ਪਰਦੇਸੀ ਮਾਹੀਆ (ਟੱਪੇ)
(ਕਵਿਤਾ)
ਫੁੱਲਾਂ ਦਾ ਗਜਰਾ ਏ !
ਮਾਹੀ ਪਰਦੇਸ ਗਿਆ ,
ਮੇਰਾ ਪਿਆਰ ਹਾਲੇ ਸੱਜਰਾ ਏ !
ਹਾਸੇ ਹੰਝੂਆਂ ਨੇ ਖਾ ਲਏ ਨੇ !
ਘਰ ਆਜਾ ਪਰਦੇਸੀਆ ,
ਰੋਗ ਹਿਜ਼ਰਾਂ ਦੇ ਲਾ ਲਏ ਨੇ !
ਤੈਨੂੰ ਰੱਬ ਕੋਲੋ ਮੰਗਿਆ ਏ !
ਤੁਰ ਪਰਦੇਸ ਗਿਓ ,
ਪਰਾਂਦਾ ਕੀਲੀ ਉੱਤੇ ਟੰਗਿਆਂ ਏ !
ਚੰਨ ਤਾਰੇ ਗੁਆਹ ਸਾਡੇ !
ਛੇਤੀ ਘਰ ਆਜਾ ਹਾਣੀਆ ,
ਹੁਣ ਕੋਈ ਨਾ ਵਿਸਾਹ ਸਾਡੇ !
ਦੀਵਾ ਆਸ ਵਾਲਾ ਬੁੱਝ ਗਿਆ ਏ !
ਚੰਨ ਪਰਦੇਸੀ ਹੋ ਗਿਆ ,
ਮਾਣ ਮਿੱਟੀ ਵਿੱਚ ਰੁਲ ਗਿਆ ਏ !
ਛੱਲਾ ਚੀਚੀ ਵਿੱਚ ਪਾਇਆ ਏ !
ਇੱਕ ਚੰਨਾਂ ਤੂੰ ਆਪਣਾ ,
ਜੱਗ ਸਾਰਾ ਪਰਾਇਆ ਏ !
ਉੱਡ ਕਾਲਿਆਂ ਕਾਵਾਂ ਵੇ !
ਆਖੀਂ ਪਰਦੇਸੀ ਨੂੰ ,
ਨਿੱਤ ਔਂਸੀਆਂ ਪਾਵਾਂ ਵੇ !
ਰੌਂਦੇ ਘੁੱਗੂ ਘੌੜੇ ਨੇ !
ਸ਼ੀਸ਼ੇ ਵਾਂਗੂੰ ਦਿਲ ਟੁੱਟਿਆ ,
ਲੇਖ ਹੰਝੂਆਂ ਨਾ ਜੋੜੇ ਨੇ !
ਰੰਗ ਭੂਰਾ ਖੇਸੀ ਦਾ !
ਉਡੀਕਾਂ ਵਿੱਚ ਰਾਤ ਲੰਘਦੀ ,
ਰਾਹ ਤੱਕਾਂ ਪਰਦੇਸੀ ਦਾ !
ਦਿਲ ਪਿਆਰ ਵਿੱਚ ਰੰਗਿਆ ਏ !
ਲੋਕਾਂ ਭਾਣੇ ਮਾਹੀਆ ਲਿਖਿਆ ,
ਸਾਨੂੰ ਇਸ਼ਕ ਨੇ ਡੰਗਿਆ ਏ !