ਮਨ ਦੀ ਕੈਨਵਸ 'ਤੇ ਸੁੱਖਦਾਈ ਦ੍ਰਿਸ਼ ਸਿਰਜੋ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਨਸਿਕ ਤਣਾਅ ਆਧੁਨਿਕ ਯੁੱਗ ਦੀ ਦੇਣ ਹੈ।ਕੋਈ ਵਿਰਲਾ ਮਨੁੱਖ ਹੀ ਹੋਵੇਗਾ ਜੋ ਇਸ ਦੀ ਗ੍ਰਿਫ਼ਤ ਵਿੱਚ ਨਾ ਹੋਵੇ। ਤਣਾਅ ਸਾਡੀਆਂ ਖ਼ੁਸ਼ੀਆਂ ਨੂੰ ਨਿੱਗਲ ਰਿਹਾ ਹੈ ਤੇ ਸਾਡੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਹੈ।ਅੱਜ ਦੇ ਜ਼ਿਆਦਾਤਰ ਲੋਕ ਬੇਚੈਨੀ ਦੇ ਸ਼ਿਕਾਰ ਹਨ।ਬੇਚੈਨ ਵਿਅਕਤੀ ਹਮੇਸ਼ਾ ਕਾਹਲੀ 'ਚ ਹੁੰਦਾ ਹੈ, ਉਹ ਛੇਤੀ ਖਿਝ ਜਾਂਦਾ ਹੈ, ਉਸਦੀ ਸੋਚ ਨਕਾਰਾਤਮਕ ਹੋ ਜਾਂਦੀ ਹੈ।ਉਹ ਸ਼ਾਂਤ ਚਿਤ ਹੋ ਕੇ ਨਹੀਂ ਬੈਠ ਸਕਦਾ, ਨਾ ਹੀ ਕਿਸੇ ਚੀਜ਼ ਜਾਂ ਕੰਮ ਤੇ ਧਿਆਨ ਕੇਂਦਰਿਤ ਕਰ ਸਕਦਾ ਹੈ।ਅੱਜ ਦਾ ਮਨੁੱਖ ਖ਼ਪਤ ਸੱਭਿਆਚਾਰ 'ਚ ਲੁਪਤ ਹੋ ਕੇ ਆਪਣੀ ਸਾਰੀ ਉਮਰ ਦੌਲਤ ਜਾਂ ਚੀਜ਼ਾਂ ਦਾ ਢੇਰ ਵਧਾਉਣ ਲਈ ਲਾ ਦਿੰਦਾ ਹੈ। ਅੰਤ ਉਸ ਨੂੰ ਨਿਰਾਸ਼ਾ ਹੀ ਝੱਲਣੀ ਪੈਂਦੀ ਹੈ ਕਿਉਂਕਿ ਖ਼ੁਸ਼ੀ ਦਾ ਸੰਬੰਧ ਧਨ ਨਾਲ ਨਹੀਂ ਮਨ ਨਾਲ ਹੈ।
ਮੇਰਾ ਇੱਕ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਉਪਰੰਤ ਇੱਕ ਮਲਟੀ ਲੈਵਲ ਮਾਰਕਿੰਟਿਗ ਵਿੱਚ ਕੰਮ ਕਰਨ ਲੱਗ ਗਿਆ।ਉਸ ਨੇ ਪੂਰੇ ਉਤਸਾਹ ਨਾਲ ਕੰਮ ਕਰਕੇ ਵਧੀਆ ਟੀਮ ਤਿਆਰ ਕਰ ਲਈ। ਜਿਸ ਦੀ ਬਦੌਲਤ ਉਸ ਨੂੰ ਚੰਗੇ ਪੈਸੇ ਆਉਣ ਲੱਗੇ।ਸਭ ਤੋਂ ਪਹਿਲਾਂ ਉਸ ਨੇ ਪੁਰਾਣਾ ਸਕੂਟਰ ਖੂੰਜੇ ਲਾ ਕੇ ਇੱਕ ਨਵਾਂ ਮੋਟਰਸਾਇਕਲ ਖਰੀਦਿਆ।ਮੋਟਰਸਾਇਕਲ 'ਤੇ ਉਹ ਦੂਰ ਦੁਰਾਡੇ ਵੀ ਜਾਣ ਲੱਗਾ। ਜਿਵੇਂ-ਜਿਵੇਂ ਉਸਦਾ ਕੰਮ ਕਰਨ ਦਾ ਦਾਇਰਾ ਵਧਿਆ ਉਸ ਅਨੁਪਾਤ ਵਿੱਚ ਉਸਦੀ ਆਮਦਨੀ ਵਿੱਚ ਵੀ ਵਾਧਾ ਹੋਇਆ।ਉਹ ਬਹੁਤ ਖ਼ੁਸ਼ ਸੀ।ਕੁੱਝ ਮਹੀਨਿਆਂ ਬਾਅਦ ਹੀ ਉਸ ਨੇ ਸੈਂਟਰੋ ਕਾਰ ਖਰੀਦ ਲਈ।ਹੋਲੀ-ਹੋਲੀ ਉਸਦੇ ਖਰਚੇ ਵੱਧਣ ਲੱਗੇ ਤੇ ਆਮਦਨ ਸਥਿਰ ਹੋਣ ਲੱਗੀ।ਉਹ ਆਪਣੀ ਟੀਮ ਵਿੱਚ ਨਵੀਂ ਰੂਹ ਫੂਕਣਾ ਚਾਹੁੰਦਾ ਸੀ।ਇਸ ਲਈ ਉਸ ਨੇ ਕੁੱਝ ਮਹੀਨਿਆਂ ਬਾਅਦ ਛੋਟੀ ਕਾਰ ਵੇਚ ਕੇ ਕਿਸ਼ਤਾਂ 'ਤੇ ਵੱਡੀ ਕਾਰ ਲੈ ਲਈ ਤਾਂ ਕਿ ਉਸ ਦੀ ਟੀਮ ਉਸਦੀ ਪ੍ਰਾਪਤੀ ਤੋਂ ਪ੍ਰੇਰਨਾ ਲੈ ਕੇ ਵੱਧ ਕੰਮ ਕਰੇ।ਪਰ ਟੀਮ ਮੈਂਬਰਾਂ ਦੀ ਆਮਦਨੀ ਵਿੱਚ ਕੋਈ ਖਾਸ ਵਾਧਾ ਨਾ ਹੋਣ ਕਾਰਨ ਬਿਜ਼ਨਿਸ ਵਿੱਚ ਖੜੋਤ ਆਉਣੀ ਸ਼ੁਰੂ ਹੋ ਗਈ।ਆਮਦਨ ਘੱਟਣ ਤੇ ਖਰਚ ਵੱਧਣ ਕਾਰਨ ਉਸ ਨੂੰ ਗੱਡੀ ਦੀ ਕਿਸ਼ਤ ਮੋੜਨ ਦੀ ਚਿੰਤਾ ਰਹਿਣ ਲੱਗੀ।ਉਸ ਦਾ ਮਨ ਉਚਾਟ ਰਹਿਣ ਲੱਗਿਆ।ਜਦੋਂ ਵੀ ਕਿਸ਼ਤ ਮੋੜਨ ਦਾ ਖ਼ਿਆਲ ਉਸਦੇ ਦਿਮਾਗ਼ 'ਚ ਆਉਂਦਾ ਤਾਂ ਕਾਰ ਦੇ ਏ.ਸੀ. ਦੀ ਠੰਡਕ 'ਚ ਵੀ ਉਸ ਨੂੰ ਘਬਰਾਹਟ ਹੁੰਦੀ ।ਹੁਣ  ਵੱਡੀ ਕਾਰ ਵੀ ਉਸ ਨੂੰ  ਖ਼ੁਸ਼ੀ ਨਹੀਂ ਸੀ ਦੇ ਰਹੀ ਜਦੋਂ ਕਿ ਉਹ ਪਹਿਲਾਂ ਬਹੁਤ ਖ਼ੁਸ਼ ਸੀ।
ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਵੱਜੋਂ ਅਸੀਂ ਚੀਜ਼ਾਂ ਖਰੀਦਦੇ ਹਾਂ ਪਰ ਜਦੋਂ ਚੀਜ਼ਾਂ ਹੀ ਸਮੱਸਿਆਵਾਂ ਦਾ ਕਾਰਨ ਬਣਨ ਲੱਗ ਜਾਣ ਤਾਂ ਸਥਿਤੀ ਚਿੰਤਾਜਨਕ ਹੋ ਜਾਂਦੀ ਹੈ।ਆਮ ਤੌਰ 'ਤੇ ਸਾਡੀਆ ਰੀਝਾਂ ਨੂੰ ਪੂਰੀਆਂ ਕਰਨ ਲਈ ਮਨ ਭੜਕਦਾ ਰਹਿੰਦਾ ਹੈ ਪਰ ਸਾਧਨ ਸੀਮਿਤ ਹੋਣ ਕਾਰਨ ਨਿਰਾਸ਼ਾ ਹੀ ਪੱਲੇ ਪੈਂਦੀ ਹੈ।ਇਸ ਲਈ ਆਪਣੀਆ ਆਸਾਂ ਵਿਚ ਕਮੀ ਲਿਆ ਕੇ  ਜੋ ਤੁਹਾਡੇ ਕੋਲ ਹੈ ਉਸ ਵਿੱਚ ਹੀ ਖੁਸ਼ ਰਹਿਣਾ ਸਿਖੋ। ਸਰੀਰ ਨੂੰ ਸਮਰੱਥਾ ਅਨੁਸਾਰ ਸਰਗਰਮ ਰੱਖਣ ਨਾਲ ਨਾ ਸਿਰਫ਼ ਸਮਾਂ ਹੀ ਚੰਗੇ ਤਰੀਕੇ ਨਾਲ ਨਹੀਂ ਬੀਤਦਾ ਸਗੋਂ ਮਨ ਵਿੱਚ ਫ਼ਾਲਤੂ ਵਿਚਾਰ ਵੀ ਨਹੀ ਆaੁਂਦੇ।ਜਦੋਂ ਮਨੁੱਖ ਪੈਸੇ ਦਾ ਪੁੱਤ ਬਣ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਪੈਸੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਪਰ ਇਹ ਗ਼ਲਤ ਧਾਰਨਾ ਹੈ ਕਿਉਂਕਿ ਅਨੇਕਾ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਸੂਝ-ਬੂਝ ਨਾਲ ਨਿਪਟ ਸਕਦੇ ਹੋਂ। ਜਿਵੇਂ ਤਣਾਅ ਨਾਲ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਆਰਾਮ ਕਰਕੇ ਹੀ ਕੀਤਾ ਜਾ ਸਕਦਾ ਹੈ। ਪੈਸੇ ਨਾਲ ਬੈੱਡ ਤਾਂ ਖਰੀਦਿਆ ਜਾ ਸਕਦਾ ਹੈ ਪਰ ਨੀਂਦ ਜਾਂ ਆਰਾਮ ਨਹੀਂ ਖਰੀਦਿਆ ਜਾ ਸਕਦਾ।
ਆਪਣੀਆ ਸਮਰੱਥਾਵਾਂ ਤੇ ਭਰੋਸਾ ਰੱਖ ਕੇ ਆਪਣੀਆ ਸਕਾਰਾਤਮਕ ਤੇ ਨਕਾਰਾਤਮਕ ਆਦਤਾਂ ਦਾ ਮੁਲਾਂਕਣ ਕਰੋ। ਸੁਪਨਿਆਂ ਨੂੰ ਅਸਲੀਅਤ ਵਿੱਚ ਬਦਲਣ ਲਈ ਲੋੜੀਦੀ  ਯੋਗਤਾ ਹੋਣੀ ਜ਼ਰੂਰੀ ਹੈ।ਜੇ ਤੁਹਾਡੀ ਯੋਗਤਾ ਤੁਹਾਡੇ ਸੁਪਨਿਆਂ  ਨਾਲ ਮੇਲ ਨਹੀਂ ਖਾਂਦੀ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਲਾਲਚ ਵਿੱਚ ਆ ਕੇ ਇਕੋ ਵੇਲੇ ਕਈ ਕੰਮ ਕਰਨ ਨਾਲ ਤੁਹਾਡਾ ਸਰੀਰ ਥਕਾਵਟ ਨਾਲ ਨਿਢਾਲ ਹੋ ਜਾਂਦੇ ਹੋ ਤਾਂ ਇਸਦਾ ਕੋਈ ਲਾਭ ਨਹੀਂ ਹੋਵੇਗਾ।ਲੋੜਾਂ ਤਹਿ ਕਰਕੇ ਆਪਣੀਆ ਸਮਰੱਥਾਵਾਂ ਮੁਤਾਬਕ  ਕੰਮ ਕਰਨ ਨਾਲ ਤੁਸੀਂ ਆਪਣੇ ਕੰਮ ਦਾ ਅਤੇ ਅਰਾਮ ਦਾ ਆਨੰਦ ਮਾਣ ਸਕਦੇ ਹੋਂ।
ਦੂਜਿਆਂ ਦੀ ਜੀਵਨ ਸ਼ੈਲੀ ਦੇਖ ਕੇ ਦੁਖੀ ਨਾ ਹੋਵੋ ਤੇ ਨਾ ਹੀ ਫੇਸਬੁੱਕ ਤੇ ਆਪਣੇ ਦੋਸਤਾਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਦੇਖ ਕੇ ਈਰਖਾ ਕਰੋ।ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਦੋਸਤ ਅਤੇ ਪਤੀ-ਪਤਨੀ ਵਿਚਾਲੇ ਕੀ ਹੁੰਦਾ ਹੈ? ਆਪਣੇ ਜੀਵਨ ਨੂੰ ਹੋਰਾਂ ਦੇ ਜਿਉਣ ਢੰਗ ਨਾਲ ਨਾ ਦੇਖੋ।ਹਰ ਕਿਸੇ ਦਾ ਆਪਣਾ ਇਕ ਤਰੀਕਾ ਹੁੰਦਾ ਹੈ, ਜੋ ਉਸ ਲਈ ਕੰਮ ਕਰਦਾ ਹੈ, ਤੁਹਾਨੂੰ ਆਪਣਾ ਤਰੀਕਾ ਆਪ ਲੱਭਣਾ ਪਵੇਗਾ।ਇਸ ਲਈ ਤੁਸੀਂ ਉਹ ਜੀਵਨ ਜੀਵੋ ਜਿਸਦੀ ਤੁਹਾਨੂੰ ਚਾਹਤ ਹੈ।ਇਹ ਤੁਹਾਡੀ ਆਪਣੀ ਜ਼ਿੰਦਗੀ ਹੈ ਇਸ ਨੂੰ ਦੂਜਿਆਂ ਦੀਆਂ ਇੱਛਾਵਾਂ ਵਿਚ ਜਕੜਨਾ ਵੀ ਨਿਰਾਸ਼ਾ ਨੂੰ ਹੀ ਸੱਦਾ ਦਿੰਦਾ ਹੈ।ਦੂਜਿਆਂ ਤੋਂ ਵੀ ਜਿਆਦਾ ਉਮੀਦਾਂ  ਨਾ ਰੱਖੋ ਕਿਉਂਕਿ ਜਦੋਂ ਕੋਈ ਤੁਹਾਡੀ ਉਮੀਦ 'ਤੇ ਖਰਾ ਨਹੀਂ ਉਤਰਦਾ ਤਾਂ ਮਨ ਨੂੰ ਠੇਸ ਪਹੁੰਚਦੀ ਹੈ।ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੋ ਅਤੇ ਬੇਵਜ਼ਾ ਦੇ ਡਰ ਛੱਡ ਕੇ ਭਰਪੂਰ ਜ਼ਿੰਦਗੀ ਜੀਵੋ।
ਬੀਤੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਅਸੀਂ ਬਦਲ ਨਹੀਂ ਸਕਦੇ ਤੇ ਨਾ ਹੀ ਭਵਿੱਖ ਦੀ ਅਨਿਸਚਿਤਤਾ ਸਾਡੇ ਹੱਥ 'ਚ ਹੈ। ਇਸ ਲਈ ਅਤੀਤ ਦਾ ਪਛਤਾਵਾਂ ਤੇ ਭਵਿੱਖ ਦਾ ਫ਼ਿਕਰ ਛੱਡ ਕੇ ਵਰਤਮਾਨ ਸਮੇਂ ਵਿੱਚ ਖੁਸ਼ ਰਹਿਣ ਦੀ ਆਦਤ ਪਾਉ।ਜਿਹੜੇ ਡਰਾਈਵਰ ਗੱਡੀ ਦੇ ਪਿੱਛਲੇ ਦ੍ਰਿਸ਼ ਦੇਖਣ ਵਾਲੇ ਸ਼ੀਸ਼ੇ ਵਿੱਚ ਜਿਆਦਾ ਝਾਕਦੇ ਹਨ ਉਨਾਂ੍ਹ ਦੇ ਐਕਸੀਡੈਂਟ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ।ਅਕਸਰ ਹੀ ਅਸੀਂ ਅਜਿਹੀਆਂ ਘਟਨਾਵਾਂ ਬਾਰੇ ਚਿੰਤਤ ਰਹਿੰਦੇ ਹਾਂ ਜੋ ਕਦੇ ਵਾਪਰਣੀਆਂ ਹੀ ਨਹੀਂ ਹੁੰਦੀਆਂ।ਜਿਵੇਂ ਕੁੱਝ ਸਾਲ ਪਹਿਲਾਂ ਚੀਨ ਵੱਲੋਂ ਪਾਰਛੂ ਝੀਲ ਦਾ ਪਾਣੀ ਭਾਰਤ ਵੱਲ ਛੱਡਣ ਦੀਆਂ ਖਬਰਾਂ ਸਾਰੇ ਸਮਾਚਾਰ ਪੱਤਰਾਂ ਵਿਚ ਪ੍ਰਕਾਸ਼ਤ ਹੋਈਆਂ।ਪੂਰੇ ਦੇਸ ਵਿਚ ਚਰਚਾ ਸੀ ਕਿ ਇਸ ਨਾਲ ਭਾਰਤ ਦੇ ਕਈ ਹਿੱਸਿਆਂ ਵਿਚ ਹੜ੍ਹ ਨਾਲ ਭਾਰੀ ਤਬਾਹੀ ਹੋ ਜਾਵੇਗੀ।ਪਰ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ, ਸਭ ਕੁਝ ਪਹਿਲਾਂ ਵਾਂਗ ਹੀ ਰਿਹਾ।ਇਸ ਤਰ੍ਹਾਂ  ਟੀ.ਵੀ. ਚੈਨਲਾਂ ਅਤੇ ਪਰਿੰਟ ਮੀਡੀਏ ਰਾਹੀਂ ਰੌਲਾ ਪਾਇਆ ਜਾ ਰਿਹਾ  ਸੀ ਕਿ ਦਸੰਬਰ ੨੦੧੨ ਵਿਚ ਦੁਨੀਆਂ ਤਬਾਹ ਹੋ ਜਾਵੇਗੀ।ਜਿਸ ਕਰਕੇ ਕਮਜ਼ੋਰ ਮਾਨਸਿਕਤਾ ਵਾਲੇ ਵਿਅਕਤੀ ਆਪਣੇ ਜ਼ਰੂਰੀ ਕੰਮ ਵੀ ਟਾਲਦੇ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਹੁਣ ਤਾਂ ਦੁਨੀਆਂ ਤਬਾਹ ਹੀ ਹੋ ਜਾਵੇਗੀ।ਪਰ ਹੋਇਆ ਕੁੱਝ ਵੀ ਨਹੀਂ।
ਭਾਵੇਂ ਚਿੰਤਾਵਾਂ ਮਨੁੱਖ ਲਈ ਇੱਕ ਸੁਭਾਵਿਕ ਵਰਤਾਰਾ ਹਨ ਕਿਉਂਕਿ  ਉਹ ਹੱਡ-ਮਾਸ ਦਾ ਬਣਿਆ ਦਿਲ ਤੇ ਦਿਮਾਗ ਰੱਖਣ ਵਾਲਾ ਜੀਵ ਹੈ ਕੋਈ ਮਸ਼ੀਨ ਨਹੀਂ ।ਪਰ ਜਿੱਥੋਂ ਤੱਕ ਹੋ ਸਕੇ ਡਰ ਅਤੇ ਚਿੰਤਾਵਾ ਉੱਪਰ ਕਾਬੂ ਪਾ ਕੇ ਖੁਸ਼ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ।ਆਪਣੇ ਨਜ਼ਰੀਏ ਨੂੰ ਬਦਲ ਕੇ ਤੁਸੀਂ ਖ਼ੁਸ਼ ਰਹਿ ਸਕਦੇ ਹੋ।ਜੇ ਬਾਹਰ ਮੀਂਹ ਪੈ ਰਿਹਾ ਹੈ ਤੇ ਤੁਸੀਂ ਬਾਹਰ ਕਿਸੇ ਜ਼ਰੂਰੀ ਕੰਮ ਜਾਣਾ ਹੈ, ਤਾਂ ਦੁਖੀ ਨਾ ਹੋਵੋਂ ਕਿaੁਂਕਿ ਤੁਹਾਡੇ ਦੁਖੀ ਹੋਣ ਨਾਲ ਮੀਂਹ ਰੁਕਣ ਨਹੀਂ ਲੱਗਾ।ਪਰ ਤੁਹਾਡੇ ਕੋਲ ਇੱਕ ਹੋਰ ਬਦਲ ਹੈ ਕਿ ਤੁਸੀਂ ਛੱਤਰੀ ਲੈ ਕੇ ਆਪਣੇ ਕੰਮ ਲਈ ਬਾਹਰ ਜਾ ਸਕਦੇ ਹੋ।
ਜੇ ਤੁਸੀਂ ਜ਼ਿੰਦਗੀ  ਤੋਂ ਉਕਤਾ ਗਏ ਹੋਂ ਤਾਂ ਤੁਹਾਨੂੰ ਜੀਵਨ ਸ਼ੈਲੀ ਵਿੱਚ ਬਦਲਾਵ ਲਿਆਉਣ ਦੀ ਜ਼ਰੂਰਤ ਹੈ।ਤੁਸੀਂ ਦੂਜਿਆਂ ਨੂੰ ਬਦਲ ਨਹੀਂ ਸਕਦੇ ਸਿਰਫ ਸਲਾਹ ਦੇ ਸਕਦੇ ਹੋ। ਪਰ ਸਹੀ ਦਿਸ਼ਾ ਵਿੱਚ ਊਰਜਾ ਲਾ ਕੇ ਤੁਸੀਂ ਦੂਜਿਆਂ ਲਈ ਉਦਾਹਰਣ ਬਣ ਸਕਦੇ ਹੋਂ। ਆਪਣੇ ਕੰਮ ਦੇ ਬੋਝ ਨੂੰ ਘਟਾ ਕੇ ਵਿਹਲੇ ਸਮੇਂ ਵਿਚ ਮਨ ਦੀ ਕੈਨਵਸ 'ਤੇ ਸੁਖਦਾਈ ਦ੍ਰਿਸ਼ ਸਿਰਜੋ।ਅਜਿਹੇ ਪਲਾਂ ਨੂੰ ਯਾਦ ਕਰੋ ਜਿਨ੍ਹਾਂ ਨਾਲ ਤੁਹਾਡੇ ਮਨ ਨੂੰ ਸਕੂਨ ਮਿਲੇ।ਇਹ ਪਲ ਤੁਹਾਡੇ ਸਕੂਲ, ਕਾਲਜ 'ਚੋਂ ਫ਼ਸਟ ਆਉਣ, ਤੁਹਾਡੇ ਵਿਆਹ ਨਾਲ, ਪ੍ਰੇਮਿਕਾ ਨਾਲ ਘੁੰਮਣ, ਪਹਿਲੀ ਵਾਰ ਮੁੱਖ ਮਹਿਮਾਨ ਬਣਨਾ, ਨੌਕਰੀ ਪ੍ਰਾਪਤ ਕਰਨ ਆਦਿ ਨਾਲ ਸੰਬੰਧਤ ਹੋ ਸਕਦੇ ਹਨ।ਜਦੋਂ ਤੁਸੀਂ ਇਕਾਗਰ ਮਨ ਨਾਲ ਕਿਸੇ ਰੋਮਾਂਚਿਤ ਘਟਨਾ ਨੂੰ ਯਾਦ ਕਰਦੇ ਹੋ ਤਾਂ ਕਾਲਪਨਿਕ ਸ਼ਕਤੀ ਨਾਲ ਫਿਰ ਉਸੇ ਮਾਹੌਲ ਵਿਚ ਰੰਗੇ ਜਾਂਦੇ ਹੋ ਤੇ ਤੁਹਾਡੀ ਜ਼ਿੰਦਗੀ ਵਿਚ ਰੰਗਤ ਆ ਜਾਂਦੀ ਹੈ।
ਇੱਕ ਦਿਨ ਮਨੋਵਿਗਿਆਨ ਦਾ ਪ੍ਰੋਫੈਸਰ ਵਿਦਿਆਰਥੀਆਂ ਨੂੰ ਲੈਕਚਰ ਦੇ ਰਿਹਾ ਸੀ।ਲੈਕਚਰ ਦਾ ਵਿਸ਼ਾ ਸੀ ਕਿ ਆਧੁਨਿਕ ਯੁੱਗ ਵਿੱਚ ਤਣਾਅ ਦਾ ਟਾਕਰਾ ਕਿਵੇਂ ਕਰੀਏ।ਲੈਕਚਰ ਦੋਰਾਨ ਉਸ ਨੇ ਅੱਧੇ ਭਰੇ ਪਾਣੀ ਦੇ ਗਲਾਸ ਨੂੰ ਹੱਥ ਵਿੱਚ ਫੜ ਕੇ ਤੇ ਹੱਥ ਉਪਰ ਨੂੰ ਚੁੱਕ ਕੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਜੇ ਮੈਂ ਇਹ ਗਲਾਸ ਪੰਜ ਮਿੰਟ ਇਸ ਤਰਾਂ੍ਹ ਹੀ ਰੱਖਾ ਤਾਂ ਕੀ ਹੋਵੇਗਾ ?
"ਸਰ ਕੁੱਝ ਵੀ ਨਹੀ" ਵਿਦਿਆਰਥੀਆਂ ਨੇ ਉੱਤਰ ਦਿੱਤਾ।
ਬਿਲਕੁਲ ਠੀਕ ਫਿਰ ਉਸ ਨੇ ਦੂਜਾ ਸਵਾਲ ਕੀਤਾ ਕਿ ਜੇ ਮੈਂ ਇੱਕ ਘੰਟਾ ਗਿਲਾਸ ਨੂੰ ਇਸੇ ਤਰਾਂ੍ਹ  ਹੀ ਹੱਥ ਵਿੱਚ ਫੜੀ ਰੱਖਾ ਤਾਂ ਕੀ ਹੋਵੇਗਾ ?
" ਸਰ ਤੁਹਾਡੇ ਹੱਥ ਅਤੇ ਬਾਹ ਵਿੱਚ ਦਰਦ ਹੋਣ ਲੱਗ ਪਵੇਗਾ ''
ਤੁਸੀਂ ਠੀਕ ਅੰਦਾਜਾ ਲਗਾ ਰਹੇ ਹੋ।ਜੇ ਮੈਂ ਸਾਰਾ ਦਿਨ ਹੀ ਗਿਲਾਸ ਨੂੰ ਇਸੇ ਤਰਾਂ ਫੜੀ ਰੱਖਾ ?
ਇੱਕ ਬੱਚਾ ਉਠ ਕੇ ਸ਼ਰਾਰਤੀ ਅੰਦਾਜ 'ਚ ਕਹਿਣ ਲੱਗਾ ਸਰ ਤੁਹਾਡੀ ਬਾਹ ਸੁੰਨ ਹੋ ਜਾਵੇਗੀ।ਤੁਹਾਡੀ  ਬਾਂਹ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਪੈ ਸਕਦੀ ਹੈ ਤੇ ਤੁਸੀਂ ਬੇਹੋਸ਼ ਵੀ ਹੋ ਸਕਦੇ ਹੋਂ।ਇਹ ਸੁਣ ਕੇ ਸਾਰੇ ਵਿਦਿਆਰਥੀ ਹੱਸਣ ਲੱਗੇ ।
ਤੁਸੀਂ ਸਹੀ ਕਿਹਾ, ਕੀ ਇਸ ਪ੍ਰਕਿਆਿ ਦੋਰਾਨ ਗਿਲਾਸ ਵਿੱਚ ਪਾਣੀ ਕੁੱਝ ਵਧਿਆ ਜਾਂ ਘਟਿਆ ਹੈ?
ਸਾਰੇ ਕਹਿਣ ਲੱਗੇ  "ਨਹੀਂ"
ਪ੍ਰੋਫੈਸਰ ਸਾਹਿਬ ਨੇ ਵਿਦਿਆਰਥੀਆਂ ਨੂੰ ਸਵਾਲ ਕੀਤਾ, "ਤਾਂ ਮੇਰੀ ਬਾਂਹ ਵਿੱਚ ਦਰਦ ਕਿਉਂ ਹੋਇਆ"? 
ਮੈਨੂੰ ਬਾਂਹ ਦੇ ਦਰਦ ਤੋਂ ਬਚਣ ਲਈ ਕੀ ਕਰਨਾ ਪਵੇਗਾ?
"ਸਰ ਗਿਲਾਸ ਨੂੰ ਹੇਠਾਂ ਰੱਖਣਾ ਪਵੇਗਾ"
"ਬਿਲਕੁਲ ਠੀਕ, ਸਾਡੀ ਜ਼ਿੰਦਗੀ ਵਿੱਚ ਚਿੰਤਾਵਾਂ ਵੀ ਇਸ ਤਰਾਂ੍ਹ ਹੀ ਹੁੰਦੀਆਂ ਹਨ ਭਾਵੇਂ ਉਹ ਕਿਸੇ ਵੀ ਖੇਤਰ ਨਾਲ ਜੁੜੀਆਂ ਹੋਣ।ਚਿੰਤਾਵਾਂ ਨੂੰ ਥੋੜੀ ਦੇਰ ਆਪਣੇ ਦਿਮਾਗ਼ ਦੀ ਗ੍ਰਿਫਤ ਵਿੱਚ ਰੱਖਣਾ ਤਾਂ ਠੀਕ ਹੈ ਪਰ ਲੰਮੇ ਸਮੇਂ ਤੱਕ ਰੱਖਣ ਨਾਲ ਦਿਮਾਗ਼ ਚਿੰਤਾਵਾਂ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ।
ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਅਤੇ ਸਮੱਸਿਅਵਾਂ ਬਾਰੇ ਸੋਚਣਾ ਤਾਂ ਠੀਕ ਹੈ ਪਰ ਬਹੁਤ ਜਿਆਦਾ ਸੋਚਣਾ ਠੀਕ ਨਹੀਂ ਕਿਉਂਕਿ ਹਰ ਸਮੇਂ ਸਮੱਸਿਆਵਾਂ ਨੂੰ ਦਿਮਾਗ਼ ਵਿੱਚ ਰੱਖ ਕੇ ਖ਼ੁਸ਼ ਰਹਿਣਾ ਸੰਭਵ ਨਹੀਂ।ਖੁਸ਼ ਰਹਿਣਾ ਇੱਕ ਮਾਨਸਿਕ ਅਵਸਥਾ ਹੀ ਹੈ।ਜੇ ਤੁਸੀਂ ਖ਼ੁਸ਼ ਰਹਿਣ ਦੀ ਅਵਸਥਾ ਮਨ ਵਿੱਚ ਧਾਰ ਲਵੋਂ ਤਾਂ ਤੁਹਾਨੂੰ ਕੋਈ ਵੀ ਬਾਹਰੀ ਤਾਕਤ  ਦੁੱਖੀ ਨਹੀਂ ਕਰ ਸਕਦੀ ।