ਸਖੀਰਾ (ਕਹਾਣੀ)

ਚਰਨਜੀਤ ਪਨੂੰ    

Email: pannucs@yahoo.com
Phone: +1 408 365 8182
Address:
California United States
ਚਰਨਜੀਤ ਪਨੂੰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੌੜਦੇ ਦੌੜਦੇ ਹਫਿਆ ਪਿਆ ਸਾਂ। ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। 
'ਇੱਕ ਟਿਕਟ...ਸ਼...ਸ਼....ਸਖੀਰਾ....।' 
ਸਟੇਸ਼ਨ 'ਤੇ ਖੜੀ ਗੱਡੀ ਵਿਸਲਾਂ ਮਾਰਦੀ ਸੁਣ ਕੇ ਘੜੀ ਵੱਲ ਝਾਤੀ ਮਾਰਦੇ ਮੈਂ ਮੂਲੋਂ ਹੀ ਘਬਰਾ ਗਿਆ ਸਾਂ ਕਿਤੇ ਗੱਡੀ ਨਾ ਨਿਕਲ ਜਾਏ। 
'ਸਖੀਰਾ?....ਕੌਣ ਸਖੀਰਾ! ਕਿਹੜਾ ਸਖੀਰਾ?' ਮੇਰੀ ਘਬਰਾਹਟ ਭਾਂਪਦੇ ਹੋਏ ਟਿਕਟ-ਖਿੜਕੀ ਦੇ ਅੰਦਰ ਬੈਠੀ ਬੀਬੀ ਦੇ ਭਰਵੱਟੇ ਫਰਕੇ ਤੇ ਬੁੱਲ੍ਹ ਹਿੱਲੇ। 
ਉਸ ਨੇ ਮੇਰਾ ਪੰਜਾਹ ਦਾ ਨੋਟ ਹੱਥ 'ਚ ਪਲੋਸਦੇ ਮੇਜ਼ ਦੇ ਖ਼ਾਨੇ 'ਚ ਰੱਖਦੇ ਫਿਰ ਸੁਆਲ ਕੀਤਾ। 
'ਕਿਹੜਾ ਸਖੀਰਾ ਭਾਅ ਜੀ!... ਕਿੱਥੇ ਜਾਣਾ?' 
'ਜੀ...ਜੀ... ਸਖੀਰਾ...ਮੇਰਾ...ਸਖ਼ੀਰਾ ਪਿੰਡ।' 
ਇਕ ਪਾਸੇ ਮੇਰਾ ਗੱਡੀ ਖੁੰਝਣ ਦਾ ਭੈ ਤੇ ਦੂਸਰਾ ਮੇਰੇ ਨੋਟ ਦਾ ਬੌਣੇ ਹੋ ਜਾਣ ਦਾ ਖਦਸ਼ਾ ਮੇਰੀ ਘਬਰਾਹਟ ਨੂੰ ਹੋਰ ਗੂੜ੍ਹਾ ਕਰ ਗਿਆ, ਮਾਨੋ ਹੁਣੇ ਹੀ ਇਹ ਬੀਬੀ ਮੇਰਾ ਪੰਜਾਹ ਦਾ ਨੋਟ ਥੱਲੇ ਰੱਖ ਕੇ ਦਸ ਦਾ ਨੋਟ ਪਲੋਸਦੀ ਬਾਹਰ ਕੱਢੇਗੀ ਤੇ ਕਹੇਗੀ, 'ਪੰਦਰਾਂ ਰੁਪੇ ਲਗਦੇ ਨੇ ਅੰਕਲ ਜੀ... ਬਾਕੀ ਹੋਰ ਦਿਓ... ਇਸ ਦਸ ਦੇ ਨੋਟ ਨਾਲ ਨਹੀਂ ਸਰਨਾ।' ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰਦਾ ਹੈ। ਪਹਿਲਾਂ ਪਟਨੇ ਤੇ ਫਿਰ ਦਿੱਲੀ ਸਟੇਸ਼ਨ ਦੇ ਬਾਬੂਆਂ ਦਾ ਡਰਿਆ ਹੋਇਆ ਮੈਂ ਬਹੁਤ ਸੁਚੇਤ ਹੋ ਕੇ ਉਸ ਦੀ ਹਰ ਹਰਕਤ ਤਾੜ ਰਿਹਾ ਹਾਂ। 
'ਸੁੱਖੇ ਵਾਲਾ ਸਖੀਰਾ?' ਉਸ ਦੇ ਬੁੱਲ੍ਹਾਂ ਤੇ ਮੁਸਕਰਾਹਟ ਉੱਗੀ ਵੇਖ ਕੇ ਮੈਨੂੰ ਕੁੱਝ ਕੁੱਝ ਹੌਂਸਲਾ ਹੋਇਆ। 
'ਹਾਂ ਜੀ ਹਾਂ... ਨਾਲੇ ਭਗਵਾਨ ਵਾਲਾ... ਬਲਕਾਰ ਵਾਲਾ... ਜਤਿੰਦਰ ਵਾਲਾ.. ਰਸ਼ਪਾਲ ਵਾਲਾ..।' ਮੇਰੀ ਕਲਿਆਣ ਸੁਣ ਕੇ ਉਹ ਹੋਰ ਖਿੜ ਜਾਂਦੀ ਹੈ ਤੇ ਕੰਪਿਊਟਰ 'ਤੇ ਟਿਕ ਟਿਕ ਕਰਦੀ ਕੁਝ ਨੋਟ ਸਿੱਕੇ ਗਿਣਦੀ ਪ੍ਰਿੰਟਰ 'ਚੋਂ ਟਿਕਟ ਕੱਢ ਕੇ ਹੱਥ 'ਚ ਪਲੋਸਦੀ ਹੈ। ਮੈਂ ਉਸ ਦੀ ਈਮਾਨਦਾਰੀ 'ਤੇ ਐਵੇਂ ਸ਼ੱਕ ਕਰਕੇ ਪਛਤਾਉਂਦਾ ਹਾਂ। ਇਕ ਗੰਦੀ ਮੱਛੀ ਸਾਰਾ ਤਲਾਬ ਗੰਦਾ ਕਰ ਦਿੰਦੀ ਹੈ ਪਰ ਸਾਰੀਆਂ ਮੱਛੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ। ਮੇਰੇ ਅੰਦਰੋਂ ਅਸੀਸ ਵਰਗਾ ਕੁਝ ਪੁੰਗਰਦਾ ਹੈ। 
'ਲਓ ਭਾਅ ਜੀ!   ਜੰਡੋਕੇ ਦੀ ਟਿਕਟ ਹੈ। ਸਖੀਰੇ ਨਾਮ ਦਾ ਕੋਈ ਸਟੇਸ਼ਨ ਨਹੀਂ।' ਉਸਦੇ ਸ਼ਬਦ ਮੇਰੇ ਦਿਮਾਗ਼ 'ਤੇ ਭਾਰੇ ਪੱਥਰ ਵਾਂਗ ਡਿੱਗਦੇ ਹਨ। ਮੈਨੂੰ ਪਸੀਨਾ ਆਉਣ ਲੱਗਦਾ ਹੈ। 
'ਹੋਰ ਹਰ ਥਾਂ ਅੱਗੇ... ਗੋਲੀ ਮਾਰਨ ਨੂੰ, ਗੋਲੀ ਖਾਣ ਨੂੰ, ਸ਼ਹੀਦੀਆਂ ਪਾਉਣ ਨੂੰ... ਤੇ ਇਸ ਪੱਖੋਂ ਪਿਛੇ। ਖਾਣ ਪੀਣ ਨੂੰ ਭਾਗਭਰੀ ਤੇ ਡੰਡੇ ਖਾਣ ਨੂੰ ਜੁੰਮਾ।' ਸਵਾਦਾਂ ਨਾਲ ਬੁੱਲ੍ਹ ਚਿੱਥਦੀ ਬੁੜ ਬੁੜ ਕਰਦੀ ਟਿਕਟ ਬਾਹਰ ਵੱਲ ਵਗਾਹ ਮਾਰਦੀ ਹੈ। 
ਉਸ ਨੇ ਜਿਵੇਂ ਮੈਨੂੰ ਫਿਟਕਾਰ ਪਾਈ ਹੋਵੇ, ਮਿਹਣਾ ਮਾਰਿਆ ਹੋਵੇ। ਮੈਂ ਟਿਕਟ ਅਤੇ ਪੈਸੇ ਸਾਂਭਦਾ ਪਿੱਛੇ ਖਿਸਕਦਾ ਹਾਂ। ਉਸ ਦੇ ਛਵ੍ਹੀਆਂ ਵਰਗੇ ਬੋਲ ਅਗਨ ਬਾਣ ਵਾਂਗ ਮੇਰਾ ਪਿੱਛਾ ਕਰਦੇ ਹਨ... ਰੇਲ ਗੱਡੀ ਤੱਕ। ਪਿਛਲੇ ਡੱਬੇ 'ਚ ਪੈਰ ਧਰਨ ਦੇ ਨਾਲ ਹੀ ਇਕ ਚੀਕ ਜਿਹੀ ਵੱਜੀ, ਝਟਕਾ ਜਿਹਾ ਲੱਗਾ, ਗੱਡੀ ਹਿੱਲੀ ਤੇ ਇਸ ਨੇ ਹੌਲੀ ਹੌਲੀ ਤੇਜ਼ ਚਾਲ ਫੜ ਲਈ, ਜਿਵੇਂ ਮੈਨੂੰ ਹੀ ਉਡੀਕ ਰਹੀ ਸੀ। 
ਟਿਕਟਾਂ ਵਾਲੀ ਬੀਬੀ ਦਾ ਸੁਭਾਅ ਤੇ ਸ਼ਕਲ ਸੂਰਤ, ਉਸ ਦੇ ਗੱਲ ਕਰਨ ਦਾ ਸਲੀਕਾ, ਅਕੀਦਾ... ਫੁਹਾਰਾਂ ਵੰਡਦੀ ਉਸ ਦੀ ਮਿੱਠੀ ਨਿੱਘੀ ਤੱਕਣੀ ਮੇਰੇ ਜ਼ਿਹਨ ਵਿੱਚ ਧੁਰ ਅੰਦਰ ਤੱਕ ਉੱਤਰ ਗਈ। ਉਸ ਦਾ ਚਿਹਰਾ-ਮੁਹਰਾ ਬਾਰ ਬਾਰ ਮੇਰੇ ਸਾਹਮਣੇ ਆ ਟੱਪੂੰ ਟੱਪੂੰ ਕਰਨ ਲੱਗਾ, ਜਿਵੇਂ ਉਸ ਨੂੰ ਪਹਿਲਾਂ ਵੀ ਮੈਂ ਕਈ ਵਾਰ ਦੇਖਿਆ ਹੋਵੇ, ਜਿਵੇਂ ਉਹ ਮੇਰੀ ਪਹਿਲਾਂ ਹੀ ਬਹੁਤ ਨਜ਼ਦੀਕੀ ਵਾਕਫ਼ ਹੋਵੇ... ਜਿਵੇਂ ਉਸ ਨਾਲ ਮੇਰੀ ਕੋਈ ਕਈ ਦਹਾਕੇ ਪਹਿਲਾਂ ਦੀ ਪੁਰਾਣੀ ਸਾਂਝ ਹੋਵੇ। 
'ਕਿੰਨੀ ਵਾਕਫ਼ ਹੈ ਮੇਰੇ ਪਿੰਡ ਬਾਰੇ ਇਹ...? ਕਿਦਾਂ? ਕਿਵੇਂ?' 
ਕਈ ਸਵਾਲ ਮੇਰੇ ਸਾਹਮਣੇ ਹਵਾ ਵਿੱਚ ਲਟਕ ਗਏ। ਪਿੰਡ ਦੀ ਤਾਰੀਫ਼ ਅਖ਼ਬਾਰਾਂ 'ਚੋਂ ਪੜ੍ਹੀ ਹੋਵੇਗੀ ਉਸਨੇ... ਜਾਂ ਫਿਰ ਟੀ ਵੀ ਰੇਡੀਓ ਤੋਂ ਵੇਖੀ ਸੁਣੀ ਹੋਵੇਗੀ। ਕਿੰਨੀ ਵੇਰਾਂ ਮੇਰਾ ਪਿੰਡ ਮੀਡੀਏ ਦੀਆਂ ਖ਼ਬਰਾਂ ਦੀ ਸੁਰਖ਼ੀ ਬਣਦਾ ਰਿਹਾ ਹੈ। ਜਾਂ...ਜਾਂ... ਫਿਰ ਕਿਤੇ ਸੁੱਖੇ ਜਿਹੇ ਸ਼ਰੀਫ਼ਜ਼ਾਦਿਆਂ ਦੇ ਹੱਥ ਲੱਗੇ ਹੋਣਗੇ ਇਸਨੂੰ। ਮੈਂ ਅਟਕਲਾਂ ਲਗਾਉਂਦਾ ਹਾਂ। ਸ਼ੁਕਰ ਹੈ ਉਹਨੇ ਹੋਰ ਕੁਝ ਮੰਦਾ ਨਹੀਂ ਕਿਹਾ। ਭਲਾ ਹੋਵੇ ਉਸ ਨੇ ਕੋਈ ਹੋਰ ਨਾਮੀ-ਬਦਨਾਮੀ ਵਿਸ਼ੇਸ਼ਣ ਨਹੀਂ ਵਰਤੇ। ਮੈਨੂੰ ਤਸੱਲੀ ਹੋਈ। ਟਿਕਟ ਕੱਢ ਕੇ ਦੇਖਦਾ ਹਾਂ। 
'ਜੰਡੋ ਕੇ'... ਹਾਂ ਠੀਕ, ਬਿਲਕੁਲ ਠੀਕ, 'ਜੰਡੋ ਕੇ'...'ਅੰਮ੍ਰਿਤਸਰ ਤੋਂ   ਜੰਡੋ ਕੇ।' 
ਇਸ ਕਹਾਣੀ ਦਾ ਪਿਛੋਕੜ ਤਾਂ ਮੈਨੂੰ ਪਤਾ ਹੈ... ਫਿਰ ਪਤਾ ਹੁੰਦੇ ਹੋਏ ਵੀ ਮੈਂ ਉਸ ਕੋਲੋਂ    ਜੰਡੋ ਕੇ ਦੀ ਟਿਕਟ ਕਿਉਂ ਨਹੀਂ ਮੰਗੀ! ਸਖੀਰੇ ਦੀ ਟਿਕਟ ਹੀ ਕਿਉਂ ਮੰਗੀ ਗਈ ਮੈਥੋਂ? ਜਦ ਮੈਨੂੰ ਪਤਾ ਹੈ ਅਜਿਹੇ ਨਾਮ ਦਾ ਕੋਈ ਸਟੇਸ਼ਨ ਹੈ ਹੀ ਨਹੀਂ। ਮੇਰਾ ਆਪਣਾ ਮਨ ਵੀ ਇਸ ਸੁਆਲ ਦਾ ਜੁਆਬ ਦੇਣ ਤੋਂ ਅਸਮਰੱਥ ਸੀ। ਮੈਨੂੰ ਜਾਪਿਆ ਜਿਵੇਂ ਮੈਂ ਇੱਕ ਗਲਤ ਬੇਰੰਗ ਸਿਰਨਾਵੇਂ ਵਾਲਾ ਲਿਫ਼ਾਫ਼ਾ ਹੋਵਾਂ। 
ਮੇਰੇ ਵਿਆਹ ਤੋਂ ਬਾਅਦ ਪਹਿਲੀ ਵੇਰਾਂ ਮੈਂ ਜਲੰਧਰ ਵਿਖੇ ਆਪਣੀ ਜੀਵਨ ਸਾਥਣ ਦੇ ਸਕੂਲੇ ਗਿਆ। ਸਾਰੇ ਸਟਾਫ਼ ਨਾਲ ਜਾਣ ਪਛਾਣ ਹੋਈ। ਵਧਾਈਆਂ ਤੇ ਸ਼ੁੱਭ ਇੱਛਾਵਾਂ ਦੇ ਵਟਾਂਦਰੇ ਹੋਏ। ਹੈੱਡਮਾਸਟਰ ਸਾਹਿਬ ਹੰਢੇ-ਵਰਤੇ ਪੁਰਾਣੇ ਘਰਾਟੀਏ ਪਚਵੰਜਾ ਨੂੰ ਢੁੱਕੇ ਹੋਏ... ਸਾਰੇ ਸਟਾਫ ਨਾਲ ਚਾਹ ਦੀ ਚੁਸਕੀ ਸਾਂਝੀ ਕਰਦੇ ਜਾਣ ਪਛਾਣ ਕਰਨ ਲੱਗੇ। 
'ਕਿਹੜਾ ਪਿੰਡ ਐ ਤੁਹਾਡਾ ਨੌਜਵਾਨ?' ਉਹਨਾਂ ਗੱਲ ਬਾਤ ਦਾ ਮੁੱਢ ਬੰਨ੍ਹਿਆ। 
'ਸਖੀਰਾ ਹੈ ਜਨਾਬ।' ਮੈਂ ਬੜੇ ਫ਼ਖ਼ਰ ਨਾਲ ਮੋਢੇ ਉੱਚੇ ਕੀਤੇ। 
'ਹੈ...ਤ.. ਤੇਰੇ ਕੀ...।' ਉਹ ਮਿੰਟ ਦੀ ਮਿੰਟ ਗੰਭੀਰ ਜਿਹਾ ਹੋ ਕੇ ਕੁਝ ਯਾਦ ਕਰਨ ਲੱਗਾ। 
'ਉਹ    ਜੰਡੋ ਕੇ ਵਾਲਾ... ਮਹਿੰਦਰ ਸਰਪੰਚ  ਵਾਲਾ?'  ਬੁੱਲ੍ਹ ਜਿਹੇ ਟੇਰਦਾ ਉਹ ਅੱਖਾਂ ਮਟਕਾਉਣ ਲੱਗਾ। ਸ਼ਰਾਰਤ ਦੇ ਤੇਵਰ ਉਸ ਦੀਆਂ ਮੁੱਛਾਂ ਤੇ ਕੀੜਿਆਂ ਦੇ ਭੌਣ ਵਾਂਗ ਕੁਰਬਲ ਕੁਰਬਲ ਕਰਨ ਲੱਗੇ। 
'ਹਾਂ... ਜੀ... ਹਾਂ...ਬਿਲਕੁਲ ਉਹੋ।' ਮੈਂ ਹਾਂ ਵਿਚ ਸਿਰ ਹਿਲਾਇਆ। 
'ਧੋਖਾ ਹੋਇਐ ਭੈਣ ਜੀ ਤੇਰੇ ਨਾਲ।' ਉਸ ਨੇ ਉੱਚੀ ਦੇਣੀ ਕਹਿ ਕੇ ਮੇਰੀ ਸੱਜ-ਵਿਆਹੀ ਦੀ ਜਿਵੇਂ ਜਾਨ ਹੀ ਕੱਢ ਦਿੱਤੀ। ਉਹ ਤ੍ਰੇਲੀਓ-ਤ੍ਰੇਲੀ ਹੋ ਗਈ। ਮੂੰਹ ਉਸਦਾ ਰੋਣਹਾਕਾ... ਚਾਹ ਦਾ ਭਰਿਆ ਘੁੱਟ ਉਸ ਦੇ ਗਲੇ ਉੱਤਰਨ ਦੀ ਥਾਂ ਬਾਹਰ ਠੋਡੀ ਤੇ ਚੋਅ ਪਿਆ। ਉਹ ਡਰੀ ਹੋਈ ਬਿੱਲੀ ਵਾਂਗ ਇਕ ਨਜ਼ਰ ਮੇਰੇ ਵੱਲ ਤੇ ਇਕ ਹੈੱਡਮਾਸਟਰ ਵੱਲ ਦੇਖ ਰਹੀ ਸੀ, ਪਤਾ ਨਹੀਂ ਅੱਗੇ ਕੀ ਕਹਿ ਮਾਰੇ। 
'ਦੱਸਾਂ... ਭਾਅ ਜੀ...ਦੱਸਾਂ?' 
ਉਹ ਅੱਖਾਂ ਵਿਚ ਸ਼ਰਾਰਤ ਭਰ ਕੇ ਹੁਣ ਮੇਰੇ ਵੱਲ ਭੂਤਰਿਆ ਖੜਾ ਸੀ। ਮੈਨੂੰ ਉਸ ਦੀ ਨੀਯਤ ਕੁਝ ਭਾਸ ਤਾਂ ਗਈ ਪਰ ਇਹ ਕਦੇ ਵੀ ਤਵੱਕੋ ਨਹੀਂ ਸੀ ਕਿ ਉਹ ਏਨੀ ਦੂਰ ਉਸ ਟਿਕਾਣੇ ਇਕ ਦਮ ਸਿੱਧਾ ਆਨੇ ਵਾਲੀ ਥਾਂ ਪਹੁੰਚ ਜਾਵੇਗਾ। 
'ਖੀਸੇ ਕੱਟ ਸਖੀਰਾ! ਛਾਪੇਮਾਰ ਸਖ਼ੀਰਾ!... ਹਾ... ਹਾ... ਹਾ।' ਉਹ ਇਕ ਹੱਥ ਮੇਰੇ ਵੱਲ ਵਧਾਉਂਦਾ, ਹੱਥ ਮਿਲਾਉਂਦਾ ਜ਼ੋਰ ਦੀ ਠਹਾਕਾ ਮਾਰ ਕੇ ਹੱਸਿਆ। 
'ਓ ਖੁਸ਼ ਕੀਤਾ ਈ... ਖੀਸੇ ਕੱਟਾਂ ਦੇ ਇਲਾਕੇ 'ਚੋਂ ਹੁੰਦਾ ਹੋਇਆ ਕਿਵੇਂ ਸਾਡੀ ਗੁਟਕੂੰ ਗੁਟਕੂੰ ਕਰਦੀ ਅਣਭੋਲ ਕੋਮਲ ਜਿਹੀ ਕੁੜੀ ਫਸਾ ਲਈ ਤੂੰ।' 
ਕੀ ਦਾ ਕੀ ਬਣ ਗਿਆ। ਮੈਂ ਆਪਣੇ ਆਪ ਨੂੰ ਨੀਵਾਂ ਨੀਵਾਂ, ਨਿੱਘਰਿਆ ਨਿੱਘਰਿਆ ਮਹਿਸੂਸ ਕੀਤਾ ਤੇ ਮੇਰੀ ਪਤਨੀ ਤਾਂ ਮੂਲੋਂ ਹੀ ਧਰਤੀ ਵਿਚ ਗਰਕਣ ਵਾਲੀ ਹੋ ਗਈ ਸੀ। ਉਸ ਦੀ ਮਾਂਗ ਦਾ ਸੰਧੂਰ ਤੇ ਬੁੱਲ੍ਹਾਂ ਦੀ ਲਾਲੀ ਸ਼ਰਮਸਾਰ ਹੋ ਰਹੀ ਸੀ। ਚਾਰ ਚੁਫੇਰੇ ਜਿਵੇਂ ਹਨੇਰਾ ਜਿਹਾ ਛਾ ਗਿਆ... ਡਰਾਉਣਾ ਜਿਹਾ ਸਨਾਟਾ। ਸਟਾਫ਼ ਦੇ ਸਾਰੇ ਮੈਂਬਰ ਮੇਰੀ ਪਤਨੀ ਵੱਲ ਹਮਦਰਦੀ ਭਰੀ ਨਿਗਾਹ ਨਾਲ ਦੇਖਣ ਲੱਗੇ, ਜਿਵੇਂ ਸੱਚ ਮੁਚ ਹੀ ਕਹਿ ਰਹੇ ਹੋਣ,
'ਚ..ਚ..ਚ, ਸੱਚੀਂ! ਬਹੁਤ ਹੀ ਬੇਇਨਸਾਫ਼ੀ ਹੋਈ ਹੈ, ਇਸ ਪੜ੍ਹੀ ਲਿਖੀ ਸ਼ਰੀਫ਼ ਲੜਕੀ ਨਾਲ।' ਕਮਰੇ ਵਿਚ ਗੁੱਝੀ ਜਿਹੀ ਚੁੱਪ ਪਸਰ ਗਈ। 
ਹੈੱਡਮਾਸਟਰ ਫਿਰ ਉੱਠਿਆ। ਉਸ ਨੇ ਮੈਨੂੰ ਗਲਵੱਕੜੀ ਵਿਚ ਲੈ ਲਿਆ। 'ਬੜੀ ਵਿਦਰੋਹ ਭਰੀ ਜੁਝਾਰੂ ਹਿਸਟਰੀ ਹੈ ਤੇਰੇ ਪਿੰਡ ਦੀ ਕਾਕਾ! ਤੂੰ ਸ਼ਾਇਦ ਜਾਣਦਾ ਹੋਵੇ ਜਾਂ ਨਾ।' 
ਥੱਲੇ ਧਰਤੀ 'ਤੇ ਡਿੱਗੇ ਨੂੰ ਜਿਵੇਂ ਉਠਾ ਕੇ ਮੁੜ ਅਸਮਾਨ ਵੱਲ ਵਧਾ ਦਿੱਤਾ ਹੋਵੇ। ਮੇਰੀ ਗਵਾਚੀ ਹੋਈ ਹੋਸ਼ ਤੇ ਹੌਂਸਲਾ ਕੁਝ ਕੁਝ ਵਾਪਸ ਪਰਤੇ। ਮੈਂ ਵੀ ਆਪਣੀਆਂ ਦੋਵੇਂ ਬਾਂਹਾਂ ਉਸ ਦੇ ਲੱਕ ਉਦਾਲੇ ਹੋਰ ਜ਼ੋਰ ਨਾਲ ਕੱਸ ਲਈਆਂ, ਜਿਵੇਂ ਉਸ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਹੋਵਾਂ। 
'ਮੁਆਫ਼ ਕਰੀਂ... ਗੁੱਸਾ ਤਾਂ ਨਹੀਂ ਕੀਤਾ?' ਉਹ ਮੈਨੂੰ ਬੱਚਿਆਂ ਵਾਂਗ ਪੁਚਕਾਰ ਰਿਹਾ ਸੀ। 
'ਬੜੀ ਦਿਲਚਸਪ ਗੱਲ ਹੈ... ਬੜੀ ਰੋਮਾਂਟਿਕ ਉਤਸੁਕ ਕਹਾਣੀ ਹੈ, ਇਸ ਦੇ ਪਿੰਡ ਦੇ ਖੀਸੇ ਕੱਟਾਂ ਦੀ, ਛਾਪਾ ਮਾਰਾਂ ਦੀ।' ਇਕੇਰਾਂ ਫਿਰ ਮੈਨੂੰ ਹੀਣਤਾ ਜਿਹੀ ਮਹਿਸੂਸ ਹੋਈ। ਮੈਂ ਮੂੰਹ ਉੱਪਰ ਚੁੱਕ ਕੇ ਅੱਖਾਂ ਰਾਹੀਂ ਖਿਮਾ ਦਾ ਤਰਲਾ ਜਿਹਾ ਕੀਤਾ। 
'ਮੈਨੂੰ ਹੋਰ ਜ਼ਲੀਲ ਨਾ ਕਰੋ, ਅਜਿਹੇ ਘਟੀਆਂ ਸ਼ਬਦ ਤੇ ਵਿਸ਼ੇਸ਼ਣ ਵਰਤ ਕੇ, ਮੇਰੀ ਨਵ-ਵਿਆਂਦੜ ਦੇ ਸਾਹਮਣੇ... ਉਹਦੇ ਸਹਿਯੋਗੀਆਂ ਦੇ ਕੋਲ਼.. ਮਤਾਂ ਉਹ ਅੱਜ ਹੀ ਵਾਪਸ ਆਪਣੇ ਪੇਕੀਂ ਜਾ ਕੇ ਖਣਵੱਟੀ-ਪੱਟੀ ਲੈ ਕੇ ਪੈ ਜਾਏ ਤੇ ਕਹੇ ਮੈਂ ਨਹੀਂ ਜਾਣਾ ਅਜਿਹੇ ਨਾਮੀ ਬਦਨਾਮ ਸਹੁਰੇ ਪਿੰਡ।' 
ਹੈੱਡਮਾਸਟਰ ਨੇ ਮੇਰੀਆਂ ਅੱਖਾਂ ਵਿੱਚ ਚੁੱਭੀ ਲਾਉਂਦੇ ਸੰਵੇਦਨਾ ਦੀ ਹਾਥ ਨਾਪੀ। ਫਿਰ ਮੇਰੀ ਪਿੱਠ ਤੇ ਥਾਪੀ ਦਿੱਤੀ ਜਿਵੇਂ ਮੈਂ ਕਿਸੇ ਬੜੇ ਵੱਡੇ ਪੁਲਾੜ ਯੁੱਧ ਦਾ ਮਹਾਂ ਪਾਤਰ ਹੋਵਾਂ। 
'ਰੇਲਵੇ ਲਾਈਨ ਕੱਢਣ ਲੱਗੇ ਸੀ ਗੋਰੇ ਫਰੰਗੀ ਅੰਮ੍ਰਿਤਸਰ ਤੋਂ ਕਸੂਰ ਤੱਕ, ਸਖੀਰਾ ਪਿੰਡ ਦੀ ਜ਼ਮੀਨ ਵਿੱਚੋਂ। ਲੋਕਾਂ ਦੀ ਆਰਥਕ ਹਾਲਤ ਬਹੁਤ ਪਤਲੀ ਸੀ ਉਸ ਵੇਲੇ। ਤੰਗੀ ਤੁਰਸ਼ੀ ਦੇ ਦਿਨ ਸਨ। ਧਰਤੀ ਲੋਕਾਂ ਦੀ ਮਾਂ ਹੈ... ਜ਼ਮੀਨ ਕਿਸਾਨ ਦੀ ਮਾਂ ਹੀ ਨਹੀਂ ਜਿੰਦ ਜਾਨ ਵੀ ਹੈ ਜੋ ਉਸ ਨੂੰ ਰੋਟੀ ਕੱਪੜਾ ਮਕਾਨ ਤੇ ਜ਼ਿੰਦਗੀ ਦੀਆਂ ਹੋਰ ਜ਼ਰੂਰਤਾਂ ਮੁਹੱਈਆ ਕਰਾਉਂਦੀ ਹੈ। ਜ਼ਮੀਨ ਤੋਂ ਬਿਨਾ ਕਿਸਾਨ ਦਾ ਅਰਥਚਾਰਾ ਸਭ ਫਜ਼ੂਲ ਤੇ ਅਸਥ-ਵਿਅਸਤ। ਪਾਰਲਾ ਖੂਹ... ਜਿਸ ਨੂੰ ਸ਼ਾਇਦ ਜੜਾਂ ਵਾਲਾ ਖੂਹ ਜਾਂ ਵਲੀ ਵਾਲਾ ਖੂਹ ਕਹਿੰਦੇ, ਉਥੇ ਇਕ ਅੰਗ੍ਰੇਜ਼ ਅਫ਼ਸਰ ਆਪਣੇ ਅਮਲੇ-ਫੈਲੇ ਨਾਲ ਸਰਵੇ ਵਾਸਤੇ ਆ ਖੜ੍ਹਾ ਹੋਇਆ। ਖੂਹ ਦਾ ਮਾਲਕ... ਜਦ ਉਸ ਨੂੰ ਪਤਾ ਲੱਗਾ, ਬਰਛਾ ਫੜ ਕੇ ਅੰਗ੍ਰੇਜ਼ ਅਫ਼ਸਰ ਦੇ ਅੱਗੇ ਆ ਧਮਕਿਆ। 
'ਮੈਂ ਵੇਖੂੰ ਕਿਹੜਾ ਰਾਣੀ ਖਾਂ ਦਾ ਸਾਲਾ ਰੇਲ ਕੱਢਦਾ ਇਥੇ ਸਾਡੀਆਂ ਪੈਲ਼ੀਆਂ ਵਿੱਚੋਂ। ਮੇਰੇ ਜੀਊਂਦੇ ਜੀ ਇੱਥੇ ਰੇਲ ਨਹੀਂ ਨਿਕਲ਼ ਸਕਦੀ।' 
ਉਸ ਨੇ ਝਪਟਾ ਮਾਰ ਕੇ ਘੋੜੇ ਚੜ੍ਹੇ ਫਰੰਗੀ ਨੂੰ ਗਲ਼ੋਂ ਫੜ੍ਹ ਕੇ ਥੱਲੇ ਸੁੱਟ ਲਿਆ ਤੇ ਲੀਰੋ ਲੀਰ ਕਰ ਦਿੱਤਾ। ਉਸੇ ਵੇਲੇ ਦਰਖ਼ਤ ਤੇ ਲੱਗਾ ਡੂਮਣਾ ਬਾਬੇ ਦਾ ਜੈਕਾਰਾ ਸੁਣ ਕੇ ਉਤੇਜਿਤ ਹੋ ਗਿਆ ਤੇ ਅੰਗਰੇਜ਼ਾਂ 'ਤੇ ਵਰ੍ਹ ਪਿਆ, ਜਿਵੇਂ ਪਾਲਤੂ ਰੱਖਿਆ ਹੋਵੇ। ਬਾਬਾ ਆਪ ਮੜਾਸਾ ਸਾਂਭਦਾ ਮੌਕੇ ਵਾਕਿਆਤ ਤੋਂ ਹਰਨ ਹੋ ਗਿਆ ਭਾਵੇਂ ਬਾਅਦ ਵਿੱਚ ਉਸ ਨੂੰ ਦਸ ਸਾਲ ਕੈਦ ਕੱਟਣੀ ਪਈ ਸੀ। ਰੇਲ ਲਾਈਨ ਵੀ ਨਿਕਲੀ... ਨਿਕਲੀ ਵੀ ਉਥੇ... ਪਰ ਇਸ ਸਟੇਸ਼ਨ ਦਾ ਨਾਮ ਚਿੜ ਕੇ ਅੰਗਰੇਜ਼ਾਂ ਨੇ ਸਖੀਰਾ ਦੀ ਥਾਂ ਗਵਾਂਢੀ ਪਿੰਡ 'ਜੰਡੋ-ਕੇ' ਲਿਖ ਦਿੱਤਾ ਜੋ ਅਜੇ ਤੱਕ ਉਹੀ ਹੈ ਤੇ ਉਵੇਂ ਹੀ ਚੱਲ ਰਿਹਾ ਹੈ। ਉਹ ਤਾਂ ਕੈਦ ਹੋ ਗਿਆ ਸਰਕਾਰੀ ਕੰਮ ਵਿਚ ਰੁਕਾਵਟ ਤੇ ਦਖ਼ਲ-ਅੰਦਾਜ਼ੀ ਦੇ ਦੋਸ਼ ਤਹਿਤ ਪਰ ਹੋਰ ਸਾਰੇ ਪਿੰਡ ਦੇ ਲੋਕ ਇਸ ਘੋਰ ਬੇਇਨਸਾਫ਼ੀ ਦੇ ਖ਼ਿਲਾਫ਼ ਸਿਰਾਂ ਤੇ ਮੜਾਸੇ ਬੰਨ੍ਹ ਕੇ ਨਿਕਲ ਤੁਰੇ। ਉਹਨਾਂ ਨੇ ਸੰਘਰਸ਼ ਵਿੱਢ ਦਿੱਤਾ ਤੇ ਇਹ ਪ੍ਰਤਿੱਗਿਆ ਕੀਤੀ ਕਿ ਇਥੋਂ ਰੇਲ ਹਟਾਉਣੀ ਹੈ ਜਾਂ ਨਾਮ ਬਦਲਣਾ ਹੈ। 
ਇਸ ਲਈ ਉਹਨਾਂ ਟੋਲੇ ਬਣਾਏ... ਗੁਰੀਲਾ ਟੋਲੇ... ਜੋ ਰਾਤ ਦਿਨ ਰੇਲ ਗੱਡੀ ਤੇ ਚੜ੍ਹੇ ਅੰਗਰੇਜ਼ਾਂ ਜਾਂ ਸਰਕਾਰੀ ਕਰਮਚਾਰੀਆਂ ਅਤੇ ਮੁਸਾਫ਼ਰਾਂ ਦੀ ਲੁੱਟ ਮਾਰ ਕਰਦੇ... ਖੀਸੇ ਕੱਟਦੇ ਤੇ ਕੁਝ ਆਸੇ ਪਾਸੇ ਖੜ੍ਹੋ ਕੇ ਛਾਪਿਆਂ ਮੋੜ੍ਹਿਆਂ ਨਾਲ ਗੱਡੀ ਤੇ ਚੜ੍ਹੇ ਜਾਂ ਲਟਕਦੇ ਮੁਸਾਫ਼ਰਾਂ ਦੇ ਕੱਪੜੇ, ਪੱਗਾਂ, ਲੋਈਆਂ ਤੇ ਭੂਰੇ ਆਦਿ ਖਿੱਚ ਕੇ ਆਪਣੇ ਅੰਦਰਲੀ ਕੁੜੱਤਣ ਤੋਂ ਜਾਣੂੰ ਕਰਾਉਂਦੇ। ਫਿਰ ਪਿੰਡ ਦੀ ਜੂਹ ਵਿੱਚ ਘੋੜ ਸਵਾਰ ਪੁਲਿਸ, ਗੱਡੀ ਦੇ ਨਾਲ ਨਾਲ ਚੱਲਣ ਲੱਗੀ। ਇਹ ਇਕ ਪਿੰਡ ਦਾ ਮੋਰਚਾ ਨਾ ਹੋ ਕੇ ਇਲਾਕੇ ਦਾ ਮੋਰਚਾ ਬਣ ਗਿਆ ਪਰ ਸਰਕਾਰ ਅੱਗੇ ਕਾਹਦਾ ਜੋਰ...! ਕੁਝ ਨਾਂ ਹੱਥ ਪੱਲੇ ਪਿਆ ਲੋਕਾਂ ਦੇ।' ਕਹਿੰਦੇ ਕਹਿੰਦੇ ਹੈੱਡਮਾਸਟਰ ਨੇ ਇਕ ਵਿਸਰਾਮ ਜਿਹਾ ਲਿਆ। 
ਸਾਰੇ ਸਰੋਤਿਆਂ ਦੇ ਕੱਸੇ ਤਣੇ ਹੋਏ ਚਿਹਰੇ ਕੁਝ ਕੁਝ ਨਰਮ ਹੋਏ। 'ਸਰਕਾਰ ਨੇ ਇਹਨਾਂ ਛਾਪੇਮਾਰਾਂ ਨੂੰ ਵੱਖ ਵੱਖ ਕਈ ਕਈ ਮੁਕੱਦਮੇ ਬਣਾ ਕੇ ਦਸ ਨੰਬਰੀਏ ਕਰਾਰ ਦੇ ਕੇ ਥਾਣਿਆਂ ਵਿਚ ਬੰਦ ਕਰਨਾ ਸ਼ੁਰੂ ਕਰ ਦਿੱਤਾ। ਵਿਦੇਸ਼ੀ ਹਾਕਮਾਂ ਨੇ ਜੇਬ-ਕੱਟ ਤੇ ਛਾਪਾ-ਮਾਰ ਉਹਨਾਂ ਦੇ ਨਾਮ ਨਾਲ ਪੱਕਾ ਜੋੜ ਦਿੱਤਾ। ਪੱਗ-ਬੰਨ੍ਹ  ਨੌਜੁਆਨਾਂ ਦੀਆਂ ਲਿਸਟਾਂ ਬਣ ਗਈਆਂ ਜੋ ਪੁਲਿਸ ਤਸ਼ੱਦਦ ਤੋਂ ਡਰਦੇ ਪਿੰਡ ਛੱਡ ਕੇ ਦੂਰ ਦੁਰਾਡੇ ਸੁਰਖਿਅਤ ਥਾਂਵਾਂ 'ਤੇ ਚਲੇ ਗਏ।
ਹੈੱਡਮਾਸਟਰ ਇਕੇਰਾਂ ਮੁਸਕਰਾਇਆ ਤੇ ਪਾਣੀ ਦਾ ਗਿਲਾਸ ਮੂੰਹ ਨੂੰ ਲਾਇਆ। 'ਐਵੇਂ ਦਿਲ ਨਾ ਡੁਲ੍ਹਾ ਬੈਠੀਂ ਬੀਬੀ! ਮੈਂ ਤਾਂ ਮਸ਼ਕੂਲਾ ਕਰ ਰਿਹਾ ਸੀ। ਵੇਖ! ਕਿੱਦਾਂ ਦਾ ਚੰਨ ਵਰਗਾ ਤੇਰਾ ਨੀਂਗਰ ਚੰਦ! ਪੜ੍ਹਿਆ ਲਿਖਿਆ ਸੁਹਣਾ ਸੁੰਦਰ ਸੁਨੱਖਾ ਦਰਸ਼ਨੀ ਗੱਭਰੂ।' 
ਜਿਵੇਂ ਝੱਖੜ ਹਨੇਰੀ ਵਗਦੇ ਅਸਮਾਨ ਤੇ ਫਿਰ ਠੰਢੀਆਂ ਠੰਢੀਆਂ ਕਣੀਆਂ ਦੀ ਛਹਿਬਰ ਲੱਗ ਗਈ ਹੋਵੇ। ਉਹ ਫਿਰ ਅਡੋਲ ਸ਼ਾਂਤ ਮਿਨ੍ਹਾ ਮਿਨ੍ਹਾ ਮੁਸਕਰਾ ਰਿਹਾ ਸੀ, ਤੇ ਮੇਰੀ ਪਤਨੀ ਸਮੇਤ ਮੈਂ ਤੇ ਹੋਰ ਸਾਰੇ ਉਸ ਦੇ ਹਾਸੇ ਵਿੱਚ ਸ਼ਾਮਲ ਹੋ ਰਹੇ ਸਾਂ। 
'ਬੜੇ ਮਿਲਾਪੜੇ ਲੋਕ ਨੇ ਉਹ, ਸਾਫ਼-ਦਿਲ ਨਿਰਛਲ! ਮੈਂ ਪੰਦਰਾਂ ਸਾਲ ਕੱਟੇ ਨੇ ਉਥੇ ਹਾਈ ਸਕੂਲ ਵਿੱਚ। ਬੜਾ ਮਾਣ ਦਿੱਤਾ ਲੋਕਾਂ, ਬੜੀ ਇੱਜ਼ਤ ਦਿੱਤੀ। ਸਾਗ, ਗੰਨੇ, ਛੱਲੀਆਂ, ਛੋਲੀਆ, ਹੋਲ਼ਾਂ, ਲੱਸੀ, ਮੱਖਣ, ਦੁੱਧ, ਘਿਓ ਤੇ ਹੋਰ ਹਰ ਲੋੜੀਂਦੀ ਸ਼ੈਅ ਮੇਰੇ ਘਰ ਉੱਪੜਦੀ ਰਹੀ ਬੇ-ਬਹਾਰੀ। ਮੇਰੀ ਤਾਂ ਘਰ ਵਾਲੀ ਤੇ ਬੱਚਿਆਂ ਦਾ ਏਨਾ ਦਿਲ ਲੱਗਾ ਉਥੇ ਕਿ ਜਦ ਮੇਰੀ ਬਦਲੀ ਹੋਈ ਮੇਰੇ ਆਪਣੇ ਇਲਾਕੇ ਵਿੱਚ, ਤਾਂ ਉਦੋਂ ਇਹ ਸਾਰਾ ਟੱਬਰ ਕਈ ਦਿਨ ਰੋਂਦਾ ਰਿਹਾ।' ਹੈੱਡਮਾਸਟਰ ਦੇ ਵਿਖਿਆਨ ਨੇ ਕਾਲੀ ਕਾਲਖ ਤੇ ਪੂੰਝਣਾ ਫੇਰ ਕੇ ਜਿਵੇਂ ਫੱਟੀ ਪੋਚ ਕੇ ਫਿਰ ਸਾਫ ਨਵੀਂ ਨਿਕੋਰ ਬਣਾ ਕੇ ਹੋਰਾਂ ਦੇ ਮਨਾਂ 'ਚੋਂ ਸਭ ਸ਼ੱਕ-ਸ਼ੁਭਾ ਨਵਿਰਤ ਕਰ ਦਿੱਤੇ। ਆਪੇ ਪੇਚੇ ਪਾ ਕੇ ਆਪੇ ਖੋਲ੍ਹ ਦਿੱਤੇ, ਬੜੀ ਸਿਆਣਪ ਨਾਲ। 
ਹੈੱਡਮਾਸਟਰ ਸਾਹਿਬ! ਮੇਰੀ ਵੀ ਇਕ ਕਹਾਣੀ ਸੁਣੋ।' ਹੈੱਡਮਾਸਟਰ ਦੀ ਸੁਣਾਈ ਬੀਰ-ਗਾਥਾ ਨੇ ਮੇਰਾ ਹੌਸਲਾ ਵਧਾ ਦਿੱਤਾ। 
'ਬਦ ਨਾਲੋਂ ਬਦਨਾਮ ਬੁਰਾ ਹੁੰਦਾ ਹੈ। ਇਹ ਪਿੰਡ ਬਦਨਾਮ ਹੋ ਗਿਆ ਪਰ ਬਦ ਨਹੀਂ ਸੀ। ਆਸੇ ਪਾਸੇ ਦੇ ਨਾਮੀ ਖੀਸੇ ਕੱਟ, ਬਦਮਾਸ਼ ਜਦ ਮੇਲਿਆਂ-ਮਸਾਧਿਆਂ ਵਿੱਚ ਫੜੇ ਜਾਂਦੇ ਤਾਂ ਮੇਰੇ ਪਿੰਡ ਦਾ ਨਾਮ ਲੈਂਦੇ... ਅਖੇ, 
'ਇਸ ਪਿੰਡ ਵਾਲਿਆਂ ਨੂੰ ਚਾਰ ਗੁਨਾਹਾਂ ਤੇ ਚਾਰ ਕਤਲ ਮੁਆਫ਼ ਨੇ।' 
ਇਕੇਰਾਂ ਇਕ ਖੀਸੇ ਕੱਟ ਪੁਲਿਸ ਨੇ ਪਕੜ ਲਿਆ। ਠਾਣੇਦਾਰ ਕਹਿਣ ਲੱਗਾ... ਓਏ ਤੂੰ ਕਿੰਨਾ ਕੁ ਚਾਤਰ ਹੈ ਜੋ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਖੀਸੇ ਕੱਟ ਲੈਂਦਾ ਹੈਂ... ਮੇਰਾ ਕੱਟ ਕੇ ਵਿਖਾ... ਤੈਨੂੰ ਇਨਾਮ ਦਵਾਵਾਂ।' 
'ਹਾਂ ਮੈਨੂੰ ਇਸ ਕਹਾਣੀ ਦਾ ਵੀ ਪਤਾ ਹੈ।' ਹੈੱਡਮਾਸਟਰ ਇਕੇਰਾਂ ਫਿਰ ਆਪਣੀ ਸੀਟ ਤੋਂ ਉਛਲਿਆ। 
'ਤੇ ਉਹ ਖੀਸੇ-ਕੱਟ ਅੱਗੋਂ ਕਹਿਣ ਲੱਗਾ, ਮੇਰੇ ਮਾਈ ਬਾਪ! ਮੈਂ ਤੇਰਾ ਖੀਸਾ ਕੱਟ ਕੇ ਕੀ ਲੈਣਾ... ਤੇਰੀ ਜੇਬ ਵਿੱਚ ਤਾਂ ਇਕ ਰੁਪੇ ਦਾ ਸਿੱਕਾ ਹੈ, ਉਹ ਵੀ ਖੋਟਾ। ਮੈਂ ਐਵੇਂ ਆਪਣੀ ਬਦਨਾਮੀ ਕਰਾਉਣੀ ਤੇਰੇ ਜਿਹੇ ਨੰਗਾਂ ਦੀ ਜੇਬ ਤਰਾਸ਼ ਕੇ! ਤੇ ਨਾਲੇ ਕੱਲ੍ਹ ਨੂੰ ਤੂੰ ਵੀ ਤਾਂ ਹਿੱਸਾ ਮੰਗ ਲੈਣਾ, ਮੈਂ ਕਿਥੋਂ ਭਰੂੰ।' 
'ਸ਼ਰਮਿੰਦੇ ਹੋਏ ਥਾਣੇਦਾਰ ਨੇ ਆਪਣੀ ਜੇਬ ਟੋਹੀ, ਸਿੱਕਾ ਕੱਢਿਆ। ਅੱਖਾਂ ਦੇ ਨੇੜੇ ਕਰਕੇ ਨੀਝ ਲਾਈ ਤੇ ਮੁੜ ਅੰਦਰਲੀ ਫਤੂਹੀ ਦੀ ਜੇਬ ਵਿੱਚ ਪਾ ਲਿਆ।' ਹੈੱਡਮਾਸਟਰ ਨੇ ਗੱਲ ਅੰਦਰਲੇ ਪੜਾਅ 'ਤੇ ਪਹੁੰਚਾਈ। 
'ਹੋਰ ਸੁਣੋ... ਸਰ!... ਇਕ ਨਾਮੀ ਬਦਮਾਸ਼ ਸੀ ਦੀਪਾ! ਮੱਖੀ ਵਾਲਾ ਦੀਪਾ ਸਰਹੱਦੀ ਇਲਾਕੇ ਦਾ। ਤਖ਼ਤਪੋਸ਼ ਦੇ ਲਾਗੇ ਕਿਸੇ ਘਰ ਛੱਤ ਤੇ ਬੈਠ ਕੇ ਸ਼ਰਾਬ ਪੀਂਦਾ ਘਰ ਵਾਲਿਆਂ ਨਾਲ ਖਹਿਬੜ ਪਿਆ ਤੇ ਫਿਰ ਉਹਨਾਂ ਨੂੰ ਗਾਲ਼ਾਂ ਕੱਢਣ ਲੱਗਾ। ਸਾਰੇ ਪਿੰਡ ਦੀਆਂ ਧੀਆਂ ਭੈਣਾ ਨਉਲਣ ਲੱਗਾ। ਮੇਜ਼ਬਾਨ ਦੇ ਕਾਬੂ ਤੋਂ ਬਾਹਰ ਹੁੰਦਾ ਵੇਖ ਸੁਣ ਕੇ ਤਖ਼ਤਪੋਸ਼ 'ਤੇ ਬੈਠੇ ਲੋਕ ਬਿੱਫ਼ਰ ਪਏ। ਤਖ਼ਤਪੋਸ਼ ਤੋਂ ਲਲਕਾਰਾ ਵੱਜਾ, ਸੁਣ ਕੇ ਉਹ ਛਾਲ ਮਾਰ ਕੇ ਡੇਰਾ ਮਾਈ ਦਾਸ ਵੱਲ ਦੌੜਿਆ। ਪਿੰਡ ਦੀ ਵਾਹਰ, ਜਿਵੇਂ ਸ਼ਿਕਾਰੀ ਕੁੱਤੇ, ਬਿੱਲੀ ਸਹੇ ਨੂੰ ਨੋਚਦੇ ਹਨ, ਉਸ ਦੀ ਬੋਟੀ ਬੋਟੀ ਕਰ ਦਿੱਤੀ। ਜਿਸ ਦੇ ਪਿਓ ਨੇ ਕਦੇ ਬਿੱਲੀ ਨਹੀਂ ਸੀ ਮਾਰੀ ਉਹਨੇ ਵੀ ਇੱਟਾਂ ਵੱਟਿਆਂ ਨਾਲ ਆਪਣਾ ਹਿੱਸਾ ਪਾਇਆ। ਕਿੱਲੇ ਨਾਲ ਬੱਧੀ ਉਸ ਦੀ ਘੋੜੀ ਹਿਣਕੀ ਤੇ ਖਰੂਦ ਕਰਨ ਲੱਗੀ। ਦੁਲੱਤੇ ਟੀਟਣੇ ਮਾਰ ਮਾਰ ਕੇ ਪੈਂਖੜ-ਰੱਸਾ ਤੁੜਾ ਕੇ ਉਸ ਦੇ ਪਿੱਛੇ ਦੌੜੀ। ਖੂੰਖਾਰ ਹੋਈ ਘੋੜੀ ਵਿਚਾਰੀ ਹਿਣਕਦੀ ਤਰਲੇ ਜਿਹੇ ਪਾਉਂਦੀ ਭੀੜ ਨੂੰ ਪਿੱਛੇ ਧਕੇਲਦੀ ਉਸ ਦੇ ਚੱਕਰ ਕੱਟਣ ਲੱਗੀ। ਨਿਰ-ਹਰਕਤ ਪਈ ਮਾਲਕ ਦੀ ਲਾਸ਼ ਨੂੰ ਸੁੰਘਿਆ। ਬੂਥਾ ਉੱਪਰ ਚੁੱਕ ਕੇ ਫੁੰਕਾਰਾ ਜਿਹਾ ਮਾਰਿਆ ਤੇ ਅੱਖਾਂ 'ਚੋਂ ਗਲੇਡੂ ਕੇਰਦੀ ਚਾਰ ਚੁਫੇਰੇ ਖੜੀ ਤਮਾਸ਼ਬੀਨ ਹਮਲਾਵਰ ਜੁੰਡਲੀ ਵੱਲ ਵੇਖਣ ਲੱਗੀ ਜਿਵੇਂ ਸਰਾਫ਼ ਦੇ ਰਹੀ ਹੋਵੇ। ਤੇਰਾਂ ਬੰਦਿਆਂ ਨੂੰ ਕੈਦ ਹੋਈ ਸੀ ਨੌਂ ਨੌਂ ਮਹੀਨੇ ਪਰ ਉਸ ਜੀਤੇ ਕਿਆਂ ਦੇ 'ਜੋਗੀ' ਨੂੰ ਨਹੀਂ ਹੋਈ ਜਿਸ ਦੀ ਪਹਿਲੀ ਬਰਛੀ ਨਾਲ ਉਹ ਮਰਿਆ ਸੀ।' ਵਗਦੀ ਲੋਕ-ਕਹਾਣੀ ਵਿਚ ਆਪਣਾ ਹਿੱਸਾ ਪਾ ਕੇ ਮੈਂ ਵੀ ਵਧਿਆ ਵਧਿਆ ਮਹਿਸੂਸ ਕੀਤਾ। 
'ਹਾਂ ਜੀ ਹਾਂ ਮੈਨੂੰ ਪਤਾ ਬੜੇ ਮਾਰਖ਼ੋਰੇ ਨੇ ਉਹ ਲੋਕ, ਬੜੇ ਅਣਖੀਲੇ ਨੇ।' ਹੈੱਡਮਾਸਟਰ ਨੇ ਸਿਰ ਹਿਲਾਉਂਦੇ ਘੜੀ ਦੇਖੀ ਤੇ ਬਾਕੀਆਂ ਨੂੰ ਨਿਖਰਨ ਦਾ ਸੰਕੇਤ ਦਿੱਤਾ। 
'ਸ਼ਰੀਕਾਂ ਨੂੰ ਥੱਲੇ ਲਗਾਉਣ ਦਾ ਸਭ ਤੋਂ ਚੰਗਾ ਤੇ ਸੌਖਾ ਤਰੀਕਾ ਇਹ ਹੈ ਕਿ ਉਸ ਦੀ ਪੁੰਗਰਦੀ ਨਵੀਂ ਪਨੀਰੀ ਨੂੰ ਨਸ਼ਿਆਂ ਦੀ ਚੇਟਕ ਲਾਓ। ਪਹਿਲਾਂ ਮੁਫ਼ਤ ਪਿਆਓ ਤੇ ਫਿਰ ਉਹ ਆਪੇ ਹੀ ਲੱਗ ਜਾਣਗੇ ਇਸ ਚਾਂਟੇ।' ਏਸੇ ਹੀ ਹੈੱਡਮਾਸਟਰ ਦਾ ਵਿਖਿਆਨ ਫਿਰ ਮੇਰੇ ਮੂਹਰੇ ਆ ਕੇ ਕਹਾਣੀ ਦੀ ਚਾਲ ਢਾਲ ਤੇ ਧਰਾਤਲ ਬਦਲ ਦਿੰਦਾ ਹੈ। ਚਾਚਾ ਕਦੇ ਕਦੇ ਸ਼ਾਮ ਨੂੰ ਤਕੀਏ ਨੂੰ ਜਾਂਦਾ, ਮੈਨੂੰ ਸੀਟੀ ਜਿਹੀ ਮਾਰ ਲੈਂਦਾ ਤੇ ਮੈਂ ਮਾਤਾ ਤੋਂ ਅੱਖ ਬਚਾ ਕੇ ਉਸ ਦੇ ਪਿੱਛੇ ਹੋ ਤੁਰਦਾ। ਉਹ ਚਾਦਰ ਦੇ ਲੜ ਵਿਚੋਂ ਅੜੁੰਗਿਆ ਅਧੀਆ ਕੱਢ ਕੇ ਹਾੜਾ ਸਾਈਕਲ ਦੀ ਘੰਟੀ ਵਿੱਚ ਪਾਉਂਦਾ ਤੇ ਉਸ ਵਿਚ ਖੂਹ ਦੇ ਚੁਬੱਚੇ 'ਚੋਂ ਚੁਲੀ ਭਰ ਪਾਣੀ ਮਿਲਾ ਕੇ ਮੇਰੇ ਅੱਗੇ ਕਰ ਦਿੰਦਾ। 
'ਲੈ ਭਤੀਜ! ਚੁੱਕ ਲੈ ਸ਼ੇਰ ਬਣ ਕੇ।' 
'ਕੌੜੀ ਹੈ ਚਾਚਾ...।' ਮੈਨੂੰ ਧੁੜਧੁੜੀ ਜਿਹੀ ਆਉਂਦੀ। ਮੈਂ ਸ਼ੀ ਸ਼ੀ... ਕਰਕੇ ਵਾਪਸ ਮੋੜਦਾ ਪਰ ਉਹ ਫਿਰ ਮੇਰੇ ਮੂੰਹ ਨੂੰ ਲਾ ਦਿੰਦਾ। 
'ਓ ਪੁੱਤਰ! ਇਹ ਮੂੰਹ ਤੋਂ ਜਿੰਨੀ ਕੌੜੀ ਹੈ ਅੰਦਰੋਂ ਉਤਨੀ ਹੀ ਗੁਣ ਭਰਪੂਰ ਜ਼ਾਇਕੇਦਾਰ।' ਉਸਦਾ ਇਕ ਹੱਥ ਮੇਰੇ ਸਿਰ ਤੇ ਅਤੇ ਇਕ ਮੇਰੀ ਪਿੱਠ ਤੇ ਥਪਕੀ ਦਿੰਦਾ। ਫਿਰ ਮੈਂ ਉਸ ਦੀ ਛਾਂ ਬਣ ਕੇ ਬਾਹਰਲੀ ਫਿਰਨੀ ਪੈ ਕੇ ਤਕੀਏ ਪਹੁੰਚ ਜਾਂਦੇ ਜਿਥੇ ਕੌਡੀਆਂ ਵਾਲਾ ਜੂਆ... ਭੰਗ, ਪੋਸਤ ਅਫ਼ੀਮ ਆਦਿ ਦੇ ਵੱਜਰੀ ਵੱਖ-ਵੱਖ ਢਾਣੀਆਂ ਬਣਾ ਕੇ ਬੈਠੇ ਹੁੰਦੇ ਤੇ ਕੁਝ ਕੁਝ ਲੇਟ ਰਹੇ ਹੁੰਦੇ। ਕੌਡੀਆਂ ਸੁੱਟਣ ਵਿੱਚ ਮੈਂ ਛੇਤੀ ਹੀ ਬੜਾ ਮਾਹਿਰ ਹੋ ਗਿਆ। ਮੈਂ ਅੱਠ ਹੀ ਮੰਗਦਾ ਤੇ ਮੇਰੀਆਂ ਅੱਠੇ ਹੀ ਪੈਂਦੀਆਂ। ਉਥੇ ਹੀ ਬੈਠੇ ਇਕ ਭਗਵੇਂ ਬਾਣੇ ਵਾਲੇ ਸਾਧ ਨਾਲ ਮੇਰੀ ਜਾਣ ਪਛਾਣ ਹੋ ਗਈ। ਉਹ ਸ੍ਵਰਗਾਂ ਦੇ ਨਜ਼ਾਰੇ ਦਿਖਾਉਣ ਦਾ ਬੜਾ ਕਾਸਬ ਸੀ ਤੇ ਇਸ ਲਈ ਇਕ ਆਨਾ ਟਿਕਟ ਲੈਂਦਾ ਸੀ। ਉਹ ਵੱਡੇ ਸਾਰੇ ਕੂੰਡੇ ਡੰਡੇ ਨਾਲ ਭੰਗ ਪੋਸਤ ਤੇ ਨਿਧਾਨ ਸਿੰਘ ਆਦਿ ਦੀ ਸ਼ਰਦਾਈ ਬਣਾ ਕੇ ਪਿਆਉਂਦਾ ਸੀ। 
'ਮੈਨੂੰ ਵੀ ਨਜ਼ਾਰਾ ਦਿਖਾ ਦੇ ਅੱਜ ਬਾਬਾ!' ਚਾਚੇ ਦੀ ਸਿਫਾਰਿਸ਼ ਨਾਲ ਮੈਂ ਉਸ ਕੋਲ ਜਾ ਅਰਜ਼ ਗੁਜ਼ਾਰੀ ਤੇ ਉਸ ਦਾ ਮੁਰੀਦ ਬਣਨ ਦਾ ਪ੍ਰਣ ਕੀਤਾ। 
'ਹੱਲਾ! ਤੇ ਪੁੱਤਰ ਟਿਕਟ ਕਿਹੜੀ ਲੈਣੀ?' ਉਸ ਨੇ ਕੂੰਡੇ 'ਚ ਹੱਥ ਫੇਰਦੇ ਮੇਰੀ ਜੇਬ ਵੱਲ ਸੈਨਤ ਮਾਰਦੇ ਮੇਰੀ ਗ੍ਰਹਿਣ ਸ਼ਕਤੀ ਤੇ ਜੇਬ ਦੀ ਗੁੰਜਾਇਸ਼ ਜਾਚਣੀ ਚਾਹੀ। 
'ਜਿਹੜੀ ਮਰਜ਼ੀ ਦਿਓ ਬਾਬਾ ਜੀ! ਮੇਰੇ ਪਾਸ ਚਾਰ ਆਨੇ ਹਨ।' ਜਿੱਤੇ ਹੋਏ ਭਾਨ ਵਾਲੇ ਬੋਝੇ ਵੱਲ ਮੈਂ ਹੱਥ ਛਣਕਾਇਆ। 
'ਸ਼ਾਬਾਸ਼ੇ ਓ ਪੁੱਤਰਾ! ਤੂੰ ਜ਼ਰੂਰ ਪਿੰਡ ਦਾ ਨਾਮ ਰੋਸ਼ਨ ਕਰੇਂਗਾ। ਮੇਰਾ ਮਤਲਬ ਹੈ ਕਿ ਤੂੰ ਟਿਕਟ ਅੱਡ ਅੱਡ ਪੜਾਵਾਂ ਦੀ ਲੈਣੀ ਹੈ ਕਿ ਧੁਰ ਨਾਨ-ਸਟਾਪ?' 
'ਧੁਰ ਦੀ ਹੀ ਦਿਓ ਬਾਬਾ ਜੀ ਨਾਨ ਸਟਾਪ! ਮੈਂ ਵਾਪਸ ਜਲਦੀ ਜਾ ਕੇ ਪੱਠੇ ਲਿਆਉਣੇ ਨੇ ਮੱਝਾਂ ਵਾਸਤੇ।' 
ਮੇਰੇ ਹੱਥੋਂ ਇਕ ਆਨਾ ਲੈ ਕੇ ਉਸ ਨੇ ਕੂੰਡੇ ਵਿੱਚ ਹੱਥ ਹੰਘਾਲਦੇ ਖੱਦਰ ਦੇ ਗਿਲਾਸ ਵਿਚ ਦੋ ਚੁਲੀਆਂ ਭਰ ਕੇ ਪਾ ਦਿੱਤੀਆਂ। 
'ਲੈ! ਚੁੱਕ ਜਾਹ ਮੱਲਾ ਭਲਵਾਨ ਬਣ ਕੇ! ਅੱਖਾਂ ਮੀਟ ਕੇ ਇਕੋ ਡੀਕੇ ਖਿੱਚ ਜਾਹ।' ਮੈਂ ਗਟਗਟ ਚੜ੍ਹਾ ਗਿਆ ਸਾਰੀ... ਤੇ ਘਰ ਵੱਲ ਫਿਰਨੀ ਦੇ ਰਸਤੇ ਪੈ ਗਿਆ। 
ਇਹ ਕੀ! ਮੇਰੇ ਪੈਰ ਧਰਤੀ 'ਤੇ ਨਹੀਂ ਸਨ ਲੱਗ ਰਹੇ... ਜਿਵੇਂ ਉੱਡੂੰ ਉੱਡੂੰ ਕਰ ਰਹੇ ਹੋਣ। 
'ਹਾਂ ਠੀਕ ਹੀ ਲਗਦਾ ਹੈ... ਸ੍ਵਰਗਾਂ ਵਿੱਚ ਪਹੁੰਚਣ ਹੀ ਵਾਲਾ ਹਾਂ।' 
ਇਹ ਕੀ! ਮੇਰੇ ਪੈਰ ਹੀ ਨਹੀਂ, ਸਿਰ ਵਿਚੋਂ ਵੀ ਕੁਝ ਸੇਕ ਜਿਹਾ ਬਣ ਕੇ ਘੁੰਮਣ-ਘੇਰੀਆਂ ਮਚਾਉਣ ਲੱਗਾ। ਮੈਂ ਡਿੱਗਣ ਡਿੱਗਣ ਕਰਦਾ ਘਰ ਦੀ ਦੇਹਲੀ 'ਤੇ ਪਹੁੰਚਿਆ। 
'ਆ ਗਿਐਂ ਡੁੱਬ ਜਾਣਿਆਂ! ਮੈਂ ਤੇ ਕਿਹਾ ਸੀ ਪਈ ਤੂੰ ਬਚਿਆ ਰਹੇਂਗਾ ਇਹਨਾਂ ਸ਼ਰੀਕਾਂ ਗਰਕ ਜਾਣਿਆਂ ਤੋਂ... ਪਰ ਉਹਨਾਂ ਨਹੀਂ ਛੱਡਣਾ ਤੈਨੂੰ।' ਮੇਰੀ ਮਾਤਾ ਡੰਡਾ ਲੈ ਕੇ ਦੌੜੀ ਤੇ ਮੈਂ ਦੌੜ ਕੇ ਖੂਹ ਵੱਲ ਚਲਾ ਗਿਆ ਜੀ-ਭਿਆਣਾ। ਲੱਤਾਂ ਉੱਡਦੀਆਂ, ਜਬਾਨ ਖੁਸ਼ਕ ਹੋ ਕੇ ਤਾਲੂ ਨਾਲ ਲੱਗ ਰਹੀ ਸੀ। 
ਉਹੀ ਚਾਚਾ ਖੂਹ ਦੀ ਮਣ 'ਤੇ ਬੈਠਾ ਮੇਰੇ ਵੱਲ ਵੇਖ ਕੇ ਹੱਸ ਰਿਹਾ ਸੀ। 
'ਆਇਆ ਲੁਤਫ਼ ਭਤੀਜ!' 
'ਚਾਚਾ! ਮੈਨੂੰ ਬਚਾ ਲੈ...।' ਮੈਂ ਡਿੱਗਦੇ ਡਿੱਗਦੇ ਲਿਲ੍ਹਕੜੀ ਜਿਹੀ ਕੱਢੀ। 
'ਮੈਨੂੰ ਪਾਣੀ ਪਿਲਾ ਚਾਚਾ! ਮੈਂ ਮਰ ਚੱਲਿਆ।' ਮੈਂ ਹੱਥ ਜੋੜੇ। 
ਉਹ ਮੇਰੀ ਹਾਲਤ ਵੇਖ ਕੇ ਕਮਾਦ ਵਿੱਚ ਜਾ ਵੜਿਆ। ਉਸ ਦੀ ਨਾਂਹ-ਵਾਚਕ ਘਿਣਾਉਣੀ ਬਦਨੀਤ ਭਾਂਪ ਕੇ ਮੈਂ ਪਦੀੜ ਵੱਟ ਦਿੱਤੀ, ਮੁੜ ਉਸੇ ਸਾਧ ਕੋਲ। ਸਾਧ ਨੇ ਫੂਕਾਂ ਮਾਰਦੇ ਕੋਈ ਚੁਟਕੀ ਦਵਾਈ ਮੈਨੂੰ ਸੁੰਘਾਈ, ਕੁਝ ਪਿਆਈ ਤੇ ਮੈਨੂੰ ਥੱਲੇ ਲਿਟਾ ਕੇ ਘੁੱਟਣ ਲੱਗਾ। ਮੈਂ ਕੁਝ ਦੇਰ ਬਾਦ ਸਹਿਜ ਹੋਇਆ। ਬਾਹਰੇ ਬਾਹਰ ਘਾਹ ਦੀ ਪੰਡ ਲੈ ਕੇ ਕਿੱਲੇ ਤੁੜਾਉਂਦੀ ਮੱਝ ਅੱਗੇ ਜਾ ਸੁੱਟੀ ਤੇ ਡੰਡਾ ਲੈ ਕੇ ਖੜ੍ਹੀ ਮਾਤਾ ਦੇ ਚਰਨੀ ਡਿੱਗ ਪਿਆ। 
ਰੋਜ਼ ਦੀ ਪਊਏ ਦੀ ਲੱਤ ਤੇ ਜੂਏ ਦੇ ਝੱਸ ਨੇ ਮੇਰਾ ਜੇਬ ਖਰਚ ਬੰਦ ਕਰਵਾ ਦਿੱਤਾ। 
'ਮੈਂ ਵੀ ਘੜਾ ਪਾਵਾਂਗਾ... ਇਹ ਕਿਹੜਾ ਔਖਾ ਕੰਮ ਹੈ! ਨਾਲੇ ਆਪ ਪੀਆ ਕਰਾਂਗਾ ਨਾਲੇ ਵੇਚ ਕੇ ਉੱਪਰਲਾ ਜੇਬ ਖਰਚ ਪੂਰਾ ਕਰਾਂਗਾ।' 
ਚਾਚੇ ਨੂੰ ਘੜਾ ਪਾਉਂਦੇ, ਗੁੜ ਘੋਲਦੇ, ਭੱਠੀ ਕੱਢਦੇ ਤੇ ਬੋਤਲਾਂ ਭਰਦੇ ਵੇਖ ਕੇ ਮੇਰਾ ਵੀ ਸ਼ੌਕ ਜਾਗ ਉੱਠਿਆ। 
ਅੱਠ ਆਨੇ ਦਾ ਮੱਟ, ਅੱਠ ਆਨੇ ਦਾ ਗੁੜ, ਨਸ਼ਾਦਰ, ਕਿੱਕਰ ਦੇ ਸੱਕ, ਸੰਤਰੇ ਦੇ ਛਿੱਲੜ, ਪਾਈਆ ਅੰਗੂਰ, ਗਾਚਨੀ ਤੇ ਹੋਰ ਮਸਾਲਾ ਨਿੱਕ-ਸੁੱਕ ਘੋਲ ਕੇ ਘਰ ਦੇ ਅੰਦਰ ਤੂੜੀ ਵਿਚ ਨੱਪ ਦਿੱਤਾ। ਮੱਝ ਦੇ ਗੁਤਾਵੇ ਲਈ ਅੰਦਰ ਜਾਂਦਾ ਤੂੜੀ 'ਚੋਂ ਹੱਥ ਡੂੰਘਾ ਕਰ ਕੇ ਘੜੇ ਵਿਚ ਫੇਰਦਾ। ਸੂੰ ਸੂੰ ਹੁੰਦੀ, ਇਕ ਲਪਟ ਜਿਹੀ ਕੋਠੇ ਵਿੱਚ ਫੈਲਦੀ, ਸੁੰਘ ਕੇ ਬੜਾ ਮਸਤ ਹੁੰਦਾ। ਚਾਚੇ ਦੇ ਦੱਸਣ ਅਨੁਸਾਰ ਘੜਾ ਚੱਲ ਪਿਆ ਸੀ ਤੇ ਤੀਸਰੇ ਦਿਨ ਇਹ ਕੱਢਣ-ਯੋਗ ਹੋ ਜਾਣਾ ਸੀ। ਛਕਾਲ਼ਾ, ਨਾਲੀ, ਲੁਹਾਂਡਾ, ਬਾਲਣ ਭੱਠੀ ਅਤੇ ਹੋਰ ਸਮਾਨ ਮੈਂ ਚਾਚੇ ਦਾ ਹੀ ਵਰਤਣਾ ਸੀ ਤੇ ਇਸ ਲਈ ਉਸ ਨੂੰ ਉਪਜ ਦਾ ਅੱਧਾ ਹਿੱਸਾ ਦੇਣਾ ਸੀ। 
ਅਚਾਨਕ ਪਿਤਾ ਜੀ ਆ ਗਏ। ਘਰ ਵਿਚ ਗਹਿਮਾ ਗਹਿਮੀ ਹੋ ਗਈ। ਸਰਹੱਦੀ ਚੌਕਸੀ ਤੋਂ ਵਿਹਲੇ ਹੋ ਕੇ ਉਹਨਾਂ ਨੂੰ ਬੜੀ ਮੁਸ਼ਕਲ ਛੁੱਟੀ ਮਿਲੀ ਸੀ। 
'ਹੁਣ ਕੀ ਬਣੇਗਾ! ਚੋਰ ਦੀ ਦਾੜ੍ਹੀ ਵਿਚ ਤਿਣਕਾ। ਇਥੇ ਹੀ ਡੋਲ੍ਹ ਦਿੱਤਾ ਜਾਏ ਜਾਂ...ਜਾਂ...।' ਮੈਂ ਸੋਚ ਹੀ ਰਿਹਾ ਸੀ ਕਿ ਪਿਤਾ ਜੀ ਮੇਰੇ ਪਿੱਛੇ ਖੜੇ ਸਨ। 
'ਕੀ ਗੱਲ ਪੁੱਤ! ਘਬਰਾ ਨਾ... ਤੂੰ ਸਖ਼ਤ ਮਿਹਨਤ ਕਰਕੇ ਪੜ੍ਹ। ਇਹ ਤੂੜੀ-ਤਾੜੀ ਦਾ ਖਹਿੜਾ ਛੱਡ। ਮੈਂ ਪਸ਼ੂਆਂ ਵਾਸਤੇ ਵਾਗੀ ਰੱਖ ਦਿਆਂਗਾ।' 
'ਹੱਛਾ ਜੀ!' ਮੈਂ ਇਤਨਾ ਹੀ ਕਹਿ ਸਕਿਆ। 
ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਜੇ ਪਿਤਾ ਜੀ ਨੂੰ ਪਤਾ ਚੱਲ ਗਿਆ ਤਾਂ ਛਿੱਤਰ ਪਤਾਣ ਤੋਂ ਉਪਰੰਤ ਉਹਨਾਂ ਦਾ ਇਕਰਾਰ ਕਿ ਜੇ ਮੈਂ ਚੰਗੀ ਮਿਹਨਤ ਤੇ ਨੇਕ-ਨੀਤੀ ਨਾਲ ਪੜ੍ਹਦਾ ਰਿਹਾ ਤਾਂ ਉਹ ਮੈਨੂੰ ਨਵਾਂ ਸਾਈਕਲ ਲੈ ਦੇਣਗੇ, ਵੀ ਹੱਥੋਂ ਛੁੱਟਣ ਵਾਲਾ ਸੀ। ਘੜੇ ਨੂੰ ਬਿਲੇ ਲਗਾਉਣ ਲਈ ਤੂੜੀ ਵੱਲ ਘੁਮੇਟਣੀਆਂ ਕੱਢਦਾ ਰਿਹਾ ਪਰ ਕਦੇ ਕੁੱਤੇ ਦੇ ਭੌਂਕਣ ਤੇ ਕਦੇ ਕੁੱਕੜਾਂ ਦੀ ਕੁੜ ਕੁੜ ਨੇ ਮੇਰੇ ਉਪਰਾਲੇ ਰੋਕੀ ਰੱਖੇ, ਦਾਅ ਨਾ ਲੱਗਾ। ਅਗਲੇ ਦਿਨ ਸਵੇਰੇ ਘਰ ਵਿਚ ਕੁਹਰਾਮ ਮੱਚ ਉੱਠਿਆ। 
'ਇਹ ਕੀ ਕੁਚੱਜੀਏ... ਹਰਾਮਜ਼ਾਦੀਏ...?' ਪਿਤਾ ਜੀ ਨੇ ਮਾਤਾ ਦੀ ਗੁੱਤ ਫੜ ਕੇ ਖਿੱਚ ਕੇ ਤੂੜੀ ਵਾਲੇ ਅੰਦਰ ਨੂੰ ਘਸੀਟ ਲਿਆ। 
'ਇੱਧਰ ਆ ਓਏ...।' ਉਸ ਦੇ ਫੌਜੀ ਫੁੰਕਾਰੇ ਨਾਲ ਮੇਰੀ ਸੁੱਧ ਬੁੱਧ ਉੱਡ ਗਈ। ਨਵੀਂ ਸੂਈ ਸੱਜਰ ਮੱਝ ਦੀ ਬਹੁਲੀ ਦਾ ਛੰਨਾ ਮੇਰੇ ਹੱਥੋਂ ਤਿਲਕ ਕੇ ਟੱਨ ਕਰਦਾ ਥੱਲੇ ਡਿੱਗ ਕੇ ਖੱਖੜੀਆਂ ਹੋ ਗਿਆ। 
'ਕੱਢ ਬਾਹਰ... ਕੀ ਹੈ ਇਹ!' ਤੂੜੀ ਵਿੱਚ ਪਾਏ ਭਾਂਡੇ ਦਾ ਭਾਂਡਾ ਸੱਚ ਮੁਚ ਹੀ ਭੱਜ ਗਿਆ ਸੀ। 
ਕੱਚੇ ਘੋਲ ਦੀ ਮਹਿਕ ਤੇ ਮੇਰੀਆਂ ਰਾਤ ਦੀਆਂ ਅਵਾਜਾਰੀਆਂ ਨੇ ਇਹ ਸਭ ਕੁਝ ਨੰਗਾ ਕਰ ਦਿੱਤਾ ਸੀ। 
ਮੈਂ ਤੂੜੀ ਪਾਸੇ ਕਰ ਕੇ ਬਾਹਰ ਕੱਢਿਆ। ਮਾਤਾ ਦੇ ਮੌਰਾਂ ਤੇ ਧੌਲ਼ ਪੈਂਦੀ ਵੇਖ ਕੇ ਮੈਂ ਗਰਕ ਗਿਆ ਸਾਂ ਤੇ ਮਾਤਾ ਇਹ ਸਭ ਕੁਝ ਵੇਖ ਕੇ ਮੇਰੀ ਬੇਹਯਾਈ ਤੇ ਦਗੇਬਾਜ਼ੀ ਤੇ ਢਿੱਡ ਪਿੱਟ ਰਹੀ ਸੀ। 
'ਚੁੱਕ ਇਹਨੂੰ ਸਿਰ ਤੇ... ਤੇ ਚੱਲ ਬਾਹਰ! ਸੁੱਟ ਕੇ ਆ ਔਲ਼ੂ ਵਿੱਚ।' ਬਾਪੂ ਦਾ ਫੌਜੀ ਦਬਕਾ ਮੇਰੇ ਸਿਰ ਹਥੌੜੇ ਵਾਂਗ ਵੱਜਾ। 
'ਇਥੇ ਭੰਨ ਦਿਉ... ਬਾਹਰ ਹੁਣ ਸ਼ਰੀਕਾਂ ਕੋਲੋਂ ਮਖੌਲ  ਕਰਾਉਣਾ?' ਮਾਤਾ ਨੇ ਡਰਦੇ ਡਰਦੇ ਹੱਥ ਜੋੜੇ। 
'ਨਹੀਂ! ਨਹੀਂ... ਚੱਲ਼.. ਪਾਸੇ ਹੋ ਜਾਹ ਮੇਰੇ ਰਸਤੇ 'ਚੋਂ.. ਨਹੀਂ ਤੇ..।' 
ਮਾਤਾ ਦੀ ਕੋਈ ਪੇਸ਼ ਨਾ ਚਲਦੀ ਵੇਖ ਕੇ ਮੈਂ ਘੜਾ ਸਿਰ ਤੇ ਚੁੱਕਿਆ ਤੇ ਚਲਦੇ ਖੂਹ ਦੇ ਚਲ੍ਹੇ ਵਿਚ ਸੁੱਟ ਕੇ ਸ਼ਰ੍ਹੇਆਮ ਲੋਕਾਂ ਦੇ ਸਾਹਮਣੇ ਘੜਾ ਭੰਨ ਦਿੱਤਾ। ਆਪਣੇ ਹੱਥੀਂ ਪਾਇਆ... ਆਪਣੇ ਹੱਥੀ ਭੰਨਿਆ... ਇਹ ਮੈਂ ਆਪਣਾ ਘੜਾ। ਇਸ ਤੋਂ ਬਾਅਦ ਮੈਂ ਬੜਾ ਸੁਰਖਰੂ ਸੁਰਖਰੂ ਮਹਿਸੂਸ ਕੀਤਾ ਤੇ ਬਾਪੂ ਦੇ ਪੈਰਾਂ ਨੂੰ ਚਿੰਬੜ ਗਿਆ। 
ਬਾਹਰ ਦੇਖਦਾ ਹਾਂ। ਪਤਾ ਹੀ ਨਹੀਂ ਚੱਲਿਆ, ਗੱਡੀ ਕਿੰਨੀ ਵੇਰਾਂ ਰੁਕੀ ਹੈ ਕਿੰਨੀ ਵੇਰਾ ਚੱਲੀ ਹੈ ਭੂਤਕਾਲ ਦੀ ਰੋਮਾਂਚਕ ਕਹਾਣੀ ਵਿੱਚ। ਹੁਣ ਗੱਡੀ ਫੇਰ ਕੁਝ ਹੌਲੀ ਹੋਈ ਹੈ। ਬਰੇਕਾਂ ਦੀ ਆਵਾਜ਼ ਆਈ ਤੇ ਗੱਡੀ ਰੁਕਦੀ ਰੁਕਦੀ ਫਿਰ ਚੱਲ ਪਈ ਜਿਵੇਂ ਕਿਸੇ ਨੇ ਜੰਜੀਰ ਖਿੱਚੀ ਹੋਵੇ। 
'ਤਰਨਤਾਰਨ ਸਟੇਸ਼ਨ ਦੇ ਬਾਹਰ ਜੰਡਿਆਲਾ ਫਾਟਕ ਹੈ।' ਇੱਕ ਮੁਸਾਫ਼ਰ ਦੂਜੇ ਨੂੰ ਕਹਿ ਰਿਹਾ ਸੀ। 
ਇਥੇ ਬਾਹਰੋਂ ਆਉਣ ਵਾਲੇ ਵਿਦਿਆਰਥੀ, ਬਿਨ ਟਿਕਟੇ ਮੁਸਾਫ਼ਰ ਜਾਂ ਚੁੰਗੀ ਦੇਣ ਤੋਂ ਡਰਦੇ ਮਾਲ ਅਸਬਾਬ ਵਾਲੇ ਰੋਜ਼ਾਨਾ ਯਾਤਰੂ ਜੰਜੀਰ ਖਿੱਚ ਕੇ ਇਥੇ ਬਾਹਰ ਹੀ ਉੱਤਰ ਜਾਂਦੇ ਨੇ... ਚੁੰਗੀ ਚੋਰ। 
ਹਰ ਰੋਜ਼ ਟੀ. ਵੀ., ਰੇਡੀਓ ਅਖ਼ਬਾਰਾਂ ਤੋਂ ਉਹੀ ਖ਼ਬਰਾਂ ਬਾਰ-ਬਾਰ! ਬਾਰ-ਬਾਰ ਨਹੀ ਹਰ ਰੋਜ ਤਾਜ਼ਾ... ਡਾਕੇ, ਪੁਲਸ ਮੁਕਾਬਲੇ, ਬੱਸਾਂ ਗੱਡੀਆਂ ਵਿਚ ਕਤਲੇਆਮ। ਸੁਣਦੇ ਸੁਣਦੇ ਇਕੇਰਾਂ ਆਪਾ ਕੰਬ ਜਾਂਦਾ ਸੀ ਉਸ ਵੇਲੇ। ਬਾਹਰ ਜਾਣ ਬਿਨਾ ਵੀ ਕੋਈ ਕੰਮ ਨਹੀਂ ਸੀ ਸਰਦਾ, ਬਾਹਰ ਜਾਣ ਤੋਂ ਵੀ ਮਨ ਡਰਦਾ ਸੀ... ਪਰ ਸਰਕਾਰੀ ਨੌਕਰੀ ਦੀ ਮਜਬੂਰੀ ਸੀ। ਉਸ ਦਿਨ ਜਾਣਾ ਸੀ ਤੇ ਜਾਣਾ ਵੀ ਉਥੇ, ਜਿਥੇ ਅੱਤਵਾਦੀਆਂ ਦੇ ਢੇਰਾਂ ਦੇ ਢੇਰ ਡੂਮਣੇ ਲੱਗੇ ਹੋਏ ਸਨ। 
ਦਿੱਲੀ ਸਰਕਾਰ ਦੇ ਹੁਕਮਾਂ ਅਨੁਸਾਰ ਮੇਰੀ ਵੀ ਡਿਊਟੀ ਲੱਗੀ ਸੀ ਉਨ੍ਹੀਂ ਦਿਨੀਂ ਤਰਨਤਾਰਨ। ਤਰਨਤਾਰਨ ਦਾ ਸਰਵੇਖਣ ਕਰਨਾ ਸੀ। 
ਬੱਸ 'ਤੇ ਜਾਏ ਜਾਂ ਗੱਡੀ ਜਾਂ ਸਕੂਟਰ ਤੇ? ਮਿੰਟ ਦੀ ਮਿੰਟ ਮੈਂ ਸੋਚਿਆ। ਬੱਸਾਂ ਗੱਡੀਆਂ ਵਿਚ ਤੇ ਪਤਾ ਨਹੀਂ ਕਦ ਲਾਈਨ 'ਚ ਖੜ੍ਹਾ ਕਰਕੇ ਹੱਥ ਉਪਰ ਕਰਵਾ ਲੈਣ। ਸੋਚ ਕੇ ਸਕੂਟਰ ਤੇ ਜਾਣਾ ਠੀਕ ਸਮਝਿਆ। 
     ਸਹਿਮੀਆਂ-ਸਹਿਮੀਆਂ ਸੜਕਾਂ, ਸੁੰਨਸਾਨ ਵਾਤਾਵਰਨ ਲੰਘ ਕੇ ਇਸ ਸਟੇਸ਼ਨ ਦੇ ਬਾਹਰ ਸਾਹਮਣੇ ਮੁਰਾਦ ਪੁਰੇ ਕਾਰਖ਼ਾਨੇ ਦਾ ਗੇਟ ਜਾ ਖੜਕਾਇਆ। ਥੋੜੀ ਦੇਰ ਬਾਅਦ ਚੌਕੀਦਾਰ ਨੇ ਆ ਕੇ ਦਰਵਾਜ਼ੇ ਦੀ ਮੋਰੀ ਵਿੱਚੋਂ ਬਾਹਰ ਝਾਕਿਆ ਤੇ ਮੁੜ ਵਾਪਸ ਚਲਾ ਗਿਆ। ਕੁਝ ਦੇਰ ਬਾਦ ਵਾਪਸੀ ਤੇ ਆ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ। 
     'ਆਉ ਭਾਊ ਜੀ ਆਉ... ਧੰਨਭਾਗ ਸ਼ਾਹ ਜੀ... ਜੀ ਆਇਆਂ ਨੂੰ।' 
     ਚੌਕੀਦਾਰ ਨੇ ਮੱਥੇ 'ਤੇ ਬਣਾਉਟੀ ਜਿਹੀ ਮੁਸਕਰਾਹਟ ਲਿਆ ਕੇ ਹੱਥ ਜੋੜ ਕੇ ਸਵਾਗਤ ਕੀਤਾ। 
     'ਲਾਲਾ ਜੀ ਤੁਹਾਡੀ ਹੀ ਇੰਤਜ਼ਾਰ ਕਰ ਰਹੇ ਨੇ।' 
     'ਮੇਰੀ ਇੰਤਜ਼ਾਰ? ਉਹ ਕਿਉਂ?' 
ਮੈਂ ਮਨ ਹੀ ਮਨ ਵਿਚ ਸੋਚਿਆ। ਮੈਂ ਤਾਂ ਕੋਈ ਅਗਾਊਂ ਸੂਚਨਾ ਜਾਂ ਪ੍ਰੋਗਰਾਮ ਨਹੀਂ ਸੀ ਭੇਜਿਆ। 
     'ਮੈਨੂੰ ਪਤਾ ਸਰਦਾਰ ਜੀ! ਤੁਹਾਡਾ ਹੁਣੇ ਫੋਨ ਆਇਆ ਸੀ... ਤੁਹਾਡੀ ਅਮਾਨਤ ਤਿਆਰ ਹੈ।' 
     ਚੌਕੀਦਾਰ ਨੇ ਸਕੂਟਰ ਦੀ ਟੋਕਰੀ ਵਿਚ ਪਈ ਕੇਸਰੀ ਪਗੜੀ ਦੇਖ ਕੇ ਇਸ਼ਾਰਾ ਕੀਤਾ ਜੋ ਮੈਂ ਘਰੋਂ ਲਲਾਰੀ ਨੂੰ ਦੇਣ ਵਾਸਤੇ ਨਾਲ ਲੈ ਆਇਆ ਸੀ। 
     'ਅਰੇ ਭਾਈ ਨਹੀਂ, ਲਾਲਾ ਜੀ ਨੂੰ ਬੁਲਾਓ ਮੈਂ ਅਮਾਨਤ ਲੈਣ ਨਹੀਂ ਆਇਆ, ਮੈਂ ਤਾਂ ਸਰਕਾਰੀ ਕੰਮ ਕਰਨਾ ਹੈ, ਕੁਝ ਕਾਗ਼ਜ਼ ਪੱਤਰ ਚੈੱਕ ਕਰਨੇ ਨੇ।' 
     ਏਨੇ 'ਚ ਲਾਲਾ ਜੀ ਆਪ ਹੀ ਆ ਪਹੁੰਚੇ, ਉਹ ਉਹਲੇ ਖੜ੍ਹੇ ਗੱਲ-ਬਾਤ ਸੁਣ ਰਹੇ ਸਨ। 
     'ਆਉ ਇੰਸਪੈਕਟਰ ਸਾਹਿਬ, ਤੁਹਾਡੇ ਆਉਣ ਦਾ ਧੰਨਵਾਦ! ਤੁਹਾਡੀ ਇੰਸਪੈਕਸ਼ਨ ਵੀ ਤਾਂ ਨਿਸ਼ਚਿਤ ਹੈ। ਪਰ ਅੱਜ 'ਉਹ' ਆਉਣ ਵਾਲੇ ਨੇ, ਪਤਾ ਨਹੀਂ ਕਿਹੜੇ ਵੇਲੇ ਆ ਜਾਣ... ਉਹ! ਸ਼ਾਹਾਂ ਦੇ ਸ਼ਾਹ।' 
     ਮੈਂ ਲਾਲੇ ਦੀ ਅਗਲੀ ਗੱਲ ਸੁਣਨ ਤੋਂ ਪਹਿਲਾਂ ਹੀ ਕਿੱਕ ਮਾਰੀ ਤੇ ਮੇਰਾ ਸਕੂਟਰ ਬਾਹਰ ਨੂੰ ਛੂਟ ਵੱਟ ਤੁਰਿਆ, ਖਾੜਕੂਆਂ ਦੀ ਗੋਲੀ ਵਾਂਗ, ਖਾੜਕੂਆਂ ਦੀ ਗੋਲੀ ਤੋਂ ਡਰਦੇ। ਅੱਜ ਵੀ ਇਹ ਘਟਨਾ ਯਾਦ ਕਰਕੇ ਮੇਰਾ ਪਸੀਨਾ ਛੁੱਟ ਜਾਂਦਾ ਹੈ। 
ਆਸੇ ਪਾਸੇ ਹਰਿਆਲੀ ਹੈ... ਭੀੜ ਭੜਕਾ ਵੀ ਕੁਝ ਜ਼ਿਆਦਾ ਹੈ। ਲਗਦਾ ਹੈ ਡੂਮਣੇ ਕੁਝ ਘਟ ਗਏ ਨੇ, ਥੰਮ੍ਹ ਗਏ ਨੇ ਜਾਂ ਦੂਰ ਦੁਰੇਡੇ ਉੱਡ ਗਏ ਨੇ। ਕਿਸੇ ਵੇਲੇ ਕਾਲਾ ਦੌਰ ਚੱਲਿਆ ਸੀ ਚੁਰਾਸੀ ਦਾ ਜਦ ਇਹ ਸਾਰਾ ਇਲਾਕਾ ਡੂਮਣਿਆਂ ਨਾਲ ਭਰ ਗਿਆ ਸੀ। ਕੋਈ ਵੀ ਉਹਨਾਂ ਖਾੜਕੂਆਂ ਦੀ ਮਾਰ ਤੋਂ ਮਹਿਫ਼ੂਜ਼ ਨਹੀਂ ਸੀ ਰਿਹਾ। ਉਸ ਲਾਲ ਹਨੇਰੀ ਤੇ ਭੂਚਾਲ ਦਾ ਵੱਡਾ ਕੇਂਦਰ ਤਰਨਤਾਰਨ ਅਤੇ ਇਸ ਦੇ ਆਸੇ ਪਾਸੇ ਦਾ ਇਲਾਕਾ ਸੀ। ਘਸੀਟ ਪੁਰੀਆ ਮੁਖਤਾਰ ਸਿੰਘ, ਜੋਗਿੰਦਰ ਪਾਲ ਵਕੀਲ, ਰਾਜਪਾਲ ਡਾਕਟਰ ਤੇ ਕਈ ਹੋਰ ਸਿਰਕੱਢ ਪੁਰਖ ਇਸ ਕਿਆਮਤ ਦੀ ਭੇਂਟ ਚੜ੍ਹ ਗਏ। 
ਇਕ ਹੋਰ ਕਾਰਖ਼ਾਨੇ ਦੇ ਅੰਦਰ ਬੜੀ ਮੁਸ਼ਕਲ ਨਾਲ ਲੰਘਿਆ। ਮਾਲਕ ਮੌਜੂਦ ਨਹੀਂ ਸੀ, ਆਸੇ ਪਾਸੇ ਖਿਸਕ ਗਿਆ ਸੀ ਵਿਚਾਰਾ ਸ਼ਾਇਦ ਜਾਣ ਬੁੱਝ ਕੇ। ਬੈਠੇ ਬੈਠੇ ਸਰਸਰੀ ਅਖ਼ਬਾਰ 'ਚ ਨਜ਼ਰ ਮਾਰੀ 'ਅੱਤਵਾਦ ਨੂੰ ਲਲਕਾਰ' ਪੜ੍ਹਦਿਆਂ ਮੇਰੇ ਲੂੰ ਕੰਢੇ ਖੜੇ ਹੋ ਗਏ। ਇਸਦੇ ਲੇਖਕ ਬਾਰੇ ਜਾਣਨਾ ਚਾਹਿਆ। ਮੈਂ ਪੜ੍ਹ ਕੇ ਹੋਰ ਵੀ ਡਰ ਗਿਆ ਪਰ ਕੁਝ ਹੌਂਸਲਾ ਹੋਇਆ ਕਿ ਅਜਿਹੇ ਘਿਨੌਣੇ ਘਟਨਾ-ਕ੍ਰਮ ਅੱਗੇ ਜਿੱਥੇ ਹੋਰ ਸਭ ਕਲਮਾਂ ਸਿਰ ਸੁੱਟ ਬੈਠੀਆਂ ਸਨ, ਉੱਥੇ ਕੋਈ ਹੈ ਮਰਜੀਵੜਾ ਜੋ ਆਪਣੀ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਉਹਨਾਂ ਦੇ ਖ਼ਿਲਾਫ਼ ਲਿਖ ਰਿਹਾ ਹੈ... ਉਸ ਸੱਚੀ ਸਰਕਾਰ ਦੇ ਖ਼ਿਲਾਫ਼। ਮੇਰੀ ਉਤਸੁਕਤਾ ਭਰੀ ਤਲਾਸ਼ ਨੇ ਲੇਖਕ ਦਾ ਨਾਮ ਪੜ੍ਹਿਆ 'ਜ਼ ਪੰਨੂ।' ਮੇਰੇ ਮਨ ਵਿਚ ਉਸ ਨੂੰ ਮਿਲਣ ਦੀ ਚਾਹਤ ਪ੍ਰਬਲ ਹੋ ਉੱਠੀ। ਮੈਂ ਪਿਛਲੇ ਵੀਹ ਸਾਲਾਂ ਤੋਂ ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀ ਕਰਕੇ ਪਿੰਡ ਤੋਂ ਅਣਭਿੱਜ ਜਿਹਾ ਹੋ ਗਿਆ ਸਾਂ। 
ਉਸ ਦਾ ਥਾਂ ਟਿਕਾਣਾ ਜਾਨਣ ਦੀ ਕੋਸ਼ਿਸ਼ ਕੀਤੀ। 
'ਹੈਗਾ ਤਾਂ ਹੈ ਉਹ ਸਖੀਰਾ ਪਿੰਡ ਦਾ... ਪਰ ਉਹ ਗਰੜ-ਭਗਵਾਨ ਵਾਂਗੂ ਕਿਸੇ ਨੂੰ ਦਰਸ਼ਨ ਘੱਟ ਹੀ ਦਿੰਦਾ ਹੈ। ਸਿਰਫ਼ ਉਸ ਦੀਆਂ ਲਿਖਤਾਂ ਹੀ ਬਾਹਰ ਆਉਂਦੀਆਂ ਹਨ... ਅਖ਼ਬਾਰਾਂ ਵਿੱਚ!' ਨਿਪਾਲੀ ਚੌਕੀਦਾਰ ਬੜੀ ਉਤਸੁਕਤਾ ਨਾਲ ਮੇਰੀ ਦਿਲਚਸਪੀ ਦੀ ਘੋਖ ਕਰ ਰਿਹਾ ਸੀ। 
'ਉਹ ਕਿੰਨਾ ਸਿਰ ਲੱਥਾ ਯੋਧਾ ਹੈ। ਇਸ ਵੇਲੇ ਜੋ ਕਹਿੰਦੀਆਂ ਕਹਾਉਂਦੀਆਂ ਕਲਮਾਂ ਬੰਦ ਹੋ ਗਈਆਂ ਨੇ, ਵਫ਼ਾਦਾਰੀਆਂ ਬਦਲ ਲਈਆਂ ਨੇ ਅਤੇ  ਕਲਮ-ਕਾਰ ਉਹਨਾਂ ਦੇ ਹੀ ਸੋਹਲੇ ਗਾਉਣ ਲੱਗ ਪਏ ਨੇ... ਉਹ ਲਿਖਾਰੀ ਅੱਗ ਵਿੱਚ ਪੈਰ ਰੱਖ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।' ਮੈਂ ਚੌਕੀਦਾਰ ਦਾ ਹੌਂਸਲਾ ਵਧਾਇਆ। 
'ਬਾਬੂ ਜੀ! ਉਸ ਦੀਆਂ ਅਜਿਹੀਆਂ ਵੰਗਾਰੂ ਟਿੱਪਣੀਆਂ ਨੇ ਦਹਿਸ਼ਤ ਵਾਦ ਨੂੰ ਬੇ-ਅਸਰ ਕਰਕੇ ਖਾੜਕੂ ਵਾਦ ਦੇ ਹੌਂਸਲੇ ਪਸਤ ਕੀਤੇ ਹਨ ਤੇ ਵਿਚਾਰੇ ਗਊ-ਗਰੀਬ ਨੂੰ ਹੱਥਾਂ 'ਚ ਤਲਵਾਰਾਂ ਫੜ ਕੇ ਮੁਕਾਬਲਾ ਕਰਨ ਲਈ ਉਤਸ਼ਾਹਿਤ ਕੀਤਾ ਹੈ। ਜੇ ਮਰਨਾ ਹੀ ਹੈ ਤਾਂ ਅੰਦਰ ਲੁਕ ਕੇ ਕਿਉਂ? ਮਾਰਨ ਵਾਲੇ ਧਾੜਵੀ ਦੇ ਗਲ ਲੱਗ ਕੇ ਮਰੋ। 
ਉਹ ਹੀਰਾ ਹੈ ਕੀਮਤੀ ਵਡਮੁੱਲਾ ਹੀਰਾ... ਜੋ ਉਹਲੇ ਛੁਪਿਆ ਵੀ ਰੌਸ਼ਨੀ ਵੰਡ ਰਿਹਾ ਹੈ ਤੇ ਆਪ ਸੱਚ ਮਾਨੀਏ ਸਾਹਿਬ! ਕਿ ਜਲਦੀ ਹੀ ਉਸ ਦੀ ਰੌਸ਼ਨੀ ਬਾਹਰ ਆ ਕੇ ਅਸਮਾਨ ਤੱਕ ਫੈਲੇਗੀ... ਲੋਗ ਉਸ ਕਾ ਮਾਣ ਸਤਿਕਾਰ  ਕਰੇਂ ਗੇ... ਉਸ ਕੀ ਮਾਨਤਾ ਹੋ ਗੀ।' 
ਮੇਰਾ ਪ੍ਰਤੀਕਰਮ ਉਡੀਕਣ ਤੋਂ ਬਿਨਾ ਹੀ ਉਹ ਪਰਦੇਸੀ ਗੋਰਖਾ ਆਪਣੀ ਵਿਚਾਰਧਾਰਾ ਦਾ ਖੁਲਾਸਾ ਕਰਦਾ ਉਸ ਲੇਖਕ ਦੇ ਸੋਹਲੇ ਗਾਉਂਦਾ ਮੇਰਾ ਪ੍ਰਤੀਕਰਮ ਉਡੀਕਦਾ ਰਿਹਾ। 
ਇੱਕ ਨਿਮਾਣੇ ਜਿਹੇ ਨਿਪਾਲੀ ਗੋਰਖੇ ਚੌਕੀਦਾਰ ਕੋਲੋਂ ਇਹ ਨਿਡਰ ਸ਼ਬਦ ਸੁਣ ਕੇ ਮੇਰੇ ਮਨ ਦੇ ਕਪਾਟ ਚੰਗੀ ਤਰ੍ਹਾਂ ਮੋਕਲੇ ਹੋ ਗਏ। 
ਗੁਪਤ ਸੰਕੇਤਾਂ ਨਾਲ ਉਸ ਨੇ ਮਾਲਕ ਨੂੰ ਖ਼ਬਰ ਪਹੁੰਚਾ ਦਿੱਤੀ ਕਿ ਅਜਨਬੀ ਕੋਈ ਖ਼ਤਰੇ ਵਾਲਾ ਨਹੀਂ ਸੀ। ਮਾਲਕ ਆ ਗਏ ਸਹਿਮੇ ਹੋਏ ਮੂੰਹ ਲਟਕਾਈ। ਸੱਤ-ਕੁਸੱਤ ਤੋਂ ਬਾਅਦ ਇਹੀ ਜਿਕਰ ਚੱਲਿਆ, ਅੱਤਵਾਦ ਦਾ ਝੱਖੜ ਤੇ ਇਸਦੀ ਮਾਰ ਬਾਰੇ। ਸਰਕਾਰੀ ਸੰਖੇਪ ਗੁਫ਼ਤਗੂ ਤੋਂ ਬਾਅਦ ਉਸ ਨੇ ਕੰਬਦੇ ਹੱਥਾਂ ਨਾਲ ਇਕ ਚਿੱਠੀ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ। ਮੈਂ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਪੜ੍ਹਦੇ ਪੜ੍ਹਦੇ ਮੇਰਾ ਸਰੀਰ ਪਸੀਨੋ-ਪਸੀਨਾ ਹੋ ਗਿਆ। 
'ਸਰਦਾਰ ਜੀ ਮੈਨੂੰ ਬਚਾ ਲਓ, ਮੇਰਾ ਟੱਬਰ ਬਚਾ ਲਓ, ਉਹ ਮੇਰਾ ਮੁੰਡਾ ਉਠਾ ਕੇ ਲੈ ਗਏ ਨੇ। ਕਹਿੰਦੇ ਘੜੇ 'ਚੋਂ ਉਸ ਦੇ ਨਾਮ ਦੀ ਪਰਚੀ ਨਿਕਲੀ ਹੈ।' ਹਿਰਦੇ-ਵੇਧਕ ਪੁਕਾਰ ਲਾਲੇ ਦੀਆਂ ਅੱਖਾਂ ਥਾਣੀ ਵਹਿ ਤੁਰੀ। 
'ਤੇ ਤੇ... ਸਤਾਰਾਂ ਤਰੀਕ ਨੂੰ ਮਿਲਣ ਦੀ ਮੁਹਲਤ ਦਿੱਤੀ ਹੈ... ਸੁਖਦੇਵ ਸਖੀਰਾ।' 
ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ। ਮੈਂ ਵੀ ਪੜ੍ਹ ਕੇ ਹੈਰਾਨ ਭੈਭੀਤ ਹੋ ਗਿਆ। 
'ਤੁਹਾਡਾ ਵੀ ਤਾਂ ਪਿੰਡ ਸਖੀਰਾ ਹੀ ਹੈ... ਮੈਂ ਸੁਣਿਆ ਹੈ।' ਉਹ ਮੇਰੇ ਗੋਡੇ ਫੜ੍ਹ ਬੈਠਦਾ ਹੈ। 
'ਤੁਹਾਡੀ ਤਾਂ ਗੱਲ ਮੰਨੇਗਾ, ਤੁਹਾਡੇ ਪਿੰਡ ਦਾ ਜੂ ਹੋਇਆ। ਅਸੀਂ ਉਸ ਦੀ ਹਰ ਸ਼ਰਤ ਮੰਨਣ ਨੂੰ ਤਿਆਰ ਹਾਂ, ਸਾਡਾ ਫੈਸਲਾ ਕਰਾ ਦਿਉ।' 
'ਲਾਲਾ ਜੀ ਮੈਂ ਸਰਕਾਰੀ ਬੰਦਾ ਹਾਂ, ਤੁਹਾਨੂੰ ਪਤਾ! ਮੇਰਾ ਉਹਦੇ ਨਾਲ ਕੋਈ ਵਾਸਤਾ ਨਹੀਂ। ਨਾਲੇ ਇਹ ਜ਼ਰੂਰੀ ਨਹੀਂ ਕਿ ਇੱਕ ਪਿੰਡ ਦੇ ਸਾਰੇ ਲੋਕਾਂ ਦੀ ਸੋਚਣੀ ਤੇ ਵਿਚਾਰਧਾਰਾ ਇੱਕੋ ਹੋਵੇ। ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਤਰ੍ਹਾਂ ਤੁਹਾਡੇ ਕੰਮ ਆ ਸਕਾਂ।' ਕਹਿੰਦੇ ਕਹਿੰਦੇ ਮੇਰਾ ਆਪਾ ਕੰਬ ਉਠਿਆ ਸੀ ਕਿ ਪਤਾ ਨਹੀਂ ਉਹ ਉੱਪਰ ਹੀ ਆ ਕੇ ਦਬੋਚ ਨਾ ਲਏ। ਉਹਨਾਂ ਦੀ ਸਮਾਨ-ਅੰਤਰ ਅਖੌਤੀ ਹਕੂਮਤ ਨੇ ਸਾਰੇ ਇਲਾਕੇ ਵਿੱਚ ਡੌਂਡੀ ਪਿਟਵਾ ਰੱਖੀ ਸੀ ਕਿ ਜੇ ਕੋਈ ਸਰਕਾਰੀ ਕਰਮਚਾਰੀ ਅੜਿੱਕੇ ਆਵੇ ਤਾਂ ਫੜ੍ਹ ਕੇ ਮੰਡ ਵਿੱਚ ਪਹੁੰਚਾ ਦਿਓ ਜਾਂ ਅੰਦਰ ਬੰਦ ਕਰਕੇ ਸਾਨੂੰ ਖ਼ਬਰ ਕਰ ਦਿਓ। 
'ਇਹ ਵੀ ਕੀ ਸਬੱਬੀਂ ਮੌਕਾ ਮੇਲ ਹੋਇਆ... ਦਹਿਸ਼ਤ ਫੈਲਾਉਣ ਵਾਲਾ ਵੀ ਉੱਥੋਂ ਦਾ, ਇਸ ਦੇ ਖ਼ਿਲਾਫ਼ ਲਿਖਣ ਵਾਲਾ ਵੀ ਉਥੋਂ ਦਾ ਤੇ ਸਰਕਾਰ ਦਾ ਨੁਮਾਇੰਦਾ ਇਸ ਦੀ ਪੁੱਛ ਪੜਤਾਲ ਰੀਪੋਰਟ ਕਰਨ ਵਾਲਾ ਵੀ ਉਸੇ ਦਾ। ਬੜਾ ਕਰਮਾ ਵਾਲਾ ਪਿੰਡ ਹੈ ਇਹ। ਬੜੇ ਵੱਡੇ ਬਹੁਰੂਪੀਏ ਮਹਾਂਪੁਰਖ ਹੋ ਬਾਬਿਓ! ਤੇਗਾਂ ਵੀ ਵਾਹੀ ਜਾਂਦੇ ਓ,  ਮਲ੍ਹਮਾਂ ਵੀ ਲਗਾਈ ਜਾਂਦੇ ਓ ਤੇ ਜਨਤਾ ਨੂੰ ਭਰਮਾਈ ਜਾਂਦੇ ਹੋ।' ਕਹਿੰਦੇ ਕਹਿੰਦੇ ਲਾਲੇ ਦੇ ਚਿਹਰੇ ਤੇ ਕੁੱਝ ਉਮੀਦਾਂ-ਰੱਤੀ ਰੌਣਕ ਜਿਹੀ ਚਮਕ ਆਈ। 
'ਮੈਂ ਕੋਸ਼ਿਸ਼ ਕਰਾਂਗਾ... ਤੁਸੀਂ ਹੌਸਲਾ ਕਰੋ।' ਮੈਂ ਲਾਲੇ ਦੀ ਕਰੁਣਾਮਈ ਹਾਲਤ ਵੇਖ ਕੇ ਆਪਣੀਆਂ ਅੱਖਾਂ ਪੂੰਝਦਾ ਇਕ ਹਾਅ ਦਾ ਨਾਅਰਾ ਲਗਾਉਂਦਾ ਉਸ ਨੂੰ ਤਸੱਲੀ ਦਿੰਦਾ ਹਾਂ। 
ਕਈ ਦਿਨ ਇਸ ਸਵਾਲ ਦਾ ਹੱਲ ਲੱਭਦੇ ਮੇਰੀ ਨੀਂਦ ਹਰਾਮ ਹੋਈ ਰਹੀ। ਇਕ ਦਿਨ ਮੁਕੰਦੇ ਲੰਬੜ ਨੂੰ ਮਿਲ ਕੇ ਮੈਨੂੰ ਕੁਝ ਜਰਾਂਦ ਹੋਈ ਕਿ ਇਸ ਦੇ ਮਾਧਿਅਮ ਨਾਲ ਮੈਂ ਸੁੱਖੇ ਤਾਈਂ ਸਿਫਾਰਿਸ਼ ਪਹੁੰਚਾ ਕੇ ਇਸ ਤਰਨ ਤਾਰਨ ਵਾਲੇ ਲਾਲੇ ਦੀ ਜਾਨ ਖਲਾਸੀ ਕਰਵਾ ਸਕਾਂ ਗਾ ਕਿਉਂ ਕਿ ਮੈਂ ਸੁਣਿਆ ਸੀ ਕਿ ਉਹ ਸੁੱਖੇ ਦਾ ਇਹ ਬਹੁਤ ਨੇੜਲਾ ਵਿਸ਼ਵਾਸ-ਪਾਤਰ ਹੈ। 
ਉਸ ਨੂੰ ਪੁੱਛਣ ਤੇ ਉਹ ਪਹਿਲਾਂ ਹੀ ਦਰਕਣ ਲੱਗਾ। 
'ਨਾ ਬਾਬਾ ਨਾ! ਉਹ ਵੱਡਾ ਬਾਬਾ ਜੀ ਕਿਸੇ ਦਾ ਲਿਹਾਜ਼ ਨਹੀ ਕਰਦਾ, ਨਾ ਹੀ ਉਹ ਕੋਈ ਸਿਫਾਰਿਸ਼ ਮੰਨਦਾ ਹੈ। ਤੁਸੀਂ ਵੀ ਇਸ ਝੇੜੇ ਵਿੱਚ ਨਾ ਪਓ। ਸਰਕਾਰੀ ਅਫਸਰ ਤੇ ਕਟੀ ਦਾੜ੍ਹੀ ਵਾਲੇ ਪਗੜੀ-ਧਾਰੀ ਨੂੰ ਤਾਂ ਉਹ ਅਵੱਸ਼ ਹੀ ਗੋਲੀ ਦਾਗ ਦਿੰਦਾ ਹੈ।' 
'ਛੱਡ ਤੂੰ ਹੁਣ! ਮੈਂ ਆਪ ਉਹਨੂੰ ਫੋਨ ਕਰਾ ਕੇ ਮਿਲਾ ਦੂੰ ਤੈਨੂੰ ਪਰ ਪਹਿਲਾਂ ਆਹ ਦਾੜ੍ਹੀ ਵਧਾ ਲੈ ਭੋਰਾ। ਇਹ ਵੱਡਾ ਗੱਪੀ ਹੈ, ਸੁਖਦੇਵ ਦੇ ਨਾਮ ਤੇ ਪੈਸੇ ਇਕੱਠੇ ਕਰੀ ਜਾਂਦਾ। ਇਹਦਾ ਵੀ ਘੁੱਗੂ ਵੱਜਣ ਹੀ ਵਾਲਾ ਹੈ। ਉਹਨੂੰ ਵੀ ਇਹਦੀਆਂ ਕਾਰਸਤਾਨੀਆਂ ਦੀ ਖ਼ਬਰ ਪਹੁੰਚ ਚੁੱਕੀ ਹੈ।' ਇਕ ਹੋਰ ਦੋਸਤ ਨੇ ਮੇਰੇ ਕੰਨ 'ਚ ਫੂਕ ਮਾਰ ਕੇ ਮੇਰੀਆਂ ਕੋਸ਼ਿਸ਼ਾਂ ਸਥਗਿਤ ਕਰਾ ਦਿੱਤੀਆਂ ਜੋ ਮੈਂ ਕਦੇ ਵੀ ਪੂਰੀਆਂ ਨਹੀਂ ਕਰ ਸਕਿਆ। 
ਜਿਉਂ ਜਿਉਂ ਗੱਡੀ ਮੇਰੀ ਮੰਜ਼ਿਲ ਵੱਲ ਪੁਲਾਂਘਾਂ ਪੁੱਟਦੀ ਨੇੜੇ ਪਹੁੰਚ ਰਹੀ ਹੈ, ਮੇਰੇ ਮਨ ਵਿੱਚ ਅਤੀਤ ਦੇ ਡਰਾਉਣੇ ਤੂਫ਼ਾਨ ਉਮਡ ਉਮਡ ਪੈ ਰਹੇ ਹਨ।  ਰੂੜੇ-ਆਸਲ ਸਟੇਸ਼ਨ ਲੰਘਿਆ, ਮੁਗਲ ਚੱਕ ਵੀ ਨਿਕਲ ਗਿਆ। 
'ਬਾਹਰਲਾ ਕਾਂਟਾ!' ਮੈਂ ਬਾਹਰ ਸਿਰ ਕੱਢ ਕੇ ਝਾਕਦਾ ਹਾਂ। ਸੱਜੇ ਹੱਥ  ਤੱਖੂ- ਚੱਕ ਪਿੰਡ। ਇਸੇ ਹੀ ਪਿੰਡ ਦਾ ਮੱਦੀ, ਤੀਸਰੀ ਜਮਾਤ 'ਚ ਪੜ੍ਹਦਾ ਮੁੰਡਾ। ਇਕ ਧੇਲਾ ਮਹੀਨਾ ਸਕੂਲ ਦਾ ਚੰਦਾ ਵੇਲੇ ਸਿਰ ਨਾ ਦੇ ਸਕਿਆ। ਗਰੀਬ ਸੀ ਵਿਚਾਰਾ। ਉਸ ਦਾ ਪਿਤਾ ਬਰਫ਼ ਦੇ ਗੋਲੇ ਵੇਚਦਾ ਸੀ। ਮਾਸਟਰ ਲਛਮਣ ਸਿੰਘ ਦੇ ਡੰਡੇ ਤੋਂ ਡਰਦਾ ਇਸ ਕਾਂਟੇ ਵੱਲ ਨੂੰ ਹੋ ਤੁਰਿਆ ਤੇ ਜਮਾਤ ਵਿੱਚ ਬੈਠਣ ਲਈ ਘਰੋਂ ਲਿਆਂਦੀ ਇਕ ਪੁਰਾਣੀ ਬੋਰੀ ਆਪਣੇ ਸਿਰ 'ਤੇ ਵਲ੍ਹੇਟ ਕੇ ਇਸੇ ਹੀ ਥਾਂ... ਹਾਂ ਇਸੇ ਹੀ ਗੱਡੀ ਥੱਲੇ ਸਿਰ ਦੇ ਕੇ ਮਾਸਟਰ ਦੇ ਡਰ ਤੋਂ ਛੁਟਕਾਰਾ ਪਾ ਗਿਆ ਸੀ ਤੇ ਫਿਰ ਉਸ ਦੀ ਕੁਰਬਾਨੀ ਨੇ ਇਥੇ ਗੱਡੀ ਖੜ੍ਹੀ ਕਰਾ ਦਿੱਤੀ ਸੀ। ਮੈਂ ਅੱਜ ਵੀ ਇਕ ਹਾਅ ਦਾ ਨਾਹਰਾ ਲਾਇਆ ਜਿਵੇਂ ਉਦੋਂ ਲਗਾਇਆ ਸੀ ਪੰਜਾਹ ਪਚਵੰਜਾ ਸਾਲ ਪਹਿਲਾਂ। ਦੂਸਰੇ ਅੰਦਰਲੇ ਕਾਂਟੇ ਕੋਲ ਪਹੁੰਚਦੇ ਪਹੁੰਚਦੇ ਇਕ ਹੋਰ ਮਨਹੂਸ ਘਟਨਾ... ਜਦੋਂ ਮੁਰੱਬੇਬੰਦੀ ਦਾ ਪਟਵਾਰੀ ਜਿਸ ਨੇ ਪਾਰਲੇ ਖਾਹਰਿਆਂ ਲਾਗਲੇ ਕੁਰ੍ਹੇ ਵਾਲਾ ਮੁਰੱਬਾ ਪਿੰਡ ਦੀ ਨਿਆਈ ਲਾਗੇ ਬਦਲਾਉਣ ਲਈ ਮੇਰੇ ਬਾਬੇ ਕੋਲੋਂ ਇਕ ਸੌ ਰੁਪੇ ਲਏ ਸਨ, ਗੱਡੀ ਨਾਲ ਲਟਕਦੇ ਇਸ ਅੰਦਰਲੇ ਸਿਗਨਲ ਨਾਲ ਟਕਰਾ ਕੇ ਡਿੱਗ ਗਿਆ ਸੀ। ਹਦਵਾਣੇ ਵਾਂਗ ਉਸ ਦੀ ਖੋਪਰੀ ਖੱਖੜੀਆਂ ਹੋ ਗਈ ਸੀ ਤੇ ਫਿਰ ਮੇਰੇ ਬਾਬੇ ਨੂੰ ਇਹ ਕੰਮ ਕਰਾਉਣ ਲਈ ਉਸ ਦੇ ਕਾਨੂੰਗੋ ਨੂੰ ਫਿਰ ਉਤਨੇ ਹੀ ਹੋਰ ਪੈਸੇ ਦੇਣੇ ਪਏ ਸਨ। ਇਸ ਤੋਂ ਹੋਰ ਵੱਡਾ ਨੁਕਸਾਨ ਮੇਰਾ ਹੋਇਆ ਸੀ। ਮੈਂ ਉਸ ਕੋਲੋਂ ਸੰਥਿਆ ਲੈਂਦਾ ਸੀ, ਪੱਕੇ ਅੱਖਰ ਕੰਠ ਕਰਦਾ ਸੀ। ਮੁਰੱਬੇਬੰਦੀ ਦਾ ਡੇਰਾ ਸਾਡੀ ਹਵੇਲੀ ਵਿਚ ਹੀ ਸੀ। ਮੈਂ ਉਸਨੂੰ ਮਾਤਾ ਤੋਂ ਅੱਖ ਬਚਾ ਕੇ ਆਲ਼ੇ ਵਾਲੀ ਕਾੜ੍ਹਨੀ 'ਚੋਂ ਗਰਮ-ਗਰਮ ਦੁੱਧ ਦਾ ਗਿਲਾਸ ਲਿਆ ਕੇ ਦੇ ਦਿੰਦਾ। ਉਹ ਮਿਨ੍ਹਾ ਮਿਨ੍ਹਾ ਮੁਸਕਰਾਉਂਦਾ, ਆਸੇ ਪਾਸੇ ਦੇਖਦਾ ਤੇ ਪਲਕ ਝਲਕ ਵਿਚ ਦੁੱਧ ਦਾ ਗਿਲਾਸ ਮੁੱਛਾਂ 'ਚ ਜਜ਼ਬ ਕਰ ਲੈਂਦਾ। ਜੇ ਕਦੇ ਆਲ਼ੇ 'ਚੋਂ ਦਾਅ ਨਾ ਲੱਗਦਾ, ਮੈਂ ਆਪਣੇ ਹਿੱਸੇ ਵਾਲਾ ਗਿਲਾਸ ਲੈ ਕੇ ਉਸ ਕੋਲ ਆ ਜਾਂਦਾ। ਅਜੇ ਮਸੀਂ ਅਲਫ਼ ਬੇ ਵਾਲੀ ਮੁਹਾਰਨੀ ਵੀ ਪੂਰੀ ਨਹੀ ਸੀ ਹੋਈ ਕਿ ਇਹ ਭਾਣਾ ਵਰਤ ਗਿਆ ਤੇ ਮੈਂ ਉਰਦੂ ਸਿੱਖਣ ਤੋਂ ਵਾਂਝਾ ਰਹਿ ਗਿਆ, ਨਹੀ ਤੇ ਹੁਣ ਤੱਕ ਮੈਂ ਉਰਦੂ ਨੂੰ ਵੀ ਹੱਥ ਮਾਰਦਾ ਕੁਝ ਨਾ ਕੁਝ ਲਿਖ ਕੇ ਆਪਣੇ ਸ਼ਹਿਰ ਵਿਖੇ ਉਰਦੂ ਮੁਸ਼ਾਇਰਿਆਂ ਵਿੱਚ ਸ਼ਾਮਲ ਹੋਣਾ ਸੀ। 
ਸਟੇਸ਼ਨ 'ਤੇ ਉੱਤਰ ਕੇ ਮੈਂ ਆਪਣੇ ਆਪ ਨੂੰ ਬਿਲਕੁਲ ਅਜਨਬੀ ਮਹਿਸੂਸ ਕਰਦਾ ਹਾਂ। ਏਨੇ ਸਾਲਾਂ ਬਾਅਦ ਸਭ ਕੁਝ ਬਦਲਿਆ ਬਦਲਿਆ, ਓਪਰਾ ਓਪਰਾ। ਮੈਨੂੰ ਆਪਣੇ ਆਪ 'ਤੇ ਬੇਯਕੀਨੀ ਜਿਹੀ ਹੋਣ ਲਗਦੀ ਹੈ, ਕਿਤੇ ਗਲਤ ਜਗ੍ਹਾ ਤੇ ਤਾਂ ਨਹੀਂ ਪਹੁੰਚ ਗਿਆ। 
  ਜੰਡੋ ਕੇ ਨਾਮ ਵਾਲੇ ਸਟੇਸ਼ਨ ਦੇ ਨਾਲ ਹੀ ਘੱਟਾ ਉਡਾਉਂਦੇ ਪ੍ਰਾਇਮਰੀ ਸਕੂਲ ਦੀ ਥਾਂ ਲਿਸ਼ਕਾਂ ਮਾਰਦੀ ਨਵੀਂ ਪੁਸ਼ਾਕ ਪਾਈ ਹਾਈ ਸਕੂਲ ਦੀ ਇਮਾਰਤ! ਤੇ ਉਹ ਵੀ ਮੇਰੇ ਪਿੰਡ ਦੇ ਨਾਮ!  ਏਸੇ ਹੀ ਸਕੂਲ ਦੇ ਕੱਚੇ ਵਿਹੜੇ ਵਿਚ ਘਰਾਂ ਤੋਂ ਤੱਪੜ ਬੋਰੀਆਂ ਲਿਆ ਕੇ ਬੈਠ ਕੇ ਪੜ੍ਹਿਆ ਕਰਦੇ ਸਾਂ। ਮੈਂ ਮਾਸਟਰ ਲਛਮਣ ਸਿੰਘ ਦੇ ਰੂਲ ਖਾ ਖਾ ਕੇ ਚੌਥੀ ਜਮਾਤ ਵਜ਼ੀਫਾ ਲੈ ਕੇ ਪਾਸ ਕੀਤੀ ਸੀ। ਇਥੋਂ ਸਰਹਾਲੀ ਵਾਲੀ ਨਹਿਰੇ ਨਹਿਰ ਛੇ ਮੀਲ ਪੈਦਲ ਜਾ ਕੇ ਰਸੂਲ ਪੁਰ ਦੇ ਕੇਂਦਰੀ ਸਕੂਲ ਵਜ਼ੀਫੇ ਦੇ ਇਮਤਿਹਾਨ ਵਿਚੋਂ ਅੱਵਲ ਆਇਆ ਸੀ। ਇੱਥੇ ਹੀ ਹਰ ਸਾਲ ਖੇਤਾਂ ਵਿਚ ਉੱਗਦੇ ਪੋਹਲ਼ੀ ਤੇ ਭੱਖੜੇ ਦੇ ਅੰਬਾਰ ਵੱਢਦੇ ਹੱਥਾਂ ਨੂੰ ਪੱਛਿਆ ਸੀ ਤੇ ਇਥੇ ਹੀ ਟਿੱਡੀ-ਦਲ ਦੇ ਆਉਣ ਕਰਕੇ ਘਰੋਂ ਪੀਪੇ ਲਿਆ ਕੇ ਖੜਕਾ ਖੜਕਾ ਕੇ ਹਾਲ ਪਾਹਰਿਆ ਮਚਾ ਕੇ ਅੱਗੇ ਉਡਾ ਦਿੱਤੀ ਸੀ। ਇਥੋਂ  ਖੇਮ-ਕਰਨ ਨੂੰ ਜਾਂਦੀ ਰੇਲ ਗੱਡੀ ਦਾ ਰੋਮਾਂਚਕ ਸਫ਼ਰ ਤੇ ਕਦੇ ਕਦੇ ਗੱਡੀ ਖੁੰਝਣ ਕਰਕੇ ਰੇਲਵੇ ਲਾਈਨ ਦੇ ਕੰਢੇ-ਕੰਢੇ ਛੇ ਮੀਲ ਕੈਰੋਂ ਸਕੂਲ ਤੱਕ ਪੈਦਲ ਸਫ਼ਰ ਨਾ-ਭੁੱਲਣ ਵਾਲਾ ਹੈ। 
ਅਸੀਂ ਸਾਰੇ ਪੜ੍ਹਾਕੂ ਸਾਥੀ ਬਿਨ ਟਿਕਟ ਸਫ਼ਰ ਵੀ ਕਰਦੇ ਤੇ ਟੀ. ਟੀ. ਨੂੰ ਵੀ ਚਿੜਾਉਂਦੇ ਛੇੜਦੇ ਮਖੌਲ ਕਰਦੇ ਰਹਿੰਦੇ। ਇਕ ਦਿਨ ਇਕ ਟੀ. ਟੀ. ਚੱਲਦੀ ਗੱਡੀ ਵਿੱਚ ਬਾਹਰ ਦੀ ਦੂਸਰੀ ਬੋਗੀ 'ਚੋਂ ਡੰਡਿਆਂ ਨਾਲ ਚੰਬੜ ਕੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਸਾਡੇ ਡੱਬੇ ਆਣ ਵੜਿਆ। ਸਾਰੇ ਅੱਠ ਦਸ ਮੁੰਡਿਆਂ ਜਿਨ੍ਹਾਂ ਕੋਲ ਟਿਕਟਾਂ ਜਾਂ ਪਾਸ ਨਹੀਂ ਸਨ, ਕੋਲੋਂ ਜੁਰਮਾਨਾ ਮੰਗਣ ਲੱਗਾ। ਪੈਸੇ ਇਨਕਾਰ ਕਰਨ ਤੇ ਬਸਤੇ ਇਕੱਠੇ ਕਰਕੇ ਆਪਣੇ ਮੋਢੇ 'ਤੇ ਪਾਈ ਗਿਆ। ਕੈਰੋਂ ਸਟੇਸ਼ਨ 'ਤੇ ਉੱਤਰ ਕੇ ਜਨਕੇ ਨੇ ਅਚਾਨਕ 'ਜੈ ਬਜਰੰਗ ਬਲੀ' ਜੈਕਾਰਾ ਛੱਡਿਆ ਤੇ ਟੀ. ਟੀ. ਦੇ ਮੋਢਿਆਂ ਤੋਂ ਬਸਤਾ ਖਿੱਚ ਲਿਆ। ਅਗਲੇ ਹੀ ਪਲ ਕੰਤਾ ਤੇ ਫਿਰ ਦੂਜੇ ਸਾਰੇ ਆਪਣੇ ਆਪਣੇ ਬਸਤੇ ਖਿੱਚ ਕੇ ਦੌੜ ਗਏ। 
         ਸਕੂਲੇ ਸ਼ਕਾਇਤ, ਹੈੱਡਮਾਸਟਰ ਕੇਹਰ ਸਿੰਘ ਵੱਲੋਂ ਗਰਾਊਂਡ ਹਾਜਰ! ਮੁਰਗਾ ਦੌੜ, ਡੰਡਾ ਪਰੇਡ ਤੇ ਫਿਰ ਉਸੇ ਟੀ. ਟੀ. ਦੀ ਹਾਜ਼ਰੀ 'ਚ ਉਹਨਾਂ ਤੋਂ ਮੁਆਫ਼ੀ! ਦਸ ਦਸ ਬੈਠਕਾਂ ਤੇ ਉਸ ਨਾਲ ਸੁਲਹ ਸਫਾਈ ਹੋਈ। ਉਹ ਵੀ ਮੰਨ ਗਿਆ ਕਿ ਆਰਾਮ ਨਾਲ ਸਫ਼ਰ ਕਰੋ ਮੈਂ ਤੁਹਾਨੂੰ ਨਹੀਂ ਟੋਕਾਂ ਗਾ। ਉਹਨਾਂ ਹੀ ਦਿਨਾਂ 'ਚ ਇਕ ਬਾਮ ਵੇਚਣ ਵਾਲਾ, ਇਸ ਤਰ੍ਹਾਂ ਬਾਹਰ ਲਟਕ ਕੇ ਦੂਸਰੇ ਡੱਬੇ 'ਚ ਜਾਂਦਾ ਡਿੱਗ ਕੇ ਵੱਢਿਆ ਗਿਆ ਸੀ ਵਿਚਾਰਾ... ਵਿਚਾਰਾ ਬਾਮ ਵੇਚਣ ਵਾਲਾ। 
ਮਾਸਟਰ ਸ਼ਿੰਗਾਰਾ ਸਿੰਘ ਦੇ ਹੱਥੋਂ ਦੁਸੰਦੇ ਦੀ ਥਾਂ ਭੁੱਲ ਭੁਲੇਖੇ ਪਈ ਤਾਂਬੜ ਤੇ ਫਿਰ ਉਸ ਮਾਸਟਰ ਦਾ ਪਛਤਾਵਾ ਮੇਰੇ ਮਨ ਵਿੱਚ ਤਰੋਤਾਜ਼ਾ ਹੋ ਜਾਂਦਾ ਹੈ। ਮੈਂ ਤੇ ਦੁਸੰਦਾ ਦੋਨੋਂ ਆਪਣੇ ਪਿੰਡ ਦੇ ਹਮ-ਉਮਰੇ ਜਮਾਤੀ ਇਕ ਦੂਜੇ ਨਾਲ ਮੁਕਾਬਲਾ ਕਰਦੇ। ਕਦੇ ਉਹ ਪਹਿਲੇ ਦਰਜੇ 'ਤੇ ਆ ਜਾਂਦਾ 'ਤੇ ਕਦੇ ਮੈਂ। ਅਠਵੀਂ ਦੇ ਬੋਰਡ ਦੇ ਇਮਤਿਹਾਨ ਦੇ ਦਿਨ... ਹੋਰਾਂ ਮੁੰਡਿਆਂ ਵਾਂਗ ਕੈਰੋਂ ਸਟੇਸ਼ਨ ਦੇ ਸਾਹਮਣੇ ਕਮਾਦ ਦੇ ਖੇਤ... ਅੱਧੀ ਛੁੱਟੀ ਦੌੜ ਕੇ ਕਮਾਦ ਵਿਚ ਲੁਕਣ-ਮੀਟੀ ਤੇ ਚੋਰੀ ਗੰਨੇ ਚੂਪਣ ਦਾ ਝੱਸ! ਇਕ ਦਿਨ ਮਾਸਟਰ ਨੇ ਅਠਵੇਂ ਪੀਰੀਅਡ ਆਉਂਦੇ ਹੀ ਮੈਨੂੰ ਬਾਹਰ ਖਿੱਚ ਲਿਆ ਤੇ ਬਿਨਾ ਕੁਛ ਪੁੱਛੇ ਦੱਸੇ ਦੋ ਚਾਰ ਦਸ਼.. ਪਤਾ ਨੀਂ ਕਿੰਨੀਆਂ ਕੁ ਧੌਲ਼ਾਂ ਚਪੇੜਾਂ ਮੇਰੇ ਜੜ ਦਿੱਤੀਆਂ। ਕਲਾਸ ਵਿਚ ਸੁੰਨ ਵਰਤ ਗਈ। 
'ਬੇੜੀ  ਬਹਿਣਿਆਂ ਮੈਂ ਤਾਂ ਤੈਨੂੰ ਪੰਜਾਬ 'ਚੋਂ ਅੱਵਲ ਪਹਿਲੇ ਦਰਜੇ 'ਚ ਪਾਸ ਹੋਣ ਦਾ ਟੀਚਾ ਲਗਾਈ ਬੈਠਾ ਹਾਂ ਤੇ ਤੂੰ ਸਕੂਲੋਂ ਚੋਰੀ ਕੰਨੀ ਕਤਰਾ ਕੇ ਕਮਾਦਾਂ ਦੀ ਸੈਰ  ਕਰਦਾਂ?' ਗੁੱਸੇ ਨਾਲ ਉਸਦੇ  ਬੁੱਲ੍ਹ ਤੇ ਮੁੱਛਾਂ ਕੰਬ ਰਹੀਆਂ ਸਨ। 
'ਸਰ ਮੈਂ ਤਾਂ ਕਦੇ ਵੀ ਨਹੀ ਗਿਆ।' ਅਚਾਨਕ ਪਈ ਬਿੱਜ ਤੋਂ ਮੈਂ ਇੱਕ ਦਮ ਘਬਰਾ ਗਿਆ ਸਾਂ। 
'ਚੁੱਪ ਕਰ ਬਦਮਾਸ਼! ਕੱਲ੍ਹ ਕਿੱਥੇ ਸੀ ਅਠਵੇਂ  ਪੀਰੀਅਡ?' ਤੇਰੀ ਸ਼ਕਾਇਤ ਮਿਲੀ ਸੀ, ਮੈਂ ਚਰੋਕਣਾ ਤੇਰੀ ਪੈੜ ਨੱਪ ਰਿਹਾ ਸੀ।' 
'ਸਰ ਮੈਂ ਤਾਂ ਇਥੇ ਹੀ ਸੀ। ਤੁਸੀਂ ਕੱਲ੍ਹ ਨਹੀ ਆਏ, ਮੇਰੀ ਪੈੜ ਕਿਵੇਂ ਨੱਪ ਲਈ! ਤੁਹਾਡਾ  ਪੀਰੀਅਡ ਮਾਸਟਰ ਨੰਦ ਲਾਲ ਜੀ ਨੇ ਲਿਆ ਸੀ।' ਮੈਂ ਸ਼ੇਰ ਹੋ ਗਿਆ। 
'ਫਿਰ ਝੂਠ ਮਾਰਦੋਂ! ਨਾਲੇ ਚੋਰ ਨਾਲੇ ਚਤੁਰ! ਮੈਂ ਤੈਨੂੰ ਆਪ ਵੇਖਿਆ ਆਪਣੀਆਂ ਇਹਨਾਂ ਅੱਖਾਂ ਨਾਲ।' ਉਹ ਹੋਰ ਦਾ ਹੋਰ ਅੱਗ ਬਗੋਲਾ ਹੋਈ ਜਾ ਰਿਹਾ ਸੀ। 
'ਜਾਹ ਉਏ ਲਿਆ... ਮਾਸਟਰ ਨੰਦ ਲਾਲ ਤੋਂ ਹਾਜਰੀ ਰਜਿਸਟਰ। ਮੈਂ ਹੁਣੇ ਨਿਬੇੜਾ ਕਰਦਾਂ ਤੇਰਾ।' ਦੁਬਿਧਾ ਵਿੱਚ ਫਸੇ ਸ਼ਿੰਗਾਰਾ ਸਿੰਘ ਦਾ ਉਠਿਆ ਤਣਿਆਂ ਹੋਇਆ ਹੂਰਾ ਹਵਾ ਵਿੱਚ ਲਟਕ ਗਿਆ। 
'ਸਰ ਕੱਲ੍ਹ ਤਾਂ ਇਹ ਏਥੇ ਹੀ ਸੀ।' ਜੋਗਿੰਦਰ ਮਨੀਟਰ ਦੇ ਕਹਿਣ ਤੇ ਕਲਾਸ ਵਿੱਚੋਂ ਹੋਰ ਵੀ ਆਵਾਜ਼ਾਂ ਨੇ ਮੇਰੀ ਗਵਾਹੀ ਭਰ ਦਿੱਤੀ। ਰਜਿਸਟਰ ਵਿਚ ਮੇਰੀ ਹਾਜ਼ਰੀ ਲੱਗੀ ਵੇਖ ਕੇ ਵੀ ਉਸਨੂੰ ਯਕੀਨ ਨਾ ਆਇਆ। ਆਪ ਬਾਹਰ ਚਲਾ ਗਿਆ ਤੇ ਪੰਡਿਤ ਨੰਦ ਲਾਲ ਨਾਲ ਵਾਪਸ ਆ ਕੇ ਦੋਬਾਰਾ ਪੂਰੀ ਦਰਿਆਫ਼ਤ ਕਰਨ ਲੱਗਾ। ਮਾਸਟਰ ਨੰਦ ਲਾਲ ਨੇ ਵੀ ਜਿਥੇ ਮੇਰੀ ਪਹਿਲੇ ਦਿਨ ਦੀ ਹਾਜ਼ਰੀ 'ਤੇ ਮੋਹਰ ਲਗਾ ਦਿੱਤੀ ਉਥੇ ਮੇਰੀ ਇਮਾਨਦਾਰ ਤੇ ਹੁਸ਼ਿਆਰ ਮਿਹਨਤੀ ਪਹੁੰਚ ਦੀ ਵੀ ਤਾਰੀਫ਼ ਕਰਕੇ ਮਾਸਟਰ ਸ਼ਿੰਗਾਰਾ ਸਿੰਘ ਨੂੰ ਤਰਸ ਤੇ ਪਛਤਾਵੇ ਦੇ ਪਾਤਰ ਬਣਾ ਦਿੱਤਾ। 
'ਸਰ ਮੈਂ ਸੀ ਕੱਲ੍ਹ ਉਥੇ।' ਦੁਸੰਦੇ ਨੇ ਬੇਗੁਨਾਹ ਅਣਭੋਲ ਪੰਛੀ ਫਸਿਆ ਵੇਖ ਕੇ ਅਪਣੇ ਆਪ ਨੂੰ ਪੇਸ਼ ਕਰ ਦਿੱਤਾ। 
'ਮੈਂ ਸੀ ਸਰ ਉੱਥੇ ਕੱਲ੍ਹ। ਮੈਨੂੰ ਟੇਕੂ ਲੈ ਗਿਆ ਸੀ... ਕਹਿੰਦਾ ਚੱਲ ਤੈਨੂੰ ਪੋਨੇ ਗੰਨੇ ਚੁਪਾਊਂ ਗਾ ਪੋਲੇ ਪੋਲੇ। ਨਾਲੇ ਗਿੱਦੜ  ਵਿਅ੍ਹਾਂਕਦੇ ਤੇ ਲਵ ਕਰਦੇ ਦਿਖਾਊਂ ਗਾ।' ਕਲਾਸ ਦੇ ਗੰਭੀਰ ਵਾਤਾਵਰਨ ਵਿੱਚ ਹਾਸੇ ਦੀ ਛਣਕਾਰ ਜਿਹੀ ਖਿੰਡ ਗਈ। ਰੌਲਾ ਰੱਪਾ ਸੁਣ ਕੇ ਹੈੱਡਮਾਸਟਰ ਕੇਹਰ ਸਿੰਘ ਤੇ ਸੈਕੰਡ ਮਾਸਟਰ ਗੁਰਦਿੱਤ ਸਿੰਘ ਵੀ ਦੌੜੇ ਦੌੜੇ ਆਣ ਪਹੁੰਚੇ ਵੇਖ ਕੇ ਉਹ ਮਾਸਟਰ ਸ਼ਰਮਸਾਰ ਪਸੀਨਿਓਂ ਪਸੀਨੀਂ ਹੋ ਗਿਆ। ਮੇਰਾ ਛੁਟਕਾਰਾ ਹੋ ਗਿਆ। ਹੈੱਡਮਾਸਟਰ ਨੇ ਕਿੰਨੀ ਦੇਰ ਮੈਨੂੰ ਆਪਣੇ ਨਾਲ ਘੁੱਟੀ ਰੱਖਿਆ ਤੇ ਪੁਚਕਾਰਦਾ ਰਿਹਾ ਜਿਵੇਂ ਮਾਸਟਰ ਸ਼ਿੰਗਾਰਾ ਸਿੰਘ ਦੀ ਕੀਤੀ ਤੇ ਪਛਤਾਵਾ ਕਰ ਰਿਹਾ ਹੋਵੇ। 
ਉਹਨਾਂ ਹੀ ਦਿਨਾਂ ਵਿੱਚ ਪ੍ਰਤਾਪ ਸਿੰਘ ਕੈਰੋਂ ਚੀਫ਼ ਮਿਨਿਸਟਰ ਦੇ ਵੋਟਾਂ ਜਿੱਤਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਉਸ ਦੀ ਕੋਠੀ ਸਾਹਮਣੇ ਲੜਕੀਆਂ ਦੇ ਹਾਈ ਸਕੂਲ ਦੇ ਅਹਾਤੇ ਵਿੱਚ ਉਸ ਵੱਲੋਂ ਕੀਤੀ ਬੜੀ ਤਕੜੀ ਵਿਸ਼ਾਲ ਚਾਹ ਪਾਰਟੀ ਵਿੱਚ ਚਾਹ ਪਾਣੀ ਵਰਤਾਉਣ ਦੀ ਸੇਵਾ ਕਰਨ ਵਾਲਿਆਂ ਵਿੱਚ ਮੇਰਾ ਵੀ ਨਾਮ ਸੀ। ਸਾਰੇ ਇਲਾਕੇ ਦੀ ਵਹੀਰ ਜਿਵੇਂ ਟੁੱਟ ਕੇ ਪੈ ਗਈ ਸੀ। ਬਰਫ਼ੀ, ਲੱਡੂ ਤੇ ਹੋਰ ਮਠਿਆਈ ਤੇ ਕਿਧਰੇ ਕਿਧਰੇ ਦੇਸੀ ਵਲੈਤੀ ਦਾਰੂ ਨਾਲ ਰੱਜੇ ਲੋਟਣੀਆਂ ਲੈਂਦੇ ਮਹਿਮਾਨ ਕਿਵੇਂ ਕੱਪ ਪਲੇਟਾਂ ਤੇ ਮੱਛੀ ਦੀਆਂ ਬੋਟੀਆਂ ਵੀ ਖੀਸਿਆਂ ਵਿੱਚ ਪਾ ਕੇ ਲੈ ਗਏ ਸਨ। ਕੁੱਝ ਦਿਨਾਂ ਬਾਦ ਇਨਾਮ ਵਜੋਂ ਮੈਨੂੰ ਇੱਕ ਬਹੁਤ ਹੀ ਸੁੰਦਰ ਬਸਤਾ ਜਿਸ ਵਿੱਚ ਕਾਪੀਆਂ, ਪੈੱਨ, ਜੁਮੈਟਰੀ ਬਕਸ, ਟਾਫ਼ੀਆਂ ਦਾ ਪੈਕਟ ਤੇ ਬਰਫ਼ੀ ਦਾ ਡੱਬਾ ਸੀ, ਹੈੱਡਮਾਸਟਰ ਨੇ ਆਪਣੇ ਹੱਥੀਂ ਦੇ ਕੇ ਮੇਰੀ ਪਿੱਠ ਥਾਪੜਦਿਆਂ ਸ਼ਾਬਾਸ਼ ਕਹੀ ਸੀ। 
ਅੱਜ ਮੇਰਾ ਮਨ ਉੱਛਲ ਉੱਛਲ ਕੇ ਛਾਲਾਂ ਮਾਰਨ ਨੂੰ ਕਰਦਾ ਹੈ। ਪਿੰਡ ਦੇ ਕੱਚੇ ਪਹੇ ਦੀ ਥਾਂ ਹੁਣ ਪੱਕੀ ਸੜਕ ਨੇ ਮੱਲ ਲਈ ਹੈ। ਸੜਕ ਦੇ ਦੋਹੇਂ ਬੰਨੇ ਸੂਰਜੀ ਊਰਜਾ ਨਾਲ ਜਗਣ ਵਾਲੀਆਂ ਬੱਤੀਆਂ ਸੜਕ ਤੋਂ ਲੈ ਕੇ ਪਿੰਡ ਦੀ ਗਲੀ ਗਲੀ ਤੱਕ ਪਹੁੰਚ ਗਈਆਂ ਲਗਦੀਆਂ ਹਨ। 
 ਇਸ ਸੜਕ ਤੇ ਸਥਿਤ 'ਮਾਤਾ ਰਾਣੀ' ਹੁਣ ਬਿਲਕੁਲ ਹੀ ਨਿਗੂਣੀ ਜਿਹੀ ਬੌਣੀ ਹੋ ਗਈ ਹੈ। ਇੱਥੇ ਉਸ ਵੇਲੇ ਚੰਗੀ ਚਹਿਲ ਪਹਿਲ ਰੌਣਕ ਰਹਿੰਦੀ ਸੀ। ਮਲੇ ਕਰੀਰ ਕਿੱਕਰਾਂ ਬੇਰੀਆਂ ਦੀ ਸੰਘਣੀ ਝਿੜੀ ਤੇ ਉਸ ਦੁਆਲ਼ੇ ਕੱਚੇ ਧਾਗੇ ਦੀ ਕੀਤੀ ਵਲਗਣ ਨੇ ਇਸ ਨੂੰ ਪੂਜਣ ਯੋਗ ਸਥਾਨ ਬਣਾ ਦਿੱਤਾ ਸੀ। ਵੱਡੀ ਸਾਰੀ ਵਰਮੀ ਨੇ ਇਸ ਦਾ ਨਾਮ ਗੁੱਗੇ ਸੱਪਾਂ ਨਾਲ ਜੋੜ ਕੇ ਇਸ ਦੀ ਮਾਨਤਾ ਤੇ ਮਹਾਨਤਾ ਵਿੱਚ ਹੋਰ ਵਾਧਾ ਕਰ ਦਿੱਤਾ ਸੀ। ਆਉਂਦੇ ਜਾਂਦੇ ਲੋਕ ਇਥੇ ਯਥਾਸ਼ਕਤੀ ਆਨਾ ਦੁਆਨੀ ਰੁਪਿਆ ਪੈਸਾ ਚੜ੍ਹਾਉਂਦੇ ਤੇ ਅਸੀਂ ਪੜ੍ਹਨ ਵਾਲੇ ਮੁੰਡੇ ਕੁੜੀਆਂ ਉਥੇ ਮੱਥਾ ਘਸਾ ਕੇ ਸਿੱਕੇ ਚੁੱਕ ਲੈਂਦੇ। ਉਸ ਦੇ ਬਰਫ਼ ਦੇ ਗੋਲੇ, ਮਾਈ ਬੁੱਢੀ ਦਾ ਝਾਟਾ ਲੈ ਲੈਂਦੇ ਤੇ ਜਾਂ ਸ਼ਾਮੇ ਤੋਂ ਪਤੀਸਾ ਖਰੀਦ ਕੇ ਖਾ ਲੈਂਦੇ। ਇਹ ਬੜੀ ਕਰੜੀ ਜ਼ਾਹਰੀ ਜਗ੍ਹਾ ਸੀ। ਇਸ ਦਾ ਗੁਆਂਢੀ ਹਜ਼ਾਰਾ ਸਿੰਘ ਫੌਜੀ ਸੇਵਾ-ਮੁਕਤ ਹੋ ਕੇ ਆਇਆ ਸੀ। ਉਹ ਕਈ ਦਿਨ ਇਕੱਲਾ ਹੀ ਕਹੀਆਂ ਬੇਲਚਿਆਂ ਨਾਲ ਪਸੀਨੋ ਪਸੀਨੀ ਮਿਹਨਤ ਕਰਦਾ ਇਸ ਨੂੰ ਪੁੱਟਦਾ ਰਿਹਾ ਸੀ। ਸਿਆਣਿਆਂ ਦੇ ਰੋਕਣ ਤੇ ਉਹ ਨਹੀਂ ਰੁਕਿਆ ਤੇ ਕਹਿੰਦਾ ਸੀ। 'ਫੌਜ ਵਿੱਚ ਹਮ ਨੇ ਕਈ ਮੜ੍ਹੀਆਂ ਮਸਾਣ ਢਾਹ ਦਿੱਤੇ, ਹਮ ਕੋ ਕੁਝ ਨਹੀਂ ਹੋਇਆ ਤੇ ਇਹ ਤਾਂ ਕੁਝ ਵੀ ਨਹੀਂ।' ਹਠ ਨਾਲ ਪੁੱਟ ਪੁੱਟ ਕੇ ਉਸ ਨੇ ਕਾਫੀ ਜਗਾ ਪੱਧਰੀ ਇਕਸਾਰ ਵਾਹੀ ਯੋਗ ਕਰ ਕੇ ਆਪਣੇ ਖੇਤ ਵੱਲ ਰਲਾ ਲਈ ਸੀ। ਥੋੜੇ ਦਿਨਾਂ ਵਿੱਚ ਹੀ ਕਿਸੇ ਰੇਹੜੇ ਵਾਲੀ ਅੱਖੜ ਖਰੂਦੀ ਖੱਚਰ ਨੇ ਖਿੱਚ ਕੇ ਉਸ ਉੱਤੇ ਰਿਹੜਾ ਚੜ੍ਹਾ ਕੇ ਉਸ ਦੀ ਰੀਡ ਦੀ ਹੱਡੀ ਮਲੀਆ ਮੇਟ ਕਰਕੇ ਉਸ ਨੂੰ ਇਸ ਜੁਰਮ ਦੀ ਸਜ਼ਾ ਦੇ ਦਿੱਤੀ ਸੀ। ਗਿਆਰਾਂ ਦਿਨ ਉਹ ਇਸ ਨੂੰ ਪੁੱਟਦਾ ਰਿਹਾ ਸੀ ਤੇ ਗਿਆਰਾਂ ਦਿਨ ਹੀ ਫੇਰ ਹਸਪਤਾਲ ਦਾਖਲ ਰਿਹਾ ਸੀ। ਇਸ ਮਾਤਾ-ਰਾਣੀ ਦੀ ਕਰਾਮਾਤ ਤੋਂ ਸਾਰੇ ਲੋਕ ਕੰਨਾਂ ਨੂੰ ਹੱਥ ਲਗਾਉਂਦੇ ਸਨ। 
ਪਿੰਡ ਦੀ ਦਿੱਖ ਪਿੰਡ ਦੇ ਬਾਹਰ ਲੱਗੇ ਗਹੀਰਿਆਂ, ਮੁਹਾਰਿਆਂ ਜਾਂ ਖਲਵਾੜਿਆਂ ਤੋਂ ਸਪੱਸ਼ਟ ਉਜਾਗਰ ਹੋ ਜਾਂਦੀ ਹੈ। ਗਲੀਆਂ ਨਾਲੀਆਂ ਪੱਕੀਆਂ... ਡਰੇਨੇਜ ਦਾ ਲੋੜੀਂਦਾ ਪ੍ਰਬੰਧ... ਹੜ੍ਹ ਦੀ ਰੋਕ ਥਾਮ ਲਈ ਨਖਾਸੂ! ਵਾਹ... ਵਾਹ! ਕਿੰਨਾ ਆਦਰਸ਼ ਨਮੂਨੇ ਦਾ ਪਿੰਡ। ਮੈਨੂੰ ਜਾਪਿਆ ਜਿਵੇਂ ਮੇਰਾ ਪਿੰਡ ਮੇਰੇ ਕਿਆਫ਼ੇ ਹੋਏ ਅੰਦਾਜ਼ੇ ਤੋਂ ਕਿਤੇ ਅੱਗੇ ਛੜੱਪੇ ਮਾਰ ਗਿਆ ਹੈ। 
ਪਿੰਡ ਪਹੁੰਚਦੇ ਹੀ ਫਿਰਨੀ ਦੇ ਨਾਲ ਸੱਜੇ ਹੱਥ ਦਾ ਖੂਹ ਜਿਥੇ ਮੇਰੇ ਵੇਲੇ ਇਕ ਵੱਡੇ ਸਾਰੇ ਪਿੱਪਲ ਥੱਲੇ ਦੋਹਾਟਾ ਖੂਹ ਚੱਲਦਾ ਸੀ, ਟਿੰਡਾਂ ਵਾਲਾ ਖੂਹ! ਰਦੇ ਨਾਲ ਉਸਾਰੇ ਦੋ ਕੱਚੇ ਚੰਨਿਆਂ ਵਿਚਕਾਰ ਲਟੈਣ ਵਿੱਚ ਪਰੁਚੀ ਲੱਠ ਤੇ ਥੱਲੇ ਜੁੜਿਆ ਚੁਵੱਕ੍ਹਲੀ ਕੁੱਤਾ, ਗਰਾਰੀ ਤੇ ਫਿਰ ਇਕ ਹੋਰ ਲੰਬੀ ਲੱਠ ਨਾਲ ਜੁੜੇ ਬੈੜ ਉੱਪਰ ਗਿੜਦੀ ਟਿੰਡਾਂ ਵਾਲੀ ਮਾਹਲ, ਪਾੜਛੇ 'ਚ ਵਾਰੀ ਵਾਰੀ ਪਾਣੀ ਸੁੱਟਦੀਆਂ ਟਿੰਡਾਂ ਮੇਰੇ ਸਾਹਮਣੇ ਆ ਵਗਣ ਲੱਗੀਆਂ। ਇਸੇ ਖੂਹ ਤੇ ਪਿੱਪਲ ਥੱਲੇ ਬੰਨ੍ਹੇ ਪਸ਼ੂਆਂ ਨੂੰ ਡੂਮਣਾ ਆ ਚੰਬੜਿਆ ਤੇ ਤੜਫਾਉਣ ਲੱਗਾ ਸੀ। ਬਾਪੂ ਮੋਹਣ ਸਿੰਘ ਪਸ਼ੂਆਂ ਨੂੰ ਬਚਾਉਂਦਾ, ਕਿੱਲੇ ਰੱਸੇ ਖੋਲ੍ਹਦਾ ਡੂਮਣੇ ਦੇ ਅੜਿੱਕੇ ਆ ਗਿਆ। ਉੱਥੇ ਉਸਦੀ ਜੱਸੋ ਬੜੀ ਮਰਦਾਨਗੀ ਦਲੇਰੀ ਨਾਲ ਗ੍ਹੋਟਿਆਂ ਦੀ ਧੁਖਦੀ ਭੜੋਲੀ ਸਿਰ ਤੇ ਲੈ ਕੇ ਉਸ ਦੇ ਉੱਪਰ ਜਾ ਖਲੋਤੀ ਤੇ ਮਿੱਟੀ ਦੀਆਂ ਮੁੱਠਾਂ ਭਰ ਭਰ ਕੇ ਸੁੱਟ ਕੇ ਸਾਰਾ ਡੂਮਣਾ ਉਡਾ ਦਿੱਤਾ ਸੀ। ਫਿਰ ਬੇਹੋਸ਼ ਪਏ ਕੰਤ ਨੂੰ ਕੰਧਾੜੇ ਚੁੱਕ ਕੇ ਮਥਰੇ ਵੈਦ ਕੋਲ ਲੈ ਗਈ ਸੀ ਜਿਸ ਨੇ ਮੋਰ-ਖੰਭੇ ਝਾੜੂ ਨਾਲ ਝਾੜਾ ਕਰ ਕੇ ਡੂਮਣੇ ਦੇ ਡੰਗ  ਨਿਰ-ਅਸਰ ਕਰ ਦਿੱਤੇ ਸਨ। ਇਥੇ ਹੁਣ ਦੋ ਟਿਊਬਵੈੱਲ ਲੱਗ ਗਏ ਨੇ। ਨਾਲ ਦੇ ਖੇਤਾਂ ਦੀਆਂ ਟਾਹਲੀਆਂ, ਧਰੇਕਾਂ, ਤੂਤ ਜਿਨ੍ਹਾਂ ਤੇ ਚੜ੍ਹ ਕੇ ਮਣ੍ਹੇ ਬਣਾ ਕੇ ਮੈਂ ਪੜ੍ਹਦਾ ਹੁੰਦਾ ਸੀ, ਗੋਪੀਏ ਗੁਲੇਲ ਨਾਲ ਅਤੇ ਪੀਪੇ ਖੜਕਾ ਕੇ ਛੱਲੀਆਂ ਦੇ ਖੇਤਾਂ 'ਚੋਂ ਕਾਂ ਤੋਤੇ ਤੇ ਹੋਰ ਜਨੌਰ, ਜੋ ਦੋਧਾ ਪੈਣ ਦੇ ਨਾਲ ਹੀ ਫਸਲ 'ਤੇ ਹਮਲਾ ਕਰ ਦਿੰਦੇ ਸਨ, ਉਡਾਇਆ ਕਰਦਾ ਸੀ, ਉਹ ਵੀ ਗਾਇਬ ਹਨ। ਝੋਨੇ ਦੀਆਂ ਮੁੰਜਰਾਂ ਭਰੂੰਹਦਾ ਚੋਰੀ ਝਲੂੰਗੀ ਭਰਦਾ ਗੁੰਗਾ ਮਹਿਰਮ ਚਾਚੇ ਨੇ ਵਾਲਾਂ ਤੋਂ ਫੜਿਆ ਹੱਥ ਜੋੜਦਾ ਪੈਰੀਂ ਪੈ ਰਿਹਾ ਹੈ। ਖ਼ਰਬੂਜ਼ਿਆਂ ਦਾ ਵਾੜਾ ਜਿਥੋਂ ਤੋੜ ਕੇ ਖ਼ਰਬੂਜ਼ੇ ਖੂਹ ਵਿਚ ਸੁੱਟ ਕੇ ਠੰਢੇ ਕਰਕੇ, ਚੋਰੀ ਚੋਰੀ ਖੂਹ ਵਿਚ ਉਤਰ ਕੇ ਕੰਧ ਨਾਲ ਮਾਰ ਕੇ ਭੰਨ ਕੇ ਖਾਂਦੇ ਹੁੰਦੇ ਸੀ, ਅਲੋਪ ਹੈ ਪਰ ਉਹਨਾਂ ਦੀ ਖੁਸ਼ਬੂ, ਸਵਾਦ ਤੇ ਬਾਬੇ ਕਿਸੇ ਸਿੰਘ ਦੀਆਂ ਝਿੜਕਾਂ... 
'ਸੂਰ, ਦਿਓ ਪੁੱਤੋ, ਨਿਕਲੋ ਬਾਹਰ! ਨਹੀਂ ਤਾਂ ਮੈਂ ਲੱਗਾ ਕੁੱਤਾ ਕੱਢਣ।' ਤੇ ਮੇਰੇ ਸਾਥੀ ਦੁਸੌਂਦੀ ਨੇ ਉੱਚੀ ਉੱਚੀ ਚਿਲਾਉਂਦਿਆਂ ਮੁਆਫ਼ੀ ਮੰਗੀ ਸੀ। 
'ਹਾਏ ਬਾਬਾ ਜੀ! ਇਸ ਵੇਰਾਂ ਮੁਆਫ਼ ਕਰੋ, ਬਾਬਾ ਜੀ ਕੁੱਤੇ ਨਾ ਛੱਡਿਓ, ਫਿਰ ਖੂਹ ਵਿੱਚ ਨਹੀਂ ਵੜਦੇ।' 
ਕੁੱਝ ਦਿਨ ਪਹਿਲਾਂ ਬਾਬੇ ਨੇ ਚਿਤਾਵਨੀ ਦਿੰਦੇ ਸਮਝਾਇਆ ਸੀ। 
'ਖੂਹ ਵਿੱਚ ਛਿੱਲਾਂ ਬੀਜ ਤੇ ਹੋਰ ਖਾਦ ਪਦਾਰਥ ਸੁੱਟਣ ਨਾਲ ਖੂਹ ਵਿੱਚ ਕੂਰੇ ਕੀੜੇ ਜਰਾਸੀਮ ਜੰਮ ਪੈਂਦੇ ਨੇ ਜਿਸ ਨਾਲ ਪਾਣੀ ਪੀਣ ਦੇ ਯੋਗ ਨਹੀਂ ਰਹਿੰਦਾ। ਕਦੇ ਕਦੇ ਮਨੁੱਖੀ ਗੰਧ ਨਾਲ ਖਿੱਚੀ ਸਰਾਲ ਪਾਤਾਲ ਵਿੱਚੋਂ ਨਿਕਲ ਆਉਂਦੀ ਹੈ ਜੋ ਬੰਦਿਆਂ ਨੂੰ ਖਿੱਚ ਕੇ ਥੱਲੇ ਲੈ ਜਾ ਕੇ ਕੱਚੇ ਖਾ ਜਾਂਦੀ ਹੈ।' ਪਰ! ਉਹ ਸਰਾਲ ਗਿਆਨ ਬ੍ਹਾਮਣ ਨੂੰ ਨਹੀਂ ਖਾਂਦੀ? ਉਹ ਕਿੰਨਾ ਚਿਰ ਥੱਲੇ ਡੂੰਘੇ ਖੂਹ ਦੇ ਪਾਣੀ 'ਚ ਉੱਤਰ ਕੇ ਲੋਕਾਂ ਦੀਆਂ ਡਿੱਗੀਆਂ ਵਸਤਾਂ ਕੱਢ ਕੇ ਸਾਬਤ ਸਬੂਤਾ ਬਾਹਰ ਨਿਕਲ ਆਉਂਦਾ ਹੈ।' ਬਾਪੂ ਦਾ ਖੰਘੂਰੇ ਭਰਿਆ ਮੱਥਾ ਵੇਖ ਕੇ ਮੇਰਾ ਸਵਾਲ ਮੇਰੇ ਸੰਘ ਵਿੱਚ ਹੀ ਅੜਿਆ ਅੱਜ ਵੀ ਬਿਲਕੁਲ ਤਰੋ-ਤਾਜ਼ਾ ਹੋ ਉੱਠਿਆ ਹੈ। ਇਸ ਮਿੱਠੀ ਯਾਦ ਨਾਲ ਮੇਰੇ ਬੁੱਲ੍ਹਾਂ ਤੇ ਫਿਰ ਮੁਸਕਾਨ ਉਮਡ ਪਈ ਹੈ। ਗਿਆਨ ਬੜੇ ਭਾਰਾਂ ਤੇ ਪੈ ਕੇ ਸਵਾਲੀ ਦੇ ਨਾਲ ਸੈਕਲ/ਘੋੜੀ ਤੇ ਚੜ੍ਹ ਜਾਂਦਾ। ਕੰਨਾਂ ਵਿੱਚ ਤੇਲ ਤੇ ਰੂੰ ਦੇ ਬੁੱਜੇ ਤੁੰਨ ਕੇ ਟੋਕਰੀ ਵਿੱਚ ਬੈਠ ਕੇ ਰੱਸੇ ਨਾਲ ਖੂਹ ਵਿੱਚ ਉੱਤਰ ਜਾਂਦਾ। ਵੇਖੋ ਵੇਖੀ ਇਕੱਠੀ ਹੋਈ ਭੀੜ ਸਾਹ ਸੂਤ ਕੇ ਉਸ ਦੇ ਜਿੰਦਾ ਨਿਕਲਣ ਦੀ ਕਾਮਨਾ ਕਰਨ ਲਗਦੀ। 'ਉਹ ਨਿਕਲ ਆ ਸਹੁਰੀ ਦਿਆ! ਜਾ ਕੇ ਮੰਜਾ ਡਾਹ ਕੇ ਹੀ ਬੈਠ ਬੈਠ ਗਿਐਂ।' ਸਰੋਤੇ ਇਹ ਮੁਫ਼ਤ ਦਾ ਤਮਾਸ਼ਾ ਸਾਹ ਸੂਤ ਕੇ ਵੇਖਦੇ ਆਨੰਦ ਮਾਣਦੇ ਤੇ ਬੜੀ ਉਤਸੁਕਤਾ ਨਾਲ ਆਪਣੀਆਂ ਡਿੱਗੀਆਂ ਚੀਜ਼ਾਂ ਦੀ ਉਮੀਦ ਵਿੱਚ ਵਿਆਕੁਲ ਹੁੰਦੇ ਉਸ ਦੇ ਸਹੀ ਸਲਾਮਤ ਬਾਹਰ ਨਿਕਲਣ ਦੀਆਂ ਅਰਦਾਸਾਂ ਕਰਦੇ। ਉਹ ਬਾਹਰ ਨਿਕਲਦਾ। ਪੈਰਾਂ ਵਿੱਚ ਬਾਲਟੀਆਂ ਦੇ ਕੁੰਡੇ ਫਸਾਈ, ਹੱਥਾਂ ਵਿੱਚ ਗੜਵੀ, ਗਿਲਾਸ ਮੂੰਹ ਵਿੱਚ ਮੁੰਦੀਆਂ, ਛੱਲੇ, ਚੂੜੀਆਂ ਤੇ ਕਈ ਕੁਝ ਹੋਰ ਚਾਰ ਚੇਫਰਿਉਂ ਪ੍ਰੋਤਿਆ ਭਰਿਆ ਬਾਹਰ ਨਿਕਲਦਾ ਤਾਂ ਇਨ੍ਹਾਂ ਵਸਤਾਂ ਦੇ ਦਾਹਵੇਦਾਰਾਂ ਦੀਆਂ ਵਰਾਛਾਂ ਖਿੜ ਜਾਂਦੀਆਂ। ਉਸ ਦੇ ਧੰਨਵਾਦ ਵਜੋਂ ਪੰਜ ਦਸ ਸੇਰ ਜਿਣਸਾਂ ਉਸ ਦਾ ਭਾਰਾ ਮਗਰਾ/ਪੰਡ ਬਣ ਜਾਂਦੀ। ਗਿਆਨ ਇਸ ਪਿੰਡ ਦਾ ਚੋਭਾ ਸੀ ਜੋ ਆਪਣੀ ਬੜੀ ਲੰਬੀ ਚੁੱਭੀ ਕਰਕੇ ਦੂਰ ਤਾਈਂ ਮਸ਼ਹੂਰ ਸੀ ਤੇ ਵੱਡੇ ਅਮੀਰਾਂ ਵਜ਼ੀਰਾਂ ਵਾਂਗ ਉਸ ਦੇ ਪਿੱਛੇ ਵੀ ਲੋੜਵੰਦਾਂ ਦੀਆਂ ਸਿਫਾਰਸ਼ਾਂ ਦੇ ਤਾਂਤੇ ਲੱਗੇ ਰਹਿੰਦੇ ਸਨ। ਇਨ੍ਹਾਂ ਪੱਕੀਆਂ ਸੜਕਾਂ ਥੱਲੇ ਲੁਕੇ ਕੱਚੇ ਪਹੇ ਦੇ ਘੱਟਿਆਂ ਵਿੱਚ ਕੱਚੀ ਜਵਾਨੀ ਦੀ ਅਧਵਾਟੇ ਟੁੱਟੀ ਮੁਹੱਬਤ ਦੇ ਟੁਕੜੇ ਟੋਲਦਾ ਮੇਰਾ ਦਿਲ ਰੋਣ ਰੋਣ ਕਰਦਾ ਡਰ ਨਾਲ ਅੰਦਰੋਂ ਕੰਬ ਉੱਠਦਾ ਹੈ। ਉਹ ਮੇਰੇ ਹਾਣ ਦੀ ਇਕ ਕੁੜੀ ਆਪਣੀ ਭੂਆ ਕੋਲ ਰਹਿੰਦੀ ਤੋਂ ਮੈਂ ਇਸ ਕਰਕੇ ਕਿਨਾਰਾ ਕਰ ਲਿਆ ਸੀ ਕਿ ਮੇਰੀ ਦਾਦੀ ਅਨੁਸਾਰ ਪਿੰਡ ਦੀਆਂ ਸਾਰੀਆਂ ਕੁੜੀਆਂ ਭੈਣਾਂ ਹੁੰਦੀਆਂ ਹਨ ਤੇ ਜੇ ਗਲਤੀ ਨਾਲ ਪਿਆਰ ਪੈ ਜਾਏ ਤਾਂ ਸਿਰੇ ਨਹੀਂ ਚੜ੍ਹਦਾ ਤੇ ਪ੍ਰੇਮੀ ਸਾਰੀ ਉਮਰ ਰੋਂਦੇ ਪਛਤਾਉਂਦੇ ਰਹਿੰਦੇ ਨੇ। ਦੂਜਾ ਚਾਚੇ ਦੀਪੇ ਨਾਲ ਇਸ ਪਿਆਰ ਨੇ ਜਿਹੜੀ ਦੁਰਗਤ ਕੀਤੀ ਸੀ ਉਸ ਤੋਂ ਤਾਂ ਹਾਰੀ ਸਾਰੀ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦੀ ਸੀ। ਤੀਜੀ ਮਹਿੰਦਰ ਸਰਪੰਚ ਦੀ ਜੌੜੇ ਨਹਿਰ 'ਚੋਂ ਗਲੀ ਸੜੀ ਲਾਸ਼ ਤੇ ਇਸ ਪਿੱਛੇ ਇਸ਼ਕ ਦਾ ਪਿਛੋਕੜ ਮੇਰੀ ਸਿਖਿਆ ਲਈ ਗਰਮਾ ਗਰਮ ਚੇਤਾਵਨੀ ਸੀ। 
ਫਿਰਨੀ ਚੜ੍ਹਦੇ ਖੱਬੇ ਹੱਥ ਖੜਾ ਬੁਲਡੋਜ਼ਰ ਤੇ ਰੋੜੀ ਕੁੱਟਦੇ ਕਾਮੇ ਮੈਨੂੰ ਵੇਖ ਕੇ ਮਿੰਟ ਦੀ ਮਿੰਟ ਅਟਕੇ ਹਨ। ਇਥੇ ਕੱਚੀ ਫਿਰਨੀ ਤੇ ਪੜੁੱਲ ਹੁੰਦਾ ਸੀ ਛਾਲਾਂ ਮਾਰਨ ਵਾਲਾ। ਉਸ ਤੋਂ ਜ਼ਰਾ ਹੱਟ ਕੇ ਖਿੱਦੋ-ਖੂੰਡੀ ਦਾ ਅਖਾੜਾ, ਗੁੱਲੀ ਡੰਡੇ ਦੀਆਂ ਘਾਸੀਆਂ, ਗੋਲਾ ਸੁੱਟਣ ਦੀ ਅੱਸੀ... ਤੇ ਇਥੇ ਉੱਡਦਾ ਘੱਟਾ... ਮੇਰੇ ਹਾਂਡੀ ਸਾਥੀ ਨੰਜੂ, ਘੁੱਦੂ, ਬੁੱਧੂ, ਰੱਤੂ, ਪਿਆਰੂ, ਗੱਜਣ ਸਾਰੇ ਮੇਰੀਆਂ ਅੱਖਾਂ ਸਾਹਮਣੇ ਥਾਪੀਆਂ ਮਾਰਦੇ, ਡੌਲ਼ੇ ਫਰਕਾਉਂਦੇ ਨਿੱਤਰ ਆਉਂਦੇ ਹਨ। ਖੁੱਤੀ-ਬੰਟੇ, ਟਾਹਣਾਂ, ਠੀਕਰੀਆਂ ਖੇਲਦੇ, ਰੋਲ-ਘਚੋਲ ਮਾਰਦੇ ਮਿੱਠੀ ਮਿੱਠੀ ਲੜਾਈ ਕਰਦੇ ਚੋਬਰ ਸਾਥੀ ਮੇਰਾ ਰਸਤਾ ਮੱਲ ਖਲੋਂਦੇ ਹਨ। ਚਿੰਤੂ ਤੇ ਉਸ ਦੇ ਸਾਥੀ ਬਾਜ਼ੀਗਰਾਂ ਵੱਲੋਂ ਪਾਈ ਜਾਂਦੀ ਬਾਜੀ ਦੇ ਜੌਹਰ, ਉਲਟੀਆਂ ਸਿੱਧੀਆਂ ਟਪੂਸੀਆਂ ਤੇ ਕਲਾਬਾਜ਼ੀਆਂ, ਨਟ, ਭੰਡ, ਰਾਸ-ਲੀਲਾ, ਗੁਲਜ਼ਾਰੀ ਮਰਾਸੀ ਤੇ ਚਿੰਤੂ ਬਾਜ਼ੀਗਰ ਦੇ ਹੱਥੋਂ ਕੁੱਟੇ ਜਾਂਦੇ ਢੋਲ ਟੱਮਕਾਂ ਕੰਨਾਂ ਵਿਚ ਮਧੁਰ ਸੰਗੀਤ ਛੇੜ ਦਿੰਦੇ ਹਨ। 
'ਕਿਥੇ ਜਾਣਾ ਵੀਰ ਵੇ? ਕੀਹਦੇ ਜਾਣਾ?' ਅੱਗੇ ਖੜ੍ਹੀਆਂ ਦੋ ਜਣੀਆਂ ਮੈਨੂੰ ਤਾੜ ਰਹੀਆਂ ਨੇ, ਸ਼ਾਇਦ ਮੇਰੀਆਂ ਅਜਨਬੀ ਹਰਕਤਾਂ ਵੇਖ ਕੇ। ਫਿਰਨੀ ਵਾਲੇ ਚੌਕ ਵਿਚ ਆ ਕੇ ਮੇਰੇ ਕਦਮ ਅਟਕ ਗਏ। 
'ਆਪਣੇ ਹੀ ਜਾਣਾ ਮਾਤਾ ਜੀ।' ਮੈਂ ਝੂਠਾ ਜਿਹਾ ਹੋ ਕੇ ਅੱਗੇ ਕਦਮ ਰੱਖਦਾ ਹਾਂ।..ਪਰ ਕਿੱਧਰ... ਕਿਸ ਵੱਲ ਕਹਾਂ... ਕਿਸ ਵੱਲ ਜਾਵਾਂ? ਸਭ ਕੁਝ ਹੁੰਦੇ ਹੋਏ ਵੀ ਮੇਰਾ ਆਪਣਾ ਕੁਝ ਵੀ ਨਹੀਂ! ਉਪਰੇ ਅਜਨਬੀ ਪਰਦੇਸੀ ਵਾਂਗ ਚਾਰ ਚੁਫੇਰੇ ਨਜ਼ਰ ਘੁਮਾਉਂਦਾ ਹਾਂ। 
ਔਹ ਇੱਕ ਬਜ਼ੁਰਗ ਆ ਰਿਹਾ ਹੈ। ਹੱਥ ਵਿੱਚ ਖੂੰਡੀ ਫੜੀ... ਟੋਹ ਟੋਹ ਕੇ ਪੈਰ ਪੁੱਟਦਾ। ਮੈਂ ਪਛਾਣਦਾ ਹਾਂ। ਇਹ ਵੀ ਏਨਾ ਬੁੱਢਾ ਹੋ ਸਕਦਾ... ਚਾਚਾ ਸੰਤੋਖ ਸਿੰਘ! ਹਾਂ ਉਹੀ ਹੈ... ਚਾਚਾ ਸੋਖਾ! ਕਹਿੰਦਾ ਕਹਾਉਂਦਾ ਫੰਨੇਂ ਖਾਂ ਅੱਖੜ ਜੱਟ, ਅਸਮਾਨੀਂ ਥੁੱਕਾਂ ਸੁੱਟਦਾ, ਨੱਕ 'ਤੇ ਮੱਖੀ ਨਹੀਂ ਸੀ ਬਹਿਣ ਦਿੰਦਾ। ਉਹ ਵੀ ਸ਼ਾਇਦ ਗੱਡੀਓਂ ਉੱਤਰ ਕੇ ਹੀ ਆ ਰਿਹਾ ਸੀ ਮੇਰੇ ਪਿੱਛੇ ਹੌਲੀ ਹੌਲੀ। 
'ਚਾਚਾ!....।' ਮੈਂ ਉੱਛਲ ਕੇ ਉਸ ਨੂੰ ਜੱਫੀ ਪਾ ਲੈਂਦਾ ਹਾਂ। ਸ਼ੁਕਰ ਹੈ ਬਾਹਰ ਹੀ ਮਿਲ ਪਿਆ, ਨਹੀ ਤੇ ਨਵਾਂ ਪੋਚ ਨੁਹਾਂ ਪੋਤਰੇ ਪਤਾ ਨਹੀਂ ਕਿੱਦਾਂ ਪਛਾਣਦੇ। 
'ਕੌਣ?..ਚੰਨ!' ਉਹ ਇਕਦਮ ਆਵਾਜ਼ ਪਛਾਣ ਲੈਂਦਾ ਹੈ। 
'ਹਾਂ ਚਾਚਾ।' ਆਪ ਮੁਹਾਰੇ ਮੇਰੇ ਹੰਝੂ ਮੇਰੀਆ ਗੱਲਾਂ 'ਤੇ ਟਪਕ ਜਾਂਦੇ ਨੇ। ਉਹ ਮੇਰੇ ਸਿਰ ਤੋਂ ਲੈ ਕੇ ਮੋਢਿਆਂ ਤੱਕ ਮੈਨੂੰ ਪਲੋਸ ਰਿਹਾ ਹੈ। 
'ਕਦ ਆਇਆ ਪੁੱਤ?... ਪਹਿਲਾਂ ਕੋਈ ਚਿੱਠੀ ਤਾਰ ਹੀ ਮਾਰ ਦਿੰਦਾ? ਟੈਲੀਫੂਨ ਕਰ ਦਿੰਦਾ...।' ਉਸ ਦੀ ਵੀ ਜ਼ਬਾਨ ਥਿੜਕ ਰਹੀ ਹੈ। 
'ਬੱਲੇ ਬੱਲੇ...ਬੜੀ ਦੇਰ ਬਾਅਦ ਮਿਲਿਆ ਮੇਰਾ ਸਰਵਣ ਪੁੱਤ!... ਪੁੱਤ ਤੁਸਾਂ ਤੇ ਜਾ ਕੇ ਮੈਨੂੰ ਭੁਲਾ ਹੀ ਦਿਤੈ। ਕਿਤੇ ਚੰਦਰਿਓ ਪਿੱਛੇ ਝਾਤੀ ਤਾਂ ਮਾਰ ਛੱਡਦੇ ਦਿਨ-ਦਿਹਾਰ ਨੂੰ।' ਉਹ ਬੱਚਿਆਂ ਵਾਂਗ ਫਿੱਸ ਰਿਹਾ ਹੈ। ਉਸ ਦੀਆਂ ਬਾਂਹਾਂ ਦੀ ਪਕੜ ਮੇਰੇ ਉਦਾਲੇ ਪੀਡੀ ਹੋ ਰਹੀ ਹੈ। 
'ਚੱਲ ਪੁੱਤ! ਧੰਨਭਾਗ਼.. ਜੀ ਆਇਆਂ ਨੂੰ... ਕੋਈ ਨਾ, ਕੰਮਾਂ ਕਾਰਾਂ ਵਿੱਚ ਕਿੱਥੇ ਵਿਹਲ ਮਿਲਦੀ ਉੱਦਮੀ ਬੰਦਿਆਂ ਨੂੰ।' ਅੱਖਾਂ ਪੂੰਝਦਾ ਉਹ ਮੇਰਾ ਬੈਗ ਫੜਨ ਲੱਗਦਾ ਹੈ। 
'ਨਹੀਂ ਨਹੀਂ...!' ਮੈਂ ਇਕ ਹੱਥ ਵਿੱਚ ਬੈਗ ਤੇ ਦੂਸਰਾ ਉਸ ਦੀ ਡੰਗੋਰੀ ਫੜ੍ਹ ਕੇ ਉਸਦੇ ਨਾਲ ਹੋ ਤੁਰਦਾ ਹਾਂ। 
'ਦੀਦੇ ਜੁਆਬ ਦੇ ਗਏ ਨੇ ਪੁੱਤ!... ਹੁਣ ਮੈਂ ਦਾਰੂ ਲੈ ਕੇ ਆਇਆਂ। ਡਾਕਦਾਰ ਕਹਿੰਦਾ, ਪਾ ਕੇ ਵੇਖ ਲਾ। ਉਂਜ ਉਸ ਨੇ ਇਕ ਤਰ੍ਹਾਂ ਦਾ ਜੁਆਬ ਹੀ ਦੇ ਦਿਤੈ, ਕਹਿੰਦੇ ਕੋਇਆਂ ਵਿਚੋਂ ਪਿਛਲੀ ਰੋਸ਼ਨੀ ਹੀ ਖ਼ਤਮ ਹੋ ਗਈ ਹੈ। ਪਿਛਲੇ ਸਾਲ ਇਥੇ ਕੈਂਪ ਲੱਗਾ ਸੀ, ਅੱਖਾਂ ਦਾ ਮੁਫ਼ਤ ਸਰਕਾਰੀ ਕੈਂਪ। ਉਹਨਾਂ ਦੀ ਚੀਰਫਾੜ ਨੇ ਰੌਸ਼ਨੀ ਦੇਣ ਦੀ ਬਿਜਾਏ ਮੇਰੀ ਰੌਸ਼ਨੀ ਖੋਹ ਲਈ। ਰੌਸ਼ਨੀ ਹੀ ਨਹੀ, ਮੇਰਾ ਸਾਰਾ ਜਹਾਨ ਹੀ ਲੁੱਟ ਗਿਆ ਉਹਨਾਂ ਮਾੜੇ ਡਾਕਦਾਰਾਂ ਨੇ।' ਉਹ ਹਉਕਾ ਜਿਹਾ ਭਰਦਾ ਹੈ। 
'ਅੱਖਾਂ ਨਾਲ ਜਹਾਨ ਹੈ... ਰੱਬ ਏਦੂੰ ਤਾਂ ਹੁਣ ਚੁੱਕ ਹੀ ਲਏ ਤਾਂ ਚੰਗਾ, ਬਿਗਾਨੇ ਹੱਥੀਂ ਆਝੀ ਬਣਨ ਨਾਲੋਂ। ਅਖ਼ਬਾਰ ਪੜ੍ਹ ਕੇ ਲੋਕ ਪਰਲੋਕ ਦੀ ਖ਼ਬਰ ਹੋ ਜਾਂਦੀ ਸੀ, ਹੁਣ ਇਹ ਨਿਆਣੇ ਵੀ ਲਾਗੇ ਨਹੀਂ ਲਗਦੇ, ਕਹਿੰਦੇ ਬਾਬਾ ਰੁਪੈਆ ਦੇਵੇਂਗਾ ਤੇ ਅਖ਼ਬਾਰ ਪੜ੍ਹ ਕੇ ਸੁਣਾਵਾਂਗੇ।' 
ਉਹ ਆਪਣੇ ਵੇਗ ਵਿਚ ਵਹਿ ਤੁਰਿਆ ਹੈ, ਮੈਨੂੰ ਉਸਦੀ ਹਾਲਤ 'ਤੇ ਤਰਸ ਵੀ ਆਉਂਦਾ ਹੈ ਤੇ ਹਾਸਾ ਵੀ। 
'ਤੇ ਪੁੱਤ ਤੂੰ ਵੀ ਤੇ ਡਾਕਦਾਰ ਬਣ ਗਿਐਂ... ਵਿਦੇਸ਼ ਜਾ ਕੇ।' 
'ਹਾਂ ਚਾਚਾ! ਪਰ ਮੈਂ ਇਹਨਾਂ ਬਿਮਾਰੀਆਂ ਦਾ ਡਾਕਟਰ ਨਹੀਂ।' 
'ਹੱਲਾ!..।' ਉਹ ਫਿਰ ਨਿਆਸਰਾ ਜਿਹਾ ਹੋ ਕੇ ਚੁੱਪ ਕਰ ਜਾਂਦਾ ਹੈ। 
'ਹੋਰ ਦੱਸ ਚਾਚਾ! ਪੁੱਤ ਪੋਤਰਿਆਂ ਦਾ... ਨੁਹਾਂ ਦਾ... ਪਿੰਡ ਦਾ!' 
'ਠੀਕ ਐ ਪੁੱਤ... ਸਭ ਠੀਕ ਐ, ਸਵਾਸ ਪੂਰੇ ਕਰਦੇ ਹਾਂ... ਦਿਨ-ਕਟੀ ਹੀ ਤਾਂ ਕਰਨੀ ਹੈ। ਬਾਕੀ ਪਿੰਡ ਤਾਂ ਸਭ ਬਹਿਸ਼ਤ ਹੈ ਬਹਿਸ਼ਤ।' ਚਾਚੇ ਨੇ ਪਹਿਲੇ ਸ਼ਬਦ ਕੁਝ ਔਖ ਮਹਿਸੂਸ ਕਰਦੇ ਉਚਾਰੇ ਪਰ ਪਿੰਡ ਬਾਰੇ ਬੋਲ ਕੇ ਜਿਵੇਂ ਉਹ ਆਪ ਸਾਰਾ ਖਿੜ ਗਿਆ। 
'ਤੂੰ ਚੰਗਾ ਰਿਹਾ ਪੁੱਤ! ਪਿੰਡ ਛੱਡ ਗਿਆ... ਭਾਊ ਜੀ ਦੀ ਦੂਰ-ਅੰਦੇਸ਼ੀ ਨੇ ਤੁਹਾਨੂੰ ਨਰਕ 'ਚੋਂ ਕੱਢ ਲਿਆ।' 
'ਨਹੀਂ ਤੇ ਹੁਣ ਤੱਕ ਮੇਰਾ ਵੀ ਕਈ ਵਾਰ ਭੋਗ ਵਰ੍ਹੀਣਾ ਤੇ ਬਰਸੀਆਂ ਮਨਾਈਆਂ ਜਾਣੀਆਂ ਸਨ।' ਮੈਂ ਹੱਸ ਕੇ ਕਾਟ ਜਿਹੀ ਕਰਦਾ ਹਾਂ। 
'ਵਾਗਰੂ! ਵਾਗੁਰੂ ਕਹੋ... ਸੁੱਖੀ ਸਾਂਦੀ! ਹੁਣ ਫੇਰ ਦਿਨ ਫਿਰੇ ਨੇ। ਪਿੰਡ ਦੀ ਨਵੀਂ ਪੀੜ੍ਹੀ ਪਿੰਡ ਦਾ ਮੂੰਹ ਮੱਥਾ ਸਵਾਰ ਰਹੀ ਹੈ। ਵੇਖ ਲੈ ਹੁਣ ਪਿੰਡ ਦਾ ਕੋਈ ਵੀ ਘਰ ਕੱਚਾ ਨਹੀਂ। ਲੋਕਾਂ ਨੇ ਵਧ ਚੜ੍ਹ ਕੇ ਰੀਝਾਂ ਨਾਲ ਵੰਨ ਸੁਵੰਨੀਆਂ ਕੋਠੀਆਂ ਉਸਾਰ ਲਈਆਂ ਨੇ। ਹਰ ਘਰ ਵਿਚ ਟੈਲੀਫੋਨ ਹੈ। ਹੁਣ ਨਾ ਕੋਈ ਸ਼ਰਾਬ ਕੱਢਦਾ ਹੈ, ਨਾ ਵੇਚਦਾ ਹੈ। ਬੈਂਕ, ਸੁਸਾਇਟੀ, ਡਾਕਖਾਨਾ, ਮੰਡੀ... ਸਾਰੀ ਸਹੂਲਤ ਪਿੰਡ ਵਿੱਚ ਹੈ। ਸਰਕਾਰੀ ਡਿਸਪੈਂਸਰੀ ਵੀ ਹੈ, ਉੱਥੇ ਡਾਕਟਰ ਭਾਵੇਂ ਲੰਙੇ ਡੰਗ ਹੀ ਆਉਂਦਾ ਹੈ। ਮਾਡਲ-ਗਰਾਮ ਦਾ ਉੱਤਮ ਨਮੂਨਾ ਹੈ ਹੁਣ ਇਹ ਪਿੰਡ। ਪੁਲਿਸ ਦੀ ਧੜ-ਪਕੜ ਤੋਂ ਬਰੀ ਹੈ। ਪੁਲਿਸ ਪਿੰਡ ਵੜਨ ਤੋਂ ਕਤਰਾਉਂਦੀ ਹੈ। ਸ਼ਰੀਫ਼ ਜਾਂਦਿਆਂ ਦੇ ਪਿੰਡ ਪੁਲਿਸ ਦਾ ਕੀ ਕੰਮ! 
ਨਵੇਂ ਉੱਠੇ ਕਈ ਨੌਜਵਾਨ ਚੰਗਾ ਪੜ੍ਹ ਲਿਖ ਕੇ ਚੰਗੇ ਚੰਗੇ ਮਹਿਕਮਿਆਂ ਵਿੱਚ ਸਰਕਾਰੀ ਨੌਕਰੀਆਂ ਵਿਚ ਵੱਡੇ-ਵੱਡੇ ਅਹੁਦਿਆਂ 'ਤੇ ਪਹੁੰਚ ਗਏ ਹਨ। ਕੁੱਝ ਤੁਹਾਡੇ ਜਿਹੇ ਧੁਖਦੇ ਘਰਾਂ ਵਾਲੇ ਦੋ ਚਾਰ ਘਰ ਇੰਗਲੈਂਡ ਕਨੇਡਾ ਚਲੇ ਗਏ ਨੇ। ਕਾਰਾਂ, ਟ੍ਰੈੱਕਟਰ, ਕੰਬਾਈਨਾਂ, ਸਕੂਟਰ ਹੁਣ ਆਮ ਜਿਹੀ ਗੱਲ ਹੋ ਗਈ ਹੈ। ਘੱਟੋ-ਘੱਟ ਪੰਝੀ ਜਵਾਨ ਫੌਜ ਵਿਚ ਦੇਸ਼ ਸੇਵਾ ਕਰ ਰਹੇ ਨੇ। ਪਿੰਡ ਦਾ ਇਕ ਕਰਤਾਰ, ਸਿਪਾਹੀ ਤੋਂ ਤਰੱਕੀ ਕਰਦਾ ਕਰਦਾ ਡਿਪਟੀ ਬਣ ਗਿਆ ਤੇ ਦੂਜਾ ਕਰਤਾਰ ਸਿਪਾਹੀ ਤੋਂ ਇੰਸਪੈਕਟਰ ਬਣ ਕੇ ਮੁੜ  ਪੁੱਠੇ ਗਿਅਰ ਪੈ ਕੇ ਸਿਪਾਹੀ ਦਾ ਸਿਪਾਹੀ ਰਹਿ ਗਿਆ। ਫੜਿਆ ਗਿਆ ਸੀ ਵਿਚਾਰਾ, ਕਿਸੇ ਓਪਰੀ ਜ਼ਨਾਨੀ ਨਾਲ ਕਿਸੇ ਹੋਟਲ ਵਿੱਚ।' ਚਾਚੇ ਨੇ ਅਖੀਰਲਾ ਵਾਕ ਕਹਿੰਦੇ ਇਕ ਕਰੁਣਾਮਈ ਜਿਹਾ ਹਉਕਾ ਲਿਆ ਜਿਵੇਂ ਬਹੁਤ ਕੁਝ ਹੋਰ ਵਿੱਚੇ ਵਿੱਚ ਪੀ ਗਿਆ ਹੋਵੇ। 
'ਪਿੰਡ ਵਿਚ ਖੇਡਾਂ ਦੀ ਕਲੱਬ ਬਣੀ ਹੋਈ ਹੈ ਜੋ ਨਵੀਂ ਨੌਂ ਜੁਆਨ ਪੀੜ੍ਹੀ ਨੂੰ ਨਸ਼ਿਆਂ ਵੈਲਾਂ ਤੇ ਐਬਾਂ ਤੋਂ ਉੱਪਰ ਉਠਾ ਕੇ ਖੇਡਣ ਦੀ ਪ੍ਰੇਰਨਾ ਕਰਦੀ ਹੈ। ਹਾਕੀ ਕਬੱਡੀ ਤੇ ਘੋਲ ਸਵੇਰੇ ਸ਼ਾਮ ਗੱਭਰੂਆਂ ਦਾ ਸ਼ੌਕ ਹੈ। ਇਹ ਕਲੱਬ ਪਿੰਡ ਦੀ ਪੰਚਾਇਤ ਨਾਲ ਰਲ ਕੇ ਪਿੰਡ ਦੇ ਛੋਟੇ ਮੋਟੇ ਝਗੜੇ ਵੀ ਆਪ ਹੀ ਨਿਬੇੜਦੀ ਹੈ। ਪਿੰਡ ਵਿਚ ਹੁਣ ਬਾਰ੍ਹਵੀਂ ਦਾ ਸਕੂਲ ਹੈ। ਭੱਠੀਆਂ ਤੇ ਜਾਂ ਤਖ਼ਤਪੋਸ਼ ਤੇ ਬੈਠਣ ਲਈ ਜਾਂ ਵਾਧੂ ਗੱਪਾਂ ਮਾਰਨ ਦੀ ਕਿਸੇ ਕੋਲ ਫੁਰਸਤ ਨਹੀਂ। ਸਾਰੇ ਆਪਣੇ ਆਪਣੇ ਕੰਮੀਂ ਰੁੱਝੇ ਪਏ ਨੇ। ਹਾਂ! ਕਦੇ ਕਦਾਈਂ ਸ਼ਾਮ ਵੇਲੇ ਅਖੀਰਲੀ ਪੀਹੜੀ ਵਾਲੇ ਬਜ਼ੁਰਗ ਤਖ਼ਤਪੋਸ਼ 'ਤੇ ਇਕੱਠੇ ਹੁੰਦੇ ਨੇ ਤੇ ਪਿੰਡ ਦੀ ਬਿਹਤਰੀ ਲਈ ਸਲਾਹਾਂ ਕਰਦੇ ਨੇ, ਦੁਆਵਾਂ ਮੰਗਦੇ ਨੇ।' ਚਾਚੇ ਦੀਆਂ ਗੱਲਾਂ ਸੁਣ ਸੁਣ ਨੇ ਮੇਰਾ ਲਹੂ ਸੇਰ ਭਰ ਵਧ ਜਾਂਦਾ ਹੈ। 
'ਸ਼ੁਕਰ ਹੈ ਏਨੇ ਝੱਖੜ ਹਨੇਰੀ ਝੁੱਲਣ ਤੋਂ ਬਾਅਦ ਇਸ ਤੇ ਨਿਖਾਰ ਆਇਆ ਹੈ, ਨਵੀਂ ਜਵਾਨੀ ਚੜ੍ਹੀ ਹੈ।' ਮੈਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹਾਂ। 
ਚਾਚਾ ਤੁਰਦਾ ਤੁਰਦਾ ਘਰ ਨੂੰ ਮੁੜਨ ਦੀ ਥਾਂ ਸੱਜੇ ਹੱਥ ਖੂਹ ਨੂੰ ਹੋ ਤੁਰਦਾ ਹੈ। 
'ਸੱਚ ਚਾਚਾ! ਮੈਂ ਤਾਂ ਭੁੱਲ ਹੀ ਗਿਆ! ਪਹਿਲਾਂ ਗੁਰਦੁਆਰੇ ਮੱਥਾ ਟੇਕਣਾ ਸੀ।' 
ਉਹ ਕਮਜ਼ੋਰ ਜਿਹੀਆਂ ਅੱਖਾਂ ਝਮਕਦਾ ਮੇਰੇ ਵੱਲ ਝਾਕਦਾ ਹੈ ਤੇ ਖਿੜਖਿੜਾ ਕੇ ਹੱਸਦਾ ਹੈ, ਜਿਵੇਂ ਉਸ ਨੂੰ ਵੀ ਪਿਛਲਾ ਕੁਝ ਯਾਦ ਆ ਗਿਆ ਹੋਵੇ। 
'ਹੱਛਾ!... ਸਮਝ ਗਿਆ ਪੁੱਤਰ।... ਪਰ ਨਹੀਂ ਭਤੀਜ ਹੁਣ ਉਥੇ ਕੁਝ ਨਹੀਂ। ਉਹ ਤਕੀਆ ਚਾਰ ਚੁਫੇਰੇ ਵਲਗਣ ਵਿਚ ਵਲਿਆ ਗਿਆ ਹੈ। ਉਥੇ ਭੰਗ ਪੋਸਤ ਸ਼ਰਾਬ ਜੂਏ ਦੀ ਥਾਂ ਹੁਣ ਲਾਇਬਰੇਰੀ ਹੈ, ਜਿਥੇ ਨੌਜਵਾਨ ਅਖ਼ਬਾਰਾਂ ਕਿਤਾਬਾਂ ਪੜ੍ਹਦੇ ਨੇ... ਉਸ ਦੇ ਨਾਲ ਦਾ ਛੱਪੜ... ਸੰਘਾੜਿਆਂ ਵਾਲਾ...।' ਹੱਸਦਾ ਹੈ। 
'ਹਾਂ ਹਾਂ ਮੈਨੂੰ ਯਾਦ ਹੈ, ਜਿਥੋਂ ਸੰਘਾੜੇ ਮੱਛੀਆਂ ਫੜਦਾ ਫੜਦਾ ਮੈਂ ਆਪਣੀ ਜਾਨ ਗਵਾਉਣ ਲੱਗਾ ਸੀ।' ਮੈਂ ਗੱਲ ਅੱਗੇ ਕੱਟਦਾ ਹਾਂ। 
'ਸਰਕਾਰ ਨੇ ਹੁਣ ਕੁੱਝ ਸਖ਼ਤੀ ਕਰ ਦਿੱਤੀ ਹੈ ਤੇ ਕੁੱਝ ਬਦਲੇ ਹਾਲਾਤਾਂ ਨੇ ਤਕੀਏ ਦੇ ਤੌਰ ਤਰੀਕੇ ਬਦਲ ਦਿੱਤੇ, ਇਸ ਦੀ ਕਿਸਮਤ ਬਦਲ ਦਿੱਤੀ। ਲੋਕਾਂ ਨੇ ਆਪਣੇ ਹੱਥ ਮੂੰਹ ਭੰਨਾ ਕੇ, ਝੁੱਗੇ ਚੌੜ ਕਰਵਾ ਕੇ ਜੂਏ ਤੋਂ ਤੋਬਾ ਕਰ ਲਈ। ਉਹ ਛੱਪੜ ਹੁਣ ਇਕ ਸੁੰਦਰ ਤਲਾਬ ਬਣ ਗਿਆ ਹੈ।' 
'ਚਲੋ ਇਹ ਤਾਂ ਚੰਗਾ ਹੋਇਆ ਚਾਚਾ! ਮੈਂ ਹੁਣੇ ਹੁਣੇ ਲਾਸ-ਵੇਗਸ ਜਾ ਕੇ ਆਇਆ ਹਾਂ, ਅਮਰੀਕਾ ਦਾ ਸ਼ਹਿਰ  ਲਾਸ-ਵੇਗਸ, ਕੈਲੀਫੋਰਨੀਆ ਅਤੇ ਨਵਾਡਾ ਸੂਬਿਆਂ ਦੀ ਹੱਦ ਤੇ ਮਾਰੂਥਲ ਰੇਗਿਸਤਾਨ ਵਿੱਚ ਵੱਸਿਆ ਇੱਕੋ ਇਕ ਸੰਸਾਰ ਪਰਸਿਧ ਜੂਏ ਦਾ ਬੜਾ ਵੱਡਾ ਅੱਡਾ ਹੈ ਜਿੱਥੇ ਗੋਰਿਆਂ ਦੇ ਹੁਸ਼ਿਆਰ ਤੇ ਉਪਜਾਊ ਦਿਮਾਗ ਨੇ ਉਜਾੜ ਬੀਆਬਾਨ ਵਿਚ ਇਕ ਸੈਰਗਾਹ ਪਰਫੁਲਿਤ ਕਰਕੇ ਕੁੱਲ ਦੁਨੀਆ ਦੇ ਅਮੀਰ ਖਿਡਾਰੀਆਂ ਜੂਏਬਾਜ਼ਾਂ ਨੂੰ ਇੱਥੇ ਆ ਕੇ ਖੇਡਣ ਤੇ ਮਨੋਰੰਜਨ ਕਰਨ ਲਈ ਖਿੱਚਿਆ ਹੈ। ਤਰ੍ਹਾਂ ਤਰ੍ਹਾਂ ਦੀ ਸਹੂਲਤਾਂ ਦੇ ਕੇ ਆਕਰਸ਼ਕ ਕੀਤਾ ਹੈ। ਉੱਥੇ ਪੁਲਸ ਫੜਦੀ ਰੋਕਦੀ ਨਹੀਂ, ਸਗੋਂ ਜੂਆ ਖੇਡਣ ਵਾਲਿਆਂ ਦੀ ਹਿਫ਼ਾਜ਼ਤ ਕਰਦੀ ਹੈ। ਇਸ ਸ਼ਹਿਰ ਦੇ ਵਿਚਕਾਰ ਦੀ ਸੜਕ ਦੋ ਸੂਬਿਆਂ ਦੀ ਹੱਦ ਹੈ। ਕੈਲੀਫੋਰਨੀਆ ਵਿੱਚ ਜੂਆ ਵਿਵਰਜਿਤ ਹੈ ਪਰ ਨਵਾਡਾ ਖੇਤਰ ਵਿੱਚ ਪੂਰਾ ਪ੍ਰਫੁੱਲਤ ਹੈ।' 
 'ਹੱਛਾ! ਤੇ ਪੁੱਤਰਾ ਸਾਨੂੰ ਵੀ ਦਿਖਾ ਛੱਡ ਇਹੋ ਜਿਹਾ ਨਜ਼ਾਰਾ ਸ੍ਵਰਗਾਂ ਦਾ, ਅਸੀਂ ਵੀ ਕੋਈ ਦਾਅ ਲਾ ਕੇ ਵੇਖ ਲਈਏ।' 
'ਮੈਨੂੰ ਤਾਂ ਚਾਚਾ ਇਵੇਂ ਲੱਗਾ ਪਈ ਜਿਵੇਂ ਕੌਡੀਆਂ, ਚਰਖੜੀਆਂ, ਤਾਸ਼ ਆਦਿ ਸਾਰੀਆਂ ਤਕਨੀਕਾਂ ਜੂਏ ਦੀਆਂ ਉੱਥੇ ਲੋਕਾਂ ਨੇ ਸਾਡੇ ਪਿੰਡ ਤੋਂ ਹੀ ਲਈਆਂ ਹੋਣ ਜਿਵੇਂ ਉੱਥੇ ਦੇ ਹੂਵਰ ਡੈਮ ਨੂੰ ਵੇਖ ਕੇ ਪੰਡਤ ਨਹਿਰੂ ਨੂੰ ਭਾਖੜਾ ਡੈਮ ਬਣਾਉਣ ਦਾ ਫੁਰਨਾ ਫੁਰਿਆ ਸੀ। ਜੁਆਰੀਆਂ ਨੂੰ ਲੁਭਾਉਣ ਲਈ, ਭਰਮਾਉਣ ਲਈ, ਵਰਚਾਉਣ ਲਈ, ਫਸਾਉਣ ਲਈ ਉਹਨਾਂ ਨੇ ਸ਼ਿਕਾਰੀਆਂ ਵਾਂਗ ਕਈ ਕਈ ਰਿਸਕ ਫਾਹੀਆਂ ਤੇ ਜਾਲ ਵਿਛਾ ਛੱਡੇ ਨੇ। ਸੈਂਕੜੇ ਕਰੋੜਾਂ ਦਾ ਹਰ ਰੋਜ਼ ਜੂਏ ਵਿੱਚ ਆਦਾਨ ਪ੍ਰਦਾਨ ਹੁੰਦਾ ਹੈ।' ਮੈਂ ਹੱਸਦਾ ਹੱਸਦਾ ਉਸ ਨੂੰ ਘੁੱਟ ਲੈਂਦਾ ਹਾਂ। 
'ਔਹ ਸਾਹਮਣੇ ਲਹਿੰਦੇ ਪਾਸੇ ਮਾਈ ਦਾਸ ਦਾ ਡੇਰਾ ਜਿੱਥੇ ਕਦੇ ਇਕ ਏਕੜ ਵਿੱਚ ਫੈਲਿਆ ਧਰਤੀ ਤੱਕ ਲਟਕਦੀ ਲੰਮੀ ਲੰਮੀ ਖਿੱਲਰੀ ਦਾੜ੍ਹੀ ਵਾਲਾ ਬੋਹੜ ਦਾ ਦਰਖ਼ਤ ਸੀ, ਬੌਣਾ ਹੋ ਕੇ ਅੱਧੇ ਕਿੱਲੇ ਵਿਚ ਸਿਮਟ ਗਿਆ ਹੈ। ਉਥੋਂ ਦਾ ਸਾਧ ਜੋ ਰਾਤ ਨੂੰ ਸੌਣ ਵੇਲੇ ਆਪਣੇ ਹੱਥ ਪੈਰ ਲੱਤਾਂ ਬਾਂਹਾਂ ਪੇਚਾਂ ਵਾਂਗ ਉਤਾਰ ਕੇ ਪਾਸੇ ਰੱਖ ਕੇ ਸੌਂਦਾ ਸੀ, ਜਿਵੇਂ ਕਈ ਲੋਕਾਂ ਨੇ ਵੇਖਿਆ ਸੁਣਿਆ ਸੀ, ਉਹ ਇਥੋਂ ਮਨਫ਼ੀ ਹੋ ਗਿਆ ਹੈ। ਵੈਸੇ ਪਿੰਡਾਂ ਦੀਆਂ ਜ਼ਨਾਨੀਆਂ ਹਮੇਸ਼ਾਂ ਵਾਂਗ ਉਥੇ ਦੁੱਧ ਕੱਚੀ ਲੱਸੀ ਪ੍ਰਸਾਦਿ ਖੀਰ ਆਦਿ ਚੜ੍ਹਾਉਂਦੀਆਂ ਹਨ। ਨੁੱਕਰ ਵਾਲੀ ਬੇਰੀ ਤੇ ਕੱਚੇ ਧਾਗੇ, ਚੁੰਨੀਆਂ, ਪਰਾਂਦੀਆਂ ਵਲ੍ਹੇਟਦੀਆਂ ਚੰਗਾ ਦੁੱਧ ਪੁੱਤ, ਲੈਣ ਦੀ ਸੁੱਖਣਾ ਸੁੱਖਦੀਆਂ ਹਨ। ਪਿੰਡ ਦੇ ਸ਼ਹੀਦਾਂ ਦੇ ਨਾਮ 'ਤੇ ਇਥੇ ਇਕ ਅਸਮਾਨ ਨੂੰ ਛੂੰਹਦਾ ਨਿਸ਼ਾਨ ਸਾਹਿਬ! ਆਲੀਸ਼ਾਨ ਗੁਰਦੁਆਰਾ ਬਣ ਗਿਆ ਹੈ। ਇੱਥੇ ਹੁਣ ਸਿੱਖ ਸੂਰਬੀਰ ਜੋਧਿਆਂ ਦੀ ਪਨੀਰੀ ਉੱਗਦੀ ਹੈ ਤੇ ਫੁਲਵਾੜੀ ਖਿੜਦੀ ਹੈ। ਹਰ ਮਹੀਨੇ ਦਿਨ-ਦਿਹਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ। ਨਵੇਂ ਉਠੇ ਸੈਂਕੜੇ  ਨੌਂ-ਜੁਆਨ ਮੁੰਡੇ ਕੁੜੀਆਂ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗੇ ਹਨ। ਸ਼ਹੀਦ ਸਿੰਘਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ। ਬੜੇ ਕੱਠ ਹੁੰਦੇ ਨੇ ਪੁੱਤ! ਹਰ ਮਹੀਨੇ ਕਿਸੇ ਨਾ ਕਿਸੇ ਦਾ ਜਨਮ ਦਿਨ, ਬਰਸੀ ਆਉਂਦੀ ਰਹਿੰਦੀ ਹੈ। ਵੱਡੇ ਵੱਡੇ ਵਜ਼ੀਰਾਂ ਅਫਸਰਾਂ ਦੀਆ ਕਾਰਾਂ ਦੇ ਕਾਫਲੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਪਹੁੰਚਦੇ ਨੇ ਇਕ ਦੂਸਰੇ ਤੋਂ ਉੱਪਰ ਅੱਗੇ ਹੋ ਕੇ। ਇਨ੍ਹਾਂ ਸ਼ਹੀਦਾਂ ਦੇ ਖੈਰ-ਖਵਾਹ ਤੇ ਵਾਰਿਸ ਕਹਾਉਣ ਤੇ ਅਪਨਾਉਣ ਦੇ ਢਕੌਂਜ ਵਜੋਂ ਉਹਨਾਂ ਦੇ ਨਾਮ ਤੇ ਪਿੰਡ ਨੂੰ ਗਰਾਂਟਾਂ ਦੇਣ ਅਤੇ ਉਨ੍ਹਾਂ ਦੇ ਟੱਬਰਾਂ ਦੀ ਲੋੜੀਂਦੀ ਮਦਦ ਬਾਰੇ ਐਲਾਨ ਕੀਤੇ ਜਾਦੇ ਹਨ ਭਾਵੇਂ ਇਹ ਨੇਪਰੇ ਘੱਟ ਹੀ ਚੜ੍ਹੇ ਹਨ। 
ਸਾਰਾ ਪਿੰਡ ਪੱਕੀ ਫਿਰਨੀ ਨਾਲ ਘਿਰਿਆ ਪਿਆ ਹੈ ਤੇ ਪੱਕੀਆਂ ਸੜਕਾਂ ਨਾਲ ਚਾਰ ਚੁਫੇਰੇ ਦੇ ਹੋਰ ਪਿੰਡਾਂ ਨਾਲ ਜੁੜਿਆ ਹੋਇਆ ਹੈ। ਰੋਜ਼ ਤਿੰਨ ਚਾਰ ਰੇਲ ਗੱਡੀਆਂ ਤੋਂ ਇਲਾਵਾ ਅੱਠ ਦਸ ਮਿੰਨ੍ਹੀਂ ਬੱਸਾਂ ਦੇ ਟਾਈਮ ਹਨ।' 
ਚਾਚੇ ਸੋਖੇ ਨੇ ਜਿਵੇਂ ਸਾਰੇ ਪਿੰਡ ਦਾ ਨਕਸ਼ਾ ਖੋਲ੍ਹ ਕੇ ਮੇਰੇ ਸਾਹਮਣੇ ਵਿਛਾ ਦਿੱਤਾ। ਥੋੜ੍ਹੀ ਦੇਰ ਵਿਚ ਹੀ ਸਾਰੇ ਪਿੰਡ ਦੀ ਸੈਰ ਕਰਵਾ ਦਿੱਤੀ। ਚਾਚੇ ਨੇ ਚਲਦੇ ਚਲਦੇ ਸਾਰੇ ਪਿੰਡ ਦੀ ਪਰਕਰਮਾਂ ਕਰਾ ਦਿੱਤੀ। ਕਿੰਨਾ ਕੁਝ ਪੁਰਾਣਾ ਢੱਕਿਆ ਹੋਇਆ ਨਿਰਵਸਤਰ ਕਰ ਦਿੱਤਾ। 
ਮੈਂ ਮਨ ਹੀ ਮਨ ਵਿਚ ਇਹਨਾਂ ਗਲੀਆਂ ਵਿੱਚ ਘੁੰਮ ਰਿਹਾ ਹਾਂ। ਇਹਨਾਂ ਨਾਲ ਮੇਰਾ ਇਸ਼ਕ ਹੈ... ਇਸ ਮਿੱਟੀ ਨਾਲ ਮੇਰੀ ਬੜੀ ਗੂੜ੍ਹੀ ਸਾਂਝ ਹੈ। ਮੈਂ ਚਾਹੁੰਦਾ ਹਾਂ ਮੈਂ ਇਹਨਾਂ ਗਲੀਆਂ ਵਿਚ ਬਹਾਰਾਂ ਖਿਲਾਰ ਦਿਆਂ, ਮਿਰਚਾਂ ਵਾਰ ਦਿਆਂ, ਕਾਰਪਿਟ ਵਿਸ਼ਾ ਦਿਆਂ... ਇਹ ਮੇਰੀ ਜੰਮਣ ਭੋਂ... ਇਸ ਪਿੰਡ ਦਾ ਹਰ ਘਰ, ਹਰ ਗਲੀ, ਮੋੜ ਮੇਰੀ ਇਬਾਦਤ ਗਾਹ ਹੈ।' ਭਾਵਕਤਾ ਵਿਚ ਮੇਰੀਆਂ ਅੱਖਾਂ ਤਰਲ ਹੋ ਜਾਂਦੀਆਂ ਹਨ। 
'ਲੈ ਪਰਦੇਸੀ ਜਵਾਨਾਂ! ਸਨਾਨ ਪਾਣੀ ਕਰ ਲੈ ਪਹਿਲਾਂ।' 
ਚਾਚੇ ਨੇ ਬੰਬੀ ਦਾ ਕਮਰਾ ਖੋਲ੍ਹ ਕੇ ਬਟਨ ਨੱਪ ਦਿੱਤਾ। ਪਾਣੀ ਦੀ ਚਾਂਦੀ ਰੰਗੀ ਮੋਟੀ ਲੰਬੀ ਧਾਰ ਠੰਢਾ ਠਾਰ ਹਵਾ ਦਾ ਝੌਂਕਾ ਛੱਡਦੀ ਕਲ ਕਲ ਸੰਗੀਤ ਪੈਦਾ ਕਰਨ ਲੱਗੀ। ਆਪ ਲਾਗਲੀ ਕਿਆਰੀ ਵਿਚੋਂ ਭੂਕਾਂ ਵਾਲੇ ਗੰਢੇ ਪੁੱਟ ਲਿਆਇਆ ਤੇ ਗੰਧਾਲ਼ਾ ਲੈ ਕੇ ਬੰਬੀ ਦੇ ਬਾਹਰੋਂ ਨੁੱਕਰ ਪੁੱਟਣ ਲੱਗਾ। 
'ਵਾਰਿਸ ਸ਼ਾਹ ਲੁਕਾਈਏ ਜੱਗ ਕੋਲੋਂ ਭਾਵੇਂ ਅਪਣਾ ਹੀ ਗੁੜ ਖਾਈਏ ਜੀ...।' ਉਹ ਗੁਣਗੁਣਾਉਂਦਾ ਜਵਾਨੀ ਵਾਲੀਆਂ ਟਾਹਰਾਂ 'ਤੇ ਉੱਤਰ ਆਇਆ। 
ਸੰਤਰੇ ਦੇ ਛਿੱਲੜਾਂ 'ਚ ਕੱਢੀ ਚਿੱਟੀ ਨਿੱਤਰੀ ਹੋਈ ਦਾਰੂ ਦਾ ਇਕ ਅੱਧ ਹਾੜਾ ਹੀ ਮੈਨੂੰ ਅਸਮਾਨੀ ਲੈ ਉਡਿਆ। ਨਿੱਕੇ-ਨਿੱਕੇ ਵੀ ਆਏ ਤੇ ਵੱਡੇ-ਵੱਡੇ ਵੀ ਆਉਂਦੇ ਰਹੇ। ਇਕ ਹੁਸੀਨ ਸੁਪਨੇ ਵਾਂਗ ਸੱਤ-ਕੁਸੱਤ ਕਰਦੇ ਉਹ ਮੇਰੇ ਜਿਹਨ 'ਚੋਂ ਲੰਘਦੇ ਰਹੇ। ਅਮਰੀਕਾ ਦੇ ਸੁੱਕੇ ਖੁਸ਼ਕ ਮੇਵਿਆਂ ਵਾਲਾ ਲਿਫਾਫਾ ਕੱਢ ਕੇ ਮੈਂ ਪਰਨੇ ਤੇ ਢੇਰੀ ਕਰ ਦਿੱਤਾ। ਸਾਰਿਆਂ ਨੇ ਗੁਰੂ ਦੇ ਲੰਗਰ ਵਾਂਗ ਬੜੇ ਪ੍ਰੇਮ ਭਾਵ ਨਾਲ ਤਿਣਕਾ ਤਿਣਕਾ ਖਾ ਕੇ ਆਨੰਦ ਮਾਣਿਆਂ। ਪਿੰਡ ਦੇ ਤਖ਼ਤਪੋਸ਼ ਦੇ ਸਾਥੀ ਤੇ ਹੋਰ ਜਿਸ ਜਿਸ ਨੂੰ ਜਿਵੇਂ ਜਿਵੇਂ ਪਤਾ ਲੱਗਾ, ਕਾਲੇ ਜਾਦੂ ਕਿਸੇ ਗੈਬੀ ਸ਼ਕਤੀ ਵਾਲੇ ਬਾਬੇ ਵਾਂਗ ਮੇਰੇ ਉਦਾਲੇ ਇਕੱਠੇ ਹੁੰਦੇ ਰਹੇ। ਤਕੀਏ ਵਾਲੇ, ਸੱਥ ਵਾਲੇ, ਸਕੂਲ ਵਾਲੇ, ਭੱਠੀ ਵਾਲੇ, ਸਾਰੇ ਯਾਰ ਬੇਲੀ ਜਿਨ ਜਿਨ ਸੁਣਿਆਂ ਸਾਰੀ ਪਰ੍ਹੇ ਚਾਚੇ ਦੀ ਬੰਬੀ ਤੇ ਆਣ ਢੁੱਕੀ। 
ਤੀਰ ਕਮਾਨ ਵਾਂਗ ਕੁੱਬਾ ਹੋਇਆ ਲੱਕ ਡੰਗੋਰੀ ਖੜਕਾਉਂਦੀ ਮਾਤਾ ਜੱਸੋ ਆਉਂਦੀ ਵੇਖ ਕੇ ਹੱਸਦੀ ਫਿਜ਼ਾ ਤੇ ਸਰਾਪਿਆ ਜਿਹਾ ਮਾਤਮ ਛਾ ਗਿਆ। ਮੈਂ ਉੱਠ ਕੇ ਪੈਰੀਂ ਹੱਥ ਲਾਇਆ। ਉਹ ਮੇਰਾ ਸਿਰ ਫੜ੍ਹ ਬੈਠੀ ਹੈ। 
'ਸ਼ੁਕਰ ਐ ਮੇਰਾ ਪੁੱਤ ਆਇਆ ਕਿੰਨੇ ਚਿਰਾਂ ਬਾਦ। 
ਪੁੱਤ! ਵੇਖ ਲੈ ਉਹ ਵੀ ਦਿਨ ਸਨ, ਜਦ ਲੋਕ ਕਹਿੰਦੇ ਸਨ, ਇਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ।' ਮੇਰੇ ਵੱਲ ਇਸ਼ਾਰਾ ਕਰਦੀ ਮਾਤਾ ਜੱਸੋ ਕਹਿ ਕੇ ਚੁੱਪ ਜਿਹੀ ਕਰ ਗਈ, ਮਨ ਭਰ ਆਈ ਤੇ ਮੇਰਾ ਮਨ ਵੀ ਬੋਝਲ ਜਿਹਾ ਹੋ ਗਿਆ। 
'ਯਾਦ ਈ?... ਜਦ ਤੈਨੂੰ ਜਾਦੂ ਪਾਏ ਸਨ, ਟੂਣੇ ਕੀਤੇ ਸਨ, ਤਵੀਤ ਖੁਆਏ