ਜਾਤ-ਪਾਤ ਦਾ ਬੋਲ-ਬਾਲਾ (ਲੇਖ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੈਠਾ ਟੀ.ਵੀ ਦੇਖ ਰਿਹਾ ਸੀ। ਇਸੇ ਦੌਰਾਨ ਉਸੇ ਚੈਨਲ ਤੇ ਬੰਤ ਸਿੰਘ ਨਾਂ ਦੇ ਵਿਅਕਤੀ ਦੀ ਕਹਾਣੀ  ਚੱਲ ਪਈ ।ਜਿਸ ਨੂੰ ਦਲਿਤ ਹੋਣ ਕਰਕੇ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ।ਉਸ ਦੀਆਂ ਦੋਹੇ ਬਾਹਵਾਂ ਅਤੇ ਲੱਤਾਂ ਇਸ ਜਾਤੀਵਾਦ ਦੀ ਭੇਟ ਚੜ੍ਹ ਗਈਆਂ। ਉਸ ਦਾ ਕਸੂਰ ਸਿਰਫ ਇਹੀ ਸੀ ਕਿ ਉਹ ਆਪਣੀ ਅਵਾਜ਼ ਬੁਲੰਦ ਰੱਖਣਾ ਚਾਹੁੰਦਾ ਸੀ।ਅੱਜ ਜਿਸ ਸਮੇਂ ਸਾਡੀ ਸੋਚ ਇੱਕ ਆਧੁਨਿਕ ਯੁੱਗ ਦੀ ਕਦਾਰ ਤੇ ਪਹੁੰਚ ਚੁੱਕੀ ਹੈ ਪਰ ਜਾਤੀਵਾਦ ਦੀ ਪ੍ਰੰਪਰਾ ਅਜੇ ਵੀ ਸਾਡੇ ਉੱਤੇ ਭਾਰੂ ਹੈ। ਅੱਜ ਵੀ ਪਿੰਡਾਂ ਵਿੱਚ ਗੁਰੂ ਘਰ ਦੇ ਭਾਈ ਜੀ ਦਲਿਤ ਪਰਿਵਾਰਾਂ ਦੇ ਘਰਾਂ ਵਿੱਚ ਡਾਲੀ ਲੈਣ ਨਹੀਂ ਜਾਂਦੇ। ਜਦੋਂ ਕਿ ਸ੍ਰੀ ਗੁਰੁ ਗੋਬਿੰਦ ਜੀ ਨੇ ਖਾਲਸਾ ਪੰਥ ਦੀ ਸਾਜਨਾ ਇਸ ਸੰਦਰਭ ਲਈ ਹੀ ਕੀਤੀ ਸੀ ਕਿ ਮੇਰੇ ਸਿੱਖ ਜਾਤ-ਪਾਤ ਤੋਂ ਉੱਪਰ ਉੱਠ ਕੇ ਰਲ-ਮਿਲ ਕੇ ਜ਼ੁਲਮ ਦਾ ਟਾਕਰਾ ਕਰਨਗੇ। ਇਸ ਵਿੱਚ ਕੋਈ ਜਾਤ ਪਾਤ ਨਹੀਂ ਹੈ। ਉਹਨਾਂ ਦਾ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦਾ  ਮਨੋਰਥ ਜਿੱਥੇ ਜ਼ੁਲਮ ਦਾ ਟਾਕਰਾ ਕਰਨਾ ਸੀ ਉੱਥੇ ਇਹ ਵੀ ਸੀ ਕਿ ਮੇਰੇ ਸਿੱਖ ਜਾਤ –ਪਾਤ ਤੋਂ ਉੱਪਰ ਉੱਠ ਕੇ ਇੱਕ ਚੰਗੇ ਇਨਸਾਨ ਬਣਨਗੇ।ਪਰ ਇਹ ਮਨੋਰਥ ਗੁਰੂ ਜੀ ਦਾ ਅਜੇ ਤੱਕ ਪੂਰਾ ਨਹੀਂ ਹੋਇਆ। ਅੱਜ ਵੀ ਬਹੁਤ ਜਗ੍ਹਾ ਤੇ ਧਰਮ ਪ੍ਰਚਾਰਕਾਂ ਦੁਆਰਾ ਲਿਖਿਆ ਮਿਲ ਜਾਵੇਗਾ ਕਿ ਸਿੱਖ ਦੀ ਕੋਈ ਜਾਤ ਨਹੀਂ ਜਿਸ ਦੀ ਜਾਤ ਹੈ ਉਹ ਸਿੱਖ ਨਹੀਂ।ਇਹ ਵਿਚਾਰ ਜਾਤੀਵਾਦ ਦਾ ਵਿਰੋਧ ਕਰਦੇ ਹਨ ਪਰ ਕਿੰਨੇਂ ਕੁ ਇਸ ਤਰ੍ਹਾਂ ਦੇ ਵਿਚਾਰਾਂ ਤੇ ਅਮਲ ਕਰਦੇ ਹਨ ਇਸ ਸਬੰਧੀ ਅਸੀਂ ਸਾਰੇ ਭਲੀਂ ਭਾਂਤੀ ਜਾਣਦੇ ਹਾਂ।
ਮੈਂ ਆਪਣੀ ਇੱਕ ਹੱਢ ਬੀਤੀ ਸੁਣਾਉਂਦਾ ਹਾਂ। ਮੇਰਾ ਇੱਕ ਛੋਟਾ ਜਿਹਾ ਪਿੰਡ ਹੈ। ਇਸ ਪਿੰਡ ਦੀ ਅਬਾਦੀ ਲਗਭਗ ੯੦੦ ਕੁ ਕਰੀਬ ਹੈ। ਮੇਰੇ ਪਿੰਡ ਵਿੱਚ ਸਿਰਫ ਇੱਕ ਹੀ ਗੁਰੂ  ਘਰ ਹੈ। ਅੱਜ ਤੱਕ ਮੈਂ ਵੀ ਮੇਰੇ ਗੁਰੂ  ਘਰ ਦੇ ਗ੍ਰੰਥੀ ਨੂੰ ਦਲਿਤ ਪਰਿਵਾਰਾਂ ਦੇ ਘਰਾਂ ਵਿੱਚ ਡਾਲੀ ਕਰਦੇ ਨਹੀਂ ਦੇਖਿਆ । ਹੋ ਸਕਦਾ ਹੈ ਕਿ ਇਸ ਦਾ ਕਾਰਨ ਇਹ ਹੋਵੇ ਕਿ ਦਲਿਤ ਪਰਿਵਾਰਾਂ ਵਿੱਚ ਦੁੱਧ ਜਾਂ ਹੋਰ ਸਮੱਗਰੀ ਦੀ ਕਮੀਂ ਹੋਵੇ ਇਸ ਕਰਕੇ ਭਾਈ ਸਾਹਿਬ ਨਾ ਆਉਂਦੇ ਹੋਣ ਪਰ ਕਈ ਪਰਿਵਾਰ ਬੜੇ ਵਧੀਆ ਹਨ। ਉਹ ਇਹ ਸਭ ਕਰ ਸਕਦੇ ਹਨ ਅਤੇ ਕਰਕੇ ਖੁਸ਼ ਵੀ ਹਨ ਪਰ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ।ਇਸ ਦਾ ਕਾਰਨ ਜਾਤ –ਪਾਤ ਵੀ ਹੋ ਸਕਦਾ ਹੈ।
ਇਸੇ ਤਰ੍ਹਾਂ ਇਕ ਵਾਰ ਮੇਰੇ ਪਿੰਡ ਵਿੱਚ ਸੰਗਰਾਂਦ ਦੇ ਦਿਹਾੜੇ ਤੇ ਇੱਕ ਗੁਰਸਿੱਖ ਨੇ ਦੇਗ ਵਰਤਾਉਣੀ ਸ਼ੁਰੂ ਕੀਤੀ।ਕਈ ਔਰਤਾਂ ਨੇ ਉਸ ਤੋਂ ਦੇਗ ਨਾ ਲਈ ਅਤੇ ਹੋਰ ਸਿੰਘ ਤੋਂ ਦੇਗ ਲਈ, ਇਸ ਦਾ ਕਾਰਨ ਸਿਰਫ ਇਹੀ ਸੀ ਕਿ ਉਹ ਅੰਮ੍ਰਿਤਧਾਰੀ ਗੁਰਸਿੱਖ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਸੀ।
ਪਿੰਡ ਵਿੱਚ ਕਾਫੀ ਸਮੇਂ ਤੋਂ ਗੁਰੂ  ਘਰ ਦੀ ਕਮੇਟੀ ਕੰਮ ਕਰ ਰਹੀ ਸੀ। ਇੱਕ ਸਮੇਂ ਗੁਰੂ ਘਰ ਦੀ ਕਮੇਟੀ ਦੁਬਾਰਾ ਬਣੀ ਇਸ ਵਿੱਚ ਦਾਸ ਨੂੰ ਵੀ ਸ਼ਾਮਲ ਕਰ ਲਿਆ ਗਿਆ। ਜਿਸ ਦਾ ਕਾਫੀ ਵਿਰੋਧ ਕੀਤਾ ਗਿਆ।ਵਿਰੋਧ ਕਰਨ ਦਾ ਕਾਰਨ ਇਹੀ ਸੀ ਕਿ ਦਾਸ ਦਲਿਤ ਹੈ।ਪਰ ਪਿੰਡ ਵਿੱਚ ਹੋਰ ਕੋਈ ਦਾਸ ਨਾਲੋਂ ਜ਼ਿਆਦਾ ਪੜਿਆ ਲਿਖਿਆ ਨਾ ਹੋਣ ਕਰਕੇ ਬਾਕੀ ਸੇਵਾਦਾਰਾਂ ਵੱਲੋਂ ਜ਼ਿਆਦਾ ਜੋਰ ਪਾਉਣ ਤੇ ਦਾਸ ਨੇ ਇਹ ਸੇਵਾ ਸਵੀਕਾਰ ਕਰ ਲਈ ਕਿ ਗੁਰੂ ਘਰ ਦਾ ਸਾਰਾ ਹਿਸਾਬ ਕਿਤਾਬ ਮੈਂ ਦੇਖ ਲਿਆ ਕਰਾਂਗਾ। ਪਰ ਵਿਰੋਧ ਨੂੰ ਦੇਖਦੇ ਹੋਏ  ਅਤੇ ਸਰਕਾਰੀ ਮੁਲਾਜ਼ਮ ਹੋਣ ਕਰਕੇ ਦਾਸ ਕਿਸੇ ਕਿਸਮ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਪਰ ਹੋਰ ਕਮੇਟੀਂ ਮੈਬਰਾਂ ਨੇ ਦਾਸ ਦਾ ਸਾਥ ਦਿੱਤਾ ਅਤੇ ਉਹਨਾਂ ਨੇ ਦਾਸ ਨੂੰ ਕਿਸੇ ਵੀ ਹਾਲਤ ਵਿੱਚ ਕਮੇਟੀ ਛੱਡਣ ਨਾ ਦਿੱਤੀ। ਜਦੋਂ ਕੁੱਝ ਸਮਾਂ ਲੰਘਿਆ ਤਾਂ ਦਾਸ ਨੇ ਹਰ ਮਹੀਨੇ ਗੁਰੂ ਘਰ ਦਾ ਜੋ ਵੀ ਹਿਸਾਬ ਕਿਤਾਬ ਹੁੰਦਾ ਉਹ ਸਪੀਕਰ ਵਿੱਚ ਬੋਲ ਦਿੱਤਾ ਜਾਂਦਾ ਅਤੇ ਉਸ ਦੀ ਇੱਕ ਕੰਪਿਊਟਰਾਈਜ਼ਡ ਲਿਸਟ ਗੁਰੂ ਘਰ ਦੇ ਨੋਟਿਸ ਬੋਰਡ ਤੇ ਲਗਾ ਦਿੱਤੀ ਜਾਂਦੀ । ਜਿਸ ਦਾ ਵੀ ਕਾਫੀ ਵਿਰੋਧ ਕੀਤਾ ਗਿਆ ਕਿਉਂ ਜੋ ਜ਼ਿਆਦਾ ਵਿਰੋਧ ਕਰਦੇ ਸਨ ਉਹ ਪਹਿਲਾਂ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਜ਼ ਸਨ ਉਹਨਾਂ ਕਦੇ ਵੀ ਕੋਈ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਨਹੀਂ ਸੀ ਦਿੱਤਾ। ਇਸ ਲਈ ਉਹਨਾਂ ਨੂੰ ਇਹ ਸਭ ਮਨਜ਼ੂਰ ਨਹੀਂ ਸੀ । ਉਹਨਾਂ ਨੇ ਦਾਸ ਦਾ ਅੰਦਰ ਖਾਤੇ ਵਿਰੋਧ ਕਰਕੇ ਦਾਸ ਨੂੰ ਆਪਣੇ ਹੀ ਭਾਈਚਾਰੇ ਵਿੱਚ ਕਈ ਵਾਰ ਲੜਾਉਣ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਦਾਸ ਨੂੰ ਸਭ ਪਤਾ ਹੋਣ ਕਰਕੇ ਦਾਸ ਕਿਸੇ ਵੀ ਇਸ ਤਰ੍ਹਾਂ ਦੀ ਉਲ਼ਝਣ ਤਾਣੀ ਵਿੱਚ ਨਹੀਂ ਉਲਝਿਆ ਸਗੋਂ ਆਪਣੇ ਭਾਈਚਾਰੇ ਨੂੰ ਸਭ ਸਮਝਾਉਂਦਾ ਰਿਹਾ ਕਿ ਕਿਸ ਤਰ੍ਹਾਂ ਅਸੀਂ ਜਾਤੀਵਾਦ ਦਾ ਸ਼ਿਕਾਰ ਹੋ ਰਹੇ ਹਾਂ ਤੇ ਕੁੱਝ ਲੋਕ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਅਤੇ ਆਪਣਾ ਉੱਲੂ ਸਿੱਧਾ ਕਰਨ ਲਈ ਸਾਨੂੰ ਆਪਸ ਵਿੱਚ ਉਲਝਾਈ ਰੱਖਣਾ ਚਾਹੁੰਦੇ ਹਨ।ਇਸ ਤਰ੍ਹਾਂ ਦਾਸ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਦਾ ਰਿਹਾ ਅਤੇ ਗੁਰੂ ਘਰ ਦੇ ਕਾਫੀ ਕੰਮ ਹੋ ਗਏ ਜਿਸ ਵਿੱਚ ਗੁਰੂ ਘਰ ਦੀ ਉਸਾਰੀ ਗੁਰੂ ਘਰ ਵਿੱਚ ਪੱਥਰ ਦੀ ਸੇਵਾ ਆਦਿ।
ਇੱਕ ਦਿਨ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆ ਦੂਸਰੇ ਨਗਰ ਤੋਂ ਨਗਰ ਕੀਰਤਨ ਸਾਡੇ ਨਗਰ ਵਿਖੇ ਆਇਆ ਗੁਰੂ ਘਰ ਦੀ ਸਾਰੀ ਕਮੇਟੀ ਨਾਲ ਸਲਾਹ ਇਹ ਫੈਸਲਾ ਹੋਇਆ ਕਿ ਇਸ ਵਾਰ ਨਗਰ ਕੀਰਤਨ ਦਾ ਠਹਿਰਾਉ ਪੜਾਅ ਦਲਿਤ ਧਰਮਸ਼ਾਲਾ ਵਿਖੇ ਹੀ ਕੀਤਾ ਜਾਵੇਗਾ ਜਿੱਥੇ ਕਿ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖ ਸ੍ਰੀ ਆਖੰਡ ਪਾਠ ਵੀ ਉਸੇ ਦਿਨ ਹੀ ਪ੍ਰਗਾਸ ਹੋਣੇ ਸਨ। ਇਸ ਗੱਲ ਦੀ ਦਾਸ ਨੂੰ ਬੜੀ ਖੁਸ਼ੀ ਹੋਈ ਕਿ ਹੁਣ ਇਹ ਜਾਤ –ਪਾਤ ਦਾ ਬੋਲ ਬਾਲਾ ਘਟ ਰਿਹਾ ਹੈ। ਇਸ ਲਈ ਦਲਿਤ ਕਮੇਟੀ ਨੇ ਪੂਰੇ ਜੋਰ ਸ਼ੋਰ ਨਾਲ ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ।ਨਗਰ ਕੀਰਤਨ ਦੇ ਸਵਾਗਤ ਲਈ ਦਲਿਤ ਧਰਮਸ਼ਾਲਾ ਵਿੱਚ ਸਿਰਫ ਦੋ ਹੀ ਗੁਰੂ ਘਰ ਦੀ ਕਮੇਟੀ ਦੇ ਅਹੁਦੇਦਾਰ ਪਹੁੰਚੇ ਬਾਕੀ ਕੋਈ ਵੀ ਨਾ ਆਇਆ। ਨਗਰ ਕੀਰਤਨ ਦੀ ਸੇਵਾ ਲਈ ਚਾਹ ਪਕੋੜਿਆਂ ਦਾ ਲੰਗਰ ਲਗਾਇਆ ਗਿਆ।ਕਾਫੀ ਲੋਕ ਪਿੰਡ ਵਿੱਚੋਂ ਆਏ ਪਰ ਜੋ ਕੱਟੜ ਜਾਤੀਵਾਦੀ ਸਨਆਪਣੇ ਆਪ ਨੂੰ ਉੱਚਾ ਸਮਝਦੇ ਸਨ ਜਾਂ ਦਲਿਤ ਧਰਮਸ਼ਾਲਾ ਵਿੱਚ ਆਉਣ ਨੂੰ ਆਪਣੀ ਹੇਠੀ ਸਮਝਦੇ ਸਨ ਉਹਨਾਂ ਨੇ ਉੱਥੇ ਆਉਣਾ ਚੰਗਾ ਨਾ ਸਮਝਿਆ । ਜੋ ਆਏ ਉਹਨਾਂ ਨੂੰ ਵਾਰ ਵਾਰ ਬੇਨਤੀ ਕੀਤੀ ਗਈ ਕਿ ਭਾਈ ਧਰਮਸ਼ਾਲਾ ਵਿਖੇ ਲੰਗਰ ਛਕ ਕੇ ਜਾਣਾ ਪਰ ਕੋਈ ਨਾ ਰੁਕਿਆ ਜੋ ਰੁਕਣਾ ਚਾਹੁੰਦੇ ਸਨ ਉਹਨਾਂ ਨੂੰ ਹੋ ਸਕਦਾ ਦੂਜਿਆਂ ਨੇ ਰੁਕਣ ਨਾ ਦਿੱਤਾ ਹੋਵੇ ਕਿ ਦਲਿਤਾਂ ਦੀ ਧਰਮਸ਼ਾਲਾ ਵਿੱਚ ਬੈਠ ਕਿ ਆਪਾਂ ਲੰਗਰ ਛਕਦੇ ਚੰਗੇ ਲਗਦੇ ਆਂ। ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਭੋਗ ਪਾਏ ਗਏ ਜੋ ਸਾਰੇ ਨਗਰ ਦੇ ਸਹਿਯੋਗ ਨਾਲ ਮਨਾਇਆ ਗਿਆ ਸੀ।ਉਸ ਵਕਤ ਵੀ ਕੋਈ ਜ਼ਿਆਦਾ ਲੋਕ ਪਿੰਡ ਵਿੱਚੋਂ ਨਹੀਂ ਆਏ ਸਿਰਫ ਦੋ ਚਾਰ ਪਰਿਵਾਰਾਂ ਦੇ ਘਰਾਂ ਵਿੱਚ ਜਿਹੜੇ ਚੰਗੀ ਸੋਚ ਦੇ ਮਾਲਕ ਸਨ ਮੱਥਾ ਟੇਕਣ ਆਏ। ਲੰਗਰ ਪਾਣੀ ਤਿਆਰ ਕੀਤਾ ਗਿਆ। ਸਿਰਫ ਛਕਣ ਵਾਲੇ ਦਲਿਤ ਲੋਕ ਹੀ ਸਨ ।ਇਹ ਸਭ ਚਲਦਾ ਤਾਂ ਪਤਾ ਨਹੀਂ ਕਦੋ ਤੋਂ ਆ ਰਿਹਾ ਹੈ ਪਰ ਇਸ ਵਾਰ ਜੋ ਮਹਿਸੂਸ ਕੀਤਾ ਗਿਆ ਉਸ ਨੇ ਕਾਲਜ਼ੇ ਨੂੰ ਇੱਕ ਚੀਸ ਜਿਹੀ ਪਾ ਦਿੱਤੀ । ਕਿ ਜਿਹਨਾਂ ਘਰਾਂ ਵਿੱਚ ਜਦੋਂ ਇਹੀ ਦਲਿਤ ਲੋਕ ਕੰਮ ਕਰਨ ਜਾਂਦੇ ਹਨ ਤਾਂ ਉਹਨਾਂ ਤੋ ਚੁੱਲ੍ਹੇ ਤੋਂ ਲੈ ਕੇ ਘਰ ਦੀ ਸਫ਼ਾਈ ਤੱਕ ਕਰਵਾ ਲਈ ਜਾਂਦੀ ਹੈ ਵੋਟਾਂ ਵੇਲੇ ਇਹਨਾਂ ਦੇ ਘਰਾਂ ਵਿੱਚ ਇਹੀ ਲੋਕ ਡੇਰੇ ਲਾਈ ਰੱਖਦੇ ਹਨ।ਜਦੋਂ ਇਹਨਾਂ ਦੇ ਕਿਸੇ ਸਾਂਝੇ ਪ੍ਰੋਗਰਾਮ ਵਿੱਚ ਆਉਣਾ ਪੈ ਜਾਵੇ ਤਾਂ ਜਾਤੀਵਾਦ ਭਾਰੂ ਹੋ ਜਾਂਦਾ ਹੈ । ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਹੁਣ ਤਾਂ ਸਭ ਨੂੰ ਆਪਣੇ ਆਪ ਨੂੰ ਸਾਫ ਸੁਥਰਾ ਰੱਖਣ ਦੀ ਕਾਫੀ ਹੱਦ ਤੱਕ ਸੋਝੀ ਆ ਗਈ, ਘਰੋਂ ਬਾਹਰ ਨਿਕਲ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪਤਾ ਹੀ ਨਹੀਂ ਲਗਦਾ ਕਿ ਕੋਣ ਦਲਿਤ ਹੈ, ਕੋਣ ਕੀ ਹੈ। ਜੇਕਰ ਉਹ ਆਪਣੇ ਆਪ ਨਾਂ ਦੱਸਣ ਜਾਂ ਆਪਣਾ ਸਰਟੀਫਿਕੇਟ ਨਾ ਪੇਸ਼ ਕਰਨ।ਹੁਣ ਤਾਂ ਭਲਾ ਹੋਵੇ ਸਰਕਾਰਾਂ ਦਾ ਜਿੰਨਾਂ ਨੇ ਦਲਿਤ ਲੋਕਾਂ ਨੂੰ ਉੱਪਰ ਚੁੱਕਣ ਲਈ ਪੜ੍ਹਾਈ ਇੱਕ ਅਜਿਹਾ ਨੁਕਤਾ ਦਿੱਤਾ ਜਿਸ ਨੂੰ ਲੈ ਕੇ ਡਾ. ਭੀਮ ਰਾਉ ਅੰਬੇਦਰ ਜਿਹੇ ਯੁੱਗ ਪੁਰਸ਼ ਨੇ ਇੱਕ ਤਰ੍ਹਾਂ ਦਾ ਯੁਗ ਪਲਟਾ ਹੀ ਕਰ ਦਿੱਤਾ, ਪਰ ਅਜੇ ਵੀ ਡਾ. ਸਾਹਿਬ ਦੀ ਸੋਚ ਤੇ ਪਹਿਰਾ ਦੇਣ ਦੀ ਬਹੁਤ ਜਰੂਰਤ ਹੈ ਤਾਂ ਕਿ ਇੱਕ ਨਿਰੋਏ ਸਮਾਜ ਦੀ ਸਿਰਜਣਾ ਹੋ ਸਕੇ ਜਿਸ ਵਿੱਚ ਦਲਿਤ ਕੋਈ ਨਾ ਹੋਵੇ ਸਭ ਦੇਸ਼ ਦੀ ਅਨੇਕਤਾ ਅਤੇ ਆਖੰਡਤਾ ਲਈ ਕਰਮ ਕਰਨ।