ਜਾਲਮਾਂ ਨੇ ਯੋਧਿਆਂ ਦੇ ਨਾਂ ਧਰੇ।
ਅੱਤਵਾਦੀ, ਵੱਖਵਾਦੀ, ਸਿਰ ਫਿਰੇ।
ਬਸਤੀਆਂ ਢਾ੍ਹ ਕੇ ਉਸਾਰੇ ਬੰਗਲੇ,
ਬਸਤੀਆਂ ਦੇ ਵਾਸੀ ਕੀਤੇ ਬੇ-ਘਰੇ।
ਡੁੱਬ ਚੱਲੀ ਹੈ ਜਵਾਨੀ ਕੁਝ ਕਰੋ,
ਲੋਚਦੇ ਹੋ ਕਿਉ ਪਰਾਏ ਅਸਰੇ।
ਤੰਦ ਨਹੀ ਉਲਝੀ ਹੈ ਤਾਣੀ ਦੋਸਤੋ,
ਸੌਖਿਆ ਹੀ ਲੱਭਣੇ ਨਾ ਹੁਣ ਸਿਰੇ।
ਆਸ ਰੱਖਾਂ ਕਿਸ ਤਰਾਂ ਇਨਸਾਫ ਦੀ,
ਸਾਜਿਸੀ ਲੋਕਾਂ 'ਚ ਹਨ ਮੁਨਸਿਫ ਘਿਰੇ।
ਰਾਜ ਕਰਤਾ ,ਮੰਤਰੀ ਤੇ ਸੰਤਰੀ ,
ਸਭ ਲੁਕਾਈ ਵਾਸਤੇ ਹਨ ਓਪਰੇ ।
ਹੌਸਲੇ ਬਿਨ 'ਪ੍ਰੀਤ' ਵਰਤੇ ਜਾਣ ਨਾ,
ਕੰਮ ਸ਼ਸ਼ਤਰ ਆਉਣ ਨਾ ਤਿੱਖੇ ਕਰੇ ।