'ਬਾਲ ਪ੍ਰੀਤ' ਰਸਾਲੇ ਦਾ ਨੌਵਾਂ ਅੰਕ ਜਾਰੀ
(ਖ਼ਬਰਸਾਰ)
ਪਟਿਆਲਾ -- ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਬਾਲ ਪ੍ਰੀਤ' ਰਸਾਲੇ ਦਾ ਨੌਵਾਂ ਅੰਕ ਜਾਰੀ ਕੀਤਾ ਗਿਆ। ਬੱਚਿਆਂ ਵਿੱਚ ਸਾਹਿਤ ਪ੍ਰਤੀ ਦਿਲਚਸਪੀ ਪੈਦਾ ਕਰਕੇ ਉਨ੍ਹਾਂ ਨੂੰ ਸਾਹਿਤ ਸਿਰਜਣਾ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਸ਼ੁਰੂ ਕੀਤੇ ਗਏ ਇਸ ਰਸਾਲੇ ਤੋਂ ਪ੍ਰਭਾਵਿਤ ਹੁੰਦਿਆਂ ਸ਼੍ਰੀ ਰੂਜਮ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਵਿੱਚ ਅਜਿਹੇ ਰਸਾਲੇ ਪ੍ਰਕਾਸ਼ਿਤ ਕਰਨਾ ਸਮੇਂ ਦੀ ਅਹਿਮ ਲੋੜ ਹੈ ਅਤੇ 'ਬਾਲ ਪ੍ਰੀਤ' ਹਰੇਕ ਬੱਚੇ ਤੱਕ ਪਹੁੰਚਾਉਣ ਲਈ ਸਾਂਝੇ ਯਤਨ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਇਸ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਪੜ੍ਹਨ ਸਮੱਗਰੀ ਤੋਂ ਬੱਚੇ ਲਾਭ ਉਠਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਆਧੁਨਿਕ ਸੰਚਾਰ ਸਾਧਨਾਂ ਕਾਰਨ ਬੱਚਿਆਂ ਤੇ ਨੌਜਵਾਨਾਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ ਜਦਕਿ ਇਹ ਮਾਪਿਆਂ ਤੇ ਅਧਿਆਪਕਾਂ ਦਾ ਵੀ ਮੁਢਲਾ ਫਰਜ਼ ਬਣਦਾ ਹੈ ਕਿ ਉਹ ਸਕੂਲਾਂ ਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਪੁਸਤਕ ਸਭਿਆਚਾਰ ਨੂੰ ਵਿਕਸਤ ਕਰਨ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ 'ਬਾਲ ਪ੍ਰੀਤ' ਵਿੱਚ ਵੱਡੀ ਗਿਣਤੀ ਬੱਚਿਆਂ ਦੀਆਂ ਰਚਨਾਵਾਂ ਅਤੇ ਚਿੱਤਰਾਂ ਦਾ ਪ੍ਰਕਾਸ਼ਿਤ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਸਾਂਝੇ ਉਦਮ ਸਦਕਾ ਬੱਚਿਆਂ ਦੇ ਮਨਾਂ ਅੰਦਰ ਪੁਸਤਕਾਂ ਪ੍ਰਤੀ ਪਿਆਰ ਪੈਦਾ ਕੀਤਾ ਜਾ ਸਕਦਾ ਹੈ। ਉਨ੍ਹਾਂ ਰਸਾਲੇ ਨੂੰ ਲਗਾਤਾਰ ਪ੍ਰਕਾਸ਼ਿਤ ਕਰਨ ਲਈ ਮਿਹਨਤ ਕਰ ਰਹੀ ਸਮੂਹ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਰਸਾਲੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਮੁਕਾਬਲੇ ਵਾਲੀਆਂ ਰਚਨਾਵਾਂ ਦੇ ਜੇਤੂ ਬੱਚਿਆਂ ਲਈ ਹੌਂਸਲਾ ਵਧਾਊ ਰਾਸ਼ੀ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
'ਬਾਲ ਪ੍ਰੀਤ' ਦਾ ਨੌਵਾਂ ਅੰਕ ਜਾਰੀ ਕਰਨ ਮੌਕੇ ਰਸਾਲੇ ਦੇ ਆਨਰੇਰੀ ਸੰਪਾਦਕ ਡਾ. ਦਰਸ਼ਨ ਸਿੰਘ ਆਸ਼ਟ, ਡਾ. ਹਰਸ਼ਿੰਦਰ ਕੌਰ, ਸ. ਪ੍ਰਿਤਪਾਲ ਸਿੰਘ ਸਿੱਧੂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਜਸਵਿੰਦਰ ਕੌਰ, ਸ. ਸਤਪਾਲ ਸਿੰਘ ਬਲਾਸੀ, ਪ੍ਰਿੰਸੀਪਲ ਵਾਣੀ ਸਕੂਲ ਸ਼੍ਰੀਮਤੀ ਸੁਖਚੈਨ ਕੌਰ, ਸ਼੍ਰੀ ਵਰਿੰਦਰ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਨਰੇਸ਼ ਕੁਮਾਰ ਵੀ ਹਾਜ਼ਰ ਸਨ।