ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦਾ ਨੌਜਵਾਨ ਹੁਣ ਤੱਕ ਦੀਆਂ ਸੱਭਿਆਤਾਵਾਂ ਦੇ ਨੌਜਵਾਨਾਂ ਦੇ ਮੁਕਾਬਲੇ ਵਧੇਰੇ ਸੋਹਣਾ ਅਤੇ ਜ਼ਿੰਦਗੀ ਜਿਉਣ ਵਾਲਾ ਹੈ।ਪਰ ਜਦੋਂ ਅਸੀ ਦੂਜੇ ਪੱਖ ਤੇ ਝਾਤ ਮਾਰਦੇ ਹਾਂ ਤਾਂ ਬੜਾ ਅਫ਼ਸੋਸ ਹੁੰਦਾ ਹੈ ਕਿਉਂਕਿ ਇਹ ਨੌਜਵਾਨ ਵਰਗ ਸਰੀਰਿਕ ਤੌਰ ਤੇ ਖੋਖਲਾ ਹੈ ਤੇ ਪੂਰੀ ਤਰ੍ਹਾਂ ਨਸ਼ਿਆਂ ਦੀ ਜਕੜ ਵਿੱਚ ਹੈ।ਸੱਚ ਭਾਵਂੇ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ, ਉਸ ਵੱਲ ਪਿੱਠ ਕਰਕੇ ਖਲੋਣ ਨਾਲ ਉਸਨੂੰ ਝੁਠਲਾਇਆ ਨਹੀਂ ਜਾ ਸਕਦਾ, ਆਪਣੀਆਂ ਅੱਖਾਂ ਬੰਦ ਕਰਨ ਨਾਲ ਰਾਤ ਨਹੀਂ ਪੈਂਦੀ।ਅਸਲੀਅਤ ਇਹ ਹੈ ਕਿ ਦੇਸ਼ ਅਜ਼ਾਦ ਕਰਾਉਣ ਲਈ ੮੫% ਕੁਰਬਾਨੀਆਂ ਦੇਣ ਵਾਲੀ ਤੇ ਸਮੁੱਚੇ ਸੰਸਾਰ ਵਿਚ ਦਲੇਰੀ ਵਜੋਂ ਜਾਣੀ ਜਾਂਦੀ ਕੌਮ ਦਾ ਹਰ ਪੰਜਵਾਂ ਲੜਕਾ ਤੇ ਹਰ ਬਾਰ੍ਹਵੀਂ ਲੜਕੀ ਕਿਸੇ ਨਾ ਕਿਸੇ ਨਸ਼ੇ ਦੀ ਗ੍ਰਿਫ਼ਤ ਵਿਚ ਹੈ।ਤੇਜ਼ ਜ਼ਿੰਦਗੀ ਜਿਉਣ ਲਈ ਇਹ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਹਨ ਤੇ ਇਨ੍ਹਾਂ ਦਾ ਜੀਵਨ ਇਕ ਤੇਜ਼ ਆਤਿਸ਼ਬਾਜੀ ਵਾਂਗ ਚੱਲ ਕੇ ਥੋੜੇ ਸਮੇਂ 'ਚ ਨਸ਼ਟ ਹੋ ਜਾਂਦਾ ਹੈ।ਨਸ਼ੇ ਦੇ ਸਮੁੰਦਰ ਵਿਚ ਗੋਤੇ ਲਾ ਰਹੇ ਇਨ੍ਹਾ ਨੌਜਵਾਨਾਂ ਦੀ ਮਾਨਸਿਕਤਾ ਵਿਚ ਪਰਿਵਰਤਨ ਆ ਰਿਹਾ ਹੈ, ਬੌਧਿਕ ਪੱਧਰ ਨੀਵ੍ਹਾਂ ਹੋ ਰਿਹਾ ਹੈ, ਮੂਲ ਪ੍ਰਵਿਰਤੀਆਂ ਨੂੰ ਕੰਟਰੋਲ ਵਿਚ ਰੱਖਣ ਦੀ ਸਮਰੱਥਾ ਢਿੱਲੀ ਪੈ ਰਹੀ ਹੈ।ਜਿਸ ਕਰਕੇ ਇਹ ਨੌਜਵਾਨ ਇੱਕ ਜੰਗਲੀ ਮਨੁੱਖ ਵਾਂਗ ਵਿਹਾਰ ਕਰਦੇ ਹਨ।ਜ਼ਾਹਿਰ ਹੈ ਕਿ ਇਹ ਇਕ ਨਾਕਾਰਤਮਿਕ ਪਰਿਵਰਤਨ ਹੈ।ਇਹ ਨੌਜਵਾਨ ਪਹਿਲਾਂ ਸੋਚ ਦੀ ਪੱਧਰ ਤੇ ਹਾਰਦੇ ਹਨ ਫਿਰ ਅਮਲ ਵਿਚ ਪੱਛੜਦੇ ਹਨ।
ਸਿੱਖ ਇਤਿਹਾਸ ਵਿੱਚ ਇੱਕ ਪ੍ਰਮਾਣ ਵਾਰ-ਵਾਰ ਆਉਂਦਾ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤੰਬਾਕੂ ਦੇ ਖੇਤ ਸਾਹਮਣੇ ਵੇਖ ਕੇ ਉਸ ਵਿੱਚ ਪੈਰ ਪਾਉਣੋ ਅਟਕ ਗਿਆ ਸੀ। ਜਦੋਂ ਖੇਤ ਦੇ ਮਾਲਕ ਨੇ ਗੁਰੁ ਗੋਬਿੰਦ ਸਿੰਘ ਜੀ ਦੇ ਕੋਲ ਬਖਸ਼ਿਸ਼ ਲਈ ਅਰਦਾਸ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਤੰਬਾਕੂ ਦੀ ਖੇਤੀ ਕਰਨ ਤੋਂ ਵਰਜਿਆ। ਇਸ ਵਿੱਚ ਲੁੱਕਿਆ ਸੰਦੇਸ਼ ਸਮਝਣ ਦੀ ਜ਼ਰੂਰਤ ਹੈ।ਗੁਰੁ ਗੋਬਿੰਦ ਸਿੰਘ ਜੀ ਨੇ ਸਿਹਤਮੰਦ ਅਤੇ ਸ਼ਕਤੀਸ਼ਾਲੀ ਪੰਥ ਦੀ ਸਥਾਪਨਾ ਕਰਨ ਵੇਲੇ ਨਸ਼ਾ ਰਹਿਤ ਸਮਾਜ ਦਾ ਸੁਪਨਾ ਲਿਆ ਸੀ ਪਰ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ?
ਅੱਜ ਕੱਲ੍ਹ ਪਿੰਡਾਂ ਵਿਚ ਸਬਜੀ ਵੇਚਣ ਵਾਲੇ ਘੱਟ ਤੇ ਖਾਲੀ ਬੋਤਲਾਂ ਖ੍ਰੀਦਣ ਵਾਲੇ ਜ਼ਿਆਦਾ ਗੇੜੇ ਮਾਰਦੇ ਹਨ।ਅੱਜ ਦਾ ਨੌਜਵਾਨ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਕੇ 'ਦਮ ਮਾਰੋ ਦਮ ਮਿਟ ਜਾਏ ਗਮ' ਵਾਲਾ ਦ੍ਰਿਸ਼ਟੀਕੋਣ ਅਪਣਾ ਕੇ ਨਸ਼ਿਆ ਦਾ ਸੇਵਨ ਕਰ ਰਿਹਾ ਹੈ।ਗੁਰਦਾਸਪੁਰ ਦੀ ਡੀਡਾ ਮਾਰਕਾ, ਅੰਮ੍ਰਿਤਸਰ ਦੀ ਨਹਿਰੀ ਬ੍ਰਾਂਡ ਅਤੇ ਹੋਰ ਕਈ ਮਾਰਕਿਆ ਦੀਆਂ ਦੇਸੀ ਸ਼ਰਾਬਾਂ ਅਨੇਕਾਂ ਔਰਤਾਂ ਨੂੰ ਰੰਡੀਆਂ ਅਤੇ ਬੱਚਿਆਂ ਨੂੰ ਯਤੀਮ ਬਣਾ ਚੁੱਕੀਆਂ ਹਨ।ਪੰਜਾਬ ਵਿਚ ਕੋਈ ਵੀ ਖੁਸ਼ੀ ਦਾ ਦੌਰ ਸ਼ਰਾਬ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ।ਪੰਜਾਬ ਵਿਚ ਭੁੱਕੀ, ਅਫ਼ੀਮ, ਸਮੈਕ ਨਸ਼ੇ ਦੀਆਂ ਗੋਲੀਆਂ, ਟੀਕੇ ਅਦਿ ਨਸ਼ਿਆਂ ਦੀ ਖ਼ਪਤ ਵੱਧ ਚੁੱਕੀ ਹੈ।ਜੇਕਰ ਇਸ ਰੁਝਾਨ ਨੂੰ ਠੱਲ ਨਾ ਪਾਈ ਗਈ ਤਾਂ ਜਲਦੀ ਹੀ ਨਸ਼ਿਆਂ ਦੀ ਅੰਤਰ-ਰਾਸ਼ਟਰੀ ਮੰਡੀ ਬਣ ਜਾਵੇਗਾ।
ਨਸ਼ਾ ਕੁੱਝ ਪਲਾਂ ਲਈ ਤਾਂ ਮਸਤ ਕਰ ਦਿੰਦਾ ਹੈ ਪਰ ਲੰਮੇ ਸਮੇਂ ਤੱਕ ਇਸਦਾ ਪੱਲਾ ਫੜ੍ਹਨ ਤੇ ਇਹ ਆਦਮੀ ਨੂੰ ਪਸਤ ਕਰ ਦਿੰਦਾ ਹੈ।ਨਸ਼ਾ ਮਨੁੱਖ ਦੇ ਖੂਨ ਅਤੇ ਦਿਮਾਗ਼ ਨੂੰ ਇੱਕ ਹੁਲਾਰਾ ਜਿਹਾ ਦਿੰਦਾ ਹੈ ਤੇ ਕੁੱਝ ਸਮੇਂ ਲਈ ਸੰਸਾਰ ਦੀ ਵਾਸਤਵਿਕਤਾ ਨੂੰ ਭੁੱਲ ਜਾਂਦਾ ਹੈ।ਮੁੱਢਲੀ ਸਟੇਜ਼ ਤੇ ਨਸ਼ਾ ਕਰਨ ਵਾਲਾ ਵਿਅਕਤੀ ਚੁਸਤ ਅਤੇ ਮਿਲਣਸਾਰ ਨਜ਼ਰ ਆਉਂਦਾ ਹੈ, ਪਰ ਹੌਲੀ-ਹੌਲੀ ਉਹ ਸਮਾਜ ਤੋਂ ਕੰਨੀ ਕਤਰਾਉਣ ਲੱਗ ਜਾਂਦਾ ਹੈ।ਨਸ਼ੇ ਪ੍ਰਤੀ ਵਫਾਦਾਰੀ ਕਰਕੇ ਉਸ ਨੂੰ ਹੋਰ ਸਾਰੀਆਂ ਰਿਸ਼ਤੇਦਾਰੀਆਂ ਅਤੇ ਚੀਜ਼ਾਂ ਉਸਨੂੰ ਬੇਕਾਰ ਲੱਗਦੀਆਂ ਹਨ।ਨਸ਼ੇੜੀ ਦੀ ਪਤਨੀ ਨਾ ਵਿਧਵਾ ਹੁੰਦੀ ਹੈ ਅਤੇ ਨਾ ਹੀ ਸੁਹਾਗਣ।ਇਸੇ ਤਰ੍ਹਾਂ ਜਿੰਨਾਂ ਬੱਚਿਆਂ ਦਾ ਪਿਉ ਪਿਆਕੜ ਹੋਵੇ ਤਾਂ ਉਨ੍ਹਾਂ ਨੂੰ ਨਰਕ ਦਾ ਡਰ ਨਹੀਂ ਰਹਿੰਦਾ।ਇਸ ਸਥਿਤੀ ਵਿਚ ਪਹੁੰਚਣ 'ਤੇ ਸਪੱਸ਼ਟ ਹੋ ਜਾਂਦਾ ਹੈ ਕਿ ਅਜਿਹੇ ਵਿਅਕਤੀ ਦੀ ਮੌਤ ਵੀ ਨਸ਼ੇ ਨਾਲ ਹੀ ਹੋਵੇਗੀ।ਨਸ਼ਾ ਕਰਨ ਵਾਲਾ ਵਿਅਕਤੀ ਦਰਜ਼ਨਾਂ ਦਲੀਲਾਂ ਦੇ ਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ।
ਪੰਜਾਬ ਵਿੱਚ ਐਬ ਦੇ ਆਬ ਵਿੱਚ ਵਾਧਾ ਹੋਣ ਦੇ ਕਾਰਨਾਂ ਦੀ ਘੋਖ ਕਰਨ 'ਤੇ ਪਤਾ ਚਲਦਾ ਹੈ ਕਿ ੧੯੭੦ ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਦੇ ਆਗਮਨ ਨਾਲ ਕਿਸਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ।ਜਿਸ ਦੇ ਫਲਸਰੂਪ ਉਨ੍ਹਾਂ ਦੇ ਘਰੇਲੂ ਖਰਚਿਆਂ 'ਚ ਵੀ ਵਾਧਾ ਹੋਇਆ ਪਰ ਹਰੀ ਕ੍ਰਾਂਤੀ ਦੇ ਤਿੰਨ ਚਾਰ ਦਹਾਕਿਆ ਮਗਰੋਂ ਆਮਦਨ ਅਤੇ ਖਰਚ ਦਾ ਪਾੜਾ ਵੱਧਦਾ ਗਿਆ।ਫ਼ੋਕੀ ਟੌਹਰ ਬਰਕਰਾਰ ਰੱਖਣ ਲਈ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ।ਨਿਰਾਸ਼ਾ ਦੇ ਆਲਮ ਵਿਚ ਫਸਿਆ ਕਿਸਾਨ ਨਸ਼ੇ ਦਾ ਸਹਾਰਾ ਲੈ ਕੇ ਆਤਮ ਹੱਤਿਆ ਦੇ ਰਾਹ ਤੇ ਤੁਰਿਆ ਪਿਆ ਹੈ। ਜ਼ਿਆਦਾਤਰ ਲੋਕ ਪਹਿਲਾਂ ਸ਼ੌਕ ਦੇ ਤੌਰ 'ਤੇ ਨਸ਼ਾ ਕਰਦੇ ਹਨ ਇਹ ਸ਼ੌਕ ਕਦੋਂ ਵਿਗੜ ਕੇ ਐਬ ਦਾ ਰੂਪ ਧਾਰਨ ਕਰ ਲੈਂਦੇ ਹਨ ਉਨ੍ਹਾਂ ਨੂੰ ਪਤਾ ਵੀ ਨਹੀਂ ਚਲਦਾ।ਅੱਜ ਦੀ ਤੇਜ਼ ਜ਼ਿੰਦਗੀ ਵਿੱਚ ਇੱਛਾਵਾਂ ਦਾ ਵੱਧ ਹੋਣਾ ਤੇ ਯੋਗਤਾ ਦਾ ਘੱਟ ਹੋਣਾ ਵੀ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ।ਕਈ ਵਾਰੀ ਜਦੋਂ ਆਦਰਸ਼ਵਾਦੀ ਸੋਚ ਤੇ ਪਦਾਰਥਵਾਦੀ ਸੋਚ ਭਾਰੂ ਹੋ ਜਾਂਦੀ ਹੈ ਤਾਂ ਵੀ ਮਨੁੱਖ ਸਹੀ ਰਾਹ ਤੋਂ ਭਟਕ ਕੇ ਨਸ਼ੇ ਨਾਲ ਆਪਣੀ ਜ਼ਿੰਦਗੀ ਦਾ ਨਾਸ਼ ਕਰਨ ਲੱਗਦਾ ਹੈ।ਅੱਜ ਕੱਲ੍ਹ ਪ੍ਰੇਮ ਸੰਬੰਧਾਂ ਵਿਚ ਤਣਾਅ ਅਤੇ ਅਣਜੋੜ ਵਿਆਹਾਂ ਕਾਰਨ ਵੀ ਨੌਜਵਾਨ ਨਸ਼ੇ ਦੀ ਦਲਦਲ ਵਿਚ ਧਸ ਰਹੇ ਹਨ।ਬੇਰੁਜ਼ਗਾਰ ਵਿਅਕਤੀ ਨੂੰ ਵੀ ਨਸ਼ੇ ਦੇ ਪ੍ਰਭਾਵ ਹੇਠ ਕਾਲਪਨਿਕ ਸੰਸਾਰ ਵਿਚ ਰਹਿਣਾ ਚੰਗਾ ਲੱਗਦਾ ਹੈ।
ਇਸ ਸਮੱਸਿਆ ਨੂੰ ਖੁਲ੍ਹੇ ਦਿਮਾਗ਼ ਨਾਲ ਸੋਚਣ ਦੀ ਲੋੜ ਹੈ।ਨਸ਼ਿਆਂ ਦੇ ਬਿਫ਼ਰ ਰਹੇ ਦੈਂਤ ਨੂੰ ਨਕੇਲ ਪਾਉਣ ਲਈ ਸਰਕਾਰਾਂ ਤੋ ਕੋਈ ਬਹੁਤੀ ਉਮੀਦ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰ ਮਤੇ ਤਾਂ ਪਾਸ ਕਰ ਸਕਦੀ ਹੈ ਪਰ ਉਸ ਮਤੇ ਨੂੰ ਸ਼ਖਤੀ ਨਾਲ ਲਾਗੂ ਨਹੀਂ ਕਰਵਾ ਸਕਦੀ, ਜਿਵੇਂ ਕਿਸੇ ਪਬਲਿਕ ਸਥਾਨ ਤੇ ਸਿਗਰਟਨੋਸ਼ੀ ਕਰਨ 'ਤੇ ਜ਼ੁਰਮਾਨਾ ਜਾ ਸਜ਼ਾ ਹੈ।ਪਰ ਜ਼ਮੀਨੀ ਸਥਿਤੀ ਕੀ ਹੈ, ਇਸ ਤੋਂ ਸਾਰੇ ਜਾਣੂ ਹਨ।ਹਰ ਸਾਲ ੨੬ ਜੂਨ ਦਾ ਦਿਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਅਤੇ ੩੧ ਮਈ ਦਾ ਦਿਨ 'ਤੰਬਾਕੂ ਵਿਰੋਧੀ ਦਿਵਸ' ਦੇ ਤੌਰ ਤੇ ਮਨਾਇਆ ਜਾਂਦਾ ਹੈ।ਸਰਕਾਰੀ ਤੌਰ ਤੇ ਇਨ੍ਹਾਂ ਦਿਨ੍ਹਾਂ ਮੌਕੇ ਨਸ਼ਿਆਂ ਵਿਰੁੱਧ ਵਿਗਿਆਪਨ ਪ੍ਰਕਾਸ਼ਿਤ ਕੀਤੇ ਜਾਂਦੇ ਹਨ।ਪਰ ਇਹ ਸਭ ਇਨ੍ਹਾਂ ਖਾਸ ਦਿਨ੍ਹਾਂ ਤੱਕ ਹੀ ਸੀਮਿਤ ਹੁੰਦਾ ਹੈ।ਅਸਲੀ ਰੂਪ 'ਚ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਸ਼ਖਤ ਰੁਖ ਅਖਤਿਅਆਰ ਨਹੀਂ ਕਰਦੀ ਕਿਉਂਕਿ ਸਰਕਾਰ ਨੂੰ ਇਸ ਤੋਂ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ।ਉਦਾਹਰਨ ਵਜੋਂ ੨੦੦੫-੦੬ ਵਿਚ ਸ਼ਰਾਬ ਤੋਂ ੧੫੭੦.੩੦ ਕਰੋੜ ਮਾਲੀਆ ਸਰਕਾਰ ਨੂੰ ਪ੍ਰਾਪਤ ਹੋਇਆ ਜਦੋਂ ਕਿ ੨੦੧੧-੧੨ ਲਈ ੩੧੯੨ ਕਰੋੜ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ।ਪੰਜਾਬ ਕੈਬਨਿਟ ਵੱਲੋਂ ਪਾਸ ਕੀਤੀ ਗਈ ਆਬਕਾਰੀ ਨੀਤੀ ਅਨੁਸਾਰ ਸਾਲ ੨੦੧੪-੧੫ ਦੌਰਾਨ ਪੰਜਾਬ ਲਈ ੩੩ ਕਰੋੜ ਬੋਤਲ ਸ਼ਰਾਬ ਦਾ ਕੋਟਾ ਮਿਥਿਆ ਗਿਆ ਹੈ।ਪਿਛਲੇ ਦਸ ਸਾਲਾਂ ਵਿੱਚ ਪੰਜਾਬ ਵਿੱਚ ਸ਼ਰਾਬ ਦੀ ਖ਼ਪਤ ਦੁੱਗਣੀ ਹੋ ਗਈ ਹੈ।ਹੁਣ ਸਰਕਾਰ ਪੰਜਾਬ ਵਿੱਚ ਤੰਬਾਕੂ ਤੋਂ ਵੈਟ ਘਟਾ ਕੇ ਕੇਂਸਰ ਦੇ ਮਰੀਜ਼ਾ ਲਈ ਫੰਡ ਇਕੱਠਾ ਕਰਨ ਦਾ ਉਪਰਾਲਾ ਕਰ ਰਹੀ ਹੈ।ਸਰਕਾਰ ਦਾ ਇਹ ਦੋਹਰਾ ਰਵੱਈਆ ਇੱਕ ਹੱਥ ਨਾਲ ਦੋ ਗੰਢਾਂ ਖੋਲਣ ਦਾ ਅਸਫ਼ਲ ਯਤਨ ਹੀ ਕਿਹਾ ਜਾ ਸਕਦਾ ਹੈ।ਰਾਜ ਸਰਕਾਰਾਂ ਨੁੰ ਵੀ ਨਸ਼ੇ ਦੇ ਵਪਾਰੀਆਂ ਤੋਂ ਮੋਟੀ ਕਮਾਈ ਹੁੰਦੀ ਹੈ।ਇਸ ਕਰਕੇ ਕੋਈ ਵੀ ਰਾਜ ਚਾਹ ਕੇ ਵੀ ਨਸ਼ੇਬੰਦੀ ਨਹੀਂ ਕਰਦਾ।ਹਰਿਆਣਾ ਦੀ ਤਾਜ਼ੀ ਮਿਸਾਲ ਸਾਡੇ ਸਾਹਮਣੇ ਹੈ।ਪੰਜਾਬ ਪੰਚਾਇਤੀ ਰਾਜ ਐਕਟ ਦੀ ਧਾਰਾ ੪੦-ਏ ਅਨੁਸਾਰ ਜੇਕਰ ਕੋਈ ਪੰਚਾਇਤ ਦੋ ਤਿਹਾਈ ਬਹੁਮਤ ਨਾਲ ਪਿੰਡ ਵਿਚ ਸ਼ਰਾਬ ਦਾ ਠੇਕਾ ਖੁੱਲ੍ਹਣ ਸੰਬੰਧੀ ਪਹਿਲੀ ਅਪ੍ਰੈਲ ਤੋ ੩੦ ਸਤੰਬਰ ਦੇ ਵਿਚ ਮਤਾ ਪਾ ਕੇ ਕਮਿਸ਼ਨਰ ਐਕਸ਼ਾਈਜ ਵਿਭਾਗ ਨੂੰ ਭੇਜ ਦਿੰਦੀ ਹੈ ਤਾਂ ਉਸ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਖੁੱਲ ਸਕਦਾ।ਪੰਜਾਬ ਦੀਆਂ ਵੱਧ ਤੋਂ ਵੱਧ ਪੰਚਾਇਤਾਂ ਨੂੰ ਇਹ ਨੇਕ ਕੰਮ ਕਰਕੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੁਸਣ ਤੋਂ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ।ਪੁਲਿਸ ਭਾਈਚਾਰੇ ਨੂੰ ਵੀ ਨੌਕਰੀ ਪ੍ਰਾਪਤ ਕਰਨ ਸਮੇਂ ਖਾਧੀ ਕਸਮ ਤੇ ਪਹਿਰਾ ਦੇਣਾ ਚਾਹਿੰਦਾ ਹੈ। ਜੇ ਪੁਲਿਸ ਪ੍ਰਸ਼ਾਸ਼ਨ ਚੁਸਤ-ਦੁਰਸਤ ਹੋਵੇ ਤੇ ਸ਼ਖਤੀ ਤੋਂ ਕੰਮ ਲਵੋ ਤਾਂ ਥੋੜੇ ਸਮੇਂ ਵਿਚ ਹੀ ਸੰਤੁਸ਼ਟੀਜਨਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਗੀਤਕਾਰਾਂ ਨੂੰ ਸ਼ਰਾਬ ਦੀ ਮਹਿਮਾਂ ਵਾਲੇ ਗੀਤ ਲਿਖਣ ਤੋਂ ਸੰਕੋਚ ਕਰਨਾ ਚਾਹਿੰਦਾ ਹੈ।ਆਪਣਾ ਪੰਜਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਵਾਲੇ ਮਾਡਲ ਨੂੰ ਆਪਣੇ ਘਰ ਵਿੱਚ ਲਾਗੂ ਕਰ ਕੇ ਦੇਖੋ! ਮੰਜੇ ਉੱਤੇ ਦਾਰੂ ਨਾਲ ਗੁੱਟ ਹੋਏ ਪੁੱਤ ਜਾਂ ਭਾਈ ਨੂੰ ਕਿੰਨਾ ਕੁ ਚਿਰ ਬਰਦਾਸ਼ਤ ਕੀਤਾ ਜਾ ਸਕਦਾ ਹੈ।ਨੌਜਵਾਨਾਂ ਨੂੰ ਇਹ ਸਮਝਾਉਣ ਲਈ ਕਿ ਜ਼ਿੰਦਗੀ ਮਾਨਣ ਲਈ ਹੈ ਨਾ ਕਿ ਗਾਲਣ ਲਈ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਲੋਕ ਭਲਾਈ ਕਲੱਬਾਂ, ਅਧਿਆਪਕਾਂ, ਮੀਡੀਆ ਅਤੇ ਚੇਤਨ ਨਾਗਰਿਕ ਨੂੰ ਹੀ ਅੱਗੇ ਆਉਣਾ ਪਵੇਗਾ।ਚੋਣਾ ਸਮੇਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਫ਼-ਸੁਥਰੀ ਛਵੀ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਦੇਣ।ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇ, ਖਾਸ ਸਹੂਲਤਾਂ ਦੇ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ।ਇਸ ਤਰ੍ਹਾਂ ਕਈ ਹੋਰ ਸਮੱਸਿਆਵਾਂ ਦਾ ਹੱਲ ਵੀ ਆਪਣੇ ਆਪ ਹੀ ਨਿਕਲ ਪਵੇਗਾ ਤੇ ਧਰਤੀ ਸਵਰਗ ਹੀ ਬਣ ਜਾਵੇਗੀ।