ਜੇਕਰ ਜੱਗ ਨੂੰ ਤੂੰ ਰੱਬ ਦੀ ਸੰਤਾਨ ਕਹਿਨਾ ਏਂ ।
ਕਾਹਤੋਂ ਬੰਦਿਆ ਫਿਰ ਨਫਰਤਾਂ ਦਾ ਨਾਮ ਲੈਨਾ ਏਂ ।।
ਹੁੰਦਾ ਧਰਮ ਤਾ ਇੱਕੋ ਹੀ ਹੈ ਸਾਰੀ ਲੁਕਾਈ ਦਾ,
ਫਿਰ ਕਿਓਂ ਜਾਤ,ਨਸਲ,ਵਰਗ,ਮਜਹਬ ਥ੍ਹਾਮ ਲੈਨਾ ਏ ।।
ਖੁਦਾ ਨੂੰ ਆਖਕੇ ਅਕਬਰ ਉਸੇ ਦੇ ਨਾਮ ਦੇ ਥੱਲੇ,
ਉਸੇ ਦੇ ਬੱਚਿਆਂ ਦਾ ਕਰ ਦਿਓ ਕਤਲਿਆਮ ਕਹਿਨਾ ਏਂ ।।
ਉਹ ਤਾਂ ਇੱਕ ਹੀ ਸ਼ਕਤੀ ਜੀਹਨੇ ਬ੍ਰਹਿਮੰਡ ਰਚਿਆ ਹੈ,
ਜਿਸਨੂੰ ਗੌਡ,ਅੱਲਾ, ਰੱਬ ਤੇ ਭਗਵਾਨ ਕਹਿਨਾ ਏਂ ।।
ਭਾਵੇਂ ਜੀ ਰਿਹੈਂ ਵੱਖ ਵੱਖ ਮਗਰ ਵਿੱਚ ਜਾਨ ਇੱਕੋ ਹੈ,
ਖਲਕਤ ਜੋੜਕੇ ਸਾਰੀ ਇੱਕੋ ਇਨਸਾਨ ਰਹਿਨਾ ਏਂ ।।
ਜਿਵੇਂ ਰੱਬ ਇੱਕੋ ਹੈ ਤਿਵੇਂ ਵਿੱਚ ਆਤਮਾ ਇੱਕੋ,
ਜਿਸਨੂੰ ਅਗਿਆਨਤਾ ਰਾਹੀਂ ਤੂੰ ਵੱਖਰੀ ਜਾਣ ਲੈਨਾ ਏ।।
ਇੱਕੋ ਊਰਜਾ ਖਿੰਡਦੀ ਤੇ ਆਖਿਰ ਇੱਕ ਹੋ ਜਾਂਦੀ,
ਦਿਮਾਗੋਂ ਸੋਚਦਾਂ ਜਦ ਵੀ ਇਹਨੂੰ ਵਿਗਿਆਨ ਕਹਿਨਾ ਏਂ।।
ਜਦ ਤੂੰ ਪਿਆਰ ਦੀ ਭਾਸ਼ਾ ਤੋਂ ਕਿਧਰੇ ਦੂਰ ਹੋ ਜਾਨਾ,
ਛੱਡਕੇ ਧਰਮ ਨੂੰ ਮਜਹਬਾਂ ਦਾ ਬੁਰਕਾ ਤਾਣ ਲੈਨਾ ਏਂ ।।
ਆਪਣੀ ਸੋਚ ਦੇ ਤੁੰ ਵੱਖੋ ਵੱਖਰੇ ਰੱਬ ਘੜ ਘੜਕੇ,
ਆਪਣੇ ਰੱਬ ਨੂੰ ਅਸਲੀ ਤੇ ਵੱਡਾ ਠਾਣ ਲੈਨਾ ਏਂ ।।
ਜਿਹੜੇ ਰਸਤਿਓਂ ਬੰਦੇ ਤੋਂ ਬੰਦਾ ਦੂਰ ਹੁੰਦਾ ਹੈ,
ਉਹਨੂੰ ਧਰਮ ਦਾ ਰਸਤਾ ਤੂੰ ਕਿੰਝ ਪਰਵਾਨ ਲੈਨਾ ਏਂ ।।
ਖੁਦਾ ਮਹਿਸੂਸ ਕਰਨਾ ਹੈ ਤਾਂ ਸਿੱਖ ਬੋਲੀ ਮੁਹੱਬਤ ਦੀ,
ਮੰਤਰ ਜੁਗਤੀਆਂ ਕਾਰਣ ਹੀ ਤੂੰ ਪਰੇਸ਼ਾਨ ਰਹਿਨਾ ਏਂ ।।
ਖੁਦਾ ਨੂੰ ਲੱਭਣੇ ਜਾਂ ਪੂਜਣੇ ਦੀ ਲੋੜ ਰਹਿਣੀ ਨਹੀਂ,
ਅਗਰ ਤੂੰ ਬੰਦਿਆਂ ਵਿੱਚ ਵਸ ਰਿਹਾ ਪਹਿਚਾਣ ਲੈਨਾ ਏਂ ।।