"ਜਗਮਗਾਤੀ ਹੈ, ਅਕਲ ਕੀ ਦੁਨੀਆ,
ਜਬ ਇਲਮ ਕਾ, ਚਰਾਗ਼ ਜਲਤਾ ਹੈ ।"
ਗਿਆਨੀ ਦਿੱਤ ਸਿੰਘ ਵਰਗੇ ਇਨਸਾਨ ਕਦੇ-ਕਦਾਏ ਹੀ ਧਰਤੀ ਨੂੰ ਭਾਗ ਲਾਉਣ ਲਈ ਆਉਂਦੇ ਹਨ । ਉਹ ਪੰਜਾਬੀ ਦੇ ਪ੍ਰੋਫੈਸਰ ਹੋਣ ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਲਿਖਾਰੀ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਿੰਘ ਸਭਾਵਾਂ ਦੇ ਸਿਰਜਣਹਾਰ, ਸਮਾਜ ਸੁਧਾਰਕ, ਇਤਿਹਾਸਕਾਰ, ਗੁਰਮਤਿ ਦੇ ਟੀਕਾਕਾਰ, ਵਿਆਖਿਆਕਾਰ ਅਤੇ ਉੱਚ-ਕੋਟੀ ਦੇ ਬੁਲਾਰੇ, ਜੋ ਘੰਟਿਆਂ-ਬੱਧੀ ਆਪਣੇ ਭਾਸ਼ਣ ਨਾਲ ਲੋਕਾਂ ਨੂੰ ਕੀਲ ਲੈਂਦੇ ਸਨ । ਦਰਅਸਲ, ਉਨ੍ਹਾਂ ਨੇ ਸਿੱਖੀ ਦੀ ਪੁਨਰ ਜਾਗ੍ਰਤੀ ਦਾ ਮੁੱਢ ਬੰਨ੍ਹਿਆ ।
ਗਰੀਬ ਤੇ ਰਵਿਦਾਸੀਆ ਘਰਾਣੇ ਵਿੱਚ ੨੧ ਅਪ੍ਰੈਲ, ੧੮੫੨ ਨੂੰ ਨਾਨਕੇ ਪਿੰਡ ਕਲੌੜ ਵਿਖੇ ਜਨਮਿਆਂ ਮੁੰਡਾ 'ਦਿੱਤਾ' ਆਪਣੀ ਵਿਦਵਤਾ ਦਾ ਚਾਨਣ ਫੈਲਾਉਣ ਵਾਲਾ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਬਣ ਗਿਆ । ਮਾਪਿਆਂ ਨੂੰ ਸ਼ਾਦੀ ਤੋਂ ਕਈ ਸਾਲ ਪਿਛੋਂ ਪ੍ਰਮਾਤਮਾ ਨੇ ਇਹ ਅਨਮੋਲ ਤੋਹਫ਼ਾ ਦਿੱਤਾ ਸੀ, ਇਸ ਕਰਕੇ ਬੱਚੇ ਦਾ ਨਾਂ, 'ਦਿੱਤਾ ਰਾਮ' ਰੱਖ ਦਿੱਤਾ । ਪਹਿਲਾ ਇਹ ਪਿੰਡ ਰਿਆਸਤ ਪਟਿਆਲਾ ਵਿੱਚ ਸੀ, ਪਰ ਅੱਜ ਕੱਲ੍ਹ ਜ਼ਿਲਾ ਫ਼ਤਹਿਗੜ੍ਹ ਸਾਹਿਬ ਵਿੱਚ ਹੈ । ਆਪ ਦੇ ਪਿਤਾ ਜੀ ਦਾ ਨਾਂਅ ਭਾਈ ਦੀਵਾਨ ਸਿੰਘ, ਜਿਸ ਨੂੰ ਲੋਕ 'ਬਾਬਾ ਦੀਵਾਨਾ' ਕਹਿ ਕੇ ਬਲਾਉਂਦੇ ਅਤੇ ਮਾਤਾ ਜੀ ਸ੍ਰੀਮਤੀ ਬਿਸ਼ਨ ਕੌਰ ਸੀ ।
ਉਘੇ ਵਿਦਵਾਨ ਪ੍ਰੋ: ਗੁਰਬਖਸ਼ ਸਿੰਘ ਤੋਂ ਵਿੱਦਿਆ ਹਾਸਿਲ ਕਰ ਕੇ ਆਪ ਨੇ ਬਚਪਨ ਵਿੱਚ ਹੀ ਐਨੀ ਜ਼ਿਆਦਾ ਮੁਹਾਰਤ ਹਾਸਲ ਕਰ ਲਈ ਸੀ ਕਿ ਨੇੜਲੇ ਪਿੰਡਾਂ ਦੇ ਲੋਕ ਇਸ ਛੋਟੇ ਜਿਹੇ ਵਿਦਵਾਨ ਦਿੱਤ ਰਾਮ ਦੀ ਪੂਜਾ ਕਰਨ ਲੱਗ ਪਏ ਸਨ । ਪ੍ਰੋ: ਗੁਰਬਖਸ਼ ਸਿੰਘ ਦੀ ਛੱਤਰ-ਛਾਇਆ ਹੇਠ ਅੰਮ੍ਰਿਤ ਛੱਕ ਕੇ ਆਪ ਸਿੰਘ ਸਜ ਗਏ । ਗੁਲਾਬਦਾਸੀਆਂ ਦੇ ਡੇਰੇ ਵਿੱਚ ਹੀ ਆਪ ਨੇ 'ਅਬਲਾ ਨਿੰਦ' ਪੁਸਤਕ ਲਿਖੀ । ਕੁਝ ਕਾਰਨਾਂ ਕਰਕੇ ਆਪ ਨੇ ਡੇਰਾ ਤਿਆਗ ਦਿੱਤਾ । ਸੰਨ ੧੮੭੨ ਵਿੱਚ, ਆਪ ਦਾ ਵਿਆਹ ਸੰਤ ਭਾਗ ਸਿੰਘ ਦੀ ਸਪੁੱਤਰੀ ਬੀਬੀ ਬਿਸ਼ਨ ਦੇਈ ਨਾਲ ਹੋਇਆ ।
ਸਿੱਖੀ ਵਿਚ ਨਵੀਨ ਜਾਗ੍ਰਿਤੀ ਦੀ ਰੂਹ ਭਰ ਕੇ ਕੌਮ ਨੂੰ ਮੁੜ ਆਪਣੇ ਪੈਰਾਂ ਉੱਤੇ ਖੜਾ ਹੋਣ ਅਤੇ ਇੱਕ ਵੱਖਰੀ ਤੇ ਸੁਤੰਤਰ ਕੌਮ ਦੀ ਰੂਪ-ਰੇਖਾ ਤਿਆਰ ਕਰਨ ਵਿਚ ਗਿਆਨੀ ਦਿੱਤ ਸਿੰਘ ਨੇ ਭਰਪੂਰ ਯੋਗਦਾਨ ਪਾਇਆ। ਆਪ ਨੇ ੪੦ ਤੋਂ ਵੱਧ ਪੁਸਤਕਾਂ ਲਿਖੀਆਂ; ਇਨ੍ਹਾਂ ਵਿਚੋਂ ਕੁਝ ਇਹ ਹਨ: ਸਿੱਖ ਗੁਰੂ ਸਾਹਿਬਾਂ ਦੇ ਜੀਵਨ-ਚਰਿਤ੍ਰ, ਨਕਲੀ ਸਿੱਖ ਪ੍ਰਬੋਧ, ਦੁਰਗਾ ਪ੍ਰਬੋਧ, ਗੁਰਮਤਿ ਆਰਤੀ ਪ੍ਰਬੋਧ, ਗੁੱਗਾ ਗਪੌੜਾ, ਮੇਰਾ ਤੇ ਸਾਧੂ ਦਯਾ ਨੰਦ ਜੀ ਦਾ ਸੰਵਾਦ, ਆਦਿ। ਉਹ ਪੰਜਾਬੀ ਨਾਟਕਾਂ ਦੇ ਮੋਢੀਆਂ ਵਿੱਚ ਗਿਣੇ ਜਾਂਦੇ ਹਨ । ਇਸ ਤੋਂ ਇਲਾਵਾ ਆਪ ਨੇ ਸੈਂਕੜੇ ਹੀ ਟ੍ਰੈਕਟ ਲਿਖੇ । ਗਿਆਨੀ ਜੀ ਨੇ ਤਾਂ ੨੦-੨੨ ਸਾਲ ਦੀ ਉਮਰ ਵਿੱਚ ਹੀ ਕਿੱਸਾ ਸੀਰੀ-ਫਰਿਹਾਦ ਲਿਖ ਮਾਰਿਆ ਸੀ। ਪਰ, ਅਫ਼ਸੋਸ ਇਸ ਗੱਲ ਹੈ ਕਿ ਇਹੋ ਜਿਹੀ ਮਹਾਨ ਹਸਤੀ ਬਾਰੇ ਯੂਨੀਵਰਸਿਟੀਆਂ ਅਤੇ ਹੋਰ ਅਦਾਰੇ, ਖਾਸ ਕਰਕੇ ਸਿੱਖ ਸੰਗਤਾਂ ਤੇ ਜ਼ਿੰਮੇਵਾਰ ਵਿਅਕਤੀ, ਬਹੁਤ ਘੱਟ ਜਾਣਦੇ ਹਨ ।
ਸੰਨ ੧੮੭੨ ਵਿੱਚ, ਸਰਦਾਰ ਦਿੱਤ ਸਿੰਘ ਲਾਹੌਰ ਆ ਗਏ। ---ਤੇ ਸੰਨ ੧੮੭੩ ਵਿੱਚ, ਉਹ ਸਿੱਖ ਧਰਮ ਦੇ ਪ੍ਰਚਾਰ ਲਈ, ਜੋ ਲਹਿਰ ਸ. ਠਾਕਰ ਸਿੰਘ ਸੰਧਾਵਾਲੀਆਂ ਅਤੇ ਗਿਆਨੀ ਗਿਆਨ ਸਿੰਘ ਨੇ ਹੋਰ ਸਾਥੀਆਂ ਨਾਲ ਮਿਲ ਕੇ ਚਲਾਈ ਸੀ ਦੇ ਸਰਗਰਮ ਮੈਂਬਰ ਬਣ ਗਏ। ਬਾਅਦ ਵਿੱਚ ਇਸ ਦਾ ਨਾਂਅ 'ਸਿੰਘ ਸਭਾ' ਲਹਿਰ ਰੱਖਿਆ ਗਿਆ ਤਾਂ ਉਹ ਮੋਢੀ ਮੈਂਬਰਾਂ ਵਿਚੋਂ ਇੱਕ ਸਨ ।
ਸੰਨ ੧੮੮੨ ਵਿੱਚ, ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਨੀਂਹ ਰੱਖੀ ਅਤੇ ਸੰਨ ੧੮੮੬ ਵਿੱਚ, 'ਗਿਆਨੀ' ਦੀ ਪ੍ਰੀਖਿਆ ਸ਼ੁਰੂ ਕੀਤੀ ਗਈ । ਸਰਦਾਰ ਦਿੱਤ ਸਿੰਘ ਅੰਦਰ ਵਿਦਿਅਕ ਭੁੱਖ ਲੋੜ੍ਹੇ ਦੀ ਸੀ । 'ਗਿਆਨੀ' ਦੇ ਵਿਦਿਆਰਥੀ ਵਜੋਂ ਉਹ ਪਹਿਲੇ ਦਰਜੇ ਵਿੱਚ ਪਾਸ ਹੋਏ ਅਤੇ ਗਿਆਨੀ ਪਾਸ ਕਰਨ ਵਾਲੇ ਪਹਿਲੇ ਵਿਦਿਆਰਥੀ ਬਣ ਗਏ । ਹੁਣ ਉਨ੍ਹਾਂ ਦੇ ਨਾਂ ਨਾਲ, 'ਗਿਆਨੀ' ਸ਼ਬਦ ਜੁੜਨ ਕਰਕੇ 'ਗਿਆਨੀ ਦਿੱਤ ਸਿੰਘ' ਬਣ ਗਏ ।
ਗਿਆਨੀ ਦਿੱਤ ਸਿੰਘ ਨੇ 'ਖ਼ਾਲਸਾ' ਅਖ਼ਬਾਰ ਦੇ ਸੰਪਾਦਕ ਵਜੋਂ ਕੰਮ ਕਰਦਿਆਂ ਅਨੇਕਾਂ ਪ੍ਰਕਾਰ ਦੇ ਮਸਲਿਆਂ 'ਤੇ ਸੰਪਾਦਕੀ ਲਿਖੇ ਜਿਵੇਂ ਗੁਰੂ ਘਰ ਦੇ ਪ੍ਰਸੰਗ, ਸ਼ਹੀਦੀਆਂ, ਭਰਮ-ਨਾਸ਼ਕ ਕਵਿਤਾਵਾਂ ਅਤੇ ਸਿੱਖਾਂ 'ਤੇ ਚਾਰਾਂ ਪਾਸਿਆਂ ਤੋਂ ਹੋ ਰਹੇ ਹਮਲਿਆਂ ਨੂੰ ਠੱਲ੍ਹਣ ਦਾ ਕੰਮ ਵੀ ਕੀਤਾ ।
ਸਮੇਂ ਦੀ ਮੁੱਖ ਲੋੜ ਸੀ ਕਿ ਸਿੱਖ ਆਪਣਾ ਅਸਲੀ ਵਿਰਸਾ ਸੰਭਾਲਣ, ਜੋ ਗੁਰਬਾਣੀ ਨੂੰ ਆਧਾਰ ਬਣਾ ਕੇ ਸਮਝਿਆ ਜਾ ਸਕਦਾ ਹੈ । ਓਦੋਂ ਵੀ ਸਿੱਖਾਂ ਵਿੱਚ ਦੇਹ-ਧਾਰੀ ਗੁਰੂ ਮੰਨਣ ਦੇ ਅੰਧ-ਵਿਸ਼ਵਾਸ਼ ਭਾਰੂ ਸਨ । ਉਹ ਤਾਂ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝਣ ਦੀ ਥਾਂ ਨਕਲੀ ਗੁਰੂਆਂ ਦੇ ਕੱਚੇ ਵਾਕਾਂ ਅਤੇ ਉਪਦੇਸ਼ਾਂ ਨੂੰ ਉੱਤਮ ਮੰਨਦੇ ਸਨ । ਸੋ, ਗਿਆਨੀ ਦਿੱਤ ਸਿੰਘ ਨੂੰ ਸਿੱਖ ਸਮਾਜ ਦੇ ਗੱਦੀਆਂ ਜਮਾਈਂ ਬੈਠੇ ਲੋਕਾਂ ਵਿਰੁੱਧ ਸਖ਼ਤ ਸੰਘਰਸ਼ ਕਰਨਾ ਪਿਆ ।
ਗਿਆਨੀ ਜੀ ਨੇ ਕਈ ਲੇਖ ਔਰਤਾਂ ਬਾਰੇ ਵੀ ਲਿਖੇ ਸਨ ਜਿਵੇਂ, 'ਸਾਡੀਆਂ ਸਿੰਘਣੀਆਂ ਦੀ ਉੱਨਤੀ'। ਇਸ ਲੇਖ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਜਿਸ ਕੌਮ ਦੀਆਂ ਔਰਤਾਂ ਧਰਮ ਪ੍ਰਤੀ ਦ੍ਰਿੜ ਅਤੇ ਸ਼ਿਸ਼ਟਾਚਾਰ ਰੱਖਦੀਆਂ ਹੋਣ ਉਸ ਕੌਮ ਦੇ ਹੋਣਹਾਰ ਬੱਚੇ ਵੀ ਛੋਟੀ ਉਮਰ ਤੋਂ ਹੀ ਧਰਮ ਦੇ ਨਿਸ਼ਚੇ ਵਾਲੇ ਹੁੰਦੇ ਹਨ, ਪਰ ਜਿਹੜੀ ਕੌਮ ਦੀਆਂ ਔਰਤਾਂ ਧਰਮ-ਕਰਮ ਵਿੱਚ ਵਿਸ਼ਵਾਸ ਨਾ ਰੱਖਦੀਆਂ ਹੋਣ, ਉਹ ਕੌਮਾਂ ਤਬਾਹ ਹੋ ਜਾਂਦੀਆਂ ਹਨ ।
ਜਦੋਂ ਗਿਆਨੀ ਦਿੱਤ ਸਿੰਘ ਨੇ 'ਗਿਆਨ ਚਰਚਾ' ਵਿੱਚ ਸਾਧੂ ਦਯਾ ਨੰਦ ਨੂੰ ਤਿੰਨ ਵਾਰ ਮਾਤ ਦਿੱਤੀ ਤਾਂ ਉਸ ਵੇਲੇ ਆਪ ਦੀ ਪ੍ਰਤਿਭਾ ਸ਼ਿਖਰ 'ਤੇ ਪਹੁੰਚ ਗਈ ਸੀ । ਇਹਦੇ ਵਿੱਚ ਜ਼ਰਾ ਵੀ ਸ਼ੱਕ ਨਹੀਂ ਕਿ ਗਿਆਨੀ ਜੀ ਇੱਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹੀ ਨਹੀਂ, ਬਲਕਿ ਸਿੱਖੀ ਦੇ ਚਾਨਣ-ਮੁਨਾਰਾ ਸਨ।
ਗਿਆਨੀ ਦਿੱਤ ਸਿੰਘ ਜੀ, ਜਿਗਰ ਦੀ ਬੀਮਾਰੀ ਕਾਰਨ, ੬ ਸਤੰਬਰ, ੧੯੦੧ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ । ਇਹ ਖ਼ਬਰ 'ਜੰਗਲ ਦੀ ਅੱਗ' ਵਾਂਗ ਫੈਲ ਗਈ ਅਤੇ ਚਾਰੇ ਪਾਸੇ ਹਾਹਾਕਾਰ ਮੱਚ ਗਈ ਕਿ ਸਿੱਖ ਕੌਮ ਲੁੱਟੀ ਗਈ । ਖ਼ਾਲਸਾ ਅਖ਼ਬਾਰ ਜੋ ਗਿਆਨੀ ਜੀ ਦਾ ਆਪਣਾ ਅਖ਼ਬਾਰ ਸੀ, ਉਸ ਨੇ ਤਾਂ ਲਿਖਣਾ ਹੀ ਸੀ, ਪਰ 'ਖਾਲਸਾ ਸਮਾਚਾਰ' ਨੇ ਜੋ ਲਿਖਿਆ ਤੇ ਜਿਵੇਂ ਇੱਕ ਮਹੀਨਾ ਕਾਲੇ ਹਾਸ਼ੀਏ ਲਾ ਲਾ ਕੇ ਕੌਮੀ ਸੋਗ ਮਨਾਇਆ, ਇਹ ਗੱਲ ਆਮ ਨਹੀਂ ਸੀ । ਭਾਈ ਵੀਰ ਸਿੰਘ ਨੇ ਇਸੇ ਪਰਚੇ ਵਿੱਚ ੧੧ ਸਤੰਬਰ, ੧੯੦੧ ਨੂੰ ਤਿੰਨ ਕਵਿਤਾਵਾਂ ਛਾਪੀਆਂ ਅਤੇ ਮੁੱਖ ਸਫ਼ੇ ਤੇ ਗਿਆਨੀ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਛਪੀ । ਇਨ੍ਹਾਂ ਕਵਿਤਾਵਾਂ ਵਿਚੋਂ ਇੱਕ ਸੀ :
ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਿਰਹਾਣੇ ਜਗਾਵੇ।
ਗਿਆਨੀ ਦਿੱਤ ਸਿੰਘ ਜੀ ਸਾਡੇ ਵਿਰਸੇ ਦੀ ਸ਼ਾਨ ਤੇ ਮਾਣ ਸਨ । ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗਿਆਨੀ ਦਿੱਤ ਵਰਗੇ ਵਿਦਵਾਨਾਂ ਦੀ 'ਕੱਲੀ ਸਿੱਖ ਕੌਮ ਨੂੰ ਹੀ ਨਹੀਂ, ਬਲਕਿ ਸਾਰੇ ਸੰਸਾਰ ਨੂੰ ਬੇਹੱਦ ਲੋੜ ਹੈ, ਕਿਉਂਕਿ ਅੱਜ ਵੀ ਧਰਮ ਕਰ ਕੇ ਹੀ ਆਪਸੀ ਟਕਰਾਅ ਵੱਧ ਰਿਹਾ ਹੈ । ਲੋਕ, ਧਰਮ ਦੀ ਪਰਿਭਾਸ਼ਾ ਹੀ ਭੁਲਦੇ ਜਾ ਰਹੇ ਹਨ । ਸੋ, ਉਸ ਮਹਾਨ ਵਿਦਵਾਨ ਦੀਆਂ ਲਿਖਤਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਸਾਰੇ ਸੰਸਾਰ ਵਿੱਚ ਪ੍ਰਚਾਰ ਕਰਨਾ ਚਾਹੀਦਾ ਹੈ । ਹੁਣ ਤਾਂ 'ਕੱਲੇ ਭਾਈ ਵੀਰ ਸਿੰਘ ਹੀ ਨਹੀਂ, ਸਗੋਂ ਸਾਰੀ ਕੌਮ ਹੀ ਗਿਆਨੀ ਦਿੱਤ ਸਿੰਘ ਜੀ ਵਰਗੇ ਨੇਕ ਇਨਸਾਨਾਂ ਨੂੰ 'ਵਾਜ਼ਾਂ ਮਾਰ ਰਹੀ ਹੈ :
"ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਿਰਹਾਣੇ ਜਗਾਵੇ"।