ਸੱਜਣਾਂ ਨਾਲ ਬਿਤਾਈਆਂ ਘੜੀਆਂ।
ਭੁੱਲਦੀਆਂ ਨਹੀਂ ਭੁਲਾਈਆਂ ਘੜੀਆ।
ਚੰਨ ਮੁਖੜੇ ਤੇ ਚੁੰਨੀ ਫ਼ੱਬਦੀ,
ਹੁਸਨ ਤੇ ਨੂਰ ਲਿਆਈਆਂ ਘੜੀਆਂ।
ਸੱਜਣਾ ਦੇ ਤੁਰ ਜਾਣ ਵਾਲੀਆਂ,
ਰੱਬਾ ਕਿਉਂ ਬਣਾਈਆਂ ਘੜੀਆਂ।
ਕੀ ਖੱਟਣਗੇ ਜਗ ਚੋਂ ਜਿੰਨਾਂ ਨੇ,
ਵਿਹਲੇ ਬੈਠ ਗੁਆਈਆਂ ਘੜੀਆਂ।
ਦਿਨੇ ਚੈਨ ਨਾ ਰਾਤੀਂ ਨੀਂਦਰ,
ਉਡੀਕਾਂ ਵਿਚ ਲੰਘਾਈਆਂ ਘੜੀਆਂ।
ਕੀ ਹੈ ਵਕਤ ਉਹ ਵਕਤ ਪੁੱਛਦੇੈ,
ਗੁੱਟ ਤੇ ਜਿੰਨ੍ਹਾਂ ਸਜਾਈਆਂ ਘੜੀਆਂ।
ਵਿਛੜੇ ਸੱਜਣ ਮਿਲੇ ਸਬੱਬੀਂ,
ਖੁਸ਼ੀਆਂ ਮੋੜ ਲਿਆਈਆਂ ਘੜੀਆਂ।
"ਸੂਫੀ" ਦੇ ਜੋ ਨਾਲ ਬਿਤਾਈਆਂ,
ਮੁੜ-ਮੁੜ ਚੇਤੇ ਆਈਆਂ ਘੜੀਆਂ।