ਕੁਦਰਤ ਵੱਲੋਂ ਮਿਲੀ ਪਹਿਲੀ ਪੁੱਤਰ ਸੰਤਾਨ ਨੂੰ 'ਮੀਤੋ' ਇੱਕ ਪਲ ਵੀ ਨਜ਼ਰਾਂ ਤੋਂ ਦੂਰ ਨਾ ਕਰਦੀ ਹੋਈ ਉੱਕਾ ਹੀ ਵਿਸਾਹ ਨਹੀਂ ਸੀ ਖਾਂਦੀ। ਬਾਕੀ ਤਾਂ ਸਾਰੇ ਪ੍ਰੀਵਾਰ ਵਾਲੇ ਪੁੱਤਰ ਦਾ ਪੂਰਾ ਨਾਂਅ 'ਜਗਤਪ੍ਰੀਤ' ਲੈ ਕੇ ਪੁਕਾਰਦੇ, ਪ੍ਰੰਤੂ ਮੀਤੋ ਨੇ ਪੂਰਾ ਨਾਂਅ ਵੀ, ਤੇ ਇੱਕ ਛੋਟਾ ਤੇ ਲਾਡ-ਪਿਆਰ ਦਾ ਨਾਂਅ 'ਜੱਗੂ' ਵੀ ਰੱਖਿਆ ਹੋਇਆ ਸੀ। ਜੱਗੂ ਦੇ ਹੱਥਾਂ-ਪੈਰਾਂ ਨੂੰ ਭੋਰਾ ਵੀ ਮਿੱਟੀ-ਘੱਟਾ ਨਾ ਲੱਗਣ ਦਿੰਦੀ, ਨਜ਼ਰ ਲੱਗਣ ਤੋਂ ਉਸਦੇ ਕੰਨ ਪਿੱਛੇ ਇੱਕ ਕਾਲੇ ਸੁਰਮੇਂ ਦਾ ਟਿੱਕਾ ਲਗਾਉਣਾ ਵੀ ਮਨ ਚੋਂ ਕਦੇ ਵੀ ਨਹੀਂ ਸੀ ਭੁਲਾਉਂਦੀ।
ਹੁਣ ਜੱਗੂ ਭਾਵੇਂ ਸਾਢੇ ਕੁ ਤਿੰਨ ਸਾਲ ਦੇ ਕਰੀਬ ਦਾ ਹੋ ਗਿਆ ਸੀ ਪ੍ਰੰਤੂ ਮੀਤੋ ਅਜੇ ਵੀ ਕੁੱਛੜੋਂ ਨਹੀਂ ਸੀ ਉਤਾਰਦੀ, ਜਦੋਂ ਕਦੇ ਉਹ ਕਿਸੇ ਗੱਲੋਂ ਹਿੰਢ ਕਰਦਾ ਰੋਂਦਾ ਸੀ ਤਾਂ ਮੀਤੋ ਉਸਨੂੰ ਕੁੱਛੜ ਚੁੱਕ, ਕੋਠੇ ਤੇ ਚੜ ਜਾਂਦੀ ਤੇ ਲੋਰੀਆ ਦੇ-ਦੇ ਆਖਿਆ ਕਰਦੀ ਹੁੰਦੀ ਸੀ।
'ਸੁਣ-ਸੁਣ ਵੇ ਕਾਲਿਆ ਕਾਵਾਂ, ਤੇਰੇ ਪੈਰੀਂ ਮੌਜੇ ਪਾਵਾਂ, ਤੇਰੀ ਸੋਨੇ ਚੁੰਝ ਮੜਾਵਾਂ, ਕੁੱਟ ਘਿਉ ਦੀ ਚੂਰੀ ਖਿਲਾਵਾਂ, ਜੇ ਮੇਰੀ ਮੰਮੀ ਆਉਂਦੀ ਹੋਵੇ, ਜੇ ਜੱਗੂ ਦੀ ਨਾਨੀ ਆਉਂਦੀ ਹੋਵੇ…, ਮੇਰੀ ਮਾਂ ਦਾ ਦਰਸ ਕਰਾਦੇ, ਸਾਡੇ ਠੰਢ ਕਲੇਜੇ ਪਾ ਦੇ ਆਦਿ। ਮਾਂ ਦੇ ਏਦਾਂ ਆਖਦਿਆਂ-ਆਖਦਿਆਂ ਜੱਗੂ ਕਦੇ ਤਾਂ ਚੁੱਪ ਕਰ ਜਾਂਦਾ ਸੀ ਤੇ ਕਦੇ ਗੂੜੀ ਨੀਂਦਰ ਸੌਂ ਜਾਂਦਾ ਸੀ।
ਇੱਕ ਦਿਨ ਮੀਤੋ, ਜੱਗੂ ਨੂੰ ਘਰ ਛੱਡ ਗਵਾਂਢੀਆਂ ਦੇ ਨਾਲ ਕਿਸੇ ਰਿਸ਼ਤੇਦਾਰੀ 'ਚ ਭੋਗ ਤੇ ਜਦੋਂ ਗਈ ਸੀ। ਤਾਂ ਵਾਪਸ ਪਰਤਿਆ, ਉਨ੍ਹਾਂ ਦਾ ਵਹੀਕਲ ਰਸਤੇ 'ਚ ਹਾਦਸਾ ਗ੍ਰਸਤ ਹੋ ਗਿਆ। ਜਿਸ ਦੌਰਾਨ ਕਾਫੀ ਔਰਤਾਂ ਦੇ ਚੋਟਾਂ ਲੱਗੀਆਂ, ਜਿੰਨ੍ਹਾਂ ਚੋਂ ਮੀਤੋ ਅੰਦਰੂਨੀ ਸੱਟ ਕਾਰਨ ਮੌਕੇ ਤੇ ਹੀ ਸਦਾ-ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਮੀਤੋ ਦੇ ਅੰਤਿਮ ਸਸਕਾਰ ਦੀਆਂ ਸਭ ਰਸਮਾਂ ਸਮੇਂ ਜੱਗੂ ਨੂੰ ਪਾਸੇ ਰੱਖਿਆ ਗਿਆ ਸੀ ਤੇ ਉਸਨੂੰ ਫੋਕਾ ਧਰਵਾਸਾ ਦਿੱਤਾ ਗਿਆ ਕਿ ਤੇਰੀ ਮੰਮੀ ਨਾਨਕੇ ਗਈ ਹੋਈ ਐ।
ਤੀਸਰੇ ਦਿਨ ਮੀਤੋ ਦੇ ਫੁੱਲ ਚੁਗੇ ਜਾਣੇ ਸਨ, ਘਰ ਦੇ ਵਿਹੜੇ 'ਚ ਸੱਥਰ ਵਿਛਿਆ ਹੋਇਆ ਸੀ। ਭਾਰੀ ਇਕੱਠ ਨੂੰ ਦੇਖ ਜੱਗੂ ਸਹਿਮਿਆ-ਸਹਿਮਿਆ ਚੁੱਪਚਾਪ ਮੂੰਹ ਲਟਕਾਈ ਪਹਿਲਾਂ ਤਾਂ ਵਿਹੜੇ 'ਚ ਫਿਰਦਾ ਰਿਹਾ। ਉਪਰੰਤ ਉਸਦੀਆਂ ਅੱਖੋਂ ਚੋਂ ਹੰਝੂ ਛਲਣ ਲੱਗੇ ਤੇ ਰਗਾਂ 'ਚ ਖੂਨ ਸੁੱਕਣ ਲੱਗਾ। ਤਦ ਉਹ ਹੌਲੀ ਕੁ ਦੇਣੇ ਸਾਰਿਆਂ ਤੋਂ ਅੱਖ ਜਿਹੀ ਬਚਾ ਕੇ ਪੱਕੀਆਂ ਪੌੜੀਆਂ ਰਾਹੀਂ ਕੋਠੇ ਤੇ ਚੜ ਗਿਆ। ਜਿੱਥੇ ਉਸ ਨੇ ਵਿਹੜੇ 'ਚ ਬੈਠੀਆਂ ਔਰਤਾਂ ਚੋਂ ਮੀਤੋ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀ ।ਪ੍ਰੰਤੂ ਕੋਠੇ ਦਾ ਜੰਗਲਾ ਉੱਚਾ ਹੋਣ ਕਾਰਨ ਉਸਨੇ ਕੋਠੇ ਤੇ ਪਏ ਕੰਡਿਆਲੀ ਥੋਹਰ ਵਾਲੇ ਗਮਲੇ ਨੂੰ ਹੱਥਾਂ ਨਾਲ ਖਿੱਚ ਕੇ ਜੰਗਲੇ ਦੇ ਨੇੜੇ ਕੀਤਾ। ਫਿਰ ਉਹ ਗਮਲੇ ਉਪਰ ਖੜ ਜੰਗਲੇ ਦੇ ਬਰਾਬਰ ਦਾ ਤਾਂ ਹੋ ਗਿਆ ਸੀ। ਪ੍ਰੰਤੂ ਉਸ ਸਮੇਂ ਉਸਦੇ ਨੰਗੇ ਹੱਥਾਂ-ਪੈਰਾਂ 'ਚ ਅਨੇਕਾਂ ਹੀ ਥੋਹਰ ਦੇ ਤਿੱਖੇ ਕੰਡੇ ਵੀ ਪ੍ਰੋਏ ਗਏ। ਫੇਰ ਉਸਨੇ ਵਿਹੜੇ 'ਚ ਸੱਥਰ ਤੇ ਬੈਠੀਆਂ ਔਰਤਾਂ ਚੋਂ 'ਮੀਤੋ' ਮਾਂ ਦੇ ਚਿਹਰੇ ਨੂੰ ਜਦੋਂ ਟੋਲਿਆ, ਤਾਂ ਮਾਂ ਕਿਧਰੇ ਵੀ ਨਜ਼ਰ ਨਾ ਆਈ, ਤੇ ਫੇਰ ਜੱਗੂ, ਮੀਤੋ ਵਾਂਗਰ ਲੱਗ ਪਿਆ ਕਾਂ ਨੂੰ ਬੁਲਾਵਾ ਦੇਣ…
'ਸੁਣ-ਸੁਣ ਵੇ ਕਾਲਿਆ ਕਾਵਾਂ, ਤੇਰੇ ਪੈਰੀਂ ਮੌਜੇ ਪਾਵਾਂ, ਤੇਰੀ ਸੋਨੇ ਚੁੰਝ ਮੜਾਵਾਂ, ਕੁੱਟ ਘਿਓ ਦੀ ਚੂਰੀ ਖਿਲਾਵਾਂ, ਮੇਰੀ ਮਾਂ ਦਾ ਦਰਸ ਕਰਾਦੇ, ਸਾਡੇ ਠੰਢ ਕਲੇਜੇ ਪਾ ਦੇ…
ਜਦੋਂ ਉਹਨੇ ਦੋ-ਚਾਰ ਵਾਰ ਇੰਝ ਕਿਹਾ, ਤਾਂ ਸੱਥਰ ਤੇ ਬੈਠੀ ਇੱਕ ਔਰਤ ਦੇ ਬੋਲ ਕੰਨੀਂ ਪਏ, ਬੂਹ… ਨੀਂ, ਮੈਂ ਮਰ ਜਾਵਾਂ, ਮੁੰਡਾ ਕੋਠੇ ਤੇ……
ਤਿੰਨ-ਚਾਰ ਜਾਣੀਆਂ, ਭੱਜ ਕੋਠੇ ਤੇ ਚੜ ਗਈਆਂ, ਉਨ੍ਹਾਂ ਬੜੀ ਮੁਸ਼ਕਲ ਨਾਲ ਕੰਡਿਆਲੀ ਥੋਹਰ ਵਿੱਚ ਫਸੇ ਜੱਗੂ ਨੂੰ ਕੱਢਿਆ, ੧੦-੧੫ ਔਰਤਾਂ ਨੇ ਤਿੱਖੀਆਂ ਸੂਈਆਂ ਚੁੱਕ ਜੱਗੂ ਦੇ ਹੱਥਾਂ-ਪੈਰਾਂ 'ਚ ਤਿੱਖੇ ਸੇਲਿਆਂ ਵਾਂਗ ਚੁਭੇ ਕੰਡੇ ਕੱਢਣੇ ਸ਼ੁਰੂ ਕਰ ਦਿੱਤੇ। ਹੱਥਾਂ-ਪੈਰਾਂ 'ਚ ਵੱਜਦੀਆਂ ਸੂਈਆਂ ਸਮੇਂ ਜੱਗੂ ਦੇ ਮੂੰਹੋਂ ਜ਼ਰਾ ਵੀ ਸੀਅ… ਨਹੀੰ ਸੀ ਨਿਕਲੀ, ਇਸ ਮੌਕੇ ਔਰਤਾਂ ਤਾਂ ਕੰਡੇ ਕੱਢਣ 'ਚ ਰੁੱਝੀਆਂ ਹੋਈਆਂ ਸਨ ਪ੍ਰੰਤੂ ਅੱਖਾਂ ਮੀਟੀ ਪਏ ਜੱਗੂ ਦੇ ਹਿਲਦੇ ਬੁੱਲ੍ਹ ਅਜੇ ਵੀ ਪੁਕਾਰ ਰਹੇ ਸਨ। 'ਸੁਣ-ਸੁਣ ਵੇ ਕਾਲਿਆ ਕਾਵਾਂ……'। ਸਾਰੇ ਕੰਡੇ ਕੱਢਣ ਉਪਰੰਤ ਔਰਤਾਂ ਵੱਲੋਂ ਉਸਨੂੰ ਪੁੱਛਿਆ ਗਿਆ, ਪੁੱਤ ਤੇਰੇ ਹੁਣ ਕਿੱਥੇ ਪੀੜ੍ਹ ਹੁੰਦੀ ਐ, ਜੱਗੂ ਨੇ ਜਿਉਂ ਹੀ ਇਸ਼ਾਰੇ ਨਾਲ ਕਲੇਜੇ ਤੇ ਹੱਥ ਲਾ ਕੇ ਦੱਸਿਆ, ਤਾਂ ਦੋ-ਤਿੰਨ ਜਾਣੀਆਂ ਉਸਦੇ ਕਲੇਜੇ ਨੂੰ ਟੋਹਣ ਉਪਰੰਤ ਇਕੱਠੀਆਂ ਹੀ ਬੋਲ ਪਈਆਂ, ਭਾਈ ਜਲਦੀ-ਜਲਦੀ ਕਿਸੇ ਡਾਕਟਰ ਨੂੰ ਫੋਨ ਕਰੋ, ਇਹਦੇ ਕਲੇਜੇ 'ਚ ਕੰਡਾ ਉਪਰੋਂ ਤਾਂ ਨਜ਼ਰ ਨਹੀਂ ਆਉਂਦਾ, ਕਿਤੇ ਡੂੰਘਾ ਨਾ ਚਲਾ ਗਿਆ ਹੋਵੇ।
ਕੁੜੇ ਭੈਣੋਂ, ਲਿਆਉ ਮੈਨੂੰ ਫੜਾਵੋ, ਜੁਆਕ ਨੂੰ…, ਡਾਕਟਰ ਦੀ ਕਿਸੇ ਦਵਾਈ-ਬੂਟੀ ਦੀ ਕੋਈ ਲੋੜ ਨਹੀਂ ਹੈ, ਇਹਦੇ ਕੰਡਾ ਨਹੀਂ, ਇਹਦੇ ਤਾਂ ਕਲੇਜੇ 'ਚ ਹਿਜਰ ਦੇ ਭਾਂਬੜ ਬਲਦੇ ਨੇ, ਵਿਚਾਰੇ ਦੇ ਉਮਰ ਭਰ ਦਾ ਸੱਲ ਖੜਾ ਹੋ ਗਿਆ ਏ। ਜਿਉਂ ਹੀ ਜੱਗੂ ਦੇ ਕੰਨੀਂ ਨਾਨੀ ਦੇ ਬੋਲ ਪਏ ਤਾਂ, ਉਹ " ਨਾਨੀ ਮਾਂ, ਨਾਨੀ ਮਾਂ…ਮੰਮੀ ਕਿੱਥੇ ਐ…?", ਆਖ ਡਡਿਆ ਕੇ ਉਸਦੇ ਗਲ ਨੂੰ ਚਿੰਬੜ ਗਿਆ।