ਜਿਸ ਰੁੱਤੇ ਤੂੰ ਨਹੀਂ ਆਇਆ
ਉਹ ਰੁੱਤ ਨਿਰੀ ਸੜਜਾਣੀ ।
ਜਿਸ ਰੁੱਤ ਮੇਰੇ ਚਾਹ ਨੇ ਮਾਰੇ
ਖੁਦ ਵੀ ਹੈ ਮਰਜਾਣੀ ।
ਲੋਗ ਕਹਿੰਦੇ ਮੈਨੂੰ ਕੰਤ ਵਿਹੂਣੀ
ਗੱਲਾਂ ਘਰ ਘਰ ਕਰਦੇ ,
ਭੋਲੇਪਣ ਵਿੱਚ ਕੰਤ ਰੁੱਸਿਆ ...
ਨਿਕਲੀ ਬੜੀ ਨਿਆਣੀ ।
ਕੋੱਠੇ ਚੜ ਕੇ ਨਜ਼ਰ ਦੌੜਾਵਾਂ
ਖਾਲੀ ਰਾਹ ਪਈ ਦੇਖਾਂ ,
ਬੰਨੇ ਉਤੇ ਚੂਰੀ ਰੱਖਾਂ
ਕਿਸੇ ਕਾਂ ਨਹੀਂ ਖਾਣੀ ।
ਦਿਨ ਵੀ ਲਗਦੇ ਛੋਟੇ ਛੋਟੇ
ਸੂਰਜ ਝੱਟ ਡੂਬ ਜਾਵੇ ,
ਦਿੰਨ ਢਲਦੇ ਨੂੰ ਕਿਹੜਾ ਰੋਕੇ
ਜ਼ਿੰਦਗੀ ਵਹਿੰਦਾ ਪਾਣੀ ।
ਵਿੱਚ ਬਾਰੁਹੀਂ ਦੀਵਾ ਬਾਲਾਂ
ਰਖ ਦਰਵਾਜ਼ਾ ਖੁੱਲਾ ,
ਕਿੰਝ ਸਮਝੇਂ ਗਾ ਰਾਤ ਜਾਗ ਕੇ
ਰੂਹ ਦੀ ਗਰਜ਼ ਪਛਾਣੀ ।
ਦਿਨ ਢਲਣ ਤੋਂ ਪਹਿਲੇ ਆਵੀਂ
ਜਿਸ ਦਿਨ ਵੀ ਤੂੰ ਆਉਣਾ ,
ਲੋਏ ਲੋਏ ਗਲਵਕੜੀ ਪਾਵਾਂ
ਬਾਕੀ ਤੂੰ ਹੀ ਜਾਣੀਂ ॥