾਂ ਦੇ ਤੁਰਨ ਤੋਂ ਪਹਿਲਾਂ ਹੀ ਬੈਕਯਾਰਡ ਵਿਚ ਜਾ ਕੇ ਘਾਹ ਕੱਟਣ ਲੱਗ ਪਿਆ | ਘਾਹ ਕੱਟਣ ਮਗਰੋਂ ਉਸ ਨੇ ਅੱਧੇ ਕੁ ਮਰਲੇ ਦੀ ਕਿਆਰੀ ਨੂੰ, ਜਿਸ ਨੂੰ ਉਹ ਗਾਰਡਨ ਕਹਿੰਦੇ ਸੀ, ਸ਼ਾਵਲ ਨਾਲ ਪੋਲੀ ਕਰਕੇ ਉਸ ਵਿਚ ਸਰ੍ਹੋਂ ਤੇ ਮੇਥੇ ਬੀਜ ਦਿੱਤੇ | ਸਾਰਾ ਕੰਮ ਦੋ ਢਾਈ ਘੰਟੇ ਵਿਚ ਮੁਕਾ ਕੇ ਉਹ ਵਿਹਲਾ ਹੋ ਗਿਆ | ਫਿਰ ਉਸ ਨੇ ਖਾਣਾ ਖਾਧਾ ਤੇ ਸੋਫੇ 'ਤੇ ਬੈਠ ਕੇ ਇਕ ਨਾਵਲ ਪੜ੍ਹਨ ਲੱਗਾ | ਨਾਵਲ ਪੜ੍ਹਦਿਆਂ ਪਤਾ ਹੀ ਨਹੀਂ ਲੱਗਾ ਕਿ ਉਸ ਨੂੰ ਕਦੋਂ ਨੀਂਦ ਆ ਗਈ | ਉਸ ਦੀ ਅੱਖ ਉਦੋਂ ਖੁੱਲ੍ਹੀ ਜਦੋਂ ਸਰਬਜੀਤ ਦੇ ਇਹ ਬੋਲ ਕੰਨੀਂ ਪਏ, "ਭਾਅ ਜੀ ਤਾਂ ਸੋਫੇ 'ਤੇ ਪਏ ਘੁਰਾੜੇ ਮਾਰੀ ਜਾਂਦੇ ਨੇ |"
"ਬੜੀ ਦੇਰ ਲਾ ਦਿੱਤੀ?" ਸੋਫੇ ਉਪਰ ਸਿੱਧਾ ਹੋ ਕੇ ਬੈਠਦਾ ਸੁਖਦੇਵ ਬੋਲਿਆ |
"ਦੇਰ ਤਾਂ ਹੋ ਈ ਜਾਂਦੀ ਇਆ, ਪਰੇਡ ਦੇਖਣ ਮਗਰੋਂ ਡਾਊਨ ਟਾਊਨ ਸਟੋਰਾਂ ਵਿਚ ਵੜ ਗਏ ਤੇ ਮੁੜ ਪੰਜਾਬੀ ਮਾਰਕਿਟ ਵੱਲ ਚਲੇ ਗਏ | ਫੇਰ ਵੀ ਪੰਜ ਵਜੇ ਨੂੰ ਮੁੜ ਆਏ ਆਂ | ਰੋਟੀ ਖਾ ਲਈ ਸੀ?" ਦਰਸ਼ਨਾ ਨੇ ਪੁੱਛਿਆ |
"ਹਾਂ, ਖਾ ਲਈ ਸੀ | ਤੁਸੀਂ ਚਾਹ ਬਣਾਉ, ਮੈਂ ਸ਼ਾਵਰ ਲੈ ਲਵਾਂ |" ਇਹ ਕਹਿ ਕੇ ਸੁਖਦੇਵ ਵਾਸ਼ਰੂਮ ਵਿਚ ਵੜ ਗਿਆ | ਜਦੋਂ ਉਹ ਨਹਾ ਕੇ ਲਿਵਿੰਗਰੂਮ ਵਿਚ ਆਇਆ ਤਾਂ ਦਰਸ਼ਨਾ ਨੇ ਚਾਹ ਲਿਆ ਕੇ ਕੌਫੀ ਟੇਬਲ ਉਪਰ ਰੱਖ ਦਿੱਤੀ | ਸਰਬਜੀਤ ਨੇ ਵੀ ਮੇਨ ਸਟਰੀਟ, ਪੰਜਾਬੀ ਮਾਰਕਿਟ ਵਿਚੋਂ ਲਿਆਂਦੀ ਮਿਠਿਆਈ ਵਾਲੀ ਪਲੇਟ ਲਿਆ ਕੇ ਚਾਹ ਵਾਲੀ ਟਰੇ ਕੋਲ ਰੱਖ ਦਿੱਤੀ ਅਤੇ ਦਰਸ਼ਨਾ ਦੇ ਨਾਲ ਲੱਗ ਕੇ ਲਵਸੀਟ ਉਪਰ ਬੈਠ ਗਈ | ਝਟ ਸੁਖਦੇਵ ਦੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਗਿਆ ਜਦੋਂ ਉਹ ਪਹਿਲੀ ਵਾਰ ਜੈਰੀ ਨੂੰ ਨਾਲ ਲੈਕੇ ਮੋਗੇ, ਸਰਬਜੀਤ ਨੂੰ ਦਿਖਾਉਣ ਲਈ, ਉਹਨਾਂ ਦੇ ਘਰ ਗਿਆ ਸੀ | ਉਦੋਂ ਵੀ ਇਹ ਦੋਵੇਂ ਇਸੇ ਤਰ੍ਹਾਂ ਚਾਹ ਤੇ ਮਿਠਿਆਈ ਲੈ ਕੇ ਆਈਆਂ ਸਨ | ਉਹ ਦ੍ਰਿਸ਼ ਯਾਦ ਕਰਕੇ ਉਸ ਦੇ ਅੰਦਰੋਂ ਇਕ ਪੀੜ ਦਾ ਗ਼ੁਬਾਰ ਜਿਹਾ ਉਠਿਆ ਜਿਹੜਾ ਉਸ ਨੇ ਅੰਦਰੇ ਅੰਦਰ ਹੀ ਦਬਾ ਲਿਆ ਤੇ ਆਪਣਾ ਧਿਆਨ ਹੋਰ ਪਾਸੇ ਲਾਉਣ ਲਈ ਦਰਸ਼ਨਾ ਤੋਂ ਪੁੱਛਿਆ, " ਜੁਆਕ ਕਿੱਥੇ ਐ?"
"ਪੰਮ ਅੰਦਰ ਬੈਠੀ ਪੜ੍ਹੀ ਜਾਂਦੀ ਇਆ ਤੇ ਕਿੰਦ ਆਉਂਦਾ ਈ ਖਾ ਪੀ ਕੇ ਬਾਹਰ ਨੂੰ ਚਲਾ ਗਿਆ |"
"ਸਰਬੀ, ਤੇਰਾ ਸਟੋਰ ਕਿਵੇਂ ਚੱਲ ਰਿਹੈ?" ਸੁਖਦੇਵ ਨੇ ਸਰਬਜੀਤ ਕੋਲੋਂ, ਉਖੜੇ ਜਿਹੇ ਬੋਲਾਂ ਨਾਲ ਇਵੇਂ ਪੁੱਛਿਆ ਜਿਵੇਂ ਕਿਤੇ ਉਹ ਕਦੀ ਸਟੋਰ 'ਤੇ ਗਿਆ ਹੀ ਨਾ ਹੋਵੇ, ਜਦੋਂ ਕਿ ਉਹ ਇਧਰੋਂ ਉਧਰੋਂ ਲੰਘਦਾ ਹੋਇਆ ਉੱਥੇ ਗੇੜਾ ਜਰੂਰ ਮਾਰ ਜਾਂਦਾ ਸੀ |
"ਥੋਨੂੰ ਪਤਾ ਈ ਐ ਭਾਅ ਜੀ, ਜਦੋਂ ਦਾ ਬੌਬੀ ਸਟੋਰ 'ਤੇ ਆਉਣ ਲਗਾ ਏ, ਕੰਮ ਸੁਹਣਾ ਚਲ ਪਿਆ | ਹੁਣ ਤਾਂ ਉਹ ਮੈਨੂੰ ਕਹਿੰਦਾ ਰਹਿੰਦਾ ਏ ਕਿ ਮੈਂ ਘਰੇ ਹੀ ਰਿਹਾ ਕਰਾਂ, ਸਟੋਰ 'ਤੇ ਆਉਣ ਦੀ ਲੋੜ ਨਹੀਂ |"
"ਘਰੇ ਰਹਿਣ ਦਾ ਲਾਲਚ ਨਾ ਕਰ ਬੈਠੀਂ | ਨਿਆਣੇ ਦੇ ਸਿਰ 'ਤੇ ਅਜੇ ਇੰਨਾ ਬੋਝ ਨਹੀਂ ਪਾਉਣਾ |" ਦਰਸ਼ਨਾ ਨੇ ਸਰਬਜੀਤ ਨੂੰ ਤਾੜਨਾ ਕੀਤੀ |
"ਮੈਂ ਕਦੋਂ ਉਸ ਦੇ ਸਿਰ 'ਤੇ ਬੋਝ ਪਾਉਂਨੀ ਆਂ! ਸਗੋਂ ਮੈਂ ਤਾਂ ਕਹਿਨੀ ਆਂ ਕਿ ਉਹ ਅਗਾਂਹ ਆਪਣੀ ਪੜ੍ਹਾਈ ਚਾਲੂ ਕਰੇ | ਸਟੋਰ 'ਤੇ ਭਾਵੇਂ ਕਦੀ ਕਦਾਈਂ ਗੇੜਾ ਮਾਰੇ ਪਰ ਉਹ ਅਗਾਂਹ ਪੜ੍ਹਨ ਨੂੰ ਤਿਆਰ ਹੀ ਨਹੀਂ |" ਸਰਬਜੀਤ ਨੇ ਗਿਲਾ ਕੀਤਾ |
"ਹੁਣ ਉਸ ਨੇ ਅਗਾਂਹ ਨਹੀਂ ਪੜ੍ਹਨਾ | ਮੈਂ ਉਸ ਨੂੰ ਬਹੁਤ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ | ਤੂੰ ਵੀ ਤਾਂ ਉਸ ਨੂੰ ਸਕੂਲ ਦਾਖਲ ਕਰਵਾਉਣ ਲਈ ਜੋਰ ਲਾਇਆ ਹੀ ਸੀ, ਤੇਰੇ ਕਹੇ ਕਿਹੜਾ ਉਹ ਸਕੂਲ ਜਾਣ ਲਈ ਤਿਆਰ ਹੋ ਗਿਆ ਸੀ?" ਸੁਖਦੇਵ ਦਰਸ਼ਨਾ ਨੂੰ ਸਬੋਧਨ ਹੋਇਆ |
"ਉਹ ਮੈਨੂੰ ਤਾਂ ਉਦੋਂ ਕਹਿੰਦਾ ਸੀ, 'ਮੈਂ ਓਸ ਸਕੂਲ ਨਹੀਂ ਜਾਣਾ, ਅਗਲੇ ਸਾਲ ਕਿਸੇ ਹੋਰ ਸਕੂਲ ਵਿਚ ਭਾਵੇਂ ਅਡਮਿਸ਼ਨ ਲੈ ਲਵਾਂ |' ਮੈਂ ਉਸ ਨੂੰ ਕਹੂੰਗੀ ਕਿ ਹੁਣ ਤਾਂ ਅਗਲਾ ਸਾਲ ਆ ਗਿਆ ਐ ਤੇ ਛੁੱਟੀਆਂ ਮਗਰੋਂ ਆਪਣੀ ਪੜ੍ਹਾਈ ਚਾਲੂ ਕਰੇ | ਮੇਰੇ ਕਹੇ ਤਿਆਰ ਵੀ ਹੋ ਜਾਣਾ ਇਆ ਉਸ ਨੇ |" ਦਰਸ਼ਨਾ ਨੇ ਬੜੇ ਭਰੋਸੇ ਨਾਲ ਕਿਹਾ |
"ਉਸ ਨੂੰ ਅੱਜ ਹੀ ਇਧਰ ਸੱਦ ਲੈ, ਤੇਰਾ ਹੱਮ੍ਹਾ ਵੀ ਦੇਖ ਲਵਾਂਗੇ ਕਿ ਕਿੰਨਾ ਕੁ ਤੇਰੇ ਆਖੇ ਲਗਦਾ ਐ |" ਸੁਖਦੇਵ ਨੇ ਹੱਸ ਕੇ ਕਿਹਾ |
"ਲੈ! ਮੈਂ ਹੁਣੇ ਸੱਦ ਲੈਂਦੀ ਆਂ |" ਇਹ ਕਹਿ ਕੇ ਦਰਸ਼ਨਾ ਫੋਨ ਚੁੱਕਣ ਲੱਗੀ ਤਾਂ ਸਰਬਜੀਤ ਨੇ ਕਿਹਾ, "ਕਿੱਥੋਂ ਸੱਦ ਲਵੇਂਗੀ ਤੂੰ ਉਸ ਨੂੰ? ਉਹ ਤਾਂ ਕੱਲ੍ਹ ਸਵੇਰ ਦਾ ਗਿਆ, ਕਿਤੇ ਅੱਧੀ ਰਾਤੀਂ ਘਰ ਮੁੜੂਗਾ |" ਸਰਬਜੀਤ ਨੇ ਦਰਸ਼ਨਾ ਨੂੰ ਦੱਸਿਆ |
"ਕਿੱਥੇ ਤੋਰਿਆ ਇਆ ਤੂੰ ਉਸ ਨੂੰ?" ਦਰਸ਼ਨਾ ਨੇ ਪੁੱਛਿਆ |
"ਮੈਂ ਕਿੱਥੇ ਤੋਰਨਾ ਸੀ, ਉਹ ਤਾਂ ਆਪਣੀ ਮਰਜੀ ਕਰਦਾ | ਕਹਿੰਦਾ ਸੀ, 'ਮੈਂ ਆਪਣੇ ਫਰੈਂਡਜ਼ ਨਾਲ ਸਮਰਲੈਂਡ ਚੱਲਿਆਂ, ਕੱਲ੍ਹ ਨੂੰ ਲੇਟ ਮੁੜੂੰਗਾ' ਪਰ ਕੀ ਪਤਾ ਕਿੱਥੇ ਕਿੱਥੇ ਧੱਕੇ ਖਾਂਦਾ ਫਿਰਦਾ ਹੋਊ, ਮੈਨੂੰ ਕਿਹੜਾ ਸੱਚ ਦੱਸ ਕੇ ਜਾਂਦਾ ਏ |" ਸਰਬਜੀਤ ਨੇ ਦੁਖੀ ਮਨ ਨਾਲ ਕਿਹਾ |
"ਤੂੰ ਉਸ ਨੂੰ ਅਜੇ ਕਾਰ ਨਹੀਂ ਸੀ ਲੈ ਕੇ ਦੇਣੀ | ਨਵੀਂ ਕਾਰ ਦੇ ਚਾਅ ਵਿਚ ਉਹ ਆਪਣੇ ਦੋਸਤਾਂ ਨੂੰ ਸੈਰਾਂ ਕਰਾਉਂਦਾ ਫਿਰਦਾ ਹੋਣਾ |" ਦਰਸ਼ਨਾ ਨੇ ਬੌਬੀ ਦੇ ਬਾਹਰ ਜਾਣ ਦਾ ਕਾਰਨ ਨਵੀਂ ਕਾਰ ਨੂੰ ਸਮਝਿਆ |
"ਸੁਖ ਭਾਅ ਜੀ ਦੇ ਕਹਿਣ 'ਤੇ ਈ ਉਸ ਨੂੰ ਕਾਰ ਲੈ ਕੇ ਦਿੱਤੀ ਸੀ | ਉਂਝ, ਉਸ ਦੀ ਕਾਰ ਤਾਂ ਗੈਰਾਜ ਵਿਚ ਖੜ੍ਹੀ ਏ | ਕਿਸੇ ਦੋਸਤ ਦੀ ਕਾਰ ਵਿਚ ਗਿਆ ਹੋਊ ਜਾਂ ਕਾਰ ਕਰਾਏ 'ਤੇ ਲੈ ਗਏ ਹੋਣਗੇ |" ਸਰਬਜੀਤ ਨੇ ਸੁਖਦੇਵ ਵੱਲ ਇਸ਼ਾਰਾ ਕਰਦਿਆਂ ਕਿਹਾ |
"ਜਦ ਉਹ ਪੜ੍ਹਨ ਤੋਂ ਇਨਕਾਰੀ ਹੋ ਕੇ ਸਟੋਰ ਦੇ ਕੰਮ ਵੱਲ ਧਿਆਨ ਦੇਣ ਲੱਗ ਪਿਆ ਸੀ ਤਾਂ ਕਾਰ ਉਸ ਦੀ ਲੋੜ ਬਣ ਗਈ ਸੀ | ਜਦੋਂ ਦੀ ਉਸ ਨੂੰ ਕਾਰ ਲੈ ਕੇ ਦਿੱਤੀ ਐ, ਸਟੋਰ ਦੀ ਬਿਕਰੀ ਵੀ ਤਾਂ ਕਿੰਨੀ ਵਧ ਗਈ ਐ |" ਸੁਖਦੇਵ ਨੇ ਆਪਣੀ ਦਲੀਲ ਦਿੱਤੀ |
"ਇਹ ਤਾਂ ਹੈ |" ਸਰਬਜੀਤ ਨੇ ਹਾਮ੍ਹੀ ਭਰੀ |
"ਕੰਮ ਦੇ ਲਾਲਚ ਵਿਚ ਮੁੰਡੇ ਦਾ ਫਿਊਚਰ ਤਬਾਹ ਨਹੀਂ ਕਰਨਾ | ਉਸ ਨੂੰ ਅਗਾਂਹ ਪੜ੍ਹਨ ਲਈ ਮਨਾਉਣਾ ਜਰੂਰੀ ਇਆ | ਮੈਂ ਕਲ੍ਹ ਨੂੰ ਹੀ ਉਸ ਨੂੰ ਆਪਣੇ ਕੋਲ ਸੱਦ ਕੇ ਸਮਝਾਊਂਗੀ ਕਿ ਪੜ੍ਹਾਈ ਕਿੰਨੀ ਜਰੂਰੀ ਹੈ |" ਦਰਸ਼ਨਾ ਮੁੜ ਬੌਬੀ ਦੀ ਪੜ੍ਹਾਈ ਦੀ ਗੱਲ 'ਤੇ ਆ ਗਈ |
"ਦਰਸ਼ਨਾ! ਤੂੰ ਵੀ ਆਪਣਾ ਭੁਲੇਖਾ ਦੂਰ ਕਰ ਹੀ ਲਵੀਂ ਪਰ ਮੈਂ ਤੈਨੂੰ ਦੱਸ ਦਿਆਂ ਕਿ ਸੱਤ ਮਹੀਨੇ ਪਹਿਲਾਂ ਵਾਲਾ ਬੌਬੀ ਨਹੀਂ ਰਹਿ ਗਿਆ ਹੁਣ |" ਇਹ ਕਹਿ ਕੇ ਸੁਖਦੇਵ ਨੇ ਦਰਸ਼ਨਾ ਨੂੰ ਵਿਸ਼ਵਾਸ ਦਿਵਾਉਣਾ ਚਾਹਿਆ ਕਿ ਬੌਬੀ ਅਗਾਂਹ ਪੜ੍ਹਨ ਵਾਸਤੇ ਤਿਆਰ ਨਹੀਂ ਹੋਵੇਗਾ |
ਇਧਰ, ਸੁਖਦੇਵ ਦੇ ਘਰ ਵਿਚ, ਬੌਬੀ ਨੂੰ ਮੁੜ ਸਕੂਲ ਵਿਚ ਦਾਖਲ ਕਰਾਉਣ ਬਾਰੇ ਸੋਚ ਵਿਚਾਰ ਹੋ ਰਹੀ ਸੀ 'ਤੇ ਉਧਰ ਉਹ, ਕੁਈਨਜ਼ ਮੈਰੀ ਪਾਰਕ ਦੇ ਇਕ ਕੋਨੇ ਵਿਚ ਬੈਠਾ, ਰਮੋਲੋ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ | ਰਮੋਲੋ ਬੌਬੀ ਨੂੰ ਦੱਸ ਰਿਹਾ ਸੀ, "ਇਸ ਵਾਰ ਤੇਰੀ ਪਰਖ ਕਰਨ ਲਈ ਮਾਰੀਓ ਨੇ ਇਕੱਲੇ ਨੂੰ ਘੱਲਿਆ ਸੀ ਤੈਨੂੰ ਪਰ ਮੈਂ ਪਰਛਾਵੇਂ ਵਾਂਗ ਤੇਰੇ ਪਿੱਛੇ ਲੱਗਾ ਹੋਇਆ ਸੀ | ਜਿਸ ਚਤਰਾਈ ਨਾਲ ਤੂੰ ਇਹ ਪੈਕਟ ਛੁਪਾ ਕੇ ਲਿਆਇਆ ਹੈਂ, ਇਉਂ ਤਾਂ ਕਿਸੇ ਘਾਗ ਨੇ ਵੀ ਨਹੀਂ ਸੋਚਿਆ ਹੋਣਾ |"
ਆਪਣੀ ਵਡਿਆਈ ਸੁਣ ਕੇ ਬੌਬੀ ਬੜੇ ਮਾਣ ਨਾਲ ਦੱਸਣ ਲੱਗਾ, "ਪਿਛਲੀ ਵਾਰ ਜਦੋਂ ਆਪਾਂ ਦੋਵੇਂ ਗਏ ਸੀ ਤਾਂ ਤੂੰ ਕਾਰ ਦੀਆਂ ਗੱਦੀਆ ਵਿਚ ਲਕੋ ਕੇ ਲਿਆਇਆ ਸੀ | ਮੈਨੂੰ ਕਾਰ ਵਿਚ ਬੈਠੇ ਨੂੰ ਹਲਕੀ ਜਿਹੀ ਬੂ ਆਈ ਤਾਂ ਮੈਂ ਸੋਚਿਆ ਕਿ ਇਸ ਤਰ੍ਹਾਂ ਤਾਂ ਸੌਖਿਆਂ ਹੀ ਫੜੇ ਜਾ ਸਕਦੇ ਹਾਂ | ਕਿਉਂ ਨਾ ਕੋਈ ਹੋਰ ਢੰਗ ਵਰਤਿਆ ਜਾਵੇ | ਕੁਦਰਤੀ ਇਕ ਦਿਨ ਮੈਂ ਆਪਣੇ ਸਟੋਰ ਵਿਚ ਇਕ ਸ਼ਕਤੀਸ਼ਾਲੀ ਚੁੰਬਕ ਪਿਆ ਦੇਖ ਲਿਆ | ਮੈਂ ਉਸ ਨਾਲ ਭਾਰ ਬੰਨ ਕੇ ਲੋਹੇ ਦੇ ਥੱਲੇ ਲਟਕਾ ਦਿੱਤਾ | ਬਹੁਤ ਜੋਰ ਲਾਉਣ 'ਤੇ ਹੀ ਉਹ ਲੋਹੇ ਨਾਲੋਂ ਵੱਖ ਹੋ ਸਕਿਆ | ਮੈਂ ਝਟ ਫੈਸਲਾ ਕਰ ਲਿਆ ਕਿ ਇਹ ਢੰਗ ਠੀਕ ਹੈ ਤੇ ਇਸ ਤਰ੍ਹਾਂ ਕਾਰ ਦੇ ਹੇਠਾਂ ਬੰਨ੍ਹ ਕੇ ਲੈ ਆਏ | ਜੇ ਫੜੇ ਜਾਂਦੇ ਤਾਂ ਅਸੀਂ ਮੰਨਣਾ ਹੀ ਨਹੀਂ ਸੀ ਕਿ ਇਹ ਮਾਲ ਸਾਡਾ ਹੈ | ਕਹਿ ਦੇਣ ਸੀ ਕਿ ਸਾਨੂੰ ਨਹੀਂ ਪਤਾ ਕਾਰ ਹੇਠਾਂ ਇਹ ਚੁੰਬਕ ਕੌਣ ਲਾ ਗਿਆ |"
"ਇਨ੍ਹਾਂ ਦਿਨਾਂ ਵਿਚ ਇਕ ਵਾਰ ਹੋਰ ਉਧਰ ਜਾਣਾ ਪਵੇਗਾ | ਇਸ ਵਾਰੀ ਮੈਂ ਤੇਰੇ ਨਾਲ ਜਾਵਾਂਗਾ | ਜਾਣ ਦਾ ਸਮਾਂ ਮੈਂ ਦੱਸ ਦਿਆਂਗਾ |" ਰਮੋਲੋ ਨੇ ਅਗਲਾ ਪ੍ਰੋਗ੍ਰਾਮ ਦੱਸਿਆ |
"ਨਹੀਂ, ਮੈਂ ਆਪ ਕੋਈ ਵੀ ਚੀਜ਼ ਨਾ ਲੈ ਕੇ ਜਾਣੀ ਹੈ ਤੇ ਨਾ ਹੀ ਲਿਆਉਣੀ ਹੈ | ਮੈਂ ਦੀਪ ਨੂੰ ਘੱਲਾਂਗਾ | ਉਸ ਮਗਰ ਤੂੰ ਜਾਈਂ ਜਾਂ ਮੈਂ ਚਲਿਆ ਜਾਵਾਂਗਾ | ਉਹ ਮੇਰਾ ਬਹੁਤ ਹੀ ਵਿਸ਼ਵਾਸਯੋਗ ਮਿੱਤਰ ਹੈ | ਹੁਣ ਵੀ ਮੈਂ ਉਸ ਨੂੰ ਇੱਥੇ ਆਪਣੇ ਨਾਲ ਲਿਆਉਣਾ ਚਾਹੁੰਦਾ ਸੀ ਪਰ ਤੇਰੇ ਬਹੁਤਾ ਕਹਿਣ 'ਤੇ ਨਹੀਂ ਲੈ ਕੇ ਆਇਆ |" ਬੌਬੀ ਨੇ ਗਿਲੇ ਦੇ ਸੁਰ ਵਿਚ ਕਿਹਾ |
"ਸਾਰੀਆਂ ਗੱਲਾਂ ਸਾਰਿਆਂ ਨਾਲ ਕਰਨ ਵਾਲੀਆਂ ਨਹੀਂ ਹੁੰਦੀਆਂ | ਅੱਜ ਕੁਝ ਖਾਸ ਗੱਲ ਕਰਨ ਲਈ ਤੈਨੂੰ ਇੱਥੇ ਲੈ ਕੇ ਆਇਆ ਹਾਂ |" ਇਹ ਕਹਿ ਕੇ ਰਮੋਲੋ ਬੌਬੀ ਦੇ ਹੁੰਗਾਰੇ ਦੀ ਉਡੀਕ ਕਰਨ ਲੱਗਾ |
"ਹਾਂ! ਦੱਸ, ਕੀ ਖਾਸ ਗੱਲ ਕਰਨੀ ਚਾਹੁੰਦਾ ਸੀ?"
"ਮੈਨੂੰ ਤੇਰੀ ਦੋਸਤੀ 'ਤੇ ਮਾਣ ਹੈ, ਇਸੇ ਕਰਕੇ ਮੈਂ ਤੇਰੇ ਕੋਲੋਂ ਕਦੀ ਕੋਈ ਗੱਲ ਨਹੀਂ ਛੁਪਾਈ |"
"ਇਸ ਗੱਲ ਨੂੰ ਬਾਰ ਬਾਰ ਦੁਹਰਾਉਣ ਦੀ ਕਿਉਂ ਲੋੜ ਪੈਂਦੀ ਹੈ, ਤੂੰ ਸਿੱਧੀ ਤਰ੍ਹਾਂ ਗੱਲ ਦੱਸ |"
"ਤੈਨੂੰ ਯਾਦ ਹੋਵੇਗਾ ਕਿ ਇਕ ਵਾਰ ਮੈਂ ਕਿਹਾ ਸੀ, 'ਜਿਹੜਾ ਬੰਦਾ ਆਪ ਨਸ਼ੇ ਕਰਨ ਲੱਗ ਪਵੇ ਉਹ ਇਸ ਕੰਮ ਵਿਚ ਸਫਲ ਨਹੀਂ ਹੋ ਸਕਦਾ | ਕਈ ਕਿਸਮ ਦੀਆਂ ਨਸ਼ੀਲੀਆਂ ਵਸਤਾਂ ਆਪਣੇ ਹੱਥਾਂ ਵਿਚ ਦੀ ਨਿਕਲਦੀਆਂ ਰਹਿਣੀਆਂ, ਉਹਨਾਂ ਨੂੰ ਕਦੀ ਭੁੱਲ ਕੇ ਵੀ ਜੀਭ ਨਾਲ ਚੱਖ ਕੇ ਨਹੀਂ ਦੇਖਣਾ |' ਤੂੰ ਮੇਰੀ ਇਹ ਗੱਲ ਪੱਲੇ ਬੰਨ੍ਹ ਲਈ ਸੀ ਪਰ ਮੈਨੂੰ ਸ਼ੱਕ ਪਈ ਹੈ ਕਿ ਦੀਪ ਨਸ਼ਾ ਕਰਦਾ ਹੈ | ਨਸ਼ੇੜੀ ਬਣ ਕੇ ਉਸ ਨੇ ਤੇਰੇ ਨਾਲ ਨਹੀਂ ਤੁਰ ਸਕਣਾ | ਨਸ਼ੇ ਤਾਂ ਉਹੀ ਕਰਨ ਜਿਨ੍ਹਾਂ ਨੇ ਪੁੜੀਆਂ ਵਿਚ ਨਸ਼ੇ ਵੇਚਣੇ ਹੋਣ | ਤੂੰ ਉਸ ਨੂੰ ਇਸ ਪਾਸਿਉਂ ਰੋਕ |"
"ਤੈਨੂੰ ਸ਼ੱਕ ਹੀ ਪਿਆ ਹੈ ਪਰ ਮੈਨੂੰ ਯਕੀਨ ਹੈ ਕਿ ਉਸ ਨੇ ਕਦੀ ਨਸ਼ਾ ਨਹੀਂ ਕੀਤਾ | ਫਿਰ ਵੀ ਮੈਂ ਉਸ ਨੂੰ ਮੁੜ ਸਾਵਧਾਨ ਕਰ ਦਿਆਂਗਾ |"
"ਦੂਸਰੀ ਗੱਲ ਬਹੁਤ ਹੀ ਭੇਦ ਵਾਲੀ ਹੈ, ਜਿਸ ਦਾ ਅਸਰ ਤੇਰੇ ਉਪਰ ਵੀ ਪੈ ਸਕਦਾ ਹੈ |" ਇਹ ਕਹਿ ਕੇ ਰਮੋਲੋ ਚੁੱਪ ਹੋ ਗਿਆ |
"ਜਿਹੜੀ ਵੀ ਗੱਲ ਹੈ, ਬੇਝਿਜਕ ਹੋ ਕੇ ਦੱਸ, ਬੇਫਿਕਰ ਰਹਿ, ਭੇਦ ਭੇਦ ਹੀ ਰਹੇਗਾ |" ਬੌਬੀ ਗੱਲ ਸੁਣਨ ਲਈ ਉਤਸਕ ਸੀ |
"ਤੂੰ ਨਿੱਕ ਨੂੰ ਜਾਣਦਾ ਹੀ ਹੈਂ | ਉਸ ਨੇ ਆਪਣੇ ਕੰਮ ਦਾ ਘੇਰਾ ਬਹੁਤ ਵਧਾ ਲਿਆ ਹੈ | ਉਹ ਅੱਜ ਕੱਲ੍ਹ ਆਪਣੇ ਰਾਹ ਦਾ ਰੋੜਾ ਬਣ ਰਿਹਾ ਹੈ |"
"ਉਹ ਆਪਣੇ ਰਾਹ ਦਾ ਰੋੜਾ ਕਿਵੇਂ ਬਣ ਸਕਦਾ? ਉਸ ਨਾਲ ਤਾਂ ਆਪਣਾ ਵਾਹ ਵਾਸਤਾ ਹੀ ਕੋਈ ਨਹੀਂ |"
"ਵਾਹ ਵਾਸਤਾ ਹੈ | ਉਸ ਦੀ ਪਿਠ 'ਤੇ ਇਕ ਧਨਾਢ ਦਾ ਹੱਥ ਹੈ | ਉਹ ਉਸ ਦੇ ਇਸ਼ਾਰਿਆਂ 'ਤੇ ਹੀ ਚਲਦਾ | ਹੁਣ ਉਸ ਨੇ ਇੰਡੀਆ ਦੇ ਨਾਲ ਨਾਲ ਮੈਕਸੀਕੋ ਵਿਚ ਵੀ ਆਪਣਾ ਰਾਬਤਾ ਕਾਇਮ ਕਰ ਲਿਆ ਹੈ |"
"ਤੈਨੂੰ ਇਹ ਗੱਲ ਕਿਸ ਨੇ ਦੱਸੀ?"
"ਮਾਰੀਓ ਨੇ, ਉਸ ਨੇ ਸਭ ਪਤਾ ਲਾ ਲਿਆ ਹੈ | ਨਿੱਕ ਵੈਨਕੂਵਰ ਦਾ ਡਾਨ ਬਣਨ ਦੇ ਸੁਪਨੇ ਲੈਣ ਲੱਗ ਪਿਆ ਹੈ | ਉਹ ਨਹੀਂ ਚਾਹਵੇਗਾ ਕਿ ਕੋਈ ਉਸ ਦੇ ਬਰਾਬਰ ਮਿਕਦਾ ਹੋਵੇ | ਖਾਸ ਕਰਕੇ ਕੋਈ ਈਸਟ ਇੰਡੀਅਨ | ਉਸ ਨੂੰ ਅਜੇ ਤੇਰੇ ਬਾਰੇ ਕੁਝ ਪਤਾ ਨਹੀਂ | ਜੇ ਉਸ ਨੂੰ ਤੇਰੇ ਬਾਰੇ ਥੋੜੀ ਜਿਹੀ ਵੀ ਭਿਣਕ ਪੈ ਗਈ ਤਾਂ ਉਸ ਦੀ ਜੁੰਡਲੀ ਤੈਨੂੰ ਨੁਕਸਾਨ ਪਹੁੰਚਾ ਸਕਦੀ ਹੈ |"
"ਤੂੰ ਮੇਰਾ ਫਿਕਰ ਨਾ ਕਰ, ਮੈਂ ਸਭ ਸੰਭਾਲ ਲਵਾਂਗਾ | ਜਿਹੜਾ ਵੀ ਮੇਰੇ ਰਾਹ ਵਿਚ ਆਇਆ, ਉਸ ਦਾ ਖੁਰਾ ਖੋਜ ਵੀ ਨਹੀਂ ਥਿਆਉਣਾ |" ਬੌਬੀ ਨੇ ਬੜੇ ਜੋਸ਼ ਵਿਚ ਸਾਹਮਣੇ ਪਏ ਇਕ ਨਿੱਕੇ ਜਿਹੇ ਪੱਥਰ ਦੇ ਵੱਟੇ ਨੂੰ ਜੋਰ ਦੀ ਠੋਕਰ ਮਾਰੀ, ਜਿਹੜਾ ਰੁੜ੍ਹਦਾ ਰੁੜ੍ਹਦਾ ਦੂਰ ਚਲਾ ਗਿਆ |
"ਇਉਂ ਕਹਿ ਦੇਣ ਨਾਲ ਗੱਲ ਨਹੀਂ ਬਣਨੀ, ਉਹ ਨਿਰੇ ਪੱਥਰ ਗੀਟੇ ਨਹੀਂ ਕਿ ਠੋਕਰ ਮਾਰੇ ਰੁੜ੍ਹ ਜਾਣਗੇ | ਬਹੁਤ ਸੋਚ ਵਿਚਾਰ ਤੇ ਵਿਉਂਤ ਨਾਲ ਮੁਕਾਬਲਾ ਕਰਨਾ ਪੈਣਾ ਹੈ ਉਹਨਾਂ ਦਾ |" ਰਮੋਲੋ ਨੇ ਬੌਬੀ ਨੂੰ ਸਮਝਾਇਆ |
"ਤੂੰ ਮੈਨੂੰ ਕੀ ਦੱਸ ਰਿਹੈਂ, ਮੈਂ ਸਭ ਜਾਣਦਾਂ! ਵੇਲ਼ਾ ਆਉਣ 'ਤੇ ਸਭ ਠੀਕ ਹੋ ਜਾਏਗਾ | ਹੁਣ ਘਰਾਂ ਨੂੰ ਚੱਲੀਏ |" ਬੌਬੀ ਨੇ ਲਾਪਰਵਾਹੀ ਨਾਲ ਕਿਹਾ ਤੇ ਬੇਸਬਾਲ ਟੋਪੀ ਸਿਰ ਉਪਰ ਰੱਖ ਕੇ ਤੁਰਨ ਲਈ ਤਿਆਰ ਹੋ ਗਿਆ |
"ਚੱਲ ਕਿਸੇ ਪੱਬ, ਕਲੱਬ ਵਿਚ ਬੈਠ ਕੇ ਮੌਜ ਮੇਲਾ ਕਰਦੇ ਹਾਂ |" ਰਮੋਲੋ ਵੀ ਜਾਣ ਲਈ ਉਠ ਖੜ੍ਹਾ ਹੋਇਆ |
"ਜੇ ਕਿਤੇ ਮੌਜ ਮੇਲੇ ਲਈ ਜਾਣਾ ਹੈ ਤਾਂ ਦੀਪ ਨੂੰ ਵੀ ਨਾਲ ਲੈਣਾ ਪਵੇਗਾ | ਮੈਂ ਇਕੱਲਿਆਂ ਨਹੀਂ ਜਾਣਾ ਚਾਹੁੰਦਾ |"
"ਇਹ ਤੂੰ ਠੀਕ ਸੋਚਿਆ, ਉਸ ਨੂੰ ਵੀ ਨਾਲ ਲੈ ਚਲਦੇ ਹਾਂ |" ਕਾਰ ਵਿਚ ਬੈਠਦਾ ਹੋਇਆ ਰਮੋਲੋ ਬੋਲਿਆ ਤੇ ਕਾਰ ਦਾ ਮੂੰਹ ਪਟੁੱਲੋ ਪੁਲ਼ ਵੱਲ ਕਰ ਲਿਆ |
************
ਦਰਬਾਰ ਸਾਹਿਬ ਅਮ੍ਰਿਤਸਰ ਵਿਚ ਹੋਏ ਨੀਲਾ ਤਾਰਾ ਸਾਕੇ ਮਗਰੋਂ ਜਦੋਂ ਫੌਜ ਤੇ ਸੀ।ਆਰ।ਪੀ। ਨੇ ਖਾੜਕੂ ਲਹਿਰ ਦਾ ਖਾਤਮਾ ਕਰਨ ਲਈ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਛਾਣਨੀ ਲਾ ਕੇ ਕਹਿਰ ਢਾਉਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਖਾੜਕੂ, ਕਿਸੇ ਨਾ ਕਿਸੇ ਢੰਗ ਨਾਲ, ਬਦੇਸਾਂ ਨੂੰ ਨਿਕਲ ਗਏ | ਉਹਨਾਂ ਵਿਚੋਂ ਬਹੁਤੇ ਅਮਰੀਕਾ ਤੇ ਕੈਨੇਡਾ ਪਹੁੰਚਣ ਵਿਚ ਸਫਲ ਹੋ ਗਏ | ਕੈਨੇਡਾ ਜਾਣ ਵਾਲਿਆਂ ਵਿਚ ਕਈ ਖਾੜਕੂ ਬਣੇ ਤਸਕਰ ਲੁਟੇਰੇ ਵੀ ਸਨ | ਉਹਨਾਂ ਵਿਚੋਂ ਬਹੁਤੇ ਨਿੱਕ ਨਾਲ ਮਿਲ ਗਏ ਤੇ ਉਸ ਨੇ ਆਪਣਾ ਧੰਦਾ ਹੋਰ ਵਧਾ ਲਿਆ ਸੀ |
ਖਾਲਸਾ ਕਾਲਜ ਅਮ੍ਰਿਤਸਰ ਪੜ੍ਹਦਾ ਨਿੱਕ ਸੰਨ 72 ਵਿਚ ਅਕਤੂਬਰ ਦੇ ਪਹਿਲੇ ਹਫਤੇ ਕੈਨੇਡਾ ਆਇਆ ਸੀ | ਉਹ ਉਹਨਾਂ ਖੁਸ਼ਨਸੀਬਾਂ ਵਿਚੋਂ ਸੀ ਜਿਨ੍ਹਾਂ ਨੂੰ ਬਿਨਾਂ ਬਹੁਤੀ ਪੁੱਛ ਪੜਤਾਲ ਤੋਂ ਕੈਨੇਡਾ ਵਿਚ, ਸੈਲਾਨੀ ਦੇ ਤੌਰ 'ਤੇ, ਦਾਖਲ ਹੋਣ ਦਾ ਮੌਕਾ ਮਿਲ ਗਿਆ ਸੀ | ਉਸ ਤੋਂ ਮਗਰੋਂ ਕਾਨੂੰਨ ਵਿਚ ਸੋਧ ਕਰਕੇ ਸੈਲਾਨੀਆਂ ਦੇ ਆਉਣ 'ਤੇ ਸਖਤੀ ਕਰ ਦਿੱਤੀ ਗਈ | ਕੁਝ ਚਿਰ ਉਸ ਨੇ ਖੇਤਾਂ ਵਿਚ ਕੰਮ ਕੀਤਾ ਤੇ ਫਿਰ ਉਸ ਨੂੰ ਇਕ ਪਲਪ ਮਿੱਲ ਵਿਚ ਕੰਮ ਮਿਲ ਗਿਆ | ਪੱਕੇ ਹੋਣ ਲਈ ਉਸ ਨੇ ਅਰਜੀ ਤਾਂ ਆਉਂਦਿਆਂ ਹੀ ਭਰ ਦਿੱਤੀ ਸੀ ਪਰ ਇੱਥੇ ਪੱਕਾ ਹੋਣ ਵਿਚ ਕਈ ਸਾਲ ਲੱਗ ਗਏ | ਜਦੋਂ ਉਸ ਨੂੰ ਕੈਨੇਡਾ ਦੀ ਨਾਗ੍ਰਿਕਤਾ ਮਿਲ ਗਈ ਤਾਂ ਉਹ ਵਿਆਹ ਕਰਵਾਉਣ ਲਈ ਭਾਰਤ ਚਲਾ ਗਿਆ | ਅਮ੍ਿਰਤਸਰ ਦੇ ਇਕ ਚੰਗੇ ਅਮੀਰ ਘਰਾਣੇ ਵਿਚ ਉਸ ਦਾ ਵਿਆਹ ਹੋ ਗਿਆ | ਵਿਆਹ ਤੋਂ ਦੋ ਕੁ ਮਹੀਨੇ ਬਾਅਦ ਜਦੋਂ ਉਹ ਵਾਪਸ ਕੈਨੇਡਾ ਮੁੜਨ ਲੱਗਾ ਤਾਂ ਉਸ ਦੇ ਪਤਿਔਰ੍ਹੇ ਨੇ ਤਰਲੇ ਜਿਹੇ ਨਾਲ ਕਿਹਾ, "ਪਰਾਹੁਣਿਆ, ਹæਾਅ ਇਕ ਦੇਸੀ ਦੁਆਈ ਦਾ ਪੈਕਟ ਇਆ, ਜੇ ਇਹ ਖੜਦਾ ਜਾਵੇਂ ਤਾਂ, ਉੱਥੇ ਆਪਣੇ ਇਕ ਰਿਸ਼ਤੇਦਾਰ ਤਾਈਂ ਪੁਜਦਾ ਕਰਨਾ ਈ | ਉਸ ਨੂੰ ਗੰਠੀਏ ਦੀ ਸ਼ਕਾਇਤ ਊ |"
"ਦੇ ਦਿਓ, ਚਾਚਾ ਜੀ, ਮੈਂ ਲੈ ਜਾਸਾਂ |" ਨਿੱਕ ਨੇ ਬਿਨਾਂ ਝਿਜਕ ਦੋ ਕੁ ਸੌ ਗ੍ਰਾਮ ਦਾ ਪੈਕਟ ਫੜ ਕੇ ਆਪਣੇ ਕੋਟ ਦੀ ਜੇਬ ਵਿਚ ਪਾ ਲਿਆ |
"ਹੁਣੇ ਇਸ ਨੂੰ ਸੂਟਕੇਸ ਵਿਚ ਸੰਭਾਲ ਕੇ ਰੱਖ ਲੈ ਪੁੱਤਰਾ, ਜੇਬ ਵਿਚ ਪਿਆ ਭੁੱਲ ਭੁਲੇਖੇ ਕਿਤੇ ਖੜੀਜ ਜਾਸੀ | ਇਸ ਦਵਾਈ ਨਾਲ ਹੀ ਰਣਜੋਧ ਸਿਉਂ ਨੂੰ ਅਰਾਮ ਰਹਿੰਦਾ |" ਪਤਿਔਰ੍ਹੇ ਨੇ ਬੜੇ ਪਿਆਰ ਨਾਲ ਕਿਹਾ ਤੇ ਉਹ ਉਸ ਦਾ ਮਾਣ ਰੱਖਣ ਲਈ ਉਦੋਂ ਹੀ ਉਠ ਕੇ ਪੈਕਟ ਨੂੰ ਆਪਣੇ ਸੂਟਕੇਸ ਵਿਚ ਰੱਖਣ ਚਲਾ ਗਿਆ | ਵਾਪਸ ਆ ਕੇ ਉਸ ਨੇ ਪੁੱਛਿਆ, "ਅਡਰੈਸ ਤਾਂ ਪੈਕਟ ਉਪਰ ਹੀ ਲਿਖ ਦਿੱਤਾ ਹੋਵੇਗਾ?"
"ਅਹਿ ਉਸ ਦਾ ਅਡਰੈਸ ਆ | ਜਾਂਦਿਆਂ ਹੀ ਇਹ ਦਵਾਈ ਉਸ ਤਾਈਂ ਪੁਜਦੀ ਕਰ ਦੇਵੀਂ |" ਇਕ ਚਿਟ ਫੜਾਉਂਦਿਆਂ ਪਤਿਔਰ੍ਹੇ ਨੇ ਤਾਕੀਦ ਕੀਤੀ |
"ਤੁਸੀਂ ਬੇ ਫਿਕਰ ਹੋ ਜਾਓ ਚਾਚਾ ਜੀ, ਦਵਾਈ ਪਹੁੰਚ ਗਈ ਸਮਝੋ |" ਨਿੱਕ ਨੇ ਭਰੋਸਾ ਦਿਵਾਇਆ |
ਕੈਨੇਡਾ ਪਹੁੰਚ ਕੇ ਨਿੱਕ ਨੇ ਪਹਿਲਾ ਕੰਮ ਦਵਾਈ ਵਾਲਾ ਪੈਕਟ ਫੜਾਉਣ ਦਾ ਕੀਤਾ | ਉਹ ਫੋਨ ਕਰਕੇ ਰਣਜੋਧ ਸਿੰਘ ਦੇ ਘਰ ਚਲਾ ਗਿਆ | ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਕਿ ਨਵਾਂ ਬਣਿਆ ਰਿਸ਼ਤੇਦਾਰ ਰਣਜੋਧ ਸਿੰਘ ਹੋਰ ਕੋਈ ਨਹੀਂ, ਰੰਜ ਹੈ | ਰੰਜ ਦਾ ਉਹ ਪਹਿਲਾਂ ਤੋਂ ਹੀ ਜਾਣੂ ਸੀ | ਉਸ ਨੂੰ ਝਟ ਪੈਕਟ ਦੀ ਅਸਲੀਅਤ ਦਾ ਪਤਾ ਲੱਗ ਗਿਆ ਕਿ ਇਸ ਵਿਚ ਕੋਈ ਨਸ਼ੀਲੀ ਚੀਜ਼ ਭੇਜੀ ਹੋਵੇਗੀ | ਉਸ ਨੇ ਪੈਕਟ ਫੜਾਉਣ ਤੋਂ ਪਹਿਲਾਂ ਰੰਜ ਕੋਲੋਂ ਪੁੱਛਿਆ, "ਤ੍ਰਿਲੋਕ ਸਿੰਘ ਨਾਲ ਆਪਣੀ ਕੀ ਰਿਸ਼ਤੇਦਾਰੀ ਆ?"
"ਉਹ ਮੇਰੇ ਨਾਨਕਿਆਂ 'ਚੋਂ ਆ, ਘਰਾਂ 'ਚੋਂ ਮੇਰਾ ਮਾਮਾ |"
"ਫਿਰ ਤਾਂ ਆਪਾਂ ਰਿਸ਼ਤੇਦਾਰ ਬਣ ਗਏ | ਉਸ ਦੇ ਛੋਟੇ ਭਰਾ ਦੀ ਲੜਕੀ ਮੇਰੀ ਪਤਨੀ ਬਣੀ ਆ |" ਨਿੱਕ ਨੇ ਉੱਠ ਕੇ ਦੋਬਾਰਾ ਉਸ ਨਾਲ ਹੱਥ ਮਿਲਾਇਆ |
"ਮੈਨੂੰ ਪਤਾ ਹੈ | ਤੇਰੇ ਆਉਣ ਤੋਂ ਪਹਿਲਾਂ ਹੀ ਮੈਨੂੰ ਫੂਨ ਆ ਗਿਆ ਸੀ | ਜੇ ਤੂੰ ਨਾ ਆਉਂਦਾ ਤਾਂ ਅਸੀਂ ਆਪ ਤੇਰੇ ਕੋਲ ਆਉਣਾ ਸੀ |" ਰੰਜ ਨੇ ਅਪਣੱਤ ਨਾਲ ਕਿਹਾ |
"ਆਪਣੇ ਘਰ ਵਿਚ ਗੰਠੀਏ ਦਾ ਮਰੀਜ਼ ਕੌਣ ਆ?" ਨਿੱਕ ਨੇ ਸੱਚਾਈ ਜਾਣਨ ਲਈ ਗੱਲ ਬਦਲੀ |
ਇਹ ਸਵਾਲ ਸੁਣ ਕੇ ਰੰਜ ਇਕ ਦਮ ਕੋਈ ਜਵਾਬ ਨਾ ਦੇ ਸਕਿਆ ਪਰ ਫਿਰ ਕੁਝ ਸੋਚ ਕੇ ਬੋਲਿਆ, "ਮੇਰੇ ਹੀ ਜੋੜਾਂ ਵਿਚ ਕਦੀ ਕਦਾਈਂ ਦਰਦ ਹੋਣ ਲੱਗ ਪੈਂਦਾ ਏ |"
"ਹੂੰਅ! ਪਹਿਲਾਂ ਤੇਰੇ ਜੋੜ ਅਫੀਮ ਨਾਲ ਦਰਦ ਕਰਨੋ ਹਟਦੇ ਸੀ, ਹੁਣ ਇਸ ਦਵਾਈ ਨਾਲ ਹਟਦੇ ਹੋਣਗੇ |" ਉਸ ਨੇ ਵਿਅੰਗ ਨਾਲ ਕਿਹਾ ਤੇ ਫਿਰ ਪੁੱਛਿਆ, "ਸੱਚ ਦੱਸ ਇਸ ਵਿਚ ਕਿਹੜੀ ਦਵਾਈ ਹੈ? ਫਿਰ ਹੀ ਮੈਂ ਇਹ ਪੈਕਟ ਤੈਨੂੰ ਦਿਆਂਗਾ |"
"ਆਪਾਂ ਰਿਸ਼ਤੇਦਾਰ ਆਂ, ਤੇਰੇ ਕੋਲੋਂ ਕੀ ਲਕੋ | ਇਸ ਵਿਚ ਸਮੈਕ ਏ |" ਰੰਜ ਨੇ ਬਿਨਾਂ ਝਿਜਕ ਕਹਿ ਦਿੱਤਾ |
"ਮੈਂ ਇੰਨਾ ਖਤਰਾ ਸਹੇੜ ਕੇ ਇਸ ਨੂੰ ਇੱਥੇ ਲੈ ਕੇ ਆਇਆ ਹਾਂ, ਇਸ ਵਿਚ ਮੇਰਾ ਵੀ ਕੁਝ ਹਿੱਸਾ ਤਾਂ ਬਣਦਾ ਈ ਆ |" ਨਿੱਕ ਨੇ ਮੂੰਹ ਪਾੜ ਕੇ ਕਹਿ ਦਿੱਤਾ |
ਉਸ ਦੀ ਗੱਲ ਸੁਣ ਕੇ ਰੰਜ ਸ਼ਸ਼ੋਪੰਜ ਵਿਚ ਪੈ ਗਿਆ ਕਿ ਕਹੇ ਤਾਂ ਕੀ ਕਹੇ ਤੇ ਫਿਰ ਕੁਝ ਝਿਜਕ ਕੇ ਤੇ ਕੁਝ ਸੋਚ ਕੇ ਕਹਿਣ ਲੱਗਾ, "ਅਸਲ ਵਿਚ ਇਹ ਪੈਕਟ ਮੇਰਾ ਨਹੀਂ, ਕਿਸੇ ਹੋਰ ਦਾ ਹੈ | ਮੈਨੂੰ ਤਾਂ ਇਸ ਵਿਚੋਂ ਮਾਮੂਲੀ ਜਿਹਾ ਕਮਿਸ਼ਨ ਹੀ ਮਿਲਣਾ | ਜੇ ਤੂੰ ਕਮਿਸ਼ਨ ਚਾਹੁੰਦਾ ਹੈਂ ਤਾਂ ਉਸ ਦੇ ਕੋਲ਼ ਜਾਣਾ ਪਵੇਗਾ | ਜੇ ਉਸ ਕੋਲ਼ੋਂ ਅਸ਼ੀਰਵਾਦ ਮਿਲ ਗਿਆ ਤਾਂ ਫਿਰ ਅਗਾਂਹ ਤੋਂ ਵੀ ਆਪਣੀ ਭਾਈਵਾਲੀ ਪੱਕੀ |"
"ਬਹੁਤ ਖੂਬ! 'ਖੂਬ ਗੁਜ਼ਰੇਗੀ, ਜਬ ਮਿਲ ਬੈਠੇਂਗੇ ਦੀਵਾਨੇ ਦੋ' ਮੈਨੂੰ ਮਨਜ਼ੂਰ ਆ | ਚੱਲ ਤੁਰ, ਪਹਿਲਾਂ ਉਹਨਾਂ ਬਾਬਿਆਂ ਕੋਲੋਂ ਅਸ਼ੀਰਵਾਦ ਲੈ ਆਈਏ |" ਨਿੱਕ ਨੇ ਉਰਦੂ ਦਾ ਸ਼ੇਅਰ ਬੋਲਿਆ ਤੇ ਉਸ ਆਦਮੀ ਕੋਲ ਜਾਣ ਲਈ ਤਿਆਰ ਹੋ ਗਿਆ |
ਨਿੱਕ ਨੇ ਬਾਬਾ ਜੀ ਕਹਿ ਕੇ ਹੀ ਉਸ ਆਦਮੀੰ ਨੂੰ ਫਤਹ ਬੁਲਾਈ ਤੇ ਗੱਲ ਬਾਤ ਕੀਤੀ | ਬਾਬਿਆਂ ਤੋਂ ਅਸ਼ੀਰਵਾਦ ਲੈਣ ਮਗਰੋਂ ਨਿੱਕ ਦਾ ਹੌਸਲਾ ਵਧ ਗਿਆ ਤੇ ਉਹ ਤਿੰਨ ਕੁ ਮਹੀਨੇ ਮਗਰੋਂ ਹੀ ਆਪਣੀ ਪਤਨੀ ਨੂੰ ਲੈਣ ਅਮ੍ਰਿਤਸਰ ਚਲਾ ਗਿਆ | ਵਾਪਸ ਮੁੜਦਾ ਹੋਇਆ ਉਹ ਇਕ ਭਾਰਾ ਪੈਕਟ ਲੈ ਕੇ ਆਇਆ | ਪਤਨੀ ਦੇ ਵੈਨਕੂਵਰ ਆ ਜਾਣ ਮਗਰੋਂ ਵੀ ਉਸ ਨੇ ਅਮ੍ਰਿਤਸਰ ਦੇ ਦੋ ਗੇੜੇ ਹੋਰ ਮਾਰੇ | ਦੂਜੇ ਗੇੜੇ ਵੈਨਕੂਵਰ ਏਅਰਪੋਰਟ 'ਤੇ ਉਸ ਦੀ ਤਲਾਸ਼ੀ ਹੋਈ ਤੇ ਉਸ ਕੋਲੋਂ ਸਮੈਕ ਦਾ ਪੈਕਟ ਫੜਿਆ ਗਿਆ | ਉਸ ਉਪਰ ਮੁਕਦਮਾ ਚੱਲਿਆ ਪਰ ਬਾਬੇ ਨੇ ਉਸ ਲਈ ਇਕ ਚੰਗਾ ਵਕੀਲ ਕੀਤਾ ਤੇ ਉਹ ਬਰੀ ਹੋ ਗਿਆ | ਬਰੀ ਹੋ ਜਾਣ ਮਗਰੋਂ ਵੀ ਉਸ ਨੇ ਆਪਣਾ ਕੰਮ ਛੱਡਿਆ ਨਹੀਂ ਪਰ ਕੰਮ ਕਰਨ ਦਾ ਢੰਗ ਬਦਲ ਲਿਆ |
ਤੇ ਇਸ ਬਦਲੇ ਢੰਗ ਕਾਰਨ ਹੀ ਮਾਰੀਓ ਦੇ ਕੰਨ ਖੜ੍ਹੇ ਹੋ ਗਏ ਤੇ ਉਸ ਨੇ ਰਮੋਲੋ ਰਾਹੀਂ ਬੌਬੀ ਨੂੰ ਸੁਚੇਤ ਕੀਤਾ |
************
ਸਾਂਝ ਭਿਆਲੀ
ਅੱਧੀ ਰਾਤ ਮਗਰੋਂ ਜਦੋਂ ਫੋਨ ਦੀ ਘੰਟੀ ਖੜਕੀ ਤਾਂ ਦੀਪ ਦੇ ਪਿਤਾ, ਬਚਨ ਸਿੰਘ ਦੀ ਭੜਕ ਦੇਣੇ ਅੱਖ ਖੁੱਲ੍ਹ ਗਈ | ਫੋਨ ਉਸ ਦੇ ਸਿਰਹਾਣੇ, ਨਾਈਟ ਟੇਬਲ ਉਪਰ ਪਿਆ ਸੀ | ਉਂਝ ਤਾਂ ਲਿਵਿੰਗਰੂਮ ਅਤੇ ਦੀਪ ਦੇ ਸੌਣ ਕਮਰੇ ਵਿਚ ਵੀ ਟੈਲੀਫੋਨ ਰੱਖਿਆ ਹੋਇਆ ਸੀ ਪਰ ਦੀਪ ਸਦਾ ਫੋਨ ਦੀ ਘੰਟੀ ਬੰਦ ਕਰਕੇ ਹੀ ਸੌਂਦਾ ਸੀ ਤੇ ਰਾਤ ਸਮੇਂ ਆਏ ਫੋਨ ਬਚਨ ਸਿੰਘ ਹੀ ਸੁਣਦਾ ਹੁੰਦਾ ਸੀ | ਉਸ ਬਿਸਤਰੇ ਵਿਚ ਪਿਆਂ ਹੀ ਬੁੜ ਬੁੜ ਕੀਤੀ, 'ਥੱਕੇ ਟੁੱਟੇ ਆਇਆ ਨੂੰ ਮਸਾਂ ਦੋ ਘੜੀਆ ਅੱਖ ਲਾਉਣ ਦਾ ਮੌਕਾ ਮਿਲਦੈ ਤੇ ਇਹ ਫੂਨਾਂ ਵਾਲੇ ਵੀ ਚੈਨ ਨਾਲ ਸੌਣ ਨ੍ਹੀਂ ਦਿੰਦੇ |' ਫੋਨ ਦੀ ਘੰਟੀ ਖੜਕੀ ਜਾ ਰਹੀ ਸੀ | 'ਕਿਤੇ ਇਹ ਵੱਡੇ ਭਰਾ ਮੱਘਰ ਦਾ ਨਾ ਇੰਡੀਆ ਤੋਂ ਆਇਆ ਹੋਵੇ ਫੂਨ | ਉਹੀ ਫੂਨ ਕਰਨ ਲੱਗਾ ਵੇਲ਼ਾ ਕੁਵੇਲ਼ਾ ਨ੍ਹੀਂ ਵੇਖਦਾ, ਕਿੰਨੀ ਵਾਰ ਉਸ ਨੂੰ ਦੱਸਿਐ ਕਿ ਏਥੋਂ ਦੇ ਟੈਮ 'ਚ ਇੰਡੀਆ ਨਾਲੋਂ ਦਿਨ ਰਾਤ ਦਾ ਫਰਕ ਐ | ਜੇ ਹੈਥੇ ਦਿਨ ਹੋਊ ਤਾਂ ਏਥੇ ਰਾਤ ਹੁੰਦੀ ਐ |' ਇਹ ਸੋਚਦਿਆਂ ਹੀ ਉਸ ਨੇ ਚੋਂਗਾ ਆਪਣੇ ਕੰਨ ਨੂੰ ਲਾ ਲਿਆ | ਦੋ ਵਾਰ ਉਸ ਨੇ ਹੂੰਅ' 'ਹੂੰਅ' ਕੀਤੀ ਤੇ ਫਿਰ 'ਹੋਲਡ ਪਲੀਜ਼' ਕਹਿ ਕੇ ਚੋਂਗੇ ਨੂੰ ਪਾਸੇ ਰੱਖਿਆ ਤੇ ਤੇਜੀ ਨਾਲ ਦੀਪ ਦੇ ਸੌਣ ਕਮਰੇ ਵਿਚ ਜਾ ਕੇ ਉੱਚੀ ਅਵਾਜ਼ ਵਿਚ ਕਿਹਾ, "ਦੀਪ, ਤੇਰਾ ਜਰੂਰੀ ਫੂਨ ਐ, ਉੱਠ ਕੇ ਸੁਣ ਲੈ |"
ਦੀਪ ਰਾਤੀਂ ਦੇਰ ਨਾਲ ਘਰ ਆ ਕੇ ਸੁੱਤਾ ਸੀ | ਉਸ ਨੇ ਬਚਨ ਸਿੰਘ ਦੀ ਅਵਾਜ਼ ਦਾ ਕੋਈ ਉੱਤਰ ਨਾ ਦਿੱਤਾ ਤੇ ਉਵੇਂ ਹੀ ਘੂਕ ਸੁੱਤਾ ਪਿਆ ਰਿਹਾ | ਪਲ ਕੁ ਦੀ ਉਡੀਕ ਮਗਰੋਂ ਬਚਨ ਸਿੰਘ ਨੇ ਉਸ ਨੂੰ ਝੂਣ ਜਗਾਉਂਦਿਆਂ ਕਿਹਾ। "ਦੀਪ, ਸਟੋਰ ਤੋਂ ਫੂਨ ਆਇਐ | ਉਹ ਤੇਰੇ ਨਾਲ ਛੇਤੀ ਗੱਲ ਕਰਨੀ ਚਾਹੁੰਦੈ | ਉੱਥੇ ਅੱਗ ਲੱਗਣ ਦੀ ਗੱਲ ਕਹਿੰਦਾ ਹੈ ਉਹ |" ਬਚਨ ਸਿੰਘ ਨੇ ਉਸ ਨੂੰ ਸਪਸ਼ਟ ਦੱਸ ਦਿੱਤਾ |
ਦੀਪ ਅੱਖਾਂ ਮਲ਼ਦਾ, ਮੱਥੇ ਤਿਉੜੀ ਪਾਈ ਉਠਿਆ ਅਤੇ ਕਰੈਡਲ ਤੋਂ ਚੋਂਗਾ ਚੁਕ ਕੇ ਹੋਲ਼ੀ ਜਿਹੀ 'ਹੈਲੋ' ਕਿਹਾ | 'ਯੈਸ' ਕਹਿਣ ਮਗਰੋਂ ਉਹ ਕੁਝ ਦੇਰ 'ਹੂੰ' 'ਹੂੰ' ਕਰਦਾ ਰਿਹਾ | ਫਿਰ ਉਸ ਉੱਚੀ ਅਵਾਜ਼ ਵਿਚ 'ਓ, ਮਾਈ ਗਾਡ!' ਕਹਿ ਕੇ ਫੋਨ ਕਰੈਡਲ ਉਪਰ ਰੱਖ ਦਿੱਤਾ ਅਤੇ ਚਾਬੀਆਂ ਚੁੱਕ ਕੇ ਛੇਤੀ ਛੇਤੀ ਪੌੜੀਆਂ ਉਤਰ ਗਿਆ |
"ਮੈਂ ਵੀ ਨਾਲ ਚਲਦਾਂ |" ਉਸ ਦੇ ਮਗਰ ਪੌੜੀਆਂ ਉਤਰਦਾ ਬਚਨ ਸਿੰਘ ਬੋਲਿਆ |
"ਤੂੰ ਓਥੇ ਜਾ ਕੇ ਕੀ ਕਰਨਾਂ!" ਦੀਪ ਰੁੱਖਾ ਬੋਲਿਆ ਤੇ ਬੂਹਿਉਂ ਬਾਹਰ ਨਿਕਲ ਕੇ ਆਪਣੀ ਕਾਰ ਵਿਚ ਜਾ ਬੈਠਾ |
ਬੂਹਾ ਬੰਦ ਕਰਕੇ ਜਦੋਂ ਨੋਝੂਣਾ ਬਚਨ ਸਿੰਘ ਆਪਣੇ ਸੌਣ ਕਮਰੇ ਵਿਚ ਆਇਆ ਤਾਂ ਉਸ ਦੀ ਪਤਨੀ ਨਸੀਬ ਕੌਰ, ਜਿਹੜੀ ਬਿਸਤਰੇ ਵਿਚ ਬੈਠੀ 'ਵਾਹਗੁਰੂ' ਵਾਹਗੁਰੂ' ਕਰ ਰਹੀ ਸੀ, ਨੇ ਪੁੱਛ ਲਿਆ, "ਫੂਨ ਸੁਣ ਕੇ ਦੀਪ ਝਟ ਬਾਹਰ ਚਲਾ ਗਿਐ, ਸੁੱਖ ਤਾਂ ਹੈ?"
"ਸੁੱਖ ਕਾਹਦੀ! ਸਟੋਰ ਵਾਲੇ ਪਲਾਜ਼ੇ 'ਚ ਅੱਗ ਲੱਗੀ ਹੋਈ ਐ ਤੇ ਦੀਪ ਨੂੰ ਓਥੇ ਸੱਦਿਐ |"
"ਹੇ ਵਾਹਗੁਰੂ! ਇਹ ਕੀ ਭਾਣਾ ਵਰਤ ਗਿਆ? ਮਸਾਂ ਸੁਖ ਦਾ ਸਾਹ ਆਉਣ ਲੱਗਾ ਸੀ, ਹੁਣ ਕੀ ਬਣੂ?" ਨਸੀਬ ਕੌਰ ਨੇ ਹਉਕਾ ਭਰਦਿਆਂ ਕਿਹਾ |
"ਕੀ ਪਤਾ ਨਾਲ ਵਾਲੀ ਆਟੋਬਾਡੀ ਸ਼ਾਪ ਨੂੰ ਅੱਗ ਲੱਗੀ ਹੋਵੇ ਤੇ ਅਗਾਂਹ ਆਪਣੇ ਸਟੋਰ ਨੂੰ ਅੱਗ ਲੱਗ ਜਾਣ ਦਾ ਖਤਰਾ ਹੋਵੇ | ਮੇਰਾ ਖਿਆਲ ਐ, ਤਾਂ ਹੀ ਉੇਹਨਾਂ ਦੀਪ ਨੂੰ ਓਥੇ ਸੱਦਿਆ ਹੋਣਾ |" ਬਚਨ ਸਿੰਘ ਨੇ ਨਸੀਬ ਕੌਰ ਨੂੰ ਇਕ ਆਸ ਦੀ ਕਿਰਨ ਦਿਖਾਈ |
"ਹæਾਹੋ! ਇਹੋ ਗੱਲ ਹੋਣੀ ਐ | ਆਪਾਂ ਕਿਹੜਾ ਕੋਈ ਬੇਈਮਾਨੀ ਜਾਂ ਹੇਰਾ ਫੇਰੀ ਕਰਕੇ ਪੈਸਾ ਲਾਇਆ ਐ | ਸਾਡੀ ਤਾਂ ਹੱਕ ਦੀ ਕਮਾਈ ਐ | ਰੱਬ ਸੁੱਖ ਹੀ ਰੱਖੂ |" ਨਸੀਬ ਕੌਰ ਨੇ ਰੱਬ 'ਤੇ ਭਰੋਸਾ ਕਰਦਿਆਂ ਬਚਨ ਸਿੰਘ ਦੀ ਹਾਂ ਵਿਚ ਹਾਂ ਮਿਲਾਈ |
"ਹੱਕ ਨਿਹੱਕ ਦੀ ਗੱਲ ਛੱਡ | ਜਿਸ ਦੀ ਸਟੋਰ ਵਿਚ ਸਾਂਝ ਭਿਆਲੀ ਐ, ਬਹੁਤਾ ਪੈਸਾ ਤਾਂ ਉਸ ਦਾ ਹੀ ਲੱਗੈ ਤੇ ਸਟੋਰ ਵਿਚ ਸਾਰਾ ਫਰਨੀਚਰ ਵੀ ਉਸ ਦੇ ਸਟੋਰ ਤੋਂ ਹੀ ਆਉਂਦੈ | ਉਸ ਬਾਰੇ ਕਦੇ ਲੋਕਾਂ ਤੋਂ ਸੁਣਿਐ ਕਿ ਉਹ ਕਿੰਨਾ ਕੁ ਈਮਾਨਦਾਰ ਐ? ਤੇਰਾ ਮੁੰਡਾ ਵੀ ਤਾਂ ਸਦਾ ਉਸੇ ਨਾਲ ਹੀ ਤੁਰਿਆ ਫਿਰਦੈ |" ਬਚਨ ਸਿੰਘ ਨੇ ਅਸਿੱਧੇ ਢੰਗ ਨਾਲ ਬੌਬੀ ਦੀ ਬੇਈਮਾਨੀ ਦੀ ਕਮਾਈ ਵੱਲ ਇਸੰਾਰਾ ਕਰ ਦਿੱਤਾ |
"ਬੌਬੀ ਨੇ ਥੋਨੂੰ ਸਟੋਰ ਦਾ ਮਾਲਕ ਜੋ ਬਣਾ ਦਿੱਤਾ, ਤਾਂ ਉਹ ਬੇਈਮਾਨ ਹੋ ਗਿਆ! ਤੁਸੀਂ ਐਵੇਂ ਉਸ ਦੀ ਬਦਖੋਈ ਕਰਦੇ ਰਹਿੰਦੇ ਓ | ਲੋਕ ਜੋ ਮਰਜੀ ਭਕਾਈ ਮਾਰੀ ਜਾਣ, ਬੌਬੀ ਮੁੰਡਾ ਮਾੜਾ ਨਹੀਂ | ਸੁਭਾਅ ਦਾ ਹੀ ਗੁੱਸੇ-ਖੋਰ ਐ |" ਨਸੀਬ ਕੌਰ ਬੌਬੀ ਦਾ ਅਹਿਸਾਨ ਮੰਨਦੀ ਸੀ ਅਤੇ ਉਸ ਨੂੰ ਉਸ ਵਿਚ ਕੋਈ ਭੈੜ ਵੀ ਨਹੀਂ ਦਿਸਦਾ ਸੀ |
"ਹੁਣ ਐਵੇਂ ਤੂੰ ਵੀ ਨਾ ਭਕਾਈ ਮਾਰ ਤੇ ਚੁੱਪ ਕਰ ਕੇ ਸੌਂ ਜਾ | ਅਜੇ ਦੋ ਵਜੇ ਐ, ਸਵੇਰੇ ਫੇਰ ਸਦੇਹਾਂ ਉਠਣੈ |" ਬਚਨ ਸਿੰਘ ਨੇ ਝਿੜਕ ਕੇ ਨਸੀਬ ਕੌਰ ਨੂੰ ਚੁੱਪ ਕਰਾ ਦਿੱਤਾ |
ਉਸ ਨੇ ਟੇਬਲ ਲੈਂਪ ਦੀ ਸਵਿੱਚ ਬੰਦ ਕੀਤੀ ਅਤੇ ਮੂੰਹ ਸਿਰ ਲਪੇਟ ਕੇ ਪੈ ਗਿਆ | ਉਸਨੇ ਨਸੀਬ ਕੌਰ ਨੂੰ ਤਾਂ ਚੁੱਪ ਕਰਾ ਦਿੱਤਾ ਸੀ ਉਸ ਦੇ ਕਹੇ ਸ਼ਬਦ, 'ਆਪਾਂ ਕਿਹੜਾ ਬੇਈਮਾਨੀ ਜਾਂ ਹੇਰਾ ਫੇਰੀ ਕਰਕੇ ਪੈਸਾ ਲਾਇਐ | ਸਾਡੀ ਹੱਕ ਦੀ ਕਮਾਈ ਹੈ' ਉਸ ਦੇ ਮਨ ਨੂੰ ਉਚਾਟ ਕਰ ਰਹੇ ਸਨ | ਇਹਨਾਂ ਸ਼ਬਦਾਂ ਨੇ ਉਸ ਨੂੰ ਅਤੀਤ ਯਾਦ ਕਰਵਾ ਦਿੱਤਾ | ਉਸ ਨੂੰ ਯਾਦ ਆਇਆ ਕਿ ਉਹ ਪਿੰਡ ਦੀ ਸਹਿਕਾਰੀ ਸਭਾ ਦਾ ਖਜ਼ਾਨਚੀ ਹੁੰਦੇ ਹੋਏ ਕਿਵੇਂ ਖੰਡ ਤੇ ਖਾਦ ਵਿਚ ਹੇਰਾ ਫੇਰੀ ਕਰਦਾ ਹੁੰਦਾ ਸੀ ਤੇ ਫਿਰ ਖਾਦ ਡਿੱਪੂ ਦੀ ਰਕਮ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਥਾਂ ਉਸੇ ਰਕਮ ਆਸਰੇ ਕੈਨੇਡਾ ਕੈਨੇਡਾ ਉਡਾਰੀ ਮਾਰ ਆਇਆ ਸੀ | ਇਹੋ ਸੋਚਾਂ ਉਸ ਨੂੰ ਚੈਨ ਨਾਲ ਸੌਣ ਨਹੀਂ ਦੇ ਰਹੀਆਂ ਸਨ ਅਤੇ
ਬਿਸਤਰੇ ਵਿਚ ਪਿਆ ਪਲਸੇਟੇ ਮਾਰੀ ਜਾ ਰਿਹਾ ਸੀ | ਨਸੀਬ ਕੌਰ ਵੀ ਜਿਹੜੀ ਸੋਚਾਂ 'ਚ ਡੁੱਬੀ, ਉਸ ਦੇ ਨਾਲ ਪਈ, ਬਹੁਤ ਦੇਰ ਤੋਂ ਛੱਤ ਵੱਲ ਝਾਕੀ ਜਾ ਰਹੀ ਸੀ, ਉਸ ਨੂੰ ਪਾਸੇ ਮਾਰਦਿਆਂ ਦੇਖ ਕੇ ਬੋਲੀ, "ਹੈਂ ਜੀ! ਜਾਗਦੇ ਓ, ਨੀਂਦ ਨਹੀਂ ਆਉਂਦੀ?"
"ਨੀਂਦ ਕਿਹੜੇ ਭੜਵੇ ਨੂੰ ਆਉਣੀ ਐ! ਧਿਆਨ ਤਾਂ ਸਟੋਰ ਵਾਲੇ ਪਾਸੇ ਲੱਗਾ ਹੋਇਐ |" ਬਚਨ ਸਿੰਘ ਬੋਲਿਆ | "ਹੁਣ ਤਾਂ ਦਿਨ ਚੜ੍ਹਨ ਵਾਲੈ | ਦੀਪ ਅਜੇ ਤਾਈਂ ਨਹੀਂ ਮੁੜਿਆ | ਆਪਾਂ ਚੱਲ ਕੇ ਦੇਖੀਏ ਤਾਂ ਸਹੀ ਕਿਤੇ ਸਾਰਾ ਸਟੋਰ ਈ ਨਾ ਸੜ ਕੇ ਸੁਆਹ ਹੋ ਗਿਆ ਹੋਵੇ |" ਨਸੀਬ ਕੌਰ ਨੇ ਤਰਲੇ ਜਿਹੇ ਨਾਲ ਕਿਹਾ |
"ਹੂੰਅ! ਪਹਿਲਾਂ ਮੈਂ ਸਟੋਰ 'ਤੇ ਫੂਨ ਕਰਕੇ ਦੇਖਦਾਂ, ਸ਼ਾਇਦ ਦੀਪ ਅਜੇ ਉੱਥੇ ਹੀ ਹੋਵੇ |" ਇਹ ਕਹਿ ਕੇ ਉਸ ਨੇ ਫਰਨੀਚਰ ਸਟੋਰ ਦਾ ਨੰਬਰ ਮਿਲਾਇਆ, ਘੰਟੀ ਵਜਦੀ ਰਹੀ ਪਰ ਅੱਗੋਂ ਕਿਸੇ ਨੇ ਫੋਨ ਨਾ ਚੁੱਕਿਆ | ਚੋਂਗਾ ਕਰੈਡਲ ਉਪਰ ਰੱਖ ਕੇ ਉਸ ਨੇ ਨਸੀਬ ਕੌਰ ਨੂੰ ਕਿਹਾ, "ਚੰਗਾ, ਚਾਹ ਬਣਾ ਲੈ ਫਿਰ ਚਲੇ ਚਲਦੇ ਆਂ | ਮੈਂ ਪ੍ਰੀਤੀ ਨੂੰ ਵੀ ਫੂਨ ਕਰ ਦਿੱਨਾਂ | ਉਸ ਨੂੰ ਵੀ ਆਪਣੇ ਨਾਲ ਲੈ ਚੱਲਾਂਗੇ |" ਪ੍ਰੀਤੀ ਨੂੰ ਫੋਨ ਕਰਕੇ ਉਹ ਵਾਸ਼ਰੂਮ ਵਿਚ ਵੜ ਗਿਆ |
ਉਸ ਦੀ ਕੁੜੀ, ਪ੍ਰੀਤੀ ਦਾ ਵਿਆਹ ਡੇਢ ਕੁ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਪਤੀ ਨੂੰ ਇੰਡੀਆ ਤੋਂ ਆਏ ਨੂੰ ਵੀ ਛੇ ਕੁ ਮਹੀਨੇ ਹੀ ਹੋਏ ਸਨ | ਉਹ ਉਹਨਾਂ ਦੇ ਨੇੜੇ ਹੀ ਕਰਾਏ ਦੀ ਬੇਸਮਿੰਟ ਵਿਚ ਰਹਿੰਦੇ ਸਨ | ਚਾਹ ਪੀ ਕੇ ਉਹ ਉਸ ਦੇ ਘਰ ਚਲੇ ਗਏ | ਪ੍ਰੀਤੀ ਦਾ ਪਤੀ ਕੰਮ 'ਤੇ ਚਲਾ ਗਿਆ ਸੀ ਤੇ ਪ੍ਰੀਤੀ ਮੈਕਡਾਨਲਡਸ ਵਿਚ ਕੈਸ਼ੀਅਰ ਸੀ ਤੇ ਉਸ ਨੇ ਦੁਪਹਿਰ ਤੋਂ ਮਗਰੋਂ ਕੰਮ 'ਤੇ ਜਾਣਾ ਸੀ | ਉਹਨਾਂ ਨਾਲ ਜਾਣ ਲਈ ਉਹ ਝਟ ਤਿਆਰ ਹੋ ਗਈ | ਉਹਨਾਂ ਪ੍ਰੀਤੀ ਨੂੰ ਕਾਰ ਵਿਚ ਬਿਠਾਇਆ ਤੇ ਕਾਰ ਨੂੰ ਰਿਚਮੰਡ ਵੱਲ ਤੋਰ ਲਿਆ | ਜਦੋਂ ਬਚਨ ਸਿੰਘ ਨੇ ਅਲੈਕਸ ਫਰੇਜਰ ਪੁਲ਼ ਪਾਰ ਕਰਕੇ ਕਾਰ ਨੂੰ ਰਿਚਮੰਡ ਵੱਲ ਮੋੜਿਆ ਤਾਂ ਸਾਹਮਣੇ ਤੋਂ ਫਾਇਰਬ੍ਰਗੇਡ ਦੀਆਂ ਦੋ ਗੱਡੀਆਂ ਆ ਰਹੀਆਂ ਸਨ |
"ਇਹ ਤਾਂ ਆਪਣੇ ਸਟੋਰ ਵੱਲੋਂ ਹੀ ਆਉਂਦੀਆਂ ਲਗਦੀਆਂ, ਜਿਹੜੀਆਂ ਹੂਟਰ ਨਹੀਂ ਵਜਾਉਂਦੀਆਂ |" ਪਸੈਂਜਰ ਸੀਟ 'ਤੇ ਬੈਠੀ ਪ੍ਰੀਤੀ ਨੇ ਕਿਹਾ | ਬਚਨ ਸਿੰਘ ਨੇ ਕੋਈ ਹੁੰਗਾਰਾ ਨਹੀਂ ਭਰਿਆ | ਪਤਾ ਨਹੀਂ ਉਹ ਕਿਹੜੀਆਂ ਸੋਚਾਂ ਵਿਚ ਡੁੱਬਿਆ ਕਾਰ ਚਲਾ ਰਿਹਾ ਸੀ | ਪਿਛਲੀ ਸੀਟ 'ਤੇ ਬੈਠੀ ਨਸੀਬ ਕੌਰ ਨੇ 'ਹੇ ਵਾਹਗੁਰੂ! ਸੁੱਖ ਹੀ ਰੱਖੀਂ' ਕਿਹਾ ਤੇ ਫਿਰ ਕਾਰ ਵਿਚ ਚੁੱਪ ਵਰਤ ਗਈ |
ਜਦੋਂ ਉਹ ਰਿਚਮੰਡ ਪਲਾਜ਼ੇ ਵਿਚ ਪਹੁੰਚੇ ਤਾਂ ਉਹਨਾਂ ਦੇ ਫਰਨੀਚਰ ਸਟੋਰ ਤੋਂ ਥੋੜਾ ਪਿਛਾਂਹ ਕਰਕੇ ਫਾਇਰਬ੍ਰਗੇਡ ਦੀ ਇਕ ਗੱਡੀ ਅਜੇ ਵੀ ਖੜ੍ਹੀ ਸੀ | ਕੋਲ ਹੀ ਆਰ।ਸੀ।ਐਮ।ਪੀ। ਦੀ ਇਕ ਕਾਰ ਖੜ੍ਹੀ ਸੀ | ਸਟੋਰ ਦੁਆਲ਼ੇ ਖੱਟੀ ਟੇਪ ਵਲ਼ ਕੇ ਉਧਰ ਜਾਣੋ ਰੋਕਿਆ ਹੋਇਆ ਸੀ | ਬਚਨ ਸਿੰਘ ਨੇ ਕਾਰ ਨੂੰ ਥੋੜੀ ਦੂਰ ਲੈ ਜਾ ਕੇ ਸੜਕ ਕਿਨਾਰੇ ਪਾਰਕ ਕਰ ਦਿੱਤਾ ਅਤੇ ਆਪ ਉਹ ਤੁਰ ਕੇ ਸਟੋਰ ਕੋਲ ਆ ਗਏ | ਉਹਨਾਂ ਦੇਖਿਆ ਕਿ ਸਾਰਾ ਸਟੋਰ ਹੀ ਸੜ ਕੇ ਸੁਆਹ ਹੋ ਗਿਆ ਹੈ | ਸਟੋਰ ਦੀ ਛੱਤ ਵੀ ਡਿੱਗ ਪਈ ਹੈ | ਕੇਵਲ ਸੀਮਿੰਟ ਦੀਆਂ ਧੁਆਖੀਆਂ ਕੰਧਾਂ ਹੀ ਦਿਸ ਰਹੀਆਂ ਹਨ | ਨਾਲ ਦੇ ਸਟੋਰਾਂ 'ਤੇ ਅੱਗ ਦਾ ਕੋਈ ਅਸਰ ਨਹੀਂ ਸੀ ਪਿਆ ਪਰ ਫਾਇਰ ਬ੍ਰਗੇਡ ਵੱਲੋਂ ਸੁੱਟੀਆਂ ਪਾਣੀ ਦੀਆਂ ਬੁਛਾੜਾਂ ਅਤੇ ਧੂਏਂ ਨੇ ਜਰੂਰ ਕੁਝ ਨੁਕਸਾਨ ਕਰ ਦਿੱਤਾ ਸੀ | ਨਸੀਬ ਕੌਰ ਇਹ ਸਾਰਾ ਦ੍ਰਿਸ਼ ਦੇਖ, ਕਾਲਜਾ ਫੜ ਕੇ ਉੱਥੇ ਹੀ ਬੈਠ ਗਈ | ਉਸ ਨੇ ਵੈਣ ਪਾਉਣ ਦੇ ਸੁਰ ਵਿਚ ਕਿਹਾ, "ਸਾਡਾ ਤਾਂ ਕੱਖ ਨਹੀਂ ਰਿਹਾ | ਰੱਬਾ! ਕਿਹੜੇ ਜੁੱਗ ਦੇ ਬਦਲੇ ਲਏ ਤੂੰ ਸਾਡੇ ਕੋਲੋਂ |"
"ਐਵੇਂ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗੀ ਐਂ, ਚੁੱਪ ਕਰ ਕੇ ਬੈਠੀ ਰਹਿ |" ਬਚਨ ਸਿੰਘ ਨੇ ਝਿੜਕਿਆ |
"ਬੰਦਿਆ! ਤੂੰ ਤਾਂ ਸਟੋਰ ਦੇ ਆਸਰੇ ਮਿੱਲ ਦੀ ਨੌਕਰੀ ਵੀ ਛੱਡ ਦਿੱਤੀ | ਹੁਣ ਗੁਜਾਰਾ ਕਿਵੇਂ ਹੋਊ?" ਨਸੀਬ ਕੌਰ ਅਜੇ ਵੀ ਬੋਲੀ ਜਾ ਰਹੀ ਸੀ |
"ਮੰਮੀ, ਤੂੰ ਕਿਉਂ ਫਿਕਰ ਕਰਦੀ ਹੈਂ | ਸਾਰੇ ਸਟੋਰਾਂ ਦਾ ਬੀਮਾ ਹੋਇਆ ਹੁੰਦਾ | ਜਿਹੜਾ ਨੁਕਸਾਨ ਹੋਇਆ, ਉਹ ਬੀਮਾ ਕੰਪਨੀ ਤੋਂ ਮਿਲ ਜਾਣਾ | ਥੋੜੇ ਦਿਨਾਂ ਤਾਈਂ ਦੇਖੀਂ, ਮੁੜ ਉਵੇਂ ਕੰਮ ਚਲ ਪੈਣਾ |" ਪ੍ਰੀਤੀ ਨੇ ਆਪਣੀ ਮਾਂ ਨੂੰ ਧਰਵਾਸ ਦਿਵਾਇਆ |
ਬਚਨ ਸਿੰਘ ਨੇ ਨਸੀਬ ਕੌਰ ਵੱਲੋਂ ਧਿਆਨ ਹਟਾ, ਆਲ਼ੇ ਦੁਆਲੇ ਨਿਗਾਹ ਮਾਰ ਕੇ ਕਿਹਾ, "ਦੀਪ ਤਾਂ ਇੱਥੇ ਕਿਧਰੇ ਨਹੀਂ ਦਿਸ ਰਿਹਾ |"
"ਆ ਜਾਂਦਾ, ਇੱਥੇ ਕਿਧਰੇ ਬ੍ਰੇਕਫਾਸਟ ਕਰਨ ਗਿਆ ਹੋਊ |" ਪ੍ਰੀਤੀ ਨੇ ਲੱਖਣ ਲਾਇਆ |
ਉਹ ਕੁਝ ਚਿਰ ਉੱਥੇ ਖੜ੍ਹੇ ਦੀਪ ਨੂੰ ਉਡੀਕਦੇ ਰਹੇ | ਉਹਨਾਂ ਦੇ ਕੋਲ ਦੀ ਕਾਰਾਂ ਲੰਘਦੀਆਂ ਰਹੀਆਂ | ਲੋਕ ਉੱਥੇ ਆ ਕੇ ਆਪਣੀ ਕਾਰ ਹੌਲ਼ੀ ਕਰਦੇ, ਪਲ ਕੁ ਭਰ ਸੜੀ ਹੋਈ ਇਮਾਰਤ ਵੱਲ ਨਜ਼ਰ ਮਾਰਦੇ ਤੇ ਅਗਾਂਹ ਲੰਘ ਜਾਂਦੇ | ਇਸ ਪਲਾਜ਼ੇ ਦਾ ਅਜੇ ਤਕ ਕੋਈ ਸਟੋਰ ਨਹੀਂ ਸੀ ਖੁੱਲ੍ਹਿਆ | ਬਚਨ ਸਿੰਘ ਟਿਕ ਟਿਕੀ ਲਾਈ ਸੜੇ ਹੋਏ ਸਟੋਰ ਵੱਲ ਦੇਖ ਰਿਹਾ ਸੀ ਕਿ ਸਟੋਰ ਵਿਚ, ਉਸ ਨਾਲ ਕੰਮ ਕਰਦੇ ਇਕ ਕਰਮਚਾਰੀ ਨੇ ਪਿੱਛੋਂ ਆ ਕੇ 'ਹਾਇ ਅੰਕਲ' ਕਿਹਾ |
"ਰੂਬੀ! ਤੂੰ ਕਦੋਂ ਕੁ ਦਾ ਆਇਐਂ ਏਥੇ ਤੇ ਦੀਪ ਕਿੱਥੇ ਐ?" ਬਚਨ ਸਿੰਘ ਨੇ ਹੈਰਾਨੀ ਨਾਲ ਉਸ ਵੱਲ ਦੇਖਦਿਆਂ ਪੁੱਛਿਆ | ਰੂਬੀ ਚਾਰ ਕੁ ਸਾਲ ਪਹਿਲਾਂ ਆਪਣੇ ਮਾਪਿਆਂ ਨਾਲ ਇੰਡੀਆ ਤੋਂ ਇੱਥੇ ਆਇਆ ਸੀ ਤੇ ਆਉਂਦਿਆਂ ਹੀ ਉਸ ਨੂੰ ਦੀਪ ਹੁਰਾਂ ਦੀ ਸੁਸਾਇਟੀ ਮਿਲ ਗਈ ਸੀ | ਜਦੋਂ ਦੀਪ ਨੇ ਫਰਨੀਚਰ ਸਟੋਰ ਖੋਲ੍ਹਿਆ ਤਾਂ ਉਸ ਨੂੰ ਆਪਣੇ ਨਾਲ ਹੈਲਪਰ ਰੱਖ ਲਿਆ ਸੀ |
"ਥੋੜਾ ਚਿਰ ਹੀ ਹੋਇਆ ਮੈਨੂੰ ਇੱਥੇ ਆਇਆਂ | ਦੀਪ ਨੇ ਫੋਨ ਕਰਕੇ ਬੁਲਾਇਆ ਸੀ | ਉਹ ਮੈਨੂੰ ਇੱਥੇ ਠਹਿਰਨ ਲਈ ਕਹਿ ਕੇ ਗਿਆ ਸੀ ਪਰ ਦੱਸ ਕੇ ਨਹੀਂ ਗਿਆ | ਇੰਸ਼ੋਰੈਂਸ ਕੰਪਨੀ ਵਾਲਿਆਂ ਕੋਲ ਗਿਆ ਹੋਵੇ ਸ਼ਾਇਦ |" ਰੂਬੀ ਨੇ ਦੱਸਿਆ |
"ਕੋਈ ਪਤਾ ਲੱਗਾ ਕਿ ਇਹ ਅੱਗ ਕਿਵੇਂ ਲੱਗੀ?" ਬਚਨ ਸਿੰਘ ਨੇ ਦੂਸਰਾ ਸਵਾਲ ਕਰ ਦਿੱਤਾ |
"ਸਟੋਰ ਨੂੰ ਅੱਗ ਬਾਹਰੋਂ ਲਾਈ ਗਈ ਹੈ | ਕਿਸੇ ਨਸਲਵਾਦੀ ਨੇ ਲਾਈ ਹੋਵੇਗੀ ਜਾਂ ਕਿਸੇ ਪਲਾਜ਼ੇ ਵਾਲੇ ਨੇ ਵੀ ਲਾਈ ਹੋ ਸਕਦੀ ਆ ਕਿਉਂਕਿ ਏਥੇ ਆਪਣਾ ਇਕੱਲਾ ਹੀ ਪੰਜਾਬੀਆਂ ਦਾ ਫਰਨੀਚਰ ਸਟੋਰ ਆ | ਜਾਂ ਅਹਿ ਖੰਗੂੜਿਆਂ ਦੀ ਆਟੋਬਾਡੀ ਸ਼ਾਪ ਆ | ਇੱਥੋਂ ਦੇ ਫਰਨੀਚਰ ਸਟੋਰਾਂ ਵਾਲੇ ਸਾੜਾ ਕਰਦੇ ਸੀ ਆਪਣੇ ਸਟੋਰ ਦੀ ਬਿਕਰੀ ਨੂੰ ਦੇਖ ਕੇ | ਪੁਲੀਸ ਨੂੰ ਵੀ ਯਕੀਨ ਆ ਕਿ ਕਿਸੇ ਨੇ ਬਾਹਰੋਂ ਅੱਗ ਲਾਈ ਆ | ਮੇਨ ਗੇਟ ਕੋਲ ਦੂਰ ਤਕ ਫਰਸ਼ ਕਾਲ਼ਾ ਹੋਇਆ ਪਿਆ, ਜਿਵੇਂ ਕਿਸੇ ਨੇ ਪਟਰੋਲ ਸੁੱਟ ਕੇ ਅੱਗ ਲਾਈ ਹੋਵੇ | ਚਲੋ, ਤੁਹਾਨੂੰ ਦਿਖਾਵਾਂ |" ਇਹ ਕਹਿ ਕੇ ਰੂਬੀ ਬਚਨ ਸਿੰਘ ਨੂੰ ਆਪਣੇ ਨਾਲ ਲੈ ਤੁਰਿਆ | ਨਸੀਬ ਕੌਰ ਤੇ ਪ੍ਰੀਤੀ ਵੀ ਉਹਨਾ ਦੇ ਨਾਲ ਹੀ ਤੁਰ ਪਈਆਂ | ਮੇਨ ਗੇਟ ਦੇ ਸਾਹਮਣੇ, ਉਹਨਾਂ ਖੱਟੀ ਟੇਪ ਤੋਂ ਪਿਛਾਂਹ ਖੜ੍ਹ ਕੇ ਦੇਖਿਆ | ਮੇਨ ਗੇਟ ਖੁੱਲ੍ਹਾ ਪਿਆ ਸੀ ਤੇ ਅੰਦਰ ਅੱਧ ਜਲਿਆ ਫਰਨੀਚਰ ਇਸ ਤਰ੍ਹਾਂ ਪਿਆ ਸੀ ਜਿਵੇਂ ਹੱਡਾਂਰੋੜੀ ਵਿਚ ਮੁਰਦਾਰ ਪਸ਼ੂਆਂ ਦੀਆਂ ਹੱਡੀਆਂ ਖਿਲਰੀਆਂ ਪਈਆਂ ਹੁੰਦੀਆ ਹਨ | ਸਟੋਰ ਅੰਦਰੋਂ ਸੁਆਹ ਮਿਲਿਆ ਕਾਲ਼ਾ ਪਾਣੀ ਗੇਟ ਰਾਹੀਂ ਬਾਹਰ ਆ ਰਿਹਾ ਸੀ | ਮੇਨ ਗੇਟ ਦੇ ਬਾਹਰ ਦੂਰ ਤਕ ਫਰਸ਼ ਕਾਲ਼ਾ ਹੋਇਆ ਪਿਆ ਸੀ ਜਿਵੇਂ ਉਸ ਥਾਂ ਬਹੁਤ ਸਾਰਾ ਪਟਰੋਲ ਡੁੱਲ੍ਹ ਕੇ ਅੱਗ ਨਾਲ ਸੜੀ ਹੋਵੇ | ਨਸੀਬ ਕੌਰ ਨੂੰ ਸਟੋਰ ਅੰਦਰਲਾ ਦ੍ਰਿਸ਼ ਦੇਖ ਕੇ ਚੱਕਰ ਆ ਗਿਆ | ਉਹ ਘੁਮਾਟਣੀ ਖਾ ਕੇ ਡਿੱਗਣ ਲੱਗੀ ਸੀ ਕਿ ਪ੍ਰੀਤੀ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਸੰਭਾਲ ਲਿਆ |
"ਪ੍ਰੀਤੀ, ਤੂੰ ਆਪਣੀ ਮਾਂ ਨੂੰ ਘਰ ਨੂੰ ਲੈ ਜਾ, ਹੋਰ ਨਾ ਕਿਤੇ ਇੱਥੇ ਹੀ ਨਾ ਇਹਦੀ 'ਬੋਲੋ ਰਾਮ' ਹੋ ਜਾਵੇ | ਮੈਂ ਇੱਥੇ ਰੂਬੀ ਕੋਲ ਹੀ ਠਹਿਰਦਾਂ | ਜਦੋਂ ਦੀਪ ਵਾਪਸ ਮੁੜਿਆ, ਮੈਂ ਉਸ ਨਾਲ ਆ ਜਾਊਂਗਾ |" ਬਚਨ ਸਿੰਘ ਨੇ ਨਸੀਬ ਕੌਰ ਦੀ ਹਾਲਤ ਨੂੰ ਭਾਂਪਦਿਆਂ ਪ੍ਰੀਤੀ ਨੂੰ ਕਿਹਾ |
ਪ੍ਰੀਤੀ ਬਾਪ ਦਾ ਆਖਾ ਮੰਨ, ਨਸੀਬ ਕੌਰ ਨੂੰ ਬਚਨ ਸਿੰਘ ਵਾਲੀ ਕਾਰ ਵਿਚ ਘਰ ਲੈ ਗਈ ਅਤੇ ਉਹ ਜੁਲਾਈ ਦੀ ਕੋਸੀ ਧੁੱਪ ਵਿਚ ਕੁਝ ਚਿਰ ਉੱਥੇ ਖੜ੍ਹਾ ਰੂਬੀ ਨਾਲ ਸਟੋਰ ਦੇ ਸੜਨ ਬਾਰੇ ਗੱਲਾਂ ਕਰਦਾ ਰਿਹਾ | ਫਿਰ ਗੱਲ ਬਦਲ ਕੇ ਬੋਲਿਆ, "ਚੱਲ ਰੂਬੀ, ਮੈਕਡਾਨਲਜ਼ ਤੋਂ ਕੁਝ ਖਾ ਪੀ ਕੇ ਆਈਏ | ਮੈਂ ਤਾਂ ਤੜਕੇ ਦੀ ਇਕ ਚਾਹ ਦੀ ਘੁੱਟ ਹੀ ਭਰੀ ਐ |" ਇਹ ਕਹਿ ਉਹ ਉਸ ਨੂੰ ਨਾਲ ਲੈ ਕੇ ਦੂਜੇ ਪਲਾਜ਼ੇ ਵਿਚ ਬਣੇ ਮੈਕਡਾਨਲਜ਼ ਸਟੋਰ ਵੱਲ ਤੁਰ ਪਿਆ | ਤੁਰਿਆ ਜਾਂਦਾ ਬਚਨ ਸਿੰਘ ਸੋਚ ਰਿਹਾ ਸੀ, "ਬੜੇ ਸੁਹਣੇ ਦਿਨ ਨਿਕਲ ਰਹੇ ਸੀ | ਇਹ ਫਰਨੀਚਰ ਸਟੋਰ ਲੈ ਕੇ ਵੀ ਪੰਗੇ ਵਿਚ ਈ ਪੈ ਗਏ | ਮੈਂ ਤਾਂ ਚਾਹੁੰਦਾ ਸੀ ਕਿ ਦੀਪ ਲਾਅ ਕਰਕੇ ਵਕੀਲ ਬਣੇ | ਐਲੀਮੈਂਟਰੀ ਸਕੂਲ ਤਾਈਂ ਪੜ੍ਹਦਾ ਉਹ ਕਹਿੰਦਾ ਵੀ ਰਿਹਾ ਸੀ, 'ਮੈਂ ਲਾਅ ਕਰਕੇ ਐਡਵੋਕੇਟ ਬਣਨਾਂ' ਪਰ ਸੈਕੰਡਰੀ ਸਕੂਲ ਵਿਚ ਜਾ ਕੇ ਜਦੋਂ ਉਸ ਦੀ ਬੌਬੀ ਨਾਲ ਦੋਸਤੀ ਪਈ, ਐਡਵੋਕੇਟ ਤਾਂ ਕੀ ਬਣਨਾ ਸੀ, ਪੜ੍ਹਾਈ ਵੱਲ ਧਿਆਨ ਦੇਣੋ ਵੀ ਹਟ ਗਿਆ | ਮੇਰੇ ਤਾਂ ਆਖੇ ਹੀ ਨਹੀਂ ਸੀ ਲਗਦਾ, ਆਪਣੀ ਮਨ ਆਈ ਕਰਦਾ | ਸਕੂਲ ਪਾਸ ਕਰਨ ਮਗਰੋਂ, ਉਸ ਦੇ ਮਗਰ ਲੱਗ ਕੇ ਕਹਿੰਦਾ, 'ਮੈਂ ਨਹੀਂ ਅਗਾਂਹ ਪੜ੍ਹਨਾ | ਮੈਂ ਤਾਂ ਬਿਜਨਿਸ ਕਰਨਾ' ਤੇ ਆਹ ਬਿਜਨਿਸ ਦਾ ਧੂਆਂ ਨਿਕਲਿਆ ਪਿਐ |"
"ਅੰਕਲ, ਧੂਆਂ ਤਾਂ ਦੂਰ ਤਕ ਅਸਰ ਕਰ ਗਿਆ | ਇਸ ਗਰੌਸਰੀ ਸਟੋਰ ਦੀਆਂ ਕੰਧਾਂ ਵੀ ਧੁਆਖੀਆਂ ਪਈਆਂ |" ਰੂਬੀ ਨੇ ਬਚਨ ਸਿੰਘ ਦਾ ਧਿਆਨ ਇਕ ਸਟੋਰ ਦੀਆਂ ਕੰਧਾਂ ਵੱਲ ਦੁਆਇਆ ਜਿਹੜਾ ਉਹਨਾਂ ਦੇ ਸਟੋਰ ਤੋਂ ਛੇ ਸੱਤ ਸਟੋਰ ਛੱਡ ਕੇ ਪਲਾਜ਼ੇ ਦੇ ਸਿਰੇ 'ਤੇ ਸੀ |
"ਆਲੇ ਦੁਆਲੇ ਅੱਗ ਦਾ ਅਸਰ ਤਾਂ ਹੋਣਾ ਹੀ ਸੀ | ਮੈਨੂੰ ਲਗਦਾ, ਧੂਆਂ ਤਾਂ ਇਨ੍ਹਾਂ ਸਟੋਰਾਂ ਦੇ ਅੰਦਰੀਂ ਵੀ ਗਿਆ ਹੋਊ | ਮੈਂ ਸੋਚਦਾਂ, ਇੱਥੋਂ ਦੇ ਸਟੋਰ ਵਾਲਾ ਕੋਈ ਕਿਵੇਂ ਅੱਗ ਲਾ ਸਕਦਾ ਜਦੋਂ ਉਸ ਨੂੰ ਪਤਾ ਹੋਵੇ ਕਿ ਅੱਗ ਤਾਂ ਆਂਢ ਗੁਆਂਢ ਨੂੰ ਵੀ ਨਹੀਂ ਬਖਸ਼ਦੀ |" ਬਚਨ ਸਿੰਘ ਨੇ ਰੂਬੀ ਦੀ ਕਹੀ ਗੱਲ, 'ਕਿਸੇ ਪਲਾਜ਼ੇ ਵਾਲੇ ਨੇ ਵੀ ਲਾਈ ਹੋ ਸਕਦੀ ਆ' ਨੂੰ ਝੁਠਲਾ ਦਿੱਤਾ |
"ਅੰਕਲ, ਤੁਹਾਡੀ ਇਹ ਵੀ ਗੱਲ ਠੀਕ ਏ ਕਿ ਕੋਈ ਪਲਾਜ਼ੇ ਵਾਲਾ ਕਿਉਂ ਅੱਗ ਲਾਉਣ ਲੱਗਾ |" ਅਗਾਂਹ ਨੂੰ ਤੁਰੇ ਜਾਂਦੇ ਰੂਬੀ ਨੇ ਆਪਣੇ ਵੱਲੋਂ ਕੀਤੀ ਕਿਆਸ ਅਰਾਈ ਨੂੰ ਆਪ ਹੀ ਰੱਦ ਕਰ ਦਿੱਤਾ |
"ਜਦੋਂ ਅਸੀਂ ਕਨੇਡਾ ਆਏ ਸੀ ਤਾਂ ਉਦੋਂ ਵੀ ਨਸਲਵਾਦੀ ਗੋਰੇ ਇਵੇਂ ਹੀ ਅੱਗਾਂ ਲਾ ਦਿੰਦੇ ਜਾਂ ਘਰਾਂ ਦੇ ਸ਼ੀਸ਼ੇ ਭੰਨ ਜਾਂਦੇ ਸੀ | ਹੁਣ ਵੀ ਇਹ ਮੈਨੂੰ ਤਾਂ ਨਸਲਵਾਦੀਆਂ ਦਾ ਕਾਰਾ ਕੀਤਾ ਲਗਦੈ |" ਉਹ ਗੱਲਾਂ ਕਰਦੇ ਰੇਸਟੋਰੈਂਟ ਵਿਚ ਪਹੁੰਚ ਗਏ | ਉੱਥੋਂ ਖਾ ਪੀ ਕੇ ਉਹ ਮੁੜ ਵਾਪਸ ਸਟੋਰ ਕੋਲ ਆ ਕੇ ਇਕ ਮੈਪਲ ਦੇ ਬ੍ਰਿਛ ਹੇਠ ਖੜ੍ਹ ਕੇ ਦੀਪ ਦੀ ਉਡੀਕ ਕਰਨ ਲੱਗੇ, ਜਿਹੜਾ ਅਜੇ ਤਾਈਂ ਵੀ ਨਹੀਂ ਸੀ ਮੁੜਿਆ |
ਦੀਪ ਜਦੋਂ ਸਟੋਰ 'ਤੇ ਆਇਆ ਸੀ ਤਾਂ ਫਾਇਰਬ੍ਰਗੇਡ ਵਾਲਿਆਂ ਅੱਗ ਨੂੰ ਦੂਜੇ ਸਟੋਰਾਂ ਵੱਲ ਵਧਣੋ ਰੋਕ ਲਿਆ ਸੀ ਪਰ ਉਸ ਦੇ ਸਟੋਰ ਵਿਚੋਂ ਅੱਗ ਦੀਆਂ ਲਾਟਾਂ ਅਜੇ ਵੀ ਨਿਕਲ ਰਹੀਆਂ ਸਨ | ਛੇਤੀ ਹੀ ਉਹਨਾਂ ਅੱਗ 'ਤੇ ਕਾਬੂ ਪਾ ਲਿਆ | ਅੱਗ ਬੁਝ ਜਾਣ ਮਗਰੋਂ ਦੀਪ ਸਟੋਰ ਅੰਦਰ ਜਾਣਾ ਚਾਹੁੰਦਾ ਸੀ ਪਰ ਪੁਲੀਸ ਅਫਸਰ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ | ਉਸ ਨੇ ਦੀਪ ਕੋਲੋਂ ਅੰਦਰ ਪਏ ਫਰਨੀਚਰ ਅਤੇ ਹੋਰ ਸਮਾਨ ਦੀ ਜਾਣਕਾਰੀ ਪਹਿਲਾ ਹੀ ਲੈ ਲਈ ਸੀ ਅਤੇ ਸਟੋਰ ਵਿਚ ਕੰਮ ਕਰਨ ਵਾਲੇ ਕਰਮਚਾਰੀਆ ਦੇ ਨਾਮ ਅਤੇ ਪਤੇ ਵੀ ਪੁੱਛ ਲਏ ਸਨ | ਫਿਰ ਉਹ ਉਸ ਕੋਲੋਂ ਭਾਂਤ ਸੁਭਾਂਤੇ ਸਵਾਲ ਪੁਛਦਾ ਰਿਹਾ ਜਿਵੇਂ ਅੱਗ ਲਾਉਣ ਪਿੱਛੇ ਉਸ ਦਾ ਆਪਣਾ ਹੱਥ ਹੋਵੇ | ਦੀਪ ਨੇ ਉਸ ਦੇ ਸਵਾਲਾ ਦੇ ਬੇ ਝਿਜਕ ਹੋ ਕੇ ਉੱਤਰ ਦਿੱਤੇ | ਜਦੋਂ ਅੱਗ ਪੂਰੀ ਤਰ੍ਹਾਂ ਸ਼ਾਂਤ ਹੋ ਗਈ ਤਾਂ ਪੁਲੀਸ ਵਾਲਿਆਂ ਸਟੋਰ ਦੇ ਦੁਆਲੇ ਇਕ ਖੱਟੀ ਟੇਪ ਵਲ਼ ਦਿੱਤੀ | ਪੁਲੀਸ ਅਫਸਰ ਕੋਲੋਂ ਵਿਹਲੇ ਹੋ, ਦੀਪ ਨੇ ਸਭ ਤੋਂ ਪਹਿਲਾਂ ਬੌਬੀ ਨੂੰ ਫੋਨ ਕਰਕੇ ਅੱਗ ਲੱਗਣ ਦੀ ਘਟਨਾ ਬਾਰੇ ਦੱਸਿਆ | ਇਹ ਸੁਣ ਕੇ ਬੌਬੀ ਨੂੰ ਅੱਗ ਲੱਗਣ ਪਿੱਛੇ ਕੋਈ ਸਾਜਸ਼ ਜਾਪੀ ਅਤੇ ਉਸ ਨੇ ਝਟ ਹੁਕਮ ਸੁਣਾ ਦਿੱਤਾ, "ਤੂੰ ਹੁਣੇ ਸ਼ੈਰਨ ਸਟੋਰ 'ਤੇ ਪਹੁੰਚ, ਮੈਂ ਵੀ ਉੱਥੇ ਆ ਰਿਹਾ ਹਾਂ |"
"ਮੈਂ ਇਕ ਘੰਟੇ ਤਕ ਤੇਰੇ ਕੋਲ ਪਹੁੰਚ ਜਾਵਾਂਗਾ |" ਇਹ ਕਹਿ ਕੇ ਦੀਪ ਨੇ ਬੌਬੀ ਵਾਲੇ ਪਾਸਿਉਂ ਫੋਨ ਬੰਦ ਕਰਕੇ ਰੂਬੀ ਦਾ ਨੰਬਰ ਮਿਲਾ ਲਿਆ | ਦੀਪ ਦਾ ਫੋਨ ਸੁਣ ਕੇ ਰੂਬੀ ਪੰਦਰਾਂ ਮਿੰਟ ਵਿਚ ਹੀ ਉਸ ਕੋਲ ਪਹੁੰਚ ਗਿਆ | ਰੂਬੀ ਨੂੰ ਕੁਝ ਹਦਾਇਤਾਂ ਦੇ ਕੇ ਅਤੇ 'ਛੇਤੀ ਮੁੜ ਆਵਾਂਗਾ' ਕਹਿ ਕੇ ਉਹ ਬੌਬੀ ਨੂੰ ਮਿਲਨ ਤੁਰ ਗਿਆ |
ਦੀਪ ਨੇ ਆਪਣੀ ਕਾਰ ਬੌਬੀ ਦੇ ਸਟੋਰ ਸਾਹਮਣੇ ਪਾਰਕ ਕੀਤੀ ਤਾਂ ਉਸ ਨੇ ਦੇਖਿਆ ਕਿ ਰਮੋਲੋ ਬੌਬੀ ਦੇ ਸਟੋਰ ਅੰਦਰ ਦਾਖਲ ਹੋ ਰਿਹਾ ਸੀ | ਉਹ ਵੀ ਅੰਦਰ ਜਾ, ਉਹਨਾਂ ਨਾਲ ਹੱਥ ਮਿਲਾ ਕੇ ਰਮੋਲੋ ਦੀ ਨਾਲ ਵਾਲੀ ਕੁਰਸੀ ਉਪਰ ਬੈਠ ਗਿਆ | ਹੋਰ ਕੋਈ ਗੱਲ ਕਰਨ ਤੋਂ ਪਹਿਲਾਂ ਬੌਬੀ ਨੇ ਇਹ ਪੁੱਛਿਆ, "ਕੱਲ੍ਹ ਜਿਹੜਾ ਸਿਅਟਲ ਤੋਂ ਫਰਨੀਚਰ ਆਇਆ ਸੀ, ਉਹ ਵੀ ਸਟੋਰ ਵਿਚ ਹੀ ਸੀ?"
"ਨਹੀਂ, ਉਸ ਨੂੰ ਕੱਲ੍ਹ ਹੀ ਰੂਬੀ ਰਾਹੀਂ ਲੋੜਵੰਦ ਸਟੋਰਾਂ ਵਿਚ ਭੇਜ ਦਿੱਤਾ ਗਿਆ ਸੀ |" ਦੀਪ ਨੇ ਬੌਬੀ ਦੀ ਸ਼ੰਕਾ ਨਵਿਰਤ ਕੀਤੀ | ਉਹ ਜਾਣਦਾ ਸੀ ਕਿ ਬੌਬੀ ਕਿਹੜੇ ਫਰਨੀਚਰ ਦੀ ਗੱਲ ਕਰ ਰਿਹਾ ਹੈ |
"ਸਧਾਰਨ ਫਰਨੀਚਰ ਤੋਂ ਬਿਨਾਂ ਕੋਈ ਹੋਰ ਖਾਸ ਕੀਮਤੀ ਸਾਮਾਨ ਤਾਂ ਸਟੋਰ ਵਿਚ ਨਹੀਂ ਸੀ ਰਹਿ ਗਿਆ?" ਇਹ ਬੌਬੀ ਦਾ ਇਹ ਦੂਸਰਾ ਸਵਾਲ ਸੀ |
"ਨਹੀਂ ਬਾਸ, ਸ਼ੈਰਨ ਫਾਈਨ ਫਰਨੀਚਰ ਤੋਂ ਗਏ, ਬੈਂਤ ਦੇ ਚਾਰ ਡਾਈਨਿੰਗ ਸੁਇਟ ਤੇ ਪਾਈਨ ਦੇ ਪੰਜ ਬੈਡਰੂਮ ਸੁਇਟ, ਅਜੇ ਲੈਜਰ ਵਿਚ ਨਹੀ ਸੀ ਚੜ੍ਹਾਏ | ਉਹ ਜਰੂਰ ਸੜ ਗਏ ਹਨ | ਉਸ ਤੋਂ ਬਿਨਾਂ ਆਪਣਾ ਹੋਰ ਕੋਈ ਨੁਕਸਾਨ ਨਹੀਂ ਹੋਇਆ |" ਦੀਪ ਕਈ ਵਾਰ ਪਿਆਰ ਨਾਲ ਅਤੇ ਕਈ ਵਾਰ ਚਿੜ ਕੇ ਬੌਬੀ ਨੂੰ 'ਬਾਸ' ਕਹਿ ਕੇ ਬੁਲਾ ਲੈਂਦਾ ਸੀ | ਹੁਣ ਵੀ ਉਸ ਨੂੰ ਚਿੜ੍ਹ ਚੜ੍ਹ ਰਹੀ ਸੀ ਕਿ ਉਹ ਸ਼ੱਕੀ ਲਹਿਜੇ ਵਿਚ ਕਿਉਂ ਗੱਲ ਕਰ ਰਿਹਾ ਹੈ |
"ਦੀਪ, ਮੁਆਫ ਕਰੀਂ | ਇਹ ਕਿੱਤਾ ਉਂਝ ਤਾਂ ਭਰੋਸੇ 'ਤੇ ਹੀ ਚਲਦਾ ਹੈ ਪਰ ਕੱਲ੍ਹ ਹੀ ਖੇਪ ਆਈ ਅਤੇ ਕੱਲ੍ਹ ਹੀ ਸਟੋਰ ਨੂੰ ਅੱਗ ਲੱਗ ਗਈ ਇਸ ਕਰਕੇ ਸ਼ੱਕ ਹੋ ਜਾਣਾ ਸੁਭਾਵਕ ਸੀ | ਪਰ ਬੌਬੀ ਨੂੰ ਤਾਂ ਤੇਰੇ ਉਪਰ ਰੱਬ ਜਿੰਨਾ ਭਰੋਸਾ ਹੈ | ਬੜੀ ਖੁਸ਼ੀ ਦੀ ਗੱਲ ਹੈ ਕਿ ਤੂੰ ਉਸ ਦੇ ਭਰੋਸੇ 'ਤੇ ਪੂਰਾ ਉਤਰਿਆ ਹੈਂ | ਉਂਝ ਜੋ ਕੁਝ ਤੇਰੇ ਕੋਲੋਂ ਬੌਬੀ ਨੇ ਪੁੱਛਿਆ ਹੈ, ਉਹ ਮੇਰੇ ਕਹਿਣ 'ਤੇ ਹੀ ਪੁੱਛਿਆ ਹੈ | ਮੈਨੂੰ ਜਾਪਦਾ ਹੈ ਕਿ ਤੂੰ ਉਸ ਦੀਆਂ ਗੱਲਾਂ ਦਾ ਬੁਰਾ ਮਨਾਇਆ ਹੈ |" ਰਮੋਲੋ ਦੀਪ ਦੇ ਮਨ ਵਿਚ ਬੌਬੀ ਪ੍ਰਤੀ ਕੋਈ ਰੰਜਸ਼ ਪੈਦਾ ਨਹੀਂ ਸੀ ਹੋਣ ਦੇਣਾ ਚਾਹੁੰਦਾ |
"ਰਮੋਲੋ, ਮੈਂ ਤੇਰੀ ਗੱਲ ਸਮਝਦਾ ਹਾਂ | ਮੈਂ ਕਿਸੇ ਗੱਲ ਦਾ ਬੁਰਾ ਨਹੀਂ ਮਨਾਇਆ | ਰਾਤੀਂ ਆਪਣਾ ਸਾਰਾ ਧੰਦਾ ਭੁਗਤਾ ਕੇ ਜਦੋਂ ਰੂਬੀ ਮੇਰੇ ਕੋਲ ਆਇਆ ਤਾਂ ਮੈਂ ਬੌਬੀ ਨੂੰ ਸੂਚਿਤ ਕਰਨਾ ਚਾਹੁੰਦਾ ਸਾਂ ਪਰ ਮੇਰਾ ਉਸ ਨਾਲ ਸੰਪਰਕ ਨਹੀਂ ਸੀ ਹੋ ਸਕਿਆ | ਮੈਂ ਸੋਚਿਆ ਕਿ ਭਲਕੇ ਉਸ ਨਾਲ ਗੱਲ ਕਰਾਂਗਾ ਪਰ ਭਲਕ ਆਉਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ |" ਦੀਪ ਨੇ ਆਪਣੀ ਸਫਾਈ ਪੇਸ਼ ਕੀਤੀ |
"ਫਿਰ ਤੈਨੂੰ ਸ਼ੈਰਨ ਸਟੋਰ ਤੋਂ ਗਏ ਫਰਨੀਚਰ ਬਾਰੇ ਗੱਲ ਨਹੀਂ ਸੀ ਕਰਨੀ ਚਾਹੀਦੀ |" ਰਮੋਲੋ ਨੇ ਕਿਹਾ |
ਦੀਪ ਨੇ ਰਮੋਲੋ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ | ਉਹ ਤਾਂ ਉਸੇ ਵੇਲ਼ੇ ਇਸ ਸੋਚ ਵਿਚ ਡੁੱਬ ਗਿਆ ਸੀ ਕਿ 'ਜੇ ਮੈਂ ਥੋੜੀ ਜਿਹੀ ਅਨਗਹਿਲੀ ਕਰ ਕੇ ਖੇਪ ਸਟੋਰ ਵਿਚ ਹੀ ਪਈ ਰਹਿਣ ਦਿੰਦਾ ਤਾਂ ਮੇਰਾ ਕੀ ਹਸ਼ਰ ਹੋਣਾ ਸੀ | ਬੌਬੀ ਦੀ ਦੋਸਤੀ ਤਾਂ ਜਾਣੀ ਹੀ ਜਾਣੀ ਸੀ, ਇਹ ਵੀ ਹੋ ਸਕਦਾ ਸੀ ਕਿ ਮੈਂ ਰਮੋਲੋ ਵਰਗੇ ਦੀ ਗੋਲ਼ੀ ਦਾ ਹੀ ਸ਼ਿਕਾਰ ਹੋ ਜਾਂਦਾ | ਮੈਨੂੰ ਬੌਬੀ ਦੀ ਦੋਸਤੀ ਉਪਰ ਮਾਣ ਸੀ | ਉਹ ਸਦਾ ਹੀ ਮੇਰੀ ਧਿਰ ਬਣਦਾ ਰਿਹਾ ਸੀ |' ਉਸ ਨੂੰ ਯਾਦ ਆਇਆ, ' ਜਦੋਂ ਅਸੀਂ ਨਿਊਟਨ ਏਰੀਏ ਵਿਚ ਆਪਣਾ ਮਕਾਨ ਲਿਆ ਸੀ | ਮੈਂ ਕਿਸੇ ਨੇੜੇ ਦੇ ਸੈਕੰਡਰੀ ਸਕੂਲ ਵਿਚ ਦਾਖਲ ਹੋਣਾ ਸੀ | ਮੈਂ ਅੱਠਵੇਂ ਗ੍ਰੇਡ ਦੇ ਜਿਹੜੇ ਬਲਾਕ ਵਿਚ ਦਾਖਲ ਹੋਇਆ ਤਾਂ ਉੱਥੇ ਮੈਨੂੰ ਕੋਈ ਵੀ ਪੰਜਾਬੀ ਕੁੜੀ ਮੁੰਡਾ ਨਹੀਂ ਸੀ ਦਿਸਿਆ | ਪਰ ਜਦੋਂ ਪਹਿਲੇ ਦਿਨ ਹੀ ਗੋਰੇ ਮੁੰਡੇ ਕੁੜੀਆਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਬੌਬੀ ਹੀ ਭੱਜ ਕੇ ਮੇਰੀ ਮਦਦ 'ਤੇ ਆਇਆ ਸੀ | ਜਦੋਂ ਉਸ ਨੇ ਉਹਨਾਂ ਨੂੰ ਪੰਜਾਬੀ ਵਿਚ ਗਾਲ਼ ਕੱਢੀ ਸੀ ਤਾਂ ਮੈਨੂੰ ਪਤਾ ਲੱਗਾ ਸੀ ਕਿ ਇਕ ਪੰਜਾਬੀ ਮੁੰਡਾ ਹੋਰ ਵੀ ਇਸ ਜਮਾਤ ਵਿਚ ਹੈ | ਉਸ ਤੋਂ ਮਗਰੋਂ ਤਾਂ ਹੌਲ਼ੀ ਹੌਲ਼ੀ ਬੌਬੀ ਨਾਲ ਮੇਰੀ ਦੋਸਤੀ ਵਧਦੀ ਹੀ ਗਈ ਸੀ | ਬੌਬੀ ਦੀ ਦੋਸਤੀ ਕਾਰਨ ਨਿਕੋਲ ਵਰਗੇ ਮੁੰਡੇ ਵੀ ਮੇਰੇ ਦੋਸਤ ਬਣ ਗਏ ਸਨ | ਦਸਵੇਂ ਗ੍ਰੇਡ ਵਿਚ ਜਾਂਦਿਆਂ ਤਾਂ ਸਾਡੀ ਜੁੰਡਲੀ ਤੋਂ ਸਕੂਲ ਦੇ ਮੁੰਡੇ ਹੀ ਨਹੀਂ ਬਾਹਰਲੇ ਮੁੰਡੇ ਵੀ ਡਰਨ ਲੱਗ ਪਏ ਸਨ | ਚੰਗੇ ਮਾੜੇ ਕੰਮਾਂ ਵਿਚ ਬੌਬੀ ਸਦਾ ਮੈਨੂੰ ਆਪਣੇ ਨਾਲ ਰਖਦਾ ਰਿਹਾ ਹੈ | ਖਤਰਿਆਂ ਨਾਲ ਖੇਡਣਾ ਵੀ ਮੈਨੂੰ ਬੌਬੀ ਨੇ ਹੀ ਸਿਖਾਇਆ ਸੀ | ਸਕੂਲ ਵਿਚੋਂ ਕੱਢੇ ਜਾਣ ਮਗਰੋਂ ਜਦੋਂ ਉਸ ਨੇ ਆਪਣੇ ਫਰਨੀਚਰ ਸਟੋਰ ਦਾ ਕੰਮ ਸੰਭਾਲ ਲਿਆ ਤਾਂ ਉਸ ਨੇ ਮੈਨੂੰ ਕਿਹਾ ਸੀ, 'ਦੀਪ, ਮੇਰੇ ਦਮਾਗ ਵਿਚ ਇਕ ਸਕੀਮ ਹੈ, ਜੇ ਤੂੰ ਉਸ ਨੂੰ ਪੂਰਾ ਕਰਨ ਲਈ ਮੇਰਾ ਸਾਥ ਦਿੰਦਾ ਰਿਹਾ ਤਾਂ ਆਪਾਂ ਬੀ।ਸੀ। ਦੇ ਫਰਨੀਚਰ ਕਿੰਗ ਹੋਵਾਂਗੇ |' ਮੈਂ ਤਾਂ ਉਸ ਦੇ ਨਾਲ ਹੀ ਸਕੂਲ ਛੱਡਣ ਲਈ ਤਿਆਰ ਹੋ ਗਿਆ ਸੀ ਪਰ ਉਸ ਨੇ ਹੀ ਰੋਕ ਦਿੱਤਾ ਸੀ | ਕਹਿੰਦਾ, 'ਨਹੀਂ ਦੀਪ, ਤੈਨੂੰ ਇਹ ਸਾਲ ਤਾਂ ਸਕੂਲ ਵਿਚ ਹੀ ਲਾਉਣਾ ਪਵੇਗਾ | ਉਸ ਤੋਂ ਮਗਰੋਂ ਤੂੰ ਕੁਝ ਸਮਾਂ ਮੇਰੇ ਨਾਲ ਫਰਨੀਚਰ ਸਟੋਰ 'ਤੇ ਕੰਮ ਕਰਨਾ ਹੈ ਅਤੇ ਫਿਰ ਆਪਾਂ ਇਕ ਹੋਰ ਸਾਂਝਾ ਫਰਨੀਚਰ ਸਟੋਰ ਤੇਰੇ ਨਾਮ ਉਪਰ ਖੋਲ੍ਹ ਲਵਾਂਗੇ | ਇਸ ਤਰ੍ਹਾਂ ਆਪਣੇ ਕੰਮ ਨੂੰ ਹੋਰ ਅੱਗੇ ਤੋਂ ਅੱਗੇ ਵਧਾਉਂਦੇ ਜਾਵਾਂਗੇ |' ਉਸ ਆਪਣੇ ਇਕਰਾਰ ਉਪਰ ਪੂਰਾ ਉਤਰਦਿਆਂ ਇਕ ਸਾਲ ਬਾਅਦ ਹੀ ਇਹ ਸਟੋਰ ਲੀਜ਼ ਉਪਰ ਲੈ ਦਿੱਤਾ ਸੀ | ਮੈਂ ਵੀ ਉਸ ਨੂੰ ਆਪਣੀ ਸੱਚੀ ਦੌਸਤੀ ਦਾ ਸਬੂਤ ਦਿੰਦਾ ਰਿਹਾ ਹਾਂ | ਇਹ ਕਦੀ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਉਹ ਮੈਨੂੰ ਸ਼ੱਕ ਦੀ ਨਿਗਾਹ ਨਾਲ ਦੇਖੇਗਾ |'
"ਕੀ ਸੋਚ ਰਿਹਾ ਹੈਂ ਦੀਪ |" ਬੌਬੀ ਨੇ ਦੀਪ ਦੀ ਸੋਚ ਨੂੰ ਭੰਗ ਕੀਤਾ |
"ਮੈਂ ਸੋਚ ਰਿਹਾਂ ਕਿ ਇਹ ਅੱਗ ਕਿਸ ਨੇ ਲਾਈ ਹੋਵੇਗੀ ਅਤੇ ਕਿਉਂ ਲਾਈ ਹੋਵੇਗੀ?" ਦੀਪ ਨੇ ਬਹਾਨਾ ਬਣਾਇਆ ਉਹ ਆਪਣੇ ਮਨ ਦੀ ਕੁੜੱਤਨ ਬਾਹਰ ਨਹੀਂ ਸੀ ਲਿਆਉਣੀ ਚਾਹੁੰਦਾ |
"ਇਹ ਮੈਂ ਦਸਦਾਂ ਕਿ ਅੱਗ ਕਿਸ ਨੇ ਤੇ ਕਿਉਂ ਲਾਈ ਹੈ |" ਰਮੋਲੋ ਨੇ ਇਸ ਤਰ੍ਹਾਂ ਕਿਹਾ ਜਿਵੇਂ ਉਹ ਅੱਗ ਲਾਉਣ ਵਾਲਿਆਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਹੋਵੇ | ਦੋਹਾਂ ਨੇ ਹੀ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਉਸ ਦੀ ਗੱਲ ਸੁਣਨ ਲਈ ਧਿਆਨ ਉਸ ਪਾਸੇ ਕਰ ਲਿਆ |
ਰਮੋਲੋ ਨੇ ਖੰਘੂਰਾ ਮਾਰ ਕੇ ਆਪਣਾ ਗਲ਼ਾ ਸਾਫ ਕੀਤਾ ਅਤੇ ਬੌਬੀ ਵੱਲ ਝਾਕਦਾ ਹੋਇਆ ਬੋਲਿਆ, "ਮੈਨੂੰ ਪਤਾ ਹੈ ਕਿ ਦੀਪ ਨੇ ਤੇਰੀ ਗੱਲ ਦਾ ਬੁਰਾ ਮਨਾਇਆ ਹੈ | ਮੈਂ ਆਉਂਦਿਆਂ ਹੀ ਤੈਨੂੰ ਕਿਹਾ ਸੀ ਕਿ 'ਦੀਪ ਵੀ ਆ ਗਿਆ ਹੈ ਤੂੰ ਉਸ ਕੋਲੋਂ ਹੋਰ ਗੱਲ ਪੁੱਛਣ ਤੋਂ ਪਹਿਲਾਂ ਕੱਲ੍ਹ ਆਈ ਖੇਪ ਦਾ ਪਤਾ ਕਰੀਂ |' ਇਹ ਪੁੱਛਣ ਦਾ ਵੀ ਇਕ ਮਕਸਦ ਸੀ ਜਿਹੜਾ ਪੂਰਾ ਹੋ ਗਿਆ ਹੈ ਅਤੇ ਹੁਣ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਅੱਗ ਨਿੱਕ ਦੇ ਬੰਦਿਆਂ ਨੇ ਲਾਈ ਹੈ |"
"ਨਹੀਂ ਰਮੋਲੋ, ਮੈਨੂੰ ਤਾਂ ਦੂਜੇ ਪਲਾਜ਼ੇ ਵਿਚਲੇ ਫਰਨੀਚਰ ਸਟੋਰ ਵਾਲੇ ਚੀਨੇ ਉਪਰ ਸ਼ੱਕ ਹੈ | ਜਦੋਂ ਦਾ ਇਹ ਸਟੋਰ ਉੱਥੇ ਚਾਲੂ ਹੋਇਆ, ਉਸ ਦੀ ਬਿਕਰੀ ਬਹੁਤ ਘਟ ਗਈ ਸੀ | ਉਸ ਨੇ ਮੈਨੂੰ ਪੰਜਾਹ ਹਜ਼ਾਰ ਡਾਲਰ ਮਨਾਫਾ ਲੈ ਕੇ ਸਟੋਰ ਵੇਚ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ, ਜਿਸ ਨੂੰ ਮੈਂ ਠੁਕਰਾ ਦਿੱਤਾ ਸੀ |" ਦੀਪ ਨੇ ਦੱਸਿਆ |
"ਇਹ ਕੰਮ ਨਸਲਵਾਦੀਆਂ ਨੇ ਕੀਤਾ ਹੋਵੇਗਾ | ਉਹ ਹੁਣ ਫਿਰ ਸਿਰ ਚੁੱਕ ਰਹੇ ਆ |" ਬੌਬੀ ਦਾ ਵਿਚਾਰ ਸੀ |
"ਤੁਹਾਡੇ ਦੋਹਾ ਦਾ ਹੀ ਸ਼ੱਕ ਨਿਰਮੂਲ ਹੈ | ਮੈਂ ਦਸਦਾਂ ਕਿ ਨਿੱਕ ਨੇ ਇਹ ਕਾਰਾ ਕਿਉਂ ਕਰਵਾਇਆ | ਨਿੱਕ ਨੂੰ ਇਸ ਗੱਲ ਦਾ ਯਕੀਨ ਹੈ ਕਿ ਪਿਛਲੇ ਮਹੀਨੇ ਦੀਪ ਦੇ ਸਹਾਇਕ, ਸਟੀਵ ਨੇ ਉਹਨਾਂ ਦੀ ਕੁਕੇਨ ਵਾਲੀ ਕਾਰ ਪਕੜਵਾਈ ਸੀ | ਉਸ ਤੋਂ ਮਗਰੋਂ ਮੇਰੇ ਮੱਛੀਆਂ ਵਾਲੇ ਕੁਝ ਡੱਬੇ ਗੁੰਮ ਹੋ ਗਏ, ਜਿਨ੍ਹਾਂ ਵਿਚ ਹੈਰੋਇਨ ਆਈ ਸੀ | ਫਿਰ ਉਹਨਾਂ ਨੇ ਪੱਬ ਵਿਚ ਸਟੀਵ 'ਤੇ ਹਮਲਾ ਕੀਤਾ, ਜਿਸ ਵਿਚੋਂ ਉਹ ਵਾਲ਼ ਵਾਲ਼ ਬਚ ਗਿਆ | ਦੀਪ, ਉਸ ਤੋਂ ਮਗਰੋਂ ਤੁਸੀਂ ਰੰਜ 'ਤੇ ਗੋਲ਼ੀ ਚਲਾਈ | ਉਹ ਵੀ ਮੌਕੇ ਦੀ ਭਾਲ਼ ਵਿਚ ਸਨ ਕਿ ਇਸ ਦਾ ਬਦਲਾ ਕਦੋਂ ਲਿਆ ਜਾਵੇ | ਹੁਣ ਉਹਨਾਂ ਨੂੰ ਖੇਪ ਆਉਣ ਦਾ ਪਤਾ ਲੱਗ ਗਿਆ ਅਤੇ ਉਹਨਾਂ ਨੇ ਸਟੋਰ ਨੂੰ ਅੱਗ ਲਾ ਕੇ ਆਪਣਾ ਬਦਲਾ ਲੈ ਲਿਆ ਹੈ | ਉਹਨਾਂ ਨੇ ਇਹ ਕੰਮ ਕਰਕੇ ਤੀਹਰੀ ਮਾਰ ਮਾਰੀ ਹੈ | ਉਹ ਸਮਝਦੇ ਸਨ ਕਿ ਆਈ ਖੇਪ ਅੱਗ ਵਿਚ ਸੜ ਜਾਣ ਨਾਲ ਇਨ੍ਹਾਂ ਦਾ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਜਾਵੇਗਾ ਅਤੇ ਨਾਲ ਹੀ ਪੁਲੀਸ ਨੂੰ ਉੱਥੋਂ ਕੁਝ ਨਾ ਕੁਝ ਨਸ਼ੀਲੇ ਪਦਾਰਥ ਦੇ ਸਬੂਤ ਹੱਥ ਲੱਗ ਜਾਣਗੇ ਅਤੇ ਪੁਲੀਸ ਦੀਪ ਜਾਂ ਰੂਬੀ ਨੂੰ ਪਕੜ ਕੇ ਲੈ ਜਾਵੇਗੀ | ਤੀਸਰੀ ਗੱਲ ਜਿਹੜੀ ਹੁਣ ਦੀਪ ਦੇ ਮਨ ਵਿਚ ਪੈਦਾ ਹੋਈ ਹੈ ਕਿ 'ਉਸ ਉਪਰ ਭਰੋਸਾ ਨਹੀਂ ਕੀਤਾ ਗਿਆ' | ਇਹੀ ਉਹਨਾਂ ਦਾ ਮੰਤਵ ਹੈ ਕਿ 'ਇਹ ਆਪੋ ਵਿਚ ਭਰੋਸਾ ਗੁਆ ਕੇ ਇਕ ਦੂਜੇ ਦੇ ਦੁਸ਼ਮਣ ਬਣ ਜਾਣਗੇ |' ਆਪਣੇ ਜਾਣੇ ਉਹ ਇਸ ਮੰਤਵ ਵਿਚ ਸਫਲ ਹੋ ਗਏ ਹਨ |" ਜਦੋਂ ਰਮੋਲੋ ਨੇ ਆਪਣੀ ਗੱਲ ਮੁਕਾਈ ਤਾਂ ਦੋਹਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ | ਉਹਨਾਂ ਨੂੰ ਰਮੋਲੋ ਦੀ ਗੱਲ ਉਪਰ ਯਕੀਨ ਆ ਗਿਆ | ਉਹਨਾਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਹੈ |
ਰਮੋਲੋ ਆਪਣੀ ਕਹੀ ਗੱਲ ਦਾ ਪ੍ਰਭਾਵ ਕੁਝ ਦੇਰ ਉਹਨਾਂ ਦੇ ਚਿਹਰਿਆਂ ਉਪਰ ਪੜ੍ਹਦਾ ਰਿਹਾ ਅਤੇ ਫਿਰ ਬੋਲਿਆ, "ਬੌਬੀ, ਮੈਂ ਦੇਖ ਰਿਹਾ ਹਾਂ ਕਿ ਤੂੰ ਕੁਝ ਸਮੇਂ ਤੋਂ ਆਪਣੇ ਨਵੇਂ ਬਣਦੇ ਮਕਾਨ ਵੱਲ ਬਹੁਤਾ ਧਿਆਨ ਦੇਣ ਲੱਗ ਪਿਆ ਹੈਂ ਅਤੇ ਸਾਰਾ ਭਾਰ ਦੀਪ ਦੇ ਮੋਢਿਆਂ ਉਪਰ ਹੀ ਆ ਪਿਆ ਹੈ | ਜਿਸ ਨੂੰ ਚੁੱਕਣਾ ਇਸ ਦੇ ਵਸੋਂ ਬਾਹਰ ਦੀ ਗੱਲ ਹੈ ਅਤੇ ਨਿੱਕ ਦੀ ਜੁੰਡਲੀ ਤੁਹਾਡੇ ਉਪਰ ਭਾਰੂ ਪੈਂਦੀ ਜਾ ਰਹੀ ਹੈ |" ਰਮੋਲੋ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਜਿਵੇਂ ਸੱਚ ਮੁੱਚ ਨਿੱਕ ਦੇ ਬੰਦਿਆਂ ਨੇ ਹੀ ਅੱਗ ਲਾਈ ਹੋਵੇ |
"ਰਮੋਲੋ, ਤੈਨੂੰ ਮੇਰੀ ਪੈਂਤੜੇਬਾਜੀ ਦਾ ਨਹੀਂ ਪਤਾ ਕਿ ਮੈਂ ਕਿਸ ਢੰਗ ਨਾਲ ਕੰਮ ਕਰਦਾ ਹਾਂ | ਜਿਵੇਂ ਮੈਂ ਤੇਰੇ ਨਾਲ ਆਪਣਾ ਤਾਲ ਮੇਲ ਬਣਾਈ ਰਖਦਾ ਹਾਂ, ਇਸੇ ਤਰ੍ਹਾਂ ਮੇਰਾ ਹਰ ਪਾਸੇ ਤਾਲ ਮੇਲ ਸਦਾ ਬਣਿਆ ਰਹਿੰਦਾ ਹੈ | ਮਕਾਨ ਦਾ ਤੂੰ ਫਿਕਰ ਨਾ ਕਰ, ਮਕਾਨ ਰਾਹ ਦਾ ਅੜਿੱਕਾ ਨਹੀਂ ਬਣਦਾ | ਹੁਣ ਮਕਾਨ ਬਣ ਕੇ ਤਿਆਰ ਹੋ ਗਿਆ ਹੈ, ਉਸ ਪਾਸਿਉਂ ਮੈਂ ਵਿਹਲਾ ਹਾਂ |" ਬੌਬੀ ਨੇ ਬੇਪਰਵਾਹੀ ਨਾਲ ਕਿਹਾ |
"ਤੇਰੇ ਖਿਆਲ ਵਿਚ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ?" ਦੀਪ ਨੇ ਬੌਬੀ ਦੀ ਗੱਲ ਵੱਲ ਧਿਆਨ ਨਾ ਦਿੰਦਿਆਂ, ਰਮੋਲੋ ਉਪਰ ਸੁਆਲ ਕਰ ਦਿੱਤਾ |
"ਆਪਣੇ ਦੁਆਲ਼ੇ ਕਈ ਗੈਂਗਾਂ ਨੇ ਘੇਰਾ ਪਾਈ ਬੈਠੇ ਹਨ | ਇਕ ਪਾਸੇ ਬਾਈਕਰ ਗੈਂਗ ਹੈ ਅਤੇ ਦੂਜੇ ਪਾਸੇ ਨਿੱਕ ਜੁੰਡਲੀ, ਜਿਸ ਨੂੰ ਇਕ ਧਨਾਢ ਬਾਬੇ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ | ਬੌਬੀ, ਜਿਵੇਂ ਮੈਂ ਤੈਨੂੰ ਪਹਿਲਾਂ ਹੀ ਸਾਵਧਨ ਕੀਤਾ ਸੀ ਕਿ ਉਸ ਨੇ ਇੰਡੀਆ, ਅਫਗਸਤਾਨ ਤੇ ਐਮ੍ਰੀਕਾ ਵਿਚ ਆਪਣੇ ਸ੍ਰੋਤ ਪੈਦਾ ਕਰ ਲਏ ਹਨ ਅਤੇ ਉਹ ਆਪਣੇ ਲਈ ਖਤਰਾ ਬਣਦਾ ਜਾ ਰਿਹਾ ਹੈ | ਉਹ ਗੱਲ ਅੱਜ ਠੀਕ ਹੋ ਰਹੀ ਹੈ | ਬਾਈਕਰ ਗੈਂਗ ਨਾਲ ਤਾਂ ਬਾਅਦ ਵਿਚ ਨਜਿੱਠ ਲਿਆ ਜਾਵੇਗਾ ਪਰ ਸਭ ਤੋਂ ਪਹਿਲਾ ਨਿੱਕ ਜੁੰਡਲੀ ਨਾਲ ਨਜਿੱਠਣਾ ਜਰੂਰੀ ਹੈ | ਜੇ ਅਵੇਸਲੇ ਹੋ ਗਏ ਫਿਰ ਸਾਰੇ ਟੀਚੇ ਧਰੇ ਧਰਾਏ ਰਹਿ ਜਾਣਗੇ |" ਰਮੋਲੋ ਨੇ ਚਿਤਾਵਨੀ ਵਜੋਂ ਕਿਹਾ |
"ਰਮੋਲੋ, ਤੂੰ ਇਧਰਲਾ ਫਿਕਰ ਨਾ ਕਰ, ਉਸ ਬਾਰੇ ਮੈਂ ਸੋਚ ਲਿਆ ਹੈ | ਤੈਨੂੰ ਆਪਣੀ ਫਿਸ਼ਕੈਨਰੀ ਬਾਰੇ ਸੋਚਣਾ ਚਾਹੀਦਾ ਹੈ, ਜਿੱਥੋਂ ਮੱਛੀਆਂ ਦੇ ਡੱਬੇ ਚੋਰੀ ਹੋਏ ਹਨ | ਉਸ ਵਿਚ ਭਾਵੇਂ ਸਾਡੀ ਕੋਈ ਸਾਂਝ ਭਿਆਲੀ ਨਹੀਂ ਸੀ ਪਰ ਅਗਾਂਹ ਨੂੰ ਕੋਈ ਸਾਂਝ ਭਿਆਲੀ ਵਾਲੀ ਵਸਤੂ ਵੀ ਚੋਰੀ ਹੋ ਸਕਦੀ ਹੈ |" ਬੌਬੀ ਨੇ ਰਮੋਲੋ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ |
"ਮੈਨੂੰ ਬੀਮੇ ਵਾਲਿਆਂ ਦੇ ਦਫਤਰ ਵੀ ਜਾਣਾ ਪੈਣਾ ਹੈ | ਇਸ ਲਈ ਮੈਂ ਤੁਹਾਡੇ ਕੋਲੋਂ ਜਾਣਾ ਚਾਹਵਾਂਗਾ | ਸਟੋਰ 'ਤੇ ਰੂਬੀ ਵੀ ਮੇਰੀ ਉਡੀਕ ਕਰ ਰਿਹਾ ਹੋਵੇਗਾ |" ਉਹਨਾਂ ਦੋਹਾ ਨੂੰ ਉੱਥੇ ਬੈਠਿਆਂ ਛੱਡ ਦੀਪ ਸਟੋਰ ਵਿਚੋਂ ਬਾਹਰ ਆ ਗਿਆ |
***********************
ਜੁੜਦੀਆਂ ਤੰਦਾਂ
ਵੈਨਕੂਵਰ ਵਿਚ ਗਰਮੀਆਂ ਦੇ ਤਿੰਨ ਕੁ ਮਹੀਨੇ ਬਾਰਸ਼ ਕੁਝ ਘੱਟ ਹੁੰਦੀ ਹੈ, ਨਹੀਂ ਤਾਂ ਸਾਰਾ ਸਾਲ ਹੀ ਮੀਂਹ ਪੈਂਦਾ ਰਹਿੰਦਾ ਹੈ | ਇਸੇ ਲਈ ਵੈਨਕੂਵਰ ਨੂੰ ਮਖੌਲ ਨਾਲ ਲੋਕ 'ਰੇਨਕਵੁਰ' ਵੀ ਕਹਿ ਦਿੰਦੇ ਹਨ | ਇਸ ਸਾਲ ਅੱਧ ਅਗਸਤ ਤੋਂ ਹੀ ਬਾਰਸ਼ਾਂ ਸ਼ੁਰੂ ਹੋ ਗਈਆਂ ਸਨ | ਕਈ ਦਿਨਾਂ ਦੀ ਝੜੀ ਮਗਰੋਂ ਅੱਜ ਮੌਸਮ ਸਾਫ ਹੋਇਆ ਸੀ | ਅਸਮਾਨ ਉਪਰ ਕੋਈ ਵੀ ਬੱਦਲ ਨਹੀਂ ਸੀ ਦਿਸ ਰਿਹਾ | ਬੜੀ ਪਿਆਰੀ ਚਮਕੀਲੀ ਧੁੱਪ ਖਿੜੀ ਹੋਈ ਸੀ | ਇਸ ਧੁੱਪ ਦਾ ਅਨੰਦ ਲੈਣ ਲਈ ਬਹੁਤ ਸਾਰੇ ਲੋਕ ਪਾਰਕਾਂ ਤੇ ਸਮੁੰਦਰੀ ਬੀਚਾਂ ਵੱਲ ਨਿਕਲ ਆਏ ਸਨ | ਹਰ ਥਾਂ ਬੜੀਆਂ ਰੌਣਕਾ ਲੱਗੀਆਂ ਹੋਈਆਂ ਸਨ | ਬੀ।ਸੀ। ਯੂਨੀਵਰਸਿਟੀ ਸਮੁੰਦਰ ਕਿਨਾਰੇ ਬਣੀ ਹੋਈ ਹੈ ਅਤੇ ਇਸ ਦੇ ਦੁਆਲੇ ਕਈ ਬੀਚ ਹਨ ਜਿਵੇਂ ਸਪੈਨਿਸ਼ਬੈਂਕਸ ਬੀਚ, ਰੋਜ਼ਗਾਰਡਨ ਤੇ ਬੀਚ, ਟਾਵਰ ਬੀਚ ਅਤੇ ਰਿੱਕ ਬੀਚ ਆਦਿ | ਰਿੱਕ ਬੀਚ ਉਪਰ ਤਾਂ ਲੋਕ ਬਿਨਾਂ ਕਿਸੇ ਪਹਿਰਾਵੇ ਦੇ, ਆਪਣਾ ਪਰਕ੍ਰਿਤਕ ਸਰੀਰ ਲੈ ਕੇ ਹੀ ਵਿਚਰਦੇ ਹਨ | ਪਰ ਯੂਨੀਵਰਸਿਟੀ ਦੇ ਬਹੁਤੇ ਵਿਦਿਆਰਥੀ ਤੇ ਆਮ ਜੰਤਾ ਦੂਸਰੇ ਬੀਚਾਂ 'ਤੇ ਰੌਣਕਾਂ ਲਾਉਂਦੀ ਹੈ | ਲਾਇਬ੍ਰੇਰੀ ਵਿਚ ਬੈਠਿਆਂ, ਅਨੂਪ ਤੇ ਪੰਮ ਦਾ ਵੀ ਬਾਹਰ ਘੁਮਣ ਫਿਰਨ ਜੀਅ ਕੀਤਾ | ਜਦੋਂ ਉਹ ਟਾਵਰ ਬੀਚ 'ਤੇ ਆਏ ਤਾਂ ਇੱਥੇ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ | ਬਹੁਤ ਸਾਰੇ ਮੁੰਡੇ ਕੁੜੀਆਂ ਜੋੜੀਆਂ ਬਣਾਈ ਇਧਰ ਉਧਰ ਚਹਿਲ ਕਦਮੀ ਕਰ ਰਹੇ ਸਨ | ਕਈ ਅਰਧ-ਨਗਨ ਅਵਸਥਾ ਵਿਚ ਰੇਤ ਉਪਰ ਪਏ ਧੁੱਪ ਸੇਕ ਰਹੇ ਸਨ | ਕਈ ਗੇਲੀਆਂ ਉਪਰ ਬੈਠੇ ਗਲਵਕੜੀ ਪਾਈ ਪਿਆਰ ਕਲੋਲਾਂ ਕਰ ਰਹੇ ਸਨ ਤੇ ਕਈ ਇਕ ਦੂਜੇ ਦੇ ਲੱਕ ਦੁਆਲ਼ੇ ਬਾਹਾਂ ਪਾਈ ਤੁਰੇ ਜਾਂਦੇ ਹੀ ਆਪਣੇ ਪਿਆਰ ਨੂੰ ਪਰਵਾਨ ਚੜ੍ਹਾ ਰਹੇ ਸਨ | ਬਹੁਤ ਸਾਰੇ ਮੁੰਡੇ ਕੁੜੀਆਂ ਸਮੁੰਦਰ ਵਿਚ ਤਾਰੀਆਂ ਲਾਉਂਦੇ ਹੋਏ, ਕਈ ਕਿਸਮ ਦੀਆਂ ਪਾਣੀ ਵਾਲੀਆਂ ਖੇਡਾਂ ਖੇਡ ਰਹੇ ਸਨ | ਕਈ ਇਕੋ ਥਾਂ ਇਕੱਠੇ ਬੈਠੇ ਕੁਝ ਖਾ ਪੀ ਰਹੇ ਸਨ ਤੇ ਕਈ ਚਲਦੇ ਫਿਰਦੇ, ਆਪਣੇ ਹੱਥਾਂ ਵਿਚ ਫੜੇ ਲਫਾਫਿਆਂ ਵਿਚੋਂ ਕੁਝ ਖਾਈ ਜਾ ਰਹੇ ਸਨ ਪਰ ਕਿਤੇ ਵੀ ਕਿਸੇ ਖਾਧ ਪਦਾਰਥ ਦਾ ਭੋਰਾ ਜਾਂ ਕੋਈ ਕਾਗਜ਼ ਦਾ ਟੁਕੜਾ ਡਿਗਿਆ ਨਜ਼ਰ ਨਹੀਂ ਸੀ ਆ ਰਿਹਾ |
ਅਨੂਪ ਤੇ ਪੰਮ, ਹੱਥ ਵਿਚ ਹੱਥ ਪਾਈ, ਇਸ ਨਜ਼ਾਰੇ ਦਾ ਅਨੰਦ ਮਾਣਦੇ ਅਗਾਂਹ ਨੂੰ ਤੁਰੇ ਜਾ ਰਹੇ ਸਨ | ਪੰਮ ਨੇ ਟੀਸ਼ਰਟ ਨਾਲ ਜੀਨ ਪਹਿਨੀ ਹੋਈ ਸੀ ਤੇ ਅਨੂਪ ਨੇ ਫਿੱਕੇ ਭੂਰੇ ਰੰਗ ਦੀ ਨਿੱਕਰ ਨਾਲ ਚਿੱਟੀ ਟੀ ਸ਼ਰਟ ਪਹਿਨ ਰੱਖੀ ਸੀ | ਦੋਹਾਂ ਨੇ ਹੀ ਕਾਲ਼ੀਆਂ ਐਨਕਾਂ ਲਾਈਆਂ ਹੋਈਆਂ ਸਨ | ਪੰਮ ਤੁਰੀ ਜਾਂਦੀ ਇਧਰ ਉਧਰ ਆਪਣਾ ਸਿਰ ਘੁਮਾ ਰਹੀ ਸੀ ਜਿਵੇਂ ਕਿਸੇ ਦੀ ਤਲਾਸ਼ ਕਰ ਰਹੀ ਹੋਵੇ | ਕੁਝ ਦੂਰ ਇਕ ਮੈਪਲ ਦੇ ਰੁੱਖ ਕੋਲ ਜਾ ਕੇ ਉਹ ਬੋਲੀ, "ਰਿੱਚੀ ਨੇ ਇਸੇ ਥਾਂ ਮਿਲਨ ਲਈ ਕਿਹਾ ਸੀ | ਮੈਨੂੰ ਕਹਿੰਦੀ ਸੀ, 'ਤੁਸੀਂ ਚਲੋ, ਮੈਂ ਮਾਰਟਨ ਨੂੰ ਨਾਲ ਲੈ ਕੇ ਆਉਂਦੀ ਹਾਂ' ਪਰ ਅਜੇ ਤਕ ਆਈ ਨਹੀਂ |"
"ਹੂੰਅ! ਆ ਜਾਣਗੇ, ਉਨੀ ਦੇਰ ਆਪਾਂ ਇੱਥੇ ਤੁਰ ਫਿਰ ਕੇ ਅਨੰਦ ਲੈਂਦੇ ਹਾਂ | ਇਧਰ ਦੇਖ, ਅਜੇ ਪੱਤਝੜ ਆਉਣ ਵਿਚ ਦੋ ਹਫਤੇ ਪਏ ਨੇ ਤੇ ਦਰਖਤ ਪਹਿਲਾਂ ਹੀ ਪੀਲ਼ੇ ਪੈ ਗਏ |" ਅਨੂਪ ਨੇ ਪੰਮ ਦਾ ਧਿਆਨ ਮੈਪਲ ਦੇ ਪੀਲ਼ੇ ਹੋ ਰਹੇ ਪੱਤਿਆਂ ਵੱਲ ਦਿਵਾਇਆ |
"ਪੱਤਝੜ ਸ਼ੁਰੂ ਹੋਣ ਦਾ ਤਾਂ 23 ਸਤੰਬਰ ਦਾ ਦਿਨ ਹੀ ਨਿਸਚਤ ਕੀਤਾ ਹੈ ਮੌਸਮ ਮਾਹਰਾਂ ਨੇ | ਉਂਝ ਪੱਤਝੜ ਅਗੇਤੀ ਆ ਜਾਂਦੀ ਹੈ | ਮੌਸਮ ਹੌਲ਼ੀ ਹੌਲ਼ੀ ਤਬਦੀਲ ਹੋ ਰਹੇ ਹਨ |" ਇਹ ਕਹਿ ਕੇ ਪੰਮ ਮੌਸਮ ਵਿਚ ਆ ਰਹੀ ਤਬਦੀਲੀ ਦੇ ਕਾਰਨਾਂ ਬਾਰੇ ਦੱਸਣ ਲੱਗ ਪਈ |
"ਮੈਨੂੰ ਲਗਦਾ ਜਿਵੇਂ ਤੂੰ ਅਪਰਾਧ-ਵਿਗਿਆਨ ਦੇ ਨਾਲ ਨਾਲ ਮੌਸਮ-ਵਿਗਿਆਨ ਦੀ ਪੜ੍ਹਾਈ ਵੀ ਕਰ ਰਹੀ ਹੋਵੇਂ |" ਅਨੂਪ ਨੇ ਪੰਮ ਦੀ ਮੌਸਮ ਬਾਰੇ ਵਿਸ਼ਾਲ ਜਾਣਕਾਰੀ ਨੂੰ ਸਲਾਹਿਆ |
"ਅਪਰਾਧ-ਵਿਗਿਆਨ ਦਾ ਵਿਸ਼ਾ ਤਾਂ ਮੈਂ ਤੇਰੇ ਕਾਰਨ ਚੁਣਿਆ, ਉਂਝ ਰੁਚੀ ਮੇਰੀ ਮੌਸਮ-ਵਿਗਿਆਨ ਵਿਚ ਸੀ |" ਪੰਮ ਨੇ ਅਨੂਪ ਦੀਆਂ ਅੱਖਾਂ ਵਿਚ ਝਾਕਦਿਆਂ ਮੁਸਕਰਾ ਕੇ ਕਿਹਾ |
"ਅਪਰਾਧ-ਵਿਗਿਆਨ ਛੱਡ ਕੇ ਹੁਣ ਮੌਸਮ-ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਲੈ, ਤੈਨੂੰ ਕੋਈ ਰੋਕਦਾ ਤਾਂ ਨਹੀਂ |" ਅਨੂਪ ਨੇ ਮਖੌਲ ਨਾਲ ਕਿਹਾ |
"ਜੇ ਤੈਨੂੰ ਛੱਡਣਾ ਹੁੰਦਾ ਤਾਂ ਮੈਂ ਅਪਰਾਧ-ਵਿਗਆਨ ਵੀ ਛੱਡ ਦਿੰਦੀ | ਮੈਂ ਤਾਂ ਘਰਦਿਆਂ ਤੋਂ ਬਾਗ਼ੀ ਹੋ ਕੇ ਇਹ ਵਿਸ਼ਾ ਲਿਆ ਸੀ |" ਪੰਮ ਨੇ ਅਨੂਪ ਦੀ ਗੱਲ ਦਾ ਗੁੱਸਾ ਕੀਤਾ |
"ਇਸ ਵਿਚ ਛੱਡਣ ਛੱਡਾਉਣ ਦੀ ਗੱਲ ਕਿੱਥੋਂ ਆ ਗਈ?" ਅਨੂਪ ਨੇ ਪੰਮ ਦੇ ਬੋਲਾਂ ਦੀ ਤਲਖ਼ੀ ਨੂੰ ਭਾਂਪ ਕੇ ਕਿਹਾ |
"ਤੂੰ ਆਪ ਹੀ ਤਾਂ ਕਿਹਾ ਹੈ, ਅਪਰਾਧ-ਵਿਗਿਆਨ ਛੱਡਣ ਨੂੰ | ਚਲ ਛੱਡ ਇਸ ਗੱਲ ਨੂੰ! ਤੂੰ ਇਹ ਦੱਸ, ਕੱਲ੍ਹ ਮਾਸੀ ਦੇ ਮਕਾਨ ਦੀ ਚੱਠ 'ਤੇ ਕਿਉਂ ਨਹੀਂ ਆਇਆ | ਮੈਂ ਤੈਨੂੰ ਉਡੀਕਦੀ ਰਹੀ |" ਪੰਮ ਨੇ ਗੱਲ ਨੂੰ ਦੂਜੇ ਪਾਸੇ ਮੋੜਿਆ |
"ਮੈਂ ਆਪਣੇ ਖੋਜ ਕਾਰਜ ਵਿਚ ਲੱਗਾ ਹੋਇਆ ਸੀ |" ਅਨੂਪ ਨੇ ਨਾ ਆਉਣ ਦਾ ਕਾਰਨ ਦੱਸਿਆ |
"ਕਿਉਂ ਝੂਠ ਬੋਲਦਾਂ ! ਕੱਲ੍ਹ ਆਂਟੀ, ਅੰਕਲ ਆਏ ਸਨ ਚੱਠ 'ਤੇ | ਮੈਂ ਆਂਟੀ ਕੋਲੋਂ ਤੇਰੇ ਬਾਰੇ ਪੁੱਛਿਆ ਸੀ | ਉਹ ਕਹਿੰਦੇ, 'ਉਹ ਸਾਡੇ ਉਠਣ ਤੋਂ ਪਹਿਲਾਂ ਹੀ ਹਸਪਤਾਲ ਚਲਾ ਗਿਆ ਸੀ, ਉਸ ਨੂੰ ਤਾਂ ਲੋਕ ਸੇਵਾ ਦਾ ਝੱਲ ਚੜਿਆ ਹੋਇਐ |' ਇਸ ਸਮਾਜ ਸੇਵਾ ਵਿਚੋਂ ਕਿਸੇ ਹੋਰ ਦੀ ਸੇਵਾ ਲਈ ਵੀ ਸਮਾਂ ਕੱਢ ਲਿਆ ਕਰ | ਉਂਝ ਤਾਂ ਕਹਿੰਦਾ ਹੁੰਦਾ ਹੈਂ ਕਿ ਮੈਨੂੰ ਮਾਸੀ ਦਾ ਬਹੁਤ ਮੁਹ ਆਉਂਦਾ ਪਰ ਉਸ ਦਾ ਮਕਾਨ ਦੇਖਣ ਆਇਆ ਨਹੀਂ | ਮਾਸੀ ਦਾ ਮਕਾਨ ਬਹੁਤ ਸੁਹਣਾ ਬਣਿਆ ਹੈ |" ਪੰਮ ਨੇ ਨਿਹੋਰੇ ਨਾਲ ਕਿਹਾ |
"ਇਹ ਮਕਾਨ ਮਾਸੀ ਨੇ ਨਹੀਂ ਬੌਬੀ ਨੇ ਬਣਵਾਇਆ ਹੈ | ਮਾਸੀ ਦਾ ਮਕਾਨ ਤਾਂ ਸਟਰਾਬੇਰੀ ਹਿਲਜ਼ ਵਿਚ ਹੈ ਸੀ |" ਅਨੂਪ ਨੇ ਪੰਮ ਦੀ ਗੱਲ ਵਿਚ ਸੋਧ ਕੀਤੀ |
"ਬੌਬੀ ਮਾਸੀ ਨਾਲੋਂ ਅੱਡ ਤਾਂ ਨਹੀਂ | ਮੈਂ ਜਦੋਂ ਵੀ ਕਦੀ ਬੌਬੀ ਦੀ ਗੱਲ ਕਰਦੀ ਹਾਂ, ਤੂੰ ਉਸ ਬਾਰੇ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦਾ | ਤੈਨੂੰ ਬੌਬੀ ਨਾਲ ਚਿੜ੍ਹ ਕਿਉਂ ਹੈ?" ਪੰਮ ਨੇ ਅਨੂਪ ਕੋਲੋਂ ਪੁੱਛਿਆ |
"ਮੈਨੂੰ ਬੌਬੀ ਨਾਲ ਕੋਈ ਚਿੜ੍ਹ ਨਹੀਂ, ਸਗੋਂ ਬੌਬੀ ਨੂੰ ਮੇਰੇ ਨਾਲ ਚਿੜ੍ਹ ਹੈ |"
"ਇਹ ਕੀ ਗੱਲ ਬਣੀ? ਤੈਨੂੰ ਚਿੜ੍ਹ ਨਹੀਂ ਉਸ ਨੂੰ ਚਿੜ੍ਹ ਹੈ |"
ਅਨੂਪ ਦੁਬਿਧਾ ਵਿਚ ਪੈ ਗਿਆ ਕਿ ਉਹ ਪੰਮ ਨੂੰ ਬੌਬੀ ਦੀ ਅਸਲੀਅਤ ਬਾਰੇ ਦੱਸੇ ਜਾਂ ਨਾ | ਉਸ ਸੋਚਿਆ, 'ਇਹ ਉਸ ਦੀ ਮਸੇਰ ਹੈ ਅਤੇ ਇਹ ਦੋਵੇਂ ਪਰਿਵਾਰ ਬਹੁਤ ਦੇਰ ਇਕੱਠਿਆਂ ਵਾਂਗ ਰਹਿੰਦੇ ਰਹੇ ਹਨ | ਇਸ ਦਾ ਆਪਣੀ ਮਾਸੀ ਨਾਲ ਲਗਾਓ ਵੀ ਬਹੁਤ ਹੈ | ਬੌਬੀ ਦੀ ਅਸਲੀਅਤ ਬਾਰੇ ਜਾਣ ਕੇ ਇਸ ਦੇ ਮਨ ਉਪਰ ਕੀ ਪਰਭਾਵ ਪਵੇਗਾ |' ਫਿਰ ਉਸ ਸੋਚਿਆ, 'ਪੰਮ ਮੇਰਾ ਪਿਆਰ ਹੈ | ਜੇ ਇਸ ਦੇ ਪੁੱਛਣ 'ਤੇ ਵੀ ਮੈਂ ਨਹੀਂ ਦਸਦਾ ਤਾਂ ਇਹ ਮੇਰੇ ਉਪਰ ਸ਼ੱਕ ਕਰੇਗੀ ਕਿ ਮੈਂ ਇਸ ਕੋਲੋਂ ਕੁਝ ਲੁਕਾ ਰਿਹਾ ਹਾਂ | ਇਸ ਤਰ੍ਹਾਂ ਮੈਂ ਆਪਣੇ ਪਿਆਰ ਦਾ ਗੁਨਾਹਗਾਰ ਹੋਵਾਂਗਾ |' ਆਪਣੇ ਮਨ ਨਾਲ ਫੈਸਲਾ ਕਰਦਾ ਉਹ ਬੋਲਿਆ, "ਪੰਮ, ਜੇ ਅਸਲੀਅਤ ਜਾਣਨਾ ਚਾਹੁੰਦੀ ਹੈਂ ਤਾਂ ਮੈਂ ਤੈਨੂੰ ਦੱਸ ਦਿੰਦਾ ਹਾਂ | ਪਰ ਇਸ ਬਾਰੇ ਮਾਸੀ ਨੂੰ ਕੁਝ ਨਹੀਂ ਦੱਸਣਾ | ਉਸ ਨੂੰ ਆਪਣੇ ਪੁੱਤਰ ਉਪਰ ਬਹੁਤ ਮਾਣ ਹੈ | ਜੇ ਤੂੰ ਉਸ ਨੂੰ ਦੱਸ ਵੀ ਦਿੱਤਾ ਤਾਂ ਹੋ ਸਕਦਾ ਹੈ ਕਿ ਉਹ ਤੇਰੀ ਗੱਲ 'ਤੇ ਇਤਬਾਰ ਨਾ ਕਰੇ ਅਤੇ ਜਿਹੜਾ ਤੇਰਾ ਆਪਣੀ ਮਾਸੀ ਨਾਲ ਮੁਹ ਪਿਆਰ ਬਣਿਆ ਹੋਇਆ ਹੈ ਉਸ ਵਿਚ ਤਰੇੜਾਂ ਆ ਜਾਣ |"
"ਤੂੰ ਦੱਸ ਤਾਂ ਸਹੀ, ਮਾਸੀ ਤਾਂ ਮੈਨੂੰ ਮਾਂ ਨਾਲੋਂ ਵੀ ਵੱਧ ਪਿਆਰ ਕਰਦੀ ਹੈ | ਉਂਝ ਮੈਂ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਾਂਗੀ |"
ਅਨੂਪ ਖੰਘੂਰਾ ਮਾਰ ਕੇ ਬੌਬੀ ਦੀ ਅਸਲੀਅਤ ਬਾਰੇ ਦੱਸਣ ਹੀ ਲੱਗਾ ਸੀ ਕਿ ਰਿੱਚੀ ਨੇ ਉਹਨਾਂ ਕੋਲ ਆ ਕੇ ਕਿਹਾ, "ਕੀ ਸਾਨੂੰ ਆਉਣ ਵਿਚ ਦੇਰ ਤਾਂ ਨਹੀਂ ਹੋ ਗਈ?"
"ਨਹੀਂ, ਕੋਈ ਦੇਰ ਨਹੀਂ ਹੋਈ | ਅਸੀਂ ਵੀ ਹੁਣੇ ਆ ਕੇ ਹੀ ਇੱਥੇ ਖੜ੍ਹੇ ਹਾਂ |" ਪੰਮ ਨੇ ਜਵਾਬ ਦਿੱਤਾ |
"ਕਿਧਰ ਜਾਣ ਦਾ ਪਰੋਗ੍ਰਾਮ ਬਣਾਇਆ ਹੈ?" ਰਿੱਚੀ ਨੇ ਪੁੱਛਿਆ |
"ਇੱਥੇ ਕਿਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ ਤੇ ਕੁਝ ਖਾ ਪੀ ਲੈਂਦੇ ਹਾਂ |" ਅਨੂਪ ਨੇ ਕਿਹਾ |
"ਨਹੀਂ, ਪਹਿਲਾਂ ਕੁਝ ਦੇਰ ਸਾਗਰ ਵਿਚ ਤਾਰੀਆਂ ਲਾਈਏ |" ਆਪਣਾ ਬੈਕ ਪੈਕ ਮੋਢਿਆਂ ਤੋਂ ਲਾਹੁੰਦੀ ਹੋਈ ਰਿੱਚੀ ਬੋਲੀ | ਉਹ ਨਹਾਉਣ ਵਾਸਤੇ ਪਹਿਲਾਂ ਹੀ ਤਿਆਰ ਹੋ ਕੇ ਆਈ ਲਗਦੀ ਸੀ |
"ਮੈਂ ਤਾਂ ਆਪਣੇ ਨਹਾਉਣ ਵਾਲਾ ਸੂਟ ਹੀ ਲੈ ਕੇ ਨਹੀਂ ਆਈ |" ਪੰਮ ਨੇ ਸਿਰ ਫੇਰ ਕੇ ਨਾਂਹ ਕਰ ਦਿੱਤੀ |
"ਅਹੁ ਸਾਹਮਣੇ, ਜਿਹੜੀਆਂ ਕੁੜੀਆਂ ਨਹਾ ਰਹੀਆਂ ਹਨ , ਉਹਨਾਂ ਨੇ ਕਿਹੜਾ ਨਹਾਉਣ ਵਾਲੇ ਸੂਟ ਪਾਏ ਹੋਏ ਹਨ| ਜੇ ਤੂੰ ਆਪਣਾ ਸਰੀਰ ਕਿਸੇ ਨੂੰ ਨਹੀਂ ਦਿਖਾਉਣਾ ਚਾਹੁੰਦੀ ਤਾਂ ਮੈਂ ਤੇਰੇ ਵਾਸਤੇ ਡਾਊਨ ਟਾਊਨ 'ਚੋਂ ਨਹਾਉਣ ਵਾਲਾ ਸੂਟ ਲਿਆ ਦਿੰਦੀ ਹਾਂ |" ਰਿੱਚੀ ਨੇ ਮਖੌਲ ਨਾਲ ਕਿਹਾ |
"ਨਹਾਉਣ ਨੂੰ ਰਹਿਣ ਦਿਓ, ਕੁਝ ਦੇਰ ਮੋਟਰ ਕਿਸ਼ਤੀ 'ਤੇ ਸਮੁੰਦਰ ਦੀ ਸੈਰ ਕਰ ਆਉਂਦੇ ਹਾਂ |" ਰਿੱਚੀ ਦੇ ਦੋਸਤ ਮਾਰਟਨ ਨੇ ਰਾਇ ਦਿੱਤੀ, ਜਿਹੜਾ ਆਪ ਵੀ ਨਹਾਉਣ ਦੇ ਮੂਡ ਵਿਚ ਨਹੀਂ ਸੀ ਜਾਪਦਾ |
"ਕਿਸ਼ਤੀ ਦੀ ਸੈਰ ਕਰਦਿਆਂ ਸਮਾਂ ਬਹੁਤ ਲੱਗ ਜਾਏਗਾ | ਮੇਰੇ ਕੋਲ ਇੰਨਾ ਸਮਾਂ ਨਹੀਂ ਹੈ | ਪੰਜ ਵਜੇ ਮੈਂ ਕੁਲੰਬੀਆਂ ਹਸਪਤਾਲ ਜਾਣਾ ਹੈ |" ਅਨੂਪ ਨੇ ਮਾਰਟਨ ਦਾ ਸੁਝਾ ਰੱਦ ਕਰ ਦਿੱਤਾ |
"ਕਿਸ਼ਤੀ ਦੀ ਸੈਰ ਠੀਕ ਹੈ | ਅਨੂਪ, ਤੂੰ ਹੁਣ ਨਾਂਹ ਨਹੀਂ ਕਹਿਣੀ |" ਪੰਮ ਨੇ ਵੀ ਮਾਰਟਨ ਦੇ ਸੁਝਾ ਦੀ ਪ੍ਰੋੜਤਾ ਕਰ ਦਿੱਤੀ | ਕਿਸ਼ਤੀ ਦੀ ਸੈਰ ਦਾ ਫੈਸਲਾ ਹੋ ਗਿਆ ਅਤੇ ਉਹ ਕਿਸ਼ਤੀ ਅੱਡੇ ਵੱਲ ਤੁਰ ਪਏ |
ਜਦੋਂ ਉਹ ਮੋਟਰ ਕਿਸ਼ਤੀ ਵਿਚ ਸਵਾਰ ਹੋਏ ਤਾਂ ਕਿਸ਼ਤੀਵਾਨ ਨੇ ਲੰਗਰ ਖੋਲ੍ਹ ਕੇ ਮੋਟਰ ਕਿਸ਼ਤੀ ਨੂੰ ਸਮੁੰਦਰ ਵਿਚ ਠੇਲ੍ਹ ਦਿੱਤਾ | ਮੋਟਰ ਦੇ ਇੰਜਣ ਦੀ ਅਵਾਜ਼ ਅਤੇ ਕਿਸ਼ਤੀ ਚੱਲਣ ਨਾਲ ਪਾਣੀ ਦੇ ਹੁੰਦੇ ਸ਼ੋਰ ਵਿਚ ਹੋਲ਼ੀ ਗੱਲ ਕੀਤਿਆਂ ਸਮਝ ਨਹੀਂ ਸੀ ਆਉਂਦੀ | ਅਨੂਪ ਪਹਿਲਾਂ ਵੀ ਕਈ ਵਾਰ ਸਮੁੰਦਰ ਦੀ ਸੈਰ ਕਰ ਚੁੱਕਾ ਸੀ ਤੇ ਉਸ ਦੇ ਸਾਰੇ ਨਜ਼ਾਰੇ ਦੇਖੇ ਹੋਏ ਸਨ | ਹੁਣ ਤਾਂ ਉਹ ਪੰਮ ਦੀ ਇੱਛਾ ਪੂਰਤੀ ਲਈ ਹੀ ਕਿਸ਼ਤੀ ਵਿਚ ਸਵਾਰ ਹੋਇਆ ਸੀ | ਉਸ ਨੇ ਆਪਣੇ ਬੈਕਪੈਕ ਵਿਚੋਂ ਇਕ ਅਖਬਾਰ ਕੱਢ ਲਿਆ | ਇਸ ਤੋਂ ਪਹਿਲਾਂ ਕਿ ਉਹ ਅਖਬਾਰ ਪੜ੍ਹਦਾ, ਰਿੱਚੀ ਨੇ ਉੱਚੀ ਅਵਾਜ਼ ਵਿਚ ਕਿਹਾ , "ਅਖ਼ਬਾਰ ਇੱਥੇ ਨਹੀਂ, ਲਾਇਬ੍ਰੇਰੀ ਵਿਚ ਜਾਂ ਘਰੇ | ਇਸ ਤਰ੍ਹਾਂ ਤਾਂ ਸਾਰੀ ਸੈਰ ਦਾ ਸੁਆਦ ਕਿਰਕਰਾ ਹੋ ਜਾਏਗਾ |"
ਅਨੂਪ ਨੇ ਮੋੜ ਕੇ ਅਖ਼ਬਾਰ ਨੂੰ ਬੈਕਪੈਕ ਵਿਚ ਪਾ ਦਿੱਤਾ | ਮਾਰਟਨ ਨੂੰ ਜਿਵੇਂ ਕੋਈ ਮਸਾਲਾ ਹੱਥ ਲੱਗ ਗਿਆ ਹੋਵੇ, ਅਖ਼ਬਾਰ ਦੇਖ ਕੇ ਉਸ ਨੇ ਅਨੂਪ ਕੋਲੋਂ ਪੁੱਛਿਆ, "ਅੱਜ ਕੱਲ੍ਹ ਅਖ਼ਬਾਰਾਂ ਵਿਚ ਤੁਹਾਡੇ ਭਾਈਚਾਰੇ ਦੀਆਂ ਬਹੁਤ ਖ਼ਬਰਾਂ ਲੱਗ ਰਹੀਆਂ ਹਨ?"
"ਜਿਹੜਾ ਭਾਈਚਾਰਾ ਜਿੰਦ ਜਾਨ ਵਾਲਾ ਹੋਵੇਗਾ, ਖ਼ਬਰਾਂ ਉਸ ਦੀਆਂ ਹੀ ਬਣਨੀਆਂ ਹਨ | ਕਮਜ਼ੋਰਾਂ ਦੀਆਂ ਖ਼ਬਰਾਂ ਕੌਣ ਲਾਉਂਦਾ ਹੈ !" ਅਨੂਪ ਨੇ ਮਾਰਟਨ ਦੀ ਪੁੱਛ ਦੇ ਵਿਅੰਗ ਨੂੰ ਸਮਝਦਿਆਂ ਉਸੇ ਸੁਰ ਵਿਚ ਜਵਾਬ ਦਿੱਤਾ |
"ਇਹ ਗੱਲ ਮੈਂ ਮਜ਼ਾਕ ਵਿਚ ਨਹੀਂ ਕਹੀ | ਨਿੱਤ ਦਿਨ ਅਖਬਾਰਾਂ ਵਿਚ, ਇੰਡੋ-ਕੈਨੇਡੀਅਨ ਭਾਈਚਾਰੇ ਵਿਚ ਹੋ ਰਹੀਆਂ ਹਿੰਸਕ ਘਟਨਾਵਾਂ ਬਾਰੇ ਕੋਈ ਨਾ ਕੋਈ ਖ਼ਬਰ ਲੱਗੀ ਹੋਈ ਹੁੰਦੀ ਹੈ | ਕਦੀ ਨਸ਼ਿਆਂ ਸਮੇਤ ਕਿਸੇ ਇੰਡੋ-ਕੈਨੇਡੀਅਨ ਦੇ ਫੜੇ ਜਾਣ ਬਾਰੇ ਜਾਂ ਨਸ਼ਿਆਂ ਕਾਰਨ ਦੋ ਗੁੱਟਾਂ ਵਿਚ ਹੋਈ ਲੜਾਈ ਬਾਰੇ ਖ਼ਬਰ ਆ ਜਾਂਦੀ ਹੈ | ਕਦੀ ਤੁਹਾਡੇ ਗੁਰਦਵਾਰਿਆਂ ਵਿਚ ਹੋਏ ਲੜਾਈ ਝਗੜੇ ਬਾਰੇ ਖ਼ਬਰ ਹੁੰਦੀ ਹੈ | ਦੋ ਸਾਲ ਪਹਿਲਾਂ ਇੰਡੀਆ ਤੋਂ ਆਏ ਮੰਤਰੀ ਨੂੰ ਕਿਸੇ ਖਾਲਸਤਾਨੀ ਨੇ ਗੋਲ਼ੀ ਮਾਰ ਦਿੱਤੀ ਸੀ | ਉਹ ਖ਼ਬਰ ਅਜੇ ਸੁਰਖੀਆਂ ਵਿਚ ਹੀ ਸੀ ਕਿ ਹੁਣ ਥੋੜੇ ਦਿਨ ਪਹਿਲਾਂ ਇਕ ਹੋਰ ਖਾਲਸਤਾਨੀ ਨੇ ਤੁਹਾਡੇ ਇਕ ਅਖ਼ਬਾਰ ਦੇ ਸੰਪਾਦਕ ਨੂੰ ਗੋਲ਼ੀ ਮਾਰ ਦਿੱਤੀ | ਉਹ ਖ਼ਬਰ ਅਜੇ ਤਕ ਅਖ਼ਬਾਰਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ |" ਮਾਰਟਨ ਨੇ ਗੰਭੀਰ ਹੁੰਦਿਆਂ ਕਿਹਾ |
"ਮਿ। ਮਾਰਟਨ, ਭਾਰਤੀ ਮੂਲ ਦੇ ਭਾਈਚਾਰੇ ਨੇ ਕੈਨੇਡਾ ਦੀ ਆਰਥਿਕਤਾ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ, ਟੈਕਸਾਂ ਦਾ ਵੱਡਾ ਹਿੱਸਾ ਇਸ ਭਾਈਚਾਰੇ ਵੱਲੋਂ ਦਿੱਤਾ ਜਾਂਦਾ ਹੈ | ਕਦੀ ਉਹਨਾਂ ਅਖ਼ਬਾਰਾਂ ਵਿਚ ਇਸ ਬਾਰੇ ਵੀ ਕੋਈ ਖ਼ਬਰ ਛਪੀ ਹੈ? ਸਾਡੇ ਭਾਈਚਾਰੇ ਦੇ ਲੋਕ ਵੱਡੇ ਦਾਨੀ ਹਨ, ਸਮਾਜ-ਸੇਵੀ ਹਨ, ਪ੍ਰੋਫੈਸਰ ਹਨ, ਡਾਕਟਰ ਹਨ, ਵਕੀਲ ਹਨ, ਜੱਜ ਹਨ ਅਤੇ ਹੁਣ ਤਾਂ ਬੀ।ਸੀ। ਅਸੈਂਬਲੀ ਵਿਚ ਐਮ।ਐਲ।ਏ। ਵੀ ਬਣ ਗਏ ਹਨ, ਉਹਨਾਂ ਦੀ ਦੇਣ ਨੂੰ ਇਨ੍ਹਾਂ ਅਖ਼ਬਾਰਾਂ ਨੇ ਕਦੀ ਥਾਂ ਦਿੱਤੀ ਹੈ? ਬਸ ਮਾੜੀਆਂ ਖ਼ਬਰਾਂ ਹੀ ਇਨ੍ਹਾਂ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ| ਮਾੜਾ ਅਨਸਰ ਕਿਹੜੇ ਭਾਈਚਾਰੇ ਵਿਚ ਨਹੀਂਂ ਹੁੰਦਾ! ਜਿਹੜੇ ਵੀਤਨਾਮੀ, ਚੀਨੀ, ਹਿਸਪਾਨਿਕ, ਯੋਰਪੀਅਨ ਮੂਲ ਵਾਸੀਆਂ ਦੇ ਗੈਂਗ ਬਣੇ ਹੋਏ ਹਨ, ਕੀ ਉਹ ਵੀ ਭਾਰਤੀ ਭਾਈਚਾਰੇ ਨਾਲ ਸਬੰਧ ਰਖਦੇ ਹਨ? ਇਹ ਜਿਹੜੀਆਂ ਕਦੀ ਕਦਾਈਂ ਨਸਲਵਾਦੀ ਘਟਨਾਵਾਂ ਹੋ ਜਾਂਦੀਆਂ ਹਨ, ਕੀ ਉਹ ਸਾਡੇ ਭਾਈਚਾਰੇ ਵੱਲੋਂ ਹੁੰਦੀਆਂ ਹਨ? ਮਿ। ਮਾਰਟਨ, ਜਿਹੜੇ ਦੋ ਅਖ਼ਬਾਰ ਤੂੰ ਪੜ੍ਹਦਾ ਹੈਂ, ਇਨ੍ਹਾਂ ਨੇ ਤਾਂ ਜਿਵੇਂ ਦੂਜੇ ਭਾਈਚਾਰਿਆਂ ਦੀ ਮਾੜੀ ਗੱਲ ਨੂੰ ਖ਼ਬਰ ਬਣਾਉਣਾ ਹੀ ਮਿਥਿਆ ਹੋਵੇ |" ਅਨੂਪ ਨੇ ਆਪਣੇ ਮਨ ਦੀ ਗੱਲ ਕਹਿ ਸੁਣਾਈ | ਉਸ ਨੂੰ ਗਿਲਾ ਸੀ ਕਿ ਮਾਰਟਨ ਨੇ ਭਾਰਤੀ ਭਾਈਚਾਰੇ ਦੇ ਮਾੜੇ ਪੱਖ ਬਾਰੇ ਜਾਣ ਬੁੱਝ ਕੇ ਗੱਲ ਕੀਤੀ ਹੈ |
"ਤੁਸੀਂ ਕਿਹੜੀ ਬਹਿਸ ਵਿਚ ਪੈ ਗਏ, ਕਿਸ਼ਤੀ ਦੀ ਸੈਰ ਦਾ ਸੁਆਦ ਮਾਰਿਆ ਜਾ ਰਿਹਾ ਹੈ | ਕੋਈ ਪਿਆਰ ਦੀਆਂ ਗੱਲਾਂ ਕਰੋ |" ਰਿੱਚੀ ਨੇ ਉਹਨਾਂ ਨੂੰ ਟੋਕ ਕੇ ਕਿਹਾ |
"ਰਿੱਚੀ, ਕਰ ਲੈਣ ਦੇ ਇਨ੍ਹਾਂ ਨੂੰ ਵਿਚਾਰ ਵਟਾਂਦਰਾ | ਇਹ ਗੱਲਾਂ ਵੀ ਤਾਂ ਆਪਣੇ ਪਾਠਕਰਮ ਦਾ ਹਿੱਸਾ ਹਨ | ਉਂਝ ਵੀ ਅੱਜ ਆਪਾਂ ਅਨੂਪ ਦੇ ਖੋਜ-ਪੱਤਰ ਵਿਚ ਉਸ ਵੱਲੋਂ ਕੀਤੀ ਲਭਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਣਾ ਸੀ | ਪਰ ਮੌਸਮ ਸੁਹਾਵਣਾ ਹੋਣ ਕਾਰਨ ਇਹ ਸੈਰ ਦਾ ਪਰੋਗ੍ਰਾਮ ਬਣ ਗਿਆ |" ਪੰਮ ਨੂੰ ਅਨੂਪ ਦੀਆਂ ਖਰੀਆਂ ਖਰੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ | ਹੁਣ ਬਾਹਰਲੇ ਸ਼ੋਰ ਤੋਂ ਉਹਨਾਂ ਦੇ ਕੰਨ ਵੀ ਸਹਿਜ ਹੋ ਗਏ ਸਨ ਅਤੇ ਥੋੜਾ ਉੱਚੀ ਬੋਲਿਆ ਸੁਣਨ ਲੱਗ ਪਿਆ ਸੀ |
"ਮਿ। ਅਨੂਪ, ਅਖ਼ਬਾਰਾਂ ਨੂੰ ਤਾਂ ਕੋਈ ਅਜੇਹੀ ਚਟਪਟੀ ਖ਼ਬਰ ਚਾਹੀਦੀ ਹੈ ਜਿਸ ਨੂੰ ਪੜ੍ਹਨ ਲਈ ਪਾਠਕ ਉਤਸਕ ਹੋਵੇ ਅਤੇ ਉਹਨਾਂ ਦੇ ਅਖ਼ਬਾਰ ਦੀ ਬਿਕਰੀ ਵਧੇ | ਦੂਸਰੇ ਭਾਈਚਾਰੇ ਦੇ ਲੋਕਾਂ ਨੂੰ ਵੀ ਉਹ ਬਖਸ਼ਦੇ ਨਹੀਂ | ਪਰ ਮੈਂ ਤਾਂ ਇਹ ਜਾਣਨ ਲਈ ਗੱਲ ਤੋਰੀ ਸੀ ਕਿ ਜਿਹੜੀ ਵੀ ਖ਼ਬਰ ਭਾਰਤੀ ਭਾਈਚਾਰੇ ਨਾਲ ਸਬੰਧਤ ਹੁੰਦੀ ਹੈ, ਉਸ ਵਿਚ ਖਾਲਸਤਾਨ ਦੀ ਗੱਲ ਜਰੂਰ ਹੁੰਦੀ ਹੈ | ਕੀ ਤੂੰ ਮੈਨੂੰ ਖਾਲਸਤਾਨ ਬਾਰੇ ਕੁਝ ਦੱਸ ਸਕਦਾ ਹੈਂ?" ਮਾਰਟਨ ਨੇ ਇਕ ਨਵੇਂ ਵਿਸ਼ੇ ਬਾਰੇ ਜਾਣਨਾ ਚਾਹਿਆ |
"ਮਿਹਰਬਾਨ! ਮਿਹਰਬਾਨੀ ਕਰਕੇ ਬੰਦ ਕਰ ਦਿਓ ਇਹ ਗੱਲਾਂ | ਜੇ ਤੁਸੀਂ ਇਹੋ ਬਹਿਸ ਕਰਨੀ ਹੈ ਤਾਂ ਮੈਂ ਕਿਸ਼ਤੀਵਾਨ ਨੂੰ ਕਹਿ ਦਿੰਦੀ ਹਾਂ ਕਿ ਉਹ ਕਿਸ਼ਤੀ ਮੋੜ ਕੇ ਕਿਨਾਰੇ ਲੈ ਜਾਵੇ | ਮਾਰਟਨ, ਇਹ ਤੂੰ ਕੀ ਪੁੱਛ ਪੜਤਾਲ ਕਰਨ ਲੱਗ ਪਿਆ ਹੈਂ? ਹੁਣ ਕੁਝ ਨਹੀਂ ਪੁੱਛਣਾ!" ਰਿੱਚੀ ਨੇ ਦਬਕਾ ਮਾਰਿਆ ਅਤੇ ਫਿਰ ਉਸ ਨੂੰ ਸ਼ਾਂਤ ਕਰਨ ਲਈ ਆਪਣੇ ਕਲਾਵੇ ਵਿਚ ਲੈ ਕੇ ਘੁਟ ਲਿਆ |
ਅਨੂਪ ਨੇ ਵੀ ਉਸ ਦੇ ਸਵਾਲ ਦਾ ਜਵਾਬ ਨਾ ਦਿੱਤਾ ਅਤੇ ਪੰਮ ਦੇ ਨਾਲ ਲੱਗ ਕੇ ਬੈਠ ਗਿਆ | ਕਿਸ਼ਤੀ ਉਹਨਾਂ ਨੂੰ ਜਾਰਜੀਆ ਸਟਰੇਟ ਦਾ ਚੱਕਰ ਲੁਆ ਕੇ ਮੁੜ ਉਸੇ ਕਿਨਾਰੇ ਲੈ ਆਈ | ਕਿਸ਼ਤੀ ਤੋਂ ਉਤਰ ਕੇ ਉਹ ਕੁਝ ਖਾਣ ਪੀਣ ਲਈ ਕਾਫੀਸ਼ਾਪ 'ਤੇ ਚਲੇ ਗਏ | ਕਾਫ਼ੀ ਦੇ ਸੁੱਟਣਯੋਗ ਮੱਗ ਤੇ ਡੋਨਟ ਫੜਦਿਆਂ ਰਿੱਚੀ ਨੇ ਹੁਕਮੀਆ ਲਹਿਜ਼ੇ ਵਿਚ ਕਿਹਾ, "ਹੁਣ ਰਿੱਕ ਬੀਚ 'ਤੇ ਚੱਲਾਂਗੇ |" ਅੱਜ ਉਹ ਕੁਝ ਜ਼ਿਆਦਾ ਹੀ ਮੱਛਰੀ ਹੋਈ ਲਗਦੀ ਸੀ |
"ਨਾ ਬਾਬਾ, ਨਾ! ਅਸੀਂ ਨਹੀਂ ਉਸ ਪਾਸੇ ਮੂੰਹ ਕਰਨਾ | ਰਿੱਚੀ, ਇਹ ਤੂੰ ਕਿਵੇਂ ਸੋਚ ਲਿਆ ਕਿ ਅਸੀਂ ਰਿੱਕ ਬੀਚ 'ਤੇ ਜਾ ਸਕਦੇ ਹਾਂ | ਸਾਡੇ ਸਮਾਜ ਦੀ ਤਾਂ ਕੋਈ ਵਿਆਹੀ ਜੋੜੀ ਵੀ ਉੱਥੇ ਜਾਣ ਦਾ ਜੇਰਾ ਨਹੀਂ ਕਰ ਸਕਦੀ |" ਪੰਮ ਕੰਨਾਂ ਨੂੰ ਹੱਥ ਲਾਉਂਦੀ ਹੋਈ ਬੋਲੀ |
"ਉੱਥੇ ਜਾਣ ਵਿਚ ਕੀ ਬੁਰਾਈ ਹੈ! ਉੱਥੇ ਜਾ ਕੇ ਤਾਂ ਸਬਰ ਤੇ ਸਿਰੜ ਦੀ ਪਰਖ ਹੁੰਦੀ ਹੈ | ਕੁਦਰਤ ਨੂੰ ਪਿਆਰ ਕਰਨ ਵਾਲੇ ਸਭ ਉੱਥੇ ਜਾਂਦੇ ਹਨ |" ਕਾਫ਼ੀ ਦਾ ਘੁੱਟ ਭਰਦਿਆਂ ਰਿੱਚੀ ਨੇ ਕਿਹਾ |
"ਤੁਸੀਂ ਕਰੋ ਆਪਣੇ ਸਬਰ ਸਿਰੜ ਦੀ ਪਰਖ | ਮੈਂ ਤਾਂ ਵੇਲ਼ੇ ਸਿਰ ਘਰ ਜਾਣਾ ਹੈ | ਅਨੂਪ, ਤੇਰੀ ਕੀ ਸਲਾਹ ਹੈ, ਤੂੰ ਇਨ੍ਹਾਂ ਨਾਲ ਜਾ ਰਿਹਾ ਹੈਂ ਜਾਂ ਲਾਇਬ੍ਰੇਰੀ ਜਾਏਂਗਾ?" ਪੰਮ ਨੇ ਆਪਣਾ ਫੈਸਲਾ ਸੁਣਾ ਕੇ ਅਨੂਪ ਕੋਲੋਂ ਪੁੱਛਿਆ |
"ਮੈਂ ਵੀ ਹੁਣ ਘਰ ਜਾਵਾਂਗਾ | ਤੂੰ ਵੀ ਮੇਰੇ ਨਾਲ ਹੀ ਚੱਲ, ਮੰਮ ਨੂੰ ਮਿਲਦੀ ਜਾਈਂ |" ਅਨੂਪ ਨੇ ਪੰਮ ਨੂੰ ਕਿਹਾ |
"ਚੱਲ ਰਾਇਲਓਕ ਸਟੇਸ਼ਨ ਤਕ ਤੇਰੇ ਨਾਲ ਚਲੀ ਚਲਦੀ ਹਾਂ |" ਪੰਮ ਨੇ ਹਾਮ੍ਹੀ ਭਰ ਦਿੱਤੀ |
ਉਹ ਰਿੱਚੀ ਤੇ ਮਾਰਟਨ ਨੂੰ ਅਲਵਿਦਾ ਕਹਿ, ਕਾਰ ਪਾਰਕ ਵੱਲ ਆ ਗਏ ਜਿੱਥੇ ਅਨੂਪ ਦੀ ਕਾਰ ਖੜ੍ਹੀ ਸੀ | ਕਾਰ ਵਿਚ ਬੈਠਦੀ ਹੋਈ ਪੰਮ ਨੇ ਪਹਿਲਾਂ ਛੱਡੀ ਹੋਈ ਗੱਲ ਦੀ ਲੜੀ ਨੂੰ ਜੋੜਦਿਆਂ ਅਨੂਪ ਕੋਲੋਂ ਪੁੱਛਿਆ, "ਆਪਣੀ ਗੱਲ ਉਦੋਂ ਵਿਚਕਾਰ ਹੀ ਰਹਿ ਗਈ ਸੀ | ਬੌਬੀ ਬਾਰੇ ਕੀ ਦੱਸਣ ਲਗਾ ਸੀ ਤੂੰ?"
"ਹਾਂ, ਮੈਂ ਦੱਸਣ ਲੱਗਾ ਸੀ ਕਿ ਜਦੋਂ ਤੇਰਾ ਸੋਲ੍ਹਵਾਂ ਜਨਮ ਦਿਨ ਮਨਾਇਆ ਸੀ ਤਾਂ ਬੌਬੀ ਦਾ ਉਦੋਂ ਮੇਰੇ ਨਾਲ ਝਗੜਾ ਹੋ ਗਿਆ ਸੀ | ਉਸ ਤੋਂ ਮਗਰੋਂ ਉਸ ਨੇ ਕਦੀ ਵੀ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਪਰ ਮੈਂ ਉਸ ਨੂੰ ਸਦਾ ਹੀ ਹੱਸ ਕੇ ਬਲਾਉਂਦਾ ਰਿਹਾ ਹਾਂ | ਕਈ ਵਾਰ ਮੈਂ ਉਹਨਾਂ ਦੇ ਘਰ ਜਾਕੇ ਮਾਸੀ ਨੂੰ ਮਿਲ ਕੇ ਆਉਂਦਾ ਰਿਹਾ ਹਾਂ | ਮੈਨੂੰ ਤਾਂ ਉਸ ਉਪਰ ਕੋਈ ਗਿਲਾ ਨਹੀਂ ਪਰ ਉਸ ਨੂੰ ਹੀ ਪਤਾ ਨਹੀਂ ਮੇਰੇ ਨਾਲ ਕਿਉਂ ਚਿੜ੍ਹ ਹੈ |"
"ਅਨੂਪ ਤੂੰ ਉਦੋਂ ਕੋਈ ਹੋਰ ਗੱਲ ਕਹਿਣ ਲੱਗਾ ਸੀ ਜਿਹੜੀ ਹੁਣ ਨਹੀਂ ਦੱਸ ਰਿਹਾ |"
"ਠੀਕ ਹੈ! ਮੇਰਾ ਦਿਲ ਤਾਂ ਨਹੀਂ ਸੀ ਚਾਹੁੰਦਾ ਇਹ ਗੱਲ ਕਰਨ ਨੂੰ ਪਰ ਤੇਰੇ ਕੋਲੋਂ ਕੋਈ ਗੱਲ ਲਕੋਈ ਵੀ ਨਹੀਂ ਜਾ ਸਕਦੀ |" ਇਹ ਕਹਿ ਕੇ ਉਸ ਨੇ ਗੱਲ ਸ਼ੁਰੂ ਕੀਤੀ, " ਪੰਮ, ਤੈਨੂੰ ਪਤਾ ਹੈ ਕਿ ਮੇਰੇ ਖੋਜ-ਪੱਤਰ ਦਾ ਵਿਸ਼ਾ 'ਨਸ਼ੇ ਤੇ ਅਪਰਾਧ' ਹੈ | ਖੋਜ ਕਰਦਿਆਂ ਮੈਨੂੰ ਇਹ ਪਤਾ ਲੱਗਾ ਕਿ ਬੀ।ਸੀ। ਵਿਚ ਕਈ ਅਪਰਾਧੀ ਗੈਂਗ ਬਣੇ ਹੋਏ ਹਨ | ਜਿਹੜੇ ਨਸ਼ਿਆਂ ਦੇ ਧੰਦੇ ਵਿਚ ਵੀ ਲੱਗੇ ਹੋਏ ਨੇ | ਕਈ ਗੈਂਗ ਅਜੇਹੀਆਂ ਸਭਾ ਸੁਸਾਇਟੀਆਂ ਨਾਲ ਜੁੜੇ ਹੋਏ ਹਨ ਜਿੱਥੇ ਲੋਕ ਸੇਵਾ ਦੇ ਪਰਦੇ ਹੇਠ ਨਸ਼ਿਆਂ ਦਾ ਧੰਦਾ ਬੇਡਰ ਹੋ ਕੇ ਕੀਤਾ ਜਾ ਸਕਦਾ ਹੈ | ਮੇਰੀ ਖੋਜ ਵਿਚ ਦੋ ਅਜੇਹੇ ਭਾਰਤੀ ਮੂਲ ਦੇ ਗੈਂਗ ਵੀ ਆ ਗਏ ਜਿਨ੍ਹਾਂ ਨੇ ਅਗਾਂਹ ਵੀ ਕਈ ਨਿੱਕੇ ਨਿੱਕੇ ਗੈਂਗ ਬਣਾਏ ਹੋਏ ਹਨ | ਇਕ ਨੇ ਧਰਮ ਦਾ ਆਸਰਾ ਲਿਆ ਹੋਇਆ ਹੈ ਅਤੇ ਦੂਸਰੇ ਗੈਂਗ ਬਾਰੇ ਅਜੇ ਮੈਂ ਬਹੁਤਾ ਕੁਝ ਨਹੀਂ ਜਾਣ ਸਕਿਆ ਕਿ ਉਸ ਦੇ ਸਿਰ 'ਤੇ ਕਿਸ ਵੱਡੀ ਹਸਤੀ ਦਾ ਹੱਥ ਹੈ | ਕਿਉਂਕਿ ਇਹ ਤਾਂ ਮੈਂ ਜਾਣ ਲਿਆ ਹੈ ਕਿ ਕਿਸੇ ਵੱਡੀ ਹਸਤੀ ਦੀ ਸਰਪਰਸਤੀ ਤੋਂ ਬਿਨਾਂ ਇਹ ਗੈਂਗ ਨਹੀਂ ਚਲਦੇ | ਖੋਜ ਕਰਦਿਆਂ ਧਰਮ ਦੇ ਚੋਲ਼ੇ ਹੇਠ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਬਾਰੇ ਤਾਂ ਮੈਨੂੰ ਬੜੀ ਅਸਾਨੀ ਨਾਲ ਜਾਣਕਾਰੀ ਮਿਲ ਗਈ ਪਰ ਦੂਸਰੇ ਗੈਂਗ ਬਾਰੇ ਮੇਰੀ ਜਾਣਕਾਰੀ ਅਧੂਰੀ ਹੈ | ਉਂਝ ਪੈੜ ਉਸ ਗੈਂਗ ਦੀ ਵੀ ਨੱਪ ਲਈ ਸੀ ਜਿਹੜੀ ਬੌਬੀ ਤਾਈਂ ਜਾ ਪੁੱਜੀ | ਫਿਰ ਮੈਂ ਉਸ ਨੂੰ ਮਿਲਨ ਦਾ ਫੈਸਲਾ ਕਰ ਲਿਆ | ਜਦੋਂ ਮੈਂ ਪਹਿਲੀ ਵਾਰ ਉਸ ਕੋਲ ਫਰਨੀਚਰ ਸਟੋਰ 'ਤੇ ਗਿਆ ਤਾਂ ਉਹ ਮੇਰੇ ਨਾਲ ਚੰਗੇ ਰੌਂਅ ਵਿਚ ਗੱਲਾਂ ਕਰਦਾ ਰਿਹਾ ਪਰ ਜਦੋਂ ਮੈਂ ਦੂਜੀ ਵਾਰ ਉਸ ਨੂੰ ਮਿਲਿਆ ਤਾਂ ਸ਼ਾਇਦ ਉਸ ਨੂੰ ਮੇਰੇ ਉਪਰ ਕੁਝ ਸ਼ੱਕ ਹੋ ਗਿਆ ਸੀ, ਉਸ ਨੇ ਮੇਰੇ ਨਾਲ ਕੋਈ ਵੀ ਗੱਲ ਨਾ ਕੀਤੀ ਅਤੇ ਮੈਨੂੰ ਸਖਤੀ ਨਾਲ ਕਹਿ ਦਿੱਤਾ, 'ਤੂੰ ਹੁਣੇ ਇੱਥੋਂ ਚਲਿਆ ਜਾ, ਇਸ ਤੋਂ ਮਗਰੋਂ ਮੈਨੂੰ ਮਿਲਣ ਦੀ ਹਿੰਮਤ ਕੀਤੀ ਤਾਂ ਇਸ ਦੇ ਸਿੱਟੇ ਮਾੜੇ ਨਿਕਲਣਗੇ |' ਫਿਰ ਭਾਵੇਂ ਮੈਂ ਉਸ ਕੋਲ ਨਹੀਂ ਗਿਆ ਪਰ ਮੈਂ ਜਾਣ ਲਿਆ ਹੈ ਕਿ ਦੂਸਰੇ ਗੈਂਗ ਲੀਡਰ ਹੈ ਅਤੇ ਉਸ ਰਾਹੀਂ ਨਸ਼ਿਆ ਦੀ ਤਸਕਰੀ ਹੁੰਦੀ ਹੈ |"
ਅਨੂਪ ਦੀ ਗੱਲ ਸੁਣ ਕੇ ਪੰਮ ਪਹਿਲਾਂ ਉਸ ਦੇ ਚਿਹਰੇ ਵੱਲ ਦੇਖਦੀ ਰਹੀ ਅਤੇ ਫਿਰ ਬੋਲੀ, "ਆਪਣੇ ਨਾਲ ਮੁੰਡਿਆਂ ਦੀ ਟੋਲੀ ਰੱਖਣੀ ਤੇ ਲੜਾਈ ਝਗੜਾ ਕਰਨਾ ਤਾਂ ਉਸ ਦਾ ਮੁੱਢ ਤੋਂ ਹੀ ਸੁਭਾਆ ਰਿਹਾ ਹੈ | ਸਕੂਲ ਵਿਚੋਂ ਵੀ ਉਸ ਨੂੰ ਇਸੇ ਕਾਰਨ ਹੀ ਕੱਢਿਆ ਗਿਆ ਸੀ | ਹੁਣ ਵੀ ਜਦੋਂ ਕਿਤੇ ਉਹ ਬਾਹਰ ਕਿਸੇ ਕਲੱਬ ਜਾਂ ਪਾਰਟੀ ਵਿਚ ਜਾਂਦਾ ਹੈ ਤਾਂ ਕੁਝ ਮੁੰਡਿਆਂ ਨੂੰ ਆਪਣੇ ਨਾਲ ਰਖਦਾ ਹੈ ਅਤੇ ਉੱਥੇ ਕਦੀ ਕਦਾਈਂ ਖਰੂਦ ਵੀ ਕਰ ਆਉਂਦਾ ਹੈ | ਉਸ ਵਿਚ ਲੀਡਰੀ ਵਾਲੇ ਗੁਣ ਤਾਂ ਹਨ ਪਰ ਮੈਨੂੰ ਇਹ ਨਹੀਂ ਯਕੀਨ ਆਉਂਦਾ ਕਿ ਇੰਨੀ ਛੋਟੀ ਉਮਰ ਵਿਚ ਉਹ ਕਿਸੇ ਗੈਂਗ ਦਾ ਲੀਡਰ ਵੀ ਬਣ ਸਕਦਾ ਹੈ | ਤੂੰ ਇਹ ਸਿੱਟਾ ਕਿਵੇਂ ਕੱਢ ਲਿਆ?" ਇਹ ਪਹਿਲੀ ਵਾਰ ਸੀ ਕਿ ਪੰਮ ਨੇ ਅਨੂਪ ਦੀ ਗੱਲ ਉਪਰ ਭਰੋਸਾ ਨਹੀਂ ਸੀ ਕੀਤਾ |
"ਇਕ ਵਾਰ ਮੈਂ ਬੌਬੀ ਨੂੰ ਆਪਣੀ ਯੁਨੀਵਰਸਿਟੀ ਵਾਲੀ ਬਦਨਾਮ ਕੁੜੀ ਮਾਰਥਾ, ਜਿਸ ਕੋਲੋਂ ਕੁਕੀਨ ਫੜੀ ਗਈ ਸੀ, ਦੇ ਨਾਲ ਗੱਲ ਕਰਦਿਆਂ ਦੇਖਿਆਂ ਸੀ | ਉਸ ਬਾਰੇ ਤੈਨੂੰ ਦੱਸਿਆ ਵੀ ਸੀ ਤੇ ਤੂੰ ਹੱਸ ਕੇ ਗੱਲ ਟਾਲ ਦਿੱਤੀ ਸੀ ਤੇ ਕਿਹਾ ਸੀ, 'ਜੇ ਮੁੰਡੇ ਇਸ ਉਮਰ ਵਿਚ ਕੁੜੀਆਂ ਨਾਲ ਗੱਲਾਂ ਨਾ ਕਰਨਗੇ ਤਾਂ ਹੋਰ ਬੁੱਢੇ ਹੋਏ ਕਰਨਗੇ' ਪਰ ਮੈਨੂੰ ਉੱਥੋਂ ਰਾਹ ਮਿਲ ਗਿਆ ਸੀ ਕਿ ਮੈਨੂੰ ਮਾਰਥਾ ਨਾਲ ਗੱਲ ਕਰਨੀ ਚਾਹੀਦੀ ਹੈ | ਜਿਵੇਂ ਮੈਂ ਤੈਨੂੰ ਪਹਿਲਾਂ ਹੀ ਕਿਹਾ ਹੈ ਕਿ ਮੇਰੀ ਖੋਜ ਅਜੇ ਅਧੂਰੀ ਹੈ | ਮੈਂ ਕਿਸੇ ਸਿੱਟੇ 'ਤੇ ਨਹੀਂ ਪੁੱਜਿਆ ਪਰ ਹੋਰ ਛੇ ਮਹੀਨੇ ਤਕ ਮੈਂ ਸਾਰੀਆਂ ਤੰਦਾਂ ਜੋੜ ਕੇ ਅਸਲੀਅਤ ਤੇਰੇ ਸਾਹਮਣੇ ਲਿਆ ਦਿਆਂਗਾ | ਇਸ ਕੰਮ ਵਿਚ ਤੂੰ ਵੀ ਮੇਰੀ ਮਦਦ ਕਰ ਸਕਦੀ ਹੈਂ |" ਅਨੂਪ ਨੇ ਬੜੇ ਭਰੋਸੇ ਨਾਲ ਕਿਹਾ |
"ਜਿੰਨੀ ਵੀ ਹੋ ਸਕੀ, ਮੈਂ ਇਸ ਕੰਮ ਵਿਚ ਤੇਰੀ ਸਹਾਇਤਾ ਕਰਾਂਗੀ ਪਰ ਤਸਕਰੀ ਵਾਲੀ ਗੱਲ 'ਤੇ ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ |" ਕਾਰ ਵਿਚੋਂ ਉਤਰਦੀ ਹੋਈ ਪੰਮ ਨੇ ਕਿਹਾ | ਉਹ ਰਾਇਲਓਕ ਸਕਾਈਟਰੇਨ ਸਟੇਸ਼ਨ 'ਤੇ ਆ ਗਏ ਸਨ | ਅਨੂਪ ਨੇ ਕਾਰ ਆਪਣੇ ਘਰ ਵੱਲ ਮੋੜ ਲਈ ਅਤੇ ਪੰਮ ਸਕਈਟਰੇਨ ਚੜ੍ਹ ਕੇ ਕੁਲੰਬੀਆਂ ਸਟੇਸ਼ਨ 'ਤੇ ਆ ਗਈ ਅਤੇ ਉੱਥੋਂ ਕੁਲਵਰਡੇਲ ਨੂੰ ਜਾਣ ਵਾਲੀ ਬਸ ਵਿਚ ਸਵਾਰ ਹੋ ਗਈ |
ਪੰਮ ਸਮੁੰਦਰੀ ਸੈਰ ਵਿਚ ਅਨੂਪ ਨਾਲ ਬਿਤਾਏ ਪਲਾਂ ਦੇ ਅਨੰਦ ਵਿਚ ਗੁੰਮ ਹੋ ਜਾਣਾ ਚਾਹੁੰਦੀ ਸੀ ਪਰ ਅਨੂਪ ਵੱਲੋਂ ਬੌਬੀ ਦੇ ਨਵੇਂ ਰੂਪ ਬਾਰੇ ਕਹੀ ਗੱਲ ਉਸ ਉਪਰ ਭਾਰੂ ਹੋ ਜਾਂਦੀ | ਉਹ ਸੋਚਦੀ ਕਿ ਕੀ ਬੌਬੀ ਸੱਚ ਮੁੱਚ ਹੀ ਕਿਸੇ ਅਪਰਾਧੀ ਗੈਂਗ ਦਾ ਲੀਡਰ ਬਣ ਕੇ ਤਸਕਰੀ ਦੇ ਧੰਦੇ ਵਿਚ ਪਿਆ ਹੋਇਆ ਹੈ? ਜਦੋਂ ਉਹ ਨਵਾਂ ਵੇਅਰਹਾਊਸ ਖਰੀਦਣ ਤੇ ਇਕ ਵੱਡਾ ਘਰ ਬਣਾਉਣ ਵੱਲ ਧਿਆਨ ਮਾਰਦੀ | ਉਸ ਦੇ ਆਪਣੇ ਕੋਲ ਮਹਿੰਗੀ ਸਪੋਰਟਸ ਕਾਰ ਅਤੇ ਮਾਸੀ ਨੂੰ ਬੀ।ਐਮ।ਡਬਲਯੂ। ਕਾਰ ਲੈ ਕੇ ਦੇਣ ਬਾਰੇ ਸੋਚਦੀ ਤਾਂ ਉਸ ਨੂੰ ਯਕੀਨ ਜਿਹਾ ਹੋਣ ਲੱਗਦਾ ਕਿ ਜਰੂਰ ਹੀ ਇਸ ਵਿਚ ਤਸਕਰੀ ਦਾ ਪੈਸਾ ਲੱਗਾ ਹੋਵੇਗਾ | ਪਰ ਉਸ ਨੂੰ ਆਪਣੇ ਮਾਂ ਬਾਪ ਨਾਲ ਮਾਸੀ ਦੀ ਵਾਰਤਾਲਾਪ ਯਾਦ ਆ ਗਈ | ਮਾਸੀ ਡੈਡੀ ਕੋਲ ਗਿਲਾ ਕਰ ਰਹੀ ਸੀ, "ਭਾਅ ਜੀ, ਬੌਬੀ ਨੂੰ ਤੁਸੀਂ ਸਿਰ ਚੜ੍ਹਾ ਰਹੇ ਹੋ | ਪਹਿਲਾਂ ਤੁਸੀਂ ਉਸ ਨੂੰ ਘਰ ਅਤੇ ਸਟੋਰ ਉਪਰ ਕਰਜਾ ਚੁਕਵਾ ਕੇ ਵੇਅਰਹਾਊਸ ਲੈ ਕੇ ਦਿੱਤਾ ਹੁਣ ਫਿਰ ਤੁਸੀਂ ਆਪਣੇ ਮਕਾਨ 'ਤੇ ਲੋਨ ਲੈ ਕੇ ਉਸ ਨੂੰ ਇੰਨਾ ਵੱਡਾ ਮਕਾਨ ਸ਼ੁਰੂ ਕਰਵਾ ਦਿੱਤਾ ਏ |"
"ਵੇਅਰਹਾਊਸ ਲੈਣ ਨਾਲ ਬਿਕਰੀ ਵੀ ਤਾਂ ਦੁਗਣੀ ਹੋ ਗਈ ਐ | ਇਸ ਤਰ੍ਹਾਂ ਦੀ ਨਾਲ ਲਗਦੀ ਥਾਂ ਕਿਤੇ ਛੇਤੀ ਕੀਤਿਆਂ ਮਿਲਦੀ ਐ | ਬਿਜਨਸ ਵਿਚ ਕਰਜੇ ਤਾਂ ਚੜ੍ਹਦੇ ਲਹਿੰਦੇ ਰਹਿੰਦੇ ਨੇ |' ਡੈਡੀ ਨੇ ਕਿਹਾ ਸੀ |
"ਤਾਂ ਕੀ ਹੋ ਗਿਆ ਜੇ ਏਸ ਘਰ 'ਤੇ ਲੋਨ ਲੈ ਲਿਆ | ਮੁੰਡੇ ਦੀ ਰੀਝ ਸੀ, ਸੁਹਣਾ ਤੇ ਵੱਡਾ ਮਕਾਨ ਬਣਾਉਣ ਦੀ | ਉਹ ਕਮਾਈ ਕਰਦਾ ਇਆ, ਲੋਨ ਵੀ ਉਤਰ ਜਾਣਾਂ |" ਇਹ ਮੰਮੀ ਦੇ ਬੋਲ ਸਨ |
"ਵਿਆਹ ਤਾਂ ਉਹ ਕਰਵਾਉਂਦਾ ਨਹੀਂ ਤੇ ਘਰ ਸੱਤ ਬੈਡਰੂਮ ਦਾ ਪਾ ਰਿਹਾ ਏ |" ਮਾਸੀ ਨੇ ਗਿਲਾ ਕੀਤਾ |
"ਵਿਆਹ ਦਾ ਤਾਂ ਅਜੇ ਪੰਮ ਨਹੀਂ ਨਾਂ ਲੈਂਦੀ | ਇਹ ਉਸ ਤੋਂ ਦੋ ਸਾਲ ਵੱਡੀ ਇਆ |" ਮੇਰੇ ਵੱਲ ਉਂਗਲ਼ ਕਰਕੇ ਮੰਮੀ ਬੋਲੀ ਸੀ | ਡੈਡੀ ਨੇ ਹਸਦਿਆਂ ਕਿਹਾ ਸੀ, "ਪੰਮ ਦੇ ਵਿਆਹ ਦਾ ਨਾ ਫਿਕਰ ਕਰੋ | ਐਮ।ਐਸ।ਸੀ। ਕਰਨ ਮਗਰੋਂ ਇਸ ਦਾ ਵਿਆਹ ਤਾਂ ਛੇਤੀ ਕਰ ਦੇਣੈ |" ਅਤੇ ਮੈਂ ਉੱਥੋਂ ਉਠ ਕੇ ਰਸੋਈ ਵਿਚ ਚਲੀ ਗਈ ਸਾਂ ਪਰ ਉਹਨਾਂ ਦੀਆਂ ਗੱਲਾਂ ਉੱਥੇ ਵੀ ਸੁਣ ਰਹੀਆਂ ਸਨ |
"ਸਰਬੀ, ਤੂੰ ਫਿਕਰ ਨਾ ਕਰ | ਬਿਜਨਸ ਕਰਜਿਆਂ ਨਾਲ ਹੀ ਚਲਦੇ ਐ | ਮੁੰਡੇ ਦੀਆ ਆਸਾਂ ਤਾਂ ਬਹੁਤ ਉੱਚੀਆਂ ਨੇ | ਉਹ ਤਾਂ ਸਾਰੇ ਕੈਨੇਡਾ ਵਿਚ ਫਰਨੀਚਰ ਸਟੋਰਾਂ ਦੀ ਚੇਨ ਬਣਾਉਣ ਲਈ ਸੋਚੀ ਬੈਠਾ ਹੈ |" ਡੈਡੀ ਨੇ ਹੁੱਬ ਕੇ ਕਿਹਾ ਸੀ | ਮਾਸੀ ਨੇ ਹਸੱਦਿਆਂ ਕਹਿ ਦਿੱਤਾ ਸੀ, "ਸੇæਖ਼ਚਿਲੀ ਏੈ ਉਹ | ਮੈਂ ਕਿਸੇ ਕਿਤਾਬ ਵਿਚ ਪੜ੍ਹਿਆ ਕਿ ਆਸਾਂ ਅਜੇਹੀਆਂ ਮੱਖੀਆਂ ਹੁੰਦੀਆਂ ਹਨ ਜਿਹੜੀਆਂ ਫੁੱਲਾਂ ਤੋਂ ਬਿਨਾਂ ਹੀ ਸ਼ਹਿਦ ਬਣਾਉਂਦੀਆਂ ਹਨ |"
"ਪਰ ਇੱਥੇ ਤਾਂ ਬੈਂਕ ਰੂਪੀ ਫੁੱਲਾਂ ਦੇ ਬਾਗ ਲੱਗੇ ਹੋਏ ਨੇ, ਜਿੱਥੋਂ ਜਿੰਨਾ ਮਰਜੀ ਸ਼ਹਿਦ ਲਿਆ ਜਾ ਸਕਦਾ ਹੈ |" ਮੰਮੀ ਮਾਸੀ ਨੂੰ ਸਮਝਾ ਰਹੀ ਸੀ |
ਉਹਨਾਂ ਦੀ ਵਾਰਤਾਲਾਪ ਨੂੰ ਯਾਦ ਕਰਦਿਆਂ ਪੰਮ ਨੇ ਸੋਚਿਆ, 'ਜੇ ਉਸ ਕੋਲ ਤਸਕਰੀ ਦਾ ਪੈਸਾ ਹੁੰਦਾ ਤਾਂ ਉਸ ਨੂੰ ਸਾਡੇ ਮਕਾਨ 'ਤੇ ਲੋਨ ਲੈਣ ਦੀ ਕੀ ਲੋੜ ਸੀ | ਜਰੂਰ ਅਨੂਪ ਨੂੰ ਭੁਲੇਖਾ ਲੱਗਾ ਹੈ | ਹੋ ਸਕਦਾ ਹੈ ਕਿ ਮਾਰਥਾ ਨੇ ਅਨੂਪ ਨੂੰ ਕੁਰਾਹੇ ਪਾ ਦਿੱਤਾ ਹੋਵੇ | ਇਸ ਬਾਰੇ ਮੈਂ ਬੌਬੀ ਨਾਲ ਗੱਲ ਕਰਾਂਗੀ |' ਇਨ੍ਹਾਂ ਸੋਚਾਂ ਵਿਚ ਹੀ ਉਸ ਦੇ ਦੋ ਦਿਨ ਲੰਘ ਗਏ ਅਤੇ ਉਹ ਕਿਸੇ ਸਿੱਟੇ 'ਤੇ ਨਾ ਪਹੁੰਚ ਸਕੀ | ਐਤਵਾਰ ਆ ਗਿਆ | ਉਸ ਦਿਨ ਸੁਖਦੇਵ ਨੇ ਦਲਾਵਰ ਦੇ ਪਰਿਵਾਰ ਨੂੰ ਘਰ ਖਾਣੇ 'ਤੇ ਬੁਲਾਇਆ ਹੋਇਆ ਸੀ | ਉਹਨਾਂ ਨਾਲ ਦਲਾਵਰ ਦੇ ਸਾਲੇ ਦਾ ਇੰਡੀਆ ਤੋਂ ਆਇਆ ਇਕ ਡਾਕਟਰ ਮੁੰਡਾ ਵੀ ਸੀ, ਜਿਸ ਨੂੰ ਸੁਖਦੇਵ ਨੇ ਪੰਮ ਦੇ ਰਿਸ਼ਤੇ ਲਈ ਪਸੰਦ ਕਰ ਲਿਆ ਸੀ | ਉਸ ਮੁੰਡੇ ਨੂੰ ਘਰ ਬਲਾਉਣ ਦਾ ਮੰਤਵ ਵੀ ਇਹ ਸੀ ਕਿ ਪੰਮ ਉਸ ਨੂੰ ਦੇਖ ਕੇ ਉਸ ਨਾਲ ਵਿਆਹ ਕਰਾਵਾਉਣ ਲਈ ਹਾਂ ਕਰ ਦੇਵੇ | ਪਰ ਪੰਮ ਨੇ ਤਾਂ ਅਨੂਪ ਤੋਂ ਬਿਨਾਂ ਕਿਸੇ ਹੋਰ ਨਾਲ ਸਬੰਧ ਬਣਾਉਣ ਬਾਰੇ ਕਦੀ ਸੋਚਿਆ ਹੀ ਨਹੀਂ ਸੀ | ਉਸ ਨੇ ਨਾਂਹ ਵਿਚ ਸਿਰ ਫੇਰ ਦਿੱਤਾ | ਜਦੋਂ ਉਸ ਦੀ ਪਸੰਦ ਪੁੱਛੀ ਗਈ ਤਾਂ ਉਸ ਨੇ ਅਨੂਪ ਦਾ ਨਾਂ ਲੈ ਦਿੱਤਾ | ਇਹ ਸੁਣਦਿਆਂ ਹੀ ਘਰ ਵਿਚ ਕੁਹਰਾਮ ਮੱਚ ਗਿਆ ਸੀ | ਘਰ ਦਾ ਕੋਈ ਜੀਅ ਵੀ ਇਸ ਰਿਸ਼ਤੇ ਲਈ ਤਿਆਰ ਨਹੀਂ ਸੀ | ਬੌਬੀ ਨੇ ਜੋ ਵਿਵਹਾਰ ਉਸ ਨਾਲ ਕੀਤਾ ਸੀ ਉਸ ਦੇ ਬੋਲਾਂ ਤੋਂ ਉਸ ਨੂੰ ਅਨੂਪ ਦੇ ਕਹੇ ਦੀ ਕੁਝ ਕੁਝ ਅਸਲੀਅਤ ਨਜ਼ਰ ਆਉਣ ਲੱਗ ਪਈ ਸੀ | ਉਹ ਆਪਣੀ ਮਾਸੀ ਨੂੰ ਆਪਣਾ ਸਭ ਤੋਂ ਵਧ ਹਮਦਰਦ ਸਮਝਦੀ ਸੀ ਪਰ ਉਹ ਵੀ ਉਸ ਦੀ ਕੋਈ ਮਦਦ ਨਹੀਂ ਸੀ ਕਰ ਸਕੀ | ਅਖੀਰ ਉਸ ਨੂੰ ਘਰਦਿਆਂ ਤੋਂ ਬਾਗ਼ੀ ਹੋ ਕੇ ਕੁਝ ਚਿਰ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿਣਾ ਪਿਆ ਸੀ | ਉਸ ਦੀ ਮਾਸੀ ਇਸ ਭਰੋਸੇ 'ਤੇ ਉਸ ਨੂੰ ਘਰ ਮੋੜ ਲਿਆਈ ਸੀ ਕਿ ਉਹ ਆਪਣੀ ਡਿਗਰੀ ਪੂਰੀ ਕਰੇ, ਉਸ ਸਮੇਂ ਤਾਈਂ ਹਾਲਾਤ ਸਾਜ਼ਗਾਰ ਹੋ ਜਾਣਗੇ | ਉਹ ਆਪਣੀ ਮਾਸੀ ਦੇ ਭਰੋਸੇ 'ਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲੱਗ ਪਈ ਸੀ |
ਅਨੂਪ ਨੇ ਪੰਮ ਨੂੰ ਯਕੀਨ ਦਿਵਾਇਆ ਸੀ ਕਿ ਉਹ ਛੇ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਤੰਦਾਂ ਜੋੜ ਕੇ ਬੌਬੀ ਦੀ ਵਾਸਤਵਿਕਤਾ ਉਸ ਦੇ ਸਾਹਮਣੇ ਪਰਗਟ ਕਰ ਦੇਵੇਗਾ | ਪਰ ਛੇ ਮਹੀਨੇ ਤੋਂ ਪਹਿਲਾਂ ਹੀ ਕਾਰ ਹਾਦਸੇ ਵਿਚ ਉਸ ਦੀ ਮੌਤ ਹੋ ਗਈ | ਪੰਮ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਹਾਦਸਾ ਨਹੀਂ ਸਗੋਂ ਜਾਣ ਬੁੱਝ ਕੇ ਕਰਵਾਇਆ ਗਿਆ ਕਤਲ ਹੈ | ਕਤਲ ਦਾ ਸ਼ੱਕ ਬੌਬੀ ਦੀ ਮਾਂ ਸਰਬਜੀਤ ਨੂੰ ਵੀ ਸੀ ਪਰ ਉਹ ਇਸ ਗੱਲ ਦਾ ਪਰਗਟਾ ਪੰਮ ਕੋਲ ਕਰਨ ਦੀ ਦਲੇਰੀ ਨਹੀਂ ਸੀ ਕਰ ਸਕੀ, ਸਗੋਂ ਉਸ ਨੇ ਪੰਮ ਨੂੰ ਯਕੀਨ ਦਿਵਾਉਣ ਦੀ ਕੋਸ਼ਸ਼ ਕੀਤੀ ਕਿ ਇਸ ਵਿਚ ਬੌਬੀ ਦਾ ਹੱਥ ਨਹੀਂ ਹੋ ਸਕਦਾ |
ਉਸ ਰਾਤ ਪੰਮ ਆਪਣੇ ਬਿਸਤਰੇ ਵਿਚ ਪਈ ਸੋਚਦੀ ਰਹੀ ਕਿ ਇੱਥੇ, ਕੈਨੇਡਾ ਜਿਹੇ ਵਿਕਸਤ ਦੇਸ਼ ਵਿਚ ਉਸ ਉਪਰ ਇਹ ਜ਼ੁਲਮ ਕਿਉਂ ਤੇ ਕਿਵੇਂ ਹੋ ਗਿਆ! ਪੰਮ ਦਾ ਸ਼ੱਕ ਬਾਰ ਬਾਰ ਬੌਬੀ 'ਤੇ ਜਾਂਦਾ ਸੀ ਪਰ ਸਬੂਤਾਂ ਤੋਂ ਬਿਨਾਂ ਉਹ ਕਰ ਕੁਝ ਨਹੀਂ ਸੀ ਕਰ ਸਕਦੀ | ਉਸ ਦੀ ਮਾਂ ਦਰਸ਼ਨਾ ਦੋ ਵਾਰ ਉਸ ਦਾ ਪਤਾ ਲੈਣ ਆਈ ਪਰ ਉਸ ਨੇ ਆਪਣੀ ਮਾਂ ਨਾਲ ਕੋਈ ਗੱਲ ਨਾ ਕੀਤੀ ਅਤੇ ਰੋਟੀ ਖਾਣ ਤੋਂ ਨਾਂਹ ਕਰ ਦਿੱਤੀ | ਸਾਰੀ ਰਾਤ ਉਸ ਦੇ ਮਨ ਵਿਚ ਬੁਰੇ ਬੁਰੇ ਵਿਚਾਰ ਆਉਂਦੇ ਰਹੇ | ਇਕ ਵਾਰ ਤਾਂ ਉਸ ਨੇ ਇਹ ਵੀ ਸੋਚ ਲਿਆ ਕਿ ਉਹ ਆਪਣੇ ਬਾਪ ਅਤੇ ਬੌਬੀ ਦਾ ਕਤਲ ਕਰਕੇ ਆਪ ਵੀ ਆਤਮ-ਹੱਤਿਆ ਕਰ ਲਵੇ | ਪਰ ਉਸ ਨੇ ਇਸ ਵਿਚਾਰ ਨੂੰ ਆਪਣੇ ਉਪਰ ਭਾਰੂ ਨਾ ਹੋਣ ਦਿੱਤਾ | ਉਸ ਸੋਚਿਆ ਕਿ ਨਾ ਉਹ ਬੁਜ਼ਦਿਲਾਂ ਵਾਂਗ ਕਿਸੇ ਦਾ ਕਤਲ ਕਰਕੇ ਬਦਲਾ ਲਵੇਗੀ ਅਤੇ ਨਾ ਹੀ ਆਤਮ-ਹੱਤਿਆ ਕਰੇਗੀ ਸਗੋਂ ਉਹ ਦ੍ਰਿੜਤਾ ਅਤੇ ਦਲੇਰੀ ਨਾਲ ਸਾਰੀਆਂ ਔਕੜਾਂ ਦਾ ਸਾਹਮਣਾ ਕਰਦੀ ਹੋਈ, ਇਸ ਕਤਲ ਦੀ ਅਸਲੀਅਤ ਨੂੰ ਸਾਹਮਣੇ ਲਿਆ ਕੇ ਹੀ ਰਹੇਗੀ | ਆਪਣੇ ਮਨ ਨਾਲ ਇਹ ਫੈਸਲਾ ਕਰਕੇ ਉਹ ਸੌਂ ਗਈ |
ਸਵੇਰੇ ਉਹ ਬਹੁਤ ਦੇਰ ਤਕ ਆਪਣੇ ਬਿਸਤਰੇ ਵਿਚ ਪਈ ਰਹੀ | ਸੁਖਦੇਵ ਤਿਆਰ ਹੋ ਕੇ ਆਪਣੇ ਕੰਮ 'ਤੇ ਚਲਾ ਗਿਆ ਸੀ ਪਰ ਦਰਸ਼ਨਾ ਇਸ ਹਾਲਤ ਵਿਚ ਪੰਮ ਨੂੰ ਘਰ ਛੱਡ ਕੇ ਜਾਣਾ ਨਹੀਂ ਸੀ ਚਾਹੁੰਦੀ, ਉਸ ਨੇ ਸਕੂਲ ਤੋਂ ਛੁੱਟੀ ਲੈ ਲਈ | ਪੰਮ ਨੌਂ ਕੁ ਵਜੇ ਆਪਣੇ ਬਿਸਤਰੇ ਵਿਚੋਂ ਉਠੀ, ਇਸ਼ਨਾਨ ਕਰਕੇ ਖਾਣਾ ਖਾਧਾ ਅਤੇ ਆਪਣਾ ਕੁਝ ਜਰੂਰੀ ਸਮਾਨ ਇਕ ਅਟੈਚੀਕੇਸ ਵਿਚ ਪਾਉਣ ਲੱਗੀ ਤਾਂ ਦਰਸ਼ਨਾ ਨੇ ਪੁੱਛ ਲਿਆ, "ਹੁਣ ਫੇਰ ਹੋਸਟਲ ਵਿਚ ਰਹਿਣਾ, ਜਿਹੜੀ ਇਹ ਅਟੈਚੀ 'ਚ ਕਪੜੇ ਪਾਈ ਜਾਨੀ ਏਂ?"
"ਮੈਂ ਕਿਤੇ ਵੀ ਰਹਾਂ ਪਰ ਮੈਂ ਹੁਣ ਇਸ ਘਰ ਵਿਚ ਨਹੀਂ ਰਹਿਣਾ |"
"ਤੈਨੂੰ ਹੁਣ ਤਾਂ ਕਿਸੇ ਨੇ ਕੁਝ ਨਹੀਂ ਕਿਹਾ?"
"ਤੁਸੀਂ ਬਿਨਾਂ ਕਿਹਾਂ ਹੀ ਬਹੁਤ ਕੁਝ ਕਰ ਦਿੱਤਾ ਹੈ |" ਇਹ ਕਹਿ ਕੇ ਪੰਮ ਨੇ ਟੈਕਸੀ ਬੁਲਾ ਲਈ | ਦਰਸ਼ਨਾ ਉਸ ਦੀਆਂ ਮਿੰਨਤਾਂ ਕਰਦੀ ਰਹੀ ਪਰ ਉਹ ਆਪਣੀ ਜਿਦ 'ਤੇ ਅੜੀ ਰਹੀ | ਦਰਸ਼ਨਾ ਨੇ ਇਹ ਵੀ ਕਹਾ, "ਚਲ, ਮੈਂ ਤੈਨੂੰ ਯੂਨੀਵਰਸਿਟੀ ਛੱਡ ਆਉਂਦੀ ਹਾਂ |" ਪਰ ਉਹ ਉਸ ਨਾਲ ਜਾਣ ਲਈ ਤਿਆਰ ਨਹੀਂ ਹੋਈ ਅਤੇ ਟੈਕਸੀ ਵਿਚ ਬੈਠ ਕੇ ਚਲੀ ਗਈ |
ਜਦੋਂ ਸੁਖਦੇਵ ਕੰਮ ਤੋਂ ਘਰ ਆਇਆ ਤਾਂ ਦਰਸ਼ਨਾ ਨੇ ਉਸ ਨੂੰ ਪੰਮ ਦੇ ਘਰੋਂ ਚਲੇ ਜਾਣ ਬਾਰੇ ਦੱਸਿਆ | ਉਸ ਨੇ ਕੁਝ ਸੋਚਦਿਆਂ ਕਿਹਾ, "ਹੂੰਅ! ਉਸ ਨੂੰ ਅਨੂਪ ਦੇ ਮਰਨ ਦਾ ਬਹੁਤ ਦੁੱਖ ਹੋਇਆ ਐ | ਉਸ ਨੂੰ ਮੇਰੇ 'ਤੇ ਸ਼ੱਕ ਐ ਕਿ ਇਸ ਐਕਸੀਡੈਂਟ ਵਿਚ ਮੇਰਾ ਹੱਥ ਐ ਪਰ ਮੈਂ ਤਾਂ ਅਜੇਹੀ ਕਮੀਨੀ ਹਰਕਤ ਕਰਨ ਬਾਰੇ ਕਦੀ ਸੋਚ ਵੀ ਨਹੀਂ ਸਕਦਾ |"
"ਹੁਣ ਤਾਂ ਉਹ ਬਹੁਤ ਗੁੱਸੇ ਵਿਚ ਘਰੋਂ ਗਈ ਐ, ਉਸ ਨੇ ਮੇਰੀ ਇਕ ਵੀ ਨਹੀਂ ਸੁਣੀ | ਕਹਿੰਦੀ ਸੀ, 'ਇਸ ਘਰ ਨਾਲੋਂ ਮੇਰਾ ਸਦਾ ਲਈ ਨਾਤਾ ਟੁੱਟ ਗਿਆ ਹੈ'|"
"ਉਹ ਜਜ਼ਬਾਤੀ ਕੁੜੀ ਐ, ਦੋ ਦਿਨਾਂ ਤਾਈਂ ਉਸ ਦਾ ਗੁੱਸਾ ਕੁਝ ਢੈਲ਼ਾ ਹੋ ਜਾਵੇਗਾ ਤੇ ਤੁਸੀਂ ਦੋਵੇਂ ਭੈਣਾਂ ਪਹਿਲਾਂ ਵਾਂਗ ਹੀ ਉਸ ਨੂੰ ਮਨਾ ਕੇ ਘਰ ਲੈ ਆਇਓ |"
ਦੋ ਕੁ ਦਿਨ ਠਹਿਰ ਕੇ ਜਦੋਂ ਦਰਸ਼ਨਾ ਨੇ ਸਰਬਜੀਤ ਨੂੰ ਪੰਮ ਦਾ ਪਤਾ ਕਰਨ ਲਈ ਯੂਨੀਵਰਸਿਟੀ ਘੱਲਿਆ ਤਾਂ ਉੱਥੋਂ ਉਸ ਬਾਰੇ ਕਿਸੇ ਕੋਲੋਂ ਕੋਈ ਵੀ ਜਾਣਕਾਰੀ ਨਾ ਮਿਲੀ | ਸਾਰੇ ਹੀ ਹੁਣ ਫਿਕਰਮੰਦ ਸਨ | ਸੁਖਦੇਵ ਤੇ ਦਰਸ਼ਨਾ ਆਪ ਯੂਨੀਵਰਸਿਟੀ ਪਤਾ ਕਰਨ ਗਏ | ਪੰਮ ਦੇ ਪ੍ਰੋਫੈਸਰ ਨੇ ਉਹਨਾਂ ਦੇ ਪਿਛਾਂਹ ਖਿੱਚੂ ਵਿਚਾਰਾਂ ਦੀ ਖਿੱਲੀ ਉਡਾਉਂਦਿਆਂ ਨਿਮੋਸ਼ੀ ਤੋਂ ਬਿਨਾਂ ਉਹਨਾਂ ਦੇ ਪੱਲੇ ਹੋਰ ਕੁਝ ਨਾ ਪਾਇਆ | ਅਖੀਰ ਸੁਖਦੇਵ ਨੂੰ ਪੁਲੀਸ ਕੋਲ ਪੰਮ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣੀ ਪਈ | ਦੋ ਹਫਤੇ ਮਗਰੋਂ ਪੁਲੀਸ ਨੇ ਦੱਸ ਦਿੱਤਾ, "ਕੁੜੀ ਗੁੰਮ ਨਹੀਂ ਹੋਈ | ਉਹ ਆਪਣੀ ਮਰਜੀ ਨਾਲ ਘਰ ਛੱਡ ਕੇ ਗਈ ਹੈ | ਉਹ ਜਿੱਥੇ ਵੀ ਹੈ, ਠੀਕ ਹੈ | ਉਹ ਘਰਦਿਆਂ ਨੂੰ ਮਿਲਨਾ ਨਹੀਂ ਚਾਹੁੰਦੀ | ਉਸ ਦੀ ਇੱਛਾ ਤੋਂ ਬਿਨਾਂ ਤੁਸੀਂ ਵੀ ਉਸ ਨੂੰ ਮਿਲ ਨਹੀਂ ਸਕਦੇ |"
ਪੁਲੀਸ ਦੀ ਰਿਪੋਰਟ ਸੁਣ ਕੇ ਉਹ ਮਾਯੂਸ ਹੋ ਗਏ ਪਰ ਅੰਦਰ ਖਾਤੇ ਉਹਨਾਂ ਉਸ ਦੀ ਭਾਲ ਜਾਰੀ ਰੱਖੀ |
ਪੰਮ ਦੇ ਘਰੋਂ ਚਲੇ ਜਾਣ ਦੇ ਢਾਈ ਕੁ ਮਹੀਨੇ ਮਗਰੋਂ ਦਰਸ਼ਨਾ ਜਦੋਂ ਸਕੂਲੋਂ ਘਰ ਆਉਣ ਲੱਗੀ ਤਾਂ ਕਲਰਕ ਨੇ ਅਵਾਜ਼ ਮਾਰ ਕੇ ਕਿਹਾ, "ਮੈਡਮ ਸਿੱਧੂ, ਅਹਿ ਇਕ ਤੁਹਾਡੀ ਚਿੱਠੀ ਹੈ |" ਦਰਸ਼ਨਾ ਨੇ ਚਿੱਠੀ ਫੜ ਕੇ ਆਪਣੇ ਪਰਸ ਵਿਚ ਪਾ ਲਈ ਕਿ ਘਰ ਜਾ ਕੇ ਹੀ ਪੜ੍ਹਾਂਗੀ | ਉਸ ਨੇ ਘਰ ਆ ਕੇ ਚਿੱਠੀ ਖੋਲ੍ਹੀ ਤਾਂ ਉਸ ਨੂੰ ਹੈਰਾਨੀ ਭਰੀ ਖੁਸ਼ੀ ਹੋਈ ਕਿ ਅੰਗ੍ਰੇਜ਼ੀ ਵਿਚ ਟਾਈਪ ਕੀਤੀ ਹੋਈ ਇਹ ਪੰਮ ਦੀ ਚਿੱਠੀ ਸੀ | ਉਹ ਛੇਤੀ ਛੇਤੀ ਚਿੱਠੀ ਪੜ੍ਹਨ ਲੱਗੀ | ਇਕ ਵਾਰ ਪੜ੍ਹਨ ਮਗਰੋਂ ਦੁਬਾਰਾ ਉਸ ਨੇ ਫਿਰ ਪੜ੍ਹੀ | ਲਿਖਿਆ ਸੀ,
---ਗਲੀ, ਮਿਸੀਸਾਗਾ (ਉਂਟਾਰੀਓ)
ਦਸੰਬਰ 02, 1988
ਮਾਂ! ਤੂੰ ਹੈਰਾਨ ਹੋ ਰਹੀ ਹੋਵੇਂਗੀ ਕਿ ਮੈਂ ਢਾਈ ਮਹੀਨੇ ਬਾਅਦ ਤੈਨੂੰ ਚਿੱਠੀ ਲਿਖ ਰਹੀ ਹਾਂ | ਤੂੰ ਸੋਚ ਰਹੀ ਹੋਵੇਂਗੀ ਕਿ ਮੈਨੂੰ ਪੈਸਿਆਂ ਦੀ ਲੋੜ ਹੋਵੇਗੀ ਤਾਂ ਮੈਂ ਇਹ ਚਿੱਠੀ ਲਿਖੀ ਹੈ | ਨਹੀਂ ਮਾਂ, ਅਜੇਹਾ ਕੁਝ ਨਹੀਂ ਹੈ | ਮੈਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ | ਨਾ ਹੀ ਇਹ ਚਿੱਠੀ ਮੈਂ ਇਸ ਕਰਕੇ ਲਿਖੀ ਹੈ ਕਿ ਮੈਨੂੰ ਘਰ ਦਾ ਹੇਰਵਾ ਸਤਾ ਰਿਹਾ ਹੈ | ਮੈਂ ਘਰੋਂ ਇਹ ਫੈਸਲਾ ਕਰਕੇ ਤੁਰੀ ਸੀ ਕਿ ਹੁਣ ਮੈਂ ਘਰਦਿਆਂ ਨਾਲ ਕੋਈ ਨਾਤਾ ਨਹੀਂ ਰੱਖਾਂਗੀ | ਪਰ ਜਦੋਂ ਤੁਸੀਂ ਮੇਰੇ ਗੁੰਮ ਹੋਣ ਬਾਰੇ ਪੁਲੀਸ ਵਿਚ ਰਿਪੋਰਟ ਲਿਖਵਾਈ ਤੇ ਪੁਲੀਸ ਨੇ ਮੇਰੇ ਤਾਈਂ ਪਹੁੰਚ ਕਰ ਲਈ ਤਾਂ ਮੈਂ ਉਹਨਾਂ ਕੋਲ ਅੱਧਾ ਝੂਠ ਬੋਲਿਆ ਕਿ 'ਮੇਰੇ ਮਾਪੇ ਜਬਰਦਸਤੀ ਮੇਰਾ ਵਿਆਹ ਉਸ ਮੁੰਡੇ ਨਾਲ ਕਰਨਾ ਚਾਹੁੰਦੇ ਹਨ ਜਿਸ ਨੂੰ ਮੈਂ ਪਸੰਦ ਨਹੀਂ ਕਰਦੀ | ਇਸ ਲਈ ਮੈਂ ਆਪਣੀ ਮਰਜੀ ਨਾਲ ਘਰ ਛੱਡਿਆ ਹੈ |' ਪੁਲੀਸ ਵਾਲੇ ਪੰਜਾਬੀ ਮਾਪਿਆਂ ਦੀ ਫਿਤਰਤ ਨੂੰ ਜਾਣਦੇ ਹਨ | ਉਹਨਾਂ ਨੇ ਝਟ ਇਤਬਾਰ ਕਰ ਲਿਆ | ਪੁਲੀਸ ਨੇ ਤੁਹਾਨੂੰ ਕਿਹਾ ਹੋਵੇਗਾ ਕਿ ਤੁਸੀਂ ਮੈਨੂੰ ਕਦੀ ਵੀ ਨਹੀਂ ਮਿਲ ਸਕਦੇ ਅਤੇ ਤੁਸੀਂ ਸੋਚ ਲਿਆ ਹੋਵੇਗਾ ਕਿ ਸਾਡੀ ਕੁੜੀ ਅਵਾਰਾ ਹੋ ਗਈ ਹੈ, ਪਤਾ ਨਹੀਂ ਕਿਹੋ ਜਿਹੇ ਮਾਹੌਲ ਵਿਚ ਰਹਿੰਦੀ ਤੇ ਕਿੱਥੇ ਕਿੱਥੇ ਧੱਕੇ ਖਾਂਦੀ ਫਿਰਦੀ ਹੋਵੇਗੀ | ਮੈਂ ਤੁਹਾਡੀ ਸ਼ੰਕਾ ਨਵਿਰਤ ਕਰਨ ਲਈ ਇਹ ਚਿੱਠੀ ਲਿਖ ਰਹੀ ਹਾਂ |
ਮੈਂ ਕਿਸੇ ਨੂੰ ਵੀ ਇਹ ਨਹੀਂ ਕਿਹਾ ਕਿ ਮੇਰੀ ਜਾਣਕਾਰੀ ਗੁਪਤ ਰੱਖੀ ਜਾਵੇ | ਇਹ ਪੁਲੀਸ ਜਾਂ ਮੇਰੇ ਨ੍ਰਿਦੇਸ਼ਕ ਪ੍ਰੋਫੈਸਰ ਦੀ ਆਪਣੀ ਧਾਰਨਾ ਹੋਵੇਗੀ ਕਿ ਮੈਂ ਕਿਸੇ ਪਰਕਾਰ ਵੀ ਤੁਹਾਡੇ ਸੰਪਰਕ ਵਿਚ ਨਾ ਆ ਸਕਾਂ ਅਤੇ ਤੁਸੀਂ ਮੇਰੇ ਉਪਰ ਦਬਾਅ ਬਣਾ ਕੇ ਆਪਣੀ ਪਸੰਦ ਦੇ ਮੁੰਡੇ ਨਾਲ ਮੇਰਾ ਵਿਆਹ ਕਰ ਦੇਵੋ |
ਮਾਂ! ਤੈਨੂੰ ਯਾਦ ਹੋਵੇਗਾ ਜਦੋਂ ਤੁਸੀਂ ਮੇਰੇ ਰਿਸ਼ਤੇ ਲਈ ਇਕ ਡਾਕਟਰ ਮੁੰਡਾ ਚੁਣਿਆ ਸੀ ਤੇ ਉਸ ਬਾਰੇ ਮੇਰੀ ਪਸੰਦ ਪੁੱਛੀ ਸੀ ਤਾਂ ਮੈਂ ਸਪਸ਼ਟ ਕਹਿ ਦਿੱਤਾ ਸੀ ਕਿ ਜੇ ਮੈਂ ਵਿਆਹ ਕਰਵਾਇਆ ਤਾਂ ਅਨੂਪ ਨਾਲ ਹੀ ਕਰਵਾਵਾਂਗੀ ਤਾਂ ਤੂੰ ਕਿਹਾ ਸੀ, 'ਪਤਾ ਨਹੀਂ ਸਾਡੇ ਪਾਲਣ ਪੋਸਣ ਵਿਚ ਕਿੱਥੇ ਕਸਰ ਰਹਿ ਗਈ |' ਮਾਂ! ਤੇਰੇ ਪਾਲਣæ ਪੋਸਣ ਵਿਚ ਕਿਤੇ ਕੋਈ ਕਸਰ ਨਹੀਂ ਸੀ | ਜੇ ਤੇਰੀ ਪਾਲਣਾ ਵਿਚ ਕਸਰ ਹੁੰਦੀ ਤਾਂ ਮੈਂ ਅੱਜ ਵਾਲੀ ਪੰਮ ਨਹੀਂ ਸੀ ਹੋਣਾ | ਫਿਰ ਮੈਂ ਵੀ ਦੂਜੀਆਂ ਕੁੜੀਆਂ ਵਾਂਗ ਕਲੱਬਾਂ ਵਿਚ ਗੁਲਸ਼ਰੇ ਉਡਾਉਂਦੇ ਫਿਰਨਾ ਸੀ ਤੇ ਤੁਹਾਡੇ ਕੋਲ ਨਵੇਂ ਤੋਂ ਨਵੇਂ ਬਹਾਨੇ ਬਣਾ ਕੇ ਝੂਠ ਬੋਲਿਆ ਕਰਨਾ ਸੀ | ਮਾਂ! ਇਹ ਤੇਰੀ ਪਾਲਣਾ ਦਾ ਹੀ ਅਸਰ ਹੈ ਕਿ ਤੇਰੀ ਪੰਮ ਨੂੰ ਸਮਾਜਕ ਸੋਝੀ ਆ ਗਈ ਹੈ ਅਤੇ ਉਹ ਆਪਣੇ ਫੈਸਲੇ ਆਪ ਕਰਨ ਦੇ ਸਮਰੱਥ ਹੋ ਗਈ ਹੈ | ਮਾਂ! ਤੇਰੇ ਪਾਲਣ ਪੋਸ਼ਣ ਵਿਚ ਕੋਈ ਨੁਕਸ ਨਹੀਂ | ਜੇ ਕਿਤੇ ਨੁਕਸ ਹੈ, ਤਾਂ ਇਹ ਤੁਹਾਡੀ ਗ਼ੁਲਾਮ ਮਾਨਸਿਕਤਾ ਵਿਚ ਹੈ, ਜਿਹੜੀ ਅੱਜ ਵੀ ਇਕੀਵੀਂ ਸਦੀ ਦੀਆਂ ਬਰੂਹਾਂ 'ਤੇ ਆ ਕੇ ਅਠਾਰਵੀਂ ਸਦੀ ਵਿਚ ਵਿਚਰਦੀ ਹੈ | ਡੈਡੀ ਦੀ ਸੋਚ ਬਾਰੇ ਮੈਂ ਕੀ ਕਹਾਂ ਕਿ ਪੰਜਾਹ ਸਾਲ ਇੱਥੇ ਰਹਿੰਦਿਆਂ ਹੋਣ ਦੇ ਬਾਵਜੂਦ ਵੀ ਜਿਸ ਵਿਚੋਂ ਜੱਟ ਹਉਮੈਂ ਨਹੀਂ ਗਈ | ਉਹ ਇਹ ਨਹੀਂ ਬਰਦਾਸ਼ਤ ਕਰ ਸਕਿਆ ਕਿ ਇਕ ਚਮਾਰ ਦਾ ਮੁੰਡਾ ਉਸ ਦੀ ਧੀ ਦਾ ਪਤੀ ਬਣੇ! ਜੇ ਕੋਈ ਗੋਰਾ ਮੁੰਡਾ ਮੇਰਾ ਦੋਸਤ ਹੁੰਦਾ ਤਾਂ ਸ਼ਾਇਦ ਉਹ ਉਸ ਨੂੰ ਸਹਿਣ ਕਰ ਜਾਂਦਾ | ਵਾਹ! ਸਾਡੀ ਗ਼ੁਲਾਮ ਜ਼ਹਿਨੀਅਤ!!
ਮਾਂ, ਤੂੰ ਉਹਨਾਂ ਪਹਿਲੀਆਂ ਕੁਝ ਇਕ ਪੰਜਾਬੀ ਔਰਤਾਂ ਵਿਚੋਂ ਹੈਂ ਜਿੰਨ੍ਹਾਂ ਨੂੰ ਇਸ ਦੇਸ਼ ਵਿਚ ਪੜ੍ਹਾਉਣ ਦਾ ਮੌਕਾ ਮਿਲਿਆ | ਤੂੰ ਇੱਥੋਂ ਦੇ ਸੱਭਿਆਚਾਰ ਤੋਂ ਜਾਣੂ ਹੁੰਦੀ ਹੋਈ ਨੇ ਵੀ ਕੁਝ ਨਹੀਂ ਸਿਖਿਆ ਅਤੇ ਆਪਣੇ ਪੁਰਾਣੇ ਬੋਦੇ ਰਸਮ ਰਿਵਾਜਾਂ, ਜਿਸ ਨੂੰ ਤੁਸੀਂ ਆਪਣਾ ਸਭਿਆਚਾਰ ਕਹਿ ਕੇ ਵਡਿਆਉਂਦੇ ਹੋ, ਵਿਚ ਹੀ ਬੱਝੀ ਰਹੀ | ਤੂੰ ਧੜੱਲੇ ਨਾਲ ਆਪਣੀ ਧੀ ਦੇ ਪੱਖ ਵਿਚ ਨਹੀਂ ਖੜ੍ਹ ਸਕੀ | ਮੈਂ ਸਮਝਦੀ ਸਾਂ ਕਿ ਮਾਸੀ ਮੇਰਾ ਪੱਖ ਪੂਰੇਗੀ ਪਰ ਉਹ ਦੁਬਿਧਾ ਵਿਚ ਘਿਰੀ ਕੁਝ ਨਾ ਕਰ ਸਕੀ | ਉਹ ਤਾਂ ਇਹ ਵੀ ਮੰਨਣ ਲਈ ਤਿਆਰ ਨਹੀਂ ਕਿ ਅਨੂਪ ਦੇ ਕਤਲ ਵਿਚ ਡੈਡੀ ਦੇ ਨਾਲ ਬੌਬੀ ਦਾ ਵੀ ਹੱਥ ਹੈ |
ਮੈਨੂੰ ਦੁੱਖ ਹੈ ਕਿ ਮੈਂ ਇਕ ਐਸਾ ਸਾਥੀ ਗੁਆ ਲਿਆ ਹੈ ਜਿਹੜਾ ਮੇਰੇ ਸੁਪਨਿਆਂ ਦਾ ਰਾਜਾ ਸੀ | ਸ਼ਾਇਦ ਉਹ ਡਰਗ ਗੈਂਗ ਵਾਲਿਆਂ ਦੀਆਂ ਜੜਾਂ ਤਕ ਪਹੁੰਚ ਸਕਦਾ | ਪਰ ਮਾਂ! ਹੁਣ ਬੀਤੇ ਬਾਰੇ ਕੀ ਰੋਣਾ | ਉਸ ਦਾ ਛੱਡਿਆ ਕੰਮ ਮੈਂ ਪੂਰਾ ਕਰਾਂਗੀ | ਮੈਂ ਆਪਣੇ ਨਿਬੰਧ ਦੀ ਖੋਜ ਦਾ ਕੰਮ ਮੁਕੰਮਲ ਕਰ ਲਿਆ ਸੀ | ਇਸ ਨੂੰ ਲਿਖਣ ਦਾ ਕੰਮ ਮੈਂ ਕਿਤੇ ਵੀ ਬੈਠ ਕੇ ਪੂਰਾ ਕਰ ਸਕਦੀ ਹਾਂ | ਹੁਣ ਯੂਨੀਵਰਸਿਟੀ ਵਿਚ ਹਾਜ਼ਰੀ ਦੀ ਕੋਈ ਲੋੜ ਨਹੀਂ | ਮੇਰੇ ਨ੍ਰਿਦੇਸ਼ਕ ਪ੍ਰੋਫੈਸਰ ਨੇ ਮੈਨੂੰ ਟੁਰਾਂਟੋ ਵਿਚ ਰਹਿ ਕੇ ਆਪਣਾ ਕੰਮ ਪੂਰਾ ਕਰਨ ਲਈ ਸੁਝਾ ਦਿੱਤਾ ਹੈ | ਉਸ ਦੇ ਕਹੇ 'ਤੇ ਹੀ ਮੈਂ ਇੱਥੇ ਆਈ ਹਾਂ | ਮੈਨੂੰ ਇੱਥੇ ਗੁਜ਼ਾਰੇ ਲਈ ਨੌਕਰੀ ਵੀ ਮਿਲ ਗਈ ਹੈ | ਮੈਂ ਐਮ।ਐਸ।ਸੀ। ਕਰਕੇ 'ਨਸ਼ੇ ਤੇ ਅਪਰਾਧ' ਉਪਰ ਪੀ।ਐਚ।ਡੀ। ਕਰਨੀ ਹੈ | ਇਹੋ ਮੇਰਾ ਟੀਚਾ ਹੈ | ਇਸ ਕੰਮ ਲਈ ਨਾ ਮੈਨੂੰ ਤੁਹਾਡੇ ਪੈਸੇ ਦੀ ਲੋੜ ਹੈ ਅਤੇ ਨਾ ਹੀ ਪਿਆਰ ਹਮਦਰਦੀ ਦੀ | ਪਰ ਮਾਂ, ਕਿੰਦ ਲਈ ਮੇਰੇ ਮਨ ਵਿਚ ਜਰੂਰ ਚਿੰਤਾ ਹੈ ਕਿ ਕਿਤੇ ਉਹ ਵੀ ਉਸ ਰਾਹ ਨਾ ਪੈ ਜਾਵੇ, ਜਿਸ ਰਾਹ ਬੌਬੀ ਤੁਰਿਆ ਹੋਇਆ ਹੈ | ਮੇਰੀ ਬੇਨਤੀ ਹੈ ਕਿ ਕਿੰਦ ਨੂੰ ਬੌਬੀ ਦੀ ਸੰਗਤ ਤੋਂ ਦੂਰ ਰੱਖਣਾ |
ਹਾਂ! ਮੈਂ ਇਕ ਗੱਲ ਲਿਖਣੀ ਤਾਂ ਭੁੱਲ ਹੀ ਗਈ | ਹੁਣ ਤੁਹਾਨੂੰ ਮੇਰੇ ਵਿਆਹ ਦਾ ਫਿਕਰ ਮੁੱਕ ਜਾਣਾ ਚਾਹੀਦਾ ਹੈ | ਮੈਂ ਕਿਤੇ ਵੀ ਤੇ ਕਿਸੇ ਨਾਲ ਵੀ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸਕਦੀ ਹਾਂ | ਜੇ ਵਿਆਹ ਨਾ ਵੀ ਕਰਵਾਵਾਂ ਤਾਂ ਮੈਂ ਆਪਣੇ ਨਾਲ ਕੋਈ ਮਿੱਤਰ ਮੁੰਡਾ ਵੀ ਰੱਖ ਸਕਦੀ ਹਾਂ |
ਮੈਂ ਆਪਣਾ ਪੱਖ ਦੱਸ ਦਿੱਤਾ ਹੈ, ਹੁਣ ਤੁਸੀਂ ਇਹ ਕਹਿ ਕੇ ਆਪਣੇ ਮਨ ਨੂੰ ਧਰਵਾਸ ਦੇ ਲੈਣਾ ਕਿ 'ਸਾਡੇ ਵੀ ਇਕ ਕੁੜੀ ਹੁੰਦੀ ਸੀ' |
ਇਕ ਬਾਗ਼ੀ ਕੁੜੀ
ਪੰਮ
ਦਰਸ਼ਨਾ ਬਹੁਤ ਦੇਰ ਚਿੱਠੀ ਫੜ ਕੇ ਬੈਠੀ ਸੋਚਦੀ ਰਹੀ ਅਤੇ ਫਿਰ ਕੁਝ ਸੋਚ ਕੇ ਉਸ ਨੇ ਕਿੰਦ ਬਾਰੇ ਲਿਖੀਆਂ ਦੋ ਲਾਈਨਾਂ 'ਤੇ ਕਾਲ਼ਾ ਬੁਰਸ਼ ਫੇਰ ਦਿੱਤਾ ਅਤੇ ਫੋਨ ਕਰਕੇ ਸਰਬਜੀਤ ਨੂੰ ਆਪਣੇ ਕੋਲ ਸੱਦ ਲਿਆ | ਸੁਖ ਅਜੇ ਕੰਮ ਤੋਂ ਵਾਪਸ ਨਹੀਂ ਸੀ ਮੁੜਿਆ |